15.3 C
Los Angeles
Saturday, December 21, 2024

ਬੋਲੀਆਂ – 7

ਕਲ੍ਹ ਦਾ ਆਇਆ ਮੇਲ ਸੁਣੀਂਦਾ
ਸੁਰਮਾ ਸਭ ਨੇ ਪਾਇਆ
ਗਹਿਣਾ ਗੱਟਾ ਸਭ ਦੇ ਸੋਹਂਦਾ
ਵਿਆਹੁਲਾ ਰੰਗ ਰਮਾਇਆ
ਮੁੰਡੇ ਦੀ ਮਾਮੀ ਨੇ
ਗਿੱਧਾ ਖ਼ੂਬ ਰਚਾਇਆ


ਸਾਵੀ ਸੁੱਥਣ ਵਾਲੀਏ ਮੇਲਣੇ
ਆਈਂ ਏਂ ਬਣ ਠਣ ਕੇ
ਕੰਨੀਂ ਤੇਰੇ ਹਰੀਆਂ ਬੋਤਲਾਂ
ਬਾਹੀਂ ਚੂੜਾ ਛਣਕੇ
ਫੇਰ ਕਦ ਨੱਚਣਾ ਨੀ
ਨੱਚਲੈ ਪਟੋਲਾ ਬਣਕੇ


ਅੰਬ ਦੀ ਟਾਹਣੀ ਤੋਤਾ ਬੈਠਾ
ਅੰਬ ਪਕਣ ਨਾ ਦੇਵੇ
ਸੋਹਣੀ ਭਾਬੋ ਨੂੰ
ਦਿਉਰ ਵਸਣ ਨਾ ਦੇਵੇ


ਲਿਆ ਦਿਉਰਾ ਤੇਰਾ
ਕੱਢ ਦਿਆਂ ਚਾਦਰਾ
ਜੰਞ ਦਾ ਬਣਾ ਦਿਆਂ ਜਾਂਞੀ
ਪਿੰਡ ਦੀ ਕੁੜੀ ਨਾਲ
ਲਾਈਂ ਨਾ ਦੋਸਤੀ
ਟੱਪੀਂ ਨਾ ਜੂਹ ਬਗਾਨੀ
ਆਸ਼ਕ ਤੂੰ ਦਿਉਰਾ
ਭਾਬੋ ਨਾਰ ਬਿਗਾਨੀ


ਚਿੱਟਾ ਕਬੂਤਰ
ਅੱਖੀਆਂ ਸ਼ਰਬਤੀ
ਵਿੱਚ ਕੱਜਲੇ ਦਾ ਡੋਰਾ
ਵੇ ਕਬੂਤਰਾ
ਨਚਦਾ ਜੋੜਾ ਜੋੜਾ


ਕਦੇ ਆਉਣ ਨ੍ਹੇਰੀਆਂ
ਕਦੇ ਜਾਣ ਨ੍ਹੇਰੀਆਂ
ਬਿੱਲੋ ਬੋਤਲਾਂ ਸ਼ਰਾਬ ਦੀਆਂ
ਅੱਖਾਂ ਤੇਰੀਆਂ


ਫੂਸ ਹੁੰਦੀ ਜਾਨੀ ਆਂ
ਵੇ ਬੱਗੀ ਹੁੰਦੀ ਜਾਨੀ ਆਂ
ਤੇਰੇ ਹਉਕੇ ਨਾਲ ਵੇ ਮੈਂ
ਅੱਧੀ ਹੁੰਦੀ ਜਾਨੀ ਆਂ


ਕੱਲ-ਮਕੱਲੀ ਤੋੜਾਂ ਮੈਂ
ਕਰੀਰਾਂ ਨਾਲੋਂ ਡੇਲੇ
ਵੇ ਖੜ੍ਹਾ ਰਹਿ ਜ਼ਾਲਮਾ
ਸਬੱਬੀਂ ਹੋਗੇ ਮੇਲੇ


ਛੰਨਾ ਭਰਿਆ ਦੁੱਧ ਦਾ
ਮੈਂ ਚੁੱਕਿਆ ਤੇ ਤੂੰ ਪੀ
ਵੇ ਮੈਂ ਅਰਜ ਕਰਾਂ
ਬਿਗਾਨੀ ਮਾਂ ਦੀ ਧੀ


ਨਦੀ ਕਿਨਾਰੇ ਰੋਟੀਆਂ ਲਾਹਵਾਂ
ਝੋਕਾ ਲਾਵਾਂ ਕੰਡਿਆਂ ਦਾ
ਘਰ ਆਵੋ ਜੀ
ਜੀ ਨਾ ਲਗਦਾ ਕੱਲਿਆਂ ਦਾ


ਸਾਉਣ ਮਹੀਨਾ ਦਿਨ ਤੀਆਂ ਦੇ
ਕੁੜੀਆਂ ਰਲ ਮਿਲ ਆਈਆਂ
ਬਈ, ਨੱਚਣ ਟੱਪਣ ਝੂਟਣ ਪੀਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਗਿੱਧਾ ਪਾ ਰਹੀਆਂ
ਨਣਦਾਂ ‘ਤੇ ਭਰਜਾਈਆਂ


ਛੱਲੀਆਂ ਛੱਲੀਆਂ ਛੱਲੀਆਂ
ਵੀਰਾ ਮੈਨੂੰ ਲੈ ਚੱਲ ਵੇ
ਮੇਰੀਆਂ ਕੱਤਣ ਸਹੇਲੀਆਂ ‘ਕੱਲੀਆਂ


ਹਰਿਆ ਹਰਿਆ ਘਾ
ਨੀ ਬੀਬੀ ਨਣਾਨੇ
ਕਦੀ ਪ੍ਰਾਹੁਣੀ ਆ


ਤੀਲੀ,
ਨੀ ਅਜ ਮੇਰੇ ਵੀਰੇ ਦੀ
ਸਾਰੀ ਫੌਜ ਰੰਗੀਲੀ


ਮੇਵਾ,
ਨੀ ਅੱਜ ਮੇਰੇ ਵੀਰੇ ਦੀ
ਸਹੁਰੇ ਕਰਨਗੇ ਸੇਵਾ


ਵੀਰ ਮੇਰੇ ਨੇ ਵਹੁਟੀ ਲਿਆਂਦੀ
ਲਿਆਂਦੀ ਮੰਗਲਵਾਰ
ਨੀ ਸੋਨੇ ਦੀਆਂ ਅੱਖੀਆਂ
ਵਿੱਚ ਕਜਲੇ ਦੀ ਧਾਰ


ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਪਰਾਤ,
ਨੀ ਅੱਜ ਮੇਰੇ ਵੀਰੇ ਦੀ
ਸ਼ਗਨਾਂ ਵਾਲੀ ਰਾਤ


ਕੇਲੇ ਕੇਲੇ ਕੇਲੇ
ਨੀ ਅੱਜ ਮੇਰੇ ਵੀਰੇ ਦੇ
ਹੋਗੇ ਹੀਰ ਨਾਲ ਮੇਲੇ


ਨਵੀਂ ਬਹੂ ਮੁਕਲਾਵੇ ਆਈ
ਧਰਤੀ ਪੈਰ ਨਾ ਲਾਵੇ
ਚੰਗੇ ਸੱਸ ਨੇ ਚੌਲ ਉਬਾਲੇ
ਚੰਗਾ ਬੂਰਾ ਪਾਵੇ
ਲੈ ਨੀ ਨੂੰਹੇਂ ਰੋਟੀ ਖਾ ਲੈ
ਨੂੰਹ ਰੋਟੀ ਨਾ ਖਾਵੇ
ਨੀ ਮੂੰਹ ਵਿਚ ਭਾਬੋ ਦੇ
ਨਣਦ ਬੁਰਕੀਆਂ ਪਾਵੇ


ਪੁੱਤ ਵੀਰ ਦਾ ਭਤੀਜਾ ਮੇਰਾ
ਕੱਤਦੀ ਨੂੰ ਆਣ ਮਿਲਦਾ


ਵੀਰਾਂ ਨਾਲੋਂ ਨੀ ਭਤੀਜੇ ਪਿਆਰੇ
ਨਿਉਂ ਜੜ੍ਹ ਬਾਬਲ ਦੀ


ਆਪ ਤਾਂ ਮੁੰਡੇ ਨੇ ਕੈਂਠਾ ਘੜਾ ਲਿਆ
ਸਾਨੂੰ ਵੀ ਘੜਾ ਦੇ ਛੱਲਾ ਮੁੰਡਿਆ
ਨਹੀਂ ਤਾਂ ਰੋਵੇਂਗਾ ਸਿਆਲ ਵਿੱਚ ‘ਕੱਲਾ ਮੁੰਡਿਆ


ਜੇਠ ਜਠਾਣੀ ਅੰਦਰ ਪੈਂਦੇ
ਤੇਰਾ ਮੰਜਾ ਦਰ ਵਿੱਚ ਵੇ
ਕੀ ਲੋਹੜਾ ਆ ਗਿਆ
ਘਰ ਵਿੱਚ ਵੇ


ਊਠਾਂ ਵਾਲਿਓ ਵੇ
ਊਠ ਲੱਦੇ ਨੇ ਗੰਗਾ ਨੂੰ
ਜੱਟ ਬੇਈਮਾਨ
ਪੈਸੇ ਦਿੰਦਾ ਨੀ ਵੰਗਾ ਨੂੰ


ਪੂਹਲਾ ਪੂਹਲੀ ਕੋਲੋ ਕੋਲੀ
ਗੰਗਾ ਕੋਲ ਨਥਾਣਾ
ਚੰਦਭਾਨ ਦੇ ਕੁੱਤੇ ਭੌਂਕਦੇ
ਲੁੱਟ ਲਿਆ ਦਬੜੀਖਾਨਾ
ਅਕਲੀਏ ਦੇ ਮੁੰਡੇ ਲੁੱਟੇ
ਵਿੱਚੇ ਲੁੱਟ ਲਿਆ ਠਾਣਾ
ਚਿੱਠੀਆਂ ਮੈਂ ਪਾਵਾਂ
ਪੜ੍ਹ ਮੁੰਡਿਆ ਅਣਜਾਣਾ


ਢਾਈਆਂ ਢਾਈਆਂ ਢਾਈਆਂ
ਜੱਟਾਂ ਦੇ ਪੁੱਤ ਸਾਧੂ ਹੋ ਗੇ
ਸਿਰ ਤੇ ਜਟਾਂ ਰਖਾਈਆਂ
ਬਗਲ੍ਹੀ ਪਾ ਕੇ ਮੰਗਣ ਚੜ੍ਹ ਪੇ
ਖੈਰ ਨਾ ਪਾਉਂਦੀਆਂ ਮਾਈਆਂ
ਖੂਹ ਤੇ ਬਹਿ ਕੇ ਬੀਨ ਬਜਾਈ
ਚੁਟਕੀ ਚੁਟਕੀ ਲਿਆਈਆਂ
ਅੱਖੀਆਂ ਪ੍ਰੀਤ ਦੀਆਂ
ਬੇਕਦਰਿਆਂ ਨਾਲ ਲਾਈਆਂ


ਪਤਲੀ ਨਾਰੀ ਲਗਦੀ ਪਿਆਰੀ
ਰੋ ਰੋ ਦਸਦੀ ਕਹਿਣੇ
ਹਸ, ਬੰਦ ਤੇ ਪਿੱਪਲ ਪੱਤੀਆਂ
ਬਾਲ਼ੇ ਕੰਨੀਂ ਨੀਂ ਰਹਿਣੇ
ਛੋਟਾ ਦਿਉਰ ਮੈਨੂੰ ਮਾਰੇ ਬੋਲੀਆਂ
ਅਸੀਂ ਬੋਲ ਨੀਂ ਸਹਿਣੇ
ਲੌਂਗ ਤਬੀਤੜੀਆਂ
ਪਤਲੀ ਨਾਰ ਦੇ ਗਹਿਣੇ


ਕੀ ਹੋ ਗਿਆ ਤੈਨੂੰ ਕਰਤੀ ਮਸ਼ਕਰੀ
ਗੋਲੀ ਤਾਂ ਨੀ ਮਾਰੀ
ਐਨੀ ਜੀ ਗੱਲ ਦਾ ਪਾਇਆ ਪੁਆੜਾ
ਕੋਠੇ ਖਲਕਤ ਚਾੜ੍ਹੀ
ਪੇਕੇ ਉੱਠ ਜਾ ਨੀ
ਬਹੁਤਿਆਂ ਹਰਖਾਂ ਵਾਲੀ


ਰੂਪ ਦੇ ਸ਼ਿਕਾਰੀ
ਅੱਖ ਰੱਖਦੇ ਕਮਾਰੀਆਂ ‘ਤੇ
ਅਸੀਂ ਵੀ ਨੀ ਰਹਿਣਾ
ਕਿਸੇ ਕੋਲੋਂ ਡਰ ਕੇ
ਕਿਹੜਾ ਲੰਘ ਜੂ
ਜੱਟੀ ਦੇ ਵੱਲ ਅੱਖ ਕਰਕੇ


ਅੜੀਏ ਅੜੀਏ ਅੜੀਏ
ਰੁੱਸੇ ਮਾਹੀਏ ਦਾ ਕੀ ਕਰੀਏ
ਅੰਦਰ ਵੜੇ ਤਾਂ ਮਗਰੇ ਵੜੀਏ
ਚੁੰਨੀ ਲਾਹ ਪੈਰਾਂ ਵਿੱਚ ਧਰੀਏ
ਇੱਕ ਵਾਰੀ ਬੋਲੋ ਜੀ
ਆਪਾਂ ਫੇਰ ਕਦੇ ਨਾ ਲੜੀਏ


ਛੰਨੇ ਉੱਤੇ ਛੰਨਾ
ਛੰਨਾ ਕਦੇ ਵੀ ਨਾ ਡੋਲਦਾ
ਪੋਹ-ਮਾਘ ਦਾ ਰੁੱਸਿਆ ਮਾਹੀਆ
ਹਾਲੇ ਵੀ ਨੀ ਬੋਲਦਾ


ਨੀ ਤੂੰ ਨੱਚ ਨੱਚ ਨੱਚ
ਨੀ ਤੂੰ ਹੌਲੀ ਨੱਚ
ਡਿੱਗ ਪਵੇ ਨਾ ਗੁਆਂਢੀਆਂ ਦੀ ਕੰਧ ਬੱਲੀਏ
ਤੇਰਾ ਗਿੱਧਾ ਸਾਰੇ ਪਿੰਡ ਦੇ ਪਸੰਦ ਬੱਲੀਏ


ਗਿੱਧੇ ਵਿੱਚ ਤੂੰ ਨੱਚਦੀ
ਮਾਰ ਮਾਰ ਕੇ ਅੱਡੀ
ਮੁੰਡੇ ਵੀ ਬੈਠੇ ਨੇ
ਬੈਠੇ ਨੇ ਮੂੰਹ ਟੱਡੀ


ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਬਈ ਲਗਦੀ ਰੋਸ਼ਨੀ ਭਾਰੀ
ਦੂਰ ਦੂਰ ਤੋਂ ਗੱਭਰੂ ਆਉਂਦੇ
ਘੋੜੇ ਊਠ ਸ਼ਿੰਗਾਰੀ
ਲੰਮੇ ਚਾਦਰੇ ਕੁੰਢੀਆਂ ਮੁੱਛਾਂ
ਮੋਢੇ ਡਾਂਗ ਉਲਾਰੀ
ਹੱਸਦੇ ਹੱਸਦੇ ਇਹ ਲੜ ਪੈਂਦੇ
ਚਲਦੀ ਖ਼ੂਬ ਕਟਾਰੀ
ਜ਼ੋਰ ਜਵਾਨੀ ਦੇ
ਕਰਦੇ ਬੜੀ ਖਵਾਰੀ


ਅਸੀਂ ਗੱਭਰੂ ਦੇਸ ਪੰਜਾਬ ਦੇ
ਹਿੱਕਾਂ ਰੱਖਦੇ ਤਣੀਆਂ
‘ਕੱਠੇ ਹੋ ਕੇ ਪਾਈਏ ਬੋਲੀਆਂ
ਮੁੱਛਾਂ ਰਖਦੇ ਖੜ੍ਹੀਆਂ
ਰਲ ਮਿਲ ਕੇ ਭੰਗੜਾ ਪਾਉਂਦੇ
ਕਦੇ ਨਾ ਸੰਹਿਦੇ ਤੜੀਆਂ
ਐਰ ਗ਼ੈਰ ਨਾਲ ਗੱਲ ਨੀ ਕਰਦੇ
ਵਿਆਹ ਕੇ ਲਿਆਉਂਦੇ ਪਰੀਆਂ
ਵੇਲਾਂ ਧਰਮ ਦੀਆਂ
ਵਿੱਚ ਦਰਗਾਹ ਦੇ ਹਰੀਆਂ


ਹੱਸ ਕੇ ਨਿਹੁੰ ਨਾ ਲਾਈਂ ਬਿਸ਼ਨੀਏ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣ ਕੇ ਚਿੰਬੜਦਾ
ਨਿਹੁੰ ਨੂੰ ਜਿਹੜਾ ਛੇੜੇ
ਛੱਤੀ ਕੋਠੜੀਆਂ ਨੌਂ ਦਰਵਾਜੇ
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹੀਂਵਾਲ ਨੂੰ
ਕੀ ਹਾਲ ਆ ਗੱਭਰੂਆ ਤੇਰੇ


ਅਸੀਂ ਗੱਭਰੂ ਦੇਸ ਪੰਜਾਬ ਦੇ
ਸਾਡੀ ਸ਼ੇਰਾਂ ਵਰਗੀ ਸ਼ਾਨ
ਸਾਡੇ ਬਾਹੀਂ ਬਿਜਲੀਆਂ ਨੱਚਦੀਆਂ
ਸਾਡੇ ਪੈਰ ਭੰਗੜੇ ਪਾਣ
ਸਾਡੀਆਂ ਰੁੱਤਾਂ ਰੱਜੀਆਂ ਮਹਿਕੀਆਂ
ਸਾਡੇ ਖੇਤ ਭਰੇ ਖਲਿਹਾਨ
ਬੋਲੀ ਪਾ ਮਿੱਤਰਾ
ਹਾਣ ਨੂੰ ਮਿਲ ਪਏ ਹਾਣ


Chhinba / ਛੀਂਬਾ

Kitāb-i Tashrih al-aqvam (کتاب تشريح الاقوام) was published in 1825 by Colonel James Skinner. The book, illustrated by Ghulam Ali Khan and other artists from the Delhi area features 120 miniatures, including portraits that depict the origins and distinguishing marks of the different castes of India. This book was compiled at Hansi Cantonment, Hissar District and is now a part of the British Library. Caption: ‘Chipi (or chimba), a cloth printer. Printing green cloth with a red geometric design. ਲਾਲ ਜਿਓਮੈਟ੍ਰਿਕ...

ਟੱਪੇ

1ਕਾਲੇ ਖੰਭ ਨੇ ਕਾਵਾਂ ਦੇਧੀਆਂ ਪ੍ਰਦੇਸ ਗਈਆਂਧੰਨ ਜਿਗਰੇ ਮਾਵਾਂ ਦੇ ।2ਸੋਟੀ ਦੇ ਬੰਦ ਕਾਲੇਆਖੀਂ ਮੇਰੇ ਮਾਹੀਏ ਨੂੰਲੱਗੀ ਯਾਰੀ ਦੀ ਲੱਜ ਪਾਲੇ ।3ਪੈਸੇ ਦੀ ਚਾਹ ਪੀਤੀਲੱਖਾਂ ਦੀ ਜਿੰਦੜੀ ਮੈਂਤੇਰੇ ਪਿਆਰ 'ਚ ਤਬਾਹ ਕੀਤੀ ।4ਚਿੜੀਆਂ ਵੇ ਬਾਰ ਦੀਆਂਰੱਜ ਕੇ ਨਾ ਦੇਖੀਆਂ ਵੇਅੱਖਾਂ ਸਾਂਵਲੇ ਯਾਰ ਦੀਆਂ ।5ਇਹ ਕੀ ਖੇਡ ਹੈ ਨਸੀਬਾਂ ਦੀਧੱਕਾ ਵਿਚਕਾਰ ਦੇ ਗਿਉਂਕੁੜੀ ਤੱਕ ਕੇ ਗ਼ਰੀਬਾਂ ਦੀ ।6ਪਾਣੀ ਦੇ ਜਾ ਤਿਹਾਇਆਂ ਨੂੰਭੌਰੇ ਵਾਂਗ ਉੱਡ ਤੂੰ ਗਿਉਂਤੱਕ ਫੁੱਲ ਕੁਮਲਾਇਆਂ ਨੂੰ ।7ਕਟੋਰਾ ਕਾਂਸੀ ਦਾਤੇਰੀ ਵੇ ਜੁਦਾਈ ਸੱਜਣਾਜਿਵੇਂ ਝੂਟਾ ਫਾਂਸੀ ਦਾ ।8ਦੋ ਕਪੜੇ...

ਸਿੱਠਣੀਆਂ

ਸਿੱਠਣੀ ਵਿਆਹ ਨਾਲ ਸੰਬੰਧਤ ਲੋਕ-ਕਾਵਿ ਰੂਪ ਹੈ । ਇਹ ਔਰਤਾਂ ਦੇ ਲੋਕ-ਗੀਤ ਹਨ । ਕੁੜੀ ਦੇ ਵਿਆਹ ਵੇਲੇ ਮੇਲਣਾਂ ਸਿੱਠਣੀਆਂ ਰਾਹੀਂ ਲਾੜੇ ਨੂੰ, ਉਸ ਦੇ ਮਾਪਿਆਂ, ਸੰਬੰਧਿਆਂ ਅਤੇ ਜਾਂਞੀਆਂ ਨੂੰ ਨੋਕ-ਝੋਕ ਅਤੇ ਮਖੌਲ ਕਰਦੀਆਂ ਹਨ। ਸਿੱਠਣੀਆਂ ਕੁੜੀ ਵਾਲਿਆਂ ਦੀ ਧਿਰ ਵਲੋਂ ਗੁਭ-ਗਭਾਟ ਕੱਢਣ ਦਾ ਵਸੀਲਾ ਬਣਦੀਆਂ ਹਨ । ਵਿਆਹ ਦਾ ਮੌਕਾ, ਸਿੱਠਣੀਆਂ ਦਿੰਦੀਆਂ ਔਰਤਾਂ ਨੂੰ ਸਦਾਚਾਰਕ ਬੰਧੇਜਾਂ ਤੇ ਸੰਕੋਚਾਂ ਤੋਂ ਕੁਝ ਖੁੱਲ੍ਹ ਦਿੰਦਾ ਹੈ। ਸਿੱਠਣੀਆਂ ਵਿੱਚ ਮੁੰਡੇ ਵਾਲਿਆਂ ਦੇ ਪਹਿਰਾਵੇ, ਖਾਣ-ਪਾਣ ਦੀਆਂ ਆਦਤਾਂ ਅਤੇ ਉਹਨਾਂ ਦੇ ਰੰਗ-ਵੰਨ ਉੱਤੇ ਟਕੋਰਾਂ...