ਪਹਿਲੀ ਸੀਹਰਫ਼ੀ
ਲਾਗੀ ਰੇ ਲਾਗੀ ਬਲ ਬਲ ਜਾਵੇ।
ਇਸ ਲਾਗੀ ਕੋ ਕੌਣ ਬੁਝਾਵੇ।
ਅਲਫ਼-
ਅੱਲ੍ਹਾ ਜਿਸ ਦਿਲ ਪਰ ਹੋਵੇ, ਮੂੰਹ ਜ਼ਰਦੀ ਅੱਖੀਂ ਲਹੂ ਭਰ ਰੋਵੇ,
ਜੀਵਨ ਆਪਣੇ ਤੋਂ ਹੱਥ ਧੋਵੇ, ਜਿਸ ਨੂੰ ਬਿਰਹੋਂ ਅੱਗ ਲਗਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਬੇ-
ਬਾਲਣ ਮੈਂ ਤੇਰਾ ਹੋਈ, ਇਸ਼ਕ ਨਜ਼ਾਰੇ ਆਣ ਵਗੋਈ,
ਰੋਂਦੇ ਨੈਣ ਨਾ ਲੈਂਦੇ ਢੋਈ, ਲੂਣ ਫੱਟਾਂ ਤੇ ਕੀਕਰ ਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਤੇ-
ਤੇਰੇ ਸੰਗ ਪ੍ਰੀਤ ਲਗਾਈ, ਜੀਊ ਜਾਮੇ ਦੀ ਕੀਤੀ ਸਾਈ,
ਮੈਂ ਬਕਰੀ ਤੁਧ ਕੋਲ ਕਸਾਈ, ਕਟ ਕਟ ਮਾਸ ਹੱਡਾਂ ਨੂੰ ਖਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸੇ-
ਸਾਬਤ ਨੇਹੁੰ ਲਾਇਆ ਮੈਨੂੰ, ਦੂਜਾ ਕੂਕ ਸੁਣਾਵਾਂ ਕੀਹਨੂੰ,
ਰਾਤ ਅੱਧੀ ਉੱਠ ਠਿਲਦੀ ਨੈਂ ਨੂੰ, ਕੂੰਜਾਂ ਵਾਂਗ ਪਈ ਕੁਰਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜੀਮ-
ਜਹਾਨੋਂ ਹੋਈ ਸਾਂ ਨਿਆਰੀ, ਲਗਾ ਨੇਹੁੰ ਤਾਂ ਹੋਏ ਭਿਖਾਰੀ,
ਨਾਲ ਸਰ੍ਹੋਂ ਦੇ ਬਣੇ ਪਸਾਰੀ, ਦੂਜਾ ਦੇ ਮਿਹਣੇ ਜੱਗ ਤਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਹੇ-
ਹੈਰਤ ਵਿਚ ਸ਼ਾਂਤ ਨਾਹੀਂ, ਜ਼ਾਹਰ ਬਾਤਨ ਮਾਰਨ ਢਾਈਂ,
ਝਾਤ ਘੱਤਣ ਨੂੰ ਲਾਵਣ ਵਾਹੀਂ, ਸੀਨੇ ਸੂਲ ਪ੍ਰੇਮ ਦੇ ਧਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਖ਼ੇ-
ਖ਼ੂਬੀ ਹੁਣ ਉਹ ਨਾ ਰਹੀਆ, ਜਬ ਕੀ ਸਾਂਗ ਕਲੇਜੇ ਸਹੀਆ,
ਆਈਂ ਨਾਲ ਪੁਕਾਰਾਂ ਕਹੀਆਂ, ਤੁਧ ਬਿਨ ਕੌਣ ਜੋ ਆਣ ਬੁਝਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਦਾਲ-
ਦੂਰੋਂ ਦੁੱਖ ਦੂਰ ਨਾ ਹੋਵੇ, ਫੱਕਰ ਫ਼ਰਾਕੋਂ ਬਹੁਤਾ ਰੋਵੇ,
ਤਨ ਭੱਠੀ ਦਿਲ ਖਿੱਲਾਂ ਧਨੋਵੇ, ਇਸ਼ਕ ਅੱਖਾਂ ਵਿਚ ਮਿਰਚਾਂ ਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ਾਲ-
ਜ਼ੌਕ ਦੁਨੀਆਂ ਤੇ ਇਤਨਾ ਕਰਨਾ, ਖ਼ੌਫ਼ ਹਸ਼ਰ ਦੇ ਥੀਂ ਡਰਨਾ,
ਚਲਣਾ ਨਬੀ ਸਾਹਿਬ ਦੇ ਸਰਨਾ, ਓੜਕ ਜਾ ਹਿਸਾਬ ਕਰਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਰੇ-
ਰੋਜ਼ ਹਸ਼ਰ ਕੋਈ ਰਹੇ ਨਾ ਖ਼ਾਲੀ, ਲੈ ਹਿਸਾਬ ਦੋ ਜੱਗ ਦਾ ਵਾਲੀ,
ਜ਼ੇਰ ਜ਼ਬਰ ਸਭ ਭੁੱਲਣ ਆਲੀ, ਤਿਸ ਦਿਨ ਹਜ਼ਰਤ ਆਪ ਛੁਡਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ੇ-
ਜ਼ੁਹਦ ਕਮਾਈ ਚੰਗੀ ਕਰੀਏ, ਜੇਕਰ ਮਰਨ ਤੋਂ ਅੱਗੇ ਮਰੀਏ,
ਫਿਰ ਮੋਏ ਭੀ ਉਸ ਤੋਂ ਡਰੀਏ, ਮਤ ਮੋਇਆਂ ਨੂੰ ਪਕੜ ਮੰਗਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸੀਨ-
ਸਾਈਂ ਬਿਨਾ ਜਾ ਨਾ ਕੋਈ, ਜਿਤ ਵਲ ਵੇਖਾਂ ਓਹੀ ਓਹੀ,
ਹੋਰ ਕਿਤੇ ਵਲ ਮਿਲੇ ਨਾ ਢੋਈ, ਮੁਰਸ਼ਦ ਮੇਰਾ ਪਾਰ ਲੰਘਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸ਼ੀਨ-
ਸ਼ਾਹ ਇਨਾਇਤ ਮੁਰਸ਼ਦ ਮੇਰਾ, ਜਿਸ ਨੇ ਕੀਤਾ ਮੈਂ ਵਲ ਫੇਰਾ,
ਰੁੱਕ ਗਿਆ ਸਭ ਝਗੜਾ ਝੇੜਾ, ਹੁਣ ਮੈਨੂੰ ਭਰਮਾਵੇ ਤਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸੁਆਦ-
ਸਬਰ ਨਾ ਆਵੇ ਮੈਨੂੰ ਖੱਲ੍ਹੀ ਵਸਤ ਬਾਜ਼ਾਰ,
ਕਾਸਦ ਲੈ ਕੇ ਵਿਦਿਆ ਹੋਇਆ ਜਾ ਵੜਿਆ ਦਰਬਾਰ,
ਅੱਗੋਂ ਮਿਲਿਆ ਆਇ ਕੇ ਉਹਨੂੰ ਸੋਹਣਾ ਸ਼ੇਰ ਸਵਾਰ,
ਰਸਤੇ ਵਿਚ ਅੰਗੁਸ਼ਤਰੀ ਆਹੀ ਇਹ ਵੀ ਦਿਲ ਬਹਿਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ੁਆਦ-
ਜ਼ਰੂਰੀ ਯਾਦ ਅੱਲ੍ਹਾ ਦੀ ਕਰੇ ਸਵਾਲ ਰਸੂਲ,
ਨੱਵੇ ਹਜ਼ਾਰ ਕਲਾਮ ਸੁਣਾਈ ਪਈ ਦਰਗਾਹ ਕਬੂਲ,
ਇਹ ਮਜਾਜ਼ੀ ਜ਼ਾਤ ਹਕੀਕੀ ਵਾਸਲ ਵਸਲ ਵਸੂਲ,
ਫ਼ਾਰਗ਼ ਹੋ ਕੇ ਹਜ਼ਰਤ ਓਥੇ ਆਵੇ ਖਾਣਾ ਖਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਤੋਏ-
ਤਲਬ ਦੀਦਾਰ ਦੀ ਆਹੀ ਕੀਤਾ ਕਰਮ ਸੱਤਾਰ,
ਜਲਵਾ ਫੇਰ ਇਲਾਹੀ ਦਿੱਤਾ ਹਜ਼ਰਤ ਨੂੰ ਗੱਫ਼ਾਰ,
ਹੱਥ ਨੂਰਾਨੀ ਗ਼ੈਬੋਂ ਆਵੇ ਮੁੰਦਰੀ ਦਾ ਚਮਕਾਰ,
ਬੁੱਲ੍ਹਾ ਖਲਕ ਮੁਹੰਮਦੀ ਕੀਤੋ ਤਾਂ ਇਹ ਕੀ ਕਹਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ੋਏ-
ਜ਼ਾਹਰ ਮਾਲੂਮ ਨਾ ਕੀਤਾ ਹੋਇਆ ਦੀਦਾਰ ਬਲਾਵੇ,
ਰਲ ਕੇ ਸਈਆਂ ਖਾਣਾ ਖਾਧਾ ਜ਼ਰਾ ਅੰਤ ਨਾ ਆਵੇ,
ਉਹ ਅੰਗੂਠੀ ਆਪ ਪਛਾਤੀ ਆਪਣੀ ਆਪ ਜਤਾਵੇ,
ਬੁੱਲ੍ਹਾ ਹਜ਼ਰਤ ਰੁਖ਼ਸਤ ਹੋ ਕੇ ਆਪਣੇ ਯਾਰ ਸੁਹਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਐਨ-
ਅਨਾਇਤ ਉਲਫ਼ਤ ਹੋਈ ਸੁਣੋ ਸਹਾਬੋਂ ਯਾਰੋਂ,
ਜਿਹੜਾ ਜਪ ਨਾ ਕਰਸੀ ਹਜ਼ਰਤ ਝੂਠਾ ਰਹੇ ਸਰਕਾਰੋਂ,
ਫੇਰ ਸ਼ਫ਼ਾਅਤ ਅਸਾਂ ਹੈ ਕਰਨੀ ਸਾਹਿਬ ਦੇ ਦਰਬਾਰੋਂ,
ਬੁੱਲ੍ਹਾ ਕਿਬਰ ਨਾ ਕਰ ਦੁਨੀਆਂ ਤੇ ਇੱਕਾ ਨਜ਼ਰੀ ਆਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਗ਼ੈਨ-
ਗ਼ੁਲਾਮ ਗ਼ਰੀਬ ਤੁਸਾਡਾ ਖ਼ੈਰ ਮੰਗੇ ਦਰਬਾਰੋਂ,
ਰੋਜ਼ ਹਸ਼ਰ ਦੇ ਖ਼ੌਫ਼ ਸੁਣੇਂਦਾ ਸੱਦ ਹੋਸੀ ਸਰਕਾਰੋਂ,
ਕੁਲ ਖ਼ਲਾਇਕ ਤਲਖ਼ੀ ਅੰਦਰ ਸੂਰਜ ਦੇ ਚਮਕਾਰੋਂ,
ਬੁੱਲ੍ਹਾ ਅਸਾਂ ਭੀ ਓਥੇ ਜਾਣਾ ਜਿੱਥੇ ਗਿਆ ਨਾ ਭਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਫ਼ੇ-
ਫ਼ਕੀਰਾਂ ਫ਼ਿਕਰ ਜੋ ਕੀਤਾ ਵਿਚ ਦਰਗਾਹ ਇਲਾਹੀ,
ਸ਼ਫ਼ੀਅ ਮੁਹੰਮਦ ਜਾ ਖਲੋਤੇ ਜਿੱਥੇ ਬੇਪਰਵਾਹੀ,
ਨੇੜੇ ਨੇੜੇ ਆ ਹਬੀਬਾ ਇਹ ਮੁਹੱਬਤ ਚਾਹੀ,
ਖਿਰਕਾ ਪਹਿਨ ਰਸੂਲ ਅੱਲ੍ਹਾ ਦਾ ਸਿਰ ਤੇ ਤਾਜ ਲਗਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਕੁਆਫ਼-
ਕਲਮ ਨਾ ਮਿਟੇ ਰੱਬਾਨੀ ਜੋ ਅਸਾਂ ਪਰ ਆਈ,
ਜੋ ਕੁਝ ਭਾਗ ਅਸਾਡੇ ਆਹੇ ਉਹ ਤਾਂ ਮੁੜਦੇ ਨਾਹੀਂ,
ਬਾਝ ਨਸੀਬੋਂ ਦਾਅਵੇ ਕੇਡੇ ਬੰਨ੍ਹੇ ਕੁਲ ਖ਼ੁਦਾਈ,
ਬੁੱਲ੍ਹਾ ਲੋਹ ਮਹਿਫੂਜ਼ ਤੇ ਲਿਖਿਆ ਓਥੇ ਕੌਣ ਮਿਟਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਕਾਫ਼-
ਕਲਾਮ ਨਬੀ ਦੀ ਸੱਚੀ ਸਿਰ ਨਬੀਆਂ ਦੇ ਸਾਈਂ,
ਸੂਰਤ ਪਾਕ ਨਬੀ ਦੀ ਜਿਹਾ ਚੰਦ ਸੂਰਜ ਭੀ ਨਾਹੀਂ,
ਹੀਰੇ ਮੋਤੀ ਲਾਲ ਜਵੇਹਰ ਪਹੁੰਚੇ ਓਥੇ ਨਾਹੀਂ,
ਮਜਲਸ ਓਸ ਨਬੀ ਦੀ ਬਹਿ ਕੇ ਭੁੱਲਾ ਕੌਣ ਕਹਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਲਾਮ-
ਲਾ ਇੱਲ੍ਹਾ ਦਾ ਜ਼ਿਕਰ ਬਤਾਓ, ਇਲਇਲਾ ਇਸਬਾਤ ਕਰਾਓ,
ਮੁਹੰਮਦ ਰਸੂਲ-ਅੱਲ੍ਹਾ ਮੇਲ ਕਰਾਓ, ਬੁੱਲ੍ਹਾ ਇਹ ਤੋਹਫਾ ਆਦਮ ਨੂੰ ਆਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਮੀਮ-
ਮੁਹੰਮਦੀ ਜਿਸਮ ਬਣਾਓ, ਦਾਖ਼ਲ ਵਿਚ ਬਹਿਸ਼ਤ ਕਰਾਓ,
ਆਪੇ ਮਗਰ ਸ਼ੈਤਾਨ ਪੁਚਾਓ, ਫੇਰ ਓਥੋਂ ਨਿਕਲ ਆਦਮ ਆਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਨੂਨ-
ਨਿਮਾਣਾ ਹੋ ਮੁਜਰਮ ਆਇਆ, ਕੱਢ ਬਹਿਸ਼ਤੋਂ ਜ਼ਮੀਂ ਰੁਲਾਇਆ,
ਆਦਮ ਹੱਵਾ ਜੁਦਾ ਕਰਾਇਆ, ਬੁੱਲ੍ਹਾ ਆਪ ਵਿਛੋੜਾ ਪਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਵਾ-
ਵਾਹ ਵਾਹ ਆਪ ਮੁਹੰਮਦ ਆਪਣੀ ਆਦਮ ਸ਼ਕਲ ਬਣਾਵੇ,
ਆਪੇ ਰੋਜ਼ ਅਜ਼ਲ ਦਾ ਮਾਲਿਕ ਆਪੇ ਸ਼ਫੀਹ ਹੋ ਆਵੇ,
ਆਪੇ ਰੋਜ਼ ਹਸ਼ਰ ਦਾ ਕਾਜ਼ੀ ਆਪੇ ਹੁਕਮ ਸੁਣਾਵੇ,
ਆਪੇ ਚਾ ਸ਼ਿਫਾਇਤ ਕਰਦਾ ਆਪ ਦੀਦਾਰ ਕਰਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਹੇ-
ਹੌਲੀ ਬੋਲੀਂ ਏਥੇ ਭਾਈ ਮਤ ਕੋਈ ਸੁਣੇ ਸੁਣਾਵੇ,
ਵੱਡਾ ਅਜ਼ਾਬ ਕਬਰ ਦਾ ਦਿੱਸੇ ਜੇ ਕੋਈ ਚਾ ਛੁਡਾਵੇ,
ਪੁਲਸਰਾਤ ਦੀ ਔਖੀ ਘਾਟੀ ਉਹ ਵੀ ਖ਼ੌਫ਼ ਡਰਾਵੇ,
ਰਖ ਉਮੈਦ ਫ਼ਜ਼ਲ ਦੀ ਬੁੱਲ੍ਹਿਆ ਅੱਲ੍ਹਾ ਆਪ ਬਚਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਲਾਮ-
ਲਾਹਮ ਨਾ ਕੋਈ ਦਿੱਸੇ ਕਿਤ ਵਲ ਕੂਕ ਸੁਣਾਵਾਂ,
ਜਿਤ ਵੱਲ ਵੇਖਾਂ ਨਜ਼ਰ ਨਾ ਆਵੇ ਕਿਸ ਨੂੰ ਹਾਲ ਵਿਖਾਵਾਂ,
ਬਾਝ ਪੀਆ ਨਹੀਂ ਕੋਈ ਹਾਮੀ, ਹੋਰ ਨਹੀਂ ਕੋਈ ਥਾਂਵਾਂ,
ਬੁੱਲ੍ਹਾ ਮਲ ਦਰਵਾਜ਼ਾ ਹਜ਼ਰਤ ਵਾਲਾ ਉਹ ਈ ਤੈਂ ਛੁਡਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਅਲਫ-
ਇਕੱਲਾ ਜਾਵੇਂ ਏਥੋਂ ਵੇਖਣ ਆਵਣ ਢੇਰ,
ਸਾਹਾਂ ਤੇਰਿਆਂ ਦੀ ਗਿਣਤੀ ਏਥੇ ਆਈ ਹੋਈ ਨੇੜ,
ਚਲ ਸ਼ਤਾਬੀ ਚਲ ਵੜ ਬੁੱਲ੍ਹਿਆ ਮਤ ਲੱਗ ਜਾਵੇ ਡੇਰ,
ਪਕੜੀਂ ਵਾਗ ਰਸੂਲ ਅੱਲ੍ਹਾ ਦੀ ਕੁਝ ਜਿੱਥੋਂ ਹੱਥ ਆਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਯੇ-
ਯਾਰੀ ਹੁਣ ਮੈਂ ਲਾਈ, ਅਗਲੀ ਉਮਰਾ ਖੇਡ ਵੰਜਾਈ,
ਬੁੱਲ੍ਹਾ ਸ਼ੌਹ ਦੀ ਜ਼ਾਤ ਈ ਆਹੀ, ਕਲਮਾ ਪੜ੍ਹਦਿਆਂ ਜਿੰਦ ਲਿਜਾਵੇ,
ਲਾਗੀ ਰੇ ਲਾਗੀ ਬਲ ਬਲ ਜਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਦੂਜੀ ਸੀਹਰਫ਼ੀ
ਅਲਫ਼-
ਆਪਣੇ ਆਪ ਨੂੰ ਸਮਝ ਪਹਿਲੇ,
ਕੀ ਵਸਤ ਹੈ ਤੇਰੜਾ ਰੂਪ ਪਿਆਰੇ।
ਬਾਹਝ ਆਪਣੇ ਆਪ ਦੇ ਸਹੀ ਕੀਤੇ,
ਰਿਹੋਂ ਵਿੱਚ ਦਸਉਰੀ ਦੇ ਦੁੱਖ ਭਾਰੇ।
ਹੋਰ ਲੱਖ ਉਪਾਉ ਨਾ ਸੁੱਖ ਹੋਵੇ,
ਪੁੱਛੇ ਵੇਖ ਸਿਆਣੇ ਨੇ ਜੱਗ ਸਾਰੇ।
ਸੁੱਖ ਰੂਪ ਅਖੰਡ ਹੈਂ ਤੂੰ,
ਬੁੱਲ੍ਹਾ ਸ਼ਾਹ ਪੁਕਾਰਦਾ ਵੇਦ ਚਾਰੇ।
ਬੇ-
ਬੰਨ੍ਹ ਅੱਖੀਂ ਅਤੇ ਕੰਨ ਦੋਵੇਂ,
ਗੋਸ਼ੇ ਬੈਠ ਕੇ ਬਾਤ ਵਿਚਾਰੀਏ ਜੀ।
ਛੱਡ ਖਾਹਸ਼ਾਂ ਜਗ ਜਹਾਨ ਕੂੜਾ,
ਕਿਹਾ ਆਰਫ਼ਾਂ ਦਾ ਹਿਰਦੇ ਧਾਰੀਏ ਜੀ।
ਪੈਰੀਂ ਪਹਿਨ ਜ਼ੰਜੀਰ ਬੇਖਾਹਸ਼ੀ ਦੇ,
ਏਸ ਨਫ਼ਸ ਨੂੰ ਕੈਦ ਕਰ ਡਾਰੀਏ ਜੀ।
ਜਾਨ ਜਾਣ ਦੋਵੇਂ ਜਾਨ ਰੂਪ ਤੇਰਾ,
ਬੁੱਲ੍ਹਾ ਸ਼ਾਹ ਇਹ ਖ਼ੁਸ਼ੀ ਗੁਜ਼ਾਰੀਏ ਜੀ।
ਤੇ-
ਤੰਗ ਛਿਦਰ ਨਹੀਂ ਵਿਚ ਤੇਰੇ,
ਜਿੱਥੇ ਕੱਖ ਨਾ ਇਕ ਸਮਾਂਵਦਾ ਏ।
ਡੂੰਢ ਵੇਖ ਜਹਾਨ ਦੀ ਠੌਰ ਕਿੱਥੇ,
ਅਨਹੁੰਦੜਾ ਨਜ਼ਰੀਂ ਆਵਦਾ ਏ।
ਜਿਵੇਂ ਖ਼ਵਾਬ ਦਾ ਖ਼ਿਆਲ ਹੋਵੇ ਸੁੱਤਿਆਂ ਨੂੰ,
ਤਰ੍ਹਾਂ ਤਰ੍ਹਾਂ ਦੇ ਰੂਪ ਵਖਾਂਵਦਾ ਏ।
ਬੁੱਲ੍ਹਾ ਸ਼ਾਹ ਨਾ ਤੁਝ ਥੀਂ ਕੁਝ ਬਾਹਰ,
ਤੇਰਾ ਭਰਮ ਤੈਨੂੰ ਭਰਮਾਂਵਦਾ ਏ।
ਸੇ-
ਸਮਝ ਹਿਸਾਬ ਕਰ ਬੈਠ ਅੰਦਰ,
ਤੂਹੀਂ ਆਸਰਾ ਕੁਲ ਜਹਾਨ ਦਾ ਏਂ।
ਤੇਰੇ ਡਿੱਠਿਆਂ ਦਿਸਦਾ ਸਭ ਕੋਈ,
ਨਹੀਂ ਕੋਈ ਨਾ ਕਿਸੇ ਪਛਾਣਦਾ ਏ।
ਤੇਰਾ ਖ਼ਿਆਲ ਈ ਹੋ ਹਰ ਤਰ੍ਹਾਂ ਦਿੱਸੇ,
ਜਿਵੇਂ ਬਤਾਲ ਬਤਾਲ ਕਰ ਜਾਣਦਾ ਏ।
ਬੁੱਲ੍ਹਾ ਸ਼ਾਹ ਫਾਹੇ ਕੌਣ ਉਡਾਵਰੇ ਨੂੰ,
ਫਸੇ ਆਪ ਆਪੇ ਫਾਹੀ ਤਾਣਦਾ ਏਂ।
ਜੀਮ-
ਜਿਊਣਾ ਭਲਾ ਕਰ ਮੰਨਿਆਂ ਤੈਂ,
ਡਰੇ ਮਰਨ ਥੀਂ ਇਹ ਗਿਆਨ ਭਾਰਾ।
ਇਕ ਤੂੰ ਏਂ ਤੂੰ ਜਿੰਦ ਜਹਾਨ ਦੀ ਹੈਂ,
ਘਟਾ ਕਾਸ ਜੋ ਮਿਲੇ ਸਭ ਮਾਹੇਂ ਨਿਆਰਾ।
ਤੇਰਾ ਖ਼ਿਆਲ ਈ ਹੋਏ ਹਰ ਤਰ੍ਹਾਂ ਦਿੱਸੇ,
ਆਦਿ ਅੰਤ ਬਾਝੋਂ ਲੱਗੇ ਸਦਾ ਪਿਆਰਾ।
ਬੁੱਲ੍ਹਾ ਸ਼ਾਹ ਸੰਭਾਲ ਤੂੰ ਆਪ ਤਾਈਂ,
ਤੂੰ ਤਾਂ ਅਮਰ ਹੈਂ ਸਦਾ ਨਹੀਂ ਮਰਨ ਹਾਰਾ।
ਚੇ-
ਚਾਨਣਾ ਕੁਲ ਜਹਾਨ ਦਾ ਤੂੰ,
ਤੇਰੇ ਆਸਰੇ ਹੋਇਆ ਬਿਉਹਾਰ ਸਾਰਾ।
ਤੂਈਂ ਸਭ ਕੀ ਆਂਖੋਂ ਮੇਂ ਵੇਖਨਾ ਏਂ,
ਤੁਝੇ ਸੁੱਝਦਾ ਚਾਨਣਾ ਔਰ ਅੰਧਾਰਾ।
ਨਿੱਤ ਜਾਗਣਾ ਸੋਵਣਾ ਖ਼ਵਾਬ ਏਥੇ,
ਇਹ ਤੇ ਹੋਏ ਅੱਗੇ ਤੇਰੇ ਕਈ ਵਾਰਾ।
ਬੁੱਲ੍ਹਾ ਸ਼ਾਹ ਪ੍ਰਕਾਸ ਸਰੂਪ ਤੇਰਾ,
ਘਟ ਵਧ ਨਾ ਹੋ ਤੂੰ ਏਕ-ਸਾਰਾ।
ਹੇ-
ਹਿਰਸ ਹੈਰਾਨ ਕਰ ਸੁਟਿਆ ਏਂ,
ਤੈਨੂੰ ਆਪਣਾ ਆਪ ਭੁਲਾਇਆ ਸੂ।
ਬਾਦਸ਼ਾਹੀਉਂ ਸੁੱਟ ਕੰਗਾਲ ਕੀਤੇ,
ਕਰ ਲੱਖ ਤੋਂ ਕੱਖ ਵਿਖਾਇਆ ਸੂ।
ਮਦ ਮੱਚੜੇ ਸ਼ੇਰ ਨੂੰ ਤੰਦ ਕੱਚੀ,
ਪੈਰੀਂ ਪਾ ਕੇ ਬੰਨ੍ਹ ਬਹਾਇਆ ਸੂ।
ਬੁੱਲ੍ਹਾ ਸ਼ਾਹ ਤਮਾਸ਼ੜੇ ਹੋਰ ਵੇਖੋ,
ਲੈ ਸਮੁੰਦਰ ਨੂੰ ਕੁੱਜੜੀ ਪਾਇਆ ਸੂ।
ਖ਼ੇ-
ਖ਼ਬਰ ਨਾ ਆਪਣੀ ਰਖਨਾ ਏਂ,
ਲੱਗ ਖ਼ਿਆਲ ਦੇ ਨਾਲ ਤੂੰ ਖ਼ਿਆਲ ਹੋਇਆ।
ਜ਼ਰਾ ਖ਼ਿਆਲ ਨੂੰ ਸੱਟ ਕੇ ਬੇਖ਼ਿਆਲ ਹੋ ਤੂੰ,
ਜਿਵੇਂ ਹੋਇਆ ਓਹੀ ਗਿਆ ਨਹੀਂ ਸੋਇਆ।
ਤਦੋਂ ਵੇਖ ਖਾਂ ਅੰਦਰੋਂ ਕੌਣ ਜਾਗੇ,
ਨਹੀਂ ਘਾਸ ਮੇਂ ਛਪੇ ਹਾਥੀ ਖਲੋਇਆ।
ਬੁੱਲ੍ਹਾ ਸ਼ੌਹ ਜੋ ਗਲੇ ਦੇ ਵਿਚ ਗਹਿਣਾ,
ਫਿਰੇਂ ਢੂੰਡਦਾ ਤਿਵੇਂ ਤੈਂ ਆਪ ਖੋਹਿਆ।
ਦਾਲ-
ਦਿਲੋਂ ਦਿਲਗੀਰ ਨਾ ਹੋਇਉਂ ਮੂਲੇ,
ਦੀਗਰ ਚੀਜ਼ ਨਾਪੈਦ ਤਹਿਕੀਕ ਕੀਜੇ।
ਅੱਵਲ ਜਾ ਮੁਹੱਬਤ ਕਰੋ ਆਰਫ਼ਾਂ ਦੀ,
ਸੁਖ਼ਨ ਤਿਨਹਾਂ ਦੇ ਆਬੇ-ਹਯਾਤ ਪੀਜੇ।
ਚਸ਼ਮ ਜਿਗਰ ਦੇ ਮਿਲਣ ਹੋ ਰਹੇ ਤੇਰੇ,
ਨਹੀਂ ਸੂਝਤਾ ਤਿਨ੍ਹਾਂ ਕਰ ਸਾਫ਼ ਕੀਜੇ।
ਬੁੱਲ੍ਹਾ ਸ਼ਾਹ ਸੰਭਾਲ ਤੂੰ ਆਪ ਤਾਈਂ,
ਤੂੰ ਏਂ ਆਪ ਅਨੰਦ ਮੇਂ ਸਦਾ ਜੀਜੇ।
ਜ਼ਾਲ-
ਜ਼ਰਾ ਨਾ ਸ਼ੱਕ ਤੂੰ ਰਖ ਦਿਲ ਤੇ,
ਹੋ ਬੇਸ਼ਕ ਤੂੰਹੇਂ ਖ਼ੁਦ ਖਸਮ ਜਾਈਂ।
ਜਿਵੇਂ ਸਿੰਘ ਭੁੱਲਦੇ ਬਲ ਆਪਣੇ ਨੂੰ,
ਚਰੇ ਘਾਸ ਮਿਲ ਆ ਜਾਣ ਨਿਆਈਂ।
ਪਿਛੋਂ ਸਮਝ ਬਲ ਗਰਜ ਵਾਜਾ ਮਾਰੇ,
ਭਿਆ ਸਿੰਘ ਕਾ ਸਿੰਘ ਕੁਝ ਭੇਤ ਨਾਹੀਂ।
ਤੈਸੀ ਤੂੰ ਭੀ ਤਰ੍ਹਾਂ ਕੁਛ ਅਬਰ(ਖ਼ਬਰ) ਧਾਰੇ,
ਬੁੱਲ੍ਹੇ ਸ਼ਾਹ ਸੰਭਾਲ ਤੂੰ ਆਪ ਤਾਈਂ।
ਰੇ-
ਰੰਗ ਜਹਾਨ ਦੇ ਵੇਖਦਾ ਹੈਂ,
ਸੋਹਣੇ ਬਾਝ ਵਿਚਾਰ ਦੇ ਦਿਸਦੇ ਨੀ।
ਜਿਵੇਂ ਹੋਤ ਹਬਾਬ ਬਹੁ ਰੰਗ ਦੇ ਜੀ,
ਅੰਦਰ ਆਬ ਦੇ ਜ਼ਰਾ ਵਿਚ ਦਿਸਦੇ ਨੀ।
ਆਬ ਖ਼ਾਕ ਆਤਸ਼ ਬਾਦ ਬਹੇ ਕੱਠੇ,
ਵੇਖ ਅੱਜ ਕਿ ਕਲ ਵਿਚ ਖਿਸਕਦੇ ਨੀ।
ਬੁੱਲ੍ਹਾ ਸ਼ਾਹ ਸੰਭਾਲ ਕੇ ਵੇਖ ਖਾਂ ਤੂੰ,
ਸੁੱਖ ਦੁੱਖ ਸੱਭੋ ਇਸ ਕਿਸ ਦੇ ਨੀ।
ਜੀਮ-
ਜਾਵਣਾ ਆਵਣਾ ਨਹੀਂ ਓਥੇ,
ਕੋਹ ਵਾਂਗ ਹਮੇਸ਼ ਅਡੋਲ ਹੈ ਜੀ।
ਜਿਵੇਂ ਬਦਲਾਂ ਦੇ ਤਲੇ ਚੰਨ ਚਲਦਾ,
ਲੱਗਾ ਬਾਲਕਾਂ ਨੂੰ ਬੱਡਾ ਭੋਲ ਹੈ ਜੀ।
ਚਲੇ ਮਨ ਇੰਦਰੀ ਪ੍ਰਾਨ ਦੇਹ ਆਦਿਕ,
ਵੋਹ ਵੇਖਣੇਹਾਰ ਅਡੋਲ ਹੈ ਜੀ।
ਬੁੱਲ੍ਹਾ ਸ਼ਾਹ ਸੰਭਾਲ ਖੁਸ਼ਹਾਲ ਹੈ ਜੀ,
ਐਨ ਆਰਫ਼ਾਂ ਦਾ ਇਹੋ ਬੋਲ ਹੈ ਜੀ।
ਸੀਨ-
ਸਿਤਮ ਕਰਨਾ ਹੈ ਜਾਨ ਆਪਣੀ ਤੇ,
ਭੁੱਲ ਆਪ ਥੀਂ ਹੋਰ ਕੁਝ ਹੋਵਣਾ ਜੀ।
ਸੋਈਓ ਲਿਖਿਆ ਸ਼ੇਰ ਚਿਤਰੀਆਂ ਨੇ,
ਸੱਚ ਜਾਣ ਕੇ ਬਾਲਕਾਂ ਰੋਵਣਾ ਜੀ।
ਜ਼ਰਾ ਮੌਲ ਨਾਹੀਂ ਵੇਖ ਭੁੱਲ ਨਾਹੀਂ,
ਲੱਗਾ ਚਿਕੜੋਂ ਜਾਣ ਕਿਉਂ ਧੋਵਣਾ ਜੀ,
ਬੁੱਲ੍ਹਾ ਸ਼ਾਹ ਜ਼ੰਜਾਲ ਨਹੀਂ ਮੂਲ ਕੋਈ,
ਜਾਣ ਬੁੱਝ ਕੇ ਭੁੱਲ ਖਲੋਵਣਾ ਜੀ।
ਸ਼ੀਨ-
ਸ਼ੁਬਾ ਨਹੀਂ ਕੋਈ ਜ਼ਰਾ ਇਸ ਮੇਂ,
ਸਦਾ ਆਪਣਾ ਆਪ ਸਰੂਪ ਹੈ ਜੀ।
ਨਹੀਂ ਗਿਆਨ ਅਗਿਆਨ ਦੀ ਠੌਰ ਓਹਾਂ,
ਕਹਾਂ ਸੂਰਮੇਂ ਛਾਉਂ ਔਰ ਧੂਪ ਹੈ ਜੀ।
ਪੜਾ ਸੇਜ ਹੈ ਮਾਹੀਂ ਮੈਂ ਸਹੀ ਸੋਇਆ,
ਕੂੜਾ ਸੁਖ਼ਨ ਕਾ ਰੰਗ ਅਰ ਭੂਪ ਹੈ ਜੀ।
ਬੁੱਲ੍ਹਾ ਸ਼ਾਹ ਸੰਭਾਲ ਜਬ ਮੂਲ ਵੇਖਾਂ,
ਠੌਰ ਠੌਰ ਮੇਂ ਅਪਨੇ ਅਨੂਪ ਹੈ ਜੀ।
ਸੁਆਦ-
ਸਬਰ ਕਰਨਾ ਆਇਆ ਨਬੀ ਉੱਤੇ,
ਵੇਖ ਰੰਗ ਨਾ ਚਿਤ ਡੋਲਾਈਏ ਜੀ।
ਸਦਾ ਤੁਖ਼ਮ ਦੀ ਤਰਫ਼ ਨਿਗਾਹ ਕਰਨੀ,
ਪਾਤ ਫੂਲ ਕੇ ਓਰ ਨਾ ਜਾਈਏ ਜੀ।
ਜੋਈ ਆਏ ਔਰ ਜਾਏ ਇਕ ਰਹੇ ਨਾਹੀਂ,
ਤਾਂ ਸੋ ਕੌਨ ਦਾਨਸ਼ ਜੀਉਂ ਲਾਈਏ ਜੀ।
ਬੁੱਲ੍ਹਾ ਸ਼ਾਹ ਸੰਭਾਲ ਖ਼ੁਦ ਖੰਡ ਨਾਹੀਂ,
ਜਿਸ ਚਹੇ ਫੂਲ ਤਿਸੇ ਕਿਉਂ ਖਾਈਏ ਜੀ।
ਜ਼ੁਆਦ-
ਜ਼ਿਕਰ ਔਰ ਫ਼ਿਕਰ ਕੋ ਛੋੜ ਦੀਜੇ,
ਕੀਜੋ ਨਹੀਂ ਕੁਝ ਯਹੀ ਪਛਾਨਣਾ ਏਂ।
ਜਾ ਸੌਂ ਉਠਿਆ ਤਾਹੀਂ ਕੇ ਬੀਚ ਡਾਲੋਂ,
ਹੋਏ ਅਡੋਲ ਵੇਖੇ ਆਪ ਚਾਨਣਾ ਏਂ।
ਸਦਾ ਚੀਜ਼ ਨਾ ਪੈਦ ਹੈ ਵੇਖੀਏ ਜੀ,
ਮੇਰੇ ਮੇਰੇ ਕਰ ਜੀਆ ਮੈਂ ਜਾਨਣਾ ਏਂ।
ਬੁੱਲ੍ਹਾ ਸ਼ਾਹ ਸੰਭਾਲ ਤੂੰ ਆਪ ਤਾਈਂ,
ਤੂੰ ਤਾਂ ਸਦਾ ਅਨੰਦ ਹੈਂ ਚਾਨਣਾ ਏਂ।
ਤੋਏ-
ਤੌਰ ਮਹਿਬੂਬ ਦਾ ਜਿਨ੍ਹਾਂ ਡਿੱਠਾ,
ਤਿਨ੍ਹਾਂ ਦੂਈ ਤਰਫੋਂ ਮੁੱਖ ਮੋੜਿਆ ਈ।
ਕੋਈ ਲਟਕ ਪਿਆਰੇ ਦੀ ਲੁੱਟ ਲੀਤੀ,
ਹਟੇ ਨਹੀਂ ਐਸਾ ਜੀ ਜੋੜਿਆ ਈ।
ਅੱਠੇ ਪਹਿਰ ਮਸਤਾਨ ਦੀਵਾਨ ਫਿਰਦੇ,
ਉਨ੍ਹਾਂ ਪੈਰ ਆਲੂਦ ਨਾ ਬੋੜਿਆ ਈ।
ਬੁੱਲ੍ਹਾ ਸ਼ਾਹ ਉਹ ਆਪ ਮਹਿਬੂਬ ਹੋਏ,
ਸ਼ੌਂਕ ਯਾਰ ਦੇ ਕੁਫ਼ਰ ਸਭ ਤੋੜਿਆ ਈ।
ਜ਼ੋਏ-
ਜੁਦਾ ਨਾਹੀਂ ਤੇਰਾ ਯਾਰ ਤੈਂ ਥੀਂ,
ਫਿਰੇਂ ਢੂੰਡਦਾ ਕਿਸ ਨੂੰ ਦੱਸ ਮੈਨੂੰ।
ਪਹਿਲੋਂ ਢੂੰਡਨੇਹਾਰ ਨੂੰ ਢੂੰਡ ਖਾਂ ਜੀ,
ਪਿੱਛੇ ਪਿੱਛੇ ਪਰਤੱਛ ਗਹਿਰੇ ਰਸ ਤੈਨੂੰ।
ਮਤ ਤੂੰ ਈਂ ਹੋਵੇਂ ਆਪ ਯਾਰ ਸਭ ਦਾ,
ਫਿਰੇਂ ਢੂੰਡਦਾ ਜੰਗਲਾਂ ਵਿਚ ਜੀਹਨੂੰ।
ਬੁੱਲ੍ਹਾ ਸ਼ਾਹ ਤੂੰ ਆਪ ਮਹਿਬੂਬ ਪਿਆਰਾ,
ਭੁੱਲ ਆਪ ਥੀਂ ਢੂੰਡਦਾ ਫਿਰੇਂ ਕੀਹਨੂੰ।
ਐਨ-
ਐਨ ਹੈ ਆਪ ਬਿਨਾਂ ਨੁਕਤੇ,
ਸਦਾ ਚੈਨ ਮਹਿਬੂਬ ਵਲ ਵਾਰ ਮੇਰਾ।
ਇਕ ਵਾਰ ਮਹਿਬੂਬ ਨੂੰ ਜਿਨ੍ਹਾਂ ਵੇਖਾ,
ਉਹ ਵੇਖਣ ਯਾਰ ਹੈ ਸਭ ਕਿਹੜਾ।
ਉਸ ਤੋਂ ਲੱਖ ਬਹਿਸ਼ਤ ਕੁਰਬਾਨ ਕੀਤੇ,
ਪਹੁੰਚਾ ਹੋਏ ਬੇਗ਼ਮ ਚੁਕਾਏ ਜਿਹੜਾ।
ਬੁੱਲ੍ਹਾ ਸ਼ੌਹ ਹਰ ਹਾਲ ਵਿਚ ਮਸਤ ਫਿਰਦੇ,
ਹਾਥੀ ਮਸਤੜੇ ਤੋੜ ਜ਼ੰਜੀਰ ਕਿਹੜਾ।
ਗ਼ੈਨ-
ਗ਼ਮ ਨੇ ਮਾਰ ਹੈਰਾਨ ਕੀਤਾ,
ਅੱਠੇ ਪਹਿਰ ਮੈਂ ਪਿਆਰੇ ਨੂੰ ਲੋੜਦੀ ਸਾਂ।
ਮੈਨੂੰ ਖਾਵਣਾ ਪੀਵਣਾ ਭੁੱਲ ਗਿਆ,
ਰੱਬਾ ਮੇਲ ਜਾਨੀ ਹੱਥ ਜੋੜਦੀ ਸਾਂ।
ਸਈਆਂ ਛੱਡ ਗਈਆਂ ਮੈਂ ਇਕੱਲੜੀ ਨੂੰ,
ਅੰਗ ਸਾਕ ਨਾਲੋਂ ਨਾਤਾ ਤੋੜਦੀ ਸਾਂ।
ਬੁੱਲ੍ਹਾ ਸ਼ਾਹ ਜਦ ਆਪ ਨੂੰ ਸਹੀ ਕੀਤਾ,
ਤਾਂ ਮੈਂ ਸੁੱਤੜੇ ਅੰਗ ਨਾ ਮੋੜਦੀ ਸਾਂ।
ਫ਼ੇ-
ਫ਼ਿਕਰ ਕੀਤਾ ਸਈਓ ਮੇਰੀਓ ਨੀ,
ਮੈਂ ਤਾਂ ਆਪਣੇ ਆਪ ਨੂੰ ਸਹੀ ਕੀਤਾ।
ਕਉੜੀ ਵੇਹ ਸੇ ਮੂੰਹ ਚੁਕਾਇਆ ਮੈਂ,
ਖ਼ਾਕ ਛਾਣ ਕੇ ਲਾਲ ਨੂੰ ਫੂਲ ਕੀਤਾ।
ਦੇਖ ਧੂਏਂ ਦੇ ਧਉਲਰੇ ਜੱਗ ਸਾਰਾ,
ਸੱਟ ਪਾਇਆ ਹੈ ਜੀਆ ਤੇ ਹਾਰ ਜੀਤਾ।
ਬੁੱਲ੍ਹਾ ਸ਼ਾਹ ਅਨੰਦ ਅਖੰਡ ਸਦਾ ਲਿਖ(ਲੱਖ),
ਆਪ ਨੇ ਆਬ-ਏ-ਹਯਾਤ ਪੀਤਾ।
ਕਾਫ਼-
ਕੌਣ ਜਾਣੇ ਜਾਨੀ ਜਾਨ ਦੇ ਨੂੰ,
ਆਪ ਜਾਣਨਹਾਰ ਇਹ ਕੁੱਲ ਦਾ ਏ।
ਪਰ ਤੁੱਛ ਦੇ ਊਪਰ ਮਾਣ ਜੇਤੇ,
ਸਿੱਧ ਕੀਤੇ ਇਸ ਦੇ ਨਹੀਂ ਭੁੱਲਦਾ ਏ।
ਨੇਯਤਿ ਨੇਯਤਿ ਕਰ ਬੇਦ ਪੁਕਾਰਦੇ ਨੀ,
ਨਹੀਂ ਦੂਸਰਾ ਏਸ ਦੇ ਤੁੱਲ ਦਾ ਹੈ।
ਬੁੱਲ੍ਹਾ ਸ਼ਾਹ ਸੰਭਾਲ ਜਬ ਆਪ ਦੇਖਾ,
ਸਦਾ ਸੁਹੰਗ ਪ੍ਰਕਾਸ਼ ਹੋਏ ਝੁੱਲਦਾ ਏ।
ਗਾਫ਼-
ਗੁਜ਼ਰ ਗੁਮਾਨ ਤੇ ਸਮਝ ਬਹਿ ਕੇ,
ਹੰਕਾਰ ਦਾ ਆਸਰਾ ਕੋਈ ਨਾਹੀਂ।
ਬੁੱਧ ਆਪ ਸੰਘਾਤ ਚੜ੍ਹ ਵੇਖੀਏ ਜੀ,
ਪੜਾ ਕਾਠ ਪੱਖਾਂ ਜਿਵੇਂ ਭੂਮ ਮਾਹੀਂ।
ਆਪ ਆਤਮਾ ਗਿਆਨ ਸਰੂਪ ਸੁੱਤਾ,
ਸਦਾ ਨਹੀਂ ਫਿਰਦਾ ਕਿਹੜਾ ਏਕ ਜਾਹੀਂ।
ਬੁੱਲ੍ਹਾ ਸ਼ਾਹ ਬਬੇਕ ਬਿਚਾਰ ਸੇਤੀ,
ਖੁਦੀ ਛੋਡ ਖੁਦ ਹੋਏ ਖਸਮ ਸਾਈਂ।
ਲਾਮ-
ਲੱਗ ਆਖੇ ਜਾਗ ਖਾਂ ਸੋਇਆ,
ਜਾਣ ਬੁੱਝ ਕੇ ਦੁੱਖ ਕਿਉਂ ਪਾਵਣਾ ਏਂ।
ਜ਼ਰਾ ਆਪ ਨਾ ਹਟੇਂ ਬੁਰਾਈਆਂ ਤੋਂ,
ਕਢ ਮਸਲੇ ਲੋਕ ਸੁਣਾਵਣਾਂ ਏਂ।
ਕਾਗ ਵਿਸ਼ਟ ਜੀਵਨ ਜਾਣ ਤੁਝੇ,
ਸੰਤਾਂ ਵੱਖੀ ਮੋੜ ਕਿਉਂ ਚਿਤ ਲੁਭਾਵਣਾ ਏਂ।
ਬੁੱਲ੍ਹਾ ਸ਼ੌਹ ਉਹ ਜਾਨਣੇਹਾਰ ਦਿਲ ਦਾ,
ਕਰੇਂ ਚੋਰੀਆਂ ਸਾਧ ਸਦਾਵਣਾ ਏਂ।
ਮੀਮ-
ਮੌਜੂਦ ਹਰ ਜਾ ਮੌਲਾ,
ਤੈਸੇ ਵੇਖ ਕਿਹਾ ਭੇਖ ਬਣਾਇਆ ਸੂ।
ਜਿਵੇਂ ਇਕ ਹੀ ਤੁਖ਼ਮ ਬਹੁ ਤਰ੍ਹਾਂ ਦਿੱਸੇ,
ਤੂੰ ਮੈਂ ਆਪਣਾ ਆਪ ਫੁਲਾਯਾ ਸੂ।
ਸਾਹ ਆਪਣੇ ਆਪਣੇ ਖਿਆਲ ਕਰਦਾ,
ਨਰ ਨਾਰ ਹੋਏ ਚਿਤ ਮਿਲਾਯਾ ਸੂ।
ਬੁੱਲ੍ਹਾ ਸ਼ੌਹ ਨਾ ਮੂਲ ਥੀਂ ਕੁਝ ਹੋਇਆ,
ਸੋ ਜਾਣਦਾ ਜਿਸੇ ਜਣਾਇਆ ਸੂ।
ਨੂਨ-
ਨਾਮ ਅਰੂਪ ਉਠਾ ਦੀਜੇ,
ਪਿੱਛੇ ਅਸਤ ਅਰਬਹਾਨਿਤ ਪਰਿਆ ਸਾਂਚ ਹੈ ਜੀ।
ਸੋਈ ਚਿੱਤ ਕਿ ਚਿਤਵਣੀ ਵਿਚ ਆਵੇ,
ਸੋਈ ਜਾਣ ਤਹਿਕੀਕ ਕਰ ਕਾਂਚ ਹੈ ਜੀ।
ਤੈਂ ਬੁੱਧ ਕੀ ਬਰਤ ਤੂੰ ਹੈਂ ਸਾਖੀ,
ਤੂੰ ਜਾਨ ਨਿਜ ਰੂਪ ਮੈਂ ਰਾਚ ਹੈ ਜੀ।
ਬੁੱਲ੍ਹਾ ਸ਼ੌਹ ਜੇ ਭੂਪ ਅਟੱਲ ਬੈਠਾ,
ਤੇਰੇ ਅੱਗੇ ਪ੍ਰਕ੍ਰਿਤ ਕਾ ਨਾਚ ਹੈ ਜੀ।
ਵਾਓ-
ਵਕਤ ਇਹ ਹੱਥ ਨਾ ਆਵਣਾ ਏਂ,
ਇਕ ਪਲਕ ਦੀ ਲੱਖ ਕਰੋੜ ਦੇਵੇਂ।
ਜਤਨ ਕਰੇਂ ਤਾਂ ਆਪ ਅਚਾਹ ਹੋਵੇਂ,
ਤੂੰ ਤਾਂ ਫੇਰ ਅੱਠੇ ਵੱਖੇ ਰਸ ਸੇਵੇਂ।
ਕੂੜ ਬਪਾਰ ਕਰ ਧੂੜ ਸਿਰ ਮੇਲੇਂ,
ਚਿੰਤਾ ਮਨ ਦੇਵੇਂ ਜੜ੍ਹ ਕਾਚ ਲੇਵੇਂ,
ਬੁੱਲ੍ਹਾ ਸ਼ੌਹ ਸੰਭਾਲ ਤੂੰ ਆਪ ਤਾਈਂ,
ਤੂੰ ਤਾਂ ਅਨੰਤ ਲਗ ਦੇਹ ਮੇਂ ਕਹਾਂ ਮੇਵੇਂ।
ਹੇ-
ਹਰ ਤਰ੍ਹਾਂ ਹੋਵੇ ਦਿਲਦਾਰ ਪਿਆਰਾ,
ਰੰਗ ਰੰਗ ਦਾ ਰੂਪ ਬਣਾਇਆ ਈ।
ਕਹੂੰ ਆਪ ਕੋ ਭੂਲ ਰੰਜੂਲ ਹੋਇਆ,
ਉਰਵਾਰ ਭਰਮਾਏ ਸਤਾਇਆ ਈ।
ਜਦੋਂ ਆਪਣੇ ਆਪ ਮੈਂ ਪਰਗਟ ਹੋਇਆ,
ਨਜ਼ਾਅ ਨੰਦ ਕੇ ਮਾਹੀਂ ਸਮਾਯਾ ਈ।
ਬੁੱਲ੍ਹਾ ਸ਼ਾਹ ਜੋ ਆਦਿ ਥਾਂ ਅੰਤ ਸੋਈ,
ਜਿਵੇਂ ਨੀਰ ਮੇਂ ਨੀਰ ਮਿਲਾਇਆ ਈ।
ਅਲਫ਼-
ਅਜ ਬਣਿਆ ਸੱਭੋ ਚੱਜ ਮੇਰਾ,
ਸ਼ਾਦੀ ਗ਼ਮੀ ਥੀਂ ਪਾਰ ਖਲੋਇਆ ਨੀ।
ਭਯਾ ਦੂਆ ਭਰਮ ਮਰਮ ਪਾਇਆ ਮੈਂ,
ਡਰ ਕਾਲ ਕਾ ਜੀਅ ਤੇ ਖੋਇਆ ਨੀ।
ਸਾਧ ਸੰਗਤ ਕੀ ਦਯਾ ਭਯਾ ਨਿਰਮਲ,
ਘਟ ਘਟ ਵਿਚ ਤਨ ਸੁੱਖ ਸੋਇਆ ਨੀ।
ਬੁੱਲ੍ਹਾ ਸ਼ਾਹ ਜਦ ਆਪ ਨੂੰ ਸਹੀ ਕੀਤਾ,
ਜੋਈ ਆਦਿ ਦਾ ਅੰਤ ਫਿਰ ਹੋਇਆ ਨੀ।
ਯੇ-
ਯਾਰ ਪਾਯਾ ਸਈਓ ਮੇਰੀਓ ਮੈਂ,
ਆਪਣਾ ਆਪ ਗਵਾਏ ਕੇ ਨੀ।
ਰਹੀ ਸੁੱਧ ਨਾ ਬੁੱਧ ਜਹਾਨ ਕੀ ਰੀ,
ਥੱਕੇ ਬਰਤ ਅਨੰਦ ਮੈਂ ਜਾਏ ਕੇ ਨੀ।
ਉਲਟੇ ਜਾਮ ਬਿਸਰਾਮ ਨਾ ਕਾਮ ਕੋਈ,
ਧੂਣੀ ਗਿਆਨ ਕੀ ਭਾ ਜਲਾਏ ਕੇ ਨੀ।
ਬੁੱਲ੍ਹਾ ਸ਼ੌਹ ਮੁਬਾਰਕਾਂ ਲੱਖ ਦਿਓ,
ਬਹੇ ਜਾਨ ਜਾਨੀ ਗਲ ਲਾਏ ਕੇ ਨੀ।
ਤੀਜੀ ਸੀਹਰਫ਼ੀ
ਅਲਫ਼-
ਆਵਦਿਆਂ ਤੋਂ ਮੈਂ ਸਦਕੜੇ ਹਾਂ,
ਜੀਮ ਜਾਂਦਿਆਂ ਤੋਂ ਸਿਰ ਵਾਰਨੀ ਹਾਂ।
ਮਿੱਠੀ ਪ੍ਰੀਤ ਅਨੋਖੜੀ ਲੱਗ ਰਹੀ,
ਘੜੀ ਪਲ ਨਾ ਯਾਰ ਵਿਸਾਰਨੀ ਹਾਂ।
ਕੇਹੇ ਹੱਡ ਤਕਾਦੜੇ ਪਏ ਮੈਂਨੂੰ,
ਔਂਸੀਆਂ ਪਾਂਵਦੀ ਕਾਗ ਉਡਾਰਨੀ ਹਾਂ।
ਬੁੱਲ੍ਹਾ ਸ਼ੌਹ ਤੇ ਕਮਲੀ ਮੈਂ ਹੋਈ,
ਸੁੱਤੀ ਬੈਠੀ ਮੈਂ ਯਾਰ ਪੁਕਾਰਨੀ ਹਾਂ।
ਬੇ-
ਬਾਜ਼ ਨਾ ਆਂਵਦੀਆਂ ਅੱਖੀਆਂ ਨੀ,
ਕਿਸੇ ਔਝੜੇ ਬੈਠ ਸਮਝਾਵਨੀ ਹਾਂ।
ਹੋਈਆਂ ਲਾਲ ਅਨਾਰ ਦੇ ਗੁਲਾਂ ਵਾਂਙੂ,
ਕਿਸੇ ਦੁੱਖੜੇ ਨਾਲ ਛਪਾਵਨੀ ਹਾਂ।
ਮੁੱਢ ਪਿਆਰ ਦੀਆਂ ਜਰਮ ਦੀਆਂ ਤੱਤੀਆਂ ਨੂੰ,
ਲਖ ਲਖ ਨਸੀਹਤਾਂ ਲਾਵਨੀ ਹਾਂ।
ਬੁੱਲ੍ਹਾ ਸ਼ਾਹ ਦਾ ਸ਼ੌਂਕ ਛੁਪਾ ਕੇ ਤੇ,
ਜ਼ਾਹਰ ਦੁਤੀਆਂ ਦਾ ਗ਼ਮ ਖਾਵਨੀ ਹਾਂ।
ਤੇ-
ਤਾਇ ਕੇ ਇਸ਼ਕ ਹੈਰਾਨ ਕੀਤਾ,
ਸੀਨੇ ਵਿਚ ਅਲੰਬੜਾ ਬਾਲਿਆ ਈ,
ਮੁੱਖੋਂ ਕੂਕਦਿਆਂ ਆਪ ਨੂੰ ਫੂਕ ਲੱਗੀ,
ਚੁੱਪ ਕੀਤਿਆਂ ਮੈਂ ਤਨ ਜਾਲਿਆ ਈ।
ਪਾਪੀ ਬਿਰਹੋਂ ਦੇ ਝੱਖੜ ਝੋਲਿਆਂ ਨੇ,
ਲੁੱਕ ਛੁੱਪ ਮੇਰਾ ਜੀਅ ਜਾਲਿਆ ਈ।
ਬੁੱਲ੍ਹਾ ਸ਼ਹੁ ਦੀ ਪ੍ਰੀਤ ਦੀ ਰੀਤ ਕੇਹੀ,
ਆਹੀਂ ਤੱਤੀਆਂ ਨਾਲ ਸੰਭਾਲਿਆ ਈ।
ਸੇ-
ਸਬੂਤ ਜੋ ਅੱਖੀਆਂ ਲੱਗ ਰਹੀਆਂ,
ਇਕ ਮਤ ਪ੍ਰੇਮ ਦੀ ਜਾਨਣੀ ਹਾਂ।
ਗੁੰਗੀ ਡੋਰੀ ਹਾਂ ਗ਼ੈਰ ਦੀ ਬਾਤ ਕੋਲੋਂ,
ਸਦ ਯਾਰ ਦਾ ਸਹੀ ਸਿਆਨਣੀ ਹਾਂ।
ਆਹੀਂ ਠੰਡੀਆਂ ਨਾਲ ਪਿਆਰ ਮੇਰਾ,
ਸੀਨੇ ਵਿਚ ਤੇਰਾ ਮਾਣ ਮਾਨਣੀ ਹਾਂ।
ਬੁੱਲ੍ਹਾ ਸ਼ੌਹ ਤੈਨੁੰ ਕੋਈ ਸਿੱਕ ਨਾਹੀਂ,
ਤੈਨੂੰ ਭਾਵਣੀ ਹਾਂ ਕਿ ਨਾ ਭਾਵਣੀ ਹਾਂ।
ਜੀਮ-
ਜਾਨ ਜਾਨੀ ਮੇਰੇ ਕੋਲ ਹੋਵੇ,
ਕਿਵੇਂ ਵੱਸ ਨਾ ਜਾਨ ਵਿਸਾਰਨੀ ਹਾਂ।
ਦਿਨੇ ਰਾਤ ਅਸਹਿ ਮਿਲਣ ਤੇਰੀਆਂ,
ਮੈਂ ਤੇਰੇ ਦੇਖਣੇ ਨਾਲ ਗੁਜ਼ਾਰਨੀ ਹਾਂ।
ਘੋਲ ਘੋਲ ਹੱਸ ਕਰਦਾ ਪ੍ਰਿਯੇ,
ਯੇਹ ਥੀਂ ਮੈਂ ਲਿਖ ਲਿਖ ਸਾਰਨੀ ਹਾਂ।
ਬੁੱਲ੍ਹਾ ਸ਼ੌਹ ਤੈਥੋਂ ਕੁਰਬਾਨੀਆਂ ਮੈਂ,
ਹੋਰ ਸਭ ਕਬੀਲੜਾ ਵਾਰਨੀ ਹਾਂ।
ਹੇ-
ਹਾਲ ਬੇਹਾਲ ਦਾ ਕੌਣ ਜਾਣੇ,
ਔਖਾ ਇਸ਼ਕ ਹੰਢਾਵਣਾ ਯਾਰ ਦਾ ਈ।
ਨਿੱਤ ਜ਼ਾਰੀਆਂ ਨਾਲ ਗੁਜ਼ਾਰੀਆਂ ਮੈਂ,
ਮੂੰਹ ਜੋੜ ਗੱਲਾਂ ਜੱਗ ਸਾਰਦਾ ਈ।
ਹਾਇ ਹਾਇ ਮੁੱਠੀ ਕਿਵੇਂ ਨੇਹੁੰ ਛੁਪੇ,
ਮੂੰਹ ਪੀਲੜਾ ਰੰਗ ਵਸਾਰਦਾ ਈ।
ਬੁੱਲ੍ਹਾ ਸ਼ੌਹ ਦੇ ਕਾਮਨਾ ਜ਼ੋਰ ਪਾਇਆ,
ਮਜਜ਼ੂਬ ਵਾਂਗਰ ਕਰ ਮਾਰਦਾ ਈ।
ਖ਼ੇ-
ਖ਼ੁਆਬ ਖ਼ਿਆਲ ਜਹਾਨ ਹੋਇਆ,
ਏਸ ਬਿਰਹੋਂ ਦੀਵਾਨੀ ਦੇ ਵੱਤਨੀ ਹਾਂ।
ਮਤ ਨਹੀਂ ਉਠਾਵਣ ਦੀ ਮੰਤਰਾਂ ਦੀ,
ਨਾਗਾਂ ਕਾਲਿਆਂ ਨੂੰ ਹੱਥ ਘੱਤਨੀ ਹਾਂ।
ਤਾਣੀ ਗੰਢਨੀ ਹਾਂ ਅਨੁਲਹੱਕ ਵਾਲੀ,
ਮਹਿਬੂਬ ਦਾ ਕੱਤਣਾ ਕੱਤਨੀ ਹਾਂ।
ਬੁੱਲ੍ਹਾ ਸ਼ੌਹ ਦੇ ਅੰਬ ਨਿਸੰਗ ਲਾਹੇ,
ਪੱਕੇ ਬੇਰ ਬਬੂਲਾਂ ਦੇ ਪੱਟਨੀ ਹਾਂ।
ਦਾਲ-
ਦੇ ਦਿਲਾਸੜਾ ਦੋਸਤੀ ਦਾ,
ਤੇਰੀ ਦੋਸਤੀ ਨਾਲ ਵਿਕਾਵਣੀ ਹਾਂ।
ਝਬ ਆ ਅਲੱਖ ਕਿਉਂ ਲੱਖਿਆ ਈ,
ਅੰਗਰਾ ਬੰਬਣੇ ਥੀਂ ਸ਼ਰਮਾਵਣੀ ਹਾਂ।
ਬਾਬਾ ਪੱਟੀਆਂ ਛੋਟੀਆਂ ਮੋਟੀਆਂ ਨੂੰ,
ਹੱਥ ਦੇ ਕੇ ਜ਼ੋਰ ਹਟਾਵਣੀ ਹਾਂ।
ਬੁੱਲ੍ਹਾ ਸ਼ੌਹ ਤੇਰੇ ਗਲ ਲਾਵਣੇ ਨੂੰ,
ਲੱਖ ਲੱਖ ਮੈਂ ਸ਼ਗਨ ਮਨਾਵਨੀ ਹਾਂ।
ਜ਼ਾਲ-
ਜ਼ੌਕ ਦਿੱਤੋ ਜ਼ਾਤ ਆਪਣੀ ਦਾ,
ਰਹੀ ਕੰਮ ਨਿਕੰਮੜੇ ਸਾੜਨੀ ਹਾਂ।
ਲੱਖ ਚੈਨ ਘੋਲੇ ਤੇਰੇ ਦੁੱਖੜੇ ਤੋਂ,
ਸੇਜੇ ਸੁੱਤਿਆਂ ਸੂਲ ਲਤਾੜਨੀ ਹਾਂ।
ਲੱਜ ਚੁੱਕਿਆਂ ਮਤ ਸੁਰਤ ਗਈ ਆ,
ਲੱਗਾ ਭਿਬੂਤ ਚੋਲਾ ਗਲ ਪਾੜਨੀ ਹਾਂ।
ਬੁੱਲ੍ਹਾ ਸ਼ੌਹ ਤੇਰੇ ਗਲ ਲਾਵਣੇ ਨੂੰ,
ਲੱਖ ਲੱਖ ਸ਼ਰੀਣੀਆਂ ਧਾਰਨੀ ਹਾਂ।
ਰੇ-
ਰਾਵਲਾ ਹੁਣ ਰੁਲਾ ਨਾਹੀਂ,
ਬੁਰੇ ਨੈਣ ਬੈਰਾਗੜੇ ਹੋ ਰਹੇ।
ਮੁੱਲਾਂ ਲੱਖ ਤਾਵੀਜ਼ ਪਿਲਾ ਥੱਕੇ,
ਚੰਗੀ ਕੌਣ ਆਖੇ ਮਾਪੇ ਰੋ ਰਹੇ।
ਟੂਣੇਹਾਰੀਆਂ ਕਾਮਨਾਂ ਵਾਲੀਆਂ ਨੇ,
ਹੱਥ ਵੱਸ ਜਹਾਨ ਨਥੋ ਰਹੇ।
ਬੁੱਲ੍ਹਾ ਸ਼ੌਹ ਦੇ ਨਾਲ ਹਯਾਤ ਹੋਣਾ,
ਜਿਹੜਾ ਜਾਂਵਦਿਆਂ ਦੇ ਹੱਥ ਖੋ ਰਹੇ।
ਜ਼ੇ-
ਜ਼ੋਰ ਨਾ ਹਾਬਤਾ ਹੋਰ ਕੋਈ,
ਜ਼ਾਰੋ ਜ਼ਾਰ ਮੈਂ ਆਂਸੂ ਪਰੋਵਨੀ ਹਾਂ।
ਮੈਥੋਂ ਚੁੱਕਿਆਂ ਗ਼ੈਰ ਹਾਜ਼ਰੀ ਏ,
ਮੂਲੀ ਕੌਣ ਸੇ ਬਾਗ਼ ਦੀ ਹੋਵਨੀ ਹਾਂ।
ਭੋਰਾ ਹੱਸ ਕੇ ਆਣ ਬੁਲਾਂਵਦਾ ਏ,
ਮੈਂ ਤਾਂ ਰਾਤ ਸਾਰੀ ਸੁੱਖ ਸੋਵਨੀ ਹਾਂ।
ਬੁੱਲ੍ਹਾ ਸ਼ੌਹ ਉਤੇ ਮਰ ਜਾਉਣਾ ਏਂ,
ਤੇਰੇ ਦੁੱਖਾਂ ਦੇ ਧੋਵਣੇ ਧੋਵਨੀ ਹਾਂ।
ਸੀਨ-
ਸੱਭੇ ਹੀ ਨਾਮ ਹੈ ਯਾਰ ਤੇਰੀ ਸਾਹਿਬੇ ਦੀ,
ਬੈਠੀ ਗੀਤ ਵਾਂਙੂ ਗੁਣ ਗਾਵਣੀ ਹਾਂ।
ਸਜਣ ਸਭ ਸਹੇਲੀਆਂ ਦਿਲ ਦੀਆਂ ਨੂੰ,
ਮੈਂ ਹੋਰ ਖ਼ਿਆਲ ਸੁਣਾਵਣੀ ਹਾਂ।
ਜਿਹੀ ਲਗਨ ਸੀ ਇਥੇ ਲੱਗ ਗਈ,
ਕੱਖਾਂ ਵਿਚ ਨਾ ਭਾਹ ਛੁਪਾਵਣੀ ਹਾਂ।
ਬੁੱਲ੍ਹਾ ਸ਼ਾਹ ਅੱਗੇ ਤੇਰੇ ਪੰਧੀਂ ਪਵਾਂ,
ਨਾਹੀਂ ਦਵਾਰ ਅਜੇ ਬਹਿ ਸੁੱਖ ਨ੍ਹਾਵਣੀ ਹਾਂ।
ਸ਼ੀਨ-
ਸ਼ੁਕਰ ਕਰੋ ਸ਼ਬੋ-ਰੋਜ਼ ਰਹਿਣਾ,
ਜਿਨਹਾਂ ਸ਼ੌਂਕ ਤੇਰਾ ਨਿੱਤ ਤਾਂਵਦਾ ਏ।
ਭੰਗੀ ਵਾਂਙ ਉਦਾਸ ਹੈਰਾਨ ਹੋਈ,
ਗਾਜ਼ੀ ਲੱਖ ਪਿੱਛੇ ਦੁੱਖ ਲਾਂਵਦਾ ਏ।
ਤੇਰੀ ਜ਼ਾਤ ਬਿਨਾਂ ਹੈ ਸੱਚੀ ਬਾਤ ਕਿਹੜੀ,
ਹੱਥ ਲੰਮੜੇ ਵਹਿਣ ਲੁੜ੍ਹਾਂਵਦਾ ਏ।
ਬੁੱਲ੍ਹਾ ਸ਼ਾਹ ਜੋ ਤੇਰੇ ਦਾ ਅੰਖਿਆਈ,
ਉਹ ਹੁਣ ਪਿਆਰੇ ਦਾ ਮੋੜ ਜਲਾਂਵਦਾ ਏ।
ਸੁਆਦ-
ਸਬਰ ਨਾ ਸੁੱਖ ਸਹੇਲੀਆਂ ਨੂੰ,
ਭੇਤ ਯਾਰ ਦਾ ਨਹੀਂ ਪੁਛਾਂਵਦੇ ਨੀ।
ਖ਼ਬਰ ਨਹੀਂ ਉਨ੍ਹਾਂ ਦੀ ਆਸ਼ਕ ਹੈਨ ਰੱਬ ਦੇ,
ਗ਼ੁਲ ਪਾਏ ਕਿ ਧੂਮ ਮਚਾਂਵਦੇ ਨੀ।
ਜਿੱਥੇ ਭਾਹ ਲੱਗੀ ਉੱਥੇ ਠੰਢ ਕੇਹੀ,
ਉੱਤੋਂ ਤੇਲ ਮੁਵਾਤੜੇ ਪਾਂਵਦੇ ਨੀ।
ਬੁੱਲ੍ਹਾ ਸ਼ਾਹ ਤੋਂ ਸਦਾ ਕੁਰਬਾਨ ਹੋਵਾਂ,
ਐਵੇਂ ਆਸ਼ਕਾਂ ਨੂੰ ਲੂਤੀਆਂ ਲਾਂਵਦੇ ਨੀ।
ਜ਼ੁਆਦ-
ਜ਼ਰਬ ਲੱਗੀ ਸਾਂਗ ਕਲੇਜੜੇ ਵਿਚ,
ਕੇਹੀ ਲੱਗੀ ਅੱਗ ਮੈਂ ਖੜੀ ਰੋਵਨੀ ਹਾਂ।
ਤੇਰੇ ਦਰਸ਼ ਸ਼ਰਾਬ ਅਜ਼ਾਬ ਹੋਇਆ,
ਫ਼ਾਨੀ ਹੋ ਕੇ ਤੇ ਖੜੀ ਜੀਵਨੀ ਹਾਂ।
ਜ਼ਰਾ ਸ਼ੌਂਕ ਦਾ ਜਾਮ ਪਿਲਾ ਮੈਨੂੰ,
ਬੈਠੀ ਬੇਖ਼ੁਦ ਹਾਰ ਪਰੋਵਨੀ ਹਾਂ।
ਬੁੱਲ੍ਹਾ ਸ਼ਾਹ ਵੇਖਾਂ ਘਰ ਦੇ ਵਿਚ ਖਲੀ,
ਸਜਦਾ ਕਰਦੀ ਤੇ ਹੱਥ ਜੋੜਨੀ ਹਾਂ।
ਫ਼ੇ-
ਫ਼ਹਿਮ ਨਾ ਹੋਰ ਖ਼ਿਆਲ ਮੈਨੂੰ,
ਡਿੱਠੇ ਯਾਰ ਦੇ ਤੱਤੜੇ ਜੀਵਨੀ ਹਾਂ।
ਕਦੇ ਸੀਖ਼ ਤੇ ਕਹਿਰ ਖਲੋ ਕੇ ਤੇ,
ਜਾਮ ਵਸਲ ਦਾ ਬੈਠੀ ਪੀਵਨੀ ਹਾਂ।
ਮੈਂ ਕੀ ਜਾਣਦੀ ਇਸ਼ਕ ਅਖਾੜਿਆਂ ਨੂੰ,
ਸੱਸੀ ਵਾਂਙ ਸ਼ੁਤਰੀਂ ਕੁਰਲਾਵਨੀ ਹਾਂ।
ਬੁੱਲ੍ਹਾ ਸ਼ਾਹ ਥੀਂ ਦੂਰ ਦਰਾਜ਼ ਹੋਇਆ,
ਜੇ ਕਰ ਮਿਲੇ ਮਹਿਬੂਬ ਤਾਂ ਭੀ ਜੀਵਨੀ ਹਾਂ।
ਕੁਆਫ਼-
ਕਬੂਲ ਜ਼ਰੂਰ ਜਾਂ ਇਸ਼ਕ ਕੀਤਾ,
ਆਹੇ ਹੋਰ ਤੇ ਹੁਣ ਕਾਈ ਹੋਰ ਹੋਏ।
ਹੁਣ ਸਮਝ ਲੈ ਪਹਿਲਾਂ ਕੀ ਆਖਣੀ ਹਾਂ,
ਮੈਂ ਸੁੰਦਰ ਥੀਂ ਤਖ਼ਤ ਲਾਹੌਰ ਹੋਏ।
ਸੱਭੇ ਲੋਕ ਪਏ ਹੱਥ ਜੋੜਦੇ ਨੇ,
ਸਾਡੇ ਕਾਮਨਾਂ ਦੇ ਗਿਲੇ ਜ਼ੋਰ ਹੋਏ।
ਬੁੱਲ੍ਹਾ ਸ਼ਾਹ ਦਾ ਭੇਤ ਨਾ ਦੱਸਨੀ ਹਾਂ,
ਹਮ ਤੋਂ ਅੰਨ੍ਹੇ ਵਾਂਗ ਮਨਸੂਰ ਹੋਏ।
ਕਾਫ-
ਕੇਹੀਆਂ ਕਾਨੀਆਂ ਲੱਗੀਆਂ ਨੀ,
ਗਈਆਂ ਸਹਿਲ ਕਲੇਜੇ ਨੂੰ ਡੱਸ ਗਈਆਂ।
ਪੱਟ ਪੱਟ ਕੱਢਾਂ ਹੋਰ ਲੱਗੇ,
ਬੰਦ ਬੰਦ ਥੌਂ ਪੱਟ ਕੇ ਸੱਟ ਗਈਆਂ।
ਜਿਵੇਂ ਸਾਹਿਬਾਂ ਸਾਥ ਲੁਟਾ ਦਿੱਤਾ,
ਤਿਵੇਂ ਕੂੰਜ ਵਾਂਗਰ ਕੁਰਲਾਵਣੀ ਹਾਂ।
ਬੁੱਲ੍ਹਾ ਸ਼ਾਹ ਦੇ ਇਸ਼ਕ ਹੈਰਾਨ ਕੀਤੀ,
ਅਉਸੀਆਂ ਪਾਂਵਦੀ ਤੇ ਪਛੋਤਾਵਣੀ ਹਾਂ।