10.9 C
Los Angeles
Monday, December 30, 2024

ਸਥਾਨ ਵਿਸ਼ੇਸ਼ਤਾ ਦੇ ਕਬਿੱਤ

1

ਧਿਆੜੇ ਵਿੱਚ ਰੂਪ ਬਾਹਲੇ, ਪੁਆਧ ਵਿੱਚ ਕੂਪ ਬਾਹਲੇ,
ਦੁਆਬੇ ਅੰਬ-ਚੂਪ ਬਾਹਲੇ, ਕੀਮਤਾਂ ਨੇ ਰੈਲੀਆਂ ।
ਰਾਵੀ ਵਿੱਚ ਚੋਰ ਬਾਹਲੇ, ਮਾਝੇ ਮੱਲ ਜ਼ੋਰ ਬਾਹਲੇ,
ਬਾਹੀਏ ਵਿੱਚ ਖੋਰ ਬਾਹਲੇ, ਅੱਖਾਂ ਰਹਿਣ ਮੈਲੀਆਂ ।
ਬਾਰ ‘ਚ ਬਨੋਟੇ ਬਾਹਲੇ, ਦੰਦੀ ਲੋਕ ਖੋਟੇ ਬਾਹਲੇ,
ਨੈਂ ‘ਚ ਵਾਹੁਣ ਝੋਟੇ ਬਾਹਲੇ, ਹੈ ਕਰੜ ਪੈਲੀਆਂ ।
ਥਲੀ ‘ਚ ਟੱਪ ਬਾਹਲੇ, ਲਈਏ ਰਹਿਣ ਸੱਪ ਬਾਹਲੇ,
ਸ਼ਾਇਰ ਲਾਉਣ ਗੱਪ ਬਾਹਲੇ ਅਸੀਂ, ਸੱਚ ਗੱਲਾਂ ਕਹਿਲੀਆਂ ।

2

ਜੰਘੀਰਾਣੇ ਸ਼ਾਇਰ, ਤੇ ਬੰਬੀਹੇ ਕਾਨੂੰਨੀ ਬਾਹਲੇ,
ਰਾਇਕੇ ਲੁੱਚੜ ਤੇ, ਭੁੱਖੜ ਲੋਕ ਮਾਨਾਂ ਦੇ ।
ਕਾਲ ਝਰਾਨੀ ਪਿੰਡ ਜੂਏ ਦਾ ਵਣਜ ਬਾਹਲਾ,
ਬੀਦੋ ਵਾਲੀ, ਬਾਦਲ ਨੱਗਰ ਖ਼ਾਨਦਾਨਾਂ ਦੇ ।
ਚੱਕ ਦਾਨਾ ਅੜਬ, ਪੱਧਰ ਲੋਕ ਜੰਡੀਆਂ ਦੇ,
ਲੂਲ ਲਾਲ ਬਾਹੀ, ਸੀਨੇ ਗਜ਼ ਚੌੜੇ ਜੁਆਨਾਂ ਦੇ ।
ਬੋਲੀ-ਚੱਲ ਸਿਆਣੇ ਲੋਕ ਆਖਦੇ ਗਿੱਦੜ-ਬਹੇ,
‘ਰਜਬ ਅਲੀ’ ਪਿਉਰੀ ਮਿੱਠੇ ਬੋਲ ਇਨਸਾਨਾਂ ਦੇ ।

3

ਖਿਉਆਲੀ ਜੈਨੇ, ਸਹਿਣੇ ਖੇੜੇ ਦੇ ਪਿਆਰ ਖੋਰੇ,
ਸਿੱਖ ਵਾਲੇ ਹੁਨਰੀ, ਸ਼ਿਕਾਇਤੀ ਲੋਕ ਲੰਮੀ ਦੇ ।
ਖੁੱਡੀਏਂ ਜ਼ਨਾਨੀਆਂ ਤੜ੍ਹੀ ਰੱਖਣ ਮਾਲਕਾਂ ਤੇ,
ਚੰਨੂੰ ਦੇ ਸ਼ਰਾਬੀ ਨਾ ਫ਼ਸਾਦੋਂ ਥੰਮ੍ਹੇ ਥੰਮ੍ਹੀਂ ਦੇ ।
‘ਰਜਬ ਅਲੀ’ ਆਧਨੀਏਂ ਕਹੀਆਂ ਦੀ ਮਸ਼ਹੂਰੀ ਬਾਹਲੀ,
ਝੱਲੀਦੇ ਨ੍ਹੀਂ ਨਖਰੇ ਪਤੂਹੀ-ਖੇੜੇ ਜੰਮੀ ਦੇ ।

4

ਸੰਗਤ ਹਿਸਾਬੀ ਲੋਕ, ਜੈ ਸਿੰਘ ਵਡਿਆਈ-ਖ਼ੋਰ,
ਜੋਧਪੁਰ ਝਾਗੜੂ, ਜ਼ਿਆਦਾ ਗਾਹੜੂ ਦਾਲਾਂ ਦੇ ।
ਅਤਰ ਸਿੰਘ ਵਾਲੇ ਵਿੱਚ ਕੁੱਤਿਆਂ ਦੇ ਸ਼ਿਕਾਰੀ ਬਾਹਲੇ,
ਬਾਜ਼ਕ ਮੇਂ ਸ਼ੌਕ ਤੂੰਬੇ ਬੀਨ ਖੜਤਾਲਾਂ ਦੇ ।
ਨੀਤਨੰਗ ਬਾਂਡੀ, ਲੋਕ ਫੁੱਲੋ ਦੇ ਗਿਆਨੀ ਬਾਹਲੇ,
ਨੰਦ ਗੜ੍ਹ ਰੱਜਿਆ, ਗੁਰੂ ਕੇ ਮਾਰੇ ਕਾਲਾਂ ਦੇ ।
ਧੁੰਨੀਕਿਆਂ ਦੇ ਲੋਕ ਬੇ ਸ਼ਕਲ ਕੁੱਲ ਦੁਨੀਆਂ ‘ਚੋਂ,
‘ਰਜਬ ਅਲੀ’ ਚੰਗੇ ਖਾਣ-ਪੀਣ ਨੂੰ ਮੁਹਾਲਾਂ ਦੇ ।

5

ਨਰੂਆਣੇ ਸਖ਼ੀ, ਨਵੇਂ ਪਿੰਡ ਦੇ ਨਰਮ ਬਾਹਲੇ,
ਵਹਿਮਣ ਤੇ ਸਿਵੀਂਏਂ ਸ਼ੁਕੀਨਣ ਜ਼ਨਾਨੀਆਂ ।
ਚੁੱਘਿਆਂ ‘ਚ ਬਲ ਵਾਲੇ, ਚੱਕਦੇ ਮੁਘਦਰਾਂ ਨੂੰ,
ਬੱਲੂਆਣੇ ਸੇਠ ਕੁੱਲ ਦੇਸ ‘ਚ ਨਿਸ਼ਾਨੀਆਂ ।
ਘੁੱਦੇ ਵਿੱਚ ਗੱਪੀ ਲੋਕ, ਝੁੰਬੇ ਦੇ ਚਹੇਡੀ ਬਾਹਲੇ,
ਬਾਬੂ ਹੁੱਕਾ ਪੀਣ ਤੇ ਮੀਂਏਂ ਦੇ ਲਾਉਣ ਭਾਨੀਆਂ ।
ਤਿਉਣੇ ਲੋਕ ਸੂਰਮੇ, ਮਦਦ ਦੇਣ ਡਾਕੂਆਂ ਨੂੰ,
‘ਰਜਬ ਅਲੀ’ ਲੱਕੜਾਂ ਚਰਾਉਣ ਮੁਲਤਾਨੀਆਂ ।

6

ਤੰਗਵਾਲੀ ਲੌਂਗੋਵਾਲ ਨਾਂਗੇ, ਫੂਸ ਮੰਡੀ ਦੇ ਕਮਾਊ ਬਾਹਲੇ,
ਗਹਿਰੀ ਲੋਕ ਜ਼ਹਿਰੀ ਤੇ, ਘਲੌਟੇ ਜ਼ਿਆਦਾ ਜੱਸੀ ਦੇ ।
ਕੱਚੀ ਭੁੱਚੋ ਭਾਈ ਕੀ ਕਛਹਿਰਿਆਂ ਤੇ ਜ਼ੋਰ ਬਾਹਲਾ,
ਭਾਗੂ ਦੇ ਸਰੋਤੇ ਉਹ ਰੁੱਖੇ, ਜ੍ਹੇ ਲੋਕ ਦੱਸੀ ਦੇ ।
ਬੀਬੀ ਵਾਲੇ, ਬਾਹਲਾ ਦੁੱਧ ਵੇਚਦੇ ਬਜ਼ਾਰ ਵਿੱਚ,
ਸ਼ਮੀਰ ਘਰ ਵੈਲਾਂ ਦਾ ਪਿਆਕ ਮਹਿਣੇ ਲੱਸੀ ਦੇ ।
‘ਰਜਬ ਅਲੀ’ ਸੱਤ ਲੈਣਾਂ ਪੈਂਦੀਆਂ ਬਠਿੰਡੇ ਵਿੱਚ,
ਰੌਣਕ ਜ਼ਿਆਦਾ ਜਿਉਂ ਭੰਬੋਰ ਸ਼ਹਿਰ ਸੱਸੀ ਦੇ ।

7

ਕਿੰਗਰੇ ਦਲੇਰ, ਮੱਖੀ ਚੂਸ ਨੇ ਥਰਾਜ ਵਾਲੇ,
ਜੰਮਦੇ ਫਲਾਤੂ ਕੁਤਰਨ ਕੰਨ ਸਿਆਣੇ ਦੇ ।
ਦਾਨੇ ਵਾਲੇ ਮੂੜ੍ਹ ਤੇ ਗ਼ਰੀਬ ਲੋਕ ਰੱਥੜੀਆਂ ਦੇ,
ਮੜ੍ਹਕ ਵਾਲੇ ਬਾਹਲੇ ਵਿੱਚ ਅਬੁਲ ਖੁਰਾਣੇ ਦੇ ।
ਦਿਉਣ-ਖੇੜੇ ਖਾਂਟ, ਦੱਭ ਵਾਲੀ ਦੇ ਚਲਾਕ ਬਾਹਲੇ,
ਤਪੇ ਖੇੜੇ ਚੋਰ ਅੜੇ ਰਹਿੰਦੇ ਵਿੱਚ ਠਾਣੇ ਦੇ ।
ਵੇਚ ਕੇ ਜ਼ਮੀਨਾਂ ਕੁੱਲ ਲਾਰੀਆਂ ਚਲਾਉਣ ਲੱਗੇ,
‘ਰਜਬ ਅਲੀ’ ਬੜੇ ਬੇ-ਲਿਹਾਜ਼ ਮਾਹੂਆਣੇ ਦੇ ।

8

ਦਿਉਣ ਵਾਲੇ ਬਾਹਲੇ ਲੋਕ ਗਿੱਲਾਂ ਦੇ ਮਿਲਣ ਸਾਰ,
ਹੱਥ ਜੋਗਾ ਨੰਦ ਮੇਂ, ਖ਼ਰਚ ਵੱਲੋਂ ਘੁੱਟੀ ਦੇ ।
ਭੋਖੜੇ ਦੇ ਵਿੱਚ ਬਾਹਲੀ ਪਰਖ ਕਵੀਸ਼ਰੀ ਦੀ,
ਤੇ ਗੋਬਿੰਦ ਪੁਰ ਰਹਿ ਅਨੰਦ ਬਾਹਲੇ ਲੁੱਟੀ ਦੇ ।
ਨੇਹੀਆਂ ਵਾਲੇ ਦੇ ਦਾਨਿਆਂ ‘ਚ ਧਰਨ ਪੈਰ,
ਕਰਦੇ ਭਜਨ ਦਿਨੇ ਰਾਤ ਝੱਬ ਲੁੱਟੀ ਦੇ ।
‘ਰਜਬ ਅਲੀ’ ਬੜੇ ਗੋਨਿਆਣੇ ਦੇ ਸ਼ਰੀਫ਼ ਬਾਹਲੇ,
ਛੋਟੇ ਗੋਨਿਆਣੇ ਦੇ, ਹਮੇਸ਼ਾ ਥਾਣੇ ਕੁੱਟੀ ਦੇ ।

9

ਜੀਰੇ ਦੇ ਇਲਾਕੇ ਵਿੱਚ ਚੋਰੀ ਦਾ ਰਵਾਜ ਬਾਹਲਾ,
ਢੱਗੀ ਵੱਛੀ ਹੱਕ ਕੇ ਲੁਕਣ ਵਿੱਚ ਝੱਲ ਦੇ ।
ਅੰਮ੍ਰਿਤਸਰ ਤੇ ਲਹੌਰ ਦੇ ਘੁਲੌਟੇ ਬਾਹਲੇ,
ਘਰ ਘਰ ਪੱਟੇ ਵੇ ਨੇ ਖਾੜੇ ਮੱਲ ਮੱਲ ਦੇ ।
ਲੁਧਿਆਣੇ ਲਵੇ ਦੇ ਲਗੋਜਿਆਂ ਦੇ ਸ਼ੌਕੀ ਬਾਹਲੇ,
ਬਾਈਏ ਦੇ ਇਲਾਕੇ ਪਸਤੌਲ ਬਾਹਲੇ ਚੱਲਦੇ ।
ਸਾਬੋ ਦੇ ਖਿਡਾਰੀ ਝੰਡੀ ਲਿਆਉਂਦੇ ਜਾ ਕੇ ਮੇਲਿਆਂ ਤੋਂ,
ਰਜਬਲੀ ਬਾਗੜੀ ਪਿਆਰੇ ਢੋਲ ਢੱਲ ਦੇ ।

10

ਭਾਈ ਕਿਆਂ ਦੇ ਕੇਰੇ ਵਿੱਚ ਪੈਣ ਦੇ ਲਿਬਾਸ ਸੋਹਣੇ,
ਤੇ ਰਸੂਲਪੁਰ ‘ਚ ਵੱਸਣ ਲੋਕ ਭਲੇ ਜੇ ।
ਮਾਨੀ ਖੇੜੇ ਠੱਗ ਸੁਖਚੈਨ ‘ਚ ਲੰਗਾੜੇ ਬਾਹਲੇ,
ਸੀਤੋ ਲੋਕ ਖ਼ੂੰਨੀ ਤੇ ਮਗਜ ਪੁਰ ਚਲੇ ਜੇ ।
ਛਾਪਿਆਂ ਵਾਲੀ ਵਾਲੇ ਗੱਲ ਆਖ ਕੇ ਮੁਕਰ ਜਾਂਦੇ,
ਮਿੱਠੇ ਗਾਲੜੀ ਬੁਰਜ ਕੋਲਿਆਂ ਵਾਲੀ ਲਮ ਗਲੇ ਜੇ ।
ਕੰਗਨ ਖੇੜੇ ਕਾਮੇ ਫੁਲੋ ਖੇੜੇ ਦੇ ਮਿਲਾਪੀ ਬਾਬੂ,
ਛਾਮ ਖੇੜੇ ਢੱਗੇ ਹੱਕ ਲਿਉਂਦੇ ਦਿਨ ਢਲੇ ਜੇ ।

11

ਕੰਦੂ ਖੇੜੇ ਨਾਲ ਬੀਕਾਨੇਰ ਦੀ ਸਰਹੱਦ ਲੱਗੇ,
ਕੋਰਾ ਰੇਤਾ ਉੱਡਦਾ ਵਗਣ ਜਦੋਂ ਨੇਰ੍ਹੀਆਂ ।
ਫੱਤੇ ਕੇਰੇ ਹਾਕੂਵਾਲ ਵਾਲੇ ਉੱਚੀਆਂ ਜ਼ਮੀਨਾਂ ਜ਼ਿਆਦੇ,
ਪਾਣੀ ਘੱਟ ਲੱਗਦਾ ਲਗਾਉਂਦੇ ਲੋਕ ਬੇਰੀਆਂ ।
ਘੁਮਿਆਰਾਂ ਤੇ ਲੁਹਾਰਾਂ ਪਿੰਡ ਤੀਸਰਾ ਭੁੱਲਰ ਵਾਲਾ,
ਘੋੜੀਆਂ ਦਾ ਸ਼ੌਕ ਲੋਕ ਪਾਲਦੇ ਵਛੇਰੀਆਂ ।
ਮਿਡੂ ਖੇੜੇ ਲੋਕਾਂ ਕੋਲੇ ਖੁੱਲ੍ਹੀਆਂ ਜ਼ਮੀਨਾਂ ਬਹੁਤ,
ਮੈਹਿਣੇ ਭਾਗੂ ਜੁਆਨ ‘ਬਾਬੂ’ ਫੈਂਕਦੇ ਪਸੇਰੀਆਂ ।

12

ਮੋਡੀ ਤੇ ਖੁੱਬਣ ਵਿੱਚ ਜੋੜਿਆਂ ਦੀ ਜ਼ਮੀਨ ਵਾਹਲੀ,
ਆਪ ਰਹਿੰਦੇ ਸ਼ਹਿਰ ਮੁਖਤਿਆਰ ਪਿੰਡੀਂ ਛੱਡੇ ਐ ।
ਖੇਮੇ ਖੇੜੇ ਹਨਗੇ ਸ਼ਿਕਾਰੀ ਬਾਹਲੇ ਮਿਰਗਾਂ ਦੇ,
ਕੁੱਤਿਆਂ ਵਾਲੀ ਪਿੰਡ ਬਣੇ ਧੱਕੜਾਂ ਦੇ ਅੱਡੇ ਐ ।
ਤਰਮਾਲੇ ਪਿੰਡ ਵਿੱਚ ਰਕਬਾ ਬਰਾਨੀ ਬਾਹਲਾ,
ਪਿੰਡ ਦੇ ਨਜ਼ਦੀਕ ਟਿੱਬੇ ਦੀਂਹਦੇ ਵੱਡੇ ਵੱਡੇ ਐ ।
ਕੱਖਾਂ ਵਾਲੀ ਲੋਕ ‘ਬਾਬੂ’ ਮੱਝਾਂ ਦੇ ਵਪਾਰੀ ਬਾਹਲੇ,
ਰੋੜਾਂ ਵਾਲੀ ਮਾਨਾਂ ਕੋਲੇ ਬੜੇ ਸੋਹਣੇ ਗੱਡੇ ਐ ।

13

ਸਿੰਘੇ ਵਾਲੇ ਜੁਆਨ ਹੁੰਦੇ ਭਰਤੀ ਪੁਲੀਸ ਵਿੱਚ,
ਨੌਕਰੀ ਕਰਨ ਤਨਖਾਹਾਂ ਲੈਂਦੇ ਚੰਗੀਆਂ ।
ਫੀਮੀ, ਭੰਗੀ, ਪੋਸਤੀ, ਗੱਗੜ ਦੇ ਜ਼ਿਆਦਾ ਲੋਕ,
ਕਰਦੇ ਕਮਾਈ ਘੱਟ ਘਰੇ ਰਹਿਣ ਤੰਗੀਆਂ ।
ਮਿੱਠੜੀ ਦੇ ਲੋਕ ਊਂ ਤਾਂ ਸ਼ਾਇਰੀ ਦੇ ਸ਼ੁਕੀਨ ਬਾਹਲੇ,
ਪੈਸੇ ਦੇਣ ਵੇਲੇ ਜੇਬਾਂ ਘੁੱਟ ਲਈਆਂ ਢੰਗੀਆਂ ।
ਕੋਟਲੀ ਦੇ ਲੋਕ ਜ਼ਿਆਦਾ ਹੀਰ ਦਾ ਸੁਣਨ ਗਾਉਣ,
‘ਬਾਬੂ’ ਜੀ ਦੁਸਹਿਰੇ ਵੇਲੇ ਗੂੰਜਣ ਸਾਰੰਗੀਆਂ ।

14

ਠੱਠੀ ਤਰਖਾਣ ਬਾਹਲੇ, ਚੀਹਦੇ ਸੋਹਣੇ ਜਵਾਨ ਬਾਹਲੇ,
ਤੇ ਬੰਬੀਹੇ ਗਿਆਨ ਬਾਹਲੇ, ਹੁੰਦੇ ਬਹਿ ਕੇ ਸੱਥਾਂ ‘ਚ ।
ਸੇਖਿਆਂ ਦੇ ਕਮਾਊ ਬਾਹਲੇ, ਬੁਰਜ ਸੰਗਾਊ ਬਾਹਲੇ,
ਵਾਂਦਰ ਲੜਾਊ ਬਾਹਲੇ, ਡਾਂਗਾਂ ਰਹਿਣ ਹੱਥਾਂ ‘ਚ ।
ਮੱਲਕੇ ਸ਼ੋਕੀਨ ਬਾਹਲੇ, ਬੁਰਜ ਦਾਰੂ ਪੀਣ ਬਾਹਲੇ,
ਬਰਗਾੜੀ ਤੀਨ ਬਾਹਲੇ, ਪੱਤੇ ਪੈਣ ਨੱਥਾਂ ‘ਚ ।
ਸਿਵੀਆਂ ‘ਚ ਸੜੇ ਬਾਹਲੇ, ਮਾੜੀ ਪਿੰਡ ਧੜੇ ਬਾਹਲੇ,
ਸਾਹੋ ਪਿੰਡ ਪੜ੍ਹੇ ਬਾਹਲੇ, ਬਾਬੂ ਬਹਿੰਦੇ ਰੱਥਾਂ ‘ਚ ।

ਮਿੱਠੇ ਬੋਲ

॥ਮੁਕੰਦ ਛੰਦ॥ਖੜ੍ਹੇ ਹੋ ਗਏ ਰੱਖ ਕੇ ਭਰੋਸਾ ਰੱਬ ਤੇ ।ਰੀਝ ਲਾ ਕੇ ਕਵਿਤਾ ਸੁਣਾਉਂਦੇ ਕਬਤੇ ।ਸ਼ੈਰੀ ਦੇ ਕਚਹਿਰੀ 'ਚ ਭੰਡਾਰ ਖੋਲ੍ਹੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਨੱਥ ਘੜੇ ਸਿਉਨੇ ਤੇ, ਸੁਨਿਆਰਾ ਮੁੱਲ ਲੈ ।ਹਾਰ ਗੁੰਦੇ ਮਾਲਣ, ਬਗ਼ੀਚਿਉਂ ਫੁੱਲ ਲੈ ।ਬੁੱਲ੍ਹ, ਦੰਦ, ਜੀਭੋਂ, ਲਫ਼ਜ਼ ਪਰੋਲੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਨਵੇਂ ਗੀਤ ਨਵੀਆਂ ਵਿਖਾਉਂਦੇ ਰੰਗਤਾਂ ।ਸੁਣ-ਸੁਣ ਹੁੰਦੀਆਂ ਨਿਹਾਲ ਸੰਗਤਾਂ ।ਦਿਲ ਖ਼ੁਸ਼ ਕਰਾਂਗੇ ਹਰੇਕ ਟੋਲੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਏਸ਼ੀਆ 'ਚ ਏਹੋ ਜ੍ਹੀ ਜ਼ਬਾਨ...

ਵਤਨ ਦਿਆਂ ਤਾਂਘਾਂ

ਇਹ ਕਵਿਤਾ 21 ਤੋਂ 24 ਮਾਰਚ, 1965 ਨੂੰ ਹੋਏ ਬਾਬੂ ਰਜਬ ਅਲੀ ਦੇ ਇੱਕੋ ਵਾਰ ਦੇਸ਼ ਦੀ ਵੰਡ ਉਪਰੰਤ ਹਿੰਦੁਸਤਾਨ ਪਧਾਰਨ ਉੱਤੇ ਕੀਤੇ ਗਏ ਵਿਸ਼ਾਲ ਇਤਿਹਾਸਕ ਸੁਆਗਤੀ ਸਮਾਗਮ ਸਮੇਂ ਲਈ ਬਾਬੂ ਜੀ ਨੇ ਅਗਾਊਂ ਲਿਖ ਕੇ ਭੇਜੀ ਸੀਨੰਗ ਕੰਗਲਾ, ਹਰੀਜਨ ਹੋ, ਭਮੇਂ ਸਰਦਾਰ ਘਰੇ ਹੋ ਰੈਸ੍ਹੀ ।ਪਤਾ ਲਗਦਾ ਉਜੜ ਕੇ ਤੇ, ਨਹੀਂ ਚੀਜ਼ ਪਿਆਰੀ ਦੇਸ਼ ਦੇ ਜੈਸੀ ।ਬੰਨ੍ਹ ਟੁੱਟ ਗਿਆ ਸਬਰ ਦਾ ਜੀ, ਗ਼ਮਾਂ ਦੀ, ਨਹਿਰ ਚੜ੍ਹਦੀਆਂ ਕਾਂਗਾਂ ।ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।ਢੈ...

ਪ੍ਰਸੰਗ ਸ਼ਹੀਦ ਬਾਬਾ ਦੀਪ ਸਿੰਘ ਜੀ

ਦੋਹਰੇਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪਰਸੰਗ ।ਸੀਸ ਕਟਿਆ ਹੱਥ ਪਰ ਧਰੇ, ਕਰੇ ਸੂਰਮਾ ਜੰਗ ।ਚਾਹੜੇ ਕਟਕ ਦੁਰਾਨੀਆਂ, ਫਿਰੇ ਧਾੜ ਤੇ ਧਾੜ ।ਅੰਮ੍ਰਿਤਸਰ ਗੜ੍ਹ ਗੁਰਾਂ ਦਾ, ਦੇਣ ਪਠਾਣ ਉਜਾੜ ।ਹਰਮੰਦਰ ਨੂੰ ਗੇਰ ਕੇ, ਅੱਟਤਾ ਗੁਰ ਦਾ ਤਾਲ ।ਖ਼ਬਰ ਪੁਚਾਤੀ ਲਾਲਿਆਂ, ਬਿਰਧ ਦੀਪ ਸਿੰਘ ਭਾਲ ।ਡੂਢਾ ਛੰਦ-੧ਜਾ ਕੇ ਦੀਪ ਸਿੰਘ ਨੂੰ ਸੁਣੌਂਦਾ ਏਲਚੀ, ਹੈ ਅੰਧੇਰ ਪੈ ਗਿਆ ।ਨੱਠ ਚਲੇ ਬਾਜ਼ਾਂ ਵਾਲੇ ਦੇ ਗੁਲੇਲਚੀ, ਆ ਦੁਰਾਨੀ ਬਹਿ ਗਿਆ ।ਸ਼ਹਿਰ ਤੇ ਜ਼ੁਲਮ ਦੇ ਕਨਾਤ ਤਾਣ ਤੇ, ਲਿਆ ਫੜੌਂਦਾ ਰੁੱਕੇ ਪਿਆ ।ਬਾਬਾ ਜੀ...