A Literary Voyage Through Time

ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ

ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ
ਵਿਸਾਖ ਨਾ ਜਾਈਂ ਚੰਨਾ, ਚੰਬਾ ਮੌਲਿਆ

ਜੇਠ ਨਾ ਜਾਈਂ ਚੰਨਾ, ਲੂਆਂ ਲੂੰਹਦੀਆਂ
ਹਾੜ ਨਾ ਜਾਈਂ ਚੰਨਾਂ, ਧੁੱਪਾਂ ਡਾਢੀਆਂ

ਸਾਵਣ ਨਾ ਜਾਈਂ ਚੰਨਾ, ਲੱਗੀਆਂ ਝੜੀਆਂ
ਭਾਦਰੋਂ ਨਾ ਜਾਈਂ ਚੰਨਾ, ਝੂਲੀਏ ਝੂਲਣਾ

ਅੱਸੂ ਨਾ ਜਾਈਂ ਚੰਨਾ, ਪਿਤਰ ਮਨਾਵਣੇ
ਕੱਤੇ ਨਾ ਜਾਈਂ ਚੰਨਾ, ਬਲਣ ਦੀਵਾਲੀਆਂ

ਮੱਘਰ ਨਾ ਜਾਈਂ ਚੰਨਾ, ਲੇਫ ਰੰਗਾਵਣੇ
ਪੋਹ ਨਾ ਜਾਈਂ ਚੰਨਾ, ਰਾਤਾਂ ਵੇ ਕਾਲੀਆਂ

ਮਾਘ ਨਾ ਜਾਈਂ ਚੰਨਾ, ਲੋਹੜੀ ਮਨਾਵਣੀ
ਫੱਗਣ ਨਾ ਜਾਈਂ ਚੰਨਾ, ਰੁੱਤ ਸੁਹਾਵਣੀ
ਬਾਰਾਂ ਮਹੀਨੇ ਚੰਨਾ, ਰਲ ਮਿਲ ਖੇਡੀਏ

ਉਡ ਜਾ ਚਿੜੀਏ ਨੀ, ਉਡ ਬਹਿ ਜਾ ਖਿੜਕੀ

ਉਡ ਜਾ ਚਿੜੀਏ ਨੀ, ਉਡ ਬਹਿ ਜਾ ਖਿੜਕੀ ।
ਮੇਰੀ ਅੰਬੜੀ ਬਾਝੋਂ ਨੀ, ਸਭ ਦੇਵਣ ਝਿੜਕੀ ।
ਮੇਰੇ ਬਾਬਲ ਦਿੱਤੜੀ ਦੂਰੇ
ਦੂਰੇ ਵੇ, ਸੁਣ ਧਰਮੀ ਵੀਰਾ, ਪਰਦੇਸਣ ਬੈਠੀ ਝੂਰੇ ।

ਉਡ ਜਾ ਚਿੜੀਏ ਨੀ, ਉਡ ਬਹਿ ਜਾ ਛੱਤ ਨੀ
ਮੇਰੀ ਅੰਬੜੀ ਬਾਝੋਂ ਨੀ, ਕੌਣ ਦੇਵੇ ਮੱਤ ਨੀ
ਮੇਰੇ ਬਾਬਲ ਦਿੱਤੜੀ ਦੂਰੇ,
ਦੂਰੇ ਵੇ, ਸੁਣ ਧਰਮੀ ਵੀਰਾ, ਪਰਦੇਸਣ ਬੈਠੀ ਝੂਰੇ ।

ਉਡ ਜਾ ਚਿੜੀਏ ਨੀ, ਉਡ ਬਹਿ ਜਾ ਰੇਤੇ
ਮੇਰੀ ਅੰਬੜੀ ਬਾਝੋਂ ਨੀ, ਕੌਣ ਕਰਦਾ ਚੇਤੇ ?
ਮੇਰੇ ਬਾਬਲ ਦਿੱਤੜੀ ਦੂਰੇ
ਦੂਰੇ ਵੇ, ਸੁਣ ਧਰਮੀ ਵੀਰਾ, ਪਰਦੇਸਣ ਬੈਠੀ ਝੂਰੇ ।

ਉਡ ਜਾ ਕਾਵਾਂ ਵੇ, ਤੇਰੀਆਂ ਲੰਮੀਆਂ ਛਾਵਾਂ
ਮਰਨ ਮਤਰੇਈਆਂ ਵੇ, ਜੁਗ ਜੁਗ ਜੀਵਨ ਮਾਵਾਂ
ਮੇਰੇ ਬਾਬਲ ਦਿੱਤੜੀ ਦੂਰੇ
ਦੂਰੇ ਵੇ, ਸੁਣ ਧਰਮੀ ਵੀਰਾ, ਪਰਦੇਸਣ ਬੈਠੀ ਝੂਰੇ ।

ਉਡ ਜਾ ਚਿੜੀਏ ਨੀ ਉਡ ਬਹਿ ਜਾ ਰੋੜੀ
ਮੇਰੀ ਅੰਬੜੀ ਬਾਝੋ ਨੀ, ਕੌਣ ਭੇਜੇ ਡੋਰੀ ?
ਮੇਰੇ ਬਾਬਲ ਦਿੱਤੜੀ ਦੂਰੇ
ਦੂਰੇ ਵੇ, ਸੁਣ ਧਰਮੀ ਵੀਰਾ, ਪਰਦੇਸਣ ਬੈਠੀ ਝੂਰੇ ।

ਉਡ ਜਾ ਚਿੜੀਏ ਨੀ ਉਡ ਬਹਿ ਜਾ ਕਾਨੇ
ਮੇਰੀ ਅੰਬੜੀ ਬਾਝੋਂ ਨੀ, ਸੱਸ ਦੇਵੇ ਤਾਹਨੇ ?
ਮੇਰੇ ਬਾਬਲ ਦਿੱਤੜੀ ਦੂਰੇ
ਦੂਰੇ ਵੇ, ਸੁਣ ਧਰਮੀ ਵੀਰਾ, ਪਰਦੇਸਣ ਬੈਠੀ ਝੂਰੇ ।

ਹਰੀਏ ਨੀ ਰਸ ਭਰੀਏ ਖਜੂਰੇ

ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
ਬਾਬਲ ਮੇਰਾ ਦੇਸਾਂ ਦਾ ਰਾਜਾ,
ਓਸ ਦਿੱਤਾ ਐਡੀ ਦੂਰੇ।
ਮਾਤਾ ਮੇਰੀ ਮਹਿਲਾਂ ਦੀ ਰਾਣੀ,
ਦਾਜ ਦਿੱਤਾ ਗੱਡ ਪੂਰੇ।

ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
ਚਾਚਾ ਮੇਰਾ ਦੇਸਾਂ ਦਾ ਰਾਜਾ,
ਓਸ ਦਿੱਤਾ ਐਡੀ ਦੂਰੇ।
ਚਾਚੀ ਮੇਰੀ ਮਹਿਲਾਂ ਦੀ ਰਾਣੀ
ਦਾਜ ਦਿੱਤਾ ਗੱਡ ਪੂਰੇ।

ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
ਮਾਮਾ ਮੇਰਾ ਦੇਸਾਂ ਦਾ ਰਾਜਾ,
ਓਸ ਦਿੱਤਾ ਐਡੀ ਦੂਰੇ।
ਮਾਮੀ ਮੇਰੀ ਮਹਿਲਾਂ ਦੀ ਰਾਣੀ
ਦਾਜ ਦਿੱਤਾ ਗੱਡ ਪੂਰੇ।

ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।

ਉੱਚੜਾ ਬੁਰਜ ਲਾਹੋਰ ਦਾ

ਉੱਚੜਾ ਬੁਰਜ ਲਾਹੋਰ ਦਾ, ਵੇ ਚੀਰੇ ਵਾਲਿਆ
ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ
ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ
ਲੈਣ ਰੱਬ ਦਾ ਨਾਂ, ਵੇ ਸੱਜਣ ਮੇਰਿਆ

ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ
ਕੋਠੇ 'ਤੇ ਤਸਵੀਰ, ਵੇ ਸੱਜਣ ਮੇਰਿਆ
ਮੈਂ ਦਰਿਆ ਦੀ ਮਛਲੀ, ਵੇ ਚੀਰੇ ਵਾਲਿਆ
ਤੂੰ ਦਰਿਆ ਦਾ ਨੀਰ, ਵੇ ਸੱਜਣ ਮੇਰਿਆ

ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ
ਧੁਰ ਕੋਠੇ ਤੇ ਵਾ, ਵੇ ਜਾਨੀ ਮੇਰਿਆ
ਸ਼ੱਕਰ ਹੋਵੇ ਤਾਂ ਵੰਡੀਏ, ਵੇ ਕੰਠੇ ਵਾਲਿਆ
ਰੂਪ ਨਾ ਵੰਡਿਆ ਜਾ, ਵੇ ਜਾਨੀ ਮੇਰਿਆ
ਧਾਗਾ ਹੋਵੇ ਤਾਂ ਤੋੜੀਏ ਵੇ ਕੰਠੇ ਵਾਲਿਆ
ਪ੍ਰੀਤ ਨਾ ਤੋੜੀ ਜਾ, ਵੇ ਜਾਨੀ ਮੇਰਿਆ

ਢਲ ਗਏ ਤਰੰਗੜ ਖਿੱਤੀਆਂ, ਵੇ ਚੀਰੇ ਵਾਲਿਆ
ਹੋ ਚੱਲੀ ਏ ਪ੍ਰਭਾਤ, ਵੇ ਜਾਨੀ ਮੇਰਿਆ
ਮੈਨੂੰ ਮਿਹਣੇ ਦੇਣ ਸਹੇਲੀਆਂ, ਵੇ ਚੀਰੇ ਵਾਲਿਆ
ਮੇਰੀ ਪਰਤ ਨਾ ਪੁੱਛੀ ਬਾਤ, ਵੇ ਜਾਨੀ ਮੇਰਿਆ

ਪੀਹ ਪੀਹ ਵੇ ਮੈਂ ਭਰਦੀ ਪਰਾਤਾਂ

ਪੀਹ ਪੀਹ ਵੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਵਾਂ ਬਾਝੋਂ
ਵੇ ਕੋਈ ਪੁੱਛਦਾ ਨਾ ਬਾਤਾਂ
ਅੱਖੀਆਂ ਜਲ ਭਰ ਆਈਆਂ ਨੀਂ ਮਾਏ
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀਂ ਮਾਏ

ਇੱਕ ਰਾਤ ਵੇ ਹਨੇਰੀ
ਦੂਜਾ ਦੇਸ਼ ਵੇ ਪਰਾਇਆ
ਪੀਹ ਪੀਹ ਵੇ ਮੈਂ ਭਰਦੀ ਭੜੋਲੇ
ਆਪਣਿਆਂ ਵੀਰਾਂ ਬਾਝੋਂ
ਕੋਈ ਮੁੱਖੋਂ ਨਾ ਬੋਲੇ
ਅੱਖੀਆਂ ਜਲ ਭਰ ਆਈਆਂ ਨੀਂ ਮਾਏ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀਂ ਮਾਏ

ਸੁਣ ਊਠਾਂ ਵਾਲਿਓ ਵੇ
ਕੀ ਲੱਦ ਲਈਆਂ ਸੀ ਵਾਹੀਆਂ
ਜੇ ਤੁਸੀਂ ਨੌਕਰ ਸੀ ਜਾਣਾ
ਅਸੀਂ ਕਾਹਨੂੰ ਸੀ ਵਿਆਹੀਆਂ
ਅੱਖੀਆਂ ਜਲ ਭਰ ਆਈਆਂ ਨੀਂ ਮਾਏ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀਂ ਮਾਏ

ਉੱਚੇ ਬਹਿ ਕੇ ਵੇ ਨਰਮਾ ਕੱਤਦੀ

ਉੱਚੇ ਬਹਿ ਕੇ ਵੇ ਨਰਮਾ ਕੱਤਦੀ ਵੇ ਵੀਰਾ
ਵੇ ਮੇਰਿਆ ਹੰਸਿਆ ਵੀਰਾ
ਤੂੰ ਆ ਜਾ ਵੇ ਬਰ ਜ਼ਰੂਰੇ

ਅੱਜ ਨਾ ਆਵਾਂ ਕੱਲ੍ਹ ਨਾ ਆਵਾਂ ਬੀਬੀ
ਪਰਸੋਂ ਨੂੰ ਆਊਂਗਾ ਨੀਂ ਬਰ ਜ਼ਰੂਰੇ

ਕਿੱਥੇ ਬੰਨ੍ਹਾਂ ਨੀਂ ਨੀਲਾ ਘੋੜਾ
ਨੀਂ ਮੇਰੀਏ ਰਾਣੀਏ ਭੈਣੇ
ਕਿੱਥੇ ਟੰਗਾਂ ਨੀਂ ਤੀਰ ਕਮਾਨ

ਬਾਗੀਂ ਬੰਨ੍ਹ ਦੇ ਵੇ ਨੀਲਾ ਘੋੜਾ ਵੀਰਾ
ਵੇ ਮੇਰਿਆ ਹੰਸਿਆ ਵੀਰਾ
ਕੀਲੇ ਟੰਗ ਦੇ ਵੇ ਤੀਰ ਕਮਾਨ

ਲੰਮਾ ਵਿਹੜਾ ਵੇ ਮੰਜਾ ਡਾਹ ਲੈ ਵੀਰਾ
ਗੱਲਾਂ ਕਰੀਏ ਵੇ ਵੀਰਾ ਭੈਣ-ਭਰਾ
ਨਿਆਣੇ ਹੁੰਦਿਆਂ ਦੇ ਮਰਗੇ ਮਾਪੇ ਭੈਣੇ
ਗਲੀਆਂ ਰੁਲਦੇ ਨੀਂ ਰੰਗ ਮਜੀਠ

ਵੇ ਪਿੱਪਲਾ ਤੂ ਆਪ ਵੱਡਾ

ਵੇ ਪਿੱਪਲਾ ਤੂ ਆਪ ਵੱਡਾ, ਪਰਿਵਾਰ ਵੱਡਾ
ਪੱਤਿਆ ਨੇ ਛਹਿਬਰ ਲਾਈ ।

ਵੇ ਡਾਹਣਿਆ ਤੋਂ ਬਾਝ ਤੈਨੂੰ ਸਰਦਾ ਨਾਹੀਂ।
ਪੱਤਿਆ ਨੇ ਛਹਿਬਰ ਲਾਈ।

ਵੇ ਬਾਬਲ ਤੂ ਆਪ ਵੱਡਾ, ਪਰਿਵਾਰ ਵੱਡਾ
ਭਾਈਆਂ ਤੋ ਬਾਝ ਤੈਨੂੰ ਸਰਦਾ ਨਾਹੀਂ।

ਵੇ ਬਾਬਲ ਤੂ ਆਪ ਵੱਡਾ, ਪਰਿਵਾਰ ਵੱਡਾ
ਚਾਚਿਆ ਤੋ ਬਾਝ ਤੈਨੂੰ ਸਰਦਾ ਨਾਹੀਂ।

ਵੇ ਬਾਬਲ ਤੂ ਆਪ ਵੱਡਾ, ਪਰਿਵਾਰ ਵੱਡਾ
ਲਾਗੀਆ ਤੋ ਬਾਝ ਤੈਨੂੰ ਸਰਦਾ ਨਾਹੀਂ।

ਵੇ ਬਾਬਲ ਤੂ ਆਪ ਵੱਡਾ, ਪਰਿਵਾਰ ਵੱਡਾ
ਪੱਤਿਆ ਤੋ ਬਾਝ ਤੈਨੂੰ ਸਰਦਾ ਨਾਹੀਂ।

ਵੇ ਮੈਂ ਬਾਗ ਲਵਾਇਆ ਸੁਹਣਾ

ਵੇ ਮੈਂ ਬਾਗ ਲਵਾਇਆ ਸੁਹਣਾ,
ਵੇ ਤੂੰ ਫੁੱਲਾਂ ਦੇ ਪੱਜ ਆ
ਮੇਰਿਆ ਗੋਰਖ ਨਾਥਾ ਪੂਰਨਾ ।

ਨੀਂ ਮੈਂ ਤੇਰੇ ਬਾਗੀਂ ਨਾ ਆਵਾਂ
ਤੂੰ ਤਾਂ ਲੱਗੇਂ ਧਰਮ ਦੀ ਮਾਂ,
ਮੇਰੀਏ ਅਕਲਾਂ ਸਮਝ ਸਿਆਣੀਏ।

ਵੇ ਮੈਂ ਨਾ ਜੰਮਿਆ ਨਾ ਪਾਲਿਆ
ਮੈਂ ਕਿਸ ਬਿਧ ਤੇਰੀ ਮਾਂ ?
ਮੇਰਿਆ ਗੋਰਖ ਨਾਥਾ ਪੂਰਨਾ।

ਨੀ ਤੂੰ ਮੇਰੇ ਬਾਪ ਦੀ ਇਸਤਰੀ,
ਇਸ ਬਿਧ ਧਰਮ ਦੀ ਮਾਂ
ਮੇਰੀਏ ਅਕਲਾਂ ਸਮਝ ਸਿਆਣੀਏ।

ਕਿੱਕਰੇ ਨੀ ਕੰਡਿਆਲੀਏ

ਕਿੱਕਰੇ ਨੀ ਕੰਡਿਆਲੀਏ,
ਕੀਹਨੇ ਤੋੜੇ ਤੇਰੇ ਟਾਹਲੇ,
ਨੀ ਹਰਿਆਂ ਨੀ ਪੱਤਾਂ ਵਾਲੇ।

ਏਨ੍ਹੀ ਏਨ੍ਹੀ ਰਾਹੀਂ ਰਾਜਾ ਲੰਘਿਆ,
ਓਹਨੇ ਤੋੜੇ ਮੇਰੇ ਟਾਹਲੇ,
ਨੀ ਹਰਿਆਂ ਨੀ ਪੱਤਾਂ ਵਾਲੇ।

ਕੀਹਨੇ ਉਸਾਰੀਆਂ ਮਹਿਲ ਤੇ ਮਾੜੀਆਂ

ਕੀਹਨੇ ਉਸਾਰੀਆਂ ਮਹਿਲ ਤੇ ਮਾੜੀਆਂ,
ਕੀਹਨੇ ਚਮਕਾਇਆ ਬੂਹਾ ਬਾਰ,
ਨੀ ਸ਼ਰੀਹਾਂ ਦੇ ਪੱਤੇ ਹਰੇ।

ਬਾਬਲ ਉਸਾਰੀਆਂ ਮਹਿਲ ਤੇ ਮਾੜੀਆਂ,
ਅੰਮੜੀ ਨੇ ਚਮਕਾਏ ਬੂਹੇ ਬਾਰ,
ਨੀ ਸ਼ਰੀਹਾਂ ਦੇ ਪੱਤੇ ਹਰੇ।

ਕੀਹਨੇ ਉਸਾਰੀਆਂ ਉਹ ਉੱਚੀਆਂ ਬਾਰੀਆਂ,
ਕੀਹਨੇ ਲਿਖੇ ਤਿੱਤਰ ਮੋਰ,
ਨੀ ਸ਼ਰੀਹਾਂ ਦੇ ਪੱਤੇ ਹਰੇ।

ਵੀਰਨ ਉਸਾਰੀਆਂ ਉੱਚੀਆਂ ਬਾਰੀਆਂ,
ਭਾਬੋ ਨੇ ਲਿਖੇ ਤਿੱਤਰ ਮੋਰ,
ਨੀ ਸ਼ਰੀਹਾਂ ਦੇ ਪੱਤੇ ਹਰੇ।

ਕੌਣ ਸੁੱਤਾ ਚੜ੍ਹ ਉੱਚੀਆਂ ਬਾਰੀਆਂ,
ਕੌਣ ਝੋਲੇ ਠੰਡੀ ਹਵਾ,
ਨੀ ਸ਼ਰੀਹਾਂ ਦੇ ਪੱਤੇ ਹਰੇ।

ਉੱਚੇ ਚੜ੍ਹ ਸੁੱਤਾ ਸ੍ਰੀ ਰਾਮ ਕ੍ਰਿਸ਼ਨ,
ਰੁਕਮਣੀ ਝੋਲੇ ਠੰਡੀ ਹਵਾ,
ਨੀ ਸ਼ਰੀਹਾਂ ਦੇ ਪੱਤੇ ਹਰੇ।

ਸੁੰਦਰ ਮੁੰਦਰੀਏ ਹੋ

ਸੁੰਦਰ ਮੁੰਦਰੀਏ ਹੋ
ਤੇਰਾ ਕੋਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਦੀ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦੇ ਬੋਝੇ ਪਾਈ ਹੋ
ਕੁੜੀ ਦਾ ਲਾਲ ਪਟਾਕਾ ਹੋ
ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੌਣ ਸਮੇਟੇ ਹੋ
ਚਾਚਾ ਗਾਲੀ ਦੇਸੇ ਹੋ
ਚਾਚੀ ਚੂਰੀ ਕੁੱਟੀ ਹੋ
ਜ਼ੋਰਾਵਰਾਂ ਨੇ ਲੁੱਟੀ ਹੋ
ਜਿਮੀਦਾਰ ਸਦਾਓ ਹੋ
ਗਿਣ ਗਿਣ ਪੌਲੇ ਲਾਓ ਹੋ
ਇਕ ਪੌਲਾ ਘੁਸ ਗਿਆ ਹੋ
ਜਿਮੀਦਾਰ ਵਹੁਟੀ ਲੈ ਕੇ ਨੱਸ ਗਿਆ ਹੋ
ਹੋ ਹੋ ਹੋ ਹੋ ਹੋ ਹੋ ਹੋ ਹੋ

ਪਿੱਪਲ ਦਿਆ ਪੱਤਿਆ ਵੇ ਕੇਹੀ ਖੜ ਖੜ ਲਾਈ ਆ

ਪਿੱਪਲ ਦਿਆ ਪੱਤਿਆ ਵੇ ਕੇਹੀ ਖੜ ਖੜ ਲਾਈ ਆ
ਪੱਤ ਝੜੇ ਪੁਰਾਣੇ ਰੁੱਤ ਨਵਿਆਂ ਦੀ ਆਈ ਆ

ਪਿੱਪਲ ਦਿਆ ਪੱਤਿਆ ਵੇ ਕੇਹੀ ਛੋਡੀ ਲਾਲੀ ਆ
ਅਹਿਲ ਜਵਾਨੀ ਢੋਲਾ ਅਸੀਂ ਪੇਕੇ ਗਾਲੀ ਆ

ਪਿੱਪਲ ਦਿਆ ਪੱਤਿਆ ਵੇ ਕੇਹੀ ਛਾਂ ਕੀਤੀ ਆ
ਉਮਰ ਬਸੰਤੀ ਚੰਨਾ ਸਾਡੀ ਐਵੇਂ ਬੀਤੀ ਆ

ਪਿੱਪਲ ਦਿਆ ਪੱਤਿਆ ਵੇ ਕੇਹੀਆਂ ਛਡੀਆਂ ਲਗਰਾਂ ਨੀ
ਢੋਲ ਪਰਦੇਸੀ ਸਈਓ ਕੌਣ ਲਿਆਵੇ ਖ਼ਬਰਾਂ ਨੀ

ਪਿੱਪਲ ਦਿਆ ਪੱਤਿਆ ਤੇਰੇ ਪੱਤ ਨੀ ਸਾਵੇ ਵੇ
ਨਿਤ ਕੁਰਲਾਵਾਂ ਬੀਬਾ, ਮੈਂ ਤੇਰੇ ਹਾਵੇ ਵੇ

ਦੁੱਧ ਕੜ੍ਹੇ ਮਲਾਈਆਂ ਜੋਰ ਮਾਹੀਆ

ਦੁੱਧ ਕੜ੍ਹੇ ਮਲਾਈਆਂ ਜੋਰ ਮਾਹੀਆ
ਸੱਸ ਲੜੇ ਪੁੱਤਾਂ ਦੇ ਜੋਰ ਮਾਹੀਆ
ਮੈਂ ਵੀ ਵਸਾਂ ਪਿੱਛੇ ਦੇ ਜੋਰ ਮਾਹੀਆ
ਟੁੱਟ ਜਾਣ ਕੰਨਾਂ ਦੀਆਂ ਵਾਲੀਆਂ
ਮਰ ਜਾਣ ਸਿਖਾਲਣ ਵਾਲੀਆਂ
ਟੁੱਟ ਜਾਏ ਗਲੀ ਦੀ ਗਾਨੀ
ਘਰ ਆਏ ਦਿਲਾਂ ਦਾ ਜਾਨੀ
ਮੈਂ ਘੋਲ ਪਤਾਸੇ ਪੀਨੀ ਆਂ
ਮੈਂ ਮਾਹੀਏ ਬਿਨਾਂ ਨਾ ਜੀਨੀ ਆਂ

ਦੁੱਧ ਕੜ੍ਹੇ ਮਲਾਈਆਂ ਜੋਰ ਮਾਹੀਆ
ਨਣਦ ਲੜੇ ਵੀਰਾਂ ਦੇ ਜੋਰ ਮਾਹੀਆ
ਮੈਂ ਵੀ ਵਸਾਂ ਪਿੱਛੇ ਦੇ ਜੋਰ ਮਾਹੀਆ
ਟੁੱਟ ਜਾਣ ਕੰਨਾਂ ਦੀਆਂ ਵਾਲੀਆਂ
ਮਰ ਜਾਣ ਸਿਖਾਲਣ ਵਾਲੀਆਂ
ਟੁੱਟ ਜਾਏ ਗਲੀ ਦੀ ਗਾਨੀ
ਘਰ ਆਏ ਦਿਲਾਂ ਦਾ ਜਾਨੀ
ਮੈਂ ਘੋਲ ਪਤਾਸੇ ਪੀਨੀ ਆਂ
ਮੈਂ ਮਾਹੀਏ ਬਿਨਾਂ ਨਾ ਜੀਨੀ ਆਂ

ਕਣਕਾਂ ਤੇ ਛੋਲਿਆਂ ਦਾ ਖੇਤ

ਕਣਕਾਂ ਤੇ ਛੋਲਿਆਂ ਦਾ ਖੇਤ,
ਹੌਲੀ ਹੌਲੀ ਨਿੱਸਰੇਗਾ ।
ਬਾਬਲ ਧਰਮੀ ਦਾ ਦੇਸ਼,
ਹੌਲੀ ਹੌਲੀ ਵਿੱਸਰੇਗਾ ।
ਮਾਏ ਐਡੇ ਬੋਲ ਨਾ ਬੋਲ,
ਅਸੀਂ ਤੇਰੇ ਨਾ ਆਵਾਂਗੇ ।
ਬਾਬਲ ਧਰਮੀ ਦਾ ਦੇਸ਼,
ਕਦੀ ਫੇਰਾ ਪਾ ਜਾਵਾਂਗੇ ।

ਕਣਕਾਂ ਤੇ ਛੋਲਿਆਂ ਦਾ ਖੇਤ,
ਹੌਲੀ ਹੌਲੀ ਨਿੱਸਰੇਗਾ ।
ਮਾਮੇ ਧਰਮੀ ਦਾ ਦੇਸ਼,
ਹੌਲੀ ਹੌਲੀ ਵਿੱਸਰੇਗਾ ।
ਮਾਮੇ ਐਡੇ ਬੋਲ ਨਾ ਬੋਲ,
ਅਸੀਂ ਤੇਰੇ ਨਾ ਆਵਾਂਗੇ ।
ਮਾਮੇ ਧਰਮੀ ਦਾ ਦੇਸ਼,
ਕਦੀ ਫੇਰਾ ਪਾ ਜਾਵਾਂਗੇ ।

ਕਣਕਾਂ ਤੇ ਛੋਲਿਆਂ ਦਾ ਖੇਤ,
ਹੌਲੀ ਹੌਲੀ ਨਿੱਸਰੇਗਾ ।
ਵੀਰੇ ਧਰਮੀ ਦਾ ਦੇਸ਼,
ਹੌਲੀ ਹੌਲੀ ਵਿੱਸਰੇਗਾ ।
ਭਾਬੋ ਐਡੇ ਬੋਲ ਨਾ ਬੋਲ,
ਅਸੀਂ ਤੇਰੇ ਨਾ ਆਵਾਂਗੇ ।
ਵੀਰੇ ਧਰਮੀ ਦਾ ਦੇਸ਼,
ਕਦੀ ਫੇਰਾ ਪਾ ਜਾਵਾਂਗੇ ।

ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ

ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣੇ ਮੇਰੀਏ ਨੀ
ਮੇਰੇ ਸਾਥੀ ਲੰਘ ਗਏ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ ।

ਸਾਥੀਆਂ ਤੇਰਿਆਂ ਨੂੰ ਬਾਹੋਂ ਫੜਾਂ ਵੇ
ਤੈਨੂੰ ਪਾ ਲਵਾਂ ਘੇਰਾ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣਾਂ ਮੇਰੀਏ ਨੀ
ਮੇਰੇ ਸਾਥੀ ਲੰਘ ਗਏ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ ।

ਸਾਥੀਆਂ ਤੇਰਿਆਂ ਨੂੰ ਮੰਜਾ ਪੀੜ੍ਹੀ ਵੇ
ਤੈਨੂੰ ਰਤੜਾ ਪਲੰਘ ਨਮਾਰ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣੇ ਮੇਰੀਏ ਨੀ
ਮੇਰੇ ਸਾਥੀ ਲੰਘ ਗਏ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ ।

ਸਾਥੀਆਂ ਤੇਰਿਆਂ ਨੂੰ ਚੌਲ ਪੂਰਾਂ ਵੇ
ਤੈਨੂੰ ਪੂਰੀ ਪਰਸ਼ਾਦ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣੇ ਮੇਰੀਏ ਨੀ
ਸੱਸ ਤੇਰੀ ਨੂੰ ਤਿਉਰ
ਮੇਰੀ ਭੈਣ ਫੇਰ ਮਿਲਾਂਗੇ ਨੀ ।

ਤਿਉਰ ਮੈਂ ਆਪਣੇ ਕੋਲੋਂ ਜੋੜਾਂ ਵੇ
ਕੋਠੀ ਤੇਰਾ ਪਾ ਦਿਆਂ ਨਾਂ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣੇ ਮੇਰੀਏ ਨੀ
ਤੋਰੀ ਭਾਬੋ ਲੜੂ ਮੇਰੇ ਨਾਲ
ਮੇਰੀ ਭੈਣ ਫੇਰ ਮਿਲਾਂਗੇ ਨੀ ।

ਭਾਬੋ ਨੂੰ ਨਾ ਦੱਸੀਂ ਮੇਰੇ ਵੀਰਨਾ
ਵੇ ਆਪਣੇ ਦੋਹਾਂ ਦਾ ਪਿਆਰ
ਮੇਰਾ ਵੀਰ ਮਿਲਕੇ ਜਾਣਾ ਵੇ ।

ਦੀਵਾ ਬਲੇ ਸਾਰੀ ਰਾਤ

ਦੀਵਾ ਬਲੇ ਸਾਰੀ ਰਾਤ
ਮੇਰਿਆ ਜ਼ਾਲਮਾ
ਦੀਵਾ ਬਲੇ ਸਾਰੀ ਰਾਤ
ਬੱਤੀਆਂ ਬਟਾ ਰਖਦੀ
ਮੇਰਿਆ ਜ਼ਾਲਮਾ
ਦੀਵਾ ਬਲੇ ਸਾਰੀ ਰਾਤ ।

ਆਵੇਗਾ ਤਾਂ ਪੁਛ ਲਵਾਂਗੀ
ਮੇਰਿਆ ਜ਼ਾਲਮਾ
ਕਿਥੇ ਗੁਜ਼ਾਰੀ ਸਾਰੀ ਰਾਤ
ਬੱਤੀਆਂ ਬਟਾ ਰਖਦੀ
ਮੇਰਿਆ ਜ਼ਾਲਮਾ
ਦੀਵਾ ਬਲੇ ਸਾਰੀ ਰਾਤ ।

ਆਵੇਗਾ ਤੇ ਬੁਝ ਲਵਾਂਗੀ
ਮੇਰਿਆ ਜ਼ਾਲਮਾ
ਕਿਥੇ ਗੁਜ਼ਾਰੀ ਸਾਰੀ ਰਾਤ
ਬੱਤੀਆਂ ਬਟਾ ਰਖਦੀ
ਮੇਰਿਆ ਜ਼ਾਲਮਾ
ਦੀਵਾ ਬਲੇ ਸਾਰੀ ਰਾਤ ।

ਉੱਡਦਾ ਵੇ ਜਾਵੀਂ ਕਾਵਾਂ

ਉੱਡਦਾ ਵੇ ਜਾਵੀਂ ਕਾਵਾਂ
ਬਹਿੰਦਾ ਜਾਵੀਂ ਵੇ
ਬਹਿੰਦਾ ਤੇ ਜਾਵੀਂ ਮੇਰੇ ਪੇਕੜੇ ।

ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ
ਰੋਊਗੀ ਅੜਿਆ ਮੇਰੀਆਂ ਗੁਡੀਆਂ ਫੋਲ ਕੇ ।

ਇੱਕ ਨਾ ਦੱਸੀਂ ਮੇਰੇ ਬਾਪ ਰਾਜੇ ਨੂੰ
ਰੋਊਗਾ ਅੜਿਆ ਭਰੀ ਕਚਹਿਰੀ ਛੋੜ ਕੇ ।

ਇੱਕ ਨਾ ਦੱਸੀਂ ਮੇਰੀ ਮਿੱਠੜੀ ਭੈਣ ਨੂੰ
ਰੋਊਗੀ ਅੜਿਆ ਤ੍ਰਿੰਞਣ ਛੋੜ ਕੇ ।

ਇੱਕ ਨਾ ਦੱਸੀਂ ਮੇਰੀ ਭਾਬੋ ਰਾਣੀ ਨੂੰ
ਹੱਸੂਗੀ ਅੜਿਆ ਉਹ ਪੇਕੇ ਜਾ ਕੇ ।

ਦੱਸੀਂ ਵੇ ਕਾਵਾਂ ਦੱਸੀਂ ਵੀਰ ਮੇਰੇ ਨੂੰ
ਆਊਗਾ ਅੜਿਆ ਨੀਲਾ ਘੋੜਾ ਪੀੜ ਕੇ ।

ਉੱਡਦਾ ਵੇ ਜਾਵੀਂ ਕਾਵਾਂ
ਬਹਿੰਦਾ ਜਾਵੀਂ ਵੇ
ਬਹਿੰਦਾ ਤੇ ਜਾਵੀਂ ਮੇਰੇ ਪੇਕੜੇ ।

ਮਾਏ ਪੀਹੜੀ ਬੈਠੀਏ ਨੀ

ਮਾਏ ਪੀਹੜੀ ਬੈਠੀਏ ਨੀ
ਧੀਆਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ ।

ਬਾਬਲ ਕੁਰਸੀ ਬੈਠਿਆ ਵੇ
ਧੀਆਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ ।

ਸੁਣ ਵੇ ਵੀਰਾ ਰਾਜਿਆ
ਭੈਣਾਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ ।

ਪੰਜ ਸੇਰ ਪਿੰਨੀਆਂ ਪਾ ਕੇ, ਮਾਏ ਮੇਰੀਏ
ਵੀਰ ਮੇਰੇ ਨੂੰ ਭੇਜ, ਸਾਵਣ ਆਇਆ ।

ਉੱਚੜੇ ਉੱਚੜੇ ਚੌਂਤੜੇ ਚੜ੍ਹ
ਖੜੀ ਉਡੀਕਾਂ ਰਾਹ, ਸਾਵਣ ਆਇਆ ।

ਕੋਠੇ ਤਾਂ ਚੜ੍ਹ ਕੇ ਕੂਕਦੀ
ਵੇ ਨੀਵੇਂ ਥਾਂ ਖੜਕੇ ਰੋਂਦੀ
ਵੇ ਕਿਤੇ ਦਿਸ ਨਾ ਆਉਂਦਾ
ਬਾਬਲ ਤੇਰਾ ਦੇਸ, ਸਾਵਣ ਆਇਆ ।

ਕੋਠੇ ਤਾਂ ਚੜ੍ਹ ਕੇ ਵੇਖਦੀ
ਨੀ ਮੇਰੀਏ ਰਾਣੀਏਂ ਮਾਂ
ਕੋਈ ਭੌਂ ਵਿੱਚ ਆਉਂਦਾ ਦੂਰ, ਸਾਵਣ ਆਇਆ ।

ਆਉਂਦਾ ਨੀ ਮਾਏ ਆਉਂਦਾ
ਕੋਈ ਵੀਰ ਚੜ੍ਹਿਆ ਸਰਦਾਰ
ਕਿੱਥੇ ਤਾਂ ਰੱਖਾਂ ਗੱਠੜੀ ਨੀ ਰਾਣੀਏਂ ਮਾਂ
ਕਿੱਥੇ ਉਤਾਰਾਂ ਵੀਰ, ਸਾਵਣ ਆਇਆ ।

ਕਿੱਲੀ ਤਾਂ ਟੰਗਾਂ ਗੱਠੜੀ ਮੇਰੀਏ ਰਾਣੀਏਂ ਮਾਂ
ਕੋਈ ਮਹਿਲੀਂ ਉਤਾਰਾਂ ਵੀਰ, ਸਾਵਣ ਆਇਆ ।

ਹੱਸ ਹੱਸ ਖੋਲ੍ਹਾਂ ਗੱਠੜੀ ਮੇਰੀ ਰਾਣੀਏਂ ਮਾਂ
ਕੋਈ ਰੋ ਰੋ ਪੁਛਦੀ ਬਾਤ, ਸਾਵਣ ਆਇਆ ।

ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ

ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
ਕੋਈ ਕਰ ਦੀਆਂ ਗਲੋੜੀਆਂ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।

ਮਾਵਾਂ ਤੇ ਧੀਆਂ ਦੀ ਦੋਸਤੀ ਨੀ ਮਾਏ
ਕੋਈ ਟੁੱਟਦੀ ਏ ਕਹਿਰਾਂ ਦੇ ਨਾਲ
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ ।

ਦੂਰੋਂ ਤੇ ਆਈ ਸਾਂ ਚੱਲ ਕੇ ਨੀ ਮਾਏ
ਤੇਰੇ ਦਰ ਵਿੱਚ ਰਹੀਆਂ ਖਲੋ
ਭਾਬੀਆਂ ਨੇ ਪੁੱਛਿਆ ਈ ਸੁਖ ਸੁਨੇਹਾ
ਵੀਰਾਂ ਨੇ ਦਿੱਤਾ ਪਿਆਰ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।

ਚੋਲੀ ਨੂੰ ਆਈਆਂ ਨੀ ਅਰਕਾਂ ਨੀ ਮਾਏ
ਮੇਰੇ ਸਾਲੂ ਨੂੰ ਆਇਆ ਲੰਗਾਰ
ਅੱਗੇ ਤੇ ਮਿਲਦੀ ਸੈਂ ਨਿੱਤ ਨੀ ਮਾਏ
ਹੁਣ ਦਿੱਤਾ ਈ ਕਾਹਨੂੰ ਵਿਸਾਰ
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ ।

ਕੋਠੇ ਤੇ ਚੜ੍ਹ ਕੇ ਵੇਖਦੀ ਨੀ ਮਾਏ
ਕੋਈ ਵੇਖਦੀ ਵੀਰੇ ਦਾ ਰਾਹ
ਦੂਰੋਂ ਤੇ ਵੇਖਾਂ ਮੇਰਾ ਵੀਰ ਪਿਆ ਆਏ
ਮੇਰੇ ਆਇਆ ਸਾਹ ਵਿੱਚ ਸਾਹ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।

ਜਿੰਦ ਨਿਮਾਣੀ ਮਾਏ ਹੌਕੇ ਭਰਦੀ
ਤੇਰੇ ਬਿਨਾ ਮੇਰਾ ਕੋਈ ਨਾ ਦਰਦੀ
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ ।

ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
ਕੋਈ ਕਰ ਦੀਆਂ ਗਲੋੜੀਆਂ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।

ਬੂਹੇ ਤੇ ਬਹਿਨੀਆਂ ਆਥਣੇ ਨੀ ਮਾਏ
ਮੈਂ ਲਵਾਂ ਭਰਾਵਾਂ ਦਾ ਨਾਂ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।

ਕਿਸੇ ਗੁਆਂਢਣ ਨੇ ਆਖਿਆ ਨੀ ਮਾਏ
ਤੇਰਾ ਆਇਆ ਈ ਪਿਉ ਭਰਾ
ਮਨ ਵਿੱਚ ਹੋਈਆਂ ਨੇ ਸ਼ਾਦੀਆਂ ਨੀ ਮਾਏ
ਮੇਰੇ ਵਿਹੜੇ ਨੂੰ ਲੱਗਾ ਏ ਚਾਅ
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ ।

ਭਾਬੀਆਂ ਅੰਗ ਸਹੇਲੀਆਂ ਨੀ ਮਾਏ
ਮੇਰੇ ਵੀਰਾਂ ਦੀ ਠੰਢੜੀ ਛਾਂ
ਭਾਬੀਆਂ ਮਾਰਨ ਜੰਦਰੇ ਨੀ ਮਾਏ
ਮੇਰਾ ਹੁਣ ਕੋਈ ਦਾਅਵਾ ਵੀ ਨਾ
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ ।

ਮਿੱਟੀ ਦਾ ਬੁੱਤ ਮੈਂ ਬਣਾਨੀਆਂ ਨੀ ਮਾਏ
ਉਹਦੇ ਗਲ ਲੱਗ ਕੇ ਰੋ ਨੀ ਲਾਂ
ਮਿੱਟੀ ਦਾ ਬੁੱਤ ਨਾ ਬੋਲਦਾ ਨੀ ਮਾਏ
ਮੈਂ ਰੋ ਰੋ ਹਾਲ ਗੰਵਾ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।

ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
ਕੋਈ ਕਰ ਦੀਆਂ ਗਲੋੜੀਆਂ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।

ਹਾਏ ਉਹ ਮੇਰੇ ਡਾਢਿਆ ਰੱਬਾ

ਮਧਾਣੀਆਂ
ਹਾਏ ਉਹ ਮੇਰੇ ਡਾਢਿਆ ਰੱਬਾ
ਕਿਹਨਾ ਜੰਮੀਆਂ ਕਿਹਨਾਂ ਨੇ ਲੈ ਜਾਣੀਆਂ

ਛੋਲੇ
ਬਾਬੁਲ ਤੇਰੇ ਮਹਿਲਾਂਵਿਚੋਂ
ਸੱਤਰੰਗੀਆ ਕਬੂਤਰ ਬੋਲੇ

ਛੋਈ
ਬਾਬੁਲ ਤੇਰੇ ਮਹਿਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ

ਫੀਤਾ
ਇਹਨਾਂ ਸਕੀਆਂ ਭਾਬੀਆਂ ਨੇ
ਡੋਲਾ ਤੋਰ ਕੇ ਕੱਚਾ ਦੁੱਧ ਪੀਤਾ

ਫੀਤਾ
ਮੇਰੇ ਆਪਣੇ ਵੀਰਾਂ ਨੇ
ਡੋਲਾ ਤੋਰ ਕੇ ਅਗਾਂਹ ਨੂੰ ਕੀਤਾ

ਕਲੀਆਂ
ਮਾਵਾਂ ਧੀਆਂ ਮਿਲਣ ਲਗੀਆਂ
ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ

ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ

ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ

ਕੋਠੇ ਤੇ ਪਿਰ-ਕੋਠੜਾ ਮਾਹੀ ਕੋਠੇ ਸੁਕਦਾ ਘਾਹ ਭਲਾ
ਆਸ਼ਕਾਂ ਜੋੜੀਆਂ ਪੌੜੀਆਂ ਤੇ ਮਾਸ਼ੂਕਾਂ ਜੋੜੇ ਰਾਹ ਭਲਾ

ਕੋਠੇ ਤੇ ਪਿਰ-ਕੋਠੜਾ ਮਾਹੀ ਕੋਠੇ ਸੁਕਦੀ ਰੇਤ ਭਲਾ
ਅਸਾਂ ਗੁੰਦਾਈਆਂ ਮੇਂਢੀਆਂ ਤੂੰ ਕਿਸੇ ਬਹਾਨੇ ਵੇਖ ਜ਼ਰਾ

ਕੋਠੇ ਤੇ ਪਿਰ-ਕੋਠੜਾ ਮਾਹੀ ਕੋਠੇ ਤੇ ਤੰਨੂਰ ਭਲਾ
ਪਹਿਲੀ ਰੋਟੀ ਤੂੰ ਖਾਵੇਂ ਤੈਂਡੇ ਸਾਥੀ ਨੱਸ ਗਏ ਦੂਰ ਭਲਾ

ਕੋਠੇ ਤੇ ਪਿਰ-ਕੋਠੜਾ ਚੰਨ ਕੋਠੇ ਤੇ ਤੰਦੂਰ ਭਲਾ
ਹਸਦਿਆਂ ਹਸਦਿਆਂ ਕਰ ਗਿਉਂ ਕਿਉਂ ਦਿਲ ਨੂੰ ਚਕਨਾਚੂਰ ਭਲਾ

ਕੋਠੇ ਤੇ ਪਿਰ-ਕੋਠੜਾ ਮਾਹੀ ਓਥੇ ਬੈਠਾ ਕਾਂ ਭਲਾ
ਤੂੰ ਤੇ ਮੈਂਕੂੰ ਭੁਲ ਗਿਐਂ ਮੈਂ ਤੇ ਅਜੇ ਵੀ ਤੇਰੀ ਹਾਂ ਭਲਾ

ਕੋਠੇ ਤੇ ਪਿਰ-ਕੋਠੜਾ ਮਾਹੀ ਕੋਠੇ ਸੁਕਦੀਆਂ ਤੋਰੀਆਂ
ਕੱਲਿਆਂ ਰਾਤਾਂ ਜਾਗ ਕੇ ਮੈਂ ਨੱਪੀਆਂ ਤੇਰੀਆਂ ਚੋਰੀਆਂ

ਕੋਠੇ ਤੇ ਪਿਰ-ਕੋਠੜਾ ਮਾਹੀ ਕੋਠੇ ਦੇ ਵਿੱਚ ਬਾਰੀਆਂ
ਹੁਣ ਤਾਂ ਵਾਪਿਸ ਆ ਮਾਹੀ ਤੂੰ ਜਿੱਤਿਆ ਤੇ ਮੈਂ ਹਾਰੀਆਂ

(ਅਈ=ਹਈ,ਹੈ, ਮੈਂਡਾ=ਮੇਰਾ, ਪਿਰ-ਕੋਠੜਾ= ਪਰ-ਕੋਠੜਾ, ਤੰਨੂਰ=ਤੰਦੂਰ, ਮੈਕੂੰ=ਮੈਨੂੰ)

ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ

ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ ।
ਰਵ੍ਹਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਂ ।

ਮੇਰੀ ਡੋਲੀ ਨੂੰ ਤੋਰ ਛਿਪਾ ਕੇ ਨੀ ਮਾਂ,
ਧੀਆਂ ਕੱਢਣ ਘਰੋਂ ਹੱਥੀਂ ਮਾਪੇ ਨੀ ਮਾਂ ।

ਮੇਰੀ ਡੋਲੀ ਨੂੰ ਰੱਜ ਕੇ ਵੇਖ ਨੀ ਮਾਂ,
ਮੈਂ ਚਲੀ ਬਿਗਾਨੜੇ ਦੇਸ ਨੀ ਮਾਂ ।

ਮੇਰੀ ਡੋਲੀ ਨੂੰ ਰੱਤੜੇ ਹੀਰੇ ਨੀ ਮਾਂ,
ਮੈਨੂੰ ਵਿਦਾ ਕਰਨ ਸਕੇ ਵੀਰੇ ਨੀ ਮਾਂ ।

ਮੇਰੀ ਡੋਲੀ ਨੂੰ ਲੱਗੜੇ ਲਾਚੇ ਨੀ ਮਾਂ,
ਮੈਨੂੰ ਵਿਦਾ ਕਰਨ ਸਕੇ ਚਾਚੇ ਨੀ ਮਾਂ ।

ਮੇਰੀ ਡੋਲੀ ਨੂੰ ਚੁਕਦੇ ਕਾਮੇ ਨੀ ਮਾਂ,
ਮੈਨੂੰ ਵਿਦਾ ਕਰਨ ਸਕੇ ਮਾਮੇ ਨੀ ਮਾਂ ।

ਮੇਰੀ ਡੋਲੀ ਨੂੰ ਲੱਗੜੇ ਛਾਪੇ ਨੀ ਮਾਂ,
ਮੈਨੂੰ ਵਿਦਾ ਕਰੇਂਦੇ ਮਾਪੇ ਨੀ ਮਾਂ ।

ਵੀਣੀ ਪਤਲੀ ਵੰਗਾਂ ਮੋਕਲੀਆਂ

ਵੀਣੀ ਪਤਲੀ ਵੰਗਾਂ ਮੋਕਲੀਆਂ
ਇਹ ਵੰਗਾਂ ਮੇਰੀ ਮਾਂ ਨੇ ਚੜ੍ਹਾਈਆਂ
ਰੱਖਾਂ ਕਲੇਜੇ ਲਾ, ਵੰਗਾਂ ਮੋਕਲੀਆਂ...

ਇਹ ਵੰਗਾਂ ਮੇਰੀ ਸੱਸ ਨੇ ਚੜ੍ਹਾਈਆਂ
ਰੱਖਾਂ ਅੱਖਾਂ ਨਾਲ ਲਾ, ਵੰਗਾਂ ਮੋਕਲੀਆਂ...

ਜਾਂ

ਇਹ ਵੰਗਾਂ ਮੇਰੀ ਸੱਸ ਨੇ ਚੜ੍ਹਾਈਆਂ
ਭੰਨਾਂ ਥਮਲੇ ਦੇ ਨਾਲ, ਵੰਗਾਂ ਮੋਕਲੀਆਂ...

ਨੀ ਤੂੰ ਸੁਣ ਪੁਤਰੇ ਦੀ ਮਾਂ,
ਆਕਰੇ ਅੱਥਰੇ ਪੁਤਰੇ ਦੀ ਮਾਂ
ਆਪਣੇ ਪੁਤਰੇ ਨੂੰ ਸਮਝਾ
ਸਾਡੀ ਵੀਣੀ ਗਿਆ ਮਰੋੜ, ਵੰਗਾਂ ਮੋਕਲੀਆਂ...

ਜਾਦੂ ਮੁੱਕਰ ਗਿਆ ਮੁਕਰਾਨ
ਸਾਡੀ ਵਖਤਾਂ ਦੇ ਵਿਚ ਜਾਨ
ਪੱਲਾ ਛੁਡਾ ਕੇ ਨਿਕਲ ਗਿਆ
ਵੀਣੀ ਪਤਲੀ ਵੰਗਾਂ ਮੋਕਲੀਆਂ

ਘਿਓ ਵਿੱਚ ਮੈਦਾ ਥੋੜ੍ਹਾ ਪਿਆ

ਘਿਓ ਵਿੱਚ ਮੈਦਾ ਥੋੜ੍ਹਾ ਪਿਆ
ਸੱਸ ਮੈਨੂੰ ਗਾਲੀਆਂ ਦੇ
ਨਾ ਦੇ ਸੱਸੇ ਗਾਲੀਆਂ
ਏਥੇ ਮੇਰੇ ਕੌਣ ਸੁਣੇ

ਪਿੱਪਲੀ ਓਹਲੇ ਮੇਰੀ ਮਾਤਾ ਖੜੀ
ਰੋ-ਰੋ ਨੈਣ ਪਰੋਵੇ
ਨਾ ਰੋ ਮਾਤਾ ਮੇਰੀਏ
ਧੀਆਂ ਜੰਮੀਆਂ ਦੇ ਦਰਦ ਬੁਰੇ

ਘਿਓ ਵਿੱਚ ਮੈਦਾ ਥੋੜ੍ਹਾ ਪਿਆ
ਸੱਸ ਮੈਨੂੰ ਗਾਲੀਆਂ ਦੇ
ਨਾ ਦੇ ਸੱਸੇ ਗਾਲੀਆਂ
ਏਥੇ ਮੇਰਾ ਕੌਣ ਸੁਣੇ

ਪਿੱਪਲੀ ਓਹਲੇ ਮੇਰਾ ਬਾਪ ਖੜਾ
ਰੋ-ਰੋ ਨੈਣ ਪਰੋਵੇ
ਨਾ ਰੋ ਬਾਪੂ ਮੇਰਿਆ
ਧੀਆਂ ਜੰਮੀਆਂ ਦੇ ਦਰਦ ਬੁਰੇ

ਉਡੀਂ ਉਡੀਂ ਮੇਰੇ ਤਿਲੀਅਰ ਕਾਲੇ

ਉਡੀਂ ਉਡੀਂ ਮੇਰੇ ਤਿਲੀਅਰ ਕਾਲੇ,
ਲੰਬੀ ਲਾਈਂ ਵੇ ਉਡਾਰੀ ।
ਜਾ ਆਖੀਂ ਮੇਰੇ ਸ਼ਹੁ ਨੂੰ ਵੇ ਦੁਲ੍ਹੋ,
ਗੋਰੀ ਮਨੋਂ ਕਿਉਂ ਵਿਸਾਰੀ ।

ਨਾ ਤੁਸਾਂ ਭੇਜਿਆ ਸੁਖ ਦਾ ਸੁਨੇਹਾ,
ਨਾ ਤੁਸਾਂ ਭੇਜੀਆਂ ਚਿੱਠੀਆਂ ।
ਕੀ ਮੇਰੇ ਮਾਹੀਆ ਤੈਂ ਮਨੋ ਵੇ ਵਿਸਾਰੀ,
ਕੀ ਮੈਂ ਭਈ ਪੁਰਾਣੀ ?

ਲਿਖਣੇ ਜੋਗਾ ਕਾਗ਼ਜ਼ ਨਹੀਂਓਂ,
ਕਲਮੇ ਜੋਗ ਨਾ ਕਾਹੀ ।
ਦਿਲ ਦਾ ਟੁਕੜਾ ਮੈਂ ਕਾਗ਼ਜ਼ ਬਣਾਵਾਂ,
ਉਂਗਲੀਆਂ ਕੱਟ ਕਾਹੀ ।

ਲਿਖਣੇ ਬੈਠੀ ਕਿੰਜ ਲਿਖਾਂ ਮੈਂ,
ਕੋਲ ਨਹੀਂ ਹੈ ਸ਼ਾਹੀ ।
ਨੈਣਾਂ ਦਾ ਕੱਜਲਾ ਮੈਂ ਸ਼ਾਹੀ ਬਣਾਵਾਂ,
ਹੰਝੂਆਂ ਦਾ ਪਾਨੀਆਂ ਪਾਣੀ ।

ਢਲੇ ਪਰਛਾਵੇਂ ਚਿੱਠੀ ਵਾਚਣ ਬੈਠੀ,
ਰੋਂਦੇ ਨੈਣ ਨਿਮਾਣੇ !
ਨਾ ਰੋਵੋ ਨੈਣ ਨਿਮਾਣਿਉਂ ਵੇ,
ਕੌਣ ਦਿਲਾਂ ਦੀਆਂ ਜਾਣੇ !

ਬਾਰਾਂਮਾਹ: ਚੜ੍ਹਿਆ ਮਹੀਨਾ ਚੇਤ

ਚੜ੍ਹਿਆ ਮਹੀਨਾ ਚੇਤ ਦਿਲਾਂ ਦੇ ਭੇਤ,
ਕੋਈ ਨਹੀਂ ਜਾਣਦਾ ।
ਉਹ ਗਿਆ ਪਰਦੇਸ ਜੋ ਸਾਡੇ ਹਾਣ ਦਾ ।

ਚੜ੍ਹਿਆ ਮਹੀਨਾ ਵਸਾਖ ਅੰਬੇ ਪੱਕੀ ਦਾਖ,
ਅੰਬੇ ਰਸ ਚੋ ਪਿਆ ।
ਪੀਆ ਗਿਆ ਪਰਦੇਸ ਕਿ ਜੀਊੜਾ ਰੋ ਪਿਆ ।

ਚੜ੍ਹਿਆ ਮਹੀਨਾ ਜੇਠ ਕਿ ਜੇਠ ਪਲੇਠ
ਕਿ ਜੇਠ ਜਠਾਣੀਆਂ ।
ਪੀਆ ਵਸੇ ਪਰਦੇਸ ਕਿ ਮਨ ਨਹੀਂ ਭਾਣੀਆਂ ।

ਚੜ੍ਹਿਆ ਮਹੀਨਾ ਹਾੜ ਤਪਣ ਪਹਾੜ
ਕਿ ਬਲਣ ਅੰਗੀਠੀਆਂ ।

ਚੜ੍ਹਿਆ ਮਹੀਨਾ ਸੌਣ ਮੀਂਹ ਵਰਸੌਣ
ਉਡਣ ਭੰਬੀਰੀਆਂ ।
ਪੀਆ ਵਸੇ ਪਰਦੇਸ ਕਿ ਮਨ ਦਲਗੀਰੀਆਂ ।

ਭਾਦ੍ਹੋਂ ਕਾ ਭਦਰੱਕਾ ਮੇਰੀ ਨੱਥ ਮਾਰੇ ਝਬੱਕਾ
ਕਿ ਮੱਥੇ ਦੌਣੀਆਂ ।
ਪੀਆ ਵਸੇ ਪਰਦੇਸ ਕਿ ਮਨ ਨ ਭੌਣੀਆਂ ।

ਚੜ੍ਹਿਆ ਮਹੀਨਾ ਅੱਸੂ ਸੁਣ ਭੋਲੀਏ ਸੱਸੂ !
ਸੁਣ ਮਨ ਦੀ ਭੋਲੀਏ !
ਪੀਆ ਵਸੇ ਪਰਦੇਸ ਕਿਦ੍ਹੇ ਨਾਲ ਬੋਲੀਏ ।

ਚੜ੍ਹਿਆ ਮਹੀਨਾ ਕੱਤਕ ਮਾਹੀ ਮੇਰਾ ਅਟਕ
ਕਿ ਆਈ ਦਿਵਾਲੀ ਏ ।
ਪੀਆ ਵਸੇ ਪਰਦੇਸ ਕੀ ਦੀਵੇ ਬਾਲੀਏ ।

ਚੜ੍ਹਿਆ ਮਹੀਨਾ ਮੱਘਰ ਕੱਤਨੀਆਂ ਖੱਦਰ
ਕਿ ਲੇਫ ਰੰਗਾਨੀਆਂ ।
ਪੀਆ ਵਸੇ ਪਰਦੇਸ ਕਿ ਟੰਗਣੇ ਪਾਨੀਆਂ ।

ਚੜ੍ਹਿਆ ਮਹੀਨਾ ਪੋਹ ਹੱਥੀਂ ਪੈਰੀਂ ਖੋਹ
ਕਿ ਚੌਲ ਮੇਰੇ ਡੁਲ੍ਹ ਜਾਵਣ ।
ਨਣਦੇ ! ਘਰ ਆਵੇ ਤੇਰਾ ਵੀਰ ਸਭੇ ਦੁਖ ਭੁਲ ਜਾਵਣ ।

ਚੜ੍ਹਿਆ ਮਹੀਨਾ ਮਾਘ ਰਿੰਨ੍ਹੇਨੀਆਂ ਸਾਗ
ਹਾਂਡੀ ਪਾਣੀ ਪਾਵੀਏ ।
ਪੀਆ ਆਵੇ ਮੇਰੇ ਕੋਲ ਤਾਂ ਰਲ ਮਿਲ ਖਾਵੀਏ ।

ਚੜ੍ਹਿਆ ਮਹੀਨਾ ਫੱਗਣ ਕਿ ਵਾਵਾਂ ਵਗਣ
ਪਤਾ ਨਹੀਂ ਢੋਲ ਦਾ ।
ਪੀਆ ਵਸੇ ਪਰਦੇਸ ਕਿ ਜੀਊੜਾ ਡੋਲਦਾ ।

ਬਾਰਾਂਮਾਹ: ਇਕ ਮਾਹ, ਦੋ ਮਾਹ, ਤਿੰਨ ਚਲਦੇ ਆਏ

ਇਕ ਮਾਹ, ਦੋ ਮਾਹ, ਤਿੰਨ ਚਲਦੇ ਆਏ ।
ਵੇ ਲਾਲ, ਜੰਮੂ ਦਰਿਆ ਪੱਤਣ ਡੇਰੇ ਲਾਏ ।
ਜੰਮੂ ਦਰਿਆ ਪੱਤਣ ਭਲਾ ਟਿਕਾਣਾ,
ਜੀ ਲਾਲ. ਅਟਕਾਂ ਦਾ ਰਾਹ ਸਾਨੂੰ ਦੱਸ ਕੇ ਜਾਣਾ ।

ਚੇਤ ਦੇ ਮਹੀਨੇ ਨੌਂ ਰੱਖਾਂ ਨੁਰਾਤੇ
ਮੈਂ ਜਪਾਂ ਭਗਵਾਨ ਲਾਲ ! ਆ ਮਿਲ ਆਪੇ ।

ਵੈਸਾਖ ਪੱਕੀ ਦਾਖ ਕੱਚੀ ਇਕ ਤੋੜ ਨ ਸਕਾਂ ।
ਜੀ ਲਾਲ ਪ੍ਰਦੇਸ, ਉਸਨੂੰ ਰੱਬ ਦੀਆਂ ਰੱਖਾਂ ।

ਜੇਠ ਘੋੜਾ ਹੇਠ, ਧੁਪਾਂ ਪੈਣ ਬਲਾਈਂ ।
ਵੇ ਲਾਲ ਦਮਾਂ ਦਿਆ ਲੋਭੀਆ ! ਪਰਦੇਸ ਨ ਜਾਈਂ ।
ਮੈਂ ਕੱਤਾਂਗੀ ਨਿਕੜਾ ਤੂੰ ਬੈਠਾ ਖਾਈਂ ।
ਨਾਰਾਂ ਦੀ ਖੱਟੀ ਨੀ ਗੋਰੀਏ, ਕੁਝ ਬਰਕਤ ਨਾਹੀਂ ।
ਮਰਦਾਂ ਦੀ ਖੱਟੀ ਨੀ ਗੋਰੀਏ, ਚੂੜੇ ਛਣਕਣ ਬਾਹੀਂ ।

ਹਾੜ ਦੇ ਮਹੀਨੇ ਜੀ ਦੁਪੱਟੇ ਸੀਵਾਂ,
ਮੇਰਾ ਲਾਲ ਪਰਦੇਸ ਜੀ ਮੈਂ ਘੜੀ ਨ ਜੀਵਾਂ ।

ਸਾਵਣ ਦੇ ਮਹੀਨੇ ਜੀ ਦੋ ਕਿਣ ਮਿਣ ਕਣੀਆਂ ।
ਜੋਬਨ ਦੀਆਂ ਲਹਿਰਾਂ ਵੇ, ਸਾਨੂੰ ਮੁਸ਼ਕਲ ਬਣੀਆਂ ।

ਭਾਦੋਂ ਦੇ ਮਹੀਨੇ ਜੀ ਬੰਬੀਹਾ ਬੋਲੇ,
ਵੇ ਲਾਲ ! ਸੁੰਨੜੀ ਹੈ ਸੇਜ, ਮੇਰਾ ਜੀਊੜਾ ਡੋਲੇ ।

ਅਸੂ ਦੇ ਮਹੀਨੇ ਵੇ ਨੌਂ ਮੈਂ ਰੱਖਾਂ ਨੁਰਾਤੇ ।
ਜੀ ਲਾਲ ਵੇ ! ਸਾਨੂੰ ਕਿਵੇਂ ਆ ਮਿਲ ਆਪੇ ।

ਕੱਤਕ ਦੇ ਮਹੀਨੇ ਵੇ ਦੀਵਾਲੀ ਆਈ ।
ਜਿਨ੍ਹਾਂ ਘਰ ਲਾਲ ਤਿਨ੍ਹਾਂ ਧਰੀ ਕੜਾਹੀ ।
ਲਾਲ ਲਈ ਮੈਂ ਪਕਾਏ ਸੱਤ ਪਕਵਾਨ ਨੀਂ ।
ਘਰ ਮੁੜ ਆ ਵੇ ਮੇਰੇ ਅੰਤਰਜਾਮੀ ।

ਮੱਘਰ ਮਹੀਨੇ ਜੀ ਮੈਂ ਲੇਫ ਭਰਾਵਾਂ,
ਲਾਲ ! ਤੁਸੀਂ ਪ੍ਰਦੇਸ ਕੁਝ ਚਿੱਤ ਨਾ ਭਾਵਾਂ ।

ਪੋਹ ਦੇ ਮਹੀਨੇ ਜੀ ਏਹ ਪੈਂਦੇ ਪਾਲੇ ।
ਜਿਨ੍ਹਾਂ ਘਰ ਲਾਲ ਜੀ ਉਹ ਕਰਮਾਂ ਵਾਲੇ ।

ਮਾਘ ਦੇ ਮਹੀਨੇ ਘਰ ਲੋਹੜੀ ਆਈ,
ਜਿਨ੍ਹਾਂ ਘਰ ਲਾਲ ਉਨ੍ਹਾਂ, ਤਿਲ ਚੌਲੀ ਪਾਈ ।
ਲਾਲ ਜਿਨ੍ਹਾਂ ਪਰਦੇਸ ਤਿਨ੍ਹਾਂ ਚਿੱਤ ਨਾ ਭਾਈ ।

ਫੱਗਣ ਦੇ ਮਹੀਨੇ ਵੇ ! ਘਰ ਹੋਲੀ ਆਈ ।
ਜਿਨ੍ਹਾਂ ਘਰ ਲਾਲ ਉਨ੍ਹਾਂ ਰਲ ਕੇ ਮਨਾਈ ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.