A Literary Voyage Through Time

ਗੁਰ ਧਿਆ ਕੇ ਮੈਂ ਪਾਵਾਂ ਬੋਲੀ,
ਸਭ ਨੂੰ ਫਤ੍ਹੇ ਬੁਲਾਵਾਂ।
ਬੇਸ਼ਕ ਮੈਨੂੰ ਮਾੜਾ ਆਖੋ,
ਮੈਂ ਮਿੱਠੇ ਬੋਲ ਸੁਣਾਵਾਂ।
ਭਾਈਵਾਲੀ ਮੈਨੂੰ ਲੱਗੇ ਪਿਆਰੀ,
ਰੋਜ਼ ਗਿੱਧੇ ਵਿਚ ਆਵਾਂ।
ਗੁਰ ਦਿਆਂ ਸ਼ੇਰਾਂ ਦੇ,
ਮੈਂ ਵਧ ਕੇ ਜਸ ਗਾਵਾਂ।


ਪਿੰਡ ਤਾਂ ਸਾਡੇ ਡੇਰਾ ਸਾਧ ਦਾ,
ਮੈਂ ਸੀ ਗੁਰਮੁਖੀ ਪੜ੍ਹਦਾ।
ਬਹਿੰਦਾ ਸਤਿਸੰਗ ਦੇ ਵਿੱਚ,
ਮਾੜੇ ਬੰਦੇ ਕੋਲ ਨੀ ਖੜ੍ਹਦਾ।
ਜੇਹੜਾ ਫੁੱਲ ਵਿੱਛੜ ਗਿਆ,
ਮੁੜ ਨੀ ਬੇਲ 'ਤੇ ਚੜ੍ਹਦਾ।
ਬੋਲੀਆਂ ਪੌਣ ਦੀ ਹੋਗੀ ਮਨਸ਼ਾ,
ਆ ਕੇ ਗਿੱਧੇ ਵਿੱਚ ਵੜਦਾ।
ਨਾਲ ਸ਼ੌਕ ਦੇ ਪਾਵਾਂ ਬੋਲੀਆਂ,
ਮੈਂ ਨੀ ਕਿਸੇ ਤੋਂ ਡਰਦਾ।
ਨਾਉਂ ਪਰਮੇਸ਼ਰ ਦਾ,
ਲੈ ਕੇ ਗਿੱਧੇ ਵਿੱਚ ਵੜਦਾ।


ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੱਲੀਆਂ।
ਉੱਥੋਂ ਦੇ ਦੋ ਬਲ਼ਦ ਸੁਣੀਂਦੇ,
ਗਲ ਵਿੱਚ ਉਨ੍ਹਾਂ ਦੇ ਟੱਲੀਆਂ।
ਭੱਜ-ਭੱਜ ਕੇ ਉਹ ਮੱਕੀ ਬੀਜਦੇ,
ਗਿੱਠ-ਗਿੱਠ ਲੱਗੀਆਂ ਛੱਲੀਆਂ।
ਮੇਲਾ ਮੁਕਸਰ ਦਾ,
ਦੋ ਮੁਟਿਆਰਾਂ ਚੱਲੀਆ।


ਕਾਲਿਆ ਹਰਨਾ ਰੋਹੀਏਂ ਫਿਰਨਾ,
ਤੇਰੇ ਪੈਰੀਂ ਝਾਂਜਰਾਂ ਪਾਈਆਂ।
ਸਿੰਗਾਂ ਤੇਰਿਆਂ 'ਤੇ ਕੀ ਕੁਛ ਲਿਖਿਆ,
ਤਿੱਤਰ ਤੇ ਮੁਰਗਾਈਆਂ।
ਚੱਬਣ ਨੂੰ ਤੇਰੇ ਮੋਠ ਬਾਜਰਾ,
ਪਹਿਨਣ ਨੂੰ ਮੁਗਲਾਈਆਂ।
ਅੱਗੇ ਤਾਂ ਟੱਪਦਾ ਨੌਂ-ਨੌਂ ਕੋਠੇ,
ਹੁਣ ਨੀ ਟੱਪੀਦੀਆਂ ਖਾਈਆਂ।
ਖਾਈ ਟੱਪਦੇ ਦੇ ਵੱਜਿਆ ਕੰਡਾ,
ਦੇਵੇਂ ਰਾਮ ਦੁਹਾਈਆਂ।
ਮਾਸ-ਮਾਸ ਤੇਰਾ ਕੁੱਤਿਆਂ ਖਾਧਾ,
ਹੱਡੀਆਂ ਰੇਤ ਰੁਲਾਈਆਂ।
ਜਿਉਣੇ ਮੌੜ ਦੀਆਂ,
ਸਤ ਰੰਗੀਆਂ ਭਰਜਾਈਆਂ।


ਸੁਣ ਨੀ ਕੁੜੀਏ ! ਸੁਣ ਨੀ ਚਿੜੀਏ !
ਤੇਰਾ ਪੁੰਨਿਆਂ ਤੋਂ ਰੂਪ ਸਵਾਇਆ।
ਵਿੱਚ ਸਖੀਆਂ ਦੇ ਪੈਲਾਂ ਪਾਵੇਂ,
ਤੈਨੂੰ ਨੱਚਣਾ ਕੀਹਨੇ ਸਿਖਾਇਆ।
ਤੂੰ ਹਸਦੀ ਦਿਲ ਰਾਜ਼ੀ ਮੇਰਾ,
ਜਿਉਂ ਬਿਰਛਾਂ ਦੀ ਛਾਇਆ।
ਨੱਚ-ਨੱਚ ਕੇ ਤੂੰ ਹੋਗੀ ਦੂਹਰੀ,
ਭਾਗ ਗਿੱਧੇ ਨੂੰ ਲਾਇਆ।
ਪਰੀਏ ਰੂਪ ਦੀਏ,
ਤੈਨੂੰ ਰੱਬ ਨੇ ਆਪ ਬਣਾਇਆ।


ਦੇਸ ਮੇਰੇ ਦੇ ਬਾਂਕੇ ਗੱਭਰੂ,
ਮਸਤ ਅੱਲ੍ਹੜ ਮੁਟਿਆਰਾਂ।
ਨੱਚਦੇ ਟੱਪਦੇ ਗਿੱਧੇ ਪਾਉਂਦੇ,
ਗਾਉਂਦੇ ਰਹਿੰਦੇ ਵਾਰਾਂ।
ਪ੍ਰੇਮ ਲੜੀ ਵਿੱਚ ਇੰਜ ਪਰੋਤੇ,
ਜਿਉਂ ਕੂੰਜਾਂ ਦੀਆਂ ਡਾਰਾਂ।
ਮੌਤ ਨਾਲ ਇਹ ਕਰਨ ਮਖ਼ੌਲਾਂ,
ਮਸਤੇ ਵਿੱਚ ਪਿਆਰਾਂ।
ਕੁਦਰਤ ਦੇ ਮੈਂ ਕਾਦਰ ਅੱਗੇ,
ਇਹੋ ਅਰਜ਼ ਗੁਜ਼ਾਰਾਂ।
ਦੇਸ ਪੰਜਾਬ ਦੀਆਂ,
ਖਿੜੀਆਂ ਰਹਿਣ ਬਹਾਰਾਂ।


ਤਾਰਾਂ ਤਾਰਾਂ ਤਾਰਾਂ,
ਬੋਲੀਆਂ ਦਾ ਖੂਹ ਭਰ ਦਿਆਂ।
ਜਿਥੇ ਪਾਣੀ ਭਰਨ ਮੁਟਿਆਰਾਂ।
ਬੋਲੀਆਂ ਦੀ ਸੜਕ ਬੰਨ੍ਹਾਂ,
ਜਿੱਥੇ ਚਲਦੀਆਂ ਮੋਟਰਕਾਰਾਂ।
ਬੋਲੀਆਂ ਦੀ ਰੇਲ ਭਰਾਂ,
ਜਿੱਥੇ ਦੁਨੀਆਂ ਚੜ੍ਹੇ ਹਜ਼ਾਰਾਂ।
ਬੋਲੀਆਂ ਦੀ ਕਿੱਕਰ ਭਰਾਂ,
ਜਿੱਥੇ ਕਾਟੋ ਲਵੇ ਬਹਾਰਾਂ।
ਬੋਲੀਆਂ ਦੀ ਨਹਿਰ ਭਰਾਂ,
ਜਿੱਥੇ ਲਗਦੇ ਮੋਘੇ ਨਾਲਾਂ।
ਜਿਊਂਦੀ ਮੈਂ ਮਰ ਗਈ
ਕੱਢੀਆਂ ਜੇਠ ਨੇ ਗਾਲਾਂ।


ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ ,
ਨਾ ਮੈਂ ਬੈਠੀ ਡੇਰੇ।
ਨਿਤ ਨਵੀਆਂ ਮੈਂ ਜੋੜਾਂ ਬੋਲੀਆਂ,
ਬਹਿ ਕੇ ਮੋਟੇ ਨ੍ਹੇਰੇ।
ਬੋਲ ਅਗੰਮੀ ਨਿਕਲਣ ਅੰਦਰੋਂ,
ਕੁਝ ਵਸ ਨਹੀ ਮੇਰੇ।
ਮੇਲਣੇ ਨੱਚ ਲੈ ਨੀ,
ਦੇ ਦੇ ਸ਼ੌਕ ਦੇ ਗੇੜੇ।
ਮੇਲਣੇ ਨੱਚ ਲੈ ਨੀ,
ਦੇ ਦੇ ਸ਼ੌਕ ਦੇ ਗੇੜੇ।


ਗਿੱਧਾ ਗਿੱਧਾ ਕਰੇਂ ਮੇਲਣੇਂ,
ਗਿੱਧਾ ਪਊ ਬਥੇਰਾ।
ਨਜ਼ਰ ਮਾਰ ਕੇ ਵੇਖ ਮੇਲਣੇਂ,
ਭਰਿਆ ਪਿਆ ਬਨੇਰਾ।
ਸਾਰੇ ਪਿੰਡ ਦੇ ਲੋਕੀ ਆ ਗਏ,
ਕੀ ਬੁਢੜਾ ਕੀ ਠੇਰਾ,
ਮੇਲਣੇ ਨੱਚਲੈ ਨੀ,
ਦੇ ਲੈ ਸ਼ੌਕ ਦਾ ਗੇੜਾ,
ਮੇਲਣੇ ਨੱਚਲੈ ਨੀ,
ਦੇ ਲੈ ਸ਼ੌਕ ਦਾ ਗੇੜਾ।


ਜੰਗਲ ਦੇ ਵਿੱਚ ਜੰਮੀ ਜਾਈ,
ਚੰਦਰੇ ਪੁਆਧ ਵਿਆਹੀ।
ਹੱਥ ਵਿੱਚ ਖੁਰਪਾ ਮੋਢੇ ਚਾਦਰ,
ਮੱਕੀ ਗੁੱਡਣ ਲਾਈ,
ਗੁਡਦੀ ਗੁਡਦੀ ਦੇ ਪੈ ਗਏ ਛਾਲੇ,
ਆਥਣ ਨੂੰ ਘਰ ਆਈ,
ਆਉਂਦੀ ਨੂੰ ਸੱਸ ਦੇਵੇ ਗਾਲੀਆਂ,
ਘਾਹ ਦੀ ਪੰਡ ਨਾ ਲਿਆਈ,
ਪੰਜੇ ਪੁੱਤ ਤੇਰੇ ਮਰਨ ਸੱਸੜੀਏ,
ਛੇਵਾਂ ਮਰੇ ਜਵਾਈ,
ਨੀ ਗਾਲ ਭਰਾਵਾਂ ਦੀ,
ਕੀਹਨੇ ਕੱਢਣ ਸਿਖਾਈ,
ਨੀ ਗਾਲ ਭਰਾਵਾਂ ਦੀ,
ਕੀਹਨੇ ਕੱਢਣ ਸਿਖਾਈ।


ਹਿੰਮਤਪੁਰੇ ਦੇ ਮੁੰਡੇ ਬੰਬਲੇ,
ਸੱਤਾਂ ਪੱਤਣਾਂ ਦੇ ਤਾਰੂ।
ਸੂਇਆਂ ਕੱਸੀਆਂ 'ਤੇ ਕਣਕ ਬੀਜਦੇ,
ਛੋਲੇ ਬੀਜਦੇ ਮਾਰੂ।
ਇਕ ਮੁੰਡੇ ਦਾ ਨਾਂ ਫਤਹਿ ਮੁਹੰਮਦ,
ਦੂਜੇ ਦਾ ਨਾਂ ਸਰਦਾਰੂ।
ਗਾਮਾ, ਬਰਕਤ, ਸੌਣ, ਚੰਨਣ ਸਿੰਘ,
ਸਭ ਤੋਂ ਉੱਤੋਂ ਦੀ ਬਾਰੂ।
ਸਾਰੇ ਮਿਲਕੇ ਮੇਲੇ ਜਾਂਦੇ,
ਨਾਲੇ ਜਾਂਦਾ ਨਾਹਰੂ।
ਬਸੰਤੀ ਰੀਝਾਂ ਨੂੰ,
ਗਿੱਧੇ ਦਾ ਚਾਅ ਉਭਾਰੂ।


ਹੁੰਮ ਹੁਮਾ ਕੇ ਕੁੜੀਆਂ ਆਈਆਂ
ਗਿਣਤੀ 'ਚ ਪੂਰੀਆਂ ਚਾਲੀ
ਚੰਦੀ, ਨਿਹਾਲੋ, ਬਚਨੀ, ਪ੍ਰੀਤੋ
ਸਭਨਾਂ ਦੀ ਵਰਦੀ ਕਾਲੀ
ਲੱਛੀ, ਬੇਗ਼ਮ, ਨੂਰੀ, ਫਾਤਾਂ
ਸਭਨਾਂ ਦੇ ਮੂੰਹ 'ਤੇ ਲਾਲੀ
ਸਭ ਨਾਲੋਂ ਸੋਹਣੀ ਦਿਸੇ ਪੰਜਾਬੋ
ਓਸ ਤੋਂ ਉਤਰ ਕੇ ਜੁਆਲੀ
ਗਿੱਧਾ ਪਾਓ ਕੁੜੀਓ
ਹੀਰ ਆ ਗਈ ਸਿਆਲਾਂ ਵਾਲੀ।


ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ,
ਮੈਂ ਵੀ ਆਖਾਂ ਮਹਿੰਦੀ।
ਬਾਗ਼ਾਂ ਦੇ ਵਿੱਚ ਸਸਤੀ ਮਿਲਦੀ,
ਹੱਟੀਆਂ 'ਤੇ ਮਿਲਦੀ ਮਹਿੰਗੀ।
ਹੇਠਾਂ ਕੂੰਡੀ ਉੱਤੇ ਸੋਟਾ,
ਚੋਟ ਦੋਹਾਂ ਦੀ ਸਹਿੰਦੀ।
ਘੋਟ-ਘੋਟ ਮੈਂ ਹੱਥਾਂ 'ਤੇ ਲਾਈ,
ਬੱਤੀਆਂ ਬਣ-ਬਣ ਲਹਿੰਦੀ।
ਮਹਿੰਦੀ ਸ਼ਗਨਾਂ ਦੀ,
ਬਿਨ ਧੋਤਿਆਂ ਨੀ ਲਹਿੰਦੀ।


ਇੱਕ ਡੰਗ ਦਾ ਦੁੱਧ ਸਾਰਾ ਪਿਆਇਆ, ਲਿਆਣ ਬਹਾਈ ਢਾਣੀ।
ਇੱਕ ਡੰਗ ਦੇ 'ਚੋਂ ਕੀ ਕੱਢ ਲੂੰਗੀ, ਫਿਰਨੀ ਨਹੀਂ ਮਧਾਣੀ।
ਆਏ-ਗਏ ਦਾ ਘਰ ਵੇ ਸਖਤਿਆ, ਕੀ ਪਾ ਦੂੰਗੀ ਪਾਣੀ?
ਭਲਿਆਂ ਮੂੰਹਾਂ ਤੋਂ ਬੁਰੇ ਪੈਣਗੇ, ਤੈਂ ਨਾ ਗੱਲ ਪਛਾਣੀ।
ਮੇਰੇ ਸਿਰ 'ਤੇ ਵੇ, ਤੈਂ ਮੌਜ ਬਥੇਰੀ ਮਾਣੀ।


ਪਹਿਲੀ ਵਾਰ ਮੈਂ ਆਈ ਮਕਲਾਵੇ, ਪਾ ਕੇ ਸੁਨਿਹਰੀ ਬਾਣਾ।
ਮਾਲਕ ਮੇਰਾ ਕਾਲ-ਕਲੀਟਾ, ਅੱਖੋਂ ਹੈਗਾ ਕਾਣਾ।
ਖੋਟੇ ਕਰਮ ਹੋ ਗਏ ਮੇਰੇ, ਵੇਖੋ ਰੱਬ ਦਾ ਭਾਣਾ।
ਏਥੇ ਨਹੀਂ ਰਹਿਣਾ, ਮੈਂ ਪੇਕੀਂ ਤੁਰ ਜਾਣਾ।


ਨੌਕਰ ਨੂੰ ਤਾਂ ਨਾਰ ਪਿਆਰੀ
ਜਿਉਂ ਵਾਹਣਾ ਨੂੰ ਪਾਣੀ
ਲੱਗੀ ਦੋਸਤੀ ਚੱਕੀਆਂ ਸ਼ਰਮਾਂ
ਰੋਟੀ 'ਕੱਠਿਆਂ ਖਾਣੀ
ਭਿੱਜ ਗਈ ਬਾਹਰ ਖੜੀ
ਤੈਂ ਛਤਰੀ ਨਾ ਤਾਣੀ


ਨਾ ਵੇ ਪੂਰਨਾ ਚੋਰੀ ਕਰੀਏ
ਨਾ ਵੇ ਮਾਰੀਏ ਡਾਕਾ
ਬਾਰਾਂ ਬਰਸ ਦੀ ਸਜ਼ਾ ਬੋਲਜੂ
ਪੀਹਣਾ ਪੈ ਜੂ ਆਟਾ
ਨੇੜੇ ਆਈ ਦੀ ਬਾਂਹ ਨਾ ਫੜੀਏ
ਲੋਕ ਕਹਿਣਗੇ ਡਾਕਾ
ਕੋਠੀ ਪੂਰਨ ਦੀ
ਵਿੱਚ ਪਰੀਆਂ ਦਾ ਵਾਸਾ


ਵਿੱਚ ਬਾਗਾਂ ਦੇ ਸੋਹੇ ਕੇਲਾ
ਖੇਤਾਂ ਵਿੱਚ ਰਹੂੜਾ
ਤੈਨੂੰ ਵੇਖ ਕੇ ਤਿੰਨ ਵਲ ਖਾਵਾਂ
ਖਾ ਕੇ ਮਰਾਂ ਧਤੂਰਾ
ਕਾਹਨੂੰ ਪਾਇਆ ਸੀ
ਪਿਆਰ ਵੈਰਨੇ ਗੂੜ੍ਹਾ


ਆ ਵਣਜਾਰਿਆ ਬਹਿ ਵਣਜਾਰਿਆ
ਆਈਂ ਹਮਾਰੇ ਘਰ ਵੇ
ਚਾਰ ਕੁ ਕੁੜੀਆਂ ਕਰ ਲੂੰ 'ਕੱਠੀਆਂ
ਕਿਉਂ ਫਿਰਦਾ ਦਰ ਦਰ ਵੇ
ਝਿੜਕਾਂ ਰੋਜ਼ ਦੀਆਂ
ਮੈਂ ਜਾਉਂਗੀ ਮਰ ਵੇ


ਮੈਲਾ ਕੁੜਤਾ ਸਾਬਣ ਥੋੜੀ
ਬਹਿ ਪਟੜੇ ਤੇ ਧੋਵਾਂ
ਪਾਸਾ ਮਾਰ ਕੇ ਲੰਘ ਗਿਆ ਕੋਲ ਦੀ
ਛੰਮ ਛੰਮ ਅੱਖੀਆਂ ਰੋਵਾਂ
ਬਾਹੋਂ ਫੜ ਕੇ ਪੁਛਣ ਲੱਗੀ
ਕਦੋਂ ਕਰੇਂਗਾ ਮੋੜੇ
ਵੇ ਆਪਣੇ ਪਿਆਰਾਂ ਦੇ
ਮੌਤੋਂ ਬੁਰੇ ਵਿਛੋੜੇ


ਪ੍ਰੀਤਾਂ ਮੈਨੂੰ ਕਦਰ ਬਥੇਰੀ
ਲਾ ਕੇ ਤੋੜ ਨਿਭਾਵਾਂ
ਕੋਇਲੇ ਸਾਉਣ ਦੀਏ
ਤੈਨੂੰ ਹੱਥਾਂ 'ਤੇ ਚੋਗ ਚੁਗਾਮਾਂ


ਜੇਠ ਹਾੜ ਦੇ ਤੱਤੇ ਮਹੀਨੇ
ਤੱਤੀਆਂ ਚੱਲਣ ਹਵਾਵਾਂ
ਤੈਨੂੰ ਧੁੱਪ ਲਗਦੀ
ਮੈਂ ਬਦਲੀ ਬਣ ਜਾਵਾਂ


ਹੀਰਿਆਂ ਹਰਨਾ ਬਾਗੀ ਚਰਨਾਂ
ਬਾਗ ਨੇ ਨੇੜੇ ਤੇੜੇ
ਮਿੱਤਰਾਂ ਨੂੰ ਯਾਦ ਕਰਾਂ
ਹਰ ਚਰਖੇ ਦੇ ਗੇੜੇ


ਬਾਗ ਲਵਾਇਆ ਬਗੀਚਾ ਲਵਾਇਆ
ਵਿੱਚ ਵਿੱਚ ਬੋਲਣ ਮੋਰ
ਦੁਨੀਆਂ ਲੱਖ ਫਿਰਦੀ
ਮੈਨੂੰ ਤੇਰੇ ਜਿਹਾ ਨਾ ਕੋਈ ਹੋਰ


ਭਾਰਾ ਮੁਲਕ ਮਾਹੀ ਦਾ ਵਸੇ
ਨਾ ਮੇਰਾ ਨਾ ਤੇਰਾ
ਚੰਨ ਭਾਵੇਂ ਨਿੱਤ ਚੜ੍ਹਦਾ
ਸਾਨੂੰ ਸੱਜਣਾ ਬਾਝ ਹਨੇਰਾ
ਜੇਰਾ ਜੇਰਾ ਜੇਰਾ
ਪੂਣੀਆਂ ਮੈਂ ਢਾਈ ਕੱਤੀਆਂ
ਟੁੱਟ ਪੈਣੇ ਦਾ ਤੇਰਵ੍ਹਾਂ ਗੇੜਾ
ਨੰਘ ਗਿਆ ਨੱਕ ਵੱਟ ਕੇ
ਤੈਨੂੰ ਮਾਣ ਵੇ ਚੰਦਰਿਆ ਕਿਹੜਾ
ਸ਼ੀਸ਼ਾ ਦੇਖ ਲੈ ਕੇ ਮੁੰਡਿਆ
ਤੇਰੇ ਰੰਗ ਤੋਂ ਤੇਜ ਰੰਗ ਮੇਰਾ
ਝਾਕਦੀ ਦੀ ਅੱਖ ਪਕਗੀ
ਕਦੇ ਪਾ ਵਤਨਾਂ ਵੱਲ ਫੇਰਾ


ਲੋਈ ਲੋਈ ਲੋਈ
ਲੁਕ ਛਿਪ ਮਿਲ ਮਿੱਤਰਾ
ਕਾਹਨੂੰ ਕਰਦਾ ਫਿਰੇਂ ਬਦਖੋਈ
ਜੱਗ ਵਿੱਚ ਵਸਦਾ ਰਹੇਂ
ਹੱਥ ਬੰਨ੍ਹ ਕੇ ਕਰਾਂ ਅਰਜੋਈ
ਭੁੱਖ ਤੇਰੇ ਦਰਸ਼ਣ ਦੀ
ਮੈਨੂੰ ਹੋਰ ਨਾ ਤ੍ਰਿਸ਼ਣਾ ਕੋਈ


ਡਾਕੇ ਡਾਕੇ ਡਾਕੇ
ਜਾਂਦੀ ਜੱਟੀ ਮੇਲੇ ਨੂੰ
ਤੁਰਦੀ ਨਾਗਵਲ ਖਾ ਕੇ
ਗੁੱਟ ਤੇ ਪਵਾਉਣੀ ਮੋਰਨੀ
ਮੈਂ ਤਾਂ ਵਿੱਚ ਮੇਲੇ ਦੇ ਜਾ ਕੇ
ਤੈਨੂੰ ਪੱਟ ਲੈਣਗੇ
ਜੱਟ ਫਿਰਦੇ ਹੱਥਾਂ ਨੂੰ ਥੁੱਕ ਲਾ ਕੇ
ਕਰਦੂੰ ਗਜ ਵਰਗਾ
ਕੋਈ ਦੇਖੇ ਤਾਂ ਜੱਟੀ ਨੂੰ ਹੱਥ ਲਾ ਕੇ
ਨਾ ਜਾਈਂ ਮੇਲੇ ਨੂੰ
ਕੋਈ ਲੈ ਜੂ ਜੇਬ 'ਚ ਪਾ ਕੇ


ਚਾਦੀਂ ਚਾਦੀਂ ਚਾਦੀਂ
ਸੁੱਤਿਆ ਜਾਗ ਪੂਰਨਾ
ਤੇਰੇ ਕੋਲ ਦੀ ਕੁਆਰੀ ਕੁੜੀ ਜਾਂਦੀ
ਕੁਆਰੀ ਦਾ ਐਸਾ ਹੁਸਨ ਐ
ਜਿਉਂ ਗਰਸਾਂ ਦੀ ਚਾਂਦੀ
ਵਿੱਛੜੇ ਮਿਤਰਾਂ ਦੀ
ਸੋਚ ਹੱਡਾਂ ਨੂੰ ਖਾਂਦੀ


ਮੱਠੀਆਂ ਮੱਠੀਆਂ ਮੱਠੀਆਂ
ਤੇਰਾ ਮੇਰਾ ਇੱਕ ਮਨ ਵੇ
ਤੇਰੀ ਮਾਂ ਨੇ ਦਰੈਤਾਂ ਰੱਖੀਆਂ
ਤੈਨੂੰ ਦੇਵੇ ਕੁੱਟ ਚੂਰੀਆਂ
ਮੈਨੂੰ ਚੰਦਰੇ ਘਰਾਂ ਦੀਆਂ ਲੱਸੀਆਂ
ਤੇਰੇ ਫਿਕਰਾਂ 'ਚ
ਰੋਜ ਘਟਾਂ ਤਿੰਨ ਰੱਤੀਆਂ
ਸੁਣ ਵੇ ਮੁੰਡਿਆ ਕੈਂਠੇ ਵਾਲਿਆ
ਕੈਂਠਾ ਪਾਲਸ਼ ਕੀਤਾ
ਮੈਂ ਤਾਂ ਤੈਨੂੰ ਖੜੀ ਉਡੀਕਾਂ
ਤੂੰ ਤੁਰ ਗਿਆ ਚੁੱਪ ਕੀਤਾ
ਜੋੜੀ ਨਾ ਬਣਦੀ
ਪਾਪ ਜਿਨ੍ਹਾਂ ਦਾ ਕੀਤਾ


ਤਾਵੇ ਤਾਵੇ ਤਾਵੇ
ਰਾਹ ਸੰਗਰੂਰਾਂ ਦਾ
ਮੁੰਡਾ ਪੜ੍ਹਨ ਕਾਲਜੇ ਜਾਵੇ
ਰਾਹ ਵਿਚ ਕੁੜੀ ਟੱਕਰੀ
ਮੁੰਡਾ ਦੇਖ ਕੇ ਨੀਵੀਂਆਂ ਪਾਵੇ
ਫੇਲ੍ਹ ਕਰਾਤਾ ਨੀ
ਤੈਂ ਲੰਮੀਏਂ ਮੁਟਿਆਰੇ


ਕਾਲੀ ਚੁੰਨੀ ਲੈਨੀ ਆ ਕੁੜੀਏ
ਬਚ ਕੇ ਰਹੀਏ ਜਹਾਨੋਂ
ਚੰਗੇ ਬੰਦਿਆਂ ਨੂੰ ਲੱਗਣ ਤੁਹਮਤਾਂ
ਗੋਲੇ ਡਿੱਗਣ ਅਸਮਾਨੋਂ
ਪਿਆਰੀ ਤੂੰ ਲਗਦੀ
'ਕੇਰਾਂ ਬੋਲ ਜਬਾਨੋਂ


ਕੋਰਾ ਕਾਗਜ਼ ਨੀਲੀ ਸਿਆਹੀ
ਗੂੜ੍ਹੇ ਅੱਖਰ ਪਾਵਾਂ
ਨਹੀਂ ਤਾਂ ਗੱਭਰੂਆ ਆਜਾ ਘਰ ਨੂੰ
ਲੈ ਆ ਕਟਾ ਕੇ ਨਾਮਾ
ਭਰੀ ਜਵਾਨੀ ਇਓਂ ਢਲ ਜਾਂਦੀ
ਜਿਓਂ ਬਿਰਛਾਂ ਦੀਆਂ ਛਾਵਾਂ
ਇਸ ਜਵਾਨੀ ਨੂੰ
ਕਿਹੜੇ ਖੂਹ 'ਚ ਪਾਵਾਂ
ਜਾਂ
ਸੱਸੀਏ ਮੋੜ ਪੁੱਤ ਨੂੰ
ਹੱਥ ਜੋੜ ਕੇ ਵਾਸਤੇ ਪਾਵਾਂ


ਇਸ਼ਕ-ਮੁਸ਼ਕ ਗੁੱਝੇ ਨਾ ਰਹਿੰਦੇ
ਲੋਕ ਸਿਆਣੇ ਕਹਿੰਦੇ
ਬਾਗਾਂ ਦੇ ਵਿੱਚ ਕਲੀਆਂ ਉੱਤੇ
ਆਣ ਕੇ ਭੌਰੇ ਬਹਿੰਦੇ
ਲੋਕੀਂ ਭੈੜੇ ਸ਼ੱਕ ਕਰਦੇ
ਚਿੱਟੇ ਦੰਦ ਹਸਣੋ ਨਾ ਰਹਿੰਦੇ


ਵੀਰ ਮੇਰੇ ਨੇ ਕੁੜ੍ਹਤੀ ਦਿੱਤੀ
ਭਾਬੋ ਨੇ ਫੁਲਕਾਰੀ
ਨੀ ਜੱਗ ਜੀਅ ਭਾਬੋ
ਲੱਗੇਂ ਵੀਰ ਤੋਂ ਪਿਆਰੀ


ਵੀਰ ਮੇਰੇ ਨੇ ਪੱਠੇ ਲਿਆਂਦੇ
ਵਿੱਚ ਲਿਆਂਦੇ ਆਗ
ਨੀ ਸਤ ਵੰਨੀਏ ਭਾਬੋ
ਕਦੇ ਤਾਂ ਬੀਬੀ ਆਖ


ਵੀਰ ਮੇਰੇ ਨੇ ਚਰਖਾ ਦਿੱਤਾ
ਵਿਚ ਲਵਾਈਆਂ ਮੇਖਾਂ
ਵੀਰਾ ਤੈਨੂੰ ਯਾਦ ਕਰਾਂ
ਮੈਂ ਜਦ ਚਰਖੇ ਵੱਲ ਵੇਖਾਂ


ਵੀਰ ਮੇਰੇ ਨੇ ਕੁੜ੍ਹਤੀ ਭੇਜੀ
ਉਹ ਵੀ ਆ ਗਈ ਠੀਕ
ਜਦ ਮੈਂ ਪਾ ਨਿੱਕਲੀ
ਜਲ ਜਲ ਜਾਣ ਸ਼ਰੀਕ


ਵੀਰ ਮੇਰੇ ਨੇ ਖੂਹ ਲਵਾਇਆ
ਵਿਚ ਸੁੱਟੀਆਂ ਤਲਵਾਰਾਂ
ਚਰਖ਼ੇ ਸੁੰਨੇ ਪਏ
ਕਿੱਧਰ ਗਈਆਂ ਮੁਟਿਆਰਾਂ


ਵਗਦੀ ਰਾਵੀ ਦੇ ਵਿੱਚ
ਸੁਰਮਾ ਕੀਹਨੇ ਡੋਲ੍ਹਿਆ
ਸੱਸੜੀ ਦਾ ਪੁੱਤ ਕਦੇ
ਹੱਸ ਕੇ ਨਾ ਬੋਲਿਆ


ਵਗਦੀ ਰਾਵੀ ਦੇ ਵਿੱਚ
ਰੁੜ੍ਹਨ ਸ਼ਤੀਰ ਵੇ
ਮਾਣ ਜਵਾਨੀ ਢੋਲਾ 
ਸਾਡੀ ਤਾਂ ਅਖੀਰ ਵੇ


ਵਗਦੀ ਰਾਵੀ ਦੇ ਵਿੱਚ
ਰੁੜ ਗਏ ਪਤਾਸੇ ਵੇ
ਆਪ ਤੁਰ ਗਇਓਂ
ਨਾਲ ਲੈ ਗਿਆ ਤੂੰ ਹਾਸੇ ਵੇ


ਵਗਦੀ ਰਾਵੀ ਦੇ ਵਿੱਚ
ਘੁੱਗੀਆਂ ਦਾ ਜੋੜਾ ਵੇ
ਇੱਕ ਘੁਗੀ ਉੱਡੀ
ਲੰਮਾ ਪੈ ਗਿਆ ਵਿਛੋੜਾ ਵੇ


ਵਗਦੀ ਰਾਵੀ ਦੇ ਵਿੱਚ
ਸੁੱਟਦੀ ਆਂ ਮੇਖਾਂ
ਬਣ ਪਟਵਾਰੀ
ਤੈਨੂੰ ਲਿਖਦੇ ਨੂੰ ਦੇਖਾਂ


ਵਗਦੀ ਰਾਵੀ ਦੇ ਵਿੱਚ
ਨ੍ਹਾਉਣ ਨੀ ਕੁਆਰੀਆਂ
ਕੰਨੀਂ ਬੁੰਦੇ ਨੀ ਸਈਓ
ਅੱਖਾਂ ਲੋੜ੍ਹੇ ਮਾਰੀਆਂ


ਵਗਦੀ ਰਾਵੀ ਦੇ ਵਿੱਚ
ਦੋ ਸਾਧੂ ਨ੍ਹਾਉਂਦੇ
ਚੱਕ ਦੇ ਪੱਲਾ ਨੀ
ਤੇਰੇ ਪੈਰੀਂ ਹੱਥ ਲਾਉਂਦੇ


ਵਗਦੀ ਰਾਵੀ ਦੇ ਵਿੱਚ
ਦੋ ਸਾਧੂ ਨ੍ਹਾਉਂਦੇ
ਕਿੱਕਣ ਚੱਕਾਂ ਵੇ
ਘਰ ਡੰਡਾ ਖੜਕਾਉਂਦੇ


ਵਗਦੀ ਰਾਵੀ ਦੇ ਵਿੱਚ
ਸਾਗ ਚਲਾਈ ਦਾ
ਮੈਂ ਨਾ ਜੰਮਦੀ ਮਾਹੀਆ
ਵੇ ਤੂੰ ਕਿੱਥੋਂ ਵਿਆਹੀਦਾ


ਵਗਦੀ ਰਾਵੀ ਦੇ ਵਿੱਚ
ਗੰਨੇ ਦੀਆਂ ਗੰਨੇਰੀਆਂ
ਤੂੰ ਨਾ ਜੰਮਦੀ ਗੋਰੀਏ
ਨੀ ਮੈਨੂੰ ਹੋਰ ਬਥੇਰੀਆਂ


ਵਗਦੀ ਰਾਵੀ ਦੇ ਵਿੱਚ
ਸੁੱਟਦੀ ਆਂ ਆਨਾ
ਖੋਲ੍ਹ ਕੇ ਜਾਈਂ ਵੇ
ਸਾਡਾ ਸ਼ਗਨਾ ਦਾ ਗਾਨਾ


ਵਗਦੀ ਸੀ ਰਾਵੀ
ਵਿੱਚ ਘੁੱਗੀਆਂ ਦਾ ਜੋੜਾ
ਇੱਕ ਘੁੱਗੀ ਉੱਡੀ
ਲੰਮਾ ਪੈ ਗਿਆ ਵਿਛੋੜਾ


ਇਸ਼ਕ ਤੰਦੂਰ ਹੱਡਾਂ ਦਾ ਬਾਲਣ
ਦੋਜਕ ਨਾਲ ਤਪਾਵਾਂ
ਕੱਢ ਕਾਲਜਾ ਕਰ ਲਾਂ ਪੇੜੇ
ਇਸ਼ਕ ਪਲੇਥਣ ਲਾਵਾਂ
ਕੁੱਟ ਚੂਰੀ ਮੈਂ ਪੋਣੇ ਬੰਨ੍ਹਦੀ
ਘਿਓ ਨੈਣਾਂ ਦਾ ਪਾਵਾਂ
ਜਿਗਰੀ ਯਾਰ ਦੀਆਂ
ਬਹਿ ਕੇ ਔਸੀਆਂ ਪਾਵਾਂ


ਸੁਣ ਨੀ ਮੇਲਣੇ ਨੱਚਣ ਆਲੀਏ
ਰੂਪ ਤੇਰਾ ਹੈ ਬਾਹਲਾ
ਮੱਥੇ ਤੇਰੇ ਬਿੰਦੀ ਸੋਂਹਦੀ
ਜਿਉਂ ਅਹਿਰਨ ਵਿਚ ਫ਼ਾਲਾ
ਚਿੱਟੇ ਟੂਲ ਦੀ ਕੁੜਤੀ ਸਮਾ ਲੈ
ਉੱਤੇ ਲੈ ਲਾ ਡੋਰੀਆ ਕਾਲਾ
ਹਸਦੀ ਦੇ ਫੁੱਲ ਕਿਰਦੇ
ਚੁਗਦਾ ਫਿਰੇ ਕੁਮਾਰਾ
ਰਾਤੀਂ ਕੀ ਗੁਜਰੀ
ਦੱਸ ਪਤਲੋ ਦਿਆ ਯਾਰਾ


ਨੀ ਨੱਕ ਵਿਚ ਤੇਰੇ ਲੌਂਗ ਤੇ ਮਛਲੀ
ਮੱਥੇ ਚਮਕੇ ਟਿੱਕਾ
ਤੇਰੇ ਮੂਹਰੇ ਚੰਨ ਅੰਬਰਾਂ ਦਾ
ਲਗਦਾ ਫਿੱਕਾ ਫਿੱਕਾ
ਨੀਂ ਹੱਥੀਂ ਤੇਰੇ ਛਾਪਾਂ ਛੱਲੇ
ਬਾਹੀਂ ਚੂੜਾ ਛਣਕੇ
ਨੀ ਕੱਦ ਨੱਚੇਂਗੀ
ਨੱਚ ਲੈ ਪਟੋਲਾ ਬਣਕੇ


ਸਾਉਣ ਮਹੀਨੇ ਲੱਗਣ ਝੜੀਆਂ
ਭਾਦੋਂ ਵਿਚ ਅੜਾਕੇ
ਤੇਲ ਬਾਝ ਨਾ ਪੱਕਣ ਗੁਲਗੁਲੇ
ਦੇਖ ਰਹੀ ਪਰਤਿਆ ਕੇ
ਹੀਰ ਨੇ ਰਾਂਝੇ ਦੇ
ਰੱਖ 'ਤੇ ਕੰਨ ਪੜਵਾ ਕੇ


ਘਰ ਜਿਨ੍ਹਾਂ ਦੇ ਲਾਗੋ ਲਾਗੀ
ਖੇਤ ਜਿਨ੍ਹਾਂ ਦੇ ਨਿਆਈਆਂ
ਉੱਚੀਆਂ ਚਰ੍ਹੀਆਂ ਸੰਘਣੇ ਬਾਜਰੇ
ਖੇਡਣ ਲੁਕਣ ਮਚਾਈਆਂ
ਲੈ ਕੇ ਗੋਪੀਆਂ ਚੜ੍ਹਗੀ ਮਨੇ ਤੇ
ਚਿੜੀਆਂ ਖੂਬ ਉਡਾਈਆਂ
ਧੁਰ ਤੱਕ ਨਿਭਣਗੀਆਂ
ਨਿਆਣੀ ਉਮਰ ਦੀਆਂ ਲਾਈਆਂ


ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਝਾਵਾਂ
ਝਾਂਜਰ ਬਣ ਮਿੱਤਰਾ
ਤੈਨੂੰ ਅੱਡੀਆਂ ਕੂਚ ਕੇ ਪਾਵਾਂ


ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਡੋਲ
ਵਣਾਂ ਵਿੱਚ ਆਜਾ ਵੇ
ਸੁਣ ਕੇ ਮੇਰਾ ਬੋਲ


ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਰੇਤੀ
ਪਾਰ ਲੰਘਾ ਦੇ ਵੇ
ਤੂੰ ਨਦੀਆਂ ਦਾ ਭੇਤੀ


ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਛਾਪੇ
ਦਿਲ ਨੂੰ ਟਿਕਾਣੇ ਰੱਖੀਏ
ਯਾਰ ਹੋਣਗੇ ਮਿਲਣਗੇ ਆਪੇ


ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਤਾਣਾ
ਬੰਤੋ ਬਣ ਬੱਕਰੀ
ਜੱਟ ਬਣੇ ਤੂਤ ਦਾ ਟਾਹਣਾ


ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਰੋੜ
ਮੇਰੀ ਕੀਹਨੇ ਖਿੱਚ ਲਈ
ਪਤੰਗ ਵਾਲੀ ਡੋਰ


ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਪਦੀਨਾ
ਰਾਹ 'ਤੇ ਘਰ ਮੇਰਾ
ਮਿਲ ਕੇ ਜਾਈਂ ਸ਼ਕੀਨਾ


ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਇਆ ਟੱਲੀ
ਸਾਹਮਣੇ ਘਰ ਵਾਲਿਆ
ਮੈਂ ਅੱਜ ਮੁਕਲਾਵੇ ਚੱਲੀ


ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਪਾਵੇ
ਰਾਂਝੇ ਨੂੰ ਪਿੱਛੇ ਛੱਡ ਕੇ
ਮੈਥੋਂ ਪੱਬ ਚੱਕਿਆ ਨਾ ਜਾਵੇ


ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਡੰਡਾ
ਸਾਧਣੀ ਹੋ ਜਾਊਂਗੀ
ਤੈਨੂੰ ਕਰਕੇ ਰੰਡਾ


You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.