11.5 C
Los Angeles
Thursday, December 26, 2024

ਫ਼ੈਸਲਾ

ਹੁਣ ਤੱਕ ਤਾਂ ਤੈਨੂੰ ਸ਼ਾਇਦ ਯਾਦ ਵੀ ਨਾ ਰਹਿ ਗਿਆ ਹੋਵੇ ਕਿ ਕਿਸੇ-ਕਿਸੇ ਦਿਨ ਆਪਾਂ ਅਚਾਨਕ ਹੀ ਘਰਾਂ ਤੋਂ ਗ਼ਾਇਬ ਹੋ ਜਾਂਦੇ ਤੇ ਰਾਜਪੁਰਾ ਕਾਲੋਨੀ ਵਿੱਚ ਮੇਰੇ ਇੱਕ ਦੋਸਤ ਦੇ ਚੁਬਾਰੇ ਉੱਤੇ ਸਾਰਾ ਦਿਨ ਗੁਜ਼ਾਰ ਆਉਂਦੇ। ਨਹੀਂ, ਉਹ ਮੇਰਾ ਦੋਸਤ ਨਹੀਂ ਸੀ। ਮੈਥੋਂ ਤਾਂ ਉਹ ਉਮਰ ਵਿੱਚ ਕਾਫ਼ੀ ਵੱਡਾ ਸੀ। ਉਹ ਸਾਡੇ ਪਿੰਡ ਦਾ ਆਦਮੀ ਸੀ। ਐੱਫ.ਸੀ.ਆਈ. ਵਿੱਚ ਕੰਮ ਕਰਦਾ। ਚੁਬਾਰਾ ਕਿਰਾਏ ਉੱਤੇ ਲੈ ਕੇ ਉੱਥੇ ਇਕੱਲਾ ਰਹਿੰਦਾ। ਸਵੇਰੇ ਸਵੇਰੇ ਹੀ ਚੁਬਾਰੇ ਵਿੱਚੋਂ ਨਿੱਕਲ ਜਾਂਦਾ ਤੇ ਰਾਤ ਨੂੰ ਕਿਸੇ ਵੇਲੇ ਉੱਥੇ ਆਉਂਦਾ। ਸਿਰਫ਼ ਸੌਣ ਲਈ ਹੀ। ਚੁਬਾਰੇ ਦੇ ਜਿੰਦੇ ਦੀ ਇੱਕ ਕੁੰਜੀ ਉਹਨੇ ਮੈਨੂੰ ਫੜਾਈ ਹੋਈ ਸੀ।

⁠ਪੱਗ ਉਤਾਰ ਕੇ ਮੈਂ ਚੁਬਾਰੇ ਦੀ ਕਾਰਨਿਸ ਉੱਤੇ ਰੱਖ ਦਿੰਦਾ ਤੇ ਬੈੱਡ ਉੱਤੇ ਲੇਟ ਕੇ ਤੇਰੇ ਨਾਲ ਗੱਲਾਂ ਕਰਦਾ। ਦੁਨੀਆ ਭਰ ਦੀਆਂ ਗੱਲਾਂ। ਹੁਣ ਹਾਸਾ ਆਉਂਦਾ ਹੈ, ਉਹ ਕਿਹੋ ਜਿਹੀ ਦੁਨੀਆ ਸੀ। ਬਸ ਤੇਰੀ ਤੇ ਮੇਰੀ ਦੁਨੀਆ। ਬਹੁਤ ਛੋਟੇ ਆਕਾਰ ਦੀ ਦੁਨੀਆ। ਐਨੀ ਕੁ ਦੁਨੀਆ ਨੂੰ ਹੁਣ ‘ਦੁਨੀਆ ਭਰ’ ਕਹਿੰਦਿਆਂ ਕਿੰਨੀ ਸੰਗ ਲੱਗਦੀ ਹੈ, ਪਰ ਦੁਨੀਆ ਤਾਂ ਆਖ਼ਰ ਦੁਨੀਆ ਹੁੰਦੀ ਹੈ, ਕਿਸੇ ਦੀ ਛੋਟੀ, ਕਿਸੇ ਦੀ ਵੱਡੀ। ਉਹਨਾਂ ਦਿਨਾਂ ਵਿੱਚ ਆਪਣੇ ਲਈ ਆਪਣੀ ਉਹ ਦੁਨੀਆ ਸ਼ਾਇਦ ਬਹੁਤ ਵੱਡੀ ਸੀ। ਬਸ ਤੂੰ ਹੀ ਮੇਰੀ ਦੁਨੀਆ ਸੀ।

⁠ਦਿਨ ਢਲੇ ਜਿਹੇ ਜਦੋਂ ਆਪਾਂ ਉਸ ਚੁਬਾਰੇ ਵਿੱਚੋਂ ਨਿੱਕਲ ਕੇ ਘਰਾਂ ਨੂੰ ਆਉਣਾ ਹੁੰਦਾ ਤਾਂ ਮੈਂ ਸਿਰ ਦੇ ਵਾਲ਼ਾਂ ਨੂੰ ਹੱਥਾਂ ਦੀਆਂ ਉਂਗਲਾਂ ਨਾਲ ਕੰਘੀ ਕਰਕੇ ਜੂੜਾ ਕਰਦਾ ਤੇ ਕਾਰਨਿਸ ਉੱਤੇ ਪਈ ਪੱਗ ਨੂੰ ਓਵੇਂ ਦੀ ਓਵੇਂ ਸਿਰ ਉੱਤੇ ਟਿਕਾਅ ਲੈਂਦਾ, ਪਰ ਪੱਗ ਤਾਂ ਢਿਲਕੀ-ਢਿਲਕੀ ਲੱਗਦੀ। ਕਿਹੜਾ ਮਾਵਾ ਦਿੱਤਾ ਹੁੰਦਾ। ਸੱਤ ਮੀਟਰੀ ਪੱਗ ਸੀ। ਉਹਨਾਂ ਦਿਨਾਂ ਵਿੱਚ ਇਸ ਪ੍ਰਕਾਰ ਦੀਆਂ ਪੱਗਾਂ ਬੰਨ੍ਹਣ ਦਾ ਨਵਾਂ ਹੀ ਰਿਵਾਜ਼ ਚੱਲਿਆ ਸੀ। ਸੱਤ ਕੀ ਕਈ ਮੁੰਡੇ ਤਾਂ ਨੌਂ ਮੀਟਰ ਦੀ ਪੱਗ ਬੰਨ੍ਹਦੇ। ਵਿਚਾਲੇ ਜੋੜ ਪਾ ਕੇ ਬਣਾਈ ਇਹ ਪਗ ਖੋਲ੍ਹ ਕੇ ਫ਼ੈਲਾਈ ਜਾਂਦੀ ਤਾਂ ਇਸ ਦਾ ਆਕਾਰ ਕਿਸੇ ਤੰਬੂ ਜਿਹਾ ਲੱਗਦਾ ਜਾਂ ਮਛੇਰਿਆਂ ਦਾ ਕੋਈ ਜਾਲ਼। ਸਿਰਾਂ ਉੱਤੇ ਛੱਜ ਜਿਹਾ ਬਣਾ ਕੇ ਬੰਨ੍ਹੀਆਂ ਇਹ ਪੱਗਾਂ ਦੇਖ ਦੇਖ ਕੇ ਪੁਰਾਣੀ ਪੀੜ੍ਹੀ ਦੇ ਲੋਕ ਹੱਸਦੇ ਤੇ ਮਖ਼ੌਲ ਕਰਦੇ-‘ਆਹ ਤਾਂ ਪੂਰਾ ਥਾਨ ਈ ਵਲ੍ਹੇਟੀ ਫਿਰਦੈ ਬਈ ਸਿਰ ਨੂੰ।’ ਸਿਰ ਤੋਂ ਪੱਗ ਉਤਾਰ ਕੇ ਮੈਂ ਉਹਦੀ ਦੁਬਾਰਾ ਪੂਣੀ ਕਰਵਾਉਂਦਾ। ਇੱਕ ਸਿਰਾ ਤੇਰੇ ਹੱਥ ਤੇ ਇੱਕ ਸਿਰਾ ਮੇਰੇ ਹੱਥ। ਜਿਸ ਤਰ੍ਹਾਂ ਕਿ ਮੈਂ ਤੈਨੂੰ ਸਿਖਾਇਆ ਹੋਇਆ ਸੀ, ਤੂੰ ਬੜੇ ਸਲੀਕੇ ਨਾਲ ਪੱਗ ਦੀ ਪੂਣੀ ਕਰਵਾਉਂਦੀ। ਪੂਣੀ ਜਦੋਂ ਪੂਰੀ ਵਧੀਆ ਬਣ ਜਾਂਦੀ ਤਾਂ ਤੂੰ ਮਿੰਨ੍ਹਾ-ਮਿੰਨ੍ਹਾ ਮੁਸਕਰਾਉਂਦੀ। ਇੰਝ ਮੁਸਕਰਾਉਂਦਿਆਂ ਤੇਰੀ ਖੱਬੀ ਗੱਲ੍ਹ ਦੇ ਉਤਲੇ ਪਾਸੇ ਡੂੰਘ ਪੈਂਦਾ। ਮੇਰੀ ਛੋਟੀ ਭੈਣ ਵੀ ਇਸ ਸਲੀਕੇ ਨਾਲ ਹੀ ਮੇਰੀ ਪੱਗ ਦੀ ਪੂਣੀ ਕਰਾਇਆ ਕਰਦੀ ਸੀ। ਦੋ ਸਾਲ ਪਹਿਲਾਂ ਉਹ ਮਰ ਗਈ ਸੀ। ਸਾਰੇ ਘਰ ਵਿੱਚ ਸਿਰਫ਼ ਉਹ ਸੀ, ਜੋ ਇਸ ਸੱਤ ਮੀਟਰ ਪੱਗ ਦੀ ਚੰਗੇ ਢੰਗ ਨਾਲ ਪੂਣੀ ਕਰਵਾ ਸਕਦੀ ਹੁੰਦੀ। ਨਹੀਂ ਤਾਂ ਨਾ ਮਾਂ, ਨਾ ਛੋਟਾ ਭਾਈ ਤੇ ਨਾ ਬਾਪੂ ਨੂੰ ਇਹ ਪੂਣੀ ਕਰਵਾਉਣੀ ਆਉਂਦੀ। ਉਸ ਚੁਬਾਰੇ ਵਿੱਚ ਮੇਰੀ ਪੱਗ ਦੀ ਪੂਣੀ ਕਰਵਾਉਂਦੀ ਤੂੰ ਮੈਨੂੰ ਮੇਰੀ ਭੈਣ ਲੱਗਦੀ। ਓਹੀ ਸਲੀਕਾ, ਓਹੀ ਮਿੰਨ੍ਹੀ-ਮਿੰਨ੍ਹੀ ਮੁਸਕਾਨ, ਗੱਲ੍ਹ ਉੱਤੇ ਪੈਂਦਾ ਡੂੰਘ ਵੀ, ਓਹੀ ਭੋਲ਼ਾ ਭਾਲ਼ਾ ਚਿਹਰਾ। 

⁠ਕਦੇ ਲੱਗਦਾ, ਤੂੰ ਮੇਰੀ ਦੋਸਤ ਹੈਂ। ਅਜਿਹਾ ਓਦੋਂ ਹੁੰਦਾ, ਜਦੋਂ ਤੂੰ ਮੇਰੇ ਨਾਲ ਬਹਿਸਾਂ ਕਰਦੀ। ਮੇਰੀ ਗੱਲ ਨੂੰ ਜਾਣ-ਬੁੱਝ ਕੇ ਕੱਟਦੀ ਤੇ ਦਲੀਲਾਂ ਦਿੰਦੀ। ਜਿਵੇਂ ਤੈਨੂੰ ਹੀ ਬਹੁਤੀ ਵਾਕਫ਼ੀਅਤ ਹੋਵੇ। ਮੇਰਾ ਇੱਕ ਦੋਸਤ ਹੁੰਦਾ ਸੀ, ਬਲਕਾਰ। ਇੰਝ ਹੀ ਉਹ ਮੇਰੇ ਉੱਤੇ ਰੋਅਬ ਪਾਉਂਦਾ ਹੁੰਦਾ। ਹਰ ਗੱਲ ਵਿੱਚ ਆਪਣੇ-ਆਪ ਨੂੰ ਠੀਕ ਸਿੱਧ ਕਰਨ ਦੀ ਕੋਸ਼ਿਸ਼ ਕਰਦਾ। ਮੇਰੇ ਨਾਲ ਖਹਿਬੜ ਪੈਂਦਾ, ਪਰ ਉਹ ਮੇਰਾ ਯਾਰ ਪੱਕਾ ਸੀ। ਕਦੇ ਦਿਲ ਕਰਦਾ ਉਹਦਾ ਖਹਿੜਾ ਛੱਡ ਦਿਆਂ। ਪਰ ਬਹੁਤੀ ਵਾਰ ਸੋਚੀ ਦਾ, ਉਹ ਪਿਆਰ ਵੀ ਤਾਂ ਕਿੰਨਾ ਕਰਦਾ ਹੈ। ਉਹਦੇ ਬਗ਼ੈਰ ਤਾਂ ਮੈਂ ਰਹਿ ਨਹੀਂ ਸਕਾਂਗਾ। ਉਹ ਕਨੇਡਾ ਚਲਿਆ ਗਿਆ। ਉੱਥੇ ਉਹਦੀ ਮਾਸੀ ਦਾ ਮੁੰਡਾ ਸੀ, ਓਹੀ ਉਹਨੂੰ ਲੈ ਗਿਆ ਸੀ। ਕੋਲ ਨਹੀਂ ਤਾਂ ਕਿੰਨਾ ਯਾਦ ਆਉਂਦਾ। ਮੇਰੇ ਨਾਲ ਕਿਸੇ ਬਹਿਸ ਵਿੱਚ ਪਈ ਹੋਈ ਤੂੰ ਮੈਨੂੰ ਬਲਕਾਰ ਲੱਗਦੀ।

⁠ਪ੍ਰੇਮਿਕਾ ਤਾਂ ਤੂੰ ਮੈਨੂੰ ਓਦੋਂ ਹੀ ਲੱਗਦੀ, ਜਦੋਂ ਕਦੇ ਆਪਣੇ ਵੱਸ ਵਿੱਚ ਨਾ ਰਹਿ ਕੇ ਮੈਂ ਤੈਨੂੰ ਬੇਤਹਾਸ਼ਾ ਚੁੰਮ ਸੁੱਟਦਾ ਸਾਂ। ਜਿਵੇਂ ਕੋਈ ਬਿੱਲਾ ਮੁਰਗੀ ਉੱਤੇ ਝਪਟ ਪੈਂਦਾ ਹੋਵੇ, ਪਰ ਇਹ ਛਿਣ ਆਉਂਦੇ ਤੇ ਗੁਜ਼ਰ ਜਾਂਦੇ। ਤੂੰ ਹਮੇਸ਼ਾ ਹੀ ਮੈਨੂੰ ਇੰਝ ਕਰਨ ਤੋਂ ਰੋਕਦੀ। ਆਪਣੇ ਦੋਵੇਂ ਹੱਥਾਂ ਨਾਲ ਆਪਣਾ ਚਿਹਰਾ ਢਕ ਲੈਂਦੀ, ਪਰ ਮੈਂ ਸਾਂ ਜਿਵੇਂ ਤੇਰੇ ਹੱਥ ਤਰੁੰਡ-ਮਰੁੰਡ ਸਕਦਾ ਹੋਵਾਂ। ਛਿਣਾਂ ਦਾ ਕੋਈ ਪਰਛਾਵਾਂ ਨਹੀਂ ਹੁੰਦਾ। ਬਾਅਦ ਵਿੱਚ ਸਾਨੂੰ ਇਹ ਛਿਣ ਯਾਦ ਤੱਕ ਨਹੀਂ ਰਹਿ ਜਾਂਦੇ।

⁠ਮਾਂ ਬੀਮਾਰ ਰਹਿੰਦੀ। ਮੈਨੂੰ ਤਾਂ ਓਦੋਂ ਹੀ ਡਰ ਸੀ ਕਿ ਉਹ ਇਸ ਸੰਸਾਰ ਵਿੱਚ ਥੋੜ੍ਹਾ ਚਿਰ ਹੀ ਹੋਰ ਰਹਿ ਸਕੇਗੀ। ਮਾਂ ਆਖ਼ਰ ਮਾਂ ਹੁੰਦੀ ਹੈ। ਮਾਂ ਜਿਹਾ ਨਿੱਘ ਹੋਰ ਕਿੱਧਰੋਂ ਨਹੀਂ ਮਿਲਦਾ। ਕਦੇ ਮੈਂ ਸਿਰ ਦੁਖਣ ਦੀ ਸ਼ਿਕਾਇਤ ਕਰਦਾ ਤਾਂ ਤੂੰ ਉਸ ਚੁਬਾਰੇ ਵਿੱਚ ਮੇਰਾ ਸਿਰ ਘੁੱਟਦੀ। ਇੰਝ ਜਿਵੇਂ ਕੋਈ ਤਕੜੇ ਮਜ਼ਬੂਤ ਹੱਥਾਂ ਨਾਲ ਪਿੰਨੀਆਂ ਵੱਟ ਰਿਹਾ ਹੋਵੇ। ਬਸ ਇੰਝ ਹੀ ਮੇਰੀ ਮਾਂ ਮੇਰਾ ਸਿਰ ਘੁੱਟਿਆ ਕਰਦੀ ਸੀ।

⁠ਦੁਨੀਆ ਦੇ ਸਾਰੇ ਰਿਸ਼ਤੇ ਤੇਰੇ ਵਿੱਚ ਕਿੱਥੇ ਆ ਕੇ ਇਕੱਠੇ ਹੋ ਗਏ ਸਨ? ਤੂੰ ਪਿਆਰ ਦਾ ਇੱਕ ਮੁਜੱਸਮਾ ਹੀ ਤਾਂ ਸੀ। ਤੂੰ ਮੇਰੀ ਮਾਂ ਸੀ, ਭੈਣ ਵੀ, ਦੋਸਤ ਵੀ ਤੇ ਪੇਮਿਕਾ ਤਾਂ ਸੀ ਹੀ। ਬਸ ਇੱਕ ਰਿਸ਼ਤਾ ਬਾਕੀ ਸੀ। ਇਸ ਬਾਕੀ ਰਹਿੰਦੇ ਰਿਸ਼ਤੇ ਨਾਲ ਤੂੰ ਇੱਕ ਮੁਕੰਮਲ ਔਰਤ ਬਣ ਜਾਣਾ ਸੀ। ਪਰ ਇਸ ਰਿਸ਼ਤੇ ਦੀ ਮੈਨੂੰ ਪਹਿਚਾਣ ਨਹੀਂ ਸੀ। ਤੈਨੂੰ ਵੀ ਕੀ ਪਹਿਚਾਣ ਹੋਵੇਗੀ। ਇਹ ਵੀ ਹੋ ਸਕਦਾ ਸੀ, ਤੇਰੇ ਸਾਹਮਣੇ ਇਹੋ ਇੱਕ ਪਹਿਚਾਣ ਹੋਵੇ। ਇਹੋ ਇਕ ਤਲਾਸ਼ ਹੋਵੇ ਕਿ ਤੂੰ ਚੰਗੀ ਪਤਨੀ ਬਣ ਸਕੇਂ। ਚੰਗੀ ਪਤਨੀ ਦਾ ਮਤਲਬ ਉਹਦਾ ਪਤੀ ਵੀ ਤਾਂ ਚੰਗਾ ਹੀ ਕੋਈ ਹੋਣਾ ਚਾਹੀਦਾ ਸੀ। ਲੜਕੀ ਆਪਣੇ ਵਿੱਚ ਚੰਗੀ ਪਤਨੀ ਦੇ ਗੁਣਾਂ ਦਾ ਸੰਚਾਰ ਕਰਦੀ ਹੈ। ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਉਸ ਨੂੰ ਇੱਕ ਚੰਗੇ ਪਤੀ ਦੀ ਤਲਾਸ਼ ਹੁੰਦੀ ਹੈ।

⁠ਇਕੱਲਾ ਹੁੰਦਾ ਤਾਂ ਸੋਚਦਾ, ਤੇਰੇ ਵਿੱਚ ਮਾਂ ਹੈ ‘ਗੀ, ਭੈਣ ਹੈ ‘ਗੀ, ਦੋਸਤ ਹੈ ‘ਗੀ ਤੇ ਪ੍ਰੇਮਿਕਾ ਹੈ ‘ਗੀ ਤਾਂ ਤੇਰੇ ਅੰਦਰ ਛੁਪੀ ਬੈਠੀ ਪਤਨੀ ਕਿੰਨੀ ਵਧੀਆ ਹੋਵੇਗੀ। ਮਾਂ ਭੈਣ, ਦੋਸਤ ਤੇ ਪ੍ਰੇਮਿਕਾ ਦੀ ਜਗ੍ਹਾ ਹੀ ਤਾਂ ਪਤਨੀ ਬਣਦੀ ਹੈ। ਪਤਨੀ ਕਿੰਨੀ ਵਧੀਆ ਹੋਵੇਗੀ। ਪਤਨੀ ਵਿੱਚੋਂ ਇਹ ਚਾਰੇ ਸ਼ਬਦ ਮਨਫ਼ੀ ਕਰ ਦਿਓ ਤਾਂ ਬਾਕੀ ਇੱਕ ਖ਼ਿਲਾਅ ਰਹਿ ਜਾਂਦਾ ਹੈ। ਖ਼ਿਲਾਅ ਵਿੱਚ ਲਟਕਦੇ ਦੋ ਪ੍ਰਾਣੀ-ਇੱਕ ਆਦਮੀ, ਇੱਕ ਔਰਤ ਤੇ ਫਿਰ ਦੋਵਾਂ ਦੀ ਜ਼ਰਬ ਸਿਰਫ਼ ਬੱਚੇ।

⁠ਆਪਣਾ ਬੀ.ਏ. ਦਾ ਆਖ਼ਰੀ ਸਾਲ ਸੀ। ਇਮਤਿਹਾਨ ਨੇੜੇ ਆਏ ਤਾਂ ਆਪਾਂ ਉਸ ਰਾਜਪੁਰਾ ਕਾਲੋਨੀ ਵਾਲੇ ਚੁਬਾਰੇ ਵਿੱਚ ਜਾਣਾ ਬੰਦ ਕਰ ਦਿੱਤਾ। ਇਮਤਿਹਾਨਾਂ ਵਿੱਚ ਚੁਬਾਰੇ ਵਿੱਚੋਂ ਨਿੱਕਲ ਕੇ ਗੱਲਾਂ ਕਰਦੇ ਹੌਲ਼ੀ-ਹੌਲ਼ੀ ਤੁਰੇ ਆ ਰਹੇ ਸਾਂ, ਸੜਕ ਕਿਨਾਰੇ ਮੁੱਦਤਾਂ ਪੁਰਾਣੇ ਟੋਭੇ ਨੂੰ ਦੇਖ ਕੇ ਤੂੰ ਆਖਿਆ ਸੀ- ‘ਜੀ ਕਰਦੈ, ਇਨ੍ਹਾਂ ਪਾਣੀਆਂ ਵਿੱਚ ਸਮਾ ਜਾਈਏ। ਚੱਲ, ਇਸ ਟੋਭੇ ਵਿੱਚ ਛਾਲ ਮਾਰੀਏ। ਪਾਣੀ ਆਪਾਂ ਨੂੰ ਇੱਕ ਕਰ ਦੇਵੇਗਾ।’

⁠”ਇੱਕ ਕਰਨ ਤੋਂ ਮਤਲਬ?” ਮੈਂ ਪੁੱਛਿਆ ਸੀ। 

⁠”ਇਕੱਠੇ ਮਰ ਜਾਵਾਂਗੇ।” ਤੂੰ ਹੱਸੀ ਸੀ।

⁠ਮੌਤ ਦੇ ਨਾਉਂ ਉੱਤੇ ਵੀ ਕੋਈ ਹੱਸ ਸਕਦਾ ਹੈ, ਮੈਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੋਇਆ ਉਸ ਦਿਨ ਤੇ ਇਹ ਇੱਕ ਫਖ਼ਰ ਜਿਹਾ ਵੀ ਕਿ ਤੂੰ ਮੇਰੇ ਸਾਥ ਵਿੱਚ ਮਰ ਜਾਣ ਤੱਕ ਵੀ ਸੋਚ ਸਕਦੀ ਹੈਂ।

⁠”ਤੈਨੂੰ ਪਤੈ, ਏਸ ਟੋਭੇ ਦਾ ਨਾਉਂ ਕੀਹ ਐ?” ਮੈਂ ਗੱਲ ਬਦਲੀ। 

⁠”ਕੀ ਨਾਉਂ ਐ?”

⁠”ਇਹਨੂੰ ਕੌਲਾਂ ਵਾਲਾ ਟੋਭਾ ਕਹਿੰਦੇ ਐ।” 

⁠”ਕੌਲਾਂ ਕਿਸੇ ਕੁੜੀ ਦਾ ਨਾਉਂ ਹੋਵੇਗਾ।”

⁠”ਨਹੀਂ, ਕਿਸੇ ਰਾਣੀ ਦਾ ਨਾਉਂ ਹੋਵੇਗਾ।” ਮੈਂ ਸਿਆਪਣ ਜਿਹੀ ਵਰਤੀ।

⁠”ਕੁਛ ਵੀ ਹੋਵੇ, ਕੋਈ ਤਾਂ ਸੀ, ਜਿਸ ਦੇ ਨਾਉਂ ਉੱਤੇ ਇਸ ਟੋਭੇ ਦੀ ਯਾਦਗਾਰ ਕਾਇਮ ਹੈ। ਤੂੰ ਵੀ ਬਣਾਏਂਗਾ, ਮੇਰੀ ਕੋਈ ਯਾਦਗਾਰ।”

⁠”ਆਪਾਂ, ਜੋ ਇੱਕ ਦੂਜੇ ਨੂੰ ਐਨਾ ਪਿਆਰ ਕਰਦੇ ਆਂ, ਇਹ ਇੱਕ ਯਾਦਗਾਰ ਹੀ ਤਾਂ ਬਣੇਗੀ ਕਿਸੇ ਦਿਨ। ਇਹ ਯਾਦਗਾਰ ਦੀ ਸ਼ੁਰੂਆਤ ਹੀ ਤਾਂ ਹੈ।” ਤੇ ਫਿਰ ਮੈਂ ਭਾਵੁਕਤਾ ਦੇ ਸੰਸਾਰ ਵਿੱਚੋਂ ਬਾਹਰ ਨਿੱਕਲ ਕੇ ਤੈਨੂੰ ਦੱਸਿਆ ਸੀ- “ਕੌਲਾਂ ਕਿਸੇ ਕੁੜੀ ਜਾਂ ਰਾਣੀ ਦਾ ਨਾਉਂ ਨਹੀਂ ਸੀ, ਕੌਲ ਕੰਵਲ ਫੁੱਲ ਨੂੰ ਆਖਦੇ ਐ। ਇਸ ਤਾਲਾਬ ਵਿੱਚ ਕੰਵਲ ਫੁੱਲ ਖਿੜਦੇ ਹੋਣਗੇ। ਹੁਣ ਕੰਵਲ ਨਹੀਂ ਖਿੜਦੇ, ਇਹ ਤਲਾਬ ਵੀ ਨਹੀਂ ਰਿਹਾ, ਟੋਭਾ ਬਣ ਗਿਆ ਹੈ। ਸ਼ਹਿਰ ਦਾ ਗੰਦਾ ਪਾਣੀ ਇਕੱਠਾ ਕਰਨਾ ਹੀ ਇਸ ਟੋਭੇ ਦੀ ਕਿਸਮਤ ਹੈ।”

⁠”ਨਾ ਖਿੜਨ ਕੰਵਲ ਫੁੱਲ ਹੁਣ, ਪਰ ਨਾਉਂ ਤਾਂ ਕਾਇਮ ਐਂ-ਕੌਲਾਂ ਵਾਲਾ ਟੋਭਾ।” ਤੂੰ ਇਹ ਆਖ ਕੇ ਸ਼ਾਇਦ ਪਿਆਰ ਦੀ ਯਾਦਗਾਰ ਦਾ ਜ਼ਿਕਰ ਛੇੜਿਆ ਹੋਵੇਗਾ।

⁠ਪਰ ਓਦੋਂ ਉਹਨਾਂ ਦਿਨਾਂ ਵਿੱਚ ਕੀ ਪਤਾ ਸੀ ਕਿ ਇਹ ਗੱਲਾਂ ਹੀ ਸਿਰਫ਼ ਪਿਆਰ ਦੀ ਯਾਦਗਾਰ ਬਾਕੀ ਰਹਿ ਜਾਂਦੀਆਂ ਹਨ, ਹੋਰ ਕੁਝ ਨਹੀਂ। ਠੋਸ ਤਾਂ ਕੁਝ ਵੀ ਨਹੀਂ ਹੁੰਦਾ। ਸਮਾਂ ਪਾ ਕੇ ਇਹ ਗੱਲਾਂ ਵੀ ਭੁੱਲ-ਭੁਲਾ ਜਾਂਦੀਆਂ ਹਨ। ਗੱਲਾਂ ਸਹਾਰੇ ਜ਼ਿੰਦਗੀ ਕਦੋਂ ਕੱਟੀ ਜਾ ਸਕਦੀ ਹੈ। ਨਿਰੀਆਂ ਗੱਲਾਂ ਸਹਾਰੇ ਤਾਂ ਜ਼ਿੰਦਗੀ ਦੀ ਵਾਟ ਮੁੱਕਦੀ ਨਹੀਂ। ਗੱਲਾਂ ਤਾਂ ਫ਼ੋਕਾ ਪਾਣੀ ਹੁੰਦਾ ਹੈ, ਜਿੰਨਾ ਮਰਜ਼ੀ ਰਿੜਕੋ, ਨਿੱਕਲਦਾ ਕੁਝ ਨਹੀਂ।

⁠ਇਮਤਿਹਾਨਾਂ ਤੱਕ ਆਪਾਂ ਅੱਗੇ ਵਾਂਗ ਕਦੇ ਨਾ ਮਿਲੇ। ਤੂੰ ਆਪਣੇ ਘਰ ਪੜ੍ਹਦੀ ਰਹਿੰਦੀ, ਮੈਂ ਆਪਣੇ ਘਰ। ਕਿਸੇ ਤੋਂ ਕੋਈ ਪੜ੍ਹਾਈ ਬਾਰੇ ਵੀ ਕੁਝ ਕਦੇ ਪੁੱਛਣ ਨਾ ਆਇਆ। ਮਕਾਨਾਂ ਦੀਆਂ ਛੱਤਾਂ ਉੱਤੋਂ ਹੀ ਕਦੇ-ਕਦੇ ਤੇਰੀ ਨੂਹਾਰ ਦਿਸਦੀ ਤੇ ਇੰਝ ਹੀ ਸ਼ਾਇਦ ਤੂੰ ਮੈਨੂੰ ਕਦੇ-ਕਦੇ ਮਕਾਨ ਦੀ ਛੱਤ ਉੱਤੇ ਖੜ੍ਹੇ ਨੂੰ ਦੇਖ ਲੈਂਦੀ ਹੋਵੇਂਗੀ।

⁠ਤੇ ਫਿਰ ਇਮਤਿਹਾਨ ਵੀ ਹੋ ਗਿਆ। ਉਹਨਾਂ ਦਿਨਾਂ ਵਿੱਚ ਆਪਾਂ ਸੈਂਟਰ ਵਿੱਚੋਂ ਬਾਹਰ ਨਿੱਕਲਦੇ ਤੇ ਇੱਕ ਦੂਜੇ ਨੂੰ ਪਰਚਿਆਂ ਬਾਰੇ ਪੁੱਛਦੇ। ਤੂੰ ਦੱਸਦੀ, ਤੇਰਾ ਪਰਚਾ ਵਧੀਆ ਹੋ ਗਿਆ। ਮੈਂ ਦੱਸਦਾ, ਮੇਰਾ ਪਰਚਾ ਵੀ ਵਧੀਆ ਹੋ ਗਿਆ। ਕਿਸੇ ਇੱਕ ਅੱਧ ਸਵਾਲ ਬਾਰੇ ਗੱਲ ਵੀ ਹੋ ਜਾਂਦੀ। ਇਹ ਸਵਾਲ ਨੂੰ ਕਿਵੇਂ ਕੀਤਾ? ਮੈਂ ਇੰਝ ਕੀਤਾ ਹੈ, ਤੂੰ ਕਿਵੇਂ ਕੀਤਾ? ਤੇ ਇੰਝ ਹੀ ਅੱਡ-ਅੱਡ ਜਿਹੇ ਹੋ ਕੇ ਆਪਾਂ ਘਰਾਂ ਨੂੰ ਤੁਰ ਪੈਂਦੇ ਤੇ ਅਗਲੇ ਪਰਚੇ ਦੀ ਤਿਆਰੀ ਕਰਨ ਲੱਗਦੇ।

⁠ਇਮਤਿਹਾਨਾਂ ਬਾਅਦ ਆਪਾਂ ਰਾਜਪੁਰਾ ਕਾਲੋਨੀ ਵਾਲੇ ਚੁਬਾਰੇ ਵਿੱਚ ਨਹੀਂ ਗਏ। ਇੱਕ ਦਿਨ ਤੂੰ ਸਾਡੇ ਘਰ ਆਈ ਸੀ। ਇਮਤਿਹਾਨ ਖ਼ਤਮ ਹੋਣ ਤੋਂ ਇਹ ਦੋ-ਤਿੰਨ ਦਿਨ ਬਾਅਦ ਦੀ ਹੀ ਗੱਲ ਸੀ। ਸਾਡੇ ਘਰ ਵਿੱਚ ਸਾਡਾ ਕੋਈ ਨਹੀਂ ਸੀ। ਆਪਾਂ ਢੇਰ ਸਾਰੀਆਂ ਗੱਲਾਂ ਕੀਤੀਆਂ। ਜਿਵੇਂ ਪਿਛਲੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਲਈਆਂ ਹੋਣ। ਆਪਣੇ ਸੁਨਹਿਰੇ ਭਵਿੱਖ ਦਾ ਤਾਣਾ-ਬਾਣਾ ਤਿਆਰ ਕੀਤਾ। ਕਈ ਸੁਝਾਓ ਤੂੰ ਦਿੱਤੇ, ਕਈ ਸੁਝਾਓ ਮੈਂ ਦਿੱਤੇ ਤੇ ਅਖ਼ੀਰ ਫ਼ੈਸਲਾ ਇਹ ਹੋਇਆ ਕਿ ਆਪਾਂ ਇੱਥੇ ਹੀ ਸਟੇਟ ਕਾਲਜ ਵਿੱਚ ਬੀ.ਐੱਡ. ਕਰਾਂਗੇ। ਇੱਕ ਸਾਲ ਹੋਰ ਇਕੱਠੇ ਵੀ ਤਾਂ ਰਹਿ ਸਕਾਂਗੇ। ਬਾਅਦ ਵਿੱਚ ਦੋਵਾਂ ਨੂੰ ਕਿਧਰੇ ਨਾ ਕਿਧਰੇ ਨੌਕਰੀਆਂ ਮਿਲ ਜਾਣਗੀਆਂ ਤੇ ਫਿਰ ਆਪਾਂ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਕੇ ਵਿਆਹ ਕਰਵਾ ਲਵਾਂਗੇ। ਸਾਰੀ ਉਮਰ ਇਕੱਠੇ ਰਹਾਂਗੇ। ਆਪਣਾ ਕਿੰਨਾ ਚੰਗਾ ਸੰਸਾਰ ਹੋਵੇਗਾ। ਤੇ ਫਿਰ ਉਸ ਦਿਨ ਸਾਡੇ ਘਰੋਂ ਜਾਣ ਲੱਗਿਆਂ ਤੂੰ ਦੱਸਿਆ ਸੀ ਕਿ ਤੂੰ ਕੱਲ੍ਹ ਨੂੰ ਹੀ ਆਪਣੇ ਮਾਮੇ ਕੋਲ ਚੰਡੀਗੜ ਜਾ ਰਹੀ ਹੈ। ਨਤੀਜਾ ਨਿੱਕਲਣ ਤੱਕ ਓਥੇ ਹੀ ਰਹੇਂਗੀ। ਮਾਮੀ ਕੋਲ ਸਾਲ ਕੁ ਭਰ ਦੀ ਬੇਬੀ ਹੈ। ਮਾਮੀ ਵੀ ਸਰਵਿਸ ਕਰਦੀ ਹੈ। ਇਨ੍ਹਾਂ ਦਿਨਾਂ ਵਿੱਚ ਉਹਨਾਂ ਨੂੰ ਤੇਰੀ ਲੋੜ ਸੀ।

⁠ਨਤੀਜਾ ਨਿੱਕਲਿਆ, ਆਪਾਂ ਦੋਵੇਂ ਪਾਸ ਸੀ। ਮੈਂ ਤੈਨੂੰ ਉਡੀਕ ਰਿਹਾ ਸਾਂ ਕਿ ਤੂੰ ਕਦੋਂ ਚੰਡੀਗੜ੍ਹ ਤੋਂ ਵਾਪਸ ਆਵੇਂ ਤੇ ਕਦੋਂ ਮੈਂ ਤੈਨੂੰ ਮਿਲ ਕੇ ਤੇਰੇ ਨਾਲ ਗੱਲਾਂ ਕਰਾਂ। ਐਨੇ ਦਿਨਾਂ ਤੋਂ ਮੇਰੇ ਅੰਦਰ ਗੱਲਾਂ ਦਾ ਇੱਕ ਢੇਰ ਹੀ ਤਾਂ ਇਕੱਠਾ ਹੋ ਚੁੱਕਿਆ ਸੀ। ਮੈਂ ਹੌਲ਼ਾ ਹੋਣਾ ਚਾਹੁੰਦਾ ਸੀ। ਤੂੰ ਵੀ ਸ਼ਾਇਦ ਮੇਰੇ ਵਾਂਗ ਹੀ ਸੋਚਦੀ ਹੋਵੇਂਗੀ ਤੇ ਪਟਿਆਲੇ ਆਉਣ ਲਈ ਕਾਹਲੀ ਵੀ। 

⁠ਪਰ ਨਤੀਜਾ ਨਿਕਲਣ ਤੋਂ ਵੀਹ ਦਿਨਾਂ ਬਾਅਦ ਤੂੰ ਪਟਿਆਲੇ ਆਈ। ਬੀ.ਐੱਡ. ਦਾ ਦਾਖਲਾ ਹੋ ਰਿਹਾ ਸੀ। ਮੈਂ ਤੇਰੇ ਨਾਲ ਪਹਿਲਾਂ ਦਾਖ਼ਲੇ ਦੀ ਹੀ ਗੱਲ ਕੀਤੀ। ਪਰ ਤੂੰ ਤਾਂ ਕੋਈ ਦਿਲਚਸਪੀ ਹੀ ਨਾ ਦਿਖਾਈ। ਅਖੇ-ਬੀ.ਐਡ. ਵਿੱਚ ਕੀ ਪਿਆ ਹੈ। ਮੈਂ ਤੇਰੀ ਗੱਲ ਉੱਤੇ ਪਹਿਲਾਂ ਤਾਂ ਹੱਸਿਆ, ਫਿਰ ਹੈਰਾਨ ਹੋਇਆ। ਉਸ ਦਿਨ ਤੂੰ ਮੇਰੇ ਨਾਲ ਹੋਰ ਗੱਲ ਵੀ ਕੋਈ ਨਾ ਕੀਤੀ। ਮੈਂ ਹੀ ਤੁਹਾਡੇ ਘਰ ਤੇਰੇ ਕੋਲ ਗਿਆ ਸੀ। ਤੇਰੇ ਵੱਲੋਂ ਕੋਈ ਸੰਕੇਤ ਨਹੀਂ ਸੀ ਕਿ ਆਪਾਂ ਅਲੱਗ ਕਿਤੇ ਬੈਠ ਕੇ ਆਪਣੀਆਂ ਗੱਲਾਂ ਕਰੀਏ। ਮੈਂ ਤੇਰੇ ਮੂੰਹ ਵੱਲ ਦੇਖਦਾ ਤੇ ਦੇਖਦਾ ਹੀ ਰਿਹਾ। ਤੂੰ ਇੱਕ ਬਿੰਦ ਮੇਰੇ ਵੱਲ ਝਾਕਦੀ ਤੇ ਫਿਰ ਨੀਵੀਂ ਪਾ ਲੈਂਦੀ ਜਾਂ ਏਧਰ-ਓਧਰ ਝਾਕਣ ਲੱਗਦੀ। ਆਪਣੀ ਮਾਂ ਨਾਲ ਫ਼ਜ਼ੂਲ ਜਿਹੀ ਕੋਈ ਗੱਲ ਕਰਨ ਲੱਗਦੀ।

⁠ਪਟਿਆਲੇ ਤੂੰ ਇੱਕ ਰਾਤ ਹੀ ਠਹਿਰੀ, ਫਿਰ ਚੰਡੀਗੜ੍ਹ ਚਲੀ ਗਈ। ਇਸ ਵਾਰ ਜਾਂਦੀ ਹੋਈ ਦੱਸ ਕੇ ਵੀ ਨਾ ਗਈ। ਬਾਅਦ ਵਿੱਚ ਮੈਂ ਤੇਰੀ ਮਾਂ ਤੋਂ ਪੁੱਛਿਆ। ਉਹਨੇ ਵੀ ਤੇਰੇ ਜਾਣ ਦਾ ਕੋਈ ਖ਼ਾਸ ਕਾਰਨ ਨਾ ਦੱਸਿਆ। ਮੈਂ ਤੇਰੇ ਇਸ ਤਰ੍ਹਾਂ ਦੇ ਸਲੂਕ ਉੱਤੇ ਪਰੇਸ਼ਾਨ ਸਾਂ। ਆਖ਼ਰ ਤੂੰ ਇਸ ਪ੍ਰਕਾਰ ਵੱਖਰਾਪਣ ਜਿਹਾ ਕਿਉਂ ਅਖ਼ਤਿਆਰ ਕਰ ਲਿਆ। ਕਿੱਧਰ ਚਲੀਆਂ ਗਈਆਂ ਸਨ ਤੇਰੀਆਂ ਉਹ ਸ਼ਹਿਦ ਵਲ੍ਹੇਟੀਆਂ ਜ਼ਾਇਕੇਦਾਰ ਗੱਲਾਂ? ਗੱਲਾਂ ਨਹੀਂ, ਹਵਾ ਵਿੱਚ ਤੈਰਦੇ ਕੂਲ਼ੇ-ਕੂਲ਼ੇ ਖ਼ਿਆਲ।

⁠ਆਖ਼ਰ ਮੈਂ ਬੀ.ਐੱਡ ਵਿੱਚ ਦਾਖ਼ਲਾ ਲੈ ਲਿਆ ਤੇ ਬੇਦਿਲੀ ਨਾਲ ਕਾਲਜ ਜਾਣਾ ਸ਼ੁਰੂ ਕੀਤਾ। ਮੈਨੂੰ ਤੇਰੀ ਫਿਰ ਵੀ ਉਡੀਕ ਰਹਿੰਦੀ। ਤੂੰ ਬੀ.ਐੱਡ. ਨਹੀਂ ਕਰਨੀ ਸੀ, ਨਾ ਸਹੀ, ਪਰ ਆਪਣਾ ਦਿਲ ਤਾਂ ਖੋਲ੍ਹਦੀ। ਆਖ਼ਰ ਤੈਨੂੰ ਹੋ ਕੀ ਗਿਆ। ਤੂੰ ਇਸ ਤਰ੍ਹਾਂ ਪਾਸਾ ਕਿਉਂ ਵੱਟ ਲਿਆ? ਚੁੱਪ ਕਿਉਂ ਧਾਰ ਲਈ?

⁠ਇੱਕ ਦਿਨ ਅਚਾਨਕ ਖ਼ਬਰ ਮਿਲੀ। ਮੈਨੂੰ ਇਹ ਖ਼ਬਰ ਅਫ਼ਵਾਹ ਵੀ ਲੱਗੀ। ਇੰਝ ਕਿਵੇਂ ਹੋ ਸਕਦਾ ਸੀ। ਇੰਝ ਕਰਨਾ ਤਾਂ ਤੇਰੇ ਲਈ ਕਿਵੇਂ ਵੀ ਉਚਿਤ ਨਹੀਂ ਸੀ। ਚੰਡੀਗੜ੍ਹ ਤੇਰੇ ਮਾਮੇ ਨੇ ਇਕ ਮੁੰਡਾ ਲੱਭਿਆ ਸੀ, ਮੁੰਡਾ ਮਿਲਟਰੀ ਵਿੱਚ ਕੈਪਟਨ। ਚੰਗੇ ਖਾਂਦੇ ਪੀਂਦੇ ਘਰ ਦਾ ਮੁੰਡਾ। ਉਸ ਨੂੰ ਐਨੀ ਵੀ ਲੋੜ ਨਹੀਂ ਸੀ ਕਿ ਉਹ ਤੈਥੋਂ ਵੀ ਕੋਈ ਨੌਕਰੀ ਕਰਵਾਏ। ਉਸ ਨੂੰ ਤਾਂ ਇੱਕ ਸੁੰਦਰ ਲੜਕੀ ਦੀ ਤਲਾਸ਼ ਸੀ। ਤੇਰੇ ਉੱਤੇ ਰੂਪ ਦੀ ਕਿਹੜੀ ਕਮੀ ਸੀ। ਕੱਦੂ ਦੀ ਗੁੱਦ ਜਿਹਾ ਕੂਲ਼ਾ ਤੇਰਾ ਸਰੀਰ। ਅੰਬਰੀ ਸੇਬ ਜਿਹਾ ਤੇਰਾ ਰੰਗ। ਸੁਣਿਆ ਸੀ, ਵਿਆਹ ਦੀ ਰਸਮ ਬਹੁਤ ਹੀ ਸਾਦੇ ਢੰਗ ਨਾਲ ਕੀਤੀ ਗਈ ਹੈ।

⁠ਪਟਿਆਲੇ ਤੋਂ ਤੇਰੇ ਪਿਤਾ ਜੀ ਤੇ ਮਾਂ ਹੀ ਓਥੇ ਗਏ ਸਨ। ਮਾਮੇ ਦੇ ਘਰ ਸਭ ਹੋ ਗਿਆ ਸੀ। ਤੇਰੇ ਮਾਮਾ ਜੀ ਵੀ ਤਾਂ ਚੰਡੀਗੜ੍ਹ ਵਿੱਚ ਚੰਗੀ ਨੌਕਰੀ ਉੱਤੇ ਸਨ। ਕੁਝ ਖਰਚ ਉਹਨਾਂ ਨੇ ਕਰ ਦਿੱਤਾ ਹੋਵੇਗਾ ਤਾਂ ਵੀ ਕੀ। ਪਟਿਆਲੇ ਵਿੱਚ ਤੇਰੇ ਪਿਤਾ ਜੀ ਕੋਲ ਧਨ ਦਾ ਕਿਹੜਾ ਘਾਟਾ ਸੀ। ਨਕਦ ਹੀ ਫੜਾ ਦਿੱਤਾ ਹੋਵੇਗਾ। ਡੀ.ਸੀ. ਦੇ ਦਫ਼ਤਰ ਵਿੱਚ ਚਾਹੇ ਇੱਕ ਕਲਰਕ ਦੀ ਨੌਕਰੀ ਸੀ, ਪਰ ਉਹਨਾਂ ਨੂੰ ਉਤਲੀ ਆਮਦਨ ਬੇਥਾਹ ਸੀ। ਅਫ਼ਵਾਹ ਯਕੀਨ ਵਿੱਚ ਬਦਲ ਗਈ। ਮੈਨੂੰ ਅਫ਼ਸੋਸ ਹੋਇਆ। ਜਿਵੇਂ ਮੇਰਾ ਕਾਲਜਾ ਕਿਸੇ ਨੇ ਛੁਰੀ ਫੜ ਕੇ ਖੱਖੜੀ-ਖੱਖੜੀ ਕਰ ਦਿੱਤਾ ਹੋਵੇ।

⁠ਹੁਣ ਮੈਨੂੰ ਤੇਰੀ ਕੋਈ ਉਡੀਕ ਨਹੀਂ ਸੀ। ਪਰ ਦਿਲ ਦੇ ਕਿਸੇ ਖੂੰਜੇ ਇੱਕ ਕੰਡਾ ਜ਼ਰੂਰ ਚੁਭ ਗਿਆ ਸੀ। ਤੈਨੂੰ ਕਦੇ ਪੁੱਛਾਂ ਤਾਂ ਸਹੀ ਕਿ ਰਾਜਪੁਰਾ ਕਾਲੋਨੀ ਦੇ ਉਸ ਚੁਬਾਰੇ ਵਿੱਚ ਨਿੱਤ ਦੁਹਰਾਈਂਦਾ ਤੇਰਾ ਉਹ ਇਕਰਾਰ ਕਿੱਧਰ ਗਿਆ। ਮੈਨੂੰ ਪਤਾ ਸੀ, ਤੇਰੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਹੋਵੇਗਾ। ਤੂੰ ਸਿਰਫ਼ ਮੁਸਕਰਾਏਂਗੀ ਹੀ।

⁠ਮੇਰਾ ਹੁਣ ਬੀ.ਐੱਡ. ਦੀ ਪੜ੍ਹਾਈ ਵਿੱਚ ਦਿਲ ਲੱਗਦਾ। ਜ਼ਿੰਦਗੀ ਦੇ ਸਫ਼ਰ ਵਿੱਚ ਕੋਈ ਨਾਲ ਨਹੀਂ ਤੁਰ ਸਕਿਆ ਤਾਂ ਨਾ ਸਹੀ, ਸਫ਼ਰ ਜਾਰੀ ਰਹਿਣਾ ਚਾਹੀਦਾ ਹੈ। ਕਿਸੇ ਮੋੜ ਉੱਤੇ ਕੋਈ ਹੋਰ ਸਾਥੀ ਮਿਲ ਜਾਏਗਾ।

⁠ਬੀ.ਐੱਡ. ਮੈਂ ਕਰ ਲਈ। ਦੋ-ਤਿੰਨ ਸਾਲ ਧੱਕੇ ਖਾ ਕੇ ਸਰਵਿਸ ਵੀ ਮਿਲ ਗਈ ਤੇ ਫਿਰ ਮੇਰਾ ਵਿਆਹ ਵੀ ਹੋ ਗਿਆ। ਪਹਿਲਾਂ ਦੋ ਕੁੜੀਆਂ ਹੋਈਆਂ, ਫਿਰ ਇੱਕ ਮੁੰਡਾ। ਮੇਰੀ ਜ਼ਨਾਨੀ ਦਸ ਜਮਾਤਾਂ ਪਾਸ ਸੀ। ਮਾਂ ਨਹੀਂ ਸੀ, ਘਰ ਵਿੱਚ ਕਿਸੇ ਔਰਤ ਦੀ ਲੋੜ ਸੀ, ਪੂਰੀ ਹੋ ਗਈ। ਵਾਹਵਾ ਗੁਜ਼ਾਰਾ ਚੱਲਦਾ। ਘੱਟੋ-ਘੱਟ ਆਪਣੇ ਬਾਪ ਬਰਾਬਰ ਤਾਂ ਹੋ ਹੀ ਗਿਆ ਸਾਂ। ਉਹ ਚੌਕ ਵਿੱਚ ਰੇੜ੍ਹੀ ਲਾ ਕੇ ਆਲੂ-ਗੰਡੇ ਵੇਚਦਾ ਹੁੰਦਾ। ਪਿੰਡ ਦੀ ਜ਼ਮੀਨ ਪਾਣੀ ਨੇ ਮਾਰ ਦਿੱਤੀ। ਸੋ ਉਹ ਇਸ ਸ਼ਹਿਰ ਵਿੱਚ ਆ ਕੇ ਇਹ ਧੰਦਾ ਕਰਨ ਲੱਗਿਆ ਸੀ। ਫਿਰ ਬਾਪ ਜਦੋਂ ਬੁੱਢਾ ਹੋ ਗਿਆ, ਉਹਤੋਂ ਇਹ ਕੰਮ ਹੁੰਦਾ ਨਹੀਂ ਸੀ। ਉਹ ਖ਼ੁਸ਼ ਸੀ ਕਿ ਮੈਂ ਘਰ ਦੀ ਕਬੀਲਦਾਰੀ ਨੂੰ ਓਵੇਂ ਜਿਵੇਂ ਸੰਭਾਲ ਲਿਆ ਹੈ। ਛੋਟੇ ਭਰਾ ਨੂੰ ਵੀ ਕੰਮ ਵਿੱਚ ਪਾ ਦਿੱਤਾ ਹੈ। ਮੈਂ ਉਸ ਨੂੰ ਵੀ ਵਿਆਹ ਲਿਆ ਹੈ। ਇੱਕ ਤਰ੍ਹਾਂ ਨਾਲ ਬਰਾਬਰ ਦਾ ਹੀ ਕਰ ਲਿਆ ਹੈ। ਸਾਡੇ ਘਰ ਵਿੱਚ ਰੇੜ੍ਹੀ ਦਾ ਕੰਮ ਚਾਹੇ ਹੁਣ ਕੋਈ ਨਹੀਂ ਕਰਦਾ, ਪਰ ਸਾਡੇ ਘਰ ਨੂੰ ਕਹਿੰਦੇ ਅਜੇ ਤੱਕ ਵੀ ਨੇ-ਨਰੈਣ ਸਿੰਘ ਰੇੜ੍ਹੀ ਵਾਲੇ ਦਾ ਘਰ।

⁠ਹੁਣ ਤਾਂ ਬਸ ਇੱਕੋ ਤਮੰਨਾ ਹੈ। ਤਿੰਨੇ ਮੁੰਡੇ-ਕੁੜੀਆਂ ਨੂੰ ਚੰਗਾ ਪੜ੍ਹਾ-ਲਿਖਾ ਲਵਾਂ ਤੇ ਫਿਰ ਚੰਗੇ ਕੰਮਾਂ ਉੱਤੇ ਲਵਾ ਕੇ ਉਹਨਾਂ ਨੂੰ ਚੰਗੇ ਘਰੀਂ ਵਿਆਹ ਦੇਵਾਂ। ਛੋਟੇ ਭਰਾ ਦੀ ਕਬੀਲਦਾਰੀ ਵੀ ਖਿੰਡਣ ਲੱਗੀ ਹੈ। ਘਰ ਛੋਟਾ ਹੈ, ਪਰ ਏਸੇ ਘਰ ਵਿੱਚ ਦੋਵੇਂ ਟੱਬਰਾਂ ਦਾ ਗੁਜ਼ਾਰਾ ਜਿਵੇਂ-ਕਿਵੇਂ ਹੋ ਰਿਹਾ ਹੈ। ਦਿਲ ਕਰਦਾ ਹੈ, ਸੱਤਰ ਅੱਸੀ ਹਜ਼ਾਰ ਰੁਪਿਆ ਕੋਲ ਹੋਵੇ ਤਾਂ ਸ਼ਹਿਰੋਂ ਬਾਹਰ ਕਿਸੇ ਨਵੀਂ ਕਾਲੋਨੀ ਵਿੱਚ ਕੋਈ ਛੋਟਾ ਮੋਟਾ ਪਲਾਟ ਲੈ ਕੇ ਵਧੀਆ ਮਕਾਨ ਪਾਵਾਂ। ਇੱਕ ਜੀਅ ਕਰਦਾ ਹੈ ਮਹਿਕਮੇ ਤੋਂ ਕਰਜ਼ਾ ਵੀ ਕਢਵਾ ਲਵਾਂ। ਪਰ ਖ਼ੈਰ …ਦੇਖੋ।

⁠ਕਦੇ-ਕਦੇ ਤੇਰੀ ਮਾਂ ਮਿਲਦੀ ਹੈ ਤਾਂ ਮੋਹ ਜਿਹਾ ਦਿਖਾਉਂਦੀ ਹੈ। ਸ਼ਾਇਦ ਇਸ ਕਰਕੇ ਕਿ ਮੈਂ ਤੇਰੇ ਨਾਲ ਪੜ੍ਹਦਾ ਰਿਹਾ ਹਾਂ। ਮੈਨੂੰ ਆਪਣੀ ਧੀ ਦੀ ਖ਼ੁਸ਼ੀ ਦੱਸ ਕੇ ਉਹ ਕਿੰਨੀ ਖ਼ੁਸ਼ ਹੁੰਦੀ ਹੈ। ਦੱਸਿਆ ਹੈ, ਤੁਸੀਂ ਚੰਡੀਗੜ੍ਹ ਹੀ ਇਕ ਬਣੀ-ਬਣਾਈ ਕੋਠੀ ਡੇਢ ਲੱਖ ਰੁਪਏ ਵਿੱਚ ਮੁੱਲ ਲੈ ਲਈ ਹੈ। ਤੇਰੇ ਦੋਵੇਂ ਮੁੰਡੇ ਸ਼ਿਮਲੇ ਪੜ੍ਹਦੇ ਹਨ। ਤੇਰੇ ਬਾਰੇ ਮੈਂ ਸੁਣਦਾ ਹਾਂ ਤਾਂ ਚੁੱਪ ਹੋ ਜਾਂਦਾ ਹਾਂ। ਨਾ ਮੈਨੂੰ ਕੋਈ ਖ਼ੁਸ਼ੀ ਹੁੰਦੀ ਹੈ, ਨਾ ਅਫ਼ਸੋਸ। ਅਫ਼ਸੋਸ ਤਾਂ ਮੈਨੂੰ ਓਦੋਂ ਵੀ ਕੋਈ ਨਹੀਂ ਹੁੰਦਾ, ਜਦੋਂ ਕਦੇ ਤੂੰ ਏਥੇ ਪਟਿਆਲੇ ਆਉਂਦੀ ਹੈਂ ਤੇ ਦੋ ਦੋ, ਚਾਰ ਚਾਰ ਰਾਤਾਂ ਵੀ ਕੱਟ ਜਾਂਦੀ ਹੈਂ, ਪਰ ਇੱਕ ਦਿਨ ਵੀ ਕਦੇ ਮੈਨੂੰ ਘਰ ਮਿਲਣ ਨਹੀਂ ਆਈ। ਆਵੇਂ ਵੀ ਕਿਉਂ, ਹੁਣ ਤੂੰ ਮੈਥੋਂ ਕੀ ਲੈਣਾ ਹੈ? ਮੈਂ ਤੇਰਾ ਕੀ ਲੱਗਦਾ ਹਾਂ ਆਖ਼ਰ?

⁠ਤੇਰੇ ਨਾਲ ਭਾਵੁਕ ਸਾਂਝ ਰਹੀ ਹੈ, ਇਸ ਕਰਕੇ ਮੈਨੂੰ ਮੇਰੇ ਧੁਰ ਅੰਦਰ ਕਿਧਰੇ ਇੱਕ ਤਸੱਲੀ ਜਿਹੀ ਜ਼ਰੂਰ ਹੈ ਕਿ ਤੂੰ ਠੀਕ ਫ਼ੈਸਲਾ ਕੀਤਾ। ਇਹ ਫ਼ੈਸਲਾ ਕਰਨ ਵੇਲੇ ਜ਼ਰੂਰ ਤੇਰੇ ਮਨ ਵਿੱਚ ਆਰਥਿਕਤਾ ਦਾ ਸਵਾਲ ਪੈਦਾ ਹੋਇਆ ਹੋਵੇਗਾ। ਮਾਡਰਨ ਜਿਹੀ ਤਾਂ ਤੂੰ ਮੁੱਢੋਂ ਹੀ ਸੀ। ਗੱਲਾਂ ਵੀ ਅਜਿਹੀਆਂ ਹੀ ਕਰਦੀ ਹੁੰਦੀ। ਹੁਣ ਮੇਜਰ ਪਤੀ ਦੀ ਘਰ ਵਾਲੀ ਹੈਂ। ਮੌਸਮ ਨੇ ਤਾਂ ਗੁਜ਼ਰ ਹੀ ਜਾਣਾ ਹੁੰਦਾ ਹੈ। ਜ਼ਿੰਦਗੀ ਹੋਰ ਚੀਜ਼ ਐ। ਮੌਸਮ ਦੀਆਂ ਜ਼ਰਬਾਂ ਜਮ੍ਹਾਂ ਦਾ ਹਾਸਲ।

⁠ਬਸ ਇਕ ਆਖ਼ਰੀ ਗੱਲ … ਮੱਧ-ਵਰਗੀ ਪਰਿਵਾਰ ਵਿੱਚ ਤੰਗੀਆਂ-ਤੁਰਸ਼ੀਆਂ ਕੌਣ ਨਹੀਂ ਭੋਗਦਾ। ਪਤੀ-ਪਤਨੀ ਜਦੋਂ ਕਿਸੇ ਗੱਲ ਨੂੰ ਲੈ ਕੇ ਖਹਿਬੜ ਪਈਏ ਤਾਂ ਮੈਨੂੰ ਤੂੰ ਯਾਦ ਆਉਂਦੀ ਹੈਂ। ਅਸੀਂ ਤੈਸ਼ ਵਿੱਚ ਆ ਕੇ ਪਤੀ-ਪਤਨੀ ਕਿਸੇ ਨੂੰ ਕਿੰਨਾ ਕੁਝ ਆਖ ਜਾਈਏ, ਪਰ ਅਖ਼ੀਰ ਸ਼ਾਂਤੀ ਵਾਪਰ ਜਾਣ ਉੱਤੇ ਮੇਰੀ ਪਤਨੀ ਇੰਝ ਵਰਤਾਓ ਕਰਨ ਲੱਗਦੀ ਹੈ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਫਿਰ ਵੀ ਇੱਕ ਚੋਭ ਜਿਹੀ ਦੋਵਾਂ ਦੇ ਮਨ ਸਮਾਈ ਰਹਿੰਦੀ ਹੈ ਕਿ ਅਸੀਂ ਘਰ ਦੀਆਂ ਥੁੜਾਂ-ਲੋੜਾਂ ਕਰਕੇ ਹੀ ਕਲੇਸ਼ ਪਾ ਬੈਠਦੇ ਹਾਂ। ਤੂੰ ਯਾਦ ਆਉਂਦੀ ਹੈਂ ਤਾਂ ਤਸੱਲੀ ਹੁੰਦੀ ਹੈ ਕਿ ਤੂੰ ਠੀਕ ਫ਼ੈਸਲਾ ਕੀਤਾ। ਇਸ ਘਰ ਦੀ ਤਾਂ ਇਹੀ ਹਾਲਤ ਰਹਿਣੀ ਸੀ। ਮੇਰੀ ਪਤਨੀ ਦੀ ਥਾਂ ਤੂੰ ਹੁੰਦੀ ਤਾਂ ਕਿੰਨੀ ਔਖੀ ਰਹਿੰਦੀ। ਤੂੰ ਚੰਗਾ ਕੀਤਾ, ਤੈਨੂੰ ਥੁੜਾਂ-ਲੋੜਾਂ ਦਾ ਸਾਹਮਣਾ ਨਹੀਂ ਕਰਨਾ ਪਿਆ।

ਨ੍ਹਾਤਾ ਘੋੜਾ

ਡੰਗਰਾਂ ਨੂੰ ਕਿੱਲਿਆਂ ਉੱਤੇ ਬੰਨ੍ਹ ਕੇ ਤੇ ਰੋਟੀ ਖਾ ਕੇ ਜੈਲਾ ਹਾਣੀ ਮੁੰਡਿਆਂ ਨਾਲ ਖੇਡਣ ਲਈ ਬਾਹਰ ਨੂੰ ਭੱਜ ਗਿਆ।⁠ਵੱਡੇ ਮੁੰਡੇ, ਕੈਲੇ ਦੇ ਅਜੇ ਕਈ ਕੰਮ ਕਰਨ ਵਾਲੇ ਰਹਿੰਦੇ ਸਨ। ਸਾਰੇ ਕੰਮ ਨਿਬੇੜ ਕੇ ਓਸ ਨੇ ਰੋਟੀ ਖਾ ਲਈ ਤੇ ਫਿਰ ਉਸ ਦੀ ਮਾਂ ਭਾਨੋ ਨੇ ਵੀ ਰੋਟੀ ਖਾ ਲਈ। ਹਨੇਰਾ ਗੂਹੜਾ ਹੁੰਦਾ ਜਾ ਰਿਹਾ ਸੀ। ਚੰਦ, ਮੁੰਡਿਆਂ ਦਾ ਪਿਉ ਅਜੇ ਘਰ ਨਹੀਂ ਸੀ ਆਇਆ॥⁠ਅੱਜ ਤੜਕੇ-ਤੜਕੇ ਕੁਝ ਬੱਦਲਵਾਈ ਸੀ। ਦੁਪਹਿਰ ਵੇਲੇ ਕਣੀਆਂ ਵੀ ਪੈ ਗਈਆਂ ਸਨ। ਪਿਛਲੇ ਪਹਿਰ ਬੱਦਲ...

ਸ੍ਹਾਬੋ

ਇਹ ਜੋ ਮੁੰਨੇ ਸਿਰ ਵਾਲੀ ਬੁਢੀ ਔਰਤ ਧਰਮਸ਼ਾਲਾ ਦੀ ਚੌਕੜੀ ਉੱਤੇ ਬੈਠੀ ਸੁੱਕੇ ਕਾਨੇ ਨੂੰ ਦੋਹਾਂ ਹੱਥਾਂ ਵਿੱਚ ਪੂਣੀ ਵਾਂਗ ਵੱਟ ਰਹੀ ਹੈ, ਸ੍ਹਾਬੋ ਹੈ-ਸਾਹਿਬ ਕੌਰ। ਬੈਠੀ ਦੇਖੋ, ਜਿਵੇਂ ਕੋਈ ਦੇਵੀ ਹੋਵੇ। ਜੁਆਨੀ ਦੀ ਉਮਰ ਵਿੱਚ ਕਿੰਨੀ ਚੜ੍ਹਤ ਸੀ ਸ੍ਹਾਬੋ ਦੀ। ਰੰਗ ਸਾਂਵਲਾ, ਤਿੱਖਾ ਨੱਕ, ਅੱਖਾਂ ਆਂਡੇ ਵਰਗੀਆਂ, ਕੱਦ ਲੰਮਾ ਤੇ ਭਰਵਾਂ। ਜਿੱਥੋਂ ਦੀ ਲੰਘਦੀ, ਕੰਧਾਂ ਕੰਬਦੀਆਂ ਤੇ ਧਰਤੀ ਨਿਉਂ-ਨਿਉਂ ਜਾਂਦੀ। ਕਮਜ਼ੋਰ ਦਿਲ ਬੰਦਾ ਸ੍ਹਾਬੋ ਦੇ ਸੇਕ ਤੋਂ ਡਰਦਾ ਉਹਦੇ ਨੇੜੇ ਨਹੀਂ ਢੁੱਕ ਸਕਦਾ ਸੀ, ਗੱਲ ਕਰਨ ਲੱਗੇ ਦੀ...

ਕਦੋਂ ਫਿਰਨਗੇ ਦਿਨ

ਪਿੰਡਾਂ ਦੇ ਅਜੋਕੇ ਜੀਵਨ ਸਬੰਧੀ ਮੈਂ ਇੱਕ ਲੇਖ ਤਿਆਰ ਕਰਨਾ ਸੀ। ਸੋਚਿਆ, ਅਖ਼ਬਾਰੀ ਤੇ ਕਿਤਾਬੀ ਅੰਕੜਿਆਂ ਨੂੰ ਲੈ ਕੇ ਗੱਲ ਨਹੀਂ ਬਣਨੀ। ਤੱਥ ਵੀ ਤਾਂ ਬਦਲਦੇ ਰਹਿੰਦੇ ਹਨ। ਕਿਉਂ ਨਾ ਕੁਝ ਪਿੰਡਾਂ ਵਿੱਚੋਂ ਘੁੰਮ ਫਿਰ ਕੇ ਸਰਵੇਖਣ ਕੀਤਾ ਜਾਵੇ। ਵੱਖ-ਵੱਖ ਘਰਾਂ ਵਿੱਚ ਜਾ ਕੇ ਪਰਿਵਾਰ ਦੇ ਲੋਕਾਂ ਨਾਲ ਗੱਲਾਂ ਕੀਤੀਆਂ ਜਾਣ। ਉਹਨਾਂ ਦੀ ਅੰਦਰਲੀ ਪੀੜ ਨੂੰ ਫੜਿਆ ਜਾਵੇ। ਫਿਰ ਕਿਤੇ ਜਾ ਕੇ ਹੀ ਲੇਖ ਵਿੱਚ ਜਾਨ ਪੈ ਸਕੇਗੀ।⁠ਆਪਣੇ ਸ਼ਹਿਰ ਦੇ ਨੇੜੇ ਹੀ ਇੱਕ ਪਿੰਡ ਵਿੱਚ ਮੈਂ ਚਲਿਆ ਗਿਆ। ਪ੍ਰੋਗਰਾਮ...