ਨਰਮ ਰੰਗ ‘ਤੇ ਕਾਲਾ ਸੋਂਹਦਾ
ਗੋਰੇ ਰੰਗ ‘ਤੇ ਗਹਿਣਾ
ਤਿੰਨ ਵਲ ਕਾ ਕੇ ਤੁਰਦੀ ਬਚਨੀਏ
ਰੂਪ ਸਦਾ ਨੀਂ ਰਹਿਣਾ
ਏਸ ਰੂਪ ਦਾ ਮਾਣ ਨਾ ਕਰੀਏ
ਮੰਨ ਮਿੱਤਰਾਂ ਦਾ ਕਹਿਣਾ
ਬਾਗ ਵਿੱਚ ਫੁੱਲ ਖਿੜਿਆ
ਅਸੀਂ ਭੌਰੇ ਬਣ ਕੇ ਰਹਿਣਾ
ਘੁੰਮ ,ਵੇ ਕਰੀਰਾ, ਘੁੰਮ ,ਵੇ ਕਰੀਰਾ
ਰੱਬ ਤੈਨੂੰ ਲਾਵੇ ਡੇਲੇ
ਸੋਹਣੇ ਫੁੱਲ ਖਿੜੇ, ਕੁੜੀਓ
ਥਾਂ ਥਾਂ ਲਗਦੇ ਮੇਲੇ
ਆਓ ਚੋਬਰੋ ਗਿੱਧਾ ਪਾਈਏ
ਆਓ ਝਨਾਂ ਕਿਨਾਰੇ
ਪਾਣੀ ਉੱਤੇ ਫੁੱਲ ਤਰਦਾ
ਚੁੱਕ ਲੈ ਸੋਹਣੀਏ ਨਾਰੇ
ਸੁਣ ਨੀ ਕੁੜੀਏ, ਨੱਚਣ ਵਾਲੀਏ
ਤੇਰਾ ਪੁੰਨਿਆ ਤੋਂ ਰੂਪ ਸਵਾਇਆ
ਵਿਚ ਕੁੜੀਆਂ ਦੇ ਪਾਵੇਂ ਪੈਲਾਂ
ਤੈਨੂੰ ਨੱਚਣਾ ਕੀਹਨੇ ਸਿਖਾਇਆ
ਸਭਨਾਂ ਨੂੰ ਤੂੰ ਇਉਂ ਲਗਦੀ ਏਂ
ਜਿਉਂ ਬਿਰਛਾਂ ਦੀ ਛਾਇਆ
ਸ਼ੌਂਕ ਨਾਲ ਨੱਚ ਲੈ ਨੀ
ਗਿੱਧਾ ਬਸੰਤੀ ਆਇਆ
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਮਗਰੋਂ ਪੈਂਦੀ ਭੂਰ
ਰੋਟੀ ਲੈ ਨਿੱਕਲੀ
ਖੇਤ ਸੁਣੀਂਦਾ ਦੂਰ
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਬੱਦਲਾਂ ਨੇ ਪਾਏ ਘੇਰੇ
ਰੋਟੀ ਲੈ ਆਈ
ਕਪੜੇ ਭਿੱਜ ਗਏ ਤੇਰੇ
ਫੱਗਣ ਮਹੀਨੇ ਮੀਂਹ ਪੈ ਜਾਂਦਾ
ਲਗਦਾ ਕਰੀਰੀਂ ਬਾਟਾ
ਸਰੁਹਾਂ ਨੂੰ ਤਾਂ ਫੁੱਲ ਲੱਗ ਜਾਂਦੇ
ਛੋਲਿਆਂ ਨੂੰ ਪਵੇ ਪਟਾਕਾ
ਸੌਂਕ ਨਾਲ ਜੱਟ ਗਿੱਧਾ ਪਾਉਂਦੇ
ਰੱਬ ਸਭਨਾਂ ਦਾ ਰਾਖਾ
ਬਸੰਤੀ ਫੁੱਲਾ ਵੇ
ਆ ਕੇ ਦੇ ਦੇ ਝਾਕਾ
ਦੇਵੀ ਮਾਤਾ ਗੌਣ ਬਖਸ਼ਦੀ
ਨਾਮ ਲਏ ਜੱਗ ਤਰਦਾ
ਬੋਲੀਆਂ ਪਾਉਣ ਦੀ ਹੋ ਗਈ ਮਨਸ਼ਾ
ਆ ਕੇ ਗਿੱਧੇ ਵਿਚ ਵੜਦਾ
ਨਾਲ ਸ਼ੌਂਕ ਦੇ ਪਾਵਾਂ ਬੋਲੀਆਂ
ਮੈਂ ਨੀ ਕਿਸੇ ਤੋਂ ਡਰਦਾ
ਦੇਵੀ ਦੇ ਚਰਨਾਂ ‘ਤੇ
ਸੀਸ ਮੈਂ ਆਪਣਾ ਧਰਦਾ
ਨਾਮ ਅੱਲ੍ਹਾ ਦਾ ਸਭ ਤੋਂ ਚੰਗਾ
ਸਭ ਨੂੰ ਇਹੋ ਸੁਹਾਵੇ
ਗਿੱਧੈ ‘ਚ ਉਸਦਾ ਕੰਮ ਕੀ ਵੀਰਨੋ
ਜਿਹੜਾ ਅੱਲ੍ਹਾ ਦਾ ਨਾਉਂ ਭੁਲਾਏ
ਦੋਹਾਂ ਜਹਾਨਾਂ ਦਾ ਅੱਲ੍ਹਾ ਹੀ ਵਾਲੀ
ਉਹਦੀ ਸਿਫਤ ਕਰੀ ਨਾ ਜਾਏ
ਅੱਲ੍ਹਾ ਦਾ ਨਾਉਂ ਲੈ ਲਏ
ਜਿਹੜਾ ਗਿੱਧੇ ਵਿੱਚ ਆਏ
ਗੁਰ ਧਿਆ ਕੇ ਮੈਂ ਪਾਵਾਂ ਬੋਲੀ
ਸਭ ਨੂੰ ਫਤੇ ਬੁਲਾਵਾਂ
ਬੇਸ਼ਕ ਮੈਨੂੰ ਮਾੜਾ ਆਖੋ
ਮੈਂ ਮਿੱਠੇ ਬੋਲ ਸੁਣਾਵਾਂ
ਭਾਈਵਾਲੀ ਮੈਨੂੰ ਲੱਗੇ ਪਿਆਰੀ
ਰੋਜ਼ ਗਿੱਧੇ ਵਿਚ ਆਵਾਂ
ਗੁਰ ਦਿਆਂ ਸ਼ੇਰਾਂ ਦੇ
ਮੈਂ ਵਧ ਕੇ ਜਸ ਗਾਵਾਂ
ਹਿੰਮਤਪੁਰੇ ਦੇ ਮੁੰਡੇ ਬੰਬਲੇ(ਨਰੋਏ)
ਸੱਤਾਂ ਪੱਤਣਾਂ ਦੇ ਤਾਰੂ
ਸੂਇਆਂ ਕੱਸੀਆਂ ‘ਤੇ ਕਣਕਾਂ ਬੀਜਦੇ
ਛੋਲੇ ਬੀਜਦੇ ਮਾਰੂ
ਇਕ ਮੁੰਡੇ ਦਾ ਨਾਂ ਫਤਿਹ ਮੁਹੰਮਦ
ਦੂਜੇ ਦਾ ਨਾਂ ਸਰਦਾਰੂ
ਗਾਮਾ,ਬਰਕਤ,ਸੌਣ,ਚੰਨਣ ਸਿੰਘ
ਸਭ ਤੋਂ ਉੱਤੋਂ ਦੀ ਬਾਰੂ
ਸਾਰੇ ਮਿਲਕੇ ਮੇਲੇ ਜਾਂਦੇ
ਨਾਲੇ ਜਾਂਦਾ ਨਾਹਰੂ
ਬਸੰਤੀ ਰੀਝਾਂ ਨੂੰ
ਗਿੱਧੇ ਦਾ ਚਾਅ ਉਭਾਰੂ
ਹੁੰਮ ਹੁਮਾ ਕੇ ਕੁੜੀਆਂ ਆਈਆਂ
ਗਿਣਤੀ ‘ਚ ਪੂਰੀਆਂ ਚਾਲੀ
ਚੰਦੀ,ਨਿਹਾਲੋ,ਬਚਨੀ,ਪ੍ਰੀਤੋ
ਸਭਨਾਂ ਦੀ ਵਰਦੀ ਕਾਲੀ
ਲੱਛੀ,ਬੇਗ਼ਮ,ਨੂਰੀ,ਫਾਤਾਂ
ਸਭਨਾਂ ਦੇ ਮੂੰਹ ‘ਤੇ ਲਾਲੀ
ਸਭ ਨਾਲੋਂ ਸੋਹਣੀ ਦਿਸੇ ਪੰਜਾਬੋ
ਓਸ ਤੋਂ ਉਤਰ ਕੇ ਜੁਆਲੀ
ਗਿੱਧਾ ਪਾਓ ਕੁੜੀਓ
ਹੀਰ ਆ ਗਈ ਸਿਆਲਾਂ ਵਾਲੀ
ਮਾਂ ਨੀ ਮਾਂ
ਰੁੱਸੀ ਹੋਈ ਸੱਸ ਨੂੰ ਕਿਵੇਂ ਮਨਾਈਦਾ?
ਰੋਟੀ ਖਾ ਲਉ ਮਾਤਾ ਜੀ
ਹੱਥ ਬੰਨ੍ਹਾ ਲਉ ਮਾਤਾ ਜੀ
ਮਾਂ ਨੀ ਮਾਂ
ਰੁੱਸੀ ਹੋਈ ਨਣਾਨ ਨੂੰ ਕਿਵੇਂ ਮਨਾਈਦਾ?
ਰੋਟੀ ਖਾ ਲਉ ਬੀਬੀ ਜੀ
ਹੱਥ ਬੰਨ੍ਹਾ ਲਉ ਬੀਬੀ ਜੀ
ਮਾਂ ਨੀ ਮਾਂ
ਰੁੱਸੀ ਹੋਈ ਜਠਾਣੀ ਨੂੰ ਕਿਵੇਂ ਮਨਾਈਦਾ?
ਐਧਰ ਆ ਸ਼ਰੀਕਣੀਏ
ਆਢਾ ਲਾ ਸ਼ਰੀਕਣੀਏ
ਬਾਹਰੋਂ ਆਉਂਦਾ ਚਾਹ ਧਰ ਲੈਂਦਾ
ਨਾਲ ਮੁੰਡਿਆਂ ਦੀ ਟੋਲੀ
ਮੈਂ ਨਾ ਕਿਸੇ ਦੇ ਭਾਂਡੇ ਮਾਂਜਣੇ
ਮੈਂ ਨਾ ਕਿਸੇ ਦੀ ਗੋਲੀ
ਤਾਹੀਓਂ ਸਿਰ ਚ੍ਹੜਿਆ
ਮੈਂ ਨਾ ਬਰਾਬਰ ਬੋਲੀ
ਖੂਹ ਬੈਠੀ ਦਾਤਣ ਕਰਦੀ
ਚਿੱਟਿਆਂ ਦੰਦਾਂ ਦੀ ਮਾਰੀ
ਬਾਹਰੋਂ ਆਇਆ ਮੱਚਿਆ ਸੜਿਆ
ਚੁੱਕ ਕੇ ਮਹਿਲ ਨਾਲ ਮਾਰੀ
ਕਰ ਲੈ ਦਿੱਲ ਲੱਗੀਆਂ
ਤੂੰ ਜਿੱਤਿਆ ਮੈਂ ਹਾਰੀ
ਆਟਾ ਮੇਰਾ ਗੁੰਨ੍ਹਿਆ ਪਿਆ ਸੀ
ਦਾਲ ਪਈ ਸੀ ਘੋਟੀ
ਅੱਗ ਮਚਾ ਕੇ ਤਵਾ ਸੀ ਧਰਿਆ
ਪੱਕਣ ਵਾਲੀ ਰੋਠੀ
ਅੱਕਿਆ ਥੱਕਿਆ ਬਾਹਰੋਂ ਆਇਆ
ਮੇਰੇ ਲੱਕ ਤੇ ਮਾਰੀ ਸੋਟੀ
ਇੱਕ ਚਿੱਤ ਕਰਦਾ ਫੜ੍ਹ ਲਾਂ ਜੂੜਿਓਂ
ਘੋਲ ਸੁਟਾਂ ਇਹਦੀ ਨੇਕੀ
ਜੇ ਤੈਂ ਐਂ ਕਰਨੀ
ਭੌਰ ਜਾਣਗੇ ਪੇਕੀਂ
ਸੱਸੇ ਨੀ ਸਮਝਾ ਲੈ ਪੁੱਤ ਨੂੰ
ਘਰ ਨੀ ਬਗਾਨੇ ਜਾਂਦਾ
ਘਰ ਦੀ ਸ਼ਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਂਦਾ
ਨੀ ਸਮਝਾ ਸੱਸੀਏ
ਹਾਏ ਜਰਿਆ ਨੀ ਜਾਂਦਾ
ਊਠਾਂ ਵਾਲਿਓ ਵੇ
ਊਠ ਲੱਦੇ ਨੇ ਮੱਤੇ ਨੂੰ
ਜੱਟ ਬੇਈਮਾਨ
ਦੁੱਧ ਛੱਡੇ ਨਾ ਕੱਟੇ ਨੂੰ
ਦਰਾਣੀ ਤੇ ਜਠਾਣੀ ਰਲ ਗੰਨੇ ਚੂਪੇ
ਉਹ ਛਿੱਲ ਤੇਰੀ ਆ
ਨੀ ਆਹ ਛਿੱਲ ਮੇਰੀ ਆ
ਉਹ ਛਿੱਲ ਤੇਰੀ ਆ
ਨੀ ਆਹ ਛਿੱਲ ਮੇਰੀ ਆ
ਦੀਵੇ ਵਿੱਚੋਂ ਤੇਲ ਮੁੱਕਿਆ
ਕੀ ਹਾਲ ਵੇ ਭੰਮਕੜਾ ਤੇਰਾ
ਦੀਵੇ ਵਿੱਚੋਂ ਤੇਲ ਮੁੱਕਿਆ
ਜੱਟਾਂ ਦੀ ਕੁੜੀ ਨਾਲ
ਤੇਰੀ ਵੇ ਦੋਸਤੀ
ਆਉਂਦਾ ਜਾਂਦਾ ਚੱਬ ਛੱਲੀਆਂ
ਵੇ ਬਸ਼ਰਮਾਂ ਤੈਨੂੰ
ਛੱਡ ਚੱਲੀਆਂ
ਵੇ ਬਸ਼ਰਮਾਂ ਤੈਨੂੰ ਛੱਡ ਚੱਲੀਆਂ
ਲੱਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸਹੀਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਕਿਵੇਂ ਕੱਤਾਂ
ਮੇਰਾ ਚਿੱਤ ਪੁੰਨੂੰ ਵੱਲ ਜਾਵੇ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਦਾ ਮੋੜੀ
ਉਰਲੇ ਪਾਸੇ ਖਾਈ ਸੁਣੀਦੀ
ਪਰਲੇ ਪਾਸੇ ਮੋਰੀ
ਉਥੇ ਦੀਆਂ ਦੋ ਕੁੜੀਆਂ ਸੁਣੀਦੀਆਂ
ਇੱਕ ਕਾਲੀ ਇੱਕ ਗੋਰੀ
ਗੋਰੀ ਨੇ ਤਾਂ ਲਾ ਲੀ ਯਾਰੀ
ਹੋ ਕੇ ਉਹਲੇ ਚੋਰੀ
ਕਾਲੀ ਦਾ ਤਾਂ ਵਿਆਹ ਧਰ ਦਿੱਤਾ
ਘਰ ਦਿਆਂ ਜੋਰਮ-ਜੋਰੀ
ਕੂਕਾਂ ਪੈਣਗੀਆਂ
ਨਿਹੁੰ ਨਾ ਲਗਦੇ ਜੋਰੀਂ
ਤੇਰੇ ਲਾਲ ਸੁਹੇ ਬੁਲ੍ਹ
ਸਾਨੂੰ ਲੈਣੇ ਪੈ ਗਏ ਮੁੱਲ
ਜਿੱਥੇ ਟਕਰੇਂਗੀ ਕੱਲੀ
ਤੈਨੂੰ ਚੱਕੂੰ ਮੱਲੋਮੱਲੀ
ਕੱਟ ਮੋੜ ਬੱਲੀਏ
ਸਾਨੂੰ ਲਗਦੀ ਪਿਆਰੀ
ਤੇਰੀ ਤੋਰ ਬੱਲੀਏ
ਕਾਲੀ ਕੁੜਤੀ ਸਿਲਮ ਸਿਤਾਰਾ
ਵਿਆਹ ਸ਼ਾਦੀ ਨੂੰ ਪਾਵਾਂ
ਜਿਹੜੀਆਂ ਗੱਲਾਂ ਨੂੰ ਫਿਰਦਾ ਗੱਭਰੂਆ
ਮੈਂ ਚਿੱਤ ‘ਤੇ ਨਾ ਲਿਆਵਾਂ
ਤੇਰੇ ਵਰਗੇ ਦੀ
ਗੱਲੀਂ ਰਾਤ ਲੰਘਾਵਾਂ
ਲੱਭਦਾ ਫਿਰਾਂ ਨੀ ਭਾਬੀ
ਰੂਪ ਦੀਆਂ ਮੰਡੀਆਂ ‘ਚੋਂ
ਰੰਗ ਤੇਰੇ ਰੰਗ ਵਰਗਾ
ਲੱਕ ਪਤਲਾ ਸਰੀਰ ਹੌਲਾ
ਵੰਗ ਵਰਗਾ
ਕਾਸਾ ਕਾਸਾ ਕਾਸਾ
ਗੱਲਾਂ ਗਿਆਨ ਦੀਆਂ
ਲੋਕਾਂ ਭਾਣੇ ਤਮਾਸ਼ਾ
ਇੱਕ ਦਿਨ ਫੁੱਟ ਜੇਂ ਗਾ
ਸੋਹਣਿਆ ਕੰਚ ਗਲਾਸਾ
ਚਿੱਟਿਆਂ ਦੰਦਾਂ ‘ਤੇ
ਰੋਜ਼ ਮਲੇਂ ਦੰਦਾਸਾ
ਮਜਨੂੰ ਸੁੱਕ ਕੇ ਤਾਂਬੜ ਹੋ ਗਿਆ
ਰੱਤ ਰਹੀ ਨਾ ਮਾਸਾ
ਰਾਂਝੇ ਪੰਛੀ ਨੇ
ਭੰਨਤਾ ਬਾਰ ਅੱਗੇ ਕਾਸਾ
ਜਾਂਦਾ ਸੁਰਗਾਂ ਨੂੰ
ਦੋ ਨੈਣਾਂ ਦਾ ਪਿਆਸਾ