ਬਿਸ਼ਨੀ ਮਰਦਾਂ ਵਰਗੀ ਤੀਵੀਂ ਸੀ। ਬੜੀ ਨਿਧੜਕ, ਬੜੀ ਦਲੇਰ ! ਉਹਨਾਂ ਦੀ ਵਿਹੜਕੀ ਵਿੱਚ ਜੇ ਕਦੇ ਕੋਈ ਉਸ ਨਾਲ ਦੂਰੋ-ਦੂਰੀ ਹੋ ਜਾਂਦਾ ਤਾਂ ਉਹ ਆਦਮੀਆਂ ਵਾਂਗ ਡਾਂਗ ਫੜ ਕੇ ਆਪਣੇ ਵਾਰਗੇ ਖੜ੍ਹੀ ਲਲਕਾਰਾ ਮਾਰਦੀ, ਪਰ ਉਹਦਾ ਮਾਲਕ ਜਮਾਂ ਗਊ ਸੀ। ਬਹੁਤ ਹੀ ਨੇਕ। ਚੁੱਪ ਕੀਤਾ ਜਿਹਾ। ਉਹਦੇ ਮੂੰਹੋਂ ਕਦੇ ਕਿਸੇ ਨੂੰ ਗਾਲ੍ਹ ਨਹੀਂ ਸੀ ਨਿੱਕਲੀ। ਤੀਵੀਂ ਆਦਮੀ ਦੀ ਬਣਦੀ ਬਹੁਤ ਵਧੀਆ ਸੀ। ਉਹ ਖੇਤ ਵਿੱਚ ਕਮਾਈ ਬਹੁਤ ਕਰਦਾ। ਭਾਵੇਂ ਇਕੱਲਾ ਅਕਹਿਰਾ ਬੰਦਾ ਸੀ, ਪਰ ਇੱਕ ਸੀਰੀ ਨੂੰ ਨਾਲ ਰਲਾ ਕੇ ਉਹ ਵਾਹੀ ਦਾ ਕੰਮ ਵਧੀਆ ਤੋਰਦਾ। ਉਹਨਾਂ ਦੇ ਦੋ ਜਵਾਕ ਸਨ, ਛੋਟੇ-ਛੋਟੇ ਬਲੂਰ।
ਉਹਨਾਂ ਦੇ ਅੰਬ ਵਾਲੇ ਖੇਤ ਦੀ ਵੱਟ ਨਾਲ ਮੱਘਰ ਕੀ ਵੱਟ ਲੱਗਦੀ ਸੀ। ਉਸ ਵੱਟ ਉੱਤੇ ਇੱਕ ਸਾਂਝੀ ਕਿੱਕਰ ਖੜ੍ਹੀ ਸੀ। ਬਹੁਤ ਆਲ੍ਹਾ ਕਿੱਕਰ। ਸਿੱਧੀ ਅਸਮਾਨ ਨਾਲ ਗੱਲਾਂ ਕਰਦੀ। ਪੋਰਾ ਉਹਦਾ ਦੋ ਬੰਦਿਆਂ ਦੀ ਜੱਫੀ ਵਿੱਚ ਨਹੀਂ ਸੀ ਆਉਂਦਾ। ਬਹੁਤ ਵੱਡੇ ਆਕਾਰ ਵਾਲੀ। ਮੱਘਰ ਉਸ ਕਿੱਕਰ ਉੱਤੇ ਅੱਖ ਰੱਖਦਾ ਸੀ। ਸਾਂਝੀ ਕਿੱਕਰ ਨੂੰ ਉਹ ਚਾਹੁੰਦਾ ਸੀ ਕਿ ਆਪਣੀ ਇਕੱਲੇ ਦੀ ਹੀ ਬਣਾ ਲਵੇ। ਬਿਸ਼ਨੀ ਦਾ ਮਾਲਕ ਪੰਜਵੇਂ ਸੱਤਵੇਂ ਦਿਨ ਦੇਖਦਾ ਤਾਂ ਕਿੱਕਰ ਦੀਆਂ ਜੜਾਂ ਕੋਲੋਂ ਵੱਟ ਦੀ ਮਿੱਟੀ ਛੇੜੀ ਪਈ ਹੁੰਦੀ। ਕਦੇ ਚੱਪਾ, ਕਦੇ ਗਿੱਠ, ਪਰ ਉਹ ਗੌਗਾ ਨਾ ਕਰਦਾ। ਸੋਚਦਾ, ਦੋ ਸੇਰ ਮਿੱਟੀ ਐਧਰ ਹੋਈ ਕਿ ਔਧਰ। ਕਣਕ ਨੂੰ ਦੂਜਾ ਪਾਣੀ ਲਾ ਕੇ ਉਹ ਪੰਦਰਾਂ ਵੀਹ ਦਿਨ ਖੇਤ ਨਾ ਗਿਆ। ਜਿੱਦਣ ਗਿਆ ਤਾਂ ਦੇਖਿਆ ਕਿ ਮੱਘਰ ਨੇ ਵੱਟ ਕਿੱਕਰ ਦੇ ਉੱਤੋਂ ਦੀ ਕੀਤੀ ਪਈ ਹੈ ਤੇ ਕਿੱਕਰ ਦੀਆਂ ਸਾਰੀਆਂ ਜੜ੍ਹਾਂ ਆਪਣੇ ਵੱਲ ਕਰ ਲਈਆਂ ਹਨ। ਉਸਨੂੰ ਬੜੀ ਹੈਰਾਨੀ ਹੋਈ। ਉਸ ਨੇ ਘਰ ਆ ਕੇ ਮੱਘਰ ਤੋਂ ਪੁੱਛਿਆ ਕਿ ਉਸ ਨੇ ਵੱਟ ਨੂੰ ਕਿੱਕਰ ਦੇ ਉੱਤੇ ਦੀ ਕਿਉਂ ਕਰ ਦਿੱਤਾ ਹੈ। ਮੱਘਰ ਉਸ ਨੂੰ ਚਾਰੇ ਪੈਰ ਚੁੱਕ ਕੇ ਪਿਆ। ਕਹਿੰਦਾ-ਵੱਟ ਜਿੱਥੇ ਪਹਿਲੇ ਦਿਨੋਂ ਐ, ਉੱਥੇ ਈ ਐ, ਕਿਹੜੇ ਕੰਜਰ ਨੇ ਛੇੜੀ ਐ? ਕੱਲ ਨੂੰ ਕਿਤੇ ਹੋਰ ਨਾ ਕੁਝ ਕਹਿ ਦੀਂ?’
ਮੱਘਰ ਆਪਣੇ ਜਾਣੇ ਸਾਰੇ ਅਗਵਾੜ ਉੱਤੇ ਤੜੀ ਰੱਖਦਾ ਸੀ। ਉਹ ਚਾਰ ਭਰਾ ਸਨ। ਮੱਘਰ ਸਭ ਤੋਂ ਛੋਟਾ ਸੀ ਤੇ ਅਜੇ ਛੜਾ ਹੀ ਸੀ। ਆਪਣੀ ਜਵਾਨੀ ਦੇ ਲੋਰ ਵਿੱਚ ਉਹ ਪੂਰਾ ਘੂਕਰਿਆ ਹੋਇਆ ਸੀ। ਅਗਵਾੜ ਦੇ ਹਰ ਨਿੱਕੇ-ਮੋਟੇ ਆਦਮੀ ਉੱਤੇ ਉਹ ਪੂਰੀ ਪੌਂਸ ਜਮਾ ਕੇ ਰੱਖਦਾ। ਬਿਸ਼ਨੀ ਦੇ ਮਾਲਕ ਨੂੰ ਤਾਂ ਉਹ ਤੀਵੀਂ ਦਾ ਗੁਲਾਮ ਸਮਝਦਾ ਸੀ ਤੇ ਉਸ ਨੂੰ ਟਿੱਚ ਕਰਕੇ ਜਾਣਦਾ ਸੀ।
ਬਿਸ਼ਨੀ ਦੇ ਮਾਲਕ ਨੇ ਪੰਚਾਇਤ ਦਾ ਇਕੱਠ ਕੀਤਾ। ਇਕੱਠ ਵਿੱਚ ਬਿਸ਼ਨੀ ਸ਼ੇਰਨੀ ਵਾਂਗ ਬੁੱਕੀ, ਪਰ ਤੀਵੀਂ ਦੀ ਕੌਣ ਸੁਣਦਾ ਹੈ। ਉਹਨੇ ਮੱਘਰ ਦੇ ਪਿਓ ਦਾ ਨਾਉਂ ਲੈ ਲੈ ਕੇ ਬਥੇਰੇ ਪੁੱਤ ਪਿੱਟੇ, ਪਰ ਪੰਚਾਇਤ ਵਾਲੇ ਕਹਿੰਦੇ- ‘ਜਾ ਸਹੁਰੀਏ, ਆਦਮੀਆਂ ਚ ਤੀਮੀਂ ਦਾ ਕੀ ਬੋਲਣ ਬੋਲਦੈ।’ ਮੱਘਰ ਤੇ ਮੱਘਰ ਦੇ ਭਾਈਆਂ ਨੇ ਪੰਚਾਇਤੀਆਂ ਨੂੰ ਕੋਈ ਰਾਹ ਨਾ ਦਿੱਤਾ। ਕਹਿੰਦੇ-‘ਵੱਟ ਤਾਂ ਕਿੱਕਰ ਦੇ ਉੱਤੋਂ ਦੀ ਮੁੱਦਤਾਂ ਦੀ ਐ। ਝੂਠੀ ਤੁਹਮਤ ਦਾ ਕੀ, ਕਿਸੇ ਨੇ ਮੂੰਹ ਫੜ ਲੈਣੈ?’
ਬਿਸ਼ਨੀ ਦੇ ਮਾਲਕ ਨੇ ਪਟਵਾਰੀ ਕੋਲ ਅਰਜ਼ ਕੀਤੀ। ਪਟਵਾਰੀ ਕਈ ਦਿਨ ਤਾਂ ਟਾਲੇ ਲਾਉਂਦਾ ਰਿਹਾ ਤੇ ਇੱਕ ਦਿਨ ਕਹਿੰਦਾ ਕਿ ਨਕਸ਼ਾ ਦੇਖ ਕੇ ਵੱਟ ਕੱਢਾਂਗੇ, ਪਰ ਮੱਘਰ ਨੇ ਪਟਵਾਰੀ ਨਾਲ ਅੰਦਰਗਤੀ ਪਤਾ ਨਹੀਂ ਕੀ ਗੱਲ ਕਰ ਲਈ, ਵੱਟ ਕੱਢਣ ਲਈ ਪਟਵਾਰੀ ਲੱਤ ਹੀ ਨਹੀਂ ਸੀ ਲਾਉਂਦਾ। ਹਾਰ ਕੇ ਬਿਸ਼ਨੀ ਦਾ ਮਾਲਕ ਚੁੱਪ ਕਰ ਗਿਆ।
ਬਿਸ਼ਨੀ ਘਰੇ ਉਸ ਨਾਲ ਲੜਦੀ ਬੜਾ। ‘ਸੁੰਨ-ਮਿੱਟੀ ਬਣਿਆ ਰਹਿਨੈ। ਕਹੀ ਫੜ ਕੇ ਤੈਥੋਂ ਨੀਂ ਕਿੱਕਰ ਆਵਦੇ ਕੰਨੀਂ ਹੁੰਦੀ?’ ਉਹ ਚੁੱਪ ਕਰਿਆ ਰਹਿੰਦਾ। ਬਿਸ਼ਨੀ ਉਸ ਨੂੰ ਗਾਲ੍ਹਾਂ ਘਰ ਵਿੱਚ ਹੀ ਦਿੰਦੀ ਸੀ, ਪਰ ਬਾਹਰ ਲੋਕਾਂ ਵਿੱਚ ਉਸਨੂੰ ਕੁਝ ਨਹੀਂ ਸੀ ਬੋਲਦੀ। ਸਗੋਂ ਬਾਹਰ ਤਾਂ ਜੇ ਕੋਈ ਐਰਾ-ਗੈਰਾ ਉਸਨੂੰ ਕੁਝ ਬੁਰਾ ਭਲਾ ਕਹਿ ਦਿੰਦਾ ਤਾਂ ਉਹ ਉਸ ਦਾ ਕਾਲਜਾ ਕੱਢ ਕੇ ਖਾਣ ਤਾਈਂ ਜਾਂਦੀ। ਉਸ ਨੂੰ ਆਪਣਾ ਮਾਲਕ ਸਾਰੀ ਦੁਨੀਆ ਨਾਲੋਂ ਚੰਗਾ ਲੱਗਦਾ ਸੀ।
ਰਾਹ ਜਾਂਦੇ ਕਈ ਬੰਦੇ ਬਿਸ਼ਨੀ ਦੇ ਮਾਲਕ ਨੂੰ ਬੋਲੀ ਮਾਰਦੇ- ‘ਖੇਤ ਦਾ ਸ਼ਿੰਗਾਰ ਕਿੱਕਰ ਦੱਬ ਲੀ ਜੱਟ ਨੇ। ਕਰ ਕੋਈ ਉਜਰ ਤੂੰ ਵੀ?’ ਉਹ ਅੰਦਰੇ ਅੰਦਰ ਵਿਹੁ ਘੋਲਦਾ ਰਹਿੰਦਾ। ਉਹਦੀ ਕੋਈ ਪੇਸ਼ ਨਾ ਜਾਂਦੀ। ਉਹ ਇਕੱਲਾ ਕੁਝ ਕਰ ਨਹੀਂ ਸੀ ਸਕਦਾ। ਬੰਦਿਆਂ ਦੀ ਸਾਰੀ ਮਾਇਆ ਹੈ। ਮੱਘਰ ਹੋਰਾਂ ਦੇ ਚਾਰੇ ਭਰਾਵਾਂ ਦੇ ਇਕੱਠ ਤੋਂ ਉਹ ਤ੍ਰਹਿੰਦਾ ਸੀ। ਉਹਦਾ ਜ਼ੋਰ ਹੁੰਦਾ ਤਾਂ ਉਹ ਵੀ ਵੱਟ ਨੂੰ ਕਿੱਕਰ ਦੇ ਉੱਤੋਂ ਦੀ ਕਰ ਦਿੰਦਾ ਤੇ ਕਿੱਕਰ ਨੂੰ ਆਪਣੇ ਵੱਲ ਕਰ ਲੈਂਦਾ, ਪਰ ਉਹਦੇ ਵਿੱਚ ਪਹੁੰਚ ਨਹੀਂ ਸੀ ਤੇ ਉਹ ਝਗੜਾ ਵੀ ਕੋਈ ਨਹੀਂ ਸੀ ਛੇੜਨਾ ਚਾਹੁੰਦਾ। ਅੰਦਰੋ-ਅੰਦਰੀ ਪਰ ਉਹਦੇ ਸੀਨੇ ਵਿੱਚ ਇੱਕ ਅੱਗ ਮਘਦੀ ਰਹਿੰਦੀ। ਅੰਦਰੋ-ਅੰਦਰੀ ਉਹ ਦੰਦੀਆਂ ਕਿਰਚਦਾ ਰਹਿੰਦਾ।
ਇੱਕ ਦਿਨ ਤਾਂ ਪਾਣੀ ਸਿਰ ਦੇ ਉੱਤੋਂ ਦੀ ਲੰਘ ਗਿਆ। ਕਿਸੇ ਨੇ ਉਸ ਨੂੰ ਦੱਸਿਆ ਕਿ ਮੱਘਰ ਨੇ ਚਾਰ ਹੋਰ ਬੰਦਿਆਂ ਨੂੰ ਨਾਲ ਲੈ ਕੇ ਕਿੱਕਰ ਰਾਤੋ-ਰਾਤ ਵੱਢ ਲਈ ਹੈ ਤੇ ਹੁਣ ਉਸ ਦਾ ਵਢਾਂਗ ਆਪਣੇ ਖੇਤ ਵਿੱਚ ਇਕੱਠਾ ਕਰ ਰਿਹਾ ਹੈ। ਬਿਸ਼ਨੀ ਦਾ ਮਾਲਕ ਸਿਰ ਮੁੱਧ ਭੱਜਿਆ-ਭੱਜਿਆ ਪਹੁੰਚਿਆ। ਉਹਦੇ ਜਾਂਦੇ ਨੂੰ ਮੱਘਰ ਆਰੇ ਨਾਲ ਕਿੱਕਰ ਦੇ ਪੋਰੇ ਨੂੰ ਚੀਰ ਪਾ ਰਿਹਾ ਸੀ। ਪੋਰਾ ਲੰਮਾ ਸੀ ਤੇ ਮੱਘਰ ਚਾਹੁੰਦਾ ਸੀ ਕਿ ਉਸ ਦੇ ਦੋ ਟੋਟੇ ਕਰਕੇ ਉਹ ਪੋਰੇ ਨੂੰ ਪਿੰਡ ਲਿਆ ਸਿੱਟੇ। ਜਾਣ ਸਾਰ ਮੱਘਰ ਦੇ ਹੱਥੋਂ ਆਰਾ ਫੜ ਕੇ ਉਸ ਨੇ ਖੜ੍ਹਾ ਕਰ ਲਿਆ। ਮੱਘਰ ਨੇ ਧੌਲ ਵੱਟ ਕੇ ਉਹਦੀ ਵੱਖੀ ਵਿੱਚ ਮਾਰੀ। ਉਹ ਮੂੰਹ ਭਾਰ ਧਰਤੀ ਉੱਤੇ ਡਿੱਗ ਪਿਆ। ਉਸ ਨੇ ਇੱਕ ਗੰਦੀ ਜਿਹੀ ਗਾਲ੍ਹ ਮੱਘਰ ਨੂੰ ਕੱਢੀ। ਉਹ ਜਿਵੇਂ ਪਾਗ਼ਲ ਹੋ ਗਿਆ ਸੀ। ਡਿੱਗਿਆ ਪਿਆ ਉਹ ਧਰਤੀ ਉੱਤੋਂ ਉੱਠਿਆ ਤੇ ਭੱਜ ਕੇ ਮੱਘਰ ਨੂੰ ਜੱਫਾ ਜਾ ਮਾਰਿਆ। ਜੱਫੋ-ਜੱਫੀ ਹੋਇਆਂ ਨੂੰ ਦੂਜੇ ਬੰਦੇ ਛੁਡਾਉਣ ਲੱਗੇ, ਪਰ ਬਿਸ਼ਨੀ ਦੇ ਮਾਲਕ ਵਿੱਚ ਜਿਵੇਂ ਕੋਈ ਪਰੇਤ ਆਇਆ ਹੋਇਆ ਸੀ। ਉਸ ਨੇ ਮੱਘਰ ਨੂੰ ਜੱਫਾ ਪਾਇਆ, ਛੱਡਿਆ ਨਾ ਤੇ ਉਸ ਦੇ ਮੋਢੇ ਦੀ ਬੁਰਕੀ ਕੱਢ ਕੇ ਲੈ ਗਿਆ। ਮੱਘਰ ਨੇ ਕੋਲ ਪਈ ਕੁਹਾੜੀ ਚੁੱਕ ਲਈ ਤੇ ਪੀਨ ਪਾਸਿਓਂ ਜ਼ੋਰ ਦੀ ਉਸ ਦੇ ਕੁਪਾਲ ਵਿੱਚ ਜੜ ਦਿੱਤੀ। ਉਹ ਥਾਂ ਦੀ ਥਾਂ ਫੁੜਕ ਗਿਆ। ਹਿਝਕੀਆਂ ਜਿਹੀਆਂ ਲੈਂਦਾ ਥਾਂ ਦੀ ਥਾਂ ਠੰਡਾ ਹੋ ਗਿਆ।
ਪੁਲਸ ਆਈ ਤੇ ਮੱਘਰ ਨੂੰ ਫੜ ਕੇ ਲੈ ਗਈ।
ਬਿਸ਼ਨੀ ਕਈ ਸਾਲ ਮੁਕੱਦਮਾ ਲੜਦੀ ਰਹੀ।
ਆਖ਼ਰ ਨੂੰ ਮੱਘਰ ਬਰੀ ਹੋ ਗਿਆ।
ਬਿਸ਼ਨੀ ਢਿੱਡ ਵਿੱਚ ਮੁੱਕੀਆਂ ਦੇ ਕੇ ਬੈਠੀ ਰਹਿ ਗਈ। ਉਹਦਾ ਦੇਵਤਾ ਮਨੁੱਖ ਜਰਵਾਣੇ ਜੱਟ ਨੇ ਖਾ ਲਿਆ ਸੀ।
ਬਿਸ਼ਨੀ ਸਬਰ ਦੀਆਂ ਘੁੱਟਾਂ ਭਰ ਕੇ ਦਿਨ ਕੱਟਦੀ ਰਹੀ। ਜ਼ਮੀਨ ਕਦੇ ਉਹ ਹਿੱਸੇ ਉੱਤੇ ਦੇ ਦਿੰਦੀ ਤੇ ਕਿਸੇ ਸਾਲ ਠੇਕੇ ਉੱਤੇ ਚੜ੍ਹਾ ਦਿੰਦੀ ਸੀ।
ਉਹਦੇ ਦੋਵੇਂ ਮੁੰਡੇ ਦਿਨੋਂ-ਦਿਨ ਉਡਾਰ ਹੁੰਦੇ ਗਏ। ਉਹਨਾਂ ਨੂੰ ਰੱਜਵਾਂ ਖਵਾਉਂਦੀ, ਰੱਜਵਾਂ ਪਿਆਉਂਦੀ। ਦੁੱਧ ਉਹਦੇ ਘਰੋਂ ਕਦੇ ਥੁੜਿਆ ਨਹੀਂ ਸੀ। ਉਹ ਚਾਹੁੰਦੀ ਸੀ ਕਿ ਉਹਦੇ ਮੁੰਡੇ ਦਿਨਾਂ ਵਿੱਚ ਹੀ ਜੁਆਨ ਹੋ ਜਾਣ ਤੇ ਦੱਬ ਕੇ ਵਾਹੀ ਕਰਨ ਤਾਂ ਕਿ ਉਸ ਨੂੰ ਰੰਡੇਪਾ ਭੁੱਲ ਜਾਵੇ।
ਪਰ ਉਹਦੇ ਅੰਦਰ ਇੱਕ ਅੱਗ ਧੁਖਦੀ ਰਹਿੰਦੀ। ਮੱਘਰ ਜਦ ਕਦੇ ਉਸ ਦੀ ਨਿਗਾਹ ਪੈ ਜਾਂਦਾ ਤਾਂ ਉਸ ਦੇ ਕਾਲਜੇ ਵਿੱਚੋਂ ਇੱਕ ਲਾਟ ਨਿਕਲ ਜਾਂਦੀ। ਉਹ ਝੂਰਦੀ ਕਿ ਉਹ ਚੰਡਾਲ ਨੇ ਉਹਦਾ ਸਿਉਨੇ ਵਰਗਾ ਬੰਦਾ ਪਲਾਂ ਵਿੱਚ ਹੀ ਮੁਕਾ ਦਿੱਤਾ ਸੀ। ਪਰ ਕਦੇ-ਕਦੇ ਤਾਂ ਉਹ ਗੁੱਸੇ ਵਿੱਚ ਕੰਬਣ ਲੱਗ ਜਾਂਦੀ। ਪਰ ਕੀ ਕਰਦੀ?
ਮੱਘਰ ਵਿਆਹਿਆ ਗਿਆ ਸੀ। ਉਸ ਦੇ ਵੀ ਹੁਣ ਜਵਾਕ ਹੋ ਗਏ ਸਨ। ਉਹ ਭਾਈਆਂ ਨਾਲੋਂ ਅੱਡ ਹੋ ਗਿਆ ਸੀ। ਉਸਦੀ ਤੀਵੀਂ ਪੁੱਜ ਕੇ ਨਰਮ ਸੀ ਤੇ ਉਸ ਨੂੰ ਮਾੜੇ ਕੰਮਾਂ ਤੋਂ ਸਮਝਾਉਂਦੀ ਤੇ ਬਚਾਉਣ ਦੀ ਕੋਸ਼ਿਸ਼ ਕਰਦੀ। ਉਹ ਅਜੇ ਵੀ ਚੁੱਕਵੀਂ ਤੇ ਤੜੀ ਵਾਲੀ ਗੱਲ ਕਰਦਾ ਸੀ। ਹੱਥ ਵਿੱਚ ਹਮੇਸ਼ਾ ਹੀ ਪਿੱਤਲ ਦੇ ਕੋਕਿਆਂ ਵਾਲੀ ਚਿਲਕਵੀਂ ਗੰਡਾਸੀ ਰੱਖਦਾ। ਕੰਮ ਦਾ ਡੱਕਾ ਨਹੀਂ ਸੀ ਤੋੜਦਾ। ਬਿਸ਼ਨੀ ਦੇ ਘਰ ਮੂਹਰ ਦੀ ਵੀ ਉਹ ਕਦੇ-ਕਦੇ ਲੰਘ ਜਾਂਦਾ। ਸ਼ਾਇਦ ਉਸ ਨੂੰ ਹੈਂਕੜੀ ਸੀ ਕਿ ‘ਇਹ ਕੱਲ੍ਹ ਦੇ ਜਵਾਕੜੇ ਮੇਰਾ ਕੀ ਫੰਨੂ ਖੋਹ ਲੈਣਗੇ।”
ਬਿਸ਼ਨੀ ਦੋਵੇਂ ਮੁੰਡਿਆਂ ਨੂੰ ਸਭ ਕੁਝ ਦੱਸਦੀ ਰਹਿੰਦੀ। ਰਾਤ ਨੂੰ ਪੈਣ ਲੱਗੀ ਉਹਨਾਂ ਮੁਹਰੇ ਘਿਣਾਂ ਪਾਉਂਦੀ- “ਜੇ ਕਿਤੇ ਪਿਓ ਦਾ ਬਦਲਾ ਲਵੋ।
‘ਜਿੱਦਣ ਇਸ ਜੱਟ ਦਾ ਚੂਲੀਏਂ ਲਹੂ ਪੀਤਾ, ਮੇਰਾ ਤਾਂ ਓਦਣ ਕਾਲਜਾ ਠਰੂ!’ ਕਦੇ-ਕਦੇ ਉਹ ਆਪਣਾ ਸਾਰਾ ਦਿਲ ਆਪਣੇ ਦੋਵੇਂ ਪੁੱਤਰਾਂ ਮੂਹਰੇ ਢੇਰੀ ਕਰ ਦਿੰਦੀ।
ਹੁਣ ਤਾਂ ਜਿਵੇਂ ਇੱਕੋ ਗੱਲ ਭੂਤ ਬਣ ਕੇ ਉਹਦੇ ਸਿਰ ਉੱਤੇ ਸਵਾਰ ਹੋ ਗਈ ਸੀ। ਉਸ ਨੇ ਕਦੀ ਨਹੀਂ ਸੀ ਸੋਚਿਆ ਕਿ ਉਹਦਾ ਕੋਈ ਪੁੱਤ ਵਿਆਹਿਆ ਜਾਵੇ। ਉਸ ਨੇ ਕਦੇ ਹੁਣ ਇਹ ਖ਼ਿਆਲ ਨਹੀਂ ਸੀ ਕੀਤਾ ਕਿ ਉਹਦੇ ਪੁੱਤ ਖੇਤਾਂ ਵਿੱਚ ਦੱਬ ਕੇ ਕਮਾਈ ਕਰਨ। ਉਹ ਤਾਂ ਚਾਹੁੰਦੀ ਸੀ ਕਿ ਮੱਘਰ ਦੀ ਲੋਥ ਨੂੰ ਹੀ ਉਹ ਇੱਕ ਦਿਨ ਦੇਖ ਲਵੇ ਤੇ ਉਸ ਦੇ ਕਾਲਜੇ ਠੰਡ ਪੈ ਜਾਵੇ।
ਮੱਘਰ ਹੁਣ ਤਾਂ ਦਿਨੇ ਵੀ ਸ਼ਰਾਬ ਨਾਲ ਰੱਜਿਆ ਰਹਿੰਦਾ। ਉਹਦੇ ਭਰਾ ਵੀ ਉਸ ਨੂੰ ਮੂੰਹ ਨਹੀਂ ਸਨ ਲਾਉਂਦੇ। ਉਹਦੀ ਤੀਵੀਂ ਬੁੜ੍ਹੀਆਂ ਕੋਲ ਸੇਰ-ਸੇਰ ਪਾਣੀ ਰੋਂਦੀ। ਮੱਘਰ ਦੀ ਪੱਗ ਵੀਹੀ ਦੇ ਗਾਰੇ ਵਿੱਚ ਰੁਲਦੀ ਰਹਿੰਦੀ ਤੇ ਉਹ ਸਿਰੋਂ ਨੰਗਾ ਕਦੇ ਐਧਰ ਕੌਲੇ ਨਾਲ ਵੱਜਿਆ, ਕਦੇ ਔਧਰ ਕੌਲੇ ਨਾਲ ਵੱਜਿਆ। ਚਾਦਰਾ ਤੇੜੋਂ ਲਾਹ ਕੇ ਮੋਢਿਆਂ ਉੱਤੇ ਧਰ ਲੈਂਦਾ। ਲੋਹੜੀ ਵਾਲੀ ਰਾਤ ਤਾਂ ਉਸ ਨੇ ਬਹੁਤੀ ਹੀ ਪੀ ਲਈ ਸੀ। ਅਗਵਾੜ ਦੀ ਸੱਥ ਵਿੱਚ ਪਾਈ ਧੂਈਂ ਕੋਲ ਦੀ ਜਦ ਉਹ ਲੰਘਣ ਲੱਗਿਆ ਤਾਂ ਉਸ ਨੇ ਉੱਚੀ ਲਲਕਾਰਾ ਮਾਰਿਆ ਤੇ ਕਿਹਾ- ‘ਜਦੋਂ ਦੇਖ ਲਿਆ ਰੰਡੀ ਦੇ ਘਰ ਵੜਦਾ.. ’ ਧੂਈਂ ਉੱਤੇ ਬੈਠੇ ਇੱਕ ਅਲੇਲ ਮੁੰਡੇ ਨੇ ਸੁਭਾਇਕੀ ਲਾਚੜ ਕੇ ਉਸ ਨੂੰ ਪੁੱਛ ਲਿਆ-‘ਰੰਡੀ ਕਿਹੜੀ ਓਏ ਮੱਘਰਾ?’ ਮੱਘਰ ਜੀਭ ਜਿਹੀ ਮਲ਼ ਕੇ ਕਹਿੰਦਾ- “ਬਿਸ਼ਨੀ ਰੰਡੀ!’ ਬਿਸ਼ਨੀ ਦਾ ਛੋਟਾ ਮੁੰਡਾ ਵੀ ਧੂਈਂ ਸੇਕ ਰਿਹਾ ਸੀ। ਮੱਘਰ ਨੇ ਐਨੀ ਗੱਲ ਕਹੀ ਤੇ ਉਸ ਨੇ ਜਚਾ ਕੇ ਕਸੀਆ ਸਿੱਧੇ ਪਾਸਿਉਂ ਮੱਘਰ ਦੇ ਸਿਰ ਵਿੱਚ ਗੱਡ ਦਿੱਤਾ। ਨਾਲ ਦੀ ਨਾਲ ਦੋ ਕਸੀਏ ਹੋਰ ਉਸ ਦੀ ਗਰਦਨ ਉੱਤੇ ਮਾਰ ਕੇ ਉਸ ਦੀ ਘੰਡੀ ਵੱਢ ਦਿੱਤੀ। ਧੂਈਂ ਉੱਤੇ ਬੈਠੇ ਸਾਰੇ ਲੋਕ ਚੁੱਪ ਕਰਕੇ ਆਪੋ-ਆਪਣੇ ਘਰਾਂ ਨੂੰ ਤੁਰ ਗਏ।
ਬਿਸ਼ਨੀ ਨੂੰ ਜਦ ਪਤਾ ਲੱਗਿਆ, ਉਹ ਦੂਜੇ ਮੁੰਡੇ ਨੂੰ ਵੀ ਬਾਹਰਲੇ ਘਰੋਂ ਫਟਾਫਟ ਬੁਲਾ ਲਿਆਈ। ਮੱਘਰ ਦੀ ਸੁੰਧਕਦੀ ਲੋਥ ਨੂੰ ਘੜੀਸ ਕੇ ਉਹਨਾਂ ਤਿੰਨੇ ਮਾਂ-ਪੁੱਤਾਂ ਨੇ ਆਪਣੇ ਵਿਹੜੇ ਵਿੱਚ ਲਿਆ ਸੁੱਟਿਆ। ਦੋਵੇਂ ਮੁੰਡਿਆਂ ਨੂੰ ਫਿਰ ਉਸ ਨੇ ਖੇਤਾਂ ਨੂੰ ਡੱਕਰ ਦਿੱਤਾ। ਆਪ ਨਿਧੜਕ ਹੋ ਕੇ ਸਬਾਤ ਵਿੱਚ ਪੈ ਗਈ।
ਧੂਈਂ ਵਾਲੇ ਥਾਂ ਤੋਂ ਮੱਘਰ ਦਾ ਤੇ ਮੱਘਰ ਦੇ ਭਾਈਆਂ ਦਾ ਘਰ ਖ਼ਾਸੀ ਦੂਰ ਸੀ। ਇਸ ਲਈ ਉਹਨਾਂ ਨੂੰ ਕੁਝ ਠਹਿਰ ਕੇ ਇਸ ਵਾਕੇ ਦਾ ਪਤਾ ਲੱਗਿਆ। ਉਹ ਗੰਡਾਸੇ ਭੱਲੇ ਲੈ ਕੇ ਬਿਸ਼ਨੀ ਦੇ ਘਰ ਆਏ। ਬਿਸ਼ਨੀ ਸਬਾਤ ਵਿੱਚੋਂ ਨਿੱਕਲ ਕੇ ਕੋਠੇ ਉੱਤੇ ਜਾ ਛਾਪਲੀ ਸੀ। ਵਿਹੜੇ ਵਿੱਚ ਮੱਘਰ ਦੀ ਲੋਥ ਪਈ ਦੇਖ ਕੇ ਉਹਦੇ ਭਰਾ ਵਾਪਸ ਮੁੜ ਗਏ। ਉਹਦੇ ਵਿੱਚ ਸਾਹ ਹੁੰਦੇ, ਤਦ ਹੀ ਉਸ ਨੂੰ ਘਰ ਚੁੱਕ ਕੇ ਲਿਜਾਂਦੇ, ਲੋਥ ਨੂੰ ਉਹ ਕੀ ਚੁੱਕਦੇ? ਤੜਕੇ ਨੂੰ ਉਹਨਾਂ ਨੇ ਪੁਲਸ ਚੜਾ ਲਿਆਂਦੀ।
ਪੁਲਸ ਨੇ ਆ ਕੇ ਦੇਖਿਆ, ਬਿਸ਼ਨੀ ਮੌਜਾਂ ਵਿੱਚ ਆਈ ਦੁੱਧ ਰਿੜਕ ਰਹੀ ਸੀ ਤੇ ਕੁਝ ਗਾ ਰਹੀ ਸੀ। ਮੱਘਰ ਦੀ ਲੋਥ ਅੜ੍ਹੋਕਣ ਬਣਾ ਕੇ ਉਸ ਨੇ ਰਿੜਕਣੇ ਨਾਲ ਲਾਈ ਹੋਈ ਸੀ। ਥਾਣੇਦਾਰ ਨੇ ਉਸ ਨੂੰ ਗੁੱਤੋਂ ਫੜ ਲਿਆ- “ਦੱਸ ਬੁੜ੍ਹੀਏ, ਤੇਰੇ ਪੁੱਤ ਕਿੱਥੇ ਨੇ?
ਬਿਸ਼ਨੀ ਚੜੇਲ ਬਣੀ ਹੋਈ ਸੀ। ਉਹ ਥਾਣੇਦਾਰ ਨੂੰ ਕਹਿੰਦੀ- ‘ਜੇ ਬੰਦੇ ਦਾ ਪੁੱਤ ਐਂ ਤਾਂ ਪਹਿਲਾਂ ਗੁੱਤ ਛੱਡ ਮੇਰੀ।’ ਥਾਣੇਦਾਰ ਨੇ ਉਹਦੀ ਗੁੱਤ ਛੱਡ ਦਿੱਤੀ।
ਉਹ ਕਹਿੰਦੀ- ‘ਅੱਜ ਮੈਂ ਆਵਦੇ ਮਾਲਕ ਦਾ ਬਦਲਾ ਲੈ ਲਿਐ। ਮੇਰਾ ਕਾਲਜਾ ਠਰ ਗਿਐ। ਮੁੰਡੇ ਮੇਰੇ ਟਾਹਲੀ ਆਲੇ ਖੇਤ ਝੂੰਬੀ ’ਚ ਬੈਠੇ ਨੇ। ਜਾ ਕੇ ਫੜ ਲੋ।’ ਤੇ ਉਹ ਹੌਲ਼ੀ ਦੇ ਕੇ ਥਾਣੇਦਾਰ ਨੂੰ ਕਹਿੰਦੀ- ‘ਪਰ ਦੇਖ, ਉਹਨਾਂ ਦੇ ਪਿੰਡੇ ਨੂੰ ਛਮਕ ਨਾ ਲਾਈਂ।’ ਆਵਦੀ ਜੈਦਾਤ ਦੇ ਜ਼ੋਰ ’ਤੇ ਉਹਨਾਂ ਨੂੰ ਛੁਡਾਊਂ। ਤੂੰ ਵੀਰਾ ਉਹਨਾਂ ਦੇ ਫੁੱਲ ਦੀ ਨਾ ਲਾਈਂ।
ਬਿਸ਼ਨੀ ਪਾਗ਼ਲਾਂ ਵਾਂਗ ਬੋਲ ਰਹੀ ਸੀ ਤੇ ਉੱਚੀ-ਉੱਚੀ ਗੜ੍ਹਕ ਰਹੀ ਸੀ। ਸਾਰਾ ਅਗਵਾੜ ਮੂੰਹ ਵਿੱਚ ਉਂਗਲਾਂ ਪਾਈ ਉਹਨਾਂ ਦੇ ਵਿਹੜੇ ਵਿੱਚ ਖੜ੍ਹਾ ਸੀ। ਹਰ ਇੱਕ ਦੇ ਮੂੰਹੋਂ ਵਾਰ-ਵਾਰ ਇਹੀ ਗੱਲ ਨਿੱਕਲਦੀ ਸੀ- ‘ਅਸ਼ਕੇ ਬੁੜ੍ਹੀਏ ਤੇਰੇ।’