ਦੁੱਲਾ ਤੇ ਹੋਣੀ
ਕਿੱਸਾ ਦੁੱਲਾ ਭੱਟੀ ਤੇ ਉਸ ਦੀ ਭਾਵ ਜੁਗਤ (ਸਵ: ਗਿਆਨ ਚੰਦ) 'ਚੋਂ ਧੰਨਵਾਦ ਸਹਿਤ
ਮੁੱਢ ਕਦੀਮ ਤੋਂ ਬੰਦਾ ਹੋਣੀ ਨਾਲ ਟੱਕਰ ਲੈਂਦਾ ਆ ਰਿਹਾ ਹੈ । ਬਲਵਾਨ ਹੋਣੀ ਸਾਹਮਣੇ ਬੰਦੇ ਦੀ ਬਿਸਾਤ "ਪਾਣੀ ਵਿੱਚ ਪਤਾਸੇ" ਵਰਗੀ ਹੈ। ਪਰ ਇਸ ਪਲ-ਛਿਣ ਦੀ ਖੇਡ ਨੂੰ ਕੋਈ ਜਣਾ ਕਿਵੇਂ ਗੁਜਾਰਦਾ ਹੈ ਇਸੇ 'ਚ ਜੀਵਨ ਦੀ ਸ਼ਾਨ ਹੈ :
ਜਿਸ ਧੱਜ ਸੇ ਕੋਈ ਮਕਤਲ ਮੇਂ ਗਿਆ
ਵੋ ਸ਼ਾਨ ਸਲਾਮਤ ਰਹਿਤੀ ਹੈ...
ਜਿਸ ਘੜੀ ਦੁੱਲਾ "ਪਿੰਡੀਓਂ ਤੁਰ ਪਿਆ", ਉਸਦੀ ਹੋਣੀ ਨਿਸ਼ਚਤ ਹੈ। ਉਸਨੇ ਪਿਉ-ਦਾਦੇ ਵਾਲਾ ਰਾਹ ਚੁਣ ਲਿਆ ਹੈ ਤਾਂ ਫਿਰ ਉਸ ਨਾਲ ਪਿਉ-ਦਾਦੇ ਵਾਲੀ ਹੀ "ਹੋਣੀ" ਹੈ। "ਹੋਣੀ" ਦਾ ਸਾਥ "ਉੱਚਾ ਤਖ਼ਤ ਲਹੌਰ" ਤੇ "ਦਿੱਲੀ ਦੇ ਕਿੰਗਰਿਆਂ" ਨਾਲ ਹੈ। ਦੁੱਲਾ ਏਸ "ਹੋਣੀ" ਨੂੰ ਹਰਾ ਨਹੀਂ ਸਕਦਾ। ਦੁੱਲੇ ਨੂੰ ਵੀ ਪਤਾ ਹੈ। ਅਕਬਰ, ਏਸ ਹੋਣੀ ਦੇ ਭੈਅ ਨਾਲ ਦੁੱਲੇ ਨੂੰ ਲਫਾਉਣਾ ਚਾਹੁੰਦਾ ਹੈ।
ਦੁੱਲੇ ਪਾਸ ਜਿੱਤਣ-ਹਾਰਨ ਦੀ ਚੋਣ ਹੀ ਨਹੀਂ। ਉਸਨੇ ਮੌਤ ਤੇ ਈਨ ਮੰਨਣ 'ਚੋਂ ਚੋਣ ਕਰਨੀ ਹੈ। ਇਹ ਚੋਣ ਹਮੇਸ਼ਾ ਬੰਦੇ ਪਾਸ ਹੁੰਦੀ ਹੈ। ਦੁੱਲਾ "ਹੋਣੀ" ਦਾ ਸਾਹਮਣਾ, "ਕੰਡਿਆਂ ਦਾ ਟੋਕਰਾ" ਚੱਕਣ ਦੀ ਸ਼ਰਤ "ਸਿਰ ਦੀ ਬਾਜੀ" ਨਾਲ ਲਾ ਕੇ ਕਰਦਾ ਹੈ। ਦੁੱਲੇ ਨੇ ਹੋਣੀ ਦੀ ਵੰਗਾਰ ਕਬੂਲੀ ਹੈ। ਇਸੇ 'ਚ ਦੁੱਲੇ ਦੀ ਸ਼ਾਨ ਹੈ। ਇਸੇ ਲਈ ਦੁੱਲਾ ਪੰਜਾਬੀਆਂ ਦਾ ਨਾਇਕ ਹੈ।
ਕਿਸ਼ਨ ਸਿੰਘ ਰਚਿਤ (ਸੰਨ 1897) ਦੁੱਲੇ ਦੀ ਵੀਰਗਾਥਾ 'ਚੋਂ ਨਜ਼ਰ ਹੈ "ਦੁੱਲੇ ਦਾ ਹੋਣੀ ਨਾਲ ਵਾਰਤਾਲਾਪ":
ਚੜ੍ਹਿਆ ਜਾਂ ਦੁੱਲਾ ਆਗੇ ਹੋਣੀ ਆਂਵਦੀ।
ਦੁੱਲਾ ਦੁੱਲਾ ਨਾਮ ਲੈ ਕੇ ਸੀ ਬੁਲਾਂਵਦੀ।
ਕੰਡਿਆਂ ਦਾ ਰਖਿਆ ਮੈਂ ਹੈ ਭਰਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।
ਸੁਣ ਕੇ ਸੀ ਭਾਣਜਾ ਦੁੱਲੇ ਨੇ ਘੱਲਿਆ।
ਜੋਰ ਸੀ ਲਾਗਾਯਾ ਟੋਕਰਾ ਨਾ ਹੱਲਿਆ।
ਮੋੜਦੀ ਹੈ ਹੋਣੀ ਉਸ ਨੂੰ ਹਟਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।
ਹੋਣੀ ਕਹੇ ਟੋਕਰਾ ਨਾ ਮੂਲ ਹੱਲਦਾ।
ਦੁੱਲਾ ਤਦੋਂ ਲੰਮੀਂ ਲੰਮੀਂ ਚਾਲ ਚੱਲਦਾ।
ਆਖਦੀ ਹੈ ਹੋਣੀ ਉਸਨੂੰ ਸੁਣਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।
ਦੁੱਲਾ ਕਹੇ ਜੇ ਮੈਂ ਟੋਕਰਾ ਚੁਕਾਵਸਾਂ।
ਹੋਣੀ ਕਹੇ ਸਿਰ ਦੀ ਸ਼ਰਤ ਲਾਵਸਾਂ।
ਚੁਕੱਦਾ ਹੈ ਸਿਰ ਦੀ ਸ਼ਰਤ ਲਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।
ਟੋਕਰਾ ਨਾ ਦੁੱਲੇ ਪਾਸੋਂ ਜਾਵੇ ਚੱਕਿਆ।
ਸਾਰਾ ਜੋਰ ਅਪਨਾ ਲਗਾਇ ਥੱਕਿਆ।
ਸਿਰ ਤੇਰਾ ਦੁੱਲਿਆ ਵੇ ਵੱਢਾਂ ਚਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।
ਹੋਣੀ ਮੇਰਾ ਨਾਮ ਤੇਰਾ ਸਿਰ ਕੱਟਦੀ।
ਕੌਲ ਤੇ ਕਰਾਰ ਤੋਂ ਨਾ ਮੂਲ ਹੱਟਦੀ।
ਸਭ ਨੂੰ ਕਿਸ਼ਨ ਸਿੰਘਾ ਛੱਡਾਂ ਖਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।