17.5 C
Los Angeles
Thursday, December 26, 2024

ਲੀਹ

“ਜਾਂ ਤਾਂ ਮੈਨੂੰ ਕਿਧਰੇ ਲੈ ਕੇ ਨਿੱਕਲ ਚੱਲ, ਨਹੀਂ ਮੈਂ ਕੋਈ ਖੂਹ-ਖਾਤਾ ਗੰਦਾ ਕਰਦੂੰ ‘ਗੀ॥ ਮੈਥੋਂ ਘਰ ਦੀ ਕੈਦ ਨ੍ਹੀਂ ਕੱਟੀ ਜਾਂਦੀ।” ਮੀਤੋ ਦੇ ਇਹ ਬੋਲ ਵਾਰ-ਵਾਰ ਉਹਦੇ ਮੱਥੇ ਵਿੱਚ ਕਿੱਲਾਂ ਵਾਂਗ ਆ ਕੇ ਠੁਕ ਜਾਂਦੇ ਤੇ ਇੱਕ ਦਹਿਸ਼ਤ ਜਿਹਾ ਖ਼ਿਆਲ ਉਹਦੀ ਦੇਹ ਨੂੰ ਖੱਖੜੀ-ਖੱਖੜੀ ਕਰਕੇ ਸੁੱਟਦਾ ਤੁਰਿਆ ਜਾਂਦਾ, ਜਦੋਂ ਉਹ ਸੋਚਦਾ ਕਿ ਉਹ ਵੱਡੇ ਤੜਕੇ ਆਪਣੇ ਘਰੋਂ ਉੱਠ ਕੇ ਆਕੇ ਉਹਦਾ ਬੂਹਾ ਖੜਕਾਏਗੀ। ਮੀਤੋ ਨੇ ਪੱਕੀ ਕੀਤੀ ਸੀ ਕਿ ਉਹ ਆਪਣਾ ਸਕੂਟਰ ਤਿਆਰ ਰੱਖੇ। ਉਹ ਪਿੰਡੋਂ ਨਿੱਕਲ ਜਾਣਗੇ ਤੇ ਫਿਰ ਕਿਧਰੇ ਜਾ ਕੇ ਵਿਆਹ ਕਰਵਾ ਲੈਣਗੇ।

⁠ਜੱਗਾ ਆਪਣੇ ਬਾਹਰਲੇ ਘਰ ਦੀ ਬੈਠਕ ਵਿੱਚ ਪੈਂਦਾ ਹੁੰਦਾ। ਅੰਦਰਲੇ ਘਰ ਨਾਲੋਂ ਏਥੇ ਸਕੂਨ ਸੀ। ਉਹਨਾਂ ਦਾ ਪਾਲੀ ਵੀ ਏਥੇ ਹੀ ਪੈਂਦਾ। ਉਹਨਾਂ ਕੋਲ ਪੰਜ ਮੱਝਾਂ ਸਨ। ਪਾਲੀ ਦੀ ਮੱਝਾਂ ‘ਤੇ ਚੌਵੀ ਘੰਟੇ ਦੀ ਡਿਊਟੀ ਸੀ। ਕੱਖ-ਪੱਠਾ ਪਾਉਣ ਤੋਂ ਲੈ ਕੇ ਗੋਹਾ-ਕੂੜਾ ਕਰਨ ਤੱਕ ਸਾਰਾ ਕੰਮ ਪਾਲੀ ਕਰਦਾ। ਰਾਤ ਦੀ ਰਾਖੀ ਵੀ। ਬਸ ਧਾਰਾਂ ਕੱਢਣ ਦਾ ਕੰਮ ਜੱਗੇ ਦੀ ਭਰਜਾਈ ਕਰਦੀ ਤੇ ਦੋਧੀ ਨੂੰ ਦੁੱਧ ਮਿਣ ਕੇ ਦਿੰਦੀ ਜੱਗੇ ਦੀ ਮਾਂ। ਜੱਗੇ ਦੇ ਚਾਰ ਭਤੀਜੇ-ਭਤੀਜੀਆਂ ਸਨ। ਅੰਦਰਲੇ ਘਰ ਤਾਂ ਚੀਂਘ-ਚੰਘਿਆੜਾ ਪਿਆ ਰਹਿੰਦਾ। ਜੱਗੇ ਲਈ ਬਾਹਰਲੇ ਘਰ ਦੀ ਬੈਠਕ ਵਧੀਆ ਸੀ। ਓਥੇ ਹੀ ਉਹ ਪੈਂਦਾ ਬਹਿੰਦਾ ਤੇ ਪੜ੍ਹਾਈ ਕਰਦਾ। ਦਸਵੀਂ ਦੀ ਤਿਆਰੀ ਏਸੇ ਬੈਠਕ ਵਿੱਚ ਕੀਤੀ ਤੇ ਫਿਰ ਬੀ.ਏ. ਤੱਕ ਇਹੀ ਬੈਠਕ ਉਹਦਾ ਪੱਕਾ ਅੱਡਾ ਬਣੀ ਰਹੀ। ਬੈਠਕ ਉਹਨੂੰ ਇਸ ਕਰਕੇ ਵੀ ਪਿਆਰੀ ਸੀ, ਕਿਉਂਕਿ ਏਥੇ ਕਦੇ ਤਾਰਿਆਂ ਦੀ ਛਾਵੇਂ-ਛਾਵੇਂ ਮੀਤੋ ਵੀ ਆ ਜਾਂਦੀ।

⁠ਉਹਨਾਂ ਦੀ ਦੋਸਤੀ ਸ਼ਹਿਰ ਜਾ ਕੇ ਹੋਈ। ਕਾਲਜ ਦਾ ਮਾਹੌਲ ਖੁੱਲ੍ਹਾ ਸੀ। ਐਨਾ ਖੁੱਲ੍ਹਾ ਵੀ ਨਹੀਂ, ਛੋਟਾ ਸ਼ਹਿਰ ਹੀ ਸੀ ਇਹ, ਪਰ ਪਿੰਡ ਦੇ ਸਕੂਲ ਨਾਲੋਂ ਤਾਂ ਕਿਤੇ ਮੋਕਲੀ ਹਵਾ ਸੀ। ਉਹ ਪੰਜ-ਦਸ ਮਿੰਟ ਗੱਲਾਂ ਕਰ ਸਕਦੇ। ਗੱਲਾਂ ਲਈ ਤਾਂ ਘੰਟੇ ਚਾਹੀਦੇ ਸਨ। ਦਿਨ ਚਾਹੀਦੇ ਸਨ। ਕਈ ਮਹੀਨੇ। ਜਿਵੇਂ ਉਹਨਾਂ ਨੂੰ ਇਹ ਮਹੀਨੇ ਮਿਲ ਜਾਣ ਤਾਂ ਉਹ ਗੱਲਾਂ ਹੀ ਕਰਦੇ ਰਹਿਣ। ਦੋਵੇਂ ਬੜੀ ਸ਼ਿੱਦਤ ਨਾਲ ਲੋਚਦੇ ਕਿ ਸਾਰੇ ਮਹੀਨੇ, ਸਾਰੇ ਦਿਨ, ਸਾਰੇ ਘੰਟੇ ਉਹਨਾਂ ਦੇ ਹੋ ਜਾਣ, ਉਹਨਾਂ ਲਈ ਹੀ।

⁠ਪਤਾ ਹੀ ਨਹੀਂ ਲੱਗਿਆ ਸੀ, ਹੱਸ-ਦੰਦਾਂ ਦੀ ਪ੍ਰੀਤ ਕਦੇ ਏਥੇ ਤੱਕ ਪਹੁੰਚ ਗਈ ਕਿ ਕੁੜੀ ਦੀਆਂ ਬਾਂਹਾਂ ਨਾਗ਼ ਬਣ ਕੇ ਮੁੰਡੇ ਦੇ ਗਲ ਨਾਲ ਲਿਪਟ ਗਈਆਂ।

⁠ਮੁੰਡਾ ਬੀ.ਏ. ਸੀ ਤੇ ਕੁੜੀ ਵੀ। ਦੋਵੇਂ ਰੌਸ਼ਨ ਦਿਮਾਗ ਸਨ। ਪਰ ਕੁੜੀ ਕੁਝ-ਕੁਝ ਭਾਵੁਕ ਸੀ, ਜਦੋਂ ਕਿ ਮੁੰਡਾ ਸੋਚਾਂ ਵਿੱਚ ਪੈ ਜਾਂਦਾ। ਬਸ ਇੱਕੋ ਡਰ ਉਹਨੂੰ ਵਰਜਦਾ ਕਿ ਉਹ ਪਿੰਡ ਦੀ ਕੁੜੀ ਹੈ। ਕੀ ਕਹੇਗੀ ਦੁਨੀਆ? ਇੱਟਾਂ-ਵੱਟੇ ਮਾਰ-ਮਾਰ ਮੌਤ ਦੀ ਸਜ਼ਾ ਦੇਣ ਜਿਹੇ ਐਲਾਨ ਕਰਨਗੇ ਪਿੰਡ ਦੇ ਬੰਦੇ। 

⁠”ਪਿੰਡ ਦੀ ਕੁੜੀ ਓਦਣ ਨਾ ਦਿਸੀ ਮੈਂ ਤੈਨੂੰ, ਜਦੋਂ ਵੱਛਰੂ ਵਾਂਗੂੰ ਰੰਭਦਾ ਫਿਰਦਾ ਸੀ, ਮੇਰੇ ਮਗਰ-ਮਗਰ?” ਕੁੜੀ ਨਿਹੋਰਾ ਦਿੰਦੀ।

⁠”ਤੂੰ ਆਪ ਨ੍ਹੀਂ ਸੀ ਪੈਰ ਮਿੱਧਦੀ ਫਿਰਦੀ, ਕਸੂਰ ਤਾਂ ਤੇਰਾ ਵੀ ਓਨਾ ਈ ਐ।” ਮੁੰਡਾ ਫੋਕੀ ਦਲੀਲ ਦੇਣ ਬੈਠ ਜਾਂਦਾ।

⁠”ਕੁਛ ਨ੍ਹੀਂ ਹੁੰਦਾ। ਪਿੰਡ ਦੀ ਕੁੜੀ ਨੂੰ ਕੀਹ ਐ? ਸ਼ਹਿਰਾਂ ਵਿੱਚ ਨ੍ਹੀਂ ਕਰਾ ਲੈਂਦੇ ਵਿਆਹ ਇੱਕੋ ਸ਼ਹਿਰ ਦੇ ਮੁੰਡਾ-ਕੁੜੀ? ਹੁਣ ਤਾਂ ਸ਼ਹਿਰ ਕੀ ਤੇ ਪਿੰਡ ਕੀ, ਇੱਕੋ ਬਣਿਆ ਪਿਐ ਸਭ। ਤੂੰ ਦਿਲ ਰੱਖ।” ਕੁੜੀ ਦਾ ਚਿੱਤ ਕਰੜਾ ਸੀ।

⁠”ਪਿੰਡ ‘ਚ ਕਿਸੇ ਨੂੰ ਪਤਾ ਨ੍ਹੀਂ ਆਪਣੀ ਗੱਲ ਦਾ। ਦੇਖ, ਮੈਂ ਤੇਰੇ ਪੈਰੀਂ ਹੱਥ ਲੌਨਾਂ। ਤੂੰ ਮੇਰਾ ਖਹਿੜਾ ਛੱਡ।” ਮੁੰਡਾ ਭੱਜਣਾ ਚਾਹੁੰਦਾ ਸੀ।

⁠ਉਹ ਕਹਿੰਦੀ- “ਜੁੱਤੀ ਦੀਂਹਦੀ ਐ, ਸਿਰ ਗੰਜਾ ਕਰ ਦੂੰ ਤੇਰਾ। ਤੂੰ ਸਮਝਦਾ ਕੀਹ ਐਂ? ਬਦਮਾਸ਼ੀ ਕਰਦੈਂ?”

⁠”ਪੇਂਡੂ ਸਭਿਆਚਾਰ ਨੇ ਇਹਨੂੰ ਮੰਨਣਾ ਨਹੀਂ।” ਮੁੰਡੇ ਨੇ ਦਰਸ਼ਨ-ਸ਼ਾਸਤਰ ਕੱਢ ਲਿਆ।

⁠”ਸਭਿਆਚਾਰ ਕਦੇ ਸਥਿਰ ਨਹੀਂ ਰਹਿੰਦਾ, ਬਦਲਦਾ ਰਹਿੰਦੈ। ਅਸੀਂ ਹਮੇਸ਼ਾ ਆਪਣੇ ਸਭਿਆਚਾਰ ਦੀ ਸਿਰਜਣਾ ਕਰਦੇ ਰਹਿਨੇ ਆਂ।” ਘੱਟ ਕੁੜੀ ਵੀ ਨਹੀਂ ਸੀ।

⁠ਮੁੰਡਾ ਹਾਰ ਮੰਨ ਗਿਆ, ਪਰ ਫਿਰ ਕਹਿਣ ਲੱਗਿਆ- “ਤੈਨੂੰ ਇੱਕ ਵਾਰੀ ਲਿਜਾ ਕੇ ਮੈਂ ਏਸ ਪਿੰਡ ਨ੍ਹੀਂ ਵੜਨਾ।”

⁠”ਨਾ ਵੜੀਂ। ਮੈਂ ਕਿਹੜਾ ਵੜੂੰਗੀ।” ਫਿਰ ਬੋਲੀ- “ਭੱਜ, ਕਿੰਨਾ ਕੁ ਭੱਜੇਂਗਾ?”

⁠”ਭੱਜਦਾ ਮੈਂ ਨ੍ਹੀਂ, ਤੂੰ ਭੱਜਦੀ ਆਂ।”

⁠”ਕਿਹੜੀ ਗੱਲੋਂ?”

⁠”ਤੂੰ ਪਿੰਡ ਦੇ ਸਭਿਆਚਾਰ ਤੋਂ ਦੂਰ ਜਾ ਰਹੀ ਐਂ।” 

⁠”ਫਿਰ ਸਭਿਆਚਾਰ…” ਕੁੜੀ ਨੇ ਮੁੰਡੇ ਦੀ ਬਾਂਹ ਨੂੰ ਮਰੋੜਾ ਦੇ ਲਿਆ। 

⁠”ਤੂੰ ਕਹਿਨੀ ਐਂ ਤਾਂ ਅੱਕ ਚੱਬ ਲੈਨਾਂ। ਹੁਣ ਤਾਂ ਛੱਡ ਦੇ।” ਉਹਨੇ ਤਰਲਾ ਕੀਤਾ। 

⁠”ਫਿਰ ….ਸਿੱਧਾ ਹੋ ਕੇ ਚੱਲ।” 

⁠”ਚੰਗਾ ਠੀਕ ਐ। ਦੱਸ, ਜਿਵੇਂ ਕਹਿਨੀ ਐਂ ਕਰੂੰਗਾ।”

⁠ਤੇ ਹੁਣ ਮੀਤੋ ਨੇ ਵੱਡੇ ਤੜਕੇ ਆਪਣੇ ਘਰੋਂ ਉੱਠ ਕੇ ਆਉਣਾ ਸੀ।

⁠ਉਹ ਹਾਲੇ ਵੀ ਦੁਚਿੱਤੀ ਵਿੱਚ ਸੀ। ਉਹਦੀ ਦੋ ਪੁੜਾਂ ਵਿਚਾਲੇ ਜਾਨ। ਇੱਕ ਪੁੜ ਪਿੰਡ ਦਾ ਇੱਕ ਪੁੜ ਮੀਤੋ ਦਾ। ਇਸ ਗੱਲ ਦਾ ਉਹਨੂੰ ਭੋਰਾ ਵੀ ਡਰ ਨਹੀਂ ਸੀ ਕਿ ਉਹ ਆਪ ਸਾਧਾਰਨ ਜੱਟਾਂ ਦਾ ਮੁੰਡਾ ਹੈ ਤੇ ਮੀਤੋ ਬਹਾਉਲ-ਪੁਰੀਆਂ ਦੀ ਧੀ। ਬਹਾਉਲ ਪੁਰੀਏ, ਜਿਹਨਾਂ ਕੋਲ ਪਿੰਡ ਵਿੱਚ ਸਭ ਤੋਂ ਵੱਧ ਜ਼ਮੀਨ ਸੀ ਤੇ ਜਿਹਨਾਂ ਦੀ ਸਰਕਾਰੇ-ਦਰਬਾਰੇ ਪੂਰੀ ਪਹੁੰਚ ਸੀ। ਮੀਤੋ ਦੇ ਦੋ ਭਰਾ ਸਨ, ਬਘਿਆੜਾਂ ਵਰਗੇ। ਐਡੀ ਵੱਡੀ ਹਵੇਲੀ ਸੀ ਉਹਨਾਂ ਦੀ। ਬੰਦੇ ਨੂੰ ਮਾਰ ਕੇ ਅੰਦਰੇ ਖਪਾ ਦੇਣ ਤੇ ਗੁਆਂਢੀ ਨੂੰ ਸ਼ੋਅ ਤੱਕ ਨਾ ਹੋਵੇ। ਜੱਗਾ ਤਾਂ ਉਹਨਾਂ ਸਾਹਮਣੇ ਟਿੱਡੀ-ਪਪਲੀਹੀ ਸੀ, ਪਰ ਉਹ ਭੈਅ ਖਾਂਦਾ ਤਾਂ ਪਿੰਡ ਦੀਆਂ ਗੱਲਾਂ ਤੋਂ। ਕੀ ਆਖੂਗਾ ਕੋਈ? ਮੀਤੋ ਤੋਂ ਵੱਧ ਮੀਤੋ ਉਹਦੇ ਲਈ ਪਿੰਡ ਦੀ ਧੀ ਸੀ। ਪਿੰਡ ਦੀ ਧੀ, ਜਿਹੜੀ ਕਿਸੇ ਨਾ ਕਿਸੇ ਅਰਥਾਂ ਵਿੱਚ ਆਪਣੀ ਵੀ ਕੁਝ ਲੱਗਦੀ ਸੀ।

⁠ਉਹਨੇ ਬੈਠਕ ਦੀ ਬੱਤੀ ਜਗਾ ਕੇ ਕੰਧ-ਘੜੀ ਦੇਖੀ, ਇੱਕ ਵੱਜਿਆ ਹੋਇਆ ਸੀ। ਬੈਠਕ ਦਾ ਅੰਦਰਲਾ ਬਾਰ ਖੋਲ੍ਹਿਆ, ਛਤੜੇ ਥੱਲੇ ਸਕੂਟਰ ਪੂੰਝਿਆ-ਸੰਵਾਰਿਆ ਖੜ੍ਹਾ ਸੀ। ਉਸਦਾ ਜੀਅ ਕੀਤਾ ਸਕੂਟਰ ਨੂੰ ਕਿੱਕ ਮਾਰ ਕੇ ਦੇਖੇ। ਪਰ ਨਹੀਂ, ਕਲੱਚ ਦੱਬਿਆ ਤੇ ਛੱਡ ਦਿੱਤਾ। ਵਰਾਂਢੇ ਵਿੱਚ ਪੰਜੇ ਮੱਝਾਂ ਆਪਣੇ-ਆਪਣੇ ਕਿੱਲਿਆਂ ਨਾਲ ਬੱਝੀਆਂ, ਪੈਰ ਨਿਸਾਲ ਕੇ ਸੁੱਤੀਆਂ ਪਈਆਂ ਸਨ। ਕਦੇ-ਕਦੇ ਕੋਈ ਮੱਝ ਕੰਨ ਹਿਲਾਉਂਦੀ। ਉਹਨੂੰ ਮੱਝਾਂ ਦੇ ਤਿੱਗ ਬਹੁਤ ਉੱਚੇ ਲੱਗੇ। ਜਿਵੇਂ ਮਾਸ ਦੇ ਪੰਜ ਟਿੱਬੇ ਉੱਸਰੇ ਖੜ੍ਹੇ ਹੋਣ। ਪਰ੍ਹਾਂ ਕੋਠੜੀ ਵਿੱਚ ਪਾਲੀ ਰਜ਼ਾਈ ਦੇ ਚਾਰੇ ਲੜ ਦੱਬ ਕੇ ਘੂਕ ਸੁੱਤਾ ਪਿਆ ਸੀ। ਉਹਦੇ ਘੁੱਟੇ-ਘੁੱਟੇ ਘੁਰਾੜੇ ਇਥੋਂ ਤੱਕ ਸੁਣ ਰਹੇ ਸਨ। ਉਹਨੇ ਵਰਾਂਢੇ ਦੀ ਬੱਤੀ ਜਗਾ ਦਿੱਤੀ। ਬਲਬ ਦੀ ਤੇਜ਼ ਰੌਸ਼ਨੀ ਨੇ ਮੱਝਾਂ ਨੂੰ ਜਿਵੇਂ ਜਗਾ ਦਿੱਤਾ ਹੋਵੇ। ਦੋ ਮੱਝਾਂ ਨੇ ਸਿਰ ਚੁੱਕ ਲਏ। ਉਹਨਾਂ ਦੀਆਂ ਅੱਖਾਂ ਚੰਗਿਆੜੇ ਵਾਂਗ ਮੱਚ ਰਹੀਆਂ ਸਨ। ਉਹਨੂੰ ਆਪਣੇ ਆਪ ਉੱਤੇ ਹਾਸਾ ਆਇਆ, ਜਦੋਂ ਉਹਨੇ ਸੋਚਿਆ ਕਿ ਉਹ ਮੀਤੋ ਦਾ ਖ਼ਿਆਲ ਛੱਡ ਕੇ ਏਧਰ ਵਰਾਂਢੇ ਵੱਲ ਕਿਧਰ ਨਿੱਕਲ ਆਇਆ ਹੈ। ਉਹਨੂੰ ਲੱਗਿਆ ਜਿਵੇਂ ਉਹ ਅਜਿਹਾ ਕਰਨ ਨਾਲ ਮੀਤੋ ਦੇ ਭੈਅ ਨੂੰ ਦਿਲੋਂ ਕੱਢ ਦੇਣਾ ਚਾਹੁੰਦਾ ਹੋਵੇ, ਪਰ ਮੀਤੋ ਨਿਕਲਣ ਵਾਲੀ ਚੀਜ਼ ਨਹੀਂ ਸੀ। ਬਿੱਲੀ ਨੂੰ ਦੇਖ ਕੇ ਕਬੂਤਰ ਕਿੰਨੀਆਂ ਅੱਖਾਂ ਮੀਚੀ ਜਾਵੇ, ਮੌਤ ਟਲਦੀ ਨਹੀਂ। ਮੀਤੋ ਜੱਗੇ ਲਈ ਉਹਦੀ ਸਭਿਆਚਾਰਕ ਮੌਤ ਸੀ। ਇਸ ਮੌਤ ਨੂੰ ਉਹ ਕਿਵੇਂ ਵੀ ਟਾਲ ਨਹੀਂ ਸਕਦਾ ਸੀ। ਇਸ ਮੌਤ ਦੇ ਪਾਸੇ ਨਾਲ ਖਹਿ ਕੇ ਪਾਰ ਲੰਘ ਜਾਣ ਦੀ, ਉਸ ਤੋਂ ਬਚ ਕੇ ਜਾ ਸਕਣ ਦੀ, ਉਹਦੇ ਵਿੱਚ ਭੋਰਾ ਵੀ ਸ਼ਕਤੀ ਨਹੀਂ ਸੀ। ਉਹਨੇ ਅਸਮਾਨ ਵੱਲ ਨਿਗਾਹ ਮਾਰੀ, ਤਾਰੇ ਜਿਵੇਂ ਥੋੜ੍ਹੇ ਰਹਿ ਗਏ ਹੋਣ। ਅੰਦਰਲੇ ਘਰੋਂ ਰੋਟੀ ਖਾ ਕੇ ਜਦੋਂ ਉਹ ਬੈਠਕ ਵਿੱਚ ਆਇਆ ਸੀ। ਓਦੋਂ ਤਾਂ ਅਸਮਾਨ ਮੱਕੀ ਦੀਆਂ ਖਿੱਲਾਂ ਵਾਂਗ ਖਿੜਿਆ ਹੋਇਆ ਸੀ। ਬੈਠਕ ਵਿੱਚ ਆ ਕੇ ਉਹ ਹੈਰਾਨ ਹੀ ਰਹਿ ਗਿਆ, ਕੰਧ-ਘੜੀ ਉੱਤੇ ਛੋਟੀ ਸੂਈ ਇੱਕ ਹਿੰਦਸਾ ਅਗਾਂਹ ਤੁਰ ਪਈ ਸੀ। ਵਕਤ ਜਿਵੇਂ ਘੋੜੇ ਦੀ ਦੌੜ ਭੱਜ ਰਿਹਾ ਹੋਵੇ। ਵੱਡਾ ਤੜਕਾ ਤਾਂ ਹੋਇਆ ਹੀ ਸਮਝ, ਉਹਦੇ ਮੱਥੇ ਦੀ ਸੋਚ ਨੂੰ ਤਰੇਲੀਆਂ ਆਉਣ ਲੱਗੀਆਂ। ਕੀ ਕਰੇ ਉਹ, ਕਿੱਧਰ ਜਾਵੇ? ਇੱਕ ਭਿਆਨਕ ਖ਼ਿਆਲ ਮਾਰ ਖੰਡਿਆਏ ਝੋਟੇ ਵਾਂਗ ਉਹਦਾ ਪਿੱਛਾ ਕਰ ਰਿਹਾ ਸੀ। ਜਿਵੇਂ ਉਹ ਸਿਰਮੁੱਧ ਜਿੱਧਰ ਮੂੰਹ ਕੀਤਾ ਭੱਜਿਆ ਜਾ ਰਿਹਾ ਹੋਵੇ ਤੇ ਝੋਟੇ ਦੀ ਵਿੱਥ ਬਹੁਤ ਥੋੜ੍ਹੀ ਰਹਿ ਗਈ ਹੋਵੇ।

⁠ਉਹਨੇ ਫ਼ੈਸਲਾ ਕੀਤਾ, ਬੈਠਕ ਦਾ ਬਾਹਰਲਾ ਕੁੰਡਾ ਲਾ ਕੇ ਉਹ ਅੰਦਰਲੇ ਘਰ ਜਾ ਸੌਂਦਾ ਹੈ। ਮੀਤੋ ਆਏਗੀ ਤੇ ਟੱਕਰਾਂ ਮਾਰ ਕੇ ਆਪੇ ਮੁੜ ਜਾਵੇਗੀ। ਤੜਕੇ ਨੂੰ ਉਹ ਪਿੰਡ ਛੱਡ ਜਾਵੇਗਾ।

⁠ਬਾਹਰਲਾ ਕੁੰਡਾ ਲਾ ਕੇ ਉਹ ਅੰਦਰਲੇ ਘਰ ਨੂੰ ਤੁਰ ਪਿਆ, ਪਰ ਮੀਤੋ ਤਾਂ ਉਹਦੇ ਨਾਲ-ਨਾਲ ਸੀ। ਉਹ ਕਿਤੇ ਵੀ ਜਾਵੇ, ਮੀਤੋ ਉਹਦੇ ਨਾਲ ਰਹੇਗੀ। ਜਿਵੇਂ ਆਦਮੀ ਦਾ ਪਰਛਾਵਾਂ ਕਿਧਰੇ ਨਹੀਂ ਜਾਂਦਾ ਹੁੰਦਾ। ਹਨੇਰੇ ਵਿੱਚ ਪਰਛਾਵਾਂ ਆਦਮੀ ਦੇ ਅੰਦਰ ਹੀ ਕਿਧਰੇ ਸਮਾਅ ਜਾਂਦਾ ਹੈ ਤੇ ਫਿਰ ਚਾਨਣ ਹੁੰਦੇ ਹੀ ਪਰਛਾਵਾਂ ਪਤਾ ਨਹੀਂ ਕਦੋਂ ਕੋਲ ਆ ਖੜ੍ਹਦਾ ਹੈ, ਨਾਲ ਆ ਜੁੜਦਾ ਹੈ। ਨਾ ਆਦਮੀ ਹਮੇਸ਼ਾ ਹਨੇਰੇ ਵਿੱਚ ਰਹਿ ਸਕਦਾ ਹੈ ਤੇ ਨਾ ਚਾਨਣ ਵਿੱਚ ਪਰਛਾਵੇਂ ਤੋਂ ਛੁਟਕਾਰਾ ਪਾਉਂਦਾ ਹੈ। ਲਾਲ ਸੂੰ ਦੇ ਘਰ ਕੋਲ ਆ ਕੇ ਬੀਹੀ ਦਾ ਚਿੱਕੜ ਉਹਤੋਂ ਟੱਪਿਆ ਨਾ ਗਿਆ। ਆਸੇ-ਪਾਸੇ ਕਿਧਰੇ ਦੋ ਪੈਰਾਂ ਦਾ ਸੁੱਕਾ ਰਾਹ ਵੀ ਨਹੀਂ ਦਿਸਦਾ ਸੀ। ਉਹ ਲਾਲ ਸੂੰ ਦੇ ਤਖ਼ਤਿਆਂ ਵੱਲ ਝਾਕਦਾ ਰਹਿ ਗਿਆ। ਲਾਲ ਸੂੰ, ਜਿਹੜਾ ਹੁਣ ਇਸ ਸੰਸਾਰ ਵਿੱਚ ਨਹੀਂ ਸੀ। ਲਾਲ ਸੂੰ, ਜਿਸਦੇ ਪੁੱਤ ਸਨ, ਅਗਾਂਹ ਪੋਤੇ ਸਨ, ਜੁਆਕਾਂ-ਜੱਲਿਆਂ ਵਾਲੇ। ਲਾਲ ਸੂੰ, ਜਿਹੜਾ ਪਿੰਡ ਦੀ ਕੁੜੀ ਨੂੰ ਉਧਾਲ ਕੇ ਲੈ ਗਿਆ ਸੀ। ਜੱਗੇ ਦੇ ਦਿਮਾਗ਼ ਵਿੱਚ ਲਾਲ ਸੂੰ ਬਿਜਲੀ ਦੀ ਤਾਰ ਵਾਂਗ ਫਿਰ ਗਿਆ। ਬੀਹੀ ਦਾ ਚਿੱਕੜ ਜਿਵੇਂ ਉਹਦੇ ਲਈ ਕੋਈ ਮਸਲਾ ਨਾ ਰਹਿ ਗਿਆ ਹੋਵੇ। ਉਹ ਪੁੱਠਾ ਮੁੜ ਗਿਆ। ਆ ਕੇ ਬੈਠਕ ਦਾ ਬਾਹਰਲਾ ਕੁੰਡਾ ਖੋਲ੍ਹਿਆ। ਬਿਸਤਰੇ ਵਿੱਚ ਘੁਸ ਗਿਆ। ਉਹਨੂੰ ਮਹਿਸੂਸ ਹੋਇਆ, ਬਾਹਰ ਤਾਂ ਠੰਡ ਹੀ ਬੜੀ ਸੀ। ਸੌਣ ਦਾ ਵਕਤ ਹੁਣ ਕਿੱਥੇ ਰਹਿ ਗਿਆ ਸੀ। ਉਹ ਲਾਲ ਸੂੰ ਬਾਰੇ ਸੋਚਣ ਲੱਗਿਆ।

⁠ਤਾਇਆ ਮੈਂਗਲ ਦੱਸਦਾ ਹੁੰਦਾ ਲਾਲ ਸੂੰ ਚੋਬਰ ਸੀ ਪੂਰੇ ਤੌਰ ਦਾ। ਛਟੀ ਵਰਗਾ ਲੰਮਾ ਜੁਆਨ ਤੇ ਨਰੋਆ। ਕੁੜੀ ਦਾ ਨਾਉਂ ਤਾਂ ਬਸੰਤ ਕੌਰ ਸੀ, ਪਰ ਜੁਆਨੀ ਪਹਿਰੇ ਉਹ ਘਰ ਵਿੱਚ ਕਿਧਰੇ ਟਿਕ ਕੇ ਨਹੀਂ ਬੈਠਦੀ ਸੀ, ਕੌਲ਼ੇ ਕੱਛਦੀ ਫਿਰਦੀ। ਕਦੇ ਏਸ ਘਰੇ, ਕਦੇ ਓਸ ਘਰੇ। ਉੱਡਦੀ ਕਦੇ ਘੁਕਦੀ ਫਿਰਦੀ ਰਹਿੰਦੀ। ਕੁੜੀਆਂ ਨੇ ਉਹਦਾ ਨਾਉਂ ‘ਭਮੀਰੀ’ ਪਕਾ ਲਿਆ। ਲਾਲ ਸੂੰ ਨੂੰ ਫਿਟ-ਲਾਹਣਤਾਂ ਪੈਣ ਲੱਗੀਆਂ। ਮੁੰਡਾ-ਕੁੜੀ ਤਾਂ ਪਤਾ ਨਹੀਂ ਕਿੱਥੇ ਰੱਬ ਦੀਆਂ ਜੜ੍ਹਾਂ ਵਿੱਚ ਜਾ ਲੁਕੇ ਸਨ, ਲਾਲ ਸੂੰ ਦੇ ਪਿਓ ਨੂੰ ਸਭ ਗਰਦੋ-ਗੁਬਾਰ ਝੱਲਣਾ ਪਿਆ “ਕਾਹਨੂੰ ਜੰਮਣਾ ਸੀ ਕਬੀਆ?” ਉਹ ਨਾ ਜਿਊਂਦਾ, ਨਾ ਮਰਦਾ।

⁠ਤੇ ਫਿਰ ਗ਼ੁਬਾਰ ਦੀ ਮਿੱਟੀ ਜਦੋਂ ਧਰਤੀ ਉੱਤੇ ਬੈਠ ਗਈ, ਸਾਫ਼ ਹਵਾ ਚੱਲਣ ਲੱਗੀ, ਓਹੀ ਲੋਕ ਸਿੱਧਾ ਬੋਲਣ ਲੱਗ ਪਏ- “ਬੜਗੋਤਿਆਂ ਦੀ ਕੁੜੀ ਸੀ, ਕੀ ਡਰ ਐਂ। ਮੁੰਡੇ ਦਾ ਕੋਈ ਦੋਸ਼ ਨ੍ਹੀਂ।”

⁠ਭਮੀਰੀ ਦਾ ਦਾਦਾ ਨਾਨਕਾ ਢੇਰੀ ‘ਤੇ ਆ ਕੇ ਵੱਸਿਆ ਸੀ। ਗੋਤ ਦਾ ਢਿੱਲੋਂ ਸੀ। ਪਿੰਡ ਤਾਂ ਸਾਰਾ ਸਿੱਧੂ-ਬਰਾੜਾਂ ਦਾ ਸੀ। ਭਮੀਰੀ ਉਰਫ਼ ਬਸੰਤ ਕੌਰ ਨੂੰ ਸਾਰਾ ਪਿੰਡ ਭੂਆ ਆਖਦਾ, ਪਰ ਲਾਲ ਸੂੰ ਰਿਹਾ ਤਾਇਆ ਚਾਚਾ ਹੀ।

⁠ਜੱਗੇ ਦੇ ਕੰਨਾਂ ਵਿੱਚ ਸਾਂ-ਸਾਂ ਹੋਣ ਲੱਗੀ ਤੇ ਫਿਰ ਜਿਵੇਂ ਉਹਦੇ ਕੰਨ ਭੜੱਕ ਦੇ ਕੇ ਖੁੱਲ੍ਹ ਗਏ ਹੋਣ। ਉਹ ਛਾਲ ਮਾਰ ਕੇ ਬਿਸਤਰੇ ਤੋਂ ਖੜ੍ਹਾ ਹੋ ਗਿਆ। “ਬਹਾਉਲ ਪੁਰੀਏ ਤਾਂ ਸਾਡੇ ਸਿੱਧੂ-ਬਰਾੜਾਂ ਤੋਂ ਕੋਹਾਂ ਦੂਰ ਨੇ। ਮੀਤ ‘ਤੇ ਮੇਰਾ ਪੂਰਾ ਹੱਕ ਐ।”

⁠ ਬੈਠਕ ਦੇ ਫ਼ਰਸ਼ ਉੱਤੇ ਜੱਗੇ ਦੇ ਪੈਰ ਉੱਡੂੰ-ਉੱਡੂੰ ਕਰਨ ਲੱਗੇ। ਉਹ ਪਰਬਤ ਜਿਹੀ ਨਿੱਗਰ-ਭਾਰੀ ਦਲੀਲ ਉੱਤੇ ਉੱਤਰ ਆਇਆ- “ਮੈਂ ਕਿਹੜਾ ਨਵੀਂ ਗੱਲ ਕੋਈ ਕਰਨ ਲੱਗਿਆਂ, ਵੱਡਿਆਂ ਨੇ ਜਦੋਂ ਪਹਿਲਾਂ ਲੀਹ ਪਾ ‘ਤੀ।”

⁠ਉਹਨੇ ਬੈਠਕ ਤੋਂ ਬਾਹਰ ਆ ਕੇ ਨਾਅਰਾ ਲਾਇਆ “ਲਾਲ ਸੂੰ ਬਾਬਾ ਜ਼ਿੰਦਾਬਾਦ!” ਜੱਗੇ ਦੀ ਤਿੱਖੀ-ਨਿੱਘਰ ਆਵਾਜ਼ ਨੇ ਜਿਵੇਂ ਅੰਬਰ ਨੂੰ ਕਾਂਬਾ ਛੇੜ ਦਿੱਤਾ ਹੋਵੇ। ਪਹੁ ਫੁੱਟਣ ਵਾਲੀ ਸੀ। ਮੀਤੋ ਦੀ ਆਮਦ ਨਾਲ ਵੱਡਾ ਤੜਕਾ ਆਪਣੇ-ਆਪ ਫੁੱਟ ਪੈਣਾ ਸੀ। ਸੂਰਜ ਵੀ ਤਾਂ ਹੁਣ ਉਹਨਾਂ ਦੇ ਪੱਖ ਵਿੱਚ ਸੀ। ਜੱਗਾ ਬੈਠਕ ਦੇ ਬਾਰ ਅੱਗੇ ਖੜ੍ਹਾ ਮੀਤੋ ਦੀ ਉਡੀਕ ਕਰਨ ਲੱਗਿਆ।

ਮੇਰਾ ਸਨਮਾਨ

ਮੈ ਸਕੂਲ ਟੀਚਰ ਸਾਂ। ਇਹ ਵਧੀਆ ਗੱਲ ਹੁੰਦੀ ਜੇ ਮੇਰਾ ਸਕੂਲ ਵੀ ਮੇਰਾ ਸਨਮਾਨ ਕਰਦਾ - ਸਕੂਲੀ ਪਧਰ ਦਾ ਹੀ ਨਿੱਕਾ-ਮੋਟਾ ਸਨਮਾਨ। ਏਸੇ ਗੱਲ ਨੂੰ ਲਿਆ ਜਾ ਸਕਦਾ ਸੀ ਕਿ ਹੁਣ ਤੱਕ ਸਾਹਿਤ ਅਕਾਡਮੀ ਇਨਾਮ ਜੇਤੂ ਪੰਜਾਬੀ ਲੇਖਕਾਂ ਵਿਚੋਂ ਮੈ ਪਹਿਲਾ ਸਕੂਲ ਟੀਚਰ ਸਾਂ। ਸਾਹਿਤ ਅਕਾਡਮੀ ਵਲ਼ਿਆਂ ਨੇ ਤਾਂ ਮੇਰੇ ਪ੍ਰਸ਼ਸਤੀ-ਪੱਤਰ ਵਿੱਚ ਖਾਸ ਤੌਰ ਉਤੇ ਲਿਖਿਆ ਸੀ,…ਇਨ੍ਹਾਂ ਨੇ ਆਪਣੇ ਆਪ ਨੂੰ ਇੱਕ ਸਕੂਲ ਅਧਿਆਪਕ ਦੇ ਕਾਰਜ ਲਈ ਸਮੱਰਪਤ ਕੀਤਾ ਹੋਇਆ ਹੈ। ਇਕ ਵਾਰ 1979 ਵਿੱਚ ਮੇਰੇ ਨਾਵਲ 'ਸੁਲਗਦੀ ਰਾਤ' ਨੂੰ...

Sour Milk

Standing in front of the entrance, I called out. The dappled dog sitting in a hollow which it had dug for itself under the margosa, barked. The courtyard wall was shoulder high. Patches of plaster had peeled off at many places. At the plinth the bricks were bare. The wall, it appeared, had caved in and developed a hump. In the gate there was a window made of rough unhewn planks. Pushing my arm in through the window, I undid...

ਨ੍ਹਾਤਾ ਘੋੜਾ

ਡੰਗਰਾਂ ਨੂੰ ਕਿੱਲਿਆਂ ਉੱਤੇ ਬੰਨ੍ਹ ਕੇ ਤੇ ਰੋਟੀ ਖਾ ਕੇ ਜੈਲਾ ਹਾਣੀ ਮੁੰਡਿਆਂ ਨਾਲ ਖੇਡਣ ਲਈ ਬਾਹਰ ਨੂੰ ਭੱਜ ਗਿਆ।⁠ਵੱਡੇ ਮੁੰਡੇ, ਕੈਲੇ ਦੇ ਅਜੇ ਕਈ ਕੰਮ ਕਰਨ ਵਾਲੇ ਰਹਿੰਦੇ ਸਨ। ਸਾਰੇ ਕੰਮ ਨਿਬੇੜ ਕੇ ਓਸ ਨੇ ਰੋਟੀ ਖਾ ਲਈ ਤੇ ਫਿਰ ਉਸ ਦੀ ਮਾਂ ਭਾਨੋ ਨੇ ਵੀ ਰੋਟੀ ਖਾ ਲਈ। ਹਨੇਰਾ ਗੂਹੜਾ ਹੁੰਦਾ ਜਾ ਰਿਹਾ ਸੀ। ਚੰਦ, ਮੁੰਡਿਆਂ ਦਾ ਪਿਉ ਅਜੇ ਘਰ ਨਹੀਂ ਸੀ ਆਇਆ॥⁠ਅੱਜ ਤੜਕੇ-ਤੜਕੇ ਕੁਝ ਬੱਦਲਵਾਈ ਸੀ। ਦੁਪਹਿਰ ਵੇਲੇ ਕਣੀਆਂ ਵੀ ਪੈ ਗਈਆਂ ਸਨ। ਪਿਛਲੇ ਪਹਿਰ ਬੱਦਲ...