ਹੀਰ ਰਾਂਝੇ ਦੀ ਕਲੀ
ਕਲੀ ਹੀਰ-੧
ਗੁੱਸੇ ਹੋਕੇ ਰਾਂਝਾ ਤੱਖ਼ਤ ਹਜ਼ਾਰਿਓਂ ਤੁਰ ਪਿਆ ਹੈ,
ਸੁਬ੍ਹਾ ਸਾਦਕ ਹੋਈ, ਨਾ ਹੋਈਆਂ ਰੋਸ਼ਨਾਈਆਂ ।
ਕਾਂਵਾਂ-ਰੌਲੀ ਪਾ ਤੀ ਸੀ, ਉੱਠਕੇ ਭਰਝਾਈਆਂ ਨੇ,
ਮਗਰੇ ਭੱਜੀਆਂ ਆਈਆਂ, ਸੀ ਦਿੰਦੀਆਂ ਦੁਹਾਈਆਂ ।
ਚੰਦ ਪ੍ਰਵਾਰ ਵਾਂਗੂੰ ਘੇਰਾ ਘੱਤ ਲਿਆ ਰੋਕ ਕੇ,
ਹੱਥ ਬੰਨ੍ਹ ਪੈਰੀਂ ਗਿਰਕੇ ਤੇ ਕਹਿਣ ਭਰਝਾਈਆਂ ।
ਕਾਹਤੋਂ ਰੁੱਸ ਗਿਆ ਦਿਉਰਾ, ਲੱਛਿਆ ਪੱਟ ਦੇ ਵਰਗਿਆ ਵੇ,
ਕਿੱਧਰ ਹੁਸਨ ਕੱਟਕ ਨੇ, ਕਰੀਆਂ ਝੜਾਈਆਂ ।
ਮੱਝੀਆਂ ਚੋਣ ਨੂੰ ਘੰਗਰਾਲਾਂ ਸੁਹਣ ਬਲਦਾਂ ਦੇ,
ਦਾਣੇ ਪੈਸੇ ਵਾਫਰ ਤੇ, ਚਲਦੀਆਂ ਵਾਈਆਂ ।
ਅੱਧੀ ਰਾਤ ਸੌਂਦਾ ਸਿੱਖਰ ਦੁਪਹਿਰੇ ਜਾਗਦਾ,
ਤੈਨੂੰ ਵਾਜ ਸੁੱਤੇ ਨੂੰ ਮਾਰੀ ਨਾ ਭਾਈਆਂ ।
ਚਿੱਟੀ ਦੂਹਰ ਉੱਪਰ ਨਾਲ ਸਰ੍ਹਾਣਾ ਲੱਗਿਆ ਵੇ,
ਰੱਤੇ ਪਾਵੇ ਪਲੰਘ ਦੇ ਚੰਨਣ ਦੀਆਂ ਬਾਹੀਆਂ ।
ਪਟੇ ਚੋਪੜ ਅੱਖੀਂ ਲੱਪ-ਲੱਪ ਸੁਰਮਾਂ ਪਾਇਆ ਵੇ,
ਲਟਕ-ਲਟਕ ਮੁੰਡਿਆ ਵੰਝਲੀਆਂ ਵਜਾਈਆਂ ।
ਨਾਲ ਮਖਾਣਿਆਂ ਦੇ ਹੈ ਭਰੀਆਂ ਦੋਵੇਂ ਪਾਕਟਾਂ,
ਹੱਟ ਤੋਂ ਚੋਰੀ ਖਾਂਦਾ ਤੂੰ ਮਿੱਠੀਆਂ ਮਠਿਆਈਆਂ ।
ਸੁਬ੍ਹਾ ਵੇਲੇ ਪੀਂਦਾ ਦੁੱਧ ਵਿੱਚ ਮਿਸ਼ਰੀ ਖੋਰਕੇ,
ਸ਼ਾਮੀਂ ਬਾਗੜ੍ਹ-ਬਿਲਿਆ, ਤੂੰ ਨਿਗਲੇਂ ਮਲਾਈਆਂ ।
ਛੰਨਾਂ ਚੂਰੀ ਦਾ ਤੂੰ, ਰੋਜ਼ ਰਖਦੈਂ ਮਾਂਜਕੇ,
ਗਪਲ-ਗਪਲ ਕੱਚੀਆਂ, ਮੱਖਣੀਆਂ ਨਘਾਈਆਂ ।
ਮੋਟੇ ਡੌਲੇ ਤੇਰੇ, ਪੱਟ ਨਾਂ ਮਿਔਂਦੇ ਥੱਬਿਆਂ ਮੇਂ,
ਦੋ-ਦੋ ਉਂਗਲਾਂ ਪੈਂਦੀਆਂ ਵੇ, ਮੌਰਾਂ ਵਿੱਚ ਖਾਈਆਂ ।
ਦੰਦੀਆਂ ਰਿੜਕਦੀਆਂ ਤੂੰ, ਅੱਗੋਂ ਨਾਂਹ-ਨਾਂਹ ਕਰਦਾ ਵੇ,
ਏਸ ਚੰਦਰੀ ਨਾਂਹ ਦੀਆਂ, ਨਾ ਮਿਲਦੀਆਂ ਦਵਾਈਆਂ ।
ਤੇਰੇ ਵੱਸ ਨਾ ਰਾਂਝਿਆ, ਦਾਣਾ-ਪਾਣੀ ਖਿਚਦਾ ਵੇ,
ਤੇ ਤਕਦੀਰ ਚੰਦਰੀ ਨੇ, ਦਿੱਤੀਆਂ ਨਾ ਡਾਹੀਆਂ ।
ਹੱਥੀਂ ਡੋਹਲੀ ਜਾਂਦਾ, ਪਿਆਲੇ ਭਰੇ ਪਰੇਮ ਦੇ,
ਗੱਟ-ਗੱਟ ਕਰਕੇ ਪੀਲਾ ਤੂੰ, ਭਰੀਆਂ ਸੁਰਾਹੀਆਂ ।
ਹੱਥ ਤੂੰ ਪੌਂਦਾ ਫਿਰਦਾ, ਟੀਸੀ ਵਾਲੇ ਬੇਰ ਨੂੰ,
ਮੁਸ਼ਕਲ ਜਾਵਣ ਕੁੜੀਆਂ, ਝੰਗ ਛਿਆਲੋਂ ਵਿਆਹੀਆਂ ।
ਰੁਲਕੇ ਮਰਜੇਂਗਾ ਭਰਝਾਈਆਂ ਮਗਰੋਂ ਰੋਣਗੀਆਂ,
ਅਸੀਂ ਤੇਰੇ ਗੱਭਰੂਆ, ਦਰਸ਼ਨ ਦੀਆਂ ਧਿਹਾਈਆਂ ।
ਡਾਰ ਮੂੰਨਾਂ ਦੀ ਨਾ ਛਡਦੀ, ਹੀਰਿਆ ਹਰਨਾਂ ਵੇ,
ਪਲ ਨਾ ਵਿਛੜੇ ਜੱਦ ਦੀਆਂ ਤੱਖ਼ਤ-ਹਜ਼ਾਰੇ ਆਈਆਂ ।
ਪੂਰਨ ਵਾਂਗੂੰ ਵੜਗਿਆ ਮਹਿਲ ਰਾਣੀ ਸੁੰਦਰਾਂ ਦੇ,
ਕਿਹੜੀ ਜਾਏ-ਖਾਣੀ ਨੇ, ਪੱਟੀਆਂ ਪੜ੍ਹਾਈਆਂ ।
ਸੁਫਨੇ ਵਿੱਚ ਜ਼ੁਲੈਖ਼ਾਂ ਦਿਲ ਦਾ, ਸੌਦਾ ਕਰਗੀ ਸੀ,
'ਬਾਬੂ' ਗੁੱਝੀਆਂ ਸਾਈਆਂ ਯੂਸਫ ਨੂੰ ਫੜਾਈਆਂ ।
ਹੋ ਸੱਚਿਆ ਲੈ ਤਾਰਜੂ, ਮੇਰੀ ਰੂ ਸੰਗਤੇ ਜੀ ਵਸਦੀ ਰਹਿ ਤੂੰ ਜੀ ।
ਕਲੀ ਹੀਰ-੨
ਨਗਰੋਂ ਵੀਹ ਕੋਹ ਆਕੇ ਨ੍ਹੇਰਾ ਹੋ ਗਿਆ ਚਾਕ ਨੂੰ,
ਆਲੀ ਸ਼ਾਨ ਮਸਜਦ ਮੇਂ ਹੁਜਰੇ ਸਬਾਤਾਂ ।
ਰੌਣਕ ਲੱਗੀ ਮੋਮਨ ਵਿਰਦ ਵਜ਼ੀਫ਼ੇ ਕਰਦੇ ਐ,
ਛੋਟੇ ਲੜਕੇ ਪੜ੍ਹਦੇ ਸੀ ਹਜ਼ਰਤ ਦੀਆਂ ਨਾਅਤਾਂ ।
ਪਾਣੀ ਪੀ ਕੇ ਰਾਂਝਾ ਰੱਬ ਦਾ ਸ਼ੁਕਰ ਗੁਜ਼ਾਰ ਦਾ,
ਮੰਗੇ ਟੁਕੜੇ ਆਗੇ ਸੀ ਭਰੀਆਂ ਪਰਾਤਾਂ ।
ਕਿੱਧਰੇ ਵਗਜਾ ਤੇਰੀ ਕਿਸਮਤ ਨਾਲੇ ਜਾਂਦੀ ਐ,
ਓਹੋ ਮਿਲਣ ਜਿਹੜੀਆਂ ਲਿਖੀਆਂ ਹੋਣ ਬਰਾਤਾਂ ।
ਗ਼ਾਫ਼ਲ ਹੋਕੇ ਸੌਂ ਗਿਆ ਛੇੜੀ ਰਾਂਦ ਮਲਾਣੇ ਨੇ,
ਏਥੇ ਆਕੇ ਲੱਥੀਆਂ ਜੀ ਕਿੱਧਰੋਂ ਅਫ਼ਾਤਾਂ ।
ਬਾਂਗ ਮਿਲਗੀ ਤੇ ਤਕਬੀਰ ਸੁਣਲੀ ਸਾਰਿਆਂ ਨੇ,
ਤੇਰੇ ਕੋਲ ਕਮਲਿਆ ਹੋਗੀਆਂ ਜਮਾਤਾਂ ।
ਦੁਆਈਂ ਮੰਗਕੇ ਸਾਰੇ ਮੋਮਨ ਘਰ ਨੂੰ ਮੁੜਗੇ ਐ,
ਟੈਨ-ਸੈਵਨ ਪੜ੍ਹੀਆਂ ਸੀ ਕੁੱਲ ਨੇ ਹਕਾਤਾਂ ।
ਵੰਝਲੀ ਫੜਲੀ ਤੇ ਬਦਨਾਮ ਕਰਤਾ ਜਣਦਿਆਂ ਨੂੰ,
ਨਿੱਜ ਨੂੰ ਜਰਮਣ ਤੇਰੇ ਵਰਗੀਆਂ ਜਨਾਤਾਂ ।
ਕਲਮਾਂ, ਹੱਜ ਤੇ ਰੋਜ਼ੇ ਸਣੇ ਨਮਾਜ਼ ਜ਼ਕਾਤ ਦੇ,
ਰੱਬ ਨੇ ਸੱਦ ਪੰਜ ਦਿੱਤੀਆਂ ਸੀ ਹਜ਼ਰਤ ਨੂੰ ਦਾਤਾਂ ।
ਬਿਨਾਂ ਨਮਾਜ਼ ਤੋਂ ਨਾ ਢੋਈ ਮਿਲੇ ਥਹਿਸ਼ਤਾਂ ਮੇਂ,
ਦੋਜ਼ਕ ਸੜਦਾ ਜਿਹੜਾ ਨਾ ਕੱਢਦਾ ਜਕਾਤਾਂ ।
ਤੜਕੇ ਨੂਰ ਦੇ ਜੋ ਪੜ੍ਹਦਾ, ਨਫ਼ਲ ਤਹੱਜਤ ਦੇ,
ਲੱਖ-ਲੱਖ ਰੱਬ ਦੇ ਦਰ ਤੋਂ, ਜੀ ਉਤਰਨ ਬਰਕਾਤਾਂ ।
ਰੱਬ ਜੇ ਰੁਸ ਜੇ ਕਮਲਿਆ ਮੰਨਦਾ ਮੱਥਾ ਰਗੜਕੇ,
ਨਾਮ ਜਪਦਿਆਂ ਹੋਵਣ ਰਾਤ ਤੋਂ ਪ੍ਰਭਾਤਾਂ ।
ਇੱਕ ਅਲਮਾਰੀ ਦੇ ਵਿੱਚ ਦਫ਼ਤਰ ਪਏ ਹਦੀਸ ਦੇ,
ਇੱਕ ਵਿੱਚ ਚਿੱਣ-ਚਿੱਣ ਰੱਖੀਆਂ ਜੀ ਅਰਬੀ ਲੁਗ਼ਾਤਾਂ ।
ਜਿਲਦ ਬੰਨ੍ਹ ਕੇ ਨੁਸਖ਼ੇ ਧਰੇ ਕਰਾਨ ਸ਼ਰੀਫ਼ ਦੇ,
ਚਾਹੜੇ ਕੱਪੜੇ ਰੇਸ਼ਮ ਦੇ ਸੁੱਚੀਆਂ ਬਨਾਤਾਂ ।
ਤੇਰੇ ਵਰਗੇ ਲੰਡਰ ਕਰਨ ਪਲੀਤ ਮਸੀਤ ਨੂੰ,
ਵੇਖੀਂ ਚੱਕਕੇ ਲੈਜੇਂ ਕਾਗ਼ਜ਼, ਕਲਮ, ਦਵਾਤਾਂ ।
ਆਖੇ ਲੱਗਜਾ, ਬੇੜੀ ਡੁਬਦੀ ਤਰੇ ਸ਼ਗਿਰਦਾਂ ਦੀ,
'ਰਜਬਲੀ ਖ਼ਾਨ' ਦਸਦੇ ਤੂੰ ਸ਼ਰ੍ਹਾ ਦੀਆਂ ਬਾਤਾਂ ।
ਹੋ ਸਚਿਆ ਲੈ ਤਾਰਦੂ
ਮੇਰੀ ਰੂ ਕਚਿਹਰੀ ਏ ਵਸਦੀ ਰਹਿ ਤੂੰ ਜੀ ।
ਕਲੀ ਹੀਰ-੩
ਸੈਦੇ ਖੇੜੇ ਦੇ ਨਾਲ ਹੀਰ ਨਿਕਾਹ ਨਾ ਪੜ੍ਹਦੀ ਐ,
ਵੇਖ ਮਜਲਸ ਸਾਰੀ ਨੂੰ ਚੜ੍ਹਗੇ ਤਰਥੋਲੇ ।
ਆਹ ਗੱਲ ਸੁਣਕੇ ਤੇ ਅੱਗ ਲੱਗਗੀ ਫੱਤੂ ਕਾਜ਼ੀ ਨੂੰ,
ਜਿਹੜਾ ਸੱਪ ਦੇ ਵਾਂਗੂੰ ਸੀ ਬਹਿਕੇ ਵਿੱਸ ਘੋਲੇ ।
ਸ਼ਰ੍ਹਾ ਛੱਡ ਕੇ ਤੇ ਸੱਅਦ ਨੇ ਸਿਰ ਕਟਵਾਲਿਆ ਸੀ,
ਭੁੱਲ ਵਿੱਚ ਮਾਰੇ ਜਾਂਦੇ ਹੈ, ਤੇਰੇ ਜਿਹੇ ਭੋਲੇ ।
ਸ਼ਮਸ਼ ਵਰਗਿਆਂ ਦੀ ਫੜ ਪੁੱਠੀ ਖਲੜੀ ਲਾਹਤੀ ਸੀ,
ਇਹ ਨਾ ਹੁਕਮ ਸ਼ੱਰੀਅਤ ਦੇ ਐਹੋ ਜ੍ਹੇ ਪੋਲੇ ।
ਆਖੇ ਲੱਗ ਜਾ ਕਾਜ਼ੀ ਹੁੰਦੇ ਨੈਬ ਰਸੂਲ ਦੇ,
ਛਾਲ ਮਾਰ ਚੜ੍ਹਜਾ ਤੂੰ ਖੇੜਿਆਂ ਦੇ ਡੋਲੇ ।
ਚਿੱਟੀ ਪੱਗੜੀ ਨੂੰ ਨਾ ਦਾਗ਼ ਲਗ ਜੇ ਚੂਚਕ ਦੇ,
ਬਾਲੂ ਰੇਤ ਵਿੱਚੋਂ ਕਿਉਂ ਮੱਛੀਆਂ ਫਰੋਲੇ ?
ਉੱਚਾ ਟੌਰਾ ਨਿਉਂਜੂਗਾ ਵੀਰਨ ਸੁਲਤਾਨ ਦਾ,
ਸੁੱਚੇ ਮੋਤੀ ਕਮਲੀ ਪਈ ਕੋਲਿਆਂ ਨਾਲ ਤੋਲੇ ।
ਛਲ਼ਕੇ ਉੱਲੂ ਤੈਨੂੰ ਵੜਜੂ ਵਿੱਚ ਉਜਾੜਾਂ ਦੇ,
ਬਹਿਕੇ ਰੋਇਆ ਕਰੇਂਗੀ ਬਾਗ਼ਾਂ ਦੀਏ ਕੋਇਲੇ ।
ਤਿੰਨ ਸੌ ਸੱਠ ਸਹੇਲੀ ਲੈਕੇ ਖੇਡਣ ਜਾਂਦੀ ਐਂ,
ਚਾਂਦਲ ਨੈਂ ਤੇ ਪਹੁੰਚਣ ਜਾਂ ਉਡਣ-ਗਟੋਲੇ ।
ਰਲਕੇ ਨਾਲ ਮੁਟਿਆਰਾਂ ਦੇ ਚਾਂਦਲ ਵਿੱਚ ਕੁਦਦਾ ਸੀ,
ਗਲ ਨੂੰ ਜੱਫ਼ੀਆਂ ਪਾਕੇ ਤੇ ਫੜਕੇ ਮਧੋਲੇ ।
ਹੁੱਸਨ ਬਾਨੋ ਵਾਂਗੂੰ ਕਪੜੇ ਕੁੜੀਆਂ ਭਾਲ਼ ਦੀਆਂ,
ਮਾਹੀ ਕਪੜੇ ਰਖਤੇ ਸੀ ਬਿਰਛਾਂ ਦੇ ਓਹਲੇ ।
ਖੂੰਡੀ ਖੋਹਲੀ ਇਹਨੂੰ ਕੱਲ੍ਹ ਨੂੰ ਡਿੱਸ ਮਿੱਸ ਕਰਦਿਓ ਜੀ,
ਲੱਖ ਸਰਵੈਂਟ ਮਿਲਦੇ ਹੈ, ਚਾਰਨ ਨੂੰ ਖੋਲੇ ।
ਸਿਰ ਵਿੱਚ ਮੋਰੇ ਕਰਦਾ ਤੇ ਮੱਝੀਆਂ ਚੁੰਘ ਪਾਟ ਗਿਆ,
ਗੱਟ-ਗੱਟ ਕਰਕੇ ਪੀਜੇ ਬਈ ਦੁੱਧ ਦੇ ਘੜੋਲੇ ।
ਚੂਰੀ ਖਾਕੇ ਮਸਤਕ ਸਿੰਗਰਫ਼ ਵਾਗੂੰ ਦਗਦਾ ਹੈ,
ਹੀਰ ਥੱਲੇ ਲਾਤੇ ਸੀ ਖੰਡ ਦੇ ਭੜੋਲੇ ।
ਸਾਹੇ-ਬੱਧੀ ਕਾਕੀ ਲੁਕ-ਲੁਕ ਗੱਲਾਂ ਕਰਦਾ ਜੀ,
ਛੱਤੀ ਨੈਣ ਵਰਗੇ ਸੀ ਬਣਗੇ ਵਿਚੋਲੇ ।
ਕੋਹੜ-ਕਿਰਲੇ ਉੱਠਕੇ ਜੱਫ਼ੀਆਂ ਪੌਣ ਸ਼ਤੀਰਾਂ ਨੂੰ,
ਉਹਨੂੰ ਕਿਹੜਾ ਦੇਦੂਗਾ ਝੰਗ ਦੇ ਮਮੋਲੇ ।
ਡੱਬਾਂ ਛੱਡੀਆਂ ਕੂੜਾ ਧੂੰਦਾ ਜਾਂਦਾ ਚਾਦਰਾ,
ਚਿੰਬੜ ਜਾਂਦੇ ਇੱਜ਼ਤ ਨੂੰ ਐਹੋ ਜੇ ਗੋਲੇ ।
ਪਟੇ ਚੋਪੜ ਕੇ ਤੇ ਗਲੀਆਂ ਕੱਛਦਾ ਫਿਰਦਾ ਜੀ,
ਹੱਟ ਤੋਂ ਭੱਠ ਤੇ ਖੜ੍ਹਕੇ ਸੀ ਗੌਂਦਾ ਚੰਮੋਲੇ ।
ਇਹਦੀ ਵੰਝਲੀ ਵਿੱਚੋਂ ਨਿਕਲਣ ਛੱਤੀ ਰਾਗਣੀਆਂ,
ਬਹਿਕੇ ਤਰਿੰਜਣਾਂ ਦੇ ਵਿੱਚ ਪਿਆ ਲੌਂਦਾ ਜੱਟ ਢੋਲੇ ।
'ਬਾਬੂ ਰਜਬਲੀ' ਵਾਂਗੂੰ ਨਵੀਆਂ ਤਰਜ਼ਾਂ ਕਢਦਾ ਜੀ,
ਸਾਹੋ ਵਾਲੇ ਮੁੰਡਿਆਂ ਦੇ ਵਾਂਗੂੰ ਛੰਦ ਬੋਲੇ ।
ਹੱਥ ਤਾਂ ਬਨ੍ਹਦਾ ਤੇ ਦਾਸ ਅਰਜ਼ਾਂ ਕਰਦਾ ਤੇਰੀਆਂ,
ਹੋ ਸਤਿਆ ਲੈ ਤਾਰ ਜੂ ।
ਕਲੀ ਹੀਰ-੪
ਹੀਰ ਰੋਂਦੀ ਬਾਪ ਅਕਦ ਪੜ੍ਹੌਂਦਾ ਸੈਦੇ ਸੇ,
ਸਿਆਲ ਸਿਆਣੇ ਬਣਕੇ ਸੀ ਉੱਕਗੇ ਨਿਸ਼ਾਨੋਂ ।
ਪੁੱਤ ਸਰਦਾਰਾਂ ਦਾ ਆ ਮਾਹੀ ਲਗ ਗਿਆ ਚੂਚਕ ਦਾ,
ਐਸ ਅੰਨ-ਜਲ ਪਾਪੀ ਨੇ ਪੱਟਤੇ ਜਹਾਨੋਂ ।
ਬਾਰਾਂ ਸਾਲ ਰਾਂਝੇ ਨਾਗ ਲਿਤਾੜੇ ਬੇਲਿਆਂ ਦੇ,
ਪੇਮਿੰਟ ਕਰਨ ਵੇਲੇ ਤਾਂ ਹੱਕ ਨਾਹ ਪਛਾਨੋਂ ।
ਹੰਸ ਕੋਲ਼ੋਂ ਖੋਹਕੇ ਕੂੰਜ ਫੜੌਂਦੈ ਕਾਗ ਨੂੰ,
ਕੈਦੋ ਲੰਗੜੇ ਵਰਗੇ ਸੀ ਰਲ਼ਗੇ ਸ਼ਤਾਨੋਂ ।
ਜ਼ੋਰ ਧਗਾਣੇ ਧੀ ਨੂੰ ਡੋਲੀ ਪੌਂਦੇ ਖੇੜਿਆਂ ਦੀ,
ਕੋਈ ਜੱਸਟਿੱਸ ਕਰਦੇ ਨਾ ਝੰਗ ਦੇ ਸੁਲਤਾਨੋਂ ।
ਇੱਕ ਅੱਖ ਵਾਲੇ ਦੇ ਨਾ ਸਿਰ ਤੇ ਛਿੱਤਰ ਝਾੜਦੀ,
ਭਾਵੇਂ ਬਾਬਲ ਫੜਕੇ ਤੇ ਮਾਰ ਦੇਵੇ ਜਾਨੋਂ ।
ਕੌਲ-ਕਰਾਰ ਕਰਕੇ ਛੇੜੂ ਲਾ ਲਿਆ ਮੱਝੀਆਂ ਦਾ,
ਹਾਂ ਕਰ, ਨਾਹ ਨਾ ਕਰਨੀ, ਆਪ ਦੀ ਜ਼ਬਾਨੋਂ ।
ਜੇ ਮੈਂ ਝੂਠੀ ਪੈਗੀ ਕਰੇ ਰਸੂਲ ਸਿਫ਼ਾਰਸ਼ ਨਾ,
ਸੱਚੇ ਰੱਬ ਦੇ ਕੋਲੇ ਜੇ ਉੱਖੜਾਂ ਬਿਆਨੋਂ ।
ਬਾਂਕਾ ਗੱਭਰੂ ਜੈਸੇ ਰਾਮ ਰਾਜੇ ਦਸਰੱਥ ਦਾ,
ਸੀਤਾ ਵਿਆਹਲੀ ਚਿੱਲਾ ਚਾੜ੍ਹਕੇ ਕਮਾਨੋਂ ।
ਤਾਜ ਸੁਨਹਿਰੀ ਵਾਂਗੂੰ ਪੱਟਕਾ ਸਜਦਾ ਸੀਸ ਤੇ,
ਮੈਨੂੰ ਸੋਹਣਾ ਲਗਦਾ ਹੈ ਮੱਥਰਾ ਦੇ ਕਾਹਨੋਂ ।
ਨੈਣ ਹਸਦੇ ਤੇ ਰੁਖ਼ਸਾਰ ਗੁਲਾਬ ਵਰਗੇ ਐ,
ਚਿਹਰਾ ਲਿਸ਼ਕਾਂ ਮਾਰੇ ਜਿਉਂ' ਯੂਸਫ਼ ਕਨਿਆਨੋਂ ।
ਗੋਰਾ ਰੰਗ ਤੇ ਚਾਲ ਰਲਦੀ ਸ਼ਾਹ ਬਹਿਰਾਮ ਸੇ,
ਜੀਹਨੂੰ ਦੈਂਤ ਲੈ ਗਿਆ ਸੀ ਚੱਕਕੇ ਇਰਾਨੋਂ ।
ਏਥੇ ਓਥੇ ਵੇ ਮੈਂ ਦੋਹੀਂ ਜਹਾਨੀਂ ਚਾਕ ਦੀ,
ਵਿਆਹਲੋ ਕਾਜ਼ੀ ਦੀ ਧੀ ਵੇ ਨਵਿਓਂ ਮਹਿਮਾਨੋਂ ।
ਜਿੱਥੇ ਚਲਦਾ ਰਾਂਝਾ ਧਰਤੀ ਬਣ-ਬਣ ਉੱਠਦੀ ਐ,
ਮੈਨੂੰ ਸੁਹਣਾ ਲਗਦਾ ਜੀ ਜੰਨਤੀ-ਗਿਲਮਾਨੋਂ ।
ਜ਼ਾਲਮ ਸਿਆਲ ਵੇ ਨਾ ਦੇਣ ਅਜ਼ਾਦੀ ਕੁੜੀਆਂ ਨੂੰ,
ਝੰਗ ਵਿੱਚ ਜੰਮਕੇ ਲੈਣਾ ਕੀ ਕੁੜੀਓ ਰਕਾਨੋਂ ।
ਤੱਤੀਆਂ ਤਵੀਆਂ ਤੇ ਬਹੌਂਦੇ ਅਰਜਣ ਦੇਵ ਨੂੰ,
ਮਾੜੀ ਕਰਤੀ ਜਾਹਾਂਗੀਰ ਦੇ ਦੀਵਾਨੋਂ ।
ਬਾਜ਼ ਆਜੋ ਬੀਬਾ ਹਟਜੋ ਜ਼ੁਲਮ ਕਮੌਣ ਤੋਂ,
ਪੱਥਰ ਕਹਿਰ ਵਾਲੇ ਜੀ ਗਿਰਨੇ ਅਸਮਾਨੋਂ ।
ਧੀ ਦੀ ਮਰਜ਼ੀ ਪੁੱਛਕੇ ਅਕਦ ਪੜ੍ਹੌਣਾ ਚਾਹੀਦਾ,
ਮਸਲਾ ਬੇਸ਼ਕ ਪੜ੍ਹਕੇ ਦੇਖਲੋ ਕੁਰਾਨੋਂ ।
ਹੁਕਮ-ਅਦੂਲਾਂ ਨੂੰ ਨਾ ਢੋਈ ਮਿਲੇ ਬਹਿਸ਼ਤਾਂ ਮੇਂ,
ਆਦਮ ਵਾਂਗੂੰ ਗ਼ਲਤੀ ਕਿਉਂ ਕਰਦੇ ਨਾਦਾਨੋਂ ।
ਦੋਜ਼ਕ ਸੜਨਾਂ ਪੈਜੂ ਕਪੜੇ ਪਾਕੇ ਗੰਦਰਕ ਦੇ,
'ਬਾਬੂ' ਮੁਨਕਰ ਹੋਗੇ ਜੇ ਰੱਬ ਦੇ ਫ਼ਰਮਾਨੋਂ ।
ਹੱਥ ਤਾਂ ਬਨ੍ਹਦੀ ਤੇ ਮੈਂ ਅਰਜ਼ਾਂ ਕਰਦੀ ਤੇਰੀਆਂ,
ਮੇਰੀ ਕਚਹਿਰੀ ਏ ਵਸਦੀ ਰਹਿ ਤੂੰ ਜੀ ।
ਕਲੀ ਹੀਰ ਰਾਂਝਾ-੫
ਟਿੱਲੇ ਆ ਗਿਆ ਰਾਂਝਾ ਤਖ਼ਤ-ਹਜ਼ਾਰੇ ਵਾਲਾ ਜੀ,
ਧੂਮੀ ਚਾਦਰ ਬੰਨ੍ਹਲੀ ਸੀ ਹੱਥ ਮੇਂ ਡੰਗੋਰੀ ।
ਕਰ ਪ੍ਰਨਾਮ ਕਦਮੀਂ ਲੱਗ ਗਿਆ ਗੋਰਖ ਨਾਥ ਦੇ,
ਪੋਲਾ ਮੂੰਹ ਜਿਹਾ ਕਰਕੇ ਹਾਲ-ਹਕੀਕਤ ਤੋਰੀ ।
ਅੱਖੀਂ ਸੁਰਮਾਂ ਨਿੱਕਿਆ ਚਿੱਥ-ਚਿੱਥ ਗੱਲਾਂ ਕਰਦਾ ਹੈਂ,
ਸੱਚਿਆਂ ਸੰਤਾਂ ਕਰਤੀ ਸੀ ਮੂੰਹ ਤੇ ਗੱਲ ਕੋਰੀ ।
ਅੱਡੀਉਂ ਚੋਟੀ ਤਾਈਂ ਮਾਰੀ ਨਜ਼ਰ ਸ਼ੁਕੀਨ ਨੂੰ,
'ਏ ਤੋਂ ਜ਼ੈਡ' ਤੀਕਰ ਸੀ ਸੁਣਲੀ ਸਟੋਰੀ ।
ਚੂਰੀ ਖਾਂਦਾ ਆ ਗਿਆ ਘਰ 'ਚੋਂ ਝਗੜ ਭਰਾਵਾਂ ਸੇ,
ਬੇਲੀਂ ਮੰਗੂ ਛੱਡ ਲਿਆ ਤੇ ਕਿਲਿੱਆ ਤੇ ਧੋਰੀ ।
ਸਾਧ ਬਣਨਾਂ ਪੈਂਦਾ ਬੱਚਿਆ ਦੇਹੀ ਸਾਧਕੇ,
ਭੁੰਜੇ ਲਿਟਣਾਂ ਪੈਂਦਾ ਜੀ ਸਿੱਟ੍ਹਕੇ ਹੇਠ ਖੋਰੀ ।
ਹੱਥ ਵਿੱਚ ਬਗਲੀ ਫੜਕੇ ਚੜ੍ਹਜੀਂ ਨਗਰੀ ਚੇਤਣ ਨੂੰ,
ਮੈਲੀ ਅੱਖ ਨਾ ਝਾਕਣੀ ਤੇ ਕਰਨੀ ਨਾ ਚੋਰੀ ।
ਡੇਰਿਓ' ਉੱਠਕੇ ਵੇਖੀਂ ਟੈਰ ਭਜਾਲੇਂ ਰਾਤ ਨੂੰ,
ਨ੍ਹੇਰੇ ਵਾੜੇ ਵੜ ਕੇ ਨਾ ਚੱਕਲੀਂ ਪਠੋਰੀ ।
ਸੰਧੂ ਚਹਿਲ ਏਥੇ ਵੇਦ-ਵੇਦਾਂਤ ਪੜ੍ਹਦੇ ਐ,
ਪੁੱਤਰ ਭੁੱਲਰ ਬਰਾੜਾਂ ਦੇ ਇੱਕ ਨਾ ਵਿੱਚ ਥੋਰੀ ।
ਝੰਗ ਸਿਆਲੋਂ ਆਗਿਆ ਮਿੱਠੀਆਂ ਚੂਪ ਗਨੇਰੀਆਂ,
ਏਥੇ ਚੂਸਣ ਲੱਗਜੀਂ ਨਾ ਥੋਹਰ ਦੀ ਪੋਰੀ ।
ਟਿੱਲੇ ਗੋਰਖ ਦੇ ਵਿਚ ਰੋਜ਼ ਧਤੂਰਾ ਘੋਟੀ ਦਾ,
ਗੱਟ ਗੱਟ ਕਰਕੇ ਪੀਜਾ ਜ਼ਹਿਰ ਦੀ ਕਟੋਰੀ ।
ਮੁੰਦਰਾਂ ਪਾਦੂੰਗਾ ਜੇ ਚੇਲਾ ਬਣਨਾਂ ਨਾਥ ਦਾ,
ਰੇਜ਼ਰ ਫੜਕੇ ਕਰਦੂੰਗਾ ਕੰਨ ਦੇ ਵਿੱਚ ਮੋਰੀ ।
ਸਰਕਸ਼ ਨਫ਼ਸ ਨੂੰ ਕੜਿਆਲਾ ਦੇਲਾ ਜੱਤ ਦਾ ਤੂੰ,
ਸੁਆਹ ਦਾ ਵਟਣਾ ਮਲ਼ਕੇ ਤੇ ਬਣਜਾ ਪੁੱਤ ਘੋਰੀ ।
ਸਾਰੀ ਰਾਤ ਪੈਜੂ ਘੁਲਣਾਂ ਨਾਲ ਚੁੜੇਲਾਂ ਦੇ,
ਮੈਂ ਨਾ ਖੇਲਣ ਦੇਣੀ ਜੀ ਕੁੜੀਆਂ ਨਾਲ਼ ਹੋਰੀ ।
ਨੀਵੀਂ ਪਾ ਕੇ ਬਚੜਿਆ ਲੰਘਜੀਂ ਵਿੱਚ ਦੀ ਤਿੰਜਣਾਂ ਦੇ,
ਤੈਨੂੰ ਇੱਕੋ ਜੇਹੀਆਂ ਕੀ ਗਾਲੀ ਕੀ ਗੋਰੀ ?
ਮੱਦ ਦੀ ਤੂੰਬੀ ਲਿਆਦੇ ਪਹੁੰਚ 'ਕਲਾਲੀ ਨਹਿਣਾਂ' ਤੋਂ,
ਉਹਦੇ ਵਰਗੀ ਜੱਗ ਤੇ ਨਾ ਬਿਔਟੀ-ਫ਼ੁੱਲ ਛੋਹਰੀ ।
ਛੱਪੜੋਂਂ ਵਾਟਰ ਪੀਕੇ ਰੱਬ ਦਾ ਸ਼ੁਕਰ ਗੁਜ਼ਾਰਨਾਂ,
ਬੇਹੀ-ਤੇਹੀ ਰੋਟੀ ਲੈ ਬੁੱਲ੍ਹੀਆਂ ਵਿੱਚ ਭੋਰੀ ।
ਦੌਲਤ ਤਿਆਗ ਤੇਰੇ ਮਗਰ ਮਨਿਸਟਰ ਦੌੜਨਗੇ,
ਠੇਡਾ ਮਾਰ ਰੋਹੜੀ ਜਾ ਛਿੱਲੜਾਂ ਦੀ ਬੋਰੀ ।
ਸ਼ਾਹ-ਰਗ ਨਾਲੋਂ ਨੇੜੇ ਜੇ ਵਸਦਾ ਪਰਮਾਤਮਾਂ,
ਕਰਲਾ ਜਾਪ ਰਖਲਾ ਤੂੰ ਪਰਭੂ ਤੇ ਡੋਰੀ ।
ਹੱਥ ਤੇ ਜਿੰਦੜੀ ਧਰਕੇ ਜਾਣਾ ਘਰੇ ਮਹਿਬੂਬ ਦੇ,
'ਬਾਬੂ' ਮੁਸ਼ਕਲ ਮਿਲਦੀ ਜੀ ਸੁਰਗਾਂ ਦੀ ਲੋਰੀ ।
ਓ ਸੱਚਿਆ ਲੈ ਤਾਰ ਜੂ ਮੇਰੀ ਰੂ ਕਚਹਿਰੀ ਏ ਜੀ,
ਵਸਦੀ ਰਹਿ ਤੂੰ ਜੀ ।
ਕਲੀ ਹੀਰ ਰਾਂਝਾ-੬
ਮੱਦ ਦੀ ਤੂੰਬੀ ਕਾਰਨ ਘੱਲਤਾ ਗੋਰਖ ਨਾਥ ਨੇ,
ਮੰਨਣਾਂ ਪੈ ਗਿਆ ਰਾਂਝੇ ਨੂੰ ਗੁਰੂਆਂ ਦਾ ਕੈਹਣਾ ।
ਨਾਗ ਸ਼ੂਕਣ ਰਾਹ ਵਿੱਚ ਨਾਹਰ ਖਿੱਲੀਆਂ ਪੌਂਦੇ ਐ,
ਲੱਖ-ਲੱਖ ਦੁਖੜਾ ਸਿਰ ਤੇ ਪਿਆ ਜੰਗਲਾਂ ਦਾ ਸੈਹਣਾ ।
ਮੰਜ਼ਲੋ-ਮੰਜ਼ਲੀ ਉਸ ਥਾਂ ਪਹੁੰਚਿਆ ਟੱਕਰਾਂ ਮਾਰਕੇ,
ਪੰਜ ਛੀ ਵਾਰੀ ਪੈ ਗਿਆ ਸੀ ਪਰਬਤ ਤੋਂ ਢੈਣਾ ।
"ਮੱਦ ਦੀ ਤੂੰਬੀ ਦੇਦੇ ਮੁੰਦਰਾਂ ਵਾਲੇ ਬਾਵੇ ਨੂੰ,
ਤੇਰੇ ਦਰ ਤੇ ਖੱੜ੍ਹਕੇ ਅੱਲਖ ਜਗਾਤੀ 'ਨੈਹਣਾ' ।"
ਯੂਸਫ਼ ਵਾਂਗੂੰ ਦੂਰੋਂ ਹੁਸਨ ਲਾਟਾਂ ਮਾਰਦਾ,
ਨੈਹਣਾਂ ਮਾਤ ਕਰਗੀ ਸੀ ਚੰਦ ਦੀਆਂ ਚਨੈਣਾ ।
ਉਹਦੇ ਵਰਗੀ ਜਿਹੜੀ ਚੱਕਕੇ ਲਿਆਂਦੀ ਦਹਿਸਰ ਨੇ,
ਪੜ੍ਹਕੇ ਬਾਲ ਮੀਕੀ ਵੇਖਲੋ ਰਮੈਣਾਂ ।
'ਹੱਲਿਆ ਹੋਣੀ ਚੰਦ ਨੇ ਦੱਸ ਸੀ ਪਾਤੀ ਇੰਦਰ ਨੂੰ,
ਨਾਰੀ ਇਹਦੇ ਵਰਗੀ ਤਰਲੋਕੀ ਤੇ ਹੈ ਨਾ ।
ਸਬਜ਼-ਸ਼ਹਿਰੋਂ ਜਾਕੇ ਲਭਲੀ ਸ਼ਾਹ ਬਰਿਆਮ ਨੇ,
ਇਹ ਤੇ ਹੁਸਨ ਬਾਨੋਂ ਜਾਣੀਂ ਸਕੀਆਂ ਭੈਣਾਂ ।
ਰੰਗਲੀ ਸੇਜ ਉੱਤੇ ਛਿੜਕਿਆ ਅਤਰ ਸ਼ਕੀਨਣ ਨੇ,
ਨਾਜ਼ੁਕ ਫੁੱਲ ਦੀਆਂ ਪੱਤੀਆਂ, ਸਿੱਟ੍ਹਕੇ ਤੇ ਨਿੱਤ ਪੈਣਾ ।
ਅੰਗੀ ਮਖ਼ਮਲ ਦੀ ਤੇ ਗੋਟਾ ਲਿਸ਼ਕਾਂ ਮਾਰਦਾ,
ਅੱਖਾਂ ਝਮਕ ਝਾਕਦੀ ਰਾਅ-ਤੋਤੇ ਵੱਲ ਮੈਨਾ ।
ਰੀਝਾਂ ਲਾ-ਲਾ ਕੇ ਪੱਟੀਆਂ ਗੁੰਦੀਆਂ ਨੈਣਾਂ,
ਛਣ-ਛਣ ਝਾਂਜਰ ਛਣਕੇ ਜਿਵੇਂ ਛਣਕਦਾ ਛੈਣਾ ।
ਖੱਟੇ ਫੁੱਮਣ ਕਾਲੇ ਪੱਟ ਦੀ ਡੋਰੀ ਪੁੱਟਦੀ ਐ,
ਸੋਹਣੀ ਲਗਦੀ ਜਿਵੇਂ ਕਪੂਰ ਥਲੇ ਦੀਆਂ ਰੈਣਾਂ ।
ਛਾਤੀ ਉੱਭੱਰਮੀਂ ਤੇ ਲੜੀਆਂ ਲਟਕਣ ਹਾਰ ਦੀਆਂ,
ਹੀਰੇ ਜੜਕੇ ਪਾਲਿਆ ਸੀ ਸਿਉਨੇ ਦਾ ਗੈਹਣਾਂ ।
ਬਾਂਹੀਂ ਚੂੜਾ ਉਂਗਲਾਂ ਭਰੀਆਂ ਛੱਲਿਆਂ ਛਾਪਾਂ ਸੇ,
ਮੱਥੇ ਉਤੇ ਸਜਦਾ ਅੰਮ੍ਰਿਤਸਰ ਦਾ ਬੈਣਾਂ ।
ਕੰਨੀਂ ਕਾਂਟੇ ਨੱਕ ਤੇ ਵੇਸਰ ਬਣ-ਬਣ ਉਠਦੀ ਐ,
ਹੋਠਾਂ ਨਾਲ ਵਜ-ਵਜਕੇ ਮਛਲੀ ਨੇ ਖੈਹਣਾਂ ।
ਜਦੋਂ ਹਸਦੀ ਸੁਹਣੇਂ ਮੁੱਖ ਚੋਂ ਫੁੱਲ ਜੇ ਕਿਰਦੇ ਐ,
ਚਿਟੀਆਂ-ਚਿੱਟੀਆਂ ਸਿੱਧੀਆਂ ਚਿਟਿਆਂ ਦੰਦਾਂ ਦੀਆਂ ਲੈਣਾਂ ।
ਗਰਦਣ ਮੋਰ ਦੀ ਪਰ ਚਲਦੀ ਵਾਂਗ ਚਕੋਰ ਦੇ,
ਡੰਗ ਚਲਾਵਣ ਜ਼ੁਲਫ਼ਾਂ ਜੀ ਨਾਗਣੀਆਂ ਡੈਣਾਂ ।
ਮਿੱਠਾ ਬੋਲ ਕਰਦਾ ਬੁਲਬੁਲ ਨਾਲ ਮੁਕਾਬਲਾ,
ਟੇਢੇ ਧਨਸ਼ ਵਰਗੀ ਸੀ ਸਿਹਲੀ ਮਹੈਣਾਂ ।
ਗੋਲ ਰਾਣ ਜੈਸੇ ਗੋਲ ਸ਼ਤੀਰੀ ਚੰਨਣ ਦੀ,
ਹੂਰਾਂ ਦੇਖ ਹੋਈਆਂ ਨੈਹਣਾਂ ਨੂੰ ਸੁਦੈਣਾਂ ।
ਮੱਦ ਦੀ ਬੋਤਲ ਨੈਹਣਾ ਭਰਕੇ ਰਖਤੀ ਮੇਜ਼ ਤੇ,
'ਬਾਬੂ' ਦਾਰੂ ਪੀਲਾ ਬਹਿ ਫ਼ੌਜੀ ਲਫਟੈਣਾਂ ।
ਹੱਥ ਤਾਂ ਬੰਨ੍ਹਦੀ ਤੇ ਮੈਂ ਅਰਜ਼ਾਂ ਕਰਦੀ ਤੇਰੀਆਂ,
ਮਨਲਾ ਅਰਜ਼ ਮੇਰੀ ਵੇ, ਦਿਲਾਂ ਦਿਆ ਜਾਨੀਆਂ ।