ਟੱਪੇ
1
ਕਾਲੇ ਖੰਭ ਨੇ ਕਾਵਾਂ ਦੇ
ਧੀਆਂ ਪ੍ਰਦੇਸ ਗਈਆਂ
ਧੰਨ ਜਿਗਰੇ ਮਾਵਾਂ ਦੇ ।
2
ਸੋਟੀ ਦੇ ਬੰਦ ਕਾਲੇ
ਆਖੀਂ ਮੇਰੇ ਮਾਹੀਏ ਨੂੰ
ਲੱਗੀ ਯਾਰੀ ਦੀ ਲੱਜ ਪਾਲੇ ।
3
ਪੈਸੇ ਦੀ ਚਾਹ ਪੀਤੀ
ਲੱਖਾਂ ਦੀ ਜਿੰਦੜੀ ਮੈਂ
ਤੇਰੇ ਪਿਆਰ 'ਚ ਤਬਾਹ ਕੀਤੀ ।
4
ਚਿੜੀਆਂ ਵੇ ਬਾਰ ਦੀਆਂ
ਰੱਜ ਕੇ ਨਾ ਦੇਖੀਆਂ ਵੇ
ਅੱਖਾਂ ਸਾਂਵਲੇ ਯਾਰ ਦੀਆਂ ।
5
ਇਹ ਕੀ ਖੇਡ ਹੈ ਨਸੀਬਾਂ ਦੀ
ਧੱਕਾ ਵਿਚਕਾਰ ਦੇ ਗਿਉਂ
ਕੁੜੀ ਤੱਕ ਕੇ ਗ਼ਰੀਬਾਂ ਦੀ ।
6
ਪਾਣੀ ਦੇ ਜਾ ਤਿਹਾਇਆਂ ਨੂੰ
ਭੌਰੇ ਵਾਂਗ ਉੱਡ ਤੂੰ ਗਿਉਂ
ਤੱਕ ਫੁੱਲ ਕੁਮਲਾਇਆਂ ਨੂੰ ।
7
ਕਟੋਰਾ ਕਾਂਸੀ ਦਾ
ਤੇਰੀ ਵੇ ਜੁਦਾਈ ਸੱਜਣਾ
ਜਿਵੇਂ ਝੂਟਾ ਫਾਂਸੀ ਦਾ ।
8
ਦੋ ਕਪੜੇ ਸਿਲੇ ਹੋਏ ਨੇ
ਬਾਹਰੋਂ ਭਾਵੇਂ ਰੁੱਸੇ ਹੋਏ ਹਾਂ
ਵਿਚੋਂ ਦਿਲ ਤਾਂ ਮਿਲੇ ਹੋਏ ਨੇ ।
9
ਮਹਿੰਗਾ ਹੋ ਗਿਆ ਸੋਨਾ ਵੇ
ਇਕ ਪਲ ਕੀ ਹੱਸਿਆ
ਪਿਆ ਉਮਰਾਂ ਦਾ ਰੋਣਾ ਵੇ ।
10
ਖੂਹੇ ਤੇ ਆ ਮਾਹੀਆ
ਨਾਲੇ ਕੋਈ ਗੱਲ ਕਰ ਜਾਹ
ਨਾਲੇ ਘੜਾ ਵੇ ਚੁਕਾ ਮਾਹੀਆ ।
11
ਸੜਕੇ ਤੇ ਰੁੜ੍ਹ ਵੱਟਿਆ
ਜਿਨ੍ਹਾਂ ਯਾਰੀ ਨਹੀਉਂ ਲਾਈ
ਉਨ੍ਹਾਂ ਦੁਨੀਆਂ 'ਚ ਕੀ ਖੱਟਿਆ ।
12
ਪਈ ਰਾਤ ਨਾ ਹਾਲਾਂ ਵੇ
ਵਿੱਚੋਂ ਤੇਰੀ ਸੁਖ ਮੰਗਦੀ
ਕੱਢਾਂ ਉਤੋਂ ਉਤੋਂ ਗਾਲਾਂ ਵੇ ।
13
ਮੈਂ ਖੜੀ ਆਂ ਬਨੇਰੇ ਤੇ
ਬੁੱਤ ਮੇਰਾ ਏਥੇ ਵਸਦਾ
ਰੂਹ ਮਾਹੀਏ ਦੇ ਡੇਰੇ ਤੇ ।
14
ਮੰਦੇ ਹਾਲ ਬੀਮਾਰਾਂ ਦੇ
ਇਸ਼ਕੇ ਦੇ ਵਹਿਣ ਅੰਦਰ
ਬੇੜੇ ਡੁਬ ਗਏ ਹਜ਼ਾਰਾਂ ਦੇ ।
15
ਲੀਰਾਂ ਲਮਕਣ ਸੂਟ ਦੀਆਂ
ਮੈਂ ਪਈ ਰੋਂਵਦੀ ਚੰਨਾਂ
ਸਹੀਆਂ ਪੀਂਘਾਂ ਝੂਟਦੀਆਂ ।
16
ਨਾਂ ਤੇਰਾ ਲੀਤਾ ਈ
ਸਚ ਦੱਸ ਤੂੰ ਮਾਹੀਆ
ਕਦੀ ਯਾਦ ਵੀ ਕੀਤਾ ਈ ।
17
ਬੋਲਣ ਦੀ ਥਾਂ ਕੋਈ ਨਾਂ
ਜਿਹੜਾ ਸਾਨੂੰ ਲਾ ਵੇ ਦਿੱਤਾ
ਇਸ ਰੋਗ ਦਾ ਨਾਂ ਕੋਈ ਨਾ ।
18
ਮੀਂਹ ਪੈਂਦਾ ਏ ਫਾਂਡੇ ਦਾ
ਭਿੱਜ ਗਈ ਬਾਹਰ ਖੜੀ
ਬੂਹਾ ਖੋਲ੍ਹ ਬਰਾਂਡੇ ਦਾ ।
19
ਚਿੱਠੀ ਮਾਹੀਏ ਨੂੰ ਪਾਉਣੀ ਏਂ
ਸੌਖੀ ਏ ਲਾਉਣੀ ਚੰਨਾਂ
ਔਖੀ ਤੋੜ ਨਿਭਾਉਣੀ ਏਂ ।
20
ਦੋ ਫੁੱਲ ਕੁਮਲਾਏ ਹੋਏ ਨੇ
ਸਾਡੇ ਨਾਲੋਂ ਬਟਣ ਚੰਗੇ,
ਜਿਹੜੇ ਹਿਕ ਨਾਲ ਲਾਏ ਹੋਏ ਨੇ ।
21
ਹੋਇਆ ਗਲ ਗਲ ਪਾਣੀ ਏਂ
ਅਜੇ ਤਕ ਤੂੰ ਮਾਹੀਆ
ਸਾਡੀ ਕਦਰ ਨਾ ਜਾਣੀ ਏਂ ।
22
ਗਲ ਗਾਨੀ ਪਾਈ ਰੱਖੀਏ
ਜੀਹਦੇ ਨਾਲ ਦਿਲ ਲਾਈਏ
ਸਦਾ ਦਿਲ ਨਾਲ ਲਾਈ ਰੱਖੀਏ ।
23
ਮੌਜਾਂ ਪਿਆ ਜਗ ਮਾਣੇ
ਅਸੀਂ ਤੇਰੇ ਨੌਕਰ ਹਾਂ
ਤੇਰੇ ਦਿਲ ਦੀਆਂ ਰੱਬ ਜਾਣੇ ।
24
ਗੱਡੀ ਚਲਦੀ ਏ ਤਾਰਾਂ ਤੇ
ਅੱਗੇ ਮਾਹੀਆਂ ਨਿੱਤ ਮਿਲਦਾ
ਹੁਣ ਮਿਲਦਾ ਕਰਾਰਾਂ ਤੇ ।
25
ਦੋ ਪੱਤਰ ਅਨਾਰਾਂ ਦੇ
ਸਾਡਾ ਦੁਖ ਸੁਣ ਮਾਹੀਆ
ਰੋਂਦੇ ਪੱਥਰ ਪਹਾੜਾਂ ਦੇ ।
26
ਫੁੱਲਾ ਵੇ ਗੁਲਾਬ ਦਿਆ
ਕਿੱਥੇ ਤੈਨੂੰ ਸਾਂਭ ਰੱਖਾਂ
ਮੇਰੇ ਮਾਹੀਏ ਦੇ ਬਾਗ਼ ਦਿਆ ।
27
ਕਿੱਥੇ ਟੁੱਟੀਆਂ ਮਿਲਣ ਪਈਆਂ
ਜਦੋਂ ਦਾ ਤੂੰ ਗਿਆ ਸੱਜਣਾ
ਕੰਧਾਂ ਦਿਲ ਦੀਆਂ ਹਿਲਣ ਪਈਆਂ ।
28
ਮੀਂਹ ਵਰਦਾ ਏ ਕਿੱਕਰਾਂ ਤੇ
ਇਕ ਵਾਰੀ ਮੇਲ ਵੇ ਰੱਬਾ
ਮੁੜ ਕਦੇ ਵੀ ਨਾ ਵਿਛੜਾਂਗੇ ।
ਟੱਪੇ - ਨੰਦ ਲਾਲ ਨੂਰਪੁਰੀ
ਔਰਤ-
ਬਦਲਾਂ ਵਿਚ ਚੰਨ ਹਸਦਾ,
ਮੇਰੀਆਂ ਅੱਖੀਆਂ ਵਿਚੋਂ,
ਮੇਰੇ ਮਾਹੀਏ ਦਾ ਬੁੱਤ ਵਸਦਾ ।
ਮਰਦ-
ਕੋਈ ਕਣੀਆਂ ਵਸੀਆਂ ਨੇ,
ਸਜਣਾ ਦੇ ਬਾਗਾਂ ਵਿਚ,
ਹੁਣ ਅੰਬੀਆਂ ਰਸੀਆਂ ਨੇ ।
ਔਰਤ-
ਆ ਮਾਹੀਆ ਮਿਲ ਹੱਸੀਏ,
ਦੁਨੀਆਂ ਨਹੀਂ ਛਡਦੀ,
ਕਿਤੇ ਓਹਲੇ ਚਲ ਵਸੀਏ ।
ਮਰਦ-
ਪਰਵਾਨਾ ਸੜ ਗਿਆ ਨੀ,
ਸਜਣਾਂ ਦਾ ਖਤ ਪੜ੍ਹ ਕੇ,
ਚਾ ਸਜਣਾਂ ਨੂੰ ਚੜ੍ਹ ਗਿਆ ਨੀ ।
ਔਰਤ-
ਘੁੰਡ ਕਲੀਆਂ ਨੇ ਖੋਲ੍ਹ ਦਿਤੇ,
ਅਖੀਆਂ ਨੇ ਮਾਹੀ ਤੱਕਿਆ,
ਅਗੇ ਮੋਤੀ ਡੋਲ੍ਹ ਦਿਤੇ ।
ਮਰਦ-
ਦਿਲ ਦਿੰਦੇ ਦੁਹਾਈਆਂ ਨੇ,
ਤੋੜ ਨਾ ਦਈਂ ਵੇ ਰੱਬਾ,
ਅਸਾਂ ਮਰ ਮਰ ਲਾਈਆਂ ਨੇ ।
ਔਰਤ-
ਮੇਰੀ ਚਰਖੀ ਦੇ ਤੰਦ ਲੜ ਪਏ,
ਹਸਦੀ ਨੇ ਘੁੰਡ ਚੁਕਿਆ,
ਕੁਲ ਦੁਨੀਆਂ ਤੇ ਚੰਨ ਚੜ੍ਹ ਪਏ ।
ਮਰਦ-
ਗਾਨੇ ਬਨ੍ਹ ਬਨ੍ਹ ਤੋੜ ਦਿਤੇ,
ਸਜਣਾਂ ਨੇ ਹਾਂ ਕਰਕੇ,
ਸਾਡੇ ਦਿਲ ਕਿਉਂ ਮੋੜ ਦਿਤੇ ।
ਔਰਤ-
ਸੂਹੇ ਚੂੜੇ ਵਿਆਹੀਆਂ ਦੇ,
ਮਾਹੀ ਪ੍ਰਦੇਸ ਵਸੇ,
ਸਾਡੇ ਹਾਲ ਸੁਦਾਈਆਂ ਦੇ ।
ਮਰਦ-
ਕਾਲੇ ਕਪੜੇ ਰੰਗਾ ਲਏ ਨੇ,
ਹੁਸਨ ਦੇ ਕੈਦੀ ਨੇ,
ਡੇਰੇ ਜੰਗਲੀਂ ਲਾ ਲਏ ਨੇ ।
ਔਰਤ-
ਮੈਨੂੰ ਹਸਦੇ ਫੁਲ ਲੈ ਦੇ,
ਜੇ ਮਾਹੀ ਵਿਕਦਾ ਏ,
ਮੈਨੂੰ ਮਾਏਂ ਨੀ ਮੁਲ ਲੈ ਦੇ ।
ਮਰਦ-
ਲੋਕੀ ਈਦ ਮਨੌਂਦੇ ਨੇ,
ਸਜਣਾਂ ਦੇ ਘੁੰਡ ਦੇ ਵਿਚੋਂ,
ਚੰਦ ਨਜ਼ਰੀਂ ਔਂਦੇ ਨੇ ।
ਔਰਤ-
ਵਾਈਂ ਠੰਢੀਆਂ ਘੁਲੀਆਂ ਨੇ,
ਸਜਣਾਂ ਨੇ ਬੁਲ੍ਹ ਖੋਲ੍ਹੇ,
ਵਿੱਚੋਂ ਕਲੀਆਂ ਡੁਲ੍ਹੀਆਂ ਨੇ ।
ਮਰਦ-
ਰੁਤ ਆ ਗਈ ਏ ਸਾਵਣ ਦੀ,
ਅੱਖੀਆਂ ਨੂੰ ਤਾਂਘ ਲਗੀ,
ਘਰ ਸਜਣਾਂ ਦੇ ਆਵਣ ਦੀ ।
ਔਰਤ-
ਹਥੀਂ ਰੰਗਲੀ ਮਹਿੰਦੀ ਏ,
ਮਾਹੀ ਮੇਰਾ ਚੰਦ ਵਰਗਾ,
ਮੈਨੂੰ ਖਲਕਤ ਕਹਿੰਦੀ ਏ ।
ਦੋ ਪੱਤੀਆਂ ਗੁਲਾਬ ਦੀਆਂ - ਸੁਖਵਿੰਦਰ ਅੰਮ੍ਰਿਤ
ਔਖਾ ਇਸ਼ਕ ਦਾ ਠਾਣਾ ਵੇ
ਚੁੱਕੀ ਫਿਰੇਂ ਹੱਥ-ਕੜੀਆਂ
ਦਿਲ ਫੜਿਆ ਨਾ ਜਾਣਾ ਵੇ
ਇਕ ਜੋੜਾ ਘੁੱਗੀਆਂ ਦਾ
ਵਿੱਚੇ ਵਿਚ ਖਾ ਵੇ ਗਿਆ
ਸਾਨੂੰ ਦੁੱਖ ਅਣਪੁੱਗੀਆਂ ਦਾ
ਕਬਰਾਂ 'ਤੇ ਅੱਕ ਉੱਗਿਆ
ਮਿੱਟੀ ਦੀਏ ਨੀ ਮੂਰਤੇ
ਤੇਰਾ ਦਾਅਵਾ ਨਾ ਪੁੱਗਿਆ
ਕੋਈ ਖ਼ਬਰ ਨਹੀਂ ਕੱਲ੍ਹ ਦੀ
ਬੈਠ ਕੇ ਪਰੋ ਲੈ ਮਣਕੇ
ਧੁੱਪ ਜਿੰਨਾ ਚਿਰ ਨਹੀਂ ਢਲਦੀ
ਖੂਹੀ ਵਿਚ ਡੋਲ ਪਿਆ
ਤਿੰਨ ਦਿਨ ਰਿਹਾ ਰੁੱਸਿਆ
ਅੱਜ ਮਾਹੀਆ ਬੋਲ ਪਿਆ
ਜਿੰਦੇ ਵੱਜਗੇ ਮਕਾਨਾਂ ਨੂੰ
ਜੇ ਦੋ ਦਿਲ ਨਾ ਮਿਲਦੇ
ਪੈਂਦਾ ਵਖ਼ਤ ਨਾ ਜਾਨਾਂ ਨੂੰ
ਤੋਤਾ ਉੱਡ ਗਿਆ ਕਾਨਿਆਂ ਤੋਂ
ਸਾਡੇ ਨਾਲ ਲਾ ਕੇ ਅੱਖੀਆਂ
ਪਾਣੀ ਮੰਗਦਾ ਬਗਾਨਿਆਂ ਤੋਂ
ਦੀਵੇ ਚਾਹੀਦੇ ਬਨੇਰੇ ਨੂੰ
ਹੱਥ ਵਿਚ ਕਾਨੀ ਵਾਲਿਆ
ਸੰਨ੍ਹ ਲਾ ਦੇ ਹਨ੍ਹੇਰੇ ਨੂੰ
ਦੋ ਪੱਤੀਆਂ ਗੁਲਾਬ ਦੀਆਂ
ਅੱਖਰਾਂ ਚੋਂ ਅੱਗ ਸਿੰਮਦੀ
ਆਈਆਂ ਖ਼ਬਰਾਂ ਪੰਜਾਬ ਦੀਆਂ
ਪਰ੍ਹਾਂ ਰੱਖਦੇ ਕਿਤਾਬਾਂ ਨੂੰ
ਕਲੀਆਂ ਨੂੰ ਛਾਂ ਕਰ ਦੇ
ਪਾਣੀ ਛਿੜਕ ਗੁਲਾਬਾਂ ਨੂੰ
ਪਾਣੀ ਨਦੀਆਂ ਦੇ ਚੜ੍ਹੇ ਹੋਏ ਆ
ਅਸਾਂ ਪਰਦੇਸੀਆਂ ਦੇ
ਦਿਲ ਦੁੱਖਾਂ ਨਾਲ ਭਰੇ ਹੋਏ ਆ
ਬਾਣੇ ਕੇਸਰੀ ਰੰਗਾਏ ਹੋਏ ਆ
ਖ਼ੈਰ ਹੋਵੇ ਆਸ਼ਕਾਂ ਦੀ
ਅੱਜ ਆਈ ਉੱਤੇ ਆਏ ਹੋਏ ਆ
ਮਾਹੀਆ - ਬਾਬੂ ਫ਼ੀਰੋਜ਼ਦੀਨ ਸ਼ਰਫ਼
ਬੂਟੇ ਨੇ ਝਾੜਾਂ ਦੇ,
ਮੇਰੇ ਦਿਲੋਂ ਆਹ ਨਿਕਲੇ,
ਸੀਨੇ ਸੜਦੇ ਪਹਾੜਾਂ ਦੇ ।
ਕੜਛੇ ਨਸੀਬਾਂ ਦੇ,
ਆਸ਼ਕਾਂ ਦੀ ਨਬਜ਼ ਡਿੱਠੀ,
ਹੱਥ ਸੜ ਗਏ ਤਬੀਬਾਂ ਦੇ ।
ਤਾਰੇ ਪਏ ਗਿਣਨੇ ਆਂ,
ਗਜ਼ ਲੈ ਕੇ ਹਉਕਿਆਂ ਦੇ,
ਦਿਨ ਉਮਰਾਂ ਦੇ ਮਿਣਨੇ ਆਂ ।
ਰੋਂਦਾ ਹਸਾ ਜਾਵੀਂ,
ਚੰਨਾਂ ! ਰਾਤਾਂ ਚਾਨਣੀਆਂ,
ਲੁਕ ਛਿਪ ਕੇ ਤੂੰ ਆ ਜਾਵੀਂ ।
ਇਸ਼ਕ ਮਜਾਜ਼ੀ ਏ,
ਸੰਭਲ ਕੇ ਚਲ ਸੱਜਣਾ,
ਇਹ ਤਿਲਕਣ ਬਾਜ਼ੀ ਏ ।
ਅੱਖ ਵੀ ਜੇ ਲੜ ਜਾਵੇ,
ਜ਼ਰਾ ਵੀ ਨਾ ਧੂੰ ਨਿਕਲੇ,
ਭਾਵੇਂ ਤਨ ਮਨ ਸੜ ਜਾਵੇ ।
ਜਿੰਦੜੀ ਮੁਕਦੀ ਏ,
ਇਸ਼ਕ ਨਾ ਛਿਪਦਾ ਏ,
ਕੱਖੀਂ ਅੱਗ ਵੀ ਨਾ ਲੁਕਦੀ ਏ ।
ਰਾਹ ਭੁੱਲ ਗਏ ਟਿਕਾਣੇ ਦੇ,
ਇਸ਼ਕੇ ਦੀ ਜੂਹ ਵੜ ਕੇ,
ਹੋ ਗਏ ਚੋਰ ਜ਼ਮਾਨੇ ਦੇ ।
ਮਰਦ ਨਾ ਭੱਜਦੇ ਨੇ,
ਫੁੱਲ ਪਿਛੋਂ ਟੁਟਦਾ ਏ,
ਪਹਿਲੋਂ ਕੰਡੜੇ ਵਜਦੇ ਨੇ ।
'ਸ਼ਰਫ਼' ਇਹ ਕਹਿੰਦਾ ਏ,
ਆਸ਼ਕਾਂ ਦੀ ਮੌਤ ਚੰਗੀ,
ਨਾਂ ਦੁਨੀਆਂ ਤੇ ਰਹਿੰਦਾ ਏ ।