ਰੋਟੀ ਲੈਕੇ ਚੱਲੀ ਖੇਤ ਨੂੰ
ਰੰਨ ਖਾਕੇ ਤੁਰੇ ਮਰੋੜੇ
ਢਿੱਡ ਵਿੱਚ ਦੇਮਾਂ ਮੁੱਕੀਆਂ
ਗੱਲਾਂ ਤੇਰੀਆਂ ਦੇ ਉੱਠਣ ਮਰੋੜੇ
ਜੈ ਕੁਰ ਮੋਰਨੀਏ
ਲੜ ਬੱਦਲਾਂ ਨੇ ਜੋੜੇ
ਤਿੱਖੇ ਪੰਜੇ ਦੀ ਪਾਮੇਂ ਰਕਾਬੀ
ਤੁਰਦੀ ਨਾਲ ਮਿਜਾਜਾਂ
ਲੜ ਕੁੜ੍ਹਤੀ ਦੇ ਬਾਂਹ ਨਾਲ ਉੱਡਦੇ
ਨੰਗੀਆਂ ਹੋ ਗੀਆਂ ਢਾਕਾਂ
ਪੰਜ ਸੱਤ ਕਰਮਾਂ ਭਰਗੀ ਖੁਸ਼ੀ ਵਿੱਚ
ਮਗਰੋਂ ਪੈਂਦੀਆਂ ਹਾਕਾਂ
ਕਰਾਂ ਅਰਜੋਈਆਂ ਮਿਲਜਾ ਪਟੋਲਿਆ
ਗੁਜ਼ਰ ਗਈਆਂ ਬਰਸਾਤਾਂ
ਨੀ ਦਿਲ ਮਿਲ ਗਿਆਂ ਤੋਂ
ਕਾਹਨੂੰ ਪਰਖਦੀ ਜਾਤਾਂ
ਯਾਰੀ ਲਾਕੇ ਦਗਾ ਕਮਾ ਗਈ
ਤੈਂ ਧਾਰੀ ਬਦਨੀਤੀ
ਅੱਗੇ ਤਾਂ ਲੰਘਦੀ ਹੱਸਦੀ ਖੇਲਦੀ
ਅੱਜ ਨੰਘ ਗਈ ਚੁੱਪ ਕੀਤੀ
ਇਹੋ ਰੰਨਾਂ ਵਿੱਚ ਖੋਟ ਸੁਣੀਂਦਾ
ਲਾ ਕੇ ਦਿੰਦੀਆਂ ਤੋੜ ਪਰੀਤੀ
ਦੂਰੋਂ ਰੰਨੇਂ ਸਰਬਤ ਦੀਂਹਦੀ
ਜ਼ਹਿਰ ਬਣੀ ਜਾਂ ਪੀਤੀ
ਤੈਂ ਪਰਦੇਸੀ ਨਾ’
ਜੱਗੋਂ ਤੇਰ੍ਹਵੀਂ ਕੀਤੀ
ਗੋਲ਼ ਪਿੰਜਣੀ ਰੇਬ ਪਜਾਮੀ
ਪੱਟਾਂ ਕੋਲੋਂ ਮੋਟੀ
ਢਿੱਡ ਤਾਂ ਤੇਰਾ ਕਾਗਜ ਵਰਗਾ
ਥੋੜ੍ਹੀ ਖਾਮੇਂ ਰੋਟੀ
ਪਾਨੋਂ ਪਤਲੇ ਬੁੱਲ੍ਹ ਪਤੀਸੀ
ਸਿਫ਼ਤ ਕਰੇ ਤਰਲੋਕੀ
ਨੱਕ ਤਾਂ ਤੇਰਾ ਮਿੱਡਾ ਬਣਾਤਾ
ਇਹ ਨਾ ਡਾਢੇ ਨੇ ਸੋਚੀ
ਚੜ੍ਹਜਾ ਸ਼ਿਆਮ ਕੁਰੇ
ਖੜ੍ਹੀ ਸਿੰਘਾਂ ਦੀ ਬੋਤੀ
ਆਉਣ ਜਾਣ ਨੂੰ ਨੌਂ ਦਰਬਾਜੇ
ਖਿਸਕ ਜਾਣ ਨੂੰ ਮੋਰੀ
ਕੱਢ ਕਾਲ਼ਜਾ ਤੈਨੂੰ ਦਿੱਤਾ
ਮਾਈ ਬਾਪ ਤੋਂ ਚੋਰੀ
ਦਰਸ਼ਣ ਦੇਹ ਕੁੜੀਏ
ਦੇਹ ਮਾਪਿਆਂ ਤੋਂ ਚੋਰੀ
ਦੰਦ ਕੌਡੀਆਂ ਬੁੱਲ੍ਹ ਪਤਾਸੇ
ਗੱਲ੍ਹਾਂ ਸ਼ਕਰਪਾਰੇ
ਮੱਥਾ ਤੇਰਾ ਬਾਲੇ ਚੰਦ ਦਾ
ਨੈਣ ਗ਼ਜ਼ਬ ਦੇ ਤਾਰੇ
ਦੁਖੀਏ ਆਸ਼ਕ ਨੂੰ
ਨਾ ਝਿੜਕੀਂ ਮੁਟਿਆਰੇ
ਵਿਚ ‘ਖਾੜੇ ਦੇ ਪਾਉਂਦਾ ਬੋਲੀਆਂ
ਚੋਬਰ ਸੁਣਦੇ ਸਾਰੇ
ਕਾਲੀ ਚੁੰਨੀ ਵਿਚ ਸੋਂਹਦੇ ਨੇਤਰ
ਚਮਕਣ ਹੋਰ ਸਿਤਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟਗੇ ਭੌਰ ਚੁਬਾਰੇ
ਨਿੰਮ ਨਾਲ ਝੂਟਦੀਏ
ਲਾ ਮਿੱਤਰਾਂ ਨਾਲ ਯਾਰੀ
ਨਬਜ ਫੜਾ ਮੈਨੂੰ
ਜੜ ਵੱਢ ਦੂੰ ਰੋਗ ਦੀ ਸਾਰੀ
ਕੱਤਣੀ ਨੂੰ ਫੁੱਲ ਲਗਦੇ
ਕੀਤੀ ਕਿੱਥੇ ਦੀ ਪਟੋਲਿਆ ਤਿਆਰੀ
ਵਿਚ ਦਰਬਾਜੇ ਦੇ
ਫੁੱਲ ਕੱਢਦਾ ਫੁਲਕਾਰੀ
ਏਸ ਜੁਆਨੀ ਦਾ ਮਾਣ ਨਾ ਕਰੀਏ
ਏਹ ਹੈ ਘੁੰਮਣ ਘੇਰੀ
ਅੱਧੀ ਉਮਰ ਮੇਰੀ ਤੈਨੂੰ ਲੱਗਜੇ
ਮੈਨੂੰ ਅੱਧੀ ਬਥੇਰੀ
ਮੂਹਰੇ ਰੱਬ ਦੇ ਕਰਾਂ ਬੇਨਤੀ
ਮੰਨ ਲੇ ਅਰਜ ਜੇ ਮੇਰੀ
ਤੇਰੇ ਮੂਹਰੇ ਨੀ
ਕਰਤਾ ਕਾਲਜਾ ਢੇਰੀ
ਅਰਜਾਂ ਮੇਰੀਆਂ ਕਾਹਤੋਂ ਕਰਦਾ
ਮੈਂ ਆਂ ਧੀ ਬੇਗਾਨੀ
ਹੋਰ ਵਿਆਹ ਲਾ ਦਿਲ ਪਰਚਾ ਲਾ
ਕਿਉਂ ਗਾਲੇਂ ਜਿੰਦਗਾਨੀ
ਤੈਨੂੰ ਨਹੀਂ ਲੱਭਣੀ
ਜਿਸਦਾ ਰੰਗ ਬਦਾਮੀ
ਆਰੀ ਆਰੀ ਆਰੀ
ਹੇਠ ਬਰੋਟੇ ਦੇ
ਦਾਤਣ ਕਰੇ ਕੁਆਰੀ
ਦਾਤਣ ਕਿਉਂ ਕਰਦੀ
ਦੰਦ ਚਿੱਟੇ ਰੱਖਣ ਦੀ ਮਾਰੀ
ਦੰਦ ਚਿੱਟੇ ਕਿਉਂ ਕਰਦੀ
ਸੋਹਣੀ ਬਨਣ ਦੀ ਮਾਰੀ
ਸੋਹਣੀ ਕਿਉਂ ਬਣਦੀ
ਪ੍ਰੀਤ ਕਰਨ ਦੀ ਮਾਰੀ
ਸੁਣ ਲੈ ਹੀਰੇ ਨੀ
ਮੈਂ ਤੇਰਾ ਭੌਰ ਸਰਕਾਰੀ
ਚੂਪੇ ਗੰਨੇ ਚੱਬੇ ਸਿੱਟੇ
ਰਾਖੀ ਖੇਤ ਦੀ ਕਰਦੀ
ਹੀਰ ਸਿਆਲਾਂ ਦੀ
ਅਲਕ ਬਛੇਰੀ ਪਲਦੀ
ਉੱਤੇ ਹੀਰ ਨੇ ਲਈ ਫੁਲਕਾਰੀ
ਕੁੜਤੀ ਖੱਦਰ ਦੀ ਪਾਈ
ਕੁੜੀਆਂ ‘ਚ ਚੰਦ ਚੜ੍ਹ ਗਿਆ
ਹੀਰ ਗਿੱਧੇ ਵਿੱਚ ਆਈ
ਜੇਠ ਹਾੜ ਵਿਚ ਅੰਬ ਬਥੇਰੇ
ਸੌਣ ਜਾਮਨੂੰ ਪੀਲਾਂ
ਰਾਂਝਿਆ ਆ ਜਾ ਵੇ
ਪਾ ਕੇ ਪਟਾਰੀ ਵਿੱਚ ਕੀਲਾਂ
ਚੌਂਕ ਚੰਦ ਤੈਂ ਗੁੰਦ ਲਏ ਹੀਰੇ
ਗਹਿਣਿਆਂ ਭਰੀ ਪਟਾਰੀ
ਹੱਥ ਤਾਂ ਤੇਰੇ ਮਹਿੰਦੀ ਰੰਗਲੇ
ਸਹੁਰੀਂ ਜਾਣ ਦੀ ਤਿਆਰੀ
ਰਾਂਝੇ ਦੀਏ ਹੀਰੇ ਨੀ
ਬਚਨਾਂ ਤੋਂ ਤੂੰ ਹਾਰੀ
ਖਟੱਣ ਗਏ ਕੀ ਖੱਟ ਲਿਆਏ
ਖੱਟ ਕੇ ਲਿਆਏ ਪਾਵੇ
ਰਾਂਝੇ ਨੂੰ ਪਿੱਛੇ ਛੱਡ ਕੇ
ਮੈਥੋਂ ਪੱਬ ਚੁੱਕਿਆ ਨਾ ਜਾਵੇ
ਲੈ ਨੀ ਹੀਰੇ ਰੋਟੀ ਖਾ ਲੈ
ਮੈਂ ਨੀਂ ਸੱਸੇ ਖਾਂਦੀ
ਟੂਮ ਛੱਲਾ ਤੇਰੇ ਘੜਤ ਬਥੇਰਾ
ਵਿਚ ਕੁਰਸਾਂ ਦੀ ਚਾਂਦੀ
ਰਾਂਝੇ ਚਾਕ ਬਿਨਾ ਜੀ ਨੀ ਲਗਦਾ
ਜਾਨ ਨਿਕਲਦੀ ਜਾਂਦੀ
ਧਰਤੀ ਖੇੜਿਆਂ ਦੀ
ਹੀਰ ਨੂੰ ਵੱਢ ਵੱਢ ਖਾਂਦੀ
ਸੁਣ ਨੀ ਕੁੜੀਏ ਮਛਲੀ ਵਾਲੀਏ
ਮਛਲੀ ਨਾ ਚਮਕਾਈਏ
ਖੂਹ ਟੋਭੇ ਤੇ ਹੁੰਦੀ ਚਰਚਾ
ਚਰਚਾ ਨਾ ਕਰਵਾਈਏ
ਨੀ ਆਵਦੇ ਮਾਪਿਆਂ ਦੀ
ਫੁੱਲ ਵਰਗੀ ਰੱਖ ਜਾਈਏ
ਹਰ ਵੇ ਬਾਬਲਾ ਹਰ ਵੇ
ਮੇਰਾ ਮਾਝੇ ਸਾਕ ਨਾ ਕਰ ਵੇ
ਮਾਝੇ ਦੇ ਜੱਟ ਬੁਰੇ ਸੁਣੀਂਦੇ
ਪਾਉਂਦੇ ਊਠ ਨੂੰ ਖਲ ਵੇ
ਖਲ ਤਾਂ ਮੈਥੋਂ ਕੁੱਟੀ ਨਾ ਜਾਂਦੀ
ਗੁੱਤੋਂ ਲੈਂਦੇ ਫੜ ਵੇ
ਮੇਰਾ ਉੱਡੇ ਡੋਰੀਆ
ਮਹਿਲਾਂ ਵਾਲੇ ਘਰ ਵੇ
ਜੰਗਲ ਦੀ ਮੈਂ ਜੰਮੀ ਜਾਈ
ਚੰਦਰੇ ਪੁਆਧ ਵਿਆਹੀ
ਹੱਥ ‘ਚ ਕੁਰਪਾ ਮੋਢੇ ਚਾਦਰ
ਮੱਕੀ ਗੁੱਡਣ ਲਾਈ
ਗੁੱਡਦਿਆਂ ਗੁੱਡਦਿਆਂ ਪੈ ਗਏ ਛਾਲੇ
ਆਥਣ ਨੂੰ ਘਰ ਆਈ
ਘਰ ਆਉਂਦੀ ਨੂੰ ਸੱਸ ਦੇਵੇ ਤਾਹਨੇ
ਘਾਹ ਦੀ ਪੰਡ ਨਾ ਲਿਆਈ
ਵੱਡੇ, ਕੱਟੇ, ਵੱਗ ਰਲਾਵਾਂ
ਮਹਿੰ ਨੂੰ ਲੈਣ ਕਸਾਈ
ਪੰਜੇ ਤੇਰੇ ਪੁੱਤ ਮਰ ਜਾਣ
ਛੀਵਾਂ ਮਰੇ ਜਮਾਈ
ਸੱਤਮਾਂ ਤੇਰਾ ਉਹ ਮਰ ਜਾਵੇ
ਜੀਹਦੇ ਲੜ ਤੂੰ ਲਾਈ
ਅੱਠਮੇਂ ਤੇਰੇ ਮਰਨ ਭਤੀਜੇ
ਨੌਮਾਂ ਮਰਜੇ ਭਾਈ
ਗਾਲ ਭਰਾਵਾਂ ਦੀ
ਕੀਹਨੇ ਕੱਢਣ ਸਖਾਈ
ਮਹੀਵਾਲ ਨੇ ਦੇਖੀ ਸੋਹਣੀ
ਖੜਾ ਕਰੇ ਤਦਬੀਰਾਂ
ਰੱਬਾ ਤੇਰਾ ਅੰਤ ਨਾ ਆਇਆ
ਕਾਲਜਾ ਹੋ ਗਿਆ ਲੀਰਾਂ
ਖਾਤਰ ਸੋਹਣੀ ਦੀ
ਹੋ ਗਿਆ ਵਾਂਗ ਫਕੀਰਾਂ
ਜਦੋਂ ਹੀਰ ਦਾ ਧਰਿਆ ਮੁਕਲਾਵਾ
ਉਸ ਨੂੰ ਖਬਰ ਨਾ ਕਾਈ
ਕੁੜੀਆਂ ਉਹਦੇ ਹੋਈਆਂ ਉਦਾਲੇ
ਉਹਨੇ ਮੰਹਿਦੀ ਨਾ ਲਾਈ
ਸੁੱਤੀ ਪਈ ਦੇ ਲਾ ‘ਤੀ ਮੰਹਿਦੀ
ਚੜ੍ਹ ਗਿਆ ਰੰਗ ਇਲਾਹੀ
ਪਾਣੀ ਲਾ ਲਾ ਹੀਰ ਧੋਵੇ ਬਥੇਰਾ
ਧੋਣ ਦੀ ਜਾਂਚ ਨਾ ਆਈ
ਮੰਹਿਦੀ ਸ਼ਗਨਾਂ ਦੀ
ਚੜ੍ਹ ਗਈ ਦੂਣ ਸਵਾਈ
ਪੰਦਰਾਂ ਵਰ੍ਹਿਆਂ ਦੀ ਹੋ ਗਈ ਜੈ ਕੁਰ
ਬਰਸ ਸੋਲ੍ਹਵਾਂ ਚੜ੍ਹਿਆ
ਬਾਪ ਉਹਦੇ ਮੁੰਡਾ ਟੋਲਿਆ
ਘਰ ਪੰਡਤਾਂ ਦੇ ਵੜ੍ਹਿਆ
ਉੱਠੋ ਪੰਡਤ ਜੀ ਖੋਲੋ ਪੱਤਰੀ
ਦਾਨ ਦੇਊਂ ਜੋ ਸਰਿਆ
ਅਗਲੀ ਪੁੰਨਿਆਂ ਦਾ
ਵਿਆਹ ਜੈ ਕੁਰ ਦਾ ਧਰਿਆ
ਵਿਆਹੁਲੇ ਗਿੱਧੇ ਵਿਚ ਆਈਆਂ ਕੁੜੀਆਂ
ਰੌਣਕ ਹੋ ਗਈ ਭਾਰੀ
ਪਹਿਲਾ ਨੰਬਰ ਵਧ ਗਈ ਫਾਤਾਂ
ਨਰਮ ਰਹੀ ਕਰਤਾਰੀ
ਲੱਛੀ ਦਾ ਰੰਗ ਬਹੁਤਾ ਪਿੱਲਾ
ਲਾਲੀਦਾਰ ਸੁਨਿਆਰੀ
ਵਿਆਹੁਲੀਏ ਕੁੜੀਏ ਨੀ
ਤੇਰੇ ਨੱਚਣ ਦੀ ਵਾਰੀ
ਵੀਰਾਂ ਦੇ ਵਿਆਹ ਆ ਗਏ, ਭੈਣੋਂ
ਆਓ ਸ਼ਗਨ ਮਨਾਈਏ
ਗਿੱਧਾ ਪਾ ਪਾ ਕੇ
ਦਿਲ ਦੀਆਂ ਖੋਲ੍ਹ ਸੁਣਾਈਏ
ਮਾਂ ਸਾਡੀ ਨੂੰ ਚੜ੍ਹੀਆਂ ਖੁਸ਼ੀਆਂ
ਵਿਆਹੁਣ ਚੱਲਿਆ ਸਾਡਾ ਵੀਰ
ਖੁੱਲ ਕੇ ਨੱਚ ਕੁੜੀਏ
ਗਿੱਧੇ ‘ਚ ਸਭਦਾ ਸੀਰ
ਰਾਜ ਦੁਆਰੇ ਬਹਿ ਗਈ ਰਾਜੋ
ਰੱਤਾ ਪੀੜ੍ਹਾ ਡਾਹ ਕੇ
ਕਿਉੜਾ ਛਿੜਕ ਲਿਆ ਆਸੇ ਪਾਸੇ
ਅਤਰ ਫੁਲੇਲ ਰਮਾ ਕੇ
ਸੱਗੀ ਤੇ ਫੁੱਲ ਬਘਿਆੜੀ ਸੋਹਂਦੇ
ਰੱਖੇ ਬਿੰਦੀ ਚਮਕਾ ਕੇ
ਕੰਨਾਂ ਦੇ ਵਿਚ ਸਜਣ ਕੋਕਰੂ
ਰੱਖੇ ਵਾਲਿਆਂ ਨੂੰ ਲਿਸ਼ਕਾ ਕੇ
ਬਾਹਾਂ ਦੇ ਵਿਚ ਸਜਦਾ ਚੂੜਾ
ਛਾਪਾਂ ਰੱਖੇ ਸਜਾ ਕੇ
ਪੈਰਾਂ ਦੇ ਵਿਚ ਸਜਣ ਪਟੜੀਆਂ
ਵੇਖ ਲਉ ਮਨ ਚਿੱਤ ਲਾ ਕੇ
ਨਵੀਂ ਵਿਆਹੁਲੀ ਨੂੰ
ਸਭ ਵੇਖਣ ਘੁੰਡ ਚੁਕਾ ਕੇ
ਨਵੀਂ ਬਹੂ ਮੁਕਲਾਵੇ ਆਈ
ਬਹਿ ਗਈ ਪੀੜ੍ਹਾ ਡਾਹ ਕੇ
ਲਹਿੰਗਾ ਜਾਮਨੀ ਕੁੜਤੀ ਵਰੀ ਦੀ
ਬਹਿ ਗਈ ਚੌਂਕ ਚੰਦ ਪਾ ਕੇ
ਪਿੰਡ ਦੀਆਂ ਕੁੜੀਆਂ ਚਾਵਾਂ ਮੱਤੀਆਂ
ਆਈਆਂ ਹੁੰਮ ਹੁਮਾ ਕੇ
ਨਵੀਂ ਵਿਆਹੁਲੀ ਦਾ
ਨਾਂ ਪੁੱਛਣ ਘੁੰਡ ਚੁਕਾ ਕੇ
ਟੌਰੇ ਬਾਝ ਨਾ ਸੋਂਹਦਾ ਗੱਭਰੂ
ਕਾਠੀ ਬਾਝ ਨਾ ਬੋਤੀ
ਪੱਤਾਂ ਬਾਝ ਨਾ ਸੋਂਹਦੀ ਮਛਲੀ
ਤੁੰਗਲਾਂ ਬਾਝ ਨਾ ਮੋਤੀ
ਮਣਕਿਆਂ ਬਾਝ ਨਾ ਸੋਂਹਦੇ ਮੰਗੇ
ਅਸਾਂ ਐਵੇਂ ਈ ਲੜੀ ਪਰੋਤੀ
ਹੀਰ ਨੇ (ਜਾਂ ਇਹਨੇ) ਕੀ ਨੱਚਣਾ
ਇਹ ਤਾਂ ਕੌਲੇ ਨਾਲ ਖੜੋਤੀ
ਕੌੜੇ ਬੋਲ ਨਾ ਬੋਲ ਮੇਲਣੇ
ਕੀ ਲੈਣਾ ਈ ਗੁਸੈਲੀ ਬਣ ਕੇ
ਰੂਪ ਤੈਨੂੰ ਰੱਬ ਨੇ ਦਿੱਤਾ
ਗਿੱਧੇ ‘ਚ ਆ ਬਣ ਠਣ ਕੇ
ਵਿਆਹੁਲੇ ਗਿੱਧੇ ‘ਚ ਆਈ ਸ਼ਾਮੋ
ਲੌਂਗ ਦੀ ਚਾਨਣੀ ਮਾਰੇ
ਖੁੱਲ੍ਹ ਕੇ ਨੱਚ ਲੈ ਨੀ
ਕੂੰਜ ਪਤਲੀਏ ਨਾਰੇ
ਸੁਣ ਲੈ ਵੀਰਨਾ ਗੱਲ ਤੂੰ ਮੇਰੀ
ਸੁਣ ਲੈ ਮਨ ਚਿੱਤ ਲਾ ਕੇ
ਤੜਕੇ ਉੱਠ ਕੇ ਦੁੱਧ ਮੈਂ ਰਿੜਕਾਂ
ਬਲਦਾਂ ਨੂੰ ਪੱਠੇ ਪਾ ਕੇ
ਦਸ ਮੈਂ ਟੋਕਰੇ ਗੋਹੇ ਦੇ ਸਿੱਟਦਾ
ਗਾਈਆਂ ਨੂੰ ਵੱਗ ਰਲਾ ਕੇ
ਦਿਨ ਰਾਤ ਮੈਂ ਬੌਂਦਾ ਫਿਰਦਾ
ਤੂੰ ਆਕੜਦੈਂ ਹਲ ਵਾਹ ਕੇ
ਸਹੁਰੇ ਜਾ ਵੀਰਾ
ਲਿਆ ਤੀਵੀਂ ਨੂੰ ਜਾਕੇ
ਰਾਈਓਂ ਰੇਤ ਵੰਡਾ ਲੈ ਵੀਰਾ
ਕੋਠੇ ਨਾਲ ਚੁਬਾਰਾ
ਪੈਲੀ ਵਿਚੋਂ ਅੱਧ ਵੰਡਾ ਲੈ
ਬਲਦ਼ ਸਾਂਭ ਲੈ ਨਾਰ੍ਹਾ
ਵਿਆਹ ਤੇਰਾ ਕੀ ਹੋਇਆ ਵੀਰਾ
ਤੂੰ ਬਣ ਗਿਆ ਸੂਰਮਾ ਭਾਰਾ
ਹੁਣ ‘ਕੱਠ ਨਹੀਂ ਨਿਭਦਾ
ਹੋ ਜਾ ਭਲਕ ਤੋਂ ਨਿਆਰਾ
ਸੁਣ ਓਏ ਵੀਰਨਾ, ਗੱਲ ਸੁਣਾਵਾਂ
ਲੋਕ ਮਾਰਦੇ ਵਾਧਾ
ਫੜ ਕੇ ਹਲੀਆ ਵਾਹ ਦੇ ਭੌਂ ਨੂੰ
ਮਗਰੋਂ ਫੇਰੀਂ ਸੁਹਾਗਾ
ਫੜ ਕੇ ਜਿੰਦਰੇ ਕਢ ਦੇ ਕਿਆਰੇ
ਵਿੱਚ ਬੀਜ ਦੇ ਚਰ੍ਹੀ
ਫਲ ਤਾਂ ਰੱਬ ਦਿਊ
ਸੁਸਤੀ ਕਿਉਂ ਐਵੇਂ ਫੜੀ
ਭੁੱਖੇ ਨੇ ਮੈਂ ਸੂੜ ਮਾਰਿਆ
ਤਾਪ ਕਹਿਰ ਦਾ ਚੜ੍ਹਿਆ
ਦੁੱਧ ਦੀ ਬੁੱਕ ਤਾਂ ਕੀ ਸਰਨੀ ਸੀ
ਟੁਕ ਸਰੀਖਾ ਨਾ ਸਰਿਆ
ਮਾਪਿਆਂ ਬਾਹਰੇ ਦਾ
ਤਰਸ ਕਿਨ੍ਹੇਂ ਨਾ ਕਰਿਆ
ਖੰਡ ਬਾਝ ਦੁੱਧ ਮਿੱਠਾ ਨਾ ਹੁੰਦਾ
ਬਿਰਛਾਂ ਬਾਝ ਨਾ ਛਾਵਾਂ
ਖੇਤ ਉਜਾੜ ਪਿਆ
ਨੱਚ ਕੇ ਕਿਵੇਂ ਦਿਖਾਵਾਂ