ਹਾਸਾ ਵੰਡਣਾ ਈ ਹੁੰਦਾ ਏ
ਕੁਲਵਿੰਦਰ ਸਿੱਧੂ ਕਾਮੇ ਕਾ
ਅਕਸਰ ਛੱਜ ਵਰਗੇ ਸੱਜਣਾਂ ਨੇ
ਛੱਜ ਪਾਕੇ ਛੰਡਣਾ ਈ ਹੁੰਦਾ ਏ
ਇੱਕ ਤੋਂ ਸੁਣਕੇ ਦੂਜੇ ਨੂੰ ਬੱਸ
ਤੀਜੇ ਕੋਲੇ ਭੰਡਣਾ ਈ ਹੁੰਦਾ ਏ
ਆਦਤ ਹੱਥੋਂ ਕਈ ਮਜਬੂਰ ਹੁੰਦੇ ਨੇ
ਕੰਜੂਸਪੁਣੇ ਵਿੱਚ ਮਸ਼ਹੂਰ ਹੁੰਦੇ ਨੇ
ਅੱਗ ਲਾਈ ਨਾ ਲਗਦੀ ਫਿਰ ਵੀ
ਟੁੱਟਿਆ ਫਿੱਡਾ ਗੰਢਣਾ ਈ ਹੁੰਦਾ ਏ
ਕੁੱਡਰਾਂ ਦੇ ਹੱਥੀਂ ਨਾ ਹੋਣ ਬਰਕਤਾਂ
ਚੁਗਲਾਂ ਦੀਆਂ ਦੱਸ ਦੇਣ ਹਰਕਤਾਂ
ਸਿਆਣੀ ਨੇ ਤਿੜਕਦਾ ਘਰ ‘ਤੇ ਰਿਸ਼ਤਾ
ਸੂਝ ਨਾਲ ਸੰਢਣਾ ਈ ਹੁੰਦਾ ਏ
ਕਿਸਮਤ ਦੇ ਹੁੰਦੇ ਕਈ ਧਨੀ ਬੜੇ
ਪਰ ਕਈਆਂ ਦੇ ਰਹਿਣ ਮੈਦਾਨ ਰੜੇ
ਕਿਧਰੇ ਸੋਨਾ ਵੀ ਕਰਦਾ ਵਫਾ ਨਹੀ
ਕਿਤੇ ਕੂੜਾ ਵੀ ਸੁਮੰਢਣਾ ਈ ਹੁੰਦਾ ਏ
ਅੰਦਰੋੰ ਖਾਲੀ ਬਾਹਰੋਂ ਭਰੇ ਹੁੰਦੇ ਨੇ
ਦਿਲੋਂ ਸੁੱਕੇ ਚਿਹਰਿਓਂ ਹਰੇ ਹੁੰਦੇ ਨੇ
ਕਈਆਂ ਨੇ ਲੋਕਾਂ ਨੂੰ ਕੁਲਵਿੰਦਰਾ
ਫਿਰ ਵੀ ਹਾਸਾ ਵੰਡਣਾ ਈ ਹੁੰਦਾ ਏ