ਸੋਹਣੀ ਮਹੀਵਾਲ : ਲੋਕ ਕਹਾਣੀ
ਸੁਖਦੇਵ ਮਾਦਪੁਰੀ
ਝਨਾਅ ਦੇ ਪਾਣੀਆਂ ਨੇ ਜਿਨ੍ਹਾਂ ਮੁਹੱਬਤੀ ਰੂਹਾਂ ਨੂੰ ਜਨਮ ਦਿੱਤਾ ਹੈ ਉਨ੍ਹਾਂ ਵਿਚ ‘ਸੋਹਣੀ’ ਇਕ ਅਜਿਹਾ ਅਮਰ ਨਾਂ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ ‘ਤੇ ਅਮਿੱਟ ਛਾਪ ਛੱਡੀ ਹੈ। ਸਦੀਆਂ ਬੀਤਣ ਬਾਅਦ ਵੀ ਲੋਕ ਉਸ ਦੀਆਂ ਬਾਤਾਂ ਬੜੇ ਚਾਵਾਂ ਨਾਲ ਪਾਉਂਦੇ ਹਨ।
ਬਾਤ ਸਦੀਆਂ ਪੁਰਾਣੀ ਹੈ। ਬਲਖ਼ ਬੁਖਾਰੇ ਦੇ ਸੌਦਾਗਾਰ ਅਲੀ ਬੇਗ ਦਾ ਨੌਜਵਾਨ ਪੁੱਤਰ ਇੱਜ਼ਤ ਬੇਗ ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿਚ ਭਾਂਡਿਆਂ ਦਾ ਵਪਾਰ ਕਰਨ ਲਈ ਆਇਆ। ਇਕ ਦਿਨ ਉਹ ਆਪਣੇ ਨੌਕਰ ਨਾਲ ਗੁਜਰਾਤ ਦੀਆਂ ਹੱਟੀਆਂ ਵੇਖਦਾ-ਵੇਖਦਾ ਤੁੱਲੇ ਦੀ ਭਾਂਡਿਆਂ ਦੀ ਦੁਕਾਨ ‘ਤੇ ਪੁੱਜ ਗਿਆ। ਦੁਕਾਨ ‘ਤੇ ਭਾਂਡੇ ਖਰੀਦਣ ਵਾਲਿਆਂ ਦੀ ਬੜੀ ਭੀੜ ਸੀ। ਦੁਕਾਨ ਵਿਚ ਕੂਜੇ, ਬਾਦੀਏ, ਸੁਰਾਹੀਆਂ, ਘੜੇ, ਮਟਕੇ ਆਦਿ ਇਸ ਸਲੀਕੇ ਨਾਲ ਟਿਕਾਏ ਹੋਏ ਸਨ ਜਿਵੇਂ ਕਿਸੇ ਚਿੱਤਰਕਾਰ ਨੇ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਹੋਵੇ।
ਇੱਜਤ ਬੇਗ ਬਾਹਰ ਖੜ੍ਹਾ ਸਜੀਲੀ ਦੁਕਾਨ ਵੱਲ ਪ੍ਰਸੰਸਾ ਭਰੀਆਂ ਤੱਕਣੀਆਂ ਨਾਲ ਤੱਕਦਾ ਰਿਹਾ। ਗਾਹਕਾਂ ਦੀ ਕੁਝ ਭੀੜ ਘਟੀ। ਤੁੱਲੇ ਦੀ ਨਿਗਾਹ ਨੌਜਵਾਨ ਸੌਦਾਗਰ ‘ਤੇ ਜਾ ਪਈ।
”ਹੁਕਮ ਕਰੋ ਸਭ ਕੁਝ ਹਾਜ਼ਰ ਹੈ, ਜਲ ਪਾਣੀ ਦੀ ਆਗਿਆ ਦਿਓ।” ਤੁੱਲੇ ਨੇ ਨੌਜਵਾਨ ਸੌਦਾਗਰ ਅੱਗੇ ਦੋਨੋਂ ਹੱਥ ਜੋੜੇ ਅਤੇ ਕਾਹੀ ਦਾ ਬਣਿਆ ਰਾਂਗਲਾ ਮੂਹੜਾ ਅੱਗ ਵਧਾ ਦਿੱਤਾ।
”ਜਲ ਪਾਣੀ ਲਈ ਮਿਹਰਬਾਨੀ, ਸਾਨੂੰ ਕੁਝ ਭਾਂਡਿਆਂ ਦੀ ਲੋੜ ਏ, ਅਸੀਂ ਆਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸੁਗਾਤ ਲਿਜਾਣਾ ਚਾਹੁੰਦੇ ਹਾਂ, ਕੁਝ ਨਮੂਨੇ ਵਿਖਾਓ।” ਮੂਹੜੇ ‘ਤੇ ਬੈਠਦਿਆਂ ਇੱਜ਼ਤ ਬੇਗ ਨੇ ਉੱਤਰ ਦਿੱਤਾ।
ਤੁੱਲਾ ਘੁਮਿਆਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚਲਿਆ ਗਿਆ. ਇੱਜ਼ਤ ਬੇਗ ਸੋਚ ਰਿਹਾ ਸੀ ਕਿ ਉਹ ਖੂਬਸੂਰਤ ਭਾਂਡਿਆਂ ਦੇ ਰਚਣਹਾਰੇ ਦੀ ਸਿਫਤ ਕਰੇ ਤਾਂ ਕਿਵੇਂ ਕਰੇ।
ਤੁੱਲਾ ਅੰਦਰੋਂ ਕਈ ਨਮੂਨੇ ਲੈ ਆਇਆ. ਨਮੂਨੇ ਕੀ ਸਨ- ਕਿਸੇ ਕਰਾਮਾਤੀ ਹੱਥਾਂ ਦਾ ਕਮਾਲ ਸਨ- ਤੱਕਿਆ ਭੁੱਖ ਲਹਿੰਦੀ ਸੀ।
”ਇਹ ਬਹੁਤ ਸੁੰਦਰ ਹਨ- ਅਤੀ ਸੁੰਦਰ। ਕੋਈ ਕਦਰਦਾਨ ਦਿਲ ਹੀ ਇਨ੍ਹਾਂ ਦਾ ਮੁੱਲ ਤਾਰ ਸਕਦਾ ਹੈ। ਤੁਸੀਂ ਏਡੇ ਮਨਮੋਹਣੇ ਭਾਂਡੇ ਕਿਵੇਂ ਬਣਾ ਲੈਂਦੇ ਹੋ?” ਇੱਜ਼ਤ ਬੇਗ ਦੀਆਂ ਪ੍ਰਸੰਸਾ ਭਰੀਆਂ ਤੱਕਣੀਆਂ ਜਾਣਕਾਰੀ ਲੋੜਦੀਆਂ ਸਨ। ਪ੍ਰਸੰਸਾ ਦੇ ਸ਼ਬਦ ਸੁਣ ਕੇ ਤੁੱਲੇ ਦੀਆਂ ਅੱਖਾਂ ਚਮਕ ਉਠੀਆਂ। ਉਹ ਇੱਜ਼ਤ ਬੇਗ ਨੂੰ ਆਪਣੇ ਅੰਦਰ-ਬਾਰ ਲੈ ਗਿਆ ਜਿਥੇ ਭਾਂਡੇ ਬਣ ਰਹੇ ਸਨ। ਚੱਕ ਬੜੀ ਤੇਜ਼ੀ ਨਾਲ ਘੁੰਮ ਰਿਹਾ ਸੀ ਤੇ ਤੁੱਲੇ ਦੀ ਮੁਟਿਆਰ ਧੀ ਆਪਣੀਆਂ ਕੋਮਲ ਉਂਗਲਾਂ ਨਾਲ ਗੁੰਨ੍ਹੀ ਹੋਈ ਮਿੱਟੀ ਨੂੰ ਜਾਦੂ ਭਰੀਆਂ ਛੂਹਾਂ ਦੇ ਰਹੀ ਸੀ।
"ਇਹ ਹੈ ਮੇਰੀ ਧੀ ਸੋਹਣੀ, ਇਹ ਸਾਰੇ ਭਾਂਡੇ ਏਸੇ ਦੇ ਬਣਾਏ ਹੋਏ ਹਨ।” ਤੁੱਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ।
ਘੁੰਮਦਾ ਚੱਕ ਹੌਲੀ ਹੋ ਗਿਆ. ਮੁਟਿਆਰ ਚੱਕ ਉਤੇ ਜਨਮ ਲੈ ਰਹੇ ਸ਼ਾਹਕਾਰ ਵਿਚ ਮਗਨ ਸੀ, ਉਸ ਜ਼ਰਾ ਕੁ ਪਿੱਛੇ ਮੁੜ ਕੇ ਤੱਕਿਆ- ਕਾਲੀਆਂ ਘਟਾਵਾਂ ਪਿੱਛੋਂ ਚੰਦ ਦੀ ਪਿਆਰੀ ਟੁਕੜੀ ਟਹਿਕ ਪਈ।
ਇੱਜ਼ਤ ਬੇਗ ਨੇ ਧੁੱਪ ਵਿਚ ਸੁਕਾਏ ਜਾ ਰਹੇ ਭਾਂਡੇ ਤੱਕੇ ਅਤੇ ਆਵੇ ਵਿਚ ਪਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿੰਨੀ ਦੇਰ ਉਹ ਇਸ ਬਾੜੇ ਵਿਚ ਰਿਹਾ ਸੋਹਣੀ ਦੀ ਪਿਆਰੀ ਸੂਰਤ ਉਹਨੂੰ ਨਜ਼ਰੀਂ ਆਂਦੀ ਰਹੀ ਸੀ। ਉਸ ਨੂੰ ਭਾਂਡਿਆਂ ਦੀ ਖੂਬਸੂਰਤੀ ਦਾ ਭੇਤ ਸਮਝ ਪੈ ਗਿਆ, ”ਸੋਹਣੀ ਦਾ ਆਪਣਾ ਰੂਪ ਹੀ ਤਾਂ ਇਨ੍ਹਾਂ ਭਾਂਡਿਆਂ ਵਿਚ ਸਮਾਇਆ ਹੋਇਆ ਹੈ ਜਿਸ ਕਰਕੇ ਉਹ ਐਨੇ ਖੂਬਸੂਰਤ ਲਗਦੇ ਨੇ।”
ਇੱਜ਼ਤ ਬੇਗ ਨੇ ਬਹੁਤ ਸਾਰੇ ਭਾਂਡੇ ਖਰੀਦ ਲਏ; ਜੋ ਮੁੱਲ ਤੁੱਲੇ ਨੇ ਮੰਗਿਆ ਉਹਨੇ ਤਾਰ ਦਿੱਤਾ।
ਤੁੱਲੇ ਦੀ ਦੁਕਾਨ ਵਿਚੋਂ ਨਿਕਲਦਿਆਂ ਇੱਜ਼ਤ ਬੇਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਮੰਦਰ ਦੀ ਜ਼ਿਆਰਤ ਕਰਕੇ ਆ ਰਿਹਾ ਹੋਵੇ।
ਹੁਣ ਤੁੱਲੇ ਦੀ ਹੁਸ਼ਨਾਨ ਧੀ, ਸੋਹਣੀ ਇੱਜ਼ਤ ਬੇਗ ਦੇ ਖਿਆਲਾਂ ‘ਤੇ ਛਾ ਚੁੱਕੀ ਸੀ।
ਇੱਜ਼ਤ ਬੇਗ ਨੇ ਖੂਬਸੂਰਤ ਭਾਂਡੇ ਆਪਣੇ ਤੰਬੂ ਵਿਚ ਸਜਾ ਦਿੱਤੇ ਜਿਸ ਭਾਂਡੇ ਵਲ ਉਹ ਤੱਕਦਾ, ਚੰਨ ਨਾਲੋਂ ਪਿਆਰੀ ਸੂਰਤ ਉਹਨੂੰ ਨਜ਼ਰ ਆਈ। ਹਰ ਪਾਸੇ ਸੋਹਣੀ, ਜਿਧਰ ਵੀ ਤੱਕਦਾ ਮੁਸਕਰਾਉਂਦੀ ਸੋਹਣੀ ਵਿਖਾਈ ਦਿੰਦੀ। ਸਾਰੀ ਰਾਤ ਉਹ ਸੋਹਣੀ ਦੇ ਖਿਆਲਾਂ ਵਿਚ ਖੋਇਆ ਰਿਹਾ, ਇਕ ਪਲ ਲਈ ਵੀ ਉਹਨੂੰ ਨੀਂਦ ਨਾ ਆਈ। ਪੈਸੇ ਦਾ ਵਣਜ ਕਰਨ ਆਇਆ ਸੌਦਾਗਰ ਇਸ਼ਕ ਦਾ ਵਣਜ ਕਰਨ ਲਈ ਉਤਾਵਲਾ ਹੋ ਉਠਿਆ। ਉਹਨੇ ਆਪਣਾ ਨੌਕਰ ਆਪਣੇ ਦੇਸ਼ ਪਰਤਾ ਦਿੱਤਾ ਤੇ ਆਪ ਗੁਜਰਾਤ ਵਿਚ ਹੀ ਭਾਂਡਿਆਂ ਦੀ ਹੱਟੀ ਪਾ ਲਈ। ਉਹ ਭਾਂਡੇ ਖਰੀਦਣ ਦੇ ਪੱਜ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਤੱਕਣ ਆਉਂਦਾ। ਭਾਂਡਿਆਂ ਦਾ ਵਪਾਰੀ ਉਹ ਕਿਧਰੋਂ ਸੀ, ਉਹ ਤਾਂ ਨੈਣਾਂ ਦਾ ਵਣਜਾਰਾ ਸੀ, ਹੁਸਨ ਦੀ ਹੱਟੀ ਦਾ ਸੌਦਾ ਖਰੀਦਣ ਵਾਲਾ। ਦੁਕਾਨ ਵਿਚ ਘਾਟੇ ‘ਤੇ ਘਾਟਾ ਪੈਂਦਾ ਗਿਆ। ਇਕ ਵਰ੍ਹੇ ਵਿਚ ਹੀ ਉਹਨੇ ਆਪਣੀ ਸਾਰੀ ਪੂੰਜੀ ਮੁਕਾ ਦਿੱਤੀ। ਤੁੱਲੇ ਦਾ ਸੈਂਕੜੇ ਰੁਪਏ ਦਾ ਕਰਜ਼ਾ ਉਦੇ ਸਿਰ ਹੋ ਗਿਆ। ਹਾਲਤ ਇਥੋਂ ਤੱਕ ਪੁੱਜ ਗਈ ਕਿ ਉਹ ਰੋਟੀ ਤੋਂ ਵੀ ਆਤੁਰ ਹੋ ਗਿਆ।
ਅਜੇ ਤੀਕਰ ਇੱਜ਼ਤ ਬੇਗ ਨੇ ਸੋਹਣੀ ਨਾਲ ਦੋ ਪਿਆਰ ਭਰੀਆਂ ਗੱਲੜੀਆਂ ਨਹੀਂ ਸਨ ਕੀਤੀਆਂ, ਸੋਹਣੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾਇਆ ਤਕ ਨਹੀਂ ਸੀ।
ਹਾਰ ਕੇ ਇੱਜ਼ਤ ਬੇਗ ਨੇ ਤੁੱਲੇ ਦੇ ਪੈਰ ਜਾ ਫੜੇ।
”ਮਾਪਿਆ ਮੈਨੂੰ ਬਚਾ ਲੈ। ਮੇਰੇ ਪਾਸ ਫੁੱਟੀ ਕੌਡੀ ਵੀ ਨਹੀਂ ਜੀਹਦੇ ਨਾਲ ਤੇਰਾ ਕਰਜ਼ਾ ਮੋੜ ਸਕਾਂ। ਇਸ ਪ੍ਰਦੇਸ਼ ਵਿਚ ਮੇਰਾ ਕੋਈ ਨਹੀਂ। ਹੇ ਨੇਕ ਦਿਲ ਬੰਦੇ ਮੇਰੇ ‘ਤੇ ਤਰਸ ਕਰ। ਮੈਨੂੰ ਆਪਣੇ ਕੋਲ ਨੌਕਰ ਰੱਖ ਲੈ। ਮੈਂ ਸਿਰਫ ਦੋ ਟੁਕੜੇ ਰੋਟੀ ਦੇ ਖਾ ਕੇ ਗੁਜ਼ਾਰਾ ਕਰ ਲਵਾਂਗਾ, ਮੇਰੀ ਨੌਕਰੀ ਵਿਚੋਂ ਆਪਣਾ ਕਰਜ਼ਾ ਕੱਟ ਲੈਣਾ।” ਇੱਜ਼ਤ ਬੇਗ ਨੇ ਲੇਲੜ੍ਹੀਆਂ ਕੱਢਦਿਆਂ ਆਖਿਆ। ਉਹਦੇ ਨੈਣ ਭਰ ਆਏ।
ਤੁੱਲਾ ਸੋਚੀਂ ਪੈ ਗਿਆ। ਕੁਝ ਚਿਰ ਸੋਚ ਕੇ ਤੁੱਲੇ ਨੇ ਹੁੰਗਾਰਾ ਭਰਿਆ, ‘ਬੇਟਾ ਘਾਬਰਨ ਦੀ ਲੋੜ ਨਹੀਂ। ਵਣਜਾਂ ਵਿਚ ਘਾਟੇ-ਵਾਧੇ ਬਣੇ ਹੀ ਹੋਏ ਨੇ। ਇਹ ਮੈਂ ਜਾਣਦਾਂ ਕਿ ਤੂੰ ਪ੍ਰਦੇਸੀ ਏਂ, ਤੇਰਾ ਏਥੇ ਕੋਈ ਮਦਦਗਾਰ ਨਹੀਂ। ਤੂੰ ਮੇਰੇ ਕੋਲ ਨੌਕਰ ਰਹਿਣ ਦਾ ਸਵਾਲ ਪਾਇਆ ਏ, ਮੈਂ ਸਵਾਲੀ ਕਦੇ ਦਰੋਂ ਮੋੜਿਆ ਨਹੀਂ। ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖਣ ਲਈ ਤਿਆਰ ਹਾਂ ਪਰ ਇਕ ਸ਼ਰਤ ਏ…”
”ਹਾਂ ਦੱਸ ਬਾਬਾ…।” ਇੱਜ਼ਤ ਬੇਗ ਕਾਹਲੀ ਨਾਲ ਬੋਲਿਆ। ਉਸ ਨੂੰ ਆਸ ਦਾ ਟਹਿਟਹਾਣਾ ਜਗਮਗਾਂਦੇ ਵਿਖਾਈ ਦੇ ਰਿਹਾ ਸੀ।
”ਤੈਨੂੰ ਮੱਝਾਂ ਚਾਰਨ ‘ਤੇ ਨੌਕਰ ਰਹਿਣਾ ਪਵੇਗਾ, ਸੋਚ ਲੈ।” ਤੁੱਲੇ ਨੇ ਗੰਭੀਰਤਾਪੂਰਬਕ ਆਖਿਆ।
”ਮੈਨੂੰ ਮਨਜ਼ੂਰ ਏ, ਮੈਂ ਖਿੜੇ ਮੱਥੇ ਇਹ ਨੌਕਰੀ ਕਰਾਂਗਾ।”
ਇੱਜ਼ਤ ਬੇਗ ਲਈ ਜਿਵੇਂ ਸਵਰਗ ਦੀ ਖਿੜਕੀ ਖੁੱਲ੍ਹ ਗਈ ਹੋਵੇ। ਆਪਣੇ ਪਿਆਰੇ ਨਾਲ ਨੇੜਤਾ ਪ੍ਰਾਪਤ ਕਰਨ ਦੀ ਸੱਧਰ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ। ਇੱਜ਼ਤ ਬੇਗ ਮੂੰਹ ਝਾਖਰੇ ਹੀ ਮੱਝਾਂ ਖੋਲ੍ਹਦਾ, ਆਪਣੇ ਸਾਥੀਆਂ ਸਮੇਤ ਝਨਾਅ ਦੇ ਬੇਲੇ ਵਿਚ ਪੁੱਜ ਜਾਂਦਾ। ਇੱਜ਼ਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਚੁੱਕਾ ਸੀ, ਉਹਨੂੰ ਇਸੇ ਨਾਂ ਨਾਲ ਸੱਦਦੇ ਸਨ। ਕੋਈ ਡੇਢ ਵਰ੍ਹਾ ਇਸੇ ਤਰ੍ਹਾਂ ਲੰਘ ਗਿਆ. ਸੋਹਣੀ ਦੀ ਰਾਂਗਲੀ ਨੁਹਾਰ ਉਹਨੂੰ ਜ਼ਿੰਦਗੀ ਜੀਣ ਦਾ ਲਾਰਾ ਦਈ ਜਾ ਰਹੀ ਸੀ। ਉਹ ਕਲਪਨਾ ਵਿਚ ਹੀ ਕਈ ਵਾਰ ਸੋਹਣੀ ਨਾਲ ਸ਼ਹਿਦ ਭਰੀਆਂ ਗੱਲਾਂ ਕਰਦਾ, ਰੁੱਸਦਾ, ਹੱਸਦਾ ਅਤੇ ਮਨਮਨਾਈ ਕਰਦਾ। ਪਰੰਤੂ ਸੋਹਣੀ ਉਹਦੇ ਪਾਸੋਂ ਬਹੁਤ ਦੂਰ ਸੀ- ਅਸਮਾਨੀ ਤਾਰਿਆਂ ਨਾਲੋਂ ਵੀਦੂਰ। ਸੋਹਣੀ ਤਾਂ ਉਹਦੇ ਲਈ ਲਾਜਵੰਤੀ ਦਾ ਬੂਟਾ ਸੀ, ਜਿਹੜਾ ਹੱਥ ਲਾਇਆ ਕੁਮਲਾ ਜਾਂਦਾ ਏ।
ਇਕ ਦਿਨ ਸੋਹਣੀ ਮਹੀਂਵਾਲ ਲਈ ਭੱਤਾ ਲੈ ਕੇ ਆ ਗਈ। ਉਹਦਾ ਚੋ ਚੋ ਪੈਂਦਾ ਰੂਪ ਮਹੀਂਵਾਲ ਨੂੰ ਤੜਪਾ ਗਿਆ। ਉਸ ਆਪਣੀ ਦਿਲ ਸੋਹਣੀ ਅੱਗੇ ਫੋਲ ਸੁੱਟਿਆ।
”ਸੋਹਣੀਏ! ਮੈਂ ਤੇਰੇ ਪਿੱਛੇ ਆਪਣੇ ਮਾਂ ਬਾਪ ਅਤੇ ਪਿਆਰਾ ਦੇਸ ਛੱਡ ਦਿੱਤੇ। ਪਰ ਤੂੰ ਏਂ ਜੀਹਨੇ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ। ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀਆਂ ਮੱਝਾਂ ਚਾਰ ਰਿਹਾ। ਕੁਝ ਰਹਿਮ ਕਰ ਸੋਹਣੀ ਏਂ। ਕੁਝ ਤਰਸ ਕਰ ਹੁਸਨ ਪਰੀਏ।”
ਸੋਹਣੀ ਦੇ ਹੁਸ਼ਨਾਕ ਚਿਹਰੇ ‘ਤੇ ਲਾਲੀ ਦੀ ਲਹਿਰ ਦੌੜ ਗਈ। ਉਹਨੇ ਮਹੀਂਵਾਲ ਨੂੰ ਆਪਣੀ ਮੁਹੱਬਤ ਇਸ਼ਕ ਦੀ ਦਹਿਲੀਜ ਚੜ੍ਹਾ ਦਿੱਤੀ।
”ਸੋਹਣੀਏਂ ਦੁਨੀਆਂ ਦੀਸਾਰੀ ਦੌਲਤ ਅੱਜ ਮੇਰੀ ਝੋਲੀ ਵਿਚ ਏ. ਮੇਰੇ ਨਾਲੋਂ ਅਮੀਰ ਹੁਣ ਦੁਨੀਆਂ ਵਿਚ ਦੂਜਾ ਕੋਈ ਨਹੀਂ।”
”ਮਹੀਂਵਾਲਾ ਮੈਂ ਆਪਣੀ ਪਾਕ ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਐ, ਮੈਂ ਵਫਾ ਨਿਭਾਵਾਂਗੀ ਇਸ਼ਕ ਨੂੰ ਦਾਗ ਨਹੀਂ ਲੱਗਣ ਦਿਆਂਗੀ…।”
ਸੋਹਣੀ ਮਹੀਂਵਾਲ ਹਰ ਰੋਜ਼ ਬੇਲੇ ਵਿਚ ਪਿਆਰ ਮਿਲਣੀਆਂ ਮਾਣਦੇ ਰਹੇ।
ਬੇਲੇ ਵਿਚ ਸੋਹਣੀ ਦਾ ਰੋਜ਼ ਮਹੀਂਵਾਲ ਪਾਸ ਜਾਣਾ ਕਈ ਖਚਰੀਆਂ ਨਜ਼ਰਾਂ ਨੂੰ ਖੁੜਕ ਗਿਆ। ਉਨ੍ਹਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ:
ਤੂੰ ਹੱਸਦੀ ਦਿਲ ਰਾਜ਼ੀ ਮੇਰਾ
ਲਗਦੇ ਨੇ ਬੋਲ ਪਿਆਰੇ
ਚੱਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪ੍ਰਗਟ ਹੋਈਆਂ
ਵਜ ਗਏ ਢੋਲ ਨਿਗਾਰੇ
ਸੋਹਣੀਏਂ ਆ ਜਾ ਨੀ
ਡੁੱਬਦਿਆਂ ਨੂੰ ਰੱਬ ਤਾਰੇ
ਤੁੱਲੇ ਨੂੰ ਵੀ ਸੋਹਣੀ ਮਹੀਂਵਾਲ ਦੇ ਪ੍ਰੇਮ ਬਾਰੇ ਸੂਹ ਮਿਲ ਗਈ. ਦੋ ਜਵਾਨੀਆਂ ਦੀ ਪਾਕ ਮੁਹੱਬਤ ਨੂੰ ਉਨ੍ਹਆਂ ਪ੍ਰਵਾਨ ਨਾ ਕੀਤਾ। ਮਹੀਂਵਾਲ ਨੂੰ ਚਾਕਓਂ ਜਵਾਬ ਮਿਲ ਗਿਆ ਤੇ ਸੋਹਣੀ ਨੂੰ ਉਨਾਂ ਗੁਜਰਾਤ ਦੇ ਇਕ ਹੋਰ ਘੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ।
ਸੋਹਣੀ ਮਹੀਂਵਾਲ ਲਈ ਤੜਫਦੀ ਰਹੀ, ਮਹੀਂਵਾਲ ਸੋਹਣੀ ਦੇ ਵੈਰਾਗ ਵਿਚ ਹੰਝੂ ਕੇਰਦਾ ਰਿਹਾ। ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ, ਦੋ ਰੂਹਾਂ ਘਾਇਲ ਕਰ ਦਿੱਤੀਆਂ।
ਇੱਜ਼ਤ ਬੇਗੋਂ ਮਹੀਂਵਾਲ ਬਣਿਆ ਮਹੀਂਵਾਲ ਮਹੀਂਵਾਲੋਂ ਫਕੀਰ ਬਣ ਗਿਆ ਤੇ ਗੁਜਰਾਤ ਤੋਂ ਵਜ਼ੀਰਾਬਾਦ ਦੇ ਪਾਸੇ ਇਕ ਮੀਲ ਦੀ ਦੂਰੀ ‘ਤੇ ਝਨਾਅ ਦਰਿਆ ਦੇ ਪਾਰਲੇ ਕੰਢੇ ਝੁੱਗੀ ਜਾ ਪਾਈ।
ਸੋਹਣੀ ਹੁਣ ਆਪਣੇ ਸਹੁਰੇ ਘਰ ਰਹਿ ਰਹੀ ਸੀ। ਇਕ ਦਿਨ ਫਕੀਰ ਬਣਿਆ ਮਹੀਂਵਾਲ ਸੋਹਣੀ ਨੂੰ ਜਾ ਮਿਲਿਆ ਤੇ ਉਨ੍ਹਾਂ ਹਰ ਰੋਜ਼ ਅੱਧੀ ਰਾਤ ਮਗਰੋਂ ਝਨਾਅ ਦੇ ਕੰਢੇ ਮਿਲਣਾ ਨੀਯਤ ਕਰ ਲਿਆ।
ਅੱਧੀ ਰਾਤ ਗੁਜ਼ਰਦੀ, ਸੋਹਣੀ ਆਪਣੇ ਘਰਦਿਆਂ ਤੋਂ ਚੋਰੀ ਉਠਦੀ ਤੇ ਇਕ ਮੀਲ ਬੇਲੇ ਦੇ ਤਰਾਹ-ਤਰਾਹ ਕਰ ਰਹੇ ਸੁੰਨਸਾਨ ਰਾਹਾਂ ਵਿਚੋਂ ਲੰਘਦੀ ਹੋਈ ਆਪਣੇ ਮਹੀਂਵਾਲ ਨੂੰ ਜਾ ਮਿਲਦੀ। ਮਹੀਂਵਾਲ ਪਾਰੋਂ ਕਾਲੀ ਬੋਲ੍ਹੀ ਰਾਤ ਵਿਚ ਝਨਾਅ ਪਾਰ ਕਰਕੇ ਆਉਂਦਾ। ਸਤਾਰਿਆਂ ਜੜੇ ਚੰਦੋਏ ਦੀ ਛਾਂ ਥੱਲੇ ਦੋ ਘਾਇਲ ਰੂਹਾਂ ਮਿਲਦੀਆਂ, ਪਿਆਰੀਆਂ, ਰਸ ਭਰੀਆਂ ਤੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ।
ਇਕ ਰਾਤ ਝਨਾਅ ਪਾਰ ਕਰੇਂਦੇ ਮਹੀਂਵਾਲ ਦੇ ਕਿਸੇ ਜਾਨਵਰ ਨੇ ਚੱਕ ਮਾਰਿਆ ਤੇ ਉਹਦਾ ਪੱਟ ਚੀਰ ਸੁੱਟਿਆ। ਹੁਣ ਉਹਦੇ ਲਈ ਤੈਰਨਾ ਮੁਸ਼ਕਲ ਹੋ ਗਿਆ ਸੀ।
ਅਗਲੀ ਰਾਤ ਸੋਹਣੀ ਆਪਣੇ ਨਾਲ ਮਿੱਟੀ ਦਾ ਪੱਕਾ ਘੜਾ ਲੈ ਗਈ। ਘੜੇ ਦੀ ਮਦਦ ਨਾਲ ਉਹਨੇ ਝਨਾਅ ਪਾਰ ਕੀਤਾ ਤੇ ਮਹੀਂਵਾਲ ਦੀ ਝੁੱਗੀ ਵਿਚ ਜਾ ਪੁੱਜੀ। ਮਹੀਂਵਾਲ ਸੋਹਣੀ ਨੂੰ ਮਿਲ ਕੇ ਆਪਣੀ ਪੀੜ ਭੁੱਲ ਗਿਆ, ”ਤੈਨੂੰ ਪਾ ਕੇ, ਸੋਹਣੀਏਂ ਮੇਰਾ ਦੁੱਖ ਅੱਧਾ ਰਹਿ ਗਿਐ। ਤੂੰ ਤਾਂ ਮਰਦਾਂ ਨਾਲੋਂ ਵੀ ਤਕੜੀ ਨਿਕਲੀ ਏਂ, ਐਡੀ ਕਾਲੀ ਬੋਲ੍ਹੀ ਰਾਤ ਵਿਚ ਐਡੇ ਵੱਡੇ ਦਰਿਆ ਨੂੰ ਪਾਰ ਕਰਨਾ ਇਕ ਔਰਤ ਲਈ ਬਹੁਤ ਵੱਡੀ ਗੱਲ ਏ।” ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਂਵਾਲ ਪਾਸ ਜਾਂਦੀ ਅਤੇ ਆਉਂਦੀ ਹੋਈ ਘੜੇ ਨੂੰ ਸਰਕੜੇ ਦੇ ਬੂਝੇ ਵਿਚ ਲੁਕੋ ਦੇਂਦੀ।
ਸੋਹਣੀ ਦੇ ਹਰ ਰੋਜ਼ ਅੱਧੀ ਰਾਤੋਂ ਬਾਹਰ ਜਾਣ ਤੇ ਉਹਦੀ ਨਨਾਣ ਨੂੰ ਸ਼ੱਕ ਹੋ ਗਿਆ। ਇਕ ਦਿਨ ਉਹ ਵੀ ਸੋਹਣੀ ਦੇ ਮਗਰ ਤੁਰ ਪਈ। ਸੋਹਣੀ ਨੂੰ ਆਪਣੇ ਮਗਰ ਆਉਂਦੀ ਕਦਮਾਂ ਦੀ ਵਾਜ਼ ਵੀ ਸੁਣਾਈ ਦਿੱਤੀ ਪਰੰਤੂ ਉਹਨੇ ਆਪਣੇ ਹੀ ਕਦਮਾਂ ਦੀ ਆਵਾਜ਼ ਦਾ ਭੁਲੇਖਾ ਜਾਣ ਕੇ ਗੱਲ ਆਈ ਗਈ ਕਰ ਛੱਡੀ। ਸੋਹਣੀ ਦਰਿਆ ‘ਤੇ ਪੁੱਜੀ, ਸਰਕੜੇ ਦੇ ਬੂਝੇ ਵਿਚੋਂ ਘੜਾ ਚੁੱਕਿਆ ਤੇ ਦਰਿਆ ਵਿਚ ਠਿੱਲ੍ਹ ਪਈ. ਉਹਦੀ ਨਨਾਣ ਦੂਰ ਖੜ੍ਹੀ ਸਭ ਕੁਝ ਤੱਕਦੀ ਰਹੀ। ਸੋਹਣੀ ਕੁਝ ਸਮੇਂ ਮਗਰੋਂ ਵਾਪਸ ਪਰਤੀ ਤੇ ਘੜਾ ਉਸੇ ਥਾਂ ‘ਤੇ ਲੁਕੋ ਦਿੱਤਾ। ਉਹਦੀ ਨਨਾਣ ਛੋਪਲੇ-ਛੋਪਲੇ ਕਦਮੀਂ ਸੋਹਣੀ ਤੋਂ ਪਹਿਲੋਂ ਘਰ ਪੁੱਜ ਗਈ।
ਦਿਨੇ ਨਨਾਣ ਨੇ, ਆਪਣੀ ਮਾਂ ਨੂੰ, ਸੋਹਣੀ ਦੇ ਦਰਿਆ ਪਾਰ ਕਰਕੇ ਮਹੀਂਵਾਲ ਨੂੰ ਮਿਲਣ ਜਾਣ ਦੀ ਸਾਰੀ ਵਾਰਤਾ ਜਾ ਸੁਣਾਈ।
ਅੱਧੀ ਰਾਤ ਲੰਘੀ, ਸੋਹਣੀ ਉੱਠੀ। ਬਾਹਰ ਘੁੱਪ ਹਨੇਰਾ ਪਸਰਿਆ ਹੋਇਆ ਸੀ। ਸਾਰੇ ਅਸਮਾਨ ‘ਤੇ ਬੱਦਲ ਛਾਏ ਹੋਏ ਸਨ। ਸੋਹਣੀ ਨੇ ਦਰੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਬਿਜਲੀ ਕੜਕੜਾਈ। ਉਹਦਾ ਦਿਲ ਕੰਬ ਗਿਆ ਪਰੰਤੂ ਉਸ ਪੈਰ ਪਿੱਛੇ ਨਾ ਮੋੜੇ। ਉਹਦਾ ਮਹੀਂਵਾਲ ਉਹਨੂੰ ਉਡੀਕਦਾ ਪਿਆ ਸੀ… ਦੂਰ ਪਾਰਲੇ ਕੰਢੇ ਉਹਦਾ ਇੰਤਜ਼ਾਰ ਕਰ ਰਿਹਾ ਸੀ। ਉਹ ਆਪਣਾ ਦਿਲ ਤਕੜਾ ਕਰਕੇ ਤੁਰ ਪਈ। ਰਾਹ ਨਜ਼ਰੀਂ ਨਹੀਂ ਸੀ ਪੈਂਦਾ। ਰਾਹ ਵਿਚ ਅਨੇਕਾਂ ਕੰਡੇ ਤੇ ਝਾੜੀਆਂ ਖਿੰਡੀਆਂ ਪਈਆਂ ਸਨ। ਉਹ ਡਿਗਦੀ ਢਹਿੰਦੀ, ਝਾੜੀਆਂ, ਝਾਫਿਆਂ ਵਿਚ ਫਸਦੀ ਲਹੂ ਲੁਹਾਣ ਹੋਈ ਝਨਾਅ ਦੇ ਕੰਢੇ ‘ਤੇ ਪੁੱਜ ਗਈ। ਉਸ ਸਰਕੜੇ ਦੇ ਬੂਝੇ ਵਿਚੋਂ ਘੜਾ ਚੁੱਕ ਲਿਆ। ਘੜੇ ਨੂੰ ਉਸ ਆਪਣੀ ਆਦਤ ਅਨੁਸਾਰ ਟੁਣਕਾ ਕੇ ਵੇਖਿਆ, ਪਹਿਲਾਂ ਵਰਗੀ ਟੁਣਕਾਰ ਨਹੀਂ ਸੀ। ਆਹ! ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਸੀ। ਮੁਹੱਬਤ ਨਵੇਂ ਇਮਤਿਹਾਨ ਵਿਚ ਪਾ ਦਿੱਤੀ ਸੀ।
ਪਾਰਲੇ ਕੰਢੇ ਮਹੀਂਵਾਲ ਦੀ ਝੁੱਗੀ ਵਿਚ ਦੀਵਾ ਟਿਮਟਮਾ ਰਿਹਾ ਸੀ ਤੇ ਮਹੀਂਵਾਲ ਸੁਰੀਲੀ ਬੰਸਰੀ ਦੀਂ ਤਾਲਾਂ ਤੇ ਪਿਆਰੇ ਬੋਲ ਗਾਉਂਦਾ ਪਿਆ ਸੀ। ਉਰਲੇ ਕੰਢੇ ਸੋਹਣੀ ਕੱਚਾ ਘੜਾ ਚੁੱਕੀ ਸੋਚਾਂ ਵਿਚ ਡੁੱਬੀ ਖੜ੍ਹੀ ਸੀ। ਵਿਚਕਾਰ ਦਰਿਆ ਪੂਰੇ ਸਿਖਰ ‘ਤੇ ਸੀ। ਅਸਮਾਨਾਂ ‘ਤੇ ਕਹਿਰਾਂ ਦੀ ਬਿਜਲੀ ਲਿਸ਼ਕ ਰਹੀ ਸੀ।
”ਕੀ ਹੋਇਆ ਘੜਿਆ ਤੂੰ ਪੱਕਿਓਂ ਕੱਚਾ ਬਣ ਗਿਓਂ। ਮੈਂ ਪਿੱਛੇ ਨਹੀਂ ਪਰਤਾਂਗੀ, ਆਪਣਾ ਕੌਲ ਪੂਰਾ ਕਰਾਂਗੀ। ਮੈਂ ਮਰਦ ਜਾਤ ਪਾਸੋਂ ਇਹ ਉਲਾਂਭਾ ਨਹੀਂ ਖੱਟਾਂਗੀ। ਆਪਣੀ ਵਫ਼ਾ ਨਿਭਾਵਾਂਗੀ, ਚਾਹੇ ਮੈਨੂੰ ਆਪਣੀ ਜਿੰਦ ਵੀ ਕਿਉਂ ਨਾ ਵਾਰਨੀ ਪੈ ਜਾਵੇ…”
ਸੋਹਣੀ ਨੇ ਸੱਚੇ ਰੱਬ ਅੱਗੇ ਦੋਨੋਂ ਹੱਥ ਜੋੜੇ ਤੇ ਕੱਚੇ ਘੜੇ ਨਾਲ ਦਰਿਆ ਵਿਚ ਠਿੱਲ੍ਹ ਪਈ:
ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ ‘ਤੇ ਮੈਂ ਤਰਦੀ
ਵੇਖੀਂ ਰੱਬਾ ਖੈਰ ਕਰੀਂ
ਤੇਰੀ ਆਸ ਤੇ ਮੂਲ ਨਾ ਡਰਦੀ
ਮੂੰਹ ਜ਼ੋਰ ਪਾਣੀਆਂ ਅੱਗੇ ਕੱਚਿਆਂ ਨੇ ਕਿੱਥੋਂ ਠਹਿਰਨਾ ਹੋਇਆ। ਸੋਹਣੀ ਅਜੇ ਥੋੜ੍ਹੀ ਦੂਰ ਹੀ ਗਈ ਸੀ ਕਿ ਘੜਾ ਖੁਰ ਗਿਆ। ਉਹ ਆਪਣੇ ਹੱਥ ਪੈਰ ਮਾਰਨ ਲੱਗੀ… ਹੋਰ ਕੁਝ ਗਜ਼ ਵਧੀ… ਕਹਿਰਾਂ ਦਾ ਪਾਣੀ ਵਗ ਰਿਹਾ ਸੀ। ਉਹਦਾ ਸਾਹ ਟੁੱਟਣ ਲੱਗਾ…।
”ਮਹੀਂਵਾਲਾ… ਮਹੀਂਵਾਲਾ…. ਆ ਮਿਲ ਲੈ ਮਹੀਂਵਾਲਾ… ‘ਤੇ ਸੋਹਣੀ ਦੀ ਆਵਾਜ਼ ਗੁਆਚ ਗਈ। ਪਾਣੀ ਦੀ ਇਕ ਤੇਜ਼ ਲਹਿਰ ਉਹਨੂੰ ਆਪਣੇ ਨਾਲ ਵਹਾ ਕੇ ਲੈ ਗਈ।
ਬੜੇ ਜ਼ੋਰਾਂ ਦੀ ਬਿਜਲੀ ਕੜਕੀ। ਬਿਜਲੀ ਦੇ ਲਿਸ਼ਕਾਰੇ ਵਿਚ ਮਹੀਂਵਾਲ ਨੂੰ ਪਾਣੀਆਂ ਨਾਲ ਘੋਲ ਕਰੇਂਦੀ ਸੋਹਣੀ ਵਖਾਈ ਦਿੱਤੀ।
”ਸੋਹਣੀਏਂ ਦਿਲ ਨਾ ਛੱਡੀਂ, ਮੈਂ ਆਇਆ।” ਮਹੀਂਵਾਲ ਨੇ ਆਪਣੇ ਪੂਰੇ ਜ਼ੋਰ ਨਾਲ ਆਵਾਜ਼ ਮਾਰੀ ਅਤੇ ਦਰਿਆ ਵਿਚ ਛਾਲ ਮਾਰ ਦਿੱਤੀ।
ਉਹ ਮੁਸ਼ਕਿਲ ਨਾਲ ਝਨਾਂ ਦੇ ਅੱਧ ਵਿਚਕਾਰ ਪੁੱਜਿਆ ਹੀ ਸੀ ਕਿ ਉਹਨੇ ਬਿਜਲੀ ਦੇ ਲਿਸ਼ਕਾਰੇ ਵਿਚ ਆਪਣੇ ਤੋਂ ਚੰਦ ਕਦਮਾਂ ਦੀ ਦੂਰੀ ‘ਤੇ ਰੁੜ੍ਹੀ ਜਾਂਦੀ ਸੋਹਣੀ ਤੱਕੀ। ਉਹਨੇ ਬੜੇ ਜ਼ੋਰ ਨਾਲ ਹੱਥ ਮਾਰੇ ਤੇ ਬੇਸੁਰਤ ਸੋਹਣੀ ਨੂੰ ਫੜ ਲਿਆ ਅਤੇ ਕੰਢੇ ਵੱਲ ਨੂੰ ਵਧਣ ਲੱਗਾ। ਦਰਿਆ ਅੱਜ ਪੂਰਾ ਚੜ੍ਹਿਆ ਹੋਇਆ ਸੀ। ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਪੂਰਾ ਅੱਧਾ ਦਰਿਆ ਅਜੇ ਉਸ ਪਾਰ ਕਰਨਾ ਸੀ। ਉਸ ਬੜੀ ਕੋਸ਼ਿਸ਼ ਕੀਤੀ ਪਰੰਤੂ ਉਹਦਾ ਸਾਹ ਅਧ-ਵਿਚਕਾਰ ਹੀ ਟੁੱਟ ਗਿਆ। ਪਾਣੀ ਦੀ ਇਕ ਕਹਿਰਾਂ ਭਰੀ ਲਹਿਰ ਉਹਨੂੰ ਸੋਹਣੀ ਸਮੇਤ ਵਹਾਅ ਕੇ ਲੈ ਗਈ।
ਮਹੀਂਵਾਲ ਦੀ ਝੁੱਗੀ ਵਿਚ ਟਿਮਟਮਾਉਂਦਾ ਦੀਵਾ ਚਿਰੋਕਣਾ ਬੁੱਝ ਚੁੱਕਾ ਸੀ।
ਜਿਸ ਸਿਦਕ ਦਿਲੀ ਨਾਲ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਸ ਸਦਕਾ ਪੰਜਾਬ ਦਾ ਲੋਕ ਮਾਨਸ ਅੱਜ ਵੀ ਉਸ ਦੇ ਸਿਦਕ ਨੂੰ ਵਾਰ-ਵਾਰ ਪ੍ਰਣਾਮ ਕਰਦਾ ਹੈ:
ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ
ਉਹਦੀ ਪ੍ਰੀਤ ਵੀ ਪਾਣੀ ਭਰਦੀ
ਵਿਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਤਰਦੀ।