ਘੋੜੀਆਂ
ਵਿਆਹ ਦੇ ਦਿਨੀਂ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ-ਗੀਤਾਂ ਨੂੰ ਘੋੜੀਆਂ ਕਹਿੰਦੇ ਹਨ। ਇਨ੍ਹਾਂ ਵਿੱਚ ਮੁੰਡੇ ਦੀ ਮਾਂ, ਭੈਣ ਤੇ ਹੋਰ ਨਜ਼ਦੀਕੀ ਰਿਸ਼ਤੇ ਦੀਆਂ ਇਸਤਰੀਆਂ ਮੁੰਡੇ ਦੇ ਖ਼ਾਨਦਾਨ ਦੀ ਵਡਿਆਈ ਤੇ ਵਿਆਹ ਦੇ ਰੂਪ ਵਿੱਚ ਇਸ ਖ਼ਾਨਦਾਨ ਦੀ ਸ਼ਾਨ ਦਾ ਵਰਨਣ ਕਰਦੀਆਂ ਹਨ। ਮੁੰਡੇ ਨਾਲ ਉਸ ਦੇ ਮਾਪਿਆਂ ਤੇ ਸਾਕ-ਸੰਬੰਧੀਆਂ ਦੇ ਮੋਹ ਦਾ ਰਿਸ਼ਤਾ ਤੇ ਲਾਡ-ਪਿਆਰ ਦੱਸਿਆ ਹੁੰਦਾ ਹੈ ਅਤੇ ਉਸ ਦੇ ਭਵਿੱਖ ਬਾਰੇ ਸ਼ੁਭ-ਕਾਮਨਾਵਾਂ ਪ੍ਰਗਟ ਕੀਤੀਆਂ ਹੁੰਦੀਆਂ ਹਨ। ਘੋੜੀਆਂ ਨੂੰ ਇਸਤਰੀਆਂ ਰਲ ਕੇ ਗਾਉਂਦੀਆਂ ਹਨ ਅਤੇ ਲੋੜ ਮੁਤਾਬਕ ਇਹਨਾਂ ਵਿੱਚੋਂ ਸ਼ਬਦਾਂ ਅਤੇ ਵਾਕੰਸ਼ਾਂ ਵਿੱਚ ਵਾਧੇ ਘਾਟੇ ਹੁੰਦੇ ਰਹਿੰਦੇ ਹਨ। ਬਾਕੀ ਲੋਕ-ਗੀਤਾਂ ਵਾਂਗ ਘੋੜੀਆਂ ਵੀ ਹਰ ਇਲਾਕੇ ਦੀ ਆਪਣੀ ਬੋਲੀ ਵਿੱਚ ਹੁੰਦੀਆਂ ਹਨ ਅਤੇ ਬਣਤਰ ਪੱਖੋਂ ਸਰਲ ਹੁੰਦੀਆਂ ਹਨ । ਇਨ੍ਹਾਂ ਵਿਚ ਦੁਹਰਾ, ਪ੍ਰਕਿਰਤਿਕ ਛੋਹਾਂ, ਲੈਅ ਅਤੇ ਰਵਾਨੀ ਹੁੰਦੀ ਹੈ।
ਹਰਿਆ ਨੀ ਮਾਏ, ਹਰਿਆ ਨੀ ਭੈਣੇ
ਹਰਿਆ ਨੀ ਮਾਏ, ਹਰਿਆ ਨੀ ਭੈਣੇ ।
ਹਰਿਆ ਤੇ ਭਾਗੀਂ ਭਰਿਆ ।
ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆਂ
ਸੋਈਓ ਦਿਹਾੜਾ ਭਾਗੀਂ ਭਰਿਆ ।
ਜੰਮਦਾ ਤਾਂ ਹਰਿਆ ਪੱਟ-ਲਪੇਟਿਆ,
ਕੁਛੜ ਦਿਓ ਨੀ ਏਨ੍ਹਾਂ ਦਾਈਆਂ ।
ਨ੍ਹਾਤਾ ਤੇ ਧੋਤਾ ਹਰਿਆ ਪਟ-ਲਪੇਟਿਆ,
ਕੁੱਛੜ ਦਿਓ ਸਕੀਆਂ ਭੈਣਾਂ ।
ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ,
ਕੀ ਕੁਝ ਮਿਲਿਆ ਸਕੀਆਂ ਭੈਣਾਂ ।
ਪੰਜ ਰੁਪਏ ਏਨ੍ਹਾਂ ਦਾਈਆਂ ਤੇ ਮਾਈਆਂ,
ਪੱਟ ਦਾ ਤੇਵਰ ਸਕੀਆਂ ਭੈਣਾਂ ।
ਰਾਜਾ ਤੇ ਪੁੱਛਦਾ ਰਾਣੀਏਂ
ਰਾਜਾ ਤੇ ਪੁੱਛਦਾ ਰਾਣੀਏਂ,
ਸੁਣ ਮੇਰੀ ਬਾਤ ਨੂੰ, ਸੁਣ ਮੇਰੀ ਬਾਤ ਨੂੰ
ਗਾਗਰ ਦੇ ਸੁੱਚੇ ਮੋਤੀ ਕਿਹਨੂੰ ਦੇਈਏ ।
ਪਾਂਧੇ ਦੇ ਜਾਈਏ ਵੇ ਰਾਜਾ,
ਸਾਹਾ ਸੁਧਾਈਏ, ਸਾਹਾ ਸੁਧਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।
ਪੁੱਤਰਾਂ ਦਾ ਜੰਮਣ, ਵੇ ਰਾਜਾ, ਨੂੰਹਾਂ ਦਾ ਆਵਣ,
ਇੰਦਰ ਦੀ ਵਰਖਾ ਵੇ ਰਾਜਾ, ਨਿੱਤ ਨਹੀਉਂ ।
ਨਾਈ ਦੇ ਜਾਈਏ ਵੇ ਰਾਜਾ,
ਗੰਢਾਂ ਘਲਾਈਏ, ਗੰਢਾਂ ਘਲਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।
ਲਲਾਰੀ ਦੇ ਜਾਈਏ ਵੇ ਰਾਜਾ,
ਚੀਰਾ ਰੰਗਾਇਏ, ਚੀਰਾ ਰੰਗਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।
ਸੁਨਿਆਰੇ ਦੇ ਜਾਈਏ ਵੇ ਰਾਜਾ,
ਕੈਂਠਾ ਘੜਾਈਏ, ਕੈਂਠਾ ਘੜਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ਵੇ ਰਾਜਾ ।
ਮਾਲਣ ਦੇ ਜਾਈਏ ਵੇ ਰਾਜਾ,
ਸਿਹਰਾ ਗੁੰਦਾਈਏ, ਸਿਹਰਾ ਗੁੰਦਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।
ਦਰਜੀ ਦੇ ਜਾਈਏ ਵੇ ਰਾਜਾ,
ਲੀੜੇ ਸਵਾਈਏ, ਲੀੜੇ ਸਵਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।
ਮੋਚੀ ਦੇ ਜਾਈਏ ਵੇ ਰਾਜਾ,
ਜੋੜਾ ਬਣਵਾਈਏ, ਜੋੜਾ ਬਣਵਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,
ਲੱਠੇ ਨੇ ਖੜ-ਖੜ ਲਾਈ ਰਾਮਾ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਬਾਬਲ ਵਿਆਹੁਣ ਪੁੱਤ ਨੂੰ ਚੱਲਿਆ,
ਦੰਮਾਂ ਨੇ ਛਣ-ਛਣ ਲਾਈ ਰਾਮਾ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਮਾਮਾ ਵਿਆਹੁਣ ਭਾਣਜੇ ਨੂੰ ਚੱਲਿਆ,
ਛਾਪਾਂ ਨੇ ਲਿਸ-ਲਿਸ ਲਾਈ ਰਾਮਾ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਚਾਚਾ ਵਿਆਹੁਣ ਭਤੀਜੇ ਨੂੰ ਚੱਲਿਆ,
ਰਥਾਂ, ਗੱਡੀਆਂ ਨੇ ਖੜ-ਖੜ ਲਾਈ ਰਾਮਾ।
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਵੱਡਾ ਵਿਆਹੁਣ ਛੋਟੇ ਨੂੰ ਚੱਲਿਆ,
ਊਠਾਂ ਨੇ ਧੂੜ ਧਮਾਈ ਰਾਮਾ।
ਘੋੜੀ ਸੋਂਹਦੀ ਕਾਠੀਆਂ ਦੇ ਨਾਲ
ਘੋੜੀ ਸੋਂਹਦੀ ਕਾਠੀਆਂ ਦੇ ਨਾਲ,
ਕਾਠੀ ਡੇਢ ਤੇ ਹਜ਼ਾਰ ।
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।
ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ,
ਚੋਟ ਨਗਾਰਿਆਂ 'ਤੇ ਲਾਓ ।
ਖਾਣਾ ਰਾਜਿਆਂ ਦਾ ਖਾਓ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।
ਛੈਲ ਨਵਾਬਾਂ ਦੇ ਘਰ ਢੁੱਕਣਾ,
ਸਰਦਾਰਾਂ ਦੇ ਘਰ ਢੁੱਕਣਾ ।
ਉਮਰਾਵਾਂ ਦੀ ਤੇਰੀ ਚਾਲ,
ਵਿੱਚ ਸਰਦਾਰਾਂ ਦੇ ਤੇਰਾ ਬੈਠਣਾ ।
ਚੀਰਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਕਲਗੀਆਂ ਦੇ ਨਾਲ ।
ਕਲਗੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।
ਕੈਂਠਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਜੁਗਨੀਆਂ ਦੇ ਨਾਲ ।
ਜੁਗਨੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।
ਜਾਮਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਤਣੀਆਂ ਦੇ ਨਾਲ ।
ਤਣੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।
ਜੁੱਤੀ ਤੇਰੀ ਵੇ ਮੱਲਾ ਸੋਹਣੀ,
ਵਾਹਵਾ ਜੜੀ ਤਿੱਲੇ ਨਾਲ ।
ਕੇਹੀ ਸੋਹਣੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।
ਸੁਰਜਣਾ ਵਿੱਚ ਬਾਗਾਂ ਦੇ ਤੁਸੀਂ ਆਓ,
ਚੋਟ ਨਗਾਰਿਆਂ 'ਤੇ ਲਾਓ ।
ਪੁੱਤ ਸਰਦਾਰਾਂ ਦੇ ਅਖਵਾਓ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।
ਪੁੱਛਦੀ-ਪੁਛਾਂਦੀ ਮਾਲਣ ਗਲੀ 'ਚ ਆਈ
ਪੁੱਛਦੀ-ਪੁਛਾਂਦੀ ਮਾਲਣ ਗਲੀ 'ਚ ਆਈ,
ਸ਼ਾਦੀ ਵਾਲਾ ਘਰ ਕਿਹੜਾ।
ਉੱਚੜੇ ਤੰਬੂ ਮਾਲਣ ਸਬਜ਼ ਕਨਾਤਾਂ,
ਸ਼ਾਦੀ ਵਾਲਾ ਘਰ ਇਹੋ।
ਆ, ਮੇਰੀ ਮਾਲਣ, ਬੈਠ ਦਲ੍ਹੀਜੇ,
ਕਰ ਨੀ ਸਿਹਰੇ ਦਾ ਮੁੱਲ।
ਇੱਕ ਲੱਖ ਚੰਬਾ ਦੋ ਲੱਖ ਮਰੂਆ,
ਤ੍ਰੈ ਲੱਖ ਸਿਹਰੇ ਦਾ ਮੁੱਲ।
ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ,
ਬੰਨ੍ਹ ਨੀ ਲਾਲ ਜੀ ਦੇ ਮੱਥੇ।
ਹਰਿਆ ਨੀ ਮਾਲਣ, ਹਰਿਆ ਨੀ ਭੈਣੇ ।
ਹਰਿਆ ਤੇ ਭਾਗੀਂ ਭਰਿਆ ।
ਚੁਗ ਲਿਆਇਉ ਚੰਬਾ ਤੇ ਗੁਲਾਬ ਜੀ
ਚੁਗ ਲਿਆਇਉ ਚੰਬਾ ਤੇ ਗੁਲਾਬ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।
ਇਹਦੀ ਨਾਰ ਚੰਬੇ ਦੀ ਤਾਰ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।
ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ,
ਵੀਰਾ ਕੀ ਕੁਝ ਪੜ੍ਹੇ ਤੇਰੀ ਨਾਰ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।'
ਭੈਣੇ ਸਾਲੀਆਂ ਪੜ੍ਹਦੀਆਂ ਪੋਥੀਆਂ
ਮੇਰੀ ਨਾਰ ਪੜ੍ਹੇ ਦਰਬਾਰ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।
ਵੀਰਾ ਕੀ ਕੁਝ ਕੱਢਣ ਤੇਰੀਆਂ ਸਾਲੀਆਂ,
ਵੀਰਾ ਕੀ ਕੁਝ ਕੱਢੇ ਤੇਰੀ ਨਾਰ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।
ਭੈਣੇ ਸਾਲੀਆਂ ਕੱਢਦੀਆਂ ਚਾਦਰਾਂ
ਮੇਰੀ ਨਾਰ ਕੱਢੇ ਜੀ ਰੁਮਾਲ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।
ਚੁਗ ਲਿਆਇਉ ਚੰਬਾ ਤੇ ਗੁਲਾਬ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਨੀਲੀ ਵੇ ਘੋੜੀ ਮੇਰਾ ਨਿੱਕੜਾ ਚੜ੍ਹੇ ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਭੈਣ ਵੇ ਸੁਹਾਗਣ ਤੇਰੀ ਵਾਗ ਫੜੇ ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਭਾਬੀ ਵੇ ਸੁਹਾਗਣ ਤੈਨੂੰ ਸੁਰਮਾ ਪਾਵੇ ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਰੱਤਾ ਰੱਤਾ ਡੋਲਾ ਮਹਿਲੀਂ ਆ ਵੇ ਵੜੇ ।
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,
ਮਾਂ ਵੇ ਸੁਹਾਗਣ ਪਾਣੀ ਵਾਰ ਪੀਵੇ ।
ਬੰਨੋ ਨੇ ਭੇਜੀਆਂ ਚੀਰੀਆਂ
ਬੰਨੋ ਨੇ ਭੇਜੀਆਂ ਚੀਰੀਆਂ
ਰਜ਼ਾਦੀ ਨੇ ਭੇਜੀਆਂ ਚੀਰੀਆਂ
ਬੰਨਾ, ਤੂੰ ਲਟਕੇਂਦੜਾ ਆਓ ਬੰਨਾ
ਮੇਰਾ ਰਾਓ-ਰਜ਼ਾਦੀ ਦਾ ਜੀਵੇ ਬੰਨਾ
ਕਿੱਕੁਣ ਆਵਾਂ, ਬੰਨੋ ਮੇਰੀਏ ?
ਲਟਕੇਂਦੀ ਨੀ ਬੇਸਰ ਵਾਲੀਏ
ਛਣਕੇਂਦੇ ਨੀ ਚੂੜੇ ਵਾਲੀਏ
ਬੰਨਾ, ਮੈਂ ਤੇਰਾ ਸਾਹਾ ਸੁਧਾਇਆ, ਬੰਨਾ
ਮੇਰਾ ਰਾਓ-ਰਜ਼ਾਦੀ ਦਾ ਜੀਵੇ ਬੰਨਾ
ਸਾਹਾ ਸੁਧਾਵੇ ਮੇਰਾ ਬਾਬਲ
ਪਾਂਧੇ ਦੇ ਜਾਵੇ ਮੇਰਾ ਬਾਬਲ
ਤੂੰ ਲਟਕੇ ਛਤਰ ਝੁੱਲੇ,
ਮੁਖ ਪਾਨ ਚਬੇਂਦੜਾ ਆਓ ਬੰਨਾ
ਮੇਰਾ ਰਾਓ-ਰਜ਼ਾਦੀ ਦਾ ਜੀਵੇ ਬੰਨਾ
ਕਿੱਕੁਣ ਆਵਾਂ, ਬੰਨੋ ਮੇਰੀਏ ?
ਲਟਕੇਂਦੀ ਨੀ ਬੇਸਰ ਵਾਲੀਏ
ਛਣਕੇਂਦੇ ਨੀ ਚੂੜੇ ਵਾਲੀਏ
ਤੇਰੀ ਡੋਲੀ ਤੋਂ ਜਾਵਾਂ ਘੋਲੀ
ਕਿਸ ਤੇਰਾ ਮੋਢਾ ਚਿਤਰਿਆ, ਵੇ ਚਿਤਰਿਆ, ਜੀਉ ਮੇਰੇ ਜਾਦੜਿਆ
ਕਿਸ ਤੇਰਾ ਕਾਜ ਰਚਾਇਆ, ਸੁੱਖੀਂ ਲੱਧੜਿਆ
ਬਾਬੇ ਮੋਢਾ ਚਿਤਰਿਆ, ਵੇ ਚਿਤਰਿਆ, ਜੀਉ ਮੇਰੇ ਜਾਦੜਿਆ
ਤੇਰੇ ਬਾਬਲ ਕਾਜ ਰਚਾਇਆ, ਸੁੱਖੀਂ ਲੱਧੜਿਆ
ਜੇ ਤੈਨੂੰ ਪਾਈਆਂ ਮਾਈਆਂ ਵੇ, ਮਾਈਆਂ ਵੇ, ਜੀਉ ਮੇਰੇ ਜਾਦੜਿਆ
ਤੇਰੀ ਮਾਂ ਨੂੰ ਮਿਲਣ ਵਧਾਈਆਂ, ਸੁੱਖੀਂ ਲੱਧੜਿਆ
ਜੇ ਤੂੰ ਚੜ੍ਹਿਓਂ ਘੋੜੀ ਵੇ ਜੀਉ, ਵੇ ਜੀਉ, ਮੇਰੇ ਜਾਦੜਿਆ
ਤੇਰੇ ਨਾਲ ਭਰਾਵਾਂ ਜੋੜੀ, ਸੁੱਖੀਂ ਲੱਧੜਿਆ
ਜੇ ਤੂੰ ਵੱਢੀ ਜੰਡੀ, ਵੇ ਵੱਢੀ ਜੰਡੀ, ਜੀਉ ਮੇਰੇ ਜਾਦੜਿਆ
ਤੇਰੀ ਮਾਂ ਨੇ ਸ਼ੱਕਰ ਵੰਡੀ, ਸੁੱਖੀਂ ਲੱਧੜਿਆ
ਜੇ ਤੂੰ ਲਈਆਂ ਲਾਵਾਂ, ਵੇ ਲਾਵਾਂ, ਜੀਉ ਮੇਰੇ ਜਾਦੜਿਆ
ਤੇਰੇ ਕੋਲ ਖਲੋਤੀ ਗਾਵਾਂ, ਸੁੱਖੀਂ ਲੱਧੜਿਆ
ਜੇ ਤੂੰ ਆਂਦੀ ਡੋਲੀ, ਵੇ ਜੀਉ ਮੇਰੇ ਜਾਦੜਿਆ
ਤੇਰੀ ਡੋਲੀ ਤੋਂ ਜਾਵਾਂ ਘੋਲੀ, ਸੁੱਖੀਂ ਲੱਧੜਿਆ
10. ਲਟਕੇਂਦੇ ਵਾਲ ਸੁਹਣੇ ਦੇ
ਲਟਕੇਂਦੇ ਵਾਲ ਸੁਹਣੇ ਦੇ
ਜਦੋਂ ਲੱਗਿਆ ਵੀਰਾ ਤੈਨੂੰ ਮਾਈਆਂ ਵੇ,
ਤੇਰੀ ਮਾਂ ਨੂੰ ਮਿਲਣ ਵਧਾਈਆਂ ਵੇ।
ਲਟਕੇਂਦੇ ਵਾਲ ਸੁਹਣੇ ਦੇ!
ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।
ਜਦ ਚੜ੍ਹਿਆ ਵੀਰਾ ਘੋੜੀ ਵੇ,
ਤੇਰੇ ਨਾਲ ਭਰਾਵਾਂ ਦੀ ਜੋੜੀ ਵੇ।
ਲਟਕੇਂਦੇ ਵਾਲ ਸੁਹਣੇ ਦੇ!
ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।
ਮੇਰੇ ਚੰਨ ਨਾਲੋਂ ਸੁਹਣਿਆਂ ਵੀਰਾ ਵੇ,
ਤੇਰੇ ਸਿਰ 'ਤੇ ਸਜੇ ਸੁਹਣਾ ਚੀਰਾ ਵੇ।
ਲਟਕੇਂਦੇ ਵਾਲ ਸੁਹਣੇ ਦੇ!
ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।
ਜਦ ਚੜ੍ਹਿਆ ਵੀਰਾ ਖਾਰੇ ਵੇ,
ਤੇਰਾ ਬਾਪ ਰੁਪਈਏ ਵਾਰੇ ਵੇ।
ਲਟਕੇਂਦੇ ਵਾਲ ਸੁਹਣੇ ਦੇ!
ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।
ਜਦ ਲਈਆਂ ਵੀਰਾ ਲਾਵਾਂ ਵੇ,
ਤੇਰੇ ਕੋਲ ਖਲੋਤੀਆਂ ਗਾਵਾਂ ਵੇ।
ਲਟਕੇਂਦੇ ਵਾਲ ਸੁਹਣੇ ਦੇ!
ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।
ਜਦ ਲਿਆਂਦੀ ਵੀਰਾ ਡੋਲੀ ਵੇ,
ਤੇਰੀ ਡੋਲੀ ਵਿਚ ਮਮੋਲੀ ਵੇ।
ਲਟਕੇਂਦੇ ਵਾਲ ਸੁਹਣੇ ਦੇ!
ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।
11. ਘੋੜੀ ਬਾਬੇ ਵਿਹੜੇ ਜਾ
ਨੀ ਘੋੜੀ ਬਾਬੇ ਵਿਹੜੇ ਜਾ,
ਤੇਰੇ ਬਾਬੇ ਦੇ ਮਨ ਸ਼ਾਦੀਆਂ।
ਤੇਰੀ ਦਾਦੀ ਦੇ ਮਨ ਚਾਅ,
ਨੀ ਘੋੜੀ ਚੁਗਦੀ ਹਰਿਆ ਘਾਹ।
ਨੀ ਘੋੜੀ ਪਈ ਕੁਵੱਲੜੇ ਰਾਹ,
ਨੀ ਘੋੜੀ ਰਾਵਲੀ ਕਹੀਏ!
ਨੀ ਘੋੜੀ ਨਾਨੇ ਵਿਹੜੇ ਜਾ,
ਤੇਰੇ ਨਾਨੇ ਦੇ ਮਨ ਸ਼ਾਦੀਆਂ।
ਤੇਰੀ ਨਾਨੀ ਦੇ ਮਨ ਚਾਅ,
ਨੀ ਘੋੜੀ ਚੁਗਦੀ ਹਰਿਆ ਘਾਹ।
ਨੀ ਘੋੜੀ ਪਈ ਕੁਵੱਲੜੇ ਰਾਹ,
ਨੀ ਘੋੜੀ ਰਾਵਲੀ ਕਹੀਏ!
ਬਾਗ਼ਾਂ ਵੱਲ ਜਾਵੀਂ ਵੇ
ਘੋੜਾ ਤਾਂ ਬੀੜੀਂ ਵੇ ਵੀਰਾ,
ਬਾਗ਼ਾਂ ਵੱਲ ਜਾਮੀਂ ਵੇ।
ਉਥੇ ਤਾਂ ਬੈਠੀ ਵੇ ਵੀਰਾ,
ਬਾਗ਼ਾਂ ਦੀ ਮਾਲਣ ਵੇ।
ਉਹਨੂੰ ਤਾਂ ਜਾ ਕੇ ਵੀਰਾ,
ਸੀਸ ਨਿਵਾਮੀਂ ਵੇ।
ਮਾਲਣ ਨੇ ਬਖ਼ਸ਼ਿਆ ਵੀਰਾ,
ਫ਼ੁੱਲਾਂ ਦਾ ਸਿਹਰਾ ਵੇ।
ਘੋੜਾ ਤਾਂ ਬੀੜੀਂ ਵੇ ਵੀਰਾ,
ਖੂਹੇ ਵੱਲ ਜਾਮੀਂ ਵੇ।
ਉਥੇ ਤਾਂ ਬੈਠੀ ਵੇ ਵੀਰਾ,
ਖੂਹੇ ਦੀ ਮਹਿਰਮ ਵੇ।
ਉਹਨੂੰ ਤਾਂ ਜਾ ਕੇ ਵੀਰਾ,
ਸੀਸ ਨਿਵਾਮੀਂ ਵੇ।
ਮਹਿਰਮ ਨੇ ਬਖ਼ਸ਼ਿਆ ਵੀਰਾ,
ਸੋਨੇ ਦਾ ਗੜਵਾ ਵੇ।
ਘੋੜਾ ਤਾਂ ਬੀੜੀਂ ਵੇ ਵੀਰਾ,
ਸਹੁਰਿਆਂ ਵੱਲ ਜਾਮੀਂ ਵੇ।
ਘੋੜੀ ਤੇਰੀ ਅੰਬਰਸਰ ਦੀ
ਘੋੜੀ ਤਾਂ ਤੇਰੀ ਅੰਬਰਸਰ ਦੀ ਵੀਰਾ,
ਕਾਠੀ ਬਣੀ ਪਟਿਆਲੇ।
ਘੋੜੀ ਚੜ੍ਹਦੇ, ਕਾਠੀ ਕੱਸਦੇ ਵੀਰਾ,
ਲਿਸ਼ਕ ਪਈ ਵੇ ਅੰਬਾਲੇ।
ਚੀਰਾ ਤਾਂ ਤੇਰਾ ਅੰਬਰਸਰ ਦਾ ਵੀਰਾ,
ਕਲਗ਼ੀ ਬਣੀ ਪਟਿਆਲੇ।
ਚੀਰਾ ਬੰਨ੍ਹਦੇ, ਕਲਗ਼ੀ ਸਜਾਉਂਦੇ ਵੀਰਾ,
ਲਿਸ਼ਕ ਪਈ ਵੇ ਅੰਬਾਲੇ।
ਵਰਦੀ ਤਾਂ ਤੇਰੀ ਅੰਬਰਸਰ ਦੀ ਵੀਰਾ,
ਬਟਨ ਬਣੇ ਪਟਿਆਲੇ।
ਵਰਦੀ ਪਾਉਂਦੇ, ਬਟਨ ਲਾਉਂਦੇ ਵੀਰਾ,
ਲਿਸ਼ਕ ਪਈ ਵੇ ਅੰਬਾਲੇ।
ਧੰਨ ਘੋੜੀ
ਘੋੜੀ ਤਾਂ ਮੇਰੇ ਕਾਨ੍ਹ ਦੀ, ਨੀ ਦੀਵਾਨ ਦੀ,
ਧੰਨ ਘੋੜੀ।
ਸੋਹੇ ਤਾਂ ਬਾਬੇ ਦੇ ਵਾਰ ਨੀ,
ਧੰਨ ਘੋੜੀ।
ਨੀਲੀ ਜੀ ਘੋੜੀ
ਵੀਰਾ ਵੇ ਤੇਰੀ ਨੀਲੀ ਜੀ ਘੋੜੀ,
ਵਾਗ ਛੁੱਟੇ ਘਰ ਆਵੇ।
ਵੀਰਾ ਵੇ ਤੇਰੀ ਪਤਲੀ ਜਿਹੀ ਨਾਜੋ,
ਸੱਗੀ ਨਾਲ ਸੁਹਾਵੇ।
ਵੀਰਾ ਵੇ ਤੇਰੀ ਨੀਲੀ ਜੀ ਘੋੜੀ,
ਵਾਗ ਛੁੱਟੇ ਘਰ ਆਵੇ।
ਵੀਰਾ ਵੇ ਤੇਰੀ ਪਤਲੀ ਜਿਹੀ ਨਾਜੋ,
ਫ਼ੁੱਲਾਂ ਨਾਲ ਸੁਹਾਵੇ।
ਵੀਰਾ ਵੇ ਤੇਰੀ ਨੀਲੀ ਜੀ ਘੋੜੀ,
ਵਾਗ ਛੁੱਟੇ ਘਰ ਆਵੇ।
ਵੀਰਾ ਵੇ ਤੇਰੀ ਪਤਲੀ ਜਿਹੀ ਨਾਜੋ,
ਕੈਂਠੀ ਨਾਲ ਸੁਹਾਵੇ।
ਸੁਹਣੀ ਨੀ ਘੋੜੀ ਵੀਰ ਦੀ
ਸੁਹਣੀ ਨੀ ਘੋੜੀ ਵੀਰ ਦੀ
ਉਚੇ ਨੂੰ ਪਾਣੀ ਡੋਲ੍ਹੀਏ,
ਪਾਣੀ ਨੀਵੇਂ ਨੂੰ ਆਵੇ।
ਨੀ ਸਹੀਓ ਪਾਣੀ ਨੀਵੇਂ ਨੂੰ ਆਵੇ।
ਸੁਹਣੀ ਨੀ ਘੋੜੀ ਵੀਰ ਦੀ
ਬਾਗ਼ੋਂ ਚਰ ਘਰ ਆਵੇ।
ਉਚੇ ਨੂੰ ਪਾਣੀ ਡੋਲ੍ਹੀਏ,
ਪਾਣੀ ਨੀਵੇਂ ਨੂੰ ਆਵੇ।
ਸੁਹਣਾ ਨੀ ਚੀਰਾ ਵੀਰ ਦਾ,
ਸਿਹਰੇ ਨਾਲ ਸੁਹਾਵੇ।
ਘੋੜੀ ਰਾਂਗਲੀ ਸਹੀਓ
ਨੀ ਘੋੜੀ ਰਾਂਗਲੀ ਸਹੀਓ!
ਘੋੜੀ ਬਾਬੇ ਵਿਹੜੇ ਜਾਹ।
ਘੋੜੀ ਚਰਦੀ ਹਰਾ ਘਾਹ।
ਘੋੜੀ ਪੀਂਦੀ ਠੰਢਾ ਨੀਰ।
ਘੋੜੀ ਚੜ੍ਹੇ ਸੁਹਣਾ ਵੀਰ।
ਨੀ ਘੋੜੀ ਰਾਂਗਲੀ ਸਹੀਓ!
ਘੋੜੀ ਬਾਪੂ ਵਿਹੜੇ ਜਾਹ।
ਘੋੜੀ ਚਰਦੀ ਹਰਾ ਘਾਹ।
ਘੋੜੀ ਪੀਂਦੀ ਠੰਢਾ ਨੀਰ।
ਘੋੜੀ ਚੜ੍ਹੇ ਸੁਹਣਾ ਵੀਰ।
ਨੀ ਘੋੜੀ ਰਾਂਗਲੀ ਸਹੀਓ!
ਵੀਰਾ ਘੋੜੀ ਆਈ
ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ,
ਆਪਣੀ ਦਾਦੀ ਮੰਗਵਾ ਲਾ,
ਪੂਰੇ ਸ਼ਗਨ ਕਰਨੇ ਨੂੰ।
ਆਪਣਾ ਬਾਬਾ ਮੰਗਵਾ ਲਾ,
ਦੰਮਾਂ ਬੋਰੀ ਫੜਨੇ ਨੂੰ।
ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ,
ਆਪਣੀ ਮਾਤਾ ਮੰਗਵਾ ਲਾ,
ਪੂਰੇ ਸ਼ਗਨ ਕਰਨੇ ਨੂੰ।
ਘੋੜਾ ਮੰਗਾਇਆ ਵੀਰਾ
ਘੋੜਾ ਮੰਗਾਇਆ ਵੀਰਾ,
ਤੇਰੀ ਵੇ ਰੀਝ ਦਾ, ਤੇਰੀ ਦਲੀਲ ਦਾ,
ਚੜ੍ਹਨੇ ਦੇ ਵੇਲ਼ੇ ਹਾਜ਼ਰ ਹੋਣਾ ਵੀਰਾ।
ਚੜ੍ਹਨੇ ਦੇ ਵੇਲ਼ੇ ਭੈਣੇਂ ਨੌਕਰ ਸਰਕਾਰ ਦਾ,
ਮੇਰਾ ਪਹਿਰਾ ਸੀ ਰਾਤ ਦਾ,
ਬੰਗਲੇ ਦੇ ਮੂਹਰੇ ਹਾਜ਼ਰ ਹੋਣਾ ਭੈਣੇਂ।
ਵੇ ਵੀਰਾ ਕਾਲੜੀਆਂ ਘਟਾਵਾਂ,
ਵੇ ਚੜ੍ਹ ਆਈਆਂ ਚੁਫ਼ੇਰੇ,
ਭਾਵੇਂ ਮੀਂਹ ਵਰੇਸੇ, ਗਲੀਏ ਚਿੱਕੜ ਹੋਵੇ,
ਜੰਞੀ ਚੜ੍ਹਨਾ ਸਵੇਰੇ।
ਵੇ ਵੀਰਾ ਭਿੱਜ ਜਾਊਗਾ ਜੋੜਾ,
ਵੇ ਵੀਰਾ ਭਿੱਜ ਜਾਊਗਾ ਘੋੜਾ,
ਸੂਹਿਆਂ ਵਾਲੀ ਦਾ ਡੋਲ਼ਾ।
ਵੀਰਾ ਘੋੜੀਆਂ ਵਿਕੇਂਦੀਆਂ ਵੇ
ਵੀਰਾ ਘੋੜੀਆਂ ਵਿਕੇਂਦੀਆਂ ਵੇ,
ਗੰਗਾ ਯਮੁਨਾ ਤੋਂ ਪਾਰ।
ਵੀਰਾ ਬਾਬੇ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ।
ਵੀਰਾ ਘੋੜੀਆਂ ਵਿਕੇਂਦੀਆਂ ਵੇ,
ਗੰਗਾ ਯਮੁਨਾ ਤੋਂ ਪਾਰ।
ਵੀਰਾ ਨਾਨੇ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ।
ਵੀਰਾ ਘੋੜੀਆਂ ਵਿਕੇਂਦੀਆਂ ਵੇ,
ਗੰਗਾ ਯਮੁਨਾ ਤੋਂ ਪਾਰ।
ਵੀਰਾ ਬਾਪ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ।
ਘੋੜੀ ਚੜ੍ਹ ਬੰਨਿਆ
ਘੋੜੀ ਚੜ੍ਹ ਬੰਨਿਆ ਤੈਨੂੰ ਬਾਬਾ ਬੁਲਾਵੇ,
ਮੈਂ ਸਦਕੇ ਵੀਰਾ ਦਾਦੀ ਸ਼ਗਨ ਮਨਾਵੇ,
ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ।
ਘੋੜੀ ਚੜ੍ਹ ਬੰਨਿਆ ਤੈਨੂੰ ਬਾਪ ਬੁਲਾਵੇ,
ਮੈਂ ਸਦਕੇ ਵੀਰਾ ਮਾਤਾ ਸ਼ਗਨ ਮਨਾਵੇ,
ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ।
ਘੋੜੀ ਚੜ੍ਹ ਬੰਨਿਆ ਤੈਨੂੰ ਮਾਮਾ ਬੁਲਾਵੇ,
ਮੈਂ ਸਦਕੇ ਵੀਰਾ ਮਾਮੀ ਸ਼ਗਨ ਮਨਾਵੇ,
ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ।
ਘੋੜੀ ਚੜ੍ਹ ਬੰਨਿਆ ਤੈਨੂੰ ਵੀਰਾ ਬੁਲਾਵੇ,
ਮੈਂ ਸਦਕੇ ਵੀਰਾ ਭਾਬੋ ਸ਼ਗਨ ਮਨਾਵੇ,
ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ।
ਘੋੜੀ ਤਾਂ ਮੇਰੇ ਵੀਰ ਦੀ
ਘੋੜੀ ਤਾਂ ਮੇਰੇ ਵੀਰ ਦੀ,
ਨੀ ਬਿੰਦ੍ਰਾ ਵਣ ਵਿਚੋਂ ਆਈ।
ਆਉਂਦੀ ਮਾਤਾ ਨੇ ਰੋਕ ਲਈ,
ਦੇ ਜਾ ਢੋਲ ਧਰਾਈ।
ਜੋ ਕੁਝ ਮੰਗਣਾ ਮੰਗ ਲਾ,
ਨੀ ਮਾਤਾ ਦੇਰ ਨਾ ਲਾਈਂ।
ਸਵਾ ਰੁਪਈਆ ਰੋਕ ਦਾ,
ਰੱਖ ਜਾ ਢੋਲ ਧਰਾਈ।
ਧੁਰ ਮੁਲਤਾਨੋ ਘੋੜੀ ਆਈ ਵੀਰਾ
ਧੁਰ ਮੁਲਤਾਨੋ ਘੋੜੀ ਆਈ ਵੀਰਾ,
ਕਿਨ ਮੰਗੀ ਕਿਨ ਮੰਗਾਈ ਭੈਣੋਂ।
ਪੋਤੇ ਮੰਗੀ ਬਾਬੇ ਮੰਗਾਈ ਵੀਰਾ,
ਇਸ ਘੋੜੀ ਦਾ ਕੀ ਆ ਮੁੱਲ ਭੈਣੋਂ।
ਇਕ ਲੱਖ ਆ ਡੇਢ ਹਜ਼ਾਰ ਵੀਰਾ,
ਲੱਖ ਦਏਗਾ ਲਾੜੇ ਦਾ ਬਾਬਾ ਭੈਣੋਂ।
ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ
ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ,
ਨੀ ਕਿਤੇ ਮੇਰਾ ਵੀ ਬੰਨੜਾ ਦੇਖਿਆ।
ਦੇਖਿਆ ਸੀ ਭੈਣੇਂ ਦੇਖਿਆ ਸੀ,
ਨਦੀਓਂ ਪਾਰ ਖੜ੍ਹਾ ਦੇਖਿਆ।
ਘੋੜੀ ਖਰੀਦੇ ਮੇਰਾ ਨਿੱਕੜਾ ਜਿਹਾ,
ਨੀ ਜਿਹਦੀ ਅੱਖ ਮੋਟੀ ਨੱਕ ਪਤਲਾ ਜਿਹਾ।
ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ,
ਨੀ ਕਿਤੇ ਮੇਰਾ ਵੀ ਬੰਨੜਾ ਦੇਖਿਆ।
ਦੇਖਿਆ ਸੀ ਭੈਣੇਂ ਦੇਖਿਆ ਸੀ,
ਪੰਸਾਰੀ ਦੀ ਹੱਟ ਪੁਰ ਦੇਖਿਆ।
ਰਸਦ ਤੁਲਾਵੇ ਮੇਰਾ ਨਿੱਕੜਾ ਜਿਹਾ,
ਨੀ ਜਿਹਦੀ ਅੱਖ ਮੋਟੀ ਨੱਕ ਪਤਲਾ ਜਿਹਾ।