24.5 C
Los Angeles
Wednesday, January 22, 2025

ਪੰਜਾਬ ਦੀ ਪਹਿਲੀ ਵੰਡ ਦੁਖ਼ਾਂਤ

ਆਮਿਰ ਜ਼ਹੀਰ ਭੱਟੀ

ਮੇਰਾ ਪੰਜਾਬ ਕੇਵਲ ਇਕ ਵਾਰੀ ਹੀ ਨਹੀਂ ਵੰਡਿਆ ਗਿਆ। ਪੰਜਾਬ-ਦੁਸ਼ਮਣ ਤਾਕਤਾਂ ਨੇ ਇਹਨੂੰ ਕਈ ਕਈ ਵਾਰੀ ਵੰਡਿਆ ਹੈ। ਅੱਜ ਪੰਜਾਬੀਆਂ ਨੂੰ ਪੰਜਾਬ ਦੀ ਨਿਰੀ ਇੱਕੋ ਵੰਡ ਦਾ ਹੀ ਪਤਾ ਹੈ। 1947 ਵਿਚ ਹੋਈ ਪੰਜਾਬ ਦੀ ਖ਼ੂਨੀ ਵੰਡ, ਜਿਹੜੀ ਹਿੰਦੁਸਤਾਨ ਦੀ ਨਹੀਂ ਸਗੋਂ ਪੰਜਾਬ ਦੀ ਹੀ ਵੰਡ ਸੀ। ਪੰਜਾਬੀਆਂ ਨੂੰ ਇਹ ਵੰਡ ਸ਼ਾਇਦ ਇਸ ਕਰਕੇ ਚੇਤੇ ਹੈ ਕਿ ਇਸ ਵੰਡ ਦੇ ਸਿੱਟੇ ਵਿਚ ਪੰਜਾਬੀਆਂ ਨੂੰ ਅਪਣੀ ਮਿੱਟੀ ਛੱਡ ਕੇ, ਅਪਣੇ ਘਰ ਬਾਰ ਛੱਡ ਕੇ, ਅਪਣੀਆਂ ਜ਼ਮੀਨਾਂ ਤੇ ਜਾਇਦਾਦਾਂ ਛੱਡ ਕੇ ਇਕ ਅਜਨਬੀ ਪਰਾਏ ਦੇਸ ਵਲ ਨੂੰ ਧਿੱਕ ਦਿੱਤਾ ਗਿਆ ਸੀ। ਪੰਜਾਬੀਆਂ ਨੂੰ ਇਹ ਵੰਡ ਇਸ ਕਰਕੇ ਵੀ ਨਹੀਂ ਭੁਲਣੀ ਕਿ ਇਸ ਵੰਡ ਵਿਚ ਲੋਕਾਂ ਅਪਣਿਆਂ ਪਿਆਰਿਆਂ ਦੀ ਮੌਤ ਅਤੇ ਸਦੀਵੀ ਵਿਛੋੜੇ ਨੂੰ ਅਪਣੀਆਂ ਅੱਖਾਂ ਨਾਲ ਡਿੱਠਾ ਸੀ।ਵੰਡੇ ਗਏ ਪ੍ਰਿਵਾਰਾਂ ਦੇ ਬਜ਼ੁਰਗਾਂ ਨੇ ਇਸ ਵੰਡ ਨੂੰ ਆਪ ਹੰਡਾਇਆ ਹੈ ਅਪਣੀ ਜਾਨ, ਮਾਲ ਅਤੇ ਪੱਤ ਗੰਵਾ ਕੇ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਜਾਬੀਆਂ ਨੂੰ ਪੰਜਾਬ ਦੀਆਂ ਕੀਤੀਆਂ ਗਈਆਂ ਹੋਰ ਵੰਡਾਂ ਬਾਰੇ ਉੱਕਾ ਕੋਈ ਪਤਾ ਨਹੀਂ। ਹੋ ਸਕਦਾ ਹੈ ਕਿ ਪੰਜਾਬੀਆਂ ਨੂੰ ਪੰਜਾਬ ਦੀਆਂ ਇਹਨਾਂ ਵੰਡਾਂ ਬਾਰੇ ਜਾਣਕਾਰੀ ਇਸ ਕਰਕੇ ਨਾ ਹੋਵੇ ਕਿ ਇਹਨਾਂ ਵੰਡਾਂ ਵਿਚ ਪੰਜਾਬੀਆਂ ਨੂੰ ਕੱਢਿਆ ਜਾਂ ਵੱਢਿਆ ਨਹੀਂ ਗਿਆ। ਸਗੋਂ ਇਹ ਪੰਜਾਬ ਦੀਆਂ ਵੰਡਾ ਚੁਪ ਚੁਪੀਤੇ ਹੀ ਹੋ ਗਈਆਂ। ਪੰਜਾਬ ਦੀਆਂ ਇਹਨਾਂ ਵੰਡਾਂ ਵਿਚ ਨਾ ਤੇ ਕੋਈ ਪੰਜਾਬੀ ਫੱਟੜ ਹੋਇਆ ਤੇ ਨਾ ਕਿਸੇ ਦੀ ਪੱਤ ਰੁਲੀ ਅਤੇ ਨਾ ਹੀ ਕਿਸੇ ਪੰਜਾਬੀ ਦਾ ਗਲਾ ਵੱਢਿਆ ਗਿਆ। ਮੈਂ ਅੱਜ ਸਾਂਝੇ ਪੰਜਾਬ ਦੇ ਇਸ ਫ਼ੋਰਮ ਰਾਹੀਂ ਤੁਹਾਡੇ ਨਾਲ ਪੰਜਾਬ ਦੀ ਹੋਈ ਪਹਿਲੀ ਵੰਡ ਬਾਰੇ ਕੁਝ ਗੱਲਾਂ ਸਾਂਝੀਆਂ ਕਰਨਾ ਲੋਚਦਾ ਹਾਂ ਅਤੇ ਆਸ ਕਰਦਾ ਹਾਂ ਕਿ ਪੂਰੇ ਜਗ ਵਿਚ ਵਸਦੇ ਪੰਜਾਬੀ ਪੰਜਾਬ ਦੀਆਂ ਹੋਈਆਂ ਸਾਰੀਆਂ ਵੰਡਾਂ ਦੇ ਦਿਨਾਂ ਨੂੰ “ਕਾਲੇ ਦਿਨ” ਕਰਕੇ ਮਨਾਉਣਗੇ ਤਾਂਜੋ ਸਾਡੇ ਪੰਜਾਬੀ ਭੈਣਾਂ ਭਰਾਵਾਂ ਅਤੇ ਆਉਣ ਵਾਲੀ ਪੰਜਾਬੀ ਨਸਲ ਨੂੰ ਪਤਾ ਲਗੇ ਕਿ ਪੰਜਾਬ ਕੀ ਸੀ ਅਤੇ ਪੰਜਾਬ ਨਾਲ ਕੀ ਵਾਪਰੀ।

ਪੰਜਾਬ ਦੀਆਂ ਹੋਈਆਂ ਸਾਰੀਆਂ ਵੰਡਾਂ ਨੇ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਇਆ ਹੈ। ਪੰਜਾਬ ਦੇਸ ਦੀ ਇਹ ਪਹਿਲੀ ਵੰਡ 1901 ਵਿਚ ਉਦੋਂ ਹੋਈ ਸੀ ਜਦੋਂ ਪੰਜਾਬ ਦੇ ਉਹ ਇਲਾਕੇ ਜਿਹੜੇ ਅਫ਼ਗਾਨਿਸਤਾਨ ਦੇ ਬਾਰਡਰ ਨਾਲ ਲਗਦੇ ਸਨ ਪੰਜਾਬ ਤੋਂ ਕੱਟ ਕੇ ਵੱਖ ਕਰ ਦਿੱਤੇ ਗਏ। ਉਦੋਂ ਇਹ ਨਿਰੇ ਛੇ ਜ਼ਿਲ੍ਹੇ ਹੀ ਸਨ ਪਰ ਹੁਣ ਇਹ ੮ ਡਵੀਜ਼ਨ ਬਣ ਗਏ ਹਨ ਅਤੇ ਹਰ ਡਵੀਜ਼ਨ ਵਿਚ ਕਈ ਕਈ ਜ਼ਿਲ੍ਹੇ ਹਨ। ਪੰਜਾਬ ਦੀ ਇਹ ਪਹਿਲੀ ਵੰਡ ਅੰਗਰੇਜ਼ ਦੇ ਹੱਥੋਂ ਹੋਈ। ਅੰਗਰੇਜ਼ ਨੇ ਇਹ ਵੰਡ ਕਿਉਂ ਕੀਤੀ? ਇਸ ਲਈ ਕਿ ਅੰਗਰੇਜ਼ ਮੂਜਬ ਪੰਜਾਬ ਹਿੰਦੁਸਤਾਨ ਦਾ ਸੱਭ ਤੋਂ ਵੱਡਾ ਸੂਬਾ ਸੀ ਅਤੇ ਅੰਗਰੇਜ਼ਾਂ ਲਈ ਦਿੱਲੀ ਤੋਂ ਲੈ ਕੇ ਪਿਸ਼ੌਰ ਤੋਂ ਅਗੇਰੇ ਅਫ਼ਗਾਨਿਸਤਾਨ ਦੀ ਸਰਹੱਦ ਤੀਕਰ ਖਿਲਰੇ ਪੰਜਾਬ ਦੀ ਸਾਂਭ ਸੰਭਾਲ ਔਖਾ ਕੰਮ ਸੀ। ਅੰਗਰੇਜ਼ਾਂ ਨੇ ਪੰਜਾਬ ਤੋਂ ਵੱਖ ਕਰਕੇ ਨਵੇਂ ਬਣਾਏ ਇਸ ਸੂਬੇ ਦਾ ਨਾਂ North-West Frontier Province ਰਖਿਆ। ਅੰਗਰੇਜ਼ਾਂ ਨੇ ਸਿਰਫ਼ ਇਥੇ ਹੀ ਬਸ ਨਹੀਂ ਕੀਤਾ ਸਗੋਂ ਇਸ ਨਵੇਂ ਬਣੇ ਸੂਬੇ ਵਿਚ ਬੋਲੀ ਜਾਂਦੀ ਪੰਜਾਬੀ ਦਾ ਨਾਂ ਵੀ ਬਦਲ ਦਿੱਤਾ।ਹੁਣ ਇਹਨਾਂ ਜ਼ਿਲ੍ਹਿਆਂ ਦੀ ਬੋਲੀ “ਹਿੰਦਕੋ” ਅਖਵਾਉਂਦੀ ਹੈ। ਇਥੋਂ ਦੀ ਬੋਲੀ ਨੂੰ ਇਹ ਨਾਂ ਦੇ ਕੇ ਪੰਜਾਬ ਨਾਲ ਇਹਦੀ ਜੁੜਤ ਉੱਕਾ ਹੀ ਮੁਕਾਅ ਦਿੱਤੀ ਗਈ।ਇਸ ਸੂਬੇ ਦੀ ਰਾਜਧਾਨੀ “ਪਿਸ਼ੌਰ” ਪੰਜਾਬੀ ਬੋਲੀ ਅਤੇ ਸਭਿਆਚਾਰ ਦਾ ਗੜ੍ਹ ਰਿਹਾ ਹੈ। ਉਂਜ ਤੇ ਅੱਜ ਪਸ਼ਤੋ ਇਸ ਸੂਬੇ ਦੀ ਵੱਡੀ ਬੋਲੀ ਬਣ ਚੁਕੀ ਹੈ ਪਰ ਮਜ਼ੇ ਦੀ ਗਲ ਇਹ ਹੈ ਕਿ ਪਸ਼ਤੋ ਬੋਲੀ ਬੋਲਣ ਵਾਲਾ ਇਕ ਵੀ ਬੰਦਾ 1947 ਤੋਂ ਪਹਿਲਾਂ ਪਿਸ਼ੌਰ ਸ਼ਹਿਰ ਵਿਚ ਨਹੀਂ ਸੀ ਰਹਿੰਦਾ। ਅੰਗਰੇਜ਼ ਰਾਜ ਸਮੇਂ ਅਤੇ ਉਸ ਤੋਂ ਪਹਿਲਾਂ ਵੀ ਪਿਸ਼ੌਰ ਸ਼ਹਿਰ ਦੇ ਦਰਵਾਜ਼ੇ ਸਨ, ਤੇ ਸ਼ਹਿਰ ਬਹੁਤ ਵੱਡੀ ਤੇ ਉੱਚੀ ਫ਼ਸੀਲ ਦੇ ਅੰਦਰ ਬੰਦ ਸੀ।

ਸ਼ਹਿਰ ਦੇ ਦਰਵਾਜ਼ੇ ਸਵੇਰੇ ਖੋਲ੍ਹੇ ਜਾਂਦੇ ਅਤੇ ਸ਼ਾਮਾਂ ਪੈਣ ਵੇਲੇ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ। ਇਹਨਾਂ ਦਰਵਾਜ਼ਿਆਂ ਅੱਗੇ ਸਿਪਾਹੀ ਖਲੋ ਜਾਂਦੇ ਜਿਹੜੇ ਸਾਰੀ ਰਾਤ ਪਹਿਰਾ ਦਿੰਦੇ। ਸ਼ਹਿਰ ਵਿਚ ਕੋਈ ਇਕ ਵੀ ਪਸ਼ਤੋ ਬੋਲਣ ਵਾਲਾ ਘਰ ਨਹੀਂ ਸੀ। ਪਠਾਣ ਇਥੇ ਆਉਂਦੇ ਦਿਨੇ ਮਜ਼ਦੂਰੀ ਕਰਦੇ ਤੇ ਸ਼ਾਮ ਨੂੰ ਹਨੇਰਾ ਪੈਣ ਵੇਲੇ ਸ਼ਹਿਰ ਛੱਡ ਕੇ ਚਲੇ ਜਾਂਦੇ। ਉਹਨਾਂ ਨੂੰ ਸ਼ਹਿਰ ਵਿਚ ਰਹਿਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਮਜ਼ਦੂਰੀ ਵਿਚ ਇਹ ਲੋਕ ਪਿਸ਼ੌਰੀਆਂ ਦੇ ਘਰਾਂ ਵਿਚ ਪਾਣੀ ਭਰਦੇ, ਰੱਸੇ ਵੱਟਦੇ, ਲਕੜੀਆਂ ਦਲਦੇ ਤੇ ਮੰਜੀਆਂ ਪੀੜ੍ਹੀਆਂ ਦੀ ਉਣਾਈ ਕਰਦੇ ਹੁੰਦੇ ਸਨ। ਸ਼ਾਮ ਵੇਲੇ ਸਿਪਾਹੀ ਹਿਨਾਂ ਨੂੰ ਸ਼ਹਿਰ ਚੋਂ ਕੱਢ ਕੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੰਦੇ।ਇਹ ਪਠਾਣ ਖ਼ੈਬਰ ਦੀਆਂ ਪਹਾੜੀਆਂ ਵਿਚ ਅਪਣੇ ਪਿੰਡਾਂ ਨੂੰ ਚਲੇ ਜਾਂਦੇ। 1947 ਤੀਕ ਇਵੇਂ ਹੀ ਚਲਦਾ ਰਿਹਾ। ਪਰ ਜਦੋਂ ਵੰਡ ਮਗਰੋਂ ਇਸ ਸਰਹੱਦੀ ਸੂਬੇ ਦਾ ਪਹਿਲਾ ਮੁਖ ਮੰਤਰੀ “ਖ਼ਾਨ ਅਬਦੁਲ ਕਈਊਮ ਖ਼ਾਨ” ਬਣਿਆਂ ਤਾਂ ਉਸ ਨੇ ਸੋਚਿਆ ਕਿ ਇਹ ਅਸੀਂ ਇਹਨਾਂ ਪਠਾਣਾਂ ਨਾਲ ਕੀ ਕਰਦੇ ਹਾਂ। ਇਹ ਵੀ ਮੁਸਲਮਾਨ ਹਨ ਅਤੇ ਅਸੀਂ ਵੀ ਮੁਸਲਮਾਨ ਹਾਂ। ਇਹ ਸਾਡੇ ਭਰਾ ਹਨ, ਅਸੀਂ ਇਹਨਾਂ ਲਈ ਦਰਵਾਜ਼ੇ ਕਿਉਂ ਬੰਦ ਕਰ ਦਿੰਦੇ ਹਾਂ, ਦਰਵਾਜ਼ੇ ਖੋਲ੍ਹ ਦਿਓ, ਇਹਨਾਂ ਨੂੰ ਸ਼ਹਿਰ ਪਿਸ਼ੌਰ ਵਿਚ ਆਉਣ ਦਿਓ, ਮਕਾਨ ਖ਼ਰੀਦਣ ਦਿਓ। ਸੋ ਇਸ ਤਰ੍ਹਾਂ ਪਸ਼ਤੋ ਬੋਲਣ ਵਾਲੇ ਅਤੇ ਪਠਾਣ ਇਸ ਸ਼ਹਿਰ ਵਿਚ ਵੜੇ। ਇਹਨਾਂ ਦਾ ਪਿਸ਼ੌਰ ਸ਼ਹਿਰ ਵਿਚ ਆਉਣ ਦਾ ਦੂਜਾ ਕਰਾਨ ਇਵੇਂ ਬਣਿਆ ਕਿ ਵੰਡ ਤੋਂ ਪਹਿਲਾਂ ਪਿਸ਼ੌਰ ਸ਼ਹਿਰ ਦਾ ਸਾਰਾ ਕਾਰੋਬਾਰ ਹਿੰਦੂਆਂ ਅਤੇ ਸਿੱਖਾਂ ਕੋਲ ਸੀ। ਇਹਨਾਂ ਨੇ ਅਪਣੀਆਂ ਦੁਕਾਨਾਂ ਤੇ ਗੋਦਾਮਾਂ ਵਿਚ ਕੰਮ ਕਰਨ ਲਈ ਪਠਾਣ ਮੁੰਡੇ ਰੱਖੇ ਹੋਏ ਸਨ। ਜਦੋਂ 1947 ਦੀ ਵੰਡ ਹੋਈ ਤਾਂ ਪਿਸ਼ੌਰ ਦੇ ਹਿੰਦੂਆਂ ਅਤੇ ਸਿੱਖਆਂ ਨੂੰ ਅਪਣੇ ਟੱਬਰਾਂ ਸਣੇ ਅਚਨ-ਚੇਤ ਭਾਰਤ ਵਲ ਨੂੰ ਭਜਣਾ ਪਿਆ। ਪਿੱਛੇ ਇਹਨਾਂ ਪਠਾਣ ਮੁਲਾਜ਼ਮਾਂ ਨੇ ਦੁਕਾਨਾਂ ਅਤੇ ਗੋਦਾਮਾਂ ਉੱਤੇ ਕਬਜ਼ਾ ਜਮਾ ਲਿਆ ਅਤੇ ਸੇਠ ਬਣ ਬੈਠੇ। ਇਹ ਲੋਕ ਹੌਲੀ ਹੌਲੀ ਸ਼ਹਿਰ ਉੱਤੇ ਇੰਨਾ ਛਾ ਗਏ ਕਿ ਅਸਲ ਪਿਸ਼ੌਰੀ ਕਿਧੇ ਗੁਆਚ ਗਏ ਹਨ। ਅੱਜ ਪਾਕਿਸਤਾਨ ਦੇ ਕਿਸੇ ਵੀ ਪੰਜਾਬੀ ਕੋਲੋਂ ਪਿਸ਼ੌਰ ਬਾਰੇ ਪੁੱਛੋ ਤਾਂ ਉਹ ਇਹੀ ਕਹੇਗਾ ਕਿ ਪਿਸ਼ੌਰ ਪਠਾਣਾਂ ਦਾ ਸ਼ਹਿਰ ਹੈ ਅਤੇ ਉੱਥੇ ਪਸ਼ਤੋ ਬੋਲੀ ਬੋਲੀ ਜਾਂਦੀ ਹੈ।

ਪਰ ਸ਼ਹਿਰ ਦੇ ਅੰਦਰ ਮਹੱਲਿਆਂ ਵਿਚ ਜਾ ਕੇ ਇਥੋਂ ਦੀ ਅਪਣੀ ਬੋਲੀ “ਹਿੰਦਕੋ” ਸੁਣੀ ਜਾ ਸਕਦੀ ਹੈ, ਜਿਹਨੂੰ ਤੁਸੀਂ ਕਿਸੇ ਕੀਮਤ ਤੇ ਪੰਜਾਬੀ ਨਾਲੋਂ ਨਿਖੇੜ ਨਹੀਂ ਸਕਦੇ। ਇਥੋਂ ਦੇ ਅਸਲ ਵਾਸੀ ਅਪਣੇ ਆਪ ਨੂੰ ਪਿਸ਼ੌਰੀ ਅਖਵਾਉਣਾ ਪਸੰਦ ਕਰਦੇ ਹਨ ਜਦੋਂ ਕਿ ਪਸ਼ਤੋ ਬੋਲਣ ਵਾਲੇ ਇਹਨਾਂ ਨੂੰ ਸ਼ਹਿਰੀਏ ਕਹਿੰਦੇ ਹਨ ਤੇ ਇਹਨਾਂ ਨੂੰ ਚੰਗਾ ਨਹੀਂ ਜਾਣਦੇ। ਇਥੇ ਪੰਜਾਬ ਨਾਲ ਟੁੱਟਣ ਪਾਰੋਂ ਪੰਜਾਬ ਦਾ ਰੰਗ ਹੁਣ ਫਿੱਕਾ ਪੈ ਚੁਕਿਆ ਹੈ। ਕਹਿੰਦੇ ਹਨ ਕਿ ਪਿਸ਼ੌਰ ਪੰਜਾਬ ਦਾ ਹੀ ਇਕ ਰੰਗ ਸੀ। ਇਥੋਂ ਦੀਆਂ ਦੁਕਾਨਾਂ ਵਿਚ ਪੰਜਾਬ ਵਾਂਗ ਪੱਗਾਂ ਤੇ ਖੁੱਸੇ ਵਿਕਦੇ ਹੁੰਦੇ ਸਨ। ਪਿਸ਼ੌਰੀ ਲੋਕਾਂ ਦੀਆਂ ਜ਼ਾਤਾਂ ਅਤੇ ਗੋਤਾਂ ਵੀ ਉਹੀ ਹਨ ਜੋ ਬਾਕੀ ਪੰਜਾਬ ਵਿਚ ਹਨ। ਪੰਜਾਬੀ ਨਾਂ ਵੀ ਇਥੇ ਮਿਲਦੇ ਹਨ ਜਿਵੇਂ “ਅੱਲਾਹ ਦਿੱਤਾ।” ਪਿਸ਼ੌਰ ਦੇ ਇਕ ਹਲਵਾਈ ਦਾ ਨਾਂ ਵੀ “ਅੱਲਾਹ ਦਿੱਤਾ” ਹੈ ਜਿਹੜਾ “ਦਿੱਤਾ ਹਲਵਾਈ” ਦੇ ਨਾਂ ਨਾਲ ਮਸ਼ਹੂਰ ਹੈ। ਇਹਦੀਆਂ ਮਠਿਆਈਆਂ ਦੀ ਪੂਰੇ ਪਿਸ਼ੌਰ ਵਿਚ ਧੁੰਮ ਹੈ। ਪਿਸ਼ੌਰ ਦਾ ਇਹ ਪੰਜਾਬੀ ਰੰਗ ਹੁਣ ਮਿਟਦਾ ਜਾਂਦਾ ਹੈ। ਕਾਰਨ ਕਈ ਹਨ, ਜਿਵੇਂ ਪਸ਼ਤੋ ਬੋਲਣ ਵਾਲਿਆਂ ਦਾ ਨੌਕਰੀ ਦੀ ਭਾਲ ਵਿਚ ਪਿਸ਼ੌਰ ਸ਼ਹਿਰ ਵਿਚ ਆਉਣ। ਇਸ ਤੋ ਵੱਖ ਇਥੋਂ ਦੀ ਬੋਲੀ ਦੇ ਮਰਨ ਦਾ ਕਾਰਨ ਹੈ ਪਠਾਣਾਂ ਨਾਲ ਵਿਆਹ ਅਤੇ ਰਿਸ਼ਤੇਦਾਰੀਆਂ ਦਾ ਵੱਧਣ। ਪਿਸ਼ੌਰੀਆਂ ਨੂੰ ਹੁਣ ਘਰੋਂ ਬਾਹਰ ਗਲੀਆਂ ਤੇ ਬਾਜ਼ਾਰਾਂ ਵਿਚ ਪਸ਼ਤੋ ਹੀ ਬੋਲਣੀ ਪੈਂਦੀ ਹੈ। ਕੁਝ ਪਿਸ਼ੌਰੀ ਅਪਣਾ ਪਿਸ਼ੌਰ ਛੱਡ ਕੇ ਇਸਲਾਮਾਬਾਦ ਚਲੇ ਗਏ ਅਤੇ ਕੁਝ ਅਮਰੀਕਾ ਤੇ ਜਰਮਨੀ ਜਾ ਵੱਸੇ ਹਨ। ਕਹਿੰਦੇ ਹਨ ਪਿਸ਼ੌਰ ਸ਼ਹਿਰ ਦੇ ਆਲੇ ਦੁਆਲੇ 84 ਪਿੰਡ ਸਨ ਅਤੇ ਇਸ ਇਲਾਕੇ ਨੂੰ “ਟੱਪਾ ਖ਼ਾਲਸਾ” ਕਿਹਾ ਜਾਂਦਾ ਸੀ।

ਇਥੋਂ ਦੇ ਸਾਰੇ ਪਿੰਡਾਂ ਦੀ ਬੋਲੀ “ਹਿੰਦਕੋ”ਹੀ ਸੀ। ਇਹਨਾਂ ਪਿੰਡਾਂ ਵਿਚ ਪਠਾਣਾਂ ਦੇ ਆ ਜਾਣ ਪਾਰੋਂ ਹੁਣ ਇਥੇ ਪਸ਼ਤੋ ਦਾ ਰਾਜ ਹੋ ਗਿਆ ਹੈ, ਪਰ ਫੇਰ ਵੀ ਕੁਝ ਪਿੰਡ ਹਨ ਜਿਥੇ ਅਜੇ ਵੀ “ਹਿੰਦਕੋ” ਹੀ ਬੋਲੀ ਜਾਂਦੀ ਹੈ, ਜਿਵੇਂ “ਵੱਡ-ਪੱਗਾ”(ਅਰਥ ਹੈ ਵੱਡੀ ਪੱਗ ਵਾਲਾ), ਅਤੇ “ਪੱਖ਼ਾ ਗ਼ੁਲਾਮ”(ਅਰਥ ਹੈ ਪੱਕਾ ਗ਼ੁਲਾਮ)। ਪਿਸ਼ੌਰ ਸਦੀਆਂ ਤੋਂ ਪੰਜਾਬ ਦਾ ਇਕ ਵਪਾਰਕ ਸ਼ਹਿਰ ਰਿਹਾ ਹੈ। ਗੰਧਾਰਾ ਸਿਵੀਲਾਈਜ਼ੇਸ਼ਨ ਦਾ ਇਹ ਇਤਹਾਸਕ ਸ਼ਹਿਰ ਬਹੁਤ ਪੁਰਾਣਾ ਹੈ ਅਤੇ ਇਸ ਦੀਆਂ ਬੁਨੀਆਦਾਂ ਕਈ ਹਜ਼ਾਰ ਸਾਲ ਪੁਰਾਣੀਆਂ ਹਨ। ਕਦੇ ਇਹ ਫੁੱਲਾਂ ਦਾ ਸ਼ਹਿਰ ਸੀ। ਪਰ ਇਤਿਹਾਸ ਵਿਚ ਇਸ ਸ਼ਹਿਰ ਦੀ ਸੱਭ ਤੋਂ ਵੱਡੀ ਸਿਫ਼ਤ ਵਪਾਰਕ ਹੋਣ ਦੀ ਹੈ।ਇਸੇ ਸ਼ਹਿਰ ਰਾਹੀਂ ਪੂਰੇ ਹਿੰਦੁਸਤਾਨ, ਨੇਪਾਲ, ਭੂਟਾਨ ਅਤੇ ਬਰਮਾ ਦਾ ਕਾਰੋਬਾਰ ਅਫ਼ਗਾਨਿਸਤਾਨ, ਫ਼ਾਰਸ, ਤੁਰਕਮਾਨਿਸਤਾਨ, ਤਾਜੀਕਿਸਤਾਨ ਅਤੇ ਆਜ਼ਰਬਾਈਜਾਨ ਨਾਲ ਹੁੰਦਾ ਸੀ।ਸਾਰੇ ਵਪਾਰੀ ਪਿਸ਼ੌਰ ਵਿਚ ਹੀ ਇਕੱਠੇ ਹੁੰਦੇ ਅਤੇ ਉੱਥੇ ਹੀ ਅਪਣਾ ਮਾਲ ਵੇਚ ਵਟਾਅ ਕੇ ਪਿਛਾਂਹ ਪਰਤ ਜਾਂਦੇ।ਇਥੇ ਬਹੁਤ ਵੱਡਾ ਬਜ਼ਾਰ ਲਗਦਾ ਹੰਦਾ ਸੀ। ਸ਼ਹਿਰ ਦੀ ਬੋਲੀ ਕਿਉਂਜੇ ਪੰਜਾਬੀ ਸੀ ਸੋ ਲਗਦਾ ਹੈ ਕਿ ਵਪਾਰ ਵੀ ਪੰਜਾਬੀ ਰਾਹੀਂ ਹੀ ਹੁੰਦਾ ਹੋਏਗਾ। ਜਦੋਂ ਇਥੇ ਵਪਾਰੀ ਇਕੱਠੇ ਹੁੰਦੇ ਤਾਂ ਸ਼ੁਰੂੰ ਸ਼ੁਰੂੰ ਵਿਚ ਤਾਂ ਹਰ ਇਲਾਕੇ ਤੇ ਦੇਸ ਦਾ ਵਪਾਰੀ ਅਪਣੇ ਦੇਸ ਦੀ ਕੋਈ ਕਹਾਣੀ ਦੂਜੇ ਵਪਾਰੀਆਂ ਨੂੰ ਸੁਣਾ ਦਿੰਦਾ ਪਈ ਸਾਡੇ ਉਧਰ ਤਾਂ ਇੰਝ ਹੁੰਦਾ ਹੈ। ਪਰ ਵਕਤ ਗੁਜ਼ਰਨ ਦੇ ਨਾਲ ਨਾਲ ਇਸ ਬਾਜ਼ਾਰ ਵਿਚ ਬੈਠਣ ਵਾਲੇ ਪਿਸ਼ੌਰੀ ਕਹਾਣੀਆਂ ਸੁਣ ਸੁਣ ਕੇ ਸਿੱਖ ਗਏ, ਫੇਰ ਉਹ ਦੇਸ ਦੇਸ ਦੀਆਂ ਕਹਾਣੀਆਂ ਸੁਣਾਉਣ ਲਗ ਪਏ।

ਇਹ ਲੋਕ ਫ਼ਾਰਸੀ ਭਾਸ਼ਾ ਵਿਚ “ਕਿੱਸਾ-ਖ਼ੁਆਨ” (ਮਤਲਬ ਕਿੱਸੇ ਕਹਾਣੀਆਂ ਸੁਣਾਉਣ ਵਾਲੇ) ਦੇ ਨਾਂ ਨਾਲ ਮਸ਼ਹੂਰ ਹੋ ਗਏ।ਇਹਨਾਂ ਲੋਕਾਂ ਪਾਰੋਂ ਇਸ ਬਜ਼ਾਰ ਦਾ ਨਾਂ ਹੀ “ਕਿੱਸਾ-ਖ਼ੁਆਨੀ ਬਜ਼ਾਰ” ਪੈ ਗਿਆ। ਇਹ ਕਹਾਣੀਆਂ ਬੇ-ਸ਼ਕ ਪੰਜਾਬੀ ਜ਼ਬਾਨ ਦਾ ਬਹੁਤ ਵੱਡਾ ਸਰਮਾਇਆ ਸਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਕਹਾਣੀਆਂ ਸਾਡੇ ਤਕ ਨਾ ਪਹੁੰਚ ਸਕੀਆਂ। ਹਿਨਾਂ ਵਿਚੋਂ ਕੁਝ ਵਿਰਲੀਆਂ ਵਿਰਲੀਆਂ ਕਹਾਣੀਆਂ ਲੋਕਾਂ ਨੇ ਲਿਖਤੀ ਰੂਪ ਵਿਚ ਲਿਆਂਦੀਆਂ। ਕੁਝ ਪਿਸ਼ੌਰੀ ਲੋਕ ਕਹਾਣੀਆਂ ਪਿਸ਼ੌਰ ਦੇ ਕੁਝ ਮਾਂ-ਬੋਲੀ ਪਿਆਰਿਆਂ ਨੇ ਇਕੱਠੀਆਂ ਕਰ ਕੇ ਛਾਪੀਆਂ ਹਨ।ਇਹ ਬਹੁਤ ਪਿਆਰੀਆਂ ਕਹਾਣੀਆਂ ਹਨ ਜਿਹਨਾਂ ਵਿਚ ਕਹਾਣੀ ਦਾ ਹੀਰੋ ਕਾਬੁਲ, ਬਲਖ਼ ਜਾਂ ਬੁਖ਼ਾਰੇ ਜਾ ਕੇ ਉਥੋਂ ਦੇ ਰਾਜੇ ਦੇ ਦਰਬਾਰ ਵਿਚ ਪਿਸ਼ੌਰੀ ਰੰਗ ਦੀ ਪੰਜਾਬੀ ਪਿਆ ਬੋਲਦਾ ਹੈ ਤੇ ਅੱਗੋਂ ਉਸ ਦੇਸ ਦੇ ਸਿਪਾਹੀ, ਮੰਤਰੀ ਤੇ ਰਾਜਾ ਆਪ ਵੀ ਪੰਜਾਬੀ ਵਿਚ ਹੀ ਉੱਤਰ ਦਿੰਦੇ ਹਨ।ਇਹ ਕਹਾਣੀਆਂ ਇੰਨੀਆਂ ਸੁਆਦਲੀਆਂ ਹਨ ਕਿ ਇੰਝ ਲਗਦਾ ਹੈ ਜਿਵੇਂ ਅਫ਼ਗਾਨਿਸਤਾਨ, ਫ਼ਾਰਸ, ਤਾਜੀਕਿਸਤਾਨ, ਤੁਕਮਾਨਿਸਤਾਨ ਅਤੇ ਆਜ਼ਰਬਾਈਜਾਨ ਦਾ ਪੂਰਾ ਇਲਾਕਾ ਪੰਜਾਬੀ ਪਿਆ ਬੋਲਦਾ ਹੋਵੇ।ਇਹਨਾਂ ਕਹਾਣੀਆਂ ਵਿਚ ਆਮ ਸਫ਼ਰ ਦੇ ਦੌਰਾਨ ਆਮ ਲੋਕਾਂ ਨਾਲ ਡਾਇਲਾਗ ਵੀ ਹਨ ਜੋ ਕਿ ਸਾਰੇ ਦੇ ਸਾਡੇ ਪੰਜਾਬੀ ਬੋਲ ਰਹੇ ਹਨ।

ਇਸ ਸੂਬੇ ਦਾ ਦੂਜਾ ਵੱਡਾ ਸ਼ਹਿਰ ਜਿੱਥੋਂ ਦੀ ਮਾਂ-ਬੋਲੀ ਪੰਜਾਬੀ ਹੈ ਉਹ ਹੈ “ਕੋਹਾਟ।”ਇਥੋਂ ਦੀ ਬੋਲੀ ਦਾ ਉਚਾਰਨ ਸਗਵਾਂ ਉਵੇਂ ਹੀ ਹੈ ਜਿਵੇਂ ਕਿ ਇਹਦੇ ਨਾਲ ਲਗਦੇ ਪੰਜਾਬ ਦੇ ਅਖੀਰਲੇ ਜ਼ਿਲ੍ਹੇ “ਅਟਕ” ਦਾ। “ਕੋਹਾਟ” ਸ਼ਹਿਰ ਦਾ ਹਾਲ ਵੀ ਪਿਸ਼ੌਰ ਵਾਲਾ ਹੈ।ਇਥੇ ਵੀ ਪਸ਼ਤੋ ਹੌਲੀ ਹੌਲੀ ਹਿੰਦਕੋ ਨੂੰ ਖਾਈ ਜਾ ਰਹੀ ਹੈ।ਇਹਦੇ ਨਾਲ ਲਗਦਾ ਹੈ ਜ਼ਿਲ੍ਹਾ “ਬੱਨੂੰ” ਜਿਹਦੀਆਂ ਹੱਦਾਂ ਪੰਜਾਬ ਦੇ ਸ਼ਹਿਰ ਮੀਆਂਵਾਲੀ ਨਾਲ ਲਗਦੀਆਂ ਹਨ। ਸੋ ਇਸ ਦੀ ਪੰਜਾਬੀ ਦਾ ਰੰਗ ਵੀ ਉਹੀ ਹੈ ਜੋ ਮੀਆਂਵਾਲੀ ਦਾ ਹੈ, ਮਤਲਬ ਥਲੋਚੜੀ ਪੰਜਾਬੀ।”ਬੱਨੂੰ” ਦੇ ਲੋਕ ਵੀ ਹੁਣ ਪਸ਼ਤੋ ਵਲ ਵੱਧ ਰਹੇ ਹਨ ਕਿਉਂਜੇ ਉਹਨਾਂ ਨੂੰ ਘਰੋਂ ਬਾਹਰ ਪਸ਼ਤੋ ਹੀ ਬੋਲਣੀ ਪੈਂਦੀ ਹੈ। ਇਸ ਸੂਬੇ ਦੇ ਦੂਸਰੇ ਜ਼ਿਲ੍ਹਿਆਂ ਵਿਚ “ਟਾਂਕ, ਤੇ ਲਕੀ-ਮਰਵਤ” ਡੇਰਾ ਇਸਮਾਈਲ ਖ਼ਾਨ ਦੇ ਵਧੇਰੇ ਨੇੜੇ ਹਨ ਸੋ ਇਹਨਾਂ ਵਿਚ ਪੰਜਾਬੀ ਦਾ “ਡੇਰਵੀ” ਰੰਗ ਬਹੁਤ ਉਘੜਵਾਂ ਹੈ। ਇਸ ਸਾਰੇ ਇਲਾਕੇ ਵਿਚ ਸਿਰਫ਼ ਇਹ ਬੋਲੀਆਂ ਹੀ ਨਹੀਂ ਹਨ ਸਗੋਂ ਪਸ਼ਤੋ ਵੀ ਨਾਲ ਨਾਲ ਹੀ ਹੈ। ਸੋ ਇਹ ਇਲਾਕੇ ਵੀ ਪਸ਼ਤੋ ਦੀ ਮਾਰ ਤੋਂ ਬਚੇ ਹੋਏ ਨਹੀਂ ਹਨ। ਇਸ ਸੂਬੇ ਦਾ ਇਕੋ-ਇਕ ਇਲਾਕਾ ਹੈ ਜਿਹੜਾ ਇਸ ਮਾਰ ਤੋ ਬਚਿਆ ਹੋਇਆ ਹੈ। ਉਹ ਹੈ “ਹਜ਼ਾਰਾ”, ਜਿਹਨੂੰ ਪੰਜਾਬੀ ਆਮ ਕਰਕੇ “ਹਰੀਪੁਰ-ਹਜ਼ਾਰਾ” ਕਹਿੰਦੇ ਹਨ ਤਾਂਜੇ ਇਹਨੂੰ “ਤਖ਼ਤ-ਹਜ਼ਾਰੇ” ਤੋਂ ਨਖੇੜਿਆ ਜਾ ਸਕੇ।ਇਥੋਂ ਦੀ ਬੋਲੀ ਦਾ ਰੰਗ ਸਗਵਾਂ ਉਹੀ ਹੈ ਜੋ ਪੰਜਾਬ ਦੇ ਪੁਰਾਣੇ ਸ਼ਹਿਰ ਟੈਕਸਲਾ ਵਿਚ ਬੋਲੀ ਜਾਂਦੀ ਹੈ।”ਹਜ਼ਾਰੇ” ਦੇ ਲੋਕ ਵੀ ਅਪਣੀ ਬੋਲੀ ਨੂੰ “ਹਿੰਦਕੋ” ਹੀ ਕਹਿੰਦੇ ਹਨ। ਇਥੇ ਮੈਨੂੰ ਅਪਣੇ ਇਕ ਦੋਸਤ ਦੀ ਗਲ ਯਾਦ ਆ ਰਹੀ ਹੈ ਜਿਹੜੀ ਉਹਨੇ ਮੈਨੂੰ ਇਕ ਵਾਰੀ ਸੁਣਾਈ ਸੀ।

ਗਲ ਇੰਝ ਹੈ ਕਿ ਮੇਰੇ ਇਸ ਦੋਸਤ ਦਾ ਵੱਡਾ ਭਾਈ ਹਜ਼ਾਰੇ ਦੇ ਸ਼ਹਿਰ “ਐਬਟਾਬਾਦ”ਵਿਚ ਹੁੰਦਾ ਸੀ। ਉਹ ਅਪਣੇ ਵੱਡੇ ਭਾਈ ਨੂੰ ਮਿਲਣ ਪਹਿਲੀ ਵਾਰੀ ਐਬਟਾਬਾਦ ਗਿਆ। ਆਪ ਉਹ ਪਿੰਡ ਦਾਦਨ ਖ਼ਾਨ, ਜ਼ਿਲ੍ਹਾ:ਜਿਹਲਮ ਦਾ ਰਹਿਣ ਵਾਲਾ ਹੈ।ਉਹ ਮੈਨੂੰ ਦੱਸਣ ਲੱਗਾ ਕਿ ਜਦੋਂ ਉਹ ਪਹਿਲੀ ਵਾਰੀ ਐਬਟਾਬਾਦ ਉਤਰਿਆ ਤਾਂ ਅੱਗੇ ਜਾਣ ਲਈ ਇਕ ਹੋਰ ਗੱਡੀ ਵਿਚ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠ ਗਿਆ। ਉਹ ਦੋਸਤ ਮੈਨੂੰ ਦੱਸਣ ਲੱਗਾ ਕਿ ਉਥੇ ਹਰ ਕੋਈ ਪੰਜਾਬੀ ਹੀ ਬੋਲ ਰਿਹਾ ਸੀ। ਉਵੇਂ ਹੀ ਬੈਠੇ ਬੈਠੇ ਮੇਰੇ ਦਿਮਾਗ਼ ਵਿਚ ਆਇਆ ਕਿ ਇਹ ਇਲਾਕਾ ਤਾਂ ਪੰਜਾਬ ਤੋਂ ਬਾਹਰ ਹੈ ਪਤਾ ਨਹੀਂ ਇਥੇ ਕਿਹੜੀ ਬੋਲੀ ਬੋਲੀ ਜਾਂਦੀ ਹੈ? ਉਸ ਨੇ ਡਰਾਈਵਰ ਕੋਲੋਂ ਪੁਛਿਆ ਕਿ ਇਥੇ ਕਿਹੜੀ ਬੋਲੀ ਬੋਲਦੇ ਹਨ? ਡਰਾਈਵਰ ਨੇ ਜੁਆਬ ਦਿੱਤਾ: “ਹਿੰਦਕੋ”। ਉਹ ਸੋਚਣ ਲੱਗਾ ਇਹ ਪਤਾ ਨਹੀਂ ਕਿਹੜੀ ਬੋਲੀ ਹੈ। ਉਸ ਨੇ ਫੇਰ ਡਰਾਈਵਰ ਕੋਲੋਂ ਪੁਛਿਆ: “ਤੁਸੀਂ ਕਿਹੜੀ ਬੋਲੀ ਪਏ ਬੋਲਦੇ ਹੋ?” ਡਰਾਈਵਰ ਨੇ ਫੇਰ ਜੁਆਬ ਦਿੱਤਾ: “ਹਿੰਦਕੋ।” ਉਹ ਫੇਰ ਹੈਰਾਨ ਹੋ ਗਿਆ ਤੇ ਸੋਚਣ ਲੱਗਾ ਕਿ ਇਹ ਡਰਾਈਵਰ ਚੰਗਾ ਭਲਾ ਪੰਜਾਬੀ ਪਿਆ ਬੋਲਦੈ ਤੇ ਕਹਿੰਦੈ ਅਖੇ ਹਿੰਦਕੋ ਬੋਲ ਰਿਹਾ ਹਾਂ। ਫੇਰ ਮੇਰੇ ਦੋਸਤ ਨੇ ਇਕ ਤੀਸਰਾ ਸੁਆਲ ਕੀਤਾ: “ਅੱਛਾ ਇਹ ਦੱਸੋ ਮੈਂ ਕਿਹੜੀ ਬੋਲੀ ਬੋਲ ਰਿਹਾ ਹਾਂ?”

ਡਰਾਈਵਰ ਨੇ ਉੱਤਰ ਦਿੱਤਾ: “ਜੀ ਤੁਸੀਂ ਹਿੰਦਕੋ ਪਏ ਬੋਲਦੇ ਹੋ।” ਇਹ ਜੁਆਬ ਸੁਣ ਕੇ ਮੇਰੇ ਦੋਸਤ ਦਾ ਹਾਸਾ ਨਿਕਲ ਗਿਆ। ਡਰਾਈਵਰ ਨੂੰ ਆਖਣ ਲੱਗਾ : “ਯਾਰ ਅਜੀਬ ਗਲ ਏ ਮੈਂ ਤੇ ਪੰਜਾਬੀ ਬੋਲਨਾ ਪਿਆ ਵਾਂ, ਤੇ ਤੂੰ ਇਹਨੂੰ ਹਿੰਦਕੋ ਸਮਝੀ ਜਾ ਰਿਹਾ ਏਂ। ਤੇ ਤੂੰ ਮੇਰੇ ਨਾਲ ਹਿੰਦਕੋ ਪਿਆ ਬੋਲਦਾ ਏਂ ਤੇ ਮੈਂ ਉਹਨੂੰ ਪੰਜਾਬੀ ਸਮਝ ਰਿਹਾ ਵਾਂ।” ਦੱਸੋ ਭਲਾ ਕੀ ਫ਼ਰਕ ਹੈ ਹਿੰਦਕੋ ਤੇ ਪੰਜਾਬੀ ਵਿਚ। ਸਚ ਹੈ ਕਿ ਇਹ ਮਖ਼ੌਲ ਹੈ ਸਾਡਾ ਅਪਣੀ ਮਾਂ-ਬੋਲੀ ਦੇ ਨਾਲ। ਇਕੋ ਜਿਹੇ ਲਫ਼ਜ਼ ਇਕੋ ਜਿਹਾ ਉਚਾਰਨ, ਇਕੋ ਹੀ ਸ਼ਬਦਾਵਲੀ ਤੇ ਨਾਂ ਵਖਰੇ ਵਖਰੇ।ਇਸ ਮਖ਼ੌਲ ਨੇ ਸਾਡਾ ਲੱਕ ਤੋੜ ਦਿੱਤਾ ਹੈ। ਇਸ ਮਖ਼ੌਲ ਨੇ ਸਾਨੂੰ ਦੂਰ ਦੂਰ ਕਰ ਦਿੱਤਾ ਹੈ। ਪਤਾ ਨਹੀਂ ਇਹ ਮਖ਼ੌਲ ਅਸਾਂ ਆਪ ਕੀਤਾ ਹੈ ਅਪਣੇ ਆਪ ਨਾਲ ਜਾਂ ਸਾਡੇ ਨਾਲ ਕਿਸੇ ਹੋਰ ਨੇ ਕੀ ਤਾ ਹੈ? ਇਸ ਸੁਆਲ ਦਾ ਜੁਆਬ ਸਾਰੇ ਪੰਜਾਬੀਆਂ ਨੂੰ ਲੱਭਣ ਦੀ ਬੇਂਤੀ ਹੈ। ਪਿੱਛੇ ਜਿਹੇ ਸਰਕਾਰ ਨੇ ਇਸ ਸੂਬੇ ਦਾ ਨਾਂ ਬਦਲ ਕੇ “ਸੂਬਾ ਖ਼ੈਬਰ ਪਖ਼ਤੂਨ-ਖ਼ੁਆਹ” ਰੱਖ ਦਿੱਤਾ ਹੈ ਤਾਂਜੋ ਪਠਾਣਾਂ ਨੂੰ ਪਛਾਣ ਮਿਲ ਸਕੇ। ਪਰ ਜਿਹਨਾਂ ਦੀ ਪਛਾਣ ਗੁਆਚਦੀ ਜਾ ਰਹੀ ਹੈ ਉਹਨਾਂ ਨੂੰ ਅਪਣੀ ਕੋਈ ਸੁਰਤ ਨਹੀਂ ਹੈ। 1901 ਵਿਚ ਬਣੇ ਇਸ ਸੂਬੇ ਵਿਚ ਪਠਾਣਾਂ ਤੋਂ ਵਖਰੇਵੇਂ ਲਈ ਹਜ਼ਾਰੇ ਦੇ ਇਲਾਕੇ ਵਿਚੋਂ ਵਖਰੇ ਸੂਬੇ ਦੀ ਮੰਗ ਦੀ ਅਵਾਜ਼ ਉਠੀ ਹੈ।ਇਹ ਮੰਗ ਸੂਬੇ ਦਾ ਨਾਂ ਬਦਲਣ ਮਗਰੋਂ ਉਠੀ ਹੈ ਪਰ ਇਹ ਵਖਰੇ ਸੂਬੇ ਦੀ ਮੰਗ ਅਸਲ ਵਿਚ ਬਹੁਤ ਸਾਰੀਆਂ ਹੋਰ ਵੰਡਾਂ ਨੂੰ ਵੰਗਾਰ ਰਹੀ ਹੈ।ਇਹ ਵੰਡਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਹੋਰ ਕਮਜ਼ੋਰ ਕਰਦੀਆਂ ਜਾਂਦੀਆਂ ਹਨ। ਇਸ ਸੂਬੇ ਵਿਚ ਹਿੰਦਕੋ ਵਿਚ ਜੋ ਸਾਹਿਤ ਰਚਿਆ ਗਿਆ ਹੈ ਉਹਦੀ ਇਕ ਝਲਕ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ।

ਵੇਖੋ ਉਹਨਾਂ ਕਿਤਾਬਾਂ ਦੇ ਸਿਰਨਾਵੇਂ ਜੋ ਇਸ ਸੂਬੇ ਦੇ ਵਾਸੀ ਲਿਖਾਰੀਆਂ ਨੇ ਲਿਖੀਆਂ ਅਤੇ ਜੋ ਪੰਜਾਬੀ ਬੋਲੀ ਦਾ ਸਰਮਾਇਆ ਹਨ: ਫੁਲ ਤੇ ਕੰਡੇ, ਸੱਜਰੇ ਫੁਲ, ਪੀਂਘ, ਸਰਘੀ ਦਿਆ ਤਾਰਿਆ, ਮਿੱਠੇ ਡੰਗ, ਹਸਦੇ ਵਸਦੇ ਲੋਕ, ਨਿਕੀ ਜਿਹੀ ਗਲ, ਲੇਖ, ਲਫ਼ਜ਼ਾਂ ਦੀ ਜੰਜ, ਸੋਚਾਂ ਦੇ ਜਗਰਾਤੇ, ਪਿਆਰ ਭੁਲੇਖੇ, ਦਿਲ ਦੇ ਹੱਥੋਂ, ਸੁੱਚੇ ਰੰਗ, ਖ਼ਾਬਾਂ ਦਾ ਵਣਜਾਰਾ, ਗਾਨੀ, ਦੋ ਅਥਰੂ, ਕਲ ਤੇ ਅਜ, ਰਾਕਾਪੋਸ਼ੀ ਦੀ ਛਾਂ, ਮੀਨਾ ਤੇ ਜਾਮ, ਦਿਲ ਦੇ ਦੁਖ ਹਜ਼ਾਰ, ਨਵੀਆਂ ਰਾਹਵਾਂ, ਅਠਵਾਂ ਸੁਰ, ਫੁਲਾਂ ਦਾ ਹਾਰ, ਸਚ ਦਾ ਜ਼ਹਿਰ, ਸਚ ਦੇ ਡੀਵੇ, ਸਬਰ ਦਾ ਫੱਲ ਮਿੱਠਾ ਆਦਿ।ਇਹਨਾਂ ਕਿਤਾਬਾਂ ਦੇ ਨਾਵਾਂ ਨੂੰ ਵੇਖੋ ਜ਼ਰਾ ਕੀ ਤੁਸੀਂ ਕਹਿ ਸਕਦੇ ਹੋ ਇਹ ਸਾਡੀ ਮਾਂ-ਬੋਲੀ ਦੀਆਂ ਕਿਤਾਬਾਂ ਨਹੀਂ ਹਨ।ਇਹ ਸਾਰਾ ਸਾਹਿਤ ਇਸ ਸੂਬੇ ਵਿਚ ਹੀ ਰਚਿਆ ਗਿਆ ਹੈ ਜਿਹਦਾ ਨਾਂ ਅਜ “ਖ਼ੈਬਰ ਪਖ਼ਤੂਨ-ਖ਼ੁਆਹ” ਰੱਖ ਦਿੱਤਾ ਗਿਆ ਹੈ ਪਰ ਇਥੋਂ ਦੀ ਪੰਜਾਬੀ ਪਛਾਣ ਨੂੰ ਬਹੁਤ ਖ਼ਤਰਾ ਹੈ। ਸਾਡਾ ਪੰਜਾਬ ਵੰਡ ਦਿੱਤਾ ਗਿਆ, ਉਥੋਂ ਦੀ ਪੰਜਾਬੀ ਦਾ ਨਾਂ ਵੀ ਬਦਲ ਦਿੱਤਾ ਗਿਆ। ਇਹ ਪੰਜਾਬ ਦੀ ਪਹਿਲੀ ਵੰਡ ਪੰਜਾਬ ਦਾ ਵੀ ਨੁਕਸਾਨ ਲਿਆਈ ਅਤੇ ਪੰਜਾਬੀ ਬੋਲੀ ਦਾ ਵੀ। ਅਜ ਇੰਨੀ ਵੱਡੀ ਅਬਾਦੀ ਇਸ ਸੂਬੇ ਦੀ ਅਪਣੇ ਆਪ ਨੂੰ ਪੰਜਾਬੀ ਨਹੀਂ ਕਹਿੰਦੀ।ਜਿਹੜੀਆਂ ਕਿਤਾਬਾਂ ਇਥੇ ਛਪੀਆਂ ਹਨ ਸਾਡੀ ਮਾਂ-ਬੋਲੀ ਦੀਆਂ ਉਹਨਾਂ ਉੱਤੇ “ਹਿੰਦਕੋ” ਕਿਤਾਬਾਂ ਲਿਖਿਆ ਹੋਇਆ ਹੈ। ਇਥੋਂ ਦੇ ਰਚਿਆਰ ਦੀ ਰਚਨਾ ਨਾ ਚੜ੍ਹਦੇ ਪੰਜਾਬ ਵਿਚ ਪਹੁੰਚਦੀ ਹੈ ਅਤੇ ਨਾ ਹੀ ਲਾਹੌਰ ਤਕ। ਸੋ ਇਸ ਵੰਡ ਨੇ ਨਾ ਸਿਰਫ਼ ਪੰਜਾਬ ਦੀਆਂ ਹੱਦਾਂ ਘਟਾਈਆਂ ਹਨ ਸਗੋਂ ਪੰਜਾਬੀ ਬੋਲਣ ਵਾਲੀ ਇਹ ਸਾਰੀ ਅਬਾਦੀ ਹੁਣ ਪੰਜਾਬੀ ਨਹੀਂ ਰਹੀ। ਇਹਦਾ ਮਤਲਬ ਇਹ ਹੋਇਆ ਕਿ ਇਹ ਸੂਬਾ ਬਣਾਉਣ ਦੇ ਨਾਲ ਪੰਜਾਬੀਆਂ ਦੀ ਗਿਣਤੀ ਘਟਾ ਦਿੱਤੀ ਗਈ।

ਬੋਲੀਆਂ – 4

ਰੋਟੀ ਲੈਕੇ ਚੱਲੀ ਖੇਤ ਨੂੰਰੰਨ ਖਾਕੇ ਤੁਰੇ ਮਰੋੜੇਢਿੱਡ ਵਿੱਚ ਦੇਮਾਂ ਮੁੱਕੀਆਂਗੱਲਾਂ ਤੇਰੀਆਂ ਦੇ ਉੱਠਣ ਮਰੋੜੇਜੈ ਕੁਰ ਮੋਰਨੀਏਲੜ ਬੱਦਲਾਂ ਨੇ ਜੋੜੇਤਿੱਖੇ ਪੰਜੇ ਦੀ ਪਾਮੇਂ ਰਕਾਬੀਤੁਰਦੀ ਨਾਲ ਮਿਜਾਜਾਂਲੜ ਕੁੜ੍ਹਤੀ ਦੇ ਬਾਂਹ ਨਾਲ ਉੱਡਦੇਨੰਗੀਆਂ ਹੋ ਗੀਆਂ ਢਾਕਾਂਪੰਜ ਸੱਤ ਕਰਮਾਂ ਭਰਗੀ ਖੁਸ਼ੀ ਵਿੱਚਮਗਰੋਂ ਪੈਂਦੀਆਂ ਹਾਕਾਂਕਰਾਂ ਅਰਜੋਈਆਂ ਮਿਲਜਾ ਪਟੋਲਿਆਗੁਜ਼ਰ ਗਈਆਂ ਬਰਸਾਤਾਂਨੀ ਦਿਲ ਮਿਲ ਗਿਆਂ ਤੋਂਕਾਹਨੂੰ ਪਰਖਦੀ ਜਾਤਾਂਯਾਰੀ ਲਾਕੇ ਦਗਾ ਕਮਾ ਗਈਤੈਂ ਧਾਰੀ ਬਦਨੀਤੀਅੱਗੇ ਤਾਂ ਲੰਘਦੀ ਹੱਸਦੀ ਖੇਲਦੀਅੱਜ ਨੰਘ ਗਈ ਚੁੱਪ ਕੀਤੀਇਹੋ ਰੰਨਾਂ ਵਿੱਚ ਖੋਟ ਸੁਣੀਂਦਾਲਾ ਕੇ ਦਿੰਦੀਆਂ ਤੋੜ ਪਰੀਤੀਦੂਰੋਂ ਰੰਨੇਂ ਸਰਬਤ ਦੀਂਹਦੀਜ਼ਹਿਰ ਬਣੀ ਜਾਂ...

Bowmaker / ਕਮਾਨਗਰ

Kitāb-i Tashrih al-aqvam (کتاب تشريح الاقوام) was published in 1825 by Colonel James Skinner. The book, illustrated by Ghulam Ali Khan and other artists from the Delhi area features 120 miniatures, including portraits that depict the origins and distinguishing marks of the different castes of India. This book was compiled at Hansi Cantonment, Hissar District and is now a part of the British Library. A Bowmaker (Source - The British Library) Caption: Kamdangar, a bowmaker. Shown bending the wood of a...

Kafi: A Genre of Punjabi Poetry

Kafi is a prominent genre of Punjabi literature and is very rich in form and content. This article deals with the etymology, connotation and definition of Kafi with its literary and cultural background and the atmosphere in which it flourished, so as to have a better concept of it. It also includes a commentary on the Punjabi writers of Kafi, classical as well as the poets coming after the creation of Pakistan. It is a tribute to the talent...