ਸੁਖ ਆਮਦ
ਉਹ ਸੱਥਾਂ ਤੋਂ ਸ਼ੁਰੂ ਹੁੰਦੇ ਨੇ, ਪਿੰਡਾਂ ਦੀ ਰੂਹ ਵਿੱਚ ਵਸਦੇ
ਜਿੰਨਾ ਕੱਦ ਉੱਚਾ ਹੁੰਦਾ, ਓਦੂੰ ਵੀ ਉੱਚਾ ਹੱਸਦੇ
ਗੱਲਾਂ ਹੀ ਗੀਤ ਰਕਾਨੇ, ਮਹਿਫ਼ਿਲ ਸੱਦ ਲੈਨੇ ਆਂ
ਜਦ ਮਰਜੀ ਦੇਖ ਲਈ ਆ ਕੇ, ਹੱਸਦੇ ਹੀ ਰਹਿਨੇ ਆਂ
ਹਾਲੇ ਤੂੰ ਰੰਗ ਨਹੀਂ ਤੱਕਿਆ, ਚੇਤਰ ਦੀਆਂ ਧੁੱਪਾਂ ਦਾ
ਤੈਨੂੰ ਵੀ ਮੋਹ ਆਊਗਾ, ਤੂੜੀ ਦਿਆਂ ਕੁੱਪਾਂ ਦਾ
ਕਿੰਨਾ ਹੀ ਵੱਡਾ ਮੰਨਦੇ, ਕੇਸਾਂ ਵਿੱਚ ਕੰਗੀਆਂ ਨੂੰ
ਸਾਫੇ ਵਿਚ ਬੰਨ੍ਹ ਕੇ ਰੱਖੀਏ ਜ਼ਿੰਦਗੀ ਦੀਆਂ ਤੰਗੀਆਂ ਨੂੰ
ਫਿਕਰਾਂ ਨੂੰ ਖਾਰਾ ਮੰਨ ਕੇ, ਸ਼ਾਮੀ ਪੀ ਲੈਨੇ ਆਂ
ਜਦ ਮਰਜੀ ਦੇਖ ਲਈ ਆ ਕੇ, ਹੱਸਦੇ ਹੀ ਰਹਿਨੇ ਆਂ
ਓਹ ਸਾਡਾ ਪਿੰਡ ਟਿਕਾਣਾ, ਮੂਹਰੇ ਹੋ ਦੱਸਦੇ ਆਂ
ਰੱਬ ਥੱਲੇ ਆ ਜਾਂਦਾ ਨੀ, ਸੌਹਾਂ ਜਦ ਚੱਕਦੇ ਆਂ
ਸਾਨੂੰ ਆ ਨਕਲੀ ਹਾਸੇ, ਲੱਗਦੇ ਆ ਜ਼ਹਿਰ ਕੁੜੇ
ਸ਼ਹਿਰਾਂ ਦੇ ਹੱਥ ਨਹੀਂ ਆਉਂਦੇ, ਪਿੰਡਾਂ ਦੇ ਪੈਰ ਕੁੜੇ
‘ਆਮਦ‘ ਨੂੰ ਗੱਲੀਂ ਲਾ ਲੈ, ਕਿਹੜਾ ਕੁਝ ਕਹਿਨੇ ਆਂ
ਜਦ ਮਰਜੀ ਦੇਖ ਲਈ ਆ ਕੇ, ਹੱਸਦੇ ਹੀ ਰਹਿਨੇ ਆਂ
ਬੋਲਾਂ ਦੇ ਪੱਕੇ ਕੁੜੀਏ, ਹਿਲਦੇ ਨਾ ਥਾਂ ਤੋਂ ਨੀ
ਯਾਰਾਂ ਨੂੰ ਵੱਜਣ ਹਾਕਾਂ, ਪਿੰਡਾਂ ਦੇ ਨਾ ਤੋਂ ਨੀ
ਨਜ਼ਰਾਂ ਤੋਂ ਲਾਹ ਕੇ ਰੱਖੀਏ, ਸਿਰ ਉੱਤੇ ਚੜਿਆਂ ਨੂੰ
ਬਾਹਾਂ ਦਾ ਜ਼ੋਰ ਰਕਾਨੇ, ਪੁੱਛ ਲਈਂ ਕਦੇ ਕੜਿਆਂ ਨੂੰ
ਯਾ ਤਾਂ ਗੱਲ ਲਗ ਜਾਨੇ ਆਂ, ਯਾ ਫਿਰ ਗੱਲ ਪੈਨੇ ਆਂ
ਜਦ ਮਰਜੀ ਦੇਖ ਲਈ ਆ ਕੇ, ਹੱਸਦੇ ਹੀ ਰਹਿਨੇ ਆਂ