ਮੰਡੀ ਸੁਖਾਨੰਦ ਇੱਕ ਪੁਰਾਣੀ ਮੰਡੀ ਹੈ, ਰਿਆਸਤਾਂ ਵੇਲੇ ਦੀ। ਸੁਖਾਨੰਦ ਨਾਉਂ ਦਾ ਇੱਥੇ ਇੱਕ ਪਿੰਡ ਹੁੰਦਾ ਸੀ, ਜੋ ਹੁਣ ਵੀ ਹੈ, ਪਰ ਲੱਗਦਾ ਹੈ ਜਿਵੇਂ ਹੁਣ ਇਹ ਪਿੰਡ ਇਸ ਮੰਡੀ ਦਾ ਹੀ ਇੱਕ ਹਿੱਸਾ ਹੋਵੇ, ਮੰਡੀ ਦਾ ਪੇਂਡੂ ਭਾਗ। ਮਹਾਰਾਜੇ ਨੇ ਜਦੋਂ ਆਪਣੀ ਰਿਆਸਤ ਵਿੱਚ ਦਾਣਾ-ਮੰਡੀਆਂ ਬਣਵਾਈਆਂ ਤਾਂ ਸੁਖਾਨੰਦ ਪਿੰਡ ਦੀ ਵੀ ਕਿਸਮਤ ਜਾਗ ਪਈ। ਇਲਾਕੇ ਦਾ ਸਾਰਾ ਦਾਣਾ-ਫੱਕਾ ਏਥੇ ਆਉਣ ਲੱਗਿਆ। ਜਿੰਨੀ ਲੰਬੀ, ਓਨੀ ਚੌੜੀ-ਚੌਰਸ ਮੰਡੀ ਦੀਆਂ ਦੁਕਾਨਾਂ ਦੇ ਦੋ ਵੱਡੇ-ਵੱਡੇ ਦਰਵਾਜ਼ੇ ਰੱਖੇ, ਲੋਹੇ ਦੇ ਗੇਟਾਂ ਵਾਲੇ। ਨੇੜੇ-ਤੇੜੇ ਦੇ ਪਿੰਡਾਂ ਤੋਂ ਮਹਾਜਨ ਲੋਕ ਮੰਡੀ ਆ ਵੱਸੇ ਤੇ ਆੜ੍ਹਤ ਦੀਆਂ ਦੁਕਾਨਾਂ ਪਾ ਲਈਆਂ ਤੇ ਫੇਰ ਆਜ਼ਾਦੀ ਤੋਂ ਬਾਅਦ ਸੁਖਾਨੰਦ ਮੰਡੀ ਦੀ ਓਨੀ ਹੀ ਚੜ੍ਹਤ ਰਹੀ। ਰੇਲਵੇ ਸਟੇਸ਼ਨ ਤਾਂ ਪਹਿਲਾਂ ਹੀ ਸੀ, ਹੁਣ ਇਹ ਮੰਡੀ ਮੇਨ ਸੜਕ ਉੱਤੇ ਆ ਗਈ। ਜਦੋਂ ਲਿੰਕ-ਸੜਕਾਂ ਦਾ ਸਿਲਸਿਲਾ ਸ਼ੁਰੂ ਹੋਇਆ ਫੇਰ ਤਾਂ ਇਹ ਮੰਡੀ ਇਲਾਕੇ ਦੇ ਹਰ ਪਿੰਡ ਨਾਲ ਜੁੜ ਗਈ। ਇਹਦੀ ਚੜ੍ਹਤ ਦੂਣ-ਸਵਾਈ ਹੋ ਉੱਠੀ। ਇੱਥੇ ਬਲਾਕ ਪੱਧਰ ਦੇ ਕਈ ਸਰਕਾਰੀ ਅਰਧ-ਸਰਕਾਰੀ ਦਫ਼ਤਰ ਖੁੱਲ੍ਹ ਗਏ। ਕੁੜੀਆਂ ਤੇ ਮੁੰਡਿਆਂ ਦੇ ਦੋ ਵੱਖ-ਵੱਖ ਹਾਈ ਸਕੂਲ ਬਣ ਗਏ। ਵੱਡਾ ਸਰਕਾਰੀ ਹਸਪਤਾਲ ਇਲਾਕੇ ਦੇ ਮਰੀਜ਼ਾਂ ਦੀਆਂ ਲੋੜਾਂ ਪੂਰੀਆਂ ਕਰਦਾ। ਪੁਲਿਸ ਚੌਕੀ ਤੋਂ ਪੂਰਾ ਥਾਣਾ ਬਣ ਗਿਆ। ਪੇਂਡੂ ਲੋਕਾਂ ਦਾ ਆਉਣ ਜਾਣ ਹੋਰ ਵੀ ਵਧਣ ਲੱਗਿਆ।
ਮੰਡੀ ਦੇ ਦੱਖਣ ਵਿੱਚ ਸੱਤ ਗਲੀਆਂ ਹਨ। ਇਹ ਗਲੀਆਂ ਆਜ਼ਾਦੀ ਤੋਂ ਬਾਅਦ ਬਣੀਆਂ। ਇਹਨਾਂ ਵਿੱਚ ਤਮਾਮ ਘਰ ਮਹਾਜਨਾਂ ਦੇ ਹਨ। ਆੜ੍ਹਤੀਏ ਤੇ ਮੰਡੀ ਤੋਂ ਬਾਹਰਲੇ ਹੋਰ ਦੁਕਾਨਦਾਰਾਂ ਦੇ ਘਰ। ਸੱਤਵੀਂ ਗਲੀ ਤੋਂ ਪਾਰ ਇੱਕ ਲੰਬੇ-ਚੌੜੇ ਵਿਹੜੇ ਵਾਲੀ ਹਵੇਲੀ ਵਿੱਚ ਪੁਲਿਸ-ਥਾਣਾ ਹੈ।
ਨੇੜੇ ਦੇ ਪਿੰਡ ਅਕਾਲਸਰ ਦਾ ਨਿਹਾਲ ਸਿੰਘ ਨੰਬਰਦਾਰ ਦੁਪਹਿਰ ਦਾ ਥਾਣੇ ਬੈਠਾ ਹੋਇਆ ਸੀ। ਉਹ ਆਪਣੇ ਪਿੰਡ ਦੇ ਇੱਕ ਬੰਦੇ ਨੂੰ ਛੁਡਾਉਣ ਆਇਆ ਸੀ। ਬੰਦੇ ਤੋਂ ਦਾਰੁ ਦਾ ਤੌੜਾ ਫੜਿਆ ਗਿਆ। ਗ਼ਰੀਬ ਬੰਦਾ ਸੀ ਉਹ। ਇਕੱਲਾ-ਅਕਹਿਰਾ, ਬਸ ਮਾਂ ਹੀ ਮਾਂ। ਉਹਦਾ ਅਮਲੀ ਬਾਪ ਸਾਰੀ ਜ਼ਮੀਨ ਫੂਕ ਗਿਆ ਸੀ ਤੇ ਹੁਣ ਉਹ ਗ਼ਰੀਬ ਬੰਦਾ ਦਿਹਾੜੀ ਕਰਕੇ ਗੁਜ਼ਾਰਾ ਕਰਦਾ, ਕਦੇ-ਕਦੇ ਤੌੜਾ ਵੀ ਪਾ ਲੈਂਦਾ। ਆਪ ਤਾਂ ਪੀਂਦਾ ਨਹੀਂ ਸੀ। ਦੋ-ਚਾਰ ਬੋਤਲਾਂ ਨਿੱਕਲਦੀਆਂ, ਵੇਚ ਲੈਂਦਾ। ਉਹਦੀ ਕਬੀਲਦਾਰੀ ਸੰਢੀ ਜਾਂਦੀ। ਉਹ ਤਾਂ ਪਹਿਲਾਂ ਹੀ ਮਰਿਆਂ ਵਰਗਾ ਸੀ, ਜੱਟ ਹੋ ਕੇ ਦਿਹਾੜੀ ਕਰਦਾ। ਮਰੇ ਨੂੰ ਕੀ ਮਾਰਨਾ, ਨੰਬਰਦਾਰ ਉਹਦਾ ਪੱਖ ਕਰਨ ਆਇਆ ਸੀ। ਕਹਿ ਰਿਹਾ ਸੀ “ਵਿਚਾਰੇ ਦੀ ਮਾਂ ਬਹੁਤ ਢਿੱਲੀ ਐ। ਉਹਨੂੰ ਸਾਂਭਣ ਵਾਲਾ ਕੋਈ ਨਹੀਂ। ਇਹਨੂੰ ਛੱਡੋ ਜੀ ਗ਼ਰੀਬ ਨੂੰ ਪਰ੍ਹੇ। ਗਹਾਂ ਨੂੰ ਇਹ ਕੰਮ ਨਹੀਂ ਕਰਦਾ। ਮੇਰੀ ਜ਼ਿੰਮੇਦਾਰੀ ਰਹੀ। ਇਹਤੋਂ ਸੇਵਾ ਜਿੰਨੀ ਕੁ ਜੈਜ ਐ, ਕਰਾ ਲੋ। ਖਰੀ ਦੁੱਧ ਅਰਗੀ।”
ਪਤਾ ਨਹੀਂ ਕਿਉਂ, ਥਾਣੇਦਾਰ ਦੇ ਮਨ ਅਜੇ ਮਿਹਰ ਨਹੀਂ ਸੀ ਪਈ।
ਕੰਧਾਂ ਦੇ ਪਰਛਾਵੇਂ ਲੰਬੇ ਹੋ ਚੱਲੇ ਸਨ। ਪੁਲਿਸ ਵਾਲਿਆਂ ਦੇ ਲਾਰੇ ਵੀ। ਨੰਬਰਦਾਰ ਨਿਹਾਲ ਸਿੰਘ ਓਵੇਂ ਦਾ ਓਵੇਂ ਉੱਕ ਵਾਂਗ ਬੈਠਾ ਹੋਇਆ ਸੀ। ਤਦ ਹੀ ਸਭ ਨੇ ਇੱਕ ਸ਼ੋਰ ਸੁਣਿਆ ਤੇ ਫਿਰ ਇਹ ਸ਼ੋਰ ਵਧਦਾ ਹੀ ਵਧਦਾ ਜਾ ਰਿਹਾ ਸੀ। ਲੱਗਿਆ, ਜਿਵੇਂ ਕੋਈ ਭੀੜ ਥਾਣੇ ਵੱਲ ਆ ਰਹੀ ਹੋਵੇ।
ਕੇਸਰੀ ਪੱਗਾਂ ਤੇ ਖੁੱਲ੍ਹੀਆਂ ਦਾੜ੍ਹੀਆਂ ਵਾਲੇ ਦੋ ਨੌਜਵਾਨ ਸਨ। ਔਰਤ ਉਹਨਾਂ ਦੇ ਵਿਚਾਲੇ ਤੁਰ ਕੇ ਆਈ ਸੀ। ਉਹਨਾਂ ਮਗਰ ਤੀਹ-ਚਾਲੀ ਬੰਦੇ। ਅੱਧਖੜ ਬੰਦੇ। ਬੁੱਢੇ ਤੇ ਉੱਠਦੀ ਉਮਰ ਦਾ ਅੱਧ-ਰਿੜਕ ਕੀਚ੍ਹਰ-ਵਾਧਾ।
ਮੈਲ਼ੀ-ਕੁਚੈਲੀ ਕੁੜਤੀ-ਸਲਵਾਰ। ਥਾਂ-ਥਾਂ ਵੱਟ ਪਏ ਹੋਏ ਤੇ ਉੱਤੇ ਗੰਦੇ ਧੱਬੇ। ਪੈਰੀਂ ਘਸੀਆ-ਪੁਰਾਣੀਆਂ ਚਮੜੇ ਦੀਆਂ ਚੱਪਲਾਂ। ਸਿਰ ਦੇ ਵਾਲ਼ ਰੁੱਖੇ ਤੇ ਉਲਝੇ ਹੋਏ। ਗਲ ਲਾਲ ਚੁੰਨੀ, ਚੁੰਨੀ ਵੀ ਲਿੱਬੜੀ-ਤਿੱਬੜੀ ਤੇ ਵਿੱਚ ਮੋਰੀਆਂ। ਔਰਤ ਦੀਆਂ ਅੱਖਾਂ ਸੁੰਦਰ ਸਨ। ਨੱਕ ਐਨਾ ਤਿੱਖਾ ਨਹੀਂ ਸੀ। ਦੰਦ ਚਿੱਟੇ ਸਨ। ਜ਼ਰ ਖਾਧੇ ਲੋਹੇ ਜਿਹਾ ਰੰਗ। ਸਰੀਰ ਭਰਿਆ ਨਹੀਂ ਸੀ, ਪਰ ਲੱਗਦਾ ਸੀ, ਉਹ ਪੈਂਤੀਆ ਤੋਂ ਥੱਲੇ ਨਹੀਂ। ਕੇਸਰੀ ਪੱਗਾਂ ਵਾਲੇ ਨੌਜਵਾਨਾਂ ਨੇ ਭੀੜ ਨੂੰ ਥਾਣੇ ਦੇ ਦਰਵਾਜ਼ੇ ਤੋਂ ਬਾਹਰ ਹੀ ਰੋਕ ਦਿੱਤਾ। ਥਾਣੇਦਾਰ ਉੱਠ ਕੇ ਆਪ ਉਹਨਾਂ ਕੋਲ ਆਇਆ। ਨੌਜਵਾਨ ਕਹਿੰਦੇ – ਇਹਨੂੰ ਸਾਂਭੋ ਜੀ, ਅਵਾਰਾ ਐ। ਇਹਦਾ ਕਰੋ ਕੋਈ ਬੰਦੋਬਸਤ।”
ਨੌਜਵਾਨਾਂ ਨੂੰ ਕੁਰਸੀਆਂ ਮਿਲ ਗਈਆਂ।
ਥਾਣੇਦਾਰ ਨੇ ਔਰਤ ਨੂੰ ਭੁੰਜੇ ਬਿਠਾ ਦਿੱਤਾ। ਖਾਕੀ ਜੀਨ ਦੀ ਪੈਂਟ ਉੱਤੇ ਛਟੀ ਮਾਰ ਕੇ ਉਹ ਕਹਿਣ ਲੱਗਿਆ- “ਇਹੋ ਜ੍ਹੀਆਂ ਤਾਂ ਨਿੱਤ ਦੇਖੀ ਦੀਆਂ ਨੇ ਏਥੇ ਫਿਰਦੀਆਂ ਤੁਰਦੀਆਂ। ਟਰੱਕ ਡਰੈਵਰਾਂ ਦਾ ਮਾਲ਼ ਐ। ਅੰਬ ਚੂਪ ਕੇ ਗੁਠਲੀ ਸਿੱਟ ’ਗੇ। ਇਹਦਾ ਕੀ ਬੰਦੋਬਸਤ ਕਰਨੈਂ ਅਸੀਂ?” ਫੇਰ ਕਹਿੰਦਾ- “ਤੁਸੀਂ ਆਏ ਓ ਤਾਂ ਥੋਡੀ ਮੰਨ ਲੈਨੇ ਆਂ। ਛੀ ਵਾਲੀ ਗੱਡੀ ਔਣ ਵਾਲੀ ਐ, ਸਾਡੇ ਸਿਪਾਹੀ ਇਹਨੂੰ ਚੜ੍ਹਾ ਔਣਗੇ।”
ਥਾਣੇਦਾਰ ਦੀ ਭਾਸ਼ਾ ਸੁਣ ਤੇ ਇਰਾਦਾ ਭਾਂਪ ਕੇ ਕੇਸਰੀ ਪੱਗਾਂ ਵਾਲੇ ਨੌਜਵਾਨ ਗੰਭੀਰ ਹੋ ਗਏ। ਉਹ ਰੋਹ ਭਰੀਆਂ ਅੱਖਾਂ ਨਾਲ ਥਾਣੇਦਾਰ ਵੱਲ ਝਾਕਣ ਲੱਗੇ। ਇੱਕ ਕਹਿੰਦਾ- “ਇਹ ਤਾਂ ਇਹਦਾ ਕੋਈ ਇਲਾਜ ਨਹੀਂ, ਸਰਦਾਰ ਜੀ।”
”ਫੇਰ ਤੁਸੀਂ ਦੱਸੋ, ਕਿਵੇਂ ਕੀਤਾ ਜਾਵੇ?” ਥਾਣੇਦਾਰ ਮੁਸਕਰਾ ਰਿਹਾ ਸੀ।
”ਇਹਨੂੰ ਅਵਾਰਾਗਰਦੀ ਦੇ ਕੇਸ ਵਿੱਚ ਗ੍ਰਿਫ਼ਤਾਰ ਕਰੋ ਤੇ ਫੇਰ ਇਹਨੂੰ ਇਹਦੇ ਟਿਕਾਣੇ ਉੱਤੇ ਪੁਚਾਓ। ਸਾਡੀ ਰਾਜ ਸਰਕਾਰ ਦਾ ਇਹ ਫ਼ਰਜ਼ ਬਣਦੈ।”
”ਟਿਕਾਣੇ ਦਾ ਇਹਦੇ ਦਾ ਕੀ ਪਤਾ ਲੱਗੇ ਬਈ?” ਥਾਣੇਦਾਰ ਨੂੰ, ਫੋਕੀ ਮੁਸਕਰਾਹਟ ਰੋਕਣੀ ਪੈ ਗਈ। ”ਇਹ ਸਭ ਦੱਸ ਰਹੀ ਐ, ਆਪਣਾ ਥਾਂ-ਟਿਕਾਣਾ।” ਦੂਜਾ ਨੌਜਵਾਨ ਵੀ ਰੋਅਬ ਵਿੱਚ ਸੀ।
”ਕਿਉਂ ਬਈ, ਕਹਾਂ ਕੀ ਰਹਿਨੇ ਵਾਲੀ ਹੋ ਤੁਮ? ਥਾਣੇਦਾਰ ਨੇ ਔਰਤ ਦੇ ਡੌਲੇ ਉੱਤੇ ਛਟੀ ਲਾਈ।
ਔਰਤ ਜੋ ਬੋਲੀ, ਕਿਸੇ ਦੀ ਸਮਝ ਵਿੱਚ ਨਹੀਂ ਆਇਆ।
ਪਹਿਲਾ ਨੌਜਵਾਨ ਬੋਲਿਆ- “ਇਹਦੀ ਬੋਲੀ ਆਪਾਂ ਨ੍ਹੀਂ ਸਮਝ ਸਕਦੇ ਸਰਦਾਰ ਜੀ। ਸਾਡੇ ਕੋਲ ਹੈਗਾ ਇੱਕ ਬੰਦਾ।” ਉਹ ਦਰਵਾਜ਼ੇ ਉੱਤੇ ਗਿਆ ਤੇ ਚੁੱਪ ਖੜ੍ਹੀ ਭੀੜ ਵਿੱਚੋਂ ਧਾਗਾ-ਮਿੱਲ ਦੇ ਇੱਕ ਮਜ਼ਦੂਰ ਨੂੰ ਬੁਲਾ ਲਿਆਇਆ।
ਮੰਡੀ ਦੇ ਚੜ੍ਹਦੇ ਪਾਸੇ ਵਾਲੇ ਦਰਵਾਜ਼ੇ ਤੋਂ ਥੋੜ੍ਹਾ ਹਟ ਕੇ ਬੱਸ-ਸਟਾਪ ਹੈ। ਇੱਥੋਂ ਇੱਕ ਮੀਲ ਦੂਰ ਮੇਨ ਸੜਕ। ਲਿੰਕ ਰੋਡ ਉੱਤੇ ਬੱਸਾਂ ਦੀ ਆਵਾਜਾਈ ਕਦੇ ਆਮ ਰਹਿੰਦੀ ਸੀ, ਹੁਣ ਨਹੀਂ। ਮਨਮਰਜ਼ੀ ਨਾਲ ਹੀ ਕੋਈ ਬੱਸ ਅੰਦਰਲੇ ਬਸ-ਸਟਾਪ ਉੱਤੇ ਆਉਂਦੀ ਹੈ। ਮੰਡੀ ਦਾ ਪ੍ਰੈੱਸ ਰਿਪੋਰਟਰ ਹਰ ਮਹੀਨੇ ਖ਼ਬਰ ਛਪਵਾਉਂਦਾ ਹੈ ਕਿ ਸਾਰੀਆਂ ਬੱਸਾਂ ਅੰਦਰ ਹੋ ਕੇ ਜਾਇਆ ਕਰਨ। ਮੰਡੀ ਵਿੱਚ ਕੋਈ ਸਿਆਸੀ ਜਲਸਾ ਹੋਵੇ ਤਾਂ ਇੱਕ ਮੰਗ ਅੰਦਰਲੇ ਬੱਸ-ਅੱਡੇ ਉੱਤੇ ਬੱਸਾਂ ਆਉਣ ਸੰਬੰਧੀ ਲਾਜ਼ਮੀ ਰੱਖੀ ਜਾਂਦੀ ਹੈ, ਪਰ ਕੋਈ ਨਹੀਂ ਸੁਣਦਾ। ਸਗੋਂ ਮੰਡੀ ਵਿੱਚੋਂ ਹੀ ਆਵਾਜ਼ ਉੱਠ ਖੜ੍ਹਦੀ ਹੈ- “ਭਾਈ ਰਿਕਸ਼ਾ ਵਾਲਿਆਂ ਨੇ ਵੀ ਤਾਂ ਕਿਤੋਂ ਖਾਣੀ ਐ ਦਾਲ-ਰੋਟੀ।”
ਪਰ ਥਰੀ-ਵੀਲ੍ਹਰਾਂ ਦਾ ਕੀ ਕਰੇਗਾ ਕੋਈ? ਰਿਕਸ਼ਿਆਂ ਵਾਲੇ ਖੜ੍ਹੇ-ਖੜ੍ਹੋਤੇ ਮੂੰਹ ਦੇਖਦੇ ਰਹਿ ਜਾਂਦੇ ਹਨ ਤੇ ਥਰੀ-ਵੀਲ੍ਹਰ ਸਾਰੀਆਂ ਸਵਾਰੀਆਂ ਹੂੰਝ ਲਿਜਾਂਦਾ ਹੈ।
ਜਦੋਂ ਅੰਦਰਲੇ ਬੱਸ-ਸਟਾਪ ਉੱਤੇ ਸਾਰੀਆਂ ਬੱਸਾਂ ਆਉਂਦੀਆਂ ਸਨ, ਉਨ੍ਹਾਂ ਦਿਨਾਂ ਵਿੱਚ ਏਥੇ ਕਈ ਵਰਕਸ਼ਾਪਾਂ ਖੁੱਲ੍ਹੀਆਂ। ਟਰੈਕਟਰਾਂ, ਟਰੱਕਾਂ ਤੇ ਸਕੂਟਰਾਂ ਦੀਆਂ ਵਰਕਸ਼ਾਪਾਂ। ਇਹ ਵਰਕਸ਼ਾਪਾਂ ਹੁਣ ਵੀ ਹਨ। ਖਰਾਦੀਏ ਵੀ ਆ ਗਏ। ਬੋਰਾਂ ਦਾ ਸਮਾਨ ਵਿਕਦਾ ਹੈ। ਇੰਜਣਾਂ ਦੇ ਸਪੇਅਰ-ਪਾਰਟਸ ਦੀਆਂ ਦੁਕਾਨਾਂ। ਨਹੀਂ ਆਉਂਦੀ ਕੋਈ ਬੱਸ ਅੰਦਰਲੇ ਅੱਡੇ ਉੱਤੇ ਤਾਂ ਨਾ ਆਵੇ, ਬੰਦਿਆਂ ਦਾ ਉਂਝ ਵੀ ਏਥੇ ਮੇਲਾ ਲੱਗਿਆ ਰਹਿੰਦਾ ਹੈ।
ਉਸ ਦਿਨ ਦੁਪਹਿਰੇ ਜਿਹੇ ਉਸ ਦੁਆਲੇ ਭੀੜ ਇਕੱਠੀ ਹੋਈ ਖੜ੍ਹੀ ਸੀ। ਕੋਈ ਉਹਨੂੰ, ਉਹਦੇ ਕੰਨ ਕੋਲ ਆਪਣਾ ਮੂੰਹ ਲਿਜਾ ਕੇ ਕੁਝ ਪੁੱਛਦਾ, ਕੋਈ ਕੁਝ। ਕੋਈ ਪੰਜਾਬੀ ਬੋਲਦਾ, ਕੋਈ ਟੁੱਟੀ-ਫੁੱਟੀ ਹਿੰਦੀ। ਉਹ ਜਿਹੜਾ ਵੀ ਜਵਾਬ ਦਿੰਦੀ, ਕਿਸੇ ਦੇ ਕੁਝ ਪਿੜ-ਪੱਲੇ ਨਾ ਪੈਂਦਾ। ਤਮਾਸ਼ਬੀਨ ਹੱਸਦੇ ਤੇ ਉਹਦਾ ਮਖ਼ੌਲ ਉਡਾਉਂਦੇ। ਉਹ ਦੋ ਘੰਟਿਆਂ ਤੋਂ ਓਥੇ ਬੈਠੀ ਹੋਈ ਸੀ। ਇਕ ਹੋਟਲ-ਮਾਲਕ ਉਹਦੇ ਉੱਤੇ ਤਰਸ ਖਾ ਕੇ ਉਹਨੂੰ ਇੱਕ ਚਾਹ ਦਾ ਗਿਲਾਸ ਤੇ ਦੋ ਬਰੈੱਡ-ਪੀਸ ਫੜਾ ਗਿਆ ਸੀ। ਔਰਤ ਨੇ ਇਹ ਸਭ ਕੌੜਾ ਕਸੈਲਾ ਕਰਕੇ ਅੰਦਰ ਸੁੱਟ ਲਿਆ ਸੀ। ਜਿਵੇਂ ਉਹਦਾ ਅੰਦਰ ਮਰਿਆ ਪਿਆ ਹੋਏ।
ਕੋਲ ਦੀ ਲੰਘੇ ਜਾਂਦੇ ਕੇਸਰੀ ਪੱਗ ਵਾਲੇ ਦੋ ਨੌਜਵਾਨਾਂ ਨੇ ਬੰਦਿਆਂ ਦਾ ਇਕੱਠ ਦੇਖਿਆ ਤਾਂ ਉਹ ਉਨ੍ਹਾਂ ਵਿੱਚ ਆ ਘੁਸੇ। ਔਰਤ ਦਾ ਮਾਮਲਾ ਦੇਖ ਕੇ ਉਹ ਪਹਿਲਾਂ ਤਾਂ ਮੁਸਕਰਾਏ, ਫੇਰ ਓਥੋਂ ਖਿਸਕਣ ਲੱਗੇ। ਇੱਕ ਨੌਜਵਾਨ ਬੋਲਿਆ- “ਕੌਣ ਹੋਈ ਇਹੇ? ਆਪਣੇ ਕੰਨੀ ਦੀ ਤਾਂ ਲੱਗਦੀ ਨ੍ਹੀ। ”ਪੁੱਛ ਲੈਨੇ ਆਂ।” ਦੂਜਾ ਔਰਤ ਦੇ ਕੋਲ ਮੂੰਹ ਲਿਜਾ ਕੇ ਪੁੱਛਣ ਲੱਗਿਆ- “ਕੀ ਗੱਲ ਐ, ਮਾਈ?”
ਜੋ ਕੁਝ ਉਹ ਬੋਲੀ, ਉਹਦੀ ਸਮਝ ਵਿੱਚ ਨਹੀਂ ਆਇਆ। ਉਹ ਹੈਰਾਨੀ ਵਿੱਚ ਮੁਸਕਰਾਉਣ ਲੱਗ ਪਿਆ। ਲੋਕ ਹੱਸ ਰਹੇ ਸਨ। ਉਸ ਔਰਤ ਉੱਤੇ ਜਾਂ ਸ਼ਾਇਦ ਕੇਸਰੀ ਪੱਗ ਵਾਲੇ ਨੌਜਵਾਨ ਉੱਤੇ ਹੀ।
ਧਾਗਾ ਮਿੱਲ ਵਿੱਚ ਕੰਮ ਕਰਦੇ ਭਈਏ ਇੱਕ ਪਾਸੇ ਖੜ੍ਹੇ ਪੀਟਰ-ਰੇੜ੍ਹੇ ਦੀ ਉਡੀਕ ਕਰ ਰਹੇ ਸਨ। ਉਹ ਅੱਠ-ਦਸ ਸਨ। ਹੱਥਾਂ ਵਿੱਚ ਥੈਲੇ ਫੜੇ ਹੋਏ, ਸਿਰਾਂ ਉੱਤੇ ਸਾਮਾਨ ਦੀਆਂ ਗੰਢਾਂ, ਬੀੜੀਆਂ ਪੀਂਦੇ ਤੇ ਇੱਕ ਦੂਜੇ ਨਾਲ ਕੋਈ ਗੱਲ ਕਰਦੇ। ਕੇਸਰੀ ਪੱਗ ਵਾਲਾ ਇੱਕ ਨੌਜਵਾਨ ਉਹਨਾਂ ਕੋਲ ਗਿਆ ਤੇ ਕਿਹਾ- “ਤੁਸੀਂ ਐਧਰ ਆਓ ਸਾਰੇ। ਔਹਨੂੰ ਦੇਖੋ, ਭਲਾ ਕੀ ਬੋਲਦੀ ਹੈ?”
”ਕਵਨ, ਕਯਾ ਬੋਲਤੀ??” ਇੱਕ ਭਈਆ ਰੁੱਖਾ ਜਿਹਾ ਬੋਲਿਆ।
”ਓਏ ਔਧਰ, ਇੱਕ ਔਰਤ ਐ। ਆਓ, ਤੁਸੀਂ ਸਮਝ ਲਉਗੇ ਸ਼ਾਇਦ ਉਹਦੀ ਬੋਲੀ।”
ਭਈਆਂ ਵਿੱਚ ਬਹੁਤੇ ਬਿਹਾਰੀ ਸਨ, ਦੋ ਤਿੰਨ ਯੂ.ਪੀ. ਵਾਲੇ ਤੇ ਇੱਕ ਹਿਮਾਚਲੀ। ਇੱਕ ਬੰਗਾਲੀ ਵੀ ਸੀ। ਔਰਤ ਆਪਣੇ-ਆਪ ਹੀ ਕੁਝ ਬੋਲੀ ਜਾ ਰਹੀ ਸੀ। ਉਹ ਸਭ ਉਹਨੂੰ ਸੁਣਨ ਲੱਗੇ। ਬੰਗਾਲੀ ਉਹਦੇ ਹੋਰ ਨੇੜੇ ਹੋ ਗਿਆ। ਫੇਰ ਜਦੋਂ ਉਹ ਆਪ ਬੋਲਿਆ ਤਾਂ ਔਰਤ ਅਚੰਭਿਤ ਰਹਿ ਗਈ। ਮੁਸਕਰਾ ਵੀ ਰਹੀ ਸੀ। ਦੋਵਾਂ ਨੇ ਗੱਲ ਸਾਂਝੀ ਕੀਤੀ।
ਬੰਗਾਲੀ ਮਜ਼ਦੂਰ ਕਈ ਸਾਲਾਂ ਤੋਂ ਇੱਥੇ ਸੀ। ਉਹ ਅੱਧ-ਪਚੱਧੀ ਪੰਜਾਬੀ ਬੋਲ ਲੈਂਦਾ। ਪੰਜਾਬੀ ਵਿੱਚ ਆਖੀਆਂ ਗੱਲਾਂ ਸਮਝਦਾ ਸਭ। ਕੇਸਰੀ ਪੱਗਾਂ ਵਾਲੇ ਨੌਜਵਾਨਾਂ ਨੂੰ ਜੋ ਉਹਨੇ ਦੱਸਿਆ, ਉਹ ਇਹ ਸੀ ਕਿ ਇਹ ਔਰਤ ਬੰਗਾਲਣ ਹੈ। ਕਲਕੱਤਾ ਸ਼ਹਿਰ ਦੀ। ਇਧਰੋਂ ਇੱਕ ਟਰੱਕ ਡਰਾਈਵਰ ਓਥੋਂ ਇਹਨੂੰ ਚਕਮਾ ਦੇ ਕੇ ਲੈ ਆਇਆ ਸੀ, ਉਹ ਇਹਨੂੰ ਆਪਣੇ ਘਰ ਵਸਾਏਗਾ। ਓਧਰ ਇਹਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਸੀ। ਇਹ ਓਧਰ ਆਪਣੀਆਂ ਤਿੰਨ ਕੁੜੀਆਂ ਛੱਡ ਕੇ ਆਈ ਹੈ। ਦੂਜੀ ਪਤਨੀ ਇਹਨੂੰ ਤੰਗ ਕਰਦੀ ਤੇ ਪਤੀ ਖਾਣ-ਪਹਿਨਣ ਨੂੰ ਨਹੀਂ ਦਿੰਦਾ ਸੀ। ਇਹਨੂੰ ਕੁੱਟਦਾ-ਮਾਰਦਾ ਵੀ ਸੀ। ਟਰੱਕ-ਡਰਾਈਵਰ ਜਿਹੜਾ ਇਹਨੂੰ ਲੈ ਕੇ ਆਇਆ ਸੀ, ਹੁਣ ਪਤਾ ਨਹੀਂ ਕਿੱਥੇ ਹੈ। ਇਹ ਹੋਰ ਤਿੰਨ-ਚਾਰ ਬੰਦਿਆਂ ਕੋਲ ਰਹੀ ਹੈ। ਉਹਨਾਂ ਨੇ ਵੀਹ ਦਿਨ ਇਹਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ। ਉਹ ਸ਼ਾਮ ਨੂੰ ਹਨੇਰੇ ਹੋਏ ਆਉਂਦੇ ਤੇ ਸਵੇਰੇ ਜਾਣ ਲੱਗੇ ਬਾਹਰੋਂ ਜਿੰਦਰਾ ਲਾ ਜਾਂਦੇ। ਰੋਟੀ ਖਾਣ ਨੂੰ ਇੱਕੋ ਡੰਗ ਦਿੰਦੇ ਸਨ, ਸ਼ਾਮ ਵੇਲੇ। ਲਿਆਉਣ ਵਾਲਾ ਦੋ ਮਹੀਨਿਆਂ ਪਿੱਛੋਂ ਇਹਨੂੰ ਉਹਨਾਂ ਬੰਦਿਆਂ ਕੋਲ ਛੱਡ ਗਿਆ ਸੀ। ਅੱਜ ਉਹ ਇਹਨੂੰ ਟਰੱਕ ਵਿੱਚੋਂ ਏਥੇ ਉਤਾਰ ਗਏ ਹਨ।
ਉਹਨੇ ਆਪਣਾ ਨਾਉਂ ਸੁਜਾਤਾ ਦੱਸਿਆ।
ਰੋਹਿਤ ਨੇ ਥਾਣੇਦਾਰ ਨੂੰ ਦੱਸਿਆ ਕਿ ਉਹ ਕਿਸੇ ਦੇ ਵੀ ਘਰ ਜਾ ਸਕਦੀ ਹੈ, ਜਿਹੜਾ ਇਹਨੂੰ ਬਸ ਦੋ ਡੰਗ ਰੋਟੀ ਦੇ ਸਕਦਾ ਹੋਵੇ। ਨਿਹਾਲ ਸਿੰਘ ਨੰਬਰਦਾਰ ਨੇ ਗੱਲ ਸੁਣੀ ਤਾਂ ਉੱਠ ਕੇ ਥਾਣੇਦਾਰ ਨੂੰ ਪੁੱਛਣ ਲੱਗਿਆ- “ਇਹਨੂੰ ਪੁੱਛੋ ਸਰਦਾਰ ਜੀ, ਇਹ ਰੋਟੀ-ਟੁੱਕ ਦਾ ਕਰ ਸਕਦੀ ਐ?”
ਥਾਣੇਦਾਰ ਨੇ ਰੋਹਿਤ ਨੂੰ ਕਿਹਾ- “ਪੁੱਛ ਬਈ ਇਹਨੂੰ…।”
ਰੋਹਿਤ ਨੇ ਸੁਜਾਤਾ ਨਾਲ ਗੱਲ ਕੀਤੀ ਤੇ ਫੇਰ ਅੱਧ-ਪਚੱਧੀ ਪੰਜਾਬੀ ਬੋਲ ਕੇ ਦੱਸਣ ਲੱਗਿਆ ਕਿ ਉਹ ਘਰ ਦਾ ਸਾਰਾ ਕੰਮ ਕਰੇਗੀ।
ਨਿਹਾਲ ਸਿੰਘ ਨੇ ਜਿਵੇਂ ਬੇਨਤੀ ਕੀਤੀ ਹੋਵੇ- “ਮਹਾਰਾਜ, ਮੈਂ ਪਿੰਡ ਨੂੰ ਜਾਨਾਂ। ਇੱਕ ਘੰਟਾ ਦੇ ਦਿਓ ਸਿਰਫ਼। ਹੁਣੇ ਲਿਆ ਕੇ ਬੰਦਾ ਹਾਜ਼ਰ ਕਰ ਦਿੰਨਾਂ। ਇਹਦਾ ਵੀ ਪੁੰਨ, ਉਹਦਾ ਵੀ ਪੁੰਨ।”
”ਨੰਬਰਦਾਰਾ, ਤੈਨੂੰ ਜ਼ਿੰਮੇਦਾਰੀ ਓਟਣੀ ਪਊ। ਐਸਾ ਨਾ ਹੋਵੇ ਬਈ ਤੇਰਾ ਉਹ ਬੰਦਾ ਟਰੱਕ-ਡਰਾਈਵਰ ਵਾਂਗੂੰ ਈ ਇਹਨੂੰ ਵੀਹ ਦਿਨਾਂ ਪਿੱਛੋਂ ਡੱਕਰ ਦੇਵੇ।” ਥਾਣੇਦਾਰ ਨੂੰ ਵੀ ਹੁਣ ਉਸ ਔਰਤ ਵਿੱਚ ਦਿਲਚਸਪੀ ਹੋ ਗਈ ਲੱਗਦੀ ਸੀ।
”ਨਾ ਸਰਦਾਰ ਜੀ, ਫੁੱਲਾਂ-ਪਾਨਾਂ ਵਾਂਗ ਰੱਖੂ ਉਹ ਤਾਂ ਇਹਨੂੰ। ਉਹਨੂੰ ਤਾਂ ਤੀਵੀਂ ਚਾਹੀਦੀ ਐ, ਚਾਹੇ ਕਿਹੀ ਜ੍ਹੀ ਹੋਵੇ। ਬਸ ਦੋ ਗੁੱਲੀਆਂ ਥੱਪ ਸਕਦੀ ਹੋਵੇ। ਆਪੇ ਹੱਥ ਫੁਕਦੈ ਵਿਚਾਰਾ। ਉਹ ਤਾਂ ਸੱਤ ਜਨਮਾਂ ਦਾ ਭੁੱਖਾ ਐ ਤੀਮੀਂ ਦਾ। ਫੇਰ ਐਬ ਕੋਈ ਨ੍ਹੀਂ। ਕਮੌਂਦੈ ਤੇ ਖਾਂਦੈ। ਮੈਂ ਜ਼ਿੰਮੇਦਾਰੀ ਲੈਨਾਂ ਏਸ ਗੱਲ ਦੀ ਤਾਂ। ਤੁਸੀਂ ਹੁਕਮ ਕਰੋ ਇੱਕ ਵਾਰੀ। ਜਾਵਾਂ ਮੈਂ?”
”ਜਾਹ, ਇਹ ਵੀ ਠੀਕ ਐ। ਜੇ ਇਧਰ ਈ ਇਹਦਾ ਕੋਈ ਥਾਂ ਟਿਕਾਣਾ ਬਣਦੈ, ਹੋਰ ਇਹਨੇ ਕੀ ਲੈਣੈ।” ਇਸ ਵਾਰ ਕੇਸਰੀ ਪੱਗਾਂ ਵਾਲੇ ਬੋਲੇ।
ਬਚਨੇ ਦਾ ਘਰ ਨਿਹਾਲ ਸਿੰਘ ਨੰਬਰਦਾਰ ਦੇ ਗਵਾਂਢ ਵਿੱਚ ਸੀ। ਉਹਦਾ ਕੋਈ ਨਹੀਂ ਸੀ। ਇਕੱਲੀ ਜਾਨ ਦੀ ਜਾਨ, ਜ਼ਮੀਨ ਨਹੀਂ ਸੀ। ਘਰ ਵੀ ਕੀ ਸੀ, ਇੱਕੋ ਕਮਰਾ। ਨਾਲ ਹੀ ਛੋਟੀ ਜਿਹੀ ਰਸੋਈ। ਨਿੱਕਾ ਜਿਹਾ ਵਿਹੜਾ। ਵਿਹੜੇ ਵਿੱਚ ਨਿੰਮ ਦਾ ਰੁੱਖ। ਇੱਕ ਪਾਸੇ ਕੰਧ ਨਾਲ ਪਾਣੀ ਦਾ ਨਲਕਾ। ਵੀਹੀ ਨਾਲ ਕੰਧ ‘ਤੇ ਨਲਕੇ ਵਿਚਕਾਰ ਪੱਕੀਆਂ ਇੱਟਾਂ ਦਾ ਓਟਾ। ਚੱਕੀ ਦਾ ਫੁੱਟਿਆ ਪੁੜ ਰੱਖ ਕੇ ਬਣਾਇਆ ਨ੍ਹਾਉਣ-ਧੋਣ ਦਾ ਫ਼ਰਸ਼। ਉਹ ਸ਼ਹਿਰੋਂ ਚਾਹ-ਪੱਤੀ, ਕੱਪੜੇ ਧੋਣ ਵਾਲਾ ਸਾਬਣ, ਮਾਚਿਸਾਂ, ਵਸਾਰ ਤੇ ਗਰਮ ਮਸਾਲਾ ਲੈ ਆਉਂਦਾ। ਬਾਈਸਾਈਕਲ ਖੱਚਰ ਵਾਂਗ ਲੱਦਿਆ ਹੁੰਦਾ। ਆਲੇ-ਦੁਆਲੇ ਦੇ ਸਾਰੇ ਪਿੰਡਾਂ ਵਿੱਚ ਉਹ ਜਾਂਦਾ। ਨਿੱਤ ਦੀ ਕਿਰਸ ਨਾਲ ਉਹਨੇ ਖਾਸੇ ਪੈਸੇ ਜੋੜ ਰੱਖੇ ਸਨ। ਉਹ ਇਹ ਕੰਮ ਕਈ ਵਰ੍ਹਿਆਂ ਤੋਂ ਕਰੀ ਜਾ ਰਿਹਾ ਸੀ। ਇਸ ਸਮੇਂ ਉਹਦੀ ਉਮਰ ਪੰਜਾਹਾਂ ਦੇ ਨੇੜੇ ਸੀ। ਚਾਲੀ ਸਾਲਾਂ ਤੱਕ ਉਹਨੂੰ ਕੋਈ ਰਿਸ਼ਤਾ ਨਹੀਂ ਹੋਇਆ ਸੀ ਤੇ ਫੇਰ ਆਸ ਵੀ ਮੁੱਕ ਗਈ। ਉਹਨੇ ਦਿਲ ਵਿੱਚ ਧਾਰ ਰੱਖਿਆ ਸੀ ਕਿ ਇੱਕ ਦਿਨ ਆਪਣੇ ਘਰ ਉਹ ਕੋਈ ਤੀਵੀਂ ਜ਼ਰੂਰ ਲੈ ਕੇ ਆਵੇਗਾ। ਉਹਨੂੰ ਇਹ ਵੀ ਯਕੀਨ ਸੀ ਕਿ ਹੁਣ ਤਾਂ ਮੁੱਲ ਦੀ ਤੀਵੀਂ ਹੀ ਕੋਈ ਆ ਸਕੇਗੀ। ਏਸੇ ਕਰਕੇ ਉਹ ਪੈਸੇ ਜੋੜਦਾ ਜਾ ਰਿਹਾ ਸੀ। ਬੈਂਕ ਦੀ ਕਾਪੀ ਵਿੱਚ ਅੱਠ ਹਜ਼ਾਰ ਜਮ੍ਹਾਂ ਸੀ। ਉਹਨੂੰ ਕਿਸੇ ਨੇ ਦਸ ਹਜ਼ਾਰ ਦਾ ਲਾਰਾ ਦਿੱਤਾ ਹੋਇਆ ਸੀ। ਉਹ ਦਿਨ ਦੇਖਦਾ, ਨਾ ਰਾਤ, ਕਮਾਈ ਵੱਲ ਧਿਆਨ ਰੱਖਦਾ। ਜਿਵੇਂ ਦਸ ਹਜ਼ਾਰ ਬਣਿਆ ਨਹੀਂ ਤੇ ਤੀਵੀਂ ਉਹਦੇ ਘਰ ਆਈ ਨਹੀਂ। ਤੀਵੀਂ ਦੀ ਆਸ ਵਿੱਚ ਉਹ ਅੱਕਦਾ-ਥੱਕਦਾ ਨਹੀਂ ਸੀ। ਉਹ ਸੋਚਦਾ, ਇੱਕ ਵਾਰੀ ਉਹਦੇ ਘਰ ਕੋਈ ਤੀਵੀਂ ਆ ਜਾਵੇ ਸਹੀ, ਉਹ ਦੁੱਗਣੀ ਕਮਾਈ ਕਰਿਆ ਕਰੇਗਾ। ਜਿਊਂਦਿਆਂ ਵਿੱਚ ਹੋ ਜਾਵੇਗਾ। ਸ਼ਰੀਕਾਂ ਦੇ ਮਿਹਣੇ ਮੁੱਕ ਜਾਣਗੇ। ਵਿਹੜੇ ਵਾਲੀ ਨਿੰਮ ਨੂੰ ਇੱਕ ਦਿਨ ਪਤਾਸੇ ਜ਼ਰੂਰ ਲੱਗਣਗੇ।
ਬਚਨਾ ਨਿਹਾਲ ਸਿੰਘ ਦੇ ਸ਼ਰੀਕੇ ਵਿੱਚੋਂ ਸੀ। ਚਾਹੇ ਉਹ ਆਂਢ-ਗੁਆਂਢ ਵਿੱਚ ਕਿਸੇ ਕੁੜੀ-ਬਹੂ ਵੱਲ ਅੱਖ ਭਰ ਕੇ ਨਹੀਂ ਕਦੇ ਝਾਕਿਆ ਸੀ, ਪਰ ਉਹਦੇ ਘਰ ਕਦੇ ਕਦੇ ਓਪਰੇ ਬੰਦੇ ਆਉਂਦੇ। ਰਾਤ ਪਈ ਤੋਂ ਆਉਂਦੇ ਤੜਕੇ ਮੂੰਹ-ਹਨੇਰੇ ਹੀ ਨਿੱਕਲ ਜਾਂਦੇ। ਉਹਨਾਂ ਨਾਲ ਕੋਈ ਤੀਵੀਂ ਵੀ ਹੁੰਦੀ। ਛੜੇ ਗੁਆਂਢ ਦਾ ਸੌ ਦੁੱਖ, ਨੰਬਰਦਾਰ ਚਿਤਾਰਦਾ। ਉਹ ਪੋਤੇ-ਪੋਤੀਆਂ ਵਾਲਾ ਖਾਨਦਾਨੀ ਬੰਦਾ ਸੀ। ਬਚਨੇ ਦਾ ਘਰ ਵਸਾਉਣ ਲਈ ਉਹ ਬਚਨੇ ਨਾਲੋਂ ਵੀ ਵੱਧ ਫ਼ਿਕਰ ਕਰਦਾ। ਆਖਦਾ- “ਸ਼ਰੀਕ ਤਾਂ ਵੱਸਦਾ-ਰਸਦਾ ਚੰਗਾ।”
ਅੱਜ ਬਚਨਾ ਪਿੰਡਾਂ ਵਿੱਚ ਨਹੀਂ ਗਿਆ ਸੀ। ਉਹਦਾ ਸਰੀਰ ਢਿੱਲਾ ਸੀ। ਜਿਵੇਂ ਕਣਸ ਹੋਵੇ। ਲੌਂਗਾਂ ਵਾਲੀ ਚਾਹ ਪੀ ਕੇ ਉਹ ਚਾਦਰਾ ਤਾਣੀਂ ਵਿਹੜੇ ਦੀ ਇੱਕ ਗੁੱਠ ਵਿੱਚ ਅਲਾਣੀ ਮੰਜੀ ਉੱਤੇ ਮੂੰਹ-ਸਿਰ ਵਲ੍ਹੇਟੀ ਪਿਆ ਸੀ। ਨੰਬਰਦਾਰ ਨੇ ਉਹਨੂੰ ਝੰਜੋੜਿਆ ਤਾਂ ਉਹ ਉੱਠ ਕੇ ਬੈਠ ਗਿਆ। ਗੱਲ ਸੁਣੀ ਤਾਂ ਚਾਦਰਾ ਇਕੱਠਾ ਕਰਕੇ ਪੈਂਦਾਂ ਉੱਤੇ ਰੱਖ ਦਿੱਤਾ। ਅਗਵਾੜੀਆਂ ਭੰਨਣ ਲੱਗਿਆ।
ਨੰਬਰਦਾਰ ਕਹਿੰਦਾ- “ਗੁਰਬਚਨ ਸਿਆਂ ਭਰਾਵਾ, ਸਲਾਹਾਂ ਜੀਆਂ ਤਾਂ ਕਰ ਨਾ, ਬਸ ਉੱਠ ਕੇ ਤੁਰ ਚੱਲ। ਖੁੰਝਿਆ ਵਖਤ ਮੁੜ ਕੇ ਹੱਥ ਨ੍ਹੀਂ ਔਣਾ।”
ਅਕਾਲਸਰ ਤੋਂ ਸੁਖਾਨੰਦ ਮੰਡੀ ਨੇੜੇ ਹੀ ਸੀ। ਪੱਕੀ ਲਿੰਕ ਸੜਕ। ਦੋਵਾਂ ਕੋਲ ਆਪਣੇ-ਆਪਣੇ ਸਾਈਕਲ। ਉਹ ਤਾਂ ਫਿੜਕੇ ਵਾਂਗ ਥਾਣੇ ਜਾ ਵੱਜੇ। ਏਸ ਦੌਰਾਨ ਰੋਹਿਤ ਨੇ ਸੁਜਾਤਾ ਤੋਂ ਹੋਰ ਵੀ ਕਈ ਗੱਲਾਂ ਪੁੱਛ ਕੇ ਥਾਣੇਦਾਰ ਨੂੰ ਦੱਸੀਆਂ ਸਨ। ਥਾਣੇਦਾਰ ਗੱਲ ਸੁਣਦਾ ਤੇ ਹੱਸਣ ਲੱਗਦਾ। ਕੇਸਰੀ ਪੱਗਾਂ ਵਾਲੇ, ਜੋ ਓਸੇ ਮੰਡੀ ਦੇ ਨੌਜਵਾਨ ਸਨ, ਕੁਝ ਸਮੇਂ ਲਈ ਚਾਹ-ਪਾਣੀ ਪੀਣ ਆਪਣੇ ਘਰਾਂ ਨੂੰ ਉੱਠ ਗਏ ਸਨ। ਭੀੜ ਵੀ ਜਾ ਚੁੱਕੀ ਸੀ।
ਇਕ ਕਾਗ਼ਜ਼ ਉੱਤੇ ਥਾਣੇਦਾਰ ਨੇ ਮੁਣਸ਼ੀ ਤੋਂ ਸੁਜਾਤਾ ਦਾ ਬਿਆਨ ਲਿਖਵਾ ਲਿਆ। ਸੁਜਾਤਾ ਨੇ ਅੰਗਰੇਜ਼ੀ ਅੱਖਰਾਂ ਵਿੱਚ ਆਪਣਾ ਨਾਉਂ ਲਿਖਿਆ। ਫੇਰ ਗੁਰਬਚਨ ਸਿੰਘ ਦਾ ਬਿਆਨ ਲਿਖਿਆ। ਉਹਨੇ ਪੰਜਾਬੀ ਵਿੱਚ ਦਸਖ਼ਤ ਕੀਤੇ। ਦੋਵੇਂ ਨੌਜਵਾਨਾਂ ਤੇ ਨੰਬਰਦਾਰ ਨਿਹਾਲ ਸਿੰਘ ਨੇ ਗਵਾਹੀਆਂ ਪਾ ਦਿੱਤੀਆਂ।
ਉਹ ਤੁਰਨ ਲੱਗੇ ਤਾਂ ਥਾਣੇਦਾਰ ਬੋਲਿਆ- “ਗੁਰਬਚਨ ਸਿਆਂ, ਇਹਨੂੰ ਨਿਆਣਾ-ਨਿੱਕਾ ਵੀ ਹੋਣੈ। ਫੇਰ ਨਾ ਕਹੀਂ, ਬਈ…”
”ਇਹ ਤਾਂ ਹੋਰ ਵੀ ਚੰਗੀ ਗੱਲ ਐ ਸਰਦਾਰ ਜੀ। ਛੇਤੀ ਮਿਲ ਜੂ ’ਗਾ ਜੁਆਕ।” ਬਚਨੇ ਨੂੰ ਸਭ ਮਨਜ਼ੂਰ ਸੀ।
ਰੋਹਿਤ ਆਖ ਰਿਹਾ ਸੀ, “ਅਮਾਰ ਵਾੜੀ ਕੀ ਜੜ੍ਹੇਂ ਤੁਮਾਰ ਵਾੜੀ ਮੇਂ ਲਗ ਰਹੀ ਹੈਂ, ਖੁਸੀ ਕੀ ਬਾਤ, ਬ੍ਹਈ।” ਥਾਣੇਦਾਰ ਕਹਿੰਦਾ, “ਸਾਡੇ ਸਿਪਾਹੀਆਂ ਦੇ ਲੱਡੂ, ਨੰਬਰਦਾਰਾ?”
ਨੰਬਰਦਾਰ ਸਾਰਾ ਇੰਤਜ਼ਾਮ ਕਰਕੇ ਆਇਆ ਸੀ। ਉਹਨੇ ਚਾਰ ਬੋਤਲਾਂ ਦੇ ਪੈਸੇ ਗਿਣ ਕੇ ਮੁਣਸ਼ੀ ਨੂੰ ਫੜਾ ਦਿੱਤੇ।
ਬਚਨੇ ਦੇ ਸਾਈਕਲ ਮਗਰ ਸੁਜਾਤਾ ਤੇ ਨੰਬਰਦਾਰ ਦੇ ਸਾਈਕਲ ਮਗਰ ਦਾਰੂ ਦੇ ਤੌੜੇ ਵਾਲਾ ਬੰਦਾ, ਸੁਖਾਨੰਦ ਮੰਡੀ ਝੰਗ-ਸਿਆਲ ਬਣ ਉੱਠੀ।