ਕਿੱਕਲੀ ਪੰਜਾਬੀ ਕੁੜੀਆਂ ਦੀ ਲੋਕ ਖੇਡ ਵੀ ਹੈ ਤੇ ਲੋਕ ਨਾਚ ਵੀ ਹੈ। ਰੋੜੇ ਖੇਡਦਿਆਂ ਨਿਕੇ ਵੀਰਾਂ, ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਹੋਈਆ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿਚ ਆਉਂਦਾ ਹੈ ਤਾਂ ਉਹ ਜੋਟੇ ਬਣਾ ਕੇ ਇਕ-ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲਗ ਜਾਂਦੀਆਂ ਹਨ। ਕਿਉਂਕਿ ਬੱਚਿਆ ਨੂੰ ਹੂਟੇ ਲੈਣ ਵਿਚ ਖਾਸ ਆਨੰਦ ਆਉਂਦਾ ਹੈ ਜਿਸ ਕਰਕੇ ਉਹ ਲਾਟੂ ਚਲਾਉਂਦੇ, ਭੰਬੀਰੀਆਂ ਘੁਮਾਉਂਦੇ, ਚਕਰ ਚੂੰਡੇ ਤੇ ਚੰਡੋਲ ਝੂਟਦੇ ਹਨ। ਗੇੜ ਦੀ ਰਫ਼ਤਾਰ ਨਾਲ ਉਹ ਕਿੱਕਲੀ ਦੇ ਗੀਤ ਵੀ ਗਾਉਂਦੀਆਂ ਹਨ।
Kikkli (Punjabi: ਕਿੱਕਲੀ, pronounced: kick-lee), also spelled as Kikli, is one of the folk dances of Punjabi females performed by two girls holding hands and twirling each other in circle and balancing their positions in circular motions. It is generally popular in young girls and performed in pairs. A variety of songs are used with clapping.
ਕਿੱਕਲੀ ਕਲੀਰ ਦੀ
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ
ਫਿਟੇ ਮੂੰਹ ਜਵਾਈ ਦਾ।
ਗਈ ਸਾਂ ਮੈਂ ਗੰਗਾ
ਗਈ ਸਾਂ ਮੈਂ ਗੰਗਾ
ਚੜ੍ਹਾ ਲਿਆਈ ਵੰਗਾਂ
ਅਸਮਾਨੀ ਮੇਰਾ ਘਗਰਾ
ਮੈਂ ਕਿਹੜੀ ਕਿੱਲੀ ਟੰਗਾਂ
ਨੀ ਮੈਂ ਏਸ ਕਿੱਲੀ ਟੰਗਾਂ
ਨੀ ਮੈਂ ਓਸ ਕਿੱਲੀ ਟੰਗਾਂ
ਕਿੱਕਲੀ ਪਾਵਣ ਆਈਆਂ
ਕਿੱਕਲੀ ਪਾਵਣ ਆਈਆਂ
ਬਦਾਮ ਖਾਵਣ ਆਈਆਂ
ਬਦਾਮ ਦੀ ਗੁੱਲੀ ਮਿੱਠੀ
ਮੈਂ ਵੀਰ ਦੀ ਕੁੜੀ ਡਿੱਠੀ
ਮੇਰੇ ਵੀਰ ਦੀ ਕੁੜੀ ਕਾਲੀ
ਮੈਨੂੰ ਆ ਗਈ ਭਵਾਲੀ
ਥਾਲੀ ਥਾਲੀ ਥਾਲੀ
ਕਿੱਕਲੀ ਕੁਲੱਸ ਦੀ
ਕਿੱਕਲੀ ਕੁਲੱਸ ਦੀ, ਲੱਤ ਭੱਜੇ ਸੱਸ ਦੀ
ਗੋਡਾ ਭੱਜੇ ਜੇਠ ਦਾ, ਝੀਤਾਂ ਵਿੱਚੀਂ ਵੇਖਦਾ
ਮੋੜ ਸੂ ਜਠਾਣੀਏ, ਮੋੜ ਸੱਸੇ ਰਾਣੀਏ
ਸੱਸ ਦਾਲ ਚਾ ਪਕਾਈ, ਛੰਨਾ ਭਰ ਕੇ ਲਿਆਈ
ਸੱਸ ਖੀਰ ਚਾ ਪਕਾਈ, ਹੇਠ ਟੰਗਣੇ ਲੁਕਾਈ
ਅੰਦਰ ਬਾਹਰ ਵੜਦੀ ਖਾਵੇ
ਭੈੜੀ ਗੱਲ੍ਹ-ਗੜ੍ਹੱਪੇ ਲਾਵੇ
ਲੋਕੋ ਸੱਸਾਂ ਬੁਰੀਆਂ ਵੇ
ਕਲੇਜੇ ਲਾਵਣ ਛੁਰੀਆਂ ਵੇ
ਐਸ ਗਲੀ ਮੈਂ ਆਵਾਂ ਜਾਵਾਂ
ਐਸ ਗਲੀ ਮੈਂ ਆਵਾਂ ਜਾਵਾਂ
ਐਸ ਗਲੀ ਲਸੂੜ੍ਹਾ
ਭਾਬੋ ਮੰਗੇ ਮੁੰਦਰੀਆਂ
ਨਨਾਣ ਮੰਗੇ ਚੂੜਾ
ਨੀ ਇਹ ਲਾਲ ਲਸੂੜ੍ਹਾ