11.6 C
Los Angeles
Friday, December 27, 2024

ਮੇਰਾ ਯਾਰ ਦੁੜੂ

ਓਦੋਂ ਅਜੇ ਮੈਂ ਨੌਕਰੀ ਸ਼ੁਰੂ ਹੀ ਕੀਤੀ ਸੀ ਉਸ ਪਿੰਡ। ਜਿਥੇ ਸਕੂਲ ਬਣਿਆ ਹੋਇਆ ਸੀ, ਉਸਦੇ ਚੜ੍ਹਦੇ ਪਾਸੇ ਇੱਕ ਉੱਚੀ ਜਿਹੀ ਥਾਂ ਉੱਤੇ ਢਹਿਆਂ ਦੀਆਂ ਕੁੱਲੀਆਂ ਸਨ। ਸਕੂਲ ਦੀ ਇਮਾਰਤ ਥੋੜ੍ਹੀ ਸੀ, ਜਿਸ ਕਰਕੇ ਕੁਝ ਜਮਾਤਾਂ ਬਾਹਰ ਮੈਦਾਨ ਵਿੱਚ ਹੀ ਲਗਦੀਆਂ ਸਨ। ਸਿਆਲਾਂ ਵਿੱਚ ਮੈਦਾਨ ਤੇ ਹਾੜ੍ਹਾਂ ਵਿੱਚ ਬੋਹੜ, ਨਿੰਮ ਤੇ ਪਿੱਪਲ (ਜਿਹੜੇ ਸਕੂਲ ਦੀਆਂ ਵੱਖੀਆਂ ਵਿਚ ਹੀ ਸਨ) ਵਿਦਿਆਰਥੀਆਂ ਦੀਆਂ ਬੈਠਣ-ਥਾਵਾਂ ਹੁੰਦੀਆਂ। ਉਹਨਾਂ ਦਿਨਾਂ ਵਿੱਚ ਮੈਂ ਆਪਣੀ ਜਮਾਤ ਨੂੰ, ਹੋਰਾਂ ਨਾਲੋਂ ਦੂਰ, ਇੱਕ ਬੋਹੜ ਥੱਲੇ ਪੜ੍ਹਾਉਂਦਾ ਹੁੰਦਾ। ਉਸ ਬੋਹੜ ਦੇ ਨਾਲ ਹੀ, ਥੋੜ੍ਹਾ ਜਿਹਾ ਹਟ ਕੇ ਵੱਡੀਆਂ-ਵੱਡੀਆਂ ਰੂੜੀਆਂ ਸਨ, ਟੋਏ ਸਨ ਤੇ ਟੋਇਆਂ ਵਿਚਕਾਰ ਉੱਭਰਵੀਆਂ ਥਾਵਾਂ ਉੱਤੇ ਘਾਹ ਉੱਗਿਆ ਹੋਇਆ ਸੀ।

⁠ਉਹਨਾਂ ਰੂੜੀਆਂ ਉੱਤੇ ਓਦੋਂ ਦੁੜੂ ਗਧੀਆਂ ਚਾਰਦਾ ਹੁੰਦਾ। ਉਹ ਦੇ ਕੋਲ ਇੱਕ ਗਧਾ, ਤਿੰਨ ਗਧੀਆਂ ਤੇ ਦੋ ਗਧੀਆਂ ਦੇ ਬੱਚੇ ਸਨ। ਚਰਦੇ ਤਾਂ ਉਹ ਰੁੜੀਆਂ ਉੱਤੇ ਆਪ ਹੀ ਰਹਿੰਦੇ। ਜਦੋਂ ਕਦੇ ਉਹਦੀ ਕੋਈ ਗਧੀ ਸਕੂਲ ਦੇ ਮੈਦਾਨ ਵਿੱਚ ਆ ਵੜਦੀ, ਤਾਂ ਮੋੜ ਕੇ ਉਹ ਉਸਨੂੰ ਰੂੜੀਆਂ ਵੱਲ ਕਰ ਦਿੰਦਾ। ਸਾਰਾ-ਸਾਰਾ ਦਿਨ ਉਹ ਮੇਰੇ ਕੋਲ ਬੈਠਾ ਰਹਿੰਦਾ। ਮੁੰਡਿਆਂ ਵੱਲ ਮੁਤਰ-ਮੁਤਰ ਝਾਕੀ ਜਾਂਦਾ। ਓਦੋਂ ਉਹਦੀ ਉਮਰ ਮਸਾਂ ਦਸ-ਬਾਰ੍ਹਾਂ ਸਾਲ ਦੀ ਹੋਵੇਗੀ। ਤੇੜ ਜਾਂਘੀਆ, ਪੈਰ ਨੰਗੇ, ਸਿਰ ਮੁੰਨਿਆ ਹੋਇਆ ਤੇ ਨੰਗਾ ਅਤੇ ਗਲ ਵਿੱਚ ਖਲ ਵਰਗਾ ਮੋਟਾ ਮੈਲਾ ਖੁੱਲ੍ਹੇ ਗਲਮੇ ਵਾਲਾ ਕੁੜਤਾ। ਹੱਥ ਵਿੱਚ ਹਮੇਸ਼ਾ ਉਸਦੇ ਪਹਾੜੀ ਅੱਕ ਦਾ ਕਾਂਬੜਾ ਫੜਿਆ ਹੁੰਦਾ। ਪਿੰਡੋਂ ਨਿੱਤ ਮੈਂ ਆਪਣੇ ਡਬਕੁ ਵਿੱਚ ਰੋਟੀ ਲੈ ਕੇ ਆਉਂਦਾ ਸਾਂ। ਅੱਧੀ ਛੁੱਟੀ ਵੇਲੇ ਜਦ ਮੈਂ ਰੋਟੀ ਖਾਂਦਾ ਤਾਂ ਇੱਕ ਰੋਟੀ, ਤੁੱਕਿਆਂ ਦਾ ਆਚਾਰ ਉੱਤੇ ਧਰ ਕੇ ਦੁੜੂ ਨੂੰ ਵੀ ਦੇ ਦਿੰਦਾ। ਰੋਟੀ ਲੈਣ ਤੋਂ ਉਹ ਹਮੇਸ਼ਾਂ ਨਾਂਹ-ਨਾਂਹ ਕਰਦਾ ਰਹਿੰਦਾ, ਪਰ ਰੋਜ਼ ਹੀ ਰੋਟੀ ਮੈਥੋਂ ਲੈ ਕੇ ਖਾ ਲੈਂਦਾ ਸੀ। ਮੈਨੂੰ ਉਹ ਪਿਆਰਾ ਬੜਾ ਲੱਗਦਾ।

⁠ਫੇਰ ਉਹ ਕਈ ਦਿਨ ਮੇਰੇ ਕੋਲ ਆਇਆ ਨਾ। ਉਹ ਕੁੱਲੀਆਂ ਵਿਚੋਂ ਹੀ ਨਹੀਂ ਸੀ ਆਇਆ। ਗਧੀਆਂ ਉਹਦੀਆਂ ਉਥੇ ਇਕੱਲੀਆਂ ਹੀ ਚਰਦੀਆਂ ਰਹਿੰਦੀਆਂ। ਜੇ ਕੋਈ ਗਧੀ ਸਕੂਲ ਵਿੱਚ ਵੜਦੀ, ਤਾਂ ਸਾਡੇ ਮੁੰਡੇ ਹੀ ਉਸ ਨੂੰ ਡੱਕਰ ਕੇ ਬਾਹਰ ਕੱਢ ਦਿੰਦੇ। ਕਈ ਦਿਨਾਂ ਪਿੱਛੋਂ ਫਿਰ ਉਹ ਇੱਕ ਦਿਨ ਆ ਗਿਆ। ਆਉਣ ਸਾਰ ਉਸ ਨੇ ਮੈਨੂੰ ਦੱਸਿਆ ਕਿ ਮੂਹਰਲੀ ਲੱਤ ਵਾਲੀ ਲੰਗੜੀ ਗਧੀ ਨੇ ਉਸ ਦੇ ਟੀਟਣਾ ਮਾਰਿਆ ਸੀ ਤੇ ਉਸਦੀ ਦੀ ਸੁਕੜੰਜ ਉੱਤੇ ਖਾਸੀ ਸੱਟ ਲੱਗੀ ਸੀ।

⁠ਆਪਣੀ ਜਮਾਤ ਦੇ ਮੁੰਡਿਆਂ ਨਾਲ ਮੈਂ ਉਸਨੂੰ ਗੱਲਬਾਤ ਕਰਨ ਵੀ ਲਾ ਲਿਆ ਸੀ। ਮੁੰਡੇ ਉਸ ਨੂੰ ਚਹੇਡਾਂ ਕਰਦੇ ਰਹਿੰਦੇ ਪਰ ਉਸ ਨੇ ਕਦੇ ਗੁੱਸਾ ਨਹੀਂ ਸੀ ਮੰਨਿਆ। ਇੱਕ ਮੁੰਡਾ ਤਾਂ ਅੱਖ ਬਚਾ ਕੇ ਉਸ ਦੇ ਟਿੰਡ ਵਰਗੇ ਸਿਰ ਉੱਤੇ ਠੋਲਾ ਵੀ ਲਾ ਜਾਂਦਾ, ਪਰ ਦੁੜੂ ਸਿਰਫ਼ ਮੁਸਕਰਾ ਛੱਡਦਾ।

⁠ਫਿਰ ਉਥੋਂ ਮੇਰੀ ਬਦਲੀ ਹੋ ਗਈ। 

⁠ਨਵੇਂ ਥਾਂ ਜਾ ਕੇ ਉਹ ਮੇਰੇ ਯਾਦ ਆਉਂਦਾ ਰਹਿੰਦਾ।

⁠ਜਦੋਂ ਕਦੇ ਮੈਂ ਆਪਣੇ ਪਿੰਡ ਜਾਂਦਾ ਤਾਂ ਮਾਂ ਦੱਸਦੀ ਕਿ “ਐਥੇ ਚੌਦਾਂ ਪੰਦਰਾਂ ਸਾਲਾਂ ਦਾ ਇੱਕ ਮੰਗਤਾ ਔਂਦਾ ਹੁੰਦੈ। ਕਹਿੰਦੈ, ਮੈਂ ਮਾਸਟਰ ਜੀ ਨੂੰ ਜਾਣਦਾਂ। ਬਾਘੀ ਬਲਾਂ ਵਧੀਆ ਪੌਂਦੇ। ਰੋਟੀ ਖਾ ਜਾਂਦੈ, ਕਦੇ ਲੱਸੀ ਪੀ ਜਾਂਦੈ।” ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਧਰਵਾਸ ਜਿਹਾ ਆ ਜਾਂਦਾ। ਮੈਂ ਸਮਝਦਾ ਕਿ ਦੁੜੂ ਦਾ ਰਿਸ਼ਤਾ ਅਜੇ ਵੀ ਮੇਰੇ ਨਾਲ ਕਾਇਮ ਹੈ।

⁠ਇੱਕ ਵਾਰੀ ਮੈਂ ਖ਼ਾਸੇ ਚਿਰ ਪਿੱਛੋਂ ਪਿੰਡ ਆਇਆ, ਤਾਂ ਮਾਂ ਨੇ ਦੱਸਿਆ ਕਿ ਹੁਣ ਦੁੜੂ ਕਦੇ ਨਹੀਂ ਆਇਆ। ਪਿੰਡੋਂ ਜਦ ਮੈਂ ਮੁੜ ਕੇ ਗਿਆ ਤਾਂ ਉਹ ਆਪਣੇ ਪਿੰਡ ਦੀ ਸੜਕ ਉੱਤੇ ਮੈਨੂੰ ਚਾਣਚੱਕ ਮਿਲ ਗਿਆ। ਸਾਇਕਲ ਉੱਤੋਂ ਉੱਤਰ ਕੇ ਮੈਂ ਉਸ ਨੂੰ ਬੜੇ ਮੋਹ ਨਾਲ ਮਿਲਿਆ। ਉਹ ਮੈਨੂੰ ਮਿਲ ਕੇ ਬਹੁਤ ਜ਼ਿਆਦਾ ਖ਼ੁਸ਼ ਹੋਇਆ। ਕਾਫ਼ੀ ਦੇਰ ਬਾਅਦ ਮਿਲਿਆ ਸੀ। ਉਹ ਗੱਲਾਂ ਕਰਦਾ ਅੱਧ ਕੁ ਦਾ ਹੋ ਕੇ ਬੋਲਦਾ ਸੀ। ਜਿਵੇਂ ਉਸ ਨੂੰ ਕੁਝ ਲੱਭ ਪਿਆ ਸੀ। ਮੈਂ ਉਸ ਨੂੰ ਪੁੱਛਿਆ-‘ਹੁਣ ਤੂੰ ਕੀ ਕਰਦਾ ਹੁੰਨੈ?’ ਉਹ ਕਹਿੰਦਾ-‘ਹੁਣ ਤਾਂ ਮਾਸ਼ਟਰ ਜੀ ਮੈਂ ਮੰਗਣਾ ਛੱਡ ’ਤਾ। ਹੁਣ ਮੈਂ ਸੂਰ ਚਾਰਦਾ ਹੁੰਨਾ।’ ਤੇ ਉਸ ਨੇ ਮੈਨੂੰ ਆਖਿਆ- “ਤੂੰ, ਮਾਸ਼ਟਰ ਜੀ ਚਾਹ ਪੀ ਕੇ ਜਾਈਂ। ਮੈਂ ਹੁਣੇ ਕੁੱਲੀਆਂ ‘ਚੋਂ ਡੋਲੂ ਭਰਵਾ ਲਿਉਨਾਂ। ਮੈਂ ਉਸ ਨੂੰ ਆਖਿਆ ਕਿ ਮੈਂ ਪਿੰਡਾਂ ਸਭ ਠੀਕ ਠਾਕ ਹੋ ਕੇ ਆਇਆ ਹਾਂ ਤੇ ਕਾਸੇ ਚੀਜ਼ ਦੀ ਹੁਣ ਲੋੜ ਨਹੀਂ। ਉਸ ਨੇ ਬਹੁਤ ਜ਼ੋਰ ਲਾਇਆ, ਪਰ ਮੈਂ ਮੰਨਿਆ ਨਾ। ਉਹ ਗੁੱਸੇ ਜਿਹਾ ਹੋ ਕੇ ਕਹਿੰਦਾ- “ਸਾਡੇ ਗ਼ਰੀਬਾਂ ਦਾ ਤੂੰ ਕਾਹਨੂੰ ਮਾਸਟਰ ਜੀ ਕੁਸ ਖਾਨੈਂ। ਚੰਗਾ ਆ ਤਾਂ ਲੈ ਜਾ। ਗਾਹਾਂ ਜਾ ਕੇ ਤੱਤੇ ਕਰ ਲੀਂ।” ਚਾਰ ਅੰਡੇ ਮੁਰਗੀ ਦੇ ਆਪਣੇ ਗੀਝੇ ਵਿਚੋਂ ਕੱਢ ਕੇ ਉਸ ਨੇ ਮੈਨੂੰ ਪੇਸ਼ ਕੀਤੇ। ਮੈਂ ਫੜ ਲਏ। ਉਹ ਬੇਹੱਦ ਪ੍ਰਸੰਨ ਹੋਇਆ। ‘ਕਦੇ ਆਸ਼ਕਾਂ ਦੀਆਂ ਕੁੱਲੀਆਂ ‘ਚ ਵੀ ਗੇੜਾਂ ਮਾਰ ਜਿਹਾ ਕਰ।”

⁠ਕਈ ਮਹੀਨੇ ਲੰਘ ਗਏ ਸਨ ਤੇ ਉਹ ਹੁਣ ਕਦੇ ਮੈਨੂੰ ਮਿਲਿਆ ਨਹੀਂ ਸੀ। ਪਰ ਉਹ ਮੇਰੇ ਯਾਦ ਬਹੁਤ ਆਉਂਦਾ ਰਹਿੰਦਾ। ਉਸ ਦਿਨ ਉਸਦੇ ਪਿੰਡ ਕੋਲ ਸੜਕ ਉੱਤੇ ਕੀਤੀਆਂ ਉਹਦੇ ਨਾਲ ਗੱਲਾਂ ਮੇਰੇ ਬਹੁਤ ਯਾਦ ਆਉਂਦੀਆਂ। ਓਦਣ ਹਰ ਗੱਲ ਉਹ ਹੱਸ-ਹੱਸ ਕਰਦਾ ਸੀ। ਜਦੋਂ ਹੱਸਦਾ ਤਾਂ ਉਸ ਦੇ ਮੂੰਹ ਵਿਚਲਾ ਸੋਨੇ ਦਾ ਦੰਦ ਲਿਸ਼ਕਾਂ ਮਾਰਦਾ ਸੀ। ਅੱਖਾਂ ਵਿੱਚ ਉਹ ਨੇ ਉਸ ਦਿਨ ਗੂੜ੍ਹਾ ਧਾਰੀਦਾਰ ਕੱਜਲ ਪਾਇਆ ਸੀ।

⁠ਜਿਸ ਪਿੰਡ ਮੈਂ ਮਾਸਟਰ ਲੱਗਿਆ ਹੋਇਆ ਸੀ, ਉਸ ਦਿਨ ਉਹ ਪਤਾ ਨਹੀਂ ਕਿਥੋਂ ਆ ਠਹਿਕਿਆ। ਉਹ ਰੰਗ-ਬਰੰਗੀਆਂ ਭੰਬੀਰੀਆਂ ਤੇ ਡੌਰੂ ਵੇਚ ਰਿਹਾ ਸੀ। ਮੈਂ ਉਸਨੂੰ ਪੁੱਛਿਆ- “ਦੜੂ, ਐਡੀ ਦੂਰ ਤੂੰ ਕਿਵੇਂ ਆ ਗਿਆ?” ਉਹ ਕਹਿੰਦਾ- “ਢਿੱਡ ਕਰੌਂਦੇ ਮਾਸਟਰ ਜੀ, ਸੂਰ ਬੁੜ੍ਹੇ ਨੇ ਵੇਚ ਤੇ, ਤੇ ਹੁਣ ਮੈਂ ਇਹ ਕਰਨ ਲੱਗ ਪਿਆ। ਉਸ ਦਿਨ ਰਾਤ ਨੂੰ ਉਹ ਮੇਰੇ ਕੋਲ ਹੀ ਰਹਿ ਪਿਆ ਸੀ। 

⁠ਇੱਕ ਵਾਰੀ ਪਿੰਡ ਮੈਂ ਬੇਬੇ ਤੋਂ ਘਿਓ ਲੈਣ ਗਿਆ। ਮੇਰੀ ਘਰ ਵਾਲੀ ਨੇ ਜ਼ਹਿਮਤ ਡਿੱਗਣਾ ਸੀ। ਬੇਬੇ ਨੇ ਦੱਸਿਆ ਕਿ ‘ਦੁੜੂ ਇੱਕ ਛੱਜ ਦੇ ਗਿਐ। ਛੱਜ ਬੜਾ ਵਧੀਐ। ਪੈਸੇ ਵੀ ਲੈ ਕੇ ਨੀ ਗਿਆ।’ ਬੇਬੇ ਦੀ ਗੱਲ ਸੁਣ ਕੇ ਮੈਂ ਮੁਸਕਰਾਇਆ ਕਿ ਦੁੜੂ ਤਾਂ ਸੌ ਰੰਗ ਬਦਲਦਾ ਹੈ। ਕਦੇ ਗਧੀਆਂ ਚਾਰਦਾ ਹੁੰਦਾ ਸੀ। ਕਦੇ ਬਾਘੀਆਂ ਪਾ ਪਾ ਮੰਗਦਾ ਹੁੰਦਾ ਸੀ। ਫੇਰ ਸੂਰ ਚਾਰਨ ਲੱਗ ਪਿਆ। ਫੇਰ ਕਾਗ਼ਜ਼ ਦੀਆਂ ਭੰਬੀਰੀਆਂ ਤੇ ਡੌਰੂ ਅਤੇ ਹੁਣ ਪਿੜਾਂ ਦਾ ਮੌਕਾ ਹੈ ਤਾਂ ਛੱਜ-ਛਜਲੀਆਂ ਵੇਚਦਾ ਫਿਰਦਾ ਹੈ।

⁠ਇੱਕ ਵਾਰੀ ਉਹ ਮੈਨੂੰ ਸਾਡੇ ਪਿੰਡ ਦੇ ਨੇੜੇ ਸੜਕ ਉੱਤੇ ਹੀ ਟੱਕਰ ਪਿਆ। ਮੈਂ ਚਾਰ ਪੰਜ ਦਿਨਾਂ ਲਈ ਪਿੰਡ ਨੂੰ ਆ ਰਿਹਾ ਸਾਂ। ਉਸ ਦਿਨ ਉਹ ਮੇਰੇ ਕੋਲ ਦੀ ਸਾਇਕਲ ਲੰਘਾ ਕੇ ਲੈ ਗਿਆ ਤੇ ਮੈਨੂੰ ਉਸ ਨੇ ਬੁਲਾਇਆ ਤਕ ਨਾ। ਮੈਂ ਹੈਰਾਨ ਕਿ ਦੁੜੁ ਬੋਲਿਆ ਕਿਉਂ ਨਹੀਂ। ਸ਼ਾਇਦ ਮੈਂ ਸਿਆਣ ਵਿੱਚ ਨਾ ਆਇਆ ਹੋਵਾਂ। ਜਾਂ ਸ਼ਾਇਦ ਉਹ ਐਵੇਂ ਹੀ ਸੰਗ ਗਿਆ ਹੋਵੇ। ਪਰ ਉਹ ਸੰਗਣ ਵਾਲਾ ਤਾਂ ਬੰਦਾ ਨਹੀਂ ਸੀ। ਉਸ ਨੇ ਆਪਣੇ ਸਾਇਕਲ ਦੇ ਮਗਰ ਡੰਗਰਾਂ ਦੇ ਹੱਡ ਲੱਦੇ ਹੋਏ ਸਨ। ਘਰ ਜਾ ਕੇ ਮੈਂ ਆਪਣੇ ਮਨ ਵਿੱਚ ਉਹਦੇ ਉੱਤੇ ਬਹੁਤ ਖਿਝਦਾ ਰਿਹਾ।

⁠ਪਿੰਡੋਂ ਜਿਸ ਦਿਨ ਮੈਂ ਮੁੜ ਕੇ ਜਾਣਾ ਸੀ, ਉਸ ਦਿਨ ਠੰਡ ਬੜੀ ਸੀ। ਤੜਕੇ-ਤੜਕੇ ਧੁੰਦ ਬੜੀ ਸੀ ਤੇ ਫਿਰ ਐਨੀ ਤੇਜ਼ ਹਵਾ ਵਗ ਪਈ ਕਿ ਸਾਰੀ ਧੁੰਦ ਚੁੱਕੀ ਗਈ। ਹਵਾ ਨੇ ਪਾਲਾ ਐਨਾ ਕਰ ਦਿੱਤਾ ਸੀ ਕਿ ਨੰਗਾ ਹੱਥ ਬਾਹਰ ਕੱਢਣ ਨੂੰ ਜੀਅ ਨਹੀਂ ਸੀ ਕਰਦਾ।ਪਿੰਡੋਂ ਚੱਲ ਕੇ ਇੱਕ ਮੀਲ ਸਾਇਕਲ ਚਲਾਇਆ ਹੋਵੇਗਾ ਕਿ ਮੇਰੀ ਤਾਂ ਬਸ ਹੋ ਗਈ। ਹੱਥ ਗੜੇ ਵਾਗੂੰ ਠਰ ਗਏ। ਉਗਲਾਂ ਮੁੜਦੀਆਂ ਨਹੀਂ ਸਨ। ਪੈਰ ਵਿੱਚ ਜੁੱਤੀ ਪਾਈ ਹੋਈ ਹੈ ਜਾਂ ਨਹੀਂ। ਥੋੜੀ ਦੂਰ ਹੋਰ ਅੱਗੇ ਜਾ ਕੇ ਮੈਂ ਦੇਖਿਆ, ਦੁੜੂ ਝਾਫਿਆਂ ਦੀ ਅੱਗ ਮਚਾਈ ਬੈਠਾ ਸੀ ਤੇ ਸੇਕ ਰਿਹਾ ਸੀ। ਉਸ ਨੂੰ ਦੇਖ ਕੇ ਮੈਂ ਉਸ ਦੇ ਕੋਲ ਜਾ ਕੇ ਸਾਇਕਲ ਉੱਤੋਂ ਉੱਤਰ ਗਿਆ। ਉਹ ਭੱਜ ਕੇ ਮਿਲਿਆ। ਧੂਣੀ ਕੋਲ ਖੜ੍ਹਨਸਾਰ ਮੈਂ ਉਸ ਨੂੰ ਪੁੱਛਿਆ- ‘ਚੌਥੇ ਬੋਲਿਆ ਨੀ ਓਏ, ਜਾਤੇ?” ਉਹ ਨਰਮ ਜਿਹਾ ਹੋ ਕੇ ਕਹਿੰਦਾ-‘ਸੱਚੀ ਗੱਲ ਦੱਸਾਂ ਮਾਸ਼ਟਰ ਜੀ?’ ਮੈਂ ਕਿਹਾ- ‘ਦੱਸ।’ ਉਹ ਕਹਿੰਦਾ- ‘ਬਈ ਮੇਰੇ ਸੈਕਲ ‘ਤੇ ਹੱਡ ਲੱਦੇ ਸੀ। ਮੈਂ ਆਖਿਆ ਜੇ ਖੜਾ ਤਾਂ ਮੁਸ਼ਕ ਆਊ ਮਾਸ਼ਟਰ ਨੂੰ। ਸਾਡਾ ਤਾਂ ਭਲਾ ਕਿੱਤਾ ਈ ਐ।’ ਮੈਂ ਉਸ ਦੀ ਵੱਖੀ ਉੱਤੇ ਪੋਲੀ ਜਿਹੀ ਮੁੱਕੀ ਧਰ ਦਿੱਤੀ ਤੇ ਕਿਹਾ-‘ਸਾਇਕਲ ਨੂੰ ਪਰ੍ਹੇ ਕਰਕੇ ਖੜ੍ਹਾ ਦਿੰਦਾ ਤੇ ਤੂੰ ਖੜ੍ਹ ਕੇ ਕੋਈ ਗੱਲ ਤਾਂ ਕਰ ਜਾਂਦਾ।’ ਉਹ ਨਿਮੋਝੂਣਾ ਜਿਹਾ ਹੋ ਕੇ ਮੁਸਕਰਾਇਆ। ਅਸੀਂ ਹੋਰ ਕੋਈ ਗੱਲਾਂ ਕਰਦੇ ਰਹੇ। ਅੱਗ ਬੁਝਦੀ ਜਾਂਦੀ ਸੀ। ਉਹ ਭੱਜ ਕੇ ਨੇੜੇ ਦੇ ਖੇਤ ਵਿੱਚੋਂ ਦੋ ਪੂਲੀਆਂ ਕੜਬ ਦੀਆਂ ਚੁੱਕ ਲਿਆਇਆ ਤੇ ਧੂਣੀ ਉੱਤੇ ਧਰ ਦਿੱਤੀਆਂ। ਉਸ ਨੇ ਆਪਣੀ ਜੇਬ ਵਿੱਚੋਂ ਸਿਗਰਟਾਂ ਦੀ ਡੱਬੀ ਕੱਢੀ ਤੇ ਇੱਕ ਸਿਗਰਟ ਧੂਣੀ ਉੱਤੋਂ ਸੁਲਘਾ ਕੇ ਖਿੱਚਵਾਂ ਸੂਟਾ ਲਾਇਆ। ਮੂੰਹ ਵਿੱਚੋਂ ਧੂੰਏਂ ਦਾ ਵਰੋਲਾ ਕੱਢ ਕੇ ਉਹ ਕਹਿੰਦਾ- ‘ਪਾਣੀ ਪੰਪ ਦਾ, ਸਿਗਰਟ ਲੰਪ ਦਾ।’ ਉਸ ਦਾ ਸੋਨੇ ਦਾ ਦੰਦ ਲਿਸ਼ਕਿਆ।

⁠ਹੋਰ ਸੁਣਾ ਫੇਰ, ਜਵਾਕ ਕੈ ਕੁ ਬਣਾ ਲੇ? ਮੈਂ ਉਸ ਤੋਂ ਪੁੱਛਿਆ। ਉਹ ਚੁੱਪ ਜਿਹਾ ਹੋ ਕੇ ਦੱਸਣ ਲੱਗਿਆ- ‘ਜਵਾਕ ਤਾਂ ਇੱਕ ਮੁੰਡੈ, ਇੱਕ ਕੁੜੀ ਐ ਤੇ ਇੱਕ ਅੱਜ ਭਲਕ ਹੋਣ ਵਾਲੈ।’ ਥੋੜ੍ਹਾ ਜਿਹਾ ਰੁਕ ਕੇ ਫਿਰ ਉਹ ਆਪ ਹੀ ਬੋਲਿਆ- “ਸਾਡੇ ਜਵਾਕਾਂ ਦਾ ਕੀਹ ਐ ਮਾਸਟਰ ਜੀ, ਰੁਲ ਖੁਲ ਕੇ ਪਲ ਜਾਂਦੇ ਨੇ। ਤਮ੍ਹਾਤੜਾਂ ਦੇ ਘਰਾਂ ਤੋਂ ਈ ਮੰਗ ਪਿੰਨ ਕੇ ਖਾਣੈ। ਹੋਰ ਕੀ ਉਹਨਾਂ ਨੇ ਜੈਦਾਤਾਂ ਸਾਂਭਣੀਆਂ ਨੇ।’

⁠ਗੱਲਾਂ ਕਰਦੇ ਕਰਦੇ ਅਸੀਂ ਧੂਣੀ ਉੱਤੋਂ ਖੜ੍ਹੇ ਹੋ ਗਏ ਤੇ ਆਪਣੇ-ਆਪਣੇ ਸਾਇਕਲਾਂ ਦੇ ਹੈਂਡਲਾਂ ਨੂੰ ਜਾ ਫੜਿਆ। ਸਾਇਕਲਾਂ ਨੂੰ ਅੱਡੀ ਦੇਣ ਤੋਂ ਪਹਿਲਾਂ ਸੜਕ ਦੇ ਵਿਚਾਲੇ ਖੜ੍ਹੇ ਵੀ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਅਜੇ ਕਰ ਰਹੇ ਸੀ। ਓਧਰੋਂ ਇੱਕ ਆਦਮੀ ਆਇਆ। ਮੋਟਾ ਢਿੱਡਲ ਆਦਮੀ। ਉਹ ਵੀ ਸਾਇਕਲ ਉੱਤੇ ਸਵਾਰ ਸੀ। ਉਸ ਦੇ ਸਿਰ ਉੱਤੇ ਲੜ-ਛੱਡਵਾਂ ਬਦਾਮੀ ਸਾਫ਼ਾ ਬੰਨ੍ਹਿਆ ਹੋਇਆ ਸੀ। ਦਾੜੀ ਮੁੰਨੀ ਹੋਈ, ਪਰ ਮੁੱਛਾਂ ਪੂਰੀਆਂ ਰੱਖੀਆਂ ਹੋਈਆਂ। ਉਸ ਦੀਆਂ ਮੁੱਛਾਂ ਦੇ ਸਿਰੇ ਥੱਲੇ ਨੂੰ ਖਾਖਾਂ ਕੋਲ ਦੀ ਹੋ ਕੇ ਉਤਾਂਹ ਉੱਠੇ ਹੋਏ ਸਨ। ਮੈਨੂੰ ਹਾਸੀ ਆ ਗਈ ਤੇ ਲੱਗਿਆ ਜਿਵੇਂ ਉਹਦੀਆਂ ਮੁੱਛਾਂ ਸਲੇਟ ਉੱਤੇ ਵਾਹੀ ਤਕਸੀਮ ਹੋਵੇ। ਮੈਂ ਉਸ ਦੀਆਂ ਮੁੱਛਾਂ ਵੱਲ ਵੇਖ ਰਿਹਾ ਸੀ, ਪਰ ਉਹ ਪਾਲੇ ਦਾ ਭੰਨਿਆਂ ਧੁਖਦੀ ਹੋਈ ਧੂਣੀ ਵੱਲ ਝਾਕ ਰਿਹਾ ਸੀ। ਠਰੇ ਹੋਏ ਹੱਥਾਂ ਨਾਲ ਉਸ ਤੋਂ ਆਪਣਾ ਸਾਇਕਲ ਸਾਂਭਿਆ ਨਾ ਗਿਆ ਤੇ ਮੇਰੇ ਸਾਇਕਲ ਦੇ ਵਿੱਚ ਆ ਕੇ ਵੱਜਿਆ। ਸਾਰਾ ਉਸ ਦਾ ਕਸੂਰ ਸੀ ਜਾਂ ਉਸ ਦੀ ਬੇਬਸੀ ਸੀ। ਮੈਂ ਤਾਂ ਖੜ੍ਹਾ ਸੀ। ਪਰ ਉਹ ਢਿੱਡਲ ਮੇਰੇ ਉੱਤੇ ਬੁੜ੍ਹਕ ਪਿਆ- “ਰਾਹ ’ਚ ਖੜ੍ਹੈਂ ਬੇਵਕੂਫ਼ਾ, ਅੱਖਾਂ ਫੁੱਟੀਆਂ ਹੋਈਆਂ ਨੇ।” ਮੈਂ ਭਮੱਤਰ ਗਿਆ ਤੇ ਹੈਰਾਨ ਕਿ ਢਿੱਡਲ ਆਪਣਾ ਕਸੂਰ ਤਾਂ ਮੰਨਦਾ ਨਹੀਂ ਤੇ ਮੈਨੂੰ ਖਾਹ-ਮਖਾਹ ਦੋਸ਼ ਦਿੰਦਾ ਹੈ। ਉਸ ਦੀ ਰੜਕਵੀਂ ਗੱਲ ਕਹਿਣ ਨਾਲ ਮੇਰੇ ਸਰੀਰ ਵਿੱਚ ਸੂਈਆਂ ਚੁਭਣ ਲੱਗ ਪਈਆਂ। ਮੈਂ ਕੁਝ ਕਹਿਣ ਵਾਲਾ ਸੀ ਕਿ ਦੁੜੂ ਨੇ ਆਪਣੇ ਸਾਇਕਲ ਦੇ ਕੈਰੀਅਰ ਵਿੱਚ ਫਸਾਇਆ ਹੱਡ ਬੰਨ੍ਹਣ ਵਾਲਾ ਰੱਸਾ ਖੋਲ੍ਹ ਕੇ ਉਸ ਦੇ ਗਲ ਵਿੱਚ ਪਾ ਲਿਆ ਤੇ ਵੱਟ ਦੇਣਾ ਸ਼ੁਰੂ ਕਰ ਦਿੱਤਾ। ਨਾਲ ਦੀ ਨਾਲ ਕਹੀ ਜਾਵੇਂ- ‘ਮਾਸ਼ਟਰ ਨੂੰ ਬੇਵਕੂਫ ਕਿਮੇਂ ਆਖਿਐ ਓਏ ਕੁੱਪਿਆ?’ ਢਿੱਡਲ ਹੱਫਲ ਗਿਆ। ਉਸ ਤੋਂ ਕੁਝ ਵੀ ਨਹੀਂ ਸੀ ਹੋ ਰਿਹਾ। ਉਸ ਦਾ ਸਾਇਕਲ ਉਸ ਦੇ ਹੱਥਾਂ ਵਿੱਚੋਂ ਨਿਕਲ ਕੇ ਸੜਕ ਉੱਤੇ ਜਾ ਡਿੱਗਿਆ। ਮੈਂ ਦੁੜੂ ਦੇ ਮੌਰਾਂ ਉੱਤੇ ਧੱਫਾ ਮਾਰਿਆ ਤੇ ਆਖਿਆ ਕਿ ਉਹ ਉਸ ਦੇ ਗਲ ਵਿੱਚੋਂ ਰੱਸਾ ਕੱਢ ਲਵੇ। ਉਹ ਪਰ ਹਟਿਆ ਨਾ ਤੇ ਢਿੱਡਲ ਦੀਆਂ ਅੱਖਾਂ ਦੇ ਆਂਡੇ ਬਾਹਰ ਨਿਕਲ ਆਏ। ਮੈਂ ਧੱਕਾ ਦੇ ਕੇ ਦੂੜੂ ਨੂੰ ਪਰ੍ਹੇ ਕਰ ਦਿੱਤਾ ਤੇ ਫੁਰਤੀ ਨਾਲ ਢਿੱਡਲ ਦੇ ਗਲ ਵਿੱਚੋਂ ਰੱਸਾ ਖੋਲ੍ਹ ਦਿੱਤਾ। ਦਬਾ ਸੱਟ ਰੱਸਾ ਚੁੱਕ ਕੇ ਦੁੜੂ ਨੇ ਸਾਇਕਲ ਉੱਤੇ ਪੈਰ ਧਰਿਆ ਤੇ ਔਹ ਗਿਆ। ਜਾਣ ਲੱਗਿਆਂ ਉਹ ਮੇਰੇ ਵੱਲ ਖਚਰੀ ਹਾਸੀ ਹੱਸਿਆ। ਮੈਂ ਦੇਖਿਆ, ਉਸ ਦਾ ਸੋਨੇ ਦਾ ਦੰਦ ਦੂਣ ਸਵਾਇਆ ਲਿਸ਼ਕ ਰਿਹਾ ਸੀ। ਹੱਥ ਬੰਨ੍ਹ ਕੇ ਮੈਂ ਉਸ ਢਿੱਡਲ ਤੋਂ ਮਾਫ਼ੀ ਮੰਗੀ ਤੇ ਮਸਾਂ ਖਹਿੜਾ ਛੁਡਾਇਆ।

⁠ਫਿਰ ਜਦੋਂ ਕਦੇ ਮੈਂ ਪਿੰਡ ਜਾਂਦਾ ਤੇ ਜਦੋਂ ਕਦੇ ਦੁੜੂ ਮੈਨੂੰ ਟੱਕਰਦਾ ਤਾਂ ਉਸ ਢਿੱਡਲ ਦੀ ਗੱਲ ਛੇੜ ਕੇ ਉਹ ਬੜਾ ਲੋਟ-ਪੋਟ ਹੁੰਦਾ।

⁠ਪੰਜ ਛੀ ਮਹੀਨੇ ਫਿਰ ਮੈਂ ਪਿੰਡ ਨਾ ਗਿਆ ਤੇ ਦੁੜੂ ਵੀ ਮੈਨੂੰ ਕਿਤੇ ਨਾ ਮਿਲਿਆ।

⁠ਇੱਕ ਵਾਰੀ ਦੇਰ ਬਾਅਦ ਮੈਂ ਪਿੰਡ ਗਿਆ। ਮੈਨੂੰ ਦੁੜੂ ਦੇ ਪਿੰਡ ਵਾਲੇ ਸਕੂਲ ਵਿੱਚ ਇੱਕ ਖ਼ਾਸ ਕੰਮ ਸੀ। ਮੈਂ ਉਸ ਪਿੰਡ ਵੀ ਕੁਝ ਸਮੇਂ ਲਈ ਚਲਿਆ ਗਿਆ। ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ। ਨਾ ਉਹ ਉੱਚੀ ਜਿਹੀ ਥਾਂ ਅਤੇ ਨਾ ਹੀ ਉਥੇ ਕੁੱਲੀਆਂ ਸਨ। ਨੇੜੇ-ਤੇੜੇ ਵੀ ਕੁੱਲੀਆਂ ਕਿਤੇ ਨਾ ਦਿਸੀਆਂ। ਇੱਕ ਬੰਦੇ ਨੇ ਦੱਸਿਆ ਕਿ ਢਹੇ ਤਾਂ ਗਧੀਆਂ ਉੱਤੇ ਆਪਣਾ ਢਿੱਛ-ਪੱਤ ਲੱਦ ਕੇ ਛੀ ਮਹੀਨੇ ਹੋ ਗਏ, ਪਤਾ ਨਹੀਂ ਕਿਧਰ ਨੂੰ ਚਲੇ ਗਏ। ਉੱਚੀ ਥਾਂ ਨੂੰ ਪੱਧਰ ਕਰਕੇ ਪੱਕੀਆਂ ਇੱਟਾਂ ਦਾ ਇੱਕ ਖੁੱਲ੍ਹਾ ਸਾਰਾ ਵਾਗਲ ਮਾਰਿਆ ਹੋਇਆ ਸੀ। ਪਤਾ ਲੱਗਿਆ ਕਿ ‘ਸਰਦਾਰ’ ਨੇ ਇਹ ਥਾਂ ਮੁੱਲ ਲੈ ਲਈ ਹੈ ਤੇ ਏਥੇ ਹੁਣ ਉਸ ਦਾ ‘ਥਰੈਸ਼ਰ’ ਲੱਗ ਰਿਹਾ ਹੈ।

ਟੁੰਡਾ

ਮੇਰਾ ਨਵਾਂ ਕਹਾਣੀ-ਸੰਗ੍ਰਹਿ ਪ੍ਰੈੱਸ ਵਿੱਚ ਸੀ।ਉਹਨਾਂ ਦਿਨਾਂ ਵਿੱਚ ਕਈ ਵਾਰ ਮੈਨੂੰ ਜਲੰਧਰ ਜਾਣਾ ਪਿਆ ਸੀ। ਰਾਤ ਦੀ ਗੱਡੀ ਜਾ ਕੇ ਅਗਲੀ ਸਵੇਰ ਸਾਰਾ ਦਿਨ ਕੰਮ ਕਰਦਾ ਤੇ ਫਿਰ ਓਸੇ ਦਿਨ ਦੀ ਗੱਡੀ ਹੀ ਵਾਪਸ ਆ ਜਾਂਦਾ। ਸਾਡੇ ਵੱਲ ਧੂਰੀ ਨੂੰ ਆਉਣ ਵਾਲੀ ਗੱਡੀ ਜਲੰਧਰ ਸਾਢੇ ਬਾਰਾਂ, ਪੌਣੇ ਇੱਕ ਆਉਂਦੀ।ਰੋਟੀ ਖਾਣ ਤੇ ਫਿਰ ਪ੍ਰੈੱਸ ਵਿੱਚ ਹੀ ਕਿਸੇ ਨਾਲ ਯੱਕੜ ਮਾਰ-ਮਾਰ ਕੇ ਮਸਾਂ ਦਸ ਵੱਜਦੇ। ਤੇ ਫਿਰ ਅਗਲੀ ਤਰੀਕ ਦਾ ਅਖ਼ਬਾਰ ਵੀ ਆਊਟ ਹੋ ਚੁੱਕਿਆ ਹੁੰਦਾ, ਪਰਚਾ ਫੋਲਡ ਕਰਨ ਵਾਲੇ ਕਾਮਿਆਂ...

ਬਘੇਲੋ ਸਾਧਣੀ

ਗਲ-ਤੇੜ ਕੁੜਤੀ-ਸਲਵਾਰ ਤੇ ਸਿਰ ਦੇ ਵਾਲ਼ਾਂ ਦਾ ਬੰਦਿਆਂ ਵਾਂਗ ਜੂੜਾ ਕਰਕੇ ਦੋ ਗਜ਼ ਚਾਰਖਾਨੇ ਸਮੋਸੇ ਦਾ ਸਾਫ਼ਾ ਬੰਨ੍ਹਿਆ ਹੋਇਆ, ਨੱਕ-ਕੰਨ ਦੀ ਟੂਮ ਕੋਈ ਨਹੀਂ, ਪੈਰੀਂ ਮੋਡੀ ਜੁੱਤੀ, ਮੋਢੇ ਧਰੀ ਕੰਨ ਤੱਕ ਉੱਚੀ ਡਾਂਗ, ਇਹ ਬਘੇਲੋ ਸਾਧਣੀ ਹੈ। ਉਹਦੇ ਮੂੰਹ ’ਤੇ ਉਹਨੂੰ ਬਘੇਲ ਕੁਰ ਆਖਦੈ ਹਰ ਕੋਈ। ਅੱਗੇ ਜਾ ਰਹੀਆਂ ਦੋ ਮੱਝਾਂ ਤੇ ਇੱਕ ਵੱਛੀ, ਪਿੱਛੇ ਉਹਦਾ ਛੋਟਾ ਪੋਤਾ, ਵੱਡੇ ਮੁੰਡੇ ਦਾ, ਨੱਚਦਾ-ਟੱਪਦਾ, ਥਾਂ ਦੀ ਥਾਂ ਖੜ੍ਹਦਾ ਤੇ ਫੇਰ ਤੁਰ ਪੈਂਦਾ।⁠ਪਸ਼ੂ ਅਗਾਂਹ ਨਿੱਕਲ ਗਏ। ਬਘੇਲੋ ਸੱਥ ਵਿੱਚ ਖੜ੍ਹ ਗਈ ਹੈ।...

ਕਦੋਂ ਫਿਰਨਗੇ ਦਿਨ

ਪਿੰਡਾਂ ਦੇ ਅਜੋਕੇ ਜੀਵਨ ਸਬੰਧੀ ਮੈਂ ਇੱਕ ਲੇਖ ਤਿਆਰ ਕਰਨਾ ਸੀ। ਸੋਚਿਆ, ਅਖ਼ਬਾਰੀ ਤੇ ਕਿਤਾਬੀ ਅੰਕੜਿਆਂ ਨੂੰ ਲੈ ਕੇ ਗੱਲ ਨਹੀਂ ਬਣਨੀ। ਤੱਥ ਵੀ ਤਾਂ ਬਦਲਦੇ ਰਹਿੰਦੇ ਹਨ। ਕਿਉਂ ਨਾ ਕੁਝ ਪਿੰਡਾਂ ਵਿੱਚੋਂ ਘੁੰਮ ਫਿਰ ਕੇ ਸਰਵੇਖਣ ਕੀਤਾ ਜਾਵੇ। ਵੱਖ-ਵੱਖ ਘਰਾਂ ਵਿੱਚ ਜਾ ਕੇ ਪਰਿਵਾਰ ਦੇ ਲੋਕਾਂ ਨਾਲ ਗੱਲਾਂ ਕੀਤੀਆਂ ਜਾਣ। ਉਹਨਾਂ ਦੀ ਅੰਦਰਲੀ ਪੀੜ ਨੂੰ ਫੜਿਆ ਜਾਵੇ। ਫਿਰ ਕਿਤੇ ਜਾ ਕੇ ਹੀ ਲੇਖ ਵਿੱਚ ਜਾਨ ਪੈ ਸਕੇਗੀ।⁠ਆਪਣੇ ਸ਼ਹਿਰ ਦੇ ਨੇੜੇ ਹੀ ਇੱਕ ਪਿੰਡ ਵਿੱਚ ਮੈਂ ਚਲਿਆ ਗਿਆ। ਪ੍ਰੋਗਰਾਮ...