ਸਮਾਂ ਬੜਾ ਸਮਰੱਥ
ਕੁਲਵਿੰਦਰ ਸਿੱਧੂ ਕਾਮੇ ਕਾ
ਸਮਾਂ ਬੜਾ ਸਮਰੱਥ ਨੀ ਜਿੰਦੇ
ਸਭ ਕੁਜ ਏਹਦੇ ਹੱਥ ਨੀ ਜਿੰਦੇ
ਕੱਖਾਂ ਤੋਂ ਇਹ ਲੱਖ ਬਣਾਉਦੈ
ਲੱਖੋਂ ਕਰਦੈ ਕੱਖ ਨੀ ਜਿੰਦੇ
ਮੈਂ ਨਾਲ ਲੜਨੀ ਜੰਗ ਸਿੱਖ ਲੈ
ਸਮੇਂ ਦੇ ਚੱਲਣਾ ਸੰਗ ਸਿੱਖ ਲੈ
ਸਬਰ ਸ਼ੁਕਰ ਦਾ ਢੰਗ ਸਿੱਖ ਲੈ
ਮਨ ਦੀ ਨੀਵੀਂ ਸਰਦਲ ਕਰਲੈ
ਮੱਤ ਤੂੰ ਉੱਚੀ ਰੱਖ ਨੀ ਜਿੰਦੇ
ਸਮਾਂ ਬੜਾ ਸਮਰੱਥ ਨੀ ਜਿੰਦੇ
ਸਭ ਕੁਜ ਏਹਦੇ ਹੱਥ ਨੀ ਜਿੰਦੇ
ਨੀਤ ‘ਤੇ ਨੀਤੀ ਰੱਖ ਨਾ ਮਾੜੀ
ਹਾਉਮੇ ਹੰਕਾਰ ਦੀ ਛੱਡਦੇ ਆੜੀ
ਮਾਲਕ ਰੱਖੂ ਤੇਰੀ ਗੁੱਡੀ ਚਾੜ੍ਹੀ
ਢੁੱਕ ਢੁੱਕ ਬਹਿਣਗੇ ਖੁਸ਼ੀਆਂ ਹਾਸੇ
ਨਾ ਦੁੱਖ ਦੇਣਗੇ ਦੱਖ ਨੀ ਜਿੰਦੇ
ਸਮਾਂ ਬੜਾ ਸਮਰੱਥ ਨੀ ਜਿੰਦੇ
ਸਭ ਕੁਜ ਏਹਦੇ ਹੱਥ ਨੀ ਜਿੰਦੇ
ਜਿਹੜਾ ਦੇਵੇ ਖਾਣ ਨੂੰ ਦਾਣਾ
ਉਹਦੇ ਮੂਹਰੇ ਬਣ ਨਾ ਸਿਆਣਾ
ਜੀਅ ਕੁਲਵਿੰਦਰਾ ਮੰਨਕੇ ਭਾਣਾ
ਸਭ ਨੂੰ ਸਭ ਦੇ ਕਰਮਾਂ ਦਾ ਦੇਵੇ
ਨਾ ਪੂਰੇ ਕਿਸੇ ਦਾ ਪੱਖ ਨੀ ਜਿੰਦੇ
ਸਮਾਂ ਬੜਾ ਸਮਰੱਥ ਨੀ ਜਿੰਦੇ
ਸਭ ਕੁਜ ਏਹਦੇ ਹੱਥ ਨੀ ਜਿੰਦੇ...