ਸ਼ਹੀਦ ਸਰਦਾਰ ਭਗਤ ਸਿੰਘ ਹੁਰਾਂ ਦੀ ਸ਼ਹਾਦਤ
॥ਦੋਹਿਰਾ॥
ਸੁਣੋਂ ਸ਼ੁਕੀਨੋਂ, ਸ਼ੌਂਕ ਸੇ, ਪੌਣਾ ਨਹੀਂ ਫ਼ਸਾਦ ।
ਹਰ ਗੁਣ ਮੇਂ ਮਿਲਤਾ ਨਹੀਂ, ਸ਼ੈਰੀ ਜੈਸਾ ਸੁਆਦ ।
ਕਬਿੱਤ-੧
ਫੁੱਲ ਨਾ ਗੁਲਾਬ ਜੈਸਾ, ਹੌਂਸਲਾ ਸ਼ਰਾਬ ਜੈਸਾ,
ਚਾਨਣ ਮਤਾਬ ਜੈਸਾ, ਹੁੰਦਾ ਮਨ ਮੋਹਣਾ ਨ੍ਹੀਂ ।
ਸ਼ੈਹਰ ਨਾ ਭੰਬੋਰ ਜੈਸਾ, ਗਲਾ ਸੋਹਣਾ ਮੋਰ ਜੈਸਾ,
ਹਾਰ ਜਾਨੀ ਚੋਰ ਜੈਸਾ ਕਿਸੇ ਨੇ ਪਰੋਣਾ ਨ੍ਹੀਂ ।
ਹੁਨਰ ਬੰਗਾਲ ਜੈਸਾ, ਰੂਪ ਝੰਗ ਸਿਆਲ ਜੈਸਾ,
ਕੂੜਾ ਮਹੀਂਵਾਲ ਜੈਸਾ, ਜਣੇ-ਖਣੇ ਢੋਣਾ ਨ੍ਹੀਂ ।
ਸੂਰਮਾਂ ਨਾ ਸ਼ੇਰ ਜੇਹਾ, ਭੰਡਾਰੀ ਨਾ ਕੁਬੇਰ ਜੇਹਾ,
ਭਗਤ ਸਿਓਂ ਦਲੇਰ ਜੇਹਾ, ਦਲੇਰ ਪੈਦਾ ਹੋਣਾ ਨ੍ਹੀਂ ।
ਧੁੱਪ ਮੁਲਤਾਨ ਜਿੰਨੀ, ਆਕੜ ਸ਼ੈਤਾਨ ਜਿੰਨੀ,
ਸ਼ਾਹੀ ਸੁਲੇਮਾਨ ਜਿੰਨੀ, ਯੂਸਫ਼ ਜਿੰਨਾ ਸੋਹਣਾ ਨ੍ਹੀਂ ।
ਬਾਲੀ ਜਿੰਨਾ ਜਬਰ ਨ੍ਹੀਂ, ਲੰਕੇਸ਼ ਜਿੰਨਾ ਟੱਬਰ ਨ੍ਹੀਂ,
ਅਯੂਬ ਜਿੰਨਾ ਸਬਰ ਨ੍ਹੀਂ, ਯਕੂਬ ਜਿੰਨਾ ਰੋਣਾ ਨ੍ਹੀਂ ।
ਹੱਕ ਮਿੱਠਾ ਸਿੱਕ ਤੋਂ, ਬਿਮਾਰੀ ਬੁਰੀ ਦਿੱਕ ਤੋਂ,
ਬਣੀਂਦਾ ਹਰ ਇੱਕ ਤੋਂ, ਨਿਸ਼ਾਨਚੀ ਦਰੋਣਾ ਨ੍ਹੀਂ ।
ਸੂਰਮਾਂ ਨ੍ਹੀਂ ਸ਼ੇਰ ਜੇਹਾ, ਭੰਡਾਰੀ ਨ੍ਹੀਂ ਕੁਬੇਰ ਜੇਹਾ,
ਤੇ ਭਗਤ ਸਿਓਂ ਦਲੇਰ ਜੇਹਾ, ਦਲੇਰ ਪੈਦਾ ਹੋਣਾ ਨ੍ਹੀਂ ।
ਪਿਆਰ ਭਾਈ ਭੈਣ ਜੈਸਾ, ਵੈਦ ਨੀ ਸੁਖੈਨ ਜੈਸਾ,
ਸੰਦੇਸ਼ਣਾਂ ਦੀ ਨੈਣ ਜੈਸਾ, ਕਿਸੇ ਸੀਸ ਧੋਣਾ ਨ੍ਹੀਂ ।
ਚੰਗਾ ਦਿਨ ਈਦ ਜੈਸਾ, ਫੱਕਰ ਫ਼ਰੀਦ ਜੈਸਾ,
ਗੰਗੂ ਤੇ ਵਜੀਦ ਜੈਸਾ, ਮਾੜਾ ਬੀਜ ਬੋਣਾ ਨ੍ਹੀਂ ।
ਅਜੇ ਜੈਸਾ ਕਾਠ, ਰਾਜਾ ਗਿਆਨੀ ਨੀ ਵਰਾਟ ਜੈਸਾ,
ਮਾਲ ਦੁੱਲੇ ਰਾਠ ਜੈਸਾ, ਕਿਸੇ ਨੇ ਲਕੋਣਾ ਨ੍ਹੀਂ ।
ਸੂਰਮਾਂ ਨ੍ਹੀਂ ਸ਼ੇਰ ਜੇਹਾ, ਭੰਡਾਰੀ ਨ੍ਹੀਂ ਕੁਬੇਰ ਜੇਹਾ,
ਤੇ ਭਗਤ ਸਿਓਂ ਦਲੇਰ ਜੇਹਾ, ਦਲੇਰ ਪੈਦਾ ਹੋਣਾ ਨ੍ਹੀਂ ।
ਜੰਗ ਕੁਰਸ਼ੇਤਰ ਜੈਸਾ, ਨਾਗ ਨੀ ਜਮੇਤਰ ਜੈਸਾ,
ਰੇਸ਼ਮ ਚੀਨੋਂ ਬੇਹਤਰ ਜੈਸਾ, ਬਰਮਾਂ ਜੈਸਾ ਸਨਕੋਨਾਂ ਨ੍ਹੀਂ ।
ਤਿੱਖਾ ਬੋਲ ਬਿੰਡੇ ਜੈਸਾ, ਸੁਆਦ ਹੈ ਨੀ ਚਰਿੰਡੇ ਜੈਸਾ,
ਟੇਸ਼ਣ ਬਠਿੰਡੇ ਜੈਸਾ, ਮਿਲਦਾ ਖੜੋਨਾ ਨ੍ਹੀਂ ।
ਕਿਲ੍ਹਾ ਨਾ ਚਤੌੜ ਜੈਸਾ, ਕੌਲ ਨਾ ਭਦੌੜ ਜੈਸਾ,
ਡਾਕੂ ਜਿਓਣੇ ਮੌੜ ਜੈਸਾ, ਕਿਸੇ ਦੇਸ ਹੋਣਾ ਨ੍ਹੀਂ ।
ਸੂਰਮਾਂ ਨਾ ਸ਼ੇਰ ਜੇਹਾ, ਭੰਡਾਰੀ ਨਾ ਕੁਬੇਰ ਜੇਹਾ,
ਭਗਤ ਸਿਓਂ ਦਲੇਰ ਜੇਹਾ, ਦਲੇਰ ਪੈਦਾ ਹੋਣਾ ਨ੍ਹੀਂ ।
- ਤਰੀਖ਼ੇ-ਹਿੰਦ
॥ਦੋਹਿਰਾ॥
ਸਿਰਜਨਹਾਰ ਕਹਾਰ ਤੋਂ, ਹਰ ਵੇਲੇ ਦਿਲ ਡਰੇ ।
ਢਾ ਕੇ, ਕਿਤੇ ਉਸਾਰਦਾ, ਜਿਉਂ ਚਿੱਤ ਕਰਦਾ ਕਰੇ ।
ਛੰਦ-੨
ਸੁਣੋਂ ਤਾਰੀਖ਼ ਪੁਰਾਣੀਆਂ ਗੱਲਾਂ, ਛਹਿਬਰ ਲਾ 'ਤੀ ਸੰਘਣਿਆਂ ਝੱਲਾਂ,
ਕੂੰਗਰੂ, ਹਾਥੀ, ਰਿਛਨੀ, ਗੈਂਡੇ, ਮਾਰਨ ਤੜ੍ਹਾਂ, ਨਬੇੜਨ ਪੈਂਡੇ,
ਨਾ ਸੀ ਅੰਤ ਦਰਿੰਦਿਆਂ ਦਾ ।
ਕੂਕਣ ਮੋਰ ਪਪੀਹੇ, ਪੈਂਦਾ ਸ਼ੋਰ ਪਰਿੰਦਿਆਂ ਦਾ ।
ਬੱਦਲੀ ਵਾਂਗੂੰ ਗੱਜਕੇ ਦੈਂਤਾਂ, ਜਿੰਨ 'ਜ੍ਹਿ ਫਿਰਨ ਲਗੌਂਦੇ ਬੈਂਤਾਂ,
ਇੱਕ ਇੱਕ ਗਜ਼ ਤੇ ਫਿਰਨ ਸਰਾਲਾਂ, ਤੇ ਸੰਸਾਰ ਲਗਾਉਂਦੇ ਛਾਲਾਂ,
ਮੇਘ ਹਮੇਸ਼ਾ ਵਰ੍ਹਦਾ ਹੈ ।
ਕਿਧਰੇ ਢਾਉਂਦਾ, ਕਿਤੇ ਉਸਾਰੇ, ਜਿਉਂ ਚਿੱਤ ਕਰਦਾ, ਕਰਦਾ ਹੈ ।
'ਸੁੰਭ ਨਿਸੁੰਭ' ਭਰਾ ਦੋ ਰਾਕਸ਼, ਖਾਂਦੇ ਗਿੱਦੜ, ਬਿੱਲੀਆਂ, ਫ਼ਾਕਸ,
ਮਦਰਾ ਰਖਦੇ ਦਿਨ ਰਾਤ ਝੋਈ, ਫਿਰਗੀ ਚਾਰ-ਚੁਫ਼ੇਰੇ ਧਰੋਈ,
ਨਹਿਰ ਚਲਾਤੀ ਪਾਪਾਂ ਦੀ ।
ਚਾਰ ਚੁਫੇਰੇ ਖਿੰਡ ਗਈ ਜ਼ਹਿਰ, ਜਰ੍ਹੀਲਿਆਂ ਸਾਂਪਾਂ ਦੀ ।
ਆ ਗਈ ਆਰੀਆ ਕੌਮ ਹਮਾਰੀ, ਕਾਲੀ ਸ਼ੀਂਹ ਤੇ ਕਰ ਅਸਵਾਰੀ,
ਲਾ ਤਿਰਸ਼ੂਲ ਉਡਾਈਆਂ ਧੌਣਾਂ, ਪਾਪੀ ਬੁਰਜ ਉਸਾਰਿਆ ਢੌਣਾਂ,
ਮਾਰ ਉਡਾ 'ਤਾ ਗਰਦਾ ਹੈ ।
ਕਿਧਰੇ ਢਾਉਂਦਾ, ਕਿਤੇ ਉਸਾਰੇ, ਜਿਉਂ ਚਿੱਤ ਕਰਦਾ, ਕਰਦਾ ਹੈ ।
ਰਾਜਾ ਰੌਣ ਸੁਨਹਿਰੀ ਲੰਕਾ, ਵਜਦਾ ਕੁੱਲ ਦੁਨੀਆਂ ਵਿੱਚ ਡੰਕਾ,
ਸੀਤਾ ਚਕ ਲਈ ਕਰ ਗਿਆ ਗ਼ਲਤੀ, ਰੱਬ ਨੇ ਕਾਲਸ ਮੂੰਹ ਪਰ ਮਲਤੀ,
ਕਰ 'ਤਾ ਨਾਸ ਹੰਕਾਰੀ ਦਾ ।
ਰਾਮ ਸਮੁੰਦਰ ਟੱਪ ਗਿਆ, ਦਰ ਪਰ ਖੜ੍ਹ ਲਲਕਾਰੀ ਦਾ ।
ਕੁੰਭ ਮੇਘ ਮਰੇ ਨਾ ਰਹੀ ਪੁਜੀਸ਼ਨ, ਮੁੜਦੇ ਤਖਤ ਬਹਾਲ ਭਵੀਸ਼ਨ,
ਸੀਤਾ ਰਾਮ ਚੰਦਰ ਤੇ ਲੱਖਣ, ਆਉਣ ਅਯੁੱਧਿਆ ਛੱਡ ਕੇ ਦੱਖਣ,
ਲੈਣ ਸੰਭਾਲਾ ਘਰ ਦਾ ਹੈ ।
ਕਿਧਰੇ ਢਾਉਂਦਾ, ਕਿਤੇ ਉਸਾਰੇ, ਜਿਉਂ ਚਿੱਤ ਕਰਦਾ, ਕਰਦਾ ਹੈ ।
ਸੁਕਨੀ, ਕਰਨ, ਦੁਸਾਸ਼ਨ ਕੈਰੋਂ, ਕਢ 'ਤੇ ਪਾਂਚ ਚਚੇਰੇ ਸ਼ਹਿਰੋਂ,
ਬਹੁਤੀ ਕਰੇ ਦੁਸਾਸ਼ਨ ਆਕੜ, ਖਿੱਚ-ਖਿੱਚ ਬਾਹਾਂ ਲਾਹ 'ਤੀ ਫਾਕੜ,
ਭੰਨਤੇ ਪੱਟ ਦੁਰਯੋਧਨ ਦੇ ।
ਰਾਣੀ ਪਾਸ ਬਿਠਾਈ ਪਾਂਡਵ ਬਿਗੜੇ ਓਦਣ ਦੇ ।
ਤੇਰਾਂ ਬਰਸ ਗੁਜ਼ਾਰੇ ਬਿਹਤਰ, ਤੇ ਜੰਗ ਕਰਦੇ ਆ ਕੁਰਛੇਤਰ,
ਹਾਥੀ ਮਾਰ 'ਸਮਾਨੀਂ ਚਾੜ੍ਹੇ, ਦੁਸ਼ਮਨ ਮਾਰ ਜਬਾੜੇ ਪਾੜੇ,
ਉਸਦਾ ਤਾਂ ਦਿਲ ਠਰਦਾ ਹੈ ।
ਕਿਧਰੇ ਢਾਉਂਦਾ, ਕਿਤੇ ਉਸਾਰੇ, ਜਿਉਂ ਚਿੱਤ ਕਰਦਾ, ਕਰਦਾ ਹੈ ।
ਕਰਿਆ ਆਣ ਪਠਾਣਾਂ ਹਮਲਾ, ਖੋਹ ਲਿਆ ਭਾਰਤ ਫੁੱਲ ਦਾ ਗਮਲਾ ।
ਦੁਸ਼ਮਨ ਸੱਦਦਾ ਜੈ ਚੰਦ ਚੌਰਾ, ਅੱਗੋਂ ਲੈਂਦਾ ਰੋਕ ਪਿਥੌਰਾ ।
ਵਧਕੇ ਸ਼ਹਿਰ ਥਨੇਸਰ ਜੀ ।
ਸਤੀ ਸੰਜੋਗਤ ਹੋ ਗਈ, ਨੱਕ ਦੀ ਲਾਹ ਕੇ ਵੇਸਰ ਜੀ ।
ਦੁਸ਼ਮਨ ਬਣ ਗਿਆ ਧੀ ਦਾ ਬਾਬਲ, ਖ਼ੁਸ਼ੀ ਮਨਾ ਕੇ ਵੜਦੇ ਕਾਬਲ ।
ਰਣ ਵਿੱਚ ਹਰ ਗਈ ਕਿਸਮਤ ਸੌਰੀ, ਹਰ ਗਿਆ ਪਿਰਥੀ, ਜਿੱਤ ਗਿਆ ਗ਼ੋਰੀ,
ਤਿੰਨ ਦਿਨ ਉੱਡਦਾ ਜ਼ਰਦਾ ਹੈ ।
ਕਿਧਰੇ ਢਾਉਂਦਾ, ਕਿਤੇ ਉਸਾਰੇ, ਜਿਉਂ ਚਿੱਤ ਕਰਦਾ, ਕਰਦਾ ਹੈ ।
ਜਿੰਦਾਂ ਰਾਣੀ ਪੁਸ਼ਪ ਗੁਲਾਬੀ, ਵਿਛੜਿਆ ਰਾਜਾ ਸ਼ੇਰ ਪੰਜਾਬੀ ।
ਅੱਧੀ ਰਾਤ ਨਦੀ ਵਿੱਚ ਤਰਦੀ, ਠੁਰ-ਠੁਰ ਕਰਦੀ, ਭਿਜ ਗਈ ਬਰਦੀ ।
'ਰਜਬ ਅਲੀ' ਪਾ ਗਿਆ ਬੰਧਨ ਨੂੰ ।
ਕੰਵਰ ਦਲੀਪ ਨਿਆਣਾਂ ਫੜ ਕੇ ਲੈ ਗਏ ਲੰਦਨ ਨੂੰ ।
ਫੇਰੂ ਸ਼ਹਿਰ ਵਿਖਾ ਕੇ ਸਾਕੇ, ਮੁੱਦਕੀ ਅੰਗਰੇਜ਼ਾਂ ਨੂੰ ਢਾਹ ਕੇ ।
ਲੜਕੇ ਖਪੀਆਂ ਬਾਰਾਂ ਮਿਸਲਾਂ, ਗੋਰੇ ਫਿਰਨ ਵਜੌਂਦੇ ਵਿਸਲਾਂ ।
ਰੱਤ ਨਾਲ ਛੱਪੜ ਭਰਦਾ ਹੈ ।
ਕਿਧਰੇ ਢਾਉਂਦਾ, ਕਿਤੇ ਉਸਾਰੇ, ਜਿਉਂ ਚਿੱਤ ਕਰਦਾ, ਕਰਦਾ ਹੈ ।
- ਤਬਕ ਗ਼ੁਲਾਮੀ ਦੇ
॥ਢਾਈਆ ਛੰਦ॥-੩
ਪੰਜਾਂ ਦਰਿਆਵਾਂ ਦੇ ਰਹਿਣ ਵਾਲਿਉ, ਬਘਿਆੜੀਆਂ ਨੂੰ ਜਰਮਿਉਂ !
ਬਾਂਸਾਂ ਵਾਂਗੂੰ ਆਪ 'ਚ ਖਹਿਣ ਵਾਲਿਉ, ਸੁਣੋਂ ਜਵਾਨੋ ਭਰਮਿਉਂ !
ਕੀਤੇ ਕੰਮ ਵਰਿਆਮੀ ਦੇ । ਲਾਹ ਦਿਉ ਗਲਾਂ 'ਚੋਂ ਤਬਕ ਗ਼ੁਲਾਮੀ ਦੇ ।
ਕਹਿਣਾ ਸਿੱਖਾਂ ਹਿੰਦੂਆਂ, ਮੁਸਲਮਾਨਾਂ ਨੂੰ, ਸਪੁੱਤਰ ਇੱਕ ਮਾਂ ਦਿਉ ।
ਬੁਰਜ ਉਸਾਰੇ ਜਿਹੜੇ ਦੇ ਕੇ ਜਾਨਾਂ ਨੂੰ, ਗਿਰਨ ਹੇਠਾਂ ਬਾਂਹ ਦਿਉ ।
ਲੰਮੀ ਫ਼ਰਿਆਦ ਗੱਭਰੂਉ ।ਕਰਲੋ ਵਤਨ ਨੂੰ ਆਜ਼ਾਦ ਗੱਭਰੂਉ ।
ਵੱਢ ਕੇ ਅੰਗੂਰ ਵਾੜ ਕਰੋ ਤੁੰਮਿਆਂ ਨੂੰ, ਉਦਾਲੇ ਕੌੜਿਆਂ ਪੇਡਾਂ ਦੇ ।
ਚੁੰਘ ਕੇ ਨਲੈਕੋ ਸ਼ੀਹਣੀਆਂ ਦੇ ਮੁੰਮਿਆਂ ਨੂੰ, ਚਰੋਂ ਕਿਉਂ ਨਾਲ ਭੇਡਾਂ ਦੇ ?
ਦੋਸ਼ ਬਦਨਾਮੀ ਦੇ ।ਲਾਹ ਦਿਉ ਗਲਾਂ 'ਚੋਂ ਤਬਕ ਗ਼ੁਲਾਮੀ ਦੇ ।
ਮੁੰਡਿਉ ਵੱਢ-ਖਾਣਿਉਂ, ਦਲੇਰੋ ਬਾਹਲਿਉ, ਪਿੰਡਾਂ ਦੇ ਵਿੱਚ ਦੜਕਿਉ ।
ਆਪਸ ਵਿੱਚ ਲੜ ਨਾ ਸਰੀਰ ਗਾਲਿਉ, ਸੁਣੋਂ ਬੁਰਿਆਰੋ ਲੜਕਿਉ ।
ਕਰੋਂ ਫ਼ਸਾਦ ਗੱਭਰੂਉ ।ਕਰਲੋ ਵਤਨ ਨੂੰ ਆਜ਼ਾਦ ਗੱਭਰੂਉ ।
ਥੋਡਾ ਧਨ ਲੁਟਕੇ ਬਣਾਲੇ ਬੰਗਲੇ, ਵਲਾਇਤ ਵਾਲੇ ਗੋਰਿਆਂ ਨੇ ।
ਭਾਰਤ ਦੇ ਲੋਕ ਸਾਰੇ ਹੋ ਗਏ ਕੰਗਲੇ, ਸੁਕਾ 'ਤੇ ਚੰਮ ਝੋਰਿਆਂ ਨੇ ।
ਅਹੇ ਜ੍ਹੀ ਖਰੀ ਸਾਮੀ ਦੇ ।ਲਾਹ ਦਿਉ ਗਲਾਂ 'ਚੋਂ ਤਬਕ ਗ਼ੁਲਾਮੀ ਦੇ ।
ਸਾਨੂੰ ਬਾਜਰਾ, ਪਲਾ ਚਟਣ ਪਿਆਜਾਂ ਤੇ, ਕੀ ਤਕਦੀਰਾਂ ਖੋਟੀਆਂ ।
ਲੈਗੇ ਕਣਕ ਕਰਾਚੀਉਂ ਜਹਾਜ਼ਾਂ ਤੇ, ਬਣੌਂਦੇ ਡਬਲ ਰੋਟੀਆਂ ।
ਹੈ ਉਸਤਾਦ ਗੱਭਰੂਉ ।ਕਰਲੋ ਵਤਨ ਨੂੰ ਆਜ਼ਾਦ ਗੱਭਰੂਉ ।
ਤਿੰਨੋਂ ਕੌਮਾਂ ਬਹਿ ਨਬੇੜ ਲੋ ਪੰਚੈਤ ਮੇਂ, ਜ਼ਿਦ ਬੁਰੀ ਹਮੇਸ਼ ਦੀ ।
ਜਿੰਨੇਂ ਕਾਰਖ਼ਾਨੇ ਚਲਦੇ ਵਲੈਤ ਮੇਂ, ਕਪਾਸ ਸਾਡੇ ਦੇਸ਼ ਦੀ ।
ਹੱਸਣ ਲਾਹਮੀ ਛਾਹਮੀ ਦੇ ।ਲਾਹ ਦਿਉ ਗਲਾਂ 'ਚੋਂ ਤਬਕ ਗ਼ੁਲਾਮੀ ਦੇ ।
ਫੁੱਟ ਨੇ ਬਣਾ 'ਤੇ ਪਾੜ ਵਾਂਗ ਫੁੱਟ ਦੇ, ਅਜੇ ਤਿਆਗੀ ਫੁੱਟ ਨਾ ।
ਬੇ-ਨਸੀਬੋ ਸ਼ੀਹਾਂ ਨੂੰ ਗਿੱਦੜ ਕੁੱਟਦੇ, ਜੁੱਟੋ ਭਰੀ ਗਈ ਘੁੱਟ ਨਾ ।
ਹੋਏ ਬਰਬਾਦ ਗੱਭਰੂਉ ।ਕਰਲੋ ਵਤਨ ਨੂੰ ਆਜ਼ਾਦ ਗੱਭਰੂਉ ।
ਭਾਰਤ ਵਰਸ਼ ਇਤਫ਼ਾਕ ਤੇਗ਼ ਲਿਆ, ਘਰੋਂ ਦਬੱਲੋ ਵਾਂਢਿਆਂ ਨੂੰ ।
ਯੁੱਧ 'ਚ ਜਰਮਨੀ ਜਪਾਨ ਡੇਗ ਲਿਆ, ਉਡਾਤਾ ਪਰਚਾਂਡਿਆਂ ਨੂੰ ।
ਕਰੋ ਨਾ ਕੰਮ ਖ਼ਾਮੀ ਦੇ ।ਲਾਹ ਦਿਉ ਗਲਾਂ 'ਚੋਂ ਤਬਕ ਗ਼ੁਲਾਮੀ ਦੇ ।
ਕਰਕੇ ਅਟੈਕ ਸੂਰਮਿਆਂ ਪੰਜਾਬੀਆਂ, ਜੀ ਗੜ੍ਹ ਤਬਰੂਕ ਤੇ ।
ਇਟਲੀ ਦੇ ਮੂੰਹਾਂ ਤੋਂ ਉਡਾਈਆਂ ਆਬੀਆਂ, ਬੁੱਢੀ ਮੂੰਹੇਂ ਜ੍ਹੇ ਫੂਕ ਤੇ ।
ਰੱਖਣ ਯਾਦ ਗੱਭਰੂਉ ।ਕਰਲੋ ਵਤਨ ਨੂੰ ਆਜ਼ਾਦ ਗੱਭਰੂਉ ।
ਬਣੋਂ ਮੱਝਾਂ ਚੁੰਘਣਿਓਂ ਸ਼ਗਿਰਦ 'ਗਾਮੇ' ਦੇ, ਮੱਲੋ ਖ਼ੁਰਾਕਾਂ ਖਾਣਿਉਂ ।
'ਬਾਬੂ' ਨਾਂ ਕਢਾ ਦਿਉ, ਦੁਨੀਆਂ ਉਲਾਮੇ ਦੇ, ਵੀਰਨੋ ਸਿਆਣਿਉਂ ।
ਪਿਤਾ ਤੇ ਮਾਮੇ ਮਾਮੀ ਦੇ ।ਲਾਹ ਦਿਉ ਗਲਾਂ 'ਚੋਂ ਤਬਕ ਗ਼ੁਲਾਮੀ ਦੇ ।
ਬੈਠਕਾਂ ਕੱਢਣਿਉਂ ਡੰਡਾਂ ਨੂੰ ਪੇਲਣਿਉਂ, ਹੈ ਸੌ ਬਰਸ ਗੁਜ਼ਰੇ ।
ਬੰਨ੍ਹਕੇ ਤੇ ਢਾਣੀਆਂ ਕਬੱਡੀ ਖੇਲ੍ਹਣਿਉਂ, ਕਦੇ ਵਖਾ ਦਿਉ ਮੁਜਰੇ ।
ਦੇਹਾਂ ਨੂੰ ਸਾਧ ਗੱਭਰੂਉ ।ਕਰਲੋ ਵਤਨ ਨੂੰ ਆਜ਼ਾਦ ਗੱਭਰੂਉ ।
- ਮੇਰੀ ਪ੍ਰਨਾਮ
॥ਦੋਹਿਰਾ॥
ਸੂਰਾ ਸੋ ਪਹਿਚਾਨੀਏਂ, ਜੋ ਲਰੇ ਦੀਨ ਕੇ ਹੇਤ ।
ਪੁਰਜ਼ਾ-ਪੁਰਜ਼ਾ ਕੱਟ ਮਰੇ, ਕਬਹੂੰ ਨਾ ਛਾਡੇ ਖੇਤ ।
ਡਿਓਢਾ ਛੰਦ-੪
ਇਕ ਭਾਅ ਨਾ ਮੰਗੋ ਕਸਤੂਰੀ ਹਿੰਗ ਨੂੰ, ਸੋਰਨ ਮੁਲ੍ਹੰਮੇ ਨੂੰ ।
ਮੇਰੀ ਪ੍ਰਨਾਮ ਸੌ ਭਗਤ ਸਿੰਘ ਨੂੰ, ਸੌ ਸ਼ਾਬਾਸ਼ ਜੰਮੇ ਨੂੰ ।
ਐਸਾ ਨਾ ਕਿਸੇ ਤੋਂ ਪੂਤਲਾ ਖਰਾਦੀ ਦਾ, ਨਜ਼ਰ ਲੱਗੇ ਫ਼ੇਸ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।
ਇਕ ਸਦੀ ਰਾਜ ਕਰਦਿਆਂ ਨੂੰ ਲੰਘੀ ਸੀ, ਹੋ ਖ਼ਤਮ ਤੇਜ ਗਏ ।
ਹੱਥਾਂ ਦੀਆਂ ਪੌਹਣ ਲੱਗ ਗਏ ਫ਼ਰੰਗੀ ਸੀ, ਹੋ ਅੰਗਰੇਜ਼ ਤੇਜ ਗਏ ।
ਹੋ ਗਿਆ ਜੁਆਨ ਸੂਰਮਾਂ ਦਲੇਰ ਦਾਦੀ ਦਾ, ਉੱਘਾ ਕਰੂਗਾ ਰੇਸ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।
ਨਿਕਲ ਸਮੁੰਦਰੋਂ ਚਿੰਬੜ ਭੂਤ ਗਏ, ਭੂਤਨੇ ਵਲੈਤ ਦੇ ।
ਸੋਨੇ ਦੀ ਚਿੜੀ ਨੂੰ ਨਿਗਲ ਸਬੂਤ ਗਏ, ਜ਼ਾਲਮ ਨਹੈਤ ਦੇ ।
ਜਾਗਿਆ ਜਣਾਂ ਸਿੰਧ ਦਰਿਆ ਦੀ ਵਾਦੀ ਦਾ, ਪਾਦੂਗਾ ਕਲੇਸ਼ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।
ਪੈਰਾਂ 'ਚ ਗ਼ੁਲਾਮੀ ਦੇ ਜ਼ੰਜੀਰ ਪਾ ਦਿੱਤੇ, ਖੁਲ੍ਹੇ ਰਹਿਣ ਸ਼ੇਰ ਨਾ ।
ਫ਼ੁੱਲੇ ਬਾਗ਼ ਸੀ ਅਜ਼ਾਦੀ ਦੇ ਜਲਾ ਦਿੱਤੇ, ਜੀ ਹਰੇ ਹੋਣ ਫੇਰ ਨਾ ।
ਬੁਰਾ ਹਾਲ ਕੀਤਾ ਦੇਸ਼ ਦੀ ਅਬਾਦੀ ਦਾ, ਕੱਢਣਾ ਮਲੇਸ਼ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।
ਕਾਲਜ ਮੇਂ ਪੜ੍ਹਿਆ ਸੀ ਪਲ੍ਹੇਰ ਗੇਮਾਂ ਦਾ, ਬੜਾ ਮਸ਼ਹੂਰ ਸ਼ਹਿਰ 'ਚੈ ।
ਦਿਲੋਂ ਲਾ ਕੇ ਵੈਰੀ ਅੰਗਰੇਜ਼ ਮੇਮਾਂ ਦਾ, ਰਹੇ ਭਰਿਆ ਵਿਆ ਜ਼ੈਹਰ 'ਚੈ ।
ਕਿਹੜਾ ਵਾਰ ਰੋਕੇ ਗੱਭਰੂ ਫ਼ਸਾਦੀ ਦਾ, ਚੜ੍ਹਿਆ ਵਟਾ ਕੇ ਭੇਸ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।
ਜਿਹੜਾ ਸੀ ਲਾਹੌਰ ਸੁਪਰਡੰਟ ਪੁਲਸ ਦਾ, ਚੜ੍ਹਿਆ ਹੰਕਾਰੀ ਘੋੜੇ ਤੇ ।
ਗੋਲੀ ਮਾਰ ਜੁਆਨ ਪਾਪੀ ਨੂੰ ਝੁਲਸਦਾ, ਚਿੜਿੰਗ ਗੇਰ ਮੋੜ੍ਹੇ ਤੇ ।
ਚੱਲ ਗਿਆ ਦੋਗਾੜਾ ਸਰਦਾਰ ਆਦੀ ਦਾ, ਜੀ ਫੂਕਤਾ ਮਲੇਸ਼ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।
ਇਕ ਸਿਰਿਓਂ ਅੱਗ ਲੱਗ ਗਈ ਪੰਜਾਬ ਨੂੰ, ਰੱਜਤਾਂ ਤੇ ਜ਼ੋਰ ਪਏ ।
ਪਹੁੰਚ ਗਈ ਖ਼ਬਰ ਵਾਇਸਰਾਏ ਸਾਹਿਬ ਨੂੰ, ਛਾਉਣੀਆਂ 'ਚ ਸ਼ੋਰ ਪਏ ।
ਕਿਸੇ ਵਜ੍ਹਾ ਹੋ ਜੇ ਖ਼ਾਤਮਾ ਉਮਾਸੀ ਦਾ, ਘਲਿਆ ਵਲੈਤ ਕੇਸ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।
ਲਾਲ ਸਾਲੂ ਮਾਵਾਂ ਨੇ ਲਹੂ 'ਚ ਰੰਗਣੇ, ਸੀ ਮਰ੍ਹੈਲੀ ਖਾੜਿਆਂ ਦੇ ।
ਹੱਥਕੜੀ ਹੱਥਾਂ 'ਚ ਸੁਹੌਂਦੇ ਕੰਗਣੇ, ਭਗਤ ਦੱਤ ਲਾੜਿਆਂ ਦੇ ।
ਦੇਤਾ ਸੌਹਰੀ ਮੌਤ ਨੂੰ ਪੈਗ਼ਾਮ ਸ਼ਾਦੀ ਦਾ, ਹਟਣ ਵਿਆਹ ਕੇ ਏਸ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।
ਗਿੱਦੜਾਂ ਕਰੋੜਾਂ ਨਾਲੋਂ ਅੱਛਾ ਹੋਵੇ ਜੀ, 'ਬਾਬੂ' ਇਕ ਸ਼ੀਂਹ ਜਣਿਆਂ ।
ਠੰਡੀ ਛਾਂ ਪੱਤਾਂ 'ਚੋਂ ਅੰਮ੍ਰਿਤ ਚੋਵੇ ਜੀ, ਧਰਮ ਸ਼ਰੀਂਹ ਬਣਿਆਂ ।
ਫੁੱਲਾਂ ਨਾਲ ਭਰਿਆ ਛੱਤਣ ਸਮਾਧੀ ਦਾ, ਸਜਾ ਦਿੱਤਾ ਪਲੇਸ ਨੂੰ ।
ਸੀ ਭਗਤ ਸਿੰਘ ਆਸ਼ਕ ਅਜ਼ਾਦੀ ਦਾ, ਕਰਿਆ ਅਜ਼ਾਦ ਦੇਸ ਨੂੰ ।
- ਕਰੇ ਲਾਲਾ ਜੀ ਸ਼ਹੀਦ
॥ਦੋਹਿਰਾ॥
ਬੁਰੀ ਨੀਤ ਅੰਗਰੇਜ਼ ਦੀ, ਪੌਂਦਾ ਗਲੇ ਜ਼ੰਜੀਰ ।
ਤਿੰਨ ਕੌਮਾਂ ਨੂੰ ਪਾੜ ਕੇ, ਕਰਤਾ ਲੀਰੋ-ਲੀਰ ।
ਤਰਜ਼-੫
ਗੋਰੇ ਲੁਟ ਕੇ ਖ਼ਜ਼ਾਨੇ ਲੈਗੇ ਹਿੰਦ ਦੇ,
ਅਸੀਂ ਜਿੱਤ 'ਤੇ ਜਰਮਣਾਂ ਤੋਂ ਜਿੰਦ ਦੇ,
ਸਹੇ ਜਾਂਦੇ ਨਾ ਜ਼ੁਲਮ ਬਿੰਦ-ਬਿੰਦ ਦੇ,
ਨੀਤ ਖੋਟੀ ਅੰਗਰੇਜ਼ ਦੀ, ਮੁਲਕ ਸਤ ਗਿਆ ।
ਏਥੇ ਆਇਆ ਪਾਪੀ ਜਦੋਂ ਦਾ ਨਿਚੋੜੀ ਰੱਤ ਗਿਆ ।
ਉੱਤੋਂ ਬਣੇ ਰਹਿੰਦੇ ਰਾਮ ਤੇ ਕ੍ਰਿਸ਼ਨ ਐ,
ਵਿੱਚੋਂ ਲੀਰਾਂ ਨਿਕਲਣ ਜਦੋਂ ਫਿੱਸਣ ਐ ।
ਆਇਆ ਇੰਗਲੈਂਡੋਂ ਸਾਈਮਨ ਕਮਿਸ਼ਨ ਐ,
ਚੜ੍ਹੀ ਪਾਪ ਦੀ ਅੰਧੇਰੀ ਅੰਗਰੇਜ਼ੀ ਦੌਰ 'ਚੈ ।
ਕਰੇ ਲਾਲਾ ਜੀ ਸ਼ਹੀਦ ਲਵ ਦੇ ਲਾਹੌਰ 'ਚੈ ।
ਬਾਜ਼ ਫੜ ਦੇ ਕਬੂਤਰਾਂ ਨੂੰ ਪੰਜੇ 'ਚੈ ।
ਸਾਨੂੰ ਕਸਦੇ ਕਨੂੰਨ ਦੇ ਸ਼ਕੰਜੇ 'ਚੈ ।
ਦਿੱਤੀ ਮਦਦ ਗ਼ਦਰ ਸਤਵੰਜੇ 'ਚੈ ।
ਅੱਜ ਵੰਡੀ ਦੇ ਇਨਾਮ ਕੀਤੀ ਨੇਕ-ਨਾਮੀ ਦੇ ।
ਪੌਣ ਲੱਗਗੇ ਜ਼ੰਜੀਰ ਗਲੇ 'ਚ ਗ਼ੁਲਾਮੀ ਦੇ ।
ਸਾਰੇ ਦੇਸ਼ ਦੀ ਦੌਲਤ ਸਮੇਟੀ ਐ,
ਆ ਗੇ ਨਵੇਂ ਅੰਗਰੇਜ਼ ਪੌਣ ਫੇਟੀ ਐ,
ਕੀਤਾ ਬਾਈਕਾਟ ਲਾਲਾ ਦੀ ਕਮੇਟੀ ਐ ।
ਵੱਜੇ ਹੋਠ ਉੱਤੇ ਕਈ ਪੱਥਰ ਬਲੌਰ 'ਚੈ ।
ਕਰੇ ਲਾਲਾ ਜੀ ਸ਼ਹੀਦ ਲਵ ਦੇ ਲਾਹੌਰ 'ਚੈ ।
ਜਦੋਂ ਕੱਢ ਲਿਆ ਜਲੂਸ ਸੀ ਪੰਜਾਬੀਆਂ ।
ਕਹਿਣ ਅੰਗਰੇਜ਼ ਕਰੋ ਨਾ ਖ਼ਰਾਬੀਆਂ ।
ਅਸੀਂ ਘੋਲ ਦਿਆਂਗੇ ਸਾਰੀਆਂ ਨਵਾਬੀਆਂ ।
ਲੱਗੇ ਬਾਣਾਸੁਰ ਵਾਂਗਰਾਂ ਵਖੌਣ ਬਲ ਨੂੰ ।
ਸੱਪੋ ਸਿੱਧੇ ਹੋ ਕੇ ਪੈਜੋ ਕਿ ਕਢੌਣਾ ਵਲ ਨੂੰ ?
ਲੱਗੇ ਤਪਣ ਫ਼ਰੰਗੀ ਵਾਂਗ ਫ਼ਾਲੇ ਦੇ,
ਹੀਰਾ ਘੇਰ ਲਿਆ ਸ਼ਿਕਾਰੀਆਂ ਨੇ ਟਾਲੇ ਦੇ,
ਪਾਰ ਹਿਕਣੇ ਚਟਾਕ ਲਾਹੇ ਕਾਲੇ ਦੇ,
ਸਾਂਡਰਸ ਤੇ ਸਕਾਟ ਡਾਂਗ ਮਾਰੀ ਮੌਰ 'ਚੈ ।
ਕਰੇ ਲਾਲਾ ਜੀ ਸ਼ਹੀਦ ਲਵ ਦੇ ਲਾਹੌਰ 'ਚੈ ।
ਸਾਂਡਰਸ ਤੇ ਸਕਾਟ ਦਿਆਂ ਆੜੀਆਂ,
ਟੰਗਾਂ ਬਾਹਾਂ ਸੀ ਡੰਗੋਰ ਨਾਲ ਪਾੜੀਆਂ,
ਸਾਰਾ ਕਰ 'ਤਾ ਸਰੀਰ ਪਾੜ ਫਾੜੀਆਂ ।
ਡਾਂਗਾਂ ਪੈਣ ਲਾਜਪਤ ਤੇ ਦੁਪਹਿਰ ਢਲੀ ਸੀ,
ਸਾਰੀ ਰੱਤੋ-ਰੱਤ ਕਰ 'ਤੀ ਅਨਾਰਕਲੀ ਸੀ ।
ਹਿੰਦੀ ਹੱਥ ਨਾ ਉਠੌਂਦੇ ਮਾਰ ਖਾਂਦੇ ਐ,
ਸਿਰੋਂ ਰੱਤ ਦੇ ਘਰਾਲੇ ਵਗੀ ਜਾਂਦੇ ਐ,
ਗੋਰੇ ਰੱਜੇ ਵੇ ਸ਼ਰਾਬ ਦੇ ਅੜਾਂਦੇ ਐ,
ਕਹਿੰਦੇ ਕੀ ਫ਼ਰਕ ਕਾਲੇ ਆਦਮੀ ਜਨੌਰ 'ਚੈ ।
ਕਰੇ ਲਾਲਾ ਜੀ ਸ਼ਹੀਦ ਲਵ ਦੇ ਲਾਹੌਰ 'ਚੈ ।
ਲਾਲਾ ਚੜ੍ਹ ਗਿਆ ਬਬਾਨ ਸੀਸ ਛੱਡ 'ਤੇ'
ਗਲੋਂ ਤੌਕ ਤਾਂ ਗ਼ੁਲਾਮੀ ਜ੍ਹੀ ਦੇ ਵੱਢ ਤੇ,
ਝੰਡੇ ਦੇਸ 'ਚ ਅਜ਼ਾਦੀ ਜ੍ਹੀ ਦੇ ਗੱਡ 'ਤੇ,
ਲੈਗੀ ਸੁਰਗਾਂ ਨੂੰ ਖਿੱਚ ਕੇ ਟਰੇਨ ਕਾਲ ਦੀ ।
ਨਿੱਤ ਲਾਜਪਤ ਭਾਰਤ ਵਰਸ਼ ਭਾਲਦੀ ।
ਰਾਜ਼ੀ ਉਹਦੇ ਉੱਤੇ ਹੋ ਗੀ ਹਿੰਦ ਮਾਤਾ ਸੀ,
ਸ਼ੋਰ ਪਾਰ ਜਾ ਸਮੁੰਦਰਾਂ ਤੋਂ ਪਾ 'ਤਾ ਸੀ,
ਜੀਹਨੇ ਸੁੱਤੇ ਪਏ ਪੰਜਾਬ ਨੂੰ ਜਗਾ 'ਤਾ ਸੀ,
ਸਿੱਟ੍ਹੀ ਸੀਖਣੀ ਘਸਾ ਕੇ ਫ਼ਰੰਗੀ ਛੌਰ 'ਚੈ ।
ਕਰੇ ਲਾਲਾ ਜੀ ਸ਼ਹੀਦ ਲਵ ਦੇ ਲਾਹੌਰ 'ਚੈ ।
ਮਸਾਂ ਪਾਪ ਦੀ ਹਵੇਲੀ ਬਣੀ ਢਾਈ ਦੀ,
ਮਰ-ਮਰ ਕੇ ਸੱਚੇ ਦੀ ਝਾਤ ਪਾਈ ਦੀ,
ਯਾਦ ਅਹੇ ਜ੍ਹੇ ਸ਼ਹੀਦਾਂ ਦੀ ਮਨਾਈ ਦੀ,
ਆਉ ਸਾਰੇ ਰਲ ਉਨ੍ਹਾਂ ਦੇ ਵਧਾਈਏ ਸ਼ਾਨਾਂ ਨੂੰ,
ਨਵਾਂ ਸਬਕ ਅਜ਼ਾਦੀ ਦਾ ਪੜ੍ਹਾਗੇ ਜੁਆਨਾਂ ਨੂੰ ।
ਮਾਵਾਂ ਸ਼ਰਮ ਧਰਮ ਨਾਲ ਲੱਦੀਆਂ,
ਦੁੱਲੇ ਵਾਂਗਰਾਂ ਛੁਡਾਗੇ ਬਾਂਦਾਂ ਬੱਧੀਆਂ,
ਲੈਣ ਵਾਪਸ ਫ਼ਰੰਗੀ ਕੋਲੋਂ ਗੱਦੀਆਂ,
ਕੁੱਟ-ਕੁੱਟ ਕੇ ਅਣਖ ਭਰੀ 'ਵੀ ਦਲੌਰ 'ਚੈ ।
ਕਰੇ ਲਾਲਾ ਜੀ ਸ਼ਹੀਦ ਲਵ ਦੇ ਲਾਹੌਰ 'ਚੈ ।
'ਬਾਬੂ' ਸੌ ਸਲਾਮ 'ਢੁੱਡੀ' ਜਗਰਾਵਾਂ ਨੂੰ,
ਯਾਦ ਰੱਖਾਗੇ ਹਮੇਸ਼ ਲੈਕ ਮਾਂਵਾਂ ਨੂੰ,
ਪੂਜਿਆ ਕਰਾਂਗੇ ਉੱਤਮ ਸੁੱਚੇ ਥਾਂਵਾਂ ਨੂੰ,
ਬੜਾ ਹਰ ਸਾਲ ਹੁੰਦਾ ਹੈ ਇਕੱਠ ਮੇਲੇ 'ਚੈ ।
ਤਾਂ ਕਿ ਹੋਰ ਵੀ ਜੰਮਣ ਸ਼ੇਰ ਬੇਲੇ 'ਚੈ ।
ਮੇਘ ਡਾਂਗਾਂ ਦਾ ਦਰਖ਼ਲਾਫ਼ੇ ਵੱਸਿਆ,
ਆਹਾ ਮੌਤ ਦਾ ਪੈਗ਼ਾਮ ਪੜ੍ਹ ਹੱਸਿਆ,
ਜੀਹਨੇ ਮਾਰਗ ਆਜ਼ਾਦੀ ਵਾਲਾ ਦੱਸਿਆ,
ਝੱਲ ਮਾਰੀ ਚੱਲੋ ਅਤਰ ਲਗਾ ਕੇ ਚੌਰ 'ਚੈ ।
ਕਰੇ ਲਾਲਾ ਜੀ ਸ਼ਹੀਦ ਲਵ ਦੇ ਲਾਹੌਰ 'ਚੈ ।
- ਪੰਜ ਪਸਤੌਲਾਂ ਵਾਲੇ
॥ਦੋਹਿਰਾ॥
ਦਫ਼ਤਰ ਮੂਹਰੇ ਖੜ੍ਹ ਗਏ, ਭਰਕੇ ਤੇ ਪਸਤੌਲ ।
ਭਗਤ ਛੱਡੇ ਅੰਗਰੇਜ਼ ਤੇ, ਪੈਣ ਕਾਲਜੇ ਹੌਲ ।
ਤਰਜ਼-੬
ਟੋਲੀ ਆਣ ਸੜਕ ਤੇ ਅਟਕੀ, ਦਫ਼ਤਰ ਬੰਦ ਹੋ ਘੰਟੀ ਖੜਕੀ,
ਘੇਰਨ ਲਾਉਣ ਸ਼ਿਕਾਰੀ ਟਾਲਾ, ਆਵੇ ਮੂਨਾਂ ਦੇ ਵਿੱਚ ਕਾਲਾ,
ਚੱਕਿਆ ਗੜ੍ਹਾ ਉਤਾਹਾਂ ਨੂੰ,
ਹੋਣੀ ਖੜੀ ਸਾਂਡਰਸ ਕੋਲੇ, ਲੱਗਗੀ ਗਿਣਨੇ ਸਾਹਾਂ ਨੂੰ ।
ਸਜਦੇ ਸੂਟ ਜਿਉਂ ਚੜ੍ਹਨ ਬਰਾਤਾਂ, ਗੱਭਰੂ ਖੜ੍ਹਗੇ ਲਾ ਕਰ ਘਾਤਾਂ,
ਬਹੁਤੀ ਆਕੜ ਕਰੇ ਹੰਕਾਰੀ, ਟੰਗ ਨੂੰ ਵਲਕੇ ਹੁਬਕਲੀ ਮਾਰੀ,
ਚੜ੍ਹ ਗਿਆ ਸਾਈਕਲ ਚੰਗੀ ਤੇ ।
ਪੰਜ ਪਸਤੌਲਾਂ ਵਾਲੇ ਕਰਦੇ ਫ਼ਾਇਰ ਫ਼ਰੰਗੀ ਤੇ ।
ਛੱਡਤਾ ਭਗਤ ਜੁਆਨ ਨੇ ਭਰਕੇ, ਪਾਇਆ ਸ਼ੋਰ ਕਲਰਕਾਂ ਡਰਕੇ,
ਅੱਖੀਆਂ ਮੀਚਣ, ਸਾਈਕਲ ਭਿੜਗੇ, ਕਿਧਰੇ ਟੋਪ ਅੰਗਰੇਜ਼ੀ ਰਿੜ੍ਹਗੇ,
ਸੁੱਚੀਆਂ ਟਾਈਆਂ ਲਿਬੜਦੀਆਂ,
ਫਿੱਸੀਆਂ ਗੋਰੀਆਂ ਗੋਗੜਾਂ, ਗੋਰੇ ਅੱਧ-ਪੱਕ ਚਿੱਬੜ੍ਹ ਦੀਆਂ ।
ਸਾਰਾ ਜੁੱਸਾ ਥਰ-ਥਰ ਕੰਬ ਗਿਆ, ਫੱਟੜ ਰੋਝ ਬਥੇਰਾ ਰੰਭ ਗਿਆ,
ਆਗੀ ਹੋਣੀ ਰੱਤ ਦੀ ਪਿਆਸੀ, ਭੱਜ ਗਿਆ ਕਿਧਰੇ ਨੰਗ ਚਪੜਾਸੀ,
ਪੇਚੇ ਪੈਣ ਪਤੰਗੀ ਤੇ ।
ਪੰਜ ਪਸਤੌਲਾਂ ਵਾਲੇ ਕਰਦੇ ਫ਼ਾਇਰ ਫ਼ਰੰਗੀ ਤੇ ।
ਆਗੀ ਰਾਜਗੁਰੂ ਦੀ ਵਾਰੀ, ਪਿਸਟਲ ਭਰ ਕੇ ਗੋਲੀ ਮਾਰੀ,
ਹੋ ਗਿਆ ਸ਼ਹਿਰ ਵਿਚਾਲੇ ਸਾਕਾ, ਇੱਕ ਬਟੇ ਦੋ ਕੋਹ ਸੁਣੇ ਧਮਾਕਾ,
ਰੁੱਗ ਮਾਸ ਕੱਢ ਲਿਆ ਗਰਦਨ ਦਾ ।
ਦਰਦ ਵੰਡਾਵਣ ਚੜ੍ਹ ਗਿਆ ਦਰਦੀ ਭਾਰਤ ਦਰਦਣ ਦਾ ।
ਦੋਵੇਂ ਮੌਰ ਵਿਚਾਲਿਉਂ ਪਾਟੇ, ਲੱਗਗੇ ਰੱਤ ਦੇ ਪੈਣ ਧਲਾਟੇ,
ਪੈ ਗਿਆ ਗਲ 'ਚ ਟੋਪ ਦਾ ਫ਼ੀਤਾ, ਪੀੜਾਂ ਲੱਗੀਆਂ ਹਾਇ ਹਾਇ ਕੀਤਾ,
ਚੀਰ ਬਣਾਤੇ ਸੰਘੀ ਤੇ ।
ਪੰਜ ਪਸਤੌਲਾਂ ਵਾਲੇ ਕਰਦੇ ਫ਼ਾਇਰ ਫ਼ਰੰਗੀ ਤੇ ।
ਫਿਰ ਸੁਖਦੇਵ ਚਲਾਤੀ ਗੋਲੀ, ਰਾਹੀ ਪਾਉਂਦੇ ਕਾਵਾਂ-ਰੌਲੀ,
ਸੌਹਰੀ ਟੀਂ-ਟੀਂ ਕਰਦੀ ਜਾਂਦੀ, ਰਾਜ਼ੀ ਕਿਚਲੂ, ਝੁਰਦਾ ਗਾਂਧੀ,
ਰੰਗਣਾਂ ਚੜ੍ਹੀ ਜਵਾਹਰ ਨੂੰ ।
'ਐਂ ਅੰਗਰੇਜ਼ ਦਵੱਲ ਦਿਓ ਹਿੰਦੁਸਤਾਨੋਂ ਬਾਹਰ ਨੂੰ' ।
ਹੋ ਗਿਆ ਖੜਕਾ ਭੱਜਗੇ ਤੂੰਬੇ, ਗਿਰਦੇ ਫਿਰਦੇ ਰੱਤ ਦੇ ਬੂੰਬੇ,
ਸੀ ਲਾਲ ਮਖ਼ਮਲ ਵਰਗੀ ਦੇਹੀ, ਵੱਜ ਕੇ ਤੇਜ਼ ਬਰੂਦਾਂ ਫੇਹੀ,
ਜੈਸੇ ਕਰਦ ਨਰੰਗੀ ਤੇ ।
ਪੰਜ ਪਸਤੌਲਾਂ ਵਾਲੇ ਕਰਦੇ ਫ਼ਾਇਰ ਫ਼ਰੰਗੀ ਤੇ ।
ਚੰਦਰ ਸ਼ੇਖਰ ਰੌਂਦ ਚਲਾਇਆ, ਮਾਂ ਦੇ ਲਾਲ ਜਬਿਸਕੂ ਢਾਇਆ,
ਕਾਰਤੂਸ ਕੱਢਤਾ ਮੋਟੇ ਪੱਟ 'ਚੋਂ, ਗਿਰਦਾ ਸੁਰਖ਼ ਲਹੂ ਜਿਆ ਫੱਟ 'ਚੋਂ,
ਜਿਵੇਂ ਦੋਨਾਲੇ ਮੋਘੇ ਜੀ ।
ਬਗਲੇ ਹਿੰਦ 'ਚੋਂ ਲਾਉਣ ਉਡਾਰੀ ਚੁਗਣ ਵਲਾਇਤੋਂ ਚੋਗੇ ਜੀ ।
ਜਿਹੜੇ ਬੁੱਲ ਸਨ ਪਾਨੋਂ ਪਤਲੇ, ਪਾੜਿਆ ਮਾਸ ਖੰਡਾਤੇ ਗਤਲੇ,
ਹੋਗੇ ਲੰਦਨ ਦੇ ਅੱਜ ਢੈਲੇ, ਚੜ੍ਹਗੇ ਦੋ ਦੋ ਉਂਗਲਾਂ ਮੈਲੇ,
ਉਸ ਦੀ ਹਿੱਕ ਜ੍ਹੀ ਨੰਗੀ ਤੇ ।
ਪੰਜ ਪਸਤੌਲਾਂ ਵਾਲੇ ਕਰਦੇ ਫ਼ਾਇਰ ਫ਼ਰੰਗੀ ਤੇ ।
ਚਲਾਤੀ ਜੈ ਗੁਪਾਲ ਨੇ ਮਗਰੋਂ, ਡੂੰਘਾ ਟੋਆ ਬਣਾਤਾ ਗੱਗਰੋਂ,
ਲੱਗ ਗਿਆ ਸੀਸ ਜ਼ਿਮੀਂ ਤੇ ਲੋਟਣ, ਪੱਕੀਆਂ ਸੜਕਾਂ ਫਿੱਸ ਗਿਆ ਟੋਟਣ,
ਗੇੜਾ ਬੰਨ੍ਹ ਲਿਆ ਬਾਂਹਵਾਂ ਨੇ ।
ਤੇ ਜੱਟ ਮਿਰਜ਼ੇ ਵਾਂਗੂੰ ਝੁਰਮਟ ਪਾ ਲਿਆ ਕਾਂਵਾਂ ਨੇ ।
ਪਿੱਟਕੇ ਦਸ ਪੰਦਰਾਂ ਸਾਲ ਧਾਂਦਲ, 'ਬਾਬੂ' ਗੋਰੇ ਟੱਪਗੇ 'ਚਾਂਦਲ',
ਸਾਜ਼ੋਂ ਬਿਨਾਂ ਕਵੀਸ਼ਰ ਗੱਜਦੇ, ਕਿਸੇ ਜਾ ਤੂੰਬੇ ਟਣ-ਟਣ ਵੱਜਦੇ,
ਕਈ ਸੁਰ ਲੌਣ ਸਰੰਗੀ ਤੇ ।
ਪੰਜ ਪਸਤੌਲਾਂ ਵਾਲੇ ਕਰਦੇ ਫ਼ਾਇਰ ਫ਼ਰੰਗੀ ਤੇ ।
- ਭੇਜੇ ਤਾਰ ਵੈਸਰਾ ਜੀ
॥ਦੋਹਿਰਾ॥
ਮਾਰਿਆ ਜਦੋਂ ਲਾਹੌਰ ਮੇਂ, ਗੋਲੀ ਸੇ ਅੰਗਰੇਜ਼ ।
ਤਾਰ ਜ਼ਰੂਰੀ ਵੈਸਰਾ, ਦੇ ਲੰਡਨ ਨੂੰ ਭੇਜ ।
ਬਹੱਤਰ ਕਲਾ ਛੰਦ-੭
ਸੁੰਨ ਸਾਨ ਛੌਣੀਆਂ ਜੀ,
ਰੌਣਕਾਂ ਘੱਟੀਆਂ, ਹੋਣ ਬੰਦ ਹੱਟੀਆਂ,
ਹੋਣ ਨਾ ਮੈਚ ਐ, ਕਰਨ ਨਾ ਕੈਚ ਐ,
ਬਾਲ ਜ੍ਹੇ ਰੁਲਦੇ, ਬੈਟ ਪਏ ਖੂੰਜੇ ।
ਹੋਣ ਸੂਟ ਇਸਤਰੀ ਨਾ,
ਰੇਸ਼ਮੀ ਟਾਈ, ਕਦੇ ਨਾ ਲਾਈ,
ਲੈ ਹੈਂਡ-ਕਰ-ਚੀਫ਼ ਨਹੀਂ ਮੁੱਖ ਪੂੰਝੇ ।
ਪੈ ਗਿਆ ਸ਼ੋਰ ਬੰਗਲਿਆਂ ਮੇਂ,
ਅੜੇ ਅੰਗਰੇਜ਼, ਲੌਣ ਨਾ ਮੇਜ਼,
ਹਾੜ ਵਿੱਚ ਅੰਦਰੇ, ਗੇਟ ਨੂੰ ਜੰਦਰੇ,
ਸੜਕ ਤੇ ਪਹਿਰੇ, ਕਹਿਣ 'ਦੜ ਵੱਟ ਲੋ' ।
ਭੇਜੇ ਤਾਰ ਵੈਸਰਾ ਜੀ,
ਨਵੇਂ ਉਠੇ ਛੋਹਰੇ, ਮਾਰ 'ਤੇ ਗੋਰੇ,
ਹੁਕਮ ਨਾ ਮੰਨਦੇ, ਛੌਣੀਆਂ ਪੱਟ ਲੋ ।
ਹੱਥ ਲਾਏ ਮੈਲੀਆਂ ਜੀ,
ਹੋਣ ਜੋ ਮੇਮਾਂ, ਛੋਡਗੀਆਂ ਗੇਮਾਂ,
ਕੇਸ ਜ੍ਹਿ ਭੂਰੇ, ਮੱਥੇ ਦੇ ਮੂਹਰੇ,
ਉਡਦੀਆਂ ਬੂਦਾਂ ਉਲਝ ਗਏ ਗੇਸੂ ।
ਮੈਲ ਲੁਕਿੰਗ-ਗਲਾਸਾਂ ਤੇ,
ਚੰਬੇ ਦੀਆਂ ਕਲੀਆਂ, ਅਤਰ ਦੀਆਂ ਪਲੀਆਂ,
ਲੈਣ ਨਾ ਖ਼ੁਸ਼ਬੂ, ਖਿੜੇ ਫੁੱਲ ਕੇਸੂ ।
ਬੰਦ ਸ਼ੀਸ਼ੀ ਵਿਸਕੀਆਂ ਦੀ,
ਕਿਸਮਤਾਂ ਮੰਦੀਆਂ, ਨਾਚ-ਘਰ ਬੰਦੀਆਂ,
ਜਾਣ ਨਾ ਮੈਸ, ਜਗਣ ਨਾ ਗੈਸ,
ਏਵੇਂ ਰੋ ਧੋ ਕੇ, ਚਾਰ ਦਿਨ ਕੱਟ ਲੋ ।
ਭੇਜੇ ਤਾਰ ਵੈਸਰਾ ਜੀ,
ਨਵੇਂ ਉਠੇ ਛੋਹਰੇ, ਮਾਰ 'ਤੇ ਗੋਰੇ,
ਹੁਕਮ ਨਾ ਮੰਨਦੇ, ਛੌਣੀਆਂ ਪੱਟ ਲੋ ।
ਗਈਆਂ ਪਾਟ ਜੁਰਾਬਾਂ ਜੀ,
ਬੂਟ ਦੇ ਤਸਮੇਂ, ਬੰਨ੍ਹਣ ਦਿਨ ਦਸਮੇਂ,
ਖ਼ਬਰ ਨਾ ਬੁਲ੍ਹ ਦੀ, ਲਿਪਸਟਿਕ ਰੁਲਦੀ,
ਕਰਨ ਨਾ ਸੈਰ, ਵਖਤ ਨੂੰ ਫੜੀਆਂ ।
ਚੈਨ ਟੁੱਟਗੇ ਸੁਨਹਿਰੀ ਜ੍ਹੇ,
ਸ਼ਹਿਰ ਨਾ ਜਾਂਦੇ, ਹੋਰ ਨਾ ਲਿਆਂਦੇ,
ਦੇਣ ਨਾ ਚਾਬੀ, ਖੜ੍ਹਗੀਆਂ ਘੜੀਆਂ ।
ਹੈ ਨਾ ਲੱਜ਼ਤ ਕਬਾਬਾਂ ਮੇਂ,
ਗਈਆਂ ਲੱਗ ਮਿੱਟੀਆਂ, ਪਲੇਟਾਂ ਚਿੱਟੀਆਂ,
ਕੱਚੇ ਜ੍ਹੇ ਕੇਕ, ਲੱਗੇ ਨਾ ਸੇਕ,
ਬਿਸਕੁਟਾਂ ਰੁੱਖੀਆਂ, ਮੱਖਣ ਨਾ ਚੱਟ ਲੋ ।
ਭੇਜੇ ਤਾਰ ਵੈਸਰਾ ਜੀ,
ਨਵੇਂ ਉਠੇ ਛੋਹਰੇ, ਮਾਰ 'ਤੇ ਗੋਰੇ,
ਹੁਕਮ ਨਾ ਮੰਨਦੇ, ਛੌਣੀਆਂ ਪੱਟ ਲੋ ।
ਹੱਕ ਮੰਗਣ ਬਰਾਬਰ ਦੇ,
ਭਾਰਤੀ ਫ਼ੌਜੀ, ਜਾਣ ਨਿੱਤ ਖੌਹਜੀ,
ਗੋਰੇ ਜਿੰਨੀਂ ਤਨਖ਼ਾਹ, ਲੜਨ ਪਏ ਅੰਨ ਖਾਹ,
ਪਾਂਵਦੇ ਭੜਥੂ, ਉਡੌਂਦੇ ਪੱਚਰੇ ।
ਮਾਰਿਆ ਇਟਲੀ ਜਰਮਨੀ ਨੂੰ,
ਮਿਸਰ ਦੀ ਧਰਤੀ, ਲਹੂ ਨਾਲ ਭਰਤੀ,
ਰੁੜ੍ਹਦੀਆਂ ਸਿਰੀਆਂ, ਰੁੜ੍ਹਨ ਜਿਉਂ ਕਚਰੇ ।
ਗਏ ਬਦਲ ਜ਼ਮਾਨੇ ਜੀ,
ਸਮਾਂ ਹੋਰ ਆਇਆ, ਵਿਗੜ ਗਈ ਰਿਆਇਆ,
ਨਵੇਂ ਛੋਹਰ ਪੜ੍ਹਗੇ, ਦਫ਼ਤਰੀਂ ਵੜਗੇ,
ਨਰਮੀਆਂ ਵਰਤੋ, ਮਾਮਲਾ ਘੱਟ ਲੋ ।
ਭੇਜੇ ਤਾਰ ਵੈਸਰਾ ਜੀ,
ਨਵੇਂ ਉਠੇ ਛੋਹਰੇ, ਮਾਰ 'ਤੇ ਗੋਰੇ,
ਹੁਕਮ ਨਾ ਮੰਨਦੇ, ਛੌਣੀਆਂ ਪੱਟ ਲੋ ।
ਅੱਗੇ ਹੱਥ ਨਾ ਉਠੌਂਦੇ ਸੀ,
ਵਰਜਦਾ ਗਾਂਧੀ, ਪੇਸ਼ ਨਾ ਜਾਂਦੀ,
ਸਤਿਆ ਗ੍ਰਹਿ ਕਰਦੇ, ਬਹਾਦਰ ਪਰ ਦੇ,
ਫੇਰਗੇ ਅੱਖੀਆਂ, ਲੈਣ ਨਾ ਛਿੱਕਲੇ ।
ਰਹਿੰਦੇ ਤਿਆਰ ਫ਼ਸਾਦਾਂ ਨੂੰ,
ਨਹੀਂ ਗੱਲ ਮੰਨਦੇ, ਆਰਡਰ ਭੰਨਦੇ,
ਤੋੜਕੇ ਪਿੰਜਰੇ, ਬਾਹਰ ਸ਼ੀਂਹ ਨਿਕਲੇ ।
ਬਾਗ਼ੀ ਕਰਨ ਬਗ਼ਾਵਤ ਜੀ,
ਰਲਣ ਤਿੰਨ ਕੌਮਾਂ, ਪਿਆ ਫੁੱਟ ਸੋਮਾਂ,
ਭਗਤ ਸਿੰਘ ਜੁਆਨ, ਕਰੂ ਨੁਕਸਾਨ,
ਅਰਜ਼ ਕਰੇ ਕਿੰਗ ਨੂੰ, ਪਿਛਾਂਹ ਨੂੰ ਹੱਟ ਲੋ ।
ਭੇਜੇ ਤਾਰ ਵੈਸਰਾ ਜੀ,
ਨਵੇਂ ਉਠੇ ਛੋਹਰੇ, ਮਾਰ 'ਤੇ ਗੋਰੇ,
ਹੁਕਮ ਨਾ ਮੰਨਦੇ, ਛੌਣੀਆਂ ਪੱਟ ਲੋ ।
ਵਾਂਗ ਭਲੇ ਮਾਣਸਾਂ ਦੇ,
ਛੋਡਦੇ ਇੰਡੀਆ, ਫ਼ਰੰਗੀ ਹਿੰਡੀਆ,
ਨਹੀਂ ਦਾਅ ਚੱਲਦੇ, ਅੱਗੇ ਭੀਮ ਮੱਲ ਦੇ,
ਡੇਗਤੇ ਹਾਥੀ, ਮਾਰ ਕੇ ਮੋਢੇ ।
ਓਸੇ ਖਾਨਦਾਨ 'ਚੋਂ ਜੀ,
ਜਾਣਦੇ ਮਰਨ, ਕਰੇ ਜੋ ਪਰਨ,
ਹਟਣਗੇ ਬੰਨ੍ਹ ਕੇ, ਬਿਸਤਰੇ ਥੋਡੇ ।
ਬੱਸ ਹੋਗੀ ਆਪਣੀ ਜੀ,
ਅੱਗੇ ਕੀ ਵੇਂਹਦਿਉ, ਅਜ਼ਾਦੀ ਦੇ ਦਿਉ,
ਕਰੋ ਕੁਝ ਸ਼ਰਮ, ਤਾਰਦੂ ਧਰਮ,
'ਬਾਬੂ' ਹੱਥ ਜੋੜ, ਸੱਚੇ ਨੂੰ ਰਟ ਲੋ ।
ਭੇਜੇ ਤਾਰ ਵੈਸਰਾ ਜੀ,
ਨਵੇਂ ਉਠੇ ਛੋਹਰੇ, ਮਾਰ 'ਤੇ ਗੋਰੇ,
ਹੁਕਮ ਨਾ ਮੰਨਦੇ, ਛੌਣੀਆਂ ਪੱਟ ਲੋ ।
- ਗਾਨਾ ਬੰਨ੍ਹ ਲੈ ਮੌਤ ਦਾ ਵੇ
॥ਦੋਹਿਰਾ॥
ਗੱਲ ਸੁਣ ਲੈ ਪੁੱਤ ਲਾਡਲਿਆ, ਕਰੇ ਮਾਤ ਪਰਚਾਰ ।
ਚੜ੍ਹੀਂ ਅਜ਼ਾਦੀ ਵਿਔਹਣ ਨੂੰ, ਜਿੰਦ ਕੱਢ ਧਰ ਲੈ ਬਾਹਰ ।
ਦੋ ਤਾਰਾ ਛੰਦ-੮
ਸਾਕੀ ਜਾਮ ਪਿਲਾਦੇ ਤੂੰ, ਮੇਰੇ ਮੂੰਹ ਚੜ੍ਹਕੇ ਸਰੁਸਤੀ ਬੋਲੇ ।
ਚਿੱਤ ਨਜ਼ਮ ਬਣਾਵਣ ਤੇ, ਰਚਦਿਆਂ ਮਿਸਰੇ ਪਿੰਗਲ ਨਾਲ ਤੋਲੇ ।
ਨਸ਼ਾ ਚੜ੍ਹ ਜੇ ਅੰਮ੍ਰਿਤ ਦਾ, ਐਹੋ ਜ੍ਹੀ ਘੁੱਟ ਅੰਮ੍ਰਿਤ ਦੀ ਪਿਓਣੀ ।
ਗਾਨਾ ਬੰਨ੍ਹ ਲੈ ਮੌਤ ਦਾ ਵੇ, ਮੁਸ਼ਕਲ ਬਹੂ-ਅਜ਼ਾਦੀ ਵਿਔਹਣੀ ।
ਗੁਰੂ ਫ਼ਤਿਹ ਬਖ਼ਸ਼ ਦੂਗਾ, ਦੇਖ ਲੈ ਲਾਲ ਮੋਰਚਾ ਲਾ ਕੇ ।
ਭਲਵਾਨ ਬਣਾ ਤਾ ਮੈਂ, ਪਾਲਤਾ ਪੁੱਤਰ ਖੁਰਾਕਾਂ ਖੁਆਕੇ ।
ਦੁਧ ਹਾਜ਼ਰ ਚਿੜੀਆਂ ਦਾ, ਘਰੇ ਪੁੱਤ ਮਿਸਰੀ ਬਹੁਤ ਘੱਟ ਘਿਓ ਨੀ ।
ਗਾਨਾ ਬੰਨ੍ਹ ਲੈ ਮੌਤ ਦਾ ਵੇ, ਮੁਸ਼ਕਲ ਬਹੂ-ਅਜ਼ਾਦੀ ਵਿਔਹਣੀ ।
ਕਹੇ ਜਿਸ ਤਰ੍ਹਾਂ ਗਾਂਧੀ ਜੀ, ਬਹੁਤ ਦੇਰ ਲੱਗ ਜੂ ਚਰਖੜਾ ਕਤਿਓ ।
ਮਿਲੇ ਜਲਦ ਹਕੂਮਤ ਜੀ, ਆਪ ਦੇ ਤੰਦੀਆਂ ਗਲਾਂ ਵਿੱਚ ਘੱਤਿਓ ।
ਪੋਲੇ ਪੈਰੀਂ ਲਾਡਲਿਆ ਵੇ, ਗਹਿਰਿਆ ਜਾਣਾ ਫ਼ਰੰਗੀ ਦਿਓ ਨੀ ।
ਗਾਨਾ ਬੰਨ੍ਹ ਲੈ ਮੌਤ ਦਾ ਵੇ, ਮੁਸ਼ਕਲ ਬਹੂ-ਅਜ਼ਾਦੀ ਵਿਔਹਣੀ ।
ਤੈਨੂੰ ਕਰਨਾ ਪੈਜੂਗਾ, ਤੇਗ਼ ਦੀ ਤੇਜ਼ ਧਾਰ ਪਰ ਨਾਚ ਐ ।
ਗੁਰੂ ਤੇਗ਼ ਬਹਾਦਰ ਦੇ, ਵਾਂਗਰਾਂ ਸਿੱਖ ਲੈ ਮਰਨ ਦੀ ਜਾਚ ਐ ।
ਚੜ੍ਹ ਵਿਔਹਣ ਮੰਗੇਤਰ ਨੂੰ, ਹੋਣੀਂ ਦੇ ਰੱਥ ਤੇ ਚੜ੍ਹਾਕੇ ਲਿਔਣੀ ।
ਗਾਨਾ ਬੰਨ੍ਹ ਲੈ ਮੌਤ ਦਾ ਵੇ, ਮੁਸ਼ਕਲ ਬਹੂ-ਅਜ਼ਾਦੀ ਵਿਔਹਣੀ ।
ਦਿੱਤੀ ਮਦਦ ਗ਼ਦਰ ਮੇਂ ਸੀ, ਸਿੰਘਾਂ ਨਾਲ ਕੀ ਲਿਹਾਜ਼ਾਂ ਰਖੀਆਂ ?
ਮੰਗਿਆ ਰਾਜ ਕੰਵਰ ਨੇ ਜਾਂ, ਤੋਤਿਆਂ ਵਾਂਗ ਫੇਰ ਗਏ ਅੱਖੀਆਂ ।
ਪਸਤੌਲ ਚਲਾਏ ਤੋਂ ਬਿਨਾ ਨਾ, ਧੌਣ ਆਕੜੀ ਨਿਉਣੀਂ ।
ਗਾਨਾ ਬੰਨ੍ਹ ਲੈ ਮੌਤ ਦਾ ਵੇ, ਮੁਸ਼ਕਲ ਬਹੂ-ਅਜ਼ਾਦੀ ਵਿਔਹਣੀ ।
ਨਹੀਂ ਠੱਲ੍ਹਦਾ ਸੁਖਾਲਾ ਵੇ, ਜ਼ੁਲਮ ਦਾ ਦਰਿਆ ਚੜ੍ਹਿਆ ਪਿਆ ਵਗਦਾ ।
ਨੇਕੀ ਖੱਟ ਲੈ ਦੇਸ ਦੀ ਤੂੰ, ਮੱਥੇ 'ਚੋਂ ਧਾਰ ਲਹੂ ਦੀ ਚਿਓਣੀ ।
ਗਾਨਾ ਬੰਨ੍ਹ ਲੈ ਮੌਤ ਦਾ ਵੇ, ਮੁਸ਼ਕਲ ਬਹੂ-ਅਜ਼ਾਦੀ ਵਿਔਹਣੀ ।
ਪਿਆਰ ਪਾ ਲਿਆ ਮੌਤ ਨਾਲ ਜੇ, ਤੈਨੂੰ ਡਰ ਲੱਗਦਾ ਮੌਤ ਤੋਂ ਕਾਹਦਾ ।
ਲੋਡ ਕਰ ਲੈ ਰਫ਼ਲ ਨੂੰ ਤੂੰ, ਫੇਰ ਕੀ ਪੁੱਛਣਾ ਕਮਲਿਆ ਪਾਂਧਾ ।
ਘਟਾਂ ਤਿਆਰ ਵਰਸਣੇ ਨੂੰ, ਮੁਲਕ ਪਰ ਬੱਦਲੀ ਮੇਘ ਦੀ ਖਿਓਣੀ ।
ਗਾਨਾ ਬੰਨ੍ਹ ਲੈ ਮੌਤ ਦਾ ਵੇ, ਮੁਸ਼ਕਲ ਬਹੂ-ਅਜ਼ਾਦੀ ਵਿਔਹਣੀ ।
ਮਾਂ ਦੀ ਉਮਰ ਗੁਜ਼ਰਗੀ ਵੇ, ਜਿਹੜੇ ਪੁੱਤ ਗੱਜਦੇ, ਬੱਦਲ ਨਾ ਵਰ੍ਹਦੇ ।
ਫ਼ੈਦਾ ਝਗੜੇ ਝਗੜਿਆਂ ਕੀ, ਆਹਾ ਗੱਲ ਇੱਕ ਦਿਨ ਇਕ ਦਾ ਕਰਦੇ ।
ਦਿਲ ਰਿਹਾ ਧੜਕਦਾ ਜੇ, ਜਾਵਣੀ ਵੈਰ ਵਿਆਜੀ(ਵਿਹਾਜੀ) ਇਓਂ ਨੀ ।
ਗਾਨਾ ਬੰਨ੍ਹ ਲੈ ਮੌਤ ਦਾ ਵੇ, ਮੁਸ਼ਕਲ ਬਹੂ-ਅਜ਼ਾਦੀ ਵਿਔਹਣੀ ।
ਮੇਰੇ ਭਗਤ ਬਹਾਦਰ ਨੂੰ, ਹੋਣੀ ਕਿਓਂ ਝਿੜਕੇ, ਮੌਤ ਕਿਓਂ ਘੂਰੇ ।
ਮਾਂ ਭਰੀ ਸ਼ਰਮ ਦੀ ਵੇ, ਸੂਰਮਾਂ ਬਾਪ ਦੋਵੇਂ ਪੱਖ ਪੂਰੇ ।
'ਬਾਬੂ' ਮਾਰ ਸਾਂਡਰਸ ਨੂੰ, ਤੇਰੇ ਮਾਂ ਪਿਓ ਦੀ ਖ਼ੁਸ਼ੀ ਨਾ ਮਿਓਣੀ ।
ਗਾਨਾ ਬੰਨ੍ਹ ਲੈ ਮੌਤ ਦਾ ਵੇ, ਮੁਸ਼ਕਲ ਬਹੂ-ਅਜ਼ਾਦੀ ਵਿਔਹਣੀ ।
- ਉੱਘੇ ਕਰਤਾ(ਕਰਦੇ) ਮਾਪਿਆਂ ਨੂੰ
॥ਦੋਹਿਰਾ॥
ਪਕੜ ਲਿਆ ਸਰਦਾਰ ਨੂੰ, ਜੁੜਨ ਸ਼ਹਿਰ ਦੇ ਦੰਦ ।
ਅਮਰੋ ਜਾਂਦੀ ਵਿਲਕਦੀ, ਸ਼ੀਂਹ ਪਿੰਜਰੇ ਵਿਚ ਬੰਦ ।
ਤਰਜ਼ ਦੋਹਿਰਾ-੯
ਫੜ ਦੂਰ ਲਹੌਰੋਂ ਜੀ, ਲਿਆਕੇ ਪੌਣ ਜੇਲ੍ਹ ਵਿੱਚ ਪਾਪੀ ।
ਪਹੁੰਚ ਹਵਾਲਾਤ ਮੇਂ ਜੀ, ਫੇਰ ਹੱਥ ਕੰਡ ਤੇ, ਭੈਣ ਦੇਵੇ ਥਾਪੀ ।
ਹੋਈ ਕਮਲੀ ਵਿਲਕਦੀ ਜੀ, ਅਮਰ ਕੌਰ ਮਿਲਦੀ ਜੱਫੜੀਆਂ ਪਾ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।
ਤੇਰੀ ਉਮਰ ਛੁਟੇਰੀ ਵੇ, ਅੰਮਾਂ ਦੀਆਂ ਕੱਚੀਆਂ ਮੱਖਣੀਆਂ ਖਾਂਦਾ ।
ਕੰਮ ਕਰਕੇ ਵਿਖਾ ਦਿੱਤਾ ਤੂੰ, ਜਿਹੜਾ ਹਰ ਇਕ ਤੋਂ ਕਰਿਆ ਨਾ ਜਾਂਦਾ ।
ਜੱਸ ਖੱਟ ਲਿਆ ਦੇਸਾਂ ਤੇ ਵੇ, ਸਿਓਨਿਆਂ ਮਾਤ-ਲੋਕ ਵਿੱਚ ਆ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।
ਪੰਜ ਚਿਤਰੇ ਪੰਜਾਬੀ ਵੇ, ਵਕਤ ਪਰ ਪਹੁੰਚ ਸੜਕ ਤੇ ਟਕਲੇ ।
ਸਾਹਿਬ ਬਣੇਂ ਕਲਰਕਾਂ ਦੇ, ਫਾਟਕੋਂ ਦਫ਼ਤਰ ਬੰਦ ਕਰ ਨਿਕਲੇ ।
ਜਿੰਦ ਧਰਕੇ ਹਥੇਲੀ ਤੇ, ਪਰ੍ਹੇ ਮਾਰੀ ਗਲ 'ਚੋਂ ਗ਼ੁਲਾਮੀ ਲਾਹ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।
ਲੰਘੇ ਬਾਘ ਸ਼ਿਕਾਰੀ ਜੀ, ਜਦੋਂ ਹੀਰਾ ਹਰਨ ਮਾਰ ਵਿੱਚ ਆਇਆ ।
ਲਿਬ ਲਿਬੀ ਦਬਾਕੇ ਤੇ, ਸ਼ਿਸ਼ਤ ਬੰਨ੍ਹ ਤੂੰ ਪਸਤੌਲ ਚਲਾਇਆ ।
ਡੇਗ ਮੋਟਰ-ਸਾਈਕਲ ਤੋਂ, ਦਿੱਤਾ ਤੂੰ ਪਾੜ ਬਘਿਆੜਾ ਢਾ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।
ਕਪਤਾਨ ਹੰਕਾਰੇ ਨੇ, ਲਾਜਪਤ ਫੇਹਤਾ ਮਾਰ ਕੇ ਡਾਂਗਾਂ ।
ਵੈਰ ਸੱਜਰਾ ਲੈ ਲਿਆ ਤੂੰ, ਮਾਰ ਪਸਤੌਲ, ਕਢਾਈਆਂ ਚਾਂਗਾਂ ।
ਛੱਡ ਲਿਟਦੇ ਸਾਂਡਰਸ ਨੂੰ, ਸਾਥ ਦੇ ਭੱਜਗੇ, ਸ਼ੋਰ ਮਚਾ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।
ਦੂਰੋਂ ਮਾਰ ਬਬੂਕੇ ਵੇ, ਵੀਰ ਹੱਸ-ਹੱਸ ਕੇ ਚੜ੍ਹ ਗਿਓਂ(ਜਿਓ) ਸੂਲੀ ।
ਚੱਲ ਗਏ ਸਿਕੰਦਰ ਜਿਹੇ, ਆਪਾਂ ਦੱਸ, ਕਿਹੜੇ ਬਾਗ਼ ਦੀ ਮੂਲੀ ।
ਪਹੁੰਚ ਸੁਰਗ ਲੋਕ ਮੇਂ ਜੀ, ਵਹਾਂ ਖ਼ਤ ਲਿਖਣਾ ਜਵਾਬੀ ਜਾ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।
ਜਿੱਥੇ ਖਾੜੇ ਲੱਗਦੇ ਸੀ, 'ਬਾਬੂ' ਨਾ ਭੁੱਲਣ ਰਤਨ ਦੀਆਂ ਦੈੜਾਂ ।
ਲੋਕ ਸ਼ਹਿਰ ਬਠਿੰਡੇ ਦੇ, ਹੋਣਗੇ ਲੱਭਦੇ, ਬੱਕੀ ਦੀਆਂ ਪੈੜਾਂ ।
ਜੰਘੀਰਾਣੇਂ ਤਿਹੁਣੇਂ ਦੇ, ਬਾਜਕੋਂ, ਝੁੰਬਿਓਂ, ਚੁੱਘੇ, ਚੱਕ ਰਾਅ ਕੇ ।
ਉੱਘੇ ਕਰਤਾ ਮਾਪਿਆਂ ਨੂੰ, ਵੀਰ ਮਾਂ ਹਿੰਦ ਨੂੰ ਅਜ਼ਾਦ ਕਰਾ ਕੇ ।
- ਪਾ ਲਿਆ ਪਿੰਜਰੇ 'ਚ ਸ਼ੇਰ
॥ਦੋਹਿਰਾ॥
ਫੜਕੇ ਸ਼ਹਿਰ ਫ਼ੀਰੋਜ਼ ਦੇ, ਕਰਤਾ ਜੁਆਨ ਸ਼ਹੀਦ ।
ਜਾਨ ਵਾਰਕੇ ਮੁਲਕ ਤੋਂ, ਲੈਂਦਾ ਮੌਤ ਖਰੀਦ ।
ਮਨੋਹਰ ਭਵਾਨੀ ਛੰਦ-੧੦
ਕਿਹੜਾ ਜਾਵੇ ਜੁਆਨ ਵੇਹਰ, ਕਿਤੋਂ ਫੜ ਲਿਆ ਦਲੇਰ,
ਪਾ ਲਿਆ ਪਿੰਜਰੇ 'ਚ ਸ਼ੇਰ, ਜਾ ਜਸੂਸ ਘੱਲਿਓ ।
ਅਹੀ ਰੌਣ ਵਾਂਗਰਾਂ ਜ਼ਿਮੀ ਦੇ ਥੱਲਿਓ ।
ਦਿੱਤਾ ਕਪਤਾਨ ਮਾਰ, ਥਾਣੇ ਚੜ੍ਹੇ ਪੰਜ ਚਾਰ,
ਜੋਰਾਵਰ ਸਰਕਾਰ, ਨੇ ਬਣਾਤਾ ਕੇਸ ਨੂੰ ।
ਮੁੱਦਤਾਂ ਦੀ ਸੁੱਤੀ ਪਈ ਜਗਾਤਾ ਰੇਸ ਨੂੰ ।
ਮੁੰਡੇ ਰੋਹਬ ਨਾ ਝੱਲਣ, ਮਾਂਵਾਂ ਮਗਰੇ ਘੱਲਣ,
ਸਾਰੇ ਦੇਸ਼ ਦੇ ਚੱਲਣ, ਲੱਗੇ ਲੋਕ ਐਸ ਰਾਹ ।
ਲਾਟ ਛੱਡ ਹੋਜੇ ਜੇ ਨਰਾਜ਼ ਵੈਸਰਾਅ ।
ਬਾਜ਼ ਤੋੜਤੀ ਕੁੜੱਕੀ, ਹੋਵੇ ਜਾਨ ਦੇ ਤਰੱਕੀ,
ਜਾਣ ਬੁੱਝ ਧੱਕੋ-ਧੱਕੀ, ਪਾ ਲਿਆ ਕਲੇਸ਼ ਨੂੰ ।
ਮੁੱਦਤਾਂ ਦੀ ਸੁੱਤੀ ਪਈ ਜਗਾਤਾ ਰੇਸ ਨੂੰ ।
ਚੜ੍ਹੀ ਜ਼ੁਲਮਾਂ ਦੀ ਕਾਂਗ, ਜੱਗਦੇ(ਵ) ਪਮਾਰ ਵਾਂਗ,
ਚੱਕ ਲੈਂਦਾ ਭਾਰੀ ਸਾਂਗ, ਵੈਰ ਨੂੰ ਵਿਹਾਜ ਦਾ ।
ਤੋੜਿਆ ਛੀਵੇਂ ਗੁਰੂ ਮੋਰਚਾ ਮਰ੍ਹਾਜ ਦਾ ।
ਬੜੀ ਤਸਵੀਰ ਸੋਹਣੀ, ਫੁੱਟ ਚੁਗ ਲੂਗੀ ਚੋਣੀਂ,
ਅੱਜ ਆਗੀ ਲੈਣ ਹੋਣੀਂ, ਜੀ ਦਲੇਰ ਏਸ ਨੂੰ ।
ਮੁੱਦਤਾਂ ਦੀ ਸੁੱਤੀ ਪਈ ਜਗਾਤਾ ਰੇਸ ਨੂੰ ।
ਬੰਦੇ ਦੇਸ਼ ਦੇ ਸਲੱਗ, ਗੋਰੇ ਲੌਹਣ ਲੱਗੇ ਪੱਗ,
ਏਥੇ ਆ ਕੇ ਖਾਣ ਲੱਗ, ਗੇ ਕੁਰਲ ਮੱਛੀਆਂ ।
ਇਨ੍ਹਾਂ ਲਿਆ ਬਘਿਆੜਾਂ ਨੂੰ ਸਮਝ ਵੱਛੀਆਂ ।
ਬਾਜ਼ੀ ਲੱਗੀ ਸਿਰ ਧੜ, ਜਾਣਗੇ ਜਹਾਜ਼ ਚੜ੍ਹ,
ਜੇੜ੍ਹਾ ਸੂਤ ਆਜੇ ਫੜ, ਮਾਰ ਦਿਓ ਕਲੇਸ਼ ਨੂੰ ।
ਮੁੱਦਤਾਂ ਦੀ ਸੁੱਤੀ ਪਈ ਜਗਾਤਾ ਰੇਸ ਨੂੰ ।
ਪਵੇ ਰੂਪ ਡੁੱਲ੍ਹ-ਡੁੱਲ੍ਹ, ਲੋਕ ਵਰਸੌਂਣ ਫੁੱਲ,
ਪਿਓ ਨੂੰ ਮਿਲਣਾ ਨਾ ਮੁੱਲ, ਦੁੱਖ ਮਾਂ ਤੇ ਭੈਣ ਨੂੰ ।
ਆ ਗਿਆ ਅੱਜ ਸੁਰਗੋਂ ਬਬਾਨ ਲੈਣ ਨੂੰ ।
ਮੂੰਹ ਤੇ ਨੂਰ ਰਿਹਾ ਬਰਸ, ਦੇ ਗਿਆ ਕੌਮ ਨੂੰ ਦਰਸ,
ਕੀਤਾ ਭਾਰਤ-ਵਰਸ਼, ਦੇ ਆਜ਼ਾਦ ਦੇਸ ਨੂੰ ।
ਮੁੱਦਤਾਂ ਦੀ ਸੁੱਤੀ ਪਈ ਜਗਾਤਾ ਰੇਸ ਨੂੰ ।
ਸੀ ਭਗਤ ਸਿੰਘ ਸੂਰਾ, ਕੰਮ ਛੱਡੇ ਨਾ ਅਧੂਰਾ,
ਕਰ ਲੈਂਦਾ ਜੁਆਨ ਪੂਰਾ, ਆਪ ਦੇ ਮਿਸ਼ਨ ਨੂੰ ।
ਐਹੋ ਜ੍ਹੇ ਜਵਾਬ ਦੇ ਗਿਆ ਸ਼ਿਸ਼ਨ ਨੂੰ ।
ਉਮਰ aੁੱਨੀ ਬੀਸ ਸਾਲ, ਮੱਥਾ ਲਾਲਾ ਜੈਸਾ ਲਾਲ,
ਹੋਗੇ ਦੇਖਕੇ ਨਿਹਾਲ, ਚੰਦ ਜੈਸੇ ਫ਼ੇਸ ਨੂੰ ।
ਮੁੱਦਤਾਂ ਦੀ ਸੁੱਤੀ ਪਈ ਜਗਾਤਾ ਰੇਸ ਨੂੰ ।
ਸੁਣ ਨੇੜੇ ਹੋ ਮਹੈਣਾਂ, ਇਹਨਾਂ ਐਂ ਨਾ ਪਿਛੋਂ ਲੈਹਣਾਂ,
ਡੇਗੋ ਰੇਲਾਂ, ਤੋੜੋ ਲੈਣਾਂ, ਨਾ ਰੁਕਾਏ ਰੁਕ ਜੋ ।
ਮਿਲੇ ਅੰਗਰੇਜ਼ ਮਾਰ ਕੇ ਤੇ ਲੁਕ ਜੋ ।
ਰਾਣਾਂ ਸਾਂਗਾ ਦੀ ਜੇ ਬਿੰਦ, ਜੇ ਬਚੌਣਾ ਤੁਸੀਂ ਹਿੰਦ,
ਵਾਰ ਦੇਸ ਉਤੋਂ ਜਿੰਦ, ਦੇ ਗਿਆ ਸੰਦੇਸ਼ ਨੂੰ ।
ਮੁੱਦਤਾਂ ਦੀ ਸੁੱਤੀ ਪਈ ਜਗਾਤਾ ਰੇਸ ਨੂੰ ।
ਕੱਢ ਹਵਾਲਾਤੋਂ ਬਾਹਰ, ਖੜ੍ਹੀ ਮੋਟਰ ਤਿਆਰ,
ਵਿੱਚ ਕਰਕੇ ਸਵਾਰ ਜੀ, ਦਰਿਆ ਤੇ ਧੁਰ ਲਿਆ ।
ਘਾਇਲ ਕੀਤਾ ਜੁਆਨ ਨੂੰ ਫ਼ੀਰੋਜ਼ਪੁਰ ਲਿਆ ।
ਮੜ੍ਹੀ ਬਣੀ ਜਿੱਥੇ ਦਾਗ, ਹੁੰਦਾ ਹਰ ਸਾਲ ਰਾਗ,
'ਰੱਜਬਅਲੀ ਖ਼ਾਨ', ਭਾਗ, ਲੱਗ ਗੇ ਪਲੇਸ ਨੂੰ ।
ਮੁੱਦਤਾਂ ਦੀ ਸੁੱਤੀ ਪਈ ਜਗਾਤਾ ਰੇਸ ਨੂੰ ।
- ਲੱਖ ਕੁਰਬਾਨੀ ਦੇ ਕਰ
ਸੋਲਾਂ ਅੱਖਰਾ ਛੰਦ-੧੧
ਅੱਧ ਸਦੀ ਹੈ ਗੁਜ਼ਰੀ, ਕਰਦੇ ਰਾਜ ਫ਼ਰੰਗੀ ਨੂੰ ।
ਮੁਸ਼ਕਲ ਜੀਵਨ ਹੋ ਗਿਆ, ਬੜੀ ਪੁਚਾਵਨ ਤੰਗੀ ਨੂੰ ।
'ਕਾਲਾ ਲੋਕ' ਪੁਕਾਰਨ, ਦਿਲ ਸੇ ਕਰਨ ਹਕਾਰਤ ਨੂੰ ।
ਲੱਖ ਕੁਰਬਾਨੀ ਦੇ ਕਰ, ਮਿਲੀ ਆਜ਼ਾਦੀ ਭਾਰਤ ਨੂੰ ।
ਰਾਜ ਖ਼ਜ਼ਾਨਾ ਖੋਹ ਲਿਆ, ਕਰਤੇ ਇੰਡੀਅਨ ਖੋਖਲੇ ।
ਸਭ ਤੋਂ ਪਹਿਲਾਂ ਨਿੱਤਰੇ, ਤਿਲਕ, ਬ੍ਰਾਹਮਣ ਗੋਖਲੇ ।
ਬੜੀ ਹਕੂਮਤ ਜ਼ੁਲਮੀ, ਖੜ੍ਹਕੇ ਪੜ੍ਹਨ ਇਬਾਰਤ ਨੂੰ ।
ਲੱਖ ਕੁਰਬਾਨੀ ਦੇ ਕਰ, ਮਿਲੀ ਆਜ਼ਾਦੀ ਭਾਰਤ ਨੂੰ ।
ਜੌਹਰ ਸ਼ੌਕਤ ਗਰਜਣ, ਉੱਪਰ ਖੜ੍ਹੇ ਸਟੇਜਾਂ ਦੇ ।
ਸੁਣਕੇ ਕੰਬਣੀ ਚੜ੍ਹਜੇ, ਧੜਕਣ ਦਿਲ ਅੰਗਰੇਜ਼ਾਂ ਦੇ ।
ਸੀਨਿਆਂ ਵਿਚ ਅੱਗ ਲਾਤੀ, ਚਾੜ੍ਹਨ ਜੋਸ਼ ਹਰਾਰਤ ਨੂੰ ।
ਲੱਖ ਕੁਰਬਾਨੀ ਦੇ ਕਰ, ਮਿਲੀ ਆਜ਼ਾਦੀ ਭਾਰਤ ਨੂੰ ।
ਗਾਂਧੀ ਨੇ ਹੱਦ ਕਰਤੀ, ਸੀ ਦੁੱਧ ਪੀ ਕੇ ਬੱਕਰੀ ਦਾ ।
ਜਾਨ ਤਲੀ ਧਰਕੇ, ਤੱਕੜੇ ਦੇ ਨਾਲ ਟੱਕਰੀ ਦਾ ।
ਮੈਂ ਸਵਰਾਜ ਦਵਾਦੂੰ, ਲੱਗ ਗਿਆ ਦੇਣ ਬੁਸ਼ਾਰਤ ਨੂੰ ।
ਲੱਖ ਕੁਰਬਾਨੀ ਦੇ ਕਰ, ਮਿਲੀ ਆਜ਼ਾਦੀ ਭਾਰਤ ਨੂੰ ।
ਅਬੁਲ ਕਲਾਮ ਤੇ ਨਿਉਛਾਵਰ, ਅੰਮ੍ਰਿਤਸਰ ਦਾ ਕਿਚਲੂ ਜੀ ।
ਬਰਖ਼ਿਲਾਫ਼ ਜੋ ਬੋਲੇ, ਜੀਭ ਹਕੂਮਤ ਖਿੱਚਲੂ ਜੀ ।
ਕਰਨ ਫ਼ਰੰਗੀ ਆਣ, ਇਕਬਾਲ ਜਿਨਾਂਹ ਦੀ ਜ਼ਿਆਰਤ ਨੂੰ ।
ਲੱਖ ਕੁਰਬਾਨੀ ਦੇ ਕਰ, ਮਿਲੀ ਆਜ਼ਾਦੀ ਭਾਰਤ ਨੂੰ ।
ਚੰਦਰ ਸੁਭਾਸ਼ ਪਟੇਲ ਐ, ਸੋਹਣੇ ਹਿੰਦ ਦੇ ਲਾੜੇ ਜੀ ।
ਝੰਗਿਆੜਨ ਤੜ੍ਹ ਮਾਰਨ, ਪਿੰਜਰਿਆਂ ਦੇ ਵਿੱਚ ਤਾੜੇ ਜੀ ।
ਦਸ ਵਾਰੀ ਕੱਟਕੇ ਜਿਹਲਾਂ, ਨਹਿਰੂ ਕਰੇ ਸਦਾਰਤ ਨੂੰ ।
ਲੱਖ ਕੁਰਬਾਨੀ ਦੇ ਕਰ, ਮਿਲੀ ਆਜ਼ਾਦੀ ਭਾਰਤ ਨੂੰ ।
ਵਤਨ ਪਿਆਰੇ ਕਾਰਨ, ਮਰੇ ਬਹਾਦਰ ਕੂਕੇ ਜੀ ।
ਪਕੜ ਹਕੂਮਤ ਜ਼ੁਲਮੀ, ਤੋਪਾਂ ਦੇ ਨਾਲ ਫੂਕੇ ਜੀ ।
ਤੂੰਬਾ-ਤੂੰਬਾ ਉੱਡਗੇ, ਬੰਨ੍ਹ ਕੇ ਖੜ੍ਹੇ ਕਤਾਰਤ ਨੂੰ ।
ਲੱਖ ਕੁਰਬਾਨੀ ਦੇ ਕਰ, ਮਿਲੀ ਆਜ਼ਾਦੀ ਭਾਰਤ ਨੂੰ ।
ਰਲੇ ਸ਼ਹੀਦੀ ਟੋਲੇ ਦੇ ਵਿੱਚ, ਗ਼ਦਰੀ ਬਾਬੇ ਜੀ ।
ਊਧਮ ਸਿੰਘ ਤੇ ਸੇਵਾ, ਸਿੰਘ ਕਰਤਾਰ ਸਰਾਭੇ ਜੀ ।
ਭਾਰਤ ਦੇ ਅਣਖੀਲੇ, ਇੱਕ ਦਿਨ ਖੋਹਣ ਵਜ਼ਾਰਤ ਨੂੰ ।
ਲੱਖ ਕੁਰਬਾਨੀ ਦੇ ਕਰ, ਮਿਲੀ ਆਜ਼ਾਦੀ ਭਾਰਤ ਨੂੰ ।
ਪੁੱਤਰ ਬਹਾਦਰ ਬਣਦੇ, ਦੁੱਧ ਚੁੰਘ ਅਣਖੀ ਮਾਂਵਾਂ ਦਾ ।
ਡਾਂਗਾਂ ਦੇ ਨਾਲ ਭੰਨਤਾ, ਲਾਜਪਤ ਰਾ ਜਗਰਾਵਾਂ ਦਾ ।
ਫੜਕੇ ਸ਼ੇਰ ਪੰਜਾਬੀ, ਪਲ ਵਿੱਚ ਕਰਤਾ ਗ਼ਾਰਤ ਨੂੰ ।
ਲੱਖ ਕੁਰਬਾਨੀ ਦੇ ਕਰ, ਮਿਲੀ ਆਜ਼ਾਦੀ ਭਾਰਤ ਨੂੰ ।
ਜਲ੍ਹਿਆਂ ਵਾਲੇ ਬਾਗ਼ 'ਚ, ਜਲਸਾ ਤਿਹਾਂ ਕਲਾਸਾਂ ਦਾ ।
ਡਾਇਰ ਉਡਵਾਇਰ ਹੁਕਮ ਦੇ, ਫ਼ਰਸ਼ ਵਿਛਾਤਾ ਲਾਸ਼ਾਂ ਦਾ ।
ਤੋਪ ਚਲਾਕੇ ਢਾਉਂਦੇ, ਉੱਸਰੀ ਧਰਮ ਇਮਾਰਤ ਨੂੰ ।
ਲੱਖ ਕੁਰਬਾਨੀ ਦੇ ਕਰ, ਮਿਲੀ ਆਜ਼ਾਦੀ ਭਾਰਤ ਨੂੰ ।
ਹੋਣ ਸ਼ਹੀਦ ਅਕਾਲੀ, ਮਗਰ ਸੁਨਹਿਰੀ ਮੈਣਾਂ ਦੇ ।
ਇੰਜਣਾਂ ਹੇਠ ਸਿਰ ਰੱਖਤੇ, ਉੱਪਰ ਲੇਟ ਗਏ ਲੈਣਾਂ ਦੇ ।
ਦਾਣਿਆਂ ਵਾਂਗੂੰ ਭੁੰਨਤੇ, ਜੈਤੋ ਛੇੜ ਸ਼ਰਾਰਤ ਨੂੰ ।
ਲੱਖ ਕੁਰਬਾਨੀ ਦੇ ਕਰ, ਮਿਲੀ ਆਜ਼ਾਦੀ ਭਾਰਤ ਨੂੰ ।
ਭਗਤ ਸਿੰਘ ਤੇ ਦੱਤ ਨੂੰ, ਸਾਰਾ ਦੇਸ਼ ਸਲਾਹੇ ਜੀ ।
ਪਹਿਲੀ ਰਾਤ ਲਾਹੌਰ, ਜ਼ਾਲਮਾਂ ਦੇਤੇ ਫਾਹੇ ਜੀ ।
ਸੀਸ ਵਤਨ ਤੋਂ ਵਾਰੇ, ਰੱਬ ਨਾਲ ਕਰਨ ਤਜਾਰਤ ਨੂੰ ।
ਲੱਖ ਕੁਰਬਾਨੀ ਦੇ ਕਰ, ਮਿਲੀ ਆਜ਼ਾਦੀ ਭਾਰਤ ਨੂੰ ।