ਸਿੱਠਣੀਆਂ
ਸਿੱਠਣੀ ਵਿਆਹ ਨਾਲ ਸੰਬੰਧਤ ਲੋਕ-ਕਾਵਿ ਰੂਪ ਹੈ । ਇਹ ਔਰਤਾਂ ਦੇ ਲੋਕ-ਗੀਤ ਹਨ । ਕੁੜੀ ਦੇ ਵਿਆਹ ਵੇਲੇ ਮੇਲਣਾਂ ਸਿੱਠਣੀਆਂ ਰਾਹੀਂ ਲਾੜੇ ਨੂੰ, ਉਸ ਦੇ ਮਾਪਿਆਂ, ਸੰਬੰਧਿਆਂ ਅਤੇ ਜਾਂਞੀਆਂ ਨੂੰ ਨੋਕ-ਝੋਕ ਅਤੇ ਮਖੌਲ ਕਰਦੀਆਂ ਹਨ। ਸਿੱਠਣੀਆਂ ਕੁੜੀ ਵਾਲਿਆਂ ਦੀ ਧਿਰ ਵਲੋਂ ਗੁਭ-ਗਭਾਟ ਕੱਢਣ ਦਾ ਵਸੀਲਾ ਬਣਦੀਆਂ ਹਨ । ਵਿਆਹ ਦਾ ਮੌਕਾ, ਸਿੱਠਣੀਆਂ ਦਿੰਦੀਆਂ ਔਰਤਾਂ ਨੂੰ ਸਦਾਚਾਰਕ ਬੰਧੇਜਾਂ ਤੇ ਸੰਕੋਚਾਂ ਤੋਂ ਕੁਝ ਖੁੱਲ੍ਹ ਦਿੰਦਾ ਹੈ। ਸਿੱਠਣੀਆਂ ਵਿੱਚ ਮੁੰਡੇ ਵਾਲਿਆਂ ਦੇ ਪਹਿਰਾਵੇ, ਖਾਣ-ਪਾਣ ਦੀਆਂ ਆਦਤਾਂ ਅਤੇ ਉਹਨਾਂ ਦੇ ਰੰਗ-ਵੰਨ ਉੱਤੇ ਟਕੋਰਾਂ ਕਸੀਆਂ ਜਾਂਦੀਆਂ ਹਨ।
ਨਾਨਕਾ ਮੇਲ-ਦਾਦਕਾ ਮੇਲ
ਨਾਨਕਾ ਮੇਲ:
ਕਿੱਥੇ ਗਈਆਂ ਲਾੜਿਆ ਤੇਰੀਆਂ ਦਾਦਕੀਆਂ?
ਤੇਰੀਆਂ ਉੱਧਲ ਗਈਆਂ, ਵੇ ਲਾੜਿਆ, ਦਾਦਕੀਆਂ।
ਚੂਹੜੇ ਛੱਡ ਚੁਮਿਆਰਾਂ ਦੇ ਗਈਆਂ ਵੇ ਦਾਦਕੀਆਂ।
ਦਾਦਕਾ ਮੇਲ:
ਕਿੱਥੋਂ ਆਈਆਂ ਲਾੜਿਆ ਤੇਰੀਆਂ ਨਾਨਕੀਆਂ?
ਪੀਤੀ ਸੀ ਪਿੱਛ, ਜੰਮੇ ਸੀ ਰਿੱਛ।
ਖੇਡਾਂ ਪਾਵਣ ਆਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ।
ਕਿੱਥੇ ਗਈਆਂ ਲਾੜਿਆ ਤੇਰੀਆਂ ਨਾਨਕੀਆਂ?
ਖਾਣਗੀਆਂ ਲੱਡੂ, ਜੰਮਣਗੀਆਂ ਡੱਡੂ।
ਟੋਭੇ ਨਾਵ੍ਹਣ ਆਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ।
ਕਿੱਥੇ ਗਈਆਂ ਲਾੜਿਆ ਤੇਰੀਆਂ ਨਾਨਕੀਆਂ?
ਬਾਰ੍ਹਾਂ ਤਾਲਕੀਆਂ ।
ਖਾਧੇ ਸੀ ਪਕੌੜੇ, ਜੰਮੇ ਸੀ ਜੌੜੇ,
ਜੌੜੇ ਖਿਡਾਵਣ ਗਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ।
ਨਾਨਕਾ ਮੇਲ:
ਕਿੱਥੇ ਗਈਆਂ ਲਾੜਿਆ ਤੇਰੀਆਂ ਦਾਦਕੀਆਂ?
ਖਾਧੇ ਸੀ ਮਾਂਹ, ਜੰਮੇਂ ਸੀ ਕਾਂ।
ਕਾਂ-ਕਾਂ ਕਰਦੀਆਂ ਵੇ ਤੇਰੀਆਂ ਦਾਦਕੀਆਂ।
ਖਾਧੇ ਸੀ ਖਜੂਰ, ਜੰਮੇਂ ਸੀ ਸੂਰ।
ਸੂਰਾਂ ਦੇ ਗਈਆਂ ਵੇ ਲਾੜਿਆ ਤੇਰੀਆਂ ਦਾਦਕੀਆਂ।
ਖਾਧੇ ਸੀ ਖੀਰੇ, ਜੰਮੇਂ ਸੀ ਹੀਰੇ।
ਸਰਾਫ਼ਾਂ ਦੇ ਗਈਆਂ ਵੇ ਲਾੜਿਆ ਤੇਰੀਆਂ ਦਾਦਕੀਆਂ।
ਦਾਦਕਾ ਮੇਲ:
ਛੱਜ ਉਹਲੇ ਛਾਨਣੀ, ਪਰਾਤ ਉਹਲੇ ਤਵਾ ਓਏ…
ਨਾਨਕਿਆਂ ਦਾ ਮੇਲ ਆਇਆ,
ਸੂਰੀਆਂ ਦਾ ਰਵਾ ਓਏ…
ਛੱਜ ਉਹਲੇ ਛਾਨਣੀ, ਪਰਾਤ ਉਹਲੇ ਗੁੱਛੀਆਂ,
ਨਾਨਕਿਆਂ ਦਾ ਮੇਲ ਆਇਆ,
ਸੱਭੇ ਰੰਨਾਂ ਲੁੱਚੀਆਂ,
ਛੱਜ ਉਹਲੇ ਛਾਨਣੀ, ਪਰਾਤ ਉਹਲੇ ਛੱਜ ਓਏ…
ਨਾਨਕਿਆਂ ਦਾ ਮੇਲ ਆਇਆ,
ਗਾਉਣ ਦਾ ਨਾ ਚੱਜ ਓਏ…
ਨਾਨਕਾ ਮੇਲ:
ਛੱਜ ਓਹਲੇ ਛਾਨਣੀ
ਪਰਾਤ ਓਹਲੇ ਡੋਈ ਵੇ,
ਦਾਦਕੀਆਂ ਦਾ ਮੇਲ ਆਇਆ,
ਚੱਜ ਦੀ ਨਾ ਕੋਈ ਵੇ।
ਨਿਲੱਜਓ ! ਲੱਜ ਤੁਹਾਨੂੰ ਨਹੀਂ
ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ।
ਦਾਣੇ ਤਾਂ ਮੰਗਦਾ ਉੱਧਲ ਗਈ ਦਾ।
ਭੱਠੀ ਤਾਂ ਤੱਪਦੀ ਨਹੀਂ।
ਭੱਠੀ ਤਾਂ ਤਪਦੀ ਨਹੀਂ, ਨਿਲੱਜਓ।
ਲੱਜ ਤੁਹਾਨੂੰ ਨਹੀਂ।
ਸਾਡੇ ਤਾਂ ਵਿਹੜੇ ਤਾਣਾ ਤਣੀਂਦਾ।
ਲਾੜੇ ਦਾ ਪਿਓ ਕਾਣਾ ਸੁਣੀਂਦਾ।
ਐਨਕ ਲਾਉਣੀ ਪਈ।
ਐਨਕ ਲਾਉਣੀ ਪਈ, ਨਿਲੱਜਿਓ।
ਲੱਜ ਤੁਹਾਨੂੰ ਨਹੀਂ।
ਕੁੜੀ ਤਾਂ ਸਾਡੀ ਤਿੱਲੇ ,ਦੀ ਤਾਰ ਏ।
ਮੁੰਡਾ ਤਾਂ ਦਿਸਦਾ ਕੋਈ ਘੁਮਿਆਰ ਏ।
ਜੋੜੀ ਤਾਂ ਫਬਦੀ ਨਹੀਂ।
ਜੋੜੀ ਤਾਂ ਫਬਦੀ ਨਹੀਂ, ਨਿਲੱਜਿਓ।
ਲੱਜ ਤੁਹਾਨੂੰ ਨਹੀਂ।
ਛੇ ਮਹੀਨੇ ਸੁਨਿਆਰ ਬਠਾਇਆ।
ਚਾਂਦੀ ਦੇ ਗਹਿਣੇ 'ਤੇ ਪਾਣੀ ਫਿਰਾਇਆ।
ਪਿੱਤਲ ਪਾਉਣਾ ਸਾਈ।
ਪਿੱਤਲ ਪਾਉਣਾ ਸਾਈ, ਨਿਲੱਜਿਓ।
ਲੱਜ ਤੁਹਾਨੂੰ ਨਹੀਂ।
ਪੁਰਾਣੇ ਗਹਿਣਿਆਂ 'ਤੇ ਰੰਗ ਚੜ੍ਹਾਇਆ।
ਸਾਡੀ ਤੇ ਬੀਬੀ ਦੇ ਪਸੰਦ ਨਾ ਆਇਆ।
ਨਵੇਂ ਘੜਾਣੇ ਸਾਈ।
ਨਵੇਂ ਘੜਾਣੇ ਸਾਈ, ਨਿਲੱਜਿਓ।
ਲੱਜ ਤੁਹਾਨੂੰ ਨਹੀਂ।
ਬਾਰਾਂ ਮਹੀਨੇ ਅਸਾਂ ਤੱਕਣ ਤੱਕਿਆ,
ਫੇਰ ਵੀ ਲਾੜਾ ਤੁਸੀਂ ਕਾਲਾ ਈ ਰੱਖਿਆ,
ਸਾਬਣ ਲਾਣਾ ਸੀ।
ਸਾਬਣ ਲਾਣਾ ਸੀ।
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਕੋਰੀ ਤੇ ਤੌੜੀ ਅਸਾਂ ਰਿੰਨ੍ਹੀਆਂ ਗੁੱਲੀਆਂ।
ਭੁੱਖ ਤੇ ਲੱਗੀ ਲਾੜੇ ਕੱਢੀਆਂ ਬੁੱਲ੍ਹੀਆਂ।
ਰੋਟੀ ਖਵਾਉਣੀ ਪਈ।
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਭੈੜੇ ਭੈੜੇ ਤੁਸੀਂ ਕਰਦੇ ਓ ਕਾਰੇ।
ਇਹਨੀ ਕਰਤੂਤੀਂ ਤੁਸੀਂ ਰਹੇ ਕੁਆਰੇ।
ਕਰਤੂਤ ਤੇ ਛਿਪਦੀ ਨਹੀਂ।
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ।
ਲਾੜੇ ਜੋਗਾ ਤੁਸੀਂ ਵਾਜਾ ਮੰਗਾਓ।
ਜੰਞ ਤੇ ਸਜਦੀ ਨਹੀਂ।
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਕੁੜਮਨੀ ਨੂੰ
ਨੀ ਇੱਕ ਚੰਬੇ ਦਾ ਬੂਟਾ,
ਕਲੀਆਂ ਬਹੁਤ ਹੋਈਆਂ।
ਨੀ ਆਹੋ ਕਲੀਆਂ ਬਹੁਤ ਹੋਈਆਂ।
ਅੰਦਰੋਂ ਕੁੜਮਨੀ ਨਿੱਕਲੀ,
ਨੀ ਕਲੀਆਂ ਤੋੜ ਲਈਆਂ।
ਅੰਦਰੋਂ ਸਾਜਨ ਜੋ ਨਿੱਕਲਿਆ,
ਵੀਣੀ ਪਕੜ ਲਈ ਆ।
ਭੈਣਾਂ, ਵੀਣੀ ਦੇ ਹਾਵੇ, ਹੰਝੂ ਡਿੱਗ ਪਈਆਂ।
ਛੱਡ ਦੇ ਛੱਡ ਦੇ ਵੇ ਸਜਨਾਂ, ਤੇਰੀ ਹੋਏ ਰਹੀਆਂ।
ਵੇ ਮੇਰਾ ਸਿਉਨੇ ਦਾ ਕੰਙਣ, ਵਿੱਚ ਰੂਪੇ ਦੀ ਧਾਰੀ।
ਲਾੜੇ ਦੀ ਅੰਮਾਂ ਨੀ, ਫਿਰੇ ਹਾਰੀ ਸ਼ਿੰਗਾਰੀ।
ਇਹਦਾ ਰੂਪ-ਸ਼ਿੰਗਾਰ ਵੇ, ਪਾ ਧਰਿਓ ਪਟਾਰੀ।
ਵੇ ਇਹਦਾ ਜੋਬਨ ਖਿੜਿਆ ਵੇ, ਜਿਉਂ ਖਰਬੂਜੇ ਫਾੜੀ।
ਵੇ ਇਹਦੀ ਡੁੱਲ੍ਹ ਨਾ ਜਾਵੇ ਵੇ, ਸੁਰਮੇ ਦੀ ਧਾਰੀ।
ਵੇ ਮੇਰਾ ਸਿਉਨੇ ਦਾ ਕੰਙਣ, ਵਿੱਚ ਰੂਪੇ ਦੀ ਧਾਰੀ।
ਮੇਰੇ ਇਨੂੰਏਂ ਦੀ ਲੰਮੀ ਲੰਮੀ ਡੋਰ ਵੇ, ਪਿੱਛੇ ਗੱਜ ਪੈਂਦੀ ਏ।
ਕਿਉਂ ਲਾੜੇ ਦੀ ਅੰਮਾ ਰੋਜ਼ ਵੇ, ਫਬ ਫਬ ਬਹਿੰਦੀ ਏ?
ਲਾੜਾ ਲਾਡਲਾ ਨੀ ਅੱਧੀ ਰਾਤ ਮੰਗੇ ਪਿੱਛ,
ਲਾੜੇ ਦੀ ਬੋਬੋ ਐਂ ਬੈਠੀ ਜਿਉਂ ਕੀਲੇ ਬੰਨ੍ਹਿਆ ਰਿੱਛ।
ਕੁੜਮ ਨੂੰ
ਹੇ ਪਿੱਸੂ ਤੂੰ ਕਮਲਾ ਦੀਵਾਨਾ,
ਕੁੜਮ ਦੀ ਗੋਗੜ 'ਤੇ ਲੜਿਆ।
ਓਥੇ ਬੜੀ ਰੇਲ ਚੱਲੀ,
ਓਥੇ ਬੜਾ ਬੰਬਾ ਚੱਲਿਆ।
ਓਥੇ ਬੜਾ ਸ਼ੋਰ ਪਿਆ,
ਓਥੇ ਵੇਖਣ ਲੋਕ ਗਿਆ।
ਲਾੜੇ ਦੇ ਪਿਉ ਦੀ ਦਾੜ੍ਹੀ ਦੇ ਦੋ ਕੁ ਵਾਲ, ਦੋ ਕੁ ਵਾਲ,
ਦਾੜ੍ਹੀ ਮੁੱਲ ਲੈ ਲੈ ਵੇ, ਮੁੱਛਾਂ ਵਿਕਣ ਬਾਜ਼ਾਰ।
ਸਭ ਗੈਸ ਬੁਝਾ ਦਿਓ ਜੀ,
ਸਾਡਾ ਕੁੜਮ ਬੈਟਰੀ ਵਰਗਾ।
ਸਭ ਮਿਰਚਾਂ ਘੋਟੋ ਜੀ,
ਸਾਡਾ ਕੁੜਮ ਘੋਟਣੇ ਵਰਗਾ।
ਮਣ ਮੱਕੀ ਪਿਹਾ ਲਉ ਜੀ,
ਸਾਡਾ ਕੁੜਮ ਵਹਿੜਕੇ ਵਰਗਾ।
ਹੋਰ ਤਾਂ ਜਾਨੀ ਊਟਾਂ ਤੇ ਆਏ
ਕੁੜਮ ਲਿਆਇਆ ਟੱਟੂ
ਨੀ ਮੰਨੋ ਦੇ ਜਾਣਾ
ਵਿਹੜੇ ਦੀ ਜੜ ਪੱਟੂ ਨੀ
ਕੁੜਮ ਹੋਰੀਂ ਬੰਨ੍ਹ ਛੋਡਿਓ ਰੇ
ਹਥ ਪੁਰ ਗੜਵਾ, ਬਾਬਲ, ਮੋਢੇ ਪੁਰ ਧੋਤੀ,
ਕੰਧੇ ਪੁਰ ਪਰਨਾ, ਬੇਟੀ ਦਾ ਵਰ ਘਰ ਟੋਲਣ ਜਾਣਾ।
ਵਰ ਵੀ ਮੈਂ ਟੋਲਿਆ, ਜਾਈਸੇ, ਘਰ ਵੀ ਮੈਂ ਟੋਲਿਆ।
ਅੱਗੇ ਕਰਮ ਤੁਮ੍ਹਾਰੇ।
ਘੋੜੀਆਂ ਲੱਖ ਇੱਕ, ਊਠ ਲੱਖ ਦੋ, ਹਾਥੀ ਲੱਖ ਤਿੰਨ,
ਆਏ ਹੋ ਰੇ ਬਾਬਲ ਬਰਛੀ ਆਈ ਲਖ ਚਾਰ।
ਹਾਥੀਆਂ ਅਗਵਾੜ ਬੰਨ੍ਹੋ, ਊਠਾਂ ਪਛਵਾੜ ਬੰਨ੍ਹੋ,
ਬਰਛੀ ਨੂੰ ਤੰਬੂਏ ਤਾਨ, ਕੁੜਮ ਹੋਰੀਂ ਧੁੱਪ ਸੇਕਿਓ ਰੇ।
ਊਠਾਂ ਨੂੰ ਦਾਣਾ ਦਲਾਓ, ਹਾਥੀਆਂ ਨੂੰ ਚੂਰੀ ਖਲਾਓ,
ਬਰਛੀ ਨੂੰ ਮਿੱਠੜਾ ਭੱਤ, ਕੁੜਮ ਹੋਰੀਂ ਪਿੱਛ ਪੀਓ ਰੇ।
ਪਿੱਛ ਨਾ ਪੀਂਦਾ ਭੈੜਾ, ਰੁੱਸ ਰੁੱਸ ਬਹਿੰਦਾ, ਰੁੱਸ ਰੁੱਸ ਬਹਿੰਦਾ,
ਆਹੋ ਰੇ ਬਾਬਲ, ਦਮੜੀ ਦੇ ਛੋਲੇ ਮੰਗਾਓ, ਕੁੜਮ ਭੈੜਾ ਚਣੇ ਚੱਬਿਓ ਰੇ।
ਚਣੇ ਨਾ ਚੱਬਦਾ, ਭੈੜਾ ਰੁੱਸ ਰੁੱਸ ਬਹਿੰਦਾ, ਰੁੱਸ ਰੁੱਸ ਬਹਿੰਦਾ,
ਆਹੋ ਰੇ ਬਾਬਲ, ਦਮੜੀ ਦੀ ਮੁੰਜ ਮੰਗਾਓ, ਕੁੜਮ ਹੋਰੀਂ ਵਾਣ ਵੱਟੀਓ ਰੇ।
ਮੁੰਜ ਨਾ ਵੱਟਦਾ, ਭੈੜਾ ਰੁੱਸ ਰੁੱਸ ਬਹਿੰਦਾ, ਰੁੱਸ ਰੁੱਸ ਬਹਿੰਦਾ,
ਆਹੋ ਰੇ ਬਾਬਲ, ਛੋਟੀ ਕੁਰਸੀ ਮੰਗਾਓ, ਕੁੜਮ ਹੋਰੀਂ ਬੰਨ੍ਹ ਛੋਡਿਓ ਰੇ।
ਬੇਸਮਝੀ ਦਾ ਬੇਟਾ ਸਾਨੂੰ ਪੁੱਛਣ ਲੱਗਾ, ਪੁਛਾਵਣ ਲੱਗਾ,
ਆਹੋ ਰੀ ਸਾਲੀ ਕਿਆ ਗੁਨਾਹ ਮੇਰੇ ਬਾਪ, ਬਾਪ ਮੇਰਾ ਬੰਨ੍ਹ ਛੋਡਿਓ ਰੇ।
ਮਹਿੰਦੜੀ ਅਨਘੋਲ ਆਂਦੀ, ਮੌਲੀ ਅਨਰੰਗ ਆਂਦੀ,
ਜੋੜਾ ਅਨਸੀਤਾ ਆਂਦਾ, ਸੋਨਾ ਅਨਘੜਤ ਆਂਦਾ।
ਗਹਿਣੇ ਅਨਲੋੜ ਆਂਦੇ, ਆਹੋ ਰੇ ਲੜਕੇ!
ਇਤਨੇ ਗੁਨਾਹ ਤੇਰੇ ਬਾਪ, ਬਾਪ ਤੇਰਾ ਬੰਨ੍ਹ ਛੋਡਿਓ ਰੇ।
ਮੌਲੀ ਰੰਗਾ ਲਿਆਵਾਂ, ਮਹਿੰਦੀ ਘੁਲਾ ਲਿਆਵਾਂ,
ਜੋੜਾ ਸੁਆ ਲਿਆਵਾਂ, ਝਿੰਮੀ ਛੁਪੀ ਛੁਪਾ ਲਿਆਵਾਂ।
ਗਹਿਣੇ ਘੜਾ ਲਿਆਵਾਂ, ਦੌਣੀ ਠਪਾ ਲਿਆਵਾਂ, ਆਹੋ ਰੀ ਸਾਲੀ!
ਇਤਨੇ ਗੁਨਾਹ ਮੈਨੂੰ ਬਖਸ਼ੋ, ਬਾਪ ਮੇਰਾ ਛੋਡ ਦੀਜੋ ਰੇ।
ਅਗਲੇ ਅਗੇਤ ਜਾਂਦੇ, ਪਿਛਲੇ ਪਛੇਤ ਜਾਂਦੇ,
ਆਹੋ ਰੇ ਲਾਲਾ ਬਿਚ ਸਾਜਨ ਤੇਰੀ ਧੀ।
ਰਣਜੀਤ ਬੇਟਾ ਜਿੱਤ ਚੱਲਿਓ ਰੇ।
ਚਾਚੀ ਨੂੰ
ਤੇਲ ਵਿਕੇਂਦਾ ਪਲੀ ਪਲੀ,
ਲਾੜੇ ਦੀ ਚਾਚੀ
ਫਿਰਦੀ ਗਲੀ ਗਲੀ।
ਤੇਲ ਲੱਗਦਾ ਕੇਸਾਂ ਨੂੰ,
ਪਰਕਾਸ਼ੋ ਰੋਂਦੀ ਲੇਖਾਂ ਨੂੰ।
ਵਿਚੋਲੇ ਨੂੰ
ਮੱਕੀ ਦਾ ਦਾਣਾ ਰਾਹ ਵਿਚ ਬੇ
ਬਚੋਲਾ ਨੀ ਰੱਖਣਾ ਬਿਆਹ ਵਿੱਚ ਬੇ
ਮੱਕੀ ਦਾ ਦਾਣਾ ਟਿੰਡ ਵਿਚ ਬੇ
ਬਚੋਲਾ ਨੀ ਰੱਖਣਾ ਪਿੰਡ ਵਿਚ ਬੇ
ਲਾੜੇ ਦੀ ਭੈਣ ਨੂੰ
ਸਾਡੇ ਵਿਹੜੇ ਮਾਂਦਰੀ ।
ਮੁੰਡੇ ਦੀ ਭੈਣ ਬਾਂਦਰੀ ।
ਢੋਲ-ਸਿਰੇ, ਢਮਕੀਰੀ-ਢਿੱਡੇ,
ਪੰਜ ਦਵੰਜੇ ਆਏ ਨੀ,
ਬੂ ਪੰਜ ਦਵੰਜੇ ਆਏ।
ਲਾੜਾ ਤੇ ਸਰਬਾਹਲਾ ਦੋਵੇਂ,
ਭੈਣਾਂ ਨਾਲ ਨਾ ਲਿਆਏ,
ਬੂ ਪੰਜ ਦਵੰਜੇ ਆਏ।
ਕਿਉਂ ਖੇਡੀ ਸੈਂ ਝੁਰਮਟੜਾ ਨੀ, ਤੂੰ ਸਾਡੇ ਮੁੰਡਿਆਂ ਨਾਲ?
ਖਲ੍ਹੇਂਦੀ ਦਾ, ਮਲ੍ਹੇਂਦੀ ਦਾ ਸਾਲੂ ਪਾਟਾ, ਪਾਟ ਗਏ ਲੜ ਚਾਰ ।
ਖਲ੍ਹੇਂਦੀ ਦਾ, ਮਲ੍ਹੇਂਦੀ ਦਾ, ਜਲੰਧਰ ਸੈਲ ਕਰੇਂਦੀ ਦਾ।
ਲਹਿੰਗਾ ਪਾਟਾ ਨੀ, ਆਹੋ ਨੀ ਧੁੰਮਾਂ ਪਈਆਂ ਵਿੱਚ ਬਜ਼ਾਰ।
ਖਲ੍ਹੇਂਦੀ ਦਾ, ਮਲ੍ਹੇਂਦੀ ਦਾ, ਪਟਿਆਲੇ ਸੈਲ ਕਰੇਂਦੀ ਦਾ।
ਅੰਗੀਆ ਪਾਟਾ ਨੀ, ਆਹੋ ਨੀ ਲੀਰ ਤਾਂ ਗਈ ਜੇ ਸਰਕਾਰ।
ਲਾੜੇ ਨੂੰ
ਸਾਡੇ ਤਾਂ ਵਿਹੜੇ ਪਿੱਤਲ ਪਰਾਤਾਂ,
ਸਾਡੀ ਤਾਂ ਗੌਰਾਂ ਦੀਆਂ
ਉੱਚੀਆਂ ਜਾਤਾਂ
ਤੇਰੀ ਤਾਂ ਜਾਤ ਕੋਈ ਨਹੀਂ,
ਨਹੀਂ ਵੇ ਸ਼ਿਵ ਜੀ ਤੇਰੀ ਤਾਂ
ਜਾਤ ਕੋਈ ਨਹੀਂ।
ਕਾਮਨ ਪਾਨੀਆਂ ਊੜੀਏ ਤੇ ਘੂੜੇ
ਸਾਲੀਆਂ ਮੰਗਦੀਆਂ ਰਾਂਗਲੇ ਚੂੜੇ
ਤੂੰ ਦੇ ਦੇ ਕਨਈਆ ਰਾਂਗਲੇ ਚੂੜੇ
ਸਿੱਠਣੀਆਂ ਦੀ ਪੰਡ ਬੰਨ੍ਹ ਦਿਆਂ ਜੀਜਾ
ਬੇ ਕੋਈ ਦੋਹਿਆਂ ਨਾਲ ਭਰ ਦਿਆਂ ਖੂਹ
ਤੂੰ ਬੀ ਕੋਈ ਦੋਹਾ ਜੋੜ ਲੈ
ਨਹੀਂ ਤਾਂ ਛੱਡ ਜਾ ਪਿੰਡ ਦੀ
ਬੇ ਸੁਣਦਿਆਂ ਕੰਨ ਕਰੀਂ ਬੇ-ਜੂਹ
ਅਸਾਂ ਨੇ ਕੀ ਕਰਨੇ,
ਪੱਤਰਾਂ ਬਾਝ ਕਰੇਲੇ,
ਲਾੜਾ ਸਾਡੇ ਵੱਲ ਇੰਜ ਵੇਖੇ
ਜਿਉਂ ਚਾਮ-ਚੜਿੱਕ ਦੇ ਡੇਲੇ।
ਅਸਾਂ ਨੇ ਕੀ ਕਰਨੇ
ਬੇ-ਬਹਾਰੇ ਕੱਦੂ।
ਲਾੜਾ ਬੈਠਾ ਐਂ ਜਾਪੇ,
ਜਿਉਂ ਛੱਪੜ ਕੰਢੇ ਡੱਡੂ।
ਵਾਹ ਵਾਹ ਨੀਂ ਚਰਖਾ ਧਮਕਦਾ,
ਵਾਹ ਵਾਹ ਨੀਂ ਚਰਖ ਧਮਕਦਾ
ਹੋਰ ਤਾਂ ਜੀਜਾ ਚੰਗਾ ਭਲਾ
ਉਹਦਾ ਢਿੱਡ ਲਮਕਦਾ।
ਵਾਹ ਵਾਹ ਨੀਂ ਚਰਖੇ ਬੀੜੀਆਂ
ਵਾਹ ਵਾਹ ਨੀਂ ਚਰਖੇ ਬੀੜੀਆਂ
ਹੋਰ ਤਾਂ ਜੀਜਾ ਚੰਗਾ ਭਲਾ
ਅੱਖਾਂ ਟੀਰ ਮਟੀਰੀਆਂ।
ਕੀ ਗੱਲ ਪੁੱਛਾਂ ਲਾੜਿਆਂ ਵੇ, ਕੀ ਗੱਲ ਪੁੱਛਾਂ ਵੇ,
ਨਾ ਤੇਰੇ ਦਾੜ੍ਹੀ ਭੌਂਦੂਆ ਵੇ, ਨਾ ਤੇਰੇ ਮੁੱਛਾਂ ਵੇ।
ਬੋਕ ਦੀ ਲਾ ਲੈ ਦਾੜ੍ਹੀ, ਚੂਹੇ ਦੀਆਂ ਮੁੱਛਾਂ ਵੇ।
ਮੁੱਛਾਂ ਤਾਂ ਤੇਰੀਆਂ ਵੇ ਲਾੜਿਆ, ਜਿਉ ਬਿੱਲੀ ਦੀ ਵੇ ਪੂਛ,
ਕੈਂਚੀ ਲੈ ਕੇ ਮੁੰਨ ਦਿਆਂ, ਵੇ ਤੈਨੂੰ ਦੂਣਾ ਚੜ ਜੂ,
ਮੈਂ ਸੱਚ ਆਖਦੀ, ਵੇ ਰੂਪ।
ਜੰਞ ਨੂੰ
ਜਾਂਞੀ ਓਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ।
ਏਨ੍ਹਾਂ ਦੇ ਤੌੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ।
ਜਾਂਞੀ ਓਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ।
ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ।
ਜਾਂਞੀ ਓਸ ਪਿੰਡੋਂ ਆਏ ਜਿੱਥੇ ਟਾਲ੍ਹੀ ਵੀ ਨਾ।
ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ।
ਜਾਂਞੀਓ ਮਾਂਜੀਓ, ਕਿਹੜੇ ਵੇਲੇ ਹੋਏ ਨੇ।
ਖਾ-ਖਾ ਕੇ ਰੱਜੇ ਨਾ, ਢਿੱਡ ਨੇ ਕਿ ਟੋਏ ਨੇ।
ਨਿੱਕੇ-ਨਿੱਕੇ ਮੂੰਹ ਨੇ, ਢਿੱਡ ਨੇ ਕਿ ਖੂਹ ਨੇ।
ਖਾ ਰਹੇ ਹੋ ਤਾਂ ਉੱਠੋ ਸਹੀ।
ਜਾਂਞੀਆਂ ਨੂੰ ਖਲ ਕੁੱਟ ਦਿਓ, ਜਿਨ੍ਹਾਂ ਧੌਣ ਪੱਚੀ ਸੇਰ ਖਾਣਾ,
ਸਾਨੂੰ ਪੂਰੀਆਂ ਜੀ ਜਿਨ੍ਹਾਂ ਮੁਸ਼ਕ ਨਾਲ ਰੱਜ ਜਾਣਾ।
ਢਿੱਡ ਤਾਂ ਥੋਡਾ ਟੋਕਣਾ ਜਨੇਤੀਓ
ਅਸੀਂ ਨੌ ਮਣ ਰਿੰਨੇ ਚੌਲ
ਕੜਛਾ ਕੜਛਾ ਵੰਡ ਕੇ
ਥੋੜੀ ਅਜੇ ਨਾ ਰੱਜੀ
ਵੇ ਜਰਮਾਂ ਦਿਓ ਭੁਖੜੋ ਵੇ... ਸਤੌਲ