14.1 C
Los Angeles
Saturday, November 23, 2024

ਕਾਕਾ-ਪਰਤਾਪੀ

(ਸੁਖਦੇਵ ਮਾਦਪੁਰੀ)

‘ਕਾਕਾ-ਪਰਤਾਪੀ’ 19ਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਵਾਪਰੀ ਮਾਲਵੇ ਦੇ ਇਲਾਕੇ ਦੀ ਹਰਮਨ ਪਿਆਰੀ ਲੋਕ ਗਾਥਾ ਹੈ, ਜੋ ਸ਼ਾਦੀ ਰਾਮ, ਗੋਕਲ ਚੰਦ, ਗੁਰਦਿੱਤ ਸਿੰਘ, ਛੱਜੂ ਸਿੰਘ ਅਤੇ ਚੌਧਰੀ ਘਸੀਟਾ ਆਦਿ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿਚ ਬਿਆਨ ਕੀਤੀ ਹੈ।

ਮੇਰੇ ਪਿੰਡ ਮਾਦਪੁਰ (ਲੁਧਿਆਣਾ) ਤੋਂ ਇੱਕ ਮੀਲ ਦੱਖਣ ਵਲ ਰਿਆਸਤ ਪਟਿਆਲਾ (ਹੁਣ ਪੰਜਾਬ) ਦਾ ਲੋਪੋਂ ਨਾਮੀ ਪਿੰਡ ਹੈ। ਇੱਥੇ ਫੱਗਣ ਦੇ ਮਹੀਨੇ ਮਹਿਮਾ ਸ਼ਾਹ ਫਕੀਰ ਦੀ ਸਮਾਧ ‘ਤੇ ਬੜਾ ਭਾਰੀ ਮੇਲਾ ਲੱਗਦਾ ਹੈ। ਇਸ ਪ੍ਰੀਤ ਕਥਾ ਦੀ ਨਾਇਕਾ ਪਰਤਾਪੀ ਇਸੇ ਪਿੰਡ ਦੀ ਜੰਮਪਲ ਸੀ। ਗੋਕਲ ਚੰਦ ਅਤੇ ਛੱਜੂ ਸਿੰਘ ਅਨੁਸਾਰ ਇਸ ਪ੍ਰੀਤ ਕਥਾ ਦਾ ਮੁੱਢ ਇਸੇ ਮੇਲੇ ਤੋਂ ਬੱਝਦਾ ਹੈ: ਪਰਤਾਪੀ ਸੁਨਿਆਰੀ ਲੋਪੋਂ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਦੇ ਨਾਲ ਮੇਲਾ ਵੇਖਣ ਆਉਂਦੀ ਹੈ। ਆਸ਼ਕਾਂ ਦੀਆਂ ਹਿੱਕਾਂ ਨੂੰ ਲੂੰਹਦੀ ਇਹ ਟੋਲੀ ਮੇਲੇ ਵਿਚ ਫੇਰਾ ਮਾਰਦੀ ਹੈ। ਮੇਲਾ ਨਸ਼ਿਆ ਜਾਂਦਾ ਹੈ।

ਜਿਲਾ ਲੁਧਿਆਣਾ ਦੇ ਪਿੰਡ ਰੁਪਾਲੋਂ, ਜੋ ਲੋਪੋਂ ਤੋਂ ਇੱਕ ਮੀਲ ਦੀ ਦੂਰੀ ‘ਤੇ ਹੈ, ਦੇ ਜੈਲਦਾਰ ਕਾਹਨ ਸਿੰਘ ਦਾ ਛੈਲ ਛਬੀਲਾ ਗੱਭਰੂ ਕਾਕਾ ਕਿਰਪਾਲ ਸਿੰਘ ਵੀ ਮੇਲਾ ਵੇਖ ਰਿਹਾ ਹੁੰਦਾ ਹੈ। ਪਰਤਾਪੀ ਦੇ ਮਦ ਭਰੇ ਨੈਣ ਉਸ ਨੂੰ ਘਾਇਲ ਕਰ ਦਿੰਦੇ ਹਨ।
ਗੁਰਦਿੱਤ ਸਿੰਘ ਕਾਕੇ ਤੇ ਪਰਤਾਪੀ ਦਾ ਮੇਲ ਤੀਆਂ ਦੇ ਦਿਨਾਂ ਵਿਚ ਕਰਾਵਾਉਂਦਾ ਹੈ। ਉਸ ਦੇ ਕਥਨ ਅਨੁਸਾਰ ਲੋਪੋਂ ਦੀਆਂ ਮੁਟਿਆਰਾਂ ਪਿੰਡੋਂ ਬਾਹਰ ਢੱਕੀ ਵਿਚ ਤੀਆਂ ਪਾ ਰਹੀਆਂ ਸਨ। ਕਾਕਾ ਸ਼ਿਕਾਰ ਖੇਡਦਾ-ਖੇਡਦਾ ਇੱਧਰ ਆ ਨਿਕਲਿਆ। ਜਵਾਨੀ ਦੇ ਨਸ਼ੇ ਵਿਚ ਮੱਤੀਆਂ ਮੁਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ।

ਹਾਸਿਆਂ ਤੇ ਮਖੌਲਾਂ ਦੀ ਛਹਿਬਰ ਲੱਗ ਗਈ। ਮੁਟਿਆਰਾਂ ਨੇ ਕਾਕੇ ਦੇ ਆਲੇ ਦੁਆਲੇ ਘੇਰਾ ਘੱਤ ਲਿਆ। ਸੁਨਿਆਰੀ ਪਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ। ਉਹ ਸੁਆਦ-ਸੁਆਦ ਹੋ ਉਠਿਆ। ਦਲੇਲ ਗੁੱਜਰ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਤੋਂ ਜਾਣੂ ਸੀ। ਉਸ ਨੇ ਮਸੀਂ ਮੁਟਿਆਰਾਂ ਪਾਸੋਂ ਉਹਦਾ ਖਹਿੜਾ ਛੁਡਾਇਆ। ਸ਼ਾਮਾਂ ਪੈ ਰਹੀਆਂ ਸਨ। ਹਰਨੀਆਂ ਦੀ ਡਾਰ ਪਿੰਡ ਨੂੰ ਪਰਤ ਪਈ। ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਕਾਕੇ ਬਾਰੇ ਗੱਲਾਂ ਕਰ ਰਹੀ ਸੀ। ਪਰ ਕੌਣ ਜਾਣੇ ਇਸ਼ਕ ਦੀ ਜਵਾਲਾ ਕਿੱਥੇ ਸੁਲਘਦੀ ਪਈ ਸੀ:

ਕੋਈ ਆਖੇ ਨੱਢੀ,
ਨੀ ਮੇਰੇ ਵਲ ਵੇਖਦਾ ਸੀ,
ਕੋਈ ਆਖੇ,
ਭੈਣੇ ਮੈਨੂੰ ਅੱਖਾਂ ਮਟਕਾ ਗਿਆ।
ਕੋਈ ਆਖੇ,
ਮੈਨੂੰ ਨੀ ਬੁਲਾਵੇ ਨਾਲ ਸੈਨਤਾਂ ਦੇ,
ਵੱਟੀ ਜਾਂ ਮੈਂ ਘੂਰੀ
ਤਾਂ ਤੜੱਕ ਨੀਵੀਂ ਪਾ ਗਿਆ।
ਕੋਈ ਆਖੇ,
ਟੇਢੀ ਨਿਗ੍ਹਾ ਝਾਕਦਾ ਸੀ ਮੇਰੇ ਵਲ,
ਸਾਹਮਣੇ ਮੈਂ ਝਾਕੀ ਜਦੋਂ
ਅੱਖ ਨੀ ਚੁਰਾ ਗਿਆ।
(ਗੁਰਦਿੱਤ ਸਿੰਘ)

ਦਬੇ ਭਾਂਬੜ ਕਦ ਤੀਕ ਦਬਾਏ ਜਾ ਸਕਦੇ
ਸਨ। ਆਖਰ ਜਵਾਲਾ ਫੁੱਟ ਹੀ ਪੈਂਦੀ ਹੈ:

ਤਨ ਮਨ ਮੇਰੇ ਦੀ ਭੁਲਾਈ ਸੁਧ ਨੱਢਰੇ ਨੇ,
ਮਿੱਠਾ ਮਿੱਠਾ ਬੋਲ ਦਿਖਾ ਗਿਆ ਲੀਲ੍ਹਾ ਨੀ।
ਫੁੱਲ ਨੀ ਗੁਲਾਬ ਵਾਂਗੂ
ਰੰਗ ਮੇਰਾ ਓਸ ਵੇਲੇ,
ਮੁਖੜਾ ਲੁਕਾਇਆ ਤਾਂ
ਹੋਇਆ ਪੱਤ ਪੀਲਾ ਨੀ।
ਦਸਦੀ ਮੈਂ ਸੱਚ ਤੈਨੂੰ
ਅੱਜ ਗੁਰਦਿੱਤ ਸਿੰਘਾ,
ਲੁੱਟੀ ਨੀ ਮੈਂ ਲੁੱਟੀ
ਲੁੱਟ ਲੈ ਗਿਆ ਰੰਗੀਆ ਨੀ।

ਹੱਸਦੀਆਂ-ਖੇਡਦੀਆ ਮੁਟਿਆਰਾਂ ਅਜੇ ਥੋੜ੍ਹੀ ਹੀ ਦੂਰ ਗਈਆਂ ਸਨ ਕਿ ਮੀਂਹ ਦਾ ਛੱਰਾਟਾ ਇੱਕ ਦਮ ਆ ਗਿਆ। ਹਰਨੀਆਂ ਦੀ ਡਾਰ ਵਿਚ ਭਾਜੜ ਪੈ ਗਈ। ਭੋਲੀ ਤੇ ਪਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਕੋਠੇ ਵਿਚ ਜਾ ਵੜੀਆਂ।
ਭੋਲੀ ਨੇ ਏਧਰ ਉਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗੱਲ ਤੋਰੀ। ਪਰਤਾਪੀ ਅੰਦਰੋਂ ਲੱਡੂ ਭੋਰਦੀ ਪਈ ਸੀ ਪਰ ਬਾਹਰੋਂ:

ਆਖੇ ਪਰਤਾਪੀ ਨੀ ਭੋਲੀਏ ਮਖੌਲ ਕਰੇਂ
ਕੀਤਾ ਕੀ ਪਸੰਦ ਓਸ ਮੇਰਾ ਨੀ ਗੰਵਾਰ ਦਾ।
ਜਾਤ ਦੀ ਕਮੀਨਣੀ ਅਧੀਨਣੀ ਗਰੀਬਣੀ ਮੈਂ
ਓਸ ਨੂੰ ਤੂੰ ਦੱਸਦੀ ਹਂੈ ਪੁੱਤ ਜੈਲਦਾਰ ਦਾ।
ਜੱਟਾਂ ਨਾਲ ਦੋਸਤੀ ਨਾ ਪੁਗਦੀ ਕਮੀਣਾਂ ਦੀ ਨੀ
ਖੇਤ ਬੰਨੇ ਬੀਹੀ ਗਲੀ ਦੇਖ ਨੀ ਘੁੰਗਾਰਦਾ।
ਮੇਰੇ ਨਾ ਪਸੰਦ ਤੇਰੀ ਗੱਲ ਗੁਰਦਿੱਤ ਸਿੰਘਾ
ਮਿੱਟੀ ਪੱਟ ਦਵੇ ਜੱਟ ਜਦੋਂ ਨੀ ਹੰਕਾਰਦਾ।

ਦੂਜੇ ਦਿਨ ਭੋਲੀ ਨੇ ਕਾਕੇ ਨੂੰ ਸੁਨੇਹਾ ਦੇ ਕੇ ਰੁਪਾਲੋਂ ਤੋਂ ਸੱਦ ਲਿਆ। ਪਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ ਕੌਲ ਕਰਾਰ ਕਰ ਲਏ। ਇਸ ਪ੍ਰਕਾਰ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਣੀਆਂ ਮਾਣਦੇ ਰਹੇ। ਆਖਰ ਕਾਕੇ ਤੇ ਪਰਤਾਪੀ ਦੇ ਇਸ਼ਕ ਦਾ ਭੇਤ ਖੁੱਲ੍ਹ ਗਿਆ। ਪਰਤਾਪੀ ਦੀ ਮਾਂ ਨੰਦੋ ਦੇ ਕੰਨੀਂ ਵੀ ਇਹ ਖਬਰ ਪੁੱਜੀ।
ਪਰਤਾਪੀ ਦੇ ਇਸ਼ਕ ਦੀ ਭਿਣਕ ਪੈਣ ‘ਤੇ ਨੰਦੋ ਨੇ ਉਸ ਨੂੰ ਲੱਖ ਸਮਝਾਇਆ ਕਿ ਉਹ ਕਾਕੇ ਦਾ ਸਾਥ ਛੱਡ ਦੇਵੇ, ਪਰ ਪਰਤਾਪੀ ਪਿਛਾਂਹ ਮੁੜਨ ਵਾਲੀ ਕਿਥੇ ਸੀ!
ਉਹਨੇ ਨੰਦੋ ਨੂੰ ਸਾਫ ਆਖ ਦਿੱਤਾ, “ਮਾਂ ਮੇਰੀਏ, ਭਾਵੇਂ ਮਾਰ, ਭਾਵੇਂ ਛੱਡ-ਮੈਂ ਤਾਂ ਕਾਕੇ ਨੂੰ ਦਿੱਤਾ ਕੌਲ ਨਿਭਾਵਾਂਗੀ। ਉਹ ਤਾਂ ਮੇਰੀ ਜਾਨ ਦਾ ਟੁਕੜਾ ਏ, ਉਹਦੀ ਖਾਤਰ ਆਪਣੀ ਜਿੰਦ ਵਾਰ ਦਿਆਂਗੀ ਪਿਛਾਂਹ ਪੈਰ ਨਹੀਂ ਪਾਵਾਂਗੀ। ਲੋਕੀਂ ਪਏ ਕੁਝ ਆਖਣ, ਮੈਨੂੰ ਕਿਸੇ ਦੀ ਪਰਵਾਹ ਨਹੀਂ।”
ਨੰਦੋ ਨੇ ਆਪਣੇ ਪਤੀ ਨਾਲ ਪਰਤਾਪੀ ਬਾਰੇ ਮਸ਼ਵਰਾ ਕੀਤਾ। ਖੰਨੇ ਨੇੜੇ ਪਿੰਡ ਰਾਜੇਵਾਲ ਦੇ ਰਾਮ ਰਤਨ ਨਾਲ ਪਰਤਾਪੀ ਵਿਆਹੀ ਹੋਈ ਸੀ, ਪਰ ਅਜੇ ਮੁਕਲਾਵਾ ਨਹੀਂ ਸੀ ਤੋਰਿਆ। ਬਦਨਾਮੀ ਤੋਂ ਡਰਦਿਆਂ ਪਰਤਾਪੀ ਦੇ ਬਾਪ ਨੇ ਮੁਕਲਾਵੇ ਦਾ ਦਿਨ ਧਰ ਦਿੱਤਾ।
ਰਾਮ ਰਤਨ ਮੁਕਲਾਵਾ ਲੈਣ ਲਈ ਲੋਪੋਂ ਪੁੱਜ ਗਿਆ। ਰੋਂਦੀ ਕੁਰਲਾਉਂਦੀ ਪਰਤਾਪੀ ਨੂੰ ਮਾਪਿਆਂ ਨੇ ਰਾਮ ਰਤਨ ਨਾਲ ਮੁਕਲਾਵਾ ਦੇ ਕੇ ਤੋਰ ਦਿੱਤਾ। ਪਰਤਾਪੀ ਕਾਕੇ ਨੂੰ ਯਾਦ ਕਰ ਕਰ ਹੌਕੇ ਭਰਦੀ ਰਹੀ, ਸਿਸਕੀਆਂ ਲੈਂਦੀ ਰਹੀ, ਉਹਦੀ ਕਿਸੇ ਨੇ ਇੱਕ ਨਾ ਸੁਣੀ।
ਰਾਮ ਰਤਨ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ। ਉਹਦੇ ਪੱਬ, ਪਰੀਆਂ ਵਰਗੀ ਹੁਸ਼ਨਾਕ ਪਰਤਾਪੀ ਨੂੰ ਪਾ ਕੇ, ਧਰਤੀ ‘ਤੇ ਨਹੀਂ ਸਨ ਲੱਗ ਰਹੇ ਤੇ ਉਹ ਖੀਵਾ ਹੋਇਆ ਛੇਤੀ ਤੋਂ ਛੇਤੀ ਰਾਜੇਵਾਲ ਪੁੱਜਣਾ ਲੋਚਦਾ ਸੀ।
ਲੋਪੋਂ ਅਤੇ ਰੁਪਾਲੋਂ ਦੇ ਵਿਚਾਲੇ ਢੱਕੀ ਸੀ, ਸੁੰਨਸਾਨ ਰਾਹ। ਰਾਮ ਰਤਨ ਬੈਲ ਗੱਡੀ ਵਿਚ ਪਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ ਕੁਝ ਬਦਮਾਸ਼ ਲਏ ਤੇ ਗੱਡੀ ਢੱਕੀ ਵਿਚ ਘੇਰ ਲਈ। ਨਾਲ ਆਏ ਬਰਾਤੀ ਕੁੱਟ ਕੁੱਟ ਕੇ ਭਜਾ ਦਿੱਤੇ ਤੇ ਪਰਤਾਪੀ ਨੂੰ ਸਣੇ ਗੱਡੀ ਆਪਣੇ ਪਿੰਡ ਲੈ ਆਇਆ,

ਜ਼ੋਰ ਸਰਦਾਰੀ ਦੇ
ਗੱਡੀ ਮੋੜ ਕੇ ਕਿਲੇ ਵਿਚ ਵਾੜੀ।

(ਲੋਕ ਗੀਤ)

ਰਾਮ ਰਤਨ ਨੇ ਖੰਨੇ ਦੇ ਥਾਣੇ ਜਾ ਰਿਪੋਰਟ ਕੀਤੀ। ਪੁਲਿਸ ਆਈ। ਜੈਲਦਾਰ ਕਾਹਨ ਸਿੰਘ ਨੇ ਇੱਜਤ ਬਚਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ। ਕਾਕੇ ਨੇ ਪਰਤਾਪੀ ਨੂੰ ਕਿਧਰੇ ਹੋਰ ਲੁਕੋ ਦਿੱਤਾ।
ਚਾਂਦੀ ਦੇ ਛਣਕਦੇ ਰੁਪਿਆਂ ਨਾਲ ਜੈਲਦਾਰ ਦੀ ਇੱਜਤ ਬਚਾ ਲਈ ਗਈ। ਪਰਤਾਪੀ ਬਰਾਮਦ ਨਾ ਹੋ ਸਕੀ। ਰਾਮ ਰਤਨ ਸਬਰ ਦਾ ਘੁੱਟ ਭਰ ਕੇ ਰਹਿ ਗਿਆ।
ਕਾਕਾ ਕਿਰਪਾਲ ਸਿੰਘ ਦੇ ਮਾਪੇ ਆਪਣੀ ਬਹੁਤ ਬੇਇੱਜਤੀ ਸਮਝਦੇ ਸਨ, ਉਨ੍ਹਾਂ ਕਿਰਪਾਲ ਸਿੰਘ ਦੇ ਅਮੋੜ ਸੁਭਾਅ ਨੂੰ ਮੁੱਖ ਰਖਦਿਆਂ ਉਸ ਨੂੰ ਰਿਆਸਤ ਨਾਭਾ ਵਿਖੇ ਹੀਰਾ ਸਿੰਘ ਦੇ ਰਸਾਲੇ ਵਿਚ ਭਰਤੀ ਕਰਵਾ ਦਿੱਤਾ। ਕਾਕੇ ਨੇ ਪਰਤਾਪੀ, ਪਰਤਾਪੀ ਦੇ ਨਾਨਕੀਂ ਛੱਡ ਆਂਦੀ। ਪਰਤਾਪੀ ਵਿਛੋੜੇ ਦੀ ਅਗਨੀ ਵਿਚ ਸੜਦੀ ਨਾਨਕਿਆਂ ਤੋਂ ਲੋਪੋਂ ਆ ਗਈ।

ਨਾਭੇ ਤੋਂ ਪਰਤਾਪੀ ਨੂੰ ਕਾਕੇ ਦੇ ਸੁੱਖ ਸੁਨੇਹੇ ਪੁੱਜਦੇ ਰਹੇ। ਉਹ ਹੁਣ ਨਾਭੇ ਕਾਕੇ ਕੋਲ ਨੱਸ ਜਾਣ ਦੀਆਂ ਵਿਉਂਤਾਂ ਬਣਾ ਰਹੀ ਸੀ। ਉਸ ਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ, “ਭੋਲੀਏ ਇਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ, ਮੇਰਾ ਲੂੰ-ਲੂੰ ਜਲ ਰਿਹੈ, ਮੇਰੀ ਨੀਂਦ ਕਿੱਧਰੇ ਉਡ-ਪੁਡ ਗਈ ਐ। ਬਸ ਕਾਕਾ ਅੱਠੇ ਪਹਿਰ ਯਾਦ ਆਉਂਦਾ ਰਹਿੰਦੈ। ਮੈਨੂੰ ਉਨੀ ਦੇਰ ਚੈਨ ਨਹੀਂ ਆਉਣੀ, ਜਿੰਨੀ ਦੇਰ ਉਹਨੂੰ ਵੇਖ ਨਹੀਂ ਲੈਂਦੀ, ਖੌਰੇ ਉਹਦੀ ਕੀ ਹਾਲਤ ਹੋਵੇਗੀ। ਭੋਲੀਏ, ਮੈਨੂੰ ਨਾਭੇ ਪਹੁੰਚਾਉਣ ਦੀ ਕੋਈ ਸਕੀਮ ਸੋਚ, ਸਾਰੀ ਉਮਰ ਤੇਰਾ ਅਹਿਸਾਨ ਨਹੀਂ ਭੁਲਾਂਗੀ।” ਪਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿਚ ਸੁੱਟ ਦਿੱਤਾ ਤੇ ਡੁਸਕਣ ਲੱਗ ਪਈ।
“ਅੜੀਏ ਹੌਸਲਾ ਕਰ, ਮੈਂ ਆਪਣੇ ਦਲੇਲ ਨਾਲ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀ ਆਂ। ਉਹ ਤੈਨੂੰ ਸਰਦਾਰ ਕੋਲ ਛੱਡ ਆਵੇਗਾ। ਹੁਣ ਪੂੰਝ ਛੱਡ ਇਹ ਹੰਝੂ।” ਭੋਲੀ ਨੇ ਹੌਸਲਾ ਦਿੱਤਾ।
“ਭੋਲੀਏ ਤੇਰਾ ਕਰਜ਼ ਕਿਵੇਂ ਚੁਕਾਵਾਂਗੀ?”
“ਬਸ ਦਿਲ ਦੀ ਭਾਫ ਦਿਲ ਵਿਚ ਹੀ ਰੱਖ। ਔਹ ਨਰੈਣੀ ਆਉਂਦੀ ਪਈ ਹੈ।”
ਭੋਲੀ ਨੇ ਪਰਤਾਪੀ ਦੀਆਂ ਅੱਖਾਂ ਵਿਚ ਅਨੋਖੀ ਚਮਕ ਵੇਖੀ ਤੇ ਬੁੱਲ੍ਹਾਂ ਵਿਚ ਮੁਸਕਰਾਈ।
ਆਥਣ ਸਮੇਂ ਭੋਲੀ ਨੇ ਆਪਣੇ ਘਰ ਵਾਲੇ ਦਲੇਲ ਗੁੱਜਰ ਨਾਲ ਪਰਤਾਪੀ ਨੂੰ ਨਾਭੇ ਛੱਡ ਆਉਣ ਬਾਰੇ ਗੱਲ ਤੋਰੀ। ਅਗਲੀ ਭਲਕ ਦਲੇਲ ਨੇ ਰੁਪਾਲੋਂ ਜਾ ਕੇ ਕਾਕੇ ਦੀ ਮਾਂ ਅਤਰੀ ਨੂੰ ਪਰਤਾਪੀ ਦੇ ਨਾਭੇ ਜਾਣ ਬਾਰੇ ਦੱਸ ਦਿੱਤਾ।

ਪਰਤਾਪੀ ਦਾ ਕਾਕੇ ਕੋਲ ਨਾਭੇ ਜਾਣਾ ਸੁਣ ਕੇ ਅਤਰੀ ਦੇ ਸਿਰ ਜਿਵੇਂ ਸੌ ਘੜਾ ਪਾਣੀ ਪੈ ਗਿਆ ਹੋਵੇ। ਉਹ ਮੱਥਾ ਫੜ ਕੇ ਬੈਠ ਗਈ, ਇੱਕ ਪਲ ਉਹ ਸੁੰਨ ਬੈਠੀ ਰਹੀ, ਆਖਰ ਉਸ ਦੇ ਬੁੱਲ੍ਹ ਕੰਬੇ, “ਨਹੀਂ, ਨਹੀ ਹੋਣ ਦਿਆਂਗੀ, ਜੈਲਦਾਰ ਕਾਹਨ ਸਿੰਘ ਦੀ ਨੂੰਹ ਕਮੀਣ ਸੁਨਿਆਰ ਦੀ ਧੀ ਨਹੀਂ ਬਣ ਸਕਦੀ। ਨਹੀਂ ਬਣ ਸਕਦੀ। ਜੇ ਪਰਤਾਪੀ ਕਾਕੇ ਦੇ ਵਸ ਗਈ ਤਾਂ ਸਾਡੇ ਖਾਨਦਾਨ ਦੀ ਇੱਜਤ ਮਿੱਟੀ ਵਿਚ ਮਿਲ ਜਾਵੇਗੀ। ਅਸੀਂ ਵੱਡੇ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ। ਵੀਰ ਮੇਰਿਆ ਕੁਝ ਵੀ ਕਰ। ਇੱਜਤ ਬਚਾ ਸਾਡੀ, ਤੂੰ ਅੱਗੇ ਵੀ ਸਾਡੇ ‘ਤੇ ਬਹੁਤ ਅਹਿਸਾਨ ਕੀਤੇ ਨੇ। ਆਹ ਲੈ ਪੰਜ ਸੌ ਰੁਪਏ। ਪਰਤਾਪੀ ਨੂੰ ਕਿੱਧਰੇ ਮੁਕਾ ਛੱਡ। ਮੈਂ ਤੇਰੇ ਪੈਰੀਂ ਪੈਨੀ ਆਂ।”
ਅਤਰੀ ਨੇ ਆਪਣੀ ਚੁੰਨੀ ਦਲੇਲ ਦੇ ਪੈਰਾਂ ‘ਤੇ ਰੱਖ ਦਿੱਤੀ।

ਅਤਰੀ ਦੀ ਹਾਲਤ ਦਲੇਲ ਪਾਸੋਂ ਸਹਾਰੀ ਨਾ ਗਈ। ਐਡੇ ਵੱਡੇ ਜਗੀਰਦਾਰਾਂ ਦੀ ਬਹੂ ਰਾਣੀ ਉਹਦੇ ਅੱਗੇ ਝੋਲੀ ਅੱਡੀ ਖੜ੍ਹੀ ਸੀ। ਉਹਨੇ ਪਰਤਾਪੀ ਨੂੰ ਪਾਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ।
ਰੁਪਾਲੋਂ ਦੇ ਲਾਗਲੇ ਪਿੰਡ ਚੱਕ ਦਾ ਸਯਦ ਮੁਹੰਮਦ ਦਲੇਲ ਦਾ ਯਾਰ ਸੀ। ਉਹਨੇ ਉਸ ਨੂੰ ਵੀ ਪਰਤਾਪੀ ਨੂੰ ਮਾਰਨ ਦੇ ਕਾਰਜ ਵਿਚ ਆਪਣਾ ਭਾਈਵਾਲ ਬਣਾ ਲਿਆ। ਅੰਨਾ ਲਾਲਚ ਚੰਗੇ ਭਲਿਆਂ ਨੂੰ ਵਿਗਾੜ ਦਿੰਦਾ ਹੈ।
ਦਲੇਲ ਨੇ ਭੋਲੀ ਹੱਥ ਪਰਤਾਪੀ ਨੂੰ ਤਿਆਰੀ ਕਰਨ ਲਈ ਸੁਨੇਹਾ ਭੇਜ ਦਿੱਤਾ। ਮਾਹੀ ਪਾਸ ਜਾਣ ਦਾ ਸੱਦਾ ਸੁਣ ਉਹ ਖਿੜੇ ਫੁੱਲ ਵਾਂਗ ਖਿੜ੍ਹ ਗਈ।

ਪੱਛਮ ਵੱਲ ਸੂਰਜ ਦੀ ਲਾਲੀ ਕਾਲੋਂ ਦਾ ਰੂਪ ਧਾਰ ਰਹੀ ਸੀ। ਤਾਰੇ ਲੁਕਣ ਮੀਟੀ ਖੇਡਣ ਲੱਗ ਪਏ ਸਨ। ਦਲੇਲ ਵਿਛੜੀ ਕੂੰਜ ਨੂੰ ਨਾਲ ਲੈ ਚਾਵਾ-ਪੈਲ ਸਟੇਸ਼ਨ ਨੂੰ ਤੁਰ ਪਿਆ। ਲੋਪੋਂ ਤੋਂ ਚਾਵਾ-ਪੈਲ ਤੀਕ ਟਿੱਬੇ ਹੀ ਟਿੱਬੇ ਸਨ। ਪਰਤਾਪੀ ਟਿੱਬਿਆਂ ਦੀ ਕੋਈ ਪਰਵਾਹ ਨਹੀਂ ਸੀ ਕਰ ਰਹੀ। ਅੱਜ ਉਹ ਸਾਰੇ ਦਿਨਾਂ ਨਾਲੋਂ ਖਿੜਵੇਂ ਰਉਂ ਵਿਚ ਸੀ। ਉਹ ਭੋਲੀ ਦਾ ਲੱਖ-ਲੱਖ ਸ਼ੁਕਰ ਕਰ ਰਹੀ ਸੀ। ਪਿਆਰੇ ਦੇ ਮਿਲਾਪ ਲਈ ਉਹਦਾ ਦਿਲ ਬਿਹਬਲ ਹੋ ਰਿਹਾ ਸੀ। ਉਹ ਇਹ ਨਹੀਂ ਸੀ ਜਾਣਦੀ ਕਿ ਹੋਣੀ ਕੀ ਭਾਣਾ ਵਰਤਾਉਣ ਲੱਗੀ ਹੈ:

ਟਿੱਬੇ ਦੇ ਵਿਚ ਜਾ ਵੜੇ, ਉਤੋਂ ਰਾਤ ਗੁਬਾਰ।
ਖਬਰ ਨਾ ਕੋਈ ਰੰਨ ਨੂੰ,
ਹੈ ਕਰਮਾਂ ਦੀ ਹਾਰ।
ਮਨ ਵਿਚ ਰੰਨ ਦੇ ਹੌਸਲਾ,
ਕਦਮ ਧਰੇ ਇਕਸਾਰ।
ਦਿਲ ਵਿਚ ਲੱਡੂ ਫੁੱਟਦੇ,
ਮਿਲਣਾ ਕਾਕੇ ਯਾਰ।
ਖਬਰ ਨਾ ਕੋਈ ਪਾਪ ਦੀ,
ਗੁੱਜਰ ਵਿਚ ਹੰਕਾਰ
ਸੀਟੀ ਮਾਰ ਦਲੇਲ ਨੇ,
ਸੱਯਦ ਕੀਤੀ ਸਾਰ।
ਘੇਰਾ ਪਾ ਕੇ ਅੱਗਿਓਂ,
ਬੋਲ ਪਿਆ ਲਲਕਾਰ।
ਫੜ ਲੈ ਰੰਨ ਦਲੇਲ ਤੂੰ,
ਟੁੱਕੜੇ ਕਰਦੇ ਚਾਰ।

ਕਾਲੀ-ਬੋਲੀ ਰਾਤ ਵਿਚ ਦੋਨੋਂ ਨੰਗੀਆਂ ਤਲਵਾਰਾਂ ਲੈ ਕੇ ਪਰਤਾਪੀ ਦੇ ਦੁਆਲੇ ਹੋ ਗਏ।
ਬੇਬਸ ਹਰਨੀ ਨੇ ਤਰਲੇ ਕੀਤੇ, ਹਾੜ੍ਹੇ ਕੱਢੇ, ਆਪਣੇ ਪਿੰਡ ਦਾ ਵੀ ਵਾਸਤਾ ਪਾਇਆ। ਪਿੰਡ ਦਾ ਤਾਂ ਕੁੱਤਾ ਵੀ ਮਾਣ ਨਹੀਂ ਹੁੰਦਾ:

ਨਾ ਮਾਰੀਂ ਵੇ ਦਲੇਲ ਗੁੱਜਰਾ
ਮੈਂ ਲੋਪੋਂ ਦੀ ਸੁਨਿਆਰੀ।
(ਲੋਕ ਗੀਤ)

ਪਰ ਅੰਨੇ ਲਾਲਚ ਅਤੇ ਸਰਦਾਰਾਂ ਦੀ ਫੋਕੀ ਇੱਜਤ ਨੇ ਪਰੀਆਂ ਵਰਗੀ ਪਰਤਾਪੀ ਦੇ ਟੋਟੇ ਕਰਵਾ ਦਿੱਤੇ:

ਕਰੀ ਅਰਜੋਈ ਨਾ ਦਰਦ ਮੰਨਿਆਂ
ਪਾਪ ਉਤੇ ਲੱਕ ਪਾਪੀਆਂ ਨੇ ਬੰਨ੍ਹਿਆਂ
ਕਰਦੇ ਹਲਾਲ ਜਿਉਂ ਕਸਾਈ ਬੱਕਰੇ
ਗੁਜਰ ਦਲੇਲ ਨੇ ਬਣਾਏ ਡੱਕਰੇ।

(ਗੋਕਲ ਚੰਦ)

ਦਲੇਲ ਹੋਰਾਂ ਪਰਤਾਪੀ ਦੀ ਲਾਸ਼ ਟੁਕੜੇ-ਟੁਕੜੇ ਕਰ ਕੇ ਹਾਥੀ ਵਾਲੇ ਟਿੱਬੇ ਵਿਚ ਡੂੰਘੀ ਦੱਬ ਦਿੱਤੀ। ਇੱਕ ਟਟੀਹਿਰੀ ਦੀ ਦਿਲ-ਚੀਰਵੀਂ ਆਵਾਜ਼ ਹੌਲੇ-ਹੌਲੇ ਮੱਧਮ ਪੈਂਦੀ ਗਈ।
ਪਰਤਾਪੀ ਦੇ ਅਚਾਨਕ ਗਾਇਬ ਹੋਣ ‘ਤੇ ਪਿੰਡ ਵਿਚ ਰੌਲਾ ਪੈ ਗਿਆ। ਕੋਈ ਆਖੇ, “ਪਰਤਾਪੀ ਕਾਕੇ ਪਾਸ ਨਾਭੇ ਨੱਸ ਗਈ ਹੈ।”
ਕਿਸੇ ਕਿਹਾ, “ਪਰਤਾਪੀ ਨੂੰ ਕਾਹਨ ਸਿੰਘ ਹੋਰਾਂ ਮਰਵਾ ਦਿੱਤਾ ਹੈ।” ਆਖਰ ਸ਼ੋਹਰੋ ਸ਼ੋਹਰੀ ਹੁੰਦੀ ਗਈ। ਕਿਸੇ ਥਾਣੇ ਜਾ ਮੁਖਬਰੀ ਕੀਤੀ। ਪਰਤਾਪੀ ਦਾ ਕਤਲ ਹੋਇਆਂ ਛੇ ਮਹੀਨੇ ਲੰਘ ਚੁਕੇ ਸਨ।

ਪੁਲਿਸ ਆਈ, ਸਾਰੇ ਪਿੰਡ ਦੀ ਮਾਰ ਕੁਟਾਈ ਕੀਤੀ ਪਰ ਪਰਤਾਪੀ ਦਾ ਕਿੱਧਰੇ ਥਹੁ-ਪਤਾ ਨਾ ਲੱਗਾ। ਅੰਗਰੇਜ਼ ਬਾਰਬਟਨ, ਜੋ ਉਸ ਸਮੇਂ ਲੁਧਿਆਣੇ ਦਾ ਸੁਪਰਡੈਂਟ ਪੁਲਿਸ ਸੀ, ਇਸ ਕੇਸ ਦੀ ਪੜਤਾਲ ਵਾਸਤੇ ਰੁਪਾਲੋਂ ਆਇਆ। ਉਸ ਦੇ ਨਾਲ ਦੋ ਸੌ ਸਿਪਾਹੀ ਸਨ। ਉਸ ਆਲੇ ਦੁਆਲੇ ਦੇ ਸਾਰੇ ਪਿੰਡ ਸੱਦ ਲਏ। ਫੇਰ ਵੀ ਕੁਝ ਪਤਾ ਨਾ ਲੱਗਾ। ਬਾਰਬਟਨ ਹੁਸ਼ਿਆਰ ਬਹੁਤ ਸੀ। ਉਹ ਉਥੇ ਕਈ ਦਿਨ ਰਿਹਾ। ਉਹ ਆਥਣ ਸਮੇਂ ਬਾਹਰ ਬੈਠੀਆਂ ਔਰਤਾਂ ਪਾਸ ਚੋਰੀ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਹਿੰਦਾ। ਇੱਕ ਦਿਨ ਉਸ ਨੂੰ ਪਰਤਾਪੀ ਦੇ ਭੋਲੀ ਨਾਲ ਸਹੇਲਪੁਣੇ ਦਾ ਪਤਾ ਲੱਗਾ। ਉਹਨੇ ਭੋਲੀ ਜਾ ਫੜੀ। ਭੋਲੀ ਨੇ ਪਰਤਾਪੀ ਦੇ ਦਲੇਲ ਨਾਲ ਨਾਭੇ ਜਾਣ ਦੀ ਗੱਲ ਦੱਸ ਦਿੱਤੀ।
ਅੱਗੋਂ ਦਲੇਲ ਗੁੱਜਰ ਨੇ ਵਾਅਦਾ ਮੁਆਫ ਗਵਾਹ ਬਣ ਕੇ ਸਾਰੀ ਘਟਨਾ ਸੁਣਾ ਦਿੱਤੀ। ਕਾਕਾ ਕਿਰਪਾਲ ਸਿੰਘ ਦੀ ਮਾਂ ਅਤਰੀ ਅਤੇ ਸੱਯਦ ਮੁਹੰਮਦ ਸ਼ਾਹ ਹੋਰੀਂ ਫੜ ਲਏ ਗਏ।

ਹੁਣ ਸੁਆਲ ਪਰਤਾਪੀ ਦੀ ਲਾਸ਼ ਲੱਭਣ ਦਾ ਸੀ। ਦਲੇਲ ਦੇ ਦੱਸੇ ਪਤੇ ‘ਤੇ ਹਾਥੀ ਵਾਲੇ ਟਿੱਬੇ ਦੀ ਪੁਟਾਈ ਸ਼ੁਰੂ ਹੋਈ। ਆਲੇ-ਦੁਆਲੇ ਦੇ ਪਿੰਡਾਂ ਨੇ ਜਿਸ ਵਿਚ ਮੇਰੇ ਪਿੰਡ ਮਾਦਪੁਰ ਦੇ ਲੋਕ ਵੀ ਸ਼ਾਮਲ ਸਨ, ਟਿੱਬੇ ਦੀ ਪੁਟਾਈ ਵਿਚ ਮਦਦ ਕੀਤੀ।
ਆਖਰ ਪਰਤਾਪੀ ਦੇ ਹੱਡ ਲੱਭ ਪਏ। ਇਸ ਹੱਡ ਲੱਭਣ ਦੀ ਵਾਰਤਾ ਨੂੰ ਸਾਡੇ ਇਲਾਕੇ ਦੇ ਇੱਕ ਲੋਕ ਗੀਤ ਨੇ ਹਾਲੀ ਤੀਕ ਸਾਂਭ ਰੱਖਿਆ ਹੈ:

ਹੱਡ ਪਰਤਾਪੀ ਦੇ
ਬਟਨ ਸਾਹਿਬ ਨੇ ਟੋਲੇ।

ਅਦਾਲਤ ਵਿਚ ਮੁਕਦਮਾ ਚੱਲਿਆ। ਸੱਯਦ ਮੁੰਹਮਦ ਸ਼ਾਹ ਨੂੰ ਫਾਂਸੀ ਅਤੇ ਅਤਰੀ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਦਲੇਲ ਗੁੱਜਰ ਵਾਅਦਾ ਮੁਆਫ ਗਵਾਹ ਹੋਣ ਕਾਰਨ ਛੱਡ ਦਿੱਤਾ ਗਿਆ। ਬਜੁਰਗ ਦੱਸਦੇ ਹਨ ਕਿ ਇੱਕ ਬਦਲਵਾਈ ਵਾਲੇ ਦਿਨ ਜਦੋਂ ਗੁਜਰ ਦਲੇਲ ਵੱਗ ਚਾਰਦਾ ਪਰਤਾਪੀ ਦੇ ਕਤਲ ਵਾਲੀ ਥਾਂ ਪੁੱਜਾ ਤਾਂ ਕੜਕਦੀ ਬਿਜਲੀ ਉਸ ਉਤੇ ਡਿੱਗੀ ਅਤੇ ਉਹ ਉਥੇ ਹੀ ਖੱਖੜੀ-ਖੱਖੜੀ ਹੋ ਗਿਆ।

ਕਰੀਬ ਡੇਢ ਸਦੀ ਬੀਤਣ ਮਗਰੋਂ ਵੀ ਪਰਤਾਪੀ ਦੀ ਦੁਖਾਂਤ ਕਥਾ ਸਾਡੇ ਇਲਾਕੇ ਦੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਉਤੇ ਛਾਈ ਹੋਈ ਹੈ। ਜਗੀਰਦਾਰਾਂ ਵੱਲੋਂ ਕੀਤੇ ਗਏ ਪਰਤਾਪੀ ਦੇ ਕਤਲ ਨੂੰ ਉਨ੍ਹਾਂ ਅਜੇ ਤੱਕ ਨਹੀਂ ਭੁਲਾਇਆ। ਉਹ ਪਰਤਾਪੀ ਦੀ ਸੱਚੀ ਸੁੱਚੀ ਪਾਕ ਮੁਹੱਬਤ ਨੂੰ ਸੈਆਂ ਪ੍ਰਣਾਮ ਕਰਦੇ ਹਨ। ਜਦ ਕੋਈ ਬਜੁਰਗ ਇਸ ਦੀ ਬਾਤ ਪਾਉਂਦਾ ਹੈ ਤਾਂ ਉਸ ਦਾ ਗਲਾ ਭਰ-ਭਰ ਆਉਂਦਾ ਹੈ ਤੇ ਨੈਣਾਂ ਵਿਚ ਅੱਥਰੂ ਸਿਮ ਆਉਂਦੇ ਹਨ ਅਤੇ ਨਿਰਦੋਸ਼ ਮਾਸੂਮ ਪਰਤਾਪੀ ਦੇ ਕਤਲ ਦਾ ਦਰਦ ਅਥਰੂਆਂ ਦੇ ਰੂਪ ਵਿਚ ਵਹਿ ਤੁਰਦਾ ਹੈ।

ਬੋਲੀਆਂ – 5

ਪਰਦੇਸਾਂ ਦੇ ਵਿੱਚ ਲਾਏ ਡੇਰੇਸਿੱਖ ਕੇ ਨਿਹੁੰ ਦੀ ਰੀਤਤੂੰ ਕਿਹੜਾ ਚੰਨ ਪੁੰਨੂੰਆਮਨ ਮਿਲ ਗਏ ਦੀ ਪ੍ਰੀਤਤੇਰੇ ਪਿੱਛੇ ਮੈਂ ਬਣਿਆ ਭੌਰਾਛੱਡ ਕੇ ਲੁੱਕ ਲੁਕਾਈਸ਼ੀਸ਼ੇ ਵਿੱਚ ਵੇਖ ਸੱਸੀਏਮੇਰੀ ਤੇਰੇ ਨਾਲੋਂ ਜੋਤ ਸਵਾਈਦੱਸ ਵੇ ਥਲਾ ਕਿਤੇ ਵੇਖੀ ਹੋਵੇਮੇਰੇ ਪੁੰਨੂੰ ਦੀ ਡਾਚੀ ਕਾਲੀਜਿੱਥੇ ਮੇਰਾ ਪੁੰਨੂੰ ਮਿਲੇਉਹ ਧਰਤੀ ਨਸੀਬਾਂ ਵਾਲੀਥਲ ਵੀ ਤੱਤਾ, ਮੈਂ ਵੀ ਤੱਤੀਤੱਤੇ ਨੈਣਾਂ ਦੇ ਡੇਲੇਰੱਬਾ 'ਕੇਰਾਂ ਦੱਸ ਤਾਂ ਸਹੀਕਦ ਹੋਣਗੇ ਪੁੰਨੂੰ ਨਾਲ ਮੇਲੇਮੈਂ ਪੁੰਨੂੰ ਦੀ, ਪੁੰਨੂੰ ਮੇਰਾਸਾਡਾ ਪਿਆ ਵਿਛੋੜਾ ਭਾਰਾਦੱਸ ਰੱਬਾ ਕਿੱਥੇ ਗਿਆਮੇਰੇ ਨੈਣਾਂ ਦਾ ਵਣਜਾਰਾ

Fisherman / ਮਛੇਰਾ

Kitāb-i tashrīḥ al-aqvām (کتاب تشريح الاقوام) was published in 1825 by Colonel James Skinner. The book, illustrated by Ghulam Ali Khan and other artists from the Delhi area features 120 miniatures, including portraits that depict the origins and distinguishing marks of the different castes of India. This book was compiled at Hansi Cantonment, Hissar Districtis and is now a part of the British Library. Caption: ‘Macchi, a Muslim caste of fishermen. ਮਾਛੀ, ਮਛੇਰਿਆਂ ਦੀ ਇੱਕ ਮੁਸਲਮਾਨ ਜਾਤੀ।। Download Complete Book ਕਰਨਲ ਜੇਮਜ਼ ਸਕਿਨਰ...

ਅਗਸਤ 1947 ਦੀ ਵਾਰ

ਤੇਰਾ ਸਿੰਘ ਚੰਨਜਦ ਚੜ੍ਹਿਆ ਮੇਰੇ ਦੇਸ਼ ਤੇ ਸੀ ਸੰਨ ਸਨਤਾਲੀ ।ਓਹਦੀ ਝੋਲੀ ਪਾ ਬਗਾਵਤਾਂ, ਲੰਘ ਗਿਆ ਛਿਆਲੀ।ਉਹਨੇ ਅੱਗ ਬਦਲੇ ਦੀ ਇਸ ਤਰ੍ਹਾਂ ਹਰ ਦਿਲ ਵਿਚ ਬਾਲੀ।ਕਿ ਹੋ ਗਈ ਗੋਰੇ ਜੁਲਮ ਦੀ, ਦੇਹ ਸੜ ਕੇ ਕਾਲੀ ।ਚਿਰ-ਸੁੱਤੀਆਂ ਅਣਖਾਂ ਜਾਗ ਕੇ ਆ ਵਾਗ ਸੰਭਾਲੀ।ਪਈਆਂ ਖੇਤੀਂ ਉਗ ਦਲੇਰੀਆਂ, ਸਿੱਟਿਆਂ ਤੇ ਲਾਲੀ।ਪਏ ਪਕੜਨ ਉਠ ਸੱਯਾਦ ਨੂੰ ਬਾਗਾਂ ਦੇ ਮਾਲੀ।ਸਨ ਕਲਮਾਂ ਚੁੰਜਾਂ ਚੁਕੀਆਂ, ਲਜ ਆਪਣੀ ਪਾਲੀ।ਓਦੋਂ ਸਾਗਰ ਆਪਣੀ ਤਹਿ 'ਚੋਂ ਸੀ ਅੱਗ ਉਛਾਲੀ।ਪਏ ਲੰਬੂ ਭੜਕ ਚੁਫੇਰਿਓ, ਕੀ ਕਰੂ ਪਰਾਲੀ।ਜਦ ਦਿੱਤੀ ਗੋਰੇ ਹਾਕਮਾਂ ਨੂੰ ਮੌਤ...