20.8 C
Los Angeles
Tuesday, January 7, 2025

ਚਿੱਟਾ ਲਹੂ – ਅਧੂਰਾ ਕਾਂਡ (7)

17

“ਬਾਬਾ ! ਬਾਬਾ ! ਵੇਖ ਮੈਂ ਕੀ ਲਿਆਈ” ਕਹਿ ਕੇ ਖ਼ੁਸ਼ੀ ਨਾਲ ਡੁਲ੍ਹਦੀ ਡੁਲ੍ਹਦੀ ਸੁੰਦਰੀਂ ਨੇ ਰੋਡ ਨੂੰ ਵਾਰੇ ਵਾਰੀ ਸਭ ਚੀਜ਼ਾਂ ਵਿਖਾਈਆਂ ਤੇ ਫਿਰ ਬੋਲੀ – “ਤੂੰ ਤੇ ਕਹਿੰਦਾ ਸੈਂ ਉਹ ਮਾਰਨਗੇ-ਨਾ ਪੜ੍ਹਿਆ ਕਰ। ਉਹ ਸਗੋਂ ਕਹਿੰਦੇ ਸਨ ਤੂੰ ਪੜ੍ਹਿਆ ਕਰ – ਅਸੀਂ ਆਪ ਤੈਨੂੰ ਪੜ੍ਹਾਇਆ। ਕਰਾਂਗੇ ! ਐਹ ਵੇਖ ਕੇਹੀ ਸੁਹਣੀ ਪੱਟੀ ਨਾਲੇ ਕੈਦਾ, ਨਾਲੇ ਦੋ ਕਾਨੀਆਂ ਤੇ ਬਾਬਾ ! ਗਾਚਨੀ ਵੀ। ਉਰੇ ਕਰ ਮੈਂ ਰੱਖਾਂ ਤੇ ਦੁਆਤ ਵਿਚ ਗਾਚਨੀ ਕੁਟ ਕੇ ਪਾਵਾਂ। ਵੇਖਿਆ ਈ? ਅਹਾ ਜੀ ਅਸੀਂ ਪੱਟੀ ਤੇ ਲਿਖਾਂਗੇ।”

ਕੁੜੀ ਦੀਆਂ ਚੀਜ਼ਾਂ ਵੇਖ ਕੇ ਰੋਡ ਨੂੰ ਹੈਰਾਨੀ ਹੋਈ ਕਿ ਇਹ ਚੀਜ਼ਾਂ ਇਸ ਨੂੰ ਕੌਣ ਦੇਣ ਲੱਗਾ ਸੀ। ਉਸ ਨੂੰ ਸ਼ੱਕ ਹੋਇਆ ਕਿ ਮਤੇ ਕਿਸੇ ਦੀਆਂ ਚੁੱਕ ਲਿਆਈ ਹੋਵੇ, ਇਹ ਸੋਚ ਕੇ ਉਸ ਨੇ ਪੁੱਛਿਆ- “ਤੇ ਇਹ ਕੀਹਦੀਆਂ ਚੁੱਕ ਲਿਆਈ ਏਂ ? ਜਾਹ ਪੁੱਤ, ਜਿਸ ਦੀਆਂ ਲਿਆਂਦੀਆਂ

ਈ। ਜਾ ਕੇ ਦੇ ਆ। ਹੋਰ ਕਿਤੇ ਮਤਾਂ ਸਿਰ ਪੜਵਾਂਦੀ ਹੋਵੇਂ ਮੇਰਾ।” “ਨਹੀਂ ਬਾਬਾ ! ਦੇਵੀ ਦੀ ਸਹੁੰ ਮੈਨੂੰ ਤੇ ਗਿਆਨੀ ਜੀ ਨੇ ਆਪ ਦਿਤੀਆਂ ਈ। ਚਲ ਤੈਨੂੰ ਪੁਛਾਵਾਂ” ਤੇ ਉਹ ਰੋਡ ਦਾ ਹੱਥ ਫੜ ਕੇ ਖਿੱਚਣ ਲੱਗੀ।

ਸੁੰਦਰੀ ਦੇ ਚਿਹਰੇ ਉਤੇ ਦ੍ਰਿੜ੍ਹਤਾ ਤੇ ਨਿਡਰਤਾ ਵੇਖ ਕੇ ਰੋਡ ਨੂੰ ਉਸਦੀ ਗੱਲ ਦਾ ਯਕੀਨ ਆ ਗਿਆ। ਨਾਲੇ ਇਸ ਤੋਂ ਬਾਅਦ ਸੁੰਦਰੀ ਨੇ ਜਦ ਸਾਰਾ ਹਾਲ ਸੁਣਾਇਆ, ਤਾਂ ਉਸ ਨੂੰ ਕੋਈ ਸ਼ੰਕਾ ਬਾਕੀ ਨਾ ਰਹੀ।

ਇਸੇ ਦਿਨ ਤੋਂ ਸੁੰਦਰੀ ਨੂੰ ਪੜ੍ਹਣ ਲਿਖਣ ਦੀ ਸਹੂਲਤ ਮਿਲ ਗਈ। ਤੇ ਉਹ ਕੰਮ ਧੰਦੇ ਤੋਂ ਜਿੰਨਾ ਸਮਾਂ ਬਚਦਾ, ਇਸੇ ਕੰਮ ਵਿਚ ਖਰਚ ਕਰਨ ਲਗੀ। ਇਥੋਂ ਤਕ ਕਿ ਰਾਤੀਂ ਸੁੱਤੀ ਦਾ ਵੀ ਧਿਆਨ ਪੜ੍ਹਾਈ ਵਿਚ ਹੀ ਰਹਿੰਦਾ। ਘੰਟੇ ਦੇ ਘੰਟੇ ਰੋਜ਼ ਗਿਆਨੀ ਜੀ ਪਾਸੋਂ ਸੰਥਾ ਲੈਣ ਵੀ ਚਲੀ ਜਾਂਦੀ ਸੀ। ਗਿਆਨੀ ਜੀ ਭਾਵੇਂ ਦਿਲੋਂ ਉਸ ਨੂੰ ਹੋਰਨਾਂ ਕੁੜੀਆਂ ਵਿਚ ਬਿਠਾਣਾ ਚਾਹੁੰਦੇ ਸਨ, ਪਰ ਇਸ ਦੇ ਰਸਤੇ ਵਿਚ ਕਈ ਰੁਕਾਵਟਾਂ ਆਉਣ ਦੇ ਖ਼ਿਆਲ ਨਾਲ ਉਨ੍ਹਾਂ ਬੂਹਿਉਂ ਬਾਹਰ ਹੀ ਉਸ ਲਈ ਇਕ ਬੋਰੀ ਦਾ ਤੱਪੜ ਵਿਛਾ ਛਡਿਆ ਸੀ, ਜਿਥੇ ਬੈਠੇ ਕੇ ਉਹ ਇਕੱਲੀ ਹੀ ਪੜ੍ਹਦੀ ਸੀ। ਇਹ ਵੀ ਕੁੜੀ ਲਈ ਚੰਗਾ ਹੋਇਆ, ਕਿਉਂਕਿ ਜੇ ਉਹ ਕੁੜੀਆਂ ਵਿਚ ਬਹਿੰਦੀ ਤਾਂ ਉਹਨਾਂ ਦੇ ਖਰੂਦ ਹਥੋਂ ਉਹਦੇ ਪੱਲੇ ਰੁਪਏ ਚੋਂ ਪੈਸਾ ਵੀ ਨਾ ਪੈਂਦਾ । ਪਰ ਉਸ ਦੀ ਇਕਾਂਤ ਵਿਚ ਵੀ ਵਿਘਨ ਪੈਣਾ ਸ਼ੁਰੂ ਹੋ ਗਿਆ। ਕੁੜੀਆਂ ਮੁੰਡੇ ਅੰਦਰ ਬਾਹਰ ਆਉਂਦੇ ਜਾਂਦੇ ਉਸ ਨਾਲ ਕੋਈ ਨਾ ਕੋਈ ਛੇੜਖਾਨੀ ਕਰ ਹੀ ਜਾਂਦੇ ਸਨ। ਕਿਸੇ ਕੁੜੀ ਨੇ ਦੂਜੀ ਨੂੰ ਧੱਕਾ ਦੇ ਕੇ ਉਸ ਦੇ ਉੱਤੇ ਸੁੱਟ ਦੇਣਾ ਤੇ ਮਗਰੋਂ ਉਂਗਲਾਂ ਦਾ ਅੜਾਂਗੜਾ ਪਾ ਕੇ ਕਹਿਣ ਲਗ ਜਾਣਾ ‘ਅੜਾਂਗੜਾ ਭੜਾਂਗੜਾ ਪਰਾਈ ਭਿੱਟ ਕੋਈ ਨਾ’ ਤੇ ਡਿੱਗਣ ਵਾਲੀ ਕੁੜੀ ਨੇ ਜ਼ਿਦ ਨਾਲ ਦੂਸਰੀਆਂ ਨੂੰ ਛੁਹਣ ਲਈ ਦੌੜਨਾ। ਕਿਸੇ ਨੇ ਮਲਕੜੇ ਹੀ ਪੈਰ ਨਾਲ ਉਸ ਦੀ ਦਵਾਤ ਪੁਠੀ ਕਰ ਜਾਣੀ ਤੇ ਕਿਸੇ ਨੇ ਕਲਮ ਨਾਲੋਂ ਛਿਲ ਲਾਹ ਕੇ ਦੋਹਾਂ ਉਂਗਲਾਂ ਵਿਚ ਲਿਫਾ ਕੇ (ਕਮਾਨ ਬਣਾਕੇ) ਉਸ ਦੇ ਮੂੰਹ ਤੇ ਛੱਡ ਜਾਣੀ। ਇਹ ਸਿਲਸਿਲਾ ਬੰਦ ਹੋਣ ਵਿਚ ਇਸ ਕਰਕੇ ਨਹੀਂ ਸੀ ਆਉਂਦਾ ਕਿ ਸੁੰਦਰੀ ਕਦੀ ਕਿਸੇ ਦੀ ਸ਼ਿਕਾਇਤ ਨਹੀਂ ਸੀ ਕਰਦੀ।

ਸੁੰਦਰੀ ਇਹਨਾਂ ਰੁਕਾਵਟਾਂ ਤੋਂ ਲਾ-ਪਰਵਾਹ ਸਿਰ ਸੁੱਟ ਕੇ ਆਪਣੇ ਕੰਮ ਲਗੀ ਰਹਿੰਦੀ ਸੀ, ਪਰ ਉਸ ਦੇ ਰਾਹ ਵਿਚ ਇਕ ਹੋਰ ਰੁਕਾਵਟ ਆ ਪਈ ਕਿ ਪਿੰਡ ਦੇ ਸਾਊ ਤੇ ਸਵਾਣੀਆਂ ਵੀ ਹੁਣ ਇਕ ਦੂਜੇ ਨਾਲ ਮੂੰਹ ਜੋੜਨ ਲਗ ਪਏ ਸਨ। ਇਹ ਸਾਰੀ ਚੁਕ ਪਾਲਾ ਸਿੰਘ ਦੀ ਪਾਰਟੀ ਦੀ ਸੀ। ਰਾਹ ਵਿਚ ਉਹ ਗਿਆਨੀ ਜੀ ਨੂੰ ਵੀ ਧਮਕੀਆਂ ਧੌਂਸਾਂ ਦੇ ਜਾਂਦੇ ਸਨ, ਪਰ ਗਿਆਨੀ ਜੀ ਨੇ ਸੁੰਦਰੀ ਨੂੰ ਪੜ੍ਹਾਣਾ ਨਾ ਹੀ ਛਡਿਆ।

ਹੁੰਦੀ ਹੁੰਦੀ ਗੱਲ ਬਹੁਤ ਵਧ ਗਈ। ਇਥੋਂ ਤਕ ਕਿ ਇਕ ਦਿਨ ਜਦ ਚੰਦਾ ਸਿੰਘ ਦੀ ਬੇਬੇ ਦੇ ਉਠਾਲੇ ਸਮੇਂ ਲੋਕੀਂ ਉਸਦੀ ਹਵੇਲੀ ਵਿਚ ਜੁੜੇ ਬੈਠੇ ਸਨ ਤਾਂ ਇਹੋ ਚਰਚਾ ਚਲ ਪਈ। ਜੁਆਲਾ ਸਿੰਘ ਦੇ ਕਹਿਣ ਹੈ ਕਿ “ਪਿੰਡ ਦੇ ਖੂਹ ਵਿਚ ਡਾਕਟਰ ਦੁਆਈ ਪਾ ਗਏ ਨੇ ” ਸੁੰਦਰ ਸਿੰਘ ਬੋਲਿਆ – ਦੁਆਈ ਤੇ ਸਾਡੇ ਈ ਫੈਦੇ ਲਈ ਪਾਂਦੇ ਨੇ। ਉਦਨ ਜੀਵਾ ਸੁੰਹ ਦਾ ਮੁੰਡਾ ਬਚਨਾ ਕਹਿੰਦਾ ਸੀ ਪਈ ਦੁਆਈ ਨਾਲ ਤਾਪ ਦੇ ਕੀੜੇ- ਜਿਹੜੇ ਪਾਣੀ ਵਿਚ ਹੁੰਦੇ ਨੇ – ਮਰ ਜਾਂਦੇ ਨੇ।”

ਨੱਥਾ ਸਿੰਘ ਪਗੜੀ ਨੂੰ ਅੱਖਾਂ ਤੋਂ ਉਤਾਂਹ ਕਰਕੇ ਬੋਲਿਆ। “ਹੇਖਾਂ ! ਦਵਾਈ ਨਾਲ ਤੇ ਸਗੋਂ ਬਿਮਾਰੀਆਂ ਪੈਂਦੀਆਂ ਨੇ। ਪਰਾਰ ਪਤਾ ਜੇ ਤਾਉਨ ਕਿਉਂ ਪਈ ਸੀ ? ਅੰਗਰੇਜ਼ਾਂ ਨੇ ਗੋਲੀਆਂ ਸਟਾਈਆਂ ਸਨ। ਚੂਹੇ ਗੋਲੀਆਂ ਖਾ ਕੇ ਮਰ ਗਏ ਤੇ ਉਹਨਾਂ ਦੀ ਮੁਸ਼ਕ ਨਾਲ ਤਾਊਨ ਪੈ ਗਈ ਤੇ ਘਰਾਂ ਦੇ ਘਰ ਉੱਜੜ ਗਏ।”

ਸੁੰਦਰ ਸਿੰਘ ਬੋਲਿਆ- “ਸਾਨੂੰ ਬਈ ਅਨਪੜ੍ਹਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ, ਜਿਦਾਂ ਕੋਈ ਕਹਿੰਦਾ ਏ ਮੰਨ ਲੈਨੇ ਆਂ, ਬਈ ਹੋਊ। ਇਹ ਗੱਲਾਂ ਤੇ ਪੜ੍ਹੇ ਹੋਏ ਜਾਣਨ।”

ਇੰਨੇ ਨੂੰ ਬਾਬਾ ਭਾਨ ਸਿੰਘ ਬੋਲਿਆ- “ਓਏ ਵੇਖ ਲਏ ਓਏ ਤੁਹਾਡੇ ਪੜ੍ਹੇ ਹੋਏ। ਸੱਚੀ ਗੱਲ ਦਾ ਭਾਵੇਂ ਤੁਹਾਨੂੰ ਗੁੱਸਾ ਹੀ ਲਗੂ, ਚੰਦਰੀ ਜ਼ਬਾਨ ਜੁ ਨਾ ਰਹਿੰਦੀ ਹੋਈ। ਜੀਵਾ ਸੁੰਹ ਨੇ ਮੁੰਡੇ ਨੂੰ ਪੜ੍ਹਾਇਆ ਕਾਹਦਾ ਏ, ਸਗੋਂ ਅਕਲ ਉਹਦੀ ਨੂੰ ਜੰਦਰਾ ਈ ਮਾਰ ਦਿੱਤਾ ਸੂ। ਇਹ ਰੰਗੇਜੀਆਂ ਕਾਹਦੀਆਂ ਪੜ੍ਹ ਆਉਂਦੇ ਨੇ, ਚੂਹੜਿਆਂ ਚੁਮਿਆਰਾਂ ਨੂੰ ਰਲਾਣ ਦਾ ਠੇਕਾ ਈ ਲੈ ਆਉਂਦੇ ਨੇ, ਰਾਤੀਂ ਵਰਿਆਮਾ ਪਿਆ ਆਹਦਾ ਸੀ ਅਖੇ ਬਚਨੇ ਦੇ ਆਖੇ ਲਗ ਕੇ ਧਰਮਸਾਲੀਆ ਭਾਈ ਕਿਸੇ ਕਲੰਦਰਾਂ ਦੀ ਕੁੜੀ ਨੂੰ ਪੜ੍ਹਾਣ ਲਗ ਪਿਆ ਏ।”

ਇਕ ਹੋਰ ਬੋਲਿਆ -” ਬਈ ਗੱਲ ਤੇ ਤਾਏ ਨੇ ਲੱਖ ਰੁਪਏ ਦੀ ਕੀਤੀ ਏ। ਮੈਂ ਤੇ ਆਪ ਕਈ ਦਿਨਾਂ ਤੋਂ ਉਹਨੂੰ ਗੁਰਦਵਾਰੇ ਅੱਗੇ ਬੈਠੀ ਵੇਹਨਾ ਵਾਂ। ਕਈ ਵਾਰ ਸਲਾਹ ਵੀ ਹੋਈ ਜੁ ਜੀਵਾ ਸੁੰਹ ਨੂੰ ਜਾ ਕੇ ਸਮਝਾਵਾਂ, ਨਾਲੇ ਉਸ ਗਿਆਨੀ ਨੂੰ ਵੀ ਪੁੱਛਾਂ। ਪਰ ਫੇਰ ਸੋਚਿਆ, ਕੌਣ ਰਾਹ ਜਾਂਦੀਆਂ ਲੜਾਈਆਂ ਸਹੋੜੇ। ਨਾਲੇ ਜੀਵਾ ਉਹ ਵਿਚਾਰਾ ਅਤੇ ਹੈ। ਮੇਰੇ ਨਾਲ ਮੰਜਾ ਹੋਇਆ ਪਿਆ ਏ। ਉਹਨੂੰ ਕੀ ਕਹਿਣਾ ਹੋਇਆ। ਤਰ ਰੋਦਾਂ ਤੋਂ ਨਹੀਂ ਨਾ ਗੁਜ਼ਾਰਾ ਹੁੰਦਾ। ਅੱਜ ਗੁਰਦਵਾਰੇ ਜਾਣ ਲੱਗ ਪਈ ਤੋਂ ਭਲਕੇ ਖੂਹ ਤੇ ਜਾ ਚੜੇਗੀ ਦੂਜਾ – ਤੇ ਹਾਹੋ ਕਿ। ਇਹ ਕਮੀਣ ਲੋਕ ਟਲਣ ਵਾਲੇ ਈ? ਪਤਾ ਦੇ ਰਵਾਲੀ ਪਿੰਡ ਵਿਚ ਕਿੱਤਾ ਪਸਾਦ ਮਚਿਆ ਸੀ। ਬਿਲਾਦਰੀ ਖਾਲਸਾ ਵਾਲਿਆ ਦੁਆਣ ਚੁਕ ਕੀਤਾ। ਅਖੇ ਸੁੱਧੀ ਕਰਾਂਗੇ।”

ਤੀਜਾ ਬਈ ਤਰਾਓ! ਮੈਂ ਤੇ ਸੱਚੀ ਗੱਲ ਮੂੰਹ ਤੇ ਕਹਿੰਦਾ ਜੇ। ਅਜੇ ਵੀ ਤੁਲ੍ਹੇ ਬੇਰਾਂ ਦਾ ਕੁਝ ਨਹੀਂ ਜੇ ਵਿਗੜਿਆ। ਜੇ ਇਸ ਗਿਆਨੀ। ਨੂੰ ਇਸੇ ਮਨ੍ਹੇ ਨਾ ਕੀਤਾ ਤੇ ਰਵਾਣੀ ਵਾਲਾ ਕੁਪੱਤ ਇਥੇ ਵੀ ਹੋ ਕੇ ਰਹੂ। ਅਤੇ ਇਹ ਇਕ ਤੇ ਦੋ ਯਾਰਾ। ਅੱਗੇ ਕੱਲਾ ਬਚਨਾ ਈ ਕਿਹੜਾ ਘੱਟ ਸੀ। ਤਾਂ ਹੁਣ ਉਹੋ ਜਿਹਾ ਨਾਲ ਗਿਆਨੀ ਆ ਰਲਿਆ ਏ।”

ਇਕ ਹੋਰ ਬੋਲਿਆ ਇੱਦਾਂ ਹੀ ਕਹਿੰਦੇ ਨੇ ਨਾ, ਅਖੇ ਸੰਗ ਤਾਰੇ ਕੁਲੀਗ ਡੇਬੇ। ਭਾਈ ਜੀ ਏਡਾ ਦਿਉਤਾ ਮਨੁੱਖ ਸੀ ਜਾ ਕਦੇ ਅਲਫ਼ ਬੇ ਨਹੀਂ ਜੀ ਬੂੰਦਾ। ਵੇਲੇ ਕੁਵੇਲੇ ਸੱਤ ਕੰਮ ਸਵਾਰ ਕੇ ਦੇਂਦਾ ਸੀ ਤੇ ਹੈਗਾ ਵੀ ਬੜਾ ਹੀ ਸੀਲ ਸੀ ਜੁ ਜਿਦਾਂ ਕਹੋ ਮੰਨ ਲੈਂਦਾ ਸੀ।”

ਦੂਸਰਾ- ‘ਤਾਹੀਉ ਤੇ ਬਚਨਾ ਆਉਂਦਿਆਂ ਹੀ ਉਹਦੇ ਵੈਰ ਪੈ ਗਿਆ। ਬਹਾਨੇ ਬਹਾਨੇ ਉਸ ਵਿਚਾਰੇ ਨੂੰ ਕਢਾਣ ਲਈ ਕਦੇ ਆਖੇ ਮੁੰਡੇ ਕੁੜੀਆਂ ਨੂੰ ਪੜ੍ਹਾਇਆ ਕਰ ਤੇ ਕਦੇ ਗ੍ਰੰਥ ਸਾਹਿਬ ਲਾਇਆ ਕਰ, ਐਹ ਕਰ ਅਹੁ ਕਰ। ਪਰ ਉਹ ਕਦੇ ਇਹਦੀਆਂ ਗੱਲਾਂ ਵਿਚ ਆਣ ਲਗਾ ਸੀ। ਉਹਨੇ…

ਤੀਜਾ – ”ਤੇ ਹਾਹੇ ਕਿ, ਏਸ ਗਲੋਂ ਖਿਝਕੇ ਤੇ ਉਸ ਨਿਮਾਣੇ ਨੂੰ ਕੈਦ ਕਰਾਇਆ ਸੁ। ਪਰ ਬਈ ਸਾਨੂੰ ਕੀ ਖੌਰ ਸੀ ਇਹਨਾਂ ਵਿਚਲੀਆਂ ਗੱਲਾ ਦੀ। ਉਹ (ਬਚਨ ਸਿੰਘ) ਜੂ ਰੋਜ਼ ਆ ਆ ਕੇ ਕਿਹਾ ਕਰੇ ਅਖੇ ਜੁਆਕਾਂ ਨੂੰ ਪੜ੍ਹਨ ਘਲਿਆ ਕਰੋ। ਅਸੀਂ ਵੀ ਆ ਗਏ ਉਹਦੀਆਂ ਗੱਲਾਂ ਵਿਚ।’

ਚੌਥਾ – ”ਤੇ ਦੱਸ ਨਾ, ਐਨਾ ਜੂ ਚਿਰ ਹੋ ਗਿਆ ਏ, ਪੜ੍ਹਾਇਆ

ਵੀ ਸ। ਸਗੋਂ ਨਿਆਣੇ ਘਰ ਦਾ ਮਾੜਾ ਮੋਟਾ ਕੰਮ ਕਰਦੇ ਸੀ, ਉਹ ਵੀ ਗਿਆ। ਕੀਤੀ ਤੇ ਭਾਊ ਮੁੜ ਕੇ ਕੁੜੀ ਨੂੰ ਘਲਣਾ ਕੋਈ ਨਹੀਂ ਜੇ ਪੜ੍ਹਣ। ਅਖੇ ਭੱਠ ਪੀਆ ਸੇਨਾ ਜਿਹੜਾ ਕੰਨਾਂ ਨੂੰ ਖਾਏ ਕੀ ਲੈਣਾ ਹੋਇਆ ਇਹੋ ਜਿਹੀਆਂ ਪੜ੍ਹਾਈਆਂ ਪੜ੍ਹਾ ਕੇ।”

ਪੰਜਵਾਂ ‘ਤੇ ਤਾਇਆ ਤੂੰ ਨਹੀਂ ਘਲਣਾ ਤੇ ਹੋਰ ਕਿਹੜਾ। ਲੱਗਾ ਏ ਘੱਲਣ। ਮੈਂ ਤੇ ਜਾ ਕੇ ਪੱਟੀਆਂ ਸੁਟੂੰ ਖੂਹ ਵਿਚ। ਕੁੜੀ ਚੰਗੀ ਤੁਲੀ ਸਾਰੇ ਕੰਮ ਕਰਦੀ ਸਾਈ। ਜਿੱਦਨ ਦੀ ਪੜ੍ਹਨ ਦਾ ਪੁਆੜਾ ਲੈ ਬੈਠੀ ਦੇ ਹੱਥ ਈ ਨਹੀਂਉਂ ਲਾਂਦੀ ਕੰਮ ਨੂੰ। ਬਸ ਫੜਿਆ ਜੁਆਰ ਦਾ ਟੁਕ ਜਿਹਾ (ਗੁਟਕਾ) ਤੇ ਜਾ ਬੈਠੀ ਖੂੰਜੇ।”

ਛੇਵਾਂ – “ਹੁਣ ਨੂੰ ਕਦੇ ਦੀਆਂ ਇਹ ਸਫ਼ਾ ਵਲ੍ਹੇਟੀਆਂ ਜਾਣੀਆ ਸਨ ਜੇ ਪਾਲਾ ਸੁੰਹ ਬਾਹਰ ਹੁੰਦਾ।”

ਸਤਵਾਂ- ” ਭਰਾਓ ! ਗੱਲ ਕੀਤੀ ਹੋਈ ਜਾਂਦੀ ਏ ਦੂਰ ! ਅਸੀਂ ਤੇ ਮੂੰਹ ਪਾੜ ਕੇ ਆਂਹਦੇ ਕੁਝ ਨਹੀਂ, ਪਰ ਲੋਕਾਂ ਤੋਂ ਗੁੱਝੀ ਏ ? ਪਾਲਾ

ਸੁੰਹ ਨੂੰ ਹੋਰ ਕੀਹਨੇ। ਇਕ ਹੋਰ ” ਜਾਣ ਦਿਓ ਜਵਾਨ, ਇਹਨਾਂ ਗੱਲਾਂ ਦੇ ਫੋਲਣੇ ਕਾਹਨੂੰ ਫੋਲਦੇ ਓ। ਉਹਦੀ ਕੈਦ ਵੀ ਥੋੜ੍ਹਾ ਈ ਚਿਰ ਰਹਿ ਗਈ ਏ। ਅੱਬਲ ਤੇ ਖੌਰੇ ਪੀਲ ਚੋਂ ਈ ਬਰੀ ਹੋ ਜੂ। ਆਪੇ ਜਦੋਂ ਆਉ ਤੇ ਸਚ ਝੂਠ ਪਿਆ।

ਨਿੱਤਰੂ। ਸਾਨੂੰ ਕੀ ਪਈ ਏ।”

ਇਸੇ ਤਰ੍ਹਾਂ ਦੀਆਂ ਗੱਲਾਂ ਹੋਰ ਚੋਖਾ ਚਿਰ ਹੁੰਦੀਆਂ ਰਹੀਆਂ, ਪਰ ਕਿਸੇ ਸਿੱਟੇ ਤੇ ਕੋਈ ਨਾ ਪੁੱਜ ਸਕਿਆ, ਕਿਉਂਕਿ ਪਿੰਡ ਦਾ ਮੋਰ ਮੁਕਟ ਪਾਲਾ ਸਿੰਘ ਤੇ ਉਸ ਦੀ ਮੰਡਲੀ ਜੇਲ੍ਹ ਵਿਚ ਸੀ।

18

ਵਰ੍ਹਾ ਡੂਢ ਵਰ੍ਹਾ ਬਿਮਾਰ ਰਹਿਣ ਤੋਂ ਬਾਅਦ ਜੀਵਾ ਸਿੰਘ ਆਪਣੀ ਜੀਵਨ-ਯਾਤਰਾ ਸਮਾਪਤ ਕਰ ਕੇ ਸੰਸਾਰ ਤੋਂ ਕੂਚ ਕਰ ਗਿਆ। ਘਰ ਦਾ ਸਾਰਾ ਭਾਰ ਹੁਣ ਬਚਨ ਸਿੰਘ ਦੇ ਸਿਰ ਤੇ ਸੀ। ਬਚਨ ਸਿੰਘ ਦੀ ਮਾਂ ਹੁਣ ਕੇਵਲ ਇਸ ਨੂੰ ਵੇਖ ਕੇ ਜਿਉਂਦੀ ਸੀ, ਉਸ ਦਾ ਹੋਰ ਕੋਈ ਮੁੰਡਾ ਕੁੜੀ ਨਹੀਂ ਸੀ।

ਉਧਰ ਪਾਲਾ ਸਿੰਘ ਤੇ ਉਸਦੇ ਸਾਥੀ ਵੀ ਕੈਦ ਕਟ ਕੇ ਵਾਰੇ ਵਾਰੀ ਆ ਗਏ ਸਨ ਤੇ ਨਾਲ ਹੀ ਭਾਈ ਦਸੌਂਧਾ ਸਿੰਘ ਵੀ। ਉਹ ਜੇਲ ਵਿਚ ਹੀ ਸੁਣ ਚੁਕੇ ਸਨ ਕਿ ਬਚਨ ਸਿੰਘ ਨੇ ਗੁਰਦਵਾਰੇ ਵਿਚ ਕੋਈ ਹੋਰ ਗ੍ਰੰਥੀ ਬਿਠਾਇਆ ਹੈ। ਸੋ ਉਹਨਾਂ ਨੇ ਆਪਣੀ ਅਣਖ ਇਸੇ ਵਿਚ ਸਮਝੀ ਜੁ ਪਿੰਡ ਪੈਰ ਪਿਛੋਂ ਪਾਵਾਂਗੇ ਤੇ ਉਸ ਨਵੇਂ ਗ੍ਰੰਥੀ ਦਾ ਬੋਰੀਆ ਬਿਸਤਰਾ ਪਹਿਲਾਂ ਚੁਕਾਵਾਂਗੇ। ਭਾਵੇਂ ਦਸੌਂਧਾ ਸਿੰਘ ਦੇ ਬਿਆਨ ਨੇ ਹੀ ਉਹਨਾਂ ਨੂੰ ਕੈਦ ਕਰਾਇਆ ਸੀ, ਪਰ ਉਹ ਜਾਣਦੇ ਸਨ ਕਿ ਭਾਈ ਹੋਰਾਂ ਇਹ ਕੰਮ ਕੇਵਲ ਬੇ-ਅਕਲੀ ਦੇ ਕਾਰਨ ਹੀ ਕੀਤਾ ਹੈ। ਇਸ ਕਰਕੇ ਉਹਨਾਂ ਨੇ ਭਾਈ ਹੋਰਾਂ ਦਾ ਕਸੂਰ ਮਾਫ਼ ਕਰ ਦਿੱਤਾ, ਨਾਲੇ ਉਹ ਇਹ ਵੀ ਜਾਣਦੇ ਸਨ ਕਿ ਭਾਈ ਹੋਰੀਂ ਉਨ੍ਹਾਂ ਦੇ ਕਿੰਨੇ ਕੰਮ ਆਉਣ ਵਾਲੀ ਚੀਜ਼ ਹਨ। ਇਸ ਲਈ ਉਹਨਾਂ ਭਾਈ ਜੀ ਨੂੰ ਫੇਰ ਸਦਵਾ ਲਿਆ।

ਜਿਸ ਦਿਨ ਪਾਲਾ ਸਿੰਘ ਛੁੱਟ ਕੇ ਆਇਆ ਸੀ, ਥੋੜ੍ਹੇ ਜਿਹੇ ਘਰ ਛੱਡ ਕੇ ਬਾਕੀ ਸਾਰੇ ਪਿੰਡ ਨੇ ਬੜੀ ਗਰਮ-ਜੋਸ਼ੀ ਨਾਲ ਉਹਦੀ ਆਓ-ਭਗਤ ਕੀਤੀ। ਖ਼ਾਸ ਕਰ ਕੇ ਭਾਈ ਹੇਰਾਂ ਦੀ ਮਾਨਤਾ ਤੇ ਇੱਜ਼ਤ ਤਾਂ ਅੱਗੇ ਨਾਲੋਂ ਦੱਸ ਗੁਣਾਂ ਵੱਧ ਗਈ। ਸਭਨਾਂ ਦੇ ਮੂੰਹ ਵਿਚ ਇਹੋ ਗੱਲ ਸੀ- “ਵੇਖਿਆ ਜੇ ! ਦੇਵਤਾ ਸਰੂਪ ਭਾਈ ਜੀ ਨੂੰ ਬੇ-ਦੋਸ਼ਿਆਂ ਫਸਾ ਕੇ ਕੀ ਫਲ ਪਾਇਆ ਸੁ। ਪੈਦੀ ਸੱਟੇ ਪਿਉ ਮਰ ਗਿਆ। ਰੱਬ ਦੇ ਕਹਿਰੋਂ ਡਰੀਏ, ਐਵੇਂ ਤੇ ਨਹੀਂ ਕਹਿੰਦੇ ਗ਼ਰੀਬ ਦੀ ਹਾਅ ਡਾਢੀ ਹੁੰਦੀ ਏ।”

ਗਿਆਨੀ ਹੋਰੀਂ ਹੁਣ ਲੋਕਾਂ ਨੂੰ ਫੁੱਟੀ ਅੱਖ ਨਹੀਂ ਸੀ ਭਾਉਂਦੇ। ਇਥੋਂ ਤਕ ਕਿ ਜਿਹੜੇ ਘਰ ਕੁਝ ਉਹਨਾਂ ਦੇ ਪੱਖ ਵਿਚ ਸਨ, ਉਹ ਵੀ ਵਿਰੋਧੀ ਹੋ ਗਏ ਤੇ ਕਈਆ ਨੇ ਆਪਣੇ ਮੁੰਡਿਆਂ ਕੁੜੀਆਂ ਨੂੰ ਗੁਰਦਵਾਰਿਉਂ ਉਠਾਲ ਲਿਆ।

ਗਿਆਨੀ ਜੀ ਵੀ ਉਦਾਸ ਹੋ ਗਏ। ਅਖ਼ੀਰ ਉਨ੍ਹਾਂ ਇਸ ਖਲਜਗਣ ਵਿਚੋਂ ਨਿਕਲਣਾ ਹੀ ਠੀਕ ਸਮਝਿਆ ਤੇ ਅੰਤ ਇਕ ਦਿਨ ਚਲੇ ਹੀ ਗਏ। ਬਚਨ ਸਿੰਘ ਦੇ ਕਹਿਣ ਤੇ ਵੀ ਨਾ ਰੁਕੇ। ਉਨ੍ਹਾਂ ਨੂੰ ਯਕੀਨ ਹੋ ਚੁੱਕਾ ਸੀ

ਕਿ ਉਨ੍ਹਾਂ ਦੇ ਰਹਿਣ ਨਾਲ ਮਾਮਲਾ ਲੜਾਈ ਫ਼ਸਾਦ ਤੀਕ ਪਹੁੰਚ ਜਾਏਗਾ। ਤੇ ਨਾ ਜਾਣੀਏ ਇਸ ਦਾ ਨਤੀਜਾ ਪਿੰਡ ਲਈ ਖਤਰਨਾਕ ਸਾਬਤ ਹੋਵੇ।

ਪਾਲਾ ਸਿੰਘ ਦੇ ਸਾਥੀਆਂ ਦਾ ਖ਼ਿਆਲ ਸੀ ਕਿ ਗਿਆਨੀ ਜੀ ਨੂੰ ਹਟਾਣ ਲਈ ਭਾਵੇਂ ਦੇ ਦੇ ਹੱਥ ਕਰਨੇ ਪੈਣ, ਪਰ ਅਜਿਹੀ ਨੌਬਤ ਹੀ ਨਾ ਆਈ ਤੇ ਭਾਈ ਦਸੌਂਧਾ ਸਿੰਘ ਹੋਰੀਂ ਅਡੋਲ ਹੀ ਆ ਕੇ ਗੁਰਦਵਾਰੇ ਬੈਠ ਗਏ। ਇਸ ਤੋਂ ਵੀ ਵਧ ਇਕ ਗੱਲ ਉਨ੍ਹਾਂ ਦੇ ਦਿਲਾਂ ਵਿਚ ਰੜਕੀ, ਤੇ ਉਹ ਇਹ ਕਿ ਗਿਆਨੀ ਹੋਰਾਂ ਆਕੇ ਗੁਰਦਵਾਰੇ ਦੀ ਰੌਣਕ ਖ਼ਾਸੀ ਵਧਾ ਦਿਤੀ ਸੀ। ਉਨ੍ਹਾਂ ਸੋਚਿਆ, ਹੋਵੇ ਨਾ ਤਾਂ ਅਸੀਂ ਇਸਤੋਂ ਦੂਣੀ ਰੌਣਕ ਦਿਖਾਕੇ ਉਸ ਦੀ ਕਾਰਗੁਜ਼ਾਰੀ ਨੂੰ ਮਾਤ ਪਾ ਦੇਈਏ। ਇਸ ਤੋਂ ਉਹਨਾਂ ਦਾ ਮਤਲਬ ਇਹ ਵੀ ਸੀ ਕਿ ਪਿੰਡ ਦੇ ਜਿਹੜੇ ਥੋੜ੍ਹੇ ਬਹੁਤੇ ਲੋਕੀਂ ਗਿਆਨੀ ਜੀ ਦੇ ਪੱਖੀ ਸਨ, ਉਹਨਾਂ ਨੂੰ ਵੀ ਕੋਈ ਸ਼ਿਕਾਇਤ ਨਾ ਰਹੇ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨੇੜੇ ਸੀ। ਉਹਨਾਂ ਇਸ ਮੌਕੇ ਲਈ ਰਾਗੀ ਜਥਾ ਮੰਗਵਾਉਣ ਦਾ ਪ੍ਰਬੰਧ ਵੀ ਕਰ ਲਿਆ, ਤਾਂ ਜੋ ਗੁਰਦਵਾਰੇ ਵਿਚ ਚੰਗੀ ਰੌਣਕ ਹੋ ਜਾਵੇ। ਭਾਈ ਹੋਰਾਂ ਆਉਂਦਿਆਂ ਹੀ ਇਹ ਗੱਲ ਮਸ਼ਹੂਰ ਕਰ ਦਿਤੀ ਕਿ

ਬਚਨ ਸਿੰਘ ਨੇ ਹੀ ਕਹਿ ਸੁਣ ਕੇ ਹਾਕਮਾਂ ਨੂੰ ਵੱਢੀਆਂ ਦੇ ਕੇ ਉਸ ਪਾਸੋਂ ਅਦਾਲਤ ਵਿਚ ਬਿਆਨ ਉਲਟ ਪੁਲਟ ਦਿਵਾਏ ਸਨ, ਜਿਸ ਦਾ ਫਲ-ਰੂਪ ਸਾਰਿਆਂ ਨੂੰ ਕੈਦ ਭੁਗਤਣੀ ਪਈ। ਇਸ ਨਾਲ ਜਿੱਥੇ ਭਾਈ ਹੇਰਾਂ ਉਤੇ ਪਿੰਡ ਵਾਲਿਆਂ ਦੀ ਸ਼ਰਧਾ ਵਧ ਗਈ, ਉੱਥੇ ਬਚਨ ਸਿੰਘ ਨੂੰ ਲਾਲ ਪੀਲੀਆਂ ਅੱਖਾਂ ਦਸਣ ਲਗ ਪਏ। ਬਲਕਿ ਅੰਦਰੋਂ ਅੰਦਰੀ ਇਹ ਘੁਸਰ ਮੁਸਰ ਹੋਣ ਲਗ ਪਈ ਕਿ ਜਿੰਨੀ ਛੇਤੀ ਹੋ ਸਕੇ ਬਚਨ ਸਿੰਘ ਦਾ ਬਰਾਦਰੀ ਚੋਂ ਭਾਂਡਾ ਛੇਕਿਆ ਜਾਵੇ, ਕਿਉਂਕਿ ਉਸਦਾ ਕਲੰਦਰਾਂ ਦੀ ਕੁੜੀ ਨਾਲ ਮੇਲ ਜੇਲ ਦਿਨੋ ਦਿਨ ਵਧ ਰਿਹਾ ਹੈ। ਉਹ ਰੋਜ਼ ਉਸ ਨੂੰ ਪੜ੍ਹਾਣ ਦੇ ਬਹਾਨੇ ਬਾਬੇ ਰੋਡ ਦੀ ਝੁੱਗੀ ਵਿਚ ਜਾਂਦਾ ਤੇ ਪਹਿਰਾਂ ਬੱਧੀ ਵਕਤ ਉਥੇ ਹੀ ਗੁਜ਼ਾਰਦਾ ਹੈ। ਇਸ ਸੰਬੰਧੀ ਕਿਸੇ ਹੱਦ ਤੱਕ ਇਹ ਨਜਿਠਿਆ ਗਿਆ ਕਿ ਗੁਰਪੁਰਬ ਵਾਲੇ ਦਿਨ ਜਦ ਸਾਰੀ ਬਰਾਦਰੀ ਕੱਠੀ ਹੋਵੇਗੀ ਤਾਂ ਇਸ ਗੱਲ ਉਤੇ ਵਿਚਾਰ ਕਰ ਕੇ ਕੋਈ ਅਖੀਰੀ ਫ਼ੈਸਲਾ ਕੀਤਾ ਜਾਵੇਗਾ।

ਇਧਰ ਸੰਦਰੀ ਵੀ ਹੁਣ ਅੱਗੇ ਵਾਲੀ ਸੰਦਰੀ ਨਹੀਂ ਸੀ। ਨਿਰੱਥਕ ਪੜ੍ਹਾਈ ਤੇ ਗਿਆਨੀ ਜੀ ਤੇ ਬਚਨ ਸਿੰਘ ਦੀ ਸੰਗਤ ਨੇ ਉਸਦੀ ਬੁੱਧੀ ਨੂੰ ਹੋਰ ਵੀ ਚਮਕਾ ਦਿਤਾ ਸੀ ਤੇ ਉਹ ਹੁਣ ਸਿੱਖ ਅਸੂਲਾਂ, ਸਾਹਿਤ ਤੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਈ ਸੀ।

ਬਚਨ ਸਿੰਘ ਦੀ ਮਾਂ ਪੁਰਾਣੇ ਖ਼ਿਆਲਾਂ ਦੀ ਸੀ। ਉਸ ਨੂੰ ਗੁਆਂਢਣਾ ਰੋਜ਼ ਮਸਾਲੇ ਲਾ ਲਾ ਕੇ ਬਚਨ ਸਿੰਘ ਸੰਬੰਧੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਕੇ ਭੜਕਾਣ ਦਾ ਜਤਨ ਕਰਦੀਆਂ ਰਹਿੰਦੀਆਂ ਸਨ, ਪਰ ਬਚਨ ਸਿੰਘ ਤੇ ਗਿਆਨੀ ਜੀ ਦੇ ਸਮਝਾਉਣ ਕਰ ਕੇ ਉਸ ਦੇ ਦਿਲ ਵਿਚ ਉਹਨਾ ਦੀਆਂ ਗੱਲਾਂ ਦਾ ਕੋਈ ਬਹੁਤਾ ਅਸਰ ਨਹੀਂ ਸੀ ਹੁੰਦਾ।

ਇਧਰ ਗੁਰਪੁਰਬ ਨੇੜੇ ਆ ਗਿਆ ਤੇ ਉਧਰ ਸੁੰਦਰੀ ਦੇ ਦਿਲ ਵਿਚ ਬੇ-ਹੱਦ ਚਾਹ ਸੀ ਇਸ ਸ਼ਰਗੀ ਨਜ਼ਾਰੇ ਨੂੰ ਵੇਖਣ ਦੀ। ਗਿਆਨੀ ਜੀ ਪਾਸੋਂ ਗੁਰੂ ਘਰ ਦੇ ਕਾਰਨਾਮੇ ਤੇ ਸ਼ਹੀਦੀਆਂ ਦੇ ਪ੍ਰਸੰਗ ਸੁਣ ਸੁਣ ਕੇ ਉਸ ਦੇ ਦਿਲ ਵਿਚ ਗੁਰੂ ਘਰ ਦੇ ਪ੍ਰੇਮ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਪਰ ਜਦ ਉਹ ਇਹ ਖ਼ਿਆਲ ਕਰਦੀ ਕਿ ਮੈਂ ਉਸ ਸਮੇਂ ਦਾ ਦ੍ਰਿਸ਼ ਨਹੀਂ ਵੇਖਾਂਗੀ, ਤਾਂ ਉਸ ਦੇ ਦਿਲ ਵਿਚ ਚੀਸ ਜਿਹੀ ਪੈਂਦੀ। ਸਭ ਤੋਂ ਵਧ ਉਸਦੇ ਦਿਲ ਵਿਚ ਰੋਡ ਨੇ ਡਰ ਜਿਹਾ ਬਿਠਾ ਛਡਿਆ ਸੀ। ਪਰ ਫਿਰ ਵੀ ਉਸ ਦੀ ਇਹ ਸਿੱਕ ਜਿਉਂ ਦੀ ਤਿਉਂ ਬਣੀ ਰਹੀ ਕਿ ਕਿਸੇ ਤਰ੍ਹਾਂ ਇਕ ਵਾਰੀ ਗੁਰਪੁਰਬ ਵਾਲੇ ਦਿਨ ਸਤਿਗੁਰੂ ਦੇ ਦਰਬਾਰ ਮੱਥਾ ਟੇਕਣ ਦਾ ਮੌਕਾ ਮਿਲ ਜਾਵੇ, ਚੋਰੀ ਭਾਵੇਂ ਸ਼ਾਹਦੀ।

ਗੁਰਪੁਰਬ ਵਿਚ ਇਕ ਦਿਨ ਬਾਕੀ ਸੀ। ਗੁਰਦਵਾਰੇ ਵਿਚ ਧੂਮ ਧਾਮ ਨਾਲ ਤਿਆਰੀਆਂ ਹੋ ਰਹੀਆਂ ਸਨ। ਸੁੰਦਰੀ ਨੇ ਸੁਣਿਆ ਸੀ ਕਿ ਕੱਲ੍ਹ ਸਵੇਰੇ ਪ੍ਰਭਾਤ ਵੇਲੇ ਰਾਗੀਆਂ ਦਾ ਕੀਰਤਨ ਹੋਵੇਗਾ। ਉਸਨੂੰ ਸਾਰੀ ਰਾਤ ਗਿੱਟੀਆਂ ਗਿਣਦਿਆਂ ਨੀਂਦਰ ਨਾ ਪਈ। ਸੱਚ ਮੁਚ ਬਾਂਦਰੀ ਦੀ ਸੁਹਬਤ ਕਰ ਕੇ ਉਸ ਦੀਆਂ ਆਦਤਾਂ ਵੀ ਵਧੇਰੇ ਬਾਂਦਰਾਂ ਵਾਲੀਆਂ ਹੀ ਹੋ ਗਈਆਂ ਸਨ। ਉਹ ਕਦੀ ਸੋਚਦੀ ਵੱਡੇ ਵੇਲੇ ਮੂੰਹ ਹਨੇਰੇ ਈ-ਜਿਸ ਵੇਲੇ ਗੁਰਦੁਆਰੇ ਦਾ ਬੂਹਾ ਖੁਲ੍ਹੇਗਾ – ਅੱਖ ਬਚਾ ‘ ਕੇ ਅੰਦਰ ਲੰਘ ਜਾਵਾਂਗੀ ਤੇ ਵੇਹੜੇ ਵਿਚ ਜਿਹੜੀ ਬੇਰੀ ਹੈ ਉਸ ਦੀ ਕਿਸੇ ਸੰਘਣੀ ਟਾਹਣੀ ਤੇ ਚੜ੍ਹ ਤੇ ਬੈਠ ਜਾਵਾਂਗੀ। ਕਦੇ ਖ਼ਿਆਲ ਕਰਦੀ-ਨਹੀਂ ਇਸ ਤਰ੍ਹਾਂ ਤਾਂ ਕੋਈ ਤੱਕ ਲਵੇਗਾ। ਨਹੀਂ ਸਤਿਗੁਰੂ ਦੇ ਦਰਬਾਰ ਵਿਚ ਉੱਚੇ ਥਾਂ ਬੈਠਾਂਗੀ ? ਹੋਵੇ ਨਾ ਤਾਂ ਕੋਈ ਐਸਾ ਢੰਗ ਲੱਭੇ ਜਿਸ ਨਾਲ ਕੋਈ ਵੇਖੇ ਨਾ।

ਉਹ ਸਾਰੀ ਰਾਤ ਏਸੇ ਤਰ੍ਹਾਂ ਦੀਆਂ ਸੋਚਾਂ ਸੋਚਦੀ ਰਹੀ ਤੇ ਇਹਨਾਂ ਹੀ ਸੋਚਾਂ ਵਿਚ ਉਹਦੀ ਅੱਖ ਲਗ ਗਈ।

ਜਦ ਉਸ ਦੀ ਜਾਗ ਖੁਲ੍ਹੀ ਤਾਂ ਬਾਹਰ ਉਸ ਨੇ ਚਿੱਟਾ ਚਾਨਣ ਵੇਖਿਆ। ਉਹ ਦਿਲ ਵਿਚ ਬੜੀ ਛਿੱਥੀ ਹੋਣ ਲਗੀ- ਮੈਂ ਐਸੀ ਬੇ-ਖ਼ਬਰ ਹੋ ਕੇ ਕਿਉਂ ਸੁੱਤੀ ਕਿ ਦਿਨ ਹੀ ਚੜ੍ਹਾ ਦਿੱਤਾ।

ਹੁਣ ਉਸ ਲਈ ਉਥੇ ਇਕ ਪਲ ਵੀ ਠਹਿਰਨਾ ਔਖਾ ਹੋ ਗਿਆ। ਉਸ ਨੇ ਡਿੱਠਾ, ਬਾਬਾ ਰੋਡ ਘੁਰਾੜੇ ਸਾਰ ਰਿਹਾ ਸੀ। ਉਹ ਦੱਬੇ ਪੈਰੀਂ ਝੌਂਪੜੀ ਚੋਂ ਬਾਹਰ ਨਿਕਲੀ ਤੇ ਸਿੱਧੀ ਗੁਰਦਵਾਰੇ ਵਲ ਹੋ ਟੁਰੀ। ਉਹ ਸੋਚ ਰਹੀ ਸੀ ਦੂਰੋਂ ਹੀ ਵਾਜੇ ਜੋੜੀ ਨਾਲ ਸ਼ਬਦਾਂ ਦੀ ਗੂੰਜ ਉਸ ਦੇ ਕੰਨੀਂ ਪਵੇਗੀ, ਪਰ ਉਸਦਾ ਖ਼ਿਆਲ ਗ਼ਲਤ ਨਿਕਲਿਆ। ਗੁਰਦੁਆਰੇ ਦਾ ਬੂਹਾ ਅਜੇ ਤਕ ਬੰਦ ਸੀ। ਉਸ ਨੇ ਜਦ ਇਹ ਅਨੁਮਾਨ ਲਾਇਆ ਕਿ ਅਜੇ ਦਿਨ ਨਹੀਂ ਚੜ੍ਹਿਆ-ਚੰਨ ਦੀ ਚਾਨਣੀ ਕਰ ਕੇ ਉਸ ਨੂੰ ਭੁਲੇਖਾ ਲਗਾ ਸੀ, ਤਾਂ ਉਹ ਬੜੀ ਖ਼ੁਸ਼ ਹੋਈ।

ਹੁਣ ਉਹ ਕਿਸੇ ਤਰ੍ਹਾਂ ਅੰਦਰ ਵੜਨ ਦਾ ਢੰਗ ਸੋਚਣ ਲਗੀ। ਅਚਾਨਕ ਹੀ ਉਸ ਨੂੰ ਖ਼ਿਆਲ ਆਇਆ ਕਿ ਗੁਰਦਵਾਰੇ ਦੇ ਜਿਸ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਉਸ ਦੇ ਨਾਲ ਇਕ ਤੂੜੀ ਵਾਲੀ ਕੋਠੜੀ ਹੈ, ਜਿਹੜੀ ਅਕਸਰ ਖੁਲ੍ਹੀ ਹੀ ਪਈ ਰਹਿੰਦੀ ਸੀ, ਤੇ ਉਸ ਦਾ ਬੂਹਾ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਲ ਖੁਲ੍ਹਦਾ ਸੀ। ਕਮਰਿਆਂ ਦਾ ਹੁਲੀਆ ਉਸ ਨੇ ਕਈ ਵਾਰੀ ਬਾਹਰੋਂ ਜਾਂ ਵਿਹੜੇ ਵਿਚੋਂ ਡਿੱਠਾ ਸੀ।

ਹੁਣ ਉਸ ਲਈ ਕੇਵਲ ਵਿਹੜੇ ਵਾਲੇ ਬੂਹੇ ਥਾਣੀ ਅੰਦਰ ਵੜਨ ਦਾ ਕੰਮ ਬਾਕੀ ਸੀ। ਚੰਨ ਦੀ ਚਾਨਣੀ ਉਸ ਦੇ ਰਾਹ ਵਿਚ ਰੋਕ ਪਾ ਰਹੀ ਸੀ। ਉਹ ਸੋਚਾਂ ਸੋਚਦੀ ਹੋਈ ਗੁਰਦਵਾਰੇ ਦੇ ਪਿਛਲੇ ਪਾਸੇ ਜਾ ਨਿਕਲੀ ਜਿੱਥੇ ਉਸ ਨੇ ਇਕ ਖੁਰਲੀ ਵੇਖੀ, ਜੇ ਰਤਾ ਉਚੇਰੀ ਬਣੀ ਹੋਈ ਸੀ। ਉਹ ਉਟ ਛਾਲ ਮਾਰ ਕੇ ਖੁਰਲੀ ਤੇ ਚੜ੍ਹ ਗਈ ਤੇ ਇਕ ਖੁੱਡੇ ਵਿਚ ਪੈਰ ਚ ਪੰਜਾ ਅੜਾ ਕੇ ਛੱਤ ਤੇ ਜਾ ਚੜ੍ਹੀ। ਕੱਚੇ ਕੋਠੇ ਦੀ ਛੱਤ ਕਿੰਨੀ ਕੁ ਉੱਚੀ ਹੋਣੀ ਸੀ। ਤੇ ਚੜ੍ਹਨ ਵਾਲੀ ਵੀ ਬਾਂਦਰੀ ਸੀ।

ਕੋਠੇ ਤੇ ਜਾ ਕੇ ਉਸ ਨੇ ਵਿਹੜੇ ਵਾਲੀ ਬੇਰੀ ਦਾ ਟਾਹਣ ਫੜਿਆ। ਤੇ ਉਸ ਨਾਲ ਲਮਕ ਕੇ ਹੇਠਾਂ ਵਿਹੜੇ ਵਿਚ ਛਾਲ ਮਾਰ ਦਿੱਤੀ। ਫੇਰ ਝੱਟ ਹੀ ਤੁੜੀ ਵਾਲੇ ਕੋਠੇ ਵਿਚ ਵੜ ਕੇ ਉਸ ਦੀ ਇਕ ਨੁੱਕਰ ਵਿਚ ਲੁਕ ਬੈਠੀ। ਗੁਰੂ ਗ੍ਰੰਥ ਸਾਹਿਬ ਵਲ ਦਾ ਕਮਰਾ ਖੁਲ੍ਹਾ ਹੈ ਕਿ ਨਹੀਂ ਇਹ ਵੇਖਣ ਲਈ ਜਦ ਉਸ ਨੇ ਰਤਾ ਬੂਹਾ ਧੱਕਿਆ ਤਾਂ ਉਹ ਖੁਲ੍ਹ ਗਿਆ। ਉਸ ਨੂੰ ਪਤਾ ਲੱਗਾ ਕਿ ਬੂਹਾ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਲ ਹੀ ਖੁਲ੍ਹਦਾ ਹੈ। ਅੰਦਰ ਤੂੜੀ ਦਾ ਢੇਰ ਹੋਣ ਕਰਕੇ ਜ਼ੋਰ ਨਾਲ ਬੂਹਾ ਬਾਹਰ ਵਲ ਖੁਲ੍ਹ ਗਿਆ ਸੀ ਤੇ ਚੋਖੀ ਸਾਰੀ ਤੂੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿਚ ਜਾ ਪਈ।

ਸੁੰਦਰੀ ਨੂੰ ਬੜਾ ਫ਼ਿਕਰ ਪਿਆ, ਪਰ ਉਸ ਨੇ ਦਿਲ ਨਾ ਛੱਡਿਆ। ਨਾਲੇ ਉਸਨੇ ਡਿੱਠਾ ਕਿ ਦਰੀ ਉਤੇ ਤਿੰਨ ਚਾਰ ਬੰਦੇ ਸੁੱਤੇ ਹੋਏ ਸਨ ਤੇ ਹੋਰ ਕੋਈ ਜਾਗਦਾ ਨਹੀਂ ਸੀ। ਇਸ ਤੋਂ ਛੁਟ ਅੰਦਰ ਕੁਝ ਹਨੇਰਾ ਸੀ ਕੇਵਲ ਇਕ ਝਰਨੇ ‘ਚੋਂ ਥੋੜ੍ਹੀ ਜਿਹੀ ਚੰਨ ਦੀ ਚਾਨਣੀ ਅੰਦਰ ਆ ਰਹੀ ਸੀ। ਉਹ ਫਿਰ ਬਾਹਰ ਨਿਕਲੀ ਤੇ ਬੋਰੀ ਦਾ ਇਕ ਤੱਪੜ ਚੁਕ ਲਿਆਈ। ਉਸ ਉੱਤੇ ਤੂੜੀ ਪਾ ਪਾ ਕੇ ਉਹ ਪਿਛਾਂਹ ਵਲ ਸੁੱਟਣ ਲੱਗ ਪਈ।

ਲਗਾਤਾਰ ਘੰਟੇ ਕੁ ਦੀ ਮਿਹਨਤ ਪਿੱਛੋਂ ਉਸ ਨੇ ਆਪਣੇ ਖਲੋਣ ਜੋਗੀ ਥਾਂ ਬਣਾ ਲਈ ਤੇ ਉਸ ਦੇ ਪਿਛਲੇ ਪਾਸੇ ਉਸ ਦੇ ਸਿਰ ਤਕ ਤੁੜੀ ਦਾ ਢੇਰ ਉਸਰ ਗਿਆ। ਇਸ ਤੋਂ ਬਾਅਦ ਉਸ ਨੇ ਦੂਜੇ ਪਾਸੇ ਦੀ ਤੂੜੀ ਚੁੱਕ-ਚੁੱਕ ਥਾਂ ਸਾਫ ਕਰ ਦਿੱਤਾ ਤੇ ਆਪ ਉਸ ਤਰ੍ਹਾਂ ਬੂਹਾ ਭੀੜ ਕੇ ਉਸ ਦੇ ਪਿਛਵਾੜੇ ਹੋ ਕੇ ਬੈਠ ਗਈ ਤੇ ਉਸ ਨੂੰ ਝਪਕੀ ਜਿਹੀ ਆ ਗਈ।

ਇਸ ਵੇਲੇ ਬਚਨ ਸਿੰਘ ਦੀਆਂ ਸੁਣਾਈਆਂ ਹੋਈਆਂ ਗੁਰੂ ਨਾਨਕ ਜੀ ਦੀਆਂ ਸਾਖੀਆ ਉਸ ਨੂੰ ਇਕ ਇਕ ਕਰਕੇ ਯਾਦ ਆਈਆਂ ਤੇ ਹੌਲੀ ਹੌਲੀ ਸਾਰੇ ਨਜਾਰੇ ਉਸ ਦੀਆਂ ਅੱਖਾਂ ਅਗੇ ਇਸ ਤਰ੍ਹਾਂ ਫਿਰਨ ਲਗੇ ਜੀਕਣ ਸਚਮੁਚ ਹੀ ਵੇਖ ਰਹੀ ਹੋਵੇ। ਅੱਜ ਦੇ ਦਿਨ, ਤੇ ਠੀਕ ਇਸ ਵੇਲੇ ਅਰਸ਼ੀ ਪਿਤਾ ਨੇ ਅਵਤਾਰ ਲਿਆ ਸੀ। ਇਸ ਖ਼ਿਆਲ ਨੇ ਸਜੀਵ ਰੂਪ ਵਿਚ ਉਸ ਅੱਗੇ ਆਪਣਾ ਆਪ ਪ੍ਰਗਟ ਕੀਤਾ। ਉਹ ਵੇਖ ਰਹੀ ਸੀ-ਰਾਏ ਭੋਇ ਦੀ ਤਲਵੰਡੀ ਵਿਚ ਧੂਮ-ਧਾਮ ਹੈ, ਕਾਲੂ ਪਟਵਾਰੀ ਦੇ ਘਰ ਕਰੋੜਾਂ ਬਿਜਲੀਆਂ ਦਾ ਪ੍ਰਕਾਸ਼ ਹੋ ਰਿਹਾ ਹੈ। ਤੇ ਸਾਰੇ ਸੰਸਾਰ ਦੀ ਬਨਸਪਤੀ ਨੇ ਰਲ ਕੇ ਉਸ ਥਾਂ ਨੂੰ ਮਹਿਕਾ ਦਿਤਾ ਹੈ। ਮਾਤਾ ਤ੍ਰਿਪਤਾ ਦੀ ਗੋਦੀ ਵਿਚ ਹਨੇਰੇ ਦਿਲਾਂ ਨੂੰ ਜਗਮਗਾਉਣ ਵਾਲਾ ਤੇ ਠੰਢੀਆਂ ਰਿਸ਼ਮਾਂ ਛੱਡਣ ਵਾਲਾ ਚੰਦਰਮਾ ਚਮਕ ਰਿਹਾ ਹੈ। ਜਿਹੜਾ ਇਕ ਵਾਰੀ ਨਜ਼ਰ ਭਰ ਕੇ ਤੱਕਦਾ ਹੈ, ਉਸ ਦੇ ਅੰਦਰ ਕੋਈ ਅਨੇਖਾ ਚਾਨਣ ਚਮਕ ਉੱਠਦਾ ਹੈ ਤੇ ਉਹ ਖੀਵਾ ਹੋ ਜਾਂਦਾ ਹੈ।

ਫਿਰ ਉਸਨੇ ਕਿਸ਼ੋਰ-ਪ੍ਰੀਤਮ ਨੂੰ ਬਾਲਾਂ ਨਾਲ ਛਪਨਛੇਤ ਖੇਡਦਿਆਂ ਡਿੱਠਾ ਫਿਰ ਵਣਾਂ ਹੇਠ ਠੰਢੀ ਛਾਵੇਂ ਸੁੱਤਿਆਂ ਵੇਖਿਆ, ਤੇ ਸੱਪ ਨੂੰ ਛਾਂ ਕਰਦਿਆਂ ਤੱਕਿਆ। ਖ਼ਿਆਲਾਂ ਹੀ ਖ਼ਿਆਲਾਂ ਵਿਚ ਉਹ ਬਿਹਬਲ ਜਿਹੀ ਹੋ ਕੇ ਚਰਨਾਂ ਤੇ ਡਿੱਗੀ ਤੇ ਅਥਰੂਆਂ ਨਾਲ ਦਾਤਾ ਦੇ ਚਰਨ ਧੋਦਿਆਂ ਹੋਇਆਂ ਬੇਨਤੀ ਕਰਨ ਲਗੀ -ਹੇ ਪ੍ਰੀਤਮ ! ਮੇਰੇ ਵੱਲ ਵੀ ਇਕ ਵਾਰੀ ਅੰਮ੍ਰਿਤ ਭਰੇ ਨੈਣਾਂ ਦੀ ਇਕ ਦ੍ਰਿਸ਼ਟੀ ਫੇਰ, ਤੇ ਮੈਨੂੰ ਦਸ ਜੁ ਮੈਂ ਅਭਾਗਣ ਤੋਂ ਕਿਹੜੀ ਅਜਿਹੀ ਤਕਸੀਰ ਹੋਈ ਹੈ ਜੋ ਮੈਂ ਤੇਰੇ ਚਰਨਾਂ ਤੇ ਸਿਰ ਰੱਖਣ ਦਾ ਵੀ ਅਧਿਕਾਰ ਨਹੀਂ ਰਖਦੀ। ਆਹ ! ਮੇਰੇ ਵਾਲੀ ! ਮੈਂ ਕਿੰਨੀਆਂ ਅੱਖਾਂ ਤੋਂ ਆਪਣੇ ਆਪ ਨੂੰ ਲੁਕਾ ਕੇ ਪਹੁੰਚੀ ਹਾਂ। ਮੇਰੇ ਦਿਲ ਦਿਆ ਮਾਲਕਾ ! ਤੂੰ ਆਪਣੇ ਸੰਗੀਆਂ ਸਾਥੀਆਂ ਨਾਲ ਲੁਕਣਮੀਟੀ ਜੰਮ ਜੰਮ ਖੇਡ, ਪਰ ਮੈਂ ਨਿਤਾਣੀ ਵਿਚ ਏਡਾ ਬਲ ਨਹੀਂ ਜੁ ਤੈਨੂੰ ਢੂੰਡ ਸਕਾਂ। ਮੇਰੇ ਨਾਲ ਲੁਕਣਮੀਟੀ ਨਾ ਖੇਡਿਆ ਕਰ – ਮੈਨੂੰ ਆਪਣੇ ਕੋਲ ਆਉਣ ਤੋਂ ਨਾ ਰੋਕ।

ਫਿਰ ਉਸਨੇ ਸੁਣਿਆ, ਆਕਾਸ਼ ਵਿਚੋਂ ਇਕ ਆਵਾਜ਼ ਆਈ। ਇਸ ਤਰ੍ਹਾਂ ਜਿਕਣ ਨਗਾਰੇ ਉਤੇ ਚੋਟ ਵਜਦੀ ਹੈ, ਤੇ ਇਸ ਦੇ ਨਾਲ ਹੀ ਕਿਸੇ ਮਿੱਠੇ ਸਾਜ਼ ਵਿਚੋਂ ਰਸ ਭਿੰਨੀ ਆਵਾਜ਼ ਨਿਕਲੀ, ਜੇ ਹਰ ਪਾਸੇ ਗੂੰਜ ਉਠੀ। ਇਸ ਗੂੰਜ ਦੇ ਪੈਂਦਿਆਂ ਹੀ ਆਕਾਸ਼ ਦਾ ਸਾਰਾ ਪੁਲਾੜ ਜਿਵੇਂ ਕਿਸੇ ਅਨੇਖੀ ਸੁਗੰਧੀ ਨਾਲ ਮਹਿਕ ਉਠਿਆ। ਫਿਰ ਉਸ ਨੇ ਡਿੱਠਾ, ਉਹੀ ਪ੍ਰੀਤਮ ਅਰਸ਼ਾਂ ਤੋਂ ਉਤਰਿਆ ਆ ਰਿਹਾ ਹੈ ਤੇ ਉਸਦੇ ਨਾਲ ਹੁਣ ਦੇ ਮੂਰਤੀਆਂ ਹੋਰ ਵੀ ਹਨ। ਇਕ ਰਮਣੀਕ ਘਾਟੀ ਉਤੇ, ਜਿਸ ਦੇ ਆਸ ਪਾਸ ਜੰਗਲੀ ਫੁੱਲਾਂ ਨਾਲ ਲੱਦੇ ਹੋਏ ਬੂਟੇ ਮਸਤੀ ਵਿਚ ਝੂਮ ਰਹੇ ਸਨ, ਪ੍ਰੀਤਮ ਇਕ ਆਸਣ ਤੇ ਬਿਰਾਜ ਗਏ ਤੇ ਸੱਜੇ ਖੱਬੇ ਦੋਵੇਂ ਉਹ ਸਾਥੀ ਵੀ ਸੁਪਨ ਦੁਨੀਆ ਵਿਚ ਹੀ ਸੁੰਦਰੀ ਨੇ ਫਿਰ ਦੌੜ ਕੇ ਪਿਆਰੇ ਦੇ ਚਰਨ ਫੜੇ ਤੇ ਅਥਰੂਆਂ ਨਾਲ ਉਸ ਦੇ ਚਰਨ ਧੋਂਦੀ ਹੋਈ ਨੇ ਬਨਤੀ ਕੀਤੀ- ਮੇਰੇ ਦਿਲ ਦਿਆ ਵਾਲੀਆ ! ਹੁਣ ਨਾ ਵਿਛੋੜੀ ਮੈਨੂੰ ਆਪਣੇ ਚਰਨਾਂ ਪਾਸ ਆਉਣੋਂ ਨਾ ਰੋਕੀਂ ! ਰੋਕਣ ਵਾਲਿਆਂ ਨੂੰ ਵੀ ਰੋਕ ਛੱਡੀ- ਹੋ ਦਾਤਾ! ਮੇਰਾ ਦਿਲ ਨਾ ਤੋੜੀਂ !

ਉਸਨੂੰ ਇਉਂ ਮਾਲੂਮ ਹੋਇਆ ਜਿਕਣ ਅਰਸ਼ਾਂ ਦਾ ਵਾਲੀ ਉਸਦੇ ਸਿਰ ਤੇ ਹੱਥ ਫੇਰਦਾ ਹੋਇਆ ਕਹਿ ਰਿਹਾ ਹੈ- ਸੁੰਦਰੀ ! ਨਿਹਾਲ ! ਤੈਨੂੰ ਕੋਈ ਨਹੀਂ ਰੋਕ ਸਕਦਾ- ਤੂੰ ਕਿਸੇ ਦੇ ਰੋਕਿਆ ਵੀ ਨਹੀਂ ਰੁਕ ਸਕਦੀ। ਉਠ ਤੇ ਸੁਣ !

ਇਸ ਤੋਂ ਬਾਅਦ ਸੁੰਦਰੀ ਨੇ ਚਰਨਾਂ ਤੋਂ ਸਿਰ ਚੁਕਿਆ। ਉਸਦੇ ਅੰਦਰ ਬਾਹਰ ਇਕ ਅਜੀਬ ਹੀ ਸਰੂਰ ਸੀ। ਰੋਮ ਰੋਮ ਵਿਚੋਂ ਕਿਸੇ ਅਨੋਖੇ ਸੁਆਦ ਦੇ ਸੋਮੇ ਵਹਿ ਰਹੇ ਸਨ, ਤੇ ਉਸ ਦੇ ਕੰਨਾਂ ਵਿਚ ਰੂਹਾਨੀ ਰਸ ਵਿਚ ਗੁੱਧੇ ਹੋਏ ਇਹ ਸ਼ਬਦ ਗੂੰਜ ਰਹੇ ਸਨ ਮਾਨੋ ਸਾਰੇ ਸੰਸਾਰ ਦੇ ਰਾਗ ਰਾਗਨੀਆਂ ਕਿਸੇ ਮਹਾਨ ਸੰਗੀਤ ਦਾ ਰੂਪ ਧਾਰ ਕੇ ਗਾ ਰਹੇ ਸਨ। ਇਹ ਸ਼ਬਦ ਉਹਨਾਂ ਦੇ ਸੱਜੇ ਪਾਸੇ ਬੈਠਾ ਹੋਇਆ ਮਹਾਤਮਾ ਗਾ ਰਿਹਾ ਸੀ ਤੇ ਉਸਦੀ ਰਬਾਬ ਵਿਚੋਂ ਦਿਲਾਂ ਨੂੰ ਧੂਹ ਪਾਣ ਵਾਲੀ ਲੈਅ ਨਿਕਲ ਰਹੀ

– ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮਰਾਜੇ ॥ ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥ ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨ ਭਿੰਨਾ ॥

ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥ ਸੁੰਦਰੀ ਦੀਆਂ ਅੱਖਾਂ ਖੁਲ੍ਹ ਗਈਆਂ ਤੇ ਉਸ ਨੇ ਆਪਣੇ ਆਪ ਨੂੰ ਉਸੇ ਤੂੜੀ ਵਾਲੇ ਕੋਠੇ ਵਿਚ ਵੇਖਿਆ। ਬੂਹੇ ਦੀ ਤੀਥ ਵਿਚੋਂ ਉਸ ਨੇ ਡਿੱਠਾ, ਰਾਗੀ ਸਿੰਘਾਂ ਨੇ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ ਸੀ। ਪਹਿਲਾਂ ਛੱਕਾ ਸਮਾਪਤ ਕਰ ਕੇ ਹੁਣ ‘ਵਾਰ ਸਲੋਕਾਂ ਨਾਲ ਸਲੋਕ ਮਹਲੇ ਪਹਿਲੇ ‘ ਉਚਾਰ ਰਹੇ ਸਨ।

ਉਹ ਉਥੇ ਹੀ ਚੌਕੜੀ ਮਾਰ ਕੇ ਬੈਠ ਗਈ ਤੇ ਕੀਰਤਨ ਦਾ ਅੰਮ੍ਰਿਤ ਰਸ ਪੀਣ ਲੱਗੀ। ਉਸ ਨੇ ਅੱਜ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕੀਤਾ, ਪਰ ਅਗਾਂਹ ਹੋ ਕੇ ਮੱਥਾ ਕੀਕਣ ਟੋਕੇ ? ਇਸ ਸਿੱਕ ਨੇ ਉਸਨੂੰ ਐਸੀ ਬਿਹਬਲ ਕਰ ਦਿੱਤਾ ਕਿ ਨਿਚੱਲੀ ਹੋ ਕੇ ਬੈਠ ਨਹੀਂ ਸੀ ਸਕਦੀ।

ਜਿਉਂ-ਜਿਉਂ ਕੀਰਤਨ ਹੁੰਦਾ ਗਿਆ। ਸੁੰਦਰੀ ਦੇ ਦਿਲ ਵਿਚ ਇਕ ਅਜੀਬ ਤਰ੍ਹਾਂ ਦਾ ਉਤਸ਼ਾਹ ਤੇ ਖ਼ੁਮਾਰ ਵਧਦਾ ਗਿਆ।

ਦਿਨ ਚੰਗਾ ਚੜ੍ਹ ਆਇਆ। ਵਾਰ ਦੇ ਅਖੀਰਲੇ ਪੰਜ ਚਾਰ ਸਲੋਕ ਹੀ ਬਾਕੀ ਰਹਿ ਗਏ ਸਨ ਜ ਇੱਕਾ-ਦੁਕਾ ਆਦਮੀ ਅੰਦਰ ਆਉਣੇ ਸ਼ੁਰੂ ਹੋ ਗਏ। ਸੁੰਦਰੀ ਦਾ ਦਿਲ ਇਹੋ ਚਾਹੁੰਦਾ ਸੀ ਕਿ ਅੱਜ ਦਿਨ ਵਰ੍ਹੇ ਦਾ ਹੈ ਜਾਵੇ ਤੇ ਉਸਦੀ ਬ੍ਰਿਤੀ ਇਸੇ ਤਰ੍ਹਾਂ ਸਤਿਗੁਰੂ ਦੇ ਚਰਨਾਂ ਵਿਚ ਜੁੜੀ ਰਹੇ ਉਸ ਨੂੰ ਬ੍ਰਹਮਾ ਵਿਸ਼ਨੂੰ ਵੀ ਅੰਮ੍ਰਿਤ-ਰਸ ਪੀਣ ਤੋਂ ਹਟਾ ਨਾ ਸਕਣ।

ਰਾਗੀ ਸਿੰਘ ਵਿਚਾਰੇ ਬੜੇ ਨਿਰਾਸ ਹੋ ਗਏ। ਵਾਰ ਦਾ ਭੋਗ ਪੈ ਚਲਿਆ ਸੀ, ਪਰ ਅਜੇ ਤਕ ਸੰਗਤਾਂ ਨਹੀਂ ਸਨ ਪੁਜੀਆ। ਉਹਨਾਂ ਦਾ ਖ਼ਿਆਲ ਸੀ ਕਿ ਜੇ ਇਹੋ ਹਾਲ ਰਿਹਾ ਤਾਂ ਐਤਕਾਂ ਦਾ ਗੁਰਪੁਰਬ ਉਹਨਾਂ ਦਾ ਭਾਵੇਂ ਸੁਕਾ ਹੀ ਜਾਊ।

ਉਹਨਾਂ ਵਿਚੋਂ ਇਕ ਨੇ ਉਠ ਕੇ ਭਾਈ ਹੋਰਾਂ ਪਾਸ ਜਾ ਕੇ ਕਿਹਾ “ਭਾਈ ਸਾਹਿਬ ਜੀ, ਭੋਗ ਪੈਣ ਵਾਲਾ ਹੈ ਤੇ ਸੰਗਤ ਅਜੇ ਤਕ ਨਹੀਂ ਆਈ।”

ਭਾਈ ਹੋਰੀਂ ਜੇ ਮਹਾਰਾਜ ਦੀ ਤਾਬਿਆ ਬੈਠੇ ਊਂਘ ਰਹੇ ਸਨ। ਤ੍ਰਬਕ ਪਏ ਤੇ ਅੱਖਾਂ ਮਲਦੇ ਹੋਏ ਬੋਲੇ – “ਕੀ ਕਿਹਾ ਜੇ ਆਣ ਕਰ ਕਰ ਕੇ ?”

ਰਾਗੀ ਸਿੰਘ ਨੇ ਫਿਰ ਆਪਣੀ ਗੱਲ ਦੁਹਰਾ ਕੇ ਕਹੀ ਤੇ ਭਾਈ ਸਾਹਿਬ ਬੋਲੇ- “ਮਹਾਰਾਜ, ਇਹ ਆਣ ਕਰ ਕਰ ਕੇ ਪਿੰਡ ਦੇ ਲੋਕ ਜੁ ਹੋਏ। ਹੱਛਾ, ਮੈਂ ਜਾ ਕੇ ਸਦ ਲਿਆਉਂਦਾ ਹਾਂ ਆਣ ਕਰ ਕਰ ਕੇ” ਤੇ ਉਹ ਸੰਗਤ ਨੂੰ ਸੱਦਣ ਚਲੇ ਗਏ।

ਰਾਗੀ ਸਿੰਘ ਜਾਣ ਕੇ ਦੇਰ ਲਾ ਰਹੇ ਸਨ ਤਾਂ ਜੁ ਲੋਕੀਂ ਇੱਕਠੇ। ਹੋ ਜਾਣ ਤੇ ਭੋਗ ਪਾਇਆ ਜਾਵੇ। ਭਾਈ ਹੋਰੀਂ ਪਹਿਲਾਂ ਗਏ, ਫੇਰ ਗਏ ਤੇ ਮੁੜ ਤੀਜੀ ਵਾਰੀ ਗਏ।

ਦੁਪਹਿਰਾਂ ਹੁੰਦਿਆਂ ਤਕ ਜਦ ਕੜਾਹ ਪ੍ਰਸ਼ਾਦ ਦੀ ਵਾਸ਼ਨਾ ਦੂਰ ਦੂਰ ਤਕ ਫੈਲਣੀ ਸ਼ੁਰੂ ਹੋਈ ਤਾਂ ਗੁਰਦਵਾਰਾ ਇਸਤ੍ਰੀਆਂ, ਮਰਦਾਂ ਤੇ ਬੱਚਿਆਂ ਨਾਲ ਭਰ ਗਿਆ।

ਅਜੇ ਸੰਗਤਾਂ ਨੂੰ ਆਇਆਂ ਥੋੜ੍ਹਾ ਹੀ ਚਿਰ ਹੋਇਆ ਸੀ ਜੁ ਰਾਗੀ ਸਿੰਘਾਂ ਨੂੰ ਸੱਜਿਉਂ ਖੱਬਿਉਂ ਕੂਹਣੀਆਂ ਵੱਜਣ ਲਗ ਪਈਆਂ ਤੇ ਉਨ੍ਹਾਂ ਦੇ ਕੰਨਾਂ ਵਿਚ ‘ਛੇਤੀ ਭੋਗ ਪਾਓ, ਅਸੀਂ ਪੈਲੀ ਬੰਨੇ ਵੀ ਜਾਣਾ ਏ” ਦੀਆ ਆਵਾਜ਼ਾ ਆਉਣ ਲਗ ਪਈਆਂ। ਅੰਤ ਆਸਾ ਦੀ ਵਾਰ ਦਾ ਭੋਗ ਪਿਆ ਤੇ ਭਾਈ ਸਾਹਿਬ ਬੜੇ ਹੌਸਲੇ ਨਾਲ ਤੇ ਖ਼ੁਸ਼ੀ ਖ਼ੁਸ਼ੀ ਅਰਦਾਸਾ ਕਰਨ ਲਈ ਅਗਾਂਹ ਆਏ। ਅੱਜ ਕੜਾਹ ਪ੍ਰਸ਼ਾਦ ਦੇ ਗੱਫੇ ਤਰੇ ਤਰ ਸਨ। ਯਾਰਾਂ ਰੁਪਿਆ ਦਾ ਪ੍ਰਸ਼ਾਦ ਤਾਂ ਪਾਲਾ ਸਿੰਘ ਤੇ ਉਸਦੀ ਪਾਰਟੀ ਨੇ ਕਰਾਇਆ ਸੀ ਤੇ ਪੰਚਾਇਤ ਦਾ ਇਸ ਤੋਂ ਵਖਰਾ ਸੀ।

“ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ, ਜੋ ਜੀ ਆਵੇ ਸੋ ਰਾਜੀ ਜਾਏ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਕਾ ਭਲਾ।” ਇਸਦੇ ਨਾਲ ਹੀ ਸਾਰੀ ਸੰਗਤ ਨੇ ਮੱਥਾ ਟੇਕਿਆ।

ਇਸੇ ਵੇਲੇ ਤੂੜੀ ਵਾਲੀ ਕੋਠੜੀ ਦਾ ਬੂਹਾ ਦਾੜਦਾੜ ਖੁਲ੍ਹਣ ਦੀ ਆਵਾਜ਼ ਆਈ ਤੇ ਅੰਬਾਰ ਦਾ ਅੰਬਾਰ ਤੂੜੀ ਕਮਰੇ ਵਿਚ ਆ ਪਈ। ਇਸ ਦੇ ਨਾਲ ਹੀ ਇਕ ਕੁੜੀ ਲੜਖੜਾਂਦੀ ਹੋਈ ਚੁਫਾਲ ਆਣ ਡਿੱਗੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ-ਜਥੇ ਮੱਥਾ ਟੇਕਣ ਦੀ ਥਾਂ ਸੀ ਉਥੇ ਮੂਧੇ ਮੂੰਹ ਕੁੜੀ ਦਾ ਸਿਰ ਵੱਜਾ ਤੇ ਉਹ ਲਗ ਪਗ ਤੂੜੀ ਹੇਠ ਦੱਬੀ ਗਈ।

ਸਭਨਾਂ ਦਾ ਧਿਆਨ ਇਸੇ ਪਾਸੇ ਖਿੱਚਿਆ ਗਿਆ। ਹੈਰਾਨੀ ਤੇ ਗੁੱਸੇ ਨਾਲ ਉਹਨਾਂ ਦੇ ਅੰਦਰ ਬਾਹਰ ਭੜਕ ਉਠੇ, ਜਦ ਉਹਨਾਂ ਡਿੱਠਾ ਕਿ ਇਹ ਤਾਂ ਉਹੀ ਕਲੰਦਰ ਦੀ ਕੁੜੀ ਹੈ।

ਰੱਬ ਦਏ ਤੇ ਬੰਦਾ ਸਹੇ। ਲੋਕੀਂ ਟੁੱਟ ਕੇ ਪੈ ਗਏ ਉਸ ਅਭਾਗਣੀ ਉਤੇ। ਕਿਸੇ ਨੇ ਮੁੱਕੀ ਕਿਸੇ ਨੇ ਘਸੁੰਨ, ਕਿਸੇ ਨੇ ਲੱਤ, ਕਿਸੇ ਨੇ ਚਪੇੜ ਮਾਰ ਮਾਰ ਕੇ ਕੁੜੀ ਦਾ ਸੱਥਰ ਲਾਹ ਸੁੱਟਿਆ। ਇਕ ਤਾਂ ਉਹ ਅੱਗੇ ਇਸ ਬਾਬਤ ਲਾਹ ਪਾਹ ਕਰਨ ਤੇ ਤੁਲੇ ਹੋਏ ਸਨ, ਉਤੋਂ ਹਨੇਰ ਇਹ ਕਿ ਅਛੂਤ ਦੇ ਅੰਦਰ ਆ ਜਾਣ ਕਰਕੇ ਮਣਾਂ ਮੂੰਹੀ ਕੜਾਹ ਪ੍ਰਸਾਦ ਕਾਵਾਂ ਕੁੱਤਿਆਂ ਜੋਗਾ ਹੋ ਗਿਆ।

ਪਤਾ ਨਹੀਂ ਅਜੇ ਉਹਨਾਂ ਹੋਰ ਉਸ ਨੂੰ ਕਿੰਨੀ ਕੁ ਸਜ਼ਾ ਦੇਣੀ ਸੀ। ਕਿ ਵਿਚੋਂ ਹੀ ਕਈਆਂ ਨੂੰ ਇਹ ਫ਼ਿਕਰ ਪੈ ਗਿਆ ਜੁ ਐਸਾ ਨਾ ਹੋਵੇ ਕਿ ਮਰ ਹੀ ਜਾਵੇ। ਅੱਗੇ ਇਕ ਮੁਕਦਮੇ ਤੋਂ ਮਸੇ ਮਸੇ ਪਿੰਡ ਦੀ ਖਲਾਸੀ ਹੋਈ ਸੀ ਤੇ ਉਤੋਂ ਹੋਰ ਕੋਈ ਪੁਆੜਾ ਨਾ ਪੈ ਜਾਏ।

ਕੁੜੀ ਨੂੰ ਘਸੀਟਦੇ ਤੇ ਗਾਲ੍ਹ ਮੰਦਾ ਬੋਲਦੇ ਹੋਏ ਬਾਹਰ ਵਿਹੜੇ ਵਿਚ ਲਿਆਏ। ਕੁੜੀ ਦੇ ਨੱਕ, ਮੂੰਹ ਤੇ ਸਿਰ ਵਿਚੋਂ ਪਰਲ ਪਰਲ ਲਹੂ ਵਗ ਰਿਹਾ ਸੀ, ਜਿਸ ਨਾਲ ਉਸ ਦੇ ਸਾਰੇ ਕਪੜੇ ਗੜੁੱਚ ਹੋਏ ਹੋਏ ਸਨ। ਕਈਆਂ ਨੇ ਤਾਂ ਇਹੋ ਖ਼ਿਆਲ ਕੀਤਾ ਕਿ ਬਸ ਇਸ ਕੁੜੀ ਦੀ ਖੇਡ ਖ਼ਤਮ ਹੈ। ਵਿਚ ਵਿਚ ਕਈ ਬੰਦੇ ਚਿੰਤਾਤੁਰ ਹੋ ਕੇ ਇਕ ਦੂਜੇ ਨਾਲ ਕੰਨਾ-ਫੂਸੀ ਕਰ ਰਹੇ ਸਨ ਕਿ ਇੰਨੇ ਨੂੰ ਬਾਹਰੋਂ ਬਚਨ ਸਿੰਘ ਵੀ ਆ ਨਿਕਲਿਆ।

ਬਚਨ ਸਿੰਘ ਨੂੰ ਵੇਖ ਕੇ ਲੋਕਾਂ ਦਾ ਕ੍ਰੋਧ ਹੋਰ ਵੀ ਤੇਜ਼ ਹੋ ਗਿਆ।

ਉਹ ਤਾਂ ਅੱਗੇ ਹੀ ਉਸ ਤੇ ਵਰਨ ਲਈ ਕੋਈ ਨਾ ਕੋਈ ਬਹਾਨਾ ਲਭਦੇ ਸਨ, ਪਰ ਇਹ ਤਾਂ ਬਣੀ ਬਣਾਈ ਗੱਲ ਉਹਨਾਂ ਨੂੰ ਲੱਭ ਗਈ। ਇਹੋ ਹੀ ਨਹੀਂ, ਕਈਆਂ ਨੂੰ ਤਾਂ ਪੂਰਾ ਪੂਰਾ ਸ਼ੱਕ ਵੀ ਹੋ ਗਿਆ ਕਿ ਇਹ ਸਾਰੀ ਕਾਰਸਤਾਨੀ-ਕਾਰਸਤਾਨੀ ਹੀ ਨਹੀਂ ਬਦ-ਚਲਨੀ ਬਚਨ ਸਿੰਘ ਦੀ ਹੈ।

ਬਚਨ ਸਿੰਘ ਨੂੰ ਇਸ ਵੇਲੇ ਕਿਸੇ ਪਾਸੋਂ ਕੁਝ ਪੁੱਛਣ ਦਾ ਖ਼ਿਆਲ ਹੀ ਨਹੀਂ ਸੀ। ਸੁੰਦਰੀ ਨੂੰ ਇਸ ਤਰ੍ਹਾਂ ਲਹੂ ਵਿਚ ਸਿਰਡੋਬ ਹੋਈ ਹੋਈ ਤੇ ਬੇਹੋਸ਼ ਵੇਖ ਕੇ ਉਸਦੇ ਅੰਦਰ ਕਹਿਰਾਂ ਦਾ ਜੋਸ਼ ਭਰ ਗਿਆ। ਉਸ ਦਾ ਲਹੂ ਉਬਾਲੇ ਖਾਣ ਲਗਾ ਤੇ ਉਹ ਕੜਕਵੀਂ ਆਵਾਜ਼ ਵਿਚ ਬੋਲਿਆ – “ਇਹਨੂੰ ਕਿਉਂ ਮਾਰਿਆ ਗਿਆ ਹੈ – ਇਸ ਨੇ ਕੀ ਕਸੂਰ ਕੀਤਾ ਸੀ ?”

ਇਸ ਇਕ ਸਵਾਲ ਦੇ ਜਵਾਬ ਵਿਚ ਦਰਜਨਾਂ ਜ਼ਬਾਨਾਂ ਚਲਣੀਆਂ’ ਸ਼ੁਰੂ ਹੋ ਗਈਆਂ- ਇਸ ਦਾ ਕੰਮ ਕੀ ਸੀ ਇਥੇ ? ਇਹਨੇ ਕੌਣ ਲਿਆਇਆ ਸ਼ੁਰੂ ਅਸੀਂ ਸਭ ਕੁਝ ਜਾਣ ਗਏ ਹਾਂ ਧਰਮ ਦਾ ਨਾਸ਼ ਹੋ ਗਿਆ । ਬਲਜੁਗ ਦੇ ਚਮਤਕਾਰੇ”, ਸਾਡਾ ਬੇੜਾ ਗਰਕ ਕਰ ਦਿਤਾ, ਐਨਾ ਕੜਾਹ ਪ੍ਰਸ਼ਾਦ ਕਿਧਰ ਜਾਊ ਆਦਿ।

ਰੌਲਾ ਪਾਉਂਦੇ ਹੋਏ ਲੋਕੀਂ ਸੁੰਦਰੀ ਵਲੋਂ ਹਟ ਕੇ ਬਚਨ ਸਿੰਘ ਦੇ ਦੁਆਲੇ ਜਾ ਜੁੜੇ ਤੇ ਉਸ ਵਲ ਇਸ ਤਰ੍ਹਾਂ ਤੱਕਣ ਲਗੇ ਜੀਕਣ ਚੂਹੇ ਨੂੰ ਮਾਰਨ ਤੋਂ ਪਹਿਲਾ ਬਿੱਲੀ ਉਸ ਵਲ ਤੱਕਦੀ ਹੈ।

ਪਰ ਬਚਨ ਸਿੰਘ ਦਾ ਗੁੱਸਾ ਜ਼ਰਾ ਵੀ ਠੰਢਾ ਨਾ ਹੋਇਆ। ਉਹ ਕ੍ਰੋਧ ਨਾਲ ਕੰਬਦਾ ਹੋਇਆ ਬੋਲਿਆ- “ਇਹ ਹਦ ਦਰਜੇ ਦਾ ਕਸਾਈਪੁਣਾ ਹੈ। ਇਹ ਵਿਚਾਰੀ ਸ਼ਬਦ-ਕੀਰਤਨ ਸੁਣਨ ਲਈ ਜੇ ਪ੍ਰੇਮ ਵੱਸ ਹੋ ਕੇ ਆ ਹੀ ਗਈ ਤਾਂ ਕਿਧਰ ਦਾ ਹਨੇਰ ਆ ਗਿਆ। ਇਸ ਬੇ-ਦਰਦੀ ਨਾਲ ਇਹਨੂੰ ਕੋਹਿਆ ਗਿਆ ਕਿ।।।”

ਉਸ ਦਾ ਗਲਾ ਭਰ ਆਇਆ ਤੇ ਅੱਖਾਂ ਵਿਚੋਂ ਅੱਥਰੂ ਫੁਟ ਨਿਕਲੇ। ਉਸ ਦੀਆਂ ਗੱਲਾਂ ਦਾ, ਸੁਣਨ ਵਾਲਿਆਂ ਉਤੇ ਓਹੀ ਅਸਰ ਹੋਇਆ ਜਿਹੜਾ ਆਬਕਾਰੀ ਵਿਚ ਬੈਠੇ ਸ਼ਰਾਬੀਆਂ ਨੂੰ, ਵੇਦ ਮੰਤਰ ਸੁਣਾਨ ਨਾਲ ਹੁੰਦਾ ਹੈ। ਉਹ ਸਾਰੇ ਇਸ ਤਰ੍ਹਾਂ ਹੱਸ ਰਹੇ ਸਨ ਜੀਕਣ ਬਚਨ ਸਿੰਘ ਬੇਹੋਸ਼ੀ ਵਿਚ ਬਰੜਾ ਰਿਹਾ ਹੋਵੇ। ਇਕ ਜਣਾ ਅਗਾਂਹ ਹੋ ਕੇ ਬੋਲਿਆ- “”ਕੀ ਸ਼ਬਦ ਸੁਣਨ ਆਈ ਸੀ ? ਸਰਦਾਰ ਜੀ ਇਹੋ ਜਿਹੀਆਂ ਪੱਤੇਬਾਜ਼ੀਆਂ ਕਿਸੇ ਹੋਰ ਨੂੰ ਜਾ ਕੇ ਦੱਸੋ।’

ਦੂਜਾ ਬੋਲਿਆ

“ਨਾਲੇ ਚੋਰ ਨਾਲੇ ਚਤਰ।”

ਤੀਜਾ- “ਅਸੀਂ ਤਾਂ ਅੱਗੇ ਈ ਜਾਣਦੇ ਸਾਂ ਜੁ ਇਕ ਨਾ ਇਕ ਦਿਨ ਚੰਨ ਚਾੜ੍ਹ ਕੇ ਛਡੂ। ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ। ਭਲਾ ਪਾਪ ਲੁਕਾਇਆ ਕਦੇ ਲੁਕਿਆ ਏ ?”

ਚੌਥਾ- ਏਸ ਵਿਚਾਰੇ ਨੇ ਸਾਰਿਆਂ ਨੂੰ ਗਿਆਨੀ ਜੀ ਸਮਝ ਛੱਡਿਆ। ਏ, ਜੇ ਇਹਦੀ ਹਰ ਗਲ ਵਿਚ ਸਾਈਵਾਲ ਬਣ ਜਾਉ। ਇਹ ਨਹੀਂ ਪਤਾ

ਜੁ ਸਾਡੇ ਭਾਈ ਜੀ ਇਥੇ ਗੁਰਦਵਾਰੇ ਵਿਚ ਇਹੋ ਜਿਹੀਆਂ ਸ਼ਤਾਨੀਆਂ ਨਹੀਂ ਹੋਣ ਦਿੰਦੇ ਹੁੰਦੇ।”

ਬਚਨ ਸਿੰਘ ਨੂੰ ਅਜੇ ਤਕ ਉਹਨਾਂ ਦੀਆਂ ਊਟ-ਪਟਾਂਗ ਗੱਲਾਂ ਦੀ ਸਮਝ ਨਾ ਆਈ, ਤੇ ਉਹ ਉਹਨਾਂ ਦਾ ਇਹ ਅਜੀਬ ਭਾਵ ਦੇਖ ਕੇ ਘਾਬਰ ਜਿਹਾ ਗਿਆ।

ਉਸ ਦਾ ਧਿਆਨ ਸੁੰਦਰੀ ਵਲ ਗਿਆ। ਉਹ ਡਰ ਗਿਆ। ਸ਼ਾਇਦ ਇਹ ਬਚ ਨਾ ਸਕੇ, ਇਹ ਖ਼ਿਆਲ ਕਰ ਕੇ ਉਸ ਨੇ ਉਥੇ ਠਹਿਰਨਾ ਖ਼ਤਰਨਾਕ ਸਮਝਿਆ। ਅਗਾਂਹ ਵਧ ਕੇ ਉਸ ਨੇ ਸੁੰਦਰੀ ਨੂੰ ਕਲਾਵੇ ਵਿਚ ਚੁਕ ਲਿਆ ਤੇ ਇਹ ਕਹਿੰਦਾ ਹੋਇਆ ਬੂਹਿਓਂ ਬਾਹਰ ਨਿਕਲ ਗਿਆ- “ਜ਼ਾਲਮ ! ਨਿਰਦਈ ! ਲਓ ਮੈਂ ਇਸਨੂੰ ਆਪਣੇ ਘਰ ਲਈ ਜਾਂਦਾ ਹਾਂ, ਜਾਓ ! ਮੇਰਾ ਭਾਂਡਾ ਛੇਕ ਦਿਓ। ਮੈਂ ਤੁਹਾਨੂੰ ਸਾਰਿਆਂ ਨੂੰ ਨਫ਼ਰਤ ਕਰਦਾ गं।”

ਸਾਰਿਆਂ ਨੇ ‘ਹੋਏ ਹੋਏ’ ਕਰ ਕੇ ਮਗਰ ਖਿੱਲੀ ਮਾਰ ਦਿੱਤੀ, ਤੇ ਹੱਸ ਕੇ ਦੂਹਰੇ ਹੁੰਦਿਆਂ ਹੋਇਆਂ ਜੋ ਜਿਸ ਦੇ ਮੂੰਹ ਆਇਆ ਕਹੀ ਗਏ।- ਉਹਨਾਂ ਦਾ ਗੁੱਸਾ ਲਗਭਗ ਦੂਰ ਹੋ ਗਿਆ। ਜਦ ਆਦਮੀ ਵੇਖਦਾ ਹੈ ਕਿ ਉਸ ਦਾ ਦੁਸ਼ਮਣ ਨਵੀਂ ਕੜਿੱਕੀ ਵਿਚ ਫਸ ਰਿਹਾ ਹੈ ਤਾਂ ਅਜਿਹੇ ਵੇਲੇ ਉਸ ਨੂੰ ਆਪਣਾ ਨੁਕਸਾਨ ਵੀ ਨਫ਼ਾ ਹੀ ਮਾਲੂਮ ਹੁੰਦਾ ਹੈ। ਇਸ ਤੋਂ ਛੁਟ ਉਹ ਬਚਨ ਸਿੰਘ ਦੇ ਵਿਰੁਧ ਹੋਰ ਜੋ ਕਾਰਵਾਈ ਕਰਨਾ ਚਾਹੁੰਦੇ ਸਨ, ਉਸ ਦੀ ਹੁਣ ਲੋੜ ਨਹੀਂ ਸੀ – ਉਨ੍ਹਾਂ ਦਾ ਮਤਲਬ ਆਪਣੇ ਆਪ ਹੀ ਪੂਰਾ ਹੋ ਚੁਕਾ ਸੀ।

ਸੰਗਤ ਫਿਰ ਗੁਰਦਵਾਰੇ ਜਾ ਬੈਠੀ। ਕੜਾਹ ਪ੍ਰਸ਼ਾਦ ਉਹਨਾਂ ਸਾਰਾ ਹੀ ਚੁਕਵਾ ਦਿਤਾ ਤੇ ਹੋਰ ਰਸਦ ਮੰਗਾ ਕੇ ਤਿਆਰ ਕੀਤਾ ਗਿਆ। ਪਹਿਲਾ ਕਿਧਰ ਗਿਆ ? ਇਹ ਰੱਬ ਹੀ ਜਾਣੇ।

ਦਿਨ ਚੋਖਾ ਚੜ੍ਹ ਆਇਆ ਸੀ। ਲੋਕ ਜਾਣ ਲਈ ਉਤਾਵਲੇ ਹੋ ਰਹੇ ਸਨ। ਇਸ ਵੇਲੇ ਲੰਬਰਦਾਰ ਨੱਥਾ ਸਿੰਘ ਦਾ ਛੋਟਾ ਮੁੰਡਾ ਗੁਰਦਵਾਰੇ ਅੰਦਰ ਆ ਗਿਆ। ਉਸ ਦੇ ਮਗਰ ਇਕ ਬੁਲੀ ਜਾਤ ਦਾ ਕਤੂਰਾ ਵੀ ਪੂਛ ਹਿਲਾਂਦਾ ਹੋਇਆ ਅੰਦਰ ਆ ਗਿਆ। ਕੁੱਤੇ ਨੇ ਜਿਉਂ ਹੀ ਲੰਬਰਦਾਰ ਨੂੰ ਬਿੱਨਾ ਤਾਂ ਝੱਟ ਉਸ ਦੀ ਝੋਲੀ ਵਿਚ ਆ ਬੈਠਾ ਤੇ ਪੂਛ ਹਿਲਾਂਦਾ ਹੋਇਆ ਉਸ ਦਾ ਮੂੰਹ ਚੱਟਣ ਲਈ ਉਤਾਂਹ ਬੂਥੀ ਚੁਕ ਕੇ ਹੰਭਲੇ ਮਾਰਨ ਲੱਗਾ। ਸਾਇਦ ਉਸ ਨੂੰ ਕੜਾਹ ਪ੍ਰਸ਼ਾਦ ਦੀ ਵਾਸਨਾ ਆਈ ਸੀ। ਲੰਬਰਦਾਰ, ਉਸ ਦੇ ਦਿੱਤੇ ਤੇ ਪਿਆਰ ਦਿੰਦਾ ਹੋਇਆ ਤੇ ਉਸਦੀ ਬੂਥੀ ਫੜ ਕੇ ਥੱਲੇ ਨੂੰ ਕਰਦਾ ਹੋਇਆ ਉਸ ਨਾਲ ਇਸ ਤਰ੍ਹਾਂ ਲਾਡ ਕਰਨ ਲਗਾ,ਜੀਕਣ ਫੋਟੋ ਬਾਲਾ ਨਾਲ ਕਰੀਦਾ ਹੈ।

ਕੋਲੋਂ ਹੀ ਜੁਆਲਾ ਸਿੰਘ ਬਾਂਹ ਵਧਾ ਕੇ ਕਤੂਰੇ ਦੀ ਪਿੱਠ ਥਾਪੜਦਾ ਹੋਇਆ ਬੋਲਿਆ – ” ਇਹ ਸੁਗਾਤ ਕਿਥੋਂ ਲਿਆਂਦੀ ਉ ਲੰਬਰਦਾਰਾ ? ਕੁੱਤਾ ਤੇ ਬਈ ਹੱਦਾ ਦਾ ਜਾਪਦਾ ਏ।”

ਲੰਬਰਦਾਰ – ਜਿਹੜਾ ਅੱਗੇ ਹੀ ਕੁੱਤੇ ਦੀਆਂ ਤਾਰੀਫਾ ਸੁਣਾਣ ਲਈ ਤਿਆਰ ਬੈਠਾ ਸੀ। ਬੋਲਿਆ -“ਹਾਹੇ ਜੁਆਲਾ ਸਿਆ, ਬੜੀਆਂ ਸਪਾਰਸ਼ਾਂ ਨਾਲ ਮੰਗਾਇਆ ਏ। ਤਸੀਲਦਾਰ ਟੇਕ ਚੰਦ ਨਾਲ ਸਾਡੇ ਬਾਪੂ ਹੋਰਾਂ ਦੀ ਬੜੇ ਚਿਰ ਤੋਂ ਸਾਂਝ ਚਲੀ ਆਉਂਦੀ ਏ। ਪਿਛਲਾ ਮਾਲ ਅਬਸਰ ਜਦੋਂ ਵਲੈਤ ਜਾਣ ਲੱਗਾ ਸੀ ਤੇ ਕੁੱਤੀ ਆਪਣੀ ਉਹਨੂੰ ਦੇ ਗਿਆ ਸੀ। ਕੁੱਤੀ ਅਜੇ ਸੁਈ ਵੀ ਨਹੀਂ ਸੀ ਜਦੋਂ ਦੀ ਬਾਪੂ ਨੇ ਸਾਈ ਲਾਈ ਹੋਈ ਸੀ। ਪੰਜ ਛੇ ਵੇਰਾਂ ਮੈਨੂੰ ਜਾਣਾ ਪਿਆ। ਫੇਰ ਵੀ ਪੰਝੀ ਰੁਪਏ ਦਿਤੇ, ਮਿਨਤਾ ਵੱਖ ਕੀਤੀਆਂ। ਜੁਆਲਾ ਸਿਆ। ਬੜੀ ਸੀਲ ਜਾਤ ਦਾ ਕੁੱਤਾ ਈ। ਬਾਪੂ ਦੱਸਦਾ ਸੀ ਅਖੇ ਇਕ ਵੇਰੀ ਤਸੀਲਦਾਰ ਦੀ ਮਹੀ ਚੋਰੀ ਹੋ ਗਈ ਤੇ ਇਸ ਦੀ ਮਾਂ ਨੇ ਕਿੱਲੇ ਤੇ ਜਾ ਖੁਲਾਈ ਸੀ।

ਕੁੱਤੇ ਦੇ ਸਿਰ ਨੂੰ ਥਪੇਕਦਾ ਹੋਇਆ ਕੋਲੋਂ ਦਿਆਲ ਸਿੰਘ ਬੋਲਿਆ- ” ਕੁੱਤਾ ਜਿਉਂਦਾ ਰਿਹਾ ਤੇ ਕਿਸੇ ਦਿਨ ਨੂੰ ਸ਼ੇਰ ਦਾ ਟਾਕਰਾ ਕਰੂ। ਤੱਕੜਾ ਤੇ ਵੇਖ ਕਿੱਡਾ ਏ।”

ਲੰਬਰਦਾਰ ਬੋਲਿਆ -“ਅੱਧ ਸੈਰ ਪੱਕਾ ਰੋਜ਼ ਦਾ ਮਾਸ ਲਾਇਆ ਹੋਇਆ ਏ, ਤੇ ਦੁੱਧ ਜਿੰਨਾ ਪੀ ਲਵੇ ਵੱਖਰਾ (ਉਸ ਦੇ ਮੂੰਹ ਵਿਚ ਚਾਰੇ ਉਂਗਲਾ ਪਾ ਕੇ) ਵੇਖੋ ਨਾ ਏਦਾਂ ਭਾਵੇਂ ਕੁਝ ਪਏ ਕਰੋ। ਦੰਦੀ ਨਹੀਓ ਵੱਢਦਾ ਤੇ ਜੇ ਆ ਜਾਵੇ ਕੋਈ ਓਪਰਾ ਫੇਰ ਤੇ ਬਸ ਘਰ ਨੂੰ ਸਿਰ ਤੇ

ਚੁਕ ਲਉ। ਸੰਗਲ ਤੁੜਾਊ ਤੇ ਇਹੋ ਕਹੂ, ਬਸ ਮੈਨੂੰ ਛੜੇ ਤੇ ਮੈਂ ਉਹਨੂੰ ਕੜਾਹ ਪ੍ਰਸਾਦ ਦੋਬਾਰਾ ਤਿਆਰ ਹੋ ਕੇ ਆ ਗਿਆ ਤੇ ਵਰਤਣਾ ਸ਼ੁਰੂ ਹੋਇਆ। ਲੰਬਰਦਾਰ ਨੇ ਕੁੱਤੇ ਦੇ ਹਿੱਸੇ ਦਾ ਉਹਨੂੰ ਖੁਆ ਕੇ ਤੇ ਫੇਰ ਆਪਣੇ ਛਾਂਦੇ ਵਿਚੋਂ ਵੀ ਤਿੰਨ ਕੁ ਹਿੱਸੇ ਖੁਆ ਕੇ ਮਸੇ ਚੌਥਾ ਹਿੱਸਾ ਆਪ

ਪ੍ਰਸ਼ਾਦ ਵਰਤਣ ਤੋਂ ਬਾਅਦ ਰਾਗੀ ਸਿੰਘਾਂ ਲਈ ਉਗਰਾਹੀ ਦਾ ਸਵਾਲ ਛਿੜਿਆ। ਲੰਬਰਦਾਰ ਲੱਧਾ ਸਿੰਘ ਇਸ ਕੰਮ ਦਾ ਮੋਹਰੀ ਸਮਝਿਆ ਜਾਂਦਾ ਸੀ ਤੇ ਇਸੇ ਕਰ ਕੇ ਉਸ ਨੂੰ ਅੱਗੇ ਬਿਠਾਇਆ ਜਾਂਦਾ ਸੀ।

ਭਾਈ ਜੀ ਨੇ ਸਭ ਤੋਂ ਪਹਿਲਾਂ ਉਠਕੇ ਕਿਹਾ- “ਖਾਲਸਾ ਜੀ ! ਰਾਗੀ ਸਿੰਘਾਂ ਨੇ ਆਣ ਕਰ ਕਰ ਕੇ ਬੜੇ ਪ੍ਰੇਮ ਨਾਲ ਵਖਿਆਨ ਕੀਤਾ ਹੈ। ਹੁਣ ਆਣ ਕਰ ਕਰ ਕੇ ਇਹਨਾਂ ਵਾਸਤੇ ਮਾਇਆ ਦੇ ਗੱਫੇ ਦੇ ਕੇ ਜਨਮ ਸਫਲਾ ਕਰੋ।”

ਸਾਰਿਆ ਦੀ ਨਜ਼ਰ ਲੱਧਾ ਸਿੰਘ ਉਤੇ ਟਿਕੀ ਸੀ। ਤੇ ਸਾਰੇ ਹੀ ਇਕ ਦੂਜੇ ਦੇ ਮੂੰਹ ਵਲ ਇਸ ਭਾਵ ਨਾਲ ਤਕ ਰਹੇ ਸਨ ਜੁ ਵੇਖੀਏ ਕੀ ਦੇਂਦਾ ਹੈ। ਕਿੰਨਾ ਚਿਰ ‘ਪਹਿਲਾਂ ਤੂੰ ਪਹਿਲਾਂ ਤੂੰ ਹੁੰਦੀ ਰਹੀ। ਅਖ਼ੀਰ ਲੱਧਾ ਸਿੰਘ ਨੇ ਪਗੜੀ ਦੇ ਲੜੇ ਅਠਿਆਨੀ ਖੋਲ੍ਹ ਕੇ ਦਿਤੀ। ਰਾਗੀ ਸਿੰਘਾਂ ਦੇ ਦਿਲ ਤੇ ਤਾਂ ਇਹ ਵੇਖ ਕੇ ਸਲ੍ਹਾਬਾ ਹੀ ਛਾ ਗਿਆ। ਇੰਨੇ ਨੂੰ ਦੇਵਾ ਸਿੰਘ ਤਰਖਾਣ ਜੇ ਪਿਛੇ ਹਟਵਾਂ ਬੈਠਾ ਸੀ-ਉਠਿਆ, ਤੇ ਇਕ ਰੁਪਿਆ ਦੇ ਕੇ ਬੈਠ ਗਿਆ।

ਇਹ ਵੇਖ ਕੇ ਲੰਬਰਦਾਰ ਲੱਧਾ ਸਿੰਘ ਤੇ ਸੱਤੀ ਕਪੜੀ ਅੱਗ ਲੱਗ ਉਠੀ, ਜੁ ਸਾਡੇ ਪਿੰਡ ਦਾ ਕੰਮੀ ਹੈ ਕੇ ਫੇਰ ਸਾਡੇ ਉਤੋਂ ਦੀ ਹੋਵੇ ? ਉਸ ਦਾ ਦਿਲ ਕੀਤਾ ਜੁ ਉਠਕੇ ਹੁਣੇ ਉਸ ਦੀ ਗਤ ਬਣਾਵੇ ਪਰ ਕੁਝ ਸੋਚ ਕੇ ਉਸ ਨੇ ਇਸ ਕੰਮ ਨੂੰ ਕਿਸੇ ਹੋਰ ਵੇਲੇ ਲਈ ਛੱਡ ਦਿਤਾ।

ਬਾਬੂ ਕਰਮ ਸਿੰਘ ਬੜਾ ਸੱਚਾ ਤੇ ਖਰਾ ਬੰਦਾ ਸੀ। ਉਹ ਸੱਚੀ ਗੱਲ ਤੜੱਕ ਮੂੰਹ ਤੇ ਕਹਿ ਦਿੰਦਾ ਸੀ, ਭੱਟ ਬੋਲ ਉਠਿਆ “घष्टी ਲੰਬਰਦਾਰਾ ਤੂੰ ਤੇ ਖੇਤਾ ਈ ਖੂਹ ‘ਚ ਪਾ ਦਿੱਤਾ। ਦੇਣ ਲੱਗਾ ਮੈਂ ਤੇ ਕੁਝ ਤਾਂ ਦੇਂਦੇਂ। ਨਿਕਾਰੀ ਇਕੋ ਠਿਆਨੀ ? ਨਾ ਦੇ ਨਾ ਚਾਰ ? ਆਹ ਵੇਖ ਖਾਂ, ਦੇਵਾ ਸੁੰਹ ਨੇ ਚਿੜੀ ਜਿੱਡਾ ਰੁਪਈਆ ਠੈਹ ਕਰਕੇ ਸੁਟ ਦਿਤਾ ਏ ਅ ਪਹਿਲੀ ਚੋਟ ਨੂੰ ਤਾਂ ਲੰਬਰਦਾਰ ਔਖਾ ਸੁਖਾਲਾ ਸਹਿ ਗਿਆ ਸੀ।

ਪਰ ਉਤੋਂ ਇਕ ਹੋਰ ਪੈ ਗਈ। ਸਬਰ ਦੀ ਕੋਈ ਹੱਦ ਹੁੰਦੀ ਹੈ। ਉਹ ਕਪੜਿਆਂ ਤੋਂ ਬਾਹਰ ਹੋ ਕੇ ਬੋਲਿਆ “ਬਾਬਾ ਕਰਮਿਆਂ ! ਤੈਨੂੰ ਅੱਗੇ ਵੀ ਕਈ ਵੇਰਾਂ ਸਮਝਾਇਆ ਏ ਪਈ ਗੱਲ ਕਰਨ ਲਗਾ ਜਰਾ ਹੋਸ਼ ਨਾਲ ਕਰਿਆ ਕਰ। ਆਪ ਨੂੰ ਅਕਲ ਨਾ ਹੋਏ ਤਾਂ ਕਿਸੇ ਹੋਰ ਦੀ ਮਤ ਲੈ ਲਵੇ ਬੰਦਾ। ਤੂੰ ਵੀ ਵੇਖਿਆ ਹੋਇਆ ਏ ਜਿਹੜਾ ਵਡਾ ਲਾਟੀਕੀਨ ਹੈਗਾ ਏ। ਭੁੱਲ ਗਿਆ ਹੋਣਾ ਈ ਚੇਤਾ ਜਦੋਂ ਦਿਆਲਾ ਬਾਣੀਆ ਲਗਾ ਸੀ ਡੰਗਰ ਵੱਛਾ ਕੁਰਕ ਕਰਾਣ, ਤੇ ਬਾਪੂ ਮੇਰੇ ਦੇ ਪੈਰੀਂ ਪੱਗ ਰੱਖਕੇ ਰੋਂਦਾ ਸੈਂ ? ਤੇ ਓਦੋਂ ਬਾਪੂ ਵਿਚ ਨ ਪੈਂਦਾ, ਤਾਂ ਅੱਜ ਨੂੰ ਤੂੰ ਟਕੇ ਦੇ ਤਿੰਨ ਤਿੰਨ ਵਿਕ ਜਾਣਾ ਸੀ।”

ਬਾਬੂ ਕਰਮ ਸਿੰਘ ਦੇ ਦੋਵੇਂ ਪੁੱਤਰ ਬੈਠੇ ਸਨ। ਪਿਉ ਦੀ ਪੱਗ ਲਹਿੰਦੀ ਵੇਖ ਕੇ ਬੇਲਾ ਸਿੰਘ ਬੋਲਿਆ – “ਸੁਣ ਓਏ ਲੰਬਰਦਾਰਾ ! ਮੂੰਹ ਨੂੰ ਰਤਾ ਸਮਾਲ੍ਹ ਕੇ। ਇਹ ਵੀ ਫੱਜੂ ਘੁਮਿਆਰ ਨਾ ਸਮਝ ਛੱਡੀ, ਜੁ ਰੁਪਈਏ ਖੋਹ ਕੇ ਉਲਟਾ ਹਵਾਲਾਟੇ ਦਿਵਾਇਆ ਸਾਈ। ਹੁਣ ਕਹਿ ਲਿਆ ਈ ਜੇ ਮੁੜ ਕੇ ਬਾਪੂ ਸਾਡੇ ਦਾ ਨਾਂ ਲਿਆ ਤਾਂ ਸਾਡੇ ਵਰਗਾ ਬੁਰਾ ਕੋਈ ਨਹੀਂ। ਆਪਣੀ ਇੱਜਤ ਆਪਣੇ ਹੱਥ ਹੁੰਦੀ ਜੂ।”

ਲੰਬਰਦਾਰ ਬੋਲਣ ਹੀ ਲੱਗਾ ਸੀ ਜੁ ਕੋਲੋਂ ਉਸ ਦਾ ਭਤੀਜਾ ਫ਼ੌਜਾ ਸਿੰਘ ਬੋਲਿਆ “ਬਸ ਓਏ ਬਸ ! ਟੁੱਟੇ ਛਿੱਤਰ ਵਾਂਗ ਵਧਦਾ ਨਾ – ਜਾਹ ਬਹੁਤਾ । ਜਾਤ ਦੀ ਕੁਹੜ-ਕਿਰਲੀ ਛਤੀਰਾਂ ਨੂੰ ਜੱਫੇ । ਜਾਹ ਲਾ ਲੈ ਯੋਰ ਜਿਹੜਾ ਲਗਦਾ ਈ । ਕਿਹਾ ਈ ਤੇ ਸੌ ਵਾਰੀ ਕਹਾਂਗੇ। ਕਿਸੇ ਭੜੂਏ ਦਾ ਦਿੱਤਾ ਨਹੀਂ ਖਾਂਦੇ।’

ਕਰਮ ਸਿੰਘ ਦਾ ਛੋਟਾ ਮੁੰਡਾ ਖੀਵਾ ਸਿੰਘ ਬੋਲਿਆ – “ਹਾਹੋ ਜੀ। ਤੈਨੂੰ ਟਕੇ-ਟਕੇ ਦੀਆਂ ਗੱਲਾਂ ਕਿਉਂ ਨਾ ਆਉਣ ! ਬਾਬਾ ਟੁਕ ਨੂੰ ਸਹਿਕਦਾ ਰੁਲਕੇ ਮਰ ਗਿਆ, ਤੇ ਪੋਤੇ ਦੀ ਮਜਾਜ ਈ ਨਹੀਂ ਮਿਉਂਦੀ ਕਿਤੇ ।”

ਲੰਬਰਦਾਰ ਬੋਲਿਆ- ”ਤੇ ਮਜਾਜ ਕੋਈ ਤੇਰੇ ਗੋਚਰੀ ਏ ਓਏ

माडी ?” ਕਰਮ ਸਿੰਘ ਦਾ ਇਕ ਹੋਰ ਪੱਖੀ ਬੋਲ ਉਠਿਆ -“ਹਾਹੇ ਜੀ ਮਜਾਜ ਤੇਰੀ ਕਿਉਂ ਨਾ ਹੋਵੇ। ਕੁਝ ਨਾਨਕਿਆਂ ਔਂਤਰਾਂ ਨਿਖੱਤਰਾਂ ਦੀ ਖੱਟੀ ਖਟਾਈ ਲਭ ਪਈ, ਤੇ ਰਹਿੰਦੀ ਖੂੰਹਦੀ ਧੀਆਂ ਵੇਚ ਕੇ ਅੰਦਰ ਪਾ ਲਈ। ਫਿਰ ਮਜਾਜ ਕਿਉਂ ਨਾ ਹੋਵੇ। ਓਹ ਦਿਨ ਭੁੱਲ ਗਿਆ ਹੋਣਾ ਏ, ਜਦੋਂ ਤਿੰਨੇ ਭਰਾ ਡਾਕੇ ਵਿਚ ਵਲੇ ਗਏ ਸਾਓ, ਤੇ ਪਿਉ ਬੂਹੇ ਬੂਹੇ ਭੁੱਬਾਂ ਮਾਰਦਾ ਫਿਰਦਾ ਸੀ। ਜੇ ਅਸੀਂ ਨਾ ਬਹੁੜਦੇ ਤਾਂ ਬਗਾਨਿਆਂ ਪੁੱਤਰਾਂ ਨੇ ਤਾਂ ਤੁਹਾਡੀਆਂ ਬੁੱਢੀਆਂ ਦੇ ਘੱਗਰੇ ਵੀ ਲਲਾਮ ਕਰਾ ਛੱਡਣੇ ਸੀ।”

“ਬਸ ਓਏ ਕੁੱਤਿਆ !”

“ਚੁੱਪ ਓਇ ਕਿਸੇ ਸ਼ੋਹਦੇ ਦੀਏ ਔਲਾਦੇ !”

“ਫੜ ਓਇ ਇਹਨੂੰ ਜਾਂਦਾ ਕਿੱਥੇ ਆ !”

“ਕੌਣ ਜੰਮਿਆ ਏਂ ਮੈਨੂੰ ਹੱਥ ਲਾਣ ਵਾਲਾ !”

“Jला ?”

“ਆਹੇ !”

“ਲੈ ਫੇਰ !”

“ਆ ਫੇਰ !”

ਬੱਸ ਫਿਰ ਕਾਹਦੀ ਦੇਰ ਸੀ। ਦੁਪਾਸੀਂ ਮਹਾਂਭਾਰਤ ਸ਼ੁਰੂ ਹੋ ਗਿਆ। ਪਲ ਦੀ ਪਲ ਘਮਸਾਨ ਚੌਦੇ ਮਚ ਗਈ ! ਸੁਖ ਇਹੋ ਹੋਈ ਜੁ ਹੈਸੀ ਗੁਰਦਵਾਰਾ, ਜਿਸ ਕਰਕੇ ਡਾਂਗ ਛਵੀ ਕਿਸੇ ਪਾਸ ਨਹੀਂ ਸੀ। ਨਹੀਂ ਤਾਂ ਪਤਾ ਨਹੀਂ ਅੱਜ ਕਿੰਨੇ ਕੁ ਖੂਨ ਹੋ ਜਾਂਦੇ। ਭਾਵੇਂ ਰਾਗੀ ਸਿੰਘਾਂ ਦੇ ਵਾਜਿਆਂ ਜੋੜੀਆਂ ਨੇ ਕਿਸੇ ਹਦ ਤਕ ਹਥਿਆਰਾਂ ਦਾ ਕੰਮ ਦਿੱਤਾ,ਪਰ ਉਹ ਵੀ ਬਹੁਤਾ ਚਿਰ ਠਹਿਰ ਨਾ ਸਕੇ । ਜਿਸ ਜਿਸ ਦੇ ਸਿਰ ਵਿਚ ਵੱਜੇ, ਸਿਰ ਪਿਛੋਂ ਪਾਟੇ ਤੇ ਸਾਜ਼ਾਂ ਦੇ ਬਖ਼ੀਏ ਪਹਿਲਾਂ ਉਧੜ ਗਏ।

ਭਾਈ ਸਾਹਿਬ ਤਾਂ ਦੁਬਕ ਕੇ ਤਖ਼ਤਪੋਸ਼ ਹੇਠਾਂ ਜਾ ਵੜੇ, ਤੇ ਰਾਗੀ ਸਿੰਘ ‘ਜਾਨ ਬਚੀ ਲਾਖੋਂ ਪਾਏ’ ਵਾਲੀ ਭੇਟ ਲੈ ਕੇ ਜਿਉਂ ਨੰਗੇ ਪੈਰੀਂ ਨੱਸੇ, ਕਿ ਸਟੇਸ਼ਨ ਤੇ ਜਾ ਕੇ ਹੀ ਸਾਹ ਲਿਆ।

ਸੰਧਿਆ ਪੈਦਿਆਂ ਠਾਣਾ ਵੀ ਆ ਗਿਆ ਤੇ ਸਭ ਨਿੱਕਿਆਂ ਵੱਡਿਆ ਨੂੰ ਅੱਗੇ ਲਾ ਕੇ ਲੈ ਗਏ।

ਅਖ਼ੀਰ ਸਿੱਟਾ ਕੀ ਹੋਇਆ ? ਉਹੀ ਜੇ ਹੋਇਆ ਕਰਦਾ ਹੈ। ਦਿਨਾਂ ਵਿਚ ਹੀ ਪਿੰਡ ਦੀ ਲੱਛਮੀ ਕੁਝ ਵਕੀਲਾਂ ਦੇ ਬੋਝਿਆਂ ਵਿਚ, ਕਭ ਕਚਹਿਰੀ ਦੇ ਦਫ਼ਤਰਾਂ ਵਿਚ, ਤੇ ਰਹਿੰਦੀ ਖੂੰਹਦੀ ਪੁਲਿਸ ਦੇ ਜਬਾੜਿਆ ਹੇਠ ਜਾ ਵੜੀ।

ਚਿੱਟਾ ਲਹੂ – ਅਧੂਰਾ ਕਾਂਡ (10)

23 ਸੁੰਦਰੀ ਨੇ ਦੀਵਾਨਪੁਰ ਆ ਕੇ ਸਭ ਤੋਂ ਪਹਿਲਾਂ ਆਪਣੇ ਧਰਮ ਪਿਤਾ ਦੀ ਸੜੀ ਹੋਈ ਯਾਦਗਾਰ ਨੂੰ ਨਮਸਕਾਰ ਕੀਤੀ, ਤੇ ਉਸ ਥਾਂ ਦੀ ਧੂੜ ਮੱਥੇ ਨੂੰ ਲਾਈ। ਬੁਝੀਆਂ ਹੋਈਆਂ ਲਕੜਾਂ ਦੇ ਚੋਅ ਅਤੇ ਕੁਝ ਸੁਆਹ ਅਜੇ ਤਕ ਉਥੇ ਮੌਜੂਦ ਸੀ। ਸੁੰਦਰੀ ਦੇ ਭਾਣੇ ਇਹ ਸਾਧਾਰਨ ਸੁਆਹ ਨਹੀਂ ਸੀ – ਉਸ ਦੇ ਬੀਤ ਚੁਕੇ ਸਾਰੇ ਜੀਵਨ ਦੀ ਤਸਵੀਰ ਸੀ। ਹੋਸ਼ ਸੰਭਾਲਣ ਤੋਂ ਲੈ ਕੇ ਲਾਹੌਰ ਜਾਣ ਦੇ ਦਿਨ ਤਕ ਦੇ ਇਕ ਲੰਮੇ ਸਮੇਂ ਦਾ ਦ੍ਰਿਸ਼ ਉਸ ਦੇ ਸਾਹਮਣੇ ਸੀ। ਰੋਡ ਦੇ...

ਅਰਜ਼ੀ

''ਅਜ ਸਵੱਖਤੇ ਹੀ ਉਠ ਬੈਠਾ ਏਂ, ਪਾਰੋ ਦਾ ਭਾਈਆ,'' ਬ੍ਹਾਰੀ ਬਹੁਕਰ ਤੋਂ ਵੇਹਲੀ ਹੋ ਕੇ ਪਾਰੋ ਦੀ ਮਾਂ ਨੇ ਅੰਦਰ ਆਉਂਦਿਆਂ ਉਸ ਨੂੰ ਪੁੱਛਿਆ ''ਅੱਖਾਂ ਸੁੱਜੀਆਂ ਜਾਪਦੀਆਂ ਨੇ, ਰਾਤੀਂ ਜਾਗਦਾ ਰਿਹਾ ਸੈਂ?''''ਮੱਛਰਾਂ ਕਰਕੇ ਨੀਂਦਰ ਨਹੀਂ ਸੀ ਪਈ।'' ਉਬਾਸੀ ਲੈ ਕੇ ਮੂੰਹ ਤੇ ਹਥ ਫੇਰਦਿਆਂ ਰਾਮੇ ਸ਼ਾਹ ਨੇ ਉਤਰ ਦਿੱਤਾ-''ਨਾਲੇ ਜਿੱਦਣ ਵੱਡੇ ਵੇਲੇ ਕੋਈ ਜ਼ਰੂਰੀ ਕੰਮ ਕਰਨ ਵਾਲਾ ਹੋਵੇ, ਓਦਣ ਰਾਤੀਂ ਨੀਂਦਰ ਘਟ ਈ ਪੈਂਦੀ ਏ।''''ਕੀ ਕੰਮ ਸੀ ਏਡਾ ਜ਼ਰੂਰੀ?'' ਪਾਰੋ ਦੀ ਮਾਂ ਨੇ ਤੌਖਲੇ ਨਾਲ ਪੁਛਿਆ, ਕਿਸੇ ਸਾਮੀ ਵੱਲ...

ਸੁਨਹਿਰੀ ਜਿਲਦ

''ਕਿਉਂ ਜੀ ਤੁਸੀਂ ਸੁਨਿਹਰੀ ਜਿਲਦਾਂ ਵੀ ਬੰਨ੍ਹਦੇ ਹੁੰਦੇ ਓ?''ਖ਼ੈਰ ਦੀਨ ਦਫਤਰੀ ਜੋ ਜਿਲਦਾਂ ਨੂੰ ਪੁਸ਼ਤੇ ਲਾ ਰਿਹਾ ਸੀ, ਗਾਹਕ ਦੀ ਗਲ ਸੁਣ ਕੇ ਬੋਲਿਆ-''ਆਹੋ ਜੀ ਜਿਹੋ ਜਿਹੀ ਕਹੋ।''ਗਾਹਕ ਇਕ ਅਧਖੜ ਉਮਰ ਦਾ ਸਿੱਖ ਸੀ। ਹੱਟੀ ਦੇ ਫੱਟੇ ਤੇ ਬੈਠ ਕੇ ਉਹ ਕਿਤਾਬ ਉਤਲੇ ਰੁਮਾਲਾਂ ਨੂੰ ਬੜੇ ਅਦਬ ਅਤੇ ਕੋਮਲਤਾ ਨਾਲ ਖੋਲਣ ਲੱਗ ਪਿਆ। ਪੰਜ ਛੇ ਰੁਮਾਲ ਉਤਾਰਨ ਤੋਂ ਬਾਅਦ ਉਸ ਨੇ ਵਿਚੋਂ ਇਕ ਕਿਤਾਬ ਕੱਢੀ। ਦਫ਼ਤਰੀ ਦੀ ਹੱਟੀ ਵਿਚ ਜਿੰਨੇ ਕਾਰੀਗਰ ਕੰਮ ਕਰ ਰਹੇ ਸਨ, ਸਾਰੇ ਹੀ ਕਿਤਾਬ ਵਲ...