ਪਰਦੇਸਾਂ ਦੇ ਵਿੱਚ ਲਾਏ ਡੇਰੇ
ਸਿੱਖ ਕੇ ਨਿਹੁੰ ਦੀ ਰੀਤ
ਤੂੰ ਕਿਹੜਾ ਚੰਨ ਪੁੰਨੂੰਆ
ਮਨ ਮਿਲ ਗਏ ਦੀ ਪ੍ਰੀਤ
ਤੇਰੇ ਪਿੱਛੇ ਮੈਂ ਬਣਿਆ ਭੌਰਾ
ਛੱਡ ਕੇ ਲੁੱਕ ਲੁਕਾਈ
ਸ਼ੀਸ਼ੇ ਵਿੱਚ ਵੇਖ ਸੱਸੀਏ
ਮੇਰੀ ਤੇਰੇ ਨਾਲੋਂ ਜੋਤ ਸਵਾਈ
ਦੱਸ ਵੇ ਥਲਾ ਕਿਤੇ ਵੇਖੀ ਹੋਵੇ
ਮੇਰੇ ਪੁੰਨੂੰ ਦੀ ਡਾਚੀ ਕਾਲੀ
ਜਿੱਥੇ ਮੇਰਾ ਪੁੰਨੂੰ ਮਿਲੇ
ਉਹ ਧਰਤੀ ਨਸੀਬਾਂ ਵਾਲੀ
ਥਲ ਵੀ ਤੱਤਾ, ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ
ਰੱਬਾ ‘ਕੇਰਾਂ ਦੱਸ ਤਾਂ ਸਹੀ
ਕਦ ਹੋਣਗੇ ਪੁੰਨੂੰ ਨਾਲ ਮੇਲੇ
ਮੈਂ ਪੁੰਨੂੰ ਦੀ, ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦੱਸ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ