A Literary Voyage Through Time

ਲੋਰੀ ਨੂੰ ਮਨੁੱਖ ਦਾ ਪਹਿਲਾ ਲੋਕ ਗੀਤ ਹੋਣ ਦਾ ਮਾਣ ਪ੍ਰਾਪਤ ਹੈ । ਬੱਚੇ ਨੂੰ ਦੁੱਧ ਪਿਆਉਣ ਵੇਲੇ, ਖਿਡਾਉਂਦਿਆਂ ਹੋਇਆਂ, ਨਹਾਉਂਦਿਆਂ ਹੋਇਆਂ, ਰੋਂਦੇ ਨੂੰ ਹਸਾਉਣ ਲਈ ਤੇ ਸੁਲਾਉਣ ਸਮੇਂ ਲੋਰੀਆਂ ਗਾਈਆਂ ਜਾਂਦੀਆਂ ਹਨ।ਇਹ ਛੋਟੀ ਉਮਰ ਦੇ ਬੱਚਿਆਂ ਨੂੰ ਸੰਗੀਤਮਈ ਤੇ ਲੈਅ ਬੱਧ ਢੰਗ ਨਾਲ ਸੁਣਾਈਆਂ ਜਾਂਦੀਆਂ ਹਨ।ਲੋਰੀ ਸ਼ਬਦ ਨੂੰ ਮਾਂ, ਦਾਦੀ, ਨਾਨੀ, ਭੈਣ, ਤਾਈ, ਚਾਚੀ, ਮਾਸੀ ਅਤੇ ਭੂਆ ਜਾਂ ਹੋਰ ਨੇੜਲੇ ਸਕੇ-ਸਬੰਧੀਆਂ ਅਤੇ ਪੇਸ਼ੇਵਰ ਔਰਤਾਂ ਨਾਲ ਜੋੜਿਆ ਜਾਂਦਾ ਹੈ । ਹਰ ਲੋਰੀ ਵਿੱਚੋਂ ਸ਼ਹਿਦ ਦੀ ਮਿਠਾਸ ਅਤੇ ਰਾਤ ਰਾਣੀ ਦੀ ਮਹਿਕ ਤੇ ਨਿਰਛਲ ਪਿਆਰ ਡੁਲ੍ਹ ਡੁਲ੍ਹ ਪੈਂਦਾ ਹੈ ।

ਲੋਰੀ ਲੱਕੜੇ, ਊਂ…ਊਂ

ਲੋਰੀ ਲੱਕੜੇ, ਊਂ…ਊਂ…
ਤੇਰੀ ਮਾਂ ਸਦੱਕੜੇ, ਊਂ…ਊਂ…

ਲੋਰ ਮਲੋਰੀ, ਦੁੱਧ-ਕਟੋਰੀ,
ਪੀ ਲੈ ਨਿੱਕਿਆ, ਲੋਕਾਂ ਤੋਂ ਚੋਰੀ।
ਲੋਰੀ ਲੱਕੜੇ, ਊਂ…ਊਂ…
ਮੇਰੀ ਜਾਨ ਸਦੱਕੜੇ, ਊਂ…ਊਂ…

ਲੋਰੀ ਦੇਨੀਂ ਆਂ, ਚੜ੍ਹ ਕੇ ਚੁਬਾਰੇ,
ਨਿੱਕੇ ਦੀ ਮਾਂ ਪਈ ਰਾਜ ਗੁਜ਼ਾਰੇ।
ਲੋਰੀ ਲੱਕੜੇ, ਊਂ…ਊਂ…
ਮੇਰੀ ਜਾਨ ਸਦੱਕੜੇ, ਊਂ…ਊਂ…

ਨਿੱਕੇ ਦੀ ਵਹੁਟੀ ਮੈਂ ਢੂੰਡ ਕੇ ਲੱਭੀ,
ਪੈਰੀਂ ਪਹੁੰਚੀਆਂ, ਵਾਹਵਾ ਫੱਬੀ ।
ਲੋਰੀ ਲੱਕੜੇ, ਊਂ…ਊਂ…
ਮੇਰੀ ਜਾਨ ਸਦੱਕੜੇ, ਊਂ…ਊਂ…

ਤੇਰਾ ਹੋਰ ਕੀ ਚੁੰਮਾਂ

ਤੇਰਾ ਹੋਰ ਕੀ ਚੁੰਮਾਂ ?
ਚੁੰਮਾਂ ਤੇਰੀਆਂ ਅੱਖਾਂ, ਊਂ…ਊਂ…
ਤੈਨੂੰ ਸਾਈਂ ਦੀਆਂ ਰੁੱਖਾਂ, ਊਂ…ਊਂ…

ਤੇਰਾ ਹੋਰ ਕੀ ਚੁੰਮਾਂ ?
ਚੁੰਮਾਂ ਤੇਰਾ ਮੂੰਹ, ਊਂ…ਊਂ…
ਮੇਰਾ ਰਾਜ ਦੁਲਾਰਾ ਤੂੰ, ਊਂ…ਊਂ…

ਤੇਰਾ ਹੋਰ ਕੀ ਚੁੰਮਾਂ ?
ਚੁੰਮਾਂ ਤੇਰੀ ਬਾਂਹ, ਊਂ…ਊਂ…
ਤੇਰੇ ਸਦਕੇ ਲੈਂਦੀ ਮਾਂ, ਊਂ…ਊਂ…

ਤੇਰਾ ਹੋਰ ਕੀ ਚੁੰਮਾਂ ?
ਚੁੰਮਾਂ ਤੇਰੀ ਧੁੰਨੀ, ਊਂ…ਊਂ…
ਮੇਰੀ ਆਸ-ਮੁਰਾਦ ਪੁੰਨੀ, ਊਂ…ਊਂ…

ਤੇਰਾ ਹੋਰ ਕੀ ਚੁੰਮਾਂ ?
ਚੁੰਮਾਂ ਤੇਰੇ ਪੈਰ, ਊਂ…ਊਂ…
ਤੇਰੇ ਸਿਰ ਦੀ ਮੰਗਾਂ ਖ਼ੈਰ, ਊਂ…ਊਂ…

ਤੇਰਾ ਹੋਰ ਕੀ ਚੁੰਮਾਂ ?
ਚੁੰਮਾਂ ਤੇਰੀ ਗਾਨੀ, ਊਂ…ਊਂ…
ਤੇਰੇ ਸਦਕੇ ਲੈਂਦੀ ਨਾਨੀ, ਊਂ…ਊਂ…

ਤੇਰਾ ਹੋਰ ਕੀ ਚੁੰਮਾਂ ?
ਚੁੰਮਾਂ ਤੇਰੀ ਤੜਾਗੀ, ਊਂ…ਊਂ…
ਤੇਰੇ ਸਦਕੇ ਜਾਂਦੀ ਦਾਦੀ, ਊਂ…ਊਂ…
ਤੇਰਾ ਹੋਰ ਕੀ ਚੁੰਮਾਂ ?
ਊਂ…ਊਂ…

ਦੇਵਾਂ ਲੋਰੀਆਂ

(ਇਹ ਲੋਰੀ ਜੱਚਾ ਦੇ ਬੂਹੇ ਉਤੇ ਆ ਕੇ ਖੁਸਰੇ ਗਾਉਂਦੇ ਹਨ)

ਦੇਵਾਂ ਲੋਰੀਆਂ,
ਮਾਵਾਂ ਪੁਤਰ ਜੇ ਪਿਆਰੇ ।
ਦੇਵਾਂ ਲੋਰੀਆਂ ।

ਲਾਲਾਂ ਵਾਲਿਆ, ਦੇ ਮੈਨੂੰ ਬੱਚੜਾ,
ਮੋਹਰਾਂ ਵੰਡਦੀ ਆਵਾਂ ।
ਪਹਿਲਾਂ ਕਰਾਂ ਸਲਾਮ ਪੀਰ ਦਾ,
ਫੇਰ ਮੈਂ ਚਸ਼ਮੇ ਨ੍ਹਾਵਾਂ ।
ਦੇਵਾਂ ਲੋਰੀਆਂ ।

ਭੈਣਾਂ ਵੀਰ ਜੇ ਪਿਆਰੇ,
ਦੇਵਾਂ ਲੋਰੀਆਂ ।

ਦੇ ਪੁੱਤਾਂ ਦੇ ਦਾਨ,
ਤੇਰੇ ਜਾਗਦੇ ਦੀਵਾਨ ।
ਮੇਰੀ ਮੁਸ਼ਕਲ ਕਰੇਂ ਆਸਾਨ,
ਝੰਡੇ ਝੂਲਣ ਵਿਚ ਅਸਮਾਨ,
ਦੇਵਾਂ ਲੋਰੀਆਂ ।

ਨਾਰਾਂ ਕੰਤ ਜੇ ਪਿਆਰੇ,
ਦੇਵਾਂ ਲੋਰੀਆਂ ।

ਦਾਨੀ ਜੱਟੀ ਅਰਜ਼ ਕਰੇਂਦੀ,
ਸਰਵਰ ਜੂ ਦੇ ਅੱਗੇ ।
ਦੁੱਧ ਵੀ ਦੇਨਾ ਏਂ,
ਪੁਤਰ ਵੀ ਦੇਨਾ ਏਂ,
ਬਾਲ ਖਿਡਾਉਨਾ ਏਂ ਗੋਦੇ ।
ਮੈਂ ਲੜ ਤੇਰਾ ਫੜਿਆ ਪੀਰਾ,
ਸੁੱਕੀ ਡਾਲੀ ਫਲ ਲੱਗੇ ।
ਚੱਲੋ ਪੀਰ ਦੀ ਜ਼ਿਆਰਤ ਜਾਣਾ,
ਸੇਵਾ ਦਾ ਫਲ ਲੱਗੇ ।
ਦੇਵਾਂ ਲੋਰੀਆਂ ।

ਜੱਟਾਂ ਖੇਤ ਪਿਆਰੇ,
ਦੇਵਾਂ ਲੋਰੀਆਂ ।
ਮਾਵਾਂ ਪੁਤਰ ਜੇ ਪਿਆਰੇ ।
ਦੇਵਾਂ ਲੋਰੀਆਂ ।

ਸੌਂ ਜਾ ਰਾਜਾ ਸੌਂ ਜਾ ਵੇ

ਸੌਂ ਜਾ ਰਾਜਾ, ਸੌਂ ਜਾ ਵੇ !

ਤੇਰਾ ਬਾਪੂ ਆਇਆ ਵੇ।
ਖੇਲ ਖਲੌਨੇ ਲਿਆਇਆ ਵੇ ।

ਤੇਰਾ ਮਾਮਾ ਆਇਆ ਵੇ।
ਬੰਦ ਪੰਜੀਰੀ ਲਿਆਇਆ ਵੇ।

ਤੇਰੀ ਭੂਆ' ਆਈ ਵੇ,
ਕੁੜਤਾ-ਟੋਪੀ ਲਿਆਈ ਵੇ।

ਤੇਰਾ ਬਾਬਾ ਆਇਆ ਵੇ।
ਸੋਨ-ਮੋਹਰਾਂ ਲਿਆਇਆ ਵੇ।

ਇੱਕ ਪਲ ਸੌਂ ਜਾ

ਭੜੋਲਿਓਂ ਕੱਢਾਂ ਖੰਡ,
ਆਲਿਓਂ ਕੱਢਾਂ ਘਿਓ ।
ਚੁੱਕ ਬਣਾਈਆਂ ਪਿੰਨੀਆਂ,
ਖਾਏ ਮੁੰਡੇ ਦਾ ਪਿਓ।
ਲਾਲ ਮੇਰੀ ਗੋਦੀ ਖੇਡੇ (ਖੇਲ੍ਹੇ)।

ਬਾਹਰੋਂ ਆਇਆ ਸੜਿਆ ਬਲਿਆ,
ਸਿਰ ਵਿੱਚ ਲੌਂਂਦਾ ਦੋ।
ਮੁੰਡੇ ਨੂੰ ਕਿਉਂ ਰੁਆਇਆ?
ਮੁੰਡੇ ਨੂੰ ਕਿਉਂ ਪਿਟਾਇਆ?
ਲਾਲ ਮੇਰੀ ਗੋਦੀ ਖੇਡੇ (ਖੇਲ੍ਹੇ)।

ਮੇਰੀਆਂ ਚਾਰ ਨਨਾਣਾਂ,
ਆਖੇ ਕੋਈ ਨਾ ਲੱਗਦੀ।
ਪ੍ਰੇਮੀ, ਦਿਆਲੀ, ਆਸੋ, ਭਾਗੋ,
ਮੁੰਡੇ ਨੂੰ ਕੋਈ ਨਾ ਫੜਦੀ ।
ਲਾਲ ਮੇਰਾ ਗੋਦੀ ਖੇਡੇ (ਖੇਲ੍ਹੇ)।

ਇਨ੍ਹਾਂ ਲਾਲਾਂ ਨਾਲੋਂ,
ਮੈਨੂੰ ਕੀ ਚੰਗੇਰਾ?
ਵੇ ਇੱਕ ਪਲ ਸੌਂ ਜਾ ਕਾਕਾ
ਵੇ ਮੈਂ ਆਪ ਕਲਾਪੀ,
ਲਾਲ ਮੇਰਾ ਗੋਦੀ ਖੇਡੇ (ਖੇਲ੍ਹੇ)।

ਹੂਟੇ ਮਾਟੇ

(ਇਹ ਲੋਰੀ ਬਾਲਾਂ ਨੂੰ ਗੋਡਿਆਂ ਉਤੇ ਝੁਲਾਉਂਦਿਆਂ ਦਿੱਤੀ ਜਾਂਦੀ ਹੈ)

ਹੂਟੇ ਮਾਟੇ, ਖੰਡ-ਖੀਰ ਖਾਟੇ ।
ਸੋਨੇ ਦੀ ਗੱਡ ਘਡ਼ਾ ਦੇ !
ਰੂਪੇ ਪਿੰਜ ਪਵਾ ਦੇ ।
ਕਾਕੇ ਨੂੰ ਉੱਤੇ ਬਠਾ ਦੇ ।

ਮਾਈਓ, ਭੈਣੋ ! ਮੀਂਹ-ਹਨੇਰੀ ਆਇਆ ।
ਭਾਂਡੇ-ਟੀਂਡੇ ਸਾਂਭ ਲਓ ।
ਦੁੱਧ ਦਾ ਛੰਨਾਂ ਪਿਆਲ ਦਿਓ ।
ਕਾਕੇ ਦਾ ਬੋਦਾ ਵੱਡਾ ਹੋ ਗਿਆ !

ਅੱਲ੍ਹੜ ਬੱਲ੍ਹੜ ਬਾਵੇ ਦਾ

ਅੱਲ੍ਹੜ ਬੱਲ੍ਹੜ ਬਾਵੇ ਦਾ,
ਬਾਵਾ ਕਣਕ ਲਿਆਵੇਗਾ ।

ਬਾਵੀ ਬਹਿ ਕੇ ਛੱਟੇਗੀ,
ਮਾਂ ਪੂਣੀਆਂ ਵੱਟੇਗੀ ।

ਬਾਵਾ ਕਣਕ ਪਿਸਾਵੇਗਾ,
ਬਾਵੀ ਬਹਿ ਕੇ ਗੁੰਨ੍ਹੇਗੀ ।

ਬਾਵੀ ਮੰਨ ਪਕਾਵੇਗੀ,
ਬਾਵਾ ਬੈਠਾ ਖਾਵੇਗਾ ।

ਲੋਰੀ ਦੇਵਾਂ

ਦੁਰ ਦੁਰ ਕੁੱਤਿਆ !
ਜੰਗਲ ਸੁੱਤਿਆ ।
ਜੰਗਲ ਪਈ ਲੜਾਈ,
ਜੀਵੇ ਮੁੰਡੇ ਦੀ ਤਾਈ ।
ਲਾਲ ਨੂੰ ਲੋਰੀ ਦੇਵਾਂ,
ਸੌਂ ਜਾ ਮੇਰੇ ਪੁੱਤਿਆ ।
ਨਾਨਕਿਆਂ ਨੂੰ ਜਾਵਾਂਗੇ,
ਝੱਗਾ-ਚੁੰਨੀ ਲਿਆਵਾਂਗੇ ।
ਨਾਨੀ ਦਿੱਤਾ ਘਿਉ,
ਜੀਵੇ ਲਾਲ ਦਾ ਪਿਉ ।
ਲਾਲ ਨੂੰ ਲੋਰੀ ਦੇਵਾਂ ।

ਤੋਤੜਿਆ

ਤੋ ਵੇ ਤੋਤੜਿਆ !
ਤੋਤਾ ਸ਼ਹਿਰ ਸਕੰਦਰ ਦਾ,
ਪਾਣੀ ਭਰਦਾ ਮੰਦਰ ਦਾ ।
ਕੰਮ ਕਰੇ ਦੁਪਹਿਰਾਂ ਦਾ,
ਕੱਜਲ ਪਾਵੇ ਲਹਿਰਾਂ ਦਾ ।
ਚਿੱਟੀ ਚਾਦਰ ਚਾਚੇ ਦੀ,
ਛੱਲੀਆਂ ਵਾਲੇ ਕਾਕੇ ਦੀ ।
ਕਾਕੜਾ ਖਿਡਾਨੀਆਂ,
ਚਾਰ ਬੂਟੇ ਪਾਨੀਂ ਆਂ ।

ਨੀਂਦ-ਪਰੀ

ਬੋਲ ਬੋਲ ਬੋਲ ਨੀਂ, ਨੀਂਦਾਂ ਦੀਏ ਪਰੀਏ!
ਕਾਕੇ ਦਾ ਵਿਆਹ ਨੀਂ, ਅਸੀਂ ਕਿਵੇਂ ਕਰੀਏ?
ਊਂ…ਊਂ…ਊਂ…

ਬੋਲ ਬੋਲ ਨੀ ਸੁਪੁੱਤੀਏ ਨੀਦੇ !
ਰਾਜੇ ਦੇ ਪੁੱਤ ਕੀ ਖਾਂਦੇ ਤੇ ਪੀਂਦੇ ?
ਊਂ…ਊਂ…ਊਂ…

ਰੋਟੀ ਸੂ ਕਣਕ ਦੀ ਮੱਝ ਦਾ ਦੁੱਧ ।
ਰਾਜੇ ਦੇ ਪੁੱਤ ਦੀ ਵੱਡੀ ਵੱਡੀ ਬੁੱਧ ।
ਊਂ…ਊਂ…ਊਂ…

ਨੀਂਦੇ ਛੇਤੀ ਆ

ਜੰਗਲ ਸੁੱਤੇ ਪਰਬਤ ਸੁੱਤੇ,
ਸੁੱਤੇ ਸਭ ਦਰਿਆ ।
ਅਜੇ ਜਾਗਦਾ ਸਾਡਾ ਕਾਕਾ,
ਨੀਂਦੇ, ਛੇਤੀ ਛੇਤੀ ਆ । ਊਂ…ਊਂ…ਊਂ…

ਨੀਂਦ ਸੈਨਤਾਂ ਮਾਰੇ

ਚੁੱਲ੍ਹੇ ਵਿਚਲੀ ਅੱਗ ਸੌਂ ਗਈ,
ਸੁੱਤੇ ਚੰਨ-ਸਿਤਾਰੇ ।
ਸੁੱਤੀ ਰੋਟੀ ਤਵੇ ਦੇ ਉਪਰ,
ਨੀਂਦ ਸੈਨਤਾਂ ਮਾਰੇ ।
ਊਂ…ਊਂ…ਊਂ…

ਲੋਰੀ ਲਾਲ ਨੂੰ ਦਿਆਂ

ਲੋਰੀ ਲਾਲ ਨੂੰ ਦਿਆਂ
ਨੀਂ ਨਿੱਕੇ ਬਾਲ ਨੂੰ ਦਿਆਂ
ਸੋਹਣੇ ਲਾਲ ਨੂੰ ਦਿਆਂ
ਨੀ ਪਿਆਰੇ ਬਾਲ ਨੂੰ ਦਿਆਂ
ਗੋਦੀ ਖਲਾਉਂਦੇ ਨੂੰ ਦਿਆਂ
ਨੀਂ ਪੰਘੂੜੇ ਸਲਾਉਂਦੇ ਨੂੰ ਦਿਆਂ
ਉਠਦੇ ਬਹਿੰਦੇ ਨੂੰ ਦਿਆਂ
ਨੀਂ ਰੋਂਦੇ ਹਸਾਉਂਦੇ ਨੂੰ ਦਿਆਂ
ਬਾਹਰ ਜਾਂਦੇ ਨੂੰ ਦਿਆਂ।
ਲੋਰੀ ਲਾਲ ਨੂੰ ਦਿਆਂ

ਚੀਚੀ ਚੀਚੀ ਕੋਕੋ ਖਾਏ

ਚੀਚੀ ਚੀਚੀ ਕੋਕੋ ਖਾਏ,
ਦੁੱਧ-ਮਲਾਈਆਂ ਕਾਕਾ ਖਾਏ।
ਕਾਕੇ ਦੀ ਘੋੜੀ ਖਾਏ
ਘੋੜੀ ਦਾ ਵਛੇਰਾ ਖਾਏ।

ਝੂਟੇ ਮਾਈਆਂ

ਝੂਟੇ ਮਾਈਆਂ,
ਮੱਛੀਆਂ ਬੁਲਾਈਆਂ
ਮੱਛੀ ਗਈ ਪਾਣੀ,
ਅੱਗੋਂ ਮਿਲੀ ਰਾਣੀ

ਰਾਣੀ ਦਿੱਤਾ ਝੂਟਾ,
ਖਿੜੇ ਚੰਬੇ ਦਾ ਬੂਟਾ
ਬੂਟੜਿਆਂ ਰੰਗ ਲਾਇਆ,
ਚੰਬਾ ਝੋਲੀ ਪਾਇਆ।

ਗੁੱਡੀ ਮੇਰੀ ਬੀਬੀ ਰਾਣੀ

ਗੁੱਡੀ ਮੇਰੀ ਬੀਬੀ ਰਾਣੀ,
ਭਰ ਲਿਆਵੇ ਖੂਹੇ ਤੋਂ ਪਾਣੀ
ਛਮ ਛਮ ਬਰਸਿਆ ਮੀਂਹ,
ਡਿੱਗ ਪਈ ਮੇਰੀ ਰਾਣੀ ਧੀ
ਸੌਂ ਜਾ ਮੇਰੀ ਧੀ ਧਿਆਣੀ।

ਸੌਂ ਜਾ ਕਾਕਾ ਤੂੰ

ਸੌਂ ਜਾ ਕਾਕਾ ਤੂੰ
ਤੇਰੇ ਬੋਦੇ ਲੜ ਗਈ ਜੂੰ
ਕੱਢਣ ਵਾਲੀਆਂ' ਮਾਸੀਆਂ
ਕਢਾਉਣ ਵਾਲਾ ਤੂੰ।
ਊਂ… ਊਂ… ਊਂ…।

ਲੋਰੀਆਂ ਬਈ ਲੋਰੀਆਂ

ਲੋਰੀਆਂ ਬਈ ਲੋਰੀਆਂ
ਲੈ ਲੈ ਕਾਕਾ ਲੋਰੀਆਂ
ਇੱਕ ਲੋਰੀ ਵੇ ਤੇਰੀ ਭੂਆ ਦਿਲਾਵੇ
ਫੁੱਫੜ ਵੰਡੇ ਗੁੜ ਦੀਆਂ ਬੋਰੀਆਂ
ਦਾਦੀ ਤੇਰੇ ਸ਼ਗਨ ਮਨਾਵੇ
ਦਾਦਾ ਵੰਡੇ ਰਿਉੜੀਆਂ
ਲੈ ਲੈ ਕਾਕਾ ਲੋਰੀਆਂ।

ਕਾਕਾ ਆਇਆ ਖੇਡ ਕੇ

ਕਾਕਾ ਆਇਆ ਖੇਡ ਕੇ
ਮੈਂ ਮੰਨ ਪਕਾਵਾਂ ਵੇਲ ਕੇ
ਕਾਕਾ ਆਇਆ ਹੱਸ ਕੇ
ਮੈਂ ਕੁੱਛੜ ਚੁੱਕਾਂ ਨੱਸ ਕੇ
ਕਾਕੇ ਲਈ ਹੈ ਚੂਰੀ ਕੁੱਟੀ
ਨਾਲੇ ਰੱਖੀ ਦਹੀਂ ਦੀ ਫੁੱਟੀ
ਕਾਂ ਮਾਰੀ ਝੁੱਟੀ
ਫੁੱਟੀ ਗਈ ਲੁੱਟੀ
ਫੜਨਾ ਹੈ ਚੋਰ
ਚੋਰਾਂ ਨੂੰ ਪੈਣ ਮੋਰ।

ਸੌਂ ਜਾ ਮੇਰੇ ਨਿੱਕੇ

ਸੌਂ ਜਾ ਮੇਰੇ ਨਿੱਕੇ,
ਸੌਂ ਜਾ… ਆ…
ਸੁਹਣੇ ਕੱਪੜੇ ਪਾਵਾਂਗੇ,
ਨਾਨਕਿਆਂ ਨੂੰ ਜਾਵਾਂਗੇ,
ਖੀਰ ਪੂੜੇ ਖਾਵਾਂਗੇ,
ਮੋਟੇ ਹੋ ਕੇ ਆਵਾਂਗੇ,
ਸੌਂ ਜਾ… ਊਂ… ਊਂ…
ਸੌਂ ਜਾ… ਊਂ…ਊਂ…

ਨਿੱਕੀ ਦੇ ਸਹੁਰੇ ਮੈਂ ਵਿਚ ਬਣਾਵਾਂ

ਨਿੱਕੀ ਦੇ ਸਹੁਰੇ ਮੈਂ ਵਿਚ ਬਣਾਵਾਂ,
ਜਾਂ ਜੀਅ ਓਦਰੇ ਮੈਂ ਮਿਲ ਮਿਲ ਆਵਾਂ ।

ਉੱਡ ਨੀ ਚਿੜੀਏ, ਉੱਡ ਵੇ ਕਾਵਾਂ,
ਮੇਰੀ ਬੱਚੀ ਖੇਡੇ ਨਾਲ ਭਰਾਵਾਂ ।

ਪੁੱਤਰ ਆਵੇ ਹੱਟੀਓਂ

ਪੁੱਤਰ ਆਵੇ ਹੱਟੀਓਂ,
ਗੁੜ ਕੱਢਾਂ ਕੋਰੀ ਮੱਟੀਓਂ ।
ਪੁੱਤਰ ਦੇ ਵਾਲ ਗੁੜ ਵੰਡ ਰਖਾਏ,
ਮੱਖਣਾਂ ਦੇ ਪਾਲੇ ਝੁੱਲ ਮੱਥੇ ਨੂੰ ਆਏ ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.