1. ਅਸੀਸ
ਮੈਂ ਰੋੜਾ ਤਾਂ ਨਹੀਂ ਬਣਦੀ
ਤੇਰੇ ਰਾਹ ਦਾ
ਤੇ ਇਹ ਵੀ ਜਾਣਦੀ ਹਾਂ
ਕਿ ਹਾਦਸੇ ਰਾਹੀਆਂ ਦਾ ਮੁਕੱਦਰ ਹੁੰਦੇ ਨੇ
ਪਰ ਤੂੰ ਕਿਵੇਂ ਪੁੱਟੇਂਗਾ
ਅਜਗਰ ਦੇ ਪਿੰਡੇ ਵਰਗੇ
ਬੇਇਤਬਾਰੇ ਰਾਹਾਂ ‘ਤੇ ਪੈਰ
ਕਿ ਜਿੱਥੇ
ਚੌਰਾਹਿਆਂ ‘ਚ ਖੜ੍ਹੇ ਉਡੀਕਦੇ ਨੇ
ਅਣਭੋਲ ਅੱਲ੍ਹੜਾਂ ਨੂੰ
ਵਿਹੁ ਦੇ ਵਿਉਪਾਰੀ
ਤੇ ਡੱਬੀਆਂ ‘ਚ ਵਿਕਦੀ ਹੈ
ਸੁਆਹ ਕਰ ਦੇਣ ਵਾਲੀ ਅੱਗ
ਫੁੜਕ-ਫੁੜਕ ਡਿਗਦੀ ਹੈ
ਸੂਈਆਂ ਨਾਲ ਡੰਗੀ ਮਾਸੂਮ ਜੁਆਨੀ
ਤੇ ਸਮੇਂ ਦੇ ਲਲਾਰੀਆਂ ਨੂੰ
ਭਾਉਂਦਾ ਨਹੀਂ ਲਹੂ ਤੋਂ ਬਗੈਰ
ਕੋਈ ਦੂਜਾ ਰੰਗ
ਤੇ ਮੈਂ ਸੋਚਦੀ ਹਾਂ
ਤੈਨੂੰ ਆਖਾਂ
ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ,
ਸੋਨੇ ਦੇ ਮਿਰਗਾਂ ਮਗਰ ਨਾ ਜਾਈਂ,
ਇਹ ਛਲੀਏ ਮਿਰਗ ਤਾਂ
ਰਾਮ ਜਿਹੇ ਅਵਤਾਰਾਂ ਨੂੰ ਵੀ
ਛਲ ਜਾਂਦੇ ਨੇ….
ਤੇ ਜਦੋਂ ਵੇਖਦੀ ਹਾਂ
ਕਿ ਹਵਾਵਾਂ ਦੇ ਨਾਲ ਰਲ ਕੇ
ਸਰਕ ਆਏ ਨੇ
ਘਰਾਂ ਦੇ ਅੰਦਰ-ਵਾਰ
ਪੇਸ਼ਾਵਰਾਂ ਦੇ ਕੋਠੇ
ਤੇ ਮੈਂ ਬੰਨ੍ਹ ਵੀ ਨਹੀਂ ਸਕਦੀ
ਤੇਰੀਆਂ ਚੰਚਲ ਅੱਖਾਂ ‘ਤੇ ਪੱਟੀ
ਦੱਬ ਨਹੀਂ ਸਕਦੀ
ਘਰ ਦੇ ਬੂਹੇ ਟੱਪਦੀਆਂ
ਤੇਰੀਆਂ ਉੱਡਣੀਆਂ ਪੈੜਾਂ
ਤੇ ਕਰ ਨਹੀਂ ਸਕਦੀ
ਅੰਨ੍ਹੇ ਖੂਹਾਂ ਦੀਆਂ ਸਾਜ਼ਿਸ਼ਾਂ ਸਾਹਵੇਂ
ਤੇਰੇ ਨਾਦਾਨ ਲਹੂ ਦਾ ਭਰੋਸਾ
ਤਾਂ ਸੋਚਦੀ ਹਾਂ
ਤੈਨੂੰ ਆਖਾਂ
ਟੀ ਵੀ ਬੰਦ ਕਰ
ਤੇ ਕਿਤਾਬ ਖੋਲ੍ਹ….
ਤੇ ਹੁਣ ਜਦੋਂ
ਤਾਰ-ਤਾਰ ਹੋ ਗਿਆ ਹੈ
ਸਦਾਚਾਰ ਦਾ ਦਾਮਨ
ਨਹੀਂ ਰਹੀ
ਲਹੂ ਨੂੰ ਲਹੂ ਦੀ ਪਛਾਣ
ਨਹੀਂ ਰਿਹਾ
ਰਿਸ਼ਤੇ ਨੂੰ ਰਿਸ਼ਤੇ ਦਾ ਲਿਹਾਜ਼
ਉੱਤਰ ਰਿਹਾ ਹੈ ਹਰ ਘੜੀ
ਕਿਸੇ ਨਾ ਕਿਸੇ ਦ੍ਰੋਪਤੀ ਦਾ ਚੀਰ
ਕਿੰਨੇ ਹੀ ਬ੍ਰਹਮਾ ਕਰ ਰਹੇ ਨੇ
ਆਪਣੀਆਂ ਧੀਆਂ ਨਾਲ ਬਲਾਤਕਾਰ
ਤੇ ਵਕਤ ਦੀਆਂ ਅੱਖਾਂ
ਮਟਕਾ ਰਹੀਆਂ ਨੇ ਬੇਹਯਾਈ ਦਾ ਸੁਰਮਾ
ਤਾਂ ਸੋਚਦੀ ਹਾਂ
ਤੈਨੂੰ ਆਖਾਂ
ਅੱਖਾਂ ਦੇ ਮਸਕਾਰੇ ਮਗਰ ਨਾ ਜਾਈਂ
ਉਨ੍ਹਾਂ ਵਿਚ ਜ਼ਿੰਦਗੀ ਦਾ ਦਰਦ ਵੇਖੀਂ
ਤੇ ਦਰਦ ਵਿਚ ਗਹਿਰਾਈ….
ਤੇ ਫੇਰ ਜਦ ਵੇਖਦੀ ਹਾਂ
ਕਿ ਹਰ ਮੁਹਾਜ਼ ‘ਤੇ ਹਾਰਦਾ ਹੈ
ਸੱਚ ਦਾ ਸਿਕੰਦਰ
ਕਿਰਤੀ ਦੇ ਲਹੂ ਵਿਚ ਰੰਗਦੀ ਹੈ
ਬਦਕਾਰੀ ਆਪਣਾ ਸੁਹਾਗ-ਜੋੜਾ
ਮੁਨਸਫ਼ ਦੀ ਅੱਖ ਵਿੱਚ ਹੈ
ਡਰਾ ਦੇਣ ਵਾਲਾ ਟੀਰ
ਇਨਸਾਫ਼ ਦੀ ਤੱਕੜੀ ਵਿੱਚ ਹੈ
ਲੋਹੜੇ ਦਾ ਪਾਸਕ
ਕੰਜਕਾਂ ਦੇ ਕਾਤਲਾਂ ਦੀ ਲੱਭਦੀ ਨਹੀਂ ਪੈੜ
ਤੇ ਸੁਪਨਿਆਂ ਦੇ ਰਾਹ ਵਿੱਚ
ਗੱਡੀਆਂ ਹੋਈਆਂ ਨੇ
ਸੱਚਮੁੱਚ ਦੀਆਂ ਸਲੀਬਾਂ
ਤਾਂ ਸੋਚਦੀ ਹਾਂ
ਤੈਨੂੰ ਆਖਾਂ
ਘਰੋਂ ਬਾਹਰ ਨਾ ਜਾਈਂ
ਕਿੱਥੇ ਜਾਏਂਗਾ…
ਕੋਈ ਨਹੀਂ ਐਸਾ ਸੂਰਜ
ਜਿਸ ਦੀ ਟਾਹਣੀ ਤੋਂ ਤੋੜ ਲਿਆਏਂਗਾ
ਤੂੰ ਸੰਦਲੀ ਸਵੇਰਾ….
ਕੋਈ ਨਹੀਂ ਐਸਾ ਪਰਬਤ
ਜਿਸ ਦੀ ਚੋਟੀ ਤੋਂ ਧੂਹ ਲਿਆਏਂਗਾ
ਦੁੱਧ ਦੀਆਂ ਨਦੀਆਂ….
ਕੋਈ ਨਹੀਂ ਐਸਾ ਰੁੱਖ
ਜਿਸ ‘ਤੇ ਬੈਠੀਆਂ ਹੋਣਗੀਆਂ
ਸੋਨੇ ਦੀਆਂ ਚਿੜੀਆਂ…
ਤੇ ਫਿਰ ਆਪ ਹੀ ਠੋਰਦੀ ਹਾਂ
ਆਪਣਾ ਮੱਥਾ
ਤੇ ਮੋੜਦੀ ਹਾਂ
ਸੋਚਾਂ ਦੇ ਪੁੱਠੇ ਵਹਿਣ ਨੂੰ….
ਕਿ ਮੁਮਕਿਨ ਨਹੀਂ ਹੁੰਦਾ
ਘਰਾਂ ਦੀਆਂ ਛੱਤਾਂ ਥੱਲੇ
ਨੀਲੇ ਆਸਮਾਨ ਨੂੰ ਘਸੀਟ ਲਿਆਉਣਾ
ਤੇ ਕੰਧਾਂ ਪਿੱਛੇ ਰਹਿ ਕੇ
ਨਹੀਂ ਲੜੇ ਜਾਂਦੇ
ਜ਼ਿੰਦਗੀ ਦੇ ਯੁੱਧ
ਨਹੀਂ ਹਟਦਾ
ਚੁੱਲ੍ਹਿਆਂ ਦੀ ਅੱਗ ਨਾਲ
ਭੁੱਖ ਦਾ ਕਾਂਬਾ
ਨਹੀਂ ਮਿਟਦਾ
ਆਲੇ ਵਿੱਚ ਜਗਦੀ ਜੋਤ ਨਾਲ
ਗੁਰਬਤ ਦਾ ਹਨੇਰ
ਕਿ ਜਾਣਾ ਹੀ ਪੈਂਦਾ ਹੈ
ਇਕ ਨਾ ਇਕ ਦਿਨ ਤਾਂ
ਪੁੱਤਰਾਂ ਨੂੰ ਘਰੋਂ ਬਾਹਰ….
ਤਾਂ ਮਨ ਹੀ ਮਨ
ਤੈਨੂੰ ਲੰਮੇ ਪੈਂਡਿਆਂ ਦੀ
ਅਸੀਸ ਦਿੰਦੀ ਹਾਂ….
ਤੇ ਦੁਆ ਕਰਦੀ ਹਾਂ
ਤੇਰੇ ਅੰਗ-ਸੰਗ ਰਹੇ
ਘਰ ਦਾ ਨਿੱਘ
ਤੇ ਮੱਥੇ ਵਿਚ ਰੌਸ਼ਨ ਰਹੇ
ਆਲੇ ਵਿਚਲੀ ਜੋਤ
ਤੂੰ ਜੰਮ-ਜੰਮ ਜਾਹ ਸਫ਼ਰਾਂ ‘ਤੇ
ਮੇਰਿਆ ਛਿੰਦਿਆ!
ਤੇਰਾ ਹਰ ਕਦਮ ਮੁਬਾਰਕ ਹੋਵੇ….।
2. ਸੱਪ ਤੇ ਮੋਰ
ਕੁਝ ਚਿਰ ਆਇਆ ਸੀ
ਉਹਨਾਂ ਦੇ ਫੁੰਕਾਰਿਆਂ ‘ਤੇ ਰੋਸ ਜਿਹਾ
ਫੇਰ ਮਨ ਦੇ ਮੋਰ ਨੇ
ਸੱਪਾਂ ਦੇ ਸਿਰਾਂ ‘ਤੇ ਨੱਚਣਾ ਸਿੱਖ ਲਿਆ…।
3. ਇਉਂ ਨਹੀਂ ਵਿਛੜਾਂਗੀ
ਇਉਂ ਨਹੀਂ ਵਿਛੜਾਂਗੀ
ਮੈਂ ਤੇਰੇ ਨਾਲੋਂ
ਕਿਰ ਜਾਂਦਾ ਹੈ ਜਿਵੇਂ
ਰੁੱਖ ਦੀ ਟਾਹਣੀ ਤੋਂ
ਕੋਈ ਜ਼ਰਦ ਪੱਤਾ
ਕਿ ਤੇਰੇ ਤੋਂ ਵਿਛੜਨ ਲੱਗਿਆਂ
ਮੈਂ ਬਹੁਤ ਚਿਰ ਲਾਵਾਂਗੀ
ਬਹੁਤ ਚਿਰ
ਤੇਰੀ ਚੁੱਪ ਨੂੰ ਮੁਖ਼ਾਤਿਬ ਰਹਾਂਗੀ
ਬਹੁਤ ਚਿਰ
ਤੇਰੇ ਯਖ਼ ਮੌਸਮਾਂ ਵਿੱਚ ਸੁਲਗਾਂਗੀ
ਬਹੁਤ ਚਿਰ
ਤੇਰੇ ਨ੍ਹੇਰਿਆਂ ਵਿੱਚ ਟਿਮਟਿਮਾਵਾਂਗੀ
ਭਟਕਾਂਗੀ ਤੇਰੇ ਰਾਹਾਂ ਵਿੱਚ
ਸਾਏ ਵਾਂਗੂੰ
ਉੱਡ ਉੱਡ ਪਏਗੀ ਤੇਰੀਆਂ ਅੱਖਾਂ ਵਿੱਚ
ਧੂੜ ਮੇਰੇ ਝਉਲਿਆਂ ਦੀ
ਖਿੱਲਰੇ ਰਹਿਣਗੇ ਤੇਰੇ ਖ਼ਲਾਅ ਵਿੱਚ
ਮੇਰੇ ਖੰਭ ਜਿਹੇ
ਕਰਾਹੁੰਦੀ ਰਹਾਂਗੀ ਤੇਰੀ ਟਾਹਣੀ ‘ਤੇ
ਵਿੰਨ੍ਹੇ ਹੋਏ ਪੰਖੇਰੂ ਵਾਂਗ
ਕਿ ਬੂੰਦ ਬੂੰਦ ਹੋਵਾਂਗੀ
ਤੇਰੇ ਲਹੂ ‘ਚੋਂ ਕਸ਼ੀਦ
ਕਣ ਕਣ ਵਿਛੜਾਂਗੀ
ਤੇਰੇ ਬ੍ਰਹਿਮੰਡ ਨਾਲੋਂ
ਲਫਜ਼ ਲਫਜ਼ ਕਾਨੀ ‘ਚੋਂ ਕਿਰਾਂਗੀ
ਨਕਸ਼ ਨਕਸ਼ ਚੇਤਿਆਂ ‘ਚ ਧੜਕਾਂਗੀ
ਮੈਂ ਵਿਛੜਨ ਤੋਂ ਪਹਿਲਾਂ
ਤੇਰੇ ਪਾਣੀਆਂ ਵਿੱਚ ਬਹੁਤ ਤੜਫਾਂਗੀ
ਤੇ ਫੇਰ ਕਿਸੇ ਪਲ
ਤੇਰੇ ਸਾਹਾਂ ਦੇ ਉਹਲੇ ਜਿਹੇ ਕਿਤੇ
ਲੁਕ ਜਾਵਾਂਗੀ
ਤੇਰੇ ਤੋਂ ਵਿਛੜਨ ਲੱਗਿਆਂ
ਮੈਂ ਬਹੁਤ ਚਿਰ ਲਾਵਾਂਗੀ….
4. ਧੂੰਆਂ
ਨ੍ਹੇਰੀ ਵਾਂਗ
ਜਵਾਨੀ ਚ੍ਹੜੀ ਸੀ ਉਸ ਨੂੰ
ਤੇ ਕਹਿਰਾਂ ਦਾ ਰੂਪ
ਵੇਂਹਦਿਆਂ ਵੇਂਹਦਿਆਂ
ਉਹ ਸਰ੍ਹੋਂ ਦੀ ਗੰਦਲ
ਸੁਲਫ਼ੇ ਦੀ ਲਾਟ ਵਾਂਗ ਮੱਚ ਉੱਠੀ
ਜਿਧਰੋਂ ਦੀ ਲੰਘਦੀ
ਰਾਹਾਂ ਦੇ ਕੱਖ ਬਲਣ ਲੱਗ ਪੈਂਦੇ
ਜਿਸ ਦੀਆਂ ਅੱਖਾਂ ‘ਚ ਅੱਖਾਂ ਪਾਕੇ ਵੇਖ ਲੈਂਦੀ
ਪਥਰਾ ਜਾਂਦਾ ਥਾਈਂ
ਇਕ ਦਿਨ
ਪੀਂਘਾਂ ਝੂਟ ਕੇ ਘਰ ਮੁੜੀ ਤਾਂ
ਇਕ ਚੰਨ ਦੇ ਟੋਟੇ ਨੇ
ਉਹਦੀ ਪੈੜ ਦੱਬ ਲਈ
ਚੰਨ ਦਾ ਟੋਟਾ
ਰੋਜ਼ ਉਹਦੀ ਬੀਹੀ ‘ਚੋਂ ਚੜ੍ਹਦਾ
ਤੇ ਉਹਦੀ ਬੀਹੀ ਵਿੱਚ ਹੀ
ਛਿਪ ਜਾਂਦਾ
ਬਾਬਲ ਨੇ ਲਾਟ ਦੀਆਂ ਅੱਖਾਂ ਵਿੱਚ
ਚੰਨ ਦੇ ਟੋਟੇ ਦੀ ਛਾਂ ਤੱਕੀ
ਤੇ ਲਾਟ ਨੂੰ
ਕੰਧਾਂ ਪਿੱਛੇ ਡੱਕ ਦਿੱਤਾ
ਛੱਤਾਂ ‘ਚੋਂ ਧੂੰਆਂ ਉੱਠਿਆ
ਚੰਨ ਦਾ ਟੋਟਾ ਧੁਆਂਖਿਆ ਗਿਆ
ਫੇਰ ਇਕ ਦਿਨ
ਕਾਲਾ ਬੱਦਲ
ਸਿਹਰੇ ਬ੍ਹੰਨ ਕੇ ਪਿੰਡ ਢੁਕਿਆ
ਚੰਨ ਦਾ ਟੋਟਾ ਖੁਰ ਗਿਆ
ਸੁਲਫ਼ੇ ਦੀ ਲਾਟ ਬੁਝ ਗਈ
ਪਿੰਡ ਦੀਆਂ ਛੱਤਾਂ ‘ਚੋਂ ਧੂੰਆਂ
ਅਜੇ ਵੀ ਉੱਠਦਾ ਹੈ
ਚੰਨ ਦੇ ਟੋਟੇ ਉਦਾਸ ਰਹਿੰਦੇ ਨੇ
ਸ੍ਹਰੋਂ ਦੀਆਂ ਗੰਦਲਾਂ ਦਾ
ਦਮ ਘੁਟਦਾ ਹੈ
5. ਤੂੰ
ਮੈਂ ਜਦ ਚੁਣਿਆਂ
ਰਸਤਾ ਤੂੰ ਸੀ
ਮੈਂ ਜਦ ਤੁਰੀ
ਰਹਿਬਰ ਤੂੰ ਸੀ
ਮੈਂ ਜਦ ਥਿੜਕੀ
ਸਹਾਰਾ ਤੂੰ ਸੀ
ਮੈਂ ਜਦ ਪਹੁੰਚੀ
ਮੰਜ਼ਿਲ ਤੂੰ ਸੀ
ਇਹ ਮੈਂ ਤੋਂ ਤੂੰ ਤਕ ਦਾ
ਸਫ਼ਰ ਹੀ ਸੀ
ਜਿਸ ਨੂੰ ਤੈਅ ਕਰਨ ਲਈ
ਮੈਂ ਵਾਰ ਵਾਰ
ਦੁਨੀਆਂ ‘ਚ ਆਈ…
6. ਕਤਰਾ
ਪਾਣੀ ਦਾ ਇਕ ਕਤਰਾ
ਮੇਰਾ ਹਮਦਰਦ ਬਣ ਕੇ ਆਇਆ
ਤੇ
ਮੇਰੀ ਅੱਗ ਵਿਚ
ਸੜਦੇ ਸਮੁੰਦਰਾਂ ਨੂੰ ਵੇਖ ਕੇ
ਪਰਤ ਗਿਆ ।
7. ਉਦਾਸੀ
ਉਦਾਸੀ ਏਸ ਗੱਲ ਦੀ ਨਹੀਂ
ਕਿ ਉਸ ਨੇ ਮੇਰੇ ਮਨ ਦਾ ਸ਼ੀਸ਼ਾ
ਤੋੜ ਦਿੱਤਾ
ਉਦਾਸੀ ਤਾਂ ਏਸ ਗੱਲ ਦੀ ਹੈ
ਕਿ ਸ਼ੀਸ਼ੇ ਦੇ ਨਾਲ
ਉਸ ਦਾ ਖ਼ੂਬਸੂਰਤ ਅਕਸ ਵੀ
ਟੁੱਟ ਗਿਆ…….।
8. ਫ਼ੈਸਲਾ
ਫ਼ੈਸਲਾ (1)
ਇਕ ਹੀ ਨਦੀ ਦੀ ਤੇਹ ਸੀ
ਸਾਰੇ ਸਮੁੰਦਰਾਂ ਨੂੰ
ਨਦੀ ਨੂੰ ਹਮਦਰਦੀ ਸੀ
ਸਾਰੇ ਹੀ ਸਮੁੰਦਰਾਂ ਨਾਲ
ਨਦੀ ਨੇ ਤੁਰਨ ਤੋਂ ਪਹਿਲਾਂ
ਅੱਖਾਂ ‘ਤੇ ਪੱਟੀ ਬੰਨ ਲਈ ਸੀ
ਤੇ ਆਜ਼ਾਦ ਛੱਡ ਦਿੱਤਾ
ਪੈਰਾਂ ਨੂੰ,
ਰਾਹਾਂ ‘ਤੇ
ਫੈ਼ਸਲਾ
ਢਲਾਣਾਂ ਦੇ ਹੱਥ ਵਿਚ ਸੀ
ਫ਼ੈਸਲਾ (2)
ਔਰਤ
ਉਹ ਨਦੀ ਹੈ
ਜੋ ਆਪਣੇ ਫੈ਼ਸਲੇ
ਢਲਾਣਾਂ ਦੇ ਹੱਥ ਵਿੱਚ ਨਹੀਂ ਛੱਡਦੀ
ਉੁਹ ਕਦੇ ਨਹੀਂ ਭੁੱਲਦੀ
ਆਪਣੇ ਸਮੁੰਦਰ ਦਾ ਰਾਹ
ਉਸ ਦੇ ਕਤਰੇ ਕਤਰੇ ‘ਤੇ ਹੁੰਦਾ ਹੈ
ਉਸ ਦੇ ਸਮੁੰਦਰ ਦਾ ਸਿਰਨਾਵਾਂ
9. ਪੰਜ ਤੱਤ
ਪਿਆਰ
ਸਮਰਪਣ
ਅੱਥਰੂ
ਉਡੀਕ
ਤੇ
ਛਾਂ
ਇਹ ਨੇ ਉਹਨਾਂ ਪੰਜਾਂ ਤੱਤਾਂ ਦੇ ਨਾਂ
ਜਿਹਨਾਂ ਤੋਂ ਬਣਦੀ ਹੈ
ਧੀ
ਭੈਣ
ਪਤਨੀ
ਮਹਿਬੂਬਾ
ਤੇ
ਮਾਂ ।
10. ਸਬਕ
ਮੇਰੀ ਨੰਨੀ ਬੱਚੀ!
ਤੇਰੀ ਮਲੂਕ ਗੱਲ੍ਹ ਤੇ ਉੱਭਰੀ ਹੋਈ
ਆਪਣੇ ਕਠੋਰ ਹੱਥ ਦੀ ਲਾਸ ਦੇਖ ਕੇ
ਮੈਂ ਬਹੁਤ ਸ਼ਰਮਸ਼ਾਰ ਹਾਂ
ਮੈਨੂੰ ਮਾਫ਼ ਕਰ
ਮੈਂ ਤੇਰੀ ਗੁਨਾਹਗਾਰ ਹਾਂ
ਪਤਾ ਨਹੀਂ ਕਿਉਂ
ਮੈਂ ਤੇਰੀ ਉਮਰ ਤੇ ਸਮਰਥਾ ਦੇ ਉਲਟ
ਚਾਹੁੰਦੀ ਹਾਂ
ਕਿ ਤੂੰ
ਛੇਤੀ ਛੇਤੀ ਸਿੱਖ ਜਾਵੇਂ
ਊੜਾ, ਆੜਾ
ਕਾਇਦਾ, ਕਿਤਾਬ ਤੇ ਕਵਿਤਾ
ਤੇ ਜਾਣ ਜਾਵੇਂ:
ਮਰਦ ਮਾਇਨੇ ਹਕੂਮਤ
ਔਰਤ ਮਾਇਨੇ ਬੇਬਸੀ
ਝਾਂਜਰ ਮਾਇਨੇ ਬੇੜੀ
ਚੂੜੀ ਮਾਇਨੇ ਹਥਕੜੀ
ਤੈਨੂੰ ਇਹ ਵੀ ਪਤਾ ਲੱਗੇ
ਕਿ ਇਹਨਾਂ ਸ਼ਬਦਾਂ ਦੇ ਉਲਟੇ ਅਰਥ
ਕਿਸ ਨੇ ਅਤੇ ਕਿਉਂ ਬਣਾਏ ਨੇ
ਚਾਹੀਦਾ ਤਾਂ ਸੀ:
ਮਰਦ ਮਾਇਨੇ ਮੁਹੱਬਤ
ਔਰਤ ਮਾਇਨੇ ਵਫ਼ਾ
ਝਾਂਜਰ ਮਾਇਨੇ ਨ੍ਰਿਤ
ਚੂੜੀ ਮਾਇਨੇ ਅਦਾ
ਇਸੇ ਲਈ
ਮੈਂ ਚਾਹੁੰਦੀ ਹਾਂ
ਤੂੰ ਛੇਤੀ ਛੇਤੀ ਸਿੱਖ ਜਾਵੇਂ
ਊੜਾ, ਆੜਾ
ਕਾਇਦਾ, ਕਿਤਾਬ
ਤੇ ਕਵਿਤਾ
ਤੇ ਮੁਕਤ ਕਰ ਸਕੇਂ
ਸ਼ਬਦਾਂ ਨੂੰ
ਗ਼ਲਤ ਅਰਥਾਂ ਦੀ ਕੈਦ ‘ਚੋਂ
ਲੜ ਸਕੇਂ
ਸ਼ਬਦਾਂ ਦੇ
ਸਹੀ ਅਰਥਾਂ ਲਈ।
11. ਹੁਣ ਮਾਂ
ਹੁਣ ਮਾਂ ਬੁੱਢੀ ਹੋ ਗਈ ਹੈ
ਐਨਕ ਦੇ ਮੋਟੇ ਸ਼ੀਸ਼ਿਆਂ ਪਿੱਛੇ
ਲਕੋ ਲਈਆਂ ਨੇ
ਉਸ ਨੇ ਆਪਣੀਆਂ
ਸੁਪਨਹੀਣ ਅੱਖਾਂ
ਪਤਾ ਨਹੀਂ ਕਿਉਂ
ਅਜ ਮੈਨੂੰ ਮਾਂ ਦੀ ਜਵਾਨੀ
ਬਹੁਤ ਯਾਦ ਆ ਰਹੀ ਹੈ…
ਸ਼ੀਸ਼ੇ ਮੂਹਰੇ ਖੜ੍ਹ ਕੇ
ਲੰਮੀ ਗੁੱਤ ਗੁੰਦਦੀ ਮਾਂ
ਮਾਂ ਦਾ ਸ਼ਨੀਲ ਦਾ ਮੋਤੀਆਂ ਵਾਲਾ ਸੂਟ
ਤਿੱਲੇ ਵਾਲੀ ਜੁੱਤੀ
ਤੇ ਹੁਣ ਛਣ ਛਣ ਕਰਦੀਆਂ ਝਾਂਜਰਾਂ
ਯਾਦ ਆ ਰਹੀ ਹੈ
ਸ਼ਰਾਬੀ ਪਿਉ ਦੇ ਲਲਕਾਰਿਆਂ ਤੋਂ ਸਹਿਮੀ
ਮਲੂਕ ਜਿਹੀ ਮਾਂ
ਤੇ ਸਭ ਤੋਂ ਵੱਧ ਯਾਦ ਆ ਰਹੀ ਹੈ
ਮਾਂ ਦੀ ਗੀਤਾਂ ਵਾਲੀ ਕਾਪੀ
ਜਿਸ ਨੂੰ ਮਾਂ
ਬਹੁਤ ਸੰਭਾਲ ਕੇ ਰਖਦੀ ਸੀ
ਪਰ ਹੌਲੀ ਹੌਲੀ ਵਧਣ ਲੱਗੀ
ਮਾਂ ਦੇ ਗੀਤਾਂ ਵਾਲੀ ਕਾਪੀ ਨਹੀਂ…
ਮਾਂ ਦੀ ਕਬੀਲਦਾਰੀ ਤੇ ਚਿੰਤਾ
ਹੋਰ ਉੱਚੀਆਂ ਹੋਣ ਲੱਗੀਆਂ
ਪਿਉ ਦੀਆਂ ਬੜ੍ਹਕਾਂ
ਵਿਹੜੇ ਵਿਚ ਫਿਰਦੀਆਂ
ਅਣਸੱਦੀਆਂ ਪ੍ਰਾਹੁਣੀਆਂ ਵਰਗੀਆਂ
ਧੀਆਂ ਨੂੰ ਦੇਖ ਦੇਖ
ਹੌਲੀ ਹੌਲੀ
ਕੁਮਲਾਉਣ ਲੱਗੀ ਮਾਂ ਦੀ ਮਮਤਾ
ਹੌਲੀ ਹੌਲੀ
ਪਥਰਾਉਣ ਲੱਗੇ ਮਾਂ ਦੇ ਚਾਅ
ਰੁਲਣ ਲੱਗੀ
ਮਾਂ ਦੀ ਗੀਤਾਂ ਵਾਲੀ ਕਾਪੀ
ਬਿਖਰਨ ਲੱਗੀਆਂ
ਗੀਤਾਂ ਦੀਆਂ ਸਤਰਾਂ
ਤੋੜ ਦਿੱਤੀਆਂ
ਮੇਰੇ ਅੜਬ ਪਿਉ ਨੇ
ਮਾਂ ਦੀ ਮਲੂਕ ਵੀਣੀ ‘ਚੋਂ
ਕੱਚ ਦੀਆਂ ਵੰਗਾਂ
ਬਿਖਰ ਗਏ
ਜ਼ਿੰਦਗੀ ਦੇ ਰੋੜਾਂ ਵਾਲੇ ਰਾਹ ਵਿਚ
ਝਾਂਜਰਾਂ ਦੇ ਬੋਰ
ਮੰਗਤੀ ਨੂੰ ਦਾਨ ਕਰ ਦਿੱਤਾ
ਮਾਂ ਨੇ ਮੋਤੀਆਂ ਵਾਲਾ ਸੂਟ
ਫੇਰ ਮੈਂ ਕਦੇ ਨਹੀਂ ਤੱਕਿਆ
ਮਾਂ ਨੂੰ ਸ਼ੀਸ਼ੇ ਮੂਹਰੇ ਖੜ੍ਹ ਕੇ
ਕੱਜਲੇ ਦੀ ਧਾਰ ਪਾਉਂਦਿਆਂ
ਫੇਰ ਕਦੇ ਯਾਦ ਨਹੀਂ ਆਈ
ਮਾਂ ਨੂੰ ਗੀਤਾਂ ਵਾਲੀ ਕਾਪੀ
ਹੁਣ ਮਾਂ
ਵਿਹੜੇ ਵਿਚ ਮੰਜੇ ‘ਤੇ ਬੈਠੀ
ਡੌਰ ਭੌਰ ਝਾਕਦੀ ਰਹਿੰਦੀ ਹੈ
ਸੁੰਨੇ ਦਰਵਾਜ਼ੇ ਵੱਲ
ਆਸ ਕਰਦੀ ਹੈ ਕਿ
ਉਸ ਦੀ ਕੋਈ ਧੀ
ਸਹੁਰਿਆਂ ਤੋਂ ਆਵੇ,
ਆ ਕੇ ਉਸ ਦੇ ਗਲ਼ ਨੂੰ ਲਿਪਟ ਜਾਵੇ
ਉਸ ਦੇ ਅੱਥਰੂ ਪੂੰਝੇ
ਤੇ ਉਸ ਦੇ ਜ਼ਖ਼ਮਾਂ ਤੇ
ਦਿਲਾਸੇ ਦੀ ਮਲ੍ਹਮ ਲਾਵੇ,
ਜਿਹਨਾਂ ਤੇ ਅਜੇ ਅੰਗੂਰ ਨਹੀਂ ਆਇਆ
ਪਰ ਨਹੀਂ…
ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ
ਭਾਵੁਕ ਨਹੀਂ ਹੋਣਾ
ਨਹੀਂ ਉਸ ਨੂੰ ਘੁੱਟ ਕੇ ਮਿਲਣਾ
ਨਹੀਂ ਉਸ ਦੇ ਗਲ਼ ਲੱਗ ਕੇ ਰੋਣਾ
ਨਹੀਂ ਕਰਨੀ
ਉਸ ਕਮਜ਼ੋਰ ਔਰਤ ਨਾਲ ਹਮਦਰਦੀ
ਜੋ ਆਪਣੇ ਸੁਪਨਿਆਂ ਨੂੰ
ਟੁੱਟਣੋਂ ਨਾ ਬਚਾ ਸਕੀ
ਜੋ ਆਪਣੀ ਜਵਾਨੀ ਨੂੰ
ਹੱਸ ਕੇ ਨਾ ਹੰਢਾ ਸਕੀ
ਜਿਸ ਦੀ ਲੰਮੀ ਗੁੱਤ
ਮੇਰੇ ਪਿਉ ਨੇ ਹਜ਼ਾਰ ਵਾਰ ਪੁੱਟੀ
ਜਿਸ ਦੀ ਹਰ ਸੱਧਰ
ਸੀਨੇ ਵਿਚ ਤੜੱਕ ਕਰ ਕੇ ਟੁੱਟੀ
ਜੋ ਗੋਰੀਆਂ ਗੱਲ੍ਹਾਂ ਦੇ ਨੀਲ
ਘੁੰਡ ਵਿਚ ਛੁਪਾਉਂਦੀ ਰਹੀ
ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ‘ਤੇ
ਸਦਾ ਪਰਦੇ ਪਾਉਂਦੀ ਰਹੀ
ਜਿਸ ਦੇ ਹੋਠਾਂ ‘ਤੇ
ਕਦੇ ਵੀ ਦਿਲ ਦੀ ਆਵਾਜ਼ ਨਾ ਆਈ
ਜਿਸ ਨੇ ਆਪਣੇ ਮਨ-ਪਸੰਦ ਗੀਤ ਦੀ
ਇਕ ਵੀ ਸਤਰ ਨਾ ਗਾਈ
ਨਹੀਂ…
ਮੈਂ ਭਾਵੁਕ ਨਹੀਂ ਹੋਣਾ
ਨਹੀਂ ਜਾਣਾ ਉਸ ਦੇ ਅੱਥਰੂ ਪੂੰਝਣ
ਮੈਨੂੰ ਕਾਇਰਤਾ ਨਾਲ
ਕੋਈ ਹਮਦਰਦੀ ਨਹੀਂ
ਪਰ ਸ਼ਾਇਦ…
ਮੈਂ ਆਪਣੀ ਮਾਂ ਦੀ
ਕਾਇਰਤਾ ਤੋਂ ਹੀ ਸਿੱਖਿਆ ਹੈ
ਕਿ ਕਾਇਰ ਹੋਣਾ ਗੁਨਾਹ ਹੈ…
ਗੁਨਾਹ ਹੈ:
ਆਪਣੀਆਂ ਹੁਸੀਨ ਸੱਧਰਾਂ
ਤੇ ਹੁਸੀਨ ਗੀਤਾਂ ਨੂੰ ਭੁੱਲ ਜਾਣਾ
ਮਹਿਜ਼ ਰੋਟੀ ਦੇ ਟੁਕੜਿਆਂ ਖ਼ਾਤਰ
ਹੀਰੇ ਜਿਹੀ ਜਿੰਦ ਦਾ ਤੁਲ ਜਾਣਾ
ਗੁਨਾਹ ਹੈ:
ਆਪਣੀ ਸੋਹਣੀ ਗੁੱਤ ਨੂੰ
ਪਿਆਰ-ਹੀਣ ਹੱਥਾਂ ਵਿਚ
ਬਿਖਰ ਜਾਣ ਦੇਣਾ
ਸੰਧੂਰ ਵਿਚ ਲਿੱਬੜੀ ਹੋਈ ਬਰਛੀ ਨੂੰ
ਸੀਨੇ ਵਿਚ ਉਤਰ ਜਾਣ ਦੇਣਾ
ਗੁਨਾਹ ਹੈ:
ਮੱਥੇ ‘ਤੇ ਲੱਗੀ ਬਿੰਦੀ ਦੇ
ਦਾਇਰੇ ਵਿਚ ਸਿਮਟ ਜਾਣਾ
ਸੂਹੀ ਫੁਲਕਾਰੀ ਵਿਚ
ਲਾਸ਼ ਬਣ ਕੇ ਲਿਪਟ ਜਾਣਾ
ਤੇ…
ਮੇਰੀਆਂ ਆਂਦਰਾਂ ‘ਚੋਂ
ਮਾਂ ਦਾ ਦੁੱਧ ਉਬਾਲੇ ਖਾਣ ਲਗਦਾ ਹੈ
ਮੈਂ ਤੁਰ ਪੈਂਦੀ ਹਾਂ
ਮਾਂ ਦੇ ਵਿਹੜੇ ਵੱਲ
ਕਲਾਵੇ ਵਿਚ ਲੈਂਦੀ ਹਾਂ
ਉਸ ਦੀ ਕੁਮਲਾ ਚੁੱਕੀ ਕਾਇਆ
ਪੂੰਝਦੀ ਹਾਂ
ਅੱਖਾਂ ਦੇ ਕੋਇਆਂ ‘ਚੋਂ
ਡਬ-ਡੁਬਾਉਂਦੇ ਹੰਝੂ
ਭਾਲਦੀ ਹਾਂ ਉਸ ਦੀ ਰੂਹ ‘ਚੋਂ
ਚਿਰਾਂ ਦੇ ਗੁਆਚੇ ਗੀਤ
ਤੇ ਲਿਖਦੀ ਹਾਂ
ਇਹਨਾਂ ਗੀਤਾਂ ਨੂੰ
ਨਵੇਂ ਸਿਰਿਓਂ
ਆਪਣੀ ਕਾਪੀ ‘ਤੇ
ਇਹ ਪਿਆਰ ਨਾਲ ਸੁਲਗਦੇ ਹੋਏ
ਅੰਗਿਆਰਿਆਂ ਵਰਗੇ ਗੀਤ
ਆਪਣੇ ਪਿਉ ਦੇ
ਉਹਨਾਂ ਪਿਆਰ-ਹੀਣ ਹੱਥਾਂ ਵਿਚ
ਰੱਖਣੇ ਚਾਹੁੰਦੀ ਹਾਂ ਮੈਂ
ਜਿਹਨਾਂ ਨੇ ਖੋਹ ਲਈ ਸੀ
ਮੇਰੀ ਮਾਂ ਤੋਂ
ਗੀਤਾਂ ਵਾਲੀ ਕਾਪੀ।
12. ਮਾਵਾਂ ਤੇ ਧੀਆਂ
ਹਰ ਯੁਗ ਵਿਚ
ਮਾਵਾਂ ਆਪਣੀਆਂ ਧੀਆਂ ਨੂੰ
ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ
ਜੋ ਜ਼ਿੰਦਗੀ ਵਿਚ ਉਹਨਾਂ ਦੇ ਕੰਮ ਆਵੇ
ਉਹਨਾਂ ਦਾ ਰਾਹ ਰੁਸ਼ਨਾਵੇ
ਮੇਰੀ ਮਾਂ ਨੇ ਮੈਨੂੰ ਆਖਿਆ ਸੀ:
ਸਿਆਣੀਆਂ ਕੁੜੀਆਂ
ਲੁਕ ਲੁਕ ਕੇ ਰਹਿੰਦੀਆਂ
ਧੁਖ ਧੁਖ ਕੇ ਜਿਉਂਦੀਆਂ
ਝੁਕ ਝੁਕ ਕੇ ਤੁਰਦੀਆਂ
ਨਾ ਉੱਚਾ ਬੋਲਦੀਆਂ
ਨਾ ਉੱਚਾ ਹਸਦੀਆਂ
ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ
ਬਸ ਧੂੰਏਂ ਦੇ ਪੱਜ ਰੋਂਦੀਆਂ
ਤੇ ਕੰਧਾਂ ਦੇ ਓਹਲੇ ਘੁੱਗ ਵਸਦੀਆਂ
ਕੁੜੀਆਂ ਤਾਂ ਸ਼ਰਮ ਹਯਾ ਦੀਆਂ ਪੁਤਲੀਆਂ ਹੁੰਦੀਆਂ
ਸਿਰ ਢਕ ਕੇ ਰੱਖਦੀਆਂ
ਅੱਖ ਉੱਤੇ ਨਹੀਂ ਚੱਕਦੀਆਂ
ਕਿ ਕੁੜੀਆਂ ਤਾਂ ਨਿਰੀਆਂ ਗਊਆਂ ਹੁੰਦੀਆਂ
ਜਿਹੜੇ ਕਿੱਲੇ ਨਾਲ ਬੰਨ੍ਹ ਦੇਵੋ
ਬੱਝੀਆਂ ਰਹਿੰਦੀਆਂ
ਇਹ ਬੇਜ਼ੁਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ
………………
ਮੇਰੀ ਮਾਂ ਦਾ ਆਖਿਆ ਹੋਇਆ
ਕੋਈ ਵੀ ਬੋਲ
ਮੇਰੇ ਕਿਸੇ ਕੰਮ ਨਾ ਆਇਆ
ਉਸ ਦਾ ਹਰ ਵਾਕ
ਮੇਰੇ ਰਾਹ ਵਿਚ ਦੀਵਾਰ ਬਣ ਕੇ ਉਸਰ ਆਇਆ
ਤੇ ਮੈਂ ਆਪਣੀ ਧੀ ਨੂੰ ਸਮਝਾਇਆ :
ਕਦਮ ਕਦਮ ‘ਤੇ
ਦੀਵਾਰਾਂ ਨਾਲ ਸਮਝੌਤਾ ਨਾ ਕਰੀਂ…
ਆਪਣੀਆਂ ਉਡਾਰੀਆਂ ਨੂੰ
ਪਿੰਜਰਿਆਂ ਕੋਲ ਗਹਿਣੇ ਨਾ ਧਰੀਂ…
ਤੂੰ ਆਪਣੇ ਰੁਤਬੇ ਨੂੰ
ਏਨਾ ਬੁਲੰਦ
ਏਨਾ ਰੌਸ਼ਨ ਕਰੀਂ
ਕਿ
ਹਰ ਹਨ੍ਹੇਰਾ ਤੈਨੂੰ ਵੇਖ ਕੇ ਤ੍ਰਭਕ ਜਾਵੇ
ਹਰ ਦੀਵਾਰ ਤੈਨੂੰ ਵੇਖ ਕੇ ਠਿਠਕ ਜਾਵੇ
ਹਰ ਜ਼ੰਜੀਰ ਤੈਨੂੰ ਵੇਖ ਕੇ ਮੜੱਕ ਜਾਵੇ
ਤੂੰ ਮਾਣ ਨਾਲ ਜਿਊਂਈਂ
ਮਾਣ ਨਾਲ ਮਰੀਂ
ਦੀਵਾਰਾਂ ਨਾਲ ਸਮਝੌਤਾ ਹਰਗਿਜ਼ ਨਾ ਕਰੀਂ…
ਮੇਰੀ ਧੀ ਵੀ
ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ
ਸ਼ਾਇਦ ਇਸ ਤੋਂ ਵੀ ਵੱਧ ਸੋਹਣਾ
ਇਸ ਤੋਂ ਵੀ ਵੱਧ ਮੁਕਤੀ ਅਤੇ ਮੁਹੱਬਤ ਭਰਿਆ
ਕਿਉਂਕਿ
ਹਰ ਯੁਗ ਵਿਚ
ਮਾਵਾਂ ਆਪਣੀਆਂ ਧੀਆਂ ਨੂੰ
ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ
ਜੋ ਜ਼ਿੰਦਗੀ ਵਿਚ
ਉਹਨਾਂ ਦੇ ਕੰਮ ਆਵੇ
ਉਹਨਾਂ ਦਾ ਰਾਹ ਰੁਸ਼ਨਾਵੇ
ਸ਼ਾਇਦ ਯੁਗ ਏਦਾਂ ਹੀ ਪਲਟਦੇ ਨੇ…
ਹਾਂ
ਯੁਗ ਏਦਾਂ ਹੀ ਪਲਟਦੇ ਨੇ…
13. ਟੱਪੇ-ਦੋ ਪੱਤੀਆਂ ਗੁਲਾਬ ਦੀਆਂ
ਔਖਾ ਇਸ਼ਕ ਦਾ ਠਾਣਾ ਵੇ
ਚੁੱਕੀ ਫਿਰੇਂ ਹੱਥ-ਕੜੀਆਂ
ਦਿਲ ਫੜਿਆ ਨਾ ਜਾਣਾ ਵੇ
ਇਕ ਜੋੜਾ ਘੁੱਗੀਆਂ ਦਾ
ਵਿੱਚੇ ਵਿਚ ਖਾ ਵੇ ਗਿਆ
ਸਾਨੂੰ ਦੁੱਖ ਅਣਪੁੱਗੀਆਂ ਦਾ
ਕਬਰਾਂ ‘ਤੇ ਅੱਕ ਉੱਗਿਆ
ਮਿੱਟੀ ਦੀਏ ਨੀ ਮੂਰਤੇ
ਤੇਰਾ ਦਾਅਵਾ ਨਾ ਪੁੱਗਿਆ
ਕੋਈ ਖ਼ਬਰ ਨਹੀਂ ਕੱਲ੍ਹ ਦੀ
ਬੈਠ ਕੇ ਪਰੋ ਲੈ ਮਣਕੇ
ਧੁੱਪ ਜਿੰਨਾ ਚਿਰ ਨਹੀਂ ਢਲਦੀ
ਖੂਹੀ ਵਿਚ ਡੋਲ ਪਿਆ
ਤਿੰਨ ਦਿਨ ਰਿਹਾ ਰੁੱਸਿਆ
ਅੱਜ ਮਾਹੀਆ ਬੋਲ ਪਿਆ
ਜਿੰਦੇ ਵੱਜਗੇ ਮਕਾਨਾਂ ਨੂੰ
ਜੇ ਦੋ ਦਿਲ ਨਾ ਮਿਲਦੇ
ਪੈਂਦਾ ਵਖ਼ਤ ਨਾ ਜਾਨਾਂ ਨੂੰ
ਤੋਤਾ ਉੱਡ ਗਿਆ ਕਾਨਿਆਂ ਤੋਂ
ਸਾਡੇ ਨਾਲ ਲਾ ਕੇ ਅੱਖੀਆਂ
ਪਾਣੀ ਮੰਗਦਾ ਬਗਾਨਿਆਂ ਤੋਂ
ਦੀਵੇ ਚਾਹੀਦੇ ਬਨੇਰੇ ਨੂੰ
ਹੱਥ ਵਿਚ ਕਾਨੀ ਵਾਲਿਆ
ਸੰਨ੍ਹ ਲਾ ਦੇ ਹਨ੍ਹੇਰੇ ਨੂੰ
ਦੋ ਪੱਤੀਆਂ ਗੁਲਾਬ ਦੀਆਂ
ਅੱਖਰਾਂ ਚੋਂ ਅੱਗ ਸਿੰਮਦੀ
ਆਈਆਂ ਖ਼ਬਰਾਂ ਪੰਜਾਬ ਦੀਆਂ
ਪਰ੍ਹਾਂ ਰੱਖਦੇ ਕਿਤਾਬਾਂ ਨੂੰ
ਕਲੀਆਂ ਨੂੰ ਛਾਂ ਕਰ ਦੇ
ਪਾਣੀ ਛਿੜਕ ਗੁਲਾਬਾਂ ਨੂੰ
ਪਾਣੀ ਨਦੀਆਂ ਦੇ ਚੜ੍ਹੇ ਹੋਏ ਆ
ਅਸਾਂ ਪਰਦੇਸੀਆਂ ਦੇ
ਦਿਲ ਦੁੱਖਾਂ ਨਾਲ ਭਰੇ ਹੋਏ ਆ
ਬਾਣੇ ਕੇਸਰੀ ਰੰਗਾਏ ਹੋਏ ਆ
ਖ਼ੈਰ ਹੋਵੇ ਆਸ਼ਕਾਂ ਦੀ
ਅੱਜ ਆਈ ਉੱਤੇ ਆਏ ਹੋਏ ਆ
14. ਬੋਲੀਆਂ-ਲਿਖ ਕੇ ਵਖਾ ਦੇ ਊੜਾ
1.
ਖਾਣ ਨੂੰ ਤੈਨੂੰ ਖੀਰ ਦਉਂਗੀ
ਨਾਲ ਪਕਾ ਦਉ ਪੂੜਾ
ਬੈਠਣ ਨੂੰ ਤੈਨੂੰ ਕੁਰਸੀ ਦਉਗੀ
ਸੋਣ ਨੂੰ ਲਾਲ ਪੰਘੂੜਾ
ਲਾ ਕੇ ਤੇਲ ਤੇਰੇ ਵਾਹਦੂੰ ਬੋਦੇ
ਸਿਰ ਤੇ ਕਰ ਦਉਂ ਜੂੜਾ
ਜੇ ਮੇਰਾ ਪੁੱਤ ਬਣਨਾ
ਲਿਖ ਕੇ ਵਖਾ ਦੇ ਊੜਾ
2.
ਕਾਹਦਾ ਕਰਦੀ ਮਾਣ ਨੀ ਜਿੰਦੇ
ਕੀ ਤੁਰਦੀ ਹਿੱਕ ਤਣ ਕੇ
ਟੁਟ ਜਾਣਾ ਤੇਰੇ ਗਲ਼ ‘ਚੋਂ ਧਾਗਾ
ਖਿੱਲਰ ਜਾਣੇ ਮਣਕੇ
ਕੱਚੇ ਕੱਚ ਦਾ ਚੂੜਾ ਅੜੀਏ
ਕੱਲ ਹੈਨੀ ਅੱਜ ਛਣਕੇ
ਦੋ ਦਿਨ ਦੁਨੀਆਂ ਦੇ
ਕੱਟ ਲਾ ਪ੍ਰਹੁਣੀ ਬਣ ਕੇ
3.
ਪਹਿਲਾਂ ਤੈਨੂੰ ਸੌ ਕੋਹਾਂ ਤਕ
ਖ਼ਬਰ ਸੀ ਭੋਰਾ ਭੋਰਾ
ਜੇ ਮੈਂ ਠੰਢਾ ਹਉਕਾ ਭਰਦੀ
ਤੂੰ ਕਰਦਾ ਸੀ ਝੋਰਾ
ਹੁਣ ਤਾਂ ਤੈਨੂੰ ਨਾਲ ਪਈ ਦਾ
ਸੁਣਦਾ ਨੀ ਹਟਕੋਰਾ
ਜੇ ਮੈਨੂੰ ਨਹੀਂ ਰੱਖਣਾ
ਛੱਡ ਦੇ ਕਲਹਿਰੀਆ ਮੋਰਾ
15. ਡੇਢ ਤੁਕੀਆਂ ਬੋਲੀਆਂ
ਤੇਰੇ ਫੁੱਲਾਂ ਨੇ ਸ਼ੀਸ਼ੇ ਦਾ ਘਰ ਤੋੜਿਆ
ਮੈਂ ਚੰਗੀ ਭਲੀ ਵਸਦੀ ਸੀ
ਮੇਰੇ ਦਿਲ ਦੀ ਦਿੱਲੀ ਨੂੰ ਸਰ ਕਰ ਕੇ
ਹੁਣ ਕਿੱਥੇ ਪਾਈਆਂ ਛਾਉਣੀਆਂ
ਅਸੀਂ ਛੱਡਤੇ ਹਾਰ ਕੇ ਦਾਅਵੇ
ਸਾਡਾ ਨਾ ਕੋਈ ਜ਼ੋਰ ਚੱਲਿਆ
ਲੱਖ ਟੁਕੜੇ ਜੋੜ ਕੇ ਵੇਖੇ
ਫੇਰ ਨਾਲ ਉਹ ਦਿਲ ਬਣਿਆ
ਤੇਰੇ ਸੁੱਕਗੇ ਕਿਨਾਰਿਆਂ ’ਤੇ ਬੂਟੇ
ਪੰਜਾਂ ਦਰਿਆਵਾਂ ਵਾਲਿਆ
ਸਾਡੇ ਹਰਿਆਂ ਮੁਰੱਬਿਆਂ ’ਚ ਆ ਕੇ
ਨਗਰਾਂ ਨੇ ਪਾਨ ਥੁੱਕਿਆ
ਬੂਟੇ ਖਗ ਕੇ ਬਗਾਨੀ ਮਿੱਟੀ ਲੈ ਗਈ
ਮਾਪੇ ਰਹਿਗੇ ਪੁੱਤ ਪਾਲਦੇ
ਪੁੱਠਾ ਗੇੜ ਨਾ ਸਮੇਂ ਨੂੰ ਆਉਂਦਾ
ਆਪਾਂ ਫਿਰ ਕਿਵੇਂ ਮਿਲਦੇ
ਤੇਰੇ ਹੰਝੂਆਂ ’ਚ ਬਚਿਆ ਨਾ ਚਾਨਣਾ
ਡੁੱਬਦਿਆ ਵੇ ਸੂਰਜਾ
ਤੈਨੂੰ ਕੌਣ ਕਰੂਗਾ ਛਾਵਾਂ
ਮੇਰੀਏ ਵਰਾਨ ਮਿੱਟੀਏ
ਦੁੱਖ ਦੱਸ ਦੇ ਦਿਲਾਂ ਦੀਏ ਰਾਤੇ
ਪੁੰਨਿਆਂ ਦਾ ਚੰਨ ਢੁੱਕਿਆ
ਨਦੀ ਉੱਤਰੀ ਪਹਾੜ ਉੱਤੋਂ ਸ਼ੂਕਦੀ
ਥਲਾਂ ’ਚ ਆ ਕੇ ਸਿਸਕ ਪਈ
ਸਾਨੂੰ ਰਹਿਣ ਦੇ ਦੀਵੇ ਦੀ ਲੋਏ ਵਸਦੇ
ਝਾਤੀਆਂ ਨਾ ਮਾਰ ਚੰਨ ਵੇ
ਲੱਭ ਜਾਣ ਜੇ ਮਿਲਣ ਨੂੰ ਥਾਵਾਂ
ਮੈਂ ’ਕੱਲਾ ’ਕੱਲਾ ਦੁੱਖ ਦੱਸ ਦਾਂ
ਕਿੱਥੋਂ ਆਇਐਂ ਗਰਦੌਰੀ ਕਰ ਕੇ
ਵੇ ਘਰ ਤੇਰੇ ਹੋਗੀ ਕੁਰਕੀ
ਸੁੱਚੇ ਮੋਤੀਓ ਵੇ ਆਬ ਨਾ ਗਆਲਿਓ
ਕੌਡੀਆਂ ਦੇ ਪਿੱਛੇ ਲੱਗ ਕੇ
ਤੇਰੇ ਮਹਿਲਾਂ ਨੇ ਤਾਬ ਨਹੀਂ ਝੱਲਣੀ
ਸਾਡੀਆਂ ਫ਼ਕੀਰੀਆਂ ਦੀ
ਤੱਤਾ ਪਾਣੀ ਨਾ ਫੁੱਲਾਂ ਨੂੰ ਪਾਈਏ
ਮਿੱਠਾ ਮਿੱਠਾ ਝਿੜਕ ਦਈਏ
ਖ਼ਾਲੀ ਘੜੇ ਲਈ ਆਉਣ ਮੁਟਿਆਰਾਂ
ਪੱਤਣਾਂ ’ਤੇ ਰੇਤ ਉੱਡਦੀ
ਜੱਗ ਹਾਰਿਆ ਲਗਾਮਾਂ ਖਿੱਚ ਕੇ
ਸਮੇਂ ਦਾ ਕਦੋਂ ਰੱਥ ਰੁਕਿਆ
16. ਮੁਕਤੀ
ਪਤਾ ਨਹੀਂ
ਤੇਰੀਆਂ ਅੱਖਾਂ ਵਿਚ ਖੁਰ ਗਈ ਹਾਂ
ਜਾਂ
ਤੇਰਿਆਂ ਹੱਥਾਂ ਵਿਚ ਭੁਰ ਗਈ ਹਾਂ
ਬਸ ਮੁਕਤ ਹੋ ਗਈ ਹਾਂ
ਆਪੇ ਤੋਂ……
17. ਜੇ
ਜੇ
ਰਾਹਾਂ ਵਿਚ
ਬੰਦਿਆਂ ਦੇ ਮੂੰਹਾਂ ਵਾਲੇ
ਸ਼ੇਰ ਬਘੇਲੇ ਨਾ ਹੁੰਦੇ
ਤਾਂ ਕੁੜੀਆਂ ਵੀ ਜਾ ਸਕਦੀਆਂ ਸੀ
ਬਾਬੇ ਨਾਨਕ ਵਾਂਗੂੰ ਉਦਾਸੀਆਂ ‘ਤੇ
ਤਾਂ ਕੁੜੀਆਂ ਵੀ ਜਾ ਸਕਦੀਆਂ ਸੀ
ਗੌਤਮ ਬੁੱਧ ਵਾਂਗੂੰ ਨਿਰਵਾਣ ਦੀ ਪ੍ਰਾਪਤੀ ਲਈ
ਤਾਂ ਉਹਨਾਂ ਸੱਤਾਂ ਰਿਸ਼ੀਆਂ ਵਿਚ
ਕੋਈ ਰਿਸ਼ੀਕਾ ਵੀ ਜ਼ਰੂਰ ਹੁੰਦੀ ਸ਼ਾਮਿਲ
ਜੇ
ਰਾਹਾਂ ਵਿਚ ਬੰਦਿਆਂ ਦੇ ਮੂੰਹਾਂ ਵਾਲੇ
ਸ਼ੇਰ ਬਘੇਲੇ ਨਾ ਹੁੰਦੇ ਤਾਂ……
18. ਇੱਕਲਤਾ
ਤੇਰੇ ਜਾਣ ਤੋਂ ਬਾਅਦ
ਮੈਂ ਅੱਥਰੂ ਪੂੰਝੇ
ਸ਼ੀਸ਼ਾ ਵੇਖਿਆ
ਇਕ ਯਕੀਨ ਭਰਿਆ ਹਾਸਾ
ਮੇਰੇ ਹੋਠਾਂ ‘ਤੇ ਖਿੜ ਗਿਆ
ਮੈਂ ਇੱਕਲੀ ਨਹੀਂ ਸੀ…
ਤੇਰੇ ਜਾਣ ਤੋਂ ਬਾਅਦ
ਮੈਂ ਆਪਣੇ ਆਪ ਕੋਲ ਸੀ
ਤੇ ਮੇਰੇ ਆਪੇ ਕੋਲ ਸੀ
ਕਾਇਨਾਤ ਦੇ ਸਭ ਖ਼ਜ਼ਾਨੇ
ਪੰਜ ਤੱਤ
ਛੇ ਰੁੱਤਾਂ
ਸੱਤ ਸੁਰ
ਅੱਠ ਪਹਿਰ
ਨੌਂ ਨਿਧਾਂ
ਦਸ ਦਿਸ਼ਾਵਾਂ…
ਤੇ ਉਹ ਸਭ ਕੁਝ
ਜੋ ਗਿਣਿਆਂ ਨਹੀਂ ਜਾ ਸਕਦਾ
ਤੇਰੇ ਜਾਣ ਤੋਂ ਬਾਅਦ
ਮੈਂ ਉਹ ਵੇਖਿਆ
ਜੋ ਤੇਰੇ ਹੁੰਦਿਆਂ
ਤੇਰੇ ਨਾਲ ਢਕਿਆ ਹੋਇਆ ਸੀ…
19. ਅਸੁਰੱਖਿਅਤ
ਔਰਤ ਭਾਲਦੀ ਹੈ ਸੁਰੱਖਿਆ
ਆਪਣੇ ਪਿਤਾ, ਭਾਈ, ਪੁੱਤਰ
ਪਤੀ ਅਤੇ ਪ੍ਰੇਮੀ ਕੋਲੋਂ
ਔਰਤ ਡਰਦੀ ਹੈ
ਕਿਸੇ ਦੂਸਰੀ ਔਰਤ ਦੇ
ਪਿਤਾ, ਭਾਈ, ਪੁੱਤਰ
ਪਤੀ ਅਤੇ ਪ੍ਰੇਮੀ ਕੋਲੋਂ
ਹੁਣ ਤਾਂ ਹੋਰ ਵੀ ਡਰਾਉਣਾ ਹੋ ਗਿਆ ਹੈ ਪੁਰਸ਼
ਕਿ ਔਰਤ ਡਰਨ ਲੱਗੀ ਹੈ
ਆਪਣੇ ਹੀ ਪਿਤਾ, ਭਾਈ, ਪੁੱਤਰ
ਪਤੀ ਅਤੇ ਪ੍ਰੇਮੀ ਕੋਲੋਂ
ਬੇਸ਼ੱਕ ਮੌਜੂਦ ਨੇ ਦੁਨੀਆਂ ਵਿਚ ਅੱਜ ਵੀ
ਛਾਵਾਂ ਵਰਗੇ ਪਿਤਾ
ਬਾਹਵਾਂ ਵਰਗੇ ਭਾਈ
ਡੰਗੋਰੀਆਂ ਵਰਗੇ ਪੁੱਤਰ
ਢਾਲਾਂ ਵਰਗੇ ਪਤੀ
ਤੇ ਨਿੱਘੀਆਂ ਬੁੱਕਲਾਂ ਵਰਗੇ ਪ੍ਰੇਮੀ
ਫਿਰ ਵੀ ਡਰਨ ਲੱਗੀ ਹੈ ਔਰਤ
ਪੁਰਸ਼ ਦੀ ਹੋਂਦ ਤੋਂ
ਕਿੰਨੀ ਅਸੁਰੱਖਿਅਤ ਹੋ ਗਈ ਹੈ ਔਰਤ !
20. ਜਾਨ… !
ਇਹ ਕਿਸ ਨੇ ਪੁਕਾਰਿਆ ਹੈ ਮੈਨੂੰ
ਜਾਨ… ਕਹਿ ਕੇ
ਕਿ ਵਰਿਆਂ ਤੋਂ ਸੁੱਤੀ ਮੇਰੀ ਮਿੱਟੀ ‘ਚੋਂ
ਕੁਛ ਪੁੰਗਰਨ ਲੱਗ ਪਿਆ ਹੈ
ਲਹੂ ਦੀ ਬਰਫ਼ ਖੁਰਨ ਲੱਗੀ ਹੈ
ਨਜ਼ਮ ਨੇ ਅੱਖ ਝਮਕੀ ਹੈ
ਗੀਤ ਦੇ ਹੋਠ ਫਰਕੇ ਨੇ
ਇਹ ਕਿਸ ਨੇ ਪੁਕਾਰਿਆ ਹੈ ਮੈਨੂੰ
ਜਾਨ…ਕਹਿ ਕੇ
ਕਿ ਚੁਫ਼ੇਰੇ ਜ਼ਿੰਦਗੀ ਰੁਮਕ ਪਈ ਹੈ…
ਬੱਦਲ ਦੀ ਕੰਨੀ ਚੋਂ ਬਿਜਲੀ ਲਿਸ਼ਕੀ ਹੈ
ਝਿੜੀ ਵਿਚ ਮੋਰ ਕੂਕਿਆ ਹੈ
ਅਸਮਾਨ ਨੇ ਕਣੀਆਂ ਦੇ ਝਿੰਮਣਾਂ ਨਾਲ
ਧਰਤੀ ਨੂੰ ਪਿਆਰਿਆ ਹੈ
ਚਿਰਾਂ ਤੋਂ ਰੁਕੇ ਪਾਣੀ ਵਹਿਣ ਲੱਗ ਪਏ ਨੇ
ਇਹ ਕਿਸ ਨੇ ਪੁਕਾਰਿਆ ਹੈ ਮੈਨੂੰ
ਜਾਨ… ਕਹਿ ਕੇ
ਕਿ ਸਾਰੀ ਬਨਸਪਤੀ ਫੁੱਲਾਂ ‘ਤੇ ਆ ਗਈ ਹੈ…..
21. ਵਿਛੋੜਾ
ਮੈਂ ਪਾਣੀ ਤੋਂ ਵੱਧ ਪਿਘਲ ਗਈ
ਉਹ ਪੱਥਰ ਤੋਂ ਵੱਧ ਪਥਰਾ ਗਿਆ
ਮੈਂ ਰੂਹ ਤੋਂ ਵੱਧ ਸੂਖ਼ਮ ਹੋ ਗਈ
ਉਹ ਜਿਸਮ ਤੋਂ ਵੱਧ ਸਥੂਲ ਹੋ ਗਿਆ
ਮੈਂ ਹਵਾ ਤੋਂ ਵੱਧ ਫ਼ੈਲ ਗਈ
ਉਹ ਸਾਹ ਤੋਂ ਵੱਧ ਸਿਮਟ ਗਿਆ
ਅਸੀਂ ਇਕ ਦੂਜੇ ਦੇ ਕਾਬਿਲ ਨਾ ਰਹੇ
ਤੇ ਵਿਛੜ ਗਏ……..
22. ਨਵਾਂ ਸਾਲ
ਚੜ੍ਹਨ ਵਾਲਾ ਹੈ ਨਵਾਂ ਸਾਲ…
ਮੇਰੇ ਚੰਨ ਦੇ ਘਰ ਸਜੀ ਹੈ
ਤਾਰਿਆਂ ਦੀ ਮਹਿਫ਼ਲ
ਘਿਰਿਆ ਹੈ ਚੰਨ ਮੇਰਾ
ਸੁਹਣੇ ਰੌਸ਼ਨ ਪਰਵਾਰ ਨਾਲ
ਹਵਾ ਗਾ ਰਹੀ ਹੈ ਰਾਗ
ਸਮਾਂ ਦੇ ਰਿਹਾ ਹੈ ਤਾਲ
ਪਰ ਚੰਨ ਮੇਰੇ ਦਾ ਮਨ ਨਹੀਂ ਰੀਝਦਾ
ਕਿਸੇ ਵੀ ਸੁਰ ਤਾਲ ਦੇ ਨਾਲ
ਉਹ ਟੋਂਹਦਾ ਹੈ
ਵਾਰ ਵਾਰ ਆਪਣੀਆਂ ਜੇਬ੍ਹਾਂ
ਕਿੱਥੇ ਹੈ ਮੇਰਾ ਰੁਮਾਲ…
ਜਿਸ ਦੀ ਕੰਨੀ ਨਾਲ ਬੰਨਿਆਂ ਸੀ
ਇਕ ਨਾਮ
ਇਕ ਅੱਥਰੂ
ਇਕ ਸੁਪਨਾ
ਇਕ ਖ਼ਿਆਲ…
ਕਿਤੇ ਧੋਤਾ ਤਾਂ ਨਹੀਂ ਗਿਆ
ਧੋਣ ਵਾਲੇ ਕੱਪੜਿਆਂ ਦੇ ਨਾਲ
ਪਰ,
ਧੋ ਕੇ ਵੀ ਕਿੱਥੇ ਧੋਤਾ ਜਾਂਦਾ ਹੈ
ਉਹ ਸਭ ਕੁਝ
ਜੋ ਰਲ ਜਾਂਦਾ ਹੈ ਸਾਹਾਂ ਦੇ ਨਾਲ
ਤੇ ਚੰਨ ਮੇਰਾ ਟੋਹਣ ਲਗਦਾ ਹੈ
ਆਪਣੇ ਦਿਲ ਦਾ ਦਾਗ਼
ਦਿਲ ਦੇ ਸਾਜ਼ ‘ਤੇ ਵੱਜ ਰਿਹਾ ਹੈ
ਕੋਈ ਹੋਰ ਹੀ ਰਾਗ-
ਛਿਣ ਭੰਗਰ ਨੇ ਰੰਗ ਦੁਨੀਆਂ ਦੇ
ਸੱਚਾ ਤੇ ਸਦੀਵੀ ਹੈ
ਰੂਹ ਦਾ ਵੈਰਾਗ
ਚੜ੍ਹਨ ਵਾਲਾ ਹੈ ਨਵਾਂ ਸਾਲ…
23. ਚੌਮਿਸਰਾ-ਜਦੋਂ ਅਣਖ ਤੇ ਗ਼ੈਰਤ ਦੀ ਗੱਲ ਤੁਰਦੀ
ਜਦੋਂ ਅਣਖ ਤੇ ਗ਼ੈਰਤ ਦੀ ਗੱਲ ਤੁਰਦੀ
ਗੱਲ ਤੁਰਦੀ ਨਾਲ ਪੰਜਾਬੀਆਂ ਦੀ
ਜ਼ਿਕਰ ਛਿੜਦਾ ਜਦੋਂ ਕੁਰਬਾਨੀਆਂ ਦਾ
ਦਿੱਤੀ ਜਾਂਦੀ ਮਿਸਾਲ ਪੰਜਾਬੀਆਂ ਦੀ
ਇਹਨਾਂ ਚੰਨਾਂ ਦੀ ਚੜ੍ਹਤ ਦਾ ਕੌਣ ਸਾਨੀ
ਜੱਗ ਜਾਣਦਾ ਘਾਲ ਪੰਜਾਬੀਆਂ ਦੀ
ਹੀਰਾ ਕੱਚ ‘ਚੋਂ ਵੱਖ ਪਛਾਣ ਹੁੰਦਾ
ਝੱਲੀ ਜਾਂਦੀ ਨਾ ਝਾਲ ਪੰਜਾਬੀਆਂ ਦੀ
24. ਰੇਖਾਵਾਂ
ਮੇਰੇ ਬੱਚੇ ਜਦੋਂ ਦੇ ਪਰਦੇਸ ਗਏ ਨੇ
ਮੇਰੀਆਂ ਤਲੀਆਂ ‘ਤੇ
ਰੇਖਾਵਾਂ ਦਾ ਜੰਗਲ ਉਗ ਆਇਆ ਹੈ
ਜਿਸ ਵਿਚ
ਮੇਰੀ ਕਿਸਮਤ ਦੀ ਰੇਖਾ
ਗੁਆਚ ਗਈ ਹੈ
ਉਮਰ ਦੀ ਰੇਖਾ ਨੂੰ ਵੀ
ਰਾਹ ਨਹੀਂ ਲੱਭਦਾ
ਅਕਲ ਦੀ ਰੇਖਾ
ਡਿਪਰੈਸ਼ਨ ਦੇ ਨਦੀਨ ਹੇਠਾਂ
ਸੁੱਕਦੀ ਜਾ ਰਹੀ ਹੈ
ਤੇ ਧਨ ਦੀ ਰੇਖਾ
ਇਸ ਸਾਰੇ ਕਾਸੇ ਨੂੰ
ਸੋਧਣ ਸੰਵਾਰਨ ਦੇ ਆਹਰ ਵਿਚ
ਆਪਣੀ ਸਾਰੀ ਸੱਤਿਆ
ਮੁਕਾ ਬੈਠੀ ਹੈ
ਇਹ ਸਾਰੀਆਂ ਰੇਖਾਵਾਂ
ਸੰਤਾਨ ਦੀਆਂ ਰੇਖਾਵਾਂ ਨੂੰ
ਗੂੜ੍ਹੀਆਂ ਰੱਖਣ ਲਈ
ਫਿੱਕੀਆਂ ਪੈ ਰਹੀਆਂ ਨੇ
ਬੱਚਿਆਂ ਨੂੰ ਮੇਰੀ ਮਮਤਾ ‘ਚੋਂ
ਹੁਣ ਪਹਿਲਾਂ ਵਾਲਾ
ਧਰਵਾਸ ਨਹੀਂ ਮਿਲਦਾ
ਉਹਨਾਂ ਨੇ
ਸੁੰਦਰ ਗੁਟਕਾ ਭੇਜਣ ਲਈ ਆਖਿਆ ਹੈ…
25. ਸਧਾਰਨ ਮਨੁੱਖ
ਮੈਂ
ਕੁਰਸੀਆਂ ਦੀ ਜੰਗ ਵਿਚ
ਮੋਹਰਾ ਬਣਿਆ
ਰੁੱਖ ਹਾਂ
ਉਹ ਨੇ ਸਾਰੇ ਖ਼ਾਸ ਲੋਕ
ਮੈਂ ਸਧਾਰਨ ਮਨੁੱਖ ਹਾਂ…
26. ਕਾਫ਼ਲਾ
ਮੇਰੀ ਪਹਿਲੀ ਤਸਵੀਰ ਵੇਖ ਕੇ
ਉਹਨਾਂ ਨੇ ਪੁੱਛਿਆ :
ਇਹ ਕਿੱਥੇ ਰੋਟੀਆਂ ਪਕਾਈ ਜਾਨੀ ਐਂ
ਇਹ ਤਾਂ ਖਾਲਸਿਆਂ ਦਾ ਗੜ੍ਹ ਆ …?
ਦੂਜੀ ਤਸਵੀਰ ਵੇਖ ਕੇ
ਉਹਨਾਂ ਨੇ ਪੁੱਛਿਆ
ਇਹ ਕਿੱਥੇ ਦਾਲ ਬਣਾਈ ਜਾਨੀ ਐਂ
ਇਹ ਤਾਂ ਕਾਮਰੇਡਾਂ ਦਾ ਮੱਠ ਆ…?
ਤੀਜੀ ਤਸਵੀਰ ਵੇਖ ਕੇ
ਕਹਿਣ ਲੱਗੇ
ਇਹ ਕਿਹੜੀ ਖਾਪ ਦੀ ਟਰਾਲੀ ‘ਤੇ ਚੜ੍ਹੀ ਫਿਰਦੀ ਐਂ…?
ਚੌਥੀ ਤਸਵੀਰ ਵੇਖ ਕੇ
ਪੁੱਛਣ ਲੱਗੇ
ਆਹ ਤੂੰ
ਝੰਡਾ ਕਿਹੜੀ ਪਾਰਟੀ ਦਾ ਚੁੱਕਿਆ…?
ਇਹ ਚਾਰੇ ਸਵਾਲ
ਚਾਰ ਨੇਜ਼ਿਆਂ ਵਾਂਗ
ਮੇਰੇ ਉਮਾਹ ਨੂੰ ਵਿੰਨ ਕੇ ਲੰਘ ਗਏ
ਮੇਰੀਆਂ ਚਾਰੇ ਦਿਸ਼ਾਵਾਂ
ਅੰਨ੍ਹੀਆਂ ਹੋ ਗਈਆਂ
ਪੰਜਵਾਂ ਸਵਾਲ ਸੁਣਨ ਤੋਂ ਪਹਿਲਾਂ
ਮੈਂ ਚੱਕਰ ਖਾ ਕੇ
ਅੰਦੋਲਨ ਦੇ ਸਿਖ਼ਰ ਤੋਂ
ਭੁੰਜੇ ਡਿੱਗ ਪਈ…
ਅਚੇਤ ਅਵਸਥਾ ਵਿਚ
ਇਕ ਦ੍ਰਿਸ਼ ਦਿਸਿਆ :
ਬਾਬਾ ਨਾਨਕ ਫ਼ਸਲ ਬੀਜ ਰਿਹਾ
ਸਾਂਝੀ ਪੰਗਤ ਵਿਚ ਬੈਠੇ ਲੋਕ
ਪ੍ਰਸ਼ਾਦਾ ਛਕ ਰਹੇ
ਪੰਛੀ ਦਾਣਾ ਚੁਗ ਰਹੇ
ਫ਼ਿਜ਼ਾ ਵਿਚ ਸ਼ਬਦ ਗੂੰਜ ਰਿਹਾ-
‘ਕੂੜ ਨਿਖੁਟੇ ਨਾਨਕਾ
ਓੜਿਕ ਸਚਿ ਰਹੀ ।।’
ਅਚਨਚੇਤ ਕੋਈ ਚਾਨਣ ਜਗਿਆ…
ਮੈਂ ਸੁਰਤ ਸੰਭਾਲੀ
ਮਿੱਟੀ ਝਾੜੀ
ਤੇ ਹੱਕ ਸੱਚ ਦਾ ਝੰਡਾ ਚੁੱਕ ਕੇ
ਕਾਫ਼ਲੇ ਨਾਲ ਜਾ ਰਲ਼ੀ
ਉਸੇ ਉਮਾਹ ਨਾਲ
ਜਿਵੇਂ ਕੋਈ ਪਤੰਗਾ
ਲੋਅ ਵੱਲ ਜਾਂਦਾ ਹੈ।