15.3 C
Los Angeles
Saturday, December 21, 2024

ਬੋਲੀਆਂ – 2

ਬਾਬਲ ਮੇਰੇ ਬਾਗ ਲਵਾਇਆ
ਵਿਚ ਬਹਾਇਆ ਮਾਲੀ
ਬੂਟੇ ਬੂਟੇ ਨੂੰ ਪਾਣੀ ਦੇਵੇ
ਫ਼ਲ ਲਗਦਾ ਡਾਲੀ ਡਾਲੀ
ਰੂਪ ਕੁਆਰੀ ਦਾ
ਦਿਨ ਚੜਦੇ ਦੀ ਲਾਲੀ


ਸੁਣ ਵੇ ਬਾਗ ਦਿਆ ਬਾਗ ਬਗੀਚਿਆ
ਸੁਣ ਵੇ ਬਾਗ ਦਿਆ ਮਾਲੀ
ਕਈਆਂ ਨੂੰ ਤਾਂ ਦੋ ਦੋ ਫੁੱਲ ਲੱਗੇ
ਕਈਆਂ ਦੀ ਝੋਲੀ ਖਾਲੀ
ਰੂਪ ਕੁਆਰੀ ਦਾ
ਦਿਨ ਚੜਦੇ ਦੀ ਲਾਲੀ


ਆਉਣ ਜਾਣ ਨੂੰ ਬੋਤੀ ਲੈ ਲੈ
ਦੁੱਧ ਪੀਣ ਨੂੰ ਬੂਰੀ
ਆਪਣੇ ਕਿਹੜੇ ਬਾਲਕ ਰੋਂਦੇ
ਕੁੱਟ ਖਾਂਵਾਂਗੇ ਚੂਰੀ
ਜੀਹਦਾ ਲੱਕ ਪਤਲਾ
ਉਹ ਹੈ ਮਜਾਜਣ ਪੂਰੀ


ਭੱਤਾ ਲੈ ਕੇ ਤੂੰ ਚੱਲੀ ਸੰਤੀਏ
ਮੱਥੇ ਲੱਗ ਗਿਆ ਤਾਰਾ
ਘੁੰਡ ਚੱਕ ਕੇ ਦੇਖਣ ਲੱਗੀ
ਕਣਕਾਂ ਲੈਣ ਹੁਲਾਰਾ
ਦਿਲ ਤਾਂ ਮੇਰਾ ਐਂ ਪਿਘਲ ਗਿਆ
ਜਿਉਂ ਬੋਤਲ ‘ਚੋਂ ਪਾਰਾ
ਹਾਲੀਆਂ ਨੇ ਹਲ ਛੱਡ ਤੇ
ਤੇਰੇ ਲੌਂਗ ਦਾ ਪਿਆ ਲਿਸ਼ਕਾਰਾ


ਐਧਰ ਕਣਕਾਂ ਔਧਰ ਕਣਕਾਂ
ਵਿਚ ਕਣਕਾਂ ਦੇ ਰਾਈ
ਰਾਈ ਰਾਈ ਵੇਚ ਕੇ
ਨੀਂ ਮੈਂ ਪੋਲੀ ਨੱਥ ਕਰਾਈ
ਜਦ ਮੈਂ ਪਾ ਕੇ ਲੰਘਣ ਲੱਗੀ
ਝਾਂਜਰ ਦਵੇ ਦੁਹਾਈ
ਰਸਤਾ ਛੱਡ ਦਿਉ ਵੈਰੀਓ
ਮੈਂ ਪੰਜਾਬਣ ਜੱਟੀ ਆਈ


ਦਾਣਾ-ਦਾਣਾ-ਦਾਣਾ
ਚਾਂਦੀ ਦਾ ਘੜਾ ਦੇ ਗੋਖੜੂ
ਮੇਰਾ ਹੋ ਗਿਆ ਹਾਰ ਪੁਰਾਣਾ
ਪੱਚੀਆਂ ਦੀ ਲੈ ਦੇ ਲੋਗੜੀ
ਪਾਉਣਾ ਗੁੱਤ ਦੇ ਵਿਚਾਲੇ ਠਾਣਾ
ਜੁੱਤੀ ਨੂੰ ਲੁਆ ਦੇ ਘੁੰਗਰੂ
ਮੇਲੇ ਹੈਦਰ ਸ਼ੇਖ ਦੇ ਜਾਣਾ
ਦਿਲ ਦੀ ਪੁਗਾਉਣੀ ਸੱਜਣਾ
ਭਾਮੇਂ ਰਹੇ ਨਾ ਭੜੋਲੀ ਵਿੱਚ ਦਾਣਾ
ਤੇਰੀਆਂ ਮੈਂ ਲੱਖ ਮੰਨੀਆਂ
ਮੇਰੀ ਇੱਕ ਜੇ ਮੰਨੇਂ ਤਾਂ ਮੈਂ ਜਾਣਾ
ਤੂੰ ਤਾਂ ਪੱਟ ‘ਤੇ ਪੁਆ ਲੀਂ ਮੋਰਨੀ
ਮੈਂ ਤਾਂ ਠੋਡੀ ‘ਤੇ ਖੁਣਾਉਣਾ ਚੰਦ-ਦਾਣਾ
ਇਕ ਤੇਰੀ ਜਿੰਦ ਬਦਲੇ
ਸਾਰੇ ਜੱਗ ਨੂੰ ਜੁੱਤੀ ‘ਤੇ ਜਾਣਾ


ਰੜਕੇ-ਰੜਕੇ-ਰੜਕੇ
ਭੀੜੀ ਗਲੀ ਵਿਚ ਹੋ ਗੇ ਟਾਕਰੇ
ਖੜ੍ਹ ਗਿਆ ਬਾਹੋਂ ਫੜ ਕੇ
ਚੁਗਲ ਖੋਰ ਨੇ ਚੁਗਲੀ ਕੀਤੀ
ਬੋਲ ਕਾਲਜੇ ਰੜਕੇ
ਭਾਈਆਂ ਮੇਰਿਆਂ ਨੂੰ ਖ਼ਬਰਾਂ ਹੋਈਆਂ
ਆ ਗੇ ਡਾਂਗਾਂ ਫ਼ੜ ਕੇ
ਅੱਖੀਆਂ ਪੂੰਝੇਗਾ
ਲੜ ਸਾਫ਼ੇ ਦਾ ਫੜ ਕੇ


ਝਾਮਾਂ-ਝਾਮਾਂ-ਝਾਮਾਂ
ਕੁੜਤੀ ਲਿਆ ਦੇ ਟੂਲ ਦੀ
ਮੈਂ ਰੇਸ਼ਮੀ ਸੁੱਥਣ ਨਾਲ ਪਾਵਾਂ
ਕੰਨਾਂ ਨੂੰ ਕਰਾ ਦੇ ਡੰਡੀਆਂ
ਤੇਰਾ ਜੱਸ਼ ਗਿੱਧਿਆਂ ਵਿਚ ਗਾਵਾਂ
ਮਿਸਰੀ ਕੜੱਕ ਬੋਲਦੀ
ਲੱਡੂ ਲਿਆਮੇਂ ਤਾਂ ਭੋਰ ਕੇ ਖਾਵਾਂ


ਮਾਏਂ ਨੀ ਮੈਨੂੰ ਰੱਖ ਲੈ ਕੁਆਰੀ
ਕੱਤਿਆ ਕਰੂੰਗੀ ਗੋਹੜਾ
ਦਿਨ ਭਰ ਉਹ ਬਹਿੰਦਾ ਠੇਕੇ
ਕਰੇ ਨਾ ਰਾਤੀਂ ਮੋੜਾ
ਵੈਲੀ ਮਾਲਕ ਦਾ
ਲੱਗ ਗਿਆ ਹੱਡਾਂ ਨੂੰ ਝੋਰਾ


ਸੂਫ਼ ਦੀ ਸੁਥਣ ਨਾਲ ਸੋਂਹਦੀਆਂ ਬਾਂਕਾਂ
ਜਿਉਂ ਨੌਕਰ ਦੀ ਵਰਦੀ
ਕਦੇ ਨਾ ਬਹਿਕੇ ਗੱਲਾਂ ਕਰੀਆਂ
ਕਦੇ ਨਾ ਕੀਤੀ ਮਰਜੀ
ਤੈਂ ਮੈਂ ਫੂਕ ਸਿੱਟੀ
ਢੋਲਿਆ ਵੇ ਅਲਗਰਜੀ


ਲੋਹੇ ਦੇ ਕੋਹਲੂ ਤੇਲ ਮੂਤਦੇ
ਕੁਤਰਾ ਕਰਨ ਮਸ਼ੀਨਾਂ
ਤੂੜੀ ਖਾਂਦੇ ਢੱਗੇ ਹਾਰਗੇ
ਗੱਭਰੂ ਲੱਗ ਗੇ ‘ਫੀਮਾਂ
ਤੂੰ ਘਰ ਪੱਟਤਾ ਵੇ
ਦਾਰੂ ਦਿਆ ਸ਼ਕੀਨਾ


ਧੂੜਕੋਟ ਦੇ ਕੋਲ ਹਨੇਰੀ
ਬੁਟੱਰ ਜਾ ਕੇ ਗੱਜਿਆ
ਦਾਰੂ ਪੀ ਕੇ ਗੁੱਟ ਹੋ ਗਿਆ
ਅਜੇ ਨਾ ਰੰਹਿਦਾ ਰੱਜਿਆ
ਰਾਤੀਂ ਰੋਂਦੀ ਦਾ
ਮੂੰਹ ਪਾਵੇ ਨਾਲ ਵੱਜਿਆ


ਪੱਠੇ ਨਾ ਪਾਉਂਨੈਂ ਦੱਥੇ ਨਾ ਪਾਉਂਨੈਂ
ਭੁੱਖੀ ਮਾਰ ਲੀ ਖੋਲੀ
ਕੱਢ ਕਾੜਨੀ ਦੁੱਧ ਦੀ ਬਹਿ ਗਿਆ
ਆਣ ਬਹਾਈ ਟੋਲੀ
ਮੈਂ ਨਾ ਕਿਸੇ ਦੇ ਭਾਂਡੇ ਮਾਂਜਣੇ
ਮੈਂ ਨਾ ਕਿਸੇ ਦੀ ਗੋਲੀ
ਬਹੁਤਾ ਸਿਰ ਚੜ ਗਿਆ
ਅਣਸਰਦੇ ਨੂੰ ਬੋਲੀ


ਕੀ ਮੁੰਡਿਆ ਤੂੰ ਬਣਿਆ ਫਿਰਦਾ
ਤੈਨੂੰ ਆਪਣਾ ਕੰਤ ਦਿਖਾਵਾਂ
ਵੇ ਚਿੱਟਾ ਕੁੜਤਾ ਹਰਾ ਚਾਦਰਾ
ਨਾਮੀ ਪੱਗ ਰੰਗਾਵਾਂ
ਸੋਹਣੇ ਛੈਲ ਛਬੀਲੇ ਦੇ
ਮੈਂ ਗਲ ਵਿੱਚ ਬਾਹਾਂ ਪਾਵਾਂ
ਤੇਰੇ ਵਰਗੇ ਦਾ
ਮੈਂ ਨਾ ਲਵਾਂ ਪਰਛਾਵਾਂ


ਚੜ ਵੇ ਚੰਦਾ ਦੇ ਵੇ ਲਾਲੀ
ਕਿਉਂ ਪਾਇਆ ਏ ਨੇਰਾ
ਆਈ ਗੁਆਂਢਣ ਪੁੱਛਣ ਲੱਗੀ
ਉਹ ਕੀ ਲਗਦਾ ਤੇਰਾ
ਬਾਪ ਮੇਰੇ ਦਾ ਸਕਾ ਜਵਾਈ
ਸਿਰ ਮੇਰੇ ਦਾ ਸਿਹਰਾ
ਕੁੜੀਆਂ ਨੂੰ ਦਸੱਦੀ ਫਿਰਾਂ
ਅੜਬ ਪਰਾਹੁਣਾ ਮੇਰਾ


ਕੁੜੀਉ ਨੀ ਮੇਰਾ ਪਰਾਹੁਣਾ ਦੇਖ ਲੋ
ਸਾਰੇ ਪਿੰਡ ‘ਚੋਂ ਸਾਊ
ਨਾ ਇਹ ਕਿਸੇ ਨੂੰ ਮੱਥਾ ਟੇਕਦਾ
ਨਾ ਇਹ ਸਿਰ ਪਲਸਾਊ
ਜੇ ਮੈਂ ਨਾ ਜਾਵਾਂ
ਕਿਹਨੂੰ ਬਹੂ ਬਣਾਊ


ਸੁਣ ਵੇ ਗੱਭਰੂਆ ਚੀਰੇ ਵਾਲਿਆ
ਛੈਲ ਛਬੀਲਿਆ ਸ਼ੇਰਾ
ਤੇਰੇ ਬਾਝੋਂ ਘਰ ਵਿੱਚ ਸਾਨੂੰ
ਦਿੱਸਦਾ ਘੁੱਪ ਹਨੇਰਾ
ਹੋਰ ਹਾਲੀ ਤਾਂ ਘਰਾਂ ਨੂੰ ਆਗੇ
ਤੈਂ ਵਗ ਲਿਆ ਕਿਉਂ ਘੇਰਾ
ਤੈਨੂੰ ਧੁੱਪ ਲਗਦੀ
ਭੁੱਜਦਾ ਕਾਲਜਾ ਮੇਰਾ


ਹਰ ਵੇ ਬਾਬਲਾ ਹਰ ਵੇ
ਮੇਰਾ ਮਾਝੇ ਸਾਕ ਨਾ ਕਰ ਵੇ
ਮਾਝੇ ਦੇ ਜੱਟ ਬੁਰੇ ਸੁਣੀਂਦੇ
ਪਾਉਂਦੇ ਊਠ ਨੂੰ ਖਲ ਵੇ
ਖਲ ਤਾਂ ਮੈਥੋਂ ਕੁੱਟੀ ਨਾ ਜਾਂਦੀ
ਗੁੱਤੋਂ ਲੈਂਦੇ ਫੜ ਵੇ
ਮੇਰਾ ਉੱਡੇ ਡੋਰੀਆ
ਮਹਿਲਾਂ ਵਾਲੇ ਘਰ ਵੇ


ਚੱਲ ਵੇ ਮਨਾ ਬਗਾਨਿਆ ਧਨਾ
ਕੀ ਲੈਣਾ ਜੱਗ ਰਹਿ ਕੇ
ਚੰਨਣ ਦੇਹੀ ਆਪ ਗਵਾ ਲਈ
ਬਾਂਸਾਂ ਵਾਗੂੰ ਖਹਿ ਕੇ
ਧਰਮ ਰਾਜ ਅੱਗੇ ਲੇਖਾ ਮੰਗਦਾ
ਲੰਘ ਜਾਂਗੇ ਕੀ ਕਹਿ ਕੇ
ਦੁਖੜੇ ਭੋਗਾਂਗੇ
ਵਿਚ ਨਰਕਾਂ ਦੇ ਰਹਿ ਕੇ


ਚੱਲ ਵੇ ਮਨਾ ਬਗਾਨਿਆ ਧਨਾ
ਕਾਹਨੂੰ ਪਰੀਤਾਂ ਜੜੀਆਂ
ਓੜਕ ਇੱਥੋਂ ਚਲਣਾ ਇੱਕ ਦਿਨ
ਕਬਰਾਂ ‘ਡੀਕਣ ਖੜੀਆਂ
ਉੱਤੋਂ ਦੀ ਤੇਰੇ ਵਗਣ ਹਨੇਰੀਆਂ
ਲੱਗਣ ਸਾਉਣ ਦੀਆਂ ਝੜੀਆਂ
ਅੱਖੀਆਂ ਮੋੜ ਰਹੀ
ਨਾ ਮੁੜੀਆਂ ਨਾ ਲੜੀਆਂ


ਚੱਲ ਵੇ ਮਨਾ ਬਗਾਨਿਆ ਧਨਾ
ਬੈਠਾ ਕਿਸੇ ਨਾ ਰਹਿਣਾ
ਇੱਕ ਦਿਨ ਤੈਨੂੰ ਇੱਥੋਂ ਚਲਣਾ ਪੈਣਾ
ਜਾ ਕਬਰਾਂ ਵਿੱਚ ਰਹਿਣਾ
ਤੇਰੇ ਉੱਤੋਂ ਦੀ ਵਗਣ ਹਨੇਰੀਆਂ
ਮੰਨ ਫ਼ੱਕਰਾਂ ਦਾ ਕਹਿਣਾ
ਬਾਗ਼ ‘ਚ ਫ਼ੁੱਲ ਖਿੜਿਆ
ਅਸੀਂ ਭੌਰੇ ਬਣ ਕੇ ਰਹਿਣਾ


ਲੰਮਿਆ ਵੇ ਤੇਰੀ ਕਬ਼ਰ ਪਟੀਂਦੀ
ਮਧਰਿਆ ਵੇ ਤੇਰਾ ਖਾਤਾ
ਭਰ ਭਰ ਚੇਪੇ ਹਿੱਕ ਤੇ ਰੱਖਦਾ
ਹਿੱਕ ਦਾ ਪਵੇ ਜੜਾਕਾ
ਸੋਹਣੀ ਸੂਰਤ ਦਾ
ਵਿਚ ਕਬਰਾਂ ਦੇ ਵਾਸਾ


ਮਰ ਗਏ ਵੀਰ ਰੋਂਦੀਆਂ ਭੈਣਾਂ
ਵਿਛੜੀ ਵਿਸਾਖੀ ਭਰ ਗਿਆ ਸ਼ਹਿਣਾ
ਛਿਪ ਜਾਊ ਕੁਲ ਦੁਨੀਆਂ
ਏਥੇ ਨਾਮ ਸਾਈਂ ਦਾ ਰਹਿਣਾ
ਸੋਹਣੀ ਜਿੰਦੜੀ ਨੇ
ਰਾਹ ਮੌਤਾਂ ਦੇ ਪੈਣਾ
ਜਾਂ
ਕੀ ਬੰਨਣੇ ਨੇ ਦਾਅਵੇ
ਏਥੋਂ ਚੱਲਣਾ ਸਭਨੂੰ ਪੈਣਾ


ਪਤਲਾ ਜਾ ਗੱਭਰੂ ਵਢਦਾ ਬੇਰੀਆਂ
ਵੱਢ ਵੱਢ ਲਾਉਂਦਾ ਝਾਫੇ
ਹਾਕ ਨਾ ਮਾਰੀਂ ਵੇ
ਮੇਰੇ ਸੁਨਣਗੇ ਮਾਪੇ
ਸੈਨਤ ਨਾ ਮਾਰੀਂ
ਮੈਂ ਆ ਜੂੰਗੀ ਆਪੇ
ਫੁੱਟਗੇ ਵੇ ਮਿੱਤਰਾ
ਜੇਬਾਂ ਬਾਝ ਪਤਾਸੇ


ਮੈਂ ਤਾਂ ਘਰ ਤੋਂ ਸਾਗ ਲੈਣ ਦਾ
ਕਰਕੇ ਤੁਰੀ ਬਹਾਨਾ
ਜਾਣ ਵੀ ਦੇਹ ਕਿਉਂ ਵੀਣੀ ਫੜ ਕੇ
ਖੜ ਗਿਐ ਛੈਲ ਜੁਆਨਾ
ਕੱਚੀਆਂ ਕੈਲਾਂ ਦਾ
ਕੌਣ ਭਰੂ ਹਰਜਾਨਾ


ਹਰਾ ਮੂੰਗੀਆ ਬੰਨ ਕੇ ਸਾਫਾ
ਬਣਿਆ ਫਿਰਦਾ ਜਾਨੀ
ਭਾੜੇ ਦੀ ਹੱਟ ਵਿਚ ਰਹਿ ਕੇ ਬੰਦਿਆ
ਮੌਜ ਬਥੇਰੀ ਮਾਣੀ
ਕਾਲਿਆਂ ਦੇ ਵਿਚ ਆ ਗਏ ਧੌਲੇ
ਆ ਗਈ ਮੌਤ ਨਿਸ਼ਾਨੀ
ਬਦੀਆਂ ਨਾ ਕਰ ਵੇ
ਕੋਈ ਦਿਨ ਦੀ ਜਿੰਦਗਾਨੀ


ਗਿੱਧਾ ਗਿੱਧਾ ਕਰੇਂ ਮੇਲਣੇ
ਗਿੱਧਾ ਪਊ ਬਥੇਰਾ
ਸਾਰੇ ਪਿੰਡ ਦੇ ਮੁੰਡੇ ਸਦਾ ਲੇ
ਕੀ ਬੁਢੜਾ ਕੀ ਠੇਰਾ
ਅੱਖ ਪੱਟ ਕੇ ਦੇਖ ਮੇਲਣੇ
ਭਰਿਆ ਪਿਆ ਨਮੇਰਾ
ਸਬਜ਼ ਕਬੂਤਰੀਏ
ਦੇ ਦੇ ਸ਼ੌਂਕ ਦਾ ਗੇੜਾ


ਗਿੱਧਾ ਗਿੱਧਾ ਕਰੇਂ ਰਕਾਨੇ
ਗਿੱਧਾ ਪਊ ਬਥੇਰਾ
ਪਿੰਡ ਦੇ ਮੁੰਡੇ ਦੇਖਣ ਆ ਗੇ
ਕੀ ਬੁੱਢਾ, ਕੀ ਠੇਰਾ
ਬੰਨ ਕੇ ਢਾਣੀਆਂ ਆ ਗੇ ਚੋਬਰ
ਢੁੱਕਿਆ ਸਾਧ ਦਾ ਡੇਰਾ
ਅੱਖ ਚੱਕ ਕੇ ਤਾਂ ਕੇਰਾਂ
ਝੁਕਿਆ ਪਿਆ ਨਮੇਰਾ
ਤੈਨੂੰ ਧੁੱਪ ਲੱਗਦੀ
ਮੱਚੇ ਕਾਲਜਾ ਮੇਰਾ
ਜਾਂ
ਖੁੱਲ ਕੇ ਨੱਚ ਲੈ ਨੀ
ਸਾਲ ਬਾਅਦ ਦਾ ਫੇਰਾ


ਸੋਹਣਾ ਵਿਆਂਦੜ ਰਥ ਵਿਚ ਬਹਿ ਗਿਆ
ਹੇਠ ਚੁਤੱਹੀ ਵਿਛਾ ਕੇ
ਊਠਾਂ ਤੇ ਸਭ ਜਾਨੀ ਚੜ ਗਏ
ਝਾਂਜਰਾਂ ਛੋਟੀਆਂ ਪਾ ਕੇ
ਰਥ ਗੱਡੀਆਂ ਜਾ ਅੰਤ ਨਾ ਕੋਈ
ਜਾਨੀ ਚੜ ਗਏ ਸਜ ਸਜਾ ਕੇ
ਜੰਨ ਆਈ ਜਦ ਕੁੜੀਆਂ ਦੇਖੀ
ਆਈਆਂ ਹੁੰਮ ਹੁੰਮਾ ਕੇ
ਵਿਆਂਦੜ ਫੁੱਲ ਵਰਗਾ
ਦੇਖ ਵਿਆਹੁਲੀਏ ਆ ਕੇ


ਪਹਿਲੀ ਵਾਰ ਬਹੂ ਗਈ ਮੁਕਲਾਵੇ
ਗੱਲ ਪੁੱਛ ਲੈਂਦਾ ਸਾਰੀ
ਕੀਹਦੇ ਨਾਲ ਤੇਰੀ ਲੱਗੀ ਦੋਸਤੀ
ਕੀਹਦੇ ਨਾਲ ਤੇਰੀ ਯਾਰੀ
ਨਾ ਵੇ ਕਿਸੇ ਨਾਲ ਲੱਗੀ ਦੋਸਤੀ
ਨਾ ਵੇ ਕਿਸੇ ਨਾਲ ਯਾਰੀ
ਪੇਕੇ ਰੰਹਿਦੇ ਸੀ
ਕਰਦੇ ਸੀ ਸਰਦਾਰੀ


ਸੜਕੇ ਸੜਕੇ ਮੈਂ ਰੋਟੀ ਲਈ ਜਾਂਦੀ
ਲੱਭ ਗਈ ਸੁਰਮੇਦਾਣੀ
ਘਰ ਆ ਕੇ ਮੈਂ ਪਾਉਣ ਲੱਗੀ
ਮੱਚਦੀ ਫਿਰੇ ਜਿਠਾਣੀ
ਮਿੰਨਤਾਂ ਨਾ ਕਰ ਵੇ
ਮੈਂ ਰੋਟੀ ਨਹੀਂ ਖਾਣੀ


ਜਦ ਮੈਂ ਕੀਤੀ ਬੀ. ਏ. ਬੀ. ਐਡ
ਲੋਕੀਂ ਦੇਣ ਵਧਾਈ
ਹਾਣੀ ਮੇਰਾ ਫੇਲ਼ ਹੋ ਗਿਆ
ਮੈਨੂੰ ਹੀਣਤ ਆਈ
ਤਿੰਨ ਵਾਰੀ ਉਹ ਰਿਹਾ ਵਿਚਾਲੇ
ਡਿਗਰੀ ਹੱਥ ਨਾ ਆਈ
ਮੇਰੇ ਮਾਪਿਆਂ ਨੇ
ਬੀ. ਏ. ਫੇਰ ਕਰਾਈ


ਜੇ ਮੁੰਡਿਆ ਤੂੰ ਫੌਰਨ ਜਾਣਾ
ਜਾਈਂ ਸਾਡੇ ਨਾਲ ਲੜਕੇ
ਨਾ ਵੇ ਅਸੀਂ ਤੈਨੂੰ ਯਾਦ ਕਰਾਂਗੇ
ਨਾ ਰੋਈਏ ਮਨ ਭਰਕੇ
ਉੱਠ ਪਰਦੇਸ ਗਿਆ
ਮਨ ਸਾਡੇ ਵਿਚ ਵਸ ਕੇ


ਰਾਜਾ ਰਸਾਲੂ

ਭਾਵੇਂ ਪੰਜਾਬ ਦੇ ਇਤਿਹਾਸ ਵਿਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ ’ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪ੍ਰੰਤੂ ਉਹ ਪੰਜਾਬ ਦੇ ਲੋਕ ਮਾਨਸ ਦਾ ਇਕ ਅਜਿਹਾ ਹਰਮਨ-ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਨਾਲ ਅਨੇਕਾਂ ਦਿਲਚਸਪ ਤੇ ਰਸ-ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਅਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿਚ ਗਾਇਆ ਹੈ।ਕਹਿੰਦੇ ਹਨ ਰਾਜਾ ਰਸਾਲੂ ਸਿਆਲਕੋਟ (ਪਾਕਿਸਤਾਨ) ਦੇ ਰਾਜਾ ਸਲਵਾਨ ਦਾ ਪੁੱਤਰ ਸੀ, ਪੂਰਨ ਭਗਤ ਦਾ ਛੋਟਾ...

Golden Temple 1890

Photo of Golden Temple by Zürich : Photoglob Company Title in Detroit Publishing Co., Catalogue J foreign section, Detroit, Mich. : Detroit Publishing Company, 1905: "India. Amritstar. Golden Temple". Print no. "20062. P.Z." Forms part of: Photochrom Print Collection.

Two Sikh Guards

'Bodyguard of Ranjit Singh. Two horsemen on richly caparisoned mounts. Inscribed in Persian characters: 'Sawardan i khass'; in English 'Lahore Life Guards 1838'