ਤੂੰ ਚੰਨ ਮੈਂ ਚਕੋਰ
ਕੁਲਵਿੰਦਰ ਸਿੱਧੂ ਕਾਮੇ ਕਾ
ਤੂੰ ਚੰਨ ਮੈਂ ਚਕੋਰ
ਤੂੰ ਗੜਵਾ ਮੈਂ ਡੋਰ
ਤੂੰ ਗੱਲ ਤੇ ਮੈਂ ਗੌਰ
ਤੂੰ ਸੱਚ ਮੈਂ ਸੱਚਾਈ
ਤੂੰ ਦੁੱਧ ਮੈਂ ਮਲਾਈ….!
ਤੂੰ ਨਿੱਘ ਮੈਂ ਸਿਆਲ
ਤੂੰ ਖੁਸ਼ੀ ਮੈਂ ਖਿਆਲ
ਤੂੰ ਹੋਲ਼ੀ ਮੈਂ ਗੁਲਾਲ
ਤੂੰ ਰੰਗ ਮੈਂ ਰੰਗਾਈ
ਤੂੰ ਦੁੱਧ ਮੈਂ ਮਲਾਈ….!
ਤੂੰ ਪੁਰਾ ਵੇ ਮੈਂ ਪੌਣ
ਤੂੰ ਬੱਦਲੀ ਮੈਂ ਸਾਉਣ
ਤੂੰ ਖੂਹ ਵੇ ਮੈਂ ਮੌਣ
ਤੂੰ ਪਿੰਡ ਮੈਂ ਨਿਆਈਂ
ਤੂੰ ਦੁੱਧ ਮੈਂ ਮਲਾਈ…!
ਤੂੰ ਤੱਕਲਾ ਮੈਂ ਤੰਦ
ਤੂੰ ਰੌਹ ਵੇ ਮੈਂ ਖੰਡ
ਤੂੰ ਨੀਂਹ ਵੇ ਮੈਂ ਕੰਧ
ਤੂੰ ਚਾਦਰ ਮੈਂ ਕਢਾਈ
ਤੂੰ ਦੁੱਧ ਮੈਂ ਮਲਾਈ ….!
ਤੂੰ ਬੋਲ ਮੈਂ ਜੁਬਾਨ
ਤੂੰ ਵੰਝਲੀ ਮੈਂ ਤਾਣ
ਤੂੰ ਯੋਗ ਮੈਂ ਧਿਆਨ
ਤੂੰ ਰਾਗ ਮੈੰ ਰੁਬਾਈ
ਤੂੰ ਦੁੱਧ ਮੈਂ ਮਲਾਈ…..!