11.9 C
Los Angeles
Thursday, December 26, 2024

ਦੁੱਲਾ ਭੱਟੀ

Rai Abdullah Khan Bhatti (Punjabi: رائے عبداللہ خان بھٹی; c. 23 July 1547 – 26 March 1599) popularly known through his Punjabi moniker, Dulla or Dullah Bhatti, is a Punjabi folk hero who came from the Pakistani Punjab region and led the Punjabis to a revolt against Mughal rule during the reign of the Mughal emperor Akbar. He is entirely absent from the recorded history of the time, and the only evidence of his existence comes from Punjabi folk songs.

The deeds of Bhatti are recounted in folklore and took the form of social banditry. According to Ishwar Dayal Gaur, although he was “the trendsetter in peasant insurgency in medieval Punjab”, he remains “on the periphery of Punjab’s historiography”

ਦੋਹਿਰਾ

ਘੁੱਟ-ਘੁੱਟ ਪੀਲੋ ਦੋਸਤੋ, ਵਗੇ ਇਲਮ ਦੀ ਨਹਿਰ ।
ਵਾਰ ਦੁੱਲੇ ਰਜਪੂਤ ਦੀ, ਗੌਣ ਖੜੋਤੇ ਸ਼ਾਇਰ ।

ਦੋ ਭਾਗ ਛੰਦ-1

ਜਦੋਂ ਅਕਬਰ ਸੀ ਦਿੱਲੀ ਦੀ ਗੱਦੀ ਤੇ,
ਉਨੀਂ ਦਿਨੀਂ ਪੈ ਗਿਆ ਵਖਤ ਲੱਧੀ ਤੇ ।

ਅਗੜੀ ਫ਼ਰੀਦ ਮਾਮਲਾ ਨਾ ਤਾਰਤਾ,
ਸਦਕੇ ਲਹੌਰ ਬਾਦਸ਼ਾਹ ਨੇ ਮਾਰਤਾ ।

ਲੈ ਗਿਆ ਸੀਸ ਬਾਦਸ਼ਾਹ ਦਿੱਲੀ ਨੂੰ ਕੱਟ ਕੇ,
ਭਰੀ ਖੱਲ ਫੂਸ ਦੀ ਲਹੌਰ ਲੱਟਕੇ ।

ਜਦੋਂ ਸੀਸ ਮਾਰ ਤਲਵਾਰ ਡੁੰਗ ਦਾ,
ਮੇਹਰੂ ਸੀ ਪਠੀਰ ਦੁੱਲਾ ਦੁੱਧ ਚੁੰਘਦਾ ।

ਜਿਹੜੀ ਅਕਬਰ ਬਾਦਸ਼ਾਹ ਦੀ ਰਾਣੀ ਸੀ,
ਸ਼ੇਖੂ ਉਦੀ ਗੋਦ ‘ਚ ਦੁੱਲੇ ਦਾ ਹਾਣੀ ਸੀ ।

ਲੋੜ ਪੈ ਗਈ ਧੌਲਰੀਂ ਚੁੰਘੌਣ ਵਾਲੀ ਦੀ,
ਚੰਗੇ ਖਾਨਦਾਨ ਦੀ ਜ਼ਨਾਨੀ ਭਾਲੀ ਦੀ ।

ਕਿਸੇ ਦੱਸ ਪਾਤੀ ਬਾਦਸ਼ਾਹ ਸਿਆਣੇ ਨੂੰ,
ਅੱਪੜੇ ਨਾ ਕੋਈ ਪਿੰਡੀ ਦੇ ਘਰਾਣੇ ਨੂੰ ।

ਸਿਰੋਂ ਨੰਗੀ ਔਰਤ ਫਰੀਦ ਖਾਨ ਦੀ,
ਗਿੱਦੜਾਂ ਤੋਂ ਚਿਤਰੇ ਬਣੌਨ ਜਾਣਦੀ ।

ਮੁਢਲੇ ਦਲੇਰ ਭੱਟੀਆਂ ਦੇ ਤੱਲਕੇ,
ਸੱਦ ਲੀ ਲਹੌਰ ਅਸਵਾਰ ਘੱਲ ਕੇ ।

ਕੱਢ ਕੇ ਤੇ ਵੱਟ ਪਿਛਲੇ ਕਰੋਧ ਦੇ,
ਲੈ ਲਿਆ ਸਹਿਜ਼ਾਦਾ ਸ਼ੇਖੂ ਵਿੱਚ ਗੋਦ ਦੇ ।

ਦਿਨਾਂ ਵਿੱਚ ਦੁੱਧ ਦੀ ਨਹਿਰ ਵੱਗ ਪੀ,
ਸੱਜਾ ‘ਮੁੰਮਾ’ ਸੇਖੂ ਨੂੰ ਚੁੰਘੌਣ ਲੱਗ ਪੀ ।

ਦਿਨਾ ਵਿੱਚ ਭੁੱਲ ਗੀ ਪਰਾਣੇ ਗ਼ਮ ਜੇ,
ਸੇਖੂ ਸ਼ਾਹ ਨੂੰ ਦੁੱਲੇ ਦੇ ਉੱਤੋਂ ਦੀ ਸਮਝੇ ।

ਖੱਬੀ ਚੂਚੀ, ਮਾਤਾ ਦੀ ਦੁੱਲੇ ਨੇ ਚੁੰਘਲੀ,
ਖਿੱਚੀ ਫਿਰੇ ਪੁੱਤ ਨੂੰ ਲਗਾਕੇ ਉਂਗਲੀ ।

‘ਰਜਬਲੀ’ ਵੇਖ ਰੂਹ ਪਿਤਾ ਦੀ ਭੜਕੇ,
ਆਇਆ ਇੱਕ ਲੱਧੀ ਨੂੰ ਖੁਆਬ ਤੜਕੇ ।

ਦੋਹਿਰਾ

ਸੁਪਨੇ ਦੇ ਵਿੱਚ ਰਾਤ ਨੂੰ, ਗਈ ਜਨਾਨੀ ਦਹਿਲ ।
ਦਿੱਤੀ ਝਿੜਕ ਫ਼ਰੀਦ ਨੇ, ਹੋਗੀ ਪਿਟ-ਪਿਟ ਘਾਇਲ ।

ਡੂਢਾ ਛੰਦ-2

ਲੱਧੀ ਤਾਈਂ ਆਏ ਸੁਪਨੇ ਡਰਾਮਣੇ, ਸੁੱਤੀ ਲਹੌਰ ਦੇ ਕਿਲੇ ।
ਆਕੇ ਰੂਹ ਫ਼ਰੀਦ ਦੀ ਖੜੋਗੀ ਸਾਹਮਣੇ, ਪਤੀ ਨਰਾਜ਼ ਹੋ ਮਿਲੇ ।
ਉਧਲਾਂ ਪਿੰਡੀ ਨੂੰ ਛੱਡਕੇ ਤੇ ਭੱਜੀਆਂ, ਤੁਰੀ ਅਡਾਕੇ ਖਿੜਕੀ ।
ਸੁਪਨੇ ‘ਚ ਬੋਲੀਆਂ ਲੱਧੀ ਨੂੰ ਵੱਜੀਆਂ, ਮਰੇ ਪਤੀ ਨੇ ਝਿੜਕੀ ।

ਬੈਠ ਜਾ ਹਰਾਮ ਖੋਰੇ ਜਾਕੇ ਚਕਲੇ, ਮੈਂ ਨਿਜ ਨੂੰ ਵਿਆਹੀ ਸੀ ।
ਭਟੀਆਂ ਦੇ ਆਈ ਕਿਉਂ ਚੰਡਾਲ ਸ਼ਕਲੇ, ਤੇ ਜ਼ਾਤ ਦੀ ਜਲਾਹੀ ਸੀ ।
ਵੈਰੀ ਦਾ ਹਰਾਮ ਮਾਲ ਖਾਕੇ ਰੱਜੀਆਂ, ਫੱਟਾਂ ਤੇ ਲੂਣ ਛਿੜਕੀ ।
ਸੁਪਨੇ ‘ਚ ਬੋਲੀਆਂ ਲੱਧੀ ਨੂੰ ਵੱਜੀਆਂ, ਮਰੇ ਪਤੀ ਨੇ ਝਿੜਕੀ ।

ਫਿਰਦੀ ਬਜ਼ਾਰ ‘ਚ ਖੜੌਂਦੀ ਸੰਢੀਏ, ਨੀ ਚੱਕਕੇ ਸਪੋਲੀਆ ।
ਖੱਬਾ ਮੁੰਮਾ ਸੇਖੂ ਨੂੰ ਚੁੰਘੌਂਦੀ ਲੰਡੀਏ, ਪਿਆਕੇ ਫੀਮ ਘੋਲੀਆਂ ।
ਸੇਖੂ ਸ਼ਾਹ ਨੂੰ ਚੂਚੀਆਂ ਚੁੰਘਾਵੇਂ ਸੱਜੀਆਂ, ਹੰਦੀ ਕਿਸੇ ਦੀ ਤਿੜਕੀ ।
ਸੁਪਨੇ ‘ਚ ਬੋਲੀਆਂ ਲੱਧੀ ਨੂੰ ਵੱਜੀਆਂ, ਮਰੇ ਪਤੀ ਨੇ ਝਿੜਕੀ ।

ਖਲੜ ਫ਼ਰੀਦ ਦਾ ਭਰਿਆ ਵਿਆ ਫੂਸਦਾ, ਅੱਖਾਂ ਦੇ ਮੂਹਰੇ ਲਟਕੇ ।
ਸੱਜਾ ‘ਮੁੰਮਾ’ ਵੈਰੀ ਦਾ ਪੁੱਤਰ ਚੂਸਦਾ, ਲੜਿਕਾ ਮੇਰਾ ਭਟਕੇ ।
ਨੈਂ ‘ਚ ਬੇੜੀ ਡੋਬ ਦਿੰਦੀਆਂ ਕੁਚੱਜੀਆਂ, ਕਰੀ ਦੀ ਰਿੜ-ਰਿੜ ਕੀ ।
ਸੁਪਨੇ ‘ਚ ਬੋਲੀਆਂ ਲੱਧੀ ਨੂੰ ਵੱਜੀਆਂ, ਮਰੇ ਪਤੀ ਨੇ ਝਿੜਕੀ ।

ਉਚੇ ਖਾਨਦਾਨ ਨੂੰ ਲਗਾਲੀ ਲੀਕ ਨੀ, ਅਖੀਂ ਡੁੱਬੀ ਦੇ ਕਜਲੇ,
ਤੈਨੂੰ ਦੁੱਧ ਵੈਰੀ ਨੂੰ ਚੁੰਘੌਣਾ ਠੀਕ ਨੀ, ਲਹੌਰ ਆਕੇ ਖਜਲੇ ।
ਗਮਾਂ ਦੀਆਂ ਢੇਰੀਆਂ ਦਿਲਾਂ ਤੇ ਬੱਝੀਆਂ, ਦੰਦੀ ਵੱਡੀ ਵੀ ਭਿੜਕੀ ।
ਸੁਪਨੇ ‘ਚ ਬੋਲੀਆਂ ਲੱਧੀ ਨੂੰ ਵੱਜੀਆਂ, ਮਰੇ ਪਤੀ ਨੇ ਝਿੜਕੀ ।

ਧੱਕੇ ਖਾਂਦੀ ਫਿਰਦੀ ਪਿੰਡੀ ਦੀ ਰਾਣੀਏ, ਸੰਭਾਲ ਜਾਕੇ ਝੁਗੇ ਨੂੰ,
ਕੱਖੋਂ ਹੌਲਾ ਕਰਤਾ ਗਰਕ ਜਾਣੀਏ, ‘ਬਾਬੂ’ ਫ਼ਰੀਦ ਉਘੇ ਨੂੰ ।
ਕਰ ਪੁੱਤ ਗੱਭਰੂ ਚੁੰਘਾਕੇ ਮੱਝੀਆਂ, ਫਿਰੇਂ ਕਿੱਧਰ ਧਿੜਕੀ ।
ਸੁਪਨੇ ‘ਚ ਬੋਲੀਆਂ ਲੱਧੀ ਨੂੰ ਵੱਜੀਆਂ, ਮਰੇ ਪਤੀ ਨੇ ਝਿੜਕੀ ।

ਦੋਹਿਰਾ

ਬੋਲੀ ਮਾਰੀ ਕੰਥ ਨੇ, ਮੁੜ ਮੁੜ ਸ਼ਰਮਾਂ ਔਣ,
ਸੱਜਾ ‘ਮੁੰਮਾ’, ਪੁੱਤਰ ਨੂੰ ਲੱਗਗੀ ਫੇਰ ਚੁੰਘਾਉਣ ।

ਦੋ ਭਾਂਤ ਛੰਦ-3

ਜਦੋਂ ਰੂਹ ਝਿੜਕਗੀ ਕੰਥ ਕੱਬੇ ਦੀ,
ਕੌਰ ਨੂੰ ਫੜਾਤੀ ਬੂਬੀ ‘ਮੁੰਮੇ’ ਖੱਬੇ ਦੀ ।

ਸੇਖੂ ਲੱਗਾ ਸਾਲ ‘ਚ ਬਹਿਣ ਢਿੱਲਾ ਜਿਆ,
ਦੁੱਲਾ ਫਿਰੇ ਰੁੜ੍ਹਦਾ ਘੁੱਕਰ ਬਿੱਲਾ ਜਿਆ ।

ਦੂਜੇ ਸਾਲ ਬੋਲ ਬੋਲਦੇ ਲੜਿੱਕ ਦੇ,
ਪੌਣ ਉੱਤੇ ਚਾਂਬੜਾਂ ਲੱਧੀ ਦੀ ਹਿੱਕ ਦੇ ।

ਸੇਖੂ ਖੜ੍ਹ ਸਕਦਾ ਬਗੈਰ ਬਾਹੀ ਨਾ,
ਦੁੱਲਾ ਭੱਜਿਆ ਦੇਂਵਦਾ ਕਿਸੇ ਨੂੰ ਡਾਹੀ ਨਾ ।

ਚੜ੍ਹੀ ਤੀਜੇ ਸਾਲ ਦੀ ਘੜੀ ਸੁਲੱਖਣੀ,
ਲੱਗ ਜਾਂਦੇ ਛਕਣ ਮਹੀਂ ਦੀ ਮੱਖਣੀ ।

ਖਾਕੇ ਤੇ ਛਟਾਂਕ ਸੇਖੂ ਮੂੰਹ ਨੂੰ ਫੇਰ ਦੇ,
ਦੁੱਲਾ ਤਾਂ ਲਗਾਵੇ ਗਾਛੇ ਸੇਰ-ਸੇਰ ਦੇ ।

ਚੌਥੇ ਸਾਲ ਰੁੱਸਗੇ ਸਜਾਈਆਂ ਬੁੱਲ੍ਹੀਆਂ,
ਲਿਆਤੇ ਮਾਂ ਨੇ ਡੰਡੇ ਤੇ ਰੰਗੀਨ ਗੁੱਲੀਆਂ ।

ਖਿੱਚ-ਖਿੱਚ ਮਾਰੀਆਂ ਦੁੱਲੇ ਨੇ ਬੱਘਾਂ ਜੀ,
ਸੇਖੂ ਸ਼ਾਹ ਦੇ ਮੁੱਖ ‘ਚੋਂ ਡਿੱਗਣ ਝੱਗਾਂ ਜੀ ।

ਲਿਆਤੀ ਸਾਲ ਪੰਜਵੇਂ ਮੜ੍ਹਾ ਕੇ ਗੇਂਦ ਜੀ,
ਦਿਨਾਂ ‘ਚ ਖੁਰਾਕ ਖੁਆ ਚੜ੍ਹਾਤੀ ਪੇਂਦ ਜੀ ।

ਦੋਵੇਂ ਸ਼ੇਰ ਇੱਕ-ਦੂਸਰੇ ਤੋਂ ਕਾਹਲੇ ਜੀ,
ਸੇਖੂ ਸਿਰ ਕਰਤੇ ਦੁੱਲੇ ਨੇ ਪਾਲੇ ਜੀ ।

ਛੀਵੇਂ ਸਾਲ ਲੱਗੇ ਖੇਡਣ ਕਬੱਡੀਆਂ,
ਦੱਗ-ਦੱਗ ਵੱਜਣ ਜਿਮੀ ਤੇ ਅੱਡੀਆਂ ।

ਸੱਜਾ ‘ਮੁੰਮਾ’ ਲੱਧੀ ਨੇ ਚੁੰਘਾਕੇ ਪਾਲਿਆ,
ਮਾਰਿਆ ਸੇਖੂ ਚੱਕ ਕੇ ਦੁੱਲੇ ਢਾਹਲਿਆ ।

ਸੱਤਵੇਂ ਬਰਸ ਮੇਂ ਗੁਲੇਲਾਂ ਚੱਕੀਆਂ,
ਖੇਡ ਦੇ ਸ਼ਿਕਾਰ ਸੀ ਅਡੌਂਦੇ ਫੱਕੀਆਂ ।

‘ਬਾਬੂ’ ਹੱਥ ਸੇਖੂ ਦੇ ਕੰਬਣ ਉਕ ਜੇ,
ਵਾਲ ਵੱਧਾ ਦੁੱਲੇ ਦਾ ਨਿਸ਼ਾਨਾ ਠੁੱਕ ਜੇ ।

ਦੋਹਿਰਾ

ਅਕਬਰ ਆਣ ਲਹੌਰ ਮੇਂ, ਲਾਲਿਆ ਸੀ ਦਰਬਾਰ ।
ਕੁਸ਼ਤੀ ਕਰਦੇ ਬਾਲਕੇ, ਖਾੜੇ ਦੇ ਵਿਚਕਾਰ ।

ਮੁਕੰਦ ਛੰਦ-4

ਬਾਦਸ਼ਾਹ ਨੇ ਲਾ ਲਿਆ ਦਰਬਾਰ ਆਣ ਜੀ,
ਲਿਆ ਦੋਹਾਂ ਜਣਿਆਂ ਦਾ ਇਮਤਿਹਾਨ ਜੀ ।
ਸੇਖੂ ਢਿਲਾ ਦੁੱਲਾ ਖਾ ਖੁਰਾਕ ਕਾਹਲਾ ਹੈ,
ਸੱਜੇ, ਖੱਬੇ ਮੂੰਮੇ ਦਾ ਫਰਕ ਬਾਹਲਾ ਹੈ ।

‘ਕੌਰ’, ਨਾਲ ਪੁੱਤ ਲੱਧੀ ਦਾ ਘੁਲਾਲਿਆ,
ਪੰਜਾਂ ਮਿੰਟਾਂ ‘ਚ ਸੀ, ਦੁੱਲੇ ਢਾਹਲਿਆ ।
ਧਰਤੀ ਤੇ ਵੱਜਿਆ ਮੌਰਾਂ ਦਾ ਵਿਚਾਲਾ ਹੈ,
ਸੱਜੇ, ਖੱਬੇ ਮੂੰਮੇ ਦਾ ਫਰਕ ਬਾਹਲਾ ਹੈ ।

ਇੱਕੋ ਹੀ ਉਮਰ ਦੋਵੇਂ ਇੱਕ ਮੇਲ ਦੇ,
ਫੇਰ ਦੋਵੇਂ ਬਾਲਕ ਕਬੱਡੀ ਖੇਲ ਦੇ ।
ਸੇਖੂ ਸਿਰ ਕਰਤਾ ਦੁੱਲੇ ਨੇ ਪਾਲਾ ਹੈ,
ਸੱਜੇ, ਖੱਬੇ ਮੂੰਮੇ ਦਾ ਫਰਕ ਬਾਹਲਾ ਹੈ ।

ਕਹੇ ਤੋਂ ਗੁਲੇਲੇ ਤੇ ਗੁਲੇਲਾਂ ਚੁਕੀਆਂ,
ਚੋਟਾਂ ਲੌਂਦਾ ਪੰਦਰਾਂ ਸਹਿਜ਼ਾਦੇ ਉਕੀਆਂ ।
ਜਾਂਵਦਾ ਨਿਸ਼ਾਨਾ ਨਾ ਦੁੱਲੇ ਦਾ ਆਹਲਾ ਹੈ,
ਸੱਜੇ, ਖੱਬੇ ਮੂੰਮੇ ਦਾ ਫਰਕ ਬਾਹਲਾ ਹੈ ।

ਮਗਰੋਂ ਭਜਾਤੇ ਦੋਵੇਂ ਵਿੱਚ ਰੇਸ ਦੇ,
ਸੇਖੂ ਡਿੱਗਿਆ ਗੋਡੇ ਜੇ ਛਿੱਲੇ ਗਏ ਏਸ ਦੇ ।
ਦੁੱਲਾ ਅੱਗੇ ਲੰਘ ਗਿਆ ਗਰਮ ਫਾਲਾ ਹੈ,
ਸੱਜੇ, ਖੱਬੇ ਮੂੰਮੇ ਦਾ ਫਰਕ ਬਾਹਲਾ ਹੈ ।

ਸੱਜਾ ‘ਮੁੰਮਾ’ ਦੁੱਲੇ ਨੂੰ ਚੁੰਘਾਕੇ ਫੁਲੀ ਤੂੰ,
ਗੱਲ ਨਾ ਫ਼ਰੀਦ ਦੀ ਦਿਲਾਂ ਤੋਂ ਭੁਲੀ ਤੂੰ ।
‘ਰੱਜਬਲੀ’ ਕਰਜੂ ਪਿੰਡੀ ਨੂੰ ਟਾਲਾ ਹੈ,
ਸੱਜੇ, ਖੱਬੇ ਮੂੰਮੇ ਦਾ ਫਰਕ ਬਾਹਲਾ ਹੈ ।

ਦੋਹਿਰਾ

ਮੰਨ ਨਮੋਸ਼ੀ ਉਸ ਨੇ, ਨਾ ਕੁਛ ਪਾਇਆ ਮੂੰਚ੍ਹ ।
ਲੱਧੀ ਉੱਠ ਸਵੇਰ ਨੂੰ, ਕਰੇ ਲਹੌਰੋਂ ਕੂਚ ।

ਦੋ ਭਾਗ ਛੰਦ-5

ਵਾਰ ਦੁੱਲੇ ਰਾਠ ਦੀ, ਸੁਣਾਵਾਂ ਹੋਰਨਾ,
ਸੂਰਮੇ ਦੇ ਗੌਣ ਚ ਮਚੌਣਾ ਸ਼ੋਰ ਨਾ ।

ਕੀਹਨੂੰ ਦੱਸੇ ਦਿਲ ਦੀ ਭੜਾਸ ਕੱਡ ਕੇ,
ਪਿੰਡੀ ਵਿੱਚ ਪੌਂਹਚ ਗੀ ਲਹੌਰ ਛੱਡ ਕੇ ।

ਘਰੇ ਆਕੇ ਪੜ੍ਹਨ ਬਹਾ ਤਾ ਦੁੱਲੇ ਨੂੰ,
ਐਵੇਂ ਕਾਹਨੂੰ ਇਲਤੀ ਬਣੌਨਾ ਖੁਲੇ ਨੂੰ ।

ਦੁੱਲਾ ਪੁਛੇ ਕਰ ਕਾਜ਼ੀ ਨੂੰ ਸਲਾਮ ਜੀ,
ਕਿਵੇਂ ਛੇਤੀ ਨਿਕਲੇ ਬੰਦੇ ਦਾ ਨਾਮ ਜੀ ।

ਭਲਿਆਈ ਵਿੱਚ ਲੱਗ ਜਾਂਦਾ ਝੱਟ ਲੈ,
ਛੇਤੀ ਉਘਾ ਹੋਣਾ ਬਦਨਾਮੀ ਖੱਟ ਲੈ ।

ਹਾਰ-ਹਿੰਗ ਕਰੇ ਨਾ ਲੱਧੀ ਦਾ ਸ਼ੇਰ ਜੀ,
ਗੋਡਿਆਂ ਥੱਲੇ ਲੈ ਲਿਆ ਮੁਲਾਣਾ ਫੇਰ ਜੀ ।

ਜੇਹੜੇ ‘ਰੂਲ’ ਨਾਲ ਮੁੰਡਿਆਂ ਨੂੰ ਕੁਟਣ ਜੀ,
ਉਹੀ ਲੱਗ ਜਾਂਦੇ ਕਾਜ਼ੀ ਤੇ ਛੁਟਣ ਜੀ ।

ਕਾਜ਼ੀ ਦੀ ਹਜਾਮਤ ਕਰਾਈ ਸੱਜਰੀ,
ਟੋਟਣ ‘ਚ ਮਾਰਦਾ ਘੁਕਾ ਕੇ ਬੱਜਰੀ ।

ਤੇ ਘਸੁੰਨ ਨਾਲਦਿਆਂ ਮੁੰਡਿਆਂ ਨੇ ਟੇਕ ਤੇ,
ਮਾਰ-ਮਾਰ ਮੁਲਾਂ ਦੇ ਜੁਬਾੜੇ ਸੇਕ ਤੇ ।

ਵਿਹੜੇ ‘ਚ ਘੜੀਸ ਮੂੰਹ ਮਿੱਟੀ ਸੇ ਭਰਤਾ,
ਗੱਲ ਕਾਹਦੀ ਕਾਜ਼ੀ ਮਰਨਾਊ ਕਰਤਾ ।

ਮੁੰਡਿਆਂ ‘ਚ ਖੇਡ ਦਾ ਬਣਾ ਕੇ ਢਾਣੀ ਨੂੰ,
ਰਾਜ਼ੀ ਸੂਰਮਿਆਂ ਦੀ ਸੁਣ ਕੇ ਕਹਾਣੀ ਨੂੰ ।

ਜਿਵੇਂ ਨਿੱਕਾ ਹੁੰਦਾ ਖੇਡ ਦਾ ਦਹੂਦ ਸੀ,
ਹਰ ਵੇਲੇ ਪਾਈ ਰੱਖਦਾ ਖਰੂਦ ਸੀ ।

ਕੋਈ ਮੂਹਰੇ ਕਰੇ ਨਾ ਮੜਕ ਹਿੰਡੀ ਦੇ,
ਰੱਖਦਾ ਮਚਾਈ ਛੋਰ ਵਿੱਚ ਪਿੰਡੀ ਦੇ ।

ਖੂਹ ਦੇ ਉੱਤੇ ਬੈਠ ਕੇ ਜਮਾਵੇ ਤੜੀਆਂ,
ਮਾਰਕੇ ਗੁਲੇਲੇ ਭੰਨ ਦੇਵੇ ਘੜੀਆਂ ।

ਤੌੜਿਆਂ ‘ਚੋਂ ਜਾਣ ਪੈਂਦੀਆਂ ਤਤੀਰੀਆਂ,
ਪਾਣੀ ਨਾਲ ਭਿੱਜ ਜਾਂਦੀਆਂ ਗੁੱਤੀਰੀਆਂ ।

‘ਰਜਬਲੀ’ ਜਾਂਦੀਆਂ ਲੱਧੀ ਦੇ ਬੂਹੇ ਤੇ,
ਚੱਲ ਤੈਨੂੰ ਠੀਕਰੇ ਵਿਖਾਈਏ ਖੂਹੇ ਤੇ ।

ਦੋਹਿਰਾ

ਜੈਲਦਾਰਨੀ ਕੋਲ ਜਾ, ਬੁੜੀਆਂ ਰੀ-ਰੀ ਕਰਨ,
ਤੌੜੇ ਤੋੜੇ ਕੁਲ ਦੇ, ਕਿਸ ਵਿਧ ਪਾਣੀ ਭਰਨ ।

ਝੋਕ ਛੰਦ-6

ਦੁੱਲੇ ਨਾਲ ਛੋਹਰ ਰਲਗੇ ਦੁੱਲੇ ਦੇ ਧੜਿਆਂ ਦੇ ।
ਠਾ-ਠਾ ਕਰ ਚੱਲਣ ਗੁਲੇਲੇ ਖੂਹੇ ਪਰ ਖੜਿਆਂ ਦੇ ।
ਸਾਰ-ਪਾਰ ਮੋਰੇ ਕਰਤੇ ਵਿੱਚ ਦੀ ਕੁੱਲ ਘੜਿਆਂ ਦੇ ।
ਪਿੰਡ ਦੀਆਂ ਨਾਰਾਂ ਆ ਕੇ ਲੱਧੀ ਨਾਲ ਝਗੜਦੀਆਂ ।
ਪੈਰਾਂ ਤੇ ਡਿੱਗੀਆਂ ਮੱਥੇ ਧਰਤੀ ਤੇ ਰਗੜਦੀਆਂ ।

ਪਾੜਤੇ ਕਾਇਦੇ ਸਾਰੇ ਮਸਜਿਦ ਦਿਆਂ ਪਾੜ੍ਹਿਆਂ ਨੇ ।
ਛਾਪਿਆਂ ਤੇ ਟੰਗਤੀ ਜਿੰਦੜੀ ਕੁਲ ਦਿਆਂ ਉਜਾੜਿਆਂ ਨੇ ।
ਤਕੜਿਆਂ ਦੇ ਆਸਰੇ ਤੇ ਕੱਟਣੇ ਦਿਨ ਮਾੜਿਆਂ ਨੇ ।
ਸਾਡਾ ਨਿਵਾਰ ਸੰਸਾ ਕੁਲ ਦੇ ਕੰਮ ਸਾਰਨੀ ਏ ।
ਉਜੜ ਜੂ ਨਗਰੀ ਤੇਰੀ ਪਿੰਡ ਦੀ ਸਰਦਾਰਨੀਏ ।

ਲੋਕੀ ਕੰਨ ਪਰਨੇ ਸੁਤੀ ਬਾਕੀ ਦਿਆਂ ਗਾਵਾਂ ਦੀ ।
ਇਲਤੀ ਪੁੱਤ ਝਿੜਕੇ ਘੂਰੇ ਮੰਨ ਦੇ ਗੱਲ ਮਾਵਾਂ ਦੀ ।
ਪਰਸੋਂ ਦੀ ਭਾਦੀ ਬਣ ਗੀ ਚਿੜੀਆਂ ਤੇ ਕਾਮਾਂ ਦੀ ।
ਫਿਰਦੀ ਮੁਡ੍ਹੀਰ ਚਾਮ੍ਹਲੀ ਝਾੜੀ ਲੁੰਗ ਕਿੱਕਰਾਂ ਦੀ ।
ਖੂਹੇ ਆਵੀ ਲੱਗਗੀ ਟੁਟਿਆਂ ਵਿਆਂ ਠਿਕਰਾਂ ਦੀ ।

ਮਾਰੇ ਗੁਲੇਲੇ ਗਜਵੀ ਦੁੱਲੇ ਦਾ ਲਸ਼ਕਰ ਜੀ ।
ਤੂੰ ਵੀ ਗੱਲ ਟਾਲ ਦਿੰਦੀ ਲੱਧੀਏ ਹੱਸ ਕਰ ਜੀ ।
ਇਥੇ ਕੀ ਟਿੰਡੀਆਂ ਲੈਣੀਆਂ ਰਜਤਾਂ ਨੇ ਵੱਸ ਕਰ ਜੀ ।
ਹੱਥ ਨੂੰ ਹੱਥ ਵੱਢ-ਵੱਢ ਖਾਂਦਾ ਤਾਰੀ ਦੇ ਤਾਰਨੀਏ ।
ਉਜੜ ਜੂ ਨਗਰੀ ਤੇਰੀ ਪਿੰਡ ਦੀ ਸਰਦਾਰਨੀਏ ।

ਕੁਛੜ ਬਹਿ ਝਾਟਾ ਮੁੰਨ ਦੇ ਕਰਦੇ ਵਰਾਣ ਜੀ ।
ਉੱਠਕੇ ਤੇ ਵਾੜ ਲੱਗਗੀ ਖੇਤ ਨੂੰ ਖਾਣ ਜੀ ।
ਤਕੜੇ ਦਾ ਹਾਸਾ ਹੋ ਗਿਆ ਮਾੜੇ ਦਾ ਵਾਹਣ ਜੀ ।
ਕੱਲ ਦੇ ਧਰਿਆਏ ਮਰਦੇ ਬੱਚੇ ਚਚਲਿਉਂਦੇ ਐ ।
ਉਹ ਵੀ ਵਿੱਚ ਜਗਦੇ ਬੰਦੇ ਜਿਹੜੇ ਪੌਓ ਲੌਂਦੇ ਐ ।

ਤੇਰਾ ਪੁੱਤ ਚਾਮਲਿਆ ਵਿਆ ਟੁਪਕੇ ਟੁੱਕ ਫੜਦਾ ਨੀ ।
ਕਾਜੀ ਦੇ ਰੂਲ ‘ਮੁਨਾਏ’ ਟੋਟਣ ਵਿੱਚ ਜੜਦਾ ਨੀ ।
ਕਰੜੇ ਹੱਥ ਲੱਗਿਆਂ ਬਾਝੋਂ ਛੋਹਰ ਨਾ ਪੜਦਾ ਨੀ ।
ਮਾਰ ਕੇ ਮਿੱਠੇ ਪੋਚੇ ਤਪਿਆਂ ਨੂੰ ਠਾਰਨੀਏ ।
ਉਜੜ ਜੂ ਨਗਰੀ ਤੇਰੀ ਪਿੰਡ ਦੀ ਸਰਦਾਰਨੀਏ ।

ਖਿੱਚ ਕੇ ਗੁਲੇਲੇ ਮਾਰੇ ਚਾੜ੍ਹ ਕੇ ਚਿੱਲਾ ਨੀ ।
ਏਹਦੇ ਦਰਜੋਧਨ ਵਾਂਗੂੰ ਧੌਣ ਵਿੱਚ ਕਿੱਲਾ ਨੀ ।
ਮਿਲ ਗਿਆ ਕੋਈ ਭੀਮ ਬਹਾਦਰ ਕਰਦੂਗਾ ਢਿੱਲਾ ਨੀ ।
ਉਹਨੇ ਤਾਂ ਇੱਕ ਨਾ ਝੱਲਣੀ ਮਿਲ ਗਿਆ ਬਰਾਬਰ ਦਾ ।
ਵਰਜ ਅਨੋਖੇ ਪੁੱਤ ਨੂੰ ਸਾਰਾ ਪਿੰਡ ਆਬਰ ਦਾ ।

ਨਿਕਲੇ ਨਾ ਪੋਲੇ ਪੈਰੀਂ ਵਿਗੜਿਆ ਵਿਆ ਭੂਤ ਨੀ ।
ਰੰਬੇ ਤੇ ਮੁੰਡੇ ਆਉਂਦੇ ਚੰਡੇ ਵੇ ਸੂਤ ਨੀ ।
ਵੇਖ ਕੇ ਬੁੜ੍ਹੀਆਂ ਆਖਣ ਆਗਿਆ ਜਮਦੂਤ ਨੀ ।
ਚਾਹੜਿਆ ਝਮਲਾਕੇ ਸਿਰ ‘ਤੇ ਪਿੰਡ ਨੂੰ ਧਰਕਾਰਨੀਏ ।
ਉਜੜ ਜੂ ਨਗਰੀ ਤੇਰੀ ਪਿੰਡ ਦੀ ਸਰਦਾਰਨੀਏ ।

ਅੱਖਾਂ ਨਾਲ ਵੇਖ ਜਾਕੇ ਖੂਹੇ ਦੀ ਤੀਕਰ ਨੀ ।
ਭੰਨ ਕੇ ਕੁੱਲ ਤੌੜੇ ਕਰਤੇ ਚੀਕਰ(ਕੀਚਰ) ਪਰ ਚੀਕਰਨੀ ।
ਪੈਰਾਂ ਵਿੱਚ ਵੱਜਦੇ ਫਿਰਦੇ ਭੱਜੇ ਵੇ ਠੀਕਰ ਨੀ ।
ਭਾਂਡੇ ਕੁੱਲ ਬੋੜੇ ਕਰਤੇ ਲਹਿਗੇ ਕਰੀਂਡਲ ਜੇ ।
ਪੰਦਰਾਂ ਵੀਹ ਪਿੰਡ ‘ਚੋਂ ਲੜਕੇ ਰਲਗੇ ਸੰਗ ਸੀਂਡਲ ਜੇ ।

ਹੋਊ ਵੱਧ ਚਾਰ ਰੱਤੀਆਂ ਦੁੱਲਾ ਫ਼ਰੀਦ ਤੋਂ ।
ਗੁਰੂ ਤੋਂ ਰਹਿ ਗਿਆ ਕੁਛ ਨਾ ਰਹਿਨਾ ਮਰੀਦ ਤੋਂ ।
ਕੋਹਿਆ ਜਾਊ ਬਕਰਾ ਪਹਿਲਾਂ ਤੇਰਾ ਬਕਰੀਦ ਤੋਂ ।
(ਫੇਰ)ਪੀੜ੍ਹੀ ਹੇਠ ਸੋਟਾ ਪੁੱਤਦੇ ਜਿੰਦ ਹਧਾਰਨੀਏ ।
ਉਜੜ ਜੂ ਨਗਰੀ ਤੇਰੀ ਪਿੰਡ ਦੀ ਸਰਦਾਰਨੀਏ ।

ਨਾਰਾਂ ਦੇ ਭੰਨ ਤੇ ਭਾਂਡੇ ਭਰੇ ਸਾਗਰ ਦੇ ।
ਘਰੋਂ ਕੱਡ ਇੱਕ-ਇੱਕ ਕੁੱਲ ਨੂੰ ਤਾਂਬੇ ਦੀ ਗਾਗਰ ਦੇ ।
ਰੰਡੀਆਂ ਦੇ ਪੁੱਤਰ ਲੱਧੀਏ ਘੋੜੇ ਸੁਦਾਗਰ ਦੇ ।
ਵੀਹਾਂ ਵਿੱਚ ਕੁਦਦੇ ਫਿਰਦੇ ਕਰਦੇ ਨਿਤ ਇਲਤਾਂ ਨੀ ।
ਫੋੜਿਆਂ ਵਾਂਗੂੰ ਅੰਭਗੇ ਭੈਣੇ ਬੁੜੀਆਂ ਦੇ ਕਿਲਤਾਂ ਨੀ ।

ਵੇਖੀ ਨੀ ਵੀਰਬਾਨੀ ਤੇਰੇ ਜੈਸੀ ਖਚਰੀ ਨੀ ।
ਸੇਖੂ ਨੂੰ ਦੁੱਧ ਦੇ ਖੱਬੀਓਂ ਅਕਬਰ ਤੋਂ ਬਚਰੀ ਨੀ ।
ਪਾੜਨੀ ਕਾਲ ਛੁਰੀ ਨੇ, ‘ਬਾਬੂ’, ਜਿਉਂ ਕਚਰੀ ਨੀ ।
ਚੋਰੇ ਚਤਰਾਈ ਕਰਨੀ ਵਚਨਾ ਤੋਂ ਹਾਰਨੀਏ ।
ਉਜੜ ਜੂ ਨਗਰੀ ਤੇਰੀ ਪਿੰਡ ਦੀ ਸਰਦਾਰਨੀਏ ।

ਦੋਹਿਰਾ

ਲੱਧੀ ਮਾਤਾ ਆਖਦੀ, ਜਾਂ ਘਬਰਾਈ ਜਾਨ ।
ਕੱਲ੍ਹ ਨੂੰ ਲੈਜਿਉ ਗਾਗਰਾਂ ਮੁੰਡੇ ਬੁਰੇ ਸ਼ਤਾਨ ।

ਮਨੋਹਰ ਭਵਾਨੀ ਛੰਦ-7

ਆਈਆਂ ਕੁਲ ਨਾਰਾਂ ਰਲ, ਮਾਤਾ ਲੱਧੀ ਪੈਗੀ ਗਲ,
ਗਈਆਂ ਵੇਖ ਕੇ ਤੇ ਬਲ । ਨੀ ਭਰਾਵਾਂ ਪਿਟੀਆਂ ।
ਗਾਲਾਂ ਦੇ ਕੇ ਲੱਧੀ ਨੇ ਝਿੜਕ ਸਿਟੀਆਂ ।
ਲੱਧੀ ਬੋਲੀ ਹੋ ਕੇ ਕੌੜੀ, ਕਿਉਂ ਮਚਾਈ ਬੌੜ੍ਹੀ-ਬੌੜ੍ਹੀ,
ਦੋ-ਦੋ ਪੈਸੇ ਆਵੇ ਤੌੜੀ । ਨੀ ਰਖੋਗਾਂ ਜੇਰੇ ਨੂੰ,
ਝਿੜਕਿਉ ਨਾ ਮੇਰੇ ਅਲਕ ਵਛੇਰੇ ਨੂੰ ।

ਕੀਹਦੀ ਭਿਜਗੀ ਪੋਛਾਕ, ਫਿਰੋਂ ਬਣੀਆ ਚਲਾਕ,
ਥੋਡੇ ਤੇਰਾਂ ਤੇਰਾਂ ਜੁਆਕ । ਛੇੜ ਛਿੜੇ ਬੱਗਦਾ,
ਮੇਰਾ ਦੁੱਲਾ ਖੇਡ ਦਾ ਚੰਗਾ ਨਾ ਲੱਗਦਾ ।
ਸਭ ਬਹਿਜੋ ਘਰ ਟਿੱਕ, ਕਿਉਂ ਤਪਾਈ ਮੇਰੀ ਹਿੱਕ,
ਕੁੱਲ ਲੈਜੋ ਇੱਕ-ਇੱਕ । ਗਾਗਰ ਸਵੇਰੇ ਨੂੰ,
ਝਿੜਕਿਉ ਨਾ ਮੇਰੇ ਅਲਕ ਵਛੇਰੇ ਨੂੰ ।

ਆਕੇ ਛੇੜੇ ਜੰਗ ਨਾਮੇ, ਨੀ ਨਚੋੜ ਲੋ ਪਜਾਮੇ,
ਨਿਤ ਦੇਣੇ ਨਾ ਉਲਾਮੇ । ਮੇਰੇ ਨਾਥ ਪੁੱਤਦੇ,
ਸਾਰੇ ਵਾਲ ਪੱਟ ਕੇ ਵਗਾਦੂੰ ਗੁੱਤ ਦੇ ।
ਨਾ ਪੜ੍ਹੌਂਦਾ ਕਾਜ਼ੀ-ਪਾਜੀ, ਸਿੱਖ ਦਾ ਧੰਨਸ਼ ਬਾਜ਼ੀ,
ਹੋਵਾਂ ਵੇਖ ਵੇਖ ਰਾਜ਼ੀ । ਮੈਂ ਬੱਚੇ ਦੇ ਚੇਹਰੇ ਨੂੰ,
ਝਿੜਕਿਉ ਨਾ ਮੇਰੇ ਅਲਕ ਵਛੇਰੇ ਨੂੰ ।

ਲੈ ਕੇ ਹੱਥ ‘ਚ ਗੁਲੇਲਾਂ, ਖੇਲਣ ਨਿਆਣੇ ਖੇਲਾਂ,
ਪਹਿਲਾਂ ਛੇੜਣ ਬਹੇਲਾਂ । ਪੁੱਜ ਕੇ ਖਚਰੀਆਂ ।
ਐਨਾ ਥੋੜਾ ਮਾਰ ਖਾਣ ਤੋਂ ਬਚ ਗੀਆਂ ।
ਨਾ ਵਿਖੌਣਾ ਮੈਨੂੰ ਰੋਕੇ, ਰੱਖ ਲੂੰ ਗੁਲੇਲ ਖੋਹਕੇ,
ਮੈਂ ਹਟਾਦੂੰ ਗੁੱਸੇ ਹੋਕੇ । ਪੁੱਤਰ ਬਘੇਰੇ ਨੂੰ,
ਝਿੜਕਿਉ ਨਾ ਮੇਰੇ ਅਲਕ ਵਛੇਰੇ ਨੂੰ ।

ਜਣਾ-ਖਣਾ ਲੈਂਦਾ ਘੇਰ, ਮਾਰਦੇ ਗਿੱਦੜ ਲੇਰ,
ਸ਼ੇਰ ਥਾਂ ਤੇ ਜਾਂਦੇ ਵੇਰ੍ਹ । ਇਤਿਹਾਸ ਲਿੱਖਦੇ,
ਪਿਉ ਦੇ ਪੁੱਤ ਜੰਗ ਦੇ ਨਿਛਾਨੇ ਸਿੱਖਦੇ ।
ਸੂਰਵੀਰ ਲੈਂਦੇ ਵੈਰ, ਨਾ ਹਟੌਣ ਪਿੱਛੇ ਪੈਰ,
ਛੱਡ ਕੇ ਮੈਦਾਨ ਕੈਰ । ਭੱਜ ਜਾਂਦੇ ਡੇਰੇ ਨੂੰ,
ਝਿੜਕਿਉ ਨਾ ਮੇਰੇ ਅਲਕ ਵਛੇਰੇ ਨੂੰ ।

ਦੇਕੇ ਨਾਰਾਂ ਨੂੰ ਵਿਗੋਚੇ, ਤੇ ਲਗਾਵੇ ਪੁੱਤ ਚੋਚੇ,
ਮਾਂ ਨੇ ਮਾਰ ਮਿੱਠੇ ਪੋਚੇ । ਮੋੜੀਆਂ ਜ਼ਨਾਨੀਆਂ ।
ਉਹੋ ਕੱਬੇ ਬਾਪ ਵਾਲੀਆਂ ਨਿਛਾਨੀਆਂ ।
ਕਰੇ ‘ਬਾਬੂ’ ਜੀ ਗਰੇਣਾ, ਤੇ ਜਹਾਨ ਦੇਵੇ ਮੇਹਣਾ,
ਇਹਨੇ ਨਾ ਕੱਟਣ ਦੇਣਾ । ਵੱਤ(ਵਖਤ) ਉਖੇਰੇ ਨੂੰ,
ਝਿੜਕਿਉ ਨਾ ਮੇਰੇ ਅਲਕ ਵਛੇਰੇ ਨੂੰ ।

ਦੋਹਿਰਾ

ਗਾਗਰ ਭੰਨਤੀ ਸ਼ੇਰ ਨੇ, ਕਰੇ ਮੋਘਰੇ ਚਾਰ ।
ਰੋ-ਰੋ ਹਰਖੀ ਡੂਮਣੀ, ਰਹੀ ਤਹਾਨੇ ਮਾਰ ।

ਤਰਕਾਂ ਮਾਰੇ ਡੂੰਮਣੀ, ਜੰਮ ਕਿਉਂ ਪਿਆ ਕਮੂਤ ।
ਕੈਦ ਬਗੈਰਾਂ ਛੋਕਰਾ, ਇਹ ਨਾ ਔਣਾ ਸੂਤ ।

ਸ਼ਬਦ ਤਰਜ਼-8

1

ਮਾਰੇ ਤਰਕਾਂ ਮਰਾਸਣ ਖੜਕੇ, ਕਿਧਰੋਂ ਕਮੂਤ ਜੰਮਿਆਂ ॥
ਸਾਥੋਂ ਲਵੇਂ ਦਰਸੀਸਾਂ ਝ(ਤ)ੜਕੇ, ਪਿਉ ਦੇ ਵਾਂਗ ਜਾਵੇਂ ਡੰਮਿਆਂ ।
ਲਾਸ਼ ਨਾਲ ਰੱਸਿਆਂ ਦੇ ਜੂੜੀ, ਕਿਲੇ ਮੂਹਰੇ ਖਾਵੇ ਝਟਕੇ ।
ਪਿਊ ਦੇ ਭਰੀ ਵੀ ਖਲੜ ਵਿੱਚ ਤੂੜੀ, ਪਾਜੀਆ ਲਹੌਰ ਲਟਕੇ ।

2

ਹਾਲਾ ਦੇਣ ਦਾ ਨਾਮ ਨਾ ਲੈਂਦੇ, ਬਾਦਸ਼ਾਹ ਬਣਾਈਆਂ ਫਾਕੜਾਂ ।
ਰੱਸੀ ਬਲ ਜੇ ਵੀਚ ਵੱਟ ਰਹਿੰਦੇ, ਸੁਕੀਆਂ ਵਖੌਂਦੇ ਆਕੜਾਂ ।
ਖਾਲੀ ਛੱਡ ਗਿਆ ਫ਼ਰੀਦ ਭੰਗੂੜੀ, ਦਿੱਲੀ ਨੂੰ ਸੀਸ ਲੈਗੇ ਕੱਟ ਕੇ ।
ਪਿਊ ਦੇ ਭਰੀ ਵੀ ਖਲੜ ਵਿੱਚ ਤੂੜੀ, ਪਾਜੀਆ ਲਹੌਰ ਲਟਕੇ ।

3

ਸਿਆਣੇ ਆਖਦੇ ਰੜੇ ਨੰਗ ਆਕੀ, ਤੇਰੀ ਸਾਵੀਂ ਗੱਲ ਨਿੱਕਿਆ ।
ਬਾਪ ਮਾਰਤਾ ਛੱਡਿਆ ਕੀ ਬਾਕੀ, ਉਦੇ ਨਾਲ ਜਾਕੇ ਮਿੱਕਿਆ ।
ਮਾਤਾ ਲੱਗਗੀ ਚੁੰਘਾਵੀ ਬੂੜੀ, ਰੱਬ ਨੇ ਬਗਾਤੇ ਪੱਟਕੇ ।
ਪਿਊ ਦੇ ਭਰੀ ਵੀ ਖਲੜ ਵਿੱਚ ਤੂੜੀ, ਪਾਜੀਆ ਲਹੌਰ ਲਟਕੇ ।

4

ਲਿਖੇ ਭਾਵੀ ਦੇ ਲੇਖ ਮਸਤਕ ਤੇ, ਵਾਂਗ ਦਰਜੋਧਨ ਦੇ ।
ਜਿਹੜੇ ਸੂਰਮੇ ਮਰਨ ਬੀਬਾ ਹੱਕ ਤੇ, ਵਰਜ ਰਹੇ ਓਦਨ ਦੇ ।
ਲੱਧੀ ਮੁਗਲਾਂ ਬਣਾ ਲੀ ਚੂੜ੍ਹੀ, ਆਪ ਵਿੱਚ ਮਾਰੇ ਫੱਟਕੇ ।
ਪਿਊ ਦੇ ਭਰੀ ਵੀ ਖਲੜ ਵਿੱਚ ਤੂੜੀ, ਪਾਜੀਆ ਲਹੌਰ ਲਟਕੇ ।

5

ਉਸਤਾਦ ਦੇ ਲਫੇੜੇ ਮਾਰੇ, ਸਾਹਮਣੇ ਜਮਾਤੀਆਂ ਦੇ ।
ਕਲ ਕਰੇ ਕੀ ਬੇਸ਼ਰਮਾਂ ਕਾਰੇ, ਨਾਲ ਦੀਆਂ ਚੁਆਤੀਆਂ ਦੇ ।
ਖੂਹ ਤੇ ਲੱਗੀ ਠੀਕਰਿਆਂ ਦੀ ਰੂੜੀ, ਔਰਤਾਂ ਦੇ ਭੰਨੇ ਮਟਕੇ ।
ਪਿਊ ਦੇ ਭਰੀ ਵੀ ਖਲੜ ਵਿੱਚ ਤੂੜੀ, ਪਾਜੀਆ ਲਹੌਰ ਲਟਕੇ ।

6

ਅਲੀ ਰਾਅ ਨੇ ਫੜਾਤੇ ਦੋਵੇਂ, ਕਰਕੇ ਲਹੌਰ ਚੁਗਲੀ ।
ਨਾਲ ਚੜ੍ਹਗੇ ਰਸਾਲੇ ਮੁਗਲੀ, ਵਜਦੇ ਨਗਾਰੇ ਮੁਗਲੀ ।
‘ਬਾਬੂ’ ਜਵਾਂ ਨਾ ਕਹਾਣੀ ਕੂੜੀ, ਮਾਂ ਤੋਂ ਪਤਾ ਲੈ-ਲੈ ਹੱਟਕੇ ।
ਪਿਊ ਦੇ ਭਰੀ ਵੀ ਖਲੜ ਵਿੱਚ ਤੂੜੀ, ਪਾਜੀਆ ਲਹੌਰ ਲਟਕੇ ।

ਦੋਹਿਰਾ

ਗੱਲਾਂ ਲੱਗੀਆਂ ਕੌੜੀਆਂ, ਆਵੇ ਸ਼ਰਮ ਨਹੈਤ ।
ਮਾਤਾ ਕੋਲੇ ਆਣ ਕੇ, ਦੱਸਦਾ ਕੁਲ ਹਕੈਤ ।

ਔੜਾ ਛੰਦ-9

ਸ਼ਰਮ ਨਾਲ ਜਾਂਦਾ ਗੈਂਦਾ, ਆਗਿਆ ਘਰ ਡਿਗਦਾ ਢਹਿੰਦਾ ।
ਮੇਹਣਿਆਂ ਨੇ ਅੰਦਰ ਫੂਕਿਆ, ਲੱਧੀ ਦੇ ਕੋਲੇ ਕੂਕਿਆ ।
ਮੈਂ ਨਾ ਮਾਤਾ ਝੂਠ ਬੋਲਦਾ, ਤੇ ਕੁਲ ਲਾਡ ਵਡਿਆਈਆਂ ਭੁਲੀਆਂ ।
ਸੁਣੀ ਜਾਂ ਗੱਲ, ਦੋਵੇਂ ਅੱਖੀਆਂ ਭਟੱਕ ਦੇਣੇ ਖੁਲੀਆਂ, ਸੁਣੀ ਜਾਂ ਗੱਲ ।

ਖੂਹ ਤੇ ਗੁਲੇਲੀਂ ਖੇਲੇ, ਗਾਗਰ ਵਿੱਚ ਵੱਜੇ ਗੁਲੇਲੇ ।
ਨੰਦੀ ਮਰਾਸਣ ਜੇਹੜੀ, ਉਹ ਨੇ ਗੱਲ ਪਿਛਲੀ ਛੇੜੀ ।
ਡੂਮਣੀ ਨੇ ਤਾਹਨੇ ਮਾਰਕੇ ਤੇ ਤਿੱਖੀ-ਕਰਦ ਕਾਲਜੇ ਵਾਹੀ ।
ਬੰਦਿਆਂ ਦੇ ਵਿੱਚ, ਮੇਰੀ ਛੋਤ ਮਰਾਸਣ ਲਾਹੀ, ਬੰਦਿਆਂ ਦੇ ਵਿੱਚ ।

ਦੱਸਦੀ ਬਦਮਾਸ਼ ਮੁਕਾਲੇ, ਅਕਬਰ ਦੇ ਦੱਬ ਲੇ ਹਾਲੇ ।
ਸਾਂਭੇ ਰੱਬ ਬਾਪ ਦਾਦੇ, ਤੇਰੇ ਵੀ ਉਹੀ ਅਰਾਦੇ ।
ਡੁਸਕ ਲਗਾਉਂਦੀ ਧੰਦੜੇ ਤੇ, ਮੈਨੂੰ ਗ੍ਹਾਲਾਂ ਡੂਮਣੀ ਕੱਢੀਆਂ।
ਮਰਨ ਜੋਗਾ, ਆਖੇ ਫਾਹਾ ਲਵੇ ਚੱਕ ਅੱਡੀਆਂ, ਮਰਨ ਜੋਗਾ ।

ਸੁਣ ਕੇ ਤੇ ਤੌਰ ਕਕਾਰਾ, ਓਥੇ ਪਿੰਡ ਜੁੜ ਗਿਆ ਸਾਰਾ ।
ਵੱਡਿਆਂ ਦੇ ਮਾਰੇ ਮੇਹਣੇ, ਕਹਿੰਦੀ ਟੁੱਟ ਪੈਣਾ ਨੇਹਣੇ ।
ਚੱਲ ਕੇ ਤੇ ਪੁੱਛ ਲੈ ਕਿਤੋਂ, ਮਾਂ ਮੇਰੀ ਝਾੜ ਵੀ ਦੇਣ ਉਗਾਹੀ ।
ਬੰਦਿਆਂ ਦੇ ਵਿੱਚ, ਮੇਰੀ ਛੋਤ ਮਰਾਸਣ ਲਾਹੀ, ਬੰਦਿਆਂ ਦੇ ਵਿੱਚ ।

ਸਿੱਖਣ ਗਏ ਲੌਣ ਨਿਸ਼ਾਨੇ, ਪੁਣ ਤੇ ਮੇਰੇ ਦਾਦੇ-ਨਾਨੇ ।
ਛੋਹਰ ਕੁੱਲ ਜਾਂਦੇ ਟੱਪੀ, ਚੰਗੂੰ ਖੁੰਬ ਮੇਰੀ ਠੱਪੀ ।
ਸ਼ਾਹ ਨੇ ਤੇਰਾ ਬਾਪ ਮਾਰਤਾ ਵੇ, ਭਰੀ ਖਲੜੀ ਫੂਸ ਨਾਲ ਲਟਕੇ ।
ਕਿਲੇ ਦੇ ਅੱਗੇ, ਮਾਂ ਤੋਂ ਪੁੱਛ ਲੈ ਬੇਸ਼ਰਮਾ ਹਟਕੇ, ਕਿਲੇ ਦੇ ਅੱਗੇ ।

ਫਿਰਦਾ ਨੱਕ ਵੱਢਿਆ ਜਿਊਂਦਾ, ਬਾਬਲ ਦਾ ਵੈਰ ਵਿਆਉਂਦਾ ।
ਚਿੜੀਆਂ ਤੇ ਧਰ ਲਿਆ ਦੱਥਾ, ਅਕਬਰ ਨਾਲ ਲਾਲੈ ਮੱਥਾ ।
ਉਸਦਾ ਕਰੀਂ ਮੁਕਾਬਲਾ ਵੇ, ਜੀਹਨੇ ਗੱਡ ਲੀ ਲਹੌਰ ਵਿੱਚ ਫਾਹੀ ।
ਬੰਦਿਆਂ ਦੇ ਵਿੱਚ, ਮੇਰੀ ਛੋਤ ਮਰਾਸਣ ਲਾਹੀ, ਬੰਦਿਆਂ ਦੇ ਵਿੱਚ ।

ਮੈਨੂੰ ‘ਮਾਂ’ ਨੰਦੀ ਆਹਦੀ, ਥੋਡੀ ਰਜਪੂਤੀ ਕਾਹਦੀ ।
‘ਤੇਰੀ’ ਮਾਂ ਆਕੜ ਵਾਲੀ, ਮੁਗਲਾਂ ਨੇ ਗੋਲੀ ਲਾਲੀ ।
ਜ਼ੋਰਵਰ ਲੈਗੇ ਧੱਕ ਕੇ ਜੀ, ਜਾਕੇ ਕਰ ਲਿਆ ਮੁਕਾਮ ਲਹੌਰ ਐ ।
ਕਿਲੇ ਦੇ ਵਿੱਚ, ਰਹੀ ਰਾਜੇ ਦਾ ਚੰਘੌਂਦੀ ਕੌਰ ਐ, ਕਿਲੇ ਦੇ ਵਿੱਚ ।

ਲਾਹਣਤ ਧਿਰਕਾਰ ਨਕੰਮਿਆਂ, ਭੱਟੀਆਂ ਦੇ ਨਿਜ ਨੂੰ ਜੰਮਿਆਂ ।
ਡੁਬਕੇ ਮਰ ਨਿਘਰ ਜਾਣਿਆਂ, ਮੁਗਲਾਂ ਦਾ ਜੂਠਾ ਖਾਣਿਆਂ ।
ਪਿੰਡ ਜੈਲਦਾਰਨੀ ਬਣੀ ਜੀ, ਕਰੇ ਰਾਣੀ ਦੀ ਟਹਿਲ ਜੁਲਾਹੀ ।
ਬੰਦਿਆਂ ਦੇ ਵਿੱਚ, ਮੇਰੀ ਛੋਤ ਮਰਾਸਣ ਲਾਹੀ, ਬੰਦਿਆਂ ਦੇ ਵਿੱਚ ।

‘ਬਾਬੂ’ ਜੀ ਖੋਲ ਹਕੈਤਾਂ, ਕਰਦਾ ਸ਼ਰੀਕ ਸ਼ਕੈਤਾਂ ।
ਅਲੀ ਰਾਅ ਵੈਰੀ ਹੱਡਦਾ, ਹੱਥਾਂ ਤੇ ਦੰਦੀਆਂ ਵੱਢਦਾ ।
ਉਹਦੇ ਨਾਲ ਜਾ ਕੇ ਟੱਕਰਾਂ ਜੇ, ਕਿਤੇ ਰੱਬ ਨੇ ਕਰਾ ਤੇ ਮੇਲੇ ।
ਜੰਗਲ ਵਿੱਚ, ਪਾਰ ਕੱਢਦੂੰ ਪਿੰਡੇ ‘ਚੋਂ ਸੇਲੇ, ਜੰਗਲ ਵਿੱਚ ।

ਹੋਇਆ ਜੇ ਪਿਉ ਦੀ ਬਿੰਦ ਮੈਂ, ਨਹੀਂ ਲਕੋਣੀ ਜਿੰਦ ਮੈਂ ।
ਚੁੰਘਿਆ ਜੇ ਮਾਂ ਦਾ ਦੁੱਧ ਜੀ, ਅਕਬਰ ਨਾਲ ਕਰਲੂੰ ਯੁੱਧ ਜੀ ।
ਗਿਣ-ਗਿਣ ਲੈਲੂੰ ਬਦਲੇ ਮੈਂ, ਜਾਊਂ ਦਿੱਲੀ ਨੂੰ ਮਚੌਣ ਤਬਾਹੀ ।
ਬੰਦਿਆਂ ਦੇ ਵਿੱਚ, ਮੇਰੀ ਛੋਤ ਮਰਾਸਣ ਲਾਹੀ, ਬੰਦਿਆਂ ਦੇ ਵਿੱਚ ।

ਦੋਹਿਰਾ

ਲੱਧੀ ਮਾਤਾ ਆਖਦੀ, ਸੋਲਾਂ ਆਨੇ ਠੀਕ ।
ਬਦਲਾ ਲੈਲਾ ਬਾਪ ਦਾ, ਲੱਗੇ ਕੁਲਾਂ ਨੂੰ ਲੀਕ।

ਦੋ ਭਾਗ ਛੰਦ-10

ਲੱਧੀ ਕਹਿੰਦੀ ਬੱਚਿਆ ਤਮਾਮ ਸੱਚੀਆਂ ।
ਵੈਰ ਲੈਲਾ ਛਾਤੀਆਂ ਠਰਨ ਮੱਚੀਆਂ ।

ਲੋਹੇ ਜੈਸੀ ਪੱਕੀ ਗੱਲ ਝੂਠ ਨਾ ਜਰਾ,
ਤੇਰੇ ਦਾਦੇ ਲਾਲ ਖਾਂ, ਜਲਾਲ ਦੋ ਭਰਾ ।

ਰੋਣ ਡੈਹਿਗੀ ਨੀਰ ਨਾ ਅੱਖਾਂ ਦਾ ਥੰਮਿਆਂ,
ਤੇਰਾ ਬਾਪ ਸੀ ਜਲਾਲ ਖਾਂ ਦੇ ਜੰਮਿਆਂ ।

ਲਾਲ ਖਾਂ ਦੇ ਘਰੇ ਪੁੱਤ ਹੋਇਆ ਰਾਅ-ਅਲੀ,
ਅਲੀ ਰਾਅ ਫ਼ਰੀਦ ਦੋਵੇਂ ਇੱਕੋ ਜੇ ਬਲੀ ।

ਲੁਟ-ਲੁਟ ਕੇ ਸੁਨਿਆਰ ਤੇ ਕਰਾੜ ਵੀ,
ਨਿਤ ਧਾੜ ਮਾਰਕੇ ਲਿਆਉਂਦੇ ਧਾੜਵੀ ।

ਤੇ ਸ਼ਰੀਕ ਇੱਕ-ਦੂਸਰੇ ਦੀ ਸਹਿਣ ਨਾ,
ਇੱਕ ਮਿਆਨ ਦੋ-ਦੋ ਤਲਵਾਰਾਂ ਪੈਣ ਨਾ ।

ਕਿਸੇ ਗੱਲੋਂ ਜੂਤ ਦੋਹਾਂ ਦਾ ਖੜਕਿਆ,
‘ਪਤੀ’ ਅਲੀ ਰਾਅ ਨੂੰ ਕੁੱਟ ਕੇ ਦੜਕਿਆ ।

ਛੱਡ ਜਾਏ ਨਗਰੀ ਹਰਖ ਮੰਨਿਆਂ,
ਉਹਨੇ ਜਾਕੇ ਗੜ ਸੀ ‘ਗੰਧਾਲੀ’ ਬੰਨਿਆ ।

ਅਲੀ ਰਾਅ ਨੇ ਰੱਖੀ ਗੱਲ ਵਿੱਚ ਦਿਲ ਦੇ ।
ਬਾਦਸ਼ਾਹ ਨੂੰ ਘੋੜੇ ਲੈ ਲਹੌਰ ਮਿਲਦੇ ।

ਇੱਕ ਗੱਲ ਪੁੱਤ ਭੁੱਲ ਗੀ ਵਿਚਾਲਿਉਂ,
ਤੇਰੇ ਪਿਉ ਨੇ ਦੇਤਾ ਸੀ ਜੁਆਬ ਹਾਲਿਉਂ ।

ਜਾਕੇ ਕੋਕੇ ਜੜਤੇ ਸ਼ਕਾਇਤ ਕਰਤੀ,
ਮਾਮਲਾ ਫ਼ਰੀਦ ਘਰੇ ਜਾਵੇ ਵਰਤੀ ।

ਇੱਕ ਦਿਨ ਸੁੱਤੇ ਨਾਲ ਸੀ ਅਰਾਮ ਦੇ,
ਲੱਥੇ ਆਕੇ ਕਟਕ ਉਦਾਲੇ ਗਾਮ ਦੇ ।

ਹੋਗੇ ਸੀ ਨਿਸਾਰੂ ਬੀ ਬਦੀ ਦੇ ਬੋਏ ਵੇ ।
ਬਾਪ ਪੁੱਤ ਫੜ ਲੇ ਸ਼ਰਾਬੀ ਹੋਏ ਵੇ ।

ਗੱਲ ਕੀ ਕਸੂਤੀਆਂ ਕੁਬੇਲੇ ਛੇੜੀਆਂ,
ਲੈਗੇ ਸੀ ਲਹੌਰ ਵਿੱਚ ਲਾਕੇ ਬੇੜੀਆਂ ।

ਵਿੱਚ ਫੂਸ ਭਰਤਾ ਲੁਹਾਕੇ ਚਮੜੀ,
ਸੇਖੂ ਦੀ ‘ਚੁੰਘਾਵੀ’ ਲਾ ਲੀ ਤੇਰੀ ਅੰਮੜੀ ।

ਏਹੋ ਦਾਰੂ ਮੇਰੇ ਵੇ ਗ਼ਮਾਂ ਦੇ ਤਾਪ ਦਾ,
ਵੈਰ ਲੈ-ਲੈ ਬੱਚਿਆ ਫ਼ਰੀਦ ਬਾਪ ਦਾ ।

ਸਿਰੀ ਵੱਢ ਲੈਣੀ ਆਲੀ ਰਾਅ ਖਰਾਬ ਦੀ,
ਇੱਕ ਮੱਟੀ ਰਵੇ ਚੜ੍ਹੀ ਵੀ ਸ਼ਰਾਬ ਦੀ ।

ਗਿੱਠ-ਗਿੱਠ ਡੱਕਰੇ ਬਣਾ ਕੇ ਛੋਟੇ ਵੇ,
ਡਾਦ੍ਹੀ ਟੰਗਾਂ-ਬਾਹਾਂ ਦੇ ਬਣਾ ਕੇ ਟੋਟੇ ਵੇ ।

ਗੇਂਦ ਸਿਟ ਉਸਦੀ ਸਿਰੀ ਦੀ ਮੜਕੇ,
ਪਿੰਡ ਵਿਚ ਖੇੜਦੇ ਫਿਰਨ ਲੜਕੇ ।

‘ਰਜਬਲੀ’ ਅਗੋਂ ਦੀ ਨਿਗ੍ਹਾਦੇ ਲਾਲ ਜੇ,
ਫੇਰ ਠੰਡ ਪੈਜੇ ਮਾਂ ਬੁੱਢੀ ਦੇ ਕਾਲਜੇ ।

ਦੋਹਿਰਾ

ਲੱਧੀ ਮਾਂ ਨੇ ਪੁੱਤ ਨੂੰ, ਕਰੇ ਕਰਾਰੇ ਕੌਲ ।
ਆਗਿਆ ਜੋਸ਼ ਸਰੀਰ ਨੂੰ, ਜਿਵੇਂ ਉਬਲਦੇ ਚੌਲ ।

ਦੋ ਭਾਗ ਛੰਦ-11

ਹਾਰ ਗੁੰਦੇ ਫੁੱਲ ਬੇ-ਸ਼ਮਾਰ ਚੁਣਕੇ,
ਸੂਰਮਿਆਂ ਦੇ ਰੌਂਗਟੇ ਖੜਨ ਸੁਣਕੇ ।

ਲੱਧੀ ਜਦੋਂ ਖੋਲ ਤੇ ਪਰਾਣੇ ਪੜਦੇ,
ਸੁਣ ਰੋਜ੍ਹੇ ਜਾਂਦੇ ਸੀ ਦੁੱਲੇ ਨੂੰ ਚੜਦੇ ।

ਚੁੰਗਿਆ ਅਣਖ ਵਾਲੀ ਮਾਂ ਦੇ ਦੂਧ ਨੂੰ,
ਜੋਸ਼ ਆਗਿਆ ਭੱਟੀ ਰਾਜੇ ਦੇ ਬਜੂਦ ਨੂੰ ।

ਖਾ ਸ਼ਰਮ ਹੋ ਗਿਆ ਤਿਆਰ ਪੈਰ ਤੇ,
ਚੜ ਜਾਂਦਾ ਗੱਭਰੂ ਪਿਉ ਦੇ ਵੈਰ ਤੇ ।

‘ਬਾਰ’ ਵਿੱਚ ਅਲੀ ਰਾਅ ਸ਼ਿਕਾਰ ਖੇਡ ਦੇ,
ਦੁਸ਼ਮਣ ਘੇਰ ਲਿਆ ਭੱਟੀ ਨੇ ਟੇਡ ਦੇ ।

ਮਾਰੇ ਲਲਕਾਰੇ ਜਦੋਂ ਨੇੜੇ ਆਣ ਕੇ,
ਅਲੀ ਰਾਅ ਖੜੋ ਗਿਆ ਦੁੱਲੇ ਨੂੰ ਸਿਆਣ ਕੇ ।

ਜਿਸ ਵੇਲੇ ਅੱਖ ਸੂਰਮਿਆਂ ਦੀ ਲੜੀ ਐ,
ਹੋਗੀ ਝੰਡ ਧੌਣ ਤੇ ਦੋਹਾਂ ਦੇ ਖੜੀ ਐ ।

ਭੱਟੀਆਂ ਦੀ ਜਿੰਦ ਇੱਕੋ ਖਾਨਦਾਨ ‘ਚੋਂ,
ਸੂਰਮਿਆਂ ਨੂੰ ਮੇਹਣਾ ਭੱਜਣਾ ਮੈਦਾਨ ‘ਚੋਂ ।

ਲੱਗੇ ਤਲਵਾਰਾਂ ਦੇ ਜਰਾਕੇ ਪੈਣ ਜੀ,
ਟਕਰੇ ਇੱਕੋ ਜੇ ਨਾ ਸਖਾਲੇ ਢੈਣ ਜੀ ।

ਦੋਹੇਂ ਜਦੋਂ ਰੱਤ ‘ਚ ਨਹਾਕੇ ਲਿਬੜੇ,
ਗੱਲ ਇੱਕ ਜਣੇ ਦੇ ਮਰੇ ਤੋਂ ਨਿਬੜੇ ।

ਅਲੀ ਰਾਅ ਨੂੰ ਮਾਰ ਲਿਆ ਅਖੀਰੀ ਪਤੇ ਐ,
ਦਿਨ ਢਲੇ ਮਿਲ ਗੀ ਦੁੱਲੇ ਨੂੰ ਫਤਹੇ ਐ ।

ਘੋੜੇ ਉੱਤੇ ਲੋਥ ਲੱਦ ਲੀ ਸ਼ਰੀਕ ਦੀ,
ਲੱਧੀ ਖੜੀ ਉਤੇ ਬੂਹੇ ਦੇ ਉਡੀਕ ਦੀ ।

ਵੇਖ ਕਹਿੰਦੀ ਸ਼ਵਾਸ਼ੇ ਜਣੇਦਿਆਂ ਪੁੱਤਰਾ,
ਵੱਡ ਕੇ ਸ਼ਰੀਕ ਦਾ ਬਣਾਤਾ ਕੁਤਰਾ ।

ਹਟੇ ਨਾ ਹਟਾਇਆ ਐਤਨਾ ਕਠੇਠ ਸੀ,
ਟੰਗਾਂ-ਬਾਹਾਂ ਡਾਹਤੀਆਂ ਭੱਠੀ ਦੇ ਹੇਠ ਸੀ ।

ਗੇਂਦ ਕੱਚਾ ਸੂਤ ਲੈ ਸਿਰੀ ਤੇ ਮੜ ਲੀ,
ਫੇਰ ਖੂੰਡੀ ਭੱਟੀ ਨੇ ਹੱਥਾਂ ‘ਚ ਫੜ ਲੀ ।

ਪੂਰੇ ਸੱਠ-ਸੱਤਰ ਜਵਾਨ ਹੋਣੇ ਐ,
ਵੀਹਾਂ ਵਿੱਚ ਵੱਜਦੇ ਖਿਦੋ ਨੂੰ ਟੋਣੇ ਐ ।

ਤਿੰਨ ਪਹਿਰ ਖੇਡ-ਖੇਡ ਕੇ ਗੁਜ਼ਾਰਤੇ,
ਪੈਣ ਖੂੰਡੇ ਗੇਂਦ ਤੇ ਦੁੱਲੇ ਦੇ ਵਾਰ ਤੇ ।

ਮਾਰ-ਮਾਰ ਖੋਪੜੀ ਉਡਾਤੀ ਅੱਧੀ ਐ,
‘ਰਜਬਲੀ’ ਵੰਡਦੀ ਪਤਾਸੇ ਲੱਧੀ ਐ ।

ਦੋਹਿਰਾ

ਡਾਕੇ ਮਾਰੇ ਸੂਰਮਾਂ, ਲੁਟ ਲਿਆ ਦੇਸ਼ ਤਮਾਮ ।
ਸਾਰੇ ਹੋ ਮਸ਼ਹੂਰ ਗਿਆ, ਜੁਆਨ ਦੁੱਲੇ ਦਾ ਨਾਮ ।
ਬੇਗਮ ਦਾ ਸਿਰ ਕੁਤਰਵਾ, ਲੁਟ ਲਿਆ ਕੁਲ ਅਸਬਾਬ ।
ਸ਼ਾਹ ਨੂੰ ਖਬਰਾਂ ਲੱਗਦੀਆਂ, ਹੋ ਗਿਆ ਭੁਜ ਕਬਾਬ ।

ਗੱਡੀ ਛੰਦ-12

ਅਕਬਰ ਦੇ ਸਕਾਇਤਾਂ ਹੋਈਆਂ, ਲੱਧੀ ‘ਮਾਂ’ ਰਾਠ ਦੀਆਂ ।
ਮੈਦਾ ਖੱਤਰੀ ਕਚਹਿਰੀ ਕੂਕੇ, ਦੱਬਲੀ ਬਜਾਜੀ ਲੱਖ ਦੀ ।
ਲੁਟਿਆ ਘੋੜਿਆਂ ਦਾ ਸੁਦਾਗਰ ਜੇਹੜਾ, ਸਿਟਤੀ ਲਿਖਾ ਕੇ ਅਰਜ਼ੀ ।
ਰਾਣੀ ਕੂੰਜ ਕਰਲੌਂਦੀ ਆਈ, ਮੰਦਰਾਂ ‘ਚ ਨ੍ਹੇਰ ਪੈ ਗਿਆ ।
ਉਹਦੇ ਲੱਗੀ ਵੀ ਮੱਥੇ ਤੇ ਸਿਆਹੀ, ਚੰਦ ਜੈਸੇ ਮੁਖੜੇ ਤੇ ।
ਨੈਣ ਸੁਜਗੇ ਮਮੋਲਿਆਂ ਵਰਗੇ, ਰਹਿਣ ਇੰਜਾਂ ਵਰਸ ਦੀਆਂ ।
ਸਿਰ ਝਿਰੜਿਆ ਮਤੀਰੇ ਵਰਗਾ, ਪਟੀਆਂ ਵਿਰਾਨ ਹੋਗੀਆਂ ।
ਆਗੀ ਮੁੜਕੇ ਸੁਹਾਗਣ ਰਾਣੀ, ਵੇਸਰ ਲੁਹਾਕੇ ਨੱਕ ਦੀ ।
ਅਕਬਰ ਨੂੰ ਤਰਾਨੇ(ਤਾਹਨੇ) ਮਾਰੇ, ਬੇਗਮ ਮਜਾਜਣ ਨੇ ।
ਤੈਨੂੰ ਛੱਡ ਕੇ ਜਲਾਹਾ ਕਰਲੂੰ, ਵਸਾਂ ਨਾ ਬੇਸ਼ਰਮਾਂ ਦੇ ।
ਸੁਣ ਭੱਖ ਗਿਆ ਅੰਗਿਆਰੇ ਵਾਂਗੂੰ, ਅੱਖੀਓਂ ਚੰਗਿਆੜੇ ਝੜਦੇ ।
ਸੇਕ ਮਾਰਦਾ ਨਿਕਲ ਦੀਆਂ ਲਾਟਾਂ, ਬਾਦਸ਼ਾਹ ਕਚੂਚ ਹੋ ਗਿਆ ।
ਜੇ ਮੈਂ ਰਾਠ ਨਾ ਸਿਟਾਤਾ ਪਿੰਜਰੇ, ਅਕਬਰ ਕੌਣ ਕਹੂ ।
ਬਾਂਦਾਂ ਬੰਨ ਨਾ ਭਰਾਈਆਂ ਜੇਲਾਂ, ‘ਫੁਲਰਾਂ’ ਰਕਾਨ ਸਣੇ ।
ਦੁੱਲੇ ਭੱਟੀ ਦੇ ਜਨਾਨੇ ਸਾਰੇ, ਟਕੇ-ਟਕੇ ਵੇਚ ਦਿਆਂ ।
‘ਰਜਬਲੀ ਖਾਂ’ ਡਰਾ ਲੂ ਕੇਹੜਾ, ਸੂਰਮਿਆਂ ਚਗੱਤਿਆਂ ਨੂੰ ।
ਪਹਿਲਾਂ ਛੇੜਦੇ-ਛੇੜਦੇ, ਭਰਿੰਡਾਂ ਦਿਆਂ ਛੱਤਿਆਂ ਨੂੰ ।ਪਹਿਲਾਂ ਛੇੜਦੇ ।

ਦੋਹਿਰਾ

ਅਕਬਰ ਅਗੜੀ ਬਾਦਸ਼ਾਹ, ਲਾਕੇ ਤੇ ਦਰਬਾਰ ।
ਵੀਚ ਕਚਹਿਰੀ ਧਰ ਦੀਏ, ਪਾਨ ਬੀੜ ਤਲਵਾਰ ।

ਸ਼ਬਦ ਤਰਜ-13

ਬੀੜਾ ਪਾਨ ਦਾ ਕਿਸੇ ਨਾ ਚੱਕਿਆ, ਪੂਰੇ ਦਿਨ ਤਿੰਨ ਗੁਜਰੇ ।
ਬੈਠਾ ਉਛਲੇ ਤਖਤ ਤੇ ਅੱਕਿਆ, ਬਾਦਸ਼ਾਹ ਨੂੰ ਭੁੱਲੇ ਮੁਜਰੇ ।
ਲਾਇਕ ਬੇਗਮ ਰੁੱਸੀ ਨਾ ਅੰਨ ਖਾਂਦੀ, ਇੱਜ਼ਤਾਂ ਉਤਾਰ ਸੱਟੀਆਂ ।
ਮੇਰੀ ਲੁੱਟ ਲੀ ਮੱਕੇ ਨੂੰ ਰਾਂਣੀ ਜਾਂਦੀ, ਬਾਰ ਦਿਆਂ ਹੰਕਾਰਿਆਂ ਭੱਟੀਆਂ ।

ਸਿਰ ਮੁੰਨ ਕੇ ਨਿਸ਼ਾਨੀ ਪਾਤੀ, ਉਦ੍ਹੀ ਤਕਦੀਰ ਹਰਗੀ ।
ਕੈਂਚੀ ਫੜ ਕੇ ਜੜ੍ਹਾਂ ਤੋਂ ਲਾਤੀ, ਗੁੱਤ ਕਾਲੇ ਨਾਗ ਵਰਗੀ ।
ਮਾਰੇ ਸ਼ਰਮ ਲਕੋਕੇ ਲਿਆਂਦੀ, ਸਾਲ ‘ਚ ਵਧਣ ਪੱਟੀਆਂ ।
ਮੇਰੀ ਲੁੱਟ ਲੀ ਮੱਕੇ ਨੂੰ ਰਾਂਣੀ ਜਾਂਦੀ, ਬਾਰ ਦਿਆਂ ਹੰਕਾਰਿਆਂ ਭੱਟੀਆਂ ।

ਮਲੀ ਕਾਲਸ ਤਵੇ ਦੀ ਮੂੰਹ ਤੇ, ਛੱਪੜ ਵਿੱਚ ਗੋਤੇ ਦੇ ।
ਬਾਹਰ ਛੱਡ ਗਿਆ ਪਿੰਡੀ ਦੀ ਜੂਹ ਤੇ, ਝੜਾਕੇ ਉੱਤੇ ਖੋਤੇ ਦੇ ।
ਸਾਰਾ ਖੋ ਲਿਆ ਸਿਉਨਾ ਚਾਂਦੀ, ਖਚਰ ਤੋਂ ਲਾਈਆਂ ਛੱਟੀਆਂ ।
ਮੇਰੀ ਲੁੱਟ ਲੀ ਮੱਕੇ ਨੂੰ ਰਾਂਣੀ ਜਾਂਦੀ, ਬਾਰ ਦਿਆਂ ਹੰਕਾਰਿਆਂ ਭੱਟੀਆਂ ।

ਖੋਰ ਪਿਛਲੇ ਸਮੇਂ ਦਾ ਕੱਢਿਆ, ਜੇਵਰ ਉਤਾਰੇ ਚੋਰ ਨੇ ।
ਜੜੋਂ ਘਰੜ-ਘਰੜ ਨੱਕ ਵੱਢਿਆ, ਲੱਧੀ ਦੇ ਹੰਕਾਰੇ ਛੋਰ੍ਹ ਨੇ ।
ਦੇਵੇ ‘ਬਾਰ’ ‘ਚੋਂ ਲੰਘਣ ਨਾ ਰਾਂਦੀ, ਦਾਰੂ ਦੀਆਂ ਚਾੜ੍ਹੇ ਮੱਟੀਆਂ ।
ਮੇਰੀ ਲੁੱਟ ਲੀ ਮੱਕੇ ਨੂੰ ਰਾਂਣੀ ਜਾਂਦੀ, ਬਾਰ ਦਿਆਂ ਹੰਕਾਰਿਆਂ ਭੱਟੀਆਂ ।

ਪਟਰਾਣੀ ਨੂੰ ਮਾਰਦਾ ਤਾਹਨੇ, ਤੈਨੂੰ ਤਾਂ ਵਖਾਤੇ ਨਾਨਕੇ ।
ਵਾਕੀ ‘ਹੱਜ’ ਕਰ ਜਾਣ ਜਨਾਨੇ, ਮੇਰੀ ਪਿੰਡੀ ਵਿੱਚ ਆਣਕੇ ।
ਕੂੰਜ ਵਾਂਗਰਾਂ ਖੜੀ ਕੁਰਲਾਂਦੀ, ਖਾਂਵਦਾ ਹਰਾਮ ਖੱਟੀਆਂ ।
ਮੇਰੀ ਲੁੱਟ ਲੀ ਮੱਕੇ ਨੂੰ ਰਾਂਣੀ ਜਾਂਦੀ, ਬਾਰ ਦਿਆਂ ਹੰਕਾਰਿਆਂ ਭੱਟੀਆਂ ।

ਅੱਖੀ ਜਾਕੇ ਮੈਂ ਹਕੀਕਤ ਵੇਖੀ, ਨਾਲ ਲੈ ਗਿਆ ਬੀਰਬਲ ਨੂੰ ।
ਉਹਦੀ ਰੇਤ ‘ਚ ਰਲਾਦਿਉ ਸ਼ੇਖੀ, ਉਲਟੀ ਲਹਾਦਿਉ ਖੱਲ ਨੂੰ ।
‘ਬਾਬੂ’ ‘ਫੁਲਰਾਂ’ ਬਣਾ ਲਾਂ ਬਾਂਦੀ, ਉਸ ਤੋਂ ਭਰਾ ਲਾਂ ਚੱਟੀਆਂ ।
ਮੇਰੀ ਲੁੱਟ ਲੀ ਮੱਕੇ ਨੂੰ ਰਾਂਣੀ ਜਾਂਦੀ, ਬਾਰ ਦਿਆਂ ਹੰਕਾਰਿਆਂ ਭੱਟੀਆਂ ।

ਦੋਹਿਰਾ

ਬੀੜਾ ਚੱਕਿਆ ਕਿਸੇ ਨਾ, ਤੇ ਕੁਮਲਾਗੇ ਪਾਨ ।
ਦੁੱਲੇ ਸ਼ੇਰ ਦਲੇਰ ਤੇ, ਨਾ ਕੋਈ ਚੜਦਾ ਜੁਆਨ ।

ਡੂਡਾ ਛੰਦ-14

ਅਕਬਰ ਜਲਾਲ ਦੀਨ ਹੋ ਤੜਿੰਗ ਗਿਆ, ਲਗਾਲਿਆ ਦਰਬਾਰ ਹੈ ।
ਚੱਕੋ ਕੋਈ ਸੂਰਮਾ ਵਧੇਰਾ ਰਿੰਗ ਗਿਆ, ਪਏ ਪਾਨ ਤੇ ਕਟਾਰ ਹੈ ।
ਮਾਰੇ ਮੁੱਕੀ ਮੇਜ਼ ਦੀ ਨਰਮ ਫੱਟੀ ਤੇ, ਬੜੀ ਮਹਿੰਮ ਜੰਗੀ ਪਈ ।
ਕਰੋ ਲਾਲ ਮਾਈ ਦਾ ਝੜਾਈ ਭੱਟੀ ਤੇ, ਉਠਾਲੋ ਤੇਗ਼ ਨੰਗੀ ਪਈ ।

ਪਹਿਲਾਂ ਕਹਿਣ ਲੱਗਾ ਕਾਬਲੀ ਪਠਾਣਾਂ ਨੂੰ, ਓਏ ਖਾ ਕਬਾਬ ਡੱਕਣਿਓ ।
ਚੜੋ ਰਾਜਪੂਤ ਤੇ ਚਲਾਦਿਉ ਬਾਣਾਂ ਨੂੰ, ਗੜੇ ਉਤਾਂਹ ਨੂੰ ਚੱਕਣਿਓ ।
ਪਛਤਾਵੇ ਬਾਦਸ਼ਾਹ ਇੱਜ਼ਤ ਪੱਟੀ ਤੇ, ਖੁਆ ਕਦਰ ਚੰਗੀ ਪਈ ।
ਕਰੋ ਲਾਲ ਮਾਈ ਦਾ ਝੜਾਈ ਭੱਟੀ ਤੇ, ਉਠਾਲੋ ਤੇਗ਼ ਨੰਗੀ ਪਈ ।

ਸੁਣੋ ਕਸ਼ਮੀਰੀਓ ਜੰਮੂ ਦੇ ਡੋਗਰਿਓ, ਮੁੰਡਿਓ ਪਹਾੜਾਂ ਵਰਗਿਓ ।
ਪਹਿਲਵਾਨੋ ਦਿਉਆਂ ਸੇ ਲੜਨ ਜੋਗਰਿਓ, ਕਿਮੇ ਭੱਟੀ ਸੇ ਡਰਗਿਓ ।
ਦੁੱਲੇ ਲੱਕ ਬੰਨ ਲਿਆ ਹਰਾਮ ਖੱਟੀ ਤੇ, ਮਲੀ ਕਈਆਂ ਦੀ ਸੰਘੀ ਪਈ ।
ਕਰੋ ਲਾਲ ਮਾਈ ਦਾ ਝੜਾਈ ਭੱਟੀ ਤੇ, ਉਠਾਲੋ ਤੇਗ਼ ਨੰਗੀ ਪਈ ।

ਸੂਰਜ ਵੰਸ ਛਤਰੀ ਨੌ ਐਲ੍ਹੇ ਦਿਉ, ਸ਼ੇਰਾਂ ਸੇ ਕਰਦੇ ਕੁਸਤੀਆਂ ।
ਵੇਲ੍ਹੇ ਘਰ ਖਾਂਦੇ ਮੁਗਲਾਂ ਦਾ ਪਹਿਲੇ ਦਿਉ, ਉਠੋ ਵਿਖਾਦਿਉ ਚੁਸਤੀਆਂ ।
ਨੀਵੀਂ ਪਾਕੇ ਬਹਿਗੇ ਜਿਉਂ ਕਰਾੜ ਹੱਟੀ ਤੇ, ਵਖਾਦਿਓ ਧੌਣ ਟੰਗੀ ਪਈ ।
ਕਰੋ ਲਾਲ ਮਾਈ ਦਾ ਝੜਾਈ ਭੱਟੀ ਤੇ, ਉਠਾਲੋ ਤੇਗ਼ ਨੰਗੀ ਪਈ ।

ਜਾਕੇ ਜੜਾਂ ਪੱਟਣ ਮਰਦ ਦੱਖਣੀ, ਕੰਡੇ ਖੰਡੌਣ ਕਿਕਰੀਆਂ ।
ਮੇਰੀ ਲਾਜ ਸੂਰਮਿਓ ਸਭਾ ਰੱਖਣੀ, ਕਿਉਂ ਆਗੀਆਂ ਸਿੱਕਰੀਆਂ ।
ਰਾਜ਼ੀ ਰਹਿੰਦਾ ਰੱਤ ਮਾੜਿਆਂ ਦੀ ਚੱਟੀ ਤੇ, ਸਭੀ ਜ਼ਮੀਨ ਰੰਗੀ ਪਈ ।
ਕਰੋ ਲਾਲ ਮਾਈ ਦਾ ਝੜਾਈ ਭੱਟੀ ਤੇ, ਉਠਾਲੋ ਤੇਗ਼ ਨੰਗੀ ਪਈ ।

‘ਮੈਦੇ’ ਹੋਰੀਂ ਕੁਟ ਕੇ ਘਰਾਂ ਨੂੰ ਮੋੜੇ ਸੀ, ਤਮਾਮ ਮਾਲ ਪਚਗਿਆ ।
ਅਲੀ ਰਾਅ ਸੁਦਾਗਰ ਖੁਹਾ ਗਿਆ ਘੋੜੇ ਸੀ, ਬੜਾ ਗਦਰ ਮੱਚ ਗਿਆ ।
ਰਾਣੀ ਨਾ ਗੁੰਦੌਂਦੀ ਸਿਰ ਗੁੱਤ ਕੱਟੀ ਤੇ, ‘ਬਾਬੂ’ ਸੰਭਾਲੀ ਕੰਘੀ ਪਈ ।
ਕਰੋ ਲਾਲ ਮਾਈ ਦਾ ਝੜਾਈ ਭੱਟੀ ਤੇ, ਉਠਾਲੋ ਤੇਗ਼ ਨੰਗੀ ਪਈ ।

ਦੋਹਿਰਾ

ਜਾਮ ਦੀਨ ਇੱਕ ਅਟਕ ਦਾ, ਬੀੜਾ ਲਵੇ ਉਠਾਏ ।
ਸ਼ਹਿਰ ਦੁੱਲੇ ਰਾਜਪੂਤ ਦਾ, ਤੁਰਤ, ਘੇਰਲੂ ਜਾਏ ।

ਡੂਡਾ ਛੰਦ-15

ਅਕਬਰ ਬਾਦਸ਼ਾਹ ਗੱਦੀ ਤੇ ਗੜਕੇ, ਚੜਿਆ ਕਰੋਧ ਹਮ ਨੂੰ ।
ਕੋਈ ਦੁੱਲੇ ਰਾਠ ਨੂੰ ਲਿਆਵੇ ਫੜਕੇ, ਲੁਹਾਦਿਆਂ ਪੁੱਠੇ ਚੰਮ ਨੂੰ ।
ਤਿੰਨ ਦਿਨ ਹੋਗੇ ਬਾਦਸ਼ਾਹ ਭਟਕ ਦਾ, ਬੀੜਾ ਉਠੌਣੋ ਅੜ ਗਿਆ ।
ਕਟਕਾਂ ਦਾ ਮੋਰ੍ਹੀ ਬਾਦਸ਼ਾਹ ਅਟਕ ਦਾ, ਦੁੱਲੇ ਭੱਟੀ ਤੇ ਚੜ੍ਹਗਿਆ ।

ਲੈਲੇ ਨਾਲ ਜੁਆਨ ਕਾਬਲ ਕੰਧਾਰ ਦੇ, ਤੇ ਗਜਨੀ ਹਰਾਤ ਦੇ ।
ਹਥਿਆਰ ਪਹਿਨ ਲਲਕਾਰੇ ਮਾਰਦੇ, ਬੜੀ ਲੜਾਕੀ ਜਾਤ ਦੇ ।
ਤੇਜ ਧਾਰ ਖੰਡਾ ਗਾਤਰੇ ਲਟਕਦਾ, ਤੇ ਹੋ ਤਿਆਰ ਖੜ ਗਿਆ ।
ਕਟਕਾਂ ਦਾ ਮੋਰ੍ਹੀ ਬਾਦਸ਼ਾਹ ਅਟਕ ਦਾ, ਦੁੱਲੇ ਭੱਟੀ ਤੇ ਚੜ੍ਹਗਿਆ ।

ਸਬਜ ਵਛੇਰਾ ਸਬਜ ਕਲੀਨ ਸੀ, ਤੇ ਸਾਜ ਸੀ ਕਸੂਰ ਦਾ ।
ਉੱਤੇ ਬੈਠਾ ਸੱਜਦਾ ਨਿਜ਼ਾਮ ਦੀਨ ਸੀ, ਜਾਣੀ ਝਨਾਂ ਤੋਂ ਦੂਰ ਦਾ ।
ਤੋਰ ਜਿਵੇਂ ਪਰਤਾਪ ਦੇ ‘ਚਟਕ’ ਦਾ, ਸੁੱਚਾ ਲਗਾਮ ਫੜ ਗਿਆ ।
ਕਟਕਾਂ ਦਾ ਮੋਰ੍ਹੀ ਬਾਦਸ਼ਾਹ ਅਟਕ ਦਾ, ਦੁੱਲੇ ਭੱਟੀ ਤੇ ਚੜ੍ਹਗਿਆ ।

(ਚਟਕ=ਪਰਤਾਪ ਦੇ ਘੋੜੇ ਦਾ ਨਾਂ ਚੇਤਕ ਸੀ)

ਸੂਹਾ ਝੰਡਾ ਜੰਗ ਦਾ ਹਵਾ ‘ਚ ਫਰਕੇ, ਦਮਾਮਿਆਂ ਤੇ ਟਕੋਰ ਪਏ ।
ਹਾਥੀ ਝੰਗਿਆੜ ਦੇ ਜ਼ਮੀਨ ਥਰਕੇ, ਵੜਾ ਕਰਾਰਾ ਛੋਰ ਪਏ ।
ਕੱਲਾ ਜੁਆਨ ਦਸਾਂ-ਦਸਾਂ ਨੂੰ ਪਟਕਦਾ, ਸੁਚਾ ਲਗਾਮ ਫੜ ਗਿਆ ।
ਕਟਕਾਂ ਦਾ ਮੋਰ੍ਹੀ ਬਾਦਸ਼ਾਹ ਅਟਕ ਦਾ, ਦੁੱਲੇ ਭੱਟੀ ਤੇ ਚੜ੍ਹਗਿਆ ।

ਹੱਦ ਟੱਪ ਪੌਂਹਚ ਗੇ ਦੁੱਲੇ ਦੀ ਬਾਰ ਮੇਂ, ਨਗਰ ਜਾ ਕੇ ਵਲ ਲਿਆ ।
ਲਲਕਾਰੇ ਮਾਰਦੇ ਜੁਆਨ ਕਾਰਮੇ, ਘਰਾਂ ਨੂੰ ਵਾਹ ਦਿਓ ਹਲ ਲਿਆ ।
ਜਿਹੜੀ ਪਿੰਡੀ ਨਾ ਚਿੜਾ ਫੜਕਦਾ, ਤੇ ਹੋ ਕੇ ਬੇ ਫ਼ਿਕਰ ਖੜ ਗਿਆ ।
ਕਟਕਾਂ ਦਾ ਮੋਰ੍ਹੀ ਬਾਦਸ਼ਾਹ ਅਟਕ ਦਾ, ਦੁੱਲੇ ਭੱਟੀ ਤੇ ਚੜ੍ਹਗਿਆ ।

ਪੈਣ ਸਵਾਰਾਂ ਲੈ ਉਡਾਈਆਂ ਗਰਦਾਂ, ਨਜੀਕ ਆਕੇ ਢਾਣੀ ਦੇ ।
ਲੱਧੀ ਮਾਂ ਦੇ ਕਾਲਜੇ ਵਗਣ ਕਰਦਾਂ, ਅੰਧੇਰ ਪੈਗੇ ਜਾਣੀ ਦੇ ।
ਜੱਗ ਵਿੱਚ ਮੇਲਾ ‘ਬਾਬੂ’ ਜੀ ਝੱਟਕ ਦਾ, ਸਦੋ ਕਿਤਾਬਾਂ ਪੜ ਗਿਆ ।
ਕਟਕਾਂ ਦਾ ਮੋਰ੍ਹੀ ਬਾਦਸ਼ਾਹ ਅਟਕ ਦਾ, ਦੁੱਲੇ ਭੱਟੀ ਤੇ ਚੜ੍ਹਗਿਆ ।

ਦੋਹਿਰਾ

ਪਿੰਡ ਵਿਚ ਖਬਰਾਂ ਲੱਗਦੀਆਂ, ਆਉਂਦੇ ਚੜੇ ਗਨੀਮ ।
ਲੱਧੀ ਫਿਕਰੀਂ ਪੈ ਗਈ, ਕੀ ਕੁਝ ਕਰੂ ਗਨੀਮ ।

ਦੋ ਭਾਗ ਛੰਦ-16

ਜਿਉਂ ਜਿਉਂ ਖਬਰਾਂ ਸੁਣਨ ਲੱਗੀ ਬੁਰੀਆਂ,
ਲੱਧੀ ਮਾਂ ਦੇ ਕਾਲਜੇ ਵੱਜਣ ਛੁਰੀਆਂ ।

ਸੱਦ ਕੇ ਸਿਖਾਤਾ ਕਾਜ਼ੀ ਅਤੇ ਪਾਂਡੇ ਨੂੰ,
ਕਹਿਕੇ ਮੇਰੇ ਪੁੱਤ ਨੂੰ ਘਲਾਦੇ ਵਾਂਡੇ ਨੂੰ ।

ਪਾਂਡੇ ਖੋਲ ਪੱਤਰੀ ਵਿਖਾਤੀ ਦੁੱਲੇ ਨੂੰ,
ਭਲੀ ਚੌਹਨੈ ਚੜਕੇ ਭਜਾ ਜਾ ਕੁੱਲੇ ਨੂੰ ।

ਤਿੰਨ ਦਿਨ ਨਾਨਕੀ ਚਨੌਟ ਕੱਟਿਆ,
ਨਹੀਂ ਸੀਸ ਜਾਊਗਾ ਰਣਾਂ ‘ਚ ਕੱਟਿਆ ।

ਦੁੱਲਾ ‘ਆਖੇ’ ਕਾਜ਼ੀ ਬਾਮ੍ਹਣਾ ਦੇ ਲੱਗ ਗਿਆ,
ਉਸੇ ਵੇਲੇ ਚੜ੍ਹ ਨਾਨਕਿਆਂ ਨੂੰ ਵੱਗ ਗਿਆ ।

ਮੁਗਲਾਂ ਨੇ ਘੇਰ ਲੀ ਪਿੰਡੀ ਦੀ ਨਗਰੀ,
ਖੂਹ ਦੇ ਵਿੱਚ ਪੈਗੀ ਭੱਟੀ ਦੀ ਉਜੱਗਰੀ ।

ਆਕੇ ਫੌਜ ਵਿੱਚ ਉੱਤਰੀ ਨਿਆਈਆਂ ਦੇ,
ਪਹਿਰੇ ਦਰਬਾਜ਼ੀਂ ਲੱਗ ਗੇ ਸਿਪਾਹੀਆਂ ਦੇ ।

ਕੁਝ ਪੈਗੇ, ਕਰੀ ਪਟਰੌਲ ਬਾਕੀਆਂ,
ਛੋਰ ਪਾਤੇ ਪਾਕੇ ਹਿਣਕਾਟ ਰਾਕੀਆਂ ।

ਹਾਥੀਆਂ ਦੇ ਉੱਤੋਂ ਲਾਹੀਆਂ ਅਲਮਾਰੀਆਂ,
ਖਚਰਾਂ ਨੂੰ ਲੈਗੇ ਚਾਰਨੇ ਨਿਹਾਰੀਆਂ ।

ਚਿਲਕੋਰਾਂ ਮਾਰਨ ਕਟਾਰਾਂ ਨੰਗੀਆਂ,
ਬਿਰਛਾਂ ਤੇ ਝੁਲਣ ਕਮਾਣਾ ਟੰਗੀਆਂ ।

ਲੱਧੀ ਕਹਿੰਦੀ ‘ਫੁਲਰਾਂ’ ਭਰਾਵਾਂ ਪਿੱਟੀਏ,
ਚੱਲ ਪੈਰੀਂ ‘ਮੇਹਰੂ’ ਦੇ ਸਿਲੋਟੀ ਸਿੱਟੀਏ ।

ਓਸੇ ਵੇਲੇ ਸੱਸ-ਨੋਂਹ ਚਬਾਰੇ ਚੜੀਆਂ,
ਦੋਵੇਂ ਰੋਣ ਮੇਹਰੂ ਦੇ ਚਬਾਰੇ(ਦਵਾਰੇ) ਖੜੀਆਂ ।

‘ਬਾਬੂ’ ਜੀ ਜਗੌਣ ਮੇਹਰ ਖਾਂ-ਵੇ-ਮੇਹਰ ਖਾਂ,
ਉੱਠ ਨਿਗਾ ਪਿੰਡੀ ਦੇ ਉਦਾਲੇ ਫੇਰ ਖਾਂ ।

ਦੋਹਿਰਾ

ਵੇਖ ਕੱਟਕ ਨੂੰ ਉੱਤਰ ਗਿਆ, ਪੋਸ਼ਤ ਨਸ਼ਾ ਨਾਲਾਇਕ ।
ਆਵੇ ਅੰਤ ਸਮਾਰ ਨਾ, ਮੈਂ ‘ਦੱਸ’ ਮਾਰੂੰ ਕਾਇਕ ।

ਤਰਜ-17

1

ਦੋਵੇਂ ਨੋਂਹ-ਸੱਸ ਆਈਆਂ ਡੇਰੇ,
ਖੜਾ ਅਮਲੀ ਸਿਰ ਨੂੰ ਫੇਰੇ,
ਪਾਪੀ ਮੁਗਲਾਂ ਪਾਲੇ ਘੇਰੇ ।
ਫਿਰੇ ਲਛਕਰ ਉਡਦੇ ਰੇਤੇ ਜੀ,
ਅੱਜ ਮੇਹਰੂ ਆਗਿਆ ਚੇਤੇ ਜੀ ।
ਪੁੱਤ ਹਰਖਿਆ ਮਾਰੇ ਮੇਹਣੇ,
ਕੀ ਕਰਜੇ ਤੁਸਾਂ ਦੇ ਦੇਣੇ,
ਮਾਂ ਚੰਦਰੀ ਮੁੜ-ਮੁੜ ਨੇਹਣੇ ।
ਕਿਵੇਂ ਜਾਦ ਕਰ ਲਿਆ ਭੁੱਲੇ ਨੂੰ,
ਖੰਡ, ਦੁੱਧ, ਘਿਉ, ਮੱਖਣੀ ਦੁੱਲੇ ਨੂੰ ।

2

ਮੈਨੂੰ ਲੱਧੀ ਏ ਸਭ ਕੁਝ ਦਿਸਦਾ,
ਭਰੇ ਫੋੜੇ ਵਾਂਗੂੰ ਫਿਸਦਾ,
ਸੱਚ ਆਦਰ ਕਰਦੀ ਜਿਸਦਾ,
ਔਂਦੀ ਬਿਨਾ ਖੁਰਾਕ ਦਲੇਰੀ ਨੀ,
ਮੈਂ ਪੁੱਤ ਤੇ ਤੂੰ ਮਾਂ ਮੇਰੀ ਨੀ ।
ਬੇਹਾ ਟੁਕਰ ਖਾ ਦਿਨ ਤੋੜਾਂ,
ਜੀਹਨੂੰ ਖੁਆਉਂਦੀ ਪਰੌਂਠੇ ਦੋੜਾਂ,
ਐਸ ਜੰਗ ਵਿੱਚ ਪੈਗੀਆਂ ਲੋੜਾਂ ।
ਭਾਲ ਬਾਗੜ ਬਿਲੇ ਫੁੱਲੇ ਨੂੰ,
ਖੰਡ, ਦੁੱਧ, ਘਿਉ, ਮੱਖਣੀ ਦੁੱਲੇ ਨੂੰ ।

3

ਉਹਨੂੰ ਖੋਏ ਕੱਢ-ਕੱਢ ਖੁਆਵੇਂ,
ਵਿੱਚ ਦਾਖ ਬਦਾਮ ਰਲਾਵੇਂ,
ਮੈਨੂੰ ਝਿੜਕ ਕੇ ਦੂਰ ਹਟਾਵੇਂ ।
ਬੋਡਾ ਹੋਗਿਆ ਪੀ-ਪੀ ਪਿੱਛ ਨੂੰ ਨੀ,
ਖਾਵੇ ਬਾਂਦਰ, ਫਾਹਾ ਰਿੱਛ ਨੂੰ ਨੀ ।
ਮੈਂ ਕਰਜਾਂ ਸਬਰ-ਸਬੂਰੀ,
ਉਹਨੂੰ ਦੇਵੇਂ ਕੁਟ-ਕੁਟ ਚੂਰੀ,
ਥਾਲੀ ਖੀਰ ਕੜਾਹ ਦੀ ਪੂਰੀ ।
ਲਵੇ ਮੌਜਾਂ ਵੱਢਦਾ ਬੁਲੇ ਨੂੰ,
ਖੰਡ, ਦੁੱਧ, ਘਿਉ, ਮੱਖਣੀ ਦੁੱਲੇ ਨੂੰ ।

4

ਚੋਰੀ ਚੱਕ-ਚੱਕ ਬਕਰੇ ਖਾਣਾ,
ਫਿਰੇ ਘਰ ‘ਚ ਬਣਾਈ ਠਾਣਾ,
ਤਾਂ ਮੈਂ ਉਸ ਨੂੰ ਸੂਰਮਾਂ ਜਾਣਾ ।
ਅੱਜ ਨੱਕ ਜੇ ਮੋੜੇ ਮਿਰਜੇ ਦਾ,
ਫਿਰੇ ਮੈਲਾ ਨਿਕਲ ਦਾ ਸਿਰ ਜੇ ਦਾ ।
ਜਿਹੜੀ ਮੁਫ਼ਤੀ ਛੱਕਦੇ ਦਾਰੂ,
ਕੱਠੇ ਕਰਲੋ ਉਸ ਦੇ ਵਾਹਰੂ,
ਪਾ ਕੰਡਿਆਲਾ ਕੱਸ ਤਾਰੂ ।
ਅੱਜ ਕਿਧਰ ਭਜਾ ਗਿਆ ਕੁਲੇ ਨੂੰ ।
ਖੰਡ, ਦੁੱਧ, ਘਿਉ, ਮੱਖਣੀ ਦੁੱਲੇ ਨੂੰ ।

5

ਉਹ ਤਕੜਾ ਮੈਂ ਕਮਜ਼ੋਰਾ,
ਪਿਆ ਖਾਲੀ ਸ਼ੇਰ ਦਾ ਘੋਰਾ,
ਕਾਡ ਵਾਰ ਵਡਿਆਈ ਖੋਰਾ ।
ਜੋ ਕਰਦਾ ਰੋਜ਼ ਵਵਾੜਾਂ ਨੂੰ,
ਤੇਰਾ ਗਿੱਦੜ ਵੜਗਿਆ ਝਾੜਾਂ ਨੂੰ ।
ਨਸ਼ਾ ਪੀਕੇ ਕਰਦਾ ਆਕੜ,
ਵੱਢ ਕਰਦੇ ਫਾਕੜ-ਫਾਕੜ,
ਸੱਤਾਂ ਚੂੜਿਆਂ ਜਿਤਨੀ ਆਕੜ ।
ਭੰਨੇ ਨਿੱਤ ਦੁਆਨੀ ਦੇ ਚੁਲੇ ਨੂੰ ।
ਖੰਡ, ਦੁੱਧ, ਘਿਉ, ਮੱਖਣੀ ਦੁੱਲੇ ਨੂੰ ।

6

ਭੁੱਖਾ ਮਰਦਾ ਸੁਕਾਲਿਆ ਚੰਮ ਜੀ,
ਵਾਲੀ ਹਿੱਕ ‘ਚੋਂ, ਨਿਕਲੇ ਲੰਮ ਜੀ,
ਦੋਵੇਂ ਦੇਣ ਕੁਵੇਲੇ ਕੰਮ ਜੀ ।
ਖੋਟਾ ਪੈਸਾ ਕਪੁੱਤ ਮੇਰੇ ਵਰਗੇ ਨੀ,
ਕੰਮ ਵਿਗੜੇ ਸਪੂਰਨ ਕਰਗੇ ਨੀ ।
‘ਰਜਬਲੀ ਖਾਂ’ ਗੋਲੀਆਂ ਰੋੜੇ,
ਟੁੱਟੇ ਦਿਲ ਤੇ ਮੋਤੀ ਜੋੜੇ,
ਗਿਆ ਤੀਰ ਕਮਾਣੋਂ ਮੋੜੇ ।
ਪੌਂਦੀ ਕੋਰੀ ਵਿੱਚ ਦੁੱਧ ਡੁਲੇ ਨੂੰ,
ਖੰਡ, ਦੁੱਧ, ਘਿਉ, ਮੱਖਣੀ ਦੁੱਲੇ ਨੂੰ ।

ਦੋਹਿਰਾ

ਲੱਧੀ ਫੁਲਰਾਂ ਨੂੰ ਕਹੇ, ਤੂੰ ਸੁਣ ਮੇਰੀ ਬਾਤ ।
ਚੱਕ ਲਿਆ ਡੱਬੀ ਫੀਮ ਦੀ, ਆਲਾ ਵਿੱਚ ਸਵਾਤ ।

ਡਿਉਡਾ ਛੰਦ-18

ਕਹੇ ਤਾਕੀ ਸਿਓਨੇ ਦੀ ਸੁਨਹਿਰੀ ਆਲਾ, ਦੋ ਜਿੰਦਰੇ ਸਵਰਨ ਦੇ ।
ਪੋਸਤ ਦਾ ਅਮਲ ਨਿਕੰਮਾ ਵਾਲਾ, ਨਿਕੰਮਾ ਲਹਿ ਗਿਆ ਗਰਨ ਦੇ ।
ਲੱਗੀ ਹੈ ਜੰਗਾਲ ਚੂਥੀ ਲਾਲ੍ਹੀ, ਫੱਟੀ ਦੀ, ਖੜੋਤੀ ਲੈਂਦੀ ਝਈਆਂ ਨੂੰ ।
ਲਿਆਦੇ ਡੱਬੀ ਫੀਮ ਦੀ ਫ਼ਰੀਦ ਭੱਟੀ ਦੀ, ਨਸ਼ਾ ਚੜੇ ਨਸ਼ਈਆਂ ਨੂੰ ।

ਅੰਗਦ ਦੇ ਵਾਂਗਰਾਂ ਟਿਕਾਦੂ ਅੰਗ ਨੂੰ, ਜਾ ਮਿਰਜ਼ੇ ਦੀ ਕਚਹਿਰੀ ‘ਚੈ ।
ਨਰ ਨਸ਼ਾ ਝੜਾਦੂ ਨਸ਼ਾ ਅੰਗ-ਅੰਗ ਨੂੰ, ਪਵੇ ਜ਼ਹਿਰ-ਜ਼ਹਿਰੀ ‘ਚੈ ।
ਲਿਆ ਕਦਰ ਪੈਜੇ ਪਾਰਸ ਦੀ ਵੱਟੀ ਦੀ, ਘੜਿਆ ਦਲੀਲਾਂ ਢਈਆਂ ਨੂੰ ।
ਲਿਆਦੇ ਡੱਬੀ ਫੀਮ ਦੀ ਫ਼ਰੀਦ ਭੱਟੀ ਦੀ, ਨਸ਼ਾ ਚੜੇ ਨਸ਼ਈਆਂ ਨੂੰ ।

ਕਰ ਕੋਈ ਫੁਲਰਾਂ ਅਫੀਮ ਦਾ ਬਿਲਾ, ਵੈਰੀ ਕਰੇ ਅਨਰਥ ਨੂੰ ।
ਮੇਰਾ ਅਰਜਣ ਤੋੜੂ ਮੱਤ ਦਾ ਕਿਲਾ, ਨੀ ਮਾਰੂ ਜੈਦਰੱਥ ਨੂੰ ।
ਢਕਣੀ ਉਤਾਰ ਕੇ ਡੱਬੀ ਜੀ ਛੱਟੀ ਦੀ, ਮੁੱਦਤ ਹੋਗੀ ਪਈਆਂ ਨੂੰ ।
ਲਿਆਦੇ ਡੱਬੀ ਫੀਮ ਦੀ ਫ਼ਰੀਦ ਭੱਟੀ ਦੀ, ਨਸ਼ਾ ਚੜੇ ਨਸ਼ਈਆਂ ਨੂੰ ।

ਪੁੱਤਰ ਖਰੂਦੀ ਪਾਦੂਗਾ ਖਰੂਦ ਨੂੰ, ਉਡੀਕੇ ਰਣਭੂਮਕਾ ।
ਬੇਗਮੇ ਚੜਾਦੇ ਜੰਗ ਤੇ ਦਹੂਦ ਨੂੰ, ਉਤਾਰੇ ਸੀਸ ਰੂਮ ਕਾ।
ਵੈਰੀਆਂ ਦੀ ਫੌਜ ਮੈਂ ਵਿਖਾਦੂੰ ਕੱਟੀ ਦੀ, ਲਟਾਦੂ ਜੁਆਨਾਂ ਕਈਆਂ ਨੂੰ ।
ਲਿਆਦੇ ਡੱਬੀ ਫੀਮ ਦੀ ਫ਼ਰੀਦ ਭੱਟੀ ਦੀ, ਨਸ਼ਾ ਚੜੇ ਨਸ਼ਈਆਂ ਨੂੰ ।

ਨਾਗਵਤੀ ਡੋਲ ਨਾ ਭਰੇ ਵੇ ਨੈਣ ਨੀ, ਹੁੰਦਾ ਤਿਆਰ ਸੂਰਾ ਹੈ ।
ਹੋਗਿਆ ਕੀ ਚਲਾ ਗਿਆ ਰੱਤਨ ਸੈਣ ਨੀ, ਘਰੇ ਬਦਲ, ਭੂਰਾ ਹੈ ।
ਛਤਰੀ ਬਨਸ ਦੀ ਇੱਜ਼ਤ ਪੱਟੀ ਦੀ, ਚਿੰਤਾ ਦਵੱਲੂ ਮਈਆਂ ਨੂੰ ।
ਲਿਆਦੇ ਡੱਬੀ ਫੀਮ ਦੀ ਫ਼ਰੀਦ ਭੱਟੀ ਦੀ, ਨਸ਼ਾ ਚੜੇ ਨਸ਼ਈਆਂ ਨੂੰ ।

‘ਬਾਬੂ’ ਮੁਆਤਾ ਵਾਲ ਦੇ ਲਜਾਈਏ ਅਗਨੀ, ਗੁੱਸੇ ਦੀ ਲਾਟ ਨਿਕਲੇ ।
ਯੁੱਧ ਨੂੰ ਚੜ੍ਹੇ ਜੇ ਮੇਹਰ ਖਾਂ ਸਲੱਗ ਨੀ, ਦੁਸ਼ਮਣ ਸੇ ਮਿਕਲੇ ।
ਮਿਰਜੇ ਦੀ ਰੱਤ ਮੈਂ ਵਿਖਾਦੂੰ ਚੱਟੀ ਦੀ, ਜਗਾਦਿਆਂ ਸਤੇ ਵਈਆਂ ਨੂੰ ।
ਲਿਆਦੇ ਡੱਬੀ ਫੀਮ ਦੀ ਫ਼ਰੀਦ ਭੱਟੀ ਦੀ, ਨਸ਼ਾ ਚੜੇ ਨਸ਼ਈਆਂ ਨੂੰ ।

ਦੋਹਿਰਾ

ਮੇਹਰੂ ਜਾਂਦਾ ਲੜਨ ਨੂੰ, ਲਾਕੇ ਪੰਜ ਹਥਿਆਰ ।
ਲੜਕੇ ਕੌਡੀ ਖੇਡਦੇ, ਖੜੇ ਫਲੇ ਦੇ ਬਾਰ ।

ਤਰਜ ਗੱਡੀ-19

ਮਾਂ ਨੇ ਪੰਜ ਹਥਿਆਰ ਲਗਾਕੇ, ਜੰਗ ਨੂੰ ਝੜਾਤਾ ਅਮਲੀ ।
ਅਗੇ ਖੇਡ ਦੇ ਕਬੱਡੀ ਲੜਕੇ, ਪਿੰਡ ਦੇ ਚਗਾਨ ਵਿੱਚ ਜੀ ।
ਚਿੱਤ ਕਰਦਾ ਕਬੱਡੀ ਖੇਲਾਂ, ਰੱਖਤਾ ਹਥਿਆਰਾਂ ਨੂੰ ।
ਪਹਿਲਾਂ ਕਰਕੇ ਮੁੰਡਿਆਂ ਸਿਰ ਪਾਲਾ, ਭਰੂੰ ਘੁੱਟ ਮੁਗਲਾਂ ਦਾ ।
ਚੰਗੂ ਕੱਡਕੇ ਮੁੰਡਿਆਂ ਦੀਆਂ ਰੜਕਾਂ, ਵਿਊਂਤ ਲੂੰ ਪਠਾਣਾਂ ਨੂੰ ।
ਛੋਰ੍ਹ ਭੱਜਕੇ ਘਰੋ ਘਰੀਂ ਵੜਗੇ, ਮੇਹਰੂ ਕੌਡੀ ਪੌਣ ਗਿਆ ।
ਠੇਡਾ ਵੱਜਿਆ ਗੋਡਣੀ ਲੱਗਗੀ, ਭੁੱਲ ਗਿਆ ਕਬਾਡੀ ਨੂੰ ।
ਨਸ਼ਾ ਖਿੜ ਗਿਆ ਪੀਣਕਾਂ ਲੱਗੀਆਂ, ਉਸੇ ਥਾਂ ਗੁਜ਼ਾਰੀ ਰਾਤਰੀ ।
ਇੱਕ ਬੁੜੀ ਪੌਹ ਫੁੱਟੀ ਤੋਂ ਪਹਿਲਾਂ, ਗੋਹਾ ਕੂੜਾ ਕਰਨ ਗਈ ।
ਮੁੱਢ ਜਾਣ ਕੇ ਟੋਕਰਾ ਝਾੜੇ, ਅਮਲੀ ਦੇ ਟੋਟਣ ਤੇ ।
ਵੱਜਿਆ ਟੋਕਰਾ ਰੋਬੜਾ ਪੈਗਿਆ, ਅਮਲੀ ਦੀ ਅੱਖ ਖੁਲਗੀ ।
ਚੂੜ੍ਹੀ ਭਜਕੇ ਮੋਰ ਜਿਉਂ ਫੜ ਲੀ, ਕੌਡੀ-ਕੌਡੀ ਕਰਦੇ ਨੇ ।
ਦੋਹਾਂ ਬਾਹਾਂ ਦਾ ਝੰਜੋੜਾ ਮਾਰਿਆ, ਪਲ ‘ਚ ਭਮਾਤੀ ਚੱਕਰੀ ।
ਢੁਹੀ ਪਰਨੇ ਜਿਮੀ ਤੇ ਠੋਕੀ, ਪੱਟਾ ਤੇ ਨਿਕਾਲ ਕੱਡ ਕੇ ।
ਰੋੜ੍ਹ ਜੱਟ ਨੇ ਕਢਾਲੀ ਹੇਠੋਂ, ਕੂਹਣੀਆਂ ਉਚੇੜ ਦਿੱਤੀਆਂ ।
ਚੂੜ੍ਹੀ ਆਖਦੀ ਜਹਾਨੋ ਜਾਣਾ, ਛੇੜ ਦੇ ਪਤੰਦਰਾਂ ਨੂੰ ।
ਮੇਰੇ ਪਿਛਲੇ ਪਿਉ ਦਾ ਸਾਲਾ, ਮੁਗਲਾਂ ਨੂੰ ਨਕਲਾਂ ਕਰੇ ।
ਕੱਚਾ ਹੋਗਿਆ ਨਿਘਰ ਦਾ ਜਾਵੇ, ਸੁਣ ਕੇ ਸਲੋਕਾਂ ਨੂੰ ।
‘ਰਜਬਲੀ ਖਾਂ’ ‘ਰਜਬਲੀ ਖਾਂ’ ਵਿਖਾ ਜੰਗ ਲੋਕਾਂ ਨੂੰ ।’ਰਜਬਲੀ ਖਾਂ’।

ਦੋਹਿਰਾ

ਮੇਹਰੂ ਜਾਂਦਾ ਲੜਨ ਨੂੰ, ਯਾਰ ਰਲਾਲੇ ਨਾਲ ।
ਦੁਸ਼ਮਣ ਫੜ-ਫੜ ਮਾਰਨੇ, ਦੇਣ ਕੁਠਾਲੀ ਗਾਲ ।

ਮੁਕੰਦ ਛੰਦ-20

ਮੇਹਰੂ ਨਾਲ ਚੜਗੇ ਤਮਾਮ ਪੋਸਤੀ,
ਦੁੱਖ ਕੱਟ ਸੀਸ ਤੇ ਨਿਭਾਗੇ ਦੋਸਤੀ ।
ਹੌਸਲਾ ਝੜਾਤਾ ਜੰਗ ਦੀ ਤਲੀਮ ਨੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਇਕੇ ਵਾਰੀ ਪੇੜੇ ਜਿਤਨੀ ਨਿਘਾ ਗਿਆ,
ਜਿਤਨਾ ਹਰਖ ਨੇਤਰਾਂ ‘ਚ ਆ ਗਿਆ ।
ਭਰ ਭਰ ਰੁੱਗ ਲੱਗ ਜਾਂਦੇ ਜੀਮਣੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਤਿੰਨ-ਤਿੰਨ ਮਾਰੇ ਨਾਲ ਦਿਆਂ ਨੇ ਫੱਕੇ ਜੀ,
ਅੱਖਾਂ ਮੂਹਰੇ ਦਿਸਣ ਲਟੈਣਾਂ ਡੱਕੇ ਜੀ ।
ਪੱਥਰਾਂ ਦੇ ਮੂਹਰੇ ਕੀ ਖੜੋਣਾ ਢੀਮ ਨੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਵੜਗੇ ਲਗੜ ਚਿੜੀਆਂ ਦੀ ਡਾਰ ਮੇਂ,
ਮੁਗਲਾਂ ਦੇ ਮਾਰਤੇ ਜਵਾਨ ਕਾਰਮੇ ।
ਕਰੇ ਸੀਸ ਚੀਕਰਾਂ ਫੁਲਾਦੀ ਬੀਮ ਨੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਕਹਿਣ ਲੱਗੇ ਜੁਆਨ ਮੇਹਰੂ ਖਾਂ ਦੇ ਨਾਲ ਦੇ,
ਅਸੀਂ ਬੁੱਢੇ ਹੋਗੇ ਮੁਗਲਾਂ ਨੂੰ ਭਾਲਦੇ ।
ਜਿਉਂਦਿਆਂ ਦੇ ਮੱਥੇ ਜੋੜਤੇ ਕਰੀਮ ਨੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਵੱਢ-ਵੱਢ ਲਾਤੇ ਵੈਰੀਆਂ ਦੇ ਪੂਰ ਜੀ,
ਭੱਜਦਿਆਂ ਨੂੰ ਹੋ ਗਿਆ ਲਹੌਰ ਦੂਰ ਜੀ ।
ਜਿਵੇਂ ਮਾਰ ਕੈਰਵ ਭਜਾਤੇ ਭੀਮ ਨੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਵੱਢ ਪੰਜ ਸੈਂਕੜੇ ਬਣਾਤੇ ਕੁਤਰੇ,
ਦਿਨ ਢਲੇ ਫੀਮ ਦੇ ਨਸ਼ੇ ਜੇ ਉਤਰੇ ।
‘ਰਜਬਲੀ’ ਘੇਰਾ ਪਾ ਲਿਆ ਗਨੀਮ ਨੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਦੋਹਿਰਾ

ਫੜ ਲਿਆ ਮੇਹਰੂ ਪੋਸਤੀ, ਅਮਲ ਗਿਆ ਜਦ ਟੂਟ ।
ਕਰੂ ਝੜਾਈ ਨੂਰ ਖਾਂ, ਨਹੀਂ ਬਾਤ ਮੇਂ ਝੂਟ ।

ਤਰਜ-21

ਚੜਦਾ ਦੁੱਲੇ ਦਾ ਪੁੱਤ ਨਿਆਣਾ,
ਮੁਗਲਾਂ ਨਾਲ ਲੜਨ ਨੂੰ ਜਾਣਾ,
ਪੈਹਨਿਆਂ ਸੂਰਮਿਆਂ ਦਾ ਬਾਣਾ ।
ਪੰਜ ਹਥਿਆਰ ਲਗਾਕੇ ਜੀ,
ਖੜਾ ਵਛੇਰਾ ਹਿਣਕੇ ਲਿਆਇਆ ਨਫਰ ਸਜਾਕੇ ਜੀ ।
ਉਚੀ ਕਹਿ ਤਕਰੀਰ ਸੁਣੌਂਦਾ,
ਜਾਂਦਾ ਤੀਰ ਕਮਾਨ ਚਲੌਂਦਾ,
ਗੱਭਰੂ ਬੁਰਜਾਂ ਵਰਗੇ ਢੌਂਦਾ ।
ਵਢਦਾ-ਵਢਦਾ ਨੂਰ ਖਾਂ,
ਕਟਕ ਵਿਚਾਲੇ ਵੜ ਗਿਆ ਲੜਦਾ-ਲੜਦਾ ਨੂਰ ਖਾਂ ।

ਫਿਰਦਾ ਸ਼ੇਰ ਦਲਾਂ ਵਿੱਚ ਗਜਦਾ,
ਹੋਣੀ ਨਾਰਦ ਰੱਤ ਪੀ ਰੱਜਦਾ,
ਜੀਹਦੇ ਤੀਰ ਅਜਲ ਦਾ ਵੱਜਦਾ ।
ਲਿਟਦਾ ਫਿਰਦਾ ਖੇਤ ਮੇਂ,
ਸੰਘਣੀ ਰੱਤ ਦੇ ਖਾਲੇ ਵਗਦੇ ਫਿਰਦੇ ਰੇਤ ਮੇਂ ।
ਮੂਹਰੇ ਦੜ ਦੜ ਚਲਦੇ ਗੋਲੇ,
ਬੇਤਰ ਫਿਰਦਾ ਕੋਲੇ ਕੋਲੇ,
ਗੱਭਰੂ ਚੜਗਿਆ ਵਾਂਗ ਵਰੋਲੇ ।
ਚੜ੍ਹਦਾ-ਚੜ੍ਹਦਾ ਨ੍ਰੂਰ ਖਾਂ,
ਕਟਕ ਵਿਚਾਲੇ ਵੜਗਿਆ ਲੜਦਾ-ਲੜਦਾ ਨੂਰ ਖਾਂ ।

ਦੋਂਹ ਹੱਥ ਦੋ ਤਲਵਾਰਾਂ ਤਿਖੀਆਂ,
ਮੈਲਾ ਪੀਣ ਬੰਦੇ ਦਾ ਸਿੱਖੀਆਂ,
ਮਾਰੇ ਜਿਸਦੀਆਂ ਅਜਲਾਂ ਲਿਖੀਆਂ ।
ਲੜਦਾ ਵਾਂਗੂੰ ਖਾਲਿਦ ਦੇ,
ਫੂਸ ਖਲੜ ਵਿੱਚ ਭਰਤਾ ਦੁਸ਼ਮਣ ਪਿਉ ਦੇ ਵਾਲਿਦ ਦੇ ।
ਵਾ ਵਿੱਚ ਪੱਗਦੇ ਸ਼ਮਲੇ ਉਡਦੇ,
ਫਿਰਦੇ ਸੀਸ ਵ੍ਹਾਣ ਵਿੱਚ ਰੁੜਦੇ,
ਡਿਗੇ ਜੁਆਨ ਪਿਛਾਂਹ ਨੂੰ ਮੁੜਦੇ ।
ਖੜਦਾ-ਖੜਦਾ ਨੂਰ ਖਾਂ,
ਕਟਕ ਵਿਚਾਲੇ ਵੜਗਿਆ ਲੜਦਾ-ਲੜਦਾ ਨੂਰ ਖਾਂ ।

ਫੌਜਾਂ ਜਾਮ ਦੀਨ ਦੀਆਂ ਭਿੜੀਆਂ,
ਲਾਹਲੂ ਪਿਉ ਦਾਦੇ ਦੀਆਂ ਵਿੜ੍ਹੀਆਂ,
ਮੁਹਰੇ ਉਡਦੀਆਂ ਫਿਰਦੀਆਂ ਚਿੱੜੀਆਂ ।
ਲਗੜ ਲੜਾਕਾ ਬਾਲਕਾ,
ਕਬਜ਼ ਕਰਨ ਨੂੰ ਰੂਹਾਂ ਵਿੱਚ ਫਰਿਸ਼ਤਾ ਕਾਲਕਾ ।
ਲਸ਼ਕਰ ਫਿਰੇ ਦਬੱਲੀ ਧੱਕੜ,
ਦੁਸ਼ਮਣ ਪਾੜੇ, ਜੈਸੇ ਲੱਕੜ,
ਗਾਂਹ ਨੂੰ ਚਾਰਾ ਕਰੇ ਭਮੱਕੜ ।
ਸੜਦਾ-ਸੜਦਾ ਨੂਰ ਖਾਂ,
ਕਟਕ ਵਿਚਾਲੇ ਵੜਗਿਆ ਲੜਦਾ-ਲੜਦਾ ਨੂਰ ਖਾਂ ।

ਵਜਦੇ ਰਣ ਦੇ ਵਿੱਚ ਲਲਕਾਰੇ,
ਦੁਸ਼ਮਣ ਸਿਟਤੇ ਭਾਰੇ ਭਾਰੇ,
ਗੱਭਰੂ ਵੱਧ-ਵੱਧ ਤੇਗਾਂ ਮਾਰੇ ।
ਮੁਗਲ ਬਣਾ ਤੇ ਫਾੜੀਆਂ,
ਆਗਿਆ ਸਖਤ ਭੁਚਾਲ ਐ ਦੜ-ਦੜ ਡਿਗਣ ਪਹਾੜੀਆਂ ।
ਕਰਤੀ ਛੀੜ ਵਿਚਾਲਿਉਂ ਲੰਘ ਗਿਆ,
ਵਧਦਾ ਦੁਲਦੁਲ ਵਾਂਗ ਤਰੰਗ ਗਿਆ,
ਲੋਥਾਂ ਨਾਲ ਲਹੂ ਦੇ ਰੰਗ ਗਿਆ ।
ਅੜਦਾ-ਅੜਦਾ ਨੂਰ ਖਾਂ,
ਕਟਕ ਵਿਚਾਲੇ ਵੜਗਿਆ ਲੜਦਾ-ਲੜਦਾ ਨੂਰ ਖਾਂ ।

ਸੁਣਦੇ ਪਿੰਡ ਵਿੱਚ ਪੈਣ ਧੜੂਕੇ,
ਜਿਉਂ ਕੁਰਛੇਤਰ ਵਿੱਚ ਘੜੂਕੇ,
ਕੈਰੋਂ ਮਾਰ ਅਗਨਵਾਣ ਫੂਕੇ ।
ਲੜੇ ਸਪੁੱਤਰ ਭੀਮ ਦਾ,
ਆਕੇ ਚਾਰ ਚਫੇਰਿਉਂ ਘੇਰਾ ਪਵੇ ਗਨੀਮ ਦਾ ।
‘ਬਾਬੂ’ ਚੰਦ ਦਿਨ ਜੱਗ ਵਿੱਚ ਮੇਲਾ,
ਇਕ ਦਿਨ ਲੈਣੋ ਉਤਰੂ ਠੇਲਾ,
ਉਡਣ ਲੱਗ ਗਿਆ ਸਿੰਘ ਜਗਮੇਲਾ ।
ਪੜਦਾ-ਪੜਦਾ ਨੂਰ ਖਾਂ,
ਕਟਕ ਵਿਚਾਲੇ ਵੜਗਿਆ ਲੜਦਾ-ਲੜਦਾ ਨੂਰ ਖਾਂ ।

ਦੋਹਿਰਾ

ਜੰਗ ਕਰਨੇ ਨੂੰ ਚੜ੍ਹਦੀਆਂ, ਲੱਧੀ ਫੁਲਰਾਂ ਫੇਰ ।
ਰਣ ਵਿਚ ਪਾਈਆਂ ਭਾਜੜਾਂ, ਲੁਕਦੇ ਫਿਰਨ ਦਲੇਰ ।

ਤਰਜ-22

ਯੁੱਧ ਨੌਂਹ ਸੱਸ ਕਰਨੇ ਡਟਕੇ,
ਹਰੇ ਸਿਰਤੇ ਬੰਨ ਲੇ ਪਟਕੇ,
ਲੌਣ ਢੇਰੀਆਂ ਦੁਸ਼ਮਣ ਕਟਕੇ ।
ਝੱਟ ਭੇਸ ਬਣਾ ਲੇ ਮਰਦਾਂ ਦੇ,
ਲੌਣੀ ਰੱਤ ਮੂੰਹ ਤਿੱਖੀਆਂ ਕਰਦਾਂ ਦੇ ।
ਲਿਆਇਆ ਨਫ਼ਰ ਸ਼ਿੰਗਾਰ ਇਰਾਕੀ,
ਉੱਤੇ ਚੜਗੀਆਂ ਮਾਰ ਪਲਾਕੀ,
ਤੇੜ ਲੁੰਗੀਆਂ ਰ੍ਹਈਆਂ ਫੱਬ ਖਾਕੀ ।
ਜਾਣ ਉਡਦੀਆਂ ਕੁੜਤੀਆਂ ਸਿਲਕ ਦੀਆਂ,
ਹੱਥ ਗੋਰੇ ਕਿਰਚਾਂ ਚਿਲਕ ਦੀਆਂ ।

ਬਾਇਕ ਸਬਜਾ ਤੇ ਇੱਕ ਚੀਰਨਾ,
ਉੱਤੇ ਸੱਜਣ ਸੁਨੈਰੀ ਜੀਨਾਂ,
ਪਰ ਸੋਹਣੀਆਂ ਲੱਗਣ ਜ਼ਮੀਨਾ ।
ਪੌਣ ਪਹਿਲਾਂ ਗਰਦਨ ਮੋੜਨ ਜੀ,
ਛੋਟੇ ਸਿਰ ਕੰਨ ਵੱਤੀਆਂ ਜੋੜਨ ਜੀ ।
ਸੁੱਬ ਛੰਨਿਆਂ ਵਰਗੇ ਚੌੜੇ,
ਜਾਣ ਚਬਦੇ ਕੰਡਿਆਲੇ ਕੌੜੇ,
ਤੇਜ਼ ਚਾਲ ਬਰਾਬਰ ਦੌੜੇ ।
ਹੋਈਆਂ ਦੋਹ ਵੱਲ ਨਜ਼ਰਾਂ ਖਿਲਕ ਦੀਆਂ,
ਹੱਥ ਗੋਰੇ ਕਿਰਚਾਂ ਚਿਲਕ ਦੀਆਂ ।

ਪਹਿਲਾਂ ਕਰ ਤਕਰੀਰ ਜ਼ੁਬਾਨੋਂ,
ਫੇਰ ਛੱਡ ਕੇ ਤੀਰ ਕਮਾਨੋਂ,
ਲਉ ਤਕੜੇ ਰਹੋ ਜਵਾਨੋ ।
ਜਦ ਵੜਦੇ ਲੌਂਦੇ ਲੋਟਣੀਆਂ,
ਫੇਰ ਦਿੱਤੀਆਂ ਛਾਂਟ ਸਲੋਟਣੀਆਂ ।
ਜਾ ਨੇੜੇ ਨੇਜੇ ਗਡ ਤੇ,
ਸਾਰ ਪਾਰ ਜਿਸਮ ‘ਚੋਂ ਕੱਡਤੇ,
ਧੜ ਡਿੱਗ ਪੇ ਜਾ ਸਿਰ ਵੱਢਤੇ ।
ਵੱਜ-ਵੱਜ ਤਲਵਾਰਾਂ ਤਿਲਕ ਦੀਆਂ,
ਹੱਥ ਗੋਰੇ ਕਿਰਚਾਂ ਚਿਲਕ ਦੀਆਂ ।

ਜਾਂਦੇ ਸਾਰ ਉਡਾਤੇ ਗਰਦੇ,
ਬਾਣ ਵਾਂਗ ਕਾਲਕਾ ਵਰਦੇ,
ਭੱਜ ਜਾਂਦੇ ਰਾਕਸ਼ ਡਰਦੇ ।
ਖੁਲੇ ਬੱਚ ਭੁਖੀਆਂ ਬਘਿਆੜਨੀਆਂ,
ਮਾਸ ਖਾਣੇ ਗਗਰਾਂ ਪਾੜਨੀਆਂ ।
ਨਾ ਹਟਦੀਆਂ ਬੜੀਆਂ ਕੱਬੀਆਂ,
ਵੱਢ ਦੁਸ਼ਮਣ ਲਾਈਆਂ ਥੱਬੀਆਂ,
ਦੰਦ ਕਿਰਚਣ ਹੱਡੀਆਂ ਚੱਬੀਆਂ ।
ਦੂਰ ਸੁਣਨ ਅਵਾਜ਼ਾਂ ਕਿਲਕ ਦੀਆਂ,
ਹੱਥ ਗੋਰੇ ਕਿਰਚਾਂ ਚਿਲਕ ਦੀਆਂ ।

ਹੱਥ ਜੋੜੇ ਤਾਕਤ ਕੀਹਦੀ,
ਫਿਰੇ ਮਿਰਜ਼ਾ ਲੁਕਦਾ ਗੀਦੀ,
ਕੱਟ ਦਿੰਦੀਆਂ ਧੌਣ ਵੀਹ-ਵੀਹ ਦੀ ।
ਤੇ ਇੱਕ-ਇੱਕ ਸੌ ਤੋਂ ਵੇਹਰਨੀਆਂ,
ਤੜਾਂ ਮਾਨ ਖੜ੍ਹ ਕੇ ਸ਼ੇਰਨੀਆਂ ।
ਜਿਹੜੇ ਤਾੜਨ ਰੋਜ਼ ਮਛੈਹਿਰੇ,
ਜੁਆਨ ਰਣ ‘ਚੋਂ ਭਜਾ ਗੇ ਟੈਰੇ,
ਰਜਪੂਤਨੀਆਂ ਦੇ ਗਹਿਰੇ ।
ਪੱਗ ਢਹਿ ਸਲਵਾਰਾਂ ਢਿਲਕ ਦੀਆਂ,
ਹੱਥ ਗੋਰੇ ਕਿਰਚਾਂ ਚਿਲਕ ਦੀਆਂ ।

‘ਰਜਬਲੀ ਖਾਂ’, ਵੜੀ ਦਲੇਰੀ,
ਇਕ ਵਾਰ ਲਿਆਤੀ ਨ੍ਹੇਰੀ,
ਅਫਗਾਨ ਕਰੇ ਫੜ ਢੇਰੀ ।
ਨਾ ਮਿਰਜੇ ਢੁਕਦੇ ਲਾਗੇ ਸੀ,
ਦੋਵੇਂ ਮੁੜੀਆਂ ਮਾਰ ਸੁਹਾਗੇ ਸੀ ।
ਕਈ ਸਿਟਤੇ ਮਲਕੇ ਸੰਘੀਆਂ,
ਕਈ ਲੋਥਾਂ ਮਲਿਆਂ ਤੇ ਟੰਗੀਆਂ,
ਰੱਤ ਨਾਲ ਜ਼ਮੀਨਾਂ ਰੰਗੀਆਂ ।
ਸਦਾ ਰਹਿਣ ਪਠਾਣੀਆਂ ਵਿਲਕਦੀਆਂ,
ਹੱਥ ਗੋਰੇ ਕਿਰਚਾਂ ਚਿਲਕ ਦੀਆਂ ।

ਦੋਹਿਰਾ

ਕੁਟਿਆ ਜੋ ਰਜਪੂਤ ਨੇ, ਕਾਜੀ ਦੇ ਗਿਆ ਭੇਤ ।
ਦੁੱਲਾ ਉਠ ਗਿਆ ਨਾਨਕੀ, ਮਗਰੋਂ ਪਾਲੋ ਜੇਤ ।

ਕਮਾਣੀ ਛੰਦ-23

ਜਿਹੜਾ ਕੁਟਿਆ ਦੁੱਲੇ ਨੇ ਕਾਜ਼ੀ,
ਗੱਲ ਦਿਲ ਵਿੱਚ ਰੱਖਦਾ ਪਾਜੀ,
ਗਿਆ ਦੁਸ਼ਮਣ ਕੋਲ ਬਲਾ ਜੀ ।
ਬੇਸ਼ਰਮ ਸ਼ਕਾਇਤਾਂ ਕਰਦਾ ਸੀ,
ਕੰਨ ਮਿਰਜ਼ੇ ਖਾਨ ਦੇ ਭਰਦਾ ਸੀ ।
ਕਹਿੰਦਾ ਸੱਚ ਦੀਆਂ ਸੁਣ ਲਾ ਬਾਤਾਂ,
ਭੱਟੀ ਪਿੰਡੀ ਦੀਆਂ ਬੁਰੀਆਂ ਅਫਾਤਾਂ,
ਨਿੱਤ ਲੁਟਦੇ ਘੇਰ ਬਰਾਤਾਂ ।
ਲਾਹਲੇ ਕੰਠੇ ਘੇਰ ਜਨੇਤਾਂ ਦੇ,
ਮਾਰਿਆ ਰਾਵਣ ਘਰ ਦਿਆਂ ਭੇਤਾਂ ਨੇ ।

ਪਹਿਲਾਂ ਮੇਰੀਆਂ ਬੋਦੀਆਂ ਪੱਟੀਆਂ,
ਭੰਨੇ ਮਾਰ ਗੁਲੇਲੇ ਮੱਟੀਆਂ,
ਅਲੀ ਰਾਅ ਦੀਆਂ ਗਰਦਣਾਂ ਕੱਟੀਆਂ ।
ਟੰਗਾਂ ਬਾਹਾਂ ਸਨ ਡਕਰੇ ਬਣਾ ਦਿੱਤੀਆਂ,
ਅੱਗ ਮੱਚਦੀ ਦੇ ਵਿੱਚ ਡਾਹ ਦਿੱਤੀਆਂ ।
ਫੇਰ ਲੁੱਟ ਲਿਆ ਮੈਦਾ ਖੱਤਰੀ,
ਲੁਹਾਗਿਆ ਘੋੜਿਆਂ ਦਾ ਸੁਦਾਗਰ ਪੱਤਰੀ,
ਗੁੱਤ ਸੀ ਬੇਗਮ ਦੀ ਕੱਤਰੀ ।
ਝਮਲਾਤਾ ਨਿੱਤ ਦੀਆਂ ਜੇਤਾਂ ਨੇ,
ਮਾਰਿਆ ਰਾਵਣ ਘਰ ਦਿਆਂ ਭੇਤਾਂ ਨੇ ।

ਜਿਹੜਾ ਅਵਲ ਰੋਜ਼ ਜੰਗ ਕਰ ਗਿਆ,
ਜਿਦੇਂ ਮੁਗਲ ਪਾਂਚ ਸੌ ਮਰ ਗਿਆ,
ਸਾਰਾ ਵਾਹਣ ਲਹੂ ਨਾਲ ਭਰ ਗਿਆ ।
ਨਾ ਸੁਰਤ ਤੁਸਾਂ ਦੀ ਸੰਮਲੀ ਸੀ,
ਵੱਡਾ ਦੁੱਲੇ ਤੋਂ ਮੇਹਰ ਖਾਂ ਅਮਲੀ ਸੀ ।
ਹੱਥ ਪੋਸਤੀਆਂ ਦੇ ਵੇਖੇ,
ਤੈਥੋਂ ਗਿਣ-ਗਿਣ ਲੈਗੇ ਲੇਖੇ,
ਵੇਖੀ ਦਿਲ ਵਿਚ ਰਹਿਣ ਭੁਲੇਖੇ ।
ਬਹੁਤੇ ਵੱਢਤੇ ਪਠਾਣ ਪਰੇਤਾਂ ਨੇ,
ਮਾਰਿਆ ਰਾਵਣ ਘਰ ਦਿਆਂ ਭੇਤਾਂ ਨੇ ।

ਚੜਿਆ ਦੂਜੇ ਰੋਜ਼ ਪਟਾਕਾ,
ਨਿਆਣਾ ਨੂਰ ਖਾਂ ਦੁੱਲੇ ਦਾ ਕਾਕਾ,
ਮੁੜਿਆ ਦੋ ਸੌ ਮਾਰ ਲੜਾਕਾ ।
ਵੱਢ-ਵੱਢ ਕੇ ਪਾਤੇ ਸੱਥਰ ਜੀ,
ਚੱਕ ਇਟ ਚੱਕਦੇ ਨੂੰ ਪੱਥਰ ਜੀ ।
ਸੰਗ ਰਹਿ ਹਮਰੈਤੀ ਚੜਗਿਆ,
ਜੁਆਨ ਵਾਂਗ ਅਭਿਮੰਨੂ ਲੜਗਿਆ,
ਭੱਜ ਚੱਕਰਵਿਊ ਵਿੱਚ ਵੜ ਗਿਆ ।
ਕੀ ਰੱਤ ਝੱਲਣੀ ਸੀ ਖੇਤਾਂ ਨੇ,
ਮਾਰਿਆ ਰਾਵਣ ਘਰ ਦਿਆਂ ਭੇਤਾਂ ਨੇ ।

ਚੜੀ ਫੇਰ ਲੱਧੀ ਰੱਤ ਪੀਣੀ,
ਨਾਲ ਫੁਲਰਾਂ ਬਹਾਦਰ ਛੀਹਣੀਂ,
ਜੰਗ ਕਰਦੀ ਜੈ ਤੂਨੋ ਤੀਣੀ ।
ਵਾਰ ਰਣ ਭੂਮੀ ਵਿੱਚ ਤੇਗ ਗਈਆਂ,
ਤੇਰਾ ਜੁਆਨ ਚਾਰ ਸੌ ਡੇਗ ਗੀਆਂ ।
ਜਹਿਰ ਵਾਂਗ ਸੱਪਣੀਆਂ ਘੋਲੇ,
ਫੜ-ਫੜ ਕੇ ਮੁਗਲ ਮਧੋਲੇ,
ਨਾਲ ਰੱਤ ਦੇ ਰੰਗ ਤੇ ਚੋਲੇ ।
ਮੂੰਹ ਭਰਤੇ ਬੁੱਕ-ਬੁੱਕ ਰੇਤਾਂ ਦੇ,
ਮਾਰਿਆ ਰਾਵਣ ਘਰ ਦਿਆਂ ਭੇਤਾਂ ਨੇ ।

ਭੱਟੀ ਚਿੱਤਰੇ ਤੇ ਤੁਸੀਂ ਲੇਲੇ,
ਫੇਰ ਹੱਥ ਨਾ ਆਉਣੇ ਵੇਲੇ,
ਫਿਰ ਕਰਦਾ ਫਿਰੇਗਾਂ ਮੇਲੇ ।
ਦੁੱਲਾ ਗਿਆ ਨਾਨਕੀ ਮੁੜ ਪਿਆ ਜੇ,
ਮੱਥਾ ਸ਼ੇਰ ਬੱਬਰ ਨਾਲ ਜੁੜ ਪਿਆ ਜੇ ।
ਬਣ ਸਿਆਣਾ, ਕਮਲ ਖੰਡੌਂਦਾ,
‘ਬਾਬੂ’ ਹਮਲਾ ਨਹੀਂ ਕਰਬੌਂਦਾ,
ਨਾ ਮਹਿਲ ਬਾੜੀਆਂ ਢੌਂਦਾ ।
ਦੇਣਾ ਕੰਮ ਵਿਗਾੜ ਪਛੇਤਾਂ ਨੇ,
ਮਾਰਿਆ ਰਾਵਣ ਘਰ ਦਿਆਂ ਭੇਤਾਂ ਨੇ ।

ਦੋਹਿਰਾ

ਮੇਹਰ ਖਾਨ ਤੇ ਨੂਰ ਖਾਂ, ਜਾਂ ਫੜਲੇ ਰਾਜਪੂਤ ।
ਮਿਰਜ਼ੇ ਧਾਵਾ ਬੋਲਤਾ, ਅੱਜ ਕੰਮ ਆਗਿਆ ਸੂਤ ।

ਦੋ ਭਾਗ ਛੰਦ-24

ਕਰ ਦਿੱਤੇ ਸੁੱਤੀ ਪਈ ਪਿੰਡੀ ਤੇ ਹਮਲੇ,
ਨਸ਼ਾ ਪਿਆਕੇ ਕਰ ਤੇ ਮਲੇਸ਼ ਕਮਲੇ ।

ਲੋਹੇ ਦੀਆਂ ਤਵੀਆਂ ਮਥਿਆਂ ਤੇ ਵੰਨੀਆਂ ।
ਮਾਰ-ਮਾਰ ਟੱਕਰਾਂ ਦਿਵਾਰਾਂ ਭੰਨੀਆਂ ।

ਦੂਜੀ ਵਾਰੀ ਨਸ਼ੇ ਦੇ ਪਿਆਤੇ ਪੇਗ ਸੀ,
ਬੈਠਕਾਂ, ਦਿਵਾਨ ਖਾਨੇ ਦਿੱਤੇ ਡੇਗ ਸੀ ।

ਜਿਸ ਵੇਲੇ ਮੱਥੇ ਹਾਥੀਆਂ ਨੇ ਲਾਤੇ ਐ,
ਸੰਗ ਮਰਮਰ ਦੇ ਸਤੂਣ ਢਾਤੇ ਐ ।

ਹਾਥੀ ਚੀਕਾਂ ਮਾਰਦੇ ਰੱਜੇ ਵੇ ਮੱਧ ਕੇ,
ਢਾਤੀਆਂ ਇਮਾਰਤਾਂ ਬਣਾਈਆਂ ਵੱਧ ਕੇ ।

ਧੌਲਰ ਦੋਹਾਸਮੇ ਚਬਾਰੇ ਗਿਰਗੇ,
ਹਾਥੀ ਰੱਜੇ ਦਾਰੂ ਦੇ ਉੱਤੋਂ ਦੀ ਫਿਰਗੇ ।

ਘੜੀ ਵਿੱਚ ਦਰਸ਼ਨੀ ਮਹਿਲ ਗੇਰਿਆ,
ਨੀਲਾ ਥੋਥਾ ਜੀਹਦੀਆਂ ਕੰਧਾਂ ਤੇ ਫੇਰਿਆ ।

ਦੁੱਲੇ ਬਿਨਾਂ ਰੋਕੇ ਜਾਂਦੇ ਨਾ ਚਗੱਤੇ ਸੀ,
ਡੇਗਤੇ ਮੰਦਰ ਗਾਡਰਾਂ ਤੇ ਛੱਤੇ ਸੀ ।

ਇੱਟ-ਇੱਟ ਕੀਤੀਆਂ ਮਹਿਲ ਵਾੜੀਆਂ,
ਹੋਰ ਕਈ ਚੀਜ਼ਾਂ ਕੀਮਤੀ ਵਿਗਾੜੀਆਂ ।

ਰੱਬ ਹੋ ਕਰੋਪ ਗਿਆ ਨਰਮ ਕੈਲਾਂ ਤੇ,
ਫੇਰ ਧਾਵਾ ਬੋਲਿਆ ਜਨਾਨੇ ਮਹਿਲਾਂ ਤੇ ।

ਜੋ ਨਾ ਸੂਰਜ ਦੇ ਸਾਹਮਣੇ ਖੜੋਂਦੀਆਂ,
ਧੌਲਰਾਂ ‘ਚੋਂ ਧੂਲੀਆਂ ਰਕਾਨਾਂ ਰੋਂਦੀਆਂ ।

ਦੱਸ ਵੀਹ ਕਰਮ ਜਾਣ ਹੁੰਦਾ ਤੁਰਕੇ,
ਜਿਸਮ ਲਕੋਣ ਉੱਤੇ ਲੈਕੇ ਬੁਰਕੇ ।

ਪੀਨਸਾਂ ਤੇ ਨਫ਼ਰ ਲਜਾਂਦੇ ਚੱਕ ਕੇ,
ਨੰਗੇ ਪੈਰੀਂ ਤੋਰੀਆਂ ਮੁਟਿਆਰਾਂ ਧੱਕ ਕੇ ।

ਸ਼ਰਮ ਹਜ਼ੂਰ ਨਾ ਗਲੀ ‘ਚੋਂ ਲੰਘੀਆਂ,
ਸੱਥ ‘ਚ ਖੜਾ ਲੀਆਂ ਸਿਰਾਂ ਤੋਂ ਨੰਗੀਆਂ ।

ਕੋਮਲ ਬਦਨ ਗੋੜ੍ਹਿਆਂ ਤੋਂ ਬੱਗੀਆਂ,
ਧੁੱਪ ਵਿੱਚ ਖੜੀਆਂ ਅਸੀਹੇ ਲੱਗੀਆਂ ।

ਨੀਵੀਂ ਪਾਈ ‘ਰਜਬਲੀ’ ਤੋਂ ਸੰਗਦੀਆਂ,
ਮਰਨ ਧਿਆਈਆਂ ਪਾਣੀ ਨਾ ਮੰਗਦੀਆਂ ।

ਦੋਹਿਰਾ

ਮੁਗਲਾਂ ਆਕੇ ਘੇਰ ਲੇ, ਸਭੀ ਜਨਾਨੇ ਫੇਰ ।
ਲਾਹਲੇ ਜਿਉਰ ਸਵਰਨ ਦੇ, ਲੱਗੇ ਜਿਮੀ ਤੇ ਢੇਰ ।

ਸ਼ਬਦ ਤਰਜ਼-25

ਪਿੰਡੀ ਸ਼ਹਿਰ ‘ਚ ਚਲਦੀਆਂ ਤੋਪਾਂ, ਖੜਕੇ ਬੰਦੂਕਾਂ ਦੇ,
ਘੇਰੇ ਪਾਲੇ ਜਮਰਾਜ ਕਰੋਪਾਂ, ਗਿਰਦ ਮਲੂਕਾਂ ਦੇ ।
ਖੀਰ ਖਾਣੀਆਂ ਛਕਣੀਆਂ ਪੂੜੇ, ਮਿਸ਼ਰੀਆਂ ਖੋਰਨੀਆਂ,
ਖਿੱਚੇ ਕਾਲੀਆਂ ਸੱਪਣੀਆਂ ਜੂੜੇ, ਕਰਲੌਣ ਮੋਰਨੀਆਂ ।

ਧੂਹੇ ਝੁਮਕੇ ਕੰਨਾਂ ਦੇ ਕਾਂਟੇ, ਬਟਣ ਜੰਜ਼ੀਰੀਆਂ ਦੇ,
ਖਿੱਚ-ਖਿੱਚ ਕੇ ਮਾਰਦੇ ਛਾਂਟੇ, ਸਿਝੜ ਸਰੀਰੀਆਂ ਦੇ ।
ਲਾਹੇ ਕੋਕਰੂ, ਸੁਨਹਿਰੀ ਚੂੜੇ, ਝਾਂਜਰਾਂ ਠਕੋਰਨੀਆਂ,
ਖਿੱਚੇ ਕਾਲੀਆਂ ਸੱਪਣੀਆਂ ਜੂੜੇ, ਕਰਲੌਣ ਮੋਰਨੀਆਂ ।

ਖੜੇ ਟਿਚਰਾਂ ਕਰਨ ਟੁਟ ਪੈਣੇ, ਦੁੱਲੇ ਖਾਂ ਦੀ ਬੁਲਬੁਲ ਨੂੰ,
ਖਾਕੇ ਸਿਉਨੇ ਉਤਾਰੇ ਬੈਣੇ, ਤੇ ਮਰੋੜਿਆ ਜੁਲ ਜੁਲ ਨੂੰ ।
ਲੱਗ ਗਏ ਪਾ ਖਟੇ ਰੰਗ ਧੂੜੇ, ਸੰਧੂਰ ਗੇਰੂ ਭੋਰਨੀਆਂ,
ਖਿੱਚੇ ਕਾਲੀਆਂ ਸੱਪਣੀਆਂ ਜੂੜੇ, ਕਰਲੌਣ ਮੋਰਨੀਆਂ ।

ਫੁੱਲ ਸੱਗੀਆਂ ਲੁਹਾਈਆਂ ਗੁੰਦੀਆਂ, ਗੁੰਦਣੇ ਸੀਸ ਸੌਕਾਂ ਦੇ,
ਟਿੱਕਾ ਬਿੰਦੀਆਂ ਪੁਰੋ-ਪੁਰ ਹੁੰਦੀਆਂ, ਸਮੇਤ ਚੰਦ ਚੌਕਾਂ ਦੇ ।
ਲੀੜੇ ਸਜਦੇ ਸੋਸਨੀ ਗੂੜ੍ਹੇ, ਨਥਾਂ ਲਿਸ਼ਕੋਰਨੀਆਂ,
ਖਿੱਚੇ ਕਾਲੀਆਂ ਸੱਪਣੀਆਂ ਜੂੜੇ, ਕਰਲੌਣ ਮੋਰਨੀਆਂ ।

ਗੁਲੂ ਬੰਦ ਜਕਲੇਸ਼ ਹਮੇਲਾਂ, ਮੱਛਲੀ ਦੇ ਪੱਤ ਟੁੱਟ ਗੇ,
ਉਤੇ ਉਕਰੇ ਤਿੱਤਰ ਤੇ ਵੇਲਾਂ, ਜੀਹਦੇ ਹੱਥ ਆਗੇ ਘੁੱਟ ਗੇ ।
ਕੋਕੇ ਤੀਲੀਆਂ ਉਤਾਰਨ ਬੂੜੇ, ਰੋਣ ਕਮਜ਼ੋਰਨੀਆਂ,
ਖਿੱਚੇ ਕਾਲੀਆਂ ਸੱਪਣੀਆਂ ਜੂੜੇ, ਕਰਲੌਣ ਮੋਰਨੀਆਂ ।

ਮੇਹਣੇ ਮਾਰਨ ਝਿੜਕ ਕੇ ਸੂਮਾਂ, ਕਹਿੰਦੇ ਫਿਰੋਂ ਚਾਮਲੀਆਂ,
‘ਰੱਜਬਲੀ ਖਾਂ’ ਲੁਹਾਕੇ ਟੂੰਮਾਂ, ਅੱਡੋ-ਅੱਡ ਸਾਂਭਲੀਆਂ ।
ਸਾਲੂ ਸਿਰਾਂ ਦੇ ਹੂੰਜ ਦੇ ਕੂੜੇ, ਨੰਗੇ ਪੈਰ ਤੋਰਨੀਆਂ,
ਖਿੱਚੇ ਕਾਲੀਆਂ ਸੱਪਣੀਆਂ ਜੂੜੇ, ਕਰਲੌਣ ਮੋਰਨੀਆਂ ।

ਦੋਹਿਰਾ

ਲੱਧੀ ਨੇ ਖ਼ੱਤ ਭੇਜਤੇ, ਲਿਖਕੇ ਜਦੋਂ ਚਨੋਟ ।
ਬਾਂਦਾ ਬੰਨਕੇ ਲੈ ਤੁਰੇ, ਮੁਗਲ ਤੋੜ ਕੇ ਕੋਟ ।

ਡੂਡਾ ਛੰਦ-26

ਲੱਧੀ ਖੱਤ ਲਿਖਕੇ ਚਨੋਟ ਘੱਲਤੇ, ਤੂੰ ਰੋਕ ਲੈ ਹੰਕਾਰਿਆਂ ਨੂੰ,
ਆਗੇ ਮੁਗਲੇਟੇ ਨਾ ਕਿਸੇ ਨੇ ਠੱਲ ਤੇ, ਲੈ ਚੱਲੇ ਬੰਨ੍ਹ ਸਾਰਿਆਂ ਨੂੰ ।
ਪਾਣੀ ਜੋਰਾ ਵਰਾਂ ਨੇ ਝੜਾਤਾ ਟੇਲ ਤੇ, ਰੋ ਹੋਗੀਆਂ ਸੁਦੈਣਾ ਵੇ ।
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

ਮੁਗਲਾਂ ਨੇ ਤੇਰੇ ਡੇਗਤੇ ਤਿਹਾਸਮੇ, ਸੀ ਗਾਡਰਾਂ ਤੇ ਛੱਤੇ ਵੇ,
ਖੈਹਿਣ ਜਿਨ੍ਹਾਂ ਦੀਆਂ ਚੋਟੀਆਂ ਅਕਾਸ਼ ਮੇਂ, ਮਹਿਲ ਢਾਤੇ ਛੱਤੇ ਵੇ ।
ਦੂਹਰੇ-ਦੂਹਰੇ ਡਾਟ ਸੀ ਜਿਨ੍ਹਾਂ ਦੇ ਮੇਲ ਤੇ, ਤੋੜੀਆਂ ਲਟੈਣਾ ਵੇ ।
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

ਦੁਆਨ ਖਾਨੇ ਬੈਠਕਾਂ ਚੁਬਾਰੇ ਗੋਲ ਵੇ, ਦਰਵਾਜ਼ੇ ਗੇਰ ਤੇ,
ਜਿਨ੍ਹਾਂ ਉਤੇ ਕਰੀ ਵੀ ਸੁਨਹਿਰੀ ਝੋਲ ਵੇ, ਹਲ ਉਤੋਂ ਦੀ ਫੇਰ ਤੇ ।
ਹਾਥੀ ਰੱਜੇ ਮੱਧ ਦੇ ਅਗਾਹ ਨੂੰ ਠੇਲ ਤੇ, ਸੀ ਬੰਗਲਿਆਂ ਨੇ ਢੈਣਾ ਵੇ ।
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

ਚੰਦ ਸੂਰਜ ਦੇ ਨਾ ਲੱਗਣ ਮੱਥੇ ਜੀ, ਇੰਦਰ ਦੀਆਂ ਰੋਹਣੀਆਂ,
ਮੂੰਹਾਂ ਤੇ ਮੁਗਲ ਮਾਰਦੇ ਉਲ੍ਹੱਥੇ ਜੀ, ਵੇ ਨਾ ਮਿਟਣ ਹੋਣੀਆਂ ।
ਜਿਕੋ ਰਾਜੀ ਰਹਿਣ ਮੁਸ਼ਕ ਰਮੇਲ ਤੇ, ਕਰਲੌਣ ਭੈਣਾ ਵੇ ।
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

ਜਾਣਾ ਹੁੰਦਾ ਸੈਰ ਜੇ ਕਰਨ ਬਾਗਦੀ, ਤਾਂ ਪੀਨਸਾਂ ਤੇ ਚੜਦੀਆਂ,
ਅੱਜ ਕੋਇਲਾਂ ਹੋਗੀਆਂ ਮਤ੍ਹੈਤ ਕਾਗ ਦੀ, ਨੰਗੇ ਮੂੰਹ ਖੜਦੀਆਂ ।
ਪੈਣ ਚਮਕਾਰੇ ਸਿਉਨੇ ਦੀ ਹਮੇਲ ਤੇ, ਲੁਹਾ ਲਿਆ ਸਾਰਾ ਗਹਿਣਾ ਵੇ,
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

ਹੋਣ ਹੱਥ ਲਾਏ ਤੋਂ ਰਕਾਨਾਂ ਮੈਲੀਆਂ, ਸਭੇ ਸੱਸੂ ਬਦਨੀਆਂ,
ਟਕੇ-ਟਕੇ ਦਿੱਲੀ ‘ਚ ਵਿਕਣ ਰੈਲੀਆਂ, ਕੀ ਇੱਜ਼ਤਾਂ ਵਧਣੀਆਂ ।
ਲੈਗੇ ਤੇਰੀ ਫੁਲਰਾਂ ਝੜਾਕੇ ਵੇਲ ਤੇ, ਫੜੀ ਰਾਤੋਤਿਆਂ ਮੈਨਾ ਵੇ,
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

‘ਰੱਜਬਲੀ’ ਹੋਈਆਂ ਫਿਕਰਾਂ ‘ਚ ਅੱਧੀਆਂ, ਜਮਾਂ ਅੰਦਰ ਭੁੱਜ ਗਿਆ,
ਆਕੇ ਬਾਂਦਾ ਸੂਰਮਿਆਂ ਛਡਾਲੈ ਬੱਧੀਆਂ, ਵੇ ਤੂੰ ਕਿਧਰ ਰੁੱਝ ਗਿਆ ।
ਬੰਨਕੇ ਵਹਾਈਆਂ ਹੱਥਣੀ ਚੰਡੇਲ ਤੇ, ਮਗਰ ਪਈਆਂ ਡੈਣਾਂ ਵੇ,
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

ਦੋਹਿਰਾ

ਲੈ ਪਰਬਾਨਾ ਦੌੜ ਗਿਆ, ਸੂਰਜ ਚੜਦੇ ਨਾਲ ।
ਖੜਾ ਵਸੂਰੇ ਮਾਰ ਦਾ, ਜੁਆਨ ਦੁੱਲੇ ਨੂੰ ਭਾਲ ।

ਮਨੋਹਰ ਭਵਾਨੀ ਛੰਦ-27

ਜਿਹੜਾ ਰੂੜ ਜੱਟ ਦਾਨਾ, ਲੈ ਗਿਆ ਲਿਖਿਆ ਪ੍ਰਬਾਨਾ, ਹੋ ਗਿਆ ਪਿੰਡ ‘ਚੋਂ ਰਵਾਨਾ,
ਲਾ ਹਨੇਰੇ ਘਾਤ ਨੂੰ, ਛਾਪੇ ਗਿਆ ਲਿਤਾੜ ਦਾ ਅੰਧੇਰੀ ਰਾਤ ਨੂੰ ।
ਜਾਵੇ ਭੱਟੀਆਂ ਦੀ ਗੱਦੀ, ਮੈਂ ਵੰਡਾਵਾਂ ਪੀੜ ਅੱਧੀ, ਰਾਜ਼ੀ ਹੋਜੇ ਮਾਤਾ ਲੱਧੀ,
ਦੇ ਉਛਾਲਾ ਹੁਬ ਗੀ, ਵੇਖ ਰੂੜ ਜੱਟ ਦੀ ਨਿਕਲ ਭੁੱਬ ਗਈ ।

ਦੁੱਲਾ ਪੁੱਛੇ ਸੁਖ ਖੈਰ, ਰੂੜ ਜੱਟ ਜੀਹਦੀ ਠਹਿਰ, ਸੀ ਖੜੋਗਿਆ ਗੱਡ ਪੈਰ,
ਜਾ ਵਿਚਾਲੇ ਚੌਕ ਦੇ, ਤੈਨੂੰ ਕੀ ਤੂੰ ਪੀਂਦਾ ਰਹਿ ਪਿਆਲੇ ਸ਼ੌਕ ਦੇ ।
ਭੇਲੇ ਮੁਗਲਾਂ ਨੇ ਬਾਗ, ਪੈਂਦੇ ਨਗਰੀ ‘ਚ ਕਾਗ, ਲੱਗੇ ਭੱਟੀਆਂ ਨੂੰ ਦਾਗ,
ਰਜਪੂਤੀ ਡੁੱਬ ਗਈ, ਵੇਖ ਰੂੜ ਜੱਟ ਦੀ ਨਿਕਲ ਭੁੱਬ ਗਈ ।

ਪੈ ਗਿਆ ਵੈਰੀਆਂ ਦਾ ਬੱਲ, ਫੇਰੇ ਮੰਦਰਾਂ ਤੇ ਹਲ, ਆਕੇ ਲੱਥਾ ਟਿੱਡੀ ਦਲ,
ਜਜੂਜ ਤੇ ਮਜੂਜ ਦਾ, ਚੱਲਿਆ ਤੇਰਾ ਡੁੱਬ ਸੂਰਜ ਅਰੂਜ ਦਾ ।
ਖਾਵੇਂ ਮਾਰ-ਮਾਰ ਧਾੜੇ, ਵੈਰੀ ਪੈਰਾਂ ‘ਚ ਲਿਤਾੜੇ, ਤੇਰੇ ਆਗੇ ਦਿਨ ਮਾੜੇ,
ਤੇ ਦਾੜ੍ਹੀ ਜੀ ਫੁੱਬ ਗੀ, ਵੇਖ ਰੂੜ ਜੱਟ ਦੀ ਨਿਕਲ ਭੁੱਬ ਗਈ ।

ਬਣੇ ਫਿਰਦੇ ਦਲੇਰ, ਪੈਗਿਆ ਪਿੰਡੀ ਵਿੱਚ ਨ੍ਹੇਰ, ਖ਼ੁਸ਼ੀ ਬੁੱਲ੍ਹ ਜੇ ਅਟੇਰ,
ਭੈਣਾਂ ਬੰਨ ਤੇਰੀਆਂ, ਐਵੇਂ ਚੁੰਘ ਗੁਆਈਆਂ ਸੱਜਰਾਂ ਲਵੇਰੀਆਂ ।
ਹੋਗੀ ਵੈਰੀਆਂ ਨੂੰ ਖੁੱਲ੍ਹ, ਰੋਣ ਧੀਆਂ ਬੁਲਬੁਲ, ਨਾਲੇ ਤੇਰੀ ਨਾਲ ਫੁਲਰਾਂ,
ਉਠਾਈ ਲੁਭ ਗਈ, ਵੇਖ ਰੂੜ ਜੱਟ ਦੀ ਨਿਕਲ ਭੁੱਬ ਗਈ ।

ਜੇ ਤੂੰ ਮੇਰੀ ਗੱਲ ਮੰਨੇ, ਪੈੜੇ-ਪੈਰ ਹੱਥ-ਹੰਨੇ, ਧੌਣ ਮਿਰਜ਼ੇ ਦੀ ਭੰਨੇ,
ਲਾ ਬਣਾਕੇ ਤੌਣੀਆਂ, ਤਾਂ ਮੈਂ ਰਾਜੀ ਜਾਣ ਅਟਕ ਸਨੌਣੀਆਂ ।
ਰੇਜ਼ ਕਰਦੇ ਜ਼ਮੀਨ, ਕਾਂ ਗਿਦੜ ਲਹੂ ਪੀਣ, ਜਾਣੂ ਕੀ ਨਿਜ਼ਾਮਦੀਨ,
ਜੇ ਕਡੀ ਨਾ ਕੁੱਬ ਗਈ, ਵੇਖ ਰੂੜ ਜੱਟ ਦੀ ਨਿਕਲ ਭੁੱਬ ਗਈ ।

ਪਿੰਡੀ ਛੱਡ ਗੇ ਗੜੂਚ, ਫੜ ਭੱਟੀਆਂ ਦੀ ਜੂਚ, ਕਰਕੇ ਡਬਲ ਕੂਚ,
ਨਾ ਚਲਾਕ ਦਾਅ ਕਰੇ, ਰਾਚ੍ਹ ਮੇਰਾ ਮਾਲਕ ਕਰਾਦੇ ਟਾਕਰੇ ।
ਗਮਾਂ ਦੀ ਪਟਾਰੀ ਖੋਹਲੀ, ਜਾਵੇ ਨੈਣੋਂ ਨੀਰ ਡੋਹਲੀ, ‘ਬਾਬੂ’ ਤੀਰ ਵਾਂਗੂੰ ਬੋਲੀ
ਸੀ ਦੁੱਲੇ ਦੇ ਚੁੱਭ ਗੀ, ਵੇਖ ਰੂੜ ਜੱਟ ਦੀ ਨਿਕਲ ਭੁੱਬ ਗਈ ।

ਦੋਹਿਰਾ

ਪੜੇ ਲਿਫਾਫੇ ਖੋਲ ਕੇ, ਢਲ ਗਿਆ ਫੇਰ ਵਜ਼ੂਦ ।
ਔਣ ਜਿਸਮ ਨੂੰ ਤੇਲੀਆਂ, ਜਿਮੇ ਉਬਲ ਦਾ ਦੂਧ ।

ਮੁਕੰਦ ਛੰਦ-28

ਪਾਵੇ ਰੂੜ ਵਾਰ ਤੇ ਖੜੋਤਾ ਡੰਡ ਜੀ,
ਖੜਗੀ ਜੁਆਨ ਦੀ ਗਿੱਚੀ ਦੀ ਝੰਡ ਜੀ ।
ਕਹਿੰਦਾ ਹਿੱਕ ਪਿੱਟ ਮਾਂ ਬੁੱਢੀ ਨੇ ਫੇਹਲੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਨੀਵੀਂ ਪਾ ਕੇ ਬਹਿਗਿਆ ਖੁਰਲੇ ਜ਼ਮੀਨ ਨੂੰ,
ਪਾੜ ਦਿਆਂ ਵਿਚਾਲਿਓਂ ਨਿਜ਼ਾਮਦੀਨ ਨੂੰ ।
ਜੀਹਨੇ ਮੇਰੀ ਲੱਗਵੀ ਬਗੀਚੀ ਭੇਲੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਮੇਰੇ ਨਿਆਣੇ ਬਾਲਕੇ ਮਾਸੂਮ ਕੁੜੀਆਂ,
ਅੱਜ ਨਾ ਛਡਾਏ ਫੇਰ ਕਦੋਂ ਮੁੜੀਆਂ ।
ਤੋਰ ਲੇ ਲਹੌਰ ਨੂੰ ਬਣਾ ਜੇਲ੍ਹੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਕਿਹੜਾ ਬੰਨ ਲੈਜੂ ਸੂਰਮੇ ਦੀ ਬਹੂ ਨੂੰ,
ਗੋਡੇ-ਗੋਡੇ ਵਾਹਣ ‘ਚ ਚੜ੍ਹਾਦੂੰ ਲਹੂ ਨੂੰ ।
ਇਕੇ ਵਾਰੀ ਲਿਆਦੂੰ ਜਾਕੇ ਪਟਮੇਲੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਮਾਰ ਤਲਵਾਰ ਵੈਰੀਆਂ ਨੂੰ ਛਾਗੂੰ ਮੈਂ,
ਪਾਦੂੰ ਅੱਗ ਦਲਾਂ ‘ਚ ਦਹੂਦ ਵਾਂਗੂੰ ਮੈਂ ।
ਮੈਂ ਬਘਿਆੜ ਤੇ ਨਿਜ਼ਾਮਦੀਨ ਲੇਲੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਵਾਂਦਾ ਨੂੰ ਛਡਾਲੂੰ ਮੈਂ ਕਦੇ ਨਾ ਮਿਟਦਾ,
ਮਿਰਜ਼ਾ ਵਿਖਾਦੂੰ ਕਦਮਾਂ ‘ਚ ਲਿਟਦਾ ।
ਦਿੰਦਾ ਫਿਰੂੰ ਦਲਾਂ ਦੇ ਵਿਚਾਲੇ ਹੇਲੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਚੌਵੀ-ਪੱਚੀ ਮੇਰੇ ਨਾਨਕਿਆਂ ਦੇ ਪਿੰਡ ਜੀ,
ਵੇਖ ਕੇ ਕਟਕ ਵੈਰੀ ਜਾਣ ਖਿੰਡ ਜੀ ।
‘ਬਾਬੂ’ ਨਾਨਕਿਆਂ ਦੀ ਛੀ ਹਜ਼ਾਰ ਦੇਹਲੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਦੋਹਿਰਾ

ਕਰੇ ਝੜਾਈ ਸੂਰਮਾ, ਤੁਰਤ ਵਜਾਤੀ ਟਮਕ,
ਤੀਰ ਖੰਡੇ ਤਲਵਾਰ ਦੀ ਪਵੇ ਦੂਰ ਤੋਂ ਚਮਕ ।

ਡੂਡਾ ਛੰਦ-29

ਲੱਗ ਜਾਂਦੀ ਪੰਜਾਂ ਕੱਪੜਿਆਂ ਨੂੰ ਅੱਗ ਜੀ, ਤੇ ਨਾ ਬੁਝਾਈ-ਬੁਝਦੀ,
ਮਾਮਿਆਂ ਨੂੰ ਕਹਿੰਦਾ ਚੱਲੋ ਮੇਰੇ ਸੱਗ ਜੀ, ਜੇ ਤੁਸਾਂ ਤੋਂ ਪੁਜ ਦੀ ।
ਦੇ ਨਹੋਰੇ ਪੱਗ ਮਾਰਦਾ ਜ਼ਮੀਨ ਤੇ, ਜਲਾਲ ਖਾਂ ਦੇ ਕੋਟ ਮੇਂ,
ਦੁੱਲੇ ਦੀ ਝੜਾਈ ਹੋਗੀ ਜਾਮਦੀਨ ਤੇ, ਜੋ ਨਾਨਕੀ ਚਨੋਟ ਮੇਂ ।

ਤੇਜ ਤਲਵਾਰਾਂ ਨੂੰ ਝੜਾਕੇ ਸਾਨਾਂ ਤੇ, ਲਕੋਈਆਂ ਵਿੱਚ ਮਿਆਨਾਂ ਦੇ,
ਅੱਜ ਧਾਵੇ ਹੋਗੇ ਮੁਗਲਾਂ ਪਠਾਣਾ ਤੇ, ਜੀ ਭੱਟੀਆਂ ਜਵਾਨਾਂ ਦੇ ।
ਸਾਰੇ ਕੱਠ ਮਾਰ ਮਿਰਜ਼ੇ ਕਮੀਣ ਤੇ, ਰਹੇ ਹਮੇਸ਼ ਖੋਟ ਮੇਂ,
ਦੁੱਲੇ ਦੀ ਝੜਾਈ ਹੋਗੀ ਜਾਮਦੀਨ ਤੇ, ਜੋ ਨਾਨਕੀ ਚਨੋਟ ਮੇਂ ।

ਘੋੜਿਆਂ ਤੇ ਹੋਣ ਲੱਗਗੇ ਖਰ-ਖਰੇ, ਤੇ ਕੱਡ ਕੇ ਤਵੇਲਿਆਂ ‘ਚੋਂ,
ਚੜੇ ਬੜੇ ਦਿੱਲੀ ਜੁਆਨਾਂ ਦੇ ਹਰਖ-ਰੇ, ਲਾਹ ਜੰਗਾਲ ਸੇਲਿਆਂ ‘ਚੋਂ ।
ਮੇਲ੍ਹ ਦੇ ਫਿਰਨ ਜਿਮੇਂ ਸੱਪ ਬੀਨਤੇ, ਜੇ ਡਬੋ ਕੇ ਚੋਟ ਮੇਂ,
ਦੁੱਲੇ ਦੀ ਝੜਾਈ ਹੋਗੀ ਜਾਮਦੀਨ ਤੇ, ਜੋ ਨਾਨਕੀ ਚਨੋਟ ਮੇਂ ।

ਨਵੀਂ ਜੁਆਨੀ ਚੜ੍ਹਗੀ ਜਵਾਨਾਂ ਲਹਿਰਿਆਂ ਤੇ, ਤੇ ਨਾ ਲਕੋਣੀ ਜਿੰਦ ਜੀ,
ਨਸ਼ਾ ਪੀਕੇ ਹੱਥ ਫੇਰ ਦੇ ਮਛੈਰਿਆਂ ਤੇ, ਜੋ ਸੂਰਮੇ ਦੀ ਬਿੰਦ ਜੀ ।
ਸ਼ੁਰੂ ਹੋਗੇ ਭਰਕੇ ਪਿਆਲੇ ਪੀਣ ਤੇ, ਜੋ ਡਬੋਕੇ ਜੋਟ ਮੇਂ,
ਦੁੱਲੇ ਦੀ ਝੜਾਈ ਹੋਗੀ ਜਾਮਦੀਨ ਤੇ, ਜੋ ਨਾਨਕੀ ਚਨੋਟ ਮੇਂ ।

ਗੁੱਸੇ ਨਾਲ ਚੜ੍ਹਗੇ ਦੁੱਲੇ ਦੇ ਮਾਮੇ ਐ, ਭਾਣਜੇ ਦੇ ਪੱਖ ਤੇ,
ਕਦੋਂ ਸਿਰੋਂ ਲੈਣ ਭੈਣ ਦੇ ਉਲਾਮੇ ਐ, ਜਾਂ ਲਟਾਕੇ ਰੱਖਤੇ ।
ਗੋਤੇ ਖਾਂਦੇ ਜਾਣ ਲਹੂ ਦੇ ਵਹੀਨ ਤੇ, ਜਿਉਂ ਵੇਲਦਾਰ ਟੋਟਮੇ,
ਦੁੱਲੇ ਦੀ ਝੜਾਈ ਹੋਗੀ ਜਾਮਦੀਨ ਤੇ, ਜੋ ਨਾਨਕੀ ਚਨੋਟ ਮੇਂ ।

ਇੱਕ ਮੁੱਠੀ ਕੀਤੀਆਂ ਉਠਾਕੇ ਵਾਗਾਂ ਨੂੰ, ਦੇਖਦੇ ਨਾ ਡੰਡੀਆਂ,
ਜਾਣ ਨਾ ਮੁਗਲ ਛੇੜਕੇ ਤੇ ਨਾਗਾਂ ਨੂੰ, ਚਲੋ ਪਾਲੋ ਵੰਡੀਆਂ ।
‘ਬਾਬੂ’ ਜੀ ਝੜਾਦਿਓ ਮੌਤ ਦੀ ਮਸ਼ੀਨ ਤੇ, ਜੀ ਹੋ ਖੁਦਾਏ ਓਟ ਮੇਂ,
ਦੁੱਲੇ ਦੀ ਝੜਾਈ ਹੋਗੀ ਜਾਮਦੀਨ ਤੇ, ਜੋ ਨਾਨਕੀ ਚਨੋਟ ਮੇਂ ।

ਦੋਹਿਰਾ

ਵੱਜੀ ਟਮਕ ਚਨੋਟ ਮੇਂ, ਕੰਨੀ ਸੁਣੀ ਬੁਲੇਲ ।
ਧਾਰਾਂ ਨਿਕਲਣ ਥਣਾਂ ‘ਚੋਂ ਹੋਣ ਪੁੱਤਰ ਦੇ ਮੇਲ ।

ਦੋਤਾਰਾ ਛੰਦ-30

ਜਾਂ ਸ਼ਹਿਰ ਨਾਨਕਿਆਂ ਦੇ, ਦੁੱਲੇ ਨੇ ਫੇਰ ਵਜਾਈਆਂ ਟਮਕਾਂ,
ਸੀ ਫੌਜ ਅਠਾਰਾਂ ਕੋਹ, ਉਸ ਥਾਂ ਸੁਣੀਆਂ ਆਕੇ ਧਮਕਾਂ ।
ਅਜ ਖੁਸ਼ੀਆਂ ਚੜ੍ਹੀਆਂ ਜੀ, ਲੱਧੀ ਨੂੰ ਖੂਬ ਸਹਾਵਣ ਵਾਰਾਂ,
ਸੁਣੀ ਵਾਜ ਟਮਕ ਦੀ ਜੀ, ਥਣਾਂ ‘ਚੋਂ ਦੂਰ ਜਾਪੀਆਂ ਧਾਰਾਂ ।

ਤੇ ਲਾਲੀ ਚੜਗੀ ਐ ਮੱਥੇ ਨੂੰ ਖਿੜ ਖਿੜ ਫਿਰਦੀ ਹੱਸਦੀ,
ਤੇ ਹੌਲੀ ਦੇਕੇ ਤੇ, ਆਹਾ ਗੱਲ ਫੁਲਰਾਂ ਕੋਲੇ ਦੱਸਦੀ ।
ਪੁੱਤ ਚੜ੍ਹਿਆ ਆਉਂਦਾ ਨੀ, ਟੱਬਰ ਦੀਆਂ ਲੈਲੂ ਆਕੇ ਸਾਰਾਂ,
ਸੁਣੀ ਵਾਜ ਟਮਕ ਦੀ ਜੀ, ਥਣਾਂ ‘ਚੋਂ ਦੂਰ ਜਾਪੀਆਂ ਧਾਰਾਂ ।

ਅੱਜ ਮਿਲਣਾ ਬੱਚੜੇ ਨੇ, ਹਿੱਕ ਪਰ ਲਗਗੀਆਂ ਹੋਣ ਜਲੂਣਾਂ,
ਜਾਮੇ ਵਿੱਚ ਮਿਉਂਦੀ ਨਾ, ਬੁੜੀ ਦਾ ਜਿਸਮ ਹੋਗਿਆ ਦੂਣਾ ।
ਮੈਂ ਪਿਟ-ਪਿਟ ਹੋਜੂੰਗੀ, ਘਾਇਲ ਪਰ ਰੱਜ ਰੱਜ ਲ੍ਹਾਲੂੰ ਵਾਰਾਂ,
ਸੁਣੀ ਵਾਜ ਟਮਕ ਦੀ ਜੀ, ਥਣਾਂ ‘ਚੋਂ ਦੂਰ ਜਾਪੀਆਂ ਧਾਰਾਂ ।

ਫੜ ਹਿੱਕ ਨੂੰ ਲਾਲੂੰਗੀ, ਪੁੱਤਰ ਨੂੰ ਖੂਬ ਗਫੜੀਆਂ ਪਾਕੇ,
ਵੇ ਖ਼ਬਰਾਂ ਲਈਆਂ ਨਾ, ਮੇਰੀਆਂ ਲਾਲ ਨਾਨਕੀ ਜਾਕੇ ।
ਪੁੱਤ ਵਾਂਦਾਂ ਬੰਨ ਕੇ ਤੇ ਤੇਰੀਆਂ, ਦੇਣ ਚਗੱਤੇ ਖਾਰਾਂ,
ਸੁਣੀ ਵਾਜ ਟਮਕ ਦੀ ਜੀ, ਥਣਾਂ ‘ਚੋਂ ਦੂਰ ਜਾਪੀਆਂ ਧਾਰਾਂ ।

ਹੁਣ ਜੁੜਗੇ ਹੋਣੇ ਐ, ਦੁੱਲੇ ਦੇ ਨਾਲ ਦੁੱਲੇ ਦੇ ਮਾਮੇ,
ਉਨਾਂ ਭੁੱਖਿਆਂ ਲੱਗੜਾਂ ਨੇ, ਆਣ ਕੇ ਫੜ-ਫੜ ਖਾਣੇ ਤਾਮੇਂ ।
ਉਸ ਸ਼ੇਰ ਦਲੇਰ ਦੀਆਂ, ਮੁਗਲਟੇ ਨਾ ਝੱਲ ਸਕਦੇ ਮਾਰਾਂ,
ਸੁਣੀ ਵਾਜ ਟਮਕ ਦੀ ਜੀ, ਥਣਾਂ ‘ਚੋਂ ਦੂਰ ਜਾਪੀਆਂ ਧਾਰਾਂ ।

ਹੁੰਦਾ ਵਿੱਚ ਜੱਗ ਦੇ ਜੀ, ਕਹਿੰਦੇ ਪੁੱਤ ਦਾ ਪਿਆਰ ਅਨੋਖਾ,
ਕਣਸੋਆਂ ਸੁਣ ਕੇ ਤੇ, ਲੱਧੀ ਨੂੰ ਚੜਿਆ ਚਾਅ-ਚੋਖਾ ।
‘ਰਜਬਲੀ’ ਤਰਸਦੇ ਨੂੰ, ਜਿਵੇਂ ਜਗਮੇਲ ਮਿਲਿਆ ਇੱਕ ਵਾਰਾਂ,
ਸੁਣੀ ਵਾਜ ਟਮਕ ਦੀ ਜੀ, ਥਣਾਂ ‘ਚੋਂ ਦੂਰ ਜਾਪੀਆਂ ਧਾਰਾਂ ।

ਦੋਹਿਰਾ

ਵੱਜਣ ਨਗਾਰੇ ਜੇਤ ਦੇ, ਫੌਜ ਰਸਾਲੇ ਜਾਣ ।
ਡੇਰੇ ਲਾਲੇ ਮੁਗਲ ਨੇ, ਚੰਗੇ ਵੇਖ ਮੈਦਾਨ ।

ਦੋ ਭਾਗ ਛੰਦ-31

ਮਿਰਜ਼ੇ ਨੇ ਵੇਖ ਕੇ ਮੈਦਾਨਾਂ ਚੰਗਿਆਂ ਨੂੰ,
ਕਰ ਤਾ ਹੁਕਮ ਨਾਲ ਦਿਆਂ ਤਲੰਗਿਆਂ ਨੂੰ ।

ਲਾਹਕੇ ਅਸਬਾਵ ਖੱਚਰਾਂ ਤੋਂ ਧਰਦਿਓ,
ਅੱਜ ਐਥੇ ਆਪਣਾ ਮੁਕਾਮ ਕਰਦਿਓ ।

ਮੰਨ ਲੇ ਹੁਕਮ ਝੱਟ ਸਰਕਾਰਾਂ ਦੇ,
ਘੜੀ ‘ਚ ਤੰਬੂ ਲੱਗਗੇ ਅਹਿਲ ਕਾਰਾਂ ਦੇ ।

ਕਰਨ ਆਰਾਮ ਬਰਦੀਆਂ ਉਤਾਰੀਆਂ,
ਖਾਣ, ਫੀਲ, ਘੋੜੇ, ਖੱਚਰਾਂ ਨਿਹਾਰੀਆਂ ।

ਲੱਗੀ ਆਪੋ-ਆਪਣੇ ਟਿਕਾਣੇ ਦੁਨੀਆਂ,
ਪਹਿਰੇ ਲਾਤੇ ਵਾਂਦਾਂ ਨਾ ਰਹਿਣ ਸੁੰਨੀਆਂ ।

ਵੇਖੀਆਂ ਨਾ ਅੱਖੀਂ, ਸੁਣਨੇ ‘ਚ ਆਉਂਦੀਆਂ,
ਪਟਰੌਲਾਂ ਫਿਰਨ ਚੁਫੇਰੇ ਭਾਉਂਦੀਆਂ ।

ਲਾਲ ਖਾਂ ਨੇ ਜਿਧਰ ਨਜ਼ੀਰਾਂ ਛੇੜੀਆਂ,
ਚਲੋ ਸੈਰ ਕਰਨ ਬਲੈਤਾਂ ਕੇਹੜੀਆਂ ।

ਕਿਹੜੇ ਪਾਸਿਉਂ ਆਇਆ ਦਿੱਲੀ ਦਿਆ ਰਸਾਲਿਆ,
ਕਿਹੜੇ ਰਾਜੇ ਨਾਲ ਮੋਰਚਾ ਲਗਾਲਿਆ ।

ਆਕੀ ਹੋਇਆ ਆਵੇ ਨਾ ਨਜ਼ਰ ਕੋਈ ਵੀ,
ਕਿਹੜੇ ਰਜਵਾੜੇ ਤੇ ਕਰੋਪੀ ਹੋਈ ਵੀ ।

ਦੱਸੋ ਕੇ ਕਿਸੇ ਨੇ ਸ਼ਾਨੀਆਂ ਨਾ ਭਰੀਆਂ ?
ਕਿਹੜੀ ਰਿਆਸਤ ਤੇ ਕਰੜਾਈਆਂ ਕਰੀਆਂ ।

ਅੱਗੋਂ ਕਹਿੰਦੇ ਮੁਗਲ ਖੰਘੂਰਾ ਮਾਰ ਕੇ,
ਪਿੰਡੀ ਵਿਚੋਂ ਆਏ ਭੱਟੀਆਂ ਨੂੰ ਸੁਆਰ ਕੇ ।

ਮਿਟ ਗਿਆ ਪੰਜਾਬ ਦਾ ਫ਼ਸਾਦ ਫਿਤਨਾ,
ਲਿਆਏ ਬੰਨ ਦੁੱਲੇ ਦਾ ਕਬੀਲਾ ਜਿਤਨਾ ।

ਐਸੇ ਭੱਟੀ ਮਾਰ ਦੇ ਤੜਾਕੇ(ਭੜਾਕੇ) ਫੋਕੇ ਜੀ,
ਅਸੀਂ ਪਿੰਡੀ ਵਿੱਚ ਨਾ ਕਿਸੇ ਨੇ ਰੋਕੇ ਜੀ ।

ਏਹੋ ਜੀਆਂ ਗੱਲਾਂ ਮੁਗਲਾਂ ਨੇ ਕਰੀਆਂ,
‘ਰਜਬਲੀ’ ਗਈਆਂ ਨਾ ਬੁੱਢੇ ਤੋਂ ਜਰੀਆਂ ।

ਦੋਹਿਰਾ

ਸੁਣੇ ਤਰਾਨੇ ਮੁਗਲ ਦੇ, ਹੋ ਗਿਆ ਭੁੱਜ ਮਨੂਰ ।
ਜਲਦੀ ਚੜਜੋ ਪੋਤਰਿਉ, ਕਰ ਦਿਉ ਚਕਨਾ ਚੂਰ ।

ਮਨੋਹਰ ਭਵਾਨੀ ਛੰਦ-32

ਸੁਣ ਮੁਗਲਾਂ ਦੀ ਬਾਣੀ,
ਖੜਾ ਹੋ ਗਿਆ ਪਾਣੀ-ਪਾਣੀ,
ਵਾਜ ਮਾਰੇ ਵਾਰੀ ਥਾਣੀ ।
ਘਬਰਾਇਆ ਜਿਆਸਤੇ,
ਤਿਆਰ ਹੋਜੋ ਪੋਤਰਿਓ ਲੜਨ ਵਾਸਤੇ ।
ਬੁਰੇ ਮੁਗਲ ਹੰਕਾਰੇ,
ਕੀ ਪਿੰਡੀ ‘ਚ ਕੀਤੇ ਕਾਰੇ,
ਕਢ ਲੇ ਜਨਾਨੇ ਸਾਰੇ,
ਮੰਦਰਾਂ ‘ਚੋਂ ਵੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਖਿਆਲ ਪਾਸੇ ਦੇ ਕੀ ਪੈਗੇ,
ਜੇ ਮੁਗਲ ਵਾਂਦਾਂ ਲੈਗੇ,
ਆਪਾਂ ਜਿਉਂਦਿਆਂ ‘ਚੋਂ ਨਾ ਰਹਿਗੇ ।
ਹੈ ਸ਼ਰਮ ਪੁਜਕੇ,
ਸੂਰਮੇ ਸ਼ਰਮ ਤੇ ਮਰਨ ਭੁੱਜ ਕੇ ।
ਜਵਾਂ ਹਿੰਮਤ ਨਾ ਹਾਰਾਂ,
ਵੱਧ-ਵੱਧ ਤੇਗਾਂ ਮਾਰਾਂ,
ਜਾਂ ਸੁਣਨ ਤਲਵਾਰਾਂ
ਥੋਡੀਆਂ ਦੇ ਖੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਜਿੰਨੀ ਆਖੂੰ-ਆਖੂੰ ਠੀਕ,
ਦੇਣ ਉਂਗਲਾਂ ਸ਼ਰੀਕ,
ਨਾ ਲਹੇ ਲੱਗੀ ਵੀ ਲੀਕ ।
ਜੇ ਛਡੌਣ ਨਾ ਚੜੇ,
ਮਾਰਕੇ ਮੁਗਲ ਪਾਪੀ ਰੱਖੇ ਨਾ ਰੜੇ ।
ਮੈਨੂੰ ਤਾਂ ਸਵਾਦ ਆਵੇ,
ਇਕ ਵੀ ਨਾ ਜਾਣਾ ਪਾਵੇ,
ਛੇਤੀ ਕਰੋ ਜੁਆਨੋ ਧਾਵੇ ।
ਕੋਤਲਾਂ ਤੇ ਚੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਤੁਸੀਂ ਬਣੋ ਸ਼ੇਰ ਬੱਗੇ,
ਮੈਂ ਵੀ ਤੁਰੂੰ ਹੋ ਕੇ ਅੱਗੇ,
ਦਾਗ ਭੱਟੀਆਂ ਨੂੰ ਲੱਗੇ ।
ਜੇ ਦਿੱਲੀ ਨੂੰ ਤੁਰਗੇ,
ਨਾ ਡਰਨ ਟਟੀਰੀਉ ਅਸੀਲ ਮੁਰਗੇ ।
ਜਵਾਂ ਇੱਜ਼ਤ ਨਾ ਛੱਡੀ,
ਤਾਂ ਤਰੀਫ ਹੋਵੇ ਵੱਡੀ,
ਜਾ ਖੰਡਾ ਦਿਓ ਅੱਡੋ-ਅੱਡੀ ।
ਮੁਗਲਾਂ ‘ਚ ਵੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਚਲੋ ਛੱਡੋ ਜੁਆਨੋ ਰਾਸੇ,
ਵੇਖੋ ਜੰਗ ਦੇ ਤਮਾਸ਼ੇ,
ਗੱਲ ਹੋਜੂ ਇੱਕ ਪਾਸੇ ।
ਸਾਰਿਆਂ ਨੂੰ ਦੀਹਦੀਆਂ,
ਛੁਟੀਆਂ ਨਾ ਵਾਂਦਾਂ ਪਾਜਾਂਗੇ ਸ਼ਹੀਦੀਆਂ ।
ਆਵੀ ਲੈਣੀ ਨੇਕੀ ਖੱਟ,
ਤਿਆਰ ਹੋਜੋ ਝੱਟਾ-ਪੱਟ,
ਕਡੋ ਮਿਰਜ਼ੇ ਦੇ ਵੱਟ ।
ਕਣ ਵਾਂਗੂੰ ਰੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਕਰੋ ਤਿਆਰੀ ਛੇਤੀ ਜਾਹੋ,
ਸੀਸ ਮੁਗਲਾਂ ਦੇ ਲਾਹੋ,
ਤੇਗਾਂ ਜ਼ੋਰ ਨਾਲ ਵਾਹੋ ।
ਨਾ ਮੈਦਾਨੋ ਭੱਜਿਉ,
ਵੈਰੀਆਂ ਦੇ ਜਾਕੇ ਹਿੱਕ ਵਿੱਚ ਵੱਜਿਉ ।
ਨਾਵੇਂ ਉਨਾ ਦੇ ਮਿਸਣ,
ਸਾਂਗਾਂ ਵੱਜ ਕੇ ਫਿਸਣ,
ਸੀਸ ਡਿਗਦੇ ਦਿਸਣ ।
ਮੋਢਿਆਂ ਤੋਂ ਝੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਤੁਸੀਂ ਅਲੀਰਾਅ ਦੀ ਬਿੰਦ,
ਦੇਵੇ ਨਾ ਜਹਾਨ ਨਿੰਦ,
ਕਰੋ ਨਾ ਪਿਆਰੀ ਜਿੰਦ ।
ਸੀਸ ਲਿਉਣੇ ਡੁੰਗਕੇ,
ਲੁਕਣਾ ਕੀ ਦੁੱਧ ਛੀਣੀਆਂ ਦੇ ਚੁੰਘਕੇ ।
ਸੋਹਣੇ ਮਿਸਰੇ ਬਣੌਨ,
ਸਹੀ ਬਾਬੂ ਜੀ ਬਤੌਣ,
ਜਗਮੇਲ ਹੋਰੀਂ ਗੌਣ ।
ਖਾੜਿਆਂ ‘ਚ ਖੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਦੋਹਿਰਾ

ਗੌਣ ਸਣੌਦੇ ਬਿਰਧ ਨੂੰ, ਛੋੜ ਵੜੇ ਬੁੱਧਵਾਨ ।
ਕਲਨੂੰ ਮਰਦਾ ਅੱਜ ਮਰੀਂ, ਸਾਨੂੰ ਕਿਸ ਦੀ ਕਾਣ ।

ਦੋ ਭਾਗ ਛੰਦ-33

ਐਵੇਂ ਧੌਲੇ ਕਾਸਤੋਂ ਹਲੌਂਦਾ ਫਿਰਦਾ,
ਦੁੱਲੇ ਨਾਲ ਸਾਡੀ ਕੀ ਲਿਹਾਜ ਬਿਰਧਾ ।

ਗਿਆ ਸਾਡਾ ਬਾਪ ਵਾਸਤੇ ਸ਼ਿਕਾਰ ਕੇ,
ਵੇ ਗੁਨਾਹ ਨੂੰ ਖਾਕ ‘ਚ ਰਲਾਤਾ ਮਾਰ ਕੇ ।

ਅਸੀਂ ਨੀਵੇਂ ਹੋਕੇ ਸੌ ਪਚੈਤਾਂ ਜੋੜੀਆਂ,
ਮੰਨਿਆਂ ਨਾ ਬਿਰਧਾ ਪਛਾੜੀ ਮੋੜੀਆਂ ।

ਸਿਰ ਤੇ ਝੜਾਕੇ ਚੰਮ ਦੀਆਂ ਟਾਕੀਆਂ,
ਪਿੰਡੀ ਵਿੱਚ ਖੇਡ ਦੇ ਫਿਰਨ ਹਾਕੀਆਂ ।

ਔਖੀ ਹੋਗੀ ਮੋੜਨੀ ਪਚਾਇਤ ਧੱਕਕੇ,
ਸਾਨੂੰ ਧੜ ਸੱਖਣੀ ਫੜਾਤੀ ਚੱਕ ਕੇ ।

ਤੈਨੂੰ ਗਿਣ-ਗਿਣ ਕੇ ਸੁਣਾਈਏ ਕੇਹੜੀਆਂ,
ਸਾਡੇ ਨਾਲ ਕੀਤੀਆਂ ਕਮਾਈਆਂ ਜੇਹੜੀਆਂ ।

ਆਏ ਧੁਰੋਂ ਵਧਮੀ ਸ਼ਰੀਕ ਕਰਦੇ,
ਅਸੀਂ ਬਾਬਾ ਵੜਗੇ ਅੰਦਰ ਡਰਦੇ ।

ਸਾਨੂੰ ਹਾਲ ਦੱਸਣ ਪਿੰਡੀ ਦੀ ਢੇਰੀ ਦੇ,
ਜਿਹੜੇ ਬੁੱਢੇ ਆਦਮੀ ਉਮਰ ਤੇਰੀ ਦੇ ।

ਉਨ੍ਹਾਂ ਨਾਲ ਕਦੋਂ ਸੀ ਲਿਹਾਜ ਦੱਸਦੇ,
ਪਿੰਡੀ ‘ਚੋਂ ਸ਼ਰੀਕਾਂ ਨੇ ਉਜਾੜੇ ਵੱਸਦੇ ।

ਚੌਥਾ ਹਿੱਸਾ ਪਿੰਡੀ ‘ਚੋਂ ਜਗੀਰਾਂ ਖੋਲੀਆਂ,
ਹੁਣ ਤਾਈਂ ਮਾਰ ਦੇ ਸ਼ਰੀਕ ਬੋਲੀਆਂ ।

ਨਿਕਲੇ ਪਿੰਡੀ ਦੇ ਵਿੱਚੋਂ ਪੌਂਦੇ ਬਹੁੜੀਆਂ,
ਸਿਰਾਂ ਉੱਤੇ ਤੱਤੀਆਂ ਚੁਕਾਈਆਂ ਤੌੜੀਆਂ ।

ਲੱਗ ਗੇ ਬੁੱਢੇ ਤੋਂ ਕਤਰੌਣ ਕੰਨੀਆਂ,
ਅਸੀਂ ਦੋਵੇਂ ਜਣੇ ਮਿਰਜ਼ੇ ਦੇ ਵੰਨੀਆਂ ।

ਅਸੀਂ ਨਾ ਸ਼ਰੀਕ ਤੇ ਕਸਰ ਛੱਡਣੀ,
ਸੌਖੀ ਹੋਗੀ ਵੈਰੀ ਦੀ ਅਲਕ ਵੱਡਣੀ ।

ਵੈਰੀ ਤੇ ਗਾਹਕ ਮਿਲਦੇ ਹਮੇਸ਼ ਨਾ,
ਸਾਡੇ ਨਾਲ ਰੱਖਿਆ ਭਰੱਪਾ ਏਸ ਨਾ ।

‘ਰਜਬਲੀ’ ਮੰਨ ਪਿਉ ਮਰੇ ਦਿਆ ਬਾਬਲਾ,
ਦੁੱਲੇ ਨਾਲ ਸਾਡਾ ਹੋਣ ਦੇ ਮੁਕਾਬਲਾ ।

ਦੋਹਿਰਾ

ਰਾਣੀ ਮਾਤਾ ਆਖਦੀ, ਮਾਰ ਚੀਕ ਤੇ ਚੀਕ ।
ਵੇ ਬੁਰਿਆਈ ਜਦਾਦੀਨ, ਪੁੱਤ ਕਰਨੀ ਨਾ ਠੀਕ ।

ਮੁਕੰਦ ਛੰਦ-34

ਰਾਣੀ ਮਾਤਾ ਸੁਲਤਾਨ ਖਾਂ ਵਰਾਨ ਦੀ,
ਪੁੱਤਰਾਂ ਨੂੰ ਗੱਲ ਆਖਦੀ ਗਿਆਨ ਦੀ ।
ਬਾਬੇ ਦੀ ਨਸੀਹਤ ਕਿਉਂ ਤੁਸਾਂ ਨੂੰ ਪੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

ਵੈਰੀ ਹੋਵੇ ਛੱਡਦਾ ਮਿਟਾਕੇ ਨਾਮੇ ਵੇ,
ਆਪਣੇ ਜੇ ਮਾਰਦੇ ਸਿਟਣ ਛਾਮੇ ਵੇ ।
ਰੱਬ ਬਿਨਾ ਉਨਾ ਦਾ ਹਮੈਤੀ ਕੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

ਊਤਾਂ ਕਹਿੰਦੇ ਰੋਜ਼ ਲੜਦੇ ਸ਼ਰੀਕ ਵੇ,
ਆਪਣੇ ਨੂੰ ਮਾਰਨਾ ਹੁੰਦਾ ਨਾ ਠੀਕ ਵੇ ।
ਮਾਰਦੀ ਵਸੂਰੇ ਮਾਤਾ ਜਾਵੇ ਰੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

ਇਕੋ ਜਾਤ ਗੋਤ ਦੇ ਇੱਕੋ ਹੀ ਰੱਤ ਵੇ,
ਫਿਰ ਕਿਉਂ ਨਾ ਲੈਂਦੇ ਬੁਢੜੇ ਦੀ ਮੱਤ ਵੇ ।
ਥਾਂ ਤੇ ਘਾਇਲ ਹੋਜੇ ਮੰਨ ਦੇ ਧਰੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

ਕਹੇ ਲਗੋ ਬੱਤੀ ਵਖਸੌਣਾ ਧਾਰਾਂ ਨੂੰ,
ਉੱਠ ਕੇ ਤੇ ਧੂਪ ਦੇ ਲੋ ਤਲਵਾਰਾਂ ਨੂੰ ।
ਭੱਜ ਪੈਜੋ ਸੈਨਾ ਆਣ ਕੇ ਖੜੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

ਹੱਕ ਤੇ ਮਰਨ ਵਾਲਿਆਂ ਨੂੰ ਮੇਹਣਾ ਨੀ,
ਜਿਉਂਦਿਆਂ ਚਗੱਤਿਆਂ ਨੂੰ ਜਾਣ ਦੇਣਾ ਨੀ ।
ਤਾਹਨੇ ਦੇਣ ਤੁਸਾਂ ਨੂੰ ਖਬਰ ਕੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

‘ਰਜਬਲੀ’ ਪੌਣ ਨਾ ਹਮੇਸ਼ਾ ਰਾਂਦਾਂ ਨੂੰ,
ਚੜੋ ਮੇਰੇ ਸੂਰਮਿਉ ਛੜਾਲੋ ਵਾਂਦਾਂ ਨੂੰ ।
ਡਰ ਜਾਊ ਬਿੰਦ-ਰਾਅਲੀ ਦੀ ਸੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

ਦੋਹਿਰਾ

ਪੁੱਤ ਸੁਲਤਾਨ ਵਿਰਾਨ ਖਾਂ, ਲੱਗਗੇ, ਸੱਸ਼ਤਰ ਲੌਣ ।
ਲੈਕੇ ਪਿੰਡ ਦੇ ਸੂਰਮੇ, ਵਾਂਦਾਂ ਚੜੇ ਛਡੌਣ ।

ਮੁਕੰਦ ਛੰਦ-35

ਸੁਣ ਜੋਸ਼ ਆਗਿਆ ਭਰਾਵਾਂ ਦੋਆਂ ਨੂੰ,
ਛੇਤੀ ਤਿਆਰ ਹੋਗੇ ਪਹਿਨ ਕੇ ਸੰਜੋਆਂ ਨੂੰ ।
ਪਿੰਡ ਚੋਂ ਬੁੜੇ ਨੇ ਮੱਦਤਾਂ ਝੜਾਤੀਆਂ,
ਵਾਰਾਂ ਵਾਂਦਾਂ ਦੋਹਾਂ ਭਾਈਆਂ ਨੇ ਛਡਾਤੀਆਂ ।

ਹੌਸਲੇ ਦੇ ਨਾਲ ਧਾਵੇ ਕੀਤੇ ਭੱਟੀਆਂ,
ਉਤੇ ਚੜੇ ਜਾਣ ਫੇਰ ਦੇ ਮਲੱਟੀਆਂ ।
ਵੱਧ-ਵੱਧ ਜੁਆਨਾਂ ਤਲਵਾਰਾਂ ਵਾਹਤੀਆਂ,
ਵਾਰਾਂ ਵਾਂਦਾਂ ਦੋਹਾਂ ਭਾਈਆਂ ਨੇ ਛਡਾਤੀਆਂ ।

ਲੀੜੇ ਲਾਹਕੇ ਥੱਕੇ ਵੇ ਅਰਾਮ ਕਰਦੇ,
ਜਾਕੇ ਰਾਜਪੂਤਾਂ ਨੇ ਉਡਾਤੇ ਗਰਦੇ ।
ਮੁਗਲਾਂ ਨੂੰ ਮਾਵਾਂ ਯਾਦ ਕਰਬਾਤੀਆਂ,
ਵਾਰਾਂ ਵਾਂਦਾਂ ਦੋਹਾਂ ਭਾਈਆਂ ਨੇ ਛਡਾਤੀਆਂ ।

ਦਿਲ ਦੇ ਦਲੇਰ ਉਮਰ ਨਰਮ ਦੇ,
ਇਹੋ ਜੇ ਜਣਿਆਂ ਦੇ ਆਫਰੀਂ ਜਰਮ ਦੇ ।
ਸੀਸ ਵੱਡ ਧੜਾਂ ਜ਼ਿਮੀ ਤੇ ਲਿਟਾਤੀਆਂ,
ਵਾਰਾਂ ਵਾਂਦਾਂ ਦੋਹਾਂ ਭਾਈਆਂ ਨੇ ਛਡਾਤੀਆਂ ।

ਭੂਆ ਭੈਣਾਂ ਤਾਈਆਂ ਭਰਜਾਈਆਂ ਚਾਚੀਆਂ,
ਦੁੱਲਾ ਸ਼ੇਰ ਆਗਿਆ ਲੁਹਾਈਆਂ ਜਾਚੀਆਂ ।
ਲੱਧੀ ਹੋਰੀਂ ਪੌਣ ਤੰਬੂਆਂ ‘ਚੋਂ ਝਾਤੀਆਂ,
ਵਾਰਾਂ ਵਾਂਦਾਂ ਦੋਹਾਂ ਭਾਈਆਂ ਨੇ ਛਡਾਤੀਆਂ ।

ਵੱਢ-ਵੱਢ ਲਾਤੇ ਵੈਰੀਆਂ ਦੇ ਪੂਰ ਜੀ,
ਭੱਜ ਦਿਆਂ ਨੂੰ ਹੋ ਗਿਆ ਲਹੌਰ ਦੂਰ ਜੀ ।
‘ਰੱਜਬਲੀ’ ਮਾਰ ਕੇ ਵਹੀਰਾਂ ਪਾਤੀਆਂ,
ਵਾਰਾਂ ਵਾਂਦਾਂ ਦੋਹਾਂ ਭਾਈਆਂ ਨੇ ਛਡਾਤੀਆਂ ।

ਦੋਹਿਰਾ

ਔਂਦੇ ਕਟਕ ਚਨੋਟ ਦੇ, ਵਜਦੇ ਸੁਣ ਕੇ ਢੋਲ ।
ਜੁਆਨਾਂ ਧਾਵੇ ਬੋਲਤੇ, ਆ ਨਗਰੀ ਦੇ ਕੋਲ ।

ਮੁਕੰਦ ਛੰਦ-36

ਦੁੱਲਾ ਲਿਆਇਆ ਮੱਦਦ ਜੜਾਕੇ ਮਾਮਿਆਂ ਦੀ,
ਸਿਰੋਂ ਪੰਡ ਲਾਹਮਾਂ ਲੱਧੀ ਦੇ ਉਲਾਮਿਆਂ ਦੀ ।
ਧੂੜ ਨਾਲ ਅਟ ਤੇ ਪਿੰਡਾਂ ਦੇ ਖੂਹੇ ਐ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

ਵਜਦੇ ਗਿਲਾਰੇ ਜੰਗ ਦੇ ਮੈਦਾਨ ਮੇਂ,
ਤਲਵਾਰਾਂ ਜਾਣ ਤੜਫੀ ਮਿਆਨ ਮੇਂ ।
ਫੜ ਮੁਠ ਸਿਉਨੇ ਦੇ ਕਟਾਰ ਧੂਹੇ ਐ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

ਮੂੰਹੋਂ ਬੋਲ ਕੇ ਤੇ ਤਕਰੀਰ ਕਲਮੇ,
ਘੁਕਦੇ ਵਰੋਲੇ ਵਾਂਗੂੰ ਆਗੇ ਦਲ ਮੇਂ ।
ਹੋਗਿਆ ਦੁੱਲਾ ਸੂਰਮਾ ਵਥੇਰਾ ਭੂਹੇ ਐ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

ਜਿਹੜੀ ਫੌਜ ਆਈ ਸੀ ਦੁੱਲੇ ਦੇ ਨਾਲ ਦੀ,
ਮਾਰ ਸਾਰ-ਪਾਰ ਲੰਘਗੀ ਵਿਚਾਲ ਦੀ ।
ਮਾਰ-ਮਾਰ ਤੋੜੇ ਮੁਗਲਾਂ ਦੇ ਢੂਹੇ ਐ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

ਰਫਲਾਂ ਦੇ ਮੂਹਰੇ ਲਾਲਿਆ ਸੰਗੀਨਾਂ ਨੂੰ,
ਲਾਲ-ਲਾਲ ਰੰਗ ਚਾੜਤਾ ਜ਼ਮੀਨਾਂ ਨੂੰ ।
ਦੁੱਲੇ ਦੇ ਹਮੈਤੀਆਂ ਵਧੇਰੇ ਛੂਹੇ ਐ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

ਫੜ ਵੱਢੀ ਜਾਣ ਦਾਤੀ ਪੈਗੀ ਹਾੜੀਏਂ,
ਵੇਖ ਕੇ ਤੇ ਮੁਗਲ ਲੁਕਣ ਝਾੜੀਏਂ ।
ਥਿਆਗੇ ਵਾੜ ਬਿਲਿਆਂ ਨੂੰ ਦਿੱਲੀ ਦੇ ਚੂਹੇ ਐ ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

‘ਰੱਜਬਲੀ’ ਦਿੱਤੀਆਂ ਲੱਧੀ ਨੇ ਥਾਪੀਆਂ,
ਔਡੀ ਦੂਰ ਧਾਰਾਂ ਸੀ ਥਣਾਂ ਤੋਂ ਜਾਪੀਆਂ ।
ਹਿੱਕ ਨਾਲ ਲਾਲਿਆ ਲਾਹ ਤੰਬੂ ਦੇ ਬੂਹੇ ਐ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

ਦੋਹਿਰਾ

ਲਾਈਆਂ ਵੱਢ-ਵੱਢ ਢੇਰੀਆਂ ਫੇਰ ਮੁਕਾਤੀ ਰਾਂਦ ।
ਲੱਧੀ ਆਂਹਦੀ ਜੁਆਨ ਨੇ, ਆਣ ਛੜਾਲੀ ਵਾਂਦ ।

ਮੁਕੰਦ ਛੰਦ-37

ਵੈਰੀਆਂ ਨੂੰ ਵੱਢ ਕੇ ਮਕਾਤੀ ਰਾਂਦ ਜੀ,
ਫੇਰ ਲੱਧੀ ਮਾਤਾ ਦੀ ਛੜਾਲੀ ਵਾਂਦ ਜੀ ।
ਰੋਵੇ ਮਾਤਾ ਚੁੱਪ ਕਰਦੀ ਵਿਰਾਗੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਥਰ-ਥਰ ਕੰਬਦਾ ਚਗੱਤਾ ਕਾਇਰ ਜੀ,
ਦੌੜ ਕੇ ਤੇ ਫੜਲੇ ਲੱਧੀ ਦੇ ਪੈਰ ਜੀ ।
ਕਹਿੰਦੀ ਪੁੱਤ ਮਾਰਦੀ ਗਊਆਂ ਦੇ ਬਾਗੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਰਾਜੀ ਨਾਮਾ ਹੋ ਗਿਆ ਚਿਤੇ ਤੇ ਵੱਧਦਾ,
ਸੂਰਮਾ ਨਾ ਗੱਲ ਮਾਤਾ ਦੀ ਉਲੱਦ ਦਾ ।
ਦੂਰ੍ਹ ਪਾਕੇ ਉਤੋਂ ਫੇਰ ਦੀਂ ਸੁਹਾਗੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਸੁਲਾ ਹੋਗੀ ਭੱਟੀ ਜਾਂ ਪਿੰਡੀ ਨੂੰ ਮੁੜਗੇ,
ਮੁਗਲਾਂ ਦੇ ਭੱਜੇ ਵੇ ਭਗੌੜੇ ਜੁੜ ਗੇ ।
ਟਲਦਾ ਸੀ ਜ਼ੁਲਮ ਕਮੌਣੌ ਪਾਜੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਵਾਰ ਵਿੱਚ ਰੋਜ਼ ਖੇਲ ਦੇ ਸ਼ਿਕਾਰ ਜੀ,
ਪਿਆਰ ਪਾਕੇ ਕਰਦਾ ਦਗੇ ਦੀ ਕਾਰ ਜੀ ।
ਦਾਗ ਹੋਣੋ ਹਟੂ ਖਰਬੂਜਾ ਦਾਗੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਨਸ਼ਾ ਪੀ ਕੇ ਦੁੱਲਾ ਬੇ ਫਿਕਰ ਪੈ ਗਿਆ,
ਲਾਕੇ ਜੰਜੀਰਾਂ ਸੀ ਦਿੱਲੀ ਨੂੰ ਲੈ ਗਿਆ ।
ਸੌਂਗੀ ਸੌਰ੍ਹੀ ਫੇਰ ਤਕਦੀਰ ਜਾਗੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਆਕਲ, ਅਦਾਲਤ, ਬੜੇ ਦਲੇਰ ਖਾਂ,
ਜਿਉਂਦੇ ਰਹਿਣ ਅਲੀ ਸਰਦਾਰ, ਸ਼ੇਰ ਖਾਂ ।
ਮੰਨਦੇ ਨੇ ਹੁਕਮ ਜੀ ਪਿਤਾ ਤੋਂ ਬਾਗੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਵਾਰ ਦੁੱਲੇ ਭੱਟੀ ਦੀ

('ਲੋਕ ਵਾਰਾਂ' ਵਿਚ ਅਹਿਮਦ ਸਲੀਮ ਨੇ ਗਵੰਤ੍ਰੀ ਗੁਲਾਮ ਮੁਹੰਮਦ ਰੁਲੀਏ ਤੋਂ ਸੁਣਕੇ ਇਹ ਵਾਰ ਦਰਜ ਕੀਤੀ ਹੈ)1ਤਾਰਿਆਂ ਦੀ ਓਟ ਚੰਦ ਨ ਛੁਪੇ, ਸੂਰਜ ਨ ਛੁਪੇ ਬੱਦਲ ਕੀ ਛਾਯਾਪੁਤ ਸਪੁਤ ਪੰਘੂੜੇ ਨ ਛੁਪੇ, ਅਰਾਕੀ ਨ ਛੁਪੇ ਜਦ ਆਸਨ ਤੇ ਆਯਾਚੰਚਲ ਨਾਰਿ ਕੇ ਨੈਣ ਨ ਛੁਪਣ, ਔਰ ਸੁੰਦਰ ਰੂਪ ਨ ਛੁਪੇ ਛਪਾਯਾਮਦ ਕੇ ਪੀਤਿਆਂ ਜਾਤ ਪਰਖੀਏ, ਦਾਤਾ ਪਰਖੀਏ ਜਦ ਮਾਂਗਤ ਆਯਾਮੂਰਖ ਦੇ ਕੋਲ ਕਬਿੱਤ ਕੇਹਾ, ਜੇਹਾ ਭੈਂਸ ਦੇ ਕੋਲ ਮਰਜੰਗ ਵਜਾਯਾ ।੧।2ਪੁੱਤ ਹੱਥ ਬੰਨ੍ਹ ਕਰਦੀਆਂ ਬੇਨਤੀ, ਸੱਚੀਆਂ ਦਿਆਂ ਸੁਣਾਰਾਤੀਂ ਸੁੱਤੀ ਨੂੰ...

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ -ਪ੍ਰੋ. ਅੱਛਰੂ ਸਿੰਘ(ਸਾਬਕਾ ਮੁਖੀ, ਅੰਗ੍ਰੇਜ਼ੀ ਵਿਭਾਗ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ)ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ ਪੰਜਾਬੀ ਦੇ ਭਾਸ਼ਾ-ਵਿਗਿਆਨੀਆਂ, ਵਿਦਵਾਨਾਂ, ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਕਾਫ਼ੀ ਦੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਬਾਰੇ ਵੱਖੋ-ਵੱਖਰੇ ਮਤ ਦਿੱਤੇ ਜਾ ਰਹੇ ਹਨ ਜਿਨ੍ਹਾਂ ਕਾਰਣ ਇਹ ਭੰਬਲਭੂਸਾ ਘਟਣ ਦੀ ਥਾਂ ਸਗੋਂ ਹੋਰ ਵਧ ਰਿਹਾ ਹੈ । ਇਕੋ ਸ਼ਬਦ ਨੂੰ ਵੱਖ-ਵੱਖ ਤਰ੍ਹਾਂ ਨਾਲ ਲਿਖਿਆ ਜਾਂਦਾ ਹੈ ਅਤੇ ਬਹੁਤੇ ਸ਼ਬਦ ਅਕਸਰ ਗਲਤ ਲਿਖੇ ਜਾਂਦੇ...

ਵੀਹ ਦਿਨ ਹੋਰ ਜਿਊਣਾ…!

(ਚਰਨਜੀਤ ਸਿੰਘ ਤੇਜਾ)ਬੰਦ ਹੋ ਚੁਕੇ ਮਾਡਲ ਦੀ ਕਾਰ ਦਾ ਇਕ ਪੁਰਜ਼ਾ ਲੱਭਦਿਆਂ ਆਖਰ ਨੂੰ ਲੁਧਿਆਣੇ ਗਿੱਲ ਰੋਡ ‘ਤੇ ਜਾਣਾ ਹੀ ਪਿਆ। ਕਿਸੇ ਨੇ ਦੱਸ ਪਾਈ ਕਿ “ਸ਼ੇਖੂਪੁਰੀਏ ਖਰਾਦੀਆਂ ਦੀ ਦੁਕਾਨ ਆ, ਜਿੱਦਾਂ ਦਾ ਪੁਰਜ਼ਾ ਚਾਹੀਦਾ ਉਦਾਂ ਦਾ ਬਣਾਅ ਦੇਣਗੇ”। ਦੁਕਾਨ ‘ਤੇ ਬੈਠੇ ਖੁਸ਼ਕ-ਮਿਜ਼ਾਜ ਜਿਹੇ ਸਰਦਾਰ ਨੇ ਮੁੰਡੇ ਨੂੰ ਅਵਾਜ਼ ਮਾਰ ਕੇ ਕਾਰ ਦਾ ਕੰਡਮ ਹੋਇਆ ਪੁਰਜ਼ਾ ਮੇਰੇ ਹੱਥੋਂ ਫੜ ਉਸ ਨੂੰ ਫੜਾਅ ਦਿਤਾ। ਮੁੰਡਾ ਦੁਕਾਨ ਅੰਦਰ ਲੱਗੀ ਪੌੜੀ ਚੜ੍ਹ ਗਿਆ। ਕਾਉਂਟਰ ਸਾਹਮਣੇ ਫੱਟੇ ‘ਤੇ ਬੈਠਿਆਂ ਧਿਆਨ ਸਰਦਾਰ ਦੇ ਪਿਛੇ...