A Literary Voyage Through Time

ਸੁਖਪਾਲ ਨੇ ਦੇਖਿਆ, ਹੁਣ ਜਦ ਪਰਮਿੰਦਰ ਬਾਹਰੋਂ ਆਉਂਦੀ ਤਾਂ ਉਹ ਉਸ ਦੀ ਪਤਨੀ ਕੋਲ ਬਿੰਦ-ਝੱਟ ਖੜ੍ਹ ਕੇ ਤੇ ਕੋਈ ਗੱਲ ਕਰਕੇ ਫਿਰ ਹੀ ਚੁਬਾਰੇ ਦੀਆਂ ਪੌੜੀਆ ਚੜ੍ਹਦੀ। ਉਸ ਦੀ ਪਤਨੀ ਕੋਲ ਖੜ੍ਹੀ ਗੱਲ ਕਰਦੀ ਉਹ ਬਿੰਦੇ-ਬਿੰਦੇ ਬੈਠਕ ਵੱਲ ਵੀ ਝਾਕਦੀ। ਬੈਠਕ ਵਿੱਚ ਮੰਜੇ ਉੱਤੇ ਜਾਂ ਆਰਾਮ-ਕੁਰਸੀ ਉੱਤੇ ਬੈਠਾ ਉਹ ਉਸ ਦੀ ਗੱਲ ਨੂੰ ਗਹੁ ਨਾਲ ਸੁਣਦਾ ਤੇ ਉਸ ਦੇ ਖਿੱਦੋ ਵਾਂਗ ਮੜ੍ਹੇ ਸਰੀਰ ਨੂੰ ਸੰਵਾਰ ਸੰਵਾਰ ਦੇਖਦਾ। ਉਸ ਦੀ ਆਵਾਜ਼ ਉਸ ਨੂੰ ਮਿੱਠੀ-ਮਿੱਠੀ ਲੱਗਦੀ। ਕਿਸੇ ਫ਼ਿਕਰੇ ਦੀ ਸਮਝ ਉਸ ਨੂੰ ਨਾ ਵੀ ਆਉਂਦੀ ਤਾਂ ਵੀ ਉਸ ਦਾ ਬੋਲ ਉਸ ਦੇ ਧੁਰ ਅੰਦਰ ਉੱਤਰਦਾ ਜਾਂਦਾ। ਪਹਿਲੇ ਦਿਨ ਜਦ ਉਹ ਉਸ ਦੀ ਪਤਨੀ ਕੋਲ ਖੜ੍ਹੀ ਸੀ ਤੇ ਬੈਠਕ ਵਿੱਚ ਉਸ ਵੱਲ ਝਾਕੀ ਸੀ ਤਾਂ ਉਸ ਨੂੰ ਬੜੀ ਹੈਰਾਨੀ ਹੋਈ ਸੀ-ਆਨੰਦ ਭਰੀ ਹੈਰਾਨੀ। ਹੁਣ ਤਾਂ ਉਹ ਪਿੰਡ ਵਿੱਚ ਚੱਕਰ ਲਾ ਕੇ ਦਿਨ-ਢਲੇ ਜਦ ਘਰ ਆਉਂਦੀ, ਉਸ ਦੀ ਪਤਨੀ ਕੋਲ ਇੱਕ ਬਿੰਦ ਖੜ੍ਹਨਾ ਤੇ ਨਿੱਕੀ ਜਹੀ ਗੱਲ ਕਰਨਾ ਉਸ ਦਾ ਨਿਤ-ਨੇਮ ਬਣ ਗਿਆ ਸੀ। ਗੱਲ ਕਰਦੀ ਜਦ ਉਹ ਉਸ ਵੱਲ ਝਾਕਦੀ ਤਾਂ ਉਸ ਨੂੰ ਇਉਂ ਲੱਗਦਾ, ਜਿਵੇਂ ਉਹ ਉਸ ਨਾਲ ਹੀ ਗੱਲ ਕਰਦੀ ਹੋਵੇ। ਉਸ ਦੀਆਂ ਅੱਖਾਂ ਵਿੱਚ ਮਿੰਨ੍ਹੀ-ਮਿੰਨ੍ਹੀ ਸ਼ਰਾਰਤ ਤੇ ਬੁੱਲ੍ਹਾਂ ਉੱਤੇ ਬੇਮਲੂਮੀ ਮੁਸਕਾਣ ਉਸ ਦੇ ਦਿਲ ਨੂੰ ਟੁੰਬਦੀਆਂ। ਕਿੰਨੇ ਹੀ ਦਿਨ ਉਹ ਸੋਚਦਾ ਰਿਹਾ, ਉਹ ਕੀ ਕਰੇ।

⁠ਪਹਿਲਾਂ-ਪਹਿਲਾਂ ਜਦ ਉਸ ਨੇ ਉਨ੍ਹਾਂ ਦਾ ਚੁਬਾਰਾ ਲਿਆ ਸੀ, ਓਦੋਂ ਤਾਂ ਉਹ ਭੋਲ਼ੀ ਜਿਹੀ ਕੁੜੀ ਲੱਗਦੀ ਸੀ। ਚੁੱਪ ਕੀਤੀ ਜਹੀ। ਜਿਵੇਂ ਮੂੰਹ ਵਿੱਚ ਬੋਲ ਹੀ ਨਾ ਹੋਵੇ। ਬਿਗ਼ਾਨੇ ਪਿੰਡ ਵਿੱਚ ਰਹਿਣਾ ਜਿਵੇਂ ਇਸ ਵਰਗੀ ਕੁੜੀ ਲਈ ਤਾਂ ਦੁੱਭਰ ਹੋਵੇ।

⁠ਜੇਠ-ਹਾੜ੍ਹ ਦੇ ਦਿਨ ਸਨ। ਇਸ ਸਾਲ ਗਰਮੀ ਬਹੁਤ ਪੈ ਰਹੀ ਸੀ। ਲੂ ਚੱਲਦੀ, ਜਿਵੇਂ ਅੱਗ ਦੀ ਭੱਠੀ ਵਿੱਚੋਂ ਹੋ ਕੇ ਆਉਂਦੀ ਹੋਵੇ। ਰੇਡੀਓ ਅਨੁਸਾਰ ਲੂ ਲੱਗ ਕੇ ਹੋਈਆਂ ਮੌਤਾਂ ਦੀ ਗਿਣਤੀ ਵਧ ਰਹੀ ਸੀ। ਭਗਤੂ ਕਾ ਟੋਭਾ, ਲੋਕ ਗੱਲਾਂ ਕਰਦੇ, ਪੈਂਤੀ ਸਾਲਾਂ ਪਿੱਛੋਂ ਇਸ ਵਾਰ ਸਾਰੇ ਦਾ ਸਾਰਾ ਸੁੱਕਿਆ ਸੀ। ਤਿੱਪ ਵੀ ਪਾਣੀ ਨਹੀਂ ਰਿਹਾ। ਖੂਹਾਂ-ਪੰਪਾਂ ਦਾ ਪਾਣੀ ਛੇ-ਛੇ, ਸੱਤ-ਸੱਤ ਫੁੱਟ ਥੱਲੇ ਉੱਤਰ ਗਿਆ ਸੀ।

⁠ਅੱਜ ਸ਼ਾਮ ਉਹ ਪਿੰਡ ਵਿੱਚੋਂ ਆਈ ਤੇ ਢਾਕ ਉੱਤੇ ਇੱਕ ਹੱਥ ਰੱਖ ਕੇ ਉਸ ਦੀ ਪਤਨੀ ਕੋਲ ਖੜ੍ਹ ਗਈ। ਦੂਜੇ ਹੱਥ ਨਾਲ ਉਹ ਆਪਣਾ ਰੁਮਾਲ ਮੱਥੇ ਉੱਤੇ ਫੇਰ ਰਹੀ ਸੀ। ਧੌਣ ਦੁਆਲੇ ਰੁਮਾਲ ਰਗੜਿਆ ਤੇ ਕਹਿਣ ਲੱਗੀ-ਗਰਮੀ ਨੇ ਤਾਂ ਲੋਹੜਾ ਲਿਆ 'ਤਾ। ⁠ਨਛੱਤਰ ਕੌਰ ਪੀਹੜੀ ਉੱਤੇ ਬੈਠੀ ਕਾਂਸੀ ਦੀ ਥਾਲੀ ਵਿੱਚ ਲੱਕੜ ਦੇ ਮੁੱਠੇ ਵਾਲੀ ਕਰਦ ਨਾਲ ਚੱਪਣ-ਕੱਦੂ ਚੀਰ ਰਹੀ ਸੀ-ਪੁੱਛ ਨਾ ਭੈਣੇ ਕੁਸ, ਸਾਹ ਮਸਾਂ ਔਂਦੈ।

⁠-ਸਬਜ਼ੀ ਬਣਾਉਣ ਲੱਗੇ ਓਂ? ਪਰਮਿੰਦਰ ਨੇ ਪੁੱਛਿਆ ਤੇ ਨਾਲ ਦੀ ਨਾਲ ਬੈਠਕ ਵਿੱਚ ਆਰਾਮ-ਕੁਰਸੀ 'ਤੇ ਬੈਠੇ ਸੁਖਪਾਲ ਵੱਲ ਉਹ ਝਾਕੀ। ਸੁਖਪਾਲ ਨੇ ਅੱਖਾਂ ਰਾਹੀਂ ਹੀ ਉਸ ਦੀ ਖ਼ਾਮੋਸ਼ ਮੁਸਕਰਾਹਟ ਦਾ ਜਵਾਬ ਦਿੱਤਾ।

⁠-ਹੋਰ, ਕੱਦੂ ਤੋਂ ਬਿਨਾਂ ਹੋਰ ਤਾਂ ਕੁਸ ਮਿਲਦਾ ਹੀ ਨੀ। ਬੈਂਗਣ, ਕਰੇਲੇ ਤਾਂ ਸਗਾਂ ਦੂਣੀ ਅੱਗ ਲੌਂਦੇ ਨੇ। ਜਾਂ ਫੇਰ ਆਲੂ ਨੇ ਜਾਂ ਪੇਠਾ। ਕੱਦੂ ਚੰਗੈ, ਠੰਡਾ ਹੁੰਦੈ। ਨਛੱਤਰ ਕੌਰ ਨੇ ਕਿਹਾ।

⁠-ਭਾਵੇਂ ਕੁਝ ਖਾਈ ਜਾਓ, ਕੁਛ ਪੀਈ ਜਾਓ, ਤੇਹ ਨੀ ਬੁਝਦੀ। ਮੈਨੂੰ ਤਾਂ ਲੱਗਦੈ, ਦਿਨ ਵਿੱਚ ਤੋੜਾ-ਤੋੜਾ ਤਾਂ ਹਰ ਬੰਦਾ ਪੀ ਜਾਂਦਾ ਹੋਊ। ਪਰਮਿੰਦਰ ਥੋੜ੍ਹਾ ਕੁ ਉੱਚਾ ਹੱਸੀ ਸੀ। ਲੱਕ ਕੋਲੋਂ ਵੱਖੀਆਂ ਫੜ ਕੇ ਮਰੋੜਾ ਵੀ ਖਾ ਗਈ ਸੀ। ਸੁਖਪਾਲ ਵੱਲ ਝਾਕਣਾ ਨਹੀਂ ਸੀ ਭੁੱਲੀ।

⁠ਸੁਖਪਾਲ ਆਪਣੇ ਬੁੱਲ੍ਹਾਂ ਉੱਤੇ ਜੀਭ ਫੇਰ ਰਿਹਾ ਸੀ। ਉਸ ਨੇ ਮੇਜ਼ ਉੱਤੋਂ ਇੱਕ ਰਸਾਲਾ ਚੁੱਕਿਆ ਤੇ ਉਸ ਨੂੰ ਪੜ੍ਹਨ ਦਾ ਬਹਾਨਾ ਜਿਹਾ ਪੈਦਾ ਕਰਨ ਲੱਗਿਆ। ਅੰਦਰੋਂ ਪਰ ਉਸ ਦਾ ਸਾਰਾ ਧਿਆਨ ਪਰਮਿੰਦਰ ਵੱਲ ਸੀ।

⁠-ਸੰਤੀ ਬੁੜ੍ਹੀ ਦੀ ਨੂੰਹ ਕਿਵੇਂ ਐ? ਨਛੱਤਰ ਕੌਰ ਨੇ ਪੁੱਛਿਆ।

⁠-ਉਵੇਂ ਜਿਵੇਂ ਐਂ। ਨਾ ਦਰਦ, ਨਾ ਪੀੜ, ਦਿਨ ਉੱਤੋਂ ਦੀ ਜਾ ਰਹੇ ਨੇ। ਪਤਾ ਨੀ ਕੀ ਊਠ ਘੋੜਾ ਜੰਮੂ। ਉਹ ਹੱਸੀ ਤੇ ਸੁਖਪਾਲ ਵੱਲ ਝਾਕੀ। ਸੁਖਪਾਲ ਨੇ ਅੱਖ ਦੱਬ ਦਿੱਤੀ।

⁠ਹੁਣ ਨਾ ਤਾਂ ਉਹ ਹੱਸ ਰਹੀ ਸੀ ਤੇ ਨਾ ਸੁਖਪਾਲ ਵੱਲ ਦੇਖ ਰਹੀ ਸੀ। ਅਡੋਲ ਖੜ੍ਹੀ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਜਿਵੇਂ ਬਹੁਤ ਕੁਝ ਹੋ ਗਿਆ ਹੋਵੇ। ਹੁਣ ਉਹ ਬੰਤੋ ਨਾਈ ਦੀ ਕੁੜੀ ਬਾਰੇ ਦੱਸ ਰਹੀ ਸੀ। ਬੜੇ ਹੀ ਪੀੜਤ ਬੋਲ ਵਿੱਚ।

⁠-ਜਵਾਕ ਦਾ ਸਿਰ ਪੇਡੂ ਵਿੱਚ ਫਸਿਆ ਪਿਆ ਹੈ। ਟਰਾਲੀ ਵਿੱਚ ਪਾ ਕੇ ਕੁੜੀ ਨੂੰ ਸ਼ਹਿਰ ਲੈ ਗਏ ਹਨ। ਪੰਜ-ਚਾਰ ਘੰਟੇ ਇਹੀ ਹਾਲ ਰਿਹਾ ਤਾਂ ਕੁੜੀ ਦੀ ਜਾਨ ਹੈ ਨਹੀਂ।

⁠ਸੁਖਪਾਲ ਨੂੰ ਤੌਣੀ ਆਈ ਹੋਈ ਸੀ। ਉਸ ਤੋਂ ਇਹ ਕੀ ਹੋ ਗਿਆ? ਉਹ, ਇਹ ਕੀ ਕਰ ਬੈਠਾ? ਉਹ ਰਸਾਲੇ ਨੂੰ ਧਿਆਨ ਨਾਲ ਪੜ੍ਹਨ ਲੱਗਿਆ। ਪਰ ਇੱਕ ਵੀ ਸਤਰ ਉਸ ਦੀ ਸਮਝ ਵਿੱਚ ਨਹੀਂ ਸੀ ਆ ਰਹੀ। ਕਿਸੇ ਕਹਾਣੀ ਦਾ ਉਹ ਇਕ ਅੱਧਾ ਪੈਰਾ ਪੜ੍ਹਦਾ ਤੇ ਵਰਕਾ ਪਲਟ ਦਿੰਦਾ। ਪਰਮਿੰਦਰ ਪੌੜੀਆਂ ਚੜ੍ਹ ਚੁੱਕੀ ਸੀ। ਨਛੱਤਰ ਕੌਰ ਮਸਾਲਾ ਰਗੜ ਰਹੀ ਸੀ। ਗੁੱਡੀ ਬੈਠਕ ਵਿੱਚ ਆਈ ਸੀ ਤੇ ਥੈਲੇ ਵਿੱਚ ਅਗਲੇ ਦਿਨ ਸਕੂਲ ਨੂੰ ਲਿਜਾਣ ਵਾਲੀਆਂ ਕਿਤਾਬਾਂ ਕਾਪੀਆਂ ਪਾਉਣ ਲੱਗੀ ਸੀ। ਪੋਚੀ ਹੋਈ ਫੱਟੀ ਉੱਤੇ ਊੜਾ ਐੜਾ ਉਕਰਾਉਣ ਲਈ ਪੈਨਸਲ ਲੈ ਕੇ ਟੀਟੂ ਸੁਖਪਾਲ ਦੇ ਗੋਡੇ ਨਾਲ ਆ ਲੱਗਿਆ ਸੀ। ਗੋਦੀ ਵਾਲਾ ਪੈਂਟੂ ਦੁਪਹਿਰ ਦਾ ਸੁੱਤਾ ਪਿਆ ਹੁਣ ਜਾਗ ਪਿਆ ਸੀ। ਨਛੱਤਰ ਕੌਰ ਕੋਲ ਬੈਠਾ ਉਹ ਕੂੰਡੇ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਉਸ ਨੂੰ ਝਿੜਕ ਕੇ ਹਟਾਉਂਦੀ ਤੇ ਤੇਜ਼ੀ ਨਾਲ ਘੋਟੇ ਨੂੰ ਕੂੰਡੇ ਵਿੱਚ ਚਲਾਉਣ ਲੱਗਦੀ। ਤੇ ਫਿਰ ਕੁੰਡਾ ਘੋਟਾ ਚੁੱਕ ਕੇ ਉਹ ਰਸੋਈ ਵੱਲ ਜਾਣ ਲੱਗੀ। ਪੈਂਟੂ ਨੇ ਚੰਘਿਆੜ ਛੱਡ ਦਿੱਤੀ। ਉਸ ਨੇ ਗੁੱਡੀ ਨੂੰ ਬੋਲ ਮਾਰਿਆ-ਚੱਕ ਨੀ ਕੁੜੀਏ, ਮੁੰਡੇ ਨੂੰ। ਕਿੱਥੇ ਮਰ ’ਗੀ?

⁠ਦਿਨ ਡੁੱਬ-ਡੁੱਬੀਏਂ ਸੀ।

⁠ਚੁੱਲ੍ਹੇ ਉੱਤੇ ਸਬਜ਼ੀ ਰਿੱਝਣੀ ਧਰ ਕੇ ਨਛੱਤਰ ਕੌਰ ਮਹਿੰ ਦੀ ਧਾਰ ਕੱਢਣ ਲੱਗੀ। ਗੁੱਡੀ ਪੈਂਟੂ ਨੂੰ ਗੋਦੀ ਚੁੱਕ ਕੇ ਘਰੋਂ ਬਾਹਰ ਹੋ ਗਈ। ਗਵਾਂਢੀਆਂ ਦੇ ਘਰ ਜਾਂ ਸੱਥ ਵਿੱਚ ਜਾ ਖੜ੍ਹੀ ਹੋਵੇਗੀ। ਟੀਟੂ ਵਿਹੜੇ ਵਿੱਚ ਬੋਰੀ ਉੱਤੇ ਬੈਠਾ ਫੱਟੀ ਉੱਤੇ ਕਲਮ ਨਾਲ ਕੁੱਕੂ ਘਾਂਗੜੇ ਬਣਾ ਰਿਹਾ ਸੀ। ਉਸ ਦੇ ਦੋਵੇਂ ਹੱਥ ਸਿਆਹੀ ਨਾਲ ਲਿੱਬੜੇ ਹੋਏ ਸਨ।

⁠-ਐਸ ਵੇਲੇ ਫੱਟੀ ਓਏ? ਦਿਨੇ ਕੀ ਕਰਦਾ ਹੁੰਨੈ? ਵਿਹੜੇ ਵਿੱਚ ਆ ਕੇ ਸੁਖਪਾਲ ਨੇ ਭਰੜਾਇਆ ਜਿਹਾ ਬੋਲ ਕੱਢਿਆ। ਆਪਣੇ ਜਾਣ ਤਾਂ ਉਹ ਬਹੁਤ ਉੱਚਾ ਬੋਲਿਆ ਸੀ। ਐਨਾ ਉੱਚਾ, ਉਹ ਚਾਹੁੰਦਾ ਸੀ ਕਿ ਉਸ ਦਾ ਬੋਲ ਚੁਬਾਰੇ ਵਿੱਚ ਸੁਣ ਜਾਵੇ। ਉੱਚਾ ਬੋਲ ਸੁਣਾ ਕੇ ਉਸ ਨੂੰ ਸ਼ਾਇਦ ਕੋਈ ਤਸੱਲੀ ਮਿਲੀ ਹੋਵੇਗੀ।

⁠-ਕਿੰਨੀ ਵਾਰੀ ਦੱਸਿਐ ਬਈ ਫੱਟੀ ਦਾ ਡੂਡਣਾ ਖੱਬੇ ਪਾਸੇ ਰੱਖਿਆ ਕਰ। ਉਸ ਨੇ ਉਸ ਦੀ ਫੱਟੀ ਸੂਤ-ਸਿਰ ਕਰਕੇ ਉਸ ਦੇ ਪੱਟਾਂ ਉੱਤੇ ਰੱਖੀ। ਪੋਲਾ ਜਿਹਾ ਇੱਕ ਲੱਪੜ ਉਸ ਦੀ ਗੱਲ੍ਹ ਉੱਤੇ ਟਿਕਾਇਆ। 

⁠ਦੁੱਧ ਦੀ ਬਾਲਟੀ ਨਛੱਤਰ ਕੌਰ ਨੇ ਲਿਆ ਕੇ ਰਸੋਈ ਦੇ ਚੌਂਤਰੇ ਉੱਤੇ ਰੱਖੀ। ਕੱਚਾ ਦੁੱਧ ਪੀਣ ਲਈ ਟੀਟੂ ਸਟੀਲ ਦਾ ਛੋਟਾ ਗਿਲਾਸ ਲੈ ਕੇ ਨਛੱਤਰ ਕੌਰ ਦੇ ਕੋਲ ਆ ਖੜੋਤਾ। ਦੁੱਧ ਦਾ ਅੱਧਾ ਕੁ ਗਲਾਸ ਭਰ ਕੇ ਉਸ ਨੇ ਟੀਟੂ ਨੂੰ ਕਿਹਾ-ਚੰਦ ਬਣ ਕੇ, ਦੁੱਧ ਫੜਾ ਆ ਚੁਬਾਰੇ 'ਚ। 

⁠ਦੁੱਧ ਪੀਂਦੇ ਦਾ ਉਸ ਦਾ ਸਾਹ ਚੜ੍ਹਿਆ ਹੋਇਆ ਸੀ। ਗਲਾਸ ਨਾਲੋਂ ਬੁੱਲ੍ਹ ਤੋੜ ਕੇ ਉਸ ਨੇ ਸਿਰ ਮਾਰ ਦਿੱਤਾ।

⁠-ਨਾ ਮੇਰਾ ਪੁੱਤ। ਤੇਰੇ ਵਰਗੇ ਗੱਭਰੂ ਮੁੰਡੇ ਤਾਂ ਮਾਵਾਂ ਦੇ ਸੌ ਸੌ ਅਰਥ ਸਾਰਦੇ ਨੇ। ਜਾਈਂ ਡੱਡ। ਗੜਵੀ ਵਿੱਚ ਦੁੱਧ ਪਾ ਕੇ ਉਸ ਨੇ ਗਲਾਸ ਥਾਏਂ ਰੋੜ੍ਹਿਆ ਤੇ ਹੱਥ ਛੁਡਾ ਕੇ ਵਿਹੜੇ ਵਿੱਚ ਭੱਜਿਆ ਤੇ ਫਿਰ ਕੂਕਾਂ ਮਾਰਦਾ ਦਰਵਾਜ਼ਾ ਟੱਪ ਗਿਆ। ਗੜਵੀ ਨਛੱਤਰ ਕੌਰ ਨੇ ਰਸੋਈ ਦੀ ਕੰਧੋਲੀ ਉੱਤੇ ਰੱਖ ਦਿੱਤੀ। ਦੁੱਧ ਵਾਲੀ ਬਾਲਟੀ ਉੱਤੇ ਪਰਾਤ ਮੂਧੀ ਮਾਰ ਦਿੱਤੀ। ਸਬ੍ਹਾਤ ਵਿੱਚ ਜਾ ਕੇ ਵਿਹੜੇ ਵਾਲਾ ਬਲਬ ਜਗਾਇਆ। ਸਬਜ਼ੀ ਦੇਖੀ, ਰਿੱਝਣ ਵਿੱਚ ਥੋੜ੍ਹੀ ਜਿਹੀ ਕਸਰ ਰਹਿੰਦੀ ਸੀ। ਹਾਰੇ ਵਿੱਚੋਂ ਤੌੜੀ ਲਾਹ ਕੇ ਉਹ ਰਿੜਕਣੇ ਵਿੱਚ ਦੁੱਧ 'ਵਧਾਉਣ' ਲੱਗੀ। ਸੁਖਪਾਲ ਨੇ ਪੰਪ ਤੋਂ ਪਾਣੀ ਦੀ ਬਾਲਟੀ ਭਰੀ ਤੇ ਵਿਹੜੇ ਵਿੱਚ ਪਟੜਾ ਡਾਹ ਕੇ ਨਹਾਉਣ ਲੱਗਿਆ। ਅਜੇ ਤੀਕ ਗੁੱਡੀ ਪੈਂਟੂ ਨੂੰ ਲੈ ਕੇ ਘਰ ਨਹੀਂ ਸੀ ਪਹੁੰਚੀ। ਨਾ ਹੀ ਟੀਟੂ ਬਹੁੜਿਆ।

⁠ਨਛੱਤਰ ਕੌਰ ਨੇ ਦੁੱਧ ਵਾਲੀ ਬਾਲਟੀ ਉੱਤੋਂ ਪਰਾਤ ਲਾਹੀ। ਬਾਲਟੀ ਵਿੱਚੋਂ ਦੁੱਧ ਰਿੜਕਣੇ ਵਿੱਚ ਪਾਇਆ। ਰੋਟੀ ਪਿੱਛੋਂ ਤੱਤਾ ਕਰਕੇ ਪੀਣ ਤੇ ਤੜਕੇ ਦੀ ਚਾਹ ਵਾਸਤੇ ਰੱਖਿਆ ਦੁੱਧ ਉਸ ਨੇ ਵੱਡੇ ਡੋਲੂ ਵਿੱਚ ਪਾ ਕੇ ਕਿੱਲੇ ਉੱਤੇ ਟੰਗ ਦਿੱਤਾ। ਬਾਲਟੀ ਦਾ ਧੋਣ ਵੀ ਡੋਲੂ ਵਿੱਚ ਹੀ ਪਾ ਦਿੱਤਾ ਸੀ। ਪਰਾਤ ਲੈ ਕੇ ਆਟਾ ਛਾਣਨ ਉਹ ਸਬ੍ਹਾਤ ਵੱਲ ਚਲੀ ਗਈ। ਸੁਖਪਾਲ ਨੂੰ ਕਹਿ ਗਈ ਸੀ ਕਿ ਉਹ ਰਸੋਈ ਵਿੱਚ ਕੁੱਤੇ-ਬਿੱਲੀ ਤੋਂ ਨਿਗਾਹ ਰੱਖੇ। ⁠ਨਹਾ ਕੇ ਤੇੜ ਦੁਪੱਟਾ ਬੰਨ੍ਹ ਰਿਹਾ ਸੁਖਪਾਲ ਸੋਚ ਰਿਹਾ ਸੀ, ਪਤਾ ਨਹੀਂ ਨਰਸ ਨੇ ਕੀ ਮਹਿਸੂਸ ਕੀਤਾ ਹੋਵੇ? ਕਿਤੇ ਬੁਰਾ ਮਹਿਸੂਸ ਨਾ ਕਰ ਗਈ ਹੋਵੇ? ਬੁਰਾ ਮਹਿਸੂਸ ਕੀਤਾ ਹੈ ਤਾਂ ਚਾਂਭਲ-ਚਾਂਭਲ ਕਿਉਂ ਬੋਲਦੀ ਸੀ? ਅੱਖਾਂ ਵਿੱਚ ਹੀ ਕਿਉਂ ਹੱਸਦੀ ਸੀ? ਹੱਸਦੀ-ਹੱਸਦੀ ਮਰੋੜਾ ਜਿਹਾ ਕਿਉਂ ਖਾਂਦੀ ਸੀ? ਗੱਲਾਂ ਤਾਂ ਉਸ ਦੀ ਪਤਨੀ ਨਾਲ ਕਰਦੀ ਸੀ, ਬਿੰਦੇ-ਬਿੰਦੇ ਬੈਠਕ ਵੱਲ ਕਾਹਤੋਂ ਝਾਕਦੀ ਸੀ? ਅੱਗੇ ਤਾਂ ਉਹ ਇਸ ਤਰ੍ਹਾਂ ਝਾਕਦੀ ਨਹੀਂ ਸੀ ਹੁੰਦੀ, ਹੁਣ ਕਿਉਂ? ਸੁਖਪਾਲ ਦੇ ਦਿਮਾਗ਼ ਵਿੱਚ ਅਜਿਹੇ ਕਿੰਨੇ ਹੀ ਸਵਾਲਾਂ ਦਾ ਯੁੱਧ ਛਿੜਿਆ ਹੋਇਆ ਸੀ।

⁠-ਸੱਤਵੀਂ 'ਚ ਪੜ੍ਹਦੀ ਐ, ਹੋਰ ਦੱਸ ਕੀ ਇਹਦੇ ਵਣ ਵਧਣਗੇ। ਕਦੋਂ ਦੀ ਗਈ ਐ, ਅਜੇ ਮੁੜਨ ਦਾ ਵੇਲਾ ਨਹੀਂ ਹੋਇਆ ਭਲਾ? ਨਛੱਤਰ ਕੌਰ ਨੇ ਪਰਾਤ ਵਿਚਲੇ ਆਟੇ ਵਿੱਚ ਪਾਣੀ ਪਾਉਂਦਿਆਂ ਆਖਿਆ।

⁠-ਆਜੂ 'ਗੀ, ਤੈਂ ਦੱਸ ਅਜੇ ਈ ਓਹਤੋਂ ਕੀ ਕਰੌਣੈ? ਚੰਗੈ, ਮੁੰਡਾ ਤਾਂ ਸੰਭਾਲਿਆ ਹੋਇਐ। ਆ ਗਿਆ ਤਾਂ ਰੋਟੀ ਪਕੌਣੀ ਦੁੱਭਰ ਕਰ ਦੂ। ਸੁਖਪਾਲ ਨੇ ਬੈਠਕ ਵਿੱਚੋਂ ਮੰਜਾ ਲਿਆ ਕੇ ਵਿਹੜੇ ਵਿੱਚ ਡਾਹੁੰਦਿਆਂ ਕਿਹਾ।

⁠-ਆਹ ਦੁੱਧ ਪਿਐ, ਚੁਬਾਰੇ 'ਚ ਫੜਾ ਔਂਦੀ। ਨਹੀਂ ਤਾਂ ਬਿੱਲੀ ਨੇ 'ਆਹ ਲੈ' ਬੁਲਾ ਦੇਣੀ ਐ। 

⁠ਗੋਡੇ ਉੱਤੇ ਲੱਤ ਧਰੀ ਸੁਖਪਾਲ ਮੰਜੇ ਉੱਤੇ ਪਿਆ ਸੀ। ਆਵਾਜ਼ ਦਿੱਤੀ-ਚੁਬਾਰੇ 'ਚੋਂ ਪੰਘੂੜੀ ਲਾ ਲਿਆਂਦੀ?

⁠-ਨਾ, ਕੀਹਨੇ ਲਿਔਣੀ ਸੀ।

⁠-ਕਿੰਨੇ ਦਿਨ ਹੋਗੇ ਮੈਨੂੰ ਕਹਿੰਦੇ ਨੂੰ, ਮੈਥੋਂ ਨੀ ਪਾਈਦਾ ਟੀਟੂ ਹੁਣ ਆਪਣੇ ਨਾਲ। ਨਾ ਸੌਂਦੈ ਨਾ ਸੌਣ ਦਿੰਦੈ। ਸਾਰੀ ਰਾਤ ਢਿੱਡ 'ਚ ਗੋਡੇ ਮਾਰੀ ਜਾਂਦੈ। ਹੁਣ ਸਿਆਣਾ ਹੋ ਗਿਐ, ਅੱਡ ਈ ਪਾਓ ਹੁਣ ਇਹਨੂੰ।

⁠-ਚੰਗਾ, ਆਪੇ ਪਾਲੂੰਗੀ ਮੈਂ।

⁠-ਤੂੰ ਕਿਵੇਂ ਪਾ ਲਏਂਗੀ ਦੋ ਨੂੰ? ਉਹ ਉੱਠਿਆ ਤੇ ਕੰਧੋਲੀ ਉੱਤੋਂ ਦੁੱਧ ਦੀ ਗੜਵੀ ਚੁੱਕ ਕੇ ਕਹਿਣ ਲੱਗਿਆ -ਮੈਂ ਈ ਲਿਓਨਾ ਪੰਘੂੜੀ ਲਾਹ ਕੇ ਫੇਰ, ਨਾਲੇ ਦੁੱਧ ਫੜਾ ਔਨਾ।

⁠ਨਛੱਤਰ ਕੌਰ ਕੁਝ ਨਹੀਂ ਬੋਲੀ।

⁠ਪਰਮਿੰਦਰ ਰੋਟੀ ਪਕਾ ਚੁੱਕੀ ਸੀ ਤੇ ਚੁਬਾਰੇ ਮੂਹਰੇ ਮੰਜਾ ਡਾਹ ਕੇ ਬਿਸਤਰਾ ਵਿਛਾ ਰਹੀ ਸੀ।

⁠ਆਹ ਲਓ ਦੁੱਧ। ਸੁਖਪਾਲ ਨੇ ਕੰਬਦੇ ਹੋਏ ਬੋਲਾਂ ਨਾਲ ਆਖਿਆ ਤੇ ਅੰਦਰ ਚੁਬਾਰੇ ਵਿੱਚ ਚਲਿਆ ਗਿਆ। ਚੁਬਾਰੇ ਵਿੱਚ ਬਲਬ ਜਗ ਰਿਹਾ ਸੀ ਤੇ ਸਟੂਲ ਉੱਤੇ ਟੇਬਲ-ਫੈਨ ਬੇਆਵਾਜ਼ ਚੱਲ ਰਿਹਾ ਸੀ। ਪਰਮਿੰਦਰ ਗੜਵੀ ਫੜਨ ਲੱਗੀ ਤਾਂ ਸੁਖਪਾਲ ਨੇ ਉਸ ਦੀਆਂ ਉਂਗਲਾਂ ਘੁੱਟ ਦਿੱਤੀਆਂ। ਪਰਮਿੰਦਰ ਨੇ ਆਪਣਾ ਹੱਥ ਇਸ ਤਰ੍ਹਾਂ ਖਿੱਚ ਲਿਆ, ਜਿਵੇਂ ਭਰਿੰਡਾਂ ਦੇ ਛੱਤੇ ਨੂੰ ਛੋਹ ਗਿਆ ਹੋਵੇ। ਸੁਖਪਾਲ ਤੋਂ ਵੀ ਗੜਵੀ ਸੰਭਾਲੀ ਨਾ ਜਾ ਸਕੀ। ਫਰਸ਼ ਉੱਤੇ ਗੜਵੀ ਡਿੱਗ ਕੇ ਦੁੱਧ ਦੇ ਛਿੱਟੇ ਖਿੰਡ ਗਏ। ਵੱਖੀ ਪਰਨੇ ਪਈ ਗੜਵੀ ਵਿੱਚ ਹੁਣ ਚੂਲੀ ਕੁ ਦੁੱਧ ਬਾਕੀ ਸੀ। ਦੋਵੇਂ ਜਾਣੇ ਗੜਵੀ ਵੱਲ ਦੇਖਣ ਲੱਗੇ ਤੇ ਫਿਰ ਸੁਖਪਾਲ ਨੇ ਦੇਖਿਆ, ਉਹ ਚੁਬਾਰੇ ਤੋਂ ਬਾਹਰ ਜਾਣ ਲੱਗੀ ਸੀ। ਉਸ ਨੇ ਉਸ ਦਾ ਡੌਲ਼ਾ ਫੜ ਕੇ ਜ਼ਬਰਦਸਤੀ ਉਸ ਨੂੰ ਆਪਣੇ ਵੱਲ ਖਿੱਚ ਲਿਆ। ਸੁਖਪਾਲ ਦੇ ਸਰੀਰ ਵਿੱਚ ਅੰਤਾਂ ਦੀ ਗਰਮੀ ਪਤਾ ਨਹੀਂ ਕਿੱਥੋਂ ਆ ਗਈ ਸੀ। ਉਸ ਨੇ ਆਪਣੇ ਤਪਦੇ ਬੁੱਲ੍ਹ ਪਰਮਿੰਦਰ ਦੇ ਬੁੱਲ੍ਹਾਂ ਨਾਲ ਜੋੜ ਦਿੱਤੇ। ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਉਹ ਉਸ ਦੀਆਂ ਬਾਂਹਾਂ ਵਿੱਚੋਂ ਆਪਣੇ ਆਪ ਨੂੰ ਨਾ ਛੁਡਾ ਸਕੀ। ਸੁਖਪਾਲ ਦੀ ਪਕੜ ਸੀ ਹੀ ਬਹੁਤ ਪੀਡੀ ਤੇ ਫਿਰ ਉਹ ਨਿੱਸਲ ਹੋ ਗਈ ਸੀ। ਇਸ ਵਾਰ ਸੁਖਪਾਲ ਨੇ ਉਸ ਨੂੰ ਪੂਰੀ ਰੀਝ ਨਾਲ ਚੁੰਮਿਆ। -ਪੰਘੂੜੀ ਕਿੱਥੇ ਐ? ਪਰਮਿੰਦਰ ਨੂੰ ਛੱਡ ਕੇ ਸੁਖਪਾਲ ਨੇ ਕਿਹਾ। ਜਿਵੇਂ ਆਪਣੇ ਆਪ ਨੂੰ ਹੀ ਪੁੱਛਿਆ ਹੋਵੇ। ਪੰਘੂੜੀ ਤਾਂ ਸਾਹਮਣੇ ਹੀ ਕੰਧ ਨਾਲ ਖੜ੍ਹੀ ਕੀਤੀ ਹੋਈ ਸੀ, ਪਰ ਘਬਰਾਹਟ ਦੇ ਹਨੇਰੇ ਵਿੱਚ ਸੁਖਪਾਲ ਨੂੰ ਕੁਝ ਵੀ ਨਹੀਂ ਸੀ ਦਿਸ ਰਿਹਾ। ਇੱਕ ਬਿੰਦ ਉਹ ਭੰਵਤਰਿਆ ਜਿਹਾ ਖੜ੍ਹਾ ਰਿਹਾ ਤੇ ਫਿਰ ਪੰਘੂੜੀ ਚੁੱਕ ਕੇ ਪੌੜੀਆਂ ਉੱਤਰ ਆਇਆ। ਉਸ ਨੇ ਚੁਬਾਰੇ ਵਿੱਚੋਂ ਨਿਕਲਦਿਆਂ ਦੇਖਿਆ, ਪਰਮਿੰਦਰ ਚੁਬਾਰੇ ਮੂਹਰੇ ਵਿਛੇ ਹੋਏ ਮੰਜੇ ਉੱਤੇ ਅੱਖਾਂ 'ਤੇ ਹਥੇਲੀਆਂ ਧਰੀ ਨੀਵੀਂ ਪਾਈ ਬੈਠੀ ਸੀ।

⁠ਗੁੱਡੀ ਪੈਂਟੂ ਨੂੰ ਲੈ ਕੇ ਆਈ। ਟੀਟੂ ਵੀ ਨਾਲ ਸੀ।

⁠-ਘਰ ਜਾਦ ਆ ਗਿਆ ਹੁਣ, ਹਰਾਮੜੇ? ਗੁੱਡੀ ਦੀ ਗੋਦੀਓਂ ਮੁੰਡਾ ਫੜਦਿਆਂ ਨਛੱਤਰ ਕੌਰ ਨੇ ਵੱਢ-ਖਾਣੀ ਨਜ਼ਰ ਝਾਕ ਕੇ ਕਿਹਾ।

⁠-ਮਾਂ, ਗੁੱਡੀ ਪੂਹਤੀ ਨਾਲ ਲੜ 'ਪੀ। ਪੂਹਤੀ ਨੇ ਵਾਲ਼ ਪੱਟ 'ਤੇ ਏਹਦੇ। ਪੈਂਟੂ ਬਲਾਈਂ ਰੋਇਆ। ਟੀਟੂ ਨੇ ਇੱਕੋ ਸਾਹ ਦੱਸਿਆ।

⁠-ਦਿੰਦੀ ਖਾਂ ਧਨੇਸੜੀ ਰੰਨ ਮੇਰੇ ਪਿਓ ਦੀ ਨੂੰ। ਕੁੱਟ ਖਾ ਕੇ ਆ 'ਗੀ ਵਹਿਚ੍ਹਰੇ। ਨਛੱਤਰ ਕੌਰ ਮੁੰਡੇ ਨੂੰ ਦੁੱਧ ਚੰਘਾਉਣ ਪੀਹੜੀ ਉੱਤੇ ਬੈਠ ਗਈ ਸੀ। ਕਹਿਣ ਲੱਗੀ-ਦੋਵੇਂ ਜਾਣੇ ਰੋਟੀਆਂ ਛਾਬੇ 'ਚੋਂ ਚੱਕੋ ਤੇ ਪਤੀਲੇ 'ਚੋਂ ਸਬਜ਼ੀ ਪਾ ਕੇ ਖਾ ਲੌ, ਨਬੇੜੋ ਪਰ੍ਹੇ।

⁠ਕਿਉਂ ਅੱਕੀ ਪਈ ਐਂ। ਸੁਈ ਕੁੱਤੀ ਵਾਂਗੂੰ ਪੈਨੀ ਐਂ ਜਵਾਕਾਂ ਨੂੰ। ਲਿਆ, ਰੋਟੀ ਪਾ ਕੇ ਲਿਆ, ਖਾਈਏ। ਪੰਘੂੜੀ ਉੱਤੇ ਪਏ ਸੁਖਪਾਲ ਨੇ ਕਿਹਾ ਤੇ ਬਾਹਾਂ ਦੀ ਅਗਵਾੜੀ ਭੰਨੀ।

⁠-ਜਰਾਂਦ ਕਰਕੇ ਬੈਠ ਹੁਣ ਬਿੰਦ-ਝੱਟ। ਦੁੱਧ ਦੇ ਦਿਆਂ ਮੁੰਡੇ ਨੂੰ। ਕਦੋਂ ਦਾ ਬਾਹਰ ਗਿਆ ਹੋਇਐ। ਹੁਣ ਮੁੜਿਐ ਵਿਚਾਰਾ। ਕਿੰਨੇ ਚਿਰ ਦੀ ਉੱਜੜੀ, ਹੁਣ ਘਰ ਵੜੀ ਐ- ਵਰ੍ਹੇ ਊਤ ਗਏ ਏਸ ਕੁੜੀ ਦੇ ਤਾਂ। 

⁠ਸਾਰੇ ਟੱਬਰ ਨੇ ਰੋਟੀ ਖਾ ਲਈ ਸੀ। ਵਿਹੜੇ ਵਿੱਚ ਮੰਜੇ ਵਿਛ ਗਏ ਸਨ। ਟੀਟੂ ਦੀ ਪੰਘੂੜੀ ਅੱਜ ਅੱਡ ਡਾਹੀ ਗਈ ਸੀ। ਉਹ ਹਿੰਡ ਕਰ ਰਿਹਾ ਸੀ, ਬਾਪੂ ਨਾਲ ਹੀ ਪੈਣਾ ਹੈ। ਸੁਖਪਾਲ ਕਹਿ ਰਿਹਾ ਸੀ-ਨਹੀਂ ਪਾਉਂਦਾ ਤੈਨੂੰ।

⁠-ਹਾਲੇ ਪਾ ਲੈ ਆਪਣੇ ਨਾਲ ਈ। ਸੌਂ ਗਿਆ ਤਾਂ ਚੱਕ ਕੇ ਪੰਘੂੜੀ 'ਤੇ ਸਿੱਟ ਦੂੰ 'ਗੀ ਆਪੇ ਮੈਂ। ਕਿਉਂ ਰੌਲਾ ਪਾਇਐ। ਭਾਂਡੇ ਮਾਂਜਦੀ ਨਛੱਤਰ ਕੌਰ ਨੇ ਰਸੋਈ ਵਿੱਚੋਂ ਹੀ ਉੱਚੀ ਆਵਾਜ਼ ਵਿੱਚ ਕਿਹਾ।

⁠ਗੁੱਡੀ ਪੈਂਟੂ ਨੂੰ ਲੈ ਕੇ ਚੁਬਾਰੇ ਜਾ ਚੜ੍ਹੀ ਸੀ। ਪਰਮਿੰਦਰ ਰੋਟੀ ਖਾਣ ਲੱਗੀ ਹੀ ਸੀ। -ਅੱਜ ਆਹ ਵੇਲਾ ਕਰ 'ਤਾ ਰੋਟੀ ਨੂੰ? ਗੁੱਡੀ ਨੇ ਉਸ ਦੇ ਕੋਲ ਜਾ ਕੇ ਪੁੱਛਿਆ ਤੇ ਨਾਲ ਦੀ ਨਾਲ ਪੁੱਛਣ ਲੱਗੀ-ਆਹ ਦੁੱਧ ਨੂੰ ਕੀ ਹੋ ਗਿਆ? ਪਰਮਿੰਦਰ ਬੋਲੀ ਨਹੀਂ। ਮੂੰਹ ਵਿੱਚ ਬੁਰਕੀ ਪਾ ਕੇ ਪਾਣੀ ਦੀ ਘੁੱਟ ਭਰੀ।

⁠-ਕਿਉਂ ਭੈਣ ਜੀ, ਦੁੱਧ ਕਿਵੇਂ ਡੁੱਲ੍ਹ ਗਿਆ। ਗੁੱਡੀ ਨੇ ਫੇਰ ਪੁੱਛਿਆ। ਪੈਂਟੂ ਫਰਸ਼ ਉੱਤੇ ਉੱਤਰ ਕੇ ਨਿਰੋਧ ਦੀਆਂ ਦੋ ਖ਼ਾਲੀ ਡੱਬੀਆਂ ਨਾਲ ਖੇਡਣ ਲੱਗ ਪਿਆ।

⁠-ਬਿੱਲੀ ਡੋਲ੍ਹ 'ਗੀ। ਪਰਮਿੰਦਰ ਨੇ ਜਵਾਬ ਦਿੱਤਾ। 

⁠- ਤਾਂ ਫੇਰ ਹੋਰ ਲੈ ਕੇ ਆਵਾਂ?

⁠-ਲਿਆ, ਔਹ ਕਨਸ 'ਤੇ ਪਈ ਐ ਗੜਵੀ। ਮੈਂ ਤਾਂ ਸਗੋਂ ਤੈਨੂੰ ਹਾਕ ਮਾਰਨ ਈ ਲੱਗੀ ਸੀ।

⁠ਪੈਂਟੂ ਨੂੰ ਓਥੇ ਖੇਡਦਾ ਛੱਡ ਕੇ ਗੁੱਡੀ ਮਾਂ ਕੋਲ ਆਈ। ਜੋ ਕੁਝ ਉਸ ਨੇ ਮਾਂ ਨੂੰ ਦੱਸਿਆ, ਸੁਖਪਾਲ ਨੇ ਸੁਣ ਲਿਆ ਸੀ। ਚੁਬਾਰੇ ਵਿੱਚ ਦੁਬਾਰਾ ਦੁੱਧ ਜਾਂਦਾ ਦੇਖ ਕੇ ਉਸ ਨੂੰ ਜਿਵੇਂ ਸੌਖਾ ਸਾਹ ਆਇਆ ਹੋਵੇ।

⁠ਠੰਡੀ ਹਵਾ ਦਾ ਬੁੱਲ੍ਹਾ ਆਇਆ ਤਾਂ ਸੁਖਪਾਲ ਨੇ ਕਿਹਾ-ਆਹਾ ਹਾਹਾ, ਐਹੀ ਜ੍ਹੀ ਛੱਡ ਰੱਬਾ।

⁠ਪਰਮਿੰਦਰ ਨਛੱਤਰ ਕੌਰ ਕੋਲ ਹੁਣ ਨਖ਼ਰੇ ਵਾਲੀ ਗੱਲ ਨਹੀਂ ਸੀ ਕਰਦੀ। ਸੁਖਪਾਲ ਜੇ ਘਰ ਹੁੰਦਾ, ਫਿਰ ਤਾਂ ਉਹ ਉਂਝ ਵੀ ਘੱਟ ਗੱਲ ਕਰਦੀ। ਨਛੱਤਰ ਕੌਰ ਨੇ ਇੱਕ ਦਿਨ ਉਸ ਨੂੰ ਪੁੱਛਿਆ ਵੀ-ਹੁਣ ਤੂੰ ਚੁੱਪ ਜ੍ਹਾ ਕਿਉਂ ਰਹਿਨੀ ਐਂ?

⁠ਇੱਕ ਬਿੰਦ ਉਹ ਬੋਲੀ ਨਹੀਂ। ਜਿਵੇਂ ਕੋਈ ਸੱਚਾ ਜਵਾਬ ਦੇਣਾ ਚਾਹੁੰਦੀ ਹੋਵੇ, ਪਰ ਨਹੀਂ। ਉਸ ਨੇ ਕਿਹਾ-ਨਹੀਂ, ਤੁਹਾਨੂੰ ਈ ਲੱਗਦੈ।

⁠-ਅੱਗੇ ਤਾਂ ਤੂੰ ਖੰਡ ਦਾ ਖੇਡਣਾ ਬਣੀ ਰਹਿੰਦੀ ਸੀ। 

⁠-ਐਵੇਂ ਭਰਮ ਐਂ ਤੁਹਾਨੂੰ ਤੇ ਪਰਮਿੰਦਰ ਨੇ ਬਣਾਵਟੀ ਜਿਹੀ ਮੁਸਕਾਣ ਬੁੱਲ੍ਹਾਂ 'ਤੇ ਲਿਆਂਦੀ।

⁠-ਬਹਿ ਜਾ। ਦੁੱਧ ਲਾਹ ਦਿੰਨੀ ਆਂ। ਤੌੜੀ ਦਾ ਸੂਹਾ-ਸੂਹਾ ਦੁੱਧ। ਕਦੇ ਤਾਂ ਪੀ ਲਿਆ ਕਰ। ਔਨੀ ਐਂ, ਖੜ੍ਹੀ-ਖੜ੍ਹੀ ਚੁਬਾਰੇ ਚੜ੍ਹ ਜਾਨੀ ਐਂ।

⁠-ਨਾ ਭਾਈ, ਅੱਗੇ ਈ ਗਰਮੀ ਬਹੁਤ ਐ। ਤੱਤਾ-ਤੱਤਾ ਲਾਲ ਦੁੱਧ ਪੀ ਕੇ ਹੋਰ ਅੱਗ ਲੱਗੂ। ਤੁਹਾਨੂੰ ਈ ਚੰਗੈ, ਤੁਸੀਂ ਈ ਪੀਆ ਕਰੋ। ਮੈਂ ਕੀ ਕਰਨੈ ਪੀ ਕੇ ਦੁੱਧ?

⁠-ਨੀ ਸੱਚ, ਭੈਣ ਜੀ! ਮੈਂ ਤਾਂ ਪੁੱਛਦੀ-ਪੁੱਛਦੀ ਸੰਗ ਜਾਂਨੀ ਆਂ, ਤੂੰ ਵਿਆਹ...

⁠-ਵਿਆਹ? ਲਓ, ਹੋਰ ਸੁਣ ਲਓ। ਕਹਿ ਕੇ ਪਰਮਿੰਦਰ ਹੱਸਣ ਲੱਗ ਪਈ। ਨਛੱਤਰ ਕੌਰ ਨੇ ਦੇਖਿਆ, ਅੱਜ ਉਹ ਕਈ ਦਿਨਾਂ ਬਾਅਦ ਖੁੱਲ੍ਹ ਕੇ ਹੱਸੀ ਸੀ ਤੇ ਫਿਰ ਉਹ ਗੱਲ ਬਦਲ ਕੇ ਕਹਿਣ ਲੱਗੀ-ਨਾਲੇ ਤੁਸੀਂ 'ਭੈਣ ਜੀ' ਕਹਿਨੇ ਓਂ ਤੇ ਨਾਲੇ 'ਤੂੰ'। ਉਹ ਫਿਰ ਜ਼ੋਰ ਦੀ ਹੱਸੀ ਤੇ ਬੋਲੀ-ਮੈਨੂੰ ਤਾਂ ਪਰਮਿੰਦਰ ਈ ਕਹਿ ਲਿਆ ਕਰੋ।

⁠-ਚੰਗਾ, ਪਰਮਿੰਦਰ ਕਹਿ ਲਿਆ ਕਰੂੰਗੀ। ਪਰ ਤੂੰ ਬੈਠ ਤਾਂ ਜਾਹ।

⁠ਉਹ ਬੈਠੀ ਨਹੀਂ। ਪੌੜੀਆਂ ਵੱਲ ਵਧੀ। ਸੁਖਪਾਲ ਦਰਵਾਜ਼ੇ ਵੜਦਾ ਉਸ ਨੂੰ ਦਿਸਿਆ। ਉਸ ਨੂੰ ਦੇਖ ਕੇ ਤਾਂ ਉਹ ਛੇਤੀ-ਛੇਤੀ ਪੌੜੀਆਂ ਚੜ੍ਹਨ ਲੱਗੀ। ⁠ਪਰਮਿੰਦਰ ਜਦ ਚੁਬਾਰੇ ਵਿੱਚ ਹੁੰਦੀ, ਸੁਖਪਾਲ ਕੋਈ ਨਾ ਕੋਈ ਬਹਾਨਾ ਬਣਾ ਕੇ ਉੱਤੇ ਜਾਂਦਾ। ਚੁਬਾਰੇ ਵਿੱਚ ਉਹ ਬਹੁਤੀ ਦੇਰ ਨਾ ਠਹਿਰਦਾ। ਬਸ ਐਨਾ ਕੁ ਚਿਰ ਹੀ, ਜਿਵੇਂ ਗਿਆ ਹੋਵੇ ਤੇ ਆ ਗਿਆ ਹੋਵੇ। ਪਰਮਿੰਦਰ ਉਸ ਨੂੰ ਆਪ ਵੀ ਬਹੁਤੀ ਦੇਰ ਚੁਬਾਰੇ ਵਿੱਚ ਖੜ੍ਹਨ ਨਹੀਂ ਸੀ ਦਿੰਦੀ।

⁠ਨਛੱਤਰ ਕੌਰ ਨੂੰ ਨਾ ਪਰਮਿੰਦਰ 'ਤੇ ਕੋਈ ਸ਼ੱਕ ਸੀ ਤੇ ਨਾ ਸੁਖਪਾਲ 'ਤੇ। ਇਹ ਗੱਲ ਤਾਂ ਉਸ ਦੇ ਸੁਪਨੇ ਵਿੱਚ ਵੀ ਨਹੀਂ ਸੀ। ਸੁਖਪਾਲ ਬਾਰੇ ਤਾਂ ਉਸ ਨੇ ਪਹਿਲਾਂ ਕਦੇ ਅਜਿਹੀ ਕੋਈ ਵੀ ਮਾੜੀ ਚੰਗੀ ਗੱਲ ਨਹੀਂ ਸੀ ਸੁਣੀ। ਇਹੋ ਜਿਹਾ ਬੰਦਾ ਕਿਵੇਂ ਮਾੜਾ ਹੋ ਸਕਦਾ ਹੈ। ਉਸ ਨੂੰ ਵਿਸ਼ਵਾਸ ਸੀ, ਅਜਿਹੀਆਂ ਗੱਲਾਂ ਦਾ ਤਾਂ ਉਸ ਨੂੰ ਪਤਾ ਹੀ ਨਹੀਂ। ਪਰਮਿੰਦਰ ਵਰਗੀ ਰਲੌਟੀ ਕੁੜੀ ਦੇ ਮਾੜੀ ਹੋਣ ਦਾ ਖ਼ਿਆਲ ਉਸਨੇ ਕਦੇ ਵੀ ਨਹੀਂ ਸੀ ਕੀਤਾ। ਸੈਂਕੜੇ ਘਰੀਂ ਇਹ ਜਾਂਦੀਆਂ ਨੇ, ਇਹੋ ਜਿਹੀਆਂ ਇਹ ਹੋਣ ਤਾਂ ਇਨ੍ਹਾਂ ਨੂੰ ਪਿੰਡ ਵਿੱਚ ਤੁਰਨ ਫਿਰਨ ਵੀ ਨਾ ਦੇਵੇ ਕੋਈ।

⁠ਦਿਨ ਵਿੱਚ ਇੱਕ ਵਾਰੀ ਉਹ ਪਰਮਿੰਦਰ ਕੋਲ ਜਾਂਦਾ ਜ਼ਰੂਰ। ਸਵੇਰੇ ਜਾਂਦਾ, ਨਹੀਂ ਤਾਂ ਸ਼ਾਮ ਨੂੰ ਜ਼ਰੂਰ ਹੀ। ਕਿਸੇ-ਕਿਸੇ ਦਿਨ ਤਾਂ ਸਵੇਰ ਨੂੰ ਵੀ ਤੇ ਸ਼ਾਮ ਨੂੰ ਵੀ। ਪਰਮਿੰਦਰ ਉਸ ਨੂੰ ਇੱਕ ਦੋ ਫ਼ਿਕਰਿਆਂ ਵਿੱਚ ਸਮਝਾਉਂਦੀ-ਜੇ ਪਤਾ ਲੱਗ ਗਿਆ ਤਾਂ ਤੇਰੇ ਈ ਜੁੱਤੀਆਂ ਪੈਣਗੀਆਂ। ਮੇਰੀ ਤਾਂ ਖੈਰ ਐ। ਮੈਨੂੰ ਤਾਂ ਚੁਬਾਰੇ ਹੋਰ ਬਥੇਰੇ।

⁠-ਪਤਾ ਲੱਗ ਜੂ ਤਾਂ ਲੱਗ ਜਾਣ ਦੇ। ਅੰਨ੍ਹਾ ਹੋਇਆ ਸੁਖਪਾਲ ਕਹਿ ਦਿੰਦਾ। 

⁠-ਚੁੰਮਾ-ਚੱਟੀ ਦਾ ਮਤਲਬ? ਜਾਂ ਤਾਂ...ਪਰਮਿੰਦਰ ਨੇ ਇੱਕ ਦਿਨ ਕਿਹਾ। 

⁠-ਦਾਅ ਵੀ ਲੱਗੇ?

⁠-ਕਿਉਂ, ਦਾਅ ਨੂੰ ਕੀਹ ਐ?

⁠-ਚੰਗਾ, ਅੱਜ ਆਊਂਗਾ। ਨਛੱਤਰ ਤਾਂ ਪੈਣ ਸਾਰ ਸੁਰਗਾਂ ਨੂੰ ਪਹੁੰਚ ਜਾਂਦੀ ਐ। ਉਡੀਕ ਰੱਖੀਂ। ਡਰ ਨਾ ਜਾਈਂ ਕਿਤੇ। 

⁠-ਨਹੀਂ ਆਈਂ, ਨਾ। ਮੈਨੂੰ ਤਾਂ ਡਰ ਜ੍ਹਾ ਲੱਗਦੈ। ਕਿਤੇ ਹੋਰ...

⁠-ਅੱਜ ਤਾਂ ਦੇਖੀ ਜਾਊ।

⁠ਕੰਮ-ਧੰਦਾ ਮੁੱਕੇ ਤੋਂ ਜਦ ਸਾਰਾ ਟੱਬਰ ਵਿਹੜੇ 'ਚ ਪੈ ਗਿਆ ਤਾਂ ਸੁਖਪਾਲ ਪਹਿਲਾਂ ਹੀ ਸੌਣ ਦਾ ਨਾਟਕ ਰਚਣ ਲੱਗਿਆ। ਟੀਟੂ ਰਿਹਾੜ ਕਰ ਰਿਹਾ ਸੀ-ਕਹਾਣੀ ਸੁਣਾਓ।

⁠-ਕੱਲ੍ਹ ਨੂੰ ਸਹੀ। ਅੱਜ ਤਾਂ ਥੱਕੇ ਹੋਏ ਆਂ, ਟੀਟੂ। ਨੀਂਦ ਔਂਦੀ ਐ। ਸੌਂ ਜਾ ਤੂੰ ਵੀ।

⁠-ਥੱਕਣ ਨੂੰ ਕੀ ਹਲ ਦਾ ਮੁੰਨਾ ਫੜਿਆ ਸੀ? ਨਛੱਤਰ ਕੌਰ ਨੇ ਕਿਹਾ।

⁠-ਕਪਾਹ ਦੇਖ ਕੇ ਆਇਆਂ, ਵੱਟੋ ਵੱਟ ਫਿਰ ਕੇ। ਖੇਤ ਕਿਹੜਾ ਨੇੜੇ ਐ। ਸੋਹਲ ਬੰਦੇ ਨੂੰ ਤਾਂ ਐਨੀ ਥਕਾਵਟ ਈ ਬਹੁਤ ਐ।

⁠-ਥੁੱਕ-ਲੱਕ ਦਾ ਮਿਲ ਗਿਆ ਕੁਸ। ਆਪ ਹਲ ਜੋੜ ਕੇ ਕਰਨੀ ਪੈਂਦੀ ਕਮਾਈ, ਫੇਰ ਲੱਗਦਾ ਪਤਾ। ਖੇਤ ਗੇੜਾ ਮਾਰੇ ਈ ਥੱਕ ਗਿਆ ਸਰਦਾਰ ਸਾਅਬ।

⁠ਹੋਰ ਸੁਣ ਲੋ, ਲੈ।

⁠-ਚੰਗਾ, ਸੌਂ ਜੋ। ਕੰਨ ਨਾ ਖਾ ਐਵੇਂ।

⁠ਨਛੱਤਰ ਕੌਰ ਨੇ ਬਥੇਰਾ ਬੁਲਾਇਆ ਤੇ ਜਵਾਕਾਂ ਨੇ ਵੀ, ਪਰ ਉਹ ਨਹੀਂ ਬੋਲਿਆ। ਝੂਠੇ ਘੁਰਾੜੇ ਮਾਰਨ ਲੱਗਿਆ। ਟੀਟੂ ਤੇ ਗੁੱਡੀ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਸੌਂ ਗਏ। ਪੈਂਟੂ ਵੀ ਤੇ ਨਛੱਤਰ ਕੌਰ ਵੀ। ਰਾਤ ਦੇ ਹਨੇਰੇ ਵਿੱਚ ਖ਼ਾਮੋਸ਼ੀ ਘੁਲਣ ਲੱਗੀ। ਤੱਤੀ ਹਵਾ ਕੰਨਾਂ ਨੂੰ ਸੇਕ ਰਹੀ ਸੀ। ਅਸਮਾਨ ਵਿੱਚ ਖੱਖ ਚੜ੍ਹੀ ਹੋਈ ਸੀ। ਕੋਈ ਵੀ ਤਾਰਾ ਨਹੀਂ ਸੀ ਦਿਸ ਰਿਹਾ। ਦਸਵੀਂ ਦਾ ਚੰਨ ਅਸਮਾਨ ਵਿੱਚ ਧੁੰਦਲਾ-ਧੁੰਦਲਾ ਚਮਕ ਰਿਹਾ ਸੀ। ਦੂਰ ਕਿਤੋਂ ਕੁੱਤੇ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ। ਸੁਖਪਾਲ ਨੇ ਉੱਠ ਕੇ ਪਾਣੀ ਪੀਤਾ। ਕੋਰੇ ਤਪਲੇ ਉੱਤੇ ਰੱਖਣ ਦਾ ਖੜਕਾ ਕੀਤਾ। ਕੋਈ ਨਹੀਂ ਜਾਗਿਆ। ਨਛੱਤਰ ਕੌਰ ਦੇ ਪੈਰ ਦਾ 'ਗੂਠਾ' ਦੱਬਿਆ। ਉਹ ਨਹੀਂ ਜਾਗੀ। ਮੋਢੇ ਤੋਂ ਫੜ ਕੇ ਝੰਜੋੜਿਆ। ਉਹ ਨਹੀਂ ਜਾਗੀ। ਜੋੜੇ ਉਸ ਨੇ ਨਹੀਂ ਪਾਏ। ਨੰਗੇ ਪੈਰੀਂ ਪੌੜੀਆਂ ਚੜ੍ਹਨ ਲੱਗਿਆ। ਸਿਰਫ਼ ਨਿੱਕਰ ਤੇੜ ਪਾਈ ਹੋਈ ਸੀ। ਸਿਖ਼ਰਲੀ ਪੌੜੀ ਉੱਤੇ ਉਸ ਨੇ ਪੈਰ ਰੱਖਿਆ ਹੀ ਸੀ ਕਿ ਨਛੱਤਰ ਕੌਰ ਦੇ ਬੋਲਣ ਦੀ ਆਵਾਜ਼ ਆਈ-ਮਰੀ ਦੇ ਜਾਣਿਆ, ਟਿਕ ਵੀ ਜਾਹ। ਉਸ ਨੇ ਸ਼ਾਇਦ ਪੈਂਟੂ ਨੂੰ ਕਿਹਾ ਹੋਵੇਗਾ। ਇਕ ਲੱਤ ਉਤਲੀ ਪੌੜੀ ਉੱਤੇ ਤੇ ਇਕ ਲੱਤ ਥੱਲੇ ਦੀ ਪੌੜੀ ਉੱਤੇ, ਉਹ ਥਾਂ ਦੀ ਥਾਂ ਸੁੰਨ ਹੋਇਆ ਖੜ੍ਹਾ ਰਿਹਾ ਤੇ ਫਿਰ ਉਸ ਨੇ ਸੁਣਿਆ-ਮਹਿੰ ਖੁਰਲੀ ਦੇ ਕਿੱਲੇ ਨਾਲ ਆਪਣਾ ਸਿੰਗ ਠਕੋਰ ਰਹੀ ਸੀ। ਠੱਕ ਠੱਕ.. ਠਾਹ ਠਾਹ ਉੱਚੀ ਆਵਾਜ਼ ਆ ਰਹੀ ਸੀ।

⁠-ਚੂਹੜਿਆਂ ਦੇ ਜਾਣੀ ਨਾ ਹੋਵੇ। ਹੂੰ ਹੂੰ। ਅਹਿ ਤੈਨੂੰ ਸੋੜ ਲੈ ਜੇ। ਨਛੱਤਰ ਕੌਰ ਨੇ ਬਹੁਤ ਉੱਚਾ ਬੋਲ ਕੱਢਿਆ ਸੀ। ਮਹਿੰ ਕਿੱਲਾ ਠਕੋਰਨੋਂ ਹਟ ਗਈ ਸੀ। ਉਹ ਓਨ੍ਹੀਂ ਪੈਰੀਂ ਥੱਲੇ ਨੂੰ ਪੌੜੀਆਂ ਉਤਰਨ ਲੱਗਿਆ। ਉਸ ਨੇ ਦੇਖਿਆ ਸੀ, ਪਰਮਿੰਦਰ ਚੁਬਾਰੇ ਮੂਹਰੇ ਆਪਣੇ ਮੰਜੇ 'ਤੇ ਬੈਠੀ ਸੋ ਚੁੱਕੀ ਸੀ। ਪੋਲੇ ਪੈਰੀਂ ਉਹ ਛੇਤੀ-ਛੇਤੀ ਆਪਣੇ ਮੰਜੇ ਕੋਲ ਆਇਆ। ਬਹੁਤ ਹੌਲੀ, ਓਵੇਂ ਜਿਵੇਂ ਪੈ ਗਿਆ। ਨਛੱਤਰ ਕੌਰ ਨੂੰ ਉਸ ਦੇ ਜਾਣ ਤੇ ਆਉਣ ਦਾ ਕੋਈ ਪਤਾ ਨਹੀਂ ਸੀ ਲੱਗਿਆ।

⁠ਇੱਕ ਵਾਰ ਫਿਰ ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ। ਮਹਿੰ ਨੇ ਕਿੱਲਾ ਠੋਕਰਨਾ ਫਿਰ ਸ਼ੁਰੂ ਕਰ ਦਿੱਤਾ। ਉਹ ਉੱਠਿਆ ਤੇ ਫਹੁੜਾ ਚੁੱਕ ਕੇ ਮਹਿੰ ਦੇ ਪੁੜਿਆਂ ਉੱਤੇ ਦੇ ਮਾਰਿਆ।-ਮੇਰੇ ਸਾਲ਼ੇ ਦੀ, ਸੌਣ ਕਿਹੜਾ ਦਿੰਦੀ ਐ। ਇੱਕ ਰੱਸਾ ਲੈ ਕੇ ਉਸ ਨੇ ਉਸ ਦੇ ਇੱਕ ਸਿੰਗ ਨਾਲ ਬੰਨ੍ਹ ਦਿੱਤਾ। ਗਲ਼ ਵਾਲਾ ਸੰਗਲ ਖੁਰਲੀ ਦੇ ਕਿੱਲੇ ਨਾਲ ਬੰਨ੍ਹਿਆ ਹੋਇਆ ਸੀ ਹੀ। ਹੁਣ ਹਿੱਲ, ਧੀ ਦੇ ਜਾਰ ਦੀਏ। ਨਛੱਤਰ ਕੌਰ ਇਹ ਸਭ ਕੁਝ ਉਸ ਨੂੰ ਕਰਦੇ ਦੇਖ ਰਹੀ ਸੀ। ਉਸ ਦੀ ਅੱਖ ਖੁੱਲ੍ਹ ਚੁੱਕੀ ਸੀ। -ਕੀ ਸਿਆਪਾ ਬੀਜ 'ਤਾ? ਐਂ ਪਸ਼ੂ ਭਲਾ ਰਹਿੰਦਾ ਹੁੰਦੈ?

⁠-ਤੂੰ ਪਈ ਰਹਿ ਚੁੱਪ ਕਰਕੇ।

⁠ਸੁਖਪਾਲ ਆਪਣੇ ਮੰਜੇ 'ਤੇ ਆ ਪਿਆ ਸੀ। ਉਹ ਉੱਠੀ ਤੇ ਮਹਿੰ ਦੇ ਸਿੰਗ ਵਿੱਚੋਂ ਰੱਸਾ ਖੋਲ੍ਹ ਦਿੱਤਾ। ਮੁੜ ਕੇ ਮੰਜੇ ਤੇ ਆਈ ਤਾਂ ਉਸ ਦੀ ਨੀਂਦ ਉੱਡ ਚੁੱਕੀ ਸੀ। ਸੁਖਪਾਲ ਨੂੰ ਪਤਾ ਸੀ ਕਿ ਜੇ ਉਹ ਸੁੱਤੀ ਰਹੇ ਤਾਂ ਭਾਵੇਂ ਢੋਲ ਵੱਜੀ ਜਾਣ, ਉੱਠਣ 'ਚ ਹੀ ਨਹੀਂ ਆਉਂਦੀ। ਪਰ ਇੱਕ ਵਾਰੀ ਜੇ ਉਸ ਦੀ ਨੀਂਦ ਉੱਖੜ ਜਾਵੇ ਤਾਂ ਉਹ ਮੁੜ ਕੇ ਨਹੀਂ ਸੌਂਦੀ। ਲੱਤਾਂ ਬਾਹਾਂ ਨੂੰ ਤੋੜ ਲੱਗ ਜਾਂਦੀ ਹੈ ਤੇ ਉਬਾਸੀਆਂ ਲੈਣ ਲੱਗਦੀ ਹੈ। ਹੁਣ ਉਹ ਆਪ ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਵੱਡੇ ਤੜਕੇ ਤੀਕ ਉਸ ਨੂੰ ਨੀਂਦ ਨਹੀਂ ਸੀ ਆਈ। ਉਹ ਦੇਖਦਾ ਰਿਹਾ ਸੀ ਕਿ ਨਛੱਤਰ ਕੌਰ ਵੀ ਪਾਸੇ ਪਰਤਦੀ ਰਹੀ ਸੀ। ਪਹੁ ਫੁੱਟਣ ਤੋਂ ਪਹਿਲਾਂ ਹੀ ਲੋਕ ਉੱਠ ਖੜ੍ਹੇ ਸਨ। ਬਿਜਲੀ ਦਿਆਂ ਚਾਨਣਾਂ ਵਿੱਚ ਧੂੰਏਂ ਅਸਮਾਨਾਂ ਵੱਲ ਚੜ੍ਹਨ ਲੱਗੇ ਸਨ। ਨਛੱਤਰ ਕੌਰ ਨੇ ਵੀ ਉੱਠ ਕੇ ਚੁੱਲ੍ਹੇ ਅੱਗ ਬਾਲ ਲਈ ਸੀ।

⁠ਪਰਮਿੰਦਰ ਥੱਲੇ ਉੱਤਰ ਕੇ ਪੰਪ ਤੋਂ ਪਾਣੀ ਦੀ ਬਾਲਟੀ ਲੈਣ ਆਈ। ਸੁਖਪਾਲ ਵਿਹੜੇ ਵਿੱਚ ਅਜੇ ਮੰਜੇ ਉੱਤੇ ਹੀ ਬੈਠਾ ਸੀ। ਚਾਹ ਪੀ ਚੁੱਕਿਆ ਸੀ। ਜੰਗਲ ਪਾਣੀ ਜਾਣ ਲਈ ਉੱਠਣ ਵਾਲਾ ਹੀ ਸੀ। ਪਰਮਿੰਦਰ ਨਾਲ ਉਸ ਦੀਆਂ ਅੱਖਾਂ ਮਿਲੀਆਂ। ਦੋਵੇਂ ਹੀ ਗੁੱਝਾ ਜਿਹਾ ਮੁਸਕਰਾਏ। ਇਸ ਮੁਸਕਰਾਹਟ ਵਿੱਚ ਅਫ਼ਸੋਸ ਦਾ ਰੰਗ ਸੀ। ਸੁਖਪਾਲ ਵੱਲ ਬਿਨਾਂ ਝਾਕੇ ਹੀ ਪਰਮਿੰਦਰ ਪਾਣੀ ਦੀ ਬਾਲਟੀ ਲੈ ਕੇ ਪੌੜੀਆਂ ਚੜ੍ਹ ਗਈ। ਉਸ ਨੇ ਦੇਖਿਆ, ਪੈਂਟੂ ਅਜੇ ਵੀ ਸੁੱਤਾ ਪਿਆ ਸੀ, ਜਿਵੇਂ ਬਹੁਤ ਗੂਹੜੀ ਨੀਂਦ ਵਿੱਚ ਹੋਵੇ। ਸੁਖਪਾਲ ਉਸ ਵੱਲ ਕਹਿਰੀ ਨਿਗਾਹ ਨਾਲ ਝਾਕਿਆ-ਉੱਠ ਮਹਾਰਾਜ, ਹੁਣ ਜਾ ਆ ਬਾਹਰ। ਭੱਠਲਾਂ ਦੇ ਨੀ ਜਾਣਾ? ਤੂੜੀ ਕਹਿ, ਸਿੱਟ ਜਾਣ।

⁠-ਚਾਹ ਦੀ ਘੁੱਟ ਨੀ ਬਚੀ ਪਈ? ਮੱਥਾ ਭਾਰੀ ਜ੍ਹਾ ਲੱਗਦੈ।

⁠-ਪਈ ਐ, ਦੇ ਦਿੰਨੀ ਆਂ ਤੱਤੀ ਕਰਕੇ। ਪੈਂਟੂ ਤਾਂ ਪਤਾ ਨਹੀਂ ਕਦੋਂ ਉੱਠੂ।

⁠-ਇਹ ਵੀ ਸਾਲ਼ਾ ਜਵਾਕ ਜ੍ਹਾ ਰਾਤ ਨੂੰ ਸੌਂਦਾ ਨੀ, ਹੁਣ ਉੱਠਣ 'ਚ ਈ ਨੀ ਔਂਦਾ। ਧਰਤੀ ਤੋਂ ਇੱਕ ਰੋੜ ਚੁੱਕ ਕੇ ਉਸ ਨੇ ਪੈਂਟੂ ਦੇ ਚਿੱਤੜਾਂ ਉੱਤੇ ਮਾਰਿਆ। ਮੁੰਡਾ ਥੋੜ੍ਹਾ ਜਿਹਾ ਧੰਦਕਿਆ, ਪਰ ਜਾਗਿਆ ਨਹੀਂ।

⁠ਅੱਧਾ ਕੁ ਗਲਾਸ ਚਾਹ ਦਾ ਪੀ ਕੇ ਉਹ ਉੱਠਿਆ। ਮਹਿੰ ਦੇ ਕੋਲ ਦੀ ਲੰਘਣ ਲੱਗਿਆਂ ਉਸ ਦੇ ਦਿਲ ਵਿੱਚ ਪਤਾ ਨਹੀਂ ਕੀ ਗੱਲ ਆਈ, ਉਸ ਨੇ ਫਹੁੜਾ ਚੁੱਕ ਕੇ ਉਸ ਦੇ ਮਗਰਲੇ ਸੱਜੇ ਪੱਟ ਉੱਤੇ ਮਾਰਿਆ। ਕੰਜਰ ਦੀ ਨਾ ਹੋਵੇ ਤਾਂ...। 

⁠-ਕੋਈ ਕਮਲ-ਵਾਅ ਜਾਗਿਆ ਹੋਇਐ...? ਨਛੱਤਰ ਕੌਰ ਨੇ ਦੂਰੋਂ ਹੀ ਆਖਿਆ। ਉਹ ਸੂਹਣ ਨਾਲ ਵਿਹੜਾ ਸੁੰਭਰ ਰਹੀ ਸੀ। ਸੂਹਣ ਦੇ ਮੁੱਠੇ ਨੂੰ ਹੱਥ ਨਾਲ ਹੀ ਝੋਕ ਕੇ ਉਸ ਨੇ ਫਿਰ ਨੀਵੇਂ ਸਵਰ ਵਿੱਚ ਕਿਹਾ-ਪਸ਼ੂਆਂ ਨਾਲ ਵੀ ਕੋਈ ਵੈਰ ਹੁੰਦੈ, ਪਸ਼ੂ ਤਾਂ ਪਸ਼ੂ ਈ ਐ। ਜਿਵੇਂ ਉਸ ਨੇ ਆਪਣੇ ਆਪ ਨੂੰ ਹੀ ਕਿਹਾ ਹੋਵੇ। ਸੁਖਪਾਲ ਤਾਂ ਓਸੇ ਵੇਲੇ ਘਰੋਂ ਬਾਹਰ ਹੋ ਗਿਆ ਸੀ।

⁠ਨਛੱਤਰ ਕੌਰ ਕਦੇ-ਕਦੇ ਸੋਚਦੀ-ਉਹ ਕਿਉਂ ਜਾਂਦੈ ਹਰ ਰੋਜ਼ ਨਰਸ ਦੇ ਚੁਬਾਰੇ 'ਚ? ਚੁੱਪ ਕੀਤਾ ਈ ਪੌੜੀਆਂ ਚੜ੍ਹ ਜਾਂਦੈ। ਕੀ ਮਤਲਬ? ਪਰ ਉਸ ਨੇ ਉਸ ਨੂੰ ਕਦੇ ਟੋਕਿਆ ਨਹੀਂ ਸੀ। ਉਸ ਦੇ ਮਨ ਦੇ ਦੂਰ ਅੰਦਰ ਕਿਤੇ ਸ਼ੱਕ ਜਾਗਦੇ ਸਨ। ਜਾਗਦੇ ਸਨ ਤੇ ਮਿਟ ਜਾਂਦੇ ਸਨ।

⁠ਇੱਕ ਦਿਨ ਉਸ ਨੇ ਪਰਤਿਆਵਾ ਲੈਣਾ ਚਾਹਿਆ।

⁠ਪਰਮਿੰਦਰ ਸਵੇਰੇ ਹੀ ਪਾਣੀ ਦੀ ਬਾਲਟੀ ਲੈ ਕੇ ਗਈ। ਥੋੜ੍ਹੇ ਚਿਰ ਬਾਅਦ ਉਹ ਵੀ ਪੌੜੀਆਂ ਚੜ੍ਹ ਗਿਆ। ਅੱਗਾ-ਪਿੱਛਾ ਦੇਖ ਕੇ ਨਛੱਤਰ ਕੌਰ ਵੀ ਦੱਬੇ ਪੈਰੀਂ ਉੱਪਰ ਚੜ੍ਹਨ ਲੱਗੀ। ਜਦ ਉਹ ਪੌੜੀਆਂ ਦੇ ਅੱਧ ਵਿੱਚ ਪਹੁੰਚੀ ਤਾਂ ਉਸ ਨੇ ਦੇਖਿਆ, ਪਰਮਿੰਦਰ ਬਾਲਟੀ ਲੈ ਕੇ ਥੱਲੇ ਨੂੰ ਉੱਤਰ ਰਹੀ ਸੀ। ਪਰਮਿੰਦਰ ਨੂੰ ਦੇਖ ਕੇ ਉਹ ਕੱਚੀ ਜਿਹੀ ਹੋਈ ਤਾਂ ਸਹੀ, ਪਰ ਕਹਿਣ ਲੱਗੀ-ਚੁਬਾਰੇ 'ਤੇ ਕਿਸੇ ਬਿੱਲੀ ਕੁੱਤੇ ਨੇ ਟੋਆ ਈ ਨਾ ਪੱਟ ਲਿਆ ਹੋਵੇ, ਦੇਖ ਕੇ ਆਵਾਂ। ਮੀਂਹ-ਕਣੀ ਦਾ ਮੌਸਮ ਐ।

⁠-ਪਰਮਿੰਦਰ ਸ਼ਾਇਦ ਸਮਝ ਗਈ ਸੀ। ⁠ਨਛੱਤਰ ਕੌਰ ਚੁਬਾਰੇ ਦੀ ਛੱਤ ‘ਤੇ ਆ ਗਈ ਤੇ ਏਧਰ ਓਧਰ ਫਿਰ ਤੁਰ ਕੇ ਥੱਲੇ ਉੱਤਰ ਆਈ। ਉਸ ਨੇ ਦੇਖਿਆ ਸੀ, ਸੁਖਪਾਲ ਚੁਬਾਰੇ ਮੂਹਰੇ ਜੰਗਲੇ ਉੱਤੋਂ ਦੀ ਦੂਰ ਖੇਤਾਂ ਵੱਲ ਝਾਕ ਰਿਹਾ ਸੀ। ਉਹ ਜਦ ਚੁਬਾਰੇ ਉੱਤੋਂ ਉੱਤਰ ਰਹੀ ਸੀ, ਉਸ ਨੇ ਆਪ ਹੀ ਉਸ ਨੂੰ ਬੁਲਾਇਆ ਸੀ ਤੇ ਪੁੱਛਿਆ ਸੀ-ਕੀ ਦੇਖਦੈਂ?

⁠-ਸੁਰਜਣ ਹੁਣ ਲੈ ਕੇ ਗਿਐ ਟਰੈਕਟਰ। ਆਹ ਵੇਲਾ ਭਲਾਂ ਖੇਤ ਜਾਣ ਦੈ ਕੋਈ। ਹੁਣ ਨੂੰ ਤਾਂ ਕਿੱਲਾ ਜ਼ਮੀਨ ਵਾਹੀ ਗਈ ਹੁੰਦੀ। ਉਸ ਨੇ ਕਿਹਾ ਸੀ ਤੇ ਨਛੱਤਰ ਕੌਰ ਦੇ ਮਗਰ ਹੀ ਪੌੜੀਆਂ ਉੱਤਰ ਆਇਆ ਸੀ।

⁠ਨਛੱਤਰ ਕੌਰ ਦੇ ਘਰ ਹੁੰਦਿਆਂ ਹੁਣ ਉਹ ਚੁਬਾਰੇ ਵਿੱਚ ਨਹੀਂ ਸੀ ਜਾਂਦਾ। ਜਦ ਕਿਤੇ ਗਈ ਹੁੰਦੀ ਤੇ ਪਰਮਿੰਦਰ ਚੁਬਾਰੇ ਵਿੱਚ ਹੁੰਦੀ, ਉਹ ਜਾਂਦਾ ਤੇ ਤੁਰੰਤ ਹੀ ਥੱਲੇ ਉੱਤਰ ਆਉਂਦਾ। ਐਨਾ ਕੁ ਚਿਰ ਜਾਣ ਦੀ ਉਸ ਨੂੰ ਪਤਾ ਨਹੀਂ ਕੀ ਭੱਲ ਸੀ।

⁠ਮਹੀਨੇ ਵਿੱਚ ਇੱਕ ਵਾਰ ਜਦ ਉਹ ਹੈਲਥ ਸੈਂਟਰ ਜਾਂਦੀ ਤਾਂ ਸੁਖਪਾਲ ਵੀ ਕੋਈ ਬਹਾਨਾ ਬਣਾ ਕੇ ਓਥੇ ਜਾਂਦਾ। ਉਹ ਤਾਂ ਉਸ ਤੋਂ ਪਹਿਲਾਂ ਹੀ ਚਲਿਆ ਜਾਂਦਾ।

⁠ਹੈਲਥ ਸੈਂਟਰ ਇੱਕ ਸ਼ਹਿਰ-ਨੁਮਾ ਵੱਡੇ ਪਿੰਡ ਵਿੱਚ ਸੀ ਤੇ ਉਸ ਪਿੰਡ ਤੋਂ ਸਿਰਫ਼ ਮੀਲ ਦੂਰ। ਘਰ ਵਾਸਤੇ ਲੋੜੀਂਦੀ ਹਰ ਚੀਜ਼-ਵਸਤ ਉੱਥੋਂ ਮਿਲ ਜਾਂਦੀ ਸੀ। ਸੁਖਪਾਲ ਜਾਂਦਾ ਤਾਂ ਘਰ ਵਾਸਤੇ ਕਿੰਨਾ ਹੀ ਨਿੱਕ-ਸੁੱਕ ਖਰੀਦ ਲਿਆਉਂਦਾ। ਨਛੱਤਰ ਕੌਰ ਖ਼ੁਸ਼ ਸੀ, ਕਿਉਂਕਿ ਪਹਿਲਾਂ ਤਾਂ ਉਹ ਕਿਤੇ ਜਾਂਦਾ ਹੀ ਨਹੀਂ ਸੀ ਹੁੰਦਾ। ਕੋਈ ਵੀ ਚੀਜ਼ ਕਿਤੋਂ ਕਦੇ ਲੈ ਕੇ ਨਹੀਂ ਸੀ ਆਉਂਦਾ। ਘਰ ਵਿੱਚ ਵੀ ਕੰਮ ਦਾ ਡੱਕਾ ਨਹੀਂ ਸੀ ਤੋੜਦਾ। ਸਰਦਾਰੀ ਠਾਠ ਵਿੱਚ ਰਹਿੰਦਾ। ਰੋਟੀ ਖਾਂਦਾ, ਸੌਂ ਜਾਂਦਾ ਜਾਂ ਰਸਾਲੇ ਕਿਤਾਬਾਂ ਪੜ੍ਹਦਾ ਰਹਿੰਦਾ।

⁠ਨਛੱਤਰ ਕੌਰ ਨੂੰ ਯਾਦ ਆਇਆ-ਉਹਦੇ ਮਾਮੇ ਦੀ ਕੁੜੀ ਦਾ ਵਿਆਹ ਸੀ। ਉਹਦੀ ਗੋਦੀ ਗੁੱਡੀ ਸੀ। ਦੋਵੇਂ ਜਣੇ ਉਹ ਵਿਆਹ ਗਏ ਸਨ। ਓਦੋਂ ਤਾਂ ਨਛੱਤਰ ਕੌਰ ਦੀ ਮਾਂ ਵੀ ਜਿਊਂਦੀ ਸੀ। ਉਹ ਵੀ ਗਈ ਸੀ। ਘਰ ਨੂੰ ਜਿੰਦਾ ਲਾ ਕੇ, ਉਹ ਮਾਲ-ਢਾਂਡਾ ਸਾਂਭਣ ਲਈ ਸੰਤੂ ਚੂਹੜੇ ਨੂੰ ਛੱਡ ਗਏ ਸਨ। ਰਾਤ ਨੂੰ ਉਹ ਘਰ ਦੀ ਰਾਖੀ ਵੀ ਪੈ ਰਹਿੰਦਾ ਸੀ। ਜੰਞ ਆਉਣ ਵਾਲੇ ਦਿਨ ਨਛੱਤਰ ਕੌਰ ਦੇ ਮਾਮੇ ਦੀ ਛੋਟੀ ਨੂੰਹ ਨੇ ਸੁਖਪਾਲ ਨੂੰ ਛੇੜ ਲਿਆ ਸੀ। ਛੇੜ ਕੀ ਲਿਆ, ਜੰਞ ਨੂੰ ਰੋਟੀ ਖਵਾਉਣ ਤੋਂ ਬਾਅਦ ਸਾਰਾ ਮੇਲ-ਗੇਲ ਵਿਹੜੇ ਵਿੱਚ ਰੋਟੀ ਖਾ ਰਿਹਾ ਸੀ ਤੇ ਉਹ ਉਸ ਨੂੰ ਇੱਕ ਕੋਨੇ ਉੱਤੇ ਮੰਜਿਆਂ ਦੀ ਓਟ ਵਿੱਚ ਫੜ ਕੇ ਬੈਠ ਗਈ। ਸੁਖਪਾਲ ਨੇ ਰੌਲਾ ਪਾ ਦਿੱਤਾ ਸੀ। ਮਾਮੇ ਦੇ ਛੋਟੇ ਪੁੱਤ ਨੇ ਬਹੂ ਨੂੰ ਕੁੱਟ-ਕੁੱਟ ਅੱਧ-ਮਰੀ ਕਰ ਦਿੱਤਾ ਸੀ। ਭੂਆ ਦੇ ਜਮਾਈ ਨੂੰ ਉਹ ਕੀ ਕਹਿੰਦਾ? ਉਹਦਾ ਤਾਂ ਕਸੂਰ ਵੀ ਕੋਈ ਨਹੀਂ ਸੀ। ਓਹੀ ਸੀ ਕੰਜਰੀ। ਜੀਹਨੇ ਜੇਠ ਛੱਡਿਆ ਨਾ ਸਹੁਰਾ।

⁠-ਸਾਰਾ ਮੇਲ ਥੱਲੇ ਬੈਠੈ, ਤੂੰ ਏਥੇ ਕੀ ਕਰਦਾ ਸੀ 'ਕੱਲਾ? ਨਛੱਤਰ ਕੌਰ ਨੇ ਉਸ ਨੂੰ ਪੁੱਛਿਆ ਸੀ।

⁠-ਮੈਂ ਆਖਿਆ, ਆਰਾਮ ਨਾਲ ਖਾਵਾਂਗੇ ਰੋਟੀ। ਭੀੜ ਸੰਘੀੜ ਨਿੱਕਲ ਜਾਣ ਦੇ। ਮੈਨੂੰ ਕੀ ਪਤਾ ਸੀ, ਇਹ ਐਹੋ ਜ੍ਹੀ ਐ। ਸੁਖਪਾਲ ਨੇ ਚੁਪਕਾ ਜਿਹਾ ਜਵਾਬ ਦਿੱਤਾ ਸੀ।

⁠-ਕੋਹੜੀ ਰਿਹਾ ਕੰਜਰ ਦਿਆ ਪੁੱਤਾ। ਆਈ ਸੀ ਤਾਂ ਦਖਾ ਦਿੰਦਾ ਤਾਰੇ। ਮੈਂ ਹੁੰਦਾ...। ਮਾਮੇ ਦਾ ਵੱਡਾ ਜਮਾਈ ਸੁਖਪਾਲ ਨੂੰ ਕਹਿੰਦਾ ਨਛੱਤਰ ਕੌਰ ਨੇ ਸੁਣਿਆ ਸੀ। ⁠ਸੁਖਪਾਲ ਨੇ ਉਸ ਦੀ ਗੱਲ ਸੁਣ ਕੇ ਮੱਥੇ ਵੱਟ ਪਾਇਆ ਸੀ ਤੇ ਕਿਹਾ ਸੀ-ਨਾ ਭਰਾਵਾ, ਆਪਣੀ ਮਸਾਂ ਸੰਭਦੀ ਐ।

⁠ਤੇ ਫਿਰ ਉਹ ਅਨੰਦ-ਕਾਰਜ ਹੋਣ ਸਾਰ ਵਾਪਸ ਪਿੰਡ ਆ ਗਏ ਸਨ। ਸੁਖਪਾਲ ਜ਼ਿੱਦ ਕਰਕੇ ਉਸ ਨੂੰ ਓਥੋਂ ਲੈ ਆਇਆ ਸੀ। ਉਸ ਦੀ ਮਾਂ ਰਹਿ ਪਈ ਸੀ ਤੇ ਦੇਣ ਲੈਣ ਕਰਕੇ ਚਾਰ ਪੰਜ ਦਿਨਾਂ ਬਾਅਦ ਮੁੜੀ ਸੀ।

⁠ਹੁਣ ਨਛੱਤਰ ਕੌਰ ਸੋਚਦੀ-ਇਹ ਕਾਹਨੂੰ ਐ ਏਹਾ ਜ੍ਹਾ। ਇਹ ਤਾਂ ਵਿਚਾਰਾ ਸਤਿਆਮਾਨ ਐ। ਨੰਗੀ ਤੀਵੀਂ ਸਾਹਮਣੇ ਪਈ ਹੋਵੇ ਤਾਂ ਕਿਹੜਾ ਝਾਕੇ ਇਹ।

⁠ਮਾਮੇ ਦੇ ਤਿੰਨੇ ਮੁੰਡੇ ਅੱਡ ਹੋ ਚੁੱਕੇ ਸਨ। ਮਾਮਾ ਛੋਟੇ ਮੁੰਡੇ ਦੇ ਚੁੱਲ੍ਹੇ ਉੱਤੇ ਸੀ। ਮਾਮੀ ਦੋ ਸਾਲ ਹੋਏ, ਮਰ ਚੁੱਕੀ ਸੀ।

⁠ਕਪਾਹ ਦੀ ਭਰੀ ਹੋਈ ਟਰਾਲੀ ਉੱਤੇ ਬੈਠਾ ਮਾਮਾ ਮੰਡੀ ਨੂੰ ਜਾ ਰਿਹਾ ਸੀ। ਰਸਤੇ ਵਿੱਚ ਇੱਕ ਟਰੱਕ ਆਇਆ ਸੀ। ਟਰੱਕ ਵਾਲੇ ਨੇ ਭੋਰਾ ਵੀ ਨਹੀਂ ਸੀ ਵੱਟਿਆ। ਟਰੈਕਟਰ ਨੂੰ ਇਕਦਮ ਕੱਟਣਾ ਪਿਆ ਸੀ। ਉਸ ਥਾਂ ਸੜਕ ਉੱਚੀ-ਨੀਵੀਂ ਸੀ। ਸੋ ਟਰੈਕਟਰ ਵੱਸ ਤੋਂ ਬਾਹਰ ਹੋ ਗਿਆ ਸੀ ਤੇ ਟਰਾਲੀ ਉਲਟ ਗਈ ਸੀ। ਮਾਮਾ ਬੁੜ੍ਹਕ ਕੇ ਦੂਰ ਜਾ ਡਿੱਗਿਆ ਸੀ। ਜ਼ਖ਼ਮ ਤਾਂ ਕੋਈ ਵੀ ਨਹੀਂ ਸੀ ਹੋਇਆ, ਪਰ ਉਸ ਦੇ ਸਿਰ ਵਿੱਚ ਪਤਾ ਨਹੀਂ ਕਿੱਥੇ ਕਿਹੋ ਜਿਹੀ ਸੱਟ ਲੱਗੀ ਸੀ, ਉਹ ਬੋਲ ਨਹੀਂ ਸੀ ਰਿਹਾ। ਬਿਟ-ਬਿਟ ਝਾਕ ਰਿਹਾ ਸੀ ਬਸ। ਅੱਖਾਂ ਦਾ ਇਸ਼ਾਰਾ ਵੀ ਕੋਈ ਨਹੀਂ, ਹੁਣ ਲੁਧਿਆਣੇ ਹਸਪਤਾਲ ਵਿੱਚ ਸੀ। ਸਾਰੇ ਰਿਸ਼ਤੇਦਾਰ ਪਤਾ ਲੈ ਲੈ ਆਉਂਦੇ ਸਨ। ਨਛੱਤਰ ਕੌਰ ਦਾ ਜਾਣਾ ਵੀ ਜ਼ਰੂਰੀ ਸੀ।

⁠ਪਹਿਲਾਂ ਤਾਂ ਉਹ ਨਾਨਕੀਂ ਗਈ। ਇੱਕ ਰਾਤ ਠਹਿਰ ਕੇ ਫਿਰ ਲੁਧਿਆਣੇ ਤੇ ਫਿਰ ਸ਼ਾਮ ਨੂੰ ਪਿੰਡ ਮੁੜ ਆਈ। ਮਾਮੇ ਦੀ ਹਾਲਤ ਬਹੁਤ ਖ਼ਰਾਬ ਸੀ।

⁠ਜਿਸ ਦਿਨ ਉਹ ਨਾਨਕਿਆਂ ਨੂੰ ਗਈ ਸੀ, ਟੀਟੂ ਤੇ ਗੁੱਡੀ ਨੂੰ ਘਰ ਹੀ ਛੱਡ ਗਈ ਸੀ। ਤਿੰਨ ਜਣਿਆਂ ਦੇ ਦੋ ਡੰਗ ਦਾ ਆਟਾ ਉਹ ਗਵਾਂਢ ਵਿੱਚ ਧੰਨੀ ਬੁੜ੍ਹੀ ਨੂੰ ਫੜਾ ਗਈ ਸੀ। ਗੁੱਡੀ ਨੂੰ ਕਹਿ ਗਈ ਸੀ ਕਿ ਉਹ ਦਾਲ-ਸਬਜ਼ੀ, ਜੋ ਮਰਜ਼ੀ ਆਪ ਬਣਾ ਲਿਆ ਕਰਨ, ਪੱਕੀਆਂ ਪਕਾਈਆਂ ਰੋਟੀਆਂ ਧੰਨੀ ਬੁੜ੍ਹੀ ਤੋਂ ਲੈ ਲਿਆ ਕਰਨ।

⁠ਅੱਸੂ-ਕੱਤੇ ਦੇ ਦਿਨ ਸਨ। ਠੰਡ ਉੱਤਰਨੀ ਸ਼ੁਰੂ ਹੋ ਚੁੱਕੀ ਸੀ। ਟਾਂਵੇਂ ਟਾਂਵੇਂ ਲੋਕ ਹੀ ਰਾਤ ਨੂੰ ਛੱਤਾਂ ਤੋਂ ਬਾਹਰ ਸੌਂਦੇ।

⁠ਰੋਟੀ ਖਾ ਕੇ ਗੁੱਡੀ ਤੇ ਟੀਟੂ ਬੈਠਕ ਵਿੱਚ ਪੜ੍ਹਨ ਲੱਗ ਪਏ। ਓਥੇ ਹੀ ਉਨ੍ਹਾਂ ਨੇ ਸੌਣਾ ਸੀ। ਸੋ ਆਪਣੇ ਬਿਸਤਰਿਆਂ ਵਿੱਚ ਬੈਠੇ ਹੀ ਉਹ ਪੜ੍ਹ ਰਹੇ ਸਨ। ਗੁੱਡੀ ਅੰਗਰੇਜ਼ੀ ਦੇ ਮਾਅਨੇ ਯਾਦ ਕਰ ਰਹੀ ਸੀ ਤੇ ਟੀਟੂ ਪੰਜਾਬੀ ਦਾ ਸਬਕ।

⁠ਅੱਜ ਸੁਖਪਾਲ ਨੇ ਰਿੜਕਣੇ ਵਿੱਚ ਆਪ ਦੁੱਧ ਵਧਾਇਆ। ਹੋਰ ਨਿੱਕੇ-ਮੋਟੇ ਕੰਮ ਵੀ ਆਪ ਹੀ ਕੀਤੇ। ਆਲੂ ਗੋਭੀ ਦੀ ਸਬਜ਼ੀ ਵੀ ਉਸ ਨੇ ਆਪ ਹੀ ਬਣਾਈ। ਕੌਲੀ ਭਰ ਕੇ ਚੁਬਾਰੇ ਵਿੱਚ ਵੀ ਭੇਜ ਦਿੱਤੀ। ਇੱਕ ਸਾਈਕਲ-ਰੇੜ੍ਹੀ ਵਾਲੇ ਤੋਂ ਮਹਿੰਗੇ ਭਾਅ ਦੀ ਅਗੇਤੀ ਗੋਭੀ ਉਚੇਚ ਨਾਲ ਉਸ ਨੇ ਖਰੀਦੀ ਸੀ। ਧੰਨੀ ਬੁੜ੍ਹੀ ਤੋਂ ਸਦੇਹਾਂ ਹੀ ਰੋਟੀ ਪਕਵਾ ਲਈ। ਮੁੰਡਾ ਕੁੜੀ ਪੜ੍ਹ ਰਹੇ ਸਨ ਤੇ ਉਹ ਪੀਣ ਵਾਲਾ ਦੁੱਧ ਚੁੱਲ੍ਹੇ ਉੱਤੇ ਤੱਤਾ ਕਰਕੇ ਬੈਠਕ ਵਿੱਚ ਲੈ ਆਇਆ। ਠਾਰ-ਠਾਰ ਕੇ ਦੁੱਧ ਨੂੰ ਬਾਟੀਆਂ ਵਿੱਚ ਪਾਇਆ ਤੇ ਗੁੱਡੀ ਨੂੰ ਕਿਹਾ ਕਿ ਉਹ ਦੁੱਧ ਪੀ ਲਵੇ ਤੇ ਨਾਲੇ ਟੀਟੂ ਨੂੰ ਬਾਟੀ ਚੁੱਕ ਕੇ ਫੜਾ ਦੇਵੇ। ਗੁੱਡੀ ਕਹਿ ਰਹੀ ਸੀ-ਪੀਨੀਂ ਆਂ, ਬਸ ਦੋ ਸ਼ਬਦਾਂ ਦੇ ਸਪੈਲਿੰਗ ਹੋਰ ਯਾਦ ਕਰ ਲਵਾਂ।

⁠ਅੱਜ ਸੁਖਪਾਲ ਨੇ ਸ਼ਰਾਬ ਨਹੀਂ ਸੀ ਪੀਤੀ। ਪਤਾ ਨਹੀਂ ਕਿਉਂ?

⁠ਦੁੱਧ ਪੀ ਕੇ ਆਪਣੀ ਬਾਟੀ ਉਸ ਨੇ ਕਦੋਂ ਦੀ ਖ਼ਾਲੀ ਕਰ ਦਿੱਤੀ ਸੀ। ਹੁਣ ਉਹ ਇੱਕ ਰਸਾਲਾ ਫ਼ਰੋਲ ਰਿਹਾ ਸੀ। ਥੋੜ੍ਹੇ ਚਿਰ ਬਾਅਦ ਹੀ ਕਹਿ ਦਿੰਦਾ-ਗੁੱਡੀ, ਦੁੱਧ ਪੀ ਲੈ ਪਹਿਲਾਂ, ਫੇਰ ਪੜ੍ਹੀ ਜਾਈਂ।

⁠ਉਹ ਉੱਠਣ ਵਿੱਚ ਹੀ ਨਹੀਂ ਸੀ ਆ ਰਹੀ। 

⁠-ਚੰਗਾ, ਤੂੰ ਚੁੱਕ ਓਏ। ਉਸ ਨੇ ਟੀਟੂ ਨੂੰ ਕਿਹਾ। 

⁠-ਗੁੱਡੀ, ਤੂੰ ਫ਼ੜਾ ਮੈਨੂੰ ਤਾਂ ਐਥੇ ਈ। ਉਹ ਰਿਹਾੜ ਪਿਆ ਹੋਇਆ ਸੀ।

⁠ਸੁਖਪਾਲ ਉੱਠਿਆ ਤੇ ਦੋਵੇਂ ਹੱਥਾਂ ਵਿੱਚ ਬਾਟੀਆਂ ਚੁੱਕ ਕੇ ਦੋਵਾਂ ਨੂੰ ਇਕ-ਇਕ ਫ਼ੜਾ ਦਿੱਤੀ।-ਦੁੱਧ ਪੀਓ ਪਹਿਲਾਂ। ਜੇ ਬਿੱਲੀ ਪੀ ’ਗੀ?

⁠ਮੁੰਡਾ ਕੁੜੀ ਦੋਵੇਂ ਦੁੱਧ ਪੀਣ ਲੱਗੇ। 

⁠-ਗੁੱਡੀ, ਕਿੰਨੇ ਮਾਅਨੇ ਰਹਿ ’ਗੇ ਤੇਰੇ? ਸੁਖਪਾਲ ਨੇ ਪੁੱਛਿਆ।

⁠-ਛੱਬੀ ਨੇ ਸਾਰੇ। ਸਤਾਰਾਂ ਤਾਂ ਜਮਾਂ ਪੱਕੇ ਰੁੜਕ ਜਾਦ ਕਰ ’ਲੇ। ਕੁੜੀ ਨੇ ਛੇਤੀ ਛੇਤੀ ਦੁੱਧ ਪੀਂਦੀ ਨੇ ਵਿੱਚੋਂ ਹੀ ਪਚਾਕਾ ਮਾਰ ਕੇ ਜਵਾਬ ਦਿੱਤਾ।

⁠-ਫੇਰ ਤਾਂ ਨੌਂ ਰਹਿ ’ਗੇ? 

⁠-ਹਾਂ। 

⁠-ਇਹ ਕਰ ਲੈ ਛੇਤੀ। ਇਹ ਸਾਰੇ ਅੱਜ ਈ ਯਾਦ ਕਰਨੇ ਨੇ?

⁠-ਤੇ ਹੋਰ। ਕੱਲ੍ਹ ਨੂੰ ਸਾਰੇ ਸੁਣਾਉਣੇ ਨੇ। ਇੱਕ ਸ਼ਬਦ ਦਾ, ਭੈਣ ਜੀ ਇੱਕ ਡੰਡਾ ਲੌਣਗੇ ਤੇ ਫਿਰ ਉਹ ਦੱਸਣ ਲੱਗੀ-ਬਾਪੂ ਜੀ, ਆਹ ਇੱਕ ਸ਼ਬਦ ਬੜਾ ਔਖੈ। ਜਾਦ ਈ ਨੀ ਹੁੰਦਾ। ਕਦੋਂ ਦੀ ਲੱਗੀ ਆਂ।

⁠-ਕਿਹੜਾ? ਬੋਲ ਖਾਂ।

⁠ਬਾਟੀ ਖ਼ਾਲੀ ਕਰਕੇ ਉਸ ਨੇ ਮੰਜੇ ਥੱਲੇ ਰੱਖ ਦਿੱਤੀ ਤੇ ਫੇਰ ਕਾਪੀ ਵਿੱਚੋਂ ਦੇਖ ਕੇ ਸ਼ਬਦ ਬੋਲਿਆ-‘ਮਿਸਲੇਨੀਅਸ’।

⁠-ਚੱਲ, ਜ਼ਰੂਰੀ ਤਾਂ ਨਹੀਂ ਬਈ ਤੇਰੀ ਵਾਰੀ ਨੂੰ ਇਹੀ ਸ਼ਬਦ ਆਵੇ।

⁠ਕੁੜੀ ਚੁੱਪ ਕਰ ਗਈ। ਗੰਭੀਰ ਹੋ ਕੇ ਫਿਰ ਮਾਅਨੇ ਯਾਦ ਕਰਨ ਲੱਗੀ।

⁠-ਤੂੰ ਵੀ ਪਕਾ ਲੈ ਓਏ ਸਬਕ ਛੇਤੀ-ਛੇਤੀ। ਅੱਖਾਂ ਮੀਚਦਾ ਜਾਂਦੈ ਹੁਣੇ ਸਾਲ਼ਾ ਲੰਡਰ। ਕਹਿ ਕੇ ਉਹ ਬੈਠਕ ਵਿੱਚੋਂ ਬਾਹਰ ਵਿਹੜੇ ਵਿੱਚ ਆਇਆ ਤੇ ਬੇਮਤਲਬ ਹੀ ਪੰਪ ਨੂੰ ਗੇੜਨ ਲੱਗਿਆ। ਬੇਮਤਲਬ ਹੀ ਅੱਖਾਂ ਧੋਤੀਆਂ ਤੇ ਪਾਣੀ ਦੀ ਕੁਰਲੀ ਕੀਤੀ। ਫਿਰ ਉਹ ਬੋਚ-ਬੋਚ ਪੈਰ ਧਰਦਾ ਹੌਲ਼ੀ-ਹੌਲ਼ੀ ਚੁਬਾਰੇ ਦੀਆਂ ਪੌੜੀਆਂ ਚੜ੍ਹਨ ਲੱਗਿਆ।

⁠ਪਰਮਿੰਦਰ ਬਿਸਤਰੇ ਵਿੱਚ ਬੈਠੀ ਸਵੈਟਰ ਬੁਣ ਰਹੀ ਸੀ। ਉੱਠ ਕੇ ਉਹ ਬਿਜਲੀ ਬੁਝਾਉਣ ਲੱਗੀ।

⁠-ਅਜੇ ਨੀ। ਮੈਂ ਤਾਂ ਊਈਂ ਗੇੜਾ ਮਾਰਨ ਆਇਆਂ। ਅਜੇ ਤਾਂ ਜਵਾਕ ਜਾਗਦੇ ਨੇ। ⁠-ਫਿਟੇ ਮੂੰਹ। ਫੇਰ ਕੀ ਕਰਨ ਆਇਐਂ ਹੁਣੇ? 

⁠-ਮੈਂ ਤਾਂ ਦੇਖਣ ਈ ਆਇਆ ਸੀ, ਬਈ ਸੌਂ ’ਗੀ ਕਿ ਜਾਗਦੀ ਐ। 

⁠ਉਹ ਚੁਬਾਰੇ ਮੂਹਰੇ ਆ ਕੇ ਅਸਮਾਨ ਵੱਲ ਦੇਖਣ ਲੱਗਿਆ।

⁠ਘੁੱਪ-ਹਨੇਰੀ ਰਾਤ ਸੀ। ਬੱਦਲ ਛਾਏ ਹੋਏ ਸਨ। ਕੋਈ ਵੀ ਤਾਰਾ ਨਹੀਂ ਸੀ ਦਿਸ ਰਿਹਾ। ਫਿਰ ਉਹ ਜੰਗਲੇ ਉੱਤੋਂ ਦੀ ਝੁਕ ਕੇ ਰਾਹ 'ਤੇ ਕਿਸੇ ਆਉਂਦੇ ਜਾਂਦੇ ਬੰਦੇ ਨੂੰ ਦੇਖਣ ਲੱਗਿਆ। ਕੋਈ ਵੀ ਨਹੀਂ ਸੀ ਆ ਜਾ ਰਿਹਾ। ਇਸ ਵੇਲੇ ਕਿਸ ਨੇ ਆਉਣਾ ਜਾਣਾ ਸੀ ਤੇ ਫਿਰ ਉਸ ਨੇ ਇੱਕ ਊਠ-ਗੱਡੀ ਆਉਂਦੀ ਸੁਣੀ। ਸ਼ਾਇਦ ਸ਼ਹਿਰੋਂ ਆ ਰਹੀ ਸੀ। -ਗਿੰਦਰ ਝਿਊਰ ਹੋਊਗਾ। ਐਨਾ ਨ੍ਹੇਰਾ ਕਰਕੇ ਓਹੀ ਔਂਦਾ ਹੁੰਦੈ। ਉਸ ਨੇ ਅੰਦਾਜ਼ਾ ਲਾਇਆ। ਉਹ ਓਸੇ ਤਰ੍ਹਾਂ ਬੋਚ-ਬੋਚ ਪੈਰ ਧਰਦਾ ਪੌੜੀਆਂ ਉੱਤਰ ਆਇਆ। ਬੈਠਕ ਵਿੱਚ ਆ ਕੇ ਦੇਖਿਆ, ਟੀਟੂ ਸੌਂ ਚੁੱਕਿਆ ਸੀ ਤੇ ਗੁੱਡੀ ਉਬਾਸੀਆਂ ਲੈ ਰਹੀ ਸੀ।

⁠ਵੱਡੇ ਤੜਕੇ ਜਦ ਉਹ ਚੁਬਾਰੇ ’ਤੋਂ ਬਾਹਰ ਨਿੱਕਲਣ ਲੱਗਿਆ ਤਾਂ ਉਸ ਨੂੰ ਮਹਿਸੂਸ ਹੋਇਆ ਜਿਵੇਂ ਪੰਦਰਾਂ ਸਾਲ ਪਿੱਛੋਂ ਅੱਜ ਪਹਿਲੀ ਵਾਰ ਉਸ ਨੇ ਇੱਕ ਜਾਣੀ-ਪਹਿਚਾਣੀ ਮਹਿਕ ਹੰਢਾਈ ਹੋਵੇ। ਪਿੰਡੇ ਦੀ ਇਹ ਖ਼ਾਸ ਮਹਿਕ ਰਾਤ ਭਰ ਲੰਘਾ ਕੇ ਹੀ ਜਾਣੀ ਜਾ ਸਕਦੀ ਸੀ। ਨਹੀਂ ਤਾਂ ਪਹਿਲਾਂ ਜਦ ਕਦੇ ਉਹ ਹੈਲਥ-ਸੈਂਟਰ ਵਾਲੇ ਪਿੰਡ ਜਾਂਦਾ ਸੀ ਤੇ ਆਪਣੇ ਇੱਕ ਮਿਲਾਪੀ ਦੇ ਬਾਹਰਲੇ ਘਰ ਪਰਮਿੰਦਰ ਨੂੰ ਮਿਲਦਾ ਸੀ, ਉਸ ਨੂੰ ਲੱਗਦਾ ਹੁੰਦਾ ਸੀ, ਜਿਵੇਂ ਦਾਵੀ ਨੂੰ ਹੱਥ ਲਾ ਕੇ ਉੱਡ ਆਇਆ ਹੋਵੇ। ਓਥੇ ਮਿਲ ਕੇ ਤਾਂ ਇਉਂ ਲੱਗਦਾ ਹੁੰਦਾ ਸੀ, ਜਿਵੇਂ ਮਿਲਿਆ ਹੀ ਨਾ ਹੋਵੇ। ਸੁਪਨੇ ਵਿੱਚ ਹੀ ਮਿਲਣ ਵਾਂਗ। ਆਪਣੇ ਪਿੰਡ ਵੀ ਚੁਬਾਰੇ ਵਿੱਚ ਜਦ ਕਦੇ ਉਹ ਉਸ ਨੂੰ ਮਿਲਿਆ ਸੀ ਤਾਂ ਬੜੀ ਹੀ ਕਾਹਲ ਵਿਚ। ਇਹੋ ਜਿਹੀ ਕਾਹਲ ਵਿੱਚ ਉਸ ਨੂੰ ਆਪਣਾ ਦਿਲ ਧੜਕਦਾ ਸਾਫ਼ ਸੁਣਾਈ ਦਿੰਦਾ। ਸ੍ਹੇਲੀਆਂ ਦੇ ਸਿਰਿਆਂ 'ਤੇ ਪੋਟੇ ਛੁਹਾ ਕੇ ਉਹ ਮਹਿਸੂਸ ਕਰਦਾ, ਪੁੜਪੁੜੀਆਂ ਦੀਆਂ ਨਾੜਾਂ ਠੱਕ-ਠੱਕ ਹਥੌੜੇ ਵਾਂਗ ਵੱਜ ਰਹੀਆਂ ਹੁੰਦੀਆਂ। ਕਿੰਨਾ ਡਰ ਹੁੰਦਾ ਉਸ ਨੂੰ। ਕਿੰਨੀ ਤੇਜ਼ੀ। ਕਦੇ-ਕਦੇ ਤਾਂ ਉਸ ਨੂੰ ਇਉਂ ਲੱਗਦਾ, ਜਿਵੇਂ ਉਸ ਦਾ ਦਿਲ ਫੇਲ੍ਹ ਹੋ ਜਾਵੇਗਾ। ਇਸ ਤਰ੍ਹਾਂ ਤੇਜ਼ ਧੜਕਣ ਨਾਲ ਹੀ ਲੋਕਾਂ ਦੇ ਦਿਲ ਫੇਲ੍ਹ ਹੋ ਜਾਂਦੇ ਹੋਣਗੇ, ਉਹ ਸੋਚਦਾ ਹੁੰਦਾ।

⁠ਜਦ ਉਹ ਕਾਲਜ ਵਿੱਚ ਪੜ੍ਹਦਾ ਹੁੰਦਾ ਸੀ, ਉਸ ਦੀ ਜਮਾਤਣ ਸ਼ਮਿੰਦਰ ਨਾਲ ਉਸ ਦਾ ਸੰਬੰਧ ਬਹੁਤ ਗੂਹੜਾ ਹੋ ਗਿਆ ਸੀ। ਉਨ੍ਹਾਂ ਨੇ ਕਸਮਾਂ ਖਾਧੀਆਂ ਸਨ ਕਿ ਉਹ ਵਿਆਹ ਕਰਾਉਣਗੇ। ਕਾਲਜ ਦੇ ਨੇੜੇ ਹੀ ਕਾਲਜ ਦੀ ਇੱਕ ਚਪੜਾਸਨ ਦੇ ਘਰ ਉਹ ਮਿਲਿਆ ਕਰਦੇ ਸਨ। ਕੁੜੀ ਗ਼ਰੀਬ ਘਰ ਦੀ ਸੀ। ਪਤਾ ਨਹੀਂ ਕਿਵੇਂ ਉਸ ਨਾਲ ਫ਼ਸ ਗਈ ਸੀ, ਪਰ ਫਿਰ ਤਾਂ ਉਹ ਸੋਚਦੀ ਸੀ, ਸੁਖਪਾਲ ਨਾਲ ਉਸ ਦਾ ਵਿਆਹ ਹੋ ਗਿਆ ਤਾਂ ਉਹ ਮੌਜਾਂ ਕਰੇਗੀ। ਪੜ੍ਹਿਆ ਲਿਖਿਆ ਮੁੰਡਾ ਹੈ। ਸੋਹਣਾ ਹੈ, ਜ਼ਮੀਨ ਵੀ ਚੰਗੀ ਹੈ। ਹੋਰ ਉਸ ਨੂੰ ਕੀ ਚਾਹੀਦਾ ਹੈ, ਪਰ ਚੁੱਪ-ਗੜੁੱਪ ਵਿੱਚ ਹੀ ਸੁਖਪਾਲ ਲਈ ਨਛੱਤਰ ਕੌਰ ਭਾਲੀ ਜਾ ਚੁੱਕੀ ਸੀ। ਮਾਂ ਦੇ ਘਰ ਇਕੱਲੀ ਕੁੜੀ ਨਾ ਬਾਪ ਤੇ ਨਾ ਹੋਰ ਕੋਈ ਭੈਣ-ਭਰਾ। ਸਤਾਈ ਕਿੱਲੇ ਜ਼ਮੀਨ ਦਾ ਸਵਾਲ ਸੀ। ਸੁਖਪਾਲ ਦਾ ਪਿਓ ਆਪਣੇ ਮੁੰਡੇ ਲਈ ਇਹ ਲਾਲਚ ਕਿਵੇਂ ਤਿਆਗ਼ ਸਕਦਾ ਸੀ। ਸੁਖਪਾਲ ਨੇ ਕਿੰਨੇ ਹੀ ਡਰਾਵੇ ਦਿੱਤੇ ਸਨ-ਮੈਂ ਘਰੋਂ ਭੱਜ ਜਾਵਾਂਗਾ। ਖੂਹ ਵਿੱਚ ਛਾਲ ਮਾਰ ਦਿਆਂਗਾ ਆਦਿ। ਸੁਖਪਾਲ ਦੀ ਮਾਂ ਨੇ ਧੂੰਆਂ-ਸੱਥਰ ਪਾ ਰੱਖਿਆ ਸੀ-ਤੇਰੀ ਮੱਤ ਭਰਿਸ਼ਟ ਕਿਉਂ ਹੋ ’ਗੀ, ਸੁੱਖਿਆ? ਸੋਹਣੀ ਸੁਨੱਖੀ ਕੁੜੀ ਐ। ਸਤਾਈ ਕਿੱਲੇ ਜ਼ਮੀਨ ਮਿਲਦੀ ਐ। ਸਰਦਾਰੀ ਮਿਲਦੀ ਐ। ਨੰਗ ਘਰ ਦੀ ਸ਼ਮਿੰਦਰ ਨੂੰ ਦੱਸ ਕੀ ਕਰੇਂਗਾ? ਉਹ ਬੇਵੱਸ ਹੋ ਗਿਆ ਸੀ। ਮਾਂ-ਬਾਪ ਦੇ ਦਬਾਓ ਨੇ ਉਸ ਦੀ ਸੁਰਤ ਮਾਰ ਦਿੱਤੀ ਸੀ। ਉਸ ਨੂੰ ਤਾਂ ਸੋਚਣ ਦਾ ਮੌਕਾ ਹੀ ਨਹੀਂ ਸੀ ਦਿੱਤਾ ਗਿਆ।

⁠ਐਨੇ ਸਾਲਾਂ ਬਾਅਦ ਪਰਮਿੰਦਰ ਦੇ ਪਿੰਡੇ ਵਿੱਚੋਂ ਉਸ ਨੂੰ ਸ਼ਮਿੰਦਰ ਦੇ ਪਿੰਡੇ ਵਰਗੀ ਮਹਿਕ ਮਹਿਸੂਸ ਹੋਈ ਸੀ। ਇਸ ਮਹਿਕ ਦਾ ਤਾਂ ਰੰਗ ਹੀ ਹੋਰ ਸੀ। ਇਹ ਮਹਿਕ ਤਾਂ ਉਸ ਨੂੰ ਆਪਣੀ ਹੀ ਲੱਗੀ ਸੀ।

⁠ਸੁਖਪਾਲ ਹੋਰੀਂ ਤਿੰਨ ਭਰਾ ਸਨ। ਉਹ ਸਭ ਤੋਂ ਛੋਟਾ ਸੀ। ਵੱਡੇ ਦੋਵੇਂ ਭਰਾ ਅਨਪੜ੍ਹ ਸਨ ਤੇ ਵਿਆਹੇ ਹੋਏ ਸਨ। ਉਹ ਆਪਣੇ ਪਿੰਡ ਦੇ ਮਿਡਲ ਸਕੂਲ ਵਿੱਚੋਂ ਅੱਠਵੀਂ ਜਮਾਤ ਪਾਸ ਕਰਕੇ, ਫਿਰ ਨੇੜੇ ਦੇ ਪਿੰਡ ਦੇ ਹਾਈ ਸਕੂਲ ਵਿੱਚ ਦਾਖ਼ਲ ਹੋ ਗਿਆ ਸੀ ਤੇ ਫਿਰ ਸ਼ਹਿਰ ਦੇ ਕਾਲਜ ਵਿਚ। ਸ਼ਹਿਰ ਉਹਨਾਂ ਦੇ ਪਿੰਡ ਤੋਂ ਸੱਤ-ਅੱਠ ਮੀਲ ਹੀ ਸੀ। ਉਹਨਾਂ ਦੇ ਪਿੰਡ ਦੇ ਹੋਰ ਕਿੰਨੇ ਹੀ ਮੁੰਡੇ ਸਾਈਕਲਾਂ ’ਤੇ ਕਾਲਜ ਜਾਂਦੇ ਸਨ। ਸ਼ਹਿਰ ਨੇੜੇ ਦੇ ਪਿੰਡ ਦੀਆਂ ਕੁੜੀਆਂ ਵੀ ਸਾਈਕਲਾਂ 'ਤੇ ਆਉਂਦੀਆਂ ਸਨ। ਜਿਨ੍ਹਾਂ ਨੂੰ ਬੱਸਾਂ ਸੂਤ ਸਨ, ਉਹ ਬੱਸਾਂ ’ਤੇ ਆਉਂਦੀਆਂ ਸਨ।

⁠ਸੁਖਪਾਲ ਦੇ ਪਿਓ ਕੋਲ ਵੀਹ ਕਿੱਲੇ ਜ਼ਮੀਨ ਸੀ। ਦੋਵੇਂ ਵੱਡੇ ਮੁੰਡੇ ਵਧੀਆ ਵਾਹੀ ਕਰਦੇ ਸਨ। ਸੁਖਪਾਲ ਨੂੰ ਕਹਿੰਦੇ ਸਨ-ਤੂੰ ਪੜ੍ਹੀ ਜਾ, ਜਿੰਨਾ ਪੜ੍ਹਨਾ ਹੈ।

⁠ਸ਼ਮਿੰਦਰ ਨਾਲ ਉਹ ਆਕਾਸ਼ ਵਿੱਚ ਉੱਡਿਆ ਸੀ-ਬੀ. ਏ. ਕਰਕੇ ਆਪਾਂ ਬੀ.ਐੱਡ. ਕਰਾਂਗੇ। ਇੱਕੋ ਕਾਲਜ ਵਿੱਚ ਤੇ ਫਿਰ ਅਧਿਆਪਕ ਬਣ ਕੇ ਇੱਕੋ ਸਕੂਲ ਵਿੱਚ ਨੌਕਰੀ ਕਰਾਂਗੇ। ਸ਼ਹਿਰ ਵਿੱਚ ਮਕਾਨ ਬਣਾਵਾਂਗੇ। ਵਧੀਆ, ਕੋਠੀ ਵਰਗਾ। ਆਪਣੇ ਬੱਚੇ ਹੋਣਗੇ ਤੇ...।

⁠ਜ਼ਮੀਨ ਦੇ ਲਾਲਚ ਨੇ ਸੁਖਪਾਲ ਦੇ ਪਿਓ ਤੇ ਮਾਂ ਨੂੰ ਅੰਨ੍ਹਾ ਕਰ ਦਿੱਤਾ ਸੀ। ਉਨ੍ਹਾਂ ਨੂੰ ਆਪਣੇ ਲੜਕੇ ਦੀ ਪਸੰਦ ਤੇ ਚਾਹ-ਮਲ੍ਹਾਰ ਦਾ ਕੋਈ ਵੀ ਖ਼ਿਆਲ ਨਹੀਂ ਸੀ। ਸ਼ਮਿੰਦਰ ਦੇ ਸੰਬੰਧ ਬਾਰੇ ਉਸ ਨੇ ਆਪਣੀ ਮਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ ਸੀ, ਪਰ ਕੋਈ ਅਸਰ ਨਹੀਂ ਸੀ ਹੋਇਆ। ਉਨ੍ਹਾਂ ਨੇ ਤਾਂ ਇੱਕੋ ਜ਼ਿੱਦ ਫ਼ੜ ਰੱਖੀ ਸੀ -ਜ਼ਮੀਨ ਔਂਦੀ ਐ, ਸਤਾਈ ਕਿੱਲੇ। ਬਣਦੀ ਤਣਦੀ ਕੁੜੀ ਐ। ਅਨਪੜ੍ਹ ਐ, ਤਾਂ ਕੀ। ਤੈਂ ਕਿਹੜਾ ਦਫ਼ਤਰ ’ਤੇ ਬਠੌਣਾ ਉਹਨੂੰ। ਮੌਜਾਂ ਕਰੇਂਗਾ।

⁠ਸੁਖਪਾਲ ਲਈ ਜਦ ਚਾਰੇ ਰਾਹ ਬੰਦ ਹੋ ਗਏ ਸਨ, ਉਹ ਕਾਲਜ ਜਾਣੋਂ ਹਟ ਗਿਆ ਸੀ। ਬੀ. ਏ. ਵੀ ਵਿੱਚੇ ਹੀ ਰਹਿ ਗਈ ਸੀ ਤੇ ਫਿਰ ਜਦ ਉਸ ਦਾ ਵਿਆਹ ਹੋ ਗਿਆ ਸੀ, ਸੱਸ ਨੇ ਉਸ ਨੂੰ ਘਰ ਹੀ ਰੱਖ ਲਿਆ ਸੀ। 

⁠ਦੋ ਸਾਲਾਂ ਬਾਅਦ ਹੀ ਉਸ ਦੇ ਪਿਓ ਨੇ ਉਸ ਨੂੰ ਕਹਿ ਦਿੱਤਾ ਸੀ-ਪਿੰਡ ਵਾਲੀ ਜ਼ਮੀਨ ’ਚ ਤੇਰਾ ਕੋਈ ਹਿੱਸਾ ਨਹੀਂ। ਵੀਹ ਕਿੱਲੇ ਦੋਵੇਂ ਵੱਡੇ ਮੁੰਡਿਆਂ ਦੀ ਅੱਧ-ਅੱਧ। ਤੈਨੂੰ ਤਾਂ ਸਹੁਰਿਆਂ ਵਾਲੀ ਢੇਰੀ ਵਾਧੂ ਐ।

⁠ਸਹੁਰੇ ਘਰ ਰਹਿੰਦਾ ਸੁਖਪਾਲ ਇਓਂ ਮਹਿਸੂਸ ਕਰਦਾ, ਜਿਵੇਂ ਘਰੋਂ ਕੱਢ ਕੇ ਕਿਸੇ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੋਵੇ। ਇੱਕ ਖੁੱਲ੍ਹੀ ਜੇਲ੍ਹ ਵਿਚ। ਨਛੱਤਰ ਕੌਰ ਉਸ ਨੂੰ ਓਪਰੀ-ਓਪਰੀ ਲੱਗਦੀ। ਰਾਤ ਨੂੰ ਜਦ ਉਹ ਉਸ ਕੋਲ ਆਪਣਾ ਮੰਜਾ ਡਾਹੁੰਦੀ ਤਾਂ ਸੁਖਪਾਲ ਨੂੰ ਕੰਬਣੀ ਜਿਹੀ ਛਿੜਦੀ। ਉਸ ਦੇ ਮੰਜੇ ਤੋਂ ਉੱਠ ਕੇ ਜਦੋਂ ਉਹ ਆਪਣੇ ਮੰਜੇ ‘ਤੇ ਜਾਂਦੀ ਤਾਂ ਸੁਖਪਾਲ ਨੂੰ ਲੱਗਦਾ, ਜਿਵੇਂ ਉਸ ਨੇ ਕਿਸੇ ਪਸ਼ੂ ਨਾਲ ਸੰਭੋਗ ਕੀਤਾ ਹੋਵੇ। ਨਛੱਤਰ ਕੌਰ ਦੇ ਪਿੰਡੇ ਵਿੱਚੋਂ ਉਸ ਨੂੰ ਮੁਸ਼ਕ ਆਉਂਦਾ ਸੀ। ਇੱਕ ਤਰ੍ਹਾਂ ਨਾਲ ਉਸ ਨੂੰ ਆਪਣੇ ਪਿੰਡੇ ਵਿੱਚੋਂ ਮੁਸ਼ਕ ਆਉਂਦਾ ਰਹਿੰਦਾ।

⁠ਨਛੱਤਰ ਕੌਰ ਨੂੰ ਨਾ ਤਾਂ ਬੋਲਣ ਦਾ ਸਲੀਕਾ ਸੀ ਤੇ ਨਾ ਕੱਪੜੇ ਪਹਿਨਣ ਦਾ ਢੰਗ। ਸੁਖਪਾਲ ਨੂੰ ਉਹ ‘ਤੂੰ’ ਕਹਿ ਕੇ ਬੁਲਾਉਂਦੀ। ਉਹ ਬਹੁਤ ਸਮਝਾਉਂਦਾ-‘ਜੀ’ ਕਿਹਾ ਕਰ। ਬਹੁਤ ਕੋਸ਼ਿਸ਼ ਕਰ ਕੇ ਵੀ ਉਹ ਇਸ ਤਰ੍ਹਾਂ ਦੇ ਫ਼ਿਕਰੇ ਬੋਲਦੀ, ਜਿਨ੍ਹਾਂ ਨੂੰ ਸੁਣ ਕੇ ਗੁੱਸੇ ਦੀ ਥਾਂ ਸੁਖਪਾਲ ਨੂੰ ਹਾਸਾ ਹੀ ਆਉਂਦਾ। ਜਿਵੇਂ, ਤੂੰ ਜੀ ਰੋਟੀ ਤਾਂ ਖਾ ਲੈਂਦਾ। ਆਮ ਜੀਵਨ ਵਿੱਚ ਵਰਤੀਂਦੇ ਕਈ ਲਫ਼ਜ਼ਾਂ ਨੂੰ ਵਿਗਾੜ ਕੇ ਬੋਲਦੀ। ਜਿਵੇਂ ‘ਬਨੈਣ' ਨੂੰ 'ਬਲੈਣ’, ‘ਅਟੈਚੀ ਨੂੰ “ਟੇਂਚੀ’, ‘ਬੁਰਸ਼ਟ’ ਨੂੰ ‘ਬੁਰਛੱਟ’ ਤੇ ਹੋਰ ਕਿੰਨੇ ਹੀ ਲਫ਼ਜ਼। ਦਵਾਈਆਂ ਦੇ ਨਾਉਂ ਰੱਖੇ ਹੋਏ ਸਨ ‘ਮਾਂ ਆਲੀ ਦੁਆਈ’ (ਗਾਲੀਕੋਡਿਨ), ‘ਅੱਖਾਂ ਵਾਲੀ ਦੁਆਈ’ (ਲਾਕੂਲਾ), ‘ਗੁੱਡੀ ਆਈ ਦੁਆਈ’ (ਗਰਾਈਪ ਵਾਟਰ), ‘ਨਿਰੋਧ’ ਨੂੰ ‘ਰਬੜ’। ਸੁਖਪਾਲ ਨੇ ਉਸ ਨੂੰ ਕਿੰਨੇ ਹੀ ਲਫ਼ਜ਼ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਇੱਕ ਦਾ ਵੀ ਸਹੀ ਉਚਾਰਣ ਨਹੀਂ ਸੀ ਸਿੱਖੀ। ਸੁਖਪਾਲ ਨੂੰ ਬਹੁਤ ਬੁਰਾ ਲੱਗਦਾ। ਉਸਨੂੰ ਨਛੱਤਰ ਕੌਰ ਉੱਤੇ ਅਥਾਹ ਗੁੱਸਾ ਆਉਂਦਾ। ਅਖ਼ੀਰ ਉਹ ਆਪਣੇ ਮੱਥੇ ਉੱਤੇ ਹੀ ਜ਼ੋਰ ਦੀ ਹੱਥ ਮਾਰਦਾ ਤੇ ਹਉਂਕਾ ਲੈਂਦਾ।

⁠ਤੰਗ ਕੱਪੜੇ ਪਾਉਣ ਦਾ ਰਵਾਜ ਚੱਲ ਪਿਆ ਸੀ। ਸੁਖਪਾਲ ਉਹਦੇ ਲਈ ਸ਼ਹਿਰੋਂ ਤੰਗ ਮੋਹਰੀ ਦੀ ਸਲਵਾਰ ਸਿਲਾ ਕੇ ਲਿਆਇਆ। ਪਹਿਲਾਂ ਤਾਂ ਉਹ ਪਾਵੇ ਹੀ ਨਾ। ਪਾਈ ਤਾਂ ਹੱਸੀ ਜਾਵੇ, ਹੱਸੀ ਜਾਵੇ, ਮਾਂ ਨੂੰ ਦਿਖਾਵੇ। ਗਵਾਂਢਣਾਂ ਦੇਖਣ ਆਈਆਂ, ਓਸੇ ਦਿਨ ਉਸ ਨੇ ਉਹ ਸਲਵਾਰ ਲਾਹ ਕੇ ਆਪਣੀ ਪੁਰਾਣੀ ਖੁੱਲ੍ਹੇ-ਖੁੱਲ੍ਹੇ ਪੌਂਚਿਆਂ ਵਾਲੀ ਸਲਵਾਰ ਪਾ ਲਈ ਸੀ। ਕਈ ਦਿਨਾਂ ਬਾਅਦ ਸੁਖਪਾਲ ਨੇ ਦੇਖਿਆ ਸੀ, ਓਹੀ ਤੰਗ ਮੂਹਰੀ ਦੀ ਸਲਵਾਰ ਉਸ ਨੇ ਪਾਈ ਹੋਈ ਸੀ, ਪਰ ਗਿਰ੍ਹਾ-ਗਿਰ੍ਹਾ ਕਟਵਾ ਕੇ ਮੋਹਰੀਆਂ ਦੁਬਾਰਾ ਲੜ੍ਹਿਆਈਆਂ ਹੋਈਆਂ ਸਨ। ਉਸ ਨੂੰ ਬਹੁਤ ਗੁੱਸਾ ਆਇਆ ਸੀ। ਅੱਗ ਲਾ ਦਿੰਦੀ ਏਦੂੰ ਤਾਂ ਏਹਨੂੰ। ਉਹ ਕੜਕਿਆ ਸੀ।

⁠-ਨਾਂਹ, ਮੈਨੂੰ ਤਾਂ ਸ਼ਰਮ ਆਈ। ਨਛੱਤਰ ਕੌਰ ਨੇ ਹੱਸ ਕੇ ਗੱਲ ਨੂੰ ਟਾਲ ਦਿੱਤਾ ਸੀ।

⁠ਟੀਟੂ ਜਦ ਜੰਮਿਆ ਤਾਂ ਸੁਖਪਾਲ ਨੂੰ ਥੋੜ੍ਹੀ ਜਿਹੀ ਖ਼ੁਸ਼ੀ ਹੋਈ ਸੀ। ਸਹੁਰੇ ਘਰ ਰਹਿਣਾ ਤੇ ਨਛੱਤਰ ਕੌਰ ਨਾਲ ਨਿਭਣਾ ਤਾਂ ਪੈ ਹੀ ਗਿਆ ਸੀ, ਮੁੰਡੇ ਦੀ ਖ਼ੁਸ਼ੀ ਕੁਦਰਤੀ ਸੀ। ਟੋਏ ਵਿੱਚ ਡਿੱਗ ਕੇ ਜਿਵੇਂ ਕੋਈ ਟੋਏ ਨੂੰ ਹੀ ਆਪਣਾ ਮੁਕਾਮ ਸਮਝ ਬੈਠੇ।

⁠ਸਤਾਈ ਕਿੱਲੇ ਜ਼ਮੀਨ ਪਹਿਲੇ ਦਿਨੋਂ ਹੀ ਉਸ ਦੀ ਸੱਸ ‘ਹਿੱਸੇ’ 'ਤੇ ਦੇ ਕੇ ਰੱਖਦੀ ਸੀ। ਨਛੱਤਰ ਕੌਰ ਦਾ ਜਦ ਵਿਆਹ ਹੋ ਗਿਆ ਸੀ ਤੇ ਜਮਾਈ ਘਰ ਆ ਗਿਆ ਸੀ ਤਾਂ ਬੁੜ੍ਹੀ ਨੇ ਸੋਚਿਆ ਸੀ ਕਿ ਹੁਣ ਉਹ ਆਪ ਹੀ ਵਾਹੀ ਕਰੇਗਾ। ਇਕੱਲਾ-ਇਕਹਿਰਾ ਬੰਦਾ ਕਿਹੜਾ ਵਾਹੀ ਕਰ ਨਹੀਂ ਸਕਦਾ। ਜੱਟਾਂ ਦੇ ਪੜ੍ਹੇ ਲਿਖੇ ਮੁੰਡਿਆਂ ਨੂੰ ਨੌਕਰੀਆਂ ਹੁਣ ਕਿੱਥੇ ਮਿਲਦੀਆਂ ਹਨ। ਆਖਰ ਨੂੰ ਵਾਹੀ ਦੇ ਕੰਮ ਵਿੱਚ ਹੀ ਪੈਣਾ ਪੈਂਦਾ ਹੈ। ਵਾਹੀ ਦਾ ਕੰਮ ਕਰੇ ਸੁਖਪਾਲ ਤਾਂ ਵਧੀਆ ਰਹੇ। ਇਕ ਸੀਰੀ ਰੱਖ ਲਵੇ ਤੇ ਇੱਕ ਕੋਈ ਨੌਕਰ, ਮਾਲ ਢਾਂਡਾ ਸਾਂਭਣ ਤੇ ਉਤਲੇ ਕੰਮ ਵਾਸਤੇ।

⁠ਚੰਨਣ ਚਮਿਆਰ ਕਿਸੇ ਸਮੇਂ ਉਨ੍ਹਾਂ ਨਾਲ ਸੀਰੀ ਰਹਿ ਚੁੱਕਿਆ ਸੀ। ਕਾਢੂ ਬੰਦਾ ਸੀ। ਨਿਰਖ-ਪਰਖ਼ ਸਾਰੀ ਜਾਣਦਾ ਸੀ। ਬੁੜੀ ਨੇ ਇੱਕ ਦਿਨ ਉਸ ਨੂੰ ਸੁਖਪਾਲ ਦੇ ਨਾਲ ਧਨੌਲੇ ਦੀ ਮੰਡੀ ’ਤੇ ਤੋਰ ਦਿੱਤਾ। ਦੋ ਹਜ਼ਾਰ ਰੁਪਿਆ ਦਿੱਤਾ ਕਿ ਉਹ ਬਲਦਾਂ ਦੀ ਚੰਗੀ ਜਿਹੀ ਜੋੜੀ ਖਰੀਦ ਲਿਆਉਣ। ਸੁਖਪਾਲ ਚਲਿਆ ਤਾਂ ਗਿਆ ਸੀ, ਪਰ ਉਸ ਦਾ ਤਾਂ ਜੀਅ ਹੀ ਨਹੀਂ ਸੀ ਕਰਦਾ ਕਿ ਉਹ ਵਾਹੀ ਦਾ ਕੰਮ ਕਰੇ। ਉਹ ਤਾਂ ਹੁਣ ਤੱਕ ਵਿਹਲਾ ਹੀ ਰਿਹਾ ਸੀ। ਸਕੂਲ-ਕਾਲਜ ਵਿੱਚ ਪੜ੍ਹਿਆ ਸੀ, ਚੰਗਾ ਖਾਧਾ ਪੀਤਾ ਸੀ, ਇਸ਼ਕ ਕੀਤਾ ਸੀ। ਉਸ ਦੇ ਪਿਓ ਨੇ ਤਾਂ ਕਦੇ ਉਸ ਨੂੰ ਇਹ ਵੀ ਨਹੀਂ ਸੀ ਆਖਿਆ ਕਿ ਉਹ ਖੇਤ ਜਾ ਕੇ ਰੋਟੀ ਦੇ ਆਵੇ। ਉਸ ਦੇ ਭਰਾਵਾਂ ਨੇ ਤਾਂ ਉਸ ਤੋਂ ਕਦੇ ਡੱਕਾ ਵੀ ਦੂਹਰਾ ਨਹੀਂ ਸੀ ਕਰਵਾਇਆ। ਹੁਣ ਕਿਵੇਂ ਕਰ ਸਕਦਾ ਸੀ, ਉਹ ਵਾਹੀ-ਖੇਤੀ ਦਾ ਕੰਮ? ਇਹ ਕੰਮ ਤਾਂ ਓਹੀ ਬੰਦਾ ਕਰ ਸਕਦਾ ਹੈ, ਜਿਸ ਨੇ ਪਹਿਲੇ ਦਿਨੋਂ ਕੀਤਾ ਹੋਵੇ। ਮਿੱਟੀ ਨਾਲ ਮਿੱਟੀ ਹੋ ਕੇ ਰਹਿਣ ਵਾਲਾ ਹੈ, ਇਹ ਕੰਮ ਤਾਂ। ਮੰਡੀ ਤੋਂ ਉਹ ਖ਼ਾਲੀ ਮੁੜ ਆਏ ਸਨ। ਚੰਨਣ ਨੇ ਗੱਲੀਂ-ਗੱਲੀਂ ਇੱਕ ਦਿਨ ਕਿਹਾ ਸੀ-ਬੁੜ੍ਹੀਏ ਤੇਰਾ ਜਮਾਈ ਤਾਂ...। ਪੜ੍ਹੇ ਹੋਏ ਤਾਂ ਬਸ ਮੂਰਖ਼ ਈ ਹੁੰਦੇ ਨੇ।

⁠ਸੁਖਪਾਲ ਦੀ ਸੱਸ ਜਿੰਨਾ ਚਿਰ ਜਿਊਂਦੀ ਰਹੀ, ਜ਼ਮੀਨ ਨੂੰ ਹਿੱਸੇ 'ਤੇ ਦੇਣ ਤੇ ਫਿਰ ਨੀਰਾ-ਦਾਣਾ ਲੈਣ ਦਾ ਕੰਮ ਸੰਭਾਲਦੀ ਰਹੀ। ਉਹ ਮਰੀ ਤਾਂ ਉਸ ਦੀ ਧੀ ਨੇ ਇਹ ਕੰਮ ਆਪਣੇ ਜ਼ਿੰਮੇ ਲੈ ਲਿਆ। ਸੁਖਪਾਲ ਨੂੰ ਕੋਈ ਫ਼ਿਕਰ ਨਹੀਂ ਸੀ। ਉਹ ਤਾਂ ਸਵੇਰੇ ਰੋਟੀ ਖਾਂਦਾ ਸੀ, ਸ਼ਾਮ ਨੂੰ ਰੋਟੀ ਖਾਂਦਾ ਸੀ ਤੇ ਪਿਆ ਰਹਿੰਦਾ ਸੀ। ਕਦੇ-ਕਦੇ ਸ਼ਰਾਬ ਵੀ ਪੀ ਲੈਂਦਾ ਸੀ। ਪਿੰਡ ਦੇ ਕਿਸੇ ਬੰਦੇ ਨਾਲ ਉਸ ਨੇ ਕਦੇ ਵੀ ਸ਼ਰਾਬ ਨਹੀਂ ਸੀ ਪੀਤੀ। ਜਦ ਕਦੇ ਪੀਂਦਾ ਸੀ, ਇਕੱਲਾ ਪੀਂਦਾ ਸੀ। ਵਿਸਕੀ ਦਾ ਇੱਕ ਅਧੀਆ ਅਲਮਾਰੀ ਵਿੱਚ ਲਿਆ ਰੱਖਦਾ। ਜਦ ਕਦੇ ਉਸ ਦਾ ਚਿੱਤ ਬਹੁਤਾ ਉਦਾਸ ਹੁੰਦਾ, ਉਹ ਚੁੱਪ ਕੀਤਾ ਹੀ ਦੋ ਪੈੱਗ ਲੈ ਲੈਂਦਾ ਸੀ। ਓਸੇ ਵੇਲੇ ਪਤਾ ਲੱਗਦਾ, ਜਦ ਰੋਟੀ ਉਹ ਕਹਿ ਦਿੰਦਾ-ਠਹਿਰ ਕੇ ਖਾਊਂਗਾ। ਨਛੱਤਰ ਕੌਰ ਉਸ ਦਿਨ ਬੜੀ ਖ਼ੁਸ਼ ਰਹਿੰਦੀ। ਸੱਸ ਵੀ ਅੰਦਰੋਂ ਖ਼ੁਸ਼ ਹੁੰਦੀ। ਸੱਸ ਤਾਂ ਚਾਹੁੰਦੀ ਸੀ, ਭਾਵੇਂ ਉਹ ਨਿੱਤ ਪੀ ਲਿਆ ਕਰੇ, ਸ਼ਰ੍ਹੇਆਮ ਪੀਆ ਕਰੇ। ਪਤਾ ਤਾਂ ਲੱਗੇ ਕਿ ਤੇਜੋ ਬੁੜ੍ਹੀ ਦਾ ਜਮਾਈ ਹੈਗਾ। ਘਾਟਾ ਹੈ ਘਰ ਵਿੱਚ ਕੋਈ? ਜਮਾਈ ਹੈ ਫਿਰ ਵੀ, ਭਾਵੇਂ ਘਿਓ ਦੇ ਮੂਧੇ ਕਰ ਦੇਵੇ। ਖ਼ੁਸ਼ ਤਾਂ ਰਹੇ। ਟਹਿਕ ਵਿੱਚ ਤਾਂ ਰਹੇ। ਸੱਸ ਨੇ ਸੁਖਪਾਲ ਦਾ ਮੂੰਹ ਕਦੇ ਹੱਸਦਾ ਨਹੀਂ ਸੀ ਦੇਖਿਆ। ਕਦੇ-ਕਦੇ ਉਹ ਚਿੱਤ ਵਿੱਚ ਕਰਦੀ-ਜਮਾਈ ਕਾਹਦਾ ਸਹੇੜਿਐ, ਮਿੱਟੀ ਦਾ ਮਾਧੋ ਐ।

⁠ਕਿਤਾਬਾਂ ਪੜ੍ਹਨ ਦਾ ਸ਼ੌਕ ਸੁਖਪਾਲ ਨੂੰ ਕਾਲਜ ਦੇ ਸਮੇਂ ਤੋਂ ਹੀ ਸੀ। ਬਹੁਤਾ ਕਰਕੇ ਉਹ ਨਾਵਲ ਪੜ੍ਹਦਾ ਜਾਂ ਕਹਾਣੀਆਂ। ਪੰਜਾਬੀ ਤੇ ਹਿੰਦੀ ਦੇ ਕਈ ਮਾਸਕ-ਪੱਤਰ ਉਸ ਕੋਲ ਡਾਕ ਰਾਹੀਂ ਆਉਂਦੇ ਸਨ। ਕਦੇ-ਕਦੇ ਉਹ ਸ਼ਹਿਰ ਜਾਂਦਾ ਸੀ, ਹਿੰਦੀ ਪੰਜਾਬੀ ਦੇ ਹੋਰ ਕਈ ਰਸਾਲੇ ਖਰੀਦ ਲਿਆਉਂਦਾ ਸੀ। ਆਪਣੀ ਪਸੰਦ ਦੀਆਂ ਕਿਤਾਬਾਂ ਵੀ ਉਹ ਸ਼ਹਿਰੋਂ ਹੀ ਲੈ ਕੇ ਆਉਂਦਾ। ਪਟਿਆਲੇ ਉਸ ਦੀ ਭੂਆ ਸੀ। ਸਾਲ ਵਿੱਚ ਇੱਕ ਅੱਧੀ ਵਾਰ ਜਦ ਉਹ ਪਟਿਆਲੇ ਜਾਂਦਾ ਤਾਂ ਪੰਦਰਾਂ ਵੀਹ ਕਿਤਾਬਾਂ ਇਕੱਠੀਆਂ ਹੀ ਖਰੀਦ ਲਿਆਉਂਦਾ। ਕਿਤਾਬਾਂ ਰਸਾਲਿਆਂ ਵਿੱਚ ਹੀ ਇੱਕ ਤਰ੍ਹਾਂ ਨਾਲ ਉਸ ਦਾ ਇੱਕ ਸੰਸਾਰ ਵਸਿਆ ਹੋਇਆ ਸੀ। ਇਸ ਸੰਸਾਰ ਵਿੱਚ ਵਿਚਰ ਕੇ ਉਹ ਆਪਣੀ ਦੁਨੀਆ ਭੁੱਲ ਜਾਂਦਾ ਸੀ। ਕਈ ਨਾਵਲ ਕਹਾਣੀਆਂ ਵਿੱਚ ਤਾਂ ਉਸ ਨੂੰ ਅਜਿਹੇ ਪਾਤਰ ਮਿਲਦੇ, ਜਿਹੜੇ ਉਸ ਨਾਲ ਮਿਲਦੇ-ਜੁਲਦੇ ਹੁੰਦੇ। ਉਸ ਦਾ ਜੀਅ ਕਰਦਾ ਕਿ ਉਹ ਆਪਣੇ ਜੀਵਨ ਬਾਰੇ ਕੋਈ ਨਾਵਲ ਲਿਖੇ, ਪਰ ਉਸ ਦਾ ਹੌਸਲਾ ਨਾ ਪੈਂਦਾ। ਉਹ ਇਹ ਵੀ ਫ਼ੈਸਲਾ ਨਹੀਂ ਸੀ ਕਰ ਸਕਦਾ ਕਿ ਉਹ ਇਸ ਨਾਵਲ ਨੂੰ ਕਿੱਥੋਂ ਸ਼ੁਰੂ ਕਰੇ। ਇੱਕ ਬੇਵੱਸ ਇਨਸਾਨ ਦਾ ਜੀਵਨ ਉਹ ਜਿਉ ਰਿਹਾ ਸੀ।

⁠ਕਦੇ-ਕਦੇ ਉਸ ਦਾ ਜੀਅ ਕਰਦਾ ਕਿ ਉਹ ਇਸ ਘਰ ਨੂੰ ਛੱਡ ਕੇ ਕਿਸੇ ਪਾਸੇ ਨਿੱਕਲ ਜਾਵੇ। ਸ਼ਮਿੰਦਰ ਨੂੰ ਹੀ ਜਾ ਮਿਲੇ। ਉਸ ਦੇ ਪੈਰਾਂ ਉੱਤੇ ਡਿੱਗ ਕੇ ਗਿੜਗੜਾਏ-ਮੈਥੋਂ ਭੁੱਲ ਹੋ ਗਈ, ਸ਼ੰਮੀ! ਮੇਰੇ ਸਿਰ ਵਿੱਚ ਜੁੱਤੀਆਂ ਮਾਰ ਲੈ, ਮੈਨੂੰ ਆਪਣਾ ਬਣਾ ਲੈ। ਤੇਰੇ ਲਈ ਮੈਂ ਮਿੱਟੀ ਦੀ ਟੋਕਰੀ ਢੋਣ ਨੂੰ ਤਿਆਰ ਹਾਂ, ਪਰ ਉਹ ਜਾਣਦਾ ਸੀ ਸ਼ਮਿੰਦਰ ਹੁਣ ਉਸ ਦੀ ਪਹੁੰਚ ਵਿੱਚ ਨਹੀਂ। ਉਹ ਤਾਂ ਬੀ. ਏ. ਕਰਕੇ ਬੀ. ਐੱਡ. ਵੀ ਕਰ ਗਈ ਸੀ। ਉਸ ਨੂੰ ਤਾਂ ਸਰਕਾਰੀ ਨੌਕਰੀ ਵੀ ਮਿਲ ਗਈ ਸੀ। ਉਹ ਤਾਂ ਇੱਕ ਵਕੀਲ ਨਾਲ ਵਿਆਹੀ ਵੀ ਗਈ ਸੀ। ਵਕੀਲ, ਜਿਸ ਦੀ ਪ੍ਰੈਕਟਿਸ ਹੁਣ ਬਹੁਤ ਵਧੀਆ ਚੱਲਦੀ ਹੈ। ਜੋ ਹੁਣ ਇੱਕ ਅਮੀਰ ਆਦਮੀ ਬਣ ਗਿਆ ਹੈ। ਰਹਿਣ ਲਈ ਕੋਠੀ ਹੈ। ਕਾਲ਼ੀ ਅੰਬੈਸੇਡਰ ਕਾਰ ਹੈ। ਸ਼ਮਿੰਦਰ ਹੁਣ ਉਸ ਦੀ ਪਹੁੰਚ ਕਿੱਥੇ?

⁠ਇੱਕ ਦਿਨ ਉਹ ਸ਼ਹਿਰ ਗਿਆ ਸੀ। ਨਛੱਤਰ ਕੌਰ ਵੀ ਨਾਲ ਸੀ। ਰਿਸ਼ਤੇਦਾਰੀ ਵਿੱਚ ਕੋਈ ਵਿਆਹ ਸੀ ਤੇ ਉਹ ਕੱਪੜਾ ਖਰੀਦਣ ਗਏ ਸਨ। ਸ਼ਹਿਰ ਦੇ ਬੱਸ ਸਟੈਂਡ ’ਤੇ ਸੁਖਪਾਲ ਨੇ ਸ਼ਮਿੰਦਰ ਤੇ ਵਕੀਲ ਨੂੰ ਦੇਖਿਆ ਸੀ। ਉਸ ਨੂੰ ਤਾਂ ਜਿਵੇਂ ਚੱਕਰ ਜਿਹਾ ਆ ਗਿਆ ਹੋਵੇ। ਸ਼ਮਿੰਦਰ ਤਾਂ ਹੋਰ ਹੀ ਬਣੀ ਹੋਈ ਸੀ। ਪੱਫ ਵਾਲਾ ਉੱਚਾ ਜੂੜਾ। ਕਾਲ਼ੇ ਗਾਗਲਜ਼। ਪਿਆਜ਼ੀ ਸਾੜ੍ਹੀ। ਸਰੀਰ ਗਦਰਾਇਆ ਹੋਇਆ। ਉਸ ਤੋਂ ਵੱਡੀ ਉਮਰ ਦੇ ਵਕੀਲ ਦੇ ਬਰਾਬਰ ਖਹਿ ਕੇ ਤੁਰੀ ਜਾ ਰਹੀ ਸੀ। ਸ਼ਮਿੰਦਰ ਨੇ ਸੁਖਪਾਲ ਨੂੰ ਨਹੀਂ ਸੀ ਦੇਖਿਆ। ਨਛੱਤਰ ਕੌਰ ਨੂੰ ਤਾਂ ਉਹ ਜਾਣਦੀ ਹੀ ਕੀ ਸੀ। ਸੁਖਪਾਲ ਸ਼ਰਮ ਦਾ ਮਾਰਿਆ ਇੱਕ ਪਾਸੇ ਹੋ ਕੇ ਖੜ੍ਹ ਗਿਆ ਸੀ ਤੇ ਅਖ਼ਬਾਰਾਂ ਵੇਚਣ ਵਾਲੇ ਤੋਂ ਕੋਈ ਰਸਾਲਾ ਲੈ ਕੇ ਉਸ ਨੂੰ ਦੇਖਣ ਲੱਗ ਪਿਆ ਸੀ।

⁠ਪਰਮਿੰਦਰ ਦਾ ਪਿੰਡ ਲੁਧਿਆਣੇ ਦੇ ਨੇੜੇ ਸੀ, ਪਿੰਡ ਦੇ ਹਾਈ ਸਕੂਲ ਵਿੱਚੋਂ ਦਸਵੀਂ ਪਾਸ ਕਰਕੇ ਨਰਸ ਦੀ ਟਰੇਨਿੰਗ ਉਸ ਨੇ ਲੁਧਿਆਣੇ ਹੀ ਲਈ ਸੀ। ਦੋ-ਤਿੰਨ ਸਾਲ ਉਹ ਉਡੀਕਦੀ ਰਹੀ ਸੀ ਕਿ ਲੁਧਿਆਣੇ ਦੇ ਨੇੜੇ-ਤੇੜੇ ਹੀ ਕਿਸੇ ਪਿੰਡ ਵਿੱਚ ਲੱਗ ਜਾਵੇ, ਪਰ ਨਹੀਂ। ਲੁਧਿਆਣੇ ਜ਼ਿਲ੍ਹੇ ਵਿੱਚ ਤਾਂ ਇੱਕ ਵੀ ਪੋਸਟ ਖ਼ਾਲੀ ਨਹੀਂ ਸੀ ਹੋ ਰਹੀ। ਨਵੀਆਂ ਪੋਸਟਾਂ ਦੇ ਆਉਣ ਦੀ ਕੋਈ ਆਸ ਨਹੀਂ ਸੀ। ਆਖ਼ਰ ਨੂੰ ਉਸ ਨੇ ਮਨ ਬਣਾ ਲਿਆ ਸੀ ਕਿ ਬਠਿੰਡਾ ਜਾਂ ਸੰਗਰੂਰ ਜ਼ਿਲ੍ਹੇ ਵਿੱਚ ਹੀ ਨੌਕਰੀ ਕਰ ਲਵੇ। ਉਸ ਦੇ ਮਾਂ-ਬਾਪ, ਰਿਸ਼ਤੇਦਾਰ ਤੇ ਹੋਰ ਭਾਈਵੰਦ ਵੀ ਕਹਿੰਦੇ ਸਨ-ਕੀ ਡਰ ਐ। ਲੁਧਿਆਣੇ ਜ਼ਿਲ੍ਹੇ ਦੀਆਂ ਸੈਂਕੜੇ ਕੁੜੀਆਂ ਸੰਗਰੂਰ ਬਠਿੰਡੇ ਵਿੱਚ ਮਾਸਟਰ ਲੱਗੀਆਂ ਹੋਈਆਂ ਨੇ, ਨਰਸਾਂ ਨੇ, ਗਰਾਮ ਸੇਵਕਾਂ ਨੇ, ਕੋਈ ਡਰ ਨ੍ਹੀਂ। ਸੋ ਉਸ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਬਰਨਾਲਾ ਦੇ ਨੇੜੇ ਇਸ ਪਿੰਡ ਵਿੱਚ ਲਗਾ ਦਿੱਤਾ ਗਿਆ ਸੀ।

⁠ਪਹਿਲਾਂ-ਪਹਿਲਾਂ ਉਹ ਦੋ ਕੁ ਮਹੀਨੇ ਸੰਧੂਆਂ ਦੀ ਬੈਠਕ ਵਿੱਚ ਰਹੀ। ਇਹ ਬੈਠਕ ਰਾਹ ਦੇ ਉੱਤੇ ਹੀ ਸੀ। ਬੈਠਕ ਵਿੱਚ ਬਾਰੀ ਕੋਈ ਨਹੀਂ ਸੀ ਤੇ ਉਸ ਦਾ ਅੰਦਰਲਾ ਬਾਰ ਵੀ ਲੱਗਿਆ ਹੀ ਰਹਿੰਦਾ। ਪਰਮਿੰਦਰ ਰਾਹ ਵਾਲਾ ਬਾਰ ਬੰਦ ਕਰਦੀ ਤਾਂ ਸੰਘੱਟ ਆ ਜਾਂਦਾ। ਉਸ ਦਾ ਦਮ ਘੁਟਣ ਲੱਗਦਾ। ਸੋ ਰਾਹ ਵਾਲਾ ਬਾਰ ਖੁੱਲ੍ਹਾ ਹੀ ਰੱਖਣਾ ਪੈਂਦਾ। ਬਾਰ ਮੂਹਰੇ ਦੀ ਲੰਘਣ ਵਾਲੇ ਆਦਮੀ, ਤੀਵੀਂ, ਮੁੰਡਾ, ਕੁੜੀ ਤੇ ਸਭ ਬੁੱਢੇ-ਠੇਰੇ ਅੱਖਾਂ ਪਾੜ-ਪਾੜ ਦੇਖਦੇ। ਪਰਮਿੰਦਰ ਨੂੰ ਇਹ ਬਹੁਤ ਬੁਰਾ ਲੱਗਦਾ। ਕਈ ਬੰਦੇ ਤਾਂ ਇਉਂ ਝਾਕਦੇ, ਜਿਵੇਂ ਉਸ ਨੂੰ ਮੂੰਹ ਵਿੱਚ ਹੀ ਪਾ ਲੈਣਾ ਹੋਵੇ।-ਸਿੱਧੇ ਤੁਰੇ ਔਂਦੇ ਨੇ ਤਾਂ ਸਿੱਧੇ ਈ ਤੁਰੇ ਜਾਣ। ਬੈਠਕ ਵਿੱਚ ਨਵੀਂ ਕਿਹੜੀ ਚੀਜ਼ ਹੁੰਦੀ ਐ। ਨਿੱਤ ਮੈਂ ਈ ਹੁੰਦੀ ਆਂ। ਮੈਂ ਈ ਆਂ। ਉਹ ਚਿੱਤ ਵਿੱਚ ਖਿਝਦੀ।

⁠ਇੱਕ ਦਿਨ ਤਾਂ ਰਾਤ ਨੂੰ ਉਹਦੇ ਤਖ਼ਤੇ ਵੀ ਕੋਈ ਖੜਕਾ ਗਿਆ ਸੀ। ਉਸ ਨੇ ਅੰਦਰੋਂ ਪੁੱਛਿਆ ਸੀ-ਕੌਣ ਐਂ? ਜਵਾਬ ਵਿੱਚ ਤਖ਼ਤੇ ਹੀ ਖੜਕੇ ਸਨ। ਉਹ ਡਰ ਗਈ ਸੀ। ਕੁੰਡਾ ਨਹੀਂ ਸੀ ਖੋਲ੍ਹਿਆ। ਪਿਛਲੇ ਮਹੀਨੇ ਹੀ ਉਸ ਨੇ ਖ਼ਬਰ ਸੁਣੀ ਸੀ- ਇੱਕ ਪਿੰਡ ਵਿੱਚ ਨਰਸ ਨੂੰ ਰਾਤ ਵੇਲੇ ਕੋਈ ਇਹ ਕਹਿ ਕੇ ਨਾਲ ਲੈ ਗਿਆ ਸੀ ਕਿ ਉਸ ਦੀ ਘਰ ਵਾਲੀ ਦੇ ਨਿੱਕਾ-ਨਿਆਣਾ ਹੋਣਾ ਹੈ, ਬਹੁਤ ਤੰਗ ਹੈ, ਛੇਤੀ ਚੱਲ। ਉਹ ਉਸ ਨੂੰ ਆਪਣੇ ਘਰ ਦੀ ਥਾਂ ਧੋਖੇ ਨਾਲ ਕਿਤੇ ਹੋਰ ਹੀ ਲੈ ਗਿਆ ਸੀ, ਜਿੱਥੇ ਦੋ ਹੋਰ ਬੰਦੇ ਸ਼ਰਾਬ ਪੀ ਕੇ ਬੈਠੇ ਹੋਏ ਸਨ। ਸਾਰੀ ਰਾਤ ਉਨ੍ਹਾਂ ਤਿੰਨਾ ਨੇ ਉਸ ਨਾਲ ਖੇਹ-ਖਰਾਬੀ ਕੀਤੀ ਸੀ। ਤੜਕੇ ਨੂੰ ਉਸ ਨਰਸ ਦੀ ਲਾਸ਼ ਪਿੰਡ ਤੋਂ ਬਾਹਰ ਇੱਕ ਟੋਭੇ ਦੀ ਪੱਤਣ ’ਤੇ ਮਿਲੀ ਸੀ। ਪਤਾ ਲੱਗਿਆ ਸੀ, ਨਰਸ ਨੂੰ ਵੀ ਬਹੁਤ ਜ਼ਿਆਦਾ ਸ਼ਰਾਬ ਪਿਆਈ ਗਈ ਸੀ।

⁠ਮਾਰਚ ਦਾ ਮਹੀਨਾ ਜਾ ਰਿਹਾ ਸੀ, ਰਾਤ ਨੂੰ ਬੈਠਕ ਦੇ ਅੰਦਰ ਸੌਣਾ ਮੁਸ਼ਕਿਲ ਹੋ ਗਿਆ ਸੀ। ਪਿੰਡ ਵਿੱਚ ਉਸ ਨੇ ਹੋਰ ਕਈ ਥਾਂ ਦੇਖੇ ਸਨ। ਕੋਈ ਵੀ ਮਕਾਨ ਚੰਗਾ ਨਹੀਂ ਸੀ। ਆਖ਼ਰ ਤੇਜ਼ੋ ਬੁੜ੍ਹੀ ਦਾ ਚੁਬਾਰਾ ਉਸ ਨੂੰ ਪਸੰਦ ਆ ਗਿਆ ਸੀ। ਬੁੜ੍ਹੀਆਂ ਨੇ ਵੀ ਉਸ ਘਰ ਦੀ ਚੰਗੀ ਸਰਾਹਨਾ ਕੀਤੀ ਸੀ-ਕੁੜੀ ਨਛੱਤਰ ਕੌਰ ਦਾ ਸੁਭਾਅ ਚੰਗੈ। ਪ੍ਰਾਹੁਣਾ। ਪ੍ਰਾਹੁਣਾ ਵੀ ਨੇਕ ਐ। ਬੰਦਿਆਂ ਵਰਗਾ ਤਾਂ ਉਹ ਬੰਦਾ ਈ ਨੀ। ਅੱਖ ਭਰ ਕੇ ਨੀ ਝਾਕਿਆ ਵਿਚਾਰਾ ਕਦੇ ਕਿਸੇ ਕੁੜੀ-ਕੱਤਰੀ ਕੰਨੀਂ।

⁠ਦਿਨਾਂ ਵਿੱਚ ਉਹ ਨਛੱਤਰ ਕੌਰ ਨਾਲ ਘੁਲ-ਮਿਲ ਗਈ ਸੀ। ਸੁਖਪਾਲ ਦਾ ਸਾਊ ਜਿਹਾ ਸੁਭਾਅ ਉਸ ਨੂੰ ਬੜਾ ਹੀ ਚੰਗਾ ਲੱਗਦਾ ਸੀ। ਉਸ ਤੋਂ ਤਾਂ ਉਹ ਸੰਗਦੀ ਹੀ ਨਹੀਂ ਸੀ। ਉਹ ਤਾਂ ਉਸ ਨੂੰ ਇਉਂ ਲੱਗਦਾ, ਜਿਵੇਂ ਆਪਣੇ ਘਰ ਦਾ ਹੀ ਕੋਈ ਬੰਦਾ ਹੋਵੇ। ਉਹ ਤਾਂ ਸਗੋਂ ਕੋਸ਼ਿਸ਼ ਵਿੱਚ ਰਹਿੰਦੀ ਕਿ ਉਸ ਨਾਲ ਉਹ ਬੋਲੇ, ਕਦੇ ਕੋਈ ਗੱਲ ਕਰੇ। ਸੁਖਪਾਲ ਸੀ ਕਿ ਝਾਕਦਾ ਵੀ ਕਦੇ ਕਦੇ ਮਸਾਂ। ਝਾਕਦਾ ਤੇ ਮੂੰਹੋਂ ਨਹੀਂ ਸੀ ਬੋਲਦਾ। ਖ਼ਾਲੀ-ਖ਼ਾਲੀ ਅੱਖਾਂ ਨਾਲ ਝਾਕਦਾ ਰਹਿੰਦਾ। ਉਸ ਦਾ ਸਾਰਾ ਦਿਨ ਬੈਠਕ ਵਿੱਚ ਪਏ ਰਹਿਣਾ, ਕਿਤਾਬਾਂ ਰਸਾਲੇ ਪੜ੍ਹਨਾ ਪਰਮਿੰਦਰ ਨੂੰ ਚੰਗਾ-ਚੰਗਾ ਲੱਗਦਾ। ਜ਼ਿੰਦਗੀ ਹੋਵੇ ਤਾਂ ਇਹੋ ਜਿਹੀ ਹੋਵੇ। ਨਾ ਕੰਮ, ਨਾ ਕਾਰ। ਐਸ਼ ਦੀ ਜ਼ਿੰਦਗੀ। ਇਹੋ ਜਿਹਾ ਹੋਵੇ ਕੋਈ, ਜਿਹੜਾ ਸਾਰਾ ਦਿਨ ਵਿਹਲਾ ਹੀ ਰਹੇ। ਸਾਰਾ ਦਿਨ ਆਪਣੀ ਔਰਤ ਕੋਲ। ਔਰਤ ਵਾਸਤੇ ਹੀ। ਉਹ ਸੋਚਦੀ, ਉਹ ਕਿੰਨਾ ਸੁਖੀ ਹੈ, ਕਿੰਨਾ ਭਰਪੂਰ, ਪਰ ਕੀ ਪਤਾ ਸੀ ਉਸ ਨੂੰ ਕਿ ਉਹ ਅੰਦਰੋਂ ਕਿੰਨਾ ਖ਼ਾਲੀ ਹੈ। ਕਿੰਨਾ ਦੁਖੀ ਹੈ। ਆਪਣੀ ਜੇਲ੍ਹ-ਮਈ ਜ਼ਿੰਦਗੀ ਨੂੰ ਧੱਕੇ ਦੇ ਕੇ ਅਗਾਂਹ ਤੋਰ ਰਿਹਾ ਹੈ ਤੇ ਫਿਰ ਜਿਸ ਦਿਨ ਸੁਖਪਾਲ ਨੇ ਉਸ ਨੂੰ ਅੱਖ ਦੱਬ ਦਿੱਤੀ ਸੀ, ਉਹ ਹੈਰਾਨ ਹੋਈ ਸੀ। ਨਾ ਉਸ ਨੂੰ ਗੁੱਸਾ ਆਇਆ, ਨਾ ਖ਼ੁਸ਼ੀ ਹੋਈ। ਹੈਰਾਨੀ ਹੀ ਹੋਈ ਸੀ ਜਾਂ ਮਿੰਨ੍ਹਾ-ਮਿੰਨ੍ਹਾ ਹਾਸਾ। ਇਹੋ ਜਿਹਾ ਬੰਦਾ ਵੀ ਇਸ ਤਰ੍ਹਾਂ ਦਾ ਹੋ ਸਕਦਾ ਹੈ? ਏਸ ਨੂੰ ਇਹ ਹੌਸਲਾ ਪਿਆ ਕਿਵੇਂ? ਇਨ੍ਹਾਂ ਸੋਚਾਂ ਵਿੱਚ ਹੀ ਉਹ ਚੁਬਾਰੇ ਜਾ ਚੜ੍ਹੀ ਸੀ ਤੇ ਫਿਰ ਜਦ ਉਹ ਦੁੱਧ ਦੀ ਗੜਵੀ ਲੈ ਕੇ ਆਇਆ ਸੀ ਤਾਂ ਉਸ ਨੂੰ ਪਤਾ ਵੀ ਨਹੀਂ ਸੀ ਲੱਗਿਆ ਕਿ ਕੀ ਬੀਤ ਗਿਆ ਹੈ। ਕਿੰਨਾ ਕੁਝ ਬੀਤ ਗਿਆ ਹੈ। ਇੱਕ ਬਿੰਦ ਉਹ ਇਹ ਵੀ ਸੋਚਦੀ ਸੀ, ਜਿਵੇਂ ਕੁਝ ਵੀ ਨਹੀਂ ਹੋਇਆ ਸੀ। ਕਿਤੇ ਕੁਝ ਵੀ ਨਹੀਂ ਵਾਪਰਿਆ ਸੀ।

⁠ਸੁਖਪਾਲ ਦੇ ਜਨੂੰਨ ਵਿੱਚ ਉਹ ਅਣਜਾਣੇ ਹੀ ਫਾਥੀ ਜਾ ਰਹੀ ਸੀ। ਉਸ ਨੂੰ ਤਾਂ ਅਹਿਸਾਸ ਹੀ ਨਹੀਂ ਸੀ ਕਿ ਕੀ ਬੀਤਿਆ ਜਾ ਰਿਹਾ ਹੈ। ਜਿਵੇਂ ਕੁਝ ਹੋ ਹੀ ਨਹੀਂ ਰਿਹਾ। ਜਿਵੇਂ ਸਭ ਕੁਝ ਸਾਧਾਰਨ ਹੀ ਤਾਂ ਹੋ ਰਿਹਾ ਹੈ। ਫਿਰ ਤਾਂ ਉਸ ਅੰਦਰ ਵੀ ਇੱਕ ਅੰਗ ਦਾ ਅਹਿਸਾਸ ਜਾਗ ਪਿਆ ਸੀ। ਫਿਰ ਤਾਂ ਉਸ ਨੂੰ ਵੀ ਕਿਸੇ ਦੀ ਲੋੜ ਸੀ। ਉਹ ਸੁਖਪਾਲ ਹੀ ਸੀ।

⁠ਸੁਖਪਾਲ ਦਾ ਸੰਬੰਧ ਜਦ ਤੋਂ ਪਰਮਿੰਦਰ ਨਾਲ ਬਣਿਆ ਸੀ, ਉਸ ਨੂੰ ਨਛੱਤਰ ਕੌਰ ਵੀ ਚੰਗੀ-ਚੰਗੀ ਲੱਗਣ ਲੱਗ ਪਈ ਸੀ। ਉਸ ਨੂੰ ਬੱਚਿਆਂ ਦਾ ਵੀ ਅਜੀਬ ਕਿਸਮ ਦਾ ਮੋਹ ਆਉਂਦਾ ਸੀ। ਇਸ ਤਰ੍ਹਾਂ ਦਾ ਮੋਹ ਉਸ ਵਿੱਚ ਪਹਿਲਾਂ ਨਹੀਂ ਸੀ। ਕਦੇ-ਕਦੇ ਉਸ ਨੂੰ ਇਹ ਮਹਿਸੂਸ ਵੀ ਹੁੰਦਾ ਕਿ ਨਛੱਤਰ ਕੌਰ ਤੇ ਉਸ ਦੇ ਤਿੰਨਾਂ ਬੱਚਿਆਂ ਦਾ ਉਸ ਨਾਲ ਕੋਈ ਸੰਬੰਧ ਨਹੀਂ। ਉਸ ਲਈ ਤਾਂ ਪਰਮਿੰਦਰ ਹੀ ਸਭ ਕੁਝ ਹੈ। ਪਰਮਿੰਦਰ ਹੀ ਉਸ ਦਾ ਸੰਸਾਰ ਹੈ। ਸੰਸਾਰ, ਜਿਸ ਵਿੱਚ ਨਛੱਤਰ ਕੌਰ ਤੇ ਤਿੰਨਾਂ ਬੱਚਿਆਂ ਦਾ ਦਖ਼ਲ ਬੇ-ਬੁਨਿਆਦ ਹੈ।

⁠ਦਿਨ ਲੰਘਦੇ ਜਾ ਰਹੇ ਸਨ। ਕੁਝ ਵੀ ਬੇ-ਢੰਗਾ ਨਹੀਂ ਸੀ ਲੱਗ ਰਿਹਾ। ਕੁਝ ਵੀ ਨਵਾਂ ਨਹੀਂ ਸੀ। ਸਭ ਕੁਝ ਹੀ ਸਾਧਾਰਨ ਬੀਤ ਰਿਹਾ ਸੀ। ਕੋਈ ਵੀ ਵਿਘਣ ਨਹੀਂ ਸੀ ਪੈਂਦਾ ਤੇ ਫਿਰ ਇੱਕ ਦਿਨ...

⁠ਲੋਹੜੀ ਦਾ ਦਿਨ ਸੀ। 

⁠ਰਾਤ ਦਾ ਵੇਲਾ। 

⁠ਸੱਥ ਵਿੱਚ ਵੱਡੀ ਸਾਰੀ ਧੂਣੀ ਬਾਲੀ ਹੋਈ ਸੀ। ਅਗਵਾੜ ਦੀਆਂ ਬੁੜ੍ਹੀਆਂ, ਕੁੜੀਆਂ, ਵਹੁਟੀਆਂ ਦੇ ਬੱਚੇ ਧੂਣੀ ਦੁਆਲੇ ਬੈਠੇ ਸਨ। ਗੀਤ ਗਾਏ ਜਾ ਰਹੇ ਸਨ। ਚੁਗ਼ਲੀਆਂ ਕੀਤੀਆਂ ਜਾ ਰਹੀਆਂ ਸਨ। ਬੱਚੇ ਰੌਲ਼ਾ ਪਾ ਰਹੇ ਸਨ। ਨਛੱਤਰ ਕੌਰ ਵੀ ਓਥੇ ਹੀ ਸੀ। ਗੁੱਡੀ ਤੇ ਟੀਟੂ ਵੀ। ਪੈਂਟੂ ਨੂੰ ਉਹ ਬੈਠਕ ਵਿੱਚ ਸੁਖਪਾਲ ਕੋਲ ਸੁੱਤਾ ਛੱਡ ਆਈ ਸੀ। ਸੁਖਪਾਲ ਕੋਈ ਕਿਤਾਬ ਪੜ੍ਹ ਰਿਹਾ ਸੀ। 

⁠ਨਛੱਤਰ ਕੌਰ ਨੇ ਪਰਮਿੰਦਰ ਨੂੰ ਬਥੇਰਾ ਆਖਿਆ ਸੀ ਕਿ ਉਹ ਵੀ ਲੋਹੜੀ ’ਤੇ ਚੱਲੇ, ਪਰ ਉਹ ਨਹੀਂ ਸੀ ਗਈ। ਬਹਾਨਾ ਲਾ ਦਿੱਤਾ ਸੀ-ਕੱਲ੍ਹ ਨੂੰ ਡਾਕਟਰ ਨੇ ਔਣੈ, ਪਿਛਲੇ ਮਹੀਨੇ ਦੀ ਰਿਪੋਰਟ ਬਣੌਣੀ ਐ। ਨਿਰੋਧ ਦੀ ਖਪਤ ਦਿਖੌਣੀ ਐ। ਏਸੇ ਕਰਕੇ ਤਾਂ ਮੈਂ ਆਪਣੇ ਪਿੰਡ ਲੋਹੜੀ ਦੇਖਣ ਨ੍ਹੀਂ ਗਈ।

⁠ਉਨ੍ਹਾਂ ਦੇ ਦਰਵਾਜ਼ੇ ਤੋਂ ਸੱਥ ਨੇੜੇ ਹੀ ਸੀ। ਪੈਂਟੂ ਰੋਂਦਾ-ਰੋਂਦਾ ਧੂਣੀ ਕੋਲ ਆ ਖੜੋਤਾ। ਉਸ ਦੀਆਂ ਅੱਖਾਂ ਵਿੱਚ ਧੂੰਆਂ ਪੈ ਰਿਹਾ ਸੀ। ਉਹ ਉੱਚੀ-ਉੱਚੀ ਚਾਂਗਾਂ ਮਾਰ ਰਿਹਾ ਸੀ। ਕਦੇ ਓਸ ਹੱਥ ਦੇ ਹੁੱਡੂ ਨਾਲ, ਕਦੇ ਓਸ ਹੱਥ ਦੇ ਹੁੱਡੂ ਨਾਲ ਅੱਖਾਂ ਮਲ਼ ਰਿਹਾ ਸੀ।

⁠-ਨੀ ਮਾਂ, ਪੈਂਟੂ ਆਪਣਾ। ਗੁੱਡੀ ਨੇ ਭੱਜ ਕੇ ਉਸ ਨੂੰ ਚੁੱਕਿਆ ਤੇ ਲਿਆ ਕੇ ਮਾਂ ਦੀ ਗੋਦੀ ਵਿੱਚ ਬਿਠਾਇਆ। ਨਛੱਤਰ ਕੌਰ ਨੇ ਉਸ ਨੂੰ ਚੁੰਮਿਆ ਤੇ ਦੁੱਧ ਦਿੱਤਾ।

⁠-ਕੁੜੇ ਨਛੱਤਰ, ਖਾਸਾ ਕਰ ਲਿਆ ਮੁੰਡਾ ਤਾਂ ਤੈਂ। ਗਹਾਂ ਕੋਈ ਗੱਲ ਬਾਤ? 

⁠ਨਛੱਤਰ ਕੌਰ ਚੁੱਪ ਸੀ। 

⁠-ਲੈ ਭੈਣੇ ਨਰਸ ਤਾਂ ਘਰ ‘ਚ ਐ। ਸੌ ਕੁਸ ਵਰਦਤੀ ਹੋਣੀ ਐ, ਨਛੱਤਰ ਤਾਂ।

⁠ਪੈਂਟੂ ਦੋ ਘੁੱਟਾਂ ਚੁੰਘਦਾ ਸੀ ਤੇ ਬੁੱਕਲ ’ਚੋਂ ਮੂੰਹ ਕੱਢ ਕੇ ਰੋਣ ਲੱਗ ਪੈਂਦਾ ਸੀ। ਵਿਰਦਾ ਹੀ ਨਹੀਂ ਸੀ। ਹਾਰ ਕੇ ਉਹ ਉੱਠ ਹੀ ਖੜ੍ਹੀ। ਪੀਹੜੀ ਚੁੱਕਣ ਲਈ ਗੁੱਡੀ ਨੂੰ ਹਾਕ ਮਾਰੀ। ਮੁੰਡੇ ਨੂੰ ਕਿਹਾ-ਆ ਵੇ ਟੀਟੂ, ਕਿੱਥੇ ਐਂ।

⁠-ਚੱਲੋ ਚੱਲੀਏ, ਥੋਡਾ ਬਾਪੁ ਉਡੀਕਦਾ ਹੋਣੈਂ।

⁠ਨਾ, ਅਸੀਂ ਤਾਂ ਫੇਰ ਆ ਜਾਂ ’ਗੇ। 

⁠ਬੈਠਕ ਵਿੱਚ ਜਾ ਕੇ ਉਸ ਨੇ ਦੇਖਿਆ, ਬਲਬ ਜਗ ਰਿਹਾ ਸੀ। ਸੁਖਪਾਲ ਨਹੀਂ ਸੀ। -ਪੈਂਟੂ ਨੂੰ ਛੱਡ ਕੇ ਕਿੱਧਰ ਤੁਰ ਗਿਆ? ਉਸ ਨੇ ਸੋਚਿਆ।

⁠-ਬੋਲਿਆ ਨੀ। ਕਿੱਥੇ ਐਂ ਤੂੰ। ਮਖਿਆ ਬੋਲਦਾ ਨੀ। ਵਿਹੜੇ ਵਿੱਚ ਖੜ੍ਹ ਕੇ ਉਸ ਨੇ ਉੱਚੀ-ਉੱਚੀ ਹਾਕਾਂ ਮਾਰੀਆਂ। ਗਵਾਂਢ ਵਿੱਚ ਅਖੰਡ ਪਾਠ ਖੁੱਲ੍ਹਿਆ ਹੋਇਆ ਸੀ। ਲਾਊਡ-ਸਪੀਕਰਾਂ ਦੀ ਆਵਾਜ਼ ਵਿੱਚ ਉਸ ਦਾ ਬੋਲ ਕਿਧਰੇ ਵੀ ਨਹੀਂ ਸੀ ਗਿਆ, ਕਿਧਰੇ ਵੀ ਨਹੀਂ ਸੀ ਸੁਣਿਆ। ਪੈਂਟੂ ਅਜੇ ਵੀ ਹੌਲ਼ੀ-ਹੌਲ਼ੀ ਡੁਸਕ ਰਿਹਾ ਸੀ।

⁠-ਖੰਡ ਦੇਵਾਂ? ਖੰਡ ਖਾਣੀ ਐਂ?

⁠ਪੈਂਟੂ ਰੋਂਦਾ-ਰੋਂਦਾ ਇੱਕ ਦਮ ਚੁੱਪ ਹੋ ਗਿਆ। ਉਹ ਸਬ੍ਹਾਤ ਵੱਲ ਜਾਣ ਲੱਗੀ। ਉਸ ਨੇ ਦੇਖਿਆ, ਬੈਠਕ ਦੇ ਖੱਬੇ ਪਾਸੇ ਵਾਲੇ ਕਮਰੇ ਵਿੱਚੋਂ ਇੱਕ ਕਾਲ਼ਾ ਕੁੱਤਾ ਮੂੰਹ ਵਿੱਚ ਗੁੜ ਦਾ ਡਲਾ ਲਈ ਨਿੱਕਲਿਆ ਹੈ ਤੇ ਸਣੇ ਡਲੇ ਵਿਹੜੇ ਵਿੱਚ ਦੀ ਦੌੜ ਗਿਆ।-ਮਰ ਵੇ, ਤੇਰੇ ਦੇ। ਉਹ ਬੋਲੀ ਤੇ ਉਸ ਕਮਰੇ ਵੱਲ ਹੀ ਚਲੀ ਗਈ। -ਬਾਰ ਖੁੱਲ੍ਹਾ ਕੀਹਨੇ ਛੱਡ ਤਾ? ਉਸ ਨੇ ਜਿਵੇਂ ਆਪਣੇ ਆਪ ਤੋਂ ਹੀ ਪੁੱਛਿਆ ਹੋਵੇ। ਉਸ ਕਮਰੇ ਦੀ ਸਵਿੱਚ ਦੱਬ ਕੇ ਉਹ ਅੰਦਰ ਹੋਈ। ਕਣਕ ਦੀਆਂ ਬੋਰੀਆਂ ਤੋਂ ਅਗਾਂਹ ਲੰਘ ਕੇ ਕਮਰੇ ਦੀ ਡਾਟ ਥੱਲੇ ਖੜ੍ਹ ਗਈ। ਗੁੜ ਵਾਲੇ ਢੋਲ ਨੂੰ ਦੇਖਣ ਲੱਗੀ। ਢੋਲ ਟੇਢਾ ਹੋਇਆ ਪਿਆ ਸੀ। ਇਸ ਕਮਰੇ ਦੇ ਪਿਛਲੇ ਅੱਧ ਉੱਤੇ ਚੁਬਾਰਾ ਸੀ। ਛੱਤ ਉੱਤੇ ਹੁੰਦਾ ਕੋਈ ਖੜਾਕ ਜਿਹਾ ਉਸ ਨੇ ਸੁਣਿਆ। ਮੰਜੇ ਦੇ ਪਾਵੇ ਖੜਕਣ ਵਰਗਾ ਖੜਾਕ। ਜਿਵੇਂ ਕੋਈ ਮੰਜੇ ਉੱਤੇ ਅੱਧ-ਰਿੜਕ ਮੁੰਡਿਆਂ ਵਾਂਗ ਘੁਲ ਰਿਹਾ ਹੋਵੇ। ਬਲਬ ਬੁਝਾ ਕੇ ਉਸ ਨੇ ਕਮਰੇ ਦੇ ਤਖ਼ਤੇ ਬੰਦ ਕੀਤੇ, ਕੁੰਡਾ ਲਾਇਆ ਤੇ ਬੈਠਕ ਵਿੱਚ ਪੈਂਟੂ ਨੂੰ ਮੰਜੇ ਉੱਤੇ ਸੁੱਟ ਕੇ ਉਹ ਚੁਬਾਰੇ ਦੀਆਂ ਪੌੜੀਆਂ ਜਾ ਚੜ੍ਹੀ। ਦੜਦੜਾਂਦੀ ਗਈ। ⁠ਚੁਬਾਰੇ ਵਿੱਚ ਹਨੇਰਾ ਸੀ। ਬਾਰ ਖੁੱਲ੍ਹਾ ਸੀ। ਉਸ ਨੇ ਆਪ ਹੀ ਸਵਿੱਚ ਦੱਬ ਦਿੱਤੀ। ਅੰਦਰਲਿਆਂ ਨੇ ਸ਼ਾਇਦ ਉਸ ਦੀ ਪੈੜ-ਚਾਲ ਸੁਣ ਲਈ। ਬਿਜਲੀ ਦਾ ਚਾਨਣ ਹੋਇਆ ਤਾਂ ਨਛੱਤਰ ਕੌਰ ਨੇ ਦੇਖਿਆ, ਸੁਖਪਾਲ ਇੱਕ ਖੂੰਜੇ ਵਿੱਚ ਮੂੰਹ ਦਈ ਖੜ੍ਹਾ ਸੀ ਤੇ ਪਰਮਿੰਦਰ ਛੇਤੀ-ਛੇਤੀ ਆਪਣੇ ਕੱਪੜੇ ਠੀਕ ਕਰ ਰਹੀ ਸੀ। ਪੈਰ ਦੀ ਜੁੱਤੀ ਲਾਹ ਕੇ ਉਸ ਨੇ ਸੁਖਪਾਲ ਦੇ ਮੋਢੇ ’ਤੇ ਮਾਰੀ। -ਚੰਡਾਲਾ, ਮੈਨੂੰ ਪਤਾ ਹੁੰਦਾ ਏਸ ਭਾਣੇ ਦਾ...। ਕਹਿ ਕੇ ਉਹ ਫਰਸ਼ ’ਤੇ ਬੈਠ ਗਈ। ਸਿਰ ਫੜ ਲਿਆ।

⁠ਸੁਖਪਾਲ ਬਾਹਰ ਚਲਿਆ ਗਿਆ ਤੇ ਫਿਰ ਪੌੜੀਆਂ ਉੱਤਰ ਗਿਆ।

⁠-ਕੁੱਤੀਏ, ਕੰਜਰੀਏ, ਏਹਨਾਂ ਕਰਤੂਤਾਂ ਵਾਸਤੇ ਚੁਬਾਰਾ ਲਿਆ ਸੀ? ਉਹ ਫ਼ਰਸ਼ ’ਤੇ ਬੈਠੀ-ਬੈਠੀ ਹੀ ਕੜਕੀ-ਨਿੱਕਲ ਜਾ, ਮੇਰੇ ਘਰੋਂ ਐਸੇ ਵਖਤ।

⁠ਪਰਮਿੰਦਰ ਖੂੰਜੇ ਵਿੱਚ ਖੜ੍ਹੀ ਸੀ। ਚੁੱਪ। ਫਰਸ਼ ਉੱਤੇ ਅੱਖਾਂ ਸਨ।

⁠ਨਛੱਤਰ ਕੌਰ ਪੌੜੀਆਂ ਉੱਤਰੀ।

⁠ਪੈਂਟੂ ਰੋ ਰਿਹਾ ਸੀ।

⁠ਸੁਖਪਾਲ ਕਿਤੇ ਵੀ ਨਹੀਂ ਸੀ।

⁠ਪਿੰਡ ਵਿੱਚ ਹੀ ਕਿਸੇ ਦੇ ਘਰ ਉਹ ਜਾ ਸੁੱਤਾ।

⁠ਗੁੱਡੀ ਤੇ ਟੀਟੂ ਲੋਹੜੀ ਤੋਂ ਆ ਗਏ। ਮਨ ਵਿੱਚ ਪਤਾ ਨਹੀਂ ਕੀ ਸੋਚਦੀ ਉਹ ਬੈਠਕ ਵਿੱਚ ਪੈ ਗਈ। ਉਸ ਦੀ ਗੰਭੀਰਤਾ ਨੂੰ ਦੇਖ ਕੇ ਗੁੱਡੀ ਤੇ ਟੀਟੂ ਵੀ ਬਿਨਾ ਕੋਈ ਗੱਲ-ਬਾਤ ਕਰੇ ਹੀ ਸੌਂ ਗਏ।

⁠ਸਵੇਰੇ ਸਦੇਹਾਂ ਜਾਗ ਕੇ ਪਰਮਿੰਦਰ ਨੇ ਚੁਬਾਰੇ ਨੂੰ ਜਿੰਦਾ ਲਾਇਆ ਤੇ ਚੁੱਪ ਕੀਤੀ ਹੀ ਘਰੋਂ ਬਾਹਰ ਹੋ ਕੇ ਬੱਸ ਅੱਡੇ ’ਤੇ ਆ ਬੈਠੀ।

⁠ਨਛੱਤਰ ਕੌਰ ਨੂੰ ਕੋਈ ਪਤਾ ਨਹੀਂ ਸੀ ਲੱਗਿਆ ਕਿ ਉਹ ਕਦੋਂ ਚੁਬਾਰਾ ਬੰਦ ਕਰਕੇ ਘਰੋਂ ਚਲੀ ਗਈ ਸੀ।

⁠ਸੁਖਪਾਲ ਘਰ ਨਹੀਂ ਸੀ ਆਇਆ। ਕਿਸੇ ਦੇ ਘਰੋਂ ਹੀ ਓਨ੍ਹੀਂ ਕੱਪੜੀਂ ਉਹ ਸਿੱਧਾ ਆਪਣੇ ਪਿਓ ਵਾਲੇ ਪਿੰਡ ਨੂੰ ਚਲਿਆ ਗਿਆ ਸੀ।

⁠ਦੂਜੇ ਦਿਨ ਨਰਸ ਆਈ। ਚੁਬਾਰੇ ਵਿੱਚੋਂ ਆਪਣਾ ਸਾਮਾਨ ਚੁਕਵਾ ਕੇ ਓਸੇ ਸੰਧੂਆਂ ਵਾਲੀ ਬੈਠਕ ਵਿੱਚ ਜਾ ਰੱਖਿਆ। ਬਦਲੀ ਕਰਵਾਉਣ ਦੀ ਕੋਸ਼ਿਸ਼ ਤਾਂ ਉਹ ਦੋ-ਤਿੰਨ ਮਹੀਨਿਆਂ ਤੋਂ ਕਰ ਰਹੀ ਸੀ। ਉਸ ਦੀ ਬਦਲੀ ਦੇ ਆਰਡਰ ਵੀ ਹਫ਼ਤਾ ਕੁ ਬਾਅਦ ਆ ਗਏ। ਸੰਗਰੂਰ ਦੀ ਹੱਦ ਉੱਤੇ ਆਖ਼ਰੀ ਪਿੰਡ ਵਿੱਚ ਰਾਏਕੋਟ ਦੇ ਨੇੜੇ ਉਸ ਦੀ ਬਦਲੀ ਹੋ ਗਈ ਸੀ। ਇਹ ਪਿੰਡ ਸੜਕ ਦੇ ਵੀ ਨੇੜੇ ਹੀ ਸੀ। ਸੋ ਹੁਣ ਉਹ ਹਫ਼ਤੇ ਬਾਅਦ ਆਪਣੇ ਪਿੰਡ ਗੇੜਾ ਮਾਰ ਆਉਂਦੀ। ਉਹ ਖ਼ੁਸ਼ ਸੀ। ਮਾਪਿਆਂ ਦੀ ਵੀ ਤਸੱਲੀ ਸੀ।

⁠ਸੁਖਪਾਲ ਪੰਦਰਾਂ ਦਿਨਾਂ ਬਾਅਦ ਆਇਆ। ਸ਼ਾਮ ਨੂੰ ਘਰ ਵੜਿਆ। ਸ਼ਰਾਬ ਪੀਤੀ ਹੋਈ ਸੀ। ਆਉਣ ਸਾਰ ਵਿਹੜੇ ਵਿੱਚ ਖੜ੍ਹ ਕੇ ਉਸ ਨੇ ਗਾਲ੍ਹ ਕੱਢੀ। ਪਤਾ ਨਹੀਂ ਕਿਸ ਨੂੰ ਕੱਢੀ ਸੀ। ਨਛੱਤਰ ਕੌਰ ਨੂੰ ਹੀ ਕੱਢੀ ਹੋਵੇਗੀ। ਨਰਸ ਦੀ ਬਦਲੀ ਹੋ ਜਾਣ ਦਾ ਪਤਾ ਤਾਂ ਉਸ ਨੂੰ ਪਿੰਡ ਵਿੱਚੋਂ ਹੀ ਪਟਵਾਰੀ ਤੋਂ ਲੱਗ ਗਿਆ ਸੀ। ਪਟਵਾਰੀ ਉਸ ਦੇ ਪਿਓ ਵਾਲੇ ਪਿੰਡ ਦਾ ਹੀ ਰਹਿਣ ਵਾਲਾ ਸੀ। ਉਸ ਨਾਲ ਉਸ ਦੀ ਬੁੱਕਲ ਖੁੱਲ੍ਹੀ ਸੀ। ⁠ਵਿਹੜੇ ਵਿੱਚੋਂ ਹਿੱਲ ਕੇ ਫਿਰ ਉਹ ਚੁਬਾਰੇ ਵਿੱਚ ਗਿਆ। ਮੰਜੇ ਉੱਤੇ ਪੈ ਗਿਆ। ਬਹੁਤ ਉੱਚੀ ਕੂਕ ਮਾਰੀ ਤੇ ਫਿਰ ਬਹੁਤ ਉੱਚੀ ਕੜਕਵੀਂ ਗਾਲ੍ਹ ਕੱਢੀ। ਗੁੱਡੀ ਤੇ ਟੀਟੂ ਦੋਵੇਂ ਉਸ ਕੋਲ ਗਏ ਤੇ ਭੰਵੱਤਰੇ ਜਿਹੇ ਉਸ ਵੱਲ ਝਾਕਣ ਲੱਗੇ।

⁠-ਜਾਓ ਏਥੋਂ... ਫੂਕ ਦੂੰ ਸਾਲਿਓ ਸਾਰੇ ਟੱਬਰ ਨੂੰ। ਵੱਡੀ ਜਾਇਦਾਦ ਵਾਲੇ। ਉੱਲੂ ਦੇ ਪੱਠੇ। ਤੇ ਫਿਰ ਉਹ ਕਹਿਣ ਲੱਗਿਆ-ਨਹੀਂ, ਨਹੀਂ, ਮੈਂ ਉੱਲੂ ਦਾ ਪੱਠਾ। ਓਏ... ਚਲੋ ਏਥੋਂ। ਮਨ ਵਿੱਚ ਜੋ ਆਇਆ, ਉਹ ਕਹਿ ਰਿਹਾ ਸੀ। ਗੁੱਡੀ ਤੇ ਟੀਟੂ ਮਸੋਸੇ ਜਿਹੇ ਮੁੰਹ ਬਣਾਈ ਥੱਲੇ ਉੱਤਰ ਗਏ।

⁠ਕੁਝ ਦੇਰ ਬਾਅਦ ਨਛੱਤਰ ਕੌਰ ਚੁਬਾਰੇ ਵਿੱਚ ਆਈ। ਕਹਿਣ ਲੱਗੀ-ਸ਼ਰਮ ਕਰ ਕੁਸ। ਵੱਡੀ ਅਣਖ ਵਾਲਾ, ਧੱਕੇ ਖਾਣ ਆਇਐਂ ਹੁਣ?

⁠-ਹਾਂ, ਧੱਕੇ ਖਾਣ ਆਇਆਂ। ਤੂੰ ਬਕਵਾਸ ਕਰ, ਜੋ ਕਰਦੀ ਐਂ। ਕਹਿ ਕੇ ਉਸ ਨੇ ਮੂੰਹ ਅੱਡ ਲਿਆ ਤੇ ਨਸ਼ਈ ਲਾਲ ਝਰੰਗ ਅੱਖਾਂ ਨਾਲ ਝਾਕਣ ਲੱਗਿਆ।

⁠-ਤੇਰਾ ਹੈ ਕੀ ਏਸ ਘਰ 'ਚ, ਦੱਸ ਖਾਂ? ਕਾਹਦੇ ਸਿਰ ’ਤੇ ਲਾਲੜੀਆਂ ਤਾੜਦੈਂ? ਚੱਪਣੀ ’ਚ ਨੱਕ ਡਬੋਅ ਕੇ ਮਰ ਜਾ, ਏਦੂੰ ਤਾਂ

⁠-ਠੀਕ ਐ ਸਰਦਾਰਨੀਏਂ, ਮੇਰਾ ਕੁਝ ਨਹੀਂ। ਏਸ ਘਰ ’ਚ ਮੇਰਾ ਕੋਈ ਨੀ। ਮੈਨੂੰ ਮਰ ਜਾਣਾ ਚਾਹੀਦੈ। ਮੈਂ ਉੱਲੂ ਦਾ ਪੱਠਾ ਆਂ। ਉਹ ਰੋਣ ਲੱਗ ਪਿਆ। ਹੁੱਬਕੀਂ-ਹੁਬਕੀਂ ਰੋਣ ਲੱਗਿਆ।

⁠-ਸਭ ਧੰਦੜੇ ਜਾਣਦੀ ਆਂ ਤੇਰੇ। ਕਹਿ ਕੇ ਨਛੱਤਰ ਕੌਰ ਥੱਲੇ ਉੱਤਰ ਆਈ।

⁠ਗੁੱਡੀ ਰੋਟੀ ਲੈ ਕੇ ਗਈ। ਉਸ ਨੇ ਰੋਟੀ ਨਹੀਂ ਖਾਧੀ ਤੇ ਫੇਰ ਰਜ਼ਾਈ-ਗਦੈਲਾ ਗੁੱਡੀ ਚੁਬਾਰੇ ਵਿੱਚ ਹੀ ਰੱਖ ਗਈ।

⁠ਦੂਜੇ ਦਿਨ ਤੜਕੇ ਹੀ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸ਼ਰਾਬ ਪੀਂਦਾ ਰਿਹਾ। ਬੋਲਿਆ ਕਿਸੇ ਨੂੰ ਕੁਝ ਨਹੀਂ, ਰੋਟੀ ਵੇਲੇ ਉਹ ਪਟਵਾਰੀ ਕੋਲ ਚਲਿਆ ਗਿਆ। ਉੱਥੇ ਵੀ ਪੀਂਦਾ ਰਿਹਾ। ਪਟਵਾਰੀ ਨੂੰ ਵੀ ਪੀਣ ਲਾ ਲਿਆ। ਉਸ ਕੋਲ ਹੀ ਰੋਟੀ ਖਾਧੀ। ਘਰ ਆਇਆ। ਚੁਬਾਰੇ ਵਿੱਚ ਹੀ ਸੌਂ ਗਿਆ। ਸਵੇਰੇ ਹੀ ਜਾਗਿਆ, ਬੱਸ ਅੱਡੇ ’ਤੇ ਆ ਕੇ ਬੈਠ ਗਿਆ। ਬੱਸ ਚੜ੍ਹ ਕੇ ਬਰਨਾਲੇ ਆਇਆ। ਬਰਨਾਲੇ ਤੋਂ ਦੱਧਾਹੂਰ ਦੇ ਪੁਲਾਂ ’ਤੇ ਤੇ ਫਿਰ ਉਹ ਉਸ ਪਿੰਡ ਨੂੰ ਚਲਿਆ ਗਿਆ, ਜਿੱਥੇ ਪਰਮਿੰਦਰ ਨਰਸ ਲੱਗੀ ਹੋਈ ਸੀ।

⁠ਓਥੇ ਵੀ ਉਹ ਕਿਸੇ ਦੇ ਚੁਬਾਰੇ ਵਿੱਚ ਰਹਿੰਦੀ ਸੀ। ਬਾਣੀਏ ਦੀ ਇੱਕ ਦੁਕਾਨ ਤੋਂ ਉਸ ਬਾਰੇ ਉਸ ਨੇ ਸਭ ਕੁਝ ਪੁੱਛ ਲਿਆ। ਉਸ ਘਰ ਜਾ ਕੇ ਚੁਬਾਰੇ ਵਿੱਚ ਉਸ ਨੇ ਸੁਨੇਹਾ ਭੇਜਿਆ-ਸੁਖਪਾਲ ਸਿੰਘ ਆਇਆ ਹੈ।

⁠ਘਰ ਦੇ ਵਿਹੜੇ ਵਿੱਚ ਆ ਕੇ ਪਰਮਿੰਦਰ ਟੱਬਰ ਦੀਆਂ ਬੁੜ੍ਹੀਆਂ ਕੁੜੀਆਂ ਦੇ ਸਾਹਮਣੇ ਹੀ ਉਸ ਨੂੰ ਮਿਲੀ। ਓਪਰਿਆਂ ਵਾਂਗ। ਜਿਵੇਂ ਜਾਣਦੀ ਹੀ ਨਾ ਹੋਵੇ। ਪੁੱਛਿਆ -ਦੱਸੋ, ਕੀ ਕੰਮ ਐ?

⁠-ਕੰਮ ਤਾਂ ਕੋਈ ਨੀ। ਮੈਂ ਕਿਹਾ, ਚਲੋ, ਮਿਲ ਈ ਜਾਵਾਂ।

⁠ਉਹ ਕੁਝ ਵੀ ਨਾ ਬੋਲੀ। ਚੁਬਾਰੇ ਵਿੱਚ ਲੈ ਜਾਣ ਲਈ ਵੀ ਨਹੀਂ ਕਿਹਾ। ਚਾਹ ਦਾ ਨਾਉਂ ਤੱਕ ਵੀ ਨਹੀਂ।

⁠ਵਿਹੜੇ ਵਿੱਚ ਉਹ ਮੰਜੇ ਉੱਤੇ ਬੈਠਾ ਹੋਇਆ ਸੀ। ਪਰਮਿੰਦਰ ਚੁਬਾਰੇ ਦੀਆਂ ਪੌੜੀਆਂ ਜਾ ਚੜ੍ਹੀ। ਘਰ ਦੀਆਂ ਬੁੜ੍ਹੀਆਂ ਕੁੜੀਆਂ ਹੈਰਾਨ ਸਨ। ਕੌਣ ਹੋਇਆ ਇਹ ਆਦਮੀ?

⁠ਸੁਖਪਾਲ ਨੇ ਓਥੇ ਬਹੁਤਾ ਚਿਰ ਬੈਠਣਾ ਜਾਇਜ਼ ਨਾ ਸਮਝਿਆ।

⁠ਤੇ ਫਿਰ ਆਪਣੇ ਪਿੰਡ ਆ ਕੇ ਉਹ ਪਰਮਿੰਦਰ ਨਾਉਂ ਦੀ ਚੀਜ਼ ਤੋਂ ਬਗ਼ੈਰ ਪਹਿਲਾਂ ਵਾਂਗ ਹੀ ਰਹਿਣ ਲੱਗਿਆ। ਜਿਵੇਂ ਕੋਈ ਕੱਟੇ ਖੰਭਾਂ ਵਾਲਾ ਉਕਾਬ ਕਿਸੇ ਮਦੀਨ-ਘੋਗੜ ਦੇ ਰੁਲਦ-ਖੁਲਦ ਆਲ੍ਹਣੇ ਵਿੱਚ ਦਿਨ ਕੱਟ ਰਿਹਾ ਹੋਵੇ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.