A Literary Voyage Through Time

ਜ਼ਹਿਰ ਪੀਤਾ ਨਹੀਓਂ ਜਾਣਾ

ਜ਼ਹਿਰ ਪੀਤਾ ਨਹੀਓਂ ਜਾਣਾ
ਸੂਲੀ ਚੜ੍ਹਿਆ ਨੀ ਜਾਣਾ
ਔਖਾ ਇਸ਼ਕ ਦਾ ਸਕੂਲ
ਤੈਥੋਂ ਪੜ੍ਹਿਆ ਨੀ ਜਾਣਾ

ਇਹ ਤਾਂ ਜੱਗ ਨਾਲੋਂ ਵੱਖਰੀ ਪਛਾਣ ਭਾਲਦਾ
ਸਦਾ ਮੱਥੇ ਉੱਤੇ ਮੌਤ ਦਾ ਨਿਸ਼ਾਨ ਭਾਲਦਾ
ਖੰਭ ਆਸ਼ਕਾਂ ਦੇ ਨੋਚ ਕੇ ਉਡਾਣ ਭਾਲਦਾ
ਇਹਦਾ ਇਕ ਵੀ ਤਸੀਹਾ
ਤੈਥੋਂ ਜਰਿਆ ਨੀ ਜਾਣਾ...

ਇਹਨਾਂ ਪਾਣੀਆਂ ਦਾ ਕੋਈ ਨਾ ਕਿਨਾਰਾ ਦਿਸਦਾ
ਦਾਨਾਬਾਦ ਦਿਸਦਾ, ਨਾ ਹਜ਼ਾਰਾ ਦਿਸਦਾ
ਲੰਮੀ ਹਿਜਰਾਂ ਦੀ ਰਾਤ ਨਾ ਸਿਤਾਰਾ ਦਿਸਦਾ
ਏਸ ਬਿੱਫਰੇ ਝਨਾਂ ਨੂੰ
ਤੈਥੋਂ ਤਰਿਆ ਨੀ ਜਾਣਾ...

ਕੰਮ ਆਉਂਦੀ ਏਥੇ ਸੋਚ ਤੇ ਦਲੀਲ ਕੋਈ ਨਾ
ਇਹਦੇ ਰਾਹਾਂ ਵਿਚ ਛਾਂ ਤੇ ਛਬੀਲ ਕੋਈ ਨਾ
ਏਥੇ ਆਸ਼ਕਾਂ ਦੀ ਸੁਣੀ ਦੀ ਅਪੀਲ ਕੋਈ ਨਾ
ਇਹਨਾਂ ਤੱਤਿਆਂ ਥਲਾਂ 'ਚ
ਤੈਥੋਂ ਸੜਿਆ ਨੀ ਜਾਣਾ...

ਇਹਦੇ ਮੂਹਰੇ ਚੱਲੇ ਆਸ਼ਕਾਂ ਦਾ ਜ਼ੋਰ ਕੋਈ ਨਾ
ਇਹਨੂੰ ਦੌਲਤਾਂ ਤੇ ਸ਼ੁਹਰਤਾਂ ਦੀ ਲੋੜ ਕੋਈ ਨਾ
ਇਹਦੇ ਵਰਗਾ ਫ਼ਕੀਰ ਦਿਸੇ ਹੋਰ ਕੋਈ ਨਾ
ਤੈਥੋਂ ਕੰਨ ਪੜਵਾ ਕੇ
ਠੂਠਾ ਫੜਿਆ ਨੀ ਜਾਣਾ...
ਔਖਾ ਇਸ਼ਕ ਦਾ ਸਕੂਲ
ਤੈਥੋਂ ਪੜ੍ਹਿਆ ਨੀ ਜਾਣਾ...

ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਮਾਂ ਨੇ ਝਿੜਕੀ ਪਿਉ ਨੇ ਝਿੜਕੀ
ਵੀਰ ਮੇਰੇ ਨੇ ਵਰਜੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਏਧਰ ਕੰਡੇ, ਓਧਰ ਵਾੜਾਂ
ਵਿੰਨ੍ਹੀਆਂ ਗਈਆਂ ਕੋਮਲ ਨਾੜਾਂ
ਇਕ ਇਕ ਸਾਹ ਦੀ ਖਾਤਰ ਅੜੀਓ
ਸੌ ਸੌ ਵਾਰੀ ਮਰਦੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਸਿਰਜਾਂ, ਪਾਲਾਂ, ਗੋਦ ਸੰਭਾਲਾਂ
ਰਾਤ ਦਿਨੇ ਰੱਤ ਆਪਣੀ ਬਾਲਾਂ
ਕੁੱਲ ਦੇ ਚਾਨਣ ਖਾਤਰ ਆਪਣੀ
ਖ਼ਾਕ ਚੋਂ ਦੀਵੇ ਘੜਦੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਚਰਖਾ ਕੱਤਾਂ, ਸੂਤ ਬਣਾਵਾਂ
ਸੂਹੇ ਸਾਵੇ ਰੰਗ ਚੜ੍ਹਾਵਾਂ
ਸਭ ਦੇ ਪਿੰਡੇ ਪਹਿਰਨ ਪਾਵਾਂ
ਆਪ ਰਹਾਂ ਮੈਂ ਠਰਦੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਬੂਟੇ ਲਾਵਾਂ, ਪਾਣੀ ਪਾਵਾਂ
ਸਿਹਰੇ ਗੁੰਦਾਂ, ਸੁੱਖ ਮਨਾਵਾਂ
ਜੇ ਕਿਸੇ ਰੁੱਖ ’ਤੇ ਪੀਂਘ ਝੁਟਾਵਾਂ
ਫੇਰ ਨਾ ਦੁਨੀਆਂ ਜਰਦੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਜੇ ਅੰਬਰ ਦਾ ਗੀਤ ਮੈਂ ਗਾਵਾਂ
ਸ਼ਿਕਰੇ ਰੋਕਣ ਮੇਰੀਆਂ ਰਾਹਵਾਂ
ਜ਼ਖ਼ਮੀ ਹੋਵਾਂ ਤੇ ਡਿੱਗ ਜਾਵਾਂ
ਰਹਾਂ ਮੈਂ ਹਉਕੇ ਭਰਦੀ
ਮੇਰੇ ਨਹੀਂ ਪੁੱਗਦੀ ਮਨ-ਮਰਜ਼ੀ

ਅੰਮੜੀ ਕਹੇ ਪ੍ਰਾਹੁਣੀ ਆਈ
ਸੱਸੂ ਕਹੇ ਬਗਾਨੀ ਜਾਈ
ਸਾਰੀ ਉਮਰ ਪਤਾ ਨਾ ਲੱਗਿਆ
ਧੀ ਮੈਂ ਕਿਹੜੇ ਘਰ ਦੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਗੁੜ ਪੂਣੀ ਦੀ ਲੋੜ ਨਾ ਕੋਈ
ਨਾ ਕੋਈ ਹੁਕਮ ਤੇ ਨਾ ਅਰਜੋਈ
ਦੱਬਣ ਦੀ ਵੀ ਹੁਣ ਨਹੀਂ ਖੇਚਲ
ਜੰਮਣੋਂ ਪਹਿਲਾਂ ਮਰਦੀ
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਨੀ ਫੁੱਲਾਂ ਵਰਗੀਓ ਕੁੜੀਓ

ਨੀ ਫੁੱਲਾਂ ਵਰਗੀਓ ਕੁੜੀਓ!
ਨੀ ਫੁੱਲਾਂ ਵਰਗੀਓ ਕੁੜੀਓ
ਨੀ ਚੋਭਾਂ ਜਰਦੀਓ ਕੁੜੀਓ
ਕਰੋ ਕੋਈ ਜਿਉਣ ਦਾ ਹੀਲਾ
ਨੀ ਤਿਲ ਤਿਲ ਮਰਦੀਓ ਕੁੜੀਓ

ਤੁਹਾਡੇ ਖਿੜਨ 'ਤੇ ਮਾਯੂਸ ਕਿਉਂ ਹੋ ਜਾਂਦੀਆਂ ਲਗਰਾਂ
ਤੇ ਰੁੱਖ ਵਿਹੜੇ ਦੇ ਕਰ ਲੇਂਦੇ ਨੇ ਕਾਹਤੋਂ ਨੀਵੀਆਂ ਨਜ਼ਰਾਂ
ਇਹ ਕੈਸੀ ਬੇਬਸੀ ਹੈ ਬਣਦੀਆਂ ਕੁੱਖਾਂ ਹੀ ਕਿਉਂ ਕਬਰਾਂ
ਮਿਲੇ ਕਿਉਂ ਜੂਨ ਹਉਕੇ ਦੀ
ਨੀ ਹਾਸੇ ਵਰਗੀਓ ਕੁੜੀਓ…

ਕੋਈ ਬੂਟਾ ਕੋਈ ਸਾਇਆ ਤੁਹਾਡਾ ਕਿਉਂ ਨਹੀਂ ਬਣਦਾ
ਤੁਹਾਡੇ ਸਿਰ ਮੁਹੱਬਤ ਦਾ ਚੰਦੋਆ ਕਿਉਂ ਨਹੀਂ ਤਣਦਾ
ਕਿਤੇ ਤਾਂ ਅੰਤ ਵੀ ਹੋਊ ਥਲਾਂ ਦੀ ਏਸ ਸੁਲਗਣ ਦਾ
ਨੀ ਬੂਟੇ ਲਾਉਂਦੀਓ ਕੁੜੀਓ
ਨੀ ਛਾਵਾਂ ਕਰਦੀਓ ਕੁੜੀਓ…

ਸਮੇਂ ਦੇ ਨ੍ਹੇਰ ਨੇ ਨਿਗਲੀ ਤੁਹਾਡੇ ਪਿਆਰ ਦੀ ਮੰਜ਼ਿਲ
ਭੰਵਰ ਵਿਚ ਡੁੱਬ ਗਈ ਬੇੜੀ ਨਹੀਂ ਮਿਲਿਆ ਕੋਈ ਸਾਹਿਲ
ਕਦੋਂ ਤਕ ਹੋਰ ਤੜਪੇਗੀ ਤੁਹਾਡੇ ਸ਼ੌਕ ਦੀ ਪਾਇਲ
ਜਲਾਂ ਵਿਚ ਡੁਬਦੀਓ ਕੁੜੀਓ
ਥਲਾਂ ਵਿਚ ਸੜਦੀਓ ਕੁੜੀਓ…

ਤੁਹਾਡੀ ਜ਼ਿੰਦਗੀ ਵਿਚ ਕਿਉਂ ਹਨ੍ਹੇਰਾ ਹੀ ਹਨ੍ਹੇਰਾ ਹੈ
ਤੁਹਾਡੇ ਸੀਨਿਆਂ ਵਿਚ ਕਿਉਂ ਉਦਾਸੀ ਦਾ ਬਸੇਰਾ ਹੈ
ਕਦੋਂ ਕੋਈ ਉਗਮਣਾ ਸੂਰਜ ਕਦੋਂ ਚੜ੍ਹਨਾ ਸਵੇਰਾ ਹੈ
ਨੀ ਦੀਵੇ ਧਰਦੀਓ ਕੁੜੀਓ
ਨੀ ਚਾਨਣ ਕਰਦੀਓ ਕੁੜੀਓ…

ਤੁਹਾਡੀ ਅੱਖ ਦਾ ਸੁਪਨਾ ਹਕੀਕਤ ਵਿਚ ਕਦੋਂ ਬਦਲੂ
ਕਿ ਇਹ ਦੁਰ-ਦੁਰ ਜ਼ਮਾਨੇ ਦੀ ਮੁਹੱਬਤ ਵਿਚ ਕਦੋਂ ਬਦਲੂ
ਤੇ ਆਦਮ-ਜ਼ਾਤ ਦੀ ਹਿੰਸਾ ਹਿਫ਼ਾਜ਼ਤ ਵਿਚ ਕਦੋਂ ਬਦਲੂ
ਨੀ ਘੋੜੀਆਂ ਗਾਉਂਦੀਓ ਕੁੜੀਓ
ਘੜੋਲੀਆਂ ਭਰਦੀਓ ਕੁੜੀਓ…
ਨੀ ਫੁੱਲਾਂ ਵਰਗੀਓ ਕੁੜੀਓ…

ਰੁੱਤ ਬੇਈਮਾਨ ਹੋ ਗਈ

ਰੁੱਤ ਬੇਈਮਾਨ ਹੋ ਗਈ
ਕਿੱਥੇ ਰੱਖ ਲਾਂ ਲਕੋ ਕੇ ਤੈਨੂੰ ਕਣਕੇ

ਸੁੱਖਾਂ ਨਾਲ ਵੇਖਿਆ ਤੇ ਚਾਵਾਂ ਨਾਲ ਪਾਲਿਆ
ਪਾਣੀ ਪਾਣੀ ਕਰਦੀ ਨੂੰ ਲਹੂ ਵੀ ਪਿਆਲਿਆ
ਮੇਰੀਏ ਰਕਾਨ ਫ਼ਸਲੇ
ਦੋ ਪੈਰ ਨਾ ਤੁਰੀ ਹਿੱਕ ਤਣ ਕੇ
ਰੁੱਤ ਬੇਈਮਾਨ ਹੋ ਗਈ…

ਸਾਉਣੀ ਦੀ ਕਮਾਈ ਸਾਰੀ ਤੇਰੇ ਸਿਰੋਂ ਵਾਰ ’ਤੀ
ਸ਼ਾਹੂਕਾਰਾਂ ਕੋਲੋਂ ਮੈਂ ਤਾਂ ਫੜਿਆ ਉਧਾਰ ਵੀ
ਕਾਹਦੀ ਤੈਨੂੰ ਘਾਟ ਰਹਿ ਗਈ
ਇੱਕ ਵਾਰੀ ਤਾਂ ਵਿਖਾਉਂਦੀ ਬਣ-ਠਣ ਕੇ
ਰੁੱਤ ਬੇਈਮਾਨ ਹੋ ਗਈ…

ਮਸਾਂ-ਮਸਾਂ ਹੋਈ ਏਂ ਤੂੰ ਸਾਵੀ ਤੋਂ ਸੁਨਹਿਰੀ ਨੀ
ਦੇਖਣੇ ਨੂੰ ਮੂੰਹ ਤੇਰਾ ਤਰਸੇ ਨੇ ਸ਼ਹਿਰੀ ਨੀ
ਮੰਡੀਆਂ ਤੋਂ ਨਿੱਤ ਪੁੱਛਦੇ
ਕਦੋਂ ਆਉਣਗੇ ਸੋਨੇ ਦੇ ਮਣਕੇ
ਰੁੱਤ ਬੇਈਮਾਨ ਹੋ ਗਈ…

ਵਾਹੀ ਤੇ ਬਿਜਾਈ ਕੀਤੀ ਗੋਡੀ ਤੇ ਸਿੰਜਾਈ ਨੀ
ਰੁੱਸ ਗਈਆਂ ਧੁੱਪਾਂ ਜਦੋਂ ਪੈਣੀ ਸੀ ਵਢਾਈ ਨੀ
ਚੜ੍ਹੀਆਂ ਘਟਾਵਾਂ ਕਾਲੀਆਂ
ਦਾਣੇ ਜਦੋਂ ਸਿੱਟਿਆਂ ਵਿੱਚ ਛਣਕੇ
ਰੁੱਤ ਬੇਈਮਾਨ ਹੋ ਗਈ…

ਸੁਣ ਰੱਬਾ ਸੁਹਣਿਆਂ ਵੇ ਸੋਹਣੀ ਰੁੱਤ ਮੋੜ ਦੇ
ਕਣਕਾਂ ਕੁਆਰੀਆਂ ਨੂੰ ਘਰੋ-ਘਰੀ ਤੋਰ ਦੇ
ਕਿਹੜਾ ਤੇਰੇ ਪੈਰ ਘਸਦੇ
ਆ ਜਾ ਖੇਤਾਂ ’ਚ ਸੁਨਹਿਰੀ ਧੁੱਪ ਬਣ ਕੇ
ਰੁੱਤ ਬੇਈਮਾਨ ਹੋ ਗਈ
ਕਿੱਥੇ ਰੱਖ ’ਲਾਂ ਲਕੋ ਕੇ ਤੈਨੂੰ ਕਣਕੇ…
5. ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ

ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ
ਸਾਡੇ ਦਿਲ ਦੀ ਵੀ ਹੂਕ ਸੁਣ ਗਾਉਂਦਿਆ ਫ਼ਕੀਰਾ

ਬਹਿ ਕੇ ਬੇਲਿਆਂ ’ਚ ਕੀਹਨੂੰ ਰਾਗ ਮਾਰਵਾ ਸੁਣਾਵੇਂ
ਤੇਰਾ ਰੁੱਸ ਗਿਆ ਕੌਣ ਦੱਸ ਕੀਹਨੂੰ ਤੂੰ ਮਨਾਵੇਂ
ਆਪ ਰੋਂਦਿਆਂ ਤੇ ਰੁੱਖਾਂ ਨੂੰ ਰਵਾਉਂਦਿਆ ਫ਼ਕੀਰਾ
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ

ਦਿਨ ਡੁੱਬਿਆ ਤੇ ਜਗੇ ਦਰਗਾਹਾਂ ’ਤੇ ਚਰਾਗ਼
ਡੂੰਘਾ ਹੋਇਆ ਦੁੱਖਾਂ ਵਾਲਿਆਂ ਦਾ ਹੋਰ ਵੀ ਵਰਾਗ
ਚੁੱਪ ਕਰ ਜਾ ਵੇ ਜ਼ਖ਼ਮ ਜਗਾਉਂਦਿਆ ਫ਼ਕੀਰਾ
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ

ਪਾਉਂਦੇ ਸੀਨਿਆਂ ’ਚ ਛੇਕ ਤੇਰੇ ਲੰਮੇ-ਲੰਮੇ ਵੈਣ
ਤੇਰਾ ਸੁਣ ਕੇ ਅਲਾਪ ਭਰੇ ਕਬਰਾਂ ਨੇ ਨੈਣ
ਸੁੱਤੀ ਰਾਖ਼ ਵਿੱਚੋਂ ਅਗਨੀ ਜਗਾਉਂਦਿਆ ਫ਼ਕੀਰਾ
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ

ਸੌਂ ਗਏ ਰੁੱਖਾਂ ’ਤੇ ਪਰਿੰਦੇ, ਘਰੀਂ ਮੁੜੇ ਹਾਲੀ ਪਾਲੀ
ਪਹਿਰ ਬੀਤ ਗਏ ਕਿੰਨੇ ਤੂੰ ਨਾ ਸੁਰਤ ਸੰਭਾਲੀ
ਤੂੰ ਵੀ ਮੰਨ ਕਦੇ ਰੱਬ ਨੂੰ ਮਨਾਉਂਦਿਆ ਫ਼ਕੀਰਾ
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ

ਆਉਣ ਘੁੰਮ-ਘੁੰਮ ਰੁੱਤਾਂ, ਰੰਗ ਖਿੜਦੇ ਹਜ਼ਾਰ
ਤੂੰ ਵੀ ਵੰਝਲੀ ’ਤੇ ਛੇੜ ਹੁਣ ਰਾਗ ਮਲਹਾਰ
ਤੂੰ ਵੀ ਨੱਚ ਸਾਰੇ ਜੱਗ ਨੂੰ ਨਚਾਉਂਦਿਆ ਫ਼ਕੀਰਾ
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ
6. ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ

ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ

ਕੀ ਮਿੱਟੀ ਸੰਗ ਰੁੱਸਣਾ ਅੜਿਆ ਕੀ ਪਾਣੀ ਸੰਗ ਲੜਨਾ
ਆਖਰ ਇੱਕੋ ਆਵੇ ਪੈਣਾ ਇੱਕੋ ਅੱਗ ਵਿੱਚ ਸੜਨਾ
ਡੂੰਘਾ ਹੋਈ ਜਾਵੇ ਦਿਲ ਦਾ ਵਰਾਗ ਜੋਗੀਆ
ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ

ਰਹਿਗੀ ਮੱਠੀ-ਮੱਠੀ ਅੱਗ, ਹੋਇਆ ਨੀਵਾਂ ਨੀਵਾਂ ਪਾਣੀ
ਪਾਈ ਜਾਣ ਵੇ ਵਿਗੋਚੇ ਸਾਡੇ ਉਮਰਾਂ ਦੇ ਹਾਣੀ
ਕਿਰੇ ਪੱਤਾ ਪੱਤਾ ਜ਼ਿੰਦਗੀ ਦਾ ਬਾਗ਼ ਜੋਗੀਆ
ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ

ਖੌਰੇ ਕਿੱਥੇ ਗਏ ਮਲਾਹ, ਕਿੱਥੇ ਆਸ਼ਕਾਂ ਦੇ ਡੇਰੇ
ਗਲ ਕੰਢਿਆਂ ਦੇ ਲੱਗ, ਹੰਝੂ ਬੇੜੀਆਂ ਨੇ ਕੇਰੇ
ਸੁੰਨੇ ਪੱਤਰਾਂ ’ਤੇ ਬੋਲਦੇ ਨੇ ਕਾਗ ਜੋਗੀਆ
ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ

ਮੈਨੂੰ ਦੱਸ ਜੋਗੀਆ ਵੇ ਕਿੱਥੇ ਉੱਡ ਗਈਆਂ ਡਾਰਾਂ
ਵੇ ਉਹ ਪਿਆਰ ਵਿੱਚ ਡੁੱਬੇ ਹੋਏ ਗੱਭਰੂ ਤੇ ਨਾਰਾਂ
ਕਿੱਥੇ ਮਿਲਦਾ ਏ ਰੂਹਾਂ ਨੂੰ ਸੁਹਾਗ ਜੋਗੀਆ
ਮੈਨੂੰ ਬੀਨ ’ਤੇ ਸੁਣਾ ਕੇ ਪੱਕਾ ਰਾਗ ਜੋਗੀਆ

ਮੈਨੂੰ ਦੱਸ ਵੇ ਸੰਯੋਗ ਤੇ ਵਿਯੋਗ ਦੀਆਂ ਬਾਤਾਂ
ਕਿੱਥੇ ਡੁੱਬ ਜਾਂਦੇ ਦਿਨ ਕਿੱਥੇ ਛੁਪ ਜਾਣ ਰਾਤਾਂ
ਕਿਵੇਂ ਜਾਗਦੇ ਨੇ ਸੁੱਤੇ ਹੋਏ ਭਾਗ ਜੋਗੀਆ
ਮੈਨੂੰ ਬੀਨ ’ਤੇ ਸੁਣਾ ਕੇ ਪੱਕਾ ਰਾਗ ਜੋਗੀਆ

ਮੈਨੂੰ ਦੱਸ ਜੋਗੀਆ ਵੇ ਜੋਗੀ ਹੋਣ ਵਿੱਚ ਕੀ ਏ
ਦੱਸ ਧੂਣੀਆਂ ਦੇ ਓਹਲੇ ਬਹਿ ਕੇ ਰੋਣ ਵਿੱਚ ਕੀ ਏ
ਜੇ ਨਾ ਮੱਥੇ ਵਿੱਚ ਮਣੀ, ਕਾਹਦਾ ਨਾਗ ਜੋਗੀਆ
ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ
7. ਚੰਗਾ ਕੀਤਾ ਬੀਬਾ, ਉੱਠ ਕੇ ਤੂੰ ਚਲਾ ਗਿਓਂ ਛਾਵੇਂ

ਚੰਗਾ ਕੀਤਾ ਬੀਬਾ, ਉੱਠ ਕੇ ਤੂੰ ਚਲਾ ਗਿਓਂ ਛਾਵੇਂ
ਰਹਿਗੇ ਮੇਰੀਆਂ ਤਾਂ ਟਾਹਣੀਆਂ ’ਤੇ ਪੱਤੇ ਟਾਵੇਂ ਟਾਵੇਂ

ਵੇਲਾ ਖੋਹ ਹੀ ਲੈਂਦਾ ਇੱਕ ਦਿਨ ਰੁੱਖਾਂ ਦਾ ਗ਼ਰੂਰ
ਛੱਡ ਆਲ੍ਹਣੇ ਪੰਖੇਰੂ ਕਿਤੇ ਉੱਡ ਜਾਂਦੇ ਦੂਰ
ਦੱਸ ਉੱਜੜੇ ਘਰਾਂ ਦੇ ਕਿਹੜੇ ਹੁੰਦੇ ਸਿਰਨਾਵੇਂ
ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਓਂ ਛਾਵੇਂ

ਮੇਰੀ ਹੋਂਦ ਵਿੱਚੋਂ ਖਿੜਦੇ ਨਾ ਪਹਿਲਾਂ ਵਾਲੇ ਫੁੱਲ
ਮੈਥੋਂ ਮੋੜਿਆ ਨਾ ਜਾਂਦਾ ਤੇਰੇ ਪਾਣੀਆਂ ਦਾ ਮੁੱਲ
ਕਾਹਦਾ ਰੰਜ ਤੇਰੇ ਨਾਲ ਜੇ ਤੂੰ ਮੈਨੂੰ ਭੁੱਲ ਜਾਵੇਂ
ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਓਂ ਛਾਵੇਂ

ਹਰ ਪਾਣੀ ਦੀਆਂ ਤਹਿਆਂ ਵਿੱਚ ਲੁਕੀ ਹੁੰਦੀ ਰੇਤ
ਸਦਾ ਵਰ੍ਹਦੇ ਨਾ ਸਾਉਣ, ਸਦਾ ਖਿੜਦੇ ਨਾ ਚੇਤ
ਵੇ ਤੂੰ ਕਿਹੜੀ ਗੱਲੋਂ ਕੱਲਰਾਂ ਦਾ ਦਰਦ ਹੰਢਾਵੇਂ
ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਓਂ ਛਾਵੇਂ

ਪੈਂਦਾ ਭਰੀਆਂ ਜੁਆਨੀਆਂ ਨੂੰ ਬੁਕ-ਬੁਕ ਬੂਰ
ਪੱਕੀ ਅਉਧ ਵਿੱਚ ਜ਼ਖ਼ਮਾਂ ’ਤੇ ਆਉਂਦਾ ਨਾ ਅੰਗੂਰ
ਰੋਮ-ਰੋਮ ਵਿੱਚੋਂ ਉੱਠਦੇ ਨੇ ਦਰਦ ਬੇ-ਨਾਵੇਂ
ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਓਂ ਛਾਵੇਂ

ਓਸ ਧਰਤੀ ਦੀ ਖ਼ੈਰ, ਉਨ੍ਹਾਂ ਰੁੱਖਾਂ ਨੂੰ ਦੁਆਵਾਂ
ਜਿਨ੍ਹਾਂ ਕੀਤੀਆਂ ਨੇ ਸੁਹਣਿਆਂ ਵੇ ਤੇਰੇ ਸਿਰ ਛਾਵਾਂ
ਤੇਰੇ ਕੂਲਿਆਂ ਪੈਰਾਂ ਨੂੰ ਦਿੱਤੇ ਰਸਤੇ ਸੁਖਾਵੇਂ
ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਓਂ ਛਾਵੇਂ
8. ਲੈ ਜਾ ਸੁੰਦਰਾਂ ਦੇ ਬੂਹੇ ਉੱਤੋਂ ਖ਼ੈਰ ਪੂਰਨਾ

ਕਾਲੇ ਨ੍ਹੇਰਿਆਂ ‘ਚ ਜਗੇ ਤੇਰੀ ਪੈੜ ਪੂਰਨਾ
ਲੈ ਜਾ ਸੁੰਦਰਾਂ ਦੇ ਬੂਹੇ ਉੱਤੋਂ ਖ਼ੈਰ ਪੂਰਨਾ

ਵਾਟਾਂ ਔਖੀਆਂ ਟਿਕਾਣੇ ਤੇਰੇ ਦੂਰ ਵੇ
ਤੇਰੇ ਰਾਹਾਂ ਵਿੱਚ ਤੁਹਮਤਾਂ ਦੀ ਧੂੜ ਵੇ
ਚੜ੍ਹੀ ਅੰਬਰਾਂ ‘ਤੇ ਬਦੀਆਂ ਦੀ ਗਹਿਰ ਪੂਰਨਾ
ਲੈ ਜਾ ਸੁੰਦਰਾਂ ਦੇ ਬੂਹੇ ਉੱਤੋਂ ਖ਼ੈਰ ਪੂਰਨਾ

ਤੇਰੇ ਚਾਨਣਾਂ ‘ਤੇ ਲੱਖਾਂ ਇਲਜ਼ਾਮ ਵੇ
ਤੈਨੂੰ ਟੋਲ੍ਹਦਾ ਏ ਨ੍ਹੇਰੇ ਦਾ ਨਿਜ਼ਾਮ ਵੇ
ਤੇਰਾ ਮੁਖ਼ਬਰ ਹੋਇਆ ਸਾਰਾ ਸ਼ਹਿਰ ਪੂਰਨਾ
ਲੈ ਜਾ ਸੁੰਦਰਾਂ ਦੇ ਬੂਹੇ ਉੱਤੋਂ ਖ਼ੈਰ ਪੂਰਨਾ

ਤੈਨੂੰ ਖ਼ਰਿਆਂ ਤੇ ਖੋਟਿਆਂ ਦਾ ਭੇਤ ਵੇ
ਕਿਹੜੇ ਪਾਣੀਆਂ ਦੇ ਥੱਲੇ ਕਿੰਨੀ ਰੇਤ ਵੇ
ਕਿਹੜੀ ਲਹਿਰ ਵਿੱਚ ਰਲੀ ਹੋਈ ਜ਼ਹਿਰ ਪੂਰਨਾ
ਲੈ ਜਾ ਸੁੰਦਰਾਂ ਦੇ ਬੂਹੇ ਉੱਤੋਂ ਖ਼ੈਰ ਪੂਰਨਾ

ਤੈਨੂੰ ਸਦਾ ਰਿਹਾ ਸੱਚ ਦਾ ਖ਼ਿਆਲ ਵੇ
ਤੈਨੂੰ ਆਈ ਨਾ ਨਿਭਾਉਣੀ ਕਿਸੇ ਨਾਲ ਵੇ
ਮੁੱਲ ਲੈ ਲਿਆ ਤੂੰ ਤਖ਼ਤਾਂ ਦਾ ਵੈਰ ਪੂਰਨਾ
ਲੈ ਜਾ ਸੁੰਦਰਾਂ ਦੇ ਬੂਹੇ ਉੱਤੋਂ ਖ਼ੈਰ ਪੂਰਨਾ।
9. ਚੌਂਕਾਂ ਵਿਚ ਰਾਹੀਆਂ ਨੂੰ ਬੁੱਤ ਪੁੱਛਣ ਸ਼ਹੀਦਾਂ ਦੇ

ਚੌਂਕਾਂ ਵਿਚ ਰਾਹੀਆਂ ਨੂੰ ਬੁੱਤ ਪੁੱਛਣ ਸ਼ਹੀਦਾਂ ਦੇ
ਕਿੱਥੇ ਕੁ ਖਿੜੇ ਲੋਕੋ, ਫੁੱਲ ਸਾਡੀਆਂ ਰੀਝਾਂ ਦੇ

ਕੁਝ ਦੱਸੋ ਵੀਰੋ ਵੇ ਕਿੱਥੇ ਉਹ ਰੁੱਤ ਫਿਰੀ
ਕਿੱਥੇ ਉਹ ਬੂਰ ਪਿਆ ਕਿੱਥੇ ਉਹ ਆਸ ਖਿੜੀ
ਉਹ ਦੇਸ਼ ਸੁਪਨਿਆਂ ਦਾ ਉਹ ਸਾਡੀ ਸੋਨ-ਚਿੜੀ
ਜੀਹਦੀ ਖ਼ਾਤਰ ਹੁਬ ਹੁਬ ਕੇ ਸੂਲੀ 'ਤੇ ਜਿੰਦ ਚੜ੍ਹੀ
ਕਿੱਥੇ ਕੁ ਨੇ ਮੌਲ ਰਹੇ ਘਰ-ਬਾਰ ਗਰੀਬਾਂ ਦੇ.....

ਕੁਝ ਦੱਸੋ ਭੈਣੋਂ ਨੀ ਕੀ ਹਾਲ ਬਣਾਏ ਨੇ
ਕਿਉਂ ਨੈਣਾਂ ਵਿਚ ਨਮੀਆਂ ਕਿਉਂ ਮੁੱਖ ਕੁਮਲਾਏ ਨੇ
ਇਹ ਕੈਸੇ ਜ਼ਖ਼ਮ ਤੁਸੀਂ ਸੀਨੇ 'ਚ ਲੁਕਾਏ ਨੇ
ਉਹ ਸੁਪਨੇ ਸੱਤਰੰਗੇ ਤੁਸੀਂ ਕਿੱਥੇ ਗਵਾਏ ਨੇ
ਕਿੰਜ ਢੇਰੀ ਹੋ ਗਏ ਨੀ ਉਹ ਮਹਿਲ ਉਮੀਦਾਂ ਦੇ.....

ਉੱਠੋ ਹਮਸ਼ੀਰੋ ਵੇ ਧਰਤੀ ਦੇ ਜਾਇਓ ਵੇ
ਇਹਨਾਂ ਬੁਝਦੇ ਦੀਵਿਆਂ ਵਿਚ ਰੱਤ ਅਪਣੀ ਪਾਇਓ ਵੇ
ਇਤਿਹਾਸ ਵਾਚਿਓ ਵੇ ਪੰਨੇ ਪਲਟਾਇਓ ਵੇ
ਤੁਸੀਂ ਅਪਣੇ ਵਿਰਸੇ ਨੂੰ ਕਿਤੇ ਭੁੱਲ ਨਾ ਜਾਇਓ ਵੇ

ਫਿਰ ਉੱਠੇ ਧਰਤੀ ਤੋਂ ਬੇਕਸ ਦਾ ਯਾਰ ਕੋਈ
ਲਿਸ਼ਕੇ ਸ਼ਮਸ਼ੀਰ ਕੋਈ ਗੜ੍ਹਕੇ ਲਲਕਾਰ ਕੋਈ
ਫਿਰ ਝੁੰਡ ਮਸ਼ਾਲਾਂ ਦਾ ਹੋ ਜਾਵੇ ਤਿਆਰ ਕੋਈ
ਤੇ ਰੌਂਦ ਕੇ ਲੰਘ ਜਾਵੇ ਇਹ ਨ੍ਹੇਰ ਗੁਬਾਰ ਕੋਈ

ਉੱਠੋ ਕਿ ਜੀਵਨ ਚੋਂ ਕਦੇ ਆਸ ਨਹੀਂ ਮਰਦੀ
ਪਾਣੀ ਤਾਂ ਸੁੱਕ ਜਾਂਦੇ ਪਰ ਪਿਆਸ ਨਹੀਂ ਮਰਦੀ
ਚੀਰੇ ਹੋਏ ਚੰਨਣ ਚੋਂ ਵੀ ਬਾਸ ਨਹੀਂ ਮਰਦੀ
ਅਰਦਾਸ ਦੇ ਬੋਲਾਂ ਚੋਂ ਧਰਵਾਸ ਨਹੀਂ ਮਰਦੀ
ਬੜੇ ਗੂੜ੍ਹੇ ਰਿਸ਼ਤੇ ਨੇ ਉਮਰਾਂ ਤੇ ਉਮੀਦਾਂ ਦੇ.....

ਚੌਂਕਾਂ ਵਿਚ ਰਾਹੀਆਂ ਨੂੰ ਬੁੱਤ ਪੁੱਛਣ ਸ਼ਹੀਦਾਂ ਦੇ
ਕਿੱਥੇ ਕੁ ਖਿੜੇ ਲੋਕੋ ਫੁੱਲ ਸਾਡੀਆਂ ਰੀਝਾਂ ਦੇ.....
10. ਹੇ ਮੇਰੀ ਮਾਤ-ਬੋਲੀ ਹੇ ਅਖੰਡ ਦੀਪਮਾਲਾ

ਹੇ ਮੇਰੀ ਮਾਤ-ਬੋਲੀ ਹੇ ਅਖੰਡ ਦੀਪਮਾਲਾ
ਖਿੰਡਿਆ ਹੈ ਦੂਰ ਤੀਕਰ ਤੇਰੀ ਹੋਂਦ ਦਾ ਉਜਾਲਾ

ਤੇਰੇ ਹਰਫ਼ ਹੀਰੇ ਮੋਤੀ ਤੇਰੇ ਸ਼ਬਦ ਨੇ ਸ਼ੁਆਵਾਂ
ਤੇਰੇ ਵਾਕ ਨੇ ਅਸੀਸਾਂ ਤੇਰੇ ਬੋਲ ਨੇ ਦੁਆਵਾਂ
ਤੂੰ ਸਦੀਵਤਾ ਦਾ ਸੋਮਾ ਤੂੰ ਹੈਂ ਪ੍ਰੇਮ ਦਾ ਉਛਾਲਾ...

ਮਿੱਠੇ ਨੇ ਗੀਤ ਤੇਰੇ ਪਾਵਨ ਹੈ ਤੇਰੀ ਬਾਣੀ
ਧੋਂਦੇ ਨੇ ਪੈਰ ਤੇਰੇ ਸੁਬ੍ਹਾ ਸ਼ਾਮ ਪੰਜ ਪਾਣੀ
ਸਭ ਤੀਰਥਾਂ ਤੋਂ ਸੁੱਚੀ ਹੈ ਤੇਰੀ ਪਾਠਸ਼ਾਲਾ...

ਜੁਗ ਜੁਗ ਜਿਉਣ ਸ਼ਾਲਾ ਤੇਰੇ ਕੋਰੜੇ ਸਵਈਏ
ਮੌਲਣ ਤੇਰੇ ਲਿਖਾਰੀ ਵਿਗਸਣ ਤੇਰੇ ਗਵਈਏ
ਹਰ ਇਕ ਦਿਸ਼ਾ 'ਚ ਹੋਵੇ ਤੇਰਾ ਹੀ ਬੋਲ-ਬਾਲਾ...

ਤੇਰੇ ਜਲੌਅ ਦੇ ਸਾਹਵੇਂ ਗੂੜ੍ਹਾ ਹਨ੍ਹੇਰ ਕੀ ਹੈ
ਕੀ ਨੇ ਤੂਫ਼ਾਨ ਝੱਖੜ ਰੁੱਤਾਂ ਦਾ ਫੇਰ ਕੀ ਹੈ
ਤੇਰੀ ਡਾਲ ਤੋਂ ਨਾ ਕੋਈ ਪੱਤਾ ਵੀ ਕਿਰਨ ਵਾਲਾ...

ਹੇ ਮੇਰੀ ਮਾਤ-ਬੋਲੀ ਹੇ ਅਖੰਡ ਦੀਪਮਾਲਾ
ਖਿੰਡਿਆ ਹੈ ਦੂਰ ਤੀਕਰ ਤੇਰੀ ਹੋਂਦ ਦਾ ਉਜਾਲਾ...
11. ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ

ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ
ਜੀਹਨੂੰ ਪੌਣ ਸਮੇਂ ਦੀ ਗਾਉਂਦੀ ਹੈ
ਜੀਹਨੂੰ ਤਾਲ ਨਗਾਰੇ ਦਿੰਦੇ ਨੇ
ਜੀਹਦਾ ਚੰਡੀ ਨਾਦ ਵਜਾਉਂਦੀ ਹੈ

ਮੈਂ ਦਸਮ ਪਿਤਾ ਦੀ ਉਸਤਤ ਹਾਂ
ਜੀਹਨੂੰ ਪਰਮ ਪਿਤਾ ਨੇ ਘੱਲਿਆ ਸੀ
ਜੋ ਆਦਿ ਜੁਗਾਦਿ ਦਾ ਤਪੀਆ ਸੀ
ਜੀਹਨੇ ਹੇਮ 'ਤੇ ਆਸਣ ਮੱਲਿਆ ਸੀ
ਜਿਸ ਧਰਤੀ 'ਤੇ ਉਸ ਨੇ ਜਨਮ ਲਿਆ
ਉਹਨੂੰ ਗੰਗਾ ਪਰਸਣ ਆਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....

ਮੈਂ ਉਸ ਸ਼ਮਸ਼ੀਰ ਦੀ ਗਾਥਾ ਹਾਂ
ਜੀਹਨੇ ਜਾਬਰ ਨੂੰ ਲਲਕਾਰਿਆ ਸੀ
ਤੇ ਦੀਨ ਧਰਮ ਇਨਸਾਫ਼ ਲਈ
ਜੀਹਨੇ ਸੀਸ ਪਿਤਾ ਦਾ ਵਾਰਿਆ ਸੀ
ਦਿੱਲੀ ਦੇ ਓਸ ਚੌਰਾਹੇ 'ਚੋਂ
ਲੋਅ ਸਿਦਕ ਸਿਰੜ ਦੀ ਆਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....

ਮੈਂ ਉਸ ਮੁਰਸ਼ਦ ਦੀ ਮਹਿਮਾ ਹਾਂ
ਜੋ ਆਪ ਗੁਰੂ ਹੈ ਚੇਲਾ ਵੀ
ਜੋ ਲੋੜ ਪਵੇ ਤਾਂ ਲੜਾ ਸਕਦੈ
ਸਵਾ ਲੱਖ ਦੇ ਨਾਲ ਅਕੇਲਾ ਵੀ
ਜੀਹਦੀ ਪਹੁਲ 'ਚ ਐਸੀ ਸ਼ਕਤੀ ਹੈ
ਚਿੜੀਆਂ ਤੋਂ ਬਾਜ਼ ਤੁੜਾਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....

ਮੈਂ ਜੱਸ ਹਾਂ ਓਸ ਤੇਜੱਸਵੀ ਦਾ
ਜੋ ਆਲਮ ਫ਼ਾਜ਼ਲ ਦਾਨਾ ਵੀ
ਜੋ ਕਦਰਦਾਨ ਵੀ ਕਲਮਾਂ ਦਾ
ਤੇ ਦੈਵੀ ਗੁਣੀ-ਨਿਧਾਨਾ ਵੀ
ਜੀਹਦੇ ਗਿਆਨ ਮੰਡਲ ਨੂੰ ਦੁਨੀਆਂ ਦੀ
ਦਾਨਾਈ ਸੀਸ ਨਿਵਾਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....

ਜੀਹਦੀ ਆਭਾ ਦੇ ਲਿਸ਼ਕਾਰੇ ਤੋਂ
ਭੈਭੀਤ ਹਨ੍ਹੇਰੇ ਹੋ ਜਾਂਦੇ
ਉਹਦੀ ਨੂਰ-ਨਦਰ ਜਿਤ ਵੱਲ ਉਠਦੀ
ਪਹੁ ਫੁਟਦੀ ਸਵੇਰੇ ਹੋ ਜਾਂਦੇ
ਕਰੇ ਭਸਮ ਕੁਫ਼ਰ ਦੇ ਕਿਲਿਆਂ ਨੂੰ
ਉਹਦੀ ਤੇਗ ਜਦੋਂ ਲਹਿਰਾਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....

ਜਮਨਾ ਦਾ ਕੰਢਾ ਸਾਖੀ ਹੈ
ਜਦ ਛਿੜਿਆ ਯੁੱਧ ਭੰਗਾਣੀ ਦਾ
ਉਹ ਸੋਨ-ਸੁਨਹਿਰੀ ਪੰਨਾ ਹੈ
ਤਵਾਰੀਖ਼ ਦੀ ਅਮਰ ਕਹਾਣੀ ਦਾ
ਜੀਹਦੇ ਨੂਰੀ ਹਰਫ਼ ਉਠਾਲਦਿਆਂ
ਚਾਨਣ ਦੀ ਅੱਖ ਚੁੰਧਿਆਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....

ਗਾਥਾ ਸਰਬੰਸ ਦੇ ਦਾਨੀ ਦੀ
ਚਮਕੌਰ ਕਹੇ ਸਰਹੰਦ ਕਹੇ
ਸਿਰ ਦੇ ਕੇ ਸਿਰੜ ਨਿਭਾਉਣਾ ਹੈ
ਉਹ ਮਾਂ ਗੁਜਰੀ ਦਾ ਚੰਦ ਕਹੇ
ਮਾਛੀਵਾੜੇ ਦੇ ਜੰਗਲ ਚੋਂ
ਅਜੇ ਤੀਕ ਏਹੀ ਧੁਨ ਆਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....

ਇਕ ਲੀਕ ਨੂਰ ਦੀ ਦਿਸਦੀ ਹੈ
ਅਹੁ ਪਟਨੇ ਤੋਂ ਨੰਦੇੜ ਤਾਈਂ
ਇਕ ਤੇਜ ਚੁਣੌਤੀ ਦਿੰਦਾ ਹੈ
ਬੇਦਰਦ ਵਕਤ ਦੇ ਗੇੜ ਤਾਈਂ
ਇਹਨਾਂ ਕਾਲੇ ਬੋਲੇ ਰਾਹਾਂ ਨੂੰ
ਉਹਦੀ ਪੈੜ ਪੈੜ ਰੁਸ਼ਨਾਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ
ਜੀਹਨੂੰ ਪੌਣ ਸਮੇਂ ਦੀ ਗਾਉਂਦੀ ਹੈ
ਜੀਹਨੂੰ ਤਾਲ ਨਗਾਰੇ ਦਿੰਦੇ ਨੇ
ਜੀਹਦਾ ਚੰਡੀ ਨਾਦ ਵਜਾਉਂਦੀ ਹੈ.....
12. ਚਲਾ ਜਾਈਂ, ਢਲ ਜਾਣ ਪਰਛਾਵੇਂ ਜੋਗੀਆ

ਚਲਾ ਜਾਈਂ, ਢਲ ਜਾਣ ਪਰਛਾਵੇਂ ਜੋਗੀਆ
ਆ ਜਾ ਬਹਿਜਾ ਬਿੰਦ ਪਿੱਪਲੀ ਦੀ ਛਾਵੇਂ ਜੋਗੀਆ

ਏਥੇ ਸਦਾ ਨਹੀਓਂ ਬਹਿਣਾ ਕਿਸੇ ਮੱਲ ਕੇ ਟਿਕਾਣਾ
ਵਾਰੋ ਵਾਰੀ ਵੇ ਫ਼ਕੀਰਾ ਸਾਰਿਆਂ ਨੇ ਤੁਰ ਜਾਣਾ
ਪੱਕੇ ਘਰ ਏਥੇ ਕੱਚੇ ਸਿਰਨਾਵੇਂ ਜੋਗੀਆ...

ਰੇਤ ਵਿਚ ਰਲ ਜਾਣੇ ਸਾਰੇ ਰੇਤ ਦੇ ਮਹੱਲ
ਸਾਰੇ ਪਾਣੀਆਂ ਨੇ ਜਾਣਾ ਵੇ ਸਮੁੰਦਰਾਂ ਦੇ ਵੱਲ
ਬੂੰਦਾਂ ਹੋਣਗੀਆਂ ਫੇਰ ਇਕ ਥਾਵੇਂ ਜੋਗੀਆ...

ਪੈਣੇ ਇਕ ਦਿਨ ਅਗਨੀ ਨੂੰ ਮੋੜਨੇ ਚਰਾਗ਼
ਰਲ ਜਾਊਗਾ ਹਵਾਵਾਂ ਵਿਚ ਜ਼ਿੰਦਗੀ ਦਾ ਰਾਗ
ਸਾਹ ਸਾਰਿਆਂ ਦੇ ਕੋਲ ਸਾਵੇਂ ਸਾਵੇਂ ਜੋਗੀਆ...

ਘੜੀ ਪਲ ਦਾ ਪ੍ਰਹੁਣਾ ਵੇ ਪਰਿੰਦਿਆਂ ਦਾ ਖੇਲ੍ਹ
ਖ਼ੌਰੇ ਕਿਹੜੇ ਵੇਲੇ ਚੱਲ ਜਾਣੀ ਸਮੇਂ ਦੀ ਗੁਲੇਲ
ਸਮਾਂ ਕਰ ਦਿੰਦਾ ਸਭ ਨੂੰ ਨਿਥਾਵੇਂ ਜੋਗੀਆ...
ਆ ਜਾ ਬਹਿਜਾ ਬਿੰਦ ਪਿੱਪਲੀ ਦੀ ਛਾਵੇਂ ਜੋਗੀਆ...
13. ਕੀਹਨੇ ਤੈਨੂੰ ਵੱਢ ਕੇ ਬਣਾ ਲਈਆਂ ਗੇਲੀਆਂ

ਕੀਹਨੇ ਤੈਨੂੰ ਵੱਢ ਕੇ ਬਣਾ ਲਈਆਂ ਗੇਲੀਆਂ
ਹਾਏ ਚੰਨਣਾ ਵੇ, ਬਾਗੀਂ ਰੋਂਦੀਆਂ ਚੰਬੇਲੀਆਂ

ਕੱਲ੍ਹ ਤਾਂ ਤੂੰ ਝੂਮਦਾ ਸੀ ਅੰਬੀਆਂ ਦੇ ਕੋਲ ਵੇ
ਮਹਿੰਗੀ ਤੇਰੀ ਹੋਂਦ ਸੀ ਜਵਾਨੀ ਅਣਮੋਲ ਵੇ
ਕੀਹਨੇ ਤੇਰੇ ਅੰਗਾਂ ਦੀਆਂ ਵੱਟ ਲਈਆਂ ਧੇਲੀਆਂ

ਨਿੱਕੇ ਨਿੱਕੇ ਜੀਆਂ ਦਾ ਤੂੰ ਵੱਡਾ ਸੰਸਾਰ ਸੀ
ਤੇਰੇ ਨਾਲ ਦੁਨੀਆਂ ਦੇ ਨਾਤੇ ਬੇਸ਼ੁਮਾਰ ਸੀ
ਧਰਤੀ ਸੀ ਮਾਂ ਤੇਰੀ ਪੌਣਾਂ ਸੀ ਸਹੇਲੀਆਂ

ਭਰ ਭਰ ਝੋਲੀਆਂ ਤੂੰ ਦਾਤਾਂ ਰਿਹਾ ਵੰਡਦਾ
ਕਿਸੇ ਕੋਲੋਂ ਸੁਣਿਆਂ ਨਾ ਪਾਣੀ ਵੀ ਤੂੰ ਮੰਗਦਾ
ਖ਼ਬਰੇ ਤੂੰ ਕੀ ਕੀ ਜਿੰਦ ਆਪਣੀ ਤੇ ਝੇਲੀਆਂ

ਰੁੱਖ ਬੂਟੇ ਬੰਦਿਆਂ ਦੀ ਖ਼ੈਰ ਸਦਾ ਮੰਗਦੇ
ਬੰਦੇ ਪਰ ਉਹਨਾਂ ਨੂੰ ਨਾ ਵੱਢਣੋਂ ਵੀ ਸੰਗਦੇ
ਵੱਢ ਵੱਢ ਰੁੱਖਾਂ ਨੂੰ ਉਸਾਰਦੇ ਹਵੇਲੀਆਂ
ਹਾਏ ਚੰਨਣਾ ਵੇ ਬਾਗੀਂ ਰੋਂਦੀਆਂ ਚੰਬੇਲੀਆਂ.....

ਸਤਲੁਜ ਬਿਆਸ ਜਿਹਲਮ ਰਾਵੀ ਚਨਾਬ ਲੋਕੋ

ਸਤਲੁਜ ਬਿਆਸ ਜਿਹਲਮ ਰਾਵੀ ਚਨਾਬ ਲੋਕੋ
ਜੁਗ ਜੁਗ ਰਹੇ ਜਿਉਂਦਾ ਮੇਰਾ ਪੰਜਾਬ ਲੋਕੋ

ਇਹ ਤੇਗ ਹੈ ਦੋ-ਧਾਰੀ, ਫੁੱਲ ਵੀ ਗੁਲਾਬ ਦਾ ਹੈ
ਇਹ ਗੂੰਜ ਧੌਂਸਿਆਂ ਦੀ, ਸੁਰ ਵੀ ਰਬਾਬ ਦਾ ਹੈ
ਸਿਰ ਚੜ੍ਹ ਕੇ ਬੋਲਦਾ ਹੈ ਇਸ ਦਾ ਸ਼ਬਾਬ ਲੋਕੋ
ਵਾਰਸ ਦੀ ਹੀਰ ਵਰਗਾ ਮੇਰਾ ਪੰਜਾਬ ਲੋਕੋ.....

ਕਿਤੇ ਧਮਕ ਗਿੱਧਿਆਂ ਦੀ ਕਿਤੇ ਭੰਗੜੇ ਧਮਾਲਾਂ
ਢੋਲਾਂ ਦੇ ਡੱਗਿਆਂ 'ਤੇ ਹੋਈ ਜਾਂਦੀਆਂ ਕਮਾਲਾਂ
ਬਸ ਵੇਖਿਆਂ ਹੀ ਬਣਦੀ ਇਹਦੀ ਆਬ-ਤਾਬ ਲੋਕੋ
ਲੁੱਟੀ ਲਜਾਂਦਾ ਮੇਲਾ ਮੇਰਾ ਪੰਜਾਬ ਲੋਕੋ.....

ਇਹਦੇ ਵਿਹੜਿਆਂ 'ਚ ਖੇੜੇ ਸਿਰ 'ਤੇ ਇਲਾਹੀ ਛਾਵਾਂ
ਗੁਰੂਆਂ ਦੀਆਂ ਅਸੀਸਾਂ, ਪੀਰਾਂ ਦੀਆਂ ਦੁਆਵਾਂ
ਰਿਸ਼ੀਆਂ ਨੇ ਸਿਰਜੀ ਪਹਿਲੀ ਪਾਵਨ ਕਿਤਾਬ ਲੋਕੋ
ਕੋਈ ਮੋਤੀਆਂ 'ਚੋਂ ਹੀਰਾ ਮੇਰਾ ਪੰਜਾਬ ਲੋਕੋ.....

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.