“ਪੰਜਾਬ ਦੀ ਲੋਕ ਧਾਰਾ” (ਸੋਹਿੰਦਰ ਸਿੰਘ ਬੇਦੀ) ‘ਚੋਂ ਧੰਨਵਾਦ ਸਹਿਤ
ਖੂਹ ‘ਤੇ ਇੱਕ ਮੁਟਿਆਰ ਘੜਾ ਭਰ ਰਹੀ ਹੈ। ਨਿਆਣੀ ਉਮਰੇ ਵਿਆਹੀ ਹੋਣ ਕਰਕੇ ਆਪਣੇ ਢੋਲ ਸਿਪਾਹੀ ਨੂੰ ਸਿਆਣਦੀ ਨਹੀਂ। ਲਾਮ ਤੋਂ ਪਰਤ ਕੇ ਆਇਆ ਉਸਦਾ ਸਿਪਾਹੀ ਪਤੀ ਉਸ ਤੋਂ ਪਾਣੀ ਦਾ ਘੁੱਟ ਮੰਗਦਾ ਹੈ। ਸਿਪਾਹੀ ਦੀ ਨੀਤ ਖੋਟੀ ਵੇਖ, ਮੁਟਿਆਰ ਉਸ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੀ। ਦੋਹਾਂ ਵਿੱਚ ਕੁੱਝ ਤਕਰਾਰ ਹੁੰਦਾ ਹੈ। ਅਖੀਰ ਸਿਪਾਹੀ ਘੋੜੇ ‘ਤੇ ਸਵਾਰ ਹੋ ਕੇ ਮੁਟਿਆਰ ਤੋਂ ਪਹਿਲਾਂ ਆਪਣੇ ਸਹੁਰੇ ਘਰ ਪਹੁੰਚ ਜਾਂਦਾ ਹੈ। ਘਰ ਪਹੁੰਚਣ ਤੇ ਮੁਟਿਆਰ ਨੂੰ ਜਦੋਂ ਆਪਣੀ ਮਾਂ ਤੋਂ ਅਸਲੀਅਤ ਪਤਾ ਲਗਦੀ ਹੈ ਤਾਂ ਉਹ ਬੜ੍ਹੀ ਕੱਚੀ ਪੈਂਦੀ ਹੈ ਤੇ ਢੋਲ ਸਿਪਾਹੀ ਨੂੰ ਬੜ੍ਹੀਆਂ ਮਿੰਨਤਾਂ ਨਾਲ ਰਾਜ਼ੀ ਕਰਦੀ ਕਰਦੀ ਹੈ:
ਸਿਪਾਹੀ:
ਖੂਹ ‘ਤੇ ਘੜਾ ਭਰੇਂਦੀਏ ਮੁਟਿਆਰੇ ਨੀ,
ਘੁੱਟ ਭਰ ਪਾਣੀ ਪਿਆ।
ਅਸੀਂ ਮੁਸਾਫ਼ਿਰ ਰਾਹੀ ਨੀ ਅੜੀਏ,
ਸਾਡਾ ਜੀਵੜਾ ਨਾ ਤਰਸਾ।
ਮੁਟਿਆਰ:
ਪਾਣੀ ਤਾਂ ਪੀ ਮੁਸਾਫਰਾ ਵੇ,
ਬੀਬਾ ਮੈਲੀ ਤੱਕ ਨਾ ਭੁੱਲ।
ਜਿਸ ਕੌਂਤ ਦੀ ਮੈਂ ਵਹੁਟੜੀ,
ਬੀਬਾ ਉਸ ਦਿਆਂ ਪਾਂਧਾਂ ਦਾ ਤੂੰ।
ਸਿਪਾਹੀ:
ਸੋਨੇ ਦੀ ਮੇਰੀ ਤੱਕੜੀ ਨੀ ਬੀਬੋ,
ਚਾਂਦੀ ਦਾ ਘਰ ਸੇਰ।
ਤੇਰੇ ਜਿਹੀਆਂ ਦੋ ਗੋਲੀਆਂ ਨੀ ਬੀਬੋ,
ਮੈਂ ਘਰ ਪਾਣੀ ਭਰੇਨ।
ਮੁਟਿਆਰ:
ਸੋਨੇ ਦੀ ਮੇਰੀ ਪਾਲਕੀ ਵੇ ਅੜਿਆ,
ਚਾਂਦੀ ਦਾ ਈ ਉਛਾੜ।
ਤੇਰੇ ਜਿਹੇ ਦੋ ਗੱਭਰੂ ਵੇ ਅੜਿਆ,
ਮੇਰੀ ਡੋਲੀ ਦੇ ਕਹਾਰ।
ਸਿਪਾਹੀ:
ਸਾਈਆਂ ਘੜਾ ਤੇਰਾ ਭਜ ਪਵੇ,
ਉੰਨੂ ਰਹਿ ਜਾਏ ਹੱਥ।
ਘਰੋਂ ਤਾਂ ਮਾਂ ਤੈਨੂੰ ਚਿੱਕ ਕੱਢੇ,
ਪੈ ਜਾਏਂ ਸਾਡੇ ਵੱਸ।
ਮੁਟਿਆਰ:
ਸਾਈਆਂ ਘੋੜਾ ਤੇਰਾ ਮਰ ਜਾਏ,
ਚਾਬੁਕ ਰਹਿ ਜਾਏ ਹੱਥ।
ਘਰੋਂ ਤਾਂ ਮਾਂ-ਪਿਓ ਕੁੱਟ ਕੱਢੇ,
ਪੈ ਜਾਏਂ ਸਿਪਾਹੀਆਂ ਵੱਸ।
(ਮੁਟਿਆਰ ਘਰ ਜਾਂਦੀ ਹੈ ਤਾਂ ਉਸਦੀ ਮਾਂ ਪੁੱਛਦੀ ਹੈ)
ਮਾਂ:
ਕੀ ਮੋਈਏ, ਕੀ ਮਾਰੀਏ, ਨੀ ਧੀਏ !
ਕੇ ਗਈਂ ਏ ਪਾਰਾਵਾਰ।
ਵੱਡੇ ਵੇਲੇ ਦੀ ਘੜਾ ਭਰਨ ਗਈਏਂ,
ਆਈ ਏਂ ਸੋਤੜਾ ਪਾ।
ਮੁਟਿਆਰ:
ਨਾ ਮੋਈ ਮਾਰੀ, ਮੇਰੀ ਅੰਬੜੀਏ,
ਨਾ ਗਈ ਪਾਰਾਵਾਰ।
ਉੱਚਾ ਲੰਮਾ ਇੱਕ ਗੱਭਰੂ, ਨੀ ਅੰਬੜੀਏ,
ਕਰ ਬੈਠਾ ਤਕਰਾਰ।
(ਫਿਰ ਘੋੜੇ ਵੱਲ ਵੇਖਕੇ)
ਮੁਟਿਆਰ:
ਇਹ ਕਿਸ ਦੇ ਘੋੜੇ ਜੋੜੇ ਨੀ ਅੰਬੜੀਏ,
ਇਹ ਕਿਸ ਦੇ ਹਥਿਆਰ।
ਮਾਂ:
ਜਿਦ੍ਹੇ ਨਾਲ ਤੂੰ ਪਰਨਾਈ ਨੀ ਧੀਏ,
ਉਹ ਆਇਆ ਅਸਵਾਰ।
(ਫਿਰ ਢੋਲ ਸਿਪਾਹੀ ਨੂੰ ਮਨਾਣ ਜਾਂਦੀ ਹੈ)
ਮੁਟਿਆਰ:
ਕੇ ਸੁੱਤਾ ਕੇ ਜਾਗਦਾ ਵੇ ਚੰਨਾਂ !
ਵੇ ਕੀ ਤੂੰ ਗਿਓਂ ਪਾਰਵਾਰ।
ਸਿਪਾਹੀ:
ਨਾ ਸੁੱਤਾ ਨਾ ਜਾਗਦਾ ਨੀ,
ਤੂੰ ਖੂਹੇ ਦੇ ਬੋਲ ਚਿਤਾਰ।
ਮੁਟਿਆਰ:
ਨਿੱਕਿਆਂ ਹੁੰਦਿਆਂ ਹੋ ਗਈਆਂ ਵੇ ਬੀਬਾ,
ਹੁਣ ਤੇ ਮਨੋਂ ਵਿਸਾਰ।