- ਆ ਮਿਲ ਯਾਰ ਸਾਰ ਲੈ ਮੇਰੀ
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ ।
ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ ।
ਇਹ ਤਾਂ ਠੱਗ ਜਗਤ ਦੇ, ਜਿਹਾ ਲਾਵਣ ਜਾਲ ਚਫੇਰੀ ।
ਕਰਮ ਸ਼ਰ੍ਹਾ ਦੇ ਧਰਮ ਬਤਾਵਣ, ਸੰਗਲ ਪਾਵਣ ਪੈਰੀਂ ।
ਜ਼ਾਤ ਮਜ਼੍ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰ੍ਹਾ ਦਾ ਵੈਰੀ ।
ਨਦੀਉਂ ਪਾਰ ਮੁਲਕ ਸਜਨ ਦਾ ਲਹਵੋ-ਲਆਬ ਨੇ ਘੇਰੀ ।
ਸਤਿਗੁਰ ਬੇੜੀ ਫੜੀ ਖਲੋਤੀ ਤੈਂ ਕਿਉਂ ਲਾਈ ਆ ਦੇਰੀ ।
ਪ੍ਰੀਤਮ ਪਾਸ ਤੇ ਟੋਲਨਾ ਕਿਸ ਨੂੰ, ਭੁੱਲ ਗਿਉਂ ਸਿਖਰ ਦੁਪਹਿਰੀ ।
ਬੁੱਲ੍ਹਾ ਸ਼ਾਹ ਸ਼ੌਹ ਤੈਨੂੰ ਮਿਲਸੀ, ਦਿਲ ਨੂੰ ਦੇਹ ਦਲੇਰੀ ।
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
- ਆਓ ਫ਼ਕੀਰੋ ਮੇਲੇ ਚਲੀਏ
ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਦਾ ਸੁਣ ਵਾਜਾ ਰੇ ।
ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ ।
ਅਨਹਦ ਬਾਜਾ ਸਰਬ ਮਿਲਾਪੀ, ਨਿਰਵੈਰੀ ਸਿਰਨਾਜਾ ਰੇ ।
ਮੇਲੇ ਬਾਝੋਂ ਮੇਲਾ ਔਤਰ, ਰੁੜ੍ਹ ਗਿਆ ਮੂਲ ਵਿਆਜਾ ਰੇ ।
ਕਠਿਨ ਫ਼ਕੀਰੀ ਰਸਤਾ ਆਸ਼ਕ, ਕਾਇਮ ਕਰੋ ਮਨ ਬਾਜਾ ਰੇ ।
ਬੰਦਾ ਰੱਬ ਬ੍ਰਿਹੋਂ ਇਕ ਮਗਰ ਸੁਖ, ਬੁਲ੍ਹਾ ਪੜ ਜਹਾਨ ਬਰਾਜਾ ਰੇ ।
- ਆਓ ਸਈਓ ਰਲ ਦਿਉ ਨੀ ਵਧਾਈ
ਆਓ ਸਈਓ ਰਲ ਦਿਉ ਨੀ ਵਧਾਈ ।
ਮੈਂ ਵਰ ਪਾਇਆ ਰਾਂਝਾ ਮਾਹੀ ।
ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ,
ਹੱਥ ਖੂੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ,
ਆਓ ਸਈਓ ਰਲ ਦਿਉ ਨੀ ਵਧਾਈ ।
ਮੁੱਕਟ ਗਊਆਂ ਦੇ ਵਿਚ ਰੁੱਲਦਾ, ਜੰਗਲ ਜੂਹਾਂ ਦੇ ਵਿਚ ਰੁੱਲਦਾ ।
ਹੈ ਕੋਈ ਅੱਲ੍ਹਾ ਦੇ ਵੱਲ ਭੁੱਲਦਾ, ਅਸਲ ਹਕੀਕਤ ਖ਼ਬਰ ਨਾ ਕਾਈ,
ਆਓ ਸਈਓ ਰਲ ਦਿਉ ਨੀ ਵਧਾਈ ।
ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ,
ਆਓ ਸਈਓ ਰਲ ਦਿਉ ਨੀ ਵਧਾਈ ।
ਮੈਂ ਵਰ ਪਾਇਆ ਰਾਂਝਾ ਮਾਹੀ ।
- ਆ ਸਜਣ ਗਲ ਲੱਗ ਅਸਾਡੇ
ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ ?
ਸੁੱਤਿਆਂ ਬੈਠਿਆਂ ਕੁੱਝ ਨਾ ਡਿੱਠਾ, ਜਾਗਦਿਆਂ ਸਹੁ ਪਾਇਓ ਈ ।
‘ਕੁਮ-ਬ-ਇਜ਼ਨੀ’ ਸ਼ਮਸ ਬੋਲੇ, ਉਲਟਾ ਕਰ ਲਟਕਾਇਓ ਈ ।
ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ, ਦੇ ਦਿਲਾਸ ਬਿਠਾਇਓ ਈ ।
ਮੈਂ ਤੈਂ ਕਾਈ ਨਹੀਂ ਜੁਦਾਈ, ਫਿਰ ਕਿਉਂ ਆਪ ਛੁਪਾਇਓ ਈ ।
ਮੱਝੀਆਂ ਆਈਆਂ ਮਾਹੀ ਨਾ ਆਇਆ, ਫੂਕ ਬ੍ਰਿਹੋਂ ਰੁਲਾਇਓ ਈ ।
ਏਸ ਇਸ਼ਕ ਦੇ ਵੇਖੇ ਕਾਰੇ, ਯੂਸਫ਼ ਖੂਹ ਪਵਾਇਓ ਈ ।
ਵਾਂਗ ਜ਼ੁਲੈਖਾਂ ਵਿਚ ਮਿਸਰ ਦੇ, ਘੁੰਗਟ ਖੋਲ੍ਹ ਰੁਲਾਇਓ ਈ ।
ਰੱਬ-ਇ-ਅਰਾਨੀ ਮੂਸਾ ਬੋਲੇ, ਤਦ ਕੋਹ-ਤੂਰ ਜਲਾਇਓ ਈ ।
ਲਣ-ਤਰਾਨੀ ਝਿੜਕਾਂ ਵਾਲਾ, ਆਪੇ ਹੁਕਮ ਸੁਣਾਇਓ ਈ ।
ਇਸ਼ਕ ਦਿਵਾਨੇ ਕੀਤਾ ਫਾਨੀ, ਦਿਲ ਯਤੀਮ ਬਨਾਇਓ ਈ ।
ਬੁਲ੍ਹਾ ਸ਼ੌਹ ਘਰ ਵਸਿਆ ਆ ਕੇ, ਸ਼ਾਹ ਇਨਾਇਤ ਪਾਇਓ ਈ ।
ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ ?
- ਅਬ ਹਮ ਗੁੰਮ ਹੂਏ, ਪ੍ਰੇਮ ਨਗਰ ਕੇ ਸ਼ਹਿਰ
ਅਬ ਹਮ ਗੁੰਮ ਹੂਏ, ਪ੍ਰੇਮ ਨਗਰ ਕੇ ਸ਼ਹਿਰ ।
ਆਪਣੇ ਆਪ ਨੂੰ ਸੋਧ ਰਿਹਾ ਹੂੰ, ਨਾ ਸਿਰ ਹਾਥ ਨਾ ਪੈਰ ।
ਖੁਦੀ ਖੋਈ ਅਪਨਾ ਪਦ ਚੀਤਾ, ਤਬ ਹੋਈ ਗੱਲ ਖ਼ੈਰ ।
ਲੱਥੇ ਪਗੜੇ ਪਹਿਲੇ ਘਰ ਥੀਂ, ਕੌਣ ਕਰੇ ਨਿਰਵੈਰ ?
ਬੁੱਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ, ਕੋਈ ਨਾ ਦਿਸਦਾ ਗ਼ੈਰ ।
- ਅਬ ਕਿਉਂ ਸਾਜਨ ਚਿਰ ਲਾਇਓ ਰੇ
ਅਬ ਕਿਉਂ ਸਾਜਨ ਚਿਰ ਲਾਇਓ ਰੇ ?
ਐਸੀ ਆਈ ਮਨ ਮੇਂ ਕਾਈ,
ਦੁਖ ਸੁਖ ਸਭ ਵੰਜਾਇਓ ਰੇ,
ਹਾਰ ਸ਼ਿੰਗਾਰ ਕੋ ਆਗ ਲਗਾਉਂ,
ਘਟ ਉੱਪਰ ਢਾਂਡ ਮਚਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?
ਸੁਣ ਕੇ ਗਿਆਨ ਕੀ ਐਸੀ ਬਾਤਾਂ,
ਨਾਮ ਨਿਸ਼ਾਨ ਸਭੀ ਅਣਘਾਤਾਂ,
ਕੋਇਲ ਵਾਂਗੂੰ ਕੂਕਾਂ ਰਾਤਾਂ,
ਤੈਂ ਅਜੇ ਵੀ ਤਰਸ ਨਾ ਆਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?
ਗਲ ਮਿਰਗਾਨੀ ਸੀਸ ਖਪਰੀਆ,
ਭੀਖ ਮੰਗਣ ਨੂੰ ਰੋ ਰੋ ਫਿਰਿਆ,
ਜੋਗਨ ਨਾਮ ਭਿਆ ਲਿਟ ਧਰਿਆ,
ਅੰਗ ਬਿਭੂਤ ਰਮਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?
ਇਸ਼ਕ ਮੁੱਲਾਂ ਨੇ ਬਾਂਗ ਦਿਵਾਈ,
ਉੱਠ ਬਹੁੜਨ ਗੱਲ ਵਾਜਬ ਆਈ,
ਕਰ ਕਰ ਸਿਜਦੇ ਘਰ ਵਲ ਧਾਈ,
ਮੱਥੇ ਮਹਿਰਾਬ ਟਿਕਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?
ਪ੍ਰੇਮ ਨਗਰ ਦੇ ਉਲਟੇ ਚਾਲੇ,
ਖ਼ੂਨੀ ਨੈਣ ਹੋਏ ਖੁਸ਼ਹਾਲੇ,
ਆਪੇ ਆਪ ਫਸੇ ਵਿਚ ਜਾਲੇ,
ਫਸ ਫਸ ਆਪ ਕੁਹਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?
ਦੁੱਖ ਬਿਰਹੋਂ ਨਾ ਹੋਣ ਪੁਰਾਣੇ,
ਜਿਸ ਤਨ ਪੀੜਾਂ ਸੋ ਤਨ ਜਾਣੇ,
ਅੰਦਰ ਝਿੜਕਾਂ ਬਾਹਰ ਤਾਅਨੇ,
ਨੇਹੁੰ ਲਗਿਆਂ ਦੁੱਖ ਪਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?
ਮੈਨਾ ਮਾਲਣ ਰੋਂਦੀ ਪਕੜੀ,
ਬਿਰਹੋਂ ਪਕੜੀ ਕਰਕੇ ਤਕੜੀ,
ਇਕ ਮਰਨਾ ਦੂਜੀ ਜੱਗ ਦੀ ਫੱਕੜੀ,
ਹੁਣ ਕੌਣ ਬੰਨਾ ਬਣ ਆਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?
ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ,
ਸੋਹਣੀ ਬਣ ਤਣ ਸਭ ਕੋਈ ਆਈ,
ਵੇਖ ਕੇ ਸ਼ਾਹ ਇਨਾਇਤ ਸਾਈਂ,
ਜੀਅ ਮੇਰਾ ਭਰ ਆਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?
- ਅਬ ਲਗਨ ਲਗੀ ਕਿਹ ਕਰੀਏ
ਅਬ ਲਗਨ ਲਗੀ ਕਿਹ ਕਰੀਏ ?
ਨਾ ਜੀ ਸਕੀਏ ਤੇ ਨਾ ਮਰੀਏ ।
ਤੁਮ ਸੁਣੋ ਹਮਾਰੀ ਬੈਨਾ,
ਮੋਹੇ ਰਾਤ ਦਿਨੇ ਨਹੀਂ ਚੈਨਾ,
ਹੁਣ ਪੀ ਬਿਨ ਪਲਕ ਨਾ ਸਰੀਏ ।
ਅਬ ਲਗਨ ਲਗੀ ਕਿਹ ਕਰੀਏ ?
ਇਹ ਅਗਨ ਬਿਰਹੋਂ ਦੀ ਜਾਰੀ,
ਕੋਈ ਹਮਰੀ ਪ੍ਰੀਤ ਨਿਵਾਰੀ,
ਬਿਨ ਦਰਸ਼ਨ ਕੈਸੇ ਤਰੀਏ ?
ਅਬ ਲਗਨ ਲਗੀ ਕਿਹ ਕਰੀਏ ?
ਬੁੱਲ੍ਹੇ ਪਈ ਮੁਸੀਬਤ ਭਾਰੀ,
ਕੋਈ ਕਰੋ ਹਮਾਰੀ ਕਾਰੀ,
ਇਕ ਅਜਿਹੇ ਦੁੱਖ ਕੈਸੇ ਜਰੀਏ ?
ਅਬ ਲਗਨ ਲਗੀ ਕਿਹ ਕਰੀਏ ?
- ਐਸਾ ਜਗਿਆ ਗਿਆਨ ਪਲੀਤਾ
ਐਸਾ ਜਗਿਆ ਗਿਆਨ ਪਲੀਤਾ ।
ਨਾ ਹਮ ਹਿੰਦੂ ਨਾ ਤੁਰਕ ਜ਼ਰੂਰੀ, ਨਾਮ ਇਸ਼ਕ ਦੀ ਹੈ ਮਨਜ਼ੂਰੀ,
ਆਸ਼ਕ ਨੇ ਵਰ ਜੀਤਾ, ਐਸਾ ਜਗਿਆ ਗਿਆਨ ਪਲੀਤਾ ।
ਵੇਖੋ ਠੱਗਾਂ ਸ਼ੋਰ ਮਚਾਇਆ, ਜੰਮਣਾ ਮਰਨਾ ਚਾ ਬਣਾਇਆ ।
ਮੂਰਖ ਭੁੱਲੇ ਰੌਲਾ ਪਾਇਆ, ਜਿਸ ਨੂੰ ਆਸ਼ਕ ਜ਼ਾਹਰ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।
ਬੁੱਲ੍ਹਾ ਆਸ਼ਕ ਦੀ ਬਾਤ ਨਿਆਰੀ, ਪ੍ਰੇਮ ਵਾਲਿਆਂ ਬੜੀ ਕਰਾਰੀ,
ਮੂਰਖ ਦੀ ਮੱਤ ਐਵੇਂ ਮਾਰੀ, ਵਾਕ ਸੁਖ਼ਨ ਚੁੱਪ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।
- ਐਸਾ ਮਨ ਮੇਂ ਆਇਓ ਰੇ
ਐਸਾ ਮਨ ਮੇਂ ਆਇਓ ਰੇ, ਦੁੱਖ ਸੁੱਖ ਸਭ ਵੰਞਾਇਓ ਰੇ ।
ਹਾਰ ਸ਼ਿੰਗਾਰ ਕੋ ਆਗ ਲਗਾਊਂ, ਤਨ ਪਰ ਢਾਂਡ ਮਚਾਇਓ ਰੇ ।
ਸੁਣ ਕੇ ਗਿਆਨ ਕੀਆਂ ਐਸੀ ਬਾਤਾਂ, ਨਾਮ-ਨਿਸ਼ਾਨ ਤਭੀ ਅਲਘਾਤਾਂ,
ਕੋਇਲ ਵਾਂਙ ਮੈਂ ਕੂਕਾਂ ਰਾਤਾਂ, ਤੈਂ ਅਜੇ ਭੀ ਤਰਸ ਨਾ ਆਇਉ ਰੇ ।
ਗਲ ਮਿਰਗਾਨੀ ਸੀਸ ਖੱਪਰੀਆਂ, ਦਰਸ਼ਨ ਕੀ ਭੀਖ ਮੰਗਣ ਚੜ੍ਹਿਆ,
ਜੋਗਨ ਨਾਮ ਬੂਹਲਤ ਧਰਿਆ, ਅੰਗ ਬਿਭੂਤ ਰਮਾਇਉ ਰੇ ।
ਇਸ਼ਕ ਮੁੱਲਾਂ ਨੇ ਬਾਂਗ ਸੁਣਾਈ, ਇਹ ਗੱਲ ਵਾਜਬ ਆਈ,
ਕਰ ਕਰ ਸਿਦਕ ਸਿਜਦੇ ਵਲ ਧਾਈ, ਮੂੰਹ ਮਹਿਰਾਬ ਟਿਕਾਇਓ ਰੇ ।
ਪ੍ਰੇਮ ਨਗਰ ਵਾਲੇ ਉਲਟੇ ਚਾਲੇ, ਮੈਂ ਮੋਈ ਭਰ ਖੁਸ਼ੀਆਂ ਨਾਲੇ,
ਆਣ ਫਸੀ ਆਪੇ ਵਿਚ ਜਾਲੇ, ਹੱਸ ਹੱਸ ਆਪ ਕੁਹਾਇਓ ਰੇ ।
ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ, ਜੀਅ ਜਾਮੇ ਦੀ ਦਿੱਤੀ ਸਾਈ,
ਮੁਰਸ਼ਦ ਸ਼ਾਹ ਅਨਾਇਤ ਸਾਈਂ, ਜਿਸ ਦਿਲ ਮੇਰਾ ਭਰਮਾਇਓ ਰੇ ।
- ਅੱਖਾਂ ਵਿਚ ਦਿਲ ਜਾਨੀ ਪਿਆਰਿਆ
ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹੀ ਚੇਟਕ ਲਾਇਆ ਈ ।
ਮੈਂ ਤੇਰੇ ਵਿਚ ਜੱਰਾ ਨਾ ਜੁਦਾਈ,
ਸਾਥੋਂ ਆਪ ਛੁਪਾਇਆ ਈ ।
ਮਝੀਂ ਆਈਆਂ ਰਾਂਝਾ ਯਾਰ ਨਾ ਆਇਆ,
ਫੂਕ ਬਿਰਹੋਂ ਡੋਲਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।
ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਨਾ ਏਂ,
ਸਾਥੋਂ ਆਪ ਛੁਪਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।
ਵਿਚ ਮਿਸਰ ਦੇ ਵਾਂਗ ਜ਼ੁਲੈਖ਼ਾਂ,
ਘੁੰਗਟ ਖੋਲ੍ਹ ਰੁਲਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।
ਸ਼ੌਹ ਬੁੱਲ੍ਹੇ ਦੇ ਸਿਰ ਪਰ ਬੁਰਕਾ,
ਤੇਰੇ ਇਸ਼ਕ ਨਚਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹੀ ਚੇਟਕ ਲਾਇਆ ਈ ।
- ਅਲਫ਼ ਅੱਲ੍ਹਾ ਨਾਲ ਰੱਤਾ ਦਿਲ ਮੇਰਾ
ਅਲਫ਼ ਅੱਲ੍ਹਾ ਨਾਲ ਰੱਤਾ ਦਿਲ ਮੇਰਾ,
ਮੈਨੂੰ ‘ਬੇ’ ਦੀ ਖ਼ਬਰ ਨਾ ਕਾਈ ।
‘ਬੇ’ ਪੜ੍ਹਦਿਆਂ ਮੈਨੂੰ ਸਮਝ ਨਾ ਆਵੇ,
ਲੱਜਤ ਅਲਫ਼ ਦੀ ਆਈ ।
‘ਐਨਾ ਤੇ ਗੈਨਾ’ ਨੂੰ ਸਮਝ ਨਾ ਜਾਣਾ,
ਗੱਲ ਅਲਫ਼ ਸਮਝਾਈ ।
ਬੁੱਲ੍ਹਿਆ ਕੌਲ ਅਲਫ਼ ਦੇ ਪੂਰੇ,
ਜਿਹੜੇ ਦਿਲ ਦੀ ਕਰਨ ਸਫਾਈ ।
- ਅੰਮਾਂ ਬਾਬੇ ਦੀ ਭਲਿਆਈ
ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ ।
ਅੰਮਾਂ ਬਾਬਾ ਹੋਰ ਦੋ ਰਾਹਾਂ ਦੇ, ਪੁੱਤਰ ਦੀ ਵਡਿਆਈ ।
ਦਾਣੇ ਉੱਤੋਂ ਗੁੱਤ ਬਿਗੁੱਤੀ, ਘਰ ਘਰ ਪਈ ਲੜਾਈ ।
ਅਸਾਂ ਕਜ਼ੀਏ ਤਦਾਹੀਂ ਜਾਲੇ, ਜਦਾਂ ਕਣਕ ਉਨ੍ਹਾਂ ਟਰਘਾਈ ।
ਖਾਏ ਖੈਰਾਤੇਂ ਫਾਟੀਏ ਜੁੰਮਾ, ਉਲਟੀ ਦਸਤਕ ਲਾਈ ।
ਬੁੱਲ੍ਹਾ ਤੋਤੇ ਮਾਰ ਬਾਗਾਂ ਥੀਂ ਕੱਢੇ, ਉੱਲੂ ਰਹਿਣ ਉਸ ਜਾਈ ।
ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ ।
- ਅਪਣੇ ਸੰਗ ਰਲਾਈਂ ਪਿਆਰੇ, ਅਪਣੇ ਸੰਗ ਰਲਾਈਂ
ਅਪਣੇ ਸੰਗ ਰਲਾਈਂ ਪਿਆਰੇ, ਅਪਣੇ ਸੰਗ ਰਲਾਈਂ ।
ਪਹਿਲੋਂ ਨੇਹੁੰ ਲਗਾਇਆ ਸੀ ਤੈਂ ਆਪੇ ਚਾਈਂ ਚਾਈਂ ।
ਮੈਂ ਲਾਇਆ ਏ ਕਿ ਤੁੱਧ ਲਾਇਆ ਏ ਆਪਣੀ ਓੜ ਨਿਭਾਈਂ ।
ਰਾਹ ਪਵਾਂ ਤਾਂ ਧਾੜੇ ਬੇਲੇ, ਜੰਗਲ ਲੱਖ ਬਲਾਈਂ ।
ਭੌਕਣ ਚੀਤੇ ਤੇ ਚਿਤਮੁਚਿੱਤੇ ਭੌਕਣ ਕਰਨ ਅਦਾਈਂ ।
ਪਾਰ ਤੇਰੇ ਜਗਤ ਤਰ ਚੜ੍ਹਿਆ ਕੰਢੇ ਲੱਖ ਬਲਾਈਂ ।
ਹੌਲ ਦਿਲੇ ਦਾ ਥਰ ਥਰ ਕੰਬਦਾ ਬੇੜਾ ਪਾਰ ਲੰਘਾਈਂ ।
ਕਰ ਲਈ ਬੰਦਗੀ ਰੱਬ ਸੱਚੇ ਦੀ ਪਵਣ ਕਬੂਲ ਦੁਆਈਂ ।
ਬੁੱਲ੍ਹੇ ਸ਼ਾਹ ਤੇ ਸ਼ਾਹਾਂ ਦਾ ਮੁੱਖੜਾ ਘੁੰਘਟ ਖੋਲ੍ਹ ਵਿਖਾਈਂ ।
ਅਪਣੇ ਸੰਗ ਰਲਾਈਂ ਪਿਆਰੇ, ਅਪਣੇ ਸੰਗ ਰਲਾਈਂ ।
- ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ
ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਇਸ਼ਕ ਡੇਰਾ ਮੇਰੇ ਅੰਦਰ ਕੀਤਾ,
ਭਰ ਕੇ ਜ਼ਹਿਰ ਪਿਆਲਾ ਮੈਂ ਪੀਤਾ,
ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਛੁੱਪ ਗਿਆ ਸੂਰਜ ਬਾਹਰ ਰਹਿ ਗਈ ਆ ਲਾਲੀ,
ਹੋਵਾਂ ਮੈਂ ਸਦਕੇ ਮੁੜ ਜੇ ਦੇਂ ਵਿਖਾਲੀ ,
ਮੈਂ ਭੁੱਲ ਗਈਆਂ ਤੇਰੇ ਨਾਲ ਨਾ ਗਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾਂ,
ਇਹ ਸਿਰ ਆਇਆ ਏ ਮੇਰਾ ਹੇਠ ਵਦਾਣਾਂ,
ਸੱਟ ਪਈ ਇਸ਼ਕੇ ਦੀ ਤਾਂ ਕੂਕਾਂ ਦਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਏਸ ਇਸ਼ਕ ਦੇ ਕੋਲੋਂ ਸਾਨੂੰ ਹਟਕ ਨਾ ਮਾਏ,
ਲਾਹੂ (ਲਾਹੌਰ) ਜਾਂਦੜੇ ਬੇੜੇ ਮੋੜ ਕੌਣ ਹਟਾਏ,
ਮੇਰੀ ਅਕਲ ਭੁੱਲੀ ਨਾਲ ਮੁਹਾਣਿਆਂ ਦੇ ਗਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਏਸ ਇਸ਼ਕ ਦੀ ਝੰਗੀ ਵਿਚ ਮੋਰ ਬੁਲੇਂਦਾ,
ਸਾਨੂੰ ਕਾਬਾ ਤੇ ਕਿਬਲਾ ਪਿਆਰਾ ਯਾਰ ਦਸੇਂਦਾ,
ਸਾਨੂੰ ਘਾਇਲ ਕਰਕੇ ਫਿਰ ਖਬਰ ਨਾ ਲਈਆ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਬੁੱਲ੍ਹਾ ਸ਼ਾਹ ਇਨਾਇਤ ਦੇ ਬਹਿ ਬੂਹੇ,
ਜਿਸ ਪਹਿਨਾਏ ਸਾਨੂੰ ਸਾਵੇ ਸੂਹੇ,
ਜਾਂ ਮੈਂ ਮਾਰੀ ਉਡਾਰੀ ਮਿਲ ਪਿਆ ਵਹੀਆ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
- ਬੰਸੀ ਕਾਹਨ ਅਚਰਜ ਬਜਾਈ
ਬੰਸੀ ਵਾਲਿਆ ਚਾਕਾ ਰਾਂਝਾ, ਤੇਰਾ ਸੁਰ ਹੈ ਸਭ ਨਾਲ ਸਾਂਝਾ,
ਤੇਰੀਆਂ ਮੌਜਾਂ ਸਾਡਾ ਮਾਂਝਾ, ਸਾਡੀ ਸੁਰ ਤੈਂ ਆਪ ਮਿਲਾਈ ।
ਬੰਸੀ ਕਾਹਨ ਅਚਰਜ ਬਜਾਈ ।
ਬੰਸੀ ਵਾਲਿਆ ਕਾਹਨ ਕਹਾਵੇਂ, ਸਬ ਦਾ ਨੇਕ ਅਨੂਪ ਮਨਾਵੇਂ,
ਅੱਖੀਆਂ ਦੇ ਵਿਚ ਨਜ਼ਰ ਨਾ ਆਵੇਂ, ਕੈਸੀ ਬਿਖੜੀ ਖੇਲ ਰਚਾਈ ।
ਬੰਸੀ ਕਾਹਨ ਅਚਰਜ ਬਜਾਈ ।
ਬੰਸੀ ਸਭ ਕੋਈ ਸੁਣੇ ਸੁਣਾਵੇ, ਅਰਥ ਇਸ ਦਾ ਕੋਈ ਵਿਰਲਾ ਪਾਵੇ,
ਜੋ ਕੋਈ ਅਨਹਦ ਕੀ ਸੁਰ ਪਾਵੇ, ਸੋ ਇਸ ਬੰਸੀ ਕਾ ਸ਼ੌਦਾਈ ।
ਬੰਸੀ ਕਾਹਨ ਅਚਰਜ ਬਜਾਈ ।
ਸੁਣੀਆਂ ਬੰਸੀ ਦੀਆਂ ਘੰਗੋਰਾਂ, ਕੂਕਾਂ ਤਨ ਮਨ ਵਾਂਙੂ ਮੋਰਾਂ,
ਡਿਠੀਆਂ ਇਸ ਦੀਆਂ ਤੋੜਾਂ ਜੋੜਾਂ, ਇਕ ਸੁਰ ਦੀ ਸਭ ਕਲਾ ਉਠਾਈ ।
ਬੰਸੀ ਕਾਹਨ ਅਚਰਜ ਬਜਾਈ ।
ਇਸ ਬੰਸੀ ਦਾ ਲੰਮਾ ਲੇਖਾ, ਜਿਸ ਨੇ ਢੂੰਡਾ ਤਿਸ ਨੇ ਦੇਖਾ,
ਸ਼ਾਦੀ ਇਸ ਬੰਸੀ ਦੀ ਰੇਖਾ, ਏਸ ਵਜੂਦੋਂ ਸਿਫਤ ਉਠਾਈ ।
ਬੰਸੀ ਕਾਹਨ ਅਚਰਜ ਬਜਾਈ ।
ਇਸ ਬੰਸੀ ਦੇ ਪੰਜ ਸਤ ਤਾਰੇ, ਆਪ ਆਪਣੀ ਸੁਰ ਭਰਦੇ ਸਾਰੇ,
ਇਕ ਸੁਰ ਸਭ ਦੇ ਵਿਚ ਦਮ ਮਾਰੇ, ਸਾਡੀ ਇਸ ਨੇ ਹੋਸ਼ ਭੁਲਾਈ ।
ਬੰਸੀ ਕਾਹਨ ਅਚਰਜ ਬਜਾਈ ।
ਬੁੱਲ੍ਹਾ ਪੁੱਜ ਪਏ ਤਕਰਾਰ, ਬੂਹੇ ਆਣ ਖਲੋਤੇ ਯਾਰ,
ਰੱਖੀਂ ਕਲਮੇ ਨਾਲ ਬਿਊਪਾਰ, ਤੇਰੀ ਹਜ਼ਰਤ ਭਰੇ ਗਵਾਹੀ ।
ਬੰਸੀ ਕਾਹਨ ਅਚਰਜ ਬਜਾਈ ।
- ਬੱਸ ਕਰ ਜੀ ਹੁਣ ਬੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ,
ਇਕ ਬਾਤ ਅਸਾਂ ਨਾਲ ਹੱਸ ਕਰ ਜੀ ।
ਤੁਸੀਂ ਦਿਲ ਮੇਰੇ ਵਿਚ ਵੱਸਦੇ ਹੋ, ਐਵੇਂ ਸਾਥੋਂ ਦੂਰ ਕਿਉਂ ਨੱਸਦੇ ਹੋ,
ਨਾਲੇ ਘੱਤ ਜਾਦੂ ਦਿਲ ਖੱਸਦੇ ਹੋ, ਹੁਣ ਕਿਤ ਵੱਲ ਜਾਸੋ ਨੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।
ਤੁਸੀਂ ਮੋਇਆਂ ਨੂੰ ਮਾਰ ਨਾ ਮੁੱਕਦੇ ਸੀ, ਖਿੱਦੋ ਵਾਂਙ ਖੂੰਡੀ ਨਿੱਤ ਕੁੱਟਦੇ ਸੀ,
ਗੱਲ ਕਰਦਿਆਂ ਦਾ ਗਲ ਘੁੱਟਦੇ ਸੀ, ਹੁਣ ਤੀਰ ਲਗਾਓ ਕੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।
ਤੁਸੀਂ ਛਪਦੇ ਹੋ ਅਸਾਂ ਪਕੜੇ ਹੋ, ਅਸਾਂ ਨਾਲ ਜ਼ੁਲਫ ਦੇ ਜਕੜੇ ਹੋ,
ਤੁਸੀਂ ਅਜੇ ਛਪਣ ਨੂੰ ਤਕੜੇ ਹੋ, ਹੁਣ ਜਾਣ ਨਾ ਮਿਲਦਾ ਨੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।
ਬੁੱਲ੍ਹਾ ਸ਼ੌਹ ਮੈਂ ਤੇਰੀ ਬਰਦੀ ਹਾਂ, ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ,
ਨਿੱਤ ਸੌ ਸੌ ਮਿੰਨਤਾਂ ਕਰਦੀ ਹਾਂ, ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।
- ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ
ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ ।
ਮੀਮ ਦੇ ਉਹਲੇ ਵੱਸਦਾ ਨੀਂ, ਢੋਲਣ ਮਾਹੀ ।
ਔਲੀਆਂ ਮਨਸੂਰ ਕਹਾਵੇ, ਰਮਜ਼ ਅਨਲਹੱਕ ਆਪ ਬਤਾਵੇ,
ਆਪੇ ਆਪ ਨੂੰ ਸੂਲੀ ਚੜ੍ਹਾਵੇ,ਤੇ ਕੋਲ ਖਲੋਕੇ ਹੱਸਦਾ ਨੀਂ, ਢੋਲਣ ਮਾਹੀ ।
ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ ।
ਮੀਮ ਦੇ ਉਹਲੇ ਵੱਸਦਾ ਨੀਂ, ਢੋਲਣ ਮਾਹੀ ।
- ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ
ਪਿੜੀ ਪਿਛੇ ਪਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ,
ਅੱਗੇ ਚਰਖਾ ਪਿੱਛੇ ਪੀਹੜਾ, ਮੇਰੇ ਹੱਥੋਂ ਤੰਦ ਤਰੁੱਟੀ,
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ ।
ਦਾਜ ਜਵਾਹਰ ਅਸਾਂ ਕੀ ਕਰਨਾ, ਜਿਸ ਪ੍ਰੇਮ ਕਟਵਾਈ ਮੁੱਠੀ,
ਓਹੋ ਚੋਰ ਮੇਰਾ ਪਕੜ ਮੰਗਾਓ, ਜਿਸ ਮੇਰੀ ਜਿੰਦ ਕੁੱਠੀ,
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ ।
ਭਲਾ ਹੋਇਆ ਮੇਰਾ ਚਰਖਾ ਟੁੱਟਾ, ਮੇਰੀ ਜਿੰਦ ਅਜ਼ਾਬੋਂ ਛੁੱਟੀ,
ਬੁੱਲ੍ਹਾ ਸ਼ੌਹ ਨੇ ਨਾਚ ਨਚਾਏ, ਓਥੇ ਧੁੰਮ ਪਈ ਕੜ-ਕੁੱਟੀ,
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ ।
- ਭਾਵੇਂ ਜਾਣ ਨਾ ਜਾਣ ਵੇ ਵਿਹੜੇ ਆ ਵੜ ਮੇਰੇ
ਭਾਵੇਂ ਜਾਣ ਨਾ ਜਾਣ ਵੇ ਵਿਹੜੇ ਆ ਵੜ ਮੇਰੇ ।
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ ।
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ ਢੂੰਡਾਂ ਜੰਗਲ ਬੇਲਾ ਰੋਹੀ,
ਢੂੰਡਾਂ ਤਾਂ ਸਾਰਾ ਜਹਾਨ ਵੇ ਵਿਹੜੇ ਆ ਵੜ ਮੇਰੇ ।
ਲੋਕਾਂ ਦੇ ਭਾਣੇ ਚਾਕ ਮਹੀਂ ਦਾ ਰਾਂਝਾ ਤਾਂ ਲੋਕਾਂ ਵਿਚ ਕਹੀਂਦਾ,
ਸਾਡਾ ਤਾਂ ਦੀਨ ਈਮਾਨ ਵੇ ਵਿਹੜੇ ਆ ਵੜ ਮੇਰੇ ।
ਮਾਪੇ ਛੋੜ ਲੱਗੀ ਲੜ ਤੇਰੇ ਸ਼ਾਹ ਇਨਾਇਤ ਸਾਈਂ ਮੇਰੇ,
ਲਾਈਆਂ ਦੀ ਲੱਜ ਪਾਲ ਵੇ ਵਿਹੜੇ ਆ ਵੜ ਮੇਰੇ ।
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ ।
- ਭਰਵਾਸਾ ਕੀ ਆਸ਼ਨਾਈ ਦਾ
ਭਰਵਾਸਾ ਕੀ ਆਸ਼ਨਾਈ ਦਾ ।
ਡਰ ਲਗਦਾ ਬੇ-ਪਰਵਾਹੀ ਦਾ ।
ਇਬਰਾਹੀਮ ਚਿਖਾ ਵਿਚ ਪਾਇਉ, ਸੁਲੇਮਾਨ ਨੂੰ ਭੱਠ ਝੁਕਾਇਉ,
ਯੂਨਸ ਮੱਛੀ ਤੋਂ ਨਿਗਲਾਇਉ, ਫੜ ਯੂਸਫ ਮਿਸਰ ਵਿਕਾਈਦਾ ।
ਭਰਵਾਸਾ ਕੀ ਆਸ਼ਨਾਈ ਦਾ ।
ਜ਼ਿਕਰੀਆ ਸਿਰ ਕਲਵੱਤਰ ਚਲਾਇਉ, ਸਾਬਰ ਦੇ ਤਨ ਕੀੜੇ ਪਾਇਉ,
ਸੁੰਨਆਂ ਗਲ ਜ਼ੱਨਾਰ ਪਵਾਇਉ,ਕਿਤੇ ਉਲਟਾ ਪੋਸ਼ ਲੁਹਾਈ ਦਾ ।
ਭਰਵਾਸਾ ਕੀ ਆਸ਼ਨਾਈ ਦਾ ।
ਪੈਗ਼ੰਬਰ ਤੇ ਨੂਰ ਉਪਾਇਉ, ਨਾਮ ਇਮਾਮ ਹੁਸੈਨ ਧਰਾਇਉ,
ਝੁਲਾ ਜਿਬਰਾਈਲ ਝੁਲਾਇਉ, ਫਿਰ ਪਿਆਸਾ ਗਲਾ ਕਟਾਈਦਾ ।
ਭਰਵਾਸਾ ਕੀ ਆਸ਼ਨਾਈ ਦਾ ।
ਜਾ ਜ਼ਕਰੀਆ ਰੁੱਖ ਛੁਪਾਇਆ, ਛਪਣਾਂ ਉਸ ਦਾ ਬੁਰਾ ਮਨਾਇਆ,
ਆਰਾ ਸਿਰ ਤੇ ਚਾ ਵਗਾਇਆ, ਸਣੇ ਰੁੱਖ ਚਰਾਈਦਾ ।
ਭਰਵਾਸਾ ਕੀ ਆਸ਼ਨਾਈ ਦਾ ।
ਯਹੀਹਾ ਉਸ ਦਾ ਯਾਰ ਕਹਾਇਆ, ਨਾਲ ਓਸੇ ਦੇ ਨੇਹੁੰ ਲਗਾਇਆ,
ਰਾਹ ਸ਼ਰ੍ਹਾ ਦਾ ਉੱਨ ਬਤਲਾਇਆ, ਸਿਰ ਉਸ ਦਾ ਥਾਲ ਕਟਾਈਦਾ ।
ਭਰਵਾਸਾ ਕੀ ਆਸ਼ਨਾਈ ਦਾ ।
ਬੁੱਲ੍ਹਾ ਸ਼ੌਹ ਹੁਣ ਅਸੀਂ ਸੰਞਾਤੇ ਹੈਂ, ਹਰ ਸੂਰਤ ਨਾਲ ਪਛਾਤੇ ਹੈਂ,
ਕਿਤੇ ਆਤੇ ਹੈਂ ਕਿਤੇ ਜਾਤੇ ਹੈਂ,ਹੁਣ ਮੈਥੋਂ ਭੁੱਲ ਨਾ ਜਾਈ ਦਾ ।
ਭਰਵਾਸਾ ਕੀ ਆਸ਼ਨਾਈ ਦਾ ।
- ਬੁੱਲ੍ਹਾ ਕੀ ਜਾਣਾ ਮੈਂ ਕੌਣ
ਨਾ ਮੈਂ ਮੋਮਨ ਵਿਚ ਮਸੀਤਾਂ, ਨਾ ਮੈਂ ਵਿਚ ਕੁਫ਼ਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿਚ ਪਲੀਤਾਂ, ਨਾ ਮੈਂ ਮੂਸਾ ਨਾ ਫਰਔਨ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ,
ਨਾ ਵਿਚ ਰਿੰਦਾਂ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
ਨਾ ਵਿਚ ਸ਼ਾਦੀ ਨਾ ਗ਼ਮਨਾਕੀ, ਨਾ ਮੈਂ ਵਿਚ ਪਲੀਤੀ ਪਾਕੀ,
ਨਾ ਮੈਂ ਆਬੀ ਨਾ ਮੈਂ ਖ਼ਾਕੀ, ਨਾ ਮੈਂ ਆਤਿਸ਼ ਨਾ ਮੈਂ ਪੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ,
ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿਚ ਨਦੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ,
ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਭੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
ਅੱਵਲ ਆਖਰ ਆਪ ਨੂੰ ਜਾਣਾਂ, ਨਾ ਕੋਈ ਦੂਜਾ ਹੋਰ ਪਛਾਣਾਂ,
ਮੈਥੋਂ ਹੋਰ ਨਾ ਕੋਈ ਸਿਆਣਾ, ਬੁਲ੍ਹਾ ਸ਼ਾਹ ਖੜ੍ਹਾ ਹੈ ਕੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
- ਬੁੱਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ
ਬੁੱਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ ।
ਨਾ ਸੂਹਾਂ ਨਾ ਕੰਮ ਬਖੇੜੇ ਵੰਞੇ ਜਾਗਣ ਸੌਣ ।
ਰਾਂਝੇ ਨੂੰ ਮੈਂ ਗਾਲੀਆਂ ਦੇਵਾਂ, ਮਨ ਵਿਚ ਕਰਾਂ ਦੁਆਈਂ ।
ਮੈਂ ਤੇ ਰਾਂਝਾ ਇਕੋ ਕੋਈ, ਲੋਕਾਂ ਨੂੰ ਅਜ਼ਮਾਈਂ ।
ਜਿਸ ਬੇਲੇ ਵਿਚ ਬੇਲੀ ਦਿੱਸੇ,ਉਸ ਦੀਆਂ ਲਵਾਂ ਬਲਾਈਂ ।
ਬੁੱਲ੍ਹਾ ਸ਼ੌਹ ਨੂੰ ਪਾਸੇ ਛੱਡ ਕੇ, ਜੰਗਲ ਵੱਲ ਨਾ ਜਾਈਂ ।
ਬੁੱਲ੍ਹਾ ਕੀ ਜਾਣਾ ਜ਼ਾਤ ਇਸ਼ਕ ਦੀ ਕੌਣ ।
ਨਾ ਸੂਹਾਂ ਨਾ ਕੰਮ ਬਖੇੜੇ ਵੰਞੇ ਜਾਗਣ ਸੌਣ ।
- ਬੁੱਲ੍ਹੇ ਨੂੰ ਸਮਝਾਵਣ ਆਈਆਂ, ਭੈਣਾਂ ਤੇ ਭਰਜਾਈਆਂ
ਬੁੱਲ੍ਹੇ ਨੂੰ ਸਮਝਾਵਣ ਆਈਆਂ, ਭੈਣਾਂ ਤੇ ਭਰਜਾਈਆਂ ।
ਮੰਨ ਲੈ ਬੁੱਲ੍ਹਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆਂ ।
ਆਲ ਨਬੀ ਔਲਾਦ ਨਬੀ ਨੂੰ, ਤੂੰ ਕੀ ਲੀਕਾਂ ਲਾਈਆਂ ।
ਜਿਹੜਾ ਸਾਨੂੰ ਸਈਅਦ ਸੱਦੇ, ਦੋਜ਼ਖ ਮਿਲਣ ਸਜਾਈਆਂ ।
ਜੋ ਕੋਈ ਸਾਨੂੰ ਰਾਈਂ ਆਖੇ, ਬਹਿਸ਼ਤੀਂ ਪੀਂਘਾਂ ਪਾਈਆਂ ।
ਰਾਈਂ ਸਾਈਂ ਸਭਨੀ ਥਾਈਂ, ਰੱਬ ਦੀਆਂ ਬੇਪਰਵਾਹੀਆਂ ।
ਸੋਹਣੀਆਂ ਪਰ੍ਹੇ ਹਟਾਈਆਂ ਨੇ ਤੇ, ਕੋਝੀਆਂ ਲੈ ਗਲ ਲਾਈਆਂ ।
ਜੇ ਤੂੰ ਲੋੜੇਂ ਬਾਗ਼ ਬਹਾਰਾਂ, ਚਾਕਰ ਹੋ ਜਾ ਰਾਈਆਂ ।
ਬੁੱਲ੍ਹਾ ਸ਼ੌਹ ਦੀ ਜ਼ਾਤ ਕੀ ਪੁੱਛਨਾ ਏਂ, ਸ਼ੱਕਰ ਹੋ ਰਜਾਈਆਂ ।
- ਚਲੋ ਦੇਖੀਏ ਉਸ ਮਸਤਾਨੜੇ ਨੂੰ
ਚਲੋ ਦੇਖੀਏ ਉਸ ਮਸਤਾਨੜੇ ਨੂੰ,
ਜਿਦ੍ਹੀ ਤ੍ਰਿੰਞਣਾਂ ਦੇ ਵਿਚ ਪਈ ਏ ਧੁੰਮ ।
ਉਹ ਤੇ ਮੈਂ ਵਹਿਦਤ ਵਿਚ ਰੰਗਦਾ ਏ,
ਨਹੀਂ ਪੁੱਛਦਾ ਜਾਤ ਦੇ ਕੀ ਹੋ ਤੁਮ ।
ਜੀਦ੍ਹਾ ਸ਼ੋਰ ਚੁਫੇਰੇ ਪੈਂਦਾ ਏ,
ਉਹ ਕੋਲ ਤੇਰੇ ਨਿੱਤ ਰਹਿੰਦਾ ਏ,
ਨਾਲੇ ‘ਨਾਹਨ ਅਕਰਬ’ ਕਹਿੰਦਾ ਏ,
ਨਾਲੇ ਆਖੇ ‘ਵਫ਼ੀ-ਅਨਫ਼ਸ-ਕੁਮ’ ।
ਛੱਡ ਝੂਠ ਭਰਮ ਦੀ ਬਸਤੀ ਨੂੰ,
ਕਰ ਇਸ਼ਕ ਦੀ ਕਾਇਮ ਮਸਤੀ ਨੂੰ,
ਗਏ ਪਹੁੰਚ ਸਜਣ ਦੀ ਹਸਤੀ ਨੂੰ,
ਜਿਹੜੇ ਹੋ ਗਏ ‘ਸੁਮ-ਬੁਕਮ-ਉਮ’ ।
ਨਾ ਤੇਰਾ ਏ ਨਾ ਮੇਰਾ ਏ,
ਜੱਗ ਫਾਨੀ ਝਗੜਾ ਝੇੜਾ ਏ,
ਬਿਨਾਂ ਮੁਰਸ਼ਦ ਰਹਿਬਰ ਕਿਹੜਾ ਏ,
ਪੜ੍ਹ-‘ਫਾਜ਼-ਰੂਨੀ-ਅਜ਼-ਕੁਰ-ਕੁਮ’ ।
ਬੁੱਲ੍ਹੇ ਸ਼ਾਹ ਇਹ ਬਾਤ ਇਸ਼ਾਰੇ ਦੀ,
ਜਿਨ੍ਹਾ ਲੱਗ ਗਈ ਤਾਂਘ ਨਜ਼ਾਰੇ ਦੀ,
ਦੱਸ ਪੈਂਦੀ ਘਰ ਵਣਜਾਰੇ ਦੀ,
ਹੈ ‘ਯਦਉੱਲ੍ਹਾ-ਫ਼ੌਕਾ ਅਯਦੀਕੁਮ’ ।
ਚਲੋ ਦੇਖੀਏ ਉਸ ਮਸਤਾਨੜੇ ਨੂੰ,
ਜਿਦ੍ਹੀ ਤ੍ਰਿੰਞਣਾਂ ਦੇ ਵਿਚ ਪਈ ਏ ਧੁੰਮ ।
- ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ
ਸੱਚ ਸੁਣਦੇ ਲੋਕ ਨਾ ਸਹਿੰਦੇ ਨੀ, ਸੱਚ ਆਖੀਏ ਤਾਂ ਗਲ ਪੈਂਦੇ ਨੀ,
ਫਿਰ ਸੱਚੇ ਪਾਸ ਨਾ ਬਹਿੰਦੇ ਨੀ, ਸੱਚ ਮਿੱਠਾ ਆਸ਼ਕ ਪਿਆਰੇ ਨੂੰ ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ।
ਸੱਚ ਸ਼ਰ੍ਹਾ ਕਰੇ ਬਰਬਾਦੀ ਏ, ਸੱਚ ਆਸ਼ਕ ਦੇ ਘਰ ਸ਼ਾਦੀ ਏ,
ਸੱਚ ਕਰਦਾ ਨਵੀਂ ਆਬਾਦੀ ਏ, ਜਿਹੀ ਸ਼ਰ੍ਹਾ ਤਰੀਕਤ ਹਾਰੇ ਨੂੰ ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ।
ਚੁੱਪ ਆਸ਼ਕ ਤੋਂ ਨਾ ਹੁੰਦੀ ਏ,ਜਿਸ ਆਈ ਸੱਚ ਸੁਗੰਧੀ ਏ,
ਜਿਸ ਮਾਲ੍ਹ ਸੁਹਾਗ ਦੀ ਗੁੰਦੀ ਏ, ਛੱਡ ਦੁਨੀਆਂ ਕੂੜ ਪਸਾਰੇ ਨੂੰ ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ।
ਬੁੱਲ੍ਹਾ ਸ਼ੌਹ ਸੱਚ ਹੁਣ ਬੋਲੇ ਹੈਂ, ਸੱਚ ਸ਼ਰ੍ਹਾ ਤਰੀਕਤ ਫੋਲੇ ਹੈਂ,
ਗੱਲ ਚੌਥੇ ਪਦ ਦੀ ਖੋਲ੍ਹੇ ਹੈਂ, ਜਿਹੀ ਸ਼ਰ੍ਹਾ ਤਰੀਕਤ ਹਾਰੇ ਨੂੰ ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ।
- ਢੋਲਾ ਆਦਮੀ ਬਣ ਆਇਆ
ਆਪੇ ਆਹੂ ਆਪੇ ਚੀਤਾ, ਆਪੇ ਮਾਰਨ ਧਾਇਆ,
ਆਪੇ ਸਾਹਿਬ ਆਪੇ ਬਰਦਾ, ਆਪੇ ਮੁੱਲ ਵਿਕਾਇਆ,
ਢੋਲਾ ਆਦਮੀ ਬਣ ਆਇਆ ।
ਕਦੀ ਹਾਥੀ ਤੇ ਅਸਵਾਰ ਹੋਇਆ, ਕਦੀ ਠੂਠਾ ਡਾਂਗ ਭੁਵਾਇਆ,
ਕਦੀ ਰਾਵਲ ਜੋਗੀ ਭੋਗੀ ਹੋ ਕੇ, ਸਾਂਗੀ ਸਾਂਗ ਬਣਾਇਆ,
ਢੋਲਾ ਆਦਮੀ ਬਣ ਆਇਆ ।
ਬਾਜ਼ੀਗਰ ਕਿਆ ਬਾਜ਼ੀ ਖੇਲੀ, ਮੈਨੂੰ ਪੁਤਲੀ ਵਾਂਗ ਨਚਾਇਆ,
ਮੈਂ ਉਸ ਪੜਤਾਲੀ ਨਚਣਾ ਹਾਂ, ਜਿਸ ਗਤ ਮਿਤ ਯਾਰ ਲਖਾਇਆ,
ਢੋਲਾ ਆਦਮੀ ਬਣ ਆਇਆ ।
ਹਾਬੀਲ ਕਾਬੀਲ ਆਦਮ ਦੇ ਜਾਏ, ਆਦਮ ਕਿਸ ਦਾ ਜਾਇਆ,
ਬੁੱਲ੍ਹਾ ਉਨ੍ਹਾਂ ਤੋਂ ਭੀ ਅੱਗੇ ਆਹਾ, ਦਾਦਾ ਗੋਦ ਖਿਡਾਇਆ,
ਢੋਲਾ ਆਦਮੀ ਬਣ ਆਇਆ ।
ਪਾਠ-ਭੇਦ
ਮਉਲਾ ਆਦਮੀ ਬਣ ਆਇਆ
ਮਾਟੀ ਵਿਚੋਂ ਹੀਰਾ ਲੱਧਾ,
ਗੋਬਰ ਮਹਿੰ ਦੁੱਧ ਪਾਇਆ ।ਰਹਾਉ।
ਸਭੋ ਊਠ ਕਤਾਰੀਂ ਬੱਧੇ
ਧੰਨੇ ਦਾ ਵੱਗ ਚਰਾਇਆ ।
ਸਾਡੀ ਭਾਜੀ ਲੇਵੇ ਨਾਹੀਂ
ਬਿਦਰ ਦੇ ਸਾਗ ਅਘਾਇਆ ।
ਕਹੂੰ ਹਾਥੀ ਅਸਵਾਰ ਹੋਇਆ,
ਕਹੂੰ ਠੂਠਾ ਭਾਂਗ ਭੁਵਾਇਆ ।
ਕਹੂੰ ਰਾਵਲ ਜੋਗੀ ਭੋਗੀ
ਕਹੂੰ ਸਵਾਂਗੀ ਸਵਾਂਗ ਰਚਾਇਆ ।
ਆਪੇ ਆਹੂ ਆਪੇ ਚੀਤਾ
ਆਪੇ ਮਾਰਨ ਧਾਇਆ ।
ਆਪੇ ਸਾਹਿਬ ਆਪੇ ਬਰਦਾ
ਆਪੇ ਮੁੱਲ ਵਿਕਾਇਆ ।
ਬਾਜ਼ੀਗਰ ਕਿਆ ਬਾਜ਼ੀ ਖੇਲੀ
ਪੁਤਲੀ ਵਾਂਗ ਨਚਾਯਾ ।
ਮੈਂ ਉਸ ਪੜਤਾਲੀ ਨੱਚਨਾ ਹਾਂ
ਜਿਸ ਗਤ ਮਤ ਯਾਰ ਲਖਾਯਾ ।
ਹਾਬੀਲ ਕਾਬੀਲ ਆਦਮ ਦੇ ਜਾਏ
ਤੇ ਆਦਮ ਕੈਂ ਦਾ ਜਾਇਆ ?
ਬੁੱਲ੍ਹਾ ਸਭਨਾ ਥੀਂ ਅਗੈ ਆਹਾ
ਜਿਨ ਦਾਦਾ ਗੋਦਿ ਦਿਖਾਇਆ ।
27. ਦਿਲ ਲੋਚੇ ਮਾਹੀ ਯਾਰ ਨੂੰ
ਇਕ ਹੱਸ ਹੱਸ ਗੱਲ ਕਰਦੀਆਂ, ਇਕ ਰੋਂਦੀਆਂ ਧੋਂਦੀਆਂ ਮਰਦੀਆਂ,
ਕਹੋ ਫੁੱਲੀ ਬਸੰਤ ਬਹਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ ।
ਮੈਂ ਨ੍ਹਾਤੀ ਧੋਤੀ ਰਹਿ ਗਈ, ਇਕ ਗੰਢ ਮਾਹੀ ਦਿਲ ਬਹਿ ਗਈ,
ਭਾਹ ਲਾਈਏ ਹਾਰ ਸ਼ਿੰਗਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ ।
ਮੈਂ ਕਮਲੀ ਕੀਤੀ ਦੂਤੀਆਂ, ਦੁੱਖ ਘੇਰ ਚੁਫੇਰੋਂ ਲੀਤੀਆਂ,
ਘਰ ਆ ਮਾਹੀ ਦੀਦਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ ।
ਬੁੱਲ੍ਹਾ ਸ਼ੌਹ ਮੇਰੇ ਘਰ ਆਇਆ, ਮੈਂ ਘੁੱਟ ਰਾਂਝਣ ਗਲ ਲਾਇਆ,
ਦੁੱਖ ਗਏ ਸਮੁੰਦਰ ਪਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ ।
- ਇਹ ਅਚਰਜ ਸਾਧੋ ਕੌਣ ਕਹਾਵੇ
ਇਹ ਅਚਰਜ ਸਾਧੋ ਕੌਣ ਕਹਾਵੇ ।
ਛਿਨ ਛਿਨ ਰੂਪ ਕਿਤੋਂ ਬਣ ਆਵੇ ।
ਮੱਕਾ ਲੰਕਾ ਸਹਿਦੇਵ ਕੇ ਭੇਤ, ਦੋਊ ਕੋ ਏਕ ਬਤਾਵੇ ।
ਜਬ ਜੋਗੀ ਤੁਮ ਵਸਲ ਕਰੋਗੇ, ਬਾਂਗ ਕਹੈ ਭਾਵੇਂ ਨਾਦ ਵਜਾਵੇ ।
ਭਗਤੀ ਭਗਤ ਨਤਾਰੋ ਨਾਹੀਂ, ਭਗਤ ਸੋਈ ਜਿਹੜਾ ਮਨ ਭਾਵੇ ।
ਹਰ ਪਰਗਟ ਪਰਗਟ ਹੀ ਦੇਖੋ, ਕਿਆ ਪੰਡਤ ਫਿਰ ਬੇਦ ਸੁਨਾਵੇ ।
ਧਿਆਨ ਧਰੋ ਇਹ ਕਾਫ਼ਰ ਨਾਹੀਂ, ਕਿਆ ਹਿੰਦੂ ਕਿਆ ਤੁਰਕ ਕਹਾਵੇ ।
ਜਬ ਦੇਖੂੰ ਤਬ ਓਹੀ ਓਹੀ, ਬੁੱਲ੍ਹਾ ਸ਼ੌਹ ਹਰ ਰੰਗ ਸਮਾਵੇ ।
ਇਹ ਅਚਰਜ ਸਾਧੋ ਕੌਣ ਕਹਾਵੇ ।
ਛਿਨ ਛਿਨ ਰੂਪ ਕਿਤੋਂ ਬਣ ਆਵੇ ।
- ਇਹ ਦੁਖ ਜਾ ਕਹੂੰ ਕਿਸ ਆਗੇ
ਇਹ ਦੁਖ ਜਾ ਕਹੂੰ ਕਿਸ ਆਗੇ,
ਰੋਮ ਰੋਮ ਘਾ ਪ੍ਰੇਮ ਕੇ ਲਾਗੇ ।
ਇਕ ਮਰਨਾ ਦੂਜਾ ਜੱਗ ਦੀ ਹਾਸੀ ।
ਕਰਤ ਫਿਰਤ ਨਿੱਤ ਮੋਹੀ ਰੇ ਮੋਹੀ ।
ਕੌਣ ਕਰੇ ਮੋਹੇ ਸੇ ਦਿਲਜੋਈ ।
ਸ਼ਾਮ ਪੀਆ ਮੈਂ ਦੇਤੀ ਹੂੰ ਧਰੋਈ ।
ਦੁੱਖ ਜੱਗ ਕੇ ਮੋਹੇ ਪੂਛਣ ਆਏ ।
ਜਿਨ ਕੋ ਪੀਆ ਪਰਦੇਸ ਸਿਧਾਏ ।
ਨਾ ਪੀਆ ਜਾਏ ਨਾ ਪੀਆ ਆਏ ।
ਇਹ ਦੁੱਖ ਜਾ ਕਹੂੰ ਕਿਸ ਜਾਏ ।
ਬੁੱਲ੍ਹਾ ਸ਼ਾਹ ਘਰ ਆ ਪਿਆਰਿਆ ।
ਇਕ ਘੜੀ ਕੋ ਕਰਨ ਗੁਜ਼ਾਰਿਆ ।
ਤਨ ਮਨ ਧਨ ਜੀਆ ਤੈਂ ਪਰ ਵਾਰਿਆ ।
ਇਹ ਦੁਖ ਜਾ ਕਹੂੰ ਕਿਸ ਆਗੇ,
ਰੋਮ ਰੋਮ ਘਾ ਪ੍ਰੇਮ ਕੇ ਲਾਗੇ ।
- ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ
ਘੁੰਘਟ ਖੋਲ੍ਹ ਮੁੱਖ ਵੇਖ ਨਾ ਮੇਰਾ,
ਐਬ ਨਿਮਾਣੀ ਦੇ ਕੱਜ ਓ ਯਾਰ ।
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ ।
ਮੈਂ ਅਣਜਾਣੀ ਤੇਰਾ ਨੇਹੁੰ ਕੀ ਜਾਣਾਂ,
ਲਾਵਣ ਦਾ ਨਹੀਂ ਚੱਜ ਓ ਯਾਰ ।
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ ।
ਹਾਜੀ ਲੋਕ ਮੱਕੇ ਨੂੰ ਜਾਂਦੇ,
ਸਾਡਾ ਹੈਂ ਤੂੰ ਹੱਜ ਓ ਯਾਰ ।
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ ।
ਡੂੰਘੀ ਨਦੀ ਤੇ ਤੁਲਾਹ ਪੁਰਾਣਾ,
ਮਿਲਸਾਂ ਕਿਹੜੇ ਪੱਜ ਓ ਯਾਰ ।
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ ।
ਬੁੱਲ੍ਹਾ ਸ਼ੌਹ ਮੈਂ ਜ਼ਾਹਰ ਡਿੱਠਾ,
ਲਾਹ ਮੂੰਹ ਤੋਂ ਲੱਜ ਓ ਯਾਰ ।
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ ।
- ਗੱਲ ਰੌਲੇ ਲੋਕਾਂ ਪਾਈ ਏ
ਗੱਲ ਰੌਲੇ ਲੋਕਾਂ ਪਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਸੱਚ ਆਖ ਮਨਾ ਕਿਉਂ ਡਰਨਾ ਏਂ, ਇਸ ਸੱਚ ਪਿੱਛੇ ਤੂੰ ਤੁਰਨਾ ਏਂ,
ਸੱਚ ਸਦਾ ਆਬਾਦੀ ਕਰਨਾ ਏਂ, ਸੱਚ ਵਸਤ ਅਚੰਭਾ ਆਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਬਾਹਮਣ ਆਣ ਜਜਮਾਨ ਡਰਾਏ, ਪਿੱਤਰ ਪੀੜ ਦੱਸ ਭਰਮ ਦੁੜਾਏ,
ਆਪੇ ਦੱਸ ਕੇ ਜਤਨ ਕਰਾਏ, ਪੂਜਾ ਸ਼ੁਰੂ ਕਰਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਪੁੱਤਰ ਤੁਸਾਂ ਦੇ ਉਪਰ ਪੀੜਾ, ਗੁੜ ਚਾਵਲ ਮਨਾਓ ਲੀੜਾ,
ਜੰਜੂ ਪਾਓ ਲਾਹੋ ਬੀੜਾ, ਚੁੱਲੀ ਤੁਰਤ ਪਵਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਪੀੜ ਨਹੀਂ ਐਵੇਂ ਨਿਕਲਣ ਲੱਗੀ, ਰੋਕ ਰੁਪਈਆ ਭਾਂਡੇ ਢੱਗੀ,
ਹੋਵੇ ਲਾਖੀ ਦੁਰੱਸਤ ਨਾ ਬੱਗੀ, ਬੁੱਲ੍ਹਾ ਇਹ ਬਾਤ ਬਣਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਪਿਰਥਮ ਚੰਡੀ ਮਾਤ ਬਣਾਈ, ਜਿਸ ਨੂੰ ਪੂਜੇ ਸਰਬ ਲੋਕਾਈ,
ਪਾਛੀ ਵੱਢ ਕੇ ਜੰਜ ਚੜ੍ਹਾਈ, ਡੋਲੀ ਠੁਮ ਠੁਮ ਆਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਭੁੱਲ ਖ਼ੁਦਾ ਨੂੰ ਜਾਣ ਖ਼ੁਦਾਈ, ਬੁੱਤਾਂ ਅੱਗੇ ਸੀਸ ਨਿਵਾਈ,
ਜਿਹੜੇ ਘੜ ਕੇ ਆਪ ਬਣਾਈ, ਸ਼ਰਮ ਰਤਾ ਨਾ ਆਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਵੇਖੋ ਤੁਲਸੀ ਮਾਤ ਬਣਾਈ, ਸਾਲਗਰਾਮੀ ਸੰਗ ਪਰਨਾਈ,
ਹੱਸ ਹੱਸ ਡੋਲੀ ਚਾ ਚੜ੍ਹਾਈ, ਸਾਲਾ ਸਹੁਰਾ ਬਣੇ ਜਵਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਧੀਆਂ ਭੈਣਾਂ ਸਭ ਵਿਆਹਵਣ, ਪਰਦੇ ਆਪਣੇ ਆਪ ਕਜਾਵਣ,
ਬੁੱਲ੍ਹਾ ਸ਼ਾਹ ਕੀ ਆਖਣ ਆਵਣ, ਨਾ ਮਾਤ ਕਿਸੇ ਵਿਆਹੀ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਸ਼ਾਹ ਰਗ ਥੀਂ ਰੱਬ ਦਿਸਦਾ ਨੇੜੇ, ਲੋਕਾਂ ਪਾਏ ਲੰਮੇ ਝੇੜੇ,
ਵਾਂ ਕੇ ਝਗੜੇ ਕੌਣ ਨਬੇੜੇ, ਭੱਜ ਭੱਜ ਉਮਰ ਗਵਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਬਿਰਛ ਬਾਗ਼ ਵਿਚ ਨਹੀਂ ਜੁਦਾਈ, ਬੰਦਾ ਰੱਬ ਤੀਵੀਂ ਬਣ ਆਈ,
ਪਿਛਲੇ ਸੋਤੇ ਤੇ ਖਿੜ ਆਈ, ਦੁਬਿਧਾ ਆਣ ਮਿਟਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਬੁੱਲ੍ਹਾ ਆਪੇ ਭੁੱਲ ਭੁਲਾਇਆ ਏ, ਆਪੇ ਚਿੱਲ੍ਹਿਆਂ ਵਿਚ ਦਬਾਇਆ ਏ,
ਆਪੇ ਹੋਕਾ ਦੇ ਸੁਣਾਇਆ ਏ, ਮੁਝ ਮੇਂ ਭੇਤ ਨਾ ਕਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਗਰਮ ਸਰਦ ਹੋ ਜਿਸ ਨੂੰ ਪਾਲਾ, ਹਰਕਤ ਕੀਤਾ ਚਿਹਰਾ ਕਾਲਾ,
ਤਿਸ ਨੂੰ ਆਖਣ ਜੀ ਸੁਖਾਲਾ, ਇਸ ਦੀ ਕਰੋ ਦਵਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਅੱਖੀਆਂ ਪੱਕੀਆਂ ਆਖਣ ਆਈਆਂ, ਅਲਸੀ ਸਮਝ ਕੇ ਆਉਣੀ ਮਾਈਆ,
ਆਪੇ ਭੁੱਲ ਗਈਆਂ ਹੁਣ ਸਾਈਆਂ, ਹੁਣ ਤੀਰਥ ਪਾਸ ਸੁਧਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਪੋਸਤ ਆਖੇ ਮਿਲੇ ਅਫੀਮ, ਬੰਦਾ ਭਾਲੇ ਕਾਦਰ ਕਰੀਮ,
ਨਾ ਕੋਈ ਦਿੱਸੇ ਗਿਆਨ ਹਕੀਮ, ਅਕਲ ਤੁਸਾਡੀ ਜਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
ਜੋ ਕੋਈ ਦਿਸਦਾ ਏਹੋ ਪਿਆਰਾ, ਬੁੱਲ੍ਹਾ ਆਪੇ ਵੇਖਣਹਾਰਾ,
ਆਪੇ ਬੇਦ ਕੁਰਾਨ ਪੁਕਾਰਾ, ਜੋ ਸੁਫਨੇ ਵਸਤ ਭੁਲਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।
- ਘੜਿਆਲੀ ਦਿਉ ਨਿਕਾਲ ਨੀ
ਘੜਿਆਲੀ ਦਿਉ ਨਿਕਾਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।
ਘੜੀ ਘੜੀ ਘੜਿਆਲ ਬਜਾਵੇ, ਰੈਣ ਵਸਲ ਦੀ ਪਿਆ ਘਟਾਵੇ,
ਮੇਰੇ ਮਨ ਦੀ ਬਾਤ ਜੋ ਪਾਵੇ, ਹੱਥੋਂ ਚਾ ਸੁੱਟੋ ਘੜਿਆਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।
ਅਨਹਦ ਵਾਜਾ ਵੱਜੇ ਸੁਹਾਨਾ, ਮੁਤਰਿਬ ਸੁਘੜਾ ਤਾਨ ਤਰਾਨਾ,
ਨਿਮਾਜ਼ ਰੋਜ਼ਾ ਭੁੱਲ ਗਿਆ ਦੁਗਾਨਾ, ਮਧ ਪਿਆਲਾ ਦੇਣ ਕਲਾਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।
ਮੁਖ ਵੇਖਣ ਦਾ ਅਜਬ ਨਜ਼ਾਰਾ, ਦੁੱਖ ਦਿਲੇ ਦਾ ਉੱਠ ਗਿਆ ਸਾਰਾ,
ਰੈਣ ਵੱਡੀ ਕਿਆ ਕਰੇ ਪਸਾਰਾ, ਦਿਲ ਅੱਗੇ ਪਾਰੋ ਦੀਵਾਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।
ਮੈਨੂੰ ਆਪਣੀ ਖਬਰ ਨਾ ਕਾਈ, ਕਿਆ ਜਾਨਾਂ ਮੈਂ ਕਿਤ ਵਿਆਹੀ,
ਇਹ ਗੱਲ ਕਿਉਂ ਕਰ ਛੁਪੇ ਛਪਾਈ, ਹੁਣ ਹੋਇਆ ਫਜ਼ਲ ਕਮਾਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।
ਟੂਣੇ ਟਾਮਣ ਕਰੇ ਬਥੇਰੇ, ਮਿਹਰੇ ਆਏ ਵੱਡੇ ਵਡੇਰੇ,
ਹੁਣ ਘਰ ਆਇਆ ਜਾਨੀ ਮੇਰੇ, ਰਹਾਂ ਲੱਖ ਵਰ੍ਹੇ ਇਹਦੇ ਨਾਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।
ਬੁਲ੍ਹਾ ਸ਼ਹੁ ਦੀ ਸੇਜ਼ ਪਿਆਰੀ, ਨੀ ਮੈਂ ਤਾਰਨਹਾਰੇ ਤਾਰੀ,
ਕਿਵੇਂ ਕਿਵੇਂ ਹੁਣ ਆਈ ਵਾਰੀ, ਹੁਣ ਵਿਛੜਨ ਹੋਇਆ ਮੁਹਾਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।
- ਘਰ ਮੇਂ ਗੰਗਾ ਆਈ ਸੰਤੋ, ਘਰ ਮੇਂ ਗੰਗਾ ਆਈ
ਘਰ ਮੇਂ ਗੰਗਾ ਆਈ ਸੰਤੋ, ਘਰ ਮੇਂ ਗੰਗਾ ਆਈ ।
ਆਪੇ ਮੁਰਲੀ ਆਪ ਘਨਈਆ, ਆਪੇ ਜਾਦੂਰਾਈ ।
ਆਪ ਗੋਬਰੀਆ ਆਪ ਗਡਰੀਆ, ਆਪੇ ਦੇਤ ਦਿਖਾਈ ।
ਅਨਹਦ ਦਵਾਰ ਕਾ ਆਯਾ ਗਵਰੀਆ, ਕੰਙਣ ਦਸਤ ਚੜ੍ਹਾਈ ।
ਮੂੰਡ ਮੁੰਡਾ ਮੋਹੇ ਪਰੀਤੀ ਕੋਰੇਨ ਕੰਨਾਂ ਮੈਂ ਪਾਈ ।
ਅੰਮ੍ਰਿਤ ਫਲ ਖਾ ਲਿਓ ਰੇ ਗੁਸਾਈਂ, ਥੋੜੀ ਕਰੋ ਬਫਾਈ ।
ਘਰ ਮੇਂ ਗੰਗਾ ਆਈ ਸੰਤੋ, ਘਰ ਮੇਂ ਗੰਗਾ ਆਈ ।
- ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
ਜ਼ੁਲਫ ਕੁੰਡਲ ਨੇ ਘੇਰਾ ਪਾਇਆ, ਬਿਸੀਅਰ ਹੋ ਕੇ ਡੰਗ ਚਲਾਇਆ,
ਵੇਖ ਅਸਾਂ ਵੱਲ ਤਰਸ ਨਾ ਆਇਆ, ਕਰ ਕੇ ਖੂਨੀ ਅੱਖੀਆਂ ਵੇ ।
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ।
ਦੋ ਨੈਣਾਂ ਦਾ ਤੀਰ ਚਲਾਇਆ, ਮੈਂ ਆਜ਼ਿਜ਼ ਦੇ ਸੀਨੇ ਲਾਇਆ,
ਘਾਇਲ ਕਰ ਕੇ ਮੁੱਖ ਛੁਪਾਇਆ, ਚੋਰੀਆਂ ਇਹ ਕਿਨ ਦੱਸੀਆਂ ਵੇ ।
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ।
ਬ੍ਰਿਹੋਂ ਕਟਾਰੀ ਤੂੰ ਕੱਸ ਕੇ ਮਾਰੀ, ਤਦ ਮੈਂ ਹੋਈ ਬੇਦਿਲ ਭਾਰੀ,
ਮੁੜ ਨਾ ਲਈ ਤੈਂ ਸਾਰ ਹਮਾਰੀ, ਪਤੀਆਂ ਤੇਰੀਆਂ ਕੱਚੀਆਂ ਵੇ ।
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ।
ਨੇਹੁੰ ਲਗਾ ਕੇ ਮਨ ਹਰ ਲੀਤਾ, ਫੇਰ ਨਾ ਆਪਣਾ ਦਰਸ਼ਨ ਦੀਤਾ,
ਜ਼ਹਿਰ ਪਿਆਲਾ ਮੈਂ ਇਹ ਪੀਤਾ, ਸਾਂ ਅਕਲੋਂ ਮੈਂ ਕੱਚੀਆਂ ਵੇ ।
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ।
- ਘੁੰਘਟ ਓਹਲੇ ਨਾ ਲੁੱਕ ਸੋਹਣਿਆਂ
ਘੁੰਘਟ ਓਹਲੇ ਨਾ ਲੁੱਕ ਸੋਹਣਿਆਂ,
ਮੈਂ ਮੁਸ਼ਤਾਕ ਦੀਦਾਰ ਦੀ ਹਾਂ ।
ਜਾਨੀ ਬਾਝ ਦੀਵਾਨੀ ਹੋਈ, ਟੋਕਾਂ ਕਰਦੇ ਲੋਕ ਸਭੋਈ,
ਜੇ ਕਰ ਯਾਰ ਕਰੇ ਦਿਲਜੋਈ, ਮੈਂ ਤਾਂ ਫਰਿਆਦ ਪੁਕਾਰਦੀ ਹਾਂ ।
ਮੈਂ ਮੁਸ਼ਤਾਕ ਦੀਦਾਰ ਦੀ ਹਾਂ ।
ਮੁਫ਼ਤ ਵਿਕਾਂਦੀ ਜਾਂਦੀ ਬਾਂਦੀ, ਮਿਲ ਮਾਹੀਆ ਜਿੰਦ ਐਂਵੇਂ ਜਾਂਦੀ,
ਇਕਦਮ ਹਿਜਰ ਨਹੀਂ ਮੈਂ ਸਹਿੰਦੀ, ਮੈਂ ਬੁਲਬੁਲ ਇਸ ਗੁਲਜ਼ਾਰ ਦੀ ਹਾਂ ।
ਮੈਂ ਮੁਸ਼ਤਾਕ ਦੀਦਾਰ ਦੀ ਹਾਂ ।
- ਗੁਰ ਜੋ ਚਾਹੇ ਸੋ ਕਰਦਾ ਏ
ਮੇਰੇ ਘਰ ਵਿਚ ਚੋਰੀ ਹੋਈ, ਸੁੱਤੀ ਰਹੀ ਨਾ ਜਾਗਿਆ ਕੋਈ,
ਮੈਂ ਗੁਰ ਫੜ ਸੋਝੀ ਹੋਈ, ਜੋ ਮਾਲ ਗਿਆ ਸੋ ਤਰਦਾ ਏ ।
ਗੁਰ ਜੋ ਚਾਹੇ ਸੋ ਕਰਦਾ ਏ ।
ਪਹਿਲੇ ਮਖ਼ਫੀ ਆਪ ਖਜ਼ਾਨਾ ਸੀ, ਓਥੇ ਹੈਰਤ ਹੈਰਤਖ਼ਾਨਾ ਸੀ,
ਫਿਰ ਵਹਦਤ ਦੇ ਵਿਚ ਆਣਾ ਸੀ, ਕੁਲ ਜੁਜ਼ ਦਾ ਮੁਜਮਲ ਪਰਦਾ ਏ ।
ਗੁਰ ਜੋ ਚਾਹੇ ਸੋ ਕਰਦਾ ਏ ।
ਕੁਨਫਯੀਕੂਨ ਆਵਾਜ਼ਾਂ ਦੇਂਦਾ, ਵਹਦਤ ਵਿਚੋਂ ਕਸਰਤ ਲੈਂਦਾ,
ਪਹਿਨ ਲਿਬਾਸ ਬੰਦਾ ਬਣ ਬਹਿੰਦਾ, ਕਰ ਬੰਦਗੀ ਮਸਜਦ ਵੜਦਾ ਏ ।
ਗੁਰ ਜੋ ਚਾਹੇ ਸੋ ਕਰਦਾ ਏ ।
ਰੋਜ਼ ਮੀਸਾਕ ਅਲੱਸਤ ਸੁਣਾਵੇ, ਕਾਲੂਬਲਾ ਅਜ਼ਹਦ ਨਾ ਚਾਹਵੇ,
ਵਿਚ ਕੁਝ ਆਪਣਾ ਆਪ ਛੁਪਾਵੇ, ਉਹ ਗਿਣ ਗਿਣ ਵਸਤਾਂ ਧਰਦਾ ਏ ।
ਗੁਰ ਜੋ ਚਾਹੇ ਸੋ ਕਰਦਾ ਏ ।
ਗੁਰ ਅੱਲ੍ਹਾ ਆਪ ਕਹੇਂਦਾ ਏ, ਗੁਰ ਅਲੀ ਨਬੀ ਹੋ ਬਹਿੰਦਾ ਏ,
ਘਰ ਹਰ ਦੇ ਦਿਲ ਵਿਚ ਰਹਿੰਦਾ ਏ, ਉਹ ਖਾਲੀ ਭਾਂਡੇ ਭਰਦਾ ਏ ।
ਗੁਰ ਜੋ ਚਾਹੇ ਸੋ ਕਰਦਾ ਏ ।
ਬੁੱਲ੍ਹਾ ਸ਼ੌਹ ਨੂੰ ਘਰ ਵਿਚ ਪਾਇਆ, ਜਿਸ ਸਾਂਗੀ ਸਾਂਗ ਬਣਾਇਆ,
ਲੋਕਾਂ ਕੋਲੋਂ ਭੇਤ ਛੁਪਾਇਆ, ਉਹ ਦਰਸ ਪਰਮ ਦਾ ਪੜ੍ਹਦਾ ਏ ।
ਗੁਰ ਜੋ ਚਾਹੇ ਸੋ ਕਰਦਾ ਏ ।
- ਹਾਜੀ ਲੋਕ ਮੱਕੇ ਨੂੰ ਜਾਂਦੇ
ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਰਾਂਝਾ ਮਾਹੀ ਮੱਕਾ,
ਨੀ ਮੈਂ ਕਮਲੀ ਹਾਂ ।
ਮੈਂ ਤੇ ਮੰਗ ਰਾਂਝੇ ਦੀ ਹੋਈਆਂ,
ਮੇਰਾ ਬਾਬਲ ਕਰਦਾ ਧੱਕਾ,
ਨੀ ਮੈਂ ਕਮਲੀ ਹਾਂ ।
ਹਾਜੀ ਲੋਕ ਮੱਕੇ ਵੱਲ ਜਾਂਦੇ,
ਮੇਰੇ ਘਰ ਵਿਚ ਨੌਸ਼ੋਹ ਮੱਕਾ,
ਨੀ ਮੈਂ ਕਮਲੀ ਹਾਂ ।
ਵਿਚੇ ਹਾਜੀ ਵਿਚੇ ਗਾਜੀ,
ਵਿਚੇ ਚੋਰ ਉਚੱਕਾ,
ਨੀ ਮੈਂ ਕਮਲੀ ਹਾਂ ।
ਹਾਜੀ ਲੋਕ ਮੱਕੇ ਵੱਲ ਜਾਂਦੇ,
ਅਸਾਂ ਜਾਣਾ ਤਖ਼ਤ ਹਜ਼ਾਰੇ,
ਨੀ ਮੈਂ ਕਮਲੀ ਹਾਂ ।
ਜਿਤ ਵੱਲ ਯਾਰ ਉਤੇ ਵੱਲ ਕਅਬਾ,
ਭਾਵੇਂ ਫੋਲ ਕਿਤਾਬਾਂ ਚਾਰੇ,
ਨੀ ਮੈਂ ਕਮਲੀ ਹਾਂ ।
- ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ
ਹੁਣ ਦਿਨ-ਚੜ੍ਹਿਆ ਕਦ ਹੋਵੇ, ਮੈਨੂੰ ਪਿਆਰਾ ਮੂੰਹ ਦਿਖਲਾਵੇ,
ਤਕਲੇ ਨੂੰ ਵਲ ਪੈ ਪੈ ਜਾਂਦੇ, ਕੌਣ ਲੁਹਾਰ ਲਿਆਵੇ,
ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ ।
ਤੱਕਲਿਉਂ ਵਲ ਕੱਢ ਲੁਹਾਰਾ, ਤੰਦ ਚਲੇਂਦਾ ਨਾਹੀਂ,
ਘੜੀ ਘੜੀ ਇਹ ਝੋਲਾ ਖਾਂਦਾ, ਛੱਲੀ ਕਿਤ ਬਿਧ ਲਾਹਵੇ,
ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ ।
ਪਲੀਤਾ ਨਹੀਂ ਜੇ ਬੀੜੀ ਬੰਨ੍ਹਾਂ, ਬਾਇੜ ਹੱਥ ਨਾ ਆਵੇ,
ਚਮੜਿਆਂ ਨੂੰ ਚੋਪੜ ਨਾਹੀਂ, ਮਾਹਲ ਪਈ ਬਤਲਾਵੇ,
ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ ।
ਤ੍ਰਿੰਜਣ ਕੱਤਣ ਸੱਦਣ ਸਈਆਂ, ਬਿਰਹੋਂ ਢੋਲ ਬਜਾਵੇ,
ਤੀਲੀ ਨਹੀਂ ਜੋ ਪੂਣੀਆਂ ਵੱਟਾਂ, ਵੱਛਾ ਗੋਹੜੇ ਖਾਵੇ,
ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ ।
ਮਾਹੀ ਛਿੜ ਗਿਆ ਨਾਲ ਮਹੀਂ ਦੇ, ਹੁਣ ਕੱਤਣ ਕਿਸ ਨੂੰ ਭਾਵੇ,
ਜਿੱਤ ਵੱਲ ਯਾਰ ਉਤੇ ਵੱਲ ਅੱਖੀਆਂ, ਮੇਰਾ ਦਿਲ ਬੇਲੇ ਵੱਲ ਧਾਵੇ,
ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ ।
ਅਰਜ਼ ਏਹੋ ਮੈਨੂੰ ਆਣ ਮਿਲੇ ਹੁਣ, ਕੌਣ ਵਸੀਲਾ ਜਾਵੇ,
ਸੈ ਮਣਾਂ ਦਾ ਕੱਤ ਲਿਆ ਬੁੱਲ੍ਹਾ, ਸ਼ਹੁ ਮੈਨੂੰ ਗਲ ਲਾਵੇ,
ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ ।
- ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ
ਗਲ ਅਲਫੀ ਸਿਰ-ਪਾ-ਬਰਹਿਨਾ, ਭਲਕੇ ਰੂਪ ਵਟਾਵੇਂਗਾ,
ਇਸ ਲਾਲਚ ਨਫ਼ਸਾਨੀ ਕੋਲੋਂ, ਓੜਕ ਮੂਨ ਮਨਾਵੇਂਗਾ,
ਘਾਟ ਜ਼ਿਕਾਤ ਮੰਗਣਗੇ ਪਿਆਦੇ, ਕਹੁ ਕੀ ਅਮਲ ਵਿਖਾਵੇਂਗਾ,
ਆਣ ਬਣੀ ਸਿਰ ਪਰ ਭਾਰੀ, ਅਗੋਂ ਕੀ ਬਤਲਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਹੱਕ ਪਰਾਇਆ ਜਾਤੋ ਨਾਹੀਂ, ਖਾ ਕਰ ਭਾਰ ਉਠਾਵੇਂਗਾ,
ਫੇਰ ਨਾ ਆ ਕਰ ਬਦਲਾ ਦੇਸੇਂ ਲਾਖੀ ਖੇਤ ਲੁਟਾਵੇਂਗਾ,
ਦਾਅ ਲਾ ਕੇ ਵਿਚ ਜਗ ਦੇ ਜੂਏ, ਜਿੱਤੇ ਦਮ ਹਰਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਜੈਸੀ ਕਰਨੀ ਵੈਸੀ ਭਰਨੀ, ਪ੍ਰੇਮ ਨਗਰ ਦਾ ਵਰਤਾਰਾ ਏ,
ਏਥੇ ਦੋਜ਼ਖ ਕੱਟ ਤੂੰ ਦਿਲਬਰ, ਅਗੇ ਖੁੱਲ੍ਹ ਬਹਾਰਾ ਏ,
ਕੇਸਰ ਬੀਜ ਜੋ ਕੇਸਰ ਜੰਮੇ, ਲਸ੍ਹਣ ਬੀਜ ਕੀ ਖਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਕਰੋ ਕਮਾਈ ਮੇਰੇ ਭਾਈ, ਇਹੋ ਵਕਤ ਕਮਾਵਣ ਦਾ,
ਪੌ-ਸਤਾਰਾਂ ਪੈਂਦੇ ਨੇ ਹੁਣ, ਦਾਅ ਨਾ ਬਾਜ਼ੀ ਹਾਰਨ ਦਾ,
ਉਜੜੀ ਖੇਡ ਛਪਣਗੀਆਂ ਨਰਦਾਂ, ਝਾੜੂ ਕਾਨ ਉਠਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਖਾਵੇਂ ਮਾਸ ਚਬਾਵੇਂ ਬੀੜੇ, ਅੰਗ ਪੁਸ਼ਾਕ ਲਗਾਇਆ ਈ,
ਟੇਢੀ ਪਗੜੀ ਅੱਕੜ ਚਲੇਂ, ਜੁੱਤੀ ਪੈਰ ਅੜਾਇਆ ਈ,
ਪਲਦਾ ਹੈਂ ਤੂੰ ਜਮ ਦਾ ਬਕਰਾ, ਆਪਣਾ ਆਪ ਕੁਹਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਪਲ ਦਾ ਵਾਸਾ ਵੱਸਣ ਏਥੇ, ਰਹਿਣ ਨੂੰ ਅਗੇ ਡੇਰਾ ਏ,
ਲੈ ਲੈ ਤੁਹਫੇ ਘਰ ਨੂੰ ਘੱਲੀਂ, ਇਹੋ ਵੇਲਾ ਤੇਰਾ ਏ,
ਓਥੇ ਹੱਥ ਨਾ ਲਗਦਾ ਕੁਝ ਵੀ, ਏਥੋਂ ਹੀ ਲੈ ਜਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਪੜ੍ਹ ਸਬਕ ਮੁਹੱਬਤ ਓਸੇ ਦਾ ਤੂੰ, ਬੇਮੂਜਬ ਕਿਉਂ ਡੁਬਨਾ ਏਂ,
ਪੜ੍ਹ ਪੜ੍ਹ ਕਿੱਸੇ ਮਗਜ਼ ਖਪਾਵੇਂ, ਕਿਉਂ ਖੁਭਣ ਵਿਚ ਖੁਭਣਾ ਏਂ,
ਹਰਫ਼ ਇਸ਼ਕ ਦਾ ਇੱਕੋ ਨੁਕਤਾ, ਕਾਹੇ ਕੋ ਊਠ ਲਦਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਭੁੱਖ ਮਰੇਂਦਿਆਂ ਨਾਮ ਅੱਲ੍ਹਾ ਦਾ, ਇਹੋ ਬਾਤ ਚੰਗੇਰੀ ਏ,
ਦੋਵੇਂ ਥੋਕ ਪੱਥਰ ਥੀਂ ਭਾਰੇ, ਔਖੀ ਜਿਹੀ ਇਹ ਫੇਰੀ ਏ,
ਆਣ ਬਣੀ ਜਦ ਸਿਰ ਪਰ ਭਾਰੀ, ਅੱਗੋਂ ਕੀ ਬਤਲਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਅੰਮਾਂ ਬਾਬਾ ਬੇਟੀ ਬੇਟਾ, ਪੁੱਛ ਵੇਖਾਂ ਕਿਉਂ ਰੋਂਦੇ ਨੀ,
ਰੰਨਾਂ ਕੰਜਕਾਂ ਭੈਣਾਂ ਭਾਈ, ਵਾਰਸ ਆਣ ਖਲੋਂਦੇ ਨੀ,
ਇਹ ਜੋ ਲੁੱਟਦੇ ਤੂੰ ਨਹੀਂ ਲੁੱਟਦਾ, ਮਰ ਕੇ ਆਪ ਲੁਟਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਇਕ ਇਕੱਲਿਆਂ ਜਾਣਾ ਈ ਤੈਂ, ਨਾਲ ਨਾ ਕੋਈ ਜਾਵੇਗਾ,
ਖਵੇਸ਼-ਕਬੀਲਾ ਰੋਂਦਾ ਪਿਟਦਾ, ਰਾਹੋਂ ਹੀ ਮੁੜ ਆਵੇਗਾ,
ਸ਼ਹਿਰੋਂ ਬਾਹਰ ਜੰਗਲ ਵਿਚ ਵਾਸੇ, ਓਥੇ ਡੇਰਾ ਪਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਕਰਾਂ ਨਸੀਹਤ ਵੱਡੀ ਜੇ ਕੋਈ, ਸੁਣ ਕਰ ਦਿਲ ‘ਤੇ ਲਾਵੇਂਗਾ,
ਮੋਏ ਤਾਂ ਰੋਜ਼-ਹਸ਼ਰ ਨੂੰ ਉੱਠਣ, ਆਸ਼ਕ ਨਾ ਮਰ ਜਾਵੇਂਗਾ,
ਜੇ ਤੂੰ ਮਰੇਂ ਮਰਨ ਤੋਂ ਅੱਗੇ, ਮਰਨੇ ਦਾ ਮੁੱਲ ਪਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਜਾਂ ਰਾਹ ਸ਼ਰ੍ਹਾ ਦਾ ਪਕੜੇਂਗਾ, ਤਾਂ ਓਟ ਮੁਹੰਮਦੀ ਹੋਵੇਗਾ,
ਕਹਿੰਦੀ ਹੈ ਪਰ ਕਰਦੀ ਨਾਹੀਂ, ਇਹੋ ਖ਼ਲਕਤ ਰੋਵੇਂਗਾ,
ਹੁਣ ਸੁੱਤਿਆਂ ਤੈਨੂੰ ਕੌਣ ਜਗਾਏ, ਜਾਗਦਿਆਂ ਪਛਤਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਜੇ ਤੂੰ ਸਾਡੇ ਆਖੇ ਲੱਗੇਂ, ਤੈਨੂੰ ਤਖ਼ਤ ਬਹਾਵਾਂਗੇ,
ਜਿਸ ਨੂੰ ਸਾਰਾ ਆਲਮ ਢੂੰਡੇ, ਤੈਨੂੰ ਆਣ ਮਿਲਾਵਾਂਗੇ,
ਜ਼ੁਹਦੀ ਹੋ ਕੇ ਜ਼ੁਹਦ ਕਮਾਵੇਂ, ਲੈ ਪੀਆ ਗਲ ਲਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਐਵੇਂ ਉਮਰ ਗਵਾਈਆ ਔਗਤ, ਅਕਬਤ ਚਾ ਰੁੜ੍ਹਾਇਆ ਈ,
ਲਾਲਚ ਕਰ ਕਰ ਦੁਨੀਆਂ ਉੱਤੇ, ਮੁੱਖ ਸਫੈਦੀ ਆਇਆ ਈ,
ਅਜੇ ਵੀ ਸੁਣ ਜੇ ਤਾਇਬ ਹੋਵੇਂ, ਤਾਂ ਆਸ਼ਨਾ ਸਦਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
ਬੁੱਲ੍ਹਾ ਸ਼ੌਹ ਦੇ ਚਲਨਾ ਏਂ ਤਾਂ ਚਲ, ਕਿਹਾ ਚਿਰ ਲਾਇਆ ਈ,
ਜਿਕੋ ਧੱਕੇ ਕੀ ਕਰਨੇ, ਜਾਂ ਵਤਨੋਂ ਦਫ਼ਤਰ ਆਇਆ ਈ,
ਵਾਚੰਦਿਆਂ ਖਤ ਅਕਲ ਗਈਉ ਈ, ਰੋ ਰੋ ਹਾਲ ਵੰਜਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।
- ਹਿੰਦੂ ਨਾ ਨਹੀਂ ਮੁਸਲਮਾਨ
ਹਿੰਦੂ ਨਾ ਨਹੀਂ ਮੁਸਲਮਾਨ ।
ਬਹੀਏ ਤ੍ਰਿੰਜਣ ਤਜ ਅਭਿਮਾਨ ।
ਸੁੰਨੀ ਨਾ ਨਹੀਂ ਹਮ ਸ਼ੀਆ ।
ਸੁਲ੍ਹਾ ਕੁੱਲ ਕਾ ਮਾਰਗ ਲੀਆ ।
ਭੁੱਖੇ ਨਾ ਨਹੀਂ ਹਮ ਰੱਜੇ ।
ਨੰਗੇ ਨਾ ਨਹੀਂ ਹਮ ਕੱਜੇ ।
ਰੋਂਦੇ ਨਾ ਨਹੀਂ ਹਮ ਹੱਸਦੇ ।
ਉਜੜੇ ਨਾ ਨਹੀਂ ਹਮ ਵੱਸਦੇ ।
ਪਾਪੀ ਨਾ ਸੁਧਰਮੀ ਨਾ ।
ਪਾਪ ਪੁੰਨ ਕੀ ਰਾਹ ਨਾ ਜਾਣਾ ।
ਬੁੱਲ੍ਹਾ ਸ਼ਹੁ ਜੋ ਹਰਿ ਚਿਤ ਲਾਗੇ ।
ਹਿੰਦੂ ਤੁਰਕ ਦੂਜਨ ਤਿਆਗੇ ।
- ਹੋਰੀ ਖੇਲੂੰਗੀ ਕਹਿ ਬਿਸਮਿਲਾਹ
ਨਾਮ ਨਬੀ ਕੀ ਰਤਨ ਚੜ੍ਹੀ ਬੂੰਦ ਪੜੀ ਅੱਲ੍ਹਾ ਅੱਲ੍ਹਾ,
ਰੰਗ ਰੰਗੀਲੀ ਓਹੀ ਖਿਲਾਵੇ, ਜੋ ਸਿੱਖੀ ਹੋਵੇ ਫਨਾਫੀ-ਅੱਲ੍ਹਾ,
ਹੋਰੀ ਖੇਲੂੰਗੀ ਕਹਿ ਬਿਸਮਿਲਾਹ ।
ਅਲਸਤੁ ਬੀਰੱਬੀਕੁਮ ਪ੍ਰੀਤਮ ਬੋਲੇ, ਸਭ ਸਖੀਆਂ ਨੇ ਘੁੰਘਟ ਖੋਲ੍ਹੇ,
ਕਾਲੂ ਬਲਾ ਹੀ ਯੂੰ ਕਰ ਬੋਲੇ, ਲਾਇਲਾਹ ਇਲਇਲਾ,
ਹੋਰੀ ਖੇਲੂੰਗੀ ਕਹਿ ਬਿਸਮਿਲਾਹ ।
ਨਾਹਨ ਅਕਰਬ ਕੀ ਬੰਸੀ ਬਜਾਈ, ਮਨ ਅਰਫ ਨਫਸਹੁ ਕੀ ਕੂਕ ਸੁਣਾਈ,
ਫਸੁਮਾਵੱਜੁ ਉਲ੍ਹਾ ਕੀ ਧੂਮ ਮਚਾਈ, ਵਿਚ ਦਰਬਾਰ ਰਸੂਲੇ ਅੱਲ੍ਹਾ,
ਹੋਰੀ ਖੇਲੂੰਗੀ ਕਹਿ ਬਿਸਮਿਲਾਹ ।
ਹਾਥ ਜੋੜ ਕਰ ਪਾਓਂ ਪੜੂੰਗੀ, ਆਜ਼ਿਜ਼ ਹੋ ਕਰ ਬੇਨਤੀ ਕਰੂੰਗੀ,
ਝਗੜਾ ਕਰ ਭਰ ਝੋਲੀ ਲੂੰਗੀ, ਨੂਰ ਮੁਹੰਮਦ ਸੱਲਉਲਾਹ ।
ਹੋਰੀ ਖੇਲੂੰਗੀ ਕਹਿ ਬਿਸਮਿਲਾਹ ।
ਫ਼ਜ਼ਕਰੂਨੀ ਕੀ ਹੋਰੀ ਬਨਾਊਂ, ਫ਼ਜ਼ਕਰੂਨੀ ਪੀਆ ਕੋ ਰਿਝਾਊਂ,
ਐਸੋ ਪੀਆ ਕੇ ਮੈਂ ਬਲ ਬਲ ਜਾਊਂ, ਕੈਸਾ ਪੀਆ ਸੁਬਹਾਨ ਅੱਲ੍ਹਾ ।
ਹੋਰੀ ਖੇਲੂੰਗੀ ਕਹਿ ਬਿਸਮਿਲਾਹ ।
ਸਿਬਗ਼ਤਉਲਾਹੈ ਕੀ ਭਰ ਪਿਚਕਾਰੀ, ਅਲਾਹ ਉਸ ਮੱਦ ਪੀ ਮੂੰਹ ਪਰ ਮਾਰੀ,
ਨੂਰ ਨਬੀ ਦਾ ਹੱਕ ਸੇ ਜਾਰੀ, ਨੂਰ ਮੁਹੰਮਦ-ਸੱਲਾ ਇੱਲਾ,
ਬੁੱਲ੍ਹਾ ਸ਼ਾਹ ਦੀ ਧੂਮ ਮਚੀ ਹੈ, ਲਾਇ-ਲਾ-ਇਲ ਇਲਾਹ ।
ਹੋਰੀ ਖੇਲੂੰਗੀ ਕਹਿ ਬਿਸਮਿਲਾਹ ।
- ਹੁਣ ਕਿਸ ਥੀਂ ਆਪ ਛੁਪਾਈਦਾ
ਕਿਤੇ ਮੁੱਲਾਂ ਹੋ ਬੁਲੇਂਦੇ ਹੋ, ਕਿਤੇ ਸੁੰਨਤ ਫ਼ਰਜ਼ ਦਸੇਂਦੇ ਹੋ,
ਕਿਤੇ ਰਾਮ ਦੁਹਾਈ ਦੇਂਦੇ ਹੋ, ਕਿਤੇ ਮੱਥੇ ਤਿਲਕ ਲਗਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਮੈਂ ਮੇਰੀ ਹੈ ਕਿ ਤੇਰੀ ਹੈ, ਇਹ ਅੰਤ ਭਸਮ ਦੀ ਢੇਰੀ ਹੈ,
ਇਹ ਢੇਰੀ ਪੀਆ ਨੇ ਘੇਰੀ ਹੈ, ਢੇਰੀ ਨੂੰ ਨਾਚ ਨਚਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਕਿਤੇ ਬੇਸਿਰ ਚੌੜਾਂ ਪਾਓਗੇ, ਕਿਤੇ ਜੋੜ ਇਨਸਾਨ ਹੰਢਾਓਗੇ,
ਕਿਤੇ ਆਦਮ ਹਵਾ ਬਣ ਆਓਗੇ, ਕਦੀ ਮੈਥੋਂ ਵੀ ਭੁੱਲ ਜਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਬਾਹਰ ਜ਼ਾਹਰ ਡੇਰਾ ਪਾਇਉ, ਆਪੇ ਢੋਂ ਢੋਂ ਢੋਲ ਬਜਾਇਉ,
ਜਗ ਤੇ ਆਪਣਾ ਆਪ ਜਿਤਾਯੋ, ਫਿਰ ਅਬਦੁੱਲ ਦੇ ਘਰ ਧਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ ।
ਜੋ ਭਾਲ ਤੁਸਾਡੀ ਕਰਦਾ ਹੈ, ਮੋਇਆਂ ਤੋਂ ਅੱਗੇ ਮਰਦਾ ਹੈ,
ਉਹ ਮੋਇਆਂ ਵੀ ਤੈਥੋਂ ਡਰਦਾ ਹੈ, ਮਤ ਮੋਇਆਂ ਨੂੰ ਮਾਰ ਕੁਹਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਬਿੰਦਰਾਬਨ ਮੇਂ ਗਊਆਂ ਚਰਾਵੇ, ਲੰਕਾ ਚੜ੍ਹ ਕੇ ਨਾਦ ਵਜਾਵੇ,
ਮੱਕੇ ਦਾ ਬਣ ਹਾਜੀ ਆਵੇ, ਵਾਹ ਵਾਹ ਰੰਗ ਵਟਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਮਨਸੂਰ ਤੁਸਾਂ ਤੇ ਆਇਆ ਏ, ਤੁਸਾਂ ਸੂਲੀ ਪਕੜ ਚੜ੍ਹਾਇਆ ਏ,
ਮੇਰਾ ਭਾਈ ਬਾਬਲ ਜਾਇਆ ਏ, ਦਿਓ ਖੂਨ ਬਹਾ ਮੇਰੇ ਭਾਈ ਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਤੁਸੀਂ ਸਭਨੀਂ ਭੇਸੀਂ ਥੀਂਦੇ ਹੋ, ਆਪੇ ਮਦ ਆਪੇ ਪੀਂਦੇ ਹੋ,
ਮੈਨੂੰ ਹਰ ਜਾ ਤੁਸੀਂ ਦਸੀਂਦੇ ਹੋ, ਆਪੇ ਆਪ ਕੋ ਆਪ ਚੁਕਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਹੁਣ ਪਾਸ ਤੁਸਾਡੇ ਵੱਸਾਂਗੀ, ਨਾ ਬੇਦਿਲ ਹੋ ਕੇ ਨੱਸਾਂਗੀ,
ਸਭ ਭੇਤ ਤੁਸਾਡੇ ਦੱਸਾਂਗੀ, ਕਿਉਂ ਮੈਨੂੰ ਅੰਗ ਨਾ ਲਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਵਾਹ ਜਿਸ ਪਰ ਕਰਮ ਅਵੇਹਾ ਹੈ, ਤਹਿਕੀਕ ਉਹ ਵੀ ਤੈਂ ਜੇਹਾ ਹੈ,
ਸੱਚ ਸਹੀ ਰਵਾਇਤ ਏਹਾ ਹੈ, ਤੇਰੀ ਨਜ਼ਰ ਮਿਹਰ ਤਰ ਜਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਵਿਚ ਭਾਂਬੜ ਬਾਗ਼ ਲਵਾਈਦਾ, ਜਿਹੜਾ ਵਿਚੋਂ ਆਪ ਵਖਾਈਦਾ,
ਜਾਂ ਅਲਫੋਂ ਅਹਦ ਬਣਾਈਦਾ, ਤਾਂ ਬਾਤਨ ਕਿਆ ਬਤਲਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਬੇਲੀ ਅੱਲ੍ਹਾ ਵਾਲੀ ਮਾਲਕ ਹੋ, ਤੁਸੀਂ ਆਪੇ ਆਪਣੇ ਸਾਲਕ ਹੋ,
ਆਪੇ ਖ਼ਲਕਤ ਆਪ ਖ਼ਾਲਕ ਹੋ, ਆਪੇ ਅਮਰ ਮਅਰੂਫ਼ ਕਰਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਕਿਧਰੇ ਚੋਰ ਹੋ ਕਿਧਰੇ ਕਾਜ਼ੀ ਹੋ, ਕਿਤੇ ਮੰਬਰ ਤੇ ਬਹਿ ਵਾਅਜ਼ੀ ਹੋ,
ਕਿਤੇ ਤੇਗ਼ ਬਹਾਦਰ ਗ਼ਾਜ਼ੀ ਹੋ, ਆਪੇ ਆਪਣਾ ਕਟਕ ਚੜ੍ਹਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਆਪੇ ਯੂਸਫ਼ ਕੈਦ ਕਰਾਇਉ, ਯੂਨਸ ਮੱਛਲੀ ਤੋਂ ਨਿਗਲਾਇਉ,
ਸਾਬਰ ਕੀੜੇ ਘੱਤ ਬਹਾਇਉ, ਫੇਰ ਉਹਨਾਂ ਤਖ਼ਤ ਚੜ੍ਹਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
ਬੁੱਲ੍ਹਾ ਸ਼ੌਹ ਹੁਣ ਸਹੀ ਸਿੰਞਾਤੇ ਹੋ, ਹਰ ਸੂਰਤ ਨਾਲ ਪਛਾਤੇ ਹੋ,
ਕਿਤੇ ਆਤੇ ਹੋ ਕਿਤੇ ਜਾਤੇ ਹੋ, ਹੁਣ ਮੈਥੋਂ ਭੁੱਲ ਨਾ ਜਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
- ਹੁਣ ਮੈਂ ਲਖਿਆ ਸੋਹਣਾ ਯਾਰ
ਹੁਣ ਮੈਂ ਲਖਿਆ ਸੋਹਣਾ ਯਾਰ ।
ਜਿਸ ਦੇ ਹੁਸਨ ਦਾ ਗਰਮ ਬਜ਼ਾਰ ।
ਜਦ ਅਹਿਦ ਇਕ ਇਕੱਲਾ ਸੀ, ਨਾ ਜ਼ਾਹਰ ਕੋਈ ਤਜੱਲਾ ਸੀ,
ਨਾ ਰੱਬ ਰਸੂਲ ਨਾ ਅੱਲ੍ਹਾ ਸੀ, ਨਾ ਜਬਾਰ ਤੇ ਨਾ ਕਹਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।
ਬੇਚੂਨ ਵਾ ਬੇਚਗੂਨਾ ਸੀ, ਬੇਸ਼ਬੀਹ ਬੇਨਮੂਨਾ ਸੀ,
ਨਾ ਕੋਈ ਰੰਗ ਨਾ ਨਮੂਨਾ ਸੀ, ਹੁਣ ਗੂਨਾਂ-ਗੁਨ ਹਜ਼ਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।
ਪਿਆਰਾ ਪਹਿਨ ਪੋਸ਼ਾਕਾਂ ਆਇਆ, ਆਦਮ ਆਪਣਾ ਨਾਮ ਧਰਾਇਆ,
ਅਹਦ ਤੇ ਬਣ ਅਹਿਮਦ ਆਇਆ, ਨਬੀਆਂ ਦਾ ਸਰਦਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।
ਕੁਨ ਕਿਹਾ ਫਾਜੀਕੂਨ ਕਹਾਇਆ, ਬੇਚੂਨੀ ਸੇ ਚੂਨੀ ਬਣਾਇਆ,
ਅਹਦ ਦੇ ਵਿਚ ਮੀਮ ਰਲਾਇਆ, ਤਾਂ ਕੀਤਾ ਐਡ ਪਸਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।
ਤਜੂੰ ਮਸੀਤ ਤਜੂੰ ਬੁੱਤਖਾਨਾ, ਬਰਤੀ ਰਹਾਂ ਨਾ ਰੋਜ਼ਾ ਜਾਨਾ,
ਭੁੱਲ ਗਿਆ ਵੁਜ਼ੂ ਨਮਾਜ਼ ਦੁਗਾਨਾ, ਤੈਂ ਪਰ ਜਾਨ ਕਰਾਂ ਬਲਿਹਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।
ਪੀਰ ਪੈਗ਼ੰਬਰ ਇਸਦੇ ਬਰਦੇ, ਇਸ ਮਲਾਇਕ ਸਜਦੇ ਕਰਦੇ,
ਸਰ ਕਦਮਾਂ ਦੇ ਉੱਤੇ ਧਰਦੇ, ਸਭ ਤੋਂ ਵੱਡੀ ਉਹ ਸਰਕਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।
ਜੋ ਕੋਈ ਉਸ ਨੂੰ ਲਖਿਆ ਚਾਹੇ, ਬਾਝ ਵਸੀਲੇ ਲਖਿਆ ਨਾ ਜਾਏ,
ਸ਼ਾਹ ਅਨਾਇਤ ਭੇਤ ਬਤਾਏ, ਤਾਂ ਖੁੱਲ੍ਹੇ ਸਭ ਇਸਰਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।
- ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ
ਹਾਦੀ ਮੈਨੂੰ ਸਬਕ ਪੜ੍ਹਾਇਆ, ਓਥੇ ਗ਼ੈਰ ਨਾ ਆਇਆ ਜਾਇਆ,
ਮਤਲਕ ਜ਼ਾਤ ਜਮਾਲ ਵਿਖਾਇਆ, ਵਹਦਤ ਪਾਇਆ ਸ਼ੋਰ ।
ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ ।
ਅੱਵਲ ਹੋ ਕੇ ਲਾਮਕਾਨੀ, ਜ਼ਾਹਰ ਬਾਤਨ ਦਿਸਦਾ ਜਾਨੀ,
ਰਿਹਾ ਨਾ ਮੇਰਾ ਨਾਮ ਨਿਸ਼ਾਨੀ, ਮਿਟ ਗਿਆ ਝਗੜਾ ਸ਼ੋਰ ।
ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ ।
ਪਿਆਰਾ ਆਪ ਜਮਾਲ ਵਿਖਾਲੇ, ਮਸਤ ਕਲੰਦਰ ਹੋਣ ਮਤਵਾਲੇ,
ਹੰਸਾਂ ਦੇ ਹੁਣ ਵੇਖ ਲੈ ਚਾਲੇ, ਬੁੱਲ੍ਹਾ ਕਾਗਾਂ ਦੀ ਹੁਣ ਗਈ ਟੋਰ ।
ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ ।
- ਇਕ ਅਲਫ਼ ਪੜ੍ਹੋ ਛੁੱਟਕਾਰਾ ਏ
ਇਕ ਅਲਫ਼ੋਂ ਦੋ ਤਿੰਨ ਚਾਰ ਹੋਏ, ਫਿਰ ਲੱਖ ਕਰੋੜ ਹਜ਼ਾਰ ਹੋਏ,
ਫਿਰ ਉਥੋਂ ਬਾਝੋਂ ਸ਼ਮਾਰ ਹੋਏ, ਇਕ ਅਲਫ਼ ਦਾ ਨੁਕਤਾ ਨਿਆਰਾ ਏ,
ਇਕ ਅਲਫ਼ ਪੜ੍ਹੋ ਛੁੱਟਕਾਰਾ ਏ ।
ਕਿਉਂ ਪੜ੍ਹਨਾ ਏਂ ਗੱਡ ਕਿਤਾਬਾਂ ਦੀ, ਸਿਰ ਚਾਨਾ ਏਂ ਪੰਡ ਅਜ਼ਾਬਾਂ ਦੀ,
ਹੁਣ ਹੋਇਉਂ ਸ਼ਕਲ ਜੱਲਾਦਾਂ ਦੀ, ਅੱਗੇ ਪੈਂਡਾ ਮੁਸ਼ਕਲ ਭਾਰਾ ਏ,
ਇਕ ਅਲਫ਼ ਪੜ੍ਹੋ ਛੁੱਟਕਾਰਾ ਏ ।
ਬਣ ਹਾਫ਼ਜ ਹਿਫ਼ਜ ਕੁਰਾਨ ਕਰੇਂ, ਪੜ੍ਹ ਪੜ੍ਹ ਕੇ ਸਾਫ਼ ਜ਼ਬਾਨ ਕਰੇਂ,
ਫਿਰ ਨਿਆਮਤ ਵਿਚ ਧਿਆਨ ਕਰੇਂ, ਮਨ ਫਿਰਦਾ ਜਿਉਂ ਹਲਕਾਰਾ ਏ,
ਇਕ ਅਲਫ਼ ਪੜ੍ਹੋ ਛੁੱਟਕਾਰਾ ਏ ।
ਬੁੱਲ੍ਹਾ ਬੀ ਬੋਹੜ ਦਾ ਬੋਇਆ ਈ, ਉਹ ਬਿਰਛ ਵੱਡਾ ਜਾ ਹੋਇਆ ਈ,
ਜਦ ਬਿਰਛ ਉਹ ਫਾਨੀ ਹੋਇਆ ਈ, ਫਿਰ ਰਹਿ ਗਿਆ ਬੀ ਅਕਾਰਾ ਏ,
ਇਕ ਅਲਫ਼ ਪੜ੍ਹੋ ਛੁੱਟਕਾਰਾ ਏ ।
- ਇਕ ਨੁਕਤਾ ਯਾਰ ਪੜ੍ਹਾਇਆ ਏ
ਇਕ ਨੁਕਤਾ ਯਾਰ ਪੜ੍ਹਾਇਆ ਏ ।
ਇਕ ਨੁਕਤਾ ਯਾਰ ਪੜ੍ਹਾਇਆ ਏ ।
ਐਨ ਗ਼ੈਨ ਦੀ ਹਿੱਕਾ ਸੂਰਤ, ਇੱਕ ਨੁਕਤੇ ਸ਼ੋਰ ਮਚਾਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ ।
ਸੱਸੀ ਦਾ ਦਿਲ ਲੁੱਟਣ ਕਾਰਨ, ਹੋਤ ਪੁਨੂੰ ਬਣ ਆਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ ।
ਬੁੱਲ੍ਹਾ ਸ਼ਹੁ ਦੀ ਜ਼ਾਤ ਨਾ ਕਾਈ, ਮੈਂ ਸ਼ੌਹ ਇਨਾਇਤ ਪਾਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ ।
- ਇਕ ਨੁੱਕਤੇ ਵਿਚ ਗੱਲ ਮੁੱਕਦੀ ਏ
ਫੜ ਨੁੱਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫ਼ਰ ਦਿਆਂ ਬਾਬਾਂ ਨੂੰ,
ਲਾਹ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ ਦਿਲੇ ਦਿਆਂ ਖ਼ਾਬਾਂ ਨੂੰ,
ਗੱਲ ਏਸੇ ਘਰ ਵਿਚ ਢੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।
ਐਵੇਂ ਮੱਥਾ ਜ਼ਮੀਂ ਘਸਾਈਦਾ, ਲੰਮਾ ਪਾ ਮਹਿਰਾਬ ਦਿਖਾਈ ਦਾ,
ਪੜ੍ਹ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈ ਦਾ,
ਕਦੀ ਬਾਤ ਸੱਚੀ ਵੀ ਲੁੱਕਦੀ ਏ ? ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।
ਕਈ ਹਾਜੀ ਬਣ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ,
ਹੱਜ ਵੇਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕੀਹਨੂੰ ਭਾਏ ਜੀ,
ਕਦੀ ਬਾਤ ਸੱਚੀ ਭੀ ਲੁੱਕਦੀ ਏ ? ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।
ਇਕ ਜੰਗਲ ਬਹਿਰੀਂ ਜਾਂਦੇ ਨੀ, ਇਕ ਦਾਣਾ ਰੋਜ਼ ਲੈ ਖਾਂਦੇ ਨੀ,
ਬੇ ਸਮਝ ਵਜੂਦ ਥਕਾਂਦੇ ਨੀ, ਘਰ ਹੋਵਣ ਹੋ ਕੇ ਮਾਂਦੇ ਨੀ,
ਐਵੇਂ ਚਿੱਲਿਆਂ ਵਿਚ ਜਿੰਦ ਮੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।
ਫੜ ਮੁਰਸ਼ਦ ਆਬਦ ਖੁਦਾਈ ਹੋ, ਵਿੱਚ ਮਸਤੀ ਬੇਪਰਵਾਹੀ ਹੋ,
ਬੇਖਾਹਸ਼ ਬੇਨਵਾਈ ਹੋ, ਵਿੱਚ ਦਿਲ ਦੇ ਖੂਬ ਸਫਾਈ ਹੋ,
ਬੁੱਲ੍ਹਾ ਬਾਤ ਸੱਚੀ ਕਦੋਂ ਰੁਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।
- ਇਕ ਰਾਂਝਾ ਮੈਨੂੰ ਲੋੜੀਦਾ
ਕੁਨ-ਫਅਕੂਨੋਂ ਅੱਗੇ ਦੀਆਂ ਲਗੀਆਂ,
ਨੇਹੁੰ ਨਾ ਲਗੜਾ ਚੋਰੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।
ਆਪ ਛਿੜ ਜਾਂਦਾ ਨਾਲ ਮੱਝੀਂ ਦੇ,
ਸਾਨੂੰ ਕਿਉਂ ਬੇਲਿਉਂ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ ।
ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ,
ਮਿੰਨਤਾਂ ਕਰ ਕਰ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ ।
ਮਾਨ ਵਾਲੀਆਂ ਦੇ ਨੈਣ ਸਲੋਨੇ,
ਸੂਹਾ ਦੁਪੱਟਾ ਗੋਰੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।
ਅਹਿਦ ਅਹਿਮਦ ਵਿਚ ਫਰਕ ਨਾ ਬੁੱਲ੍ਹਿਆ,
ਇਕ ਰੱਤੀ ਭੇਤ ਮਰੋੜੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।
- ਇਲਮੋਂ ਬੱਸ ਕਰੀਂ ਓ ਯਾਰ
ਇਲਮ ਨਾ ਆਵੇ ਵਿਚ ਸ਼ੁਮਾਰ, ਇਕੋ ਅਲਫ਼ ਤੇਰੇ ਦਰਕਾਰ,
ਜਾਂਦੀ ਉਮਰ ਨਹੀਂ ਇਤਬਾਰ, ਇਲਮੋਂ ਬੱਸ ਕਰੀਂ ਓ ਯਾਰ ।
ਇਲਮੋਂ ਬੱਸ ਕਰੀਂ ਓ ਯਾਰ ।
ਪੜ੍ਹ ਪੜ੍ਹ ਇਲਮ ਲਗਾਵੇਂ ਢੇਰ, ਕੁਰਾਨ ਕਿਤਾਬਾਂ ਚਾਰ ਚੁਫੇਰ,
ਗਿਰਦੇ ਚਾਨਣ ਵਿਚ ਅਨ੍ਹੇਰ, ਬਾਝੋਂ ਰਾਹਬਰ ਖਬਰ ਨਾ ਸਾਰ ।
ਇਲਮੋਂ ਬੱਸ ਕਰੀਂ ਓ ਯਾਰ ।
ਪੜ੍ਹ ਪੜ੍ਹ ਸ਼ੇਖ ਮਸਾਇਖ ਹੋਇਆ, ਭਰ ਭਰ ਪੇਟ ਨੀਂਦਰ ਭਰ ਸੋਇਆ,
ਜਾਂਦੀ ਵਾਰੀ ਨੈਣ ਭਰ ਰੋਇਆ, ਡੁੱਬਾ ਵਿਚ ਉਰਾਰ ਨਾ ਪਾਰ ।
ਇਲਮੋਂ ਬੱਸ ਕਰੀਂ ਓ ਯਾਰ ।
ਪੜ੍ਹ ਪੜ੍ਹ ਸ਼ੇਖ ਮਸਾਇਮ ਕਹਾਵੇਂ, ਉਲਟੇ ਮਸਲੇ ਘਰੋਂ ਬਣਾਵੇਂ,
ਬੇ-ਅਕਲਾਂ ਨੂੰ ਲੁਟ ਲੁਟ ਖਾਵੇਂ, ਉਲਟੇ ਸਿੱਧੇ ਕਰੇਂ ਕਰਾਰ ।
ਇਲਮੋਂ ਬੱਸ ਕਰੀਂ ਓ ਯਾਰ ।
ਪੜ੍ਹ ਪੜ੍ਹ ਮੁੱਲਾਂ ਹੋਇ ਕਾਜ਼ੀ, ਅੱਲਾਹ ਇਲਮਾ ਬਾਹਝੋਂ ਰਾਜ਼ੀ,
ਹੋਏ ਹਿਰਸ ਦਿਨੋ ਦਿਨ ਤਾਜ਼ੀ, ਨਫ਼ਾ ਨੀਅਤ ਵਿਚ ਗੁਜ਼ਾਰ ।
ਇਲਮੋਂ ਬੱਸ ਕਰੀਂ ਓ ਯਾਰ ।
ਪੜ੍ਹ ਪੜ੍ਹ ਨਫ਼ਲ ਨਮਾਜ਼ ਗੁਜ਼ਾਰੇਂ, ਉੱਚੀਆਂ ਬਾਂਗਾਂ ਚਾਂਘਾਂ ਮਾਰੇਂ,
ਮੰਤਰ ਤੇ ਚੜ੍ਹ ਵਾਅਜ਼ ਪੁਕਾਰੇਂ, ਕੀਤਾ ਤੈਨੂੰ ਹਿਰਸ ਖੁਆਰ ।
ਇਲਮੋਂ ਬੱਸ ਕਰੀਂ ਓ ਯਾਰ ।
ਪੜ੍ਹ ਪੜ੍ਹ ਮਸਲੇ ਰੋਜ਼ ਸੁਣਾਵੇਂ, ਖਾਣਾ ਸ਼ੱਕ ਸੁਬਹੇ ਦਾ ਖਾਵੇਂ,
ਦੱਸੇਂ ਹੋਰ ਤੇ ਹੋਰ ਕਮਾਵੇਂ, ਅੰਦਰ ਖੋਟ ਬਾਹਰ ਸਚਿਆਰ ।
ਇਲਮੋਂ ਬੱਸ ਕਰੀਂ ਓ ਯਾਰ ।
ਪੜ੍ਹ ਪੜ੍ਹ ਇਲਮ ਨਜੂਮ ਵਿਚਾਰੇ, ਗਿਣਦਾ ਰਾਸਾਂ ਬੁਰਜ ਸਤਾਰੇ,
ਪੜ੍ਹੇ ਅਜ਼ੀਮਤਾਂ ਮੰਤਰ ਝਾੜੇ, ਅਬ ਜਦ ਗਿਣੇ ਤਅਵੀਜ਼ ਸ਼ੁਮਾਰ ।
ਇਲਮੋਂ ਬੱਸ ਕਰੀਂ ਓ ਯਾਰ ।
ਇਲਮੋਂ ਪਏ ਕਜ਼ੀਏ ਹੋਰ, ਅੱਖੀਂ ਵਾਲੇ ਅੰਨ੍ਹੇ ਕੋਰ,
ਫੜੇ ਸਾਧ ਤੇ ਛੱਡੇ ਚੋਰ, ਦੋਹੀਂ ਜਹਾਨੀਂ ਹੋਇਆ ਖੁਆਰ ।
ਇਲਮੋਂ ਬੱਸ ਕਰੀਂ ਓ ਯਾਰ ।
ਇਲਮੋਂ ਪਏ ਹਜ਼ਾਰਾਂ ਫਸਤੇ, ਰਾਹੀ ਅਟਕ ਰਹੇ ਵਿਚ ਰਸਤੇ,
ਮਾਰਿਆ ਹਿਜਰ ਹੋਏ ਦਿਲ ਖਸਤੇ, ਪਿਆ ਵਿਛੋੜੇ ਦਾ ਸਿਰ ਭਾਰ ।
ਇਲਮੋਂ ਬੱਸ ਕਰੀਂ ਓ ਯਾਰ ।
ਇਲਮੋਂ ਮੀਆਂ ਜੀ ਕਹਾਵੇਂ, ਤੰਬਾ ਚੁੱਕ ਚੁੱਕ ਮੰਡੀ ਜਾਵੇਂ,
ਧੇਲਾ ਲੈ ਕੇ ਛੁਰੀ ਚਲਾਵੇਂ, ਨਾਲ ਕਸਾਈਆਂ ਬਹੁਤ ਪਿਆਰ ।
ਇਲਮੋਂ ਬੱਸ ਕਰੀਂ ਓ ਯਾਰ ।
ਬਹੁਤਾ ਇਲਮ ਅਜ਼ਰਾਈਲ ਨੇ ਪੜ੍ਹਿਆ, ਝੁੱਗਾ ਤਾਂ ਓਸੇ ਦਾ ਸੜਿਆ,
ਗਲ ਵਿਚ ਤੌਕ ਲਾਹਨਤ ਦਾ ਪੜਿਆ, ਆਖ਼ਿਰ ਗਿਆ ਉਹ ਬਾਜ਼ੀ ਹਾਰ ।
ਇਲਮੋਂ ਬੱਸ ਕਰੀਂ ਓ ਯਾਰ ।
ਜਦ ਮੈਂ ਸਬਕ ਇਸ਼ਕ ਦਾ ਪੜ੍ਹਿਆ, ਦਰਿਆ ਵੇਖ ਵਹਦਤ ਦਾ ਵੜਿਆ,
ਘੁੰਮਣ ਘੇਰਾਂ ਦੇ ਵਿਚ ਅੜਿਆ, ਸ਼ਾਹ ਇਨਾਇਤ ਲਾਇਆ ਪਾਰ ।
ਇਲਮੋਂ ਬੱਸ ਕਰੀਂ ਓ ਯਾਰ ।
ਬੁੱਲ੍ਹਾ ਨਾ ਰਾਫਜ਼ੀ ਨਾ ਹੈ ਸੁੰਨੀ, ਆਲਮ ਫ਼ਾਜ਼ਲ ਨਾ ਆਲਮ ਜੁੰਨੀ,
ਇਕੋ ਪੜ੍ਹਿਆ ਇਲਮ ਲਦੁੰਨੀ, ਵਾਹਦ ਅਲਫ਼ ਮੀਮ ਦਰਕਾਰ ।
ਇਲਮੋਂ ਬੱਸ ਕਰੀਂ ਓ ਯਾਰ ।
- ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ
ਦਿਲ ਦੀ ਵੇਦਣ ਕੋਈ ਨਾ ਜਾਣੇ, ਅੰਦਰ ਦੇਸ ਬਗਾਨੇ,
ਜਿਸ ਨੂੰ ਚਾਟ ਅਮਰ ਦੀ ਹੋਵੇ, ਸੋਈ ਅਮਰ ਪਛਾਣੇ,
ਏਸ ਇਸ਼ਕ ਦੀ ਔਖੀ ਘਾਟੀ, ਜੋ ਚੜ੍ਹਿਆ ਸੋ ਜਾਣੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ ।
ਆਤਸ਼ ਇਸ਼ਕ ਫ਼ਰਾਕ ਤੇਰੇ ਦੀ, ਪਲ ਵਿਚ ਸਾੜ ਵਿਖਾਈਆਂ,
ਏਸ ਇਸ਼ਕ ਦੇ ਸਾੜੇ ਕੋਲੋਂ, ਜਗ ਵਿਚ ਦਿਆਂ ਦੁਹਾਈਆਂ,
ਜਿਸ ਤਨ ਲੱਗੇ ਸੋ ਤਨ ਜਾਣੇ, ਦੂਜਾ ਕੋਈ ਨਾ ਜਾਣੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ ।
ਇਸ਼ਕ ਕਸਾਈ ਨੇ ਜੇਹੀ ਕੀਤੀ, ਰਹਿ ਗਈ ਖਬਰ ਨਾ ਕਾਈ,
ਇਸ਼ਕ ਚਵਾਤੀ ਲਾਈ ਛਾਤੀ, ਫੇਰ ਨਾ ਝਾਤੀ ਪਾਈ,
ਮਾਪਿਆਂ ਕੋਲੋਂ ਛੁਪ ਛੁਪ ਰੋਵਾਂ, ਕਰ ਕਰ ਲੱਖ ਬਹਾਨੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ ।
ਹਿਜਰ ਤੇਰੇ ਨੇ ਝੱਲੀ ਕਰਕੇ, ਕਮਲੀ ਨਾਮ ਧਰਾਇਆ,
ਸੁਮੁਨ ਬੁਕਮੁਨ ਵ ਉਮਯੁਨ ਹੋ ਕੇ, ਆਪਣਾ ਵਕਤ ਲੰਘਾਇਆ,
ਕਰ ਹੁਣ ਨਜ਼ਰ ਕਰਮ ਦੀ ਸਾਈਆਂ, ਨ ਕਰ ਜ਼ੋਰ ਧਙਾਣੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ ।
ਹੱਸ ਬੁਲਾਵਾਂ ਤੇਰਾ ਜਾਨੀ, ਯਾਦ ਕਰਾਂ ਹਰ ਵੇਲੇ,
ਪਲ ਪਲ ਦੇ ਵਿਚ ਦਰਦ ਜੁਦਾਈ, ਤੇਰਾ ਸ਼ਾਮ ਸਵੇਲੇ,
ਰੋ ਰੋ ਯਾਦ ਕਰਾਂ ਦਿਨ ਰਾਤੀਂ, ਪਿਛਲੇ ਵਕਤ ਵਿਹਾਣੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ ।
ਇਸ਼ਕ ਤੇਰਾ ਦਰਕਾਰ ਅਸਾਂ ਨੂੰ, ਹਰ ਵੇਲੇ ਹਰ ਹੀਲੇ,
ਪਾਕ ਰਸੂਲ ਮੁਹੰਮਦ ਸਾਹਿਬ, ਮੇਰੇ ਖਾਸ ਵਸੀਲੇ,
ਬੁੱਲ੍ਹੇ ਸ਼ਾਹ ਜੋ ਮਿਲੇ ਪਿਆਰਾ, ਲੱਖ ਕਰਾਂ ਸ਼ੁਕਰਾਨੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ ।
- ਇਸ਼ਕ ਦੀ ਨਵੀਓਂ ਨਵੀਂ ਬਹਾਰ
ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਲੋਂ ਜੀਉੜਾ ਡਰਿਆ,
ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਨਾ ਤੋਤਾ ਮਾਰ ਗਵਾਈ,
ਅੰਦਰ ਬਾਹਰ ਹੋਈ ਸਫ਼ਾਈ, ਜਿਤ ਵੱਲ ਵੇਖਾਂ ਯਾਰੋ ਯਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਢੂੰਡੇਦੀ ਬੇਲੇ,
ਰਾਂਝਾ ਯਾਰ ਬੁੱਕਲ ਵਿਚ ਖੇਲੇ, ਮੈਨੂੰ ਸੁਧ ਰਹੀ ਨਾ ਸਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ, ਸੱਜਦੇ ਕਰਦਿਆਂ ਘੱਸ ਗਏ ਮੱਥੇ,
ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਸ ਪਾਇਆ ਤਿਸ ਨੂਰ ਅਨਵਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
ਫੂਕ ਮੁਸੱਲਾ ਭੰਨ ਸੁੱਟ ਲੋਟਾ, ਨਾ ਫੜ ਤਸਬੀ ਕਾਸਾ ਸੋਟਾ,
ਆਸ਼ਕ ਕਹਿੰਦੇ ਦੇ ਦੇ ਹੋਕਾ, ਤਰਕ ਹਲਾਲੋਂ ਖਾਹ ਮੁਰਦਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
ਉਮਰ ਗਵਾਈ ਵਿਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ,
ਕਦੇ ਨਮਾਜ਼ ਤੌਹੀਦ ਨਾ ਕੀਤੀ, ਹੁਣ ਕੀ ਕਰਨਾ ਏਂ ਸ਼ੋਰ ਪੁਕਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
ਇਸ਼ਕ ਭੁਲਾਇਆ ਸਜਦਾ ਤੇਰਾ, ਹੁਣ ਕਿਉਂ ਐਵੇਂ ਪਾਵੇਂ ਝੇੜਾ,
ਬੁੱਲ੍ਹਾ ਹੁੰਦਾ ਚੁੱਪ ਬਥੇਰਾ, ਇਸ਼ਕ ਕਰੇਂਦਾ ਮਾਰੋ ਮਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
- ਇਸ਼ਕ ਹਕੀਕੀ ਨੇ ਮੁੱਠੀ ਕੁੜੇ
ਇਸ਼ਕ ਹਕੀਕੀ ਨੇ ਮੁੱਠੀ ਕੁੜੇ,
ਮੈਨੂੰ ਦੱਸੋ ਪੀਆ ਦਾ ਦੇਸ ।
ਮਾਪਿਆਂ ਦੇ ਘਰ ਬਾਲ ਇਞਾਣੀ, ਪੀਤ ਲਗਾ ਲੁੱਟੀ ਕੁੜੇ,
ਮੈਨੂੰ ਦੱਸੋ ਪੀਆ ਦਾ ਦੇਸ ।
ਮਨਤਕ ਮਅਨੇ ਕੰਨਜ਼ ਕਦੂਰੀ, ਮੈਂ ਪੜ੍ਹ ਪੜ੍ਹ ਇਲਮ ਵਗੁੱਚੀ ਕੁੜੇ,
ਮੈਨੂੰ ਦੱਸੋ ਪੀਆ ਦਾ ਦੇਸ ।
ਨਮਾਜ਼ ਰੋਜ਼ਾ ਓਹਨਾਂ ਕੀ ਕਰਨਾ, ਜਿਨ੍ਹਾਂ ਪ੍ਰੇਮ ਸੁਰਾਹੀ ਲੁੱਟੀ ਕੁੜੇ,
ਮੈਨੂੰ ਦੱਸੋ ਪੀਆ ਦਾ ਦੇਸ ।
ਬੁੱਲ੍ਹਾ ਸ਼ੌਹ ਦੀ ਮਜਲਸ ਬਹਿ ਕੇ, ਸਭ ਕਰਨੀ ਮੇਰੀ ਛੁੱਟੀ ਕੁੜੇ ,
ਮੈਨੂੰ ਦੱਸੋ ਪੀਆ ਦਾ ਦੇਸ ।
- ਇਸ ਨੇਹੁੰ ਦੀ ਉਲਟੀ ਚਾਲ
ਸਾਬਿਰ ਨੇ ਜਦ ਨੇਹੁੰ ਲਗਾਇਆ, ਦੇਖ ਪੀਆ ਨੇ ਕੀ ਦਿਖਲਾਇਆ,
ਰਗ ਰਗ ਅੰਦਰ ਕਿਰਮ ਚਲਾਇਆ, ਜ਼ੋਰਾਵਰ ਦੀ ਗੱਲ ਮੁਹਾਲ,
ਇਸ ਨੇਹੁੰ ਦੀ ਉਲਟੀ ਚਾਲ ।
ਜ਼ਕਰੀਆ ਨੇ ਜਦ ਪਾਇਆ ਕਹਾਰਾ, ਜਿਸ ਦਮ ਵਜਿਆ ਇਸ਼ਕ ਨੱਗਾਰਾ,
ਧਰਿਆ ਸਿਰ ਤੇ ਤਿੱਖਾ ਆਰਾ, ਕੀਤਾ ਅੱਡ ਜਵਾਲ,
ਇਸ ਨੇਹੁੰ ਦੀ ਉਲਟੀ ਚਾਲ ।
ਜਦੋਂ ਯਹੀਏ ਨੇ ਪਾਈ ਝਾਤੀ, ਰਮਜ਼ ਇਸ਼ਕ ਦੀ ਲਾਈ ਕਾਤੀ,
ਜਲਵਾ ਦਿੱਤਾ ਆਪਣਾ ਜ਼ਾਤੀ, ਤਨ ਖੰਜਰ ਕੀਤਾ ਲਾਲ,
ਇਸ ਨੇਹੁੰ ਦੀ ਉਲਟੀ ਚਾਲ ।
ਆਪ ਇਸ਼ਾਰਾ ਅੱਖ ਦਾ ਕੀਤਾ, ਤਾਂ ਮਧੁਵਾ ਮਨਸੂਰ ਨੇ ਪੀਤਾ,
ਸੂਲੀ ਚੜ੍ਹ ਕੇ ਦਰਸ਼ਨ ਲੀਤਾ, ਹੋਇਆ ਇਸ਼ਕ ਕਮਾਲ,
ਇਸ ਨੇਹੁੰ ਦੀ ਉਲਟੀ ਚਾਲ ।
ਸੁਲੇਮਾਨ ਨੂੰ ਇਸ਼ਕ ਜੋ ਆਇਆ, ਮੁੰਦਰਾ ਹੱਥੋਂ ਚਾ ਗਵਾਇਆ,
ਤਖ਼ਤ ਨਾ ਪਰੀਆਂ ਦਾ ਫਿਰ ਆਇਆ, ਭੱਠ ਝੋਕੇ ਪਿਆ ਬੇਹਾਲ,
ਇਸ ਨੇਹੁੰ ਦੀ ਉਲਟੀ ਚਾਲ ।
ਬੁੱਲ੍ਹੇ ਸ਼ਾਹ ਹੁਣ ਚੁੱਪ ਚੰਗੇਰੀ, ਨਾ ਕਰ ਏਥੇ ਐਡ ਦਲੇਰੀ,
ਗੱਲ ਨਾ ਬਣਦੀ ਤੇਰੀ ਮੇਰੀ, ਛੱਡ ਦੇ ਸਾਰੇ ਵਹਿਮ ਖ਼ਿਆਲ,
ਇਸ ਨੇਹੁੰ ਦੀ ਉਲਟੀ ਚਾਲ ।
- ਜਿਚਰ ਨਾ ਇਸ਼ਕ ਮਜਾਜ਼ੀ ਲਾਗੇ
ਜਿਚਰ ਨਾ ਇਸ਼ਕ ਮਜਾਜ਼ੀ ਲਾਗੇ ।
ਸੂਈ ਸੀਵੇ ਨਾ ਬਿਨ ਧਾਗੇ ।
ਇਸ਼ਕ ਮਜਾਜ਼ੀ ਦਾਤਾ ਹੈ ।
ਜਿਸ ਪਿੱਛੇ ਮਸਤ ਹੋ ਜਾਤਾ ਹੈ ।
ਇਸ਼ਕ ਜਿਨ੍ਹਾਂ ਦੀ ਹੱਡੀਂ ਪੈਂਦਾ,
ਸੋਈ ਨਿਰਜੀਵਤ ਮਰ ਜਾਂਦਾ,
ਇਸ਼ਕ ਪਿਤਾ ਤੇ ਮਾਤਾ ਹੈ,
ਜਿਸ ਪਿੱਛੇ ਮਸਤ ਹੋ ਜਾਤਾ ਹੈ ।
ਆਸ਼ਕ ਦਾ ਤਨ ਸੁੱਕਦਾ ਜਾਏ,
ਮੈਂ ਖੜੀ ਚੰਦ ਪਿਰ ਕੇ ਸਾਏ,
ਵੇਖ ਮਸ਼ੂਕਾਂ ਖਿੜ ਖਿੜ ਹਾਸੇ,
ਇਸ਼ਕ ਬੇਤਾਲ ਪੜ੍ਹਾਤਾ ਹੈ ।
ਜਿਸ ਤੇ ਇਸ਼ਕ ਇਹ ਆਇਆ ਹੈ,
ਉਹ ਬੇਬਸ ਕਰ ਦਿਖਲਾਇਆ ਹੈ,
ਨਸ਼ਾ ਰੋਮ ਰੋਮ ਮੇਂ ਆਇਆ ਹੈ,
ਇਸ ਵਿਚ ਨਾ ਰੱਤੀ ਉਹਲਾ ਹੈ,
ਹਰ ਤਰਫ ਦਸੇਂਦਾ ਮੌਲਾ ਹੈ,
ਬੁੱਲ੍ਹਾ ਆਸ਼ਕ ਵੀ ਹੁਣ ਤਰਦਾ ਹੈ,
ਜਿਸ ਫਿਕਰ ਪੀਆ ਦੇ ਘਰ ਦਾ ਹੈ,
ਰੱਬ ਮਿਲਦਾ ਵੇਖ ਉਚਰਦਾ ਹੈ ।
ਮਨ ਅੰਦਰ ਹੋਇਆ ਝਾਤਾ ਹੈ ।
ਜਿਸ ਪਿੱਛੇ ਮਸਤ ਹੋ ਜਾਤਾ ਹੈ ।
- ਜਿੰਦ ਕੁੜਿਕੀ ਦੇ ਮੂੰਹ ਆਈ
ਆਪੇ ਹੈਂ ਤੂੰ ਲਹਿਮਕਾ ਲਹਿਮੀ, ਆਪੇ ਹੈਂ ਤੂੰ ਨਿਆਰਾ,
ਗੱਲਾਂ ਸੁਣ ਤੇਰੀਆਂ, ਮੇਰਾ ਅਕਲ ਗਿਆ ਉੱਡ ਸਾਰਾ,
ਸ਼ਰੀਅਤ ਤੋਂ ਬੇਸ਼ਰੀਅਤ ਕਰਕੇ, ਭਲੀ ਖੁੱਭਣ ਵਿਚ ਪਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਜ਼ੱਰਾ ਇਸ਼ਕ ਤੁਸਾਡਾ ਦਿਸਦਾ, ਪਰਬਤ ਕੋਲੋਂ ਭਾਰਾ,
ਇਕ ਘੜੀ ਦੇ ਵੇਖਣ ਕਾਰਨ, ਚੁੱਕ ਲਿਆ ਜੱਗ ਸਾਰਾ,
ਕੀਤੀ ਮਿਹਨਤ ਮਿਲਦੀ ਨਾਹੀਂ, ਹੁਣ ਕੀ ਕਰੇ ਲੁਕਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਵਾ-ਵੇਲਾ ਕੀ ਕਰਨਾ, ਜਿੰਦ ਜੁ ਸਾੜੇ ਸੁ ਸਾੜੇ,
ਸੁੱਖਾਂ ਦਾ ਇਕ ਪੂਲਾ ਨਾਹੀਂ, ਦੁੱਖਾਂ ਦੇ ਖਲਵਾੜੇ,
ਹੋਣੀ ਸੀ ਜੁ ਉਸ ਦਿਨ ਹੋਈ, ਹੁਣ ਕੀ ਕਰੀਏ ਭਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਸਲਾਹ ਨਾ ਮੰਨਦਾ ਵਾਤ (ਨਾ) ਪੁੱਛਦਾ, ਆਖ ਵੇਖਾਂ ਕੀ ਕਰਦਾ,
ਕੱਲ੍ਹ ਮੈਂ ਕਮਲੀ ਤੇ (ਅੱਜ) ਉਹ ਕਮਲਾ, ਹੁਣ ਕਿਉਂ ਮੈਥੋਂ ਡਰਦਾ,
ਉਹਲੇ ਬਹਿ ਕੇ ਰਮਜ਼ ਚਲਾਈ, ਦਿਲ ਨੂੰ ਚੋਟ ਲਗਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਸੀਨੇ ਬਾਣ ਧੰਦਾਲਾ ਗਲ ਵਿਚ, ਇਸ ਹਾਲਤ ਵਿਚ ਜਾਲਾਂ,
ਚਾ ਚਾ ਸਿਰ ਭੋਏਂ ਤੇ ਮਾਰਾਂ, ਰੋ ਰੋ ਯਾਰ ਸੰਭਾਲਾਂ,
ਅੱਗੇ ਵੀ ਸਈਆਂ ਨੇ ਨੇਹੁੰ ਲਗਾਇਆ, ਕੇ ਮੈਂ ਹੀ ਪ੍ਰੀਤ ਲਗਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਜੱਗ ਵਿਚ ਰੋਸ਼ਨ ਨਾਂ ਤੁਸਾਡਾ, ਆਸ਼ਕ ਤੋਂ ਕਿਉਂ ਨੱਸਦੇ ਹੋ,
ਵੱਸੋ ਰਸੋ ਵਿਚ ਬੁੱਕਲ ਦੇ, ਆਪਣਾ ਭੇਤ ਨਾ ਦਸਦੇ ਹੋ,
ਵਿਚੋਕੜੇ ਵਿਚਕਾਰੋਂ ਫੜਕੇ, ਮੈਂ ਕਰ ਉਲਟੀ ਲਟਕਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਅੰਦਰ ਵਾਲਿਆ ਬਾਹਰ ਆਵੀਂ, ਬਾਹੋਂ ਪਕੜ ਖਲੋਵਾਂ,
ਜ਼ਾਹਰਾ ਮੈਥੋਂ ਲੁੱਕਣ ਛਿਪਣ, ਬਾਤਨ ਕੋਲੇ ਹੋਵਾਂ,
ਐਸੇ ਬਾਤਨ ਫਟੀ ਜੁਲੈਖਾਂ, ਮੈਂ ਬਾਤਨ ਬਿਰਲਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਆਖਣੀਆਂ ਸੀ ਆਖ ਸੁਣਾਈਆਂ, ਮਚਲਾ ਸੁਣਦਾ ਨਾਹੀਂ,
ਹੱਥ ਮਰੋੜਾਂ ਫਾਟਾਂ ਤਲੀਆਂ, ਰੋਵਾਂ ਢਾਹੀਂ ਢਾਹੀਂ,
ਲੈਣੇ ਥੀਂ ਮੁੜ ਦੇਣਾ ਆਇਆ, ਇਹ ਤੇਰੀ ਭਲਿਆਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਇਕ ਇਕ ਲਹਿਰ ਅਜੇਹੀ ਆਵੇ, ਨਹੀਂ ਦੱਸਣੀਆਂ ਸੋ ਦੱਸਾਂ,
ਸੱਚ ਆਖਾਂ ਤਾਂ ਸੂਲੀ ਫਾਹਾ, ਝੂਠ ਕਹਾਂ ਤਾਂ ਵੱਸਾਂ,
ਐਸੀ ਨਾਜ਼ਕ ਬਾਤ ਕਿਉਂ ਆਖਾਂ, ਕਹਿੰਦਿਆਂ ਹੋਵੇ ਪਰਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਵਹੀ ਵਸੀਲਾ ਪਾਕਾਂ ਦਾ, ਤੁਸੀਂ ਆਪੇ ਸਾਡੇ ਹੋਵੋ,
ਜਾਗਦਿਆਂ ਸੰਗ ਸਾਡੇ ਜਾਗੋ, ਸਵਾਂ ਤਾਂ ਨਾਲੇ ਸੌਂਵੋ,
ਜਿਸਨੇ ਤੈਂ ਸੰਗ ਪ੍ਰੀਤ ਲਗਾਈ, ਕਿਹੜੇ ਸੁੱਖ ਸੁਵਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਐਸੀਆਂ ਲੀਕਾਂ ਲਾਈਆਂ ਮੈਨੂੰ, ਹੋਰ ਕਈ ਘਰ ਗਾਲੇ,
ਉਪਰਵਾਰੋਂ ਪਾਵੇਂ ਝਾਤੀ, ਵਤੇਂ ਫਿਰੇ ਦੁਆਲੇ,
ਲੁੱਕਣ ਛਿਪਣ ਤੇ ਛਲ ਜਾਵਣ, ਇਹ ਤੇਰੀ ਵਡਿਆਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਤੇਰਾ ਮੇਰਾ ਨਿਆਉਂ ਨਬੇੜੇ, ਰੂਮੋਂ ਕਾਜ਼ੀ ਆਵੇ,
ਖੋਲ੍ਹ ਕਿਤਾਬਾਂ ਕਰੇ ਤਸੱਲੀ, ਦੋਹਾਂ ਇਕ ਬਤਾਵੇ,
ਭਰਮਿਆ ਕਾਜ਼ੀ ਮੇਰੇ ਉੱਤੇ, ਮੈਂ ਕਾਜ਼ੀ ਭਰਮਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਬੁੱਲ੍ਹਾ ਸ਼ੌਹ ਤੂੰ ਕੇਹਾ ਜੇਹਾ ਹੁਣ, ਤੂੰ ਕਿਹਾ ਮੈਂ ਕਹੀ,
ਤੈਨੂੰ ਜੋ ਮੈਂ ਢੂੰਡਣ ਲੱਗੀ, ਮੈਂ ਭੀ ਆਪ ਨਾ ਰਹੀ,
ਪਾਇਆ ਜ਼ਾਹਰ ਬਾਤਨ ਤੈਨੂੰ, ਬਾਤਨ ਅੰਦਰ ਰੁਸ਼ਨਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
- ਜਿਸ ਤਨ ਲੱਗਿਆ ਇਸ਼ਕ ਕਮਾਲ
ਜਿਸ ਤਨ ਲੱਗਿਆ ਇਸ਼ਕ ਕਮਾਲ ।
ਨਾਚੇ ਬੇਸੁਰ ਤੇ ਬੇਤਾਲ ।
ਦਰਦਮੰਦਾਂ ਨੂੰ ਕੋਈ ਨਾ ਛੇੜੇ, ਆਪੇ ਆਪਣਾ ਦੁੱਖ ਸਹੇੜੇ,
ਜੰਮਣਾ ਜਿਊਣਾ ਮੂਲ ਹੁਗੇੜੇ, ਆਪਣਾ ਬੂਝੇ ਆਪ ਖ਼ਿਆਲ ।
ਜਿਸ ਤਨ ਲੱਗਿਆ ਇਸ਼ਕ ਕਮਾਲ ।
ਜਿਸ ਨੇ ਵੇਸ ਇਸ਼ਕ ਦਾ ਕੀਤਾ, ਧੁਰ ਦਰਬਾਰੋਂ ਫ਼ਤਵਾ ਲੀਤਾ,
ਜਦੋਂ ਹਜ਼ੂਰੋਂ ਪਿਆਲਾ ਪੀਤਾ, ਕੁੱਝ ਨਾ ਰਿਹਾ ਜਵਾਬ ਸਵਾਲ ।
ਜਿਸ ਤਨ ਲੱਗਿਆ ਇਸ਼ਕ ਕਮਾਲ ।
ਜਿਸ ਦੇ ਅੰਦਰ ਵਸਿਆ ਯਾਰ, ਉਠਿਆ ਯਾਰੋ ਯਾਰ ਪੁਕਾਰ,
ਨਾ ਉਹ ਚਾਹੇ ਰਾਗ ਨਾ ਤਾਰ, ਐਵੇਂ ਬੈਠਾ ਖੇਡੇ ਹਾਲ ।
ਜਿਸ ਤਨ ਲੱਗਿਆ ਇਸ਼ਕ ਕਮਾਲ ।
ਬੁੱਲ੍ਹਾ ਸ਼ੌਹ ਨਗਰ ਸੱਚ ਪਾਇਆ, ਝੂਠਾ ਰੌਲਾ ਸਭ ਮੁਕਾਇਆ,
ਸੱਚਿਆਂ ਕਾਰਨ ਸੱਚ ਸੁਣਾਇਆ, ਪਾਇਆ ਉਸ ਦਾ ਪਾਕ ਜਮਾਲ ।
ਜਿਸ ਤਨ ਲੱਗਿਆ ਇਸ਼ਕ ਕਮਾਲ ।
- ਜੋ ਰੰਗ ਰੰਗਿਆ ਗੂੜ੍ਹਾ ਰੰਗਿਆ, ਮੁਰਸ਼ਦ ਵਾਲੀ ਲਾਲੀ ਓ ਯਾਰ
ਆਹਦ ਵਿਚੋਂ ਅਹਿਮਦ ਹੋਇਆ, ਵਿਚੋਂ ਮੀਮ ਨਿਕਾਲੀ ਓ ਯਾਰ ।
ਦਰਮੁਆਨੀ ਦੀ ਧੂਮ ਮਚੀ ਹੈ, ਨੈਣਾਂ ਤੋਂ ਘੁੰਡ ਉਠਾਲੀ ਓ ਯਾਰ ।
ਜੋ ਰੰਗ ਰੰਗਿਆ ਗੂੜ੍ਹਾ ਰੰਗਿਆ, ਮੁਰਸ਼ਦ ਵਾਲੀ ਲਾਲੀ ਓ ਯਾਰ ।
ਸੂਰਾਏਯਾਸੀਨ ਮਜ਼ਮੱਲ ਵਾਲਾ, ਬਦਲਾ ਗਰਜ ਸੰਭਾਲੀ ਓ ਯਾਰ ।
ਜ਼ੁਲਫ ਸਿਆਹ ਦੇ ਵਿਚ ਯਦ ਬੈਜ਼ਾ, ਦੇ ਚਮਕਾਰ ਵਿਖਾਲੀ ਓ ਯਾਰ ।
ਜੋ ਰੰਗ ਰੰਗਿਆ ਗੂੜ੍ਹਾ ਰੰਗਿਆ, ਮੁਰਸ਼ਦ ਵਾਲੀ ਲਾਲੀ ਓ ਯਾਰ ।
ਮੂਤੂ-ਕਬਲਾ-ਅੰਤਾ-ਮੂਤੂ ਹੋਇਆ, ਮੋਇਆਂ ਨੂੰ ਮਾਰ ਜਵਾਲੀ ਓ ਯਾਰ ।
ਬੁੱਲ੍ਹਾ ਸ਼ੌਹ ਮੇਰੇ ਘਰ ਆਇਆ, ਕਰ ਕਰ ਨਾਚ ਵਖਾਲੀ ਓ ਯਾਰ ।
ਜੋ ਰੰਗ ਰੰਗਿਆ ਗੂੜ੍ਹਾ ਰੰਗਿਆ, ਮੁਰਸ਼ਦ ਵਾਲੀ ਲਾਲੀ ਓ ਯਾਰ ।
- ਕਦੀ ਆ ਮਿਲ ਬਿਰਹੋਂ ਸਤਾਈ ਨੂੰ
ਇਸ਼ਕ ਲੱਗੇ ਤਾਂ ਹੈ ਹੈ ਕੂਕੇਂ,
ਤੂੰ ਕੀ ਜਾਣੇ ਪੀੜ ਪਰਾਈ ਨੂੰ ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ ।
ਜੇ ਕੋਈ ਇਸ਼ਕ ਵਿਹਾਜਿਆ ਲੋੜੇ,
ਸਿਰ ਦੇਵੇ ਪਹਿਲੇ ਸਾਈਂ ਨੂੰ ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ ।
ਅਮਲਾਂ ਵਾਲੀਆਂ ਲੰਘ ਲੰਘ ਗਈਆਂ,
ਸਾਡੀਆਂ ਲੱਜਾਂ ਮਾਹੀ ਨੂੰ ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ ।
ਗ਼ਮ ਦੇ ਵਹਿਣ ਸਿਤਮ ਦੀਆਂ ਕਾਂਗਾਂ,
ਕਿਸੇ ਕਅਰ ਕੱਪਰ ਵਿਚ ਪਾਈ ਨੂੰ ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ ।
ਮਾਂ ਪਿਉ ਛੱਡ ਸਈਆਂ ਮੈਂ ਭੁੱਲੀਆਂ,
ਬਲਿਹਾਰੀ ਰਾਮ ਦੁਹਾਈ ਨੂੰ ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ ।
- ਕਦੀ ਆ ਮਿਲ ਯਾਰ ਪਿਆਰਿਆ
ਕਦੀ ਆ ਮਿਲ ਯਾਰ ਪਿਆਰਿਆ ।
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ ।
ਚੜ੍ਹ ਬਾਗੀਂ ਕੋਇਲ ਕੂਕਦੀ,
ਨਿਤ ਸੋਜ਼-ਇ-ਅਲਮ ਦੇ ਫੂਕਦੀ,
ਮੈਨੂੰ ਤਤੜੀ ਕੋ ਸ਼ਾਮ ਵਿਸਾਰਿਆ ।
ਕਦੀ ਆ ਮਿਲ ਯਾਰ ਪਿਆਰਿਆ ।
ਬੁੱਲ੍ਹਾ ਸ਼ਹੁ ਕਦੀ ਘਰ ਆਵਸੀ,
ਮੇਰੀ ਬਲਦੀ ਭਾ ਬੁਝਾਵਸੀ,
ਉਹਦੀ ਵਾਟਾਂ ਤੋਂ ਸਿਰ ਵਾਰਿਆ ।
ਕਦੀ ਆ ਮਿਲ ਯਾਰ ਪਿਆਰਿਆ ।
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ ।
- ਕਦੀ ਆਪਣੀ ਆਖ ਬੁਲਾਉਗੇ
ਮੈਂ ਬੇਗੁਣ ਕਿਆ ਗੁਣ ਕੀਆ ਹੈ, ਤਨ ਪੀਆ ਹੈ ਮਨ ਪੀਆ ਹੈ,
ਉਹ ਪੀਆ ਸੁ ਮੋਰਾ ਜੀਆ ਹੈ, ਪੀਆ ਪੀਆ ਸੇ ਰਲ ਜਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਮੈਂ ਫ਼ਾਨੀ ਆਪ ਕੋ ਦੂਰ ਕਰਾਂ, ਤੈਂ ਬਾਕੀ ਆਪ ਹਜ਼ੂਰ ਕਰਾਂ,
ਜੇ ਅਜ਼ਹਾਰ ਵਾਂਗ ਮਨਸੂਰ ਕਰਾਂ, ਖੜ ਸੂਲੀ ਪਕੜ ਚੜ੍ਹਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਮੈਂ ਜਾਗੀ ਸਭ ਸੋਇਆ ਹੈ, ਖੁੱਲ੍ਹੀ ਪਲਕ ਤੇ ਉਠ ਕੇ ਰੋਇਆ ਹੈ,
ਜੁਜ਼ ਮਸਤੀ ਕਾਮ ਨਾ ਹੋਇਆ ਹੈ, ਕਦੀ ਮਸਤ ਅਲੱਸਤ ਬਣਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਜਦੋਂ ਅਨਹਦ ਬਣ ਦੋ ਨੈਣ ਧਰੇ, ਅੱਗੇ ਸਿਰ ਬਿਨ ਧੜ ਕੇ ਲਾਖ ਪੜੇ,
ਉੱਛਲ ਰੰਗਣ ਦੇ ਦਰਿਆ ਚੜ੍ਹੇ, ਮੇਰੇ ਲਹੂ ਦੀ ਨਦੀ ਵਗਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਕਿਸੇ ਆਸ਼ਕ ਨਾ ਸੁੱਖ ਸੋਣਾ ਏ, ਅਸਾਂ ਰੋ ਰੋ ਕੇ ਮੁੱਖ ਧੋਣਾ ਏ,
ਇਹ ਜਾਦੂ ਹੈ ਕਿ ਟੂਣਾ ਏ, ਇਸ ਰੋਗ ਦਾ ਭੋਗ ਬਣਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਕਹੋ ਕਿਆ ਸਿਰ ਇਸ਼ਕ ਬਿਚਾਰੇਗਾ, ਫਿਰ ਕਿਆ ਬੀਸੀ ਨਿਰਵਾਰੇਗਾ,
ਜਥ ਦਾਰ ਉੱਪਰ ਸਿਰ ਵਾਰੇਗਾ, ਤਬ ਪਿੱਛੋਂ ਢੋਲ ਵਜਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਮੈਂ ਆਪਣਾ ਮਨ ਕਬਾਬ ਕੀਆ, ਆਂਖੋਂ ਕਾ ਅਰਕ ਸ਼ਰਾਬ ਕੀਆ,
ਰਗ ਤਾਰਾਂ ਹੱਡ ਕਬਾਬ ਕੀਆ, ਕਿਆਮਤ ਕਿਆ ਨਾਮ ਬੁਲਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਸ਼ਕਰੰਜੀ ਕੋ ਕਿਆ ਕੀਜੀਏਗਾ, ਮਨ ਭਾਣਾ ਸੌਦਾ ਲੀਜੀਏਗਾ,
ਇਹ ਦੀਨ ਦੁਨੀ ਕਿਸ ਦੀ ਜੀਏਗਾ, ਮੁਝੇ ਆਪਣਾ ਦਰਸ ਬਤਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਮੈਨੂੰ ਆਣ ਨਜ਼ਾਰੇ ਤਾਇਆ ਹੈ, ਦੋ ਨੈਣਾਂ ਬਰਖਾ ਲਾਇਆ ਹੈ,
ਬਣ ਰੋਜ਼ ਇਨਾਇਤ ਆਇਆ ਹੈ, ਐਵੇਂ ਆਪਣਾ ਆਪ ਜਿਤਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਬੁੱਲ੍ਹਾ ਸ਼ਹੁ ਨੂੰ ਵੇਖਣ ਜਾਉਗੇ, ਇਨ੍ਹਾਂ ਅੱਖੀਆਂ ਨੂੰ ਸਮਝਾਉਗੇ,
ਦੀਦਾਰ ਤਦਾਹੀਂ ਪਾਉਗੇ, ਬਣ ਸ਼ਾਹ ਇਨਾਇਤ ਘਰ ਆਉਗੇ ।
ਕਦੀ ਆਪਣੀ ਆਖ ਬੁਲਾਉਗੇ ।
- ਕਦੀ ਮੋੜ ਮੁਹਾਰਾਂ ਢੋਲਿਆ
ਕਦੀ ਮੋੜ ਮੁਹਾਰਾਂ ਢੋਲਿਆ ।
ਤੇਰੀਆਂ ਵਾਟਾਂ ਤੋਂ ਸਿਰ ਘੋਲਿਆ ।
ਮੈਂ ਨ੍ਹਾਤੀ ਧੋਤੀ ਰਹਿ ਗਈ, ਕੋਈ ਗੰਢ ਸੱਜਨ ਦਿਲ ਬਹਿ ਗਈ,
ਕੋਈ ਸੁਖ਼ਨ ਅਵੱਲਾ ਬੋਲਿਆ, ਕਦੀ ਮੋੜ ਮੁਹਾਰਾਂ ਢੋਲਿਆ ।
ਬੁੱਲ੍ਹਾ ਸ਼ਹੁ ਕਦੀ ਘਰ ਆਵਸੀ, ਮੇਰੀ ਬਲਦੀ ਭਾ ਬੁਝਾਵਸੀ,
ਜੀਹਦੇ ਦੁੱਖਾਂ ਨੇ ਮੂੰਹ ਖੋਲ੍ਹਿਆ, ਕਦੀ ਮੋੜ ਮੁਹਾਰਾਂ ਢੋਲਿਆ ।
- ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ
ਤੇਲ ਤਿਲਾਂ ਦੇ ਲੱਡੂ ਨੇ, ਜਲੇਬੀ ਪਕੜ ਮੰਗਾਈ,
ਡਰਦੇ ਨੱਠੇ ਕੰਦ ਸ਼ਕਰ ਤੋਂ, ਮਿਸਰੀ ਨਾਲ ਲੜਾਈ,
ਕਾਂ ਲਗੜ ਨੂੰ ਮਾਰਨ ਲੱਗੇ, ਗੋਚੇਂ ਦੀ ਗੱਲ੍ਹ ਲਾਲ ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ ।
ਹੋ ਫਰਿਆਦੀ ਲੱਖਪਤੀਆਂ ਨੇ, ਲੂਣ ਤੇ ਦਸਤਕ ਲਾਈ,
ਗੁਲਗਲਿਆਂ ਮਨਸੂਬਾ ਬੱਧਾ, ਪਾਪੜ ਚੋਟ ਚਲਾਈ,
ਭੇਡਾਂ ਮਾਰ ਪਲੰਗ ਖਪਾਏ, ਗੁਰਗਾਂ ਬੁਰਾ ਅਹਿਵਾਲ ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ ।
ਗੁੜ ਦੇ ਲੱਡੂ ਗੁੱਸੇ ਹੋ ਕੇ, ਪੇੜਿਆਂ ਤੇ ਫਰਿਆਦੀ,
ਬਰਫ਼ੀ ਨੂੰ ਕਹੇ ਦਾਲ ਚਨੇ ਦੀ, ਤੂੰ ਹੈਂ ਮੇਰੀ ਬਾਂਦੀ,
ਚੜ੍ਹ ਸਹੇ ਸ਼ੀਹਣੀਆਂ ਤੇ ਨੱਚਣ ਲੱਗੇ, ਵੱਡੀ ਪਈ ਧਮਾਲ ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ ।
ਸ਼ਕਰ ਖੰਡ ਕਹੇ ਮਿਸਰੀ ਨੂੰ, ਮੇਰੀ ਵੇਖ ਸਫ਼ਾਈ,
ਚਿੜਵੇ ਚਨੇ ਇਹ ਕਰਨ ਲੱਗੇ, ਬਦਾਨੇ ਨਾਲ ਲੜਾਈ,
ਚੂਹਿਆਂ ਕੰਨ ਬਿੱਲੀ ਦੇ ਕੁਤਰੇ, ਹੋ ਹੋ ਕੇ ਖੁਸ਼ਹਾਲ ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ ।
ਬੁੱਲ੍ਹਾ ਸ਼ਹੁ ਹੁਣ ਕਿਆ ਬਤਾਵੇ, ਜੋ ਦਿਸੇ ਸੋ ਲੜਦਾ,
ਲੱਤ ਬਲੱਤੀ, ਗੁੱਤ ਬਗੁੱਤੀ, ਕੋਈ ਨਹੀਂ ਹੱਥ ਫੜਦਾ,
ਵੇਖੋ ਕੇਹੀ ਕਿਆਮਤ ਆਈ, ਆਇਆ ਖਰ ਦੱਜਾਲ ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ ।
- ਕਰ ਕੱਤਣ ਵੱਲ ਧਿਆਨ ਕੁੜੇ
ਨਿਤ ਮੱਤੀਂ ਦੇਂਦੀ ਮਾਂ ਧੀਆ, ਕਿਉਂ ਫਿਰਨੀ ਏਂ ਐਵੇਂ ਆ ਧੀਆ,
ਨੀ ਸ਼ਰਮ ਹਯਾ ਨਾ ਗਵਾ ਧੀਆ, ਤੂੰ ਕਦੀ ਤਾਂ ਸਮਝ ਨਦਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਚਰਖ਼ਾ ਮੁਫਤ ਤੇਰੇ ਹੱਥ ਆਇਆ, ਪੱਲਿਉਂ ਨਹੀਂਉਂ ਖੋਲ੍ਹ ਗਵਾਇਆ,
ਨਹੀਉਂ ਕਦਰ ਮਿਹਨਤ ਦਾ ਪਾਇਆ, ਜਦ ਹੋਇਆ ਕੰਮ ਆਸਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਚਰਖ਼ਾ ਬਣਿਆ ਖ਼ਾਤਰ ਤੇਰੀ, ਖੇਡਣ ਦੀ ਕਰ ਹਿਰਸ ਥੁਰੇੜੀ,
ਹੋਣਾ ਨਹੀਉਂ ਹੋਰ ਵਡੇਰੀ, ਮਤ ਕਰ ਕੋਈ ਅਗਿਆਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਚਰਖ਼ਾ ਤੇਰਾ ਰੰਗ ਰੰਗੀਲਾ, ਰੀਸ ਕਰੇਂਦਾ ਸਭ ਕਬੀਲਾ,
ਚਲਦੇ ਚਾਰੇ ਕਰ ਲੈ ਹੀਲਾ, ਹੋ ਘਰ ਦੇ ਵਿਚ ਆਵਾਦਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਇਸ ਚਰਖ਼ੇ ਦੀ ਕੀਮਤ ਭਾਰੀ, ਤੂੰ ਕੀ ਜਾਣੇ ਕਦਰ ਗਵਾਰੀ,
ਉੱਚੀ ਨਜ਼ਰ ਫਿਰੇਂ ਹੰਕਾਰੀ, ਵਿਚ ਆਪਣੇ ਸ਼ਾਨ ਗੁਮਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਮੈਂ ਕੂਕਾਂ ਕਰ ਖਲੀਆਂ ਬਾਹੀਂ, ਨਾ ਹੋ ਗ਼ਾਫ਼ਲ ਸਮਝ ਕਦਾਈਂ,
ਐਸਾ ਚਰਖ਼ਾ ਘੜਨਾ ਨਾਹੀਂ. ਫੇਰ ਕਿਸੇ ਤਰਖਾਣ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਇਹ ਚਰਖ਼ਾ ਤੂੰ ਕਿਉਂ ਗਵਾਯਾ, ਕਿਉਂ ਤੂੰ ਖੇਹ ਦੇ ਵਿਚ ਰੁਲਾਯਾ,
ਜਦ ਦਾ ਹੱਥ ਤੇਰੇ ਵਿਚ ਆਯਾ, ਤੂੰ ਕਦੇ ਨਾ ਡਾਹਿਆ ਆਣ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਨਿੱਤ ਮਤੀਂ ਦਿਆਂ ਵਲੱਲੀ ਨੂੰ, ਇਸ ਭੋਲੀ ਕਮਲੀ ਝੱਲੀ ਨੂੰ,
ਜਦ ਪਵੇਗਾ ਵਖ਼ਤ ਇਕੱਲੀ ਨੂੰ, ਤਦ ਹਾਏ ਹਾਏ ਕਰਸੀ ਜਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਮੁਢੋਂ ਦੀ ਤੂੰ ਰਿਜ਼ਕ ਵਿਹੂਣੀ, ਗੋਹੜਿਉਂ ਨਾ ਤੂੰ ਕੱਤੀ ਪੂਣੀ,
ਹੁਣ ਕਿਉਂ ਫਿਰਨੀ ਏਂ ਨਿੰਮੋਝੂਣੀ, ਕਿਸ ਦਾ ਕਰੇਂ ਗੁਮਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਨਾ ਤੱਕਲਾ ਰਾਸ ਕਰਾਵੇਂ ਤੂੰ, ਨਾ ਬਾਇੜ ਮਾਲ੍ਹ ਪਵਾਵੇਂ ਤੂੰ,
ਕਿਉਂ ਘੜੀ ਮੁੜੀ ਚਰਖ਼ਾ ਚਾਵੇਂ ਤੂੰ, ਤੂੰ ਕਰਨੀ ਏਂ ਆਪਣਾ ਜ਼ਿਆਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਡਿੰਗਾ ਤੱਕਲਾ ਰਾਸ ਕਰਾ ਲੈ, ਨਾਲ ਸ਼ਤਾਬੀ ਬਾਇੜ ਪਵਾ ਲੈ,
ਜਿਉਂ ਕਰ ਵਗੇ ਤਿਵੇਂ ਵਗਾ ਲੈ, ਮਤ ਕਰ ਕੋਈ ਅਗਿਆਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਅੱਜ ਘਰ ਵਿਚ ਨਵੀਂ ਕਪਾਹ ਕੁੜੇ, ਤੂੰ ਝਬ ਝਬ ਵੇਲਣਾ ਡਾਹ ਕੁੜੇ,
ਰੂੰ ਵੇਲ ਪਿੰਜਾਵਣ ਜਾਹ ਕੁੜੇ, ਮੁੜ ਕੱਲ੍ਹ ਨਾ ਤੇਰਾ ਜਾਣ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਜਦ ਰੂੰ ਪੰਜਾ ਲਿਆਵੇਂਗੀ, ਸਈਆਂ ਵਿਚ ਪੂਣੀਆਂ ਪਾਵੇਂਗੀ,
ਮੁੜ ਆਪ ਹੀ ਪਈ ਭਾਵੇਂਗੀ, ਵਿਚ ਸਾਰੇ ਜੱਗ ਜਹਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਤੇਰੇ ਨਾਲ ਦੀਆਂ ਸਭ ਸਈਆਂ ਨੇ, ਕੱਤ ਪੂਣੀਆਂ ਸਭਨਾ ਲਈਆਂ ਨੇ,
ਤੈਨੂੰ ਬੈਠੀ ਨੂੰ ਪਿਛੋਂ ਪਈਆਂ ਨੇ, ਕਿਉਂ ਬੈਠੀ ਏਂ ਹੁਣ ਹੈਰਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਦੀਵਾ ਆਪਣੇ ਪਾਸ ਜਗਾਵੀਂ, ਕੱਤ ਕੱਤ ਸੂਤ ਭੜੋਲੀ ਪਾਵੀਂ,
ਅੱਖੀਂ ਵਿਚੋਂ ਰਾਤ ਲੰਘਾਵੀਂ, ਔਖੀ ਕਰਕੇ ਜਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਰਾਜ ਪੇਕਾ ਦਿਨ ਚਾਰ ਕੁੜੇ, ਨਾ ਖੇਡੋ ਖੇਡ ਗੁਜ਼ਾਰ ਕੁੜੇ,
ਨਾ ਹੋ ਵਿਹਲੀ ਕਰ ਕਾਰ ਕੁੜੇ, ਘਰ ਬਾਰ ਨਾ ਕਰ ਵੀਰਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਤੂੰ ਸੁਤਿਆਂ ਰੈਣ ਗੁਜ਼ਾਰ ਨਹੀਂ, ਮੁੜ ਆਉਣਾ ਦੂਜੀ ਵਾਰ ਨਹੀਂ,
ਫਿਰ ਬਹਿਣਾ ਏਸ ਭੰਡਾਰ ਨਹੀਂ, ਵਿਚ ਇਕੋ ਜੇਡੇ ਹਾਣ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਤੂੰ ਸਦਾ ਨਾ ਪੇਕੇ ਰਹਿਣਾ ਏਂ, ਨਾ ਪਾਸ ਅੰਬੜੀ ਦੇ ਬਹਿਣਾ ਏਂ,
ਭਾ ਅੰਤ ਵਿਛੋੜਾ ਸਹਿਣਾ ਏਂ, ਵੱਸ ਪਏਂਗੀ ਸੱਸ ਨਨਾਣ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਕੱਤ ਲੈ ਨੀ ਕੁਝ ਕਤਾ ਲੈ ਨੀ, ਹੁਣ ਤਾਣੀ ਤੰਦ ਉਣਾ ਲੈ ਨੀ,
ਤੂੰ ਆਪਣਾ ਦਾਜ ਰੰਗਾ ਲੈ ਨੀ, ਤੂੰ ਤਦ ਹੋਵੇਂ ਪਰਧਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਜਦ ਘਰ ਬੇਗਾਨੇ ਜਾਵੇਂਗੀ, ਮੁੜ ਵੱਤ ਨਾ ਓਥੋਂ ਆਵੇਂਗੀ,
ਓਥੇ ਜਾ ਕੇ ਪਛੋਤਾਵੇਂਗੀ, ਕੁਝ ਅਗਦੋਂ ਕਰ ਸਮਿਆਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਅੱਜ ਐਡਾ ਤੇਰਾ ਕੰਮ ਕੁੜੇ, ਕਿਉਂ ਹੋਈ ਏਂ ਬੇ-ਗ਼ਮ ਕੁੜੇ ,
ਕੀਕਰ ਲੈਣਾ ਉਸ ਦੰਮ ਕੁੜੇ, ਜਦ ਘਰ ਆਏ ਮਹਿਮਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਜਦ ਸਭ ਸਈਆਂ ਟੁਰ ਜਾਣਗੀਆਂ, ਫਿਰ ਓਥੇ ਮੂਲ ਨਾ ਆਉਣਗੀਆਂ,
ਆ ਚਰਖ਼ੇ ਮੂਲ ਨਾ ਡਾਹੁਣਗੀਆਂ, ਤੇਰਾ ਤ੍ਰਿੰਞਣ ਪਿਆ ਵੀਰਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਕਰ ਮਾਣ ਨਾ ਹੁਸਨ ਜਵਾਨੀ ਦਾ, ਪਰਦੇਸ ਨਾ ਰਹਿਣ ਸੈਲਾਨੀ ਦਾ,
ਕੋਈ ਦੁਨੀਆਂ ਝੂਠੀ ਫ਼ਾਨੀ ਦਾ, ਨਾ ਰਹਿਸੀ ਨਾਮ ਨਿਸ਼ਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਇਕ ਔਖਾ ਵੇਲਾ ਆਵੇਗਾ, ਸਭ ਸਾਕ ਸੈਣ ਭੱਜ ਜਾਵੇਗਾ,
ਕਰ ਮਦਤ ਪਾਰ ਲੰਘਾਵੇਗਾ, ਉਹ ਬੁੱਲ੍ਹੇ ਦਾ ਸੁਲਤਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
- ਕੱਤ ਕੁੜੇ ਨਾ ਵੱਤ ਕੁੜੇ
ਕੱਤ ਕੁੜੇ ਨਾ ਵੱਤ ਕੁੜੇ ।
ਛੱਲੀ ਲਾਹ ਭੜੋਲੇ ਘੱਤ ਕੁੜੇ ।
ਜੇ ਪੂਣੀ ਪੂਣੀ ਕੱਤੇਂਗੀ, ਤਾਂ ਨੰਗੀ ਮੂਲ ਨਾ ਵੱਤੇਂਗੀ,
ਸੈ ਵਰ੍ਹਿਆਂ ਦੇ ਜੇ ਕੱਤੇਂਗੀ, ਤਾਂ ਕਾਗ ਮਾਰੇਗਾ ਝਟ ਕੁੜੇ ।
ਕੱਤ ਕੁੜੇ ਨਾ ਵੱਤ ਕੁੜੇ ।
ਵਿਚ ਗਫ਼ਲਤ ਜੇ ਤੈਂ ਦਿਨ ਜਾਲੇ, ਕੱਤ ਕੇ ਕੁਝ ਨਾ ਲਿਉ ਸੰਭਾਲੇ.
ਬਾਝੋਂ ਗੁਣ ਸ਼ਹੁ ਆਪਣੇ ਨਾਲੇ, ਤੇਰੀ ਕਿਉਂ ਕਰ ਹੋਸੀ ਗੱਤ ਕੁੜੇ ।
ਕੱਤ ਕੁੜੇ ਨਾ ਵੱਤ ਕੁੜੇ ।
ਮਾਂ ਪਿਓ ਤੇਰੇ ਗੰਢੀਂ ਪਾਈਆਂ, ਅਜੇ ਨਾ ਤੈਨੂੰ ਸੁਰਤਾਂ ਆਈਆਂ,
ਦਿਨ ਥੋੜੇ ਤੇ ਚਾਅ ਮਕਾਈਆਂ, ਨਾ ਆਸੇਂ ਪੇਕੇ ਵੱਤ ਕੁੜੇ ।
ਕੱਤ ਕੁੜੇ ਨਾ ਵੱਤ ਕੁੜੇ ।
ਜੇ ਦਾਜ ਵਿਹੂਣੀ ਜਾਵੇਂਗੀ, ਤਾਂ ਕਿਸੇ ਭਲੀ ਨਾ ਭਾਵੇਂਗੀ,
ਓਥੇ ਸ਼ਹੁ ਨੂੰ ਕਿਵੇਂ ਰੀਝਾਵੇਂਗੀ, ਕੁਝ ਲੈ ਫ਼ਕਰਾਂ ਦੀ ਮੱਤ ਕੁੜੇ ।
ਕੱਤ ਕੁੜੇ ਨਾ ਵੱਤ ਕੁੜੇ ।
ਤੇਰੇ ਨਾਲ ਦੀਆਂ ਦਾਜ ਰੰਗਾਏ ਨੀ, ਓਹਨਾਂ ਸੂਹੇ ਸਾਲੂ ਪਾਏ ਨੀ,
ਤੂੰ ਪੈਰ ਉਲਟੇ ਕਿਉਂ ਚਾਏ ਨੀ, ਜਾ ਓਥੇ ਲੱਗੀ ਤੱਤ ਕੁੜੇ ।
ਕੱਤ ਕੁੜੇ ਨਾ ਵੱਤ ਕੁੜੇ ।
ਬੁੱਲ੍ਹਾ ਸ਼ਹੁ ਘਰ ਆਪਣੇ ਆਵੇ, ਚੂੜਾ ਬੀੜਾ ਸਭ ਸੁਹਾਵੇ,
ਗੁਣ ਹੋਸੀ ਤਾਂ ਗਲੇ ਲਗਾਵੇ, ਨਹੀਂ ਰੋਸੇਂ ਨੈਣੀਂ ਰੱਤ ਕੁੜੇ ।
ਕੱਤ ਕੁੜੇ ਨਾ ਵੱਤ ਕੁੜੇ ।
- ਕੌਣ ਆਇਆ ਪਹਿਨ ਲਿਬਾਸ ਕੁੜੇ
ਕੌਣ ਆਇਆ ਪਹਿਨ ਲਿਬਾਸ ਕੁੜੇ ।
ਤੁਸੀਂ ਪੁੱਛੋ ਨਾਲ ਇਖ਼ਲਾਸ ਕੁੜੇ ।
ਹੱਥ ਖੂੰਡੀ ਕੰਬਲ ਕਾਲਾ, ਅੱਖੀਆਂ ਵਿਚ ਵਸੇ ਉਜਾਲਾ,
ਚਾਕ ਨਹੀਂ ਕੋਈ ਹੈ ਮਤਵਾਲਾ, ਪੁੱਛੋ ਬਿਠਾ ਕੇ ਪਾਸ ਕੁੜੇ ।
ਕੌਣ ਆਇਆ ਪਹਿਨ ਲਿਬਾਸ ਕੁੜੇ ।
ਚਾਕਰ ਚਾਕ ਨਾ ਇਸ ਨੂੰ ਆਖੋ, ਇਹ ਨਾ ਖਾਲੀ ਗੁੱਝੜੀ ਘਾਤੋਂ,
ਵਿਛੜਿਆ ਹੋਇਆ ਪਹਿਲੀ ਰਾਤੋਂ, ਆਇਆ ਕਰਨ ਤਲਾਸ਼ ਕੁੜੇ ।
ਕੌਣ ਆਇਆ ਪਹਿਨ ਲਿਬਾਸ ਕੁੜੇ ।
ਨਾ ਇਹ ਚਾਕਰ ਚਾਕ ਕਹੀ ਦਾ, ਨਾ ਇਸ ਜ਼ੱਰਾ ਸ਼ੌਕ ਮਹੀਂ ਦਾ,
ਨਾ ਮੁਸ਼ਤਾਕ ਹੈ ਦੁੱਧ ਦਹੀਂ ਦਾ, ਨਾ ਉਸ ਭੁੱਖ ਪਿਆਸ ਕੁੜੇ ।
ਕੌਣ ਆਇਆ ਪਹਿਨ ਲਿਬਾਸ ਕੁੜੇ ।
ਬੁੱਲ੍ਹਾ ਸ਼ਹੁ ਲੁਕ ਬੈਠਾ ਓਹਲੇ, ਦੱਸੇ ਭੇਤ ਨਾ ਮੁੱਖ ਸੇ ਬੋਲੇ,
ਬਾਬਲ ਵਰ ਖੇੜਿਆਂ ਤੋਂ ਟੋਲੇ, ਵਰ ਮਾਂਹਢਾ ਮਹਿੰਡੇ ਪਾਸ ਕੁੜੇ ।
ਕੌਣ ਆਇਆ ਪਹਿਨ ਲਿਬਾਸ ਕੁੜੇ ।
- ਕੇਹੇ ਲਾਰੇ ਦੇਨਾ ਏਂ ਸਾਨੂੰ ਦੋ ਘੜੀਆਂ ਮਿਲ ਜਾਈਂ
ਕੇਹੇ ਲਾਰੇ ਦੇਨਾ ਏਂ ਸਾਨੂੰ ਦੋ ਘੜੀਆਂ ਮਿਲ ਜਾਈਂ ।
ਨੇੜੇ ਵੱਸੇਂ ਥਾਂ ਨਾ ਦੱਸੇਂ
ਢੂੰਡਾਂ ਕਿਤ ਵੱਲ ਜਾਹੀਂ,
ਆਪੇ ਝਾਤੀ ਪਾਈ ਅਹਿਮਦ
ਵੇਖਾਂ ਤਾਂ ਮੁੜ ਨਾਹੀਂ ।
ਆਖ ਗਿਉਂ ਮੁੜ ਆਇਉਂ ਨਹੀਂ
ਸੀਨੇ ਦੇ ਵਿਚ ਭੜਕਣ ਭਾਹੀਂ,
ਇਕਸੇ ਘਰ ਵਿਚ ਵਸਦੀਆਂ ਰਸਦੀਆਂ
ਕਿਤ ਵੱਲ ਕੂਕ ਸੁਣਾਈਂ ।
ਪਾਂਧੀ ਜਾ, ਮੇਰਾ ਦੇਹ ਸੁਨੇਹਾ
ਦਿਲ ਦੇ ਉਹਲੇ ਲੁਕਦਾ ਕੇਹਾ,
ਨਾਮ ਅੱਲਾਹ ਦੇ ਨਾ ਹੋ ਵੈਰੀ
ਮੁੱਖ ਵੇਖਣ ਨੂੰ ਨਾ ਤਰਸਾਈਂ ।
ਬੁੱਲ੍ਹਾ ਸ਼ਹੁ ਕੀ ਲਾਇਆ ਮੈਨੂੰ
ਰਾਤ ਅੱਧੀ ਹੈ ਤੇਰੀ ਮਹਿਮਾ,
ਔਝੜ ਬੇਲੇ ਸਭ ਕੋਈ ਡਰਦਾ
ਸੋ ਢੂੰਡਾਂ ਮੈਂ ਚਾਈਂ ਚਾਈਂ ।
ਕੇਹੇ ਲਾਰੇ ਦੇਨਾ ਏਂ ਸਾਨੂੰ ਦੋ ਘੜੀਆਂ ਮਿਲ ਜਾਈਂ ।
67.ਖ਼ਾਕੀ ਖ਼ਾਕ ਸਿਉਂ ਰਲ ਜਾਣਾ
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ
ਕੁਛ ਨਹੀਂ ਜ਼ੋਰ ਧਿਙਾਣਾ ।
ਗਏ ਸੋ ਗਏ ਫੇਰ ਨਹੀਂ ਆਏ, ਮੇਰੇ ਜਾਨੀ ਮੀਤ ਪਿਆਰੇ,
ਮੇਰੇ ਬਾਝੋਂ ਰਹਿੰਦੇ ਨਾਹੀਂ, ਹੁਣ ਕਿਉਂ ਅਸਾਂ ਵਿਸਾਰੇ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ ।
ਚਿਤ ਪਿਆਰ ਨਾ ਜਾਏ ਸਾਥੋਂ, ਉੱਭੇ ਸਾਹ ਨਾ ਰਹਿੰਦੇ,
ਅਸੀਂ ਮੋਇਆਂ ਦੇ ਪਰਲੇ ਪਾਰ, ਜਿਊਂਦਿਆਂ ਦੇ ਵਿਚ ਬਹਿੰਦੇ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ ।
ਓਥੇ ਮਗਰ ਪਿਆਦੇ ਲੱਗੇ, ਤਾਂ ਅਸੀਂ ਏਥੇ ਆਏ,
ਏਥੇ ਸਾਨੂੰ ਰਹਿਣ ਨਾ ਮਿਲਦਾ, ਅੱਗੇ ਕਿਤ ਵਲ ਧਾਏ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ ।
ਬੁੱਲ੍ਹਾ ਏਥੇ ਰਹਿਣ ਨਾ ਮਿਲਦਾ, ਰੋਂਦੇ ਪਿਟਦੇ ਚੱਲੇ,
ਇਕੋ ਨਾਮ ਓਸੇ ਦਾ ਖ਼ਰਚੀ, ਪੈਸਾ ਹੋਰ ਨਾ ਪੱਲੇ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ
ਨਾ ਕਰ ਜ਼ੋਰ ਧਿਙਾਣਾ ।
- ਖੇਡ ਲੈ ਵਿਚ ਵਿਹੜੇ ਘੁੰਮੀ ਘੁੰਮ
ਖੇਡ ਲੈ ਵਿਚ ਵਿਹੜੇ ਘੁੰਮੀ ਘੁੰਮ ।
ਏਸ ਵਿਹੜੇ ਵਿਚ ਆਲਾ ਸੋਂਹਦਾ, ਆਲੇ ਦੇ ਵਿਚ ਤਾਕੀ
ਤਾਕੀ ਦੇ ਵਿਚ ਸੇਜ ਵਿਛਾਵਾਂ, ਨਾਲ ਪੀਆ ਸੰਗ ਰਾਤੀ
ਏਸ ਵਿਹੜੇ ਦੇ ਨੌਂ ਦਰਵਾਜ਼ੇ, ਦਸਵਾਂ ਗੁਪਤ ਰਖਾਤੀ
ਓਸ ਗਲੀ ਦੀ ਮੈਂ ਸਾਰ ਨਾ ਜਾਨਾਂ, ਜਹਾਂ ਆਵੇ ਪੀਆ ਜਾਤੀ ।
ਏਸ ਵਿਹੜੇ ਵਿਚ ਆਲਾ ਸੋਂਹਦਾ, ਆਲੇ ਦੇ ਵਿਚ ਤਾਕੀ
ਆਪਣੇ ਪੀਆ ਨੂੰ ਯਾਦ ਕਰੇਸਾਂ, ਚਰਖ਼ੇ ਦੇ ਹਰ ਫੇਰੇ
ਏਸ ਵਿਹੜੇ ਵਿਚ ਮਕਨਾ ਹਾਥੀ, ਸੰਗਲ ਨਾਲ ਕਹੇੜੇ
ਬੁੱਲ੍ਹੇ ਸ਼ਾਹ ਫ਼ਕੀਰ ਸਾਈਂ ਦਾ, ਜਾਗਦਿਆਂ ਕੂੰ ਛੇੜੇ ।
ਖੇਡ ਲੈ ਵਿਚ ਵਿਹੜੇ ਘੁੰਮੀ ਘੁੰਮ ।
- ਕੀ ਬੇਦਰਦਾਂ ਸੰਗ ਯਾਰੀ
ਕੀ ਬੇਦਰਦਾਂ ਸੰਗ ਯਾਰੀ,
ਰੋਵਣ ਅੱਖੀਆਂ ਜ਼ਾਰੋ ਜ਼ਾਰੀ ।
ਸਾਨੂੰ ਗਏ ਬੇਦਰਦੀ ਚੱਡ ਕੇ, ਹਿਜਰੇ ਸਾਂਗ ਸੀਨੇ ਵਿਚ ਗੱਡ ਕੇ,
ਜਿਸਮੋਂ ਜਿੰਦ ਨੂੰ ਲੈ ਗਏ ਕੱਢ ਕੇ, ਇਹ ਗੱਲ ਕਰ ਗਏ ਹੈਂਸਿਆਰੀ ।
ਕੀ ਬੇਦਰਦਾਂ ਸੰਗ ਯਾਰੀ,
ਬੇਦਰਦਾਂ ਦਾ ਕੀ ਭਰਵਾਸਾ, ਖੌਫ਼ ਨਹੀਂ ਦਿਲ ਅੰਦਰ ਮਾਸਾ,
ਚਿੜੀਆਂ ਮੌਤ ਗਵਾਰਾਂ ਹਾਸਾ, ਮਗਰੋਂ ਹੱਸ ਹੱਸ ਤਾੜੀ ਮਾਰੀ ।
ਕੀ ਬੇਦਰਦਾਂ ਸੰਗ ਯਾਰੀ,
ਆਵਣ ਕਹਿ ਗਏ ਫੇਰ ਨਾ ਆਏ, ਆਵਣ ਦੇ ਸਭ ਕੌਲ ਭੁਲਾਏ,
ਮੈਂ ਭੁੱਲੀ ਭੁੱਲ ਨੈਣ ਲਗਾਏ, ਕੇਹੇ ਮਿਲੇ ਸਾਨੂੰ ਠੱਗ ਬਪਾਰੀ ।
ਕੀ ਬੇਦਰਦਾਂ ਸੰਗ ਯਾਰੀ,
ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ (ਕੀਤਾ) ਜ਼ਹਿਰ ਪਿਆਲਾ ਪੀਤਾ,
ਨਾ ਕੁਝ ਨਫ਼ਾ ਨਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਭਾਰੀ ।
ਕੀ ਬੇਦਰਦਾਂ ਸੰਗ ਯਾਰੀ,
ਰੋਵਣ ਅੱਖੀਆਂ ਜ਼ਾਰੋ ਜ਼ਾਰੀ ।
- ਕੀਹਨੂੰ ਲਾ-ਮਕਾਨੀ ਦੱਸਦੇ ਹੋ
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ ।
ਕੁਨਫਯੀਕੂਨ ਤੈਂ ਆਪ ਕਹਾਆ, ਤੈਂ ਬਾਝੋਂ ਹੋਰ ਕਿਹੜਾ ਆਇਆ,
ਇਸ਼ਕੋਂ ਸਭ ਜ਼ਹੂਰ ਬਣਾਇਆ, ਆਸ਼ਕ ਹੋ ਕੇ ਵੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਪੁੱਛੋ ਆਦਮ ਕਿਸ ਨੇ ਆਂਦਾ ਏ, ਕਿਥੋਂ ਆਇਆ ਕਿੱਥੇ ਜਾਂਦਾ ਏ,
ਓਥੇ ਕਿਸ ਦਾ ਤੈਨੂੰ ਲਾਂਹਜਾ ਏ, ਓਥੇ ਖਾ ਦਾਣਾ ਉਠ ਨੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਆਪੇ ਸੁਣੇ ਤੇ ਆਪ ਸੁਣਾਵੇਂ, ਆਪੇ ਗਾਵੇਂ ਆਪ ਬਜਾਵੇਂ,
ਹੱਕੋਂ ਕੌਲ ਸਰੋਦ ਸੁਣਾਵੇਂ, ਕਿਤੇ ਜਾਹਲ ਹੋ ਕੇ ਨੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਤੇਰੀ ਵਹਦਤ ਤੂਏਂ ਪੁਚਾਵੇਂ, ਅਨਲਹੱਕ ਦੀ ਤਾਰ ਮਿਲਾਵੇਂ,
ਸੂਲੀ ਤੇ ਮਨਸੂਰ ਚੜ੍ਹਾਵੇਂ, ਓਥੇ ਕੋਲ ਖਲੋ ਕੇ ਹੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਜਿਵੇਂ ਸਿਕੰਦਰ ਤਰਫ ਨੌਸ਼ਾਬਾਂ, ਹੋ ਰਸੂਲ ਲੈ ਆਇਆ ਕਿਤਾਬਾਂ,
ਯੂਸਫ਼ ਹੋ ਕੇ ਅੰਦਰ ਖੁਆਬਾਂ, ਜ਼ੁਲੈਖਾਂ ਦਾ ਦਿਲ ਖੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਕਿਤੇ ਰੂਮੀ ਹੋ ਕਿਤੇ ਜ਼ੰਗੀ ਹੋ, ਕਿਤੇ ਟੋਪੀ ਪੋਸ਼ ਫ਼ਰੰਗੀ ਹੋ,
ਕਿਤੇ ਮੈ-ਖ਼ਾਨੇ ਵਿਚ ਭੰਗੀ ਹੋ, ਕਿਤੇ ਮਿਹਰ ਮਹਿਰੀ ਬਣ ਵਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਬੁੱਲ੍ਹਾ ਸ਼ਹੁ ਇਨਾਇਤ ਆਰਫ਼ ਹੈ, ਉਹ ਦਿਲ ਮੇਰੇ ਦਾ ਵਾਰਸ ਹੈ,
ਮੈਂ ਲੋਹਾ ਤੇ ਉਹ ਪਾਰਸ ਹੈ, ਤੁਸੀਂ ਓਸੇ ਦੇ ਸੰਗ ਖੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ ।
- ਕੀ ਜਾਣਾਂ ਮੈਂ ਕੋਈ
ਕੀ ਜਾਣਾਂ ਮੈਂ ਕੋਈ,
ਵੇ ਅੜਿਆ,
ਕੀ ਜਾਣਾਂ ਮੈਂ ਕੋਈ ।
ਜੋ ਕੋਈ ਅੰਦਰ ਬੋਲੇ ਚਾਲੇ ਜ਼ਾਤ ਅਸਾਡੀ ਹੋਈ,
ਜਿਸ ਦੇ ਨਾਲ ਮੈਂ ਨੇਹੁੰ ਲਗਾਇਆ ਉਹੋ ਜਿਹੀ ਹੋਈ ।
ਕੀ ਜਾਣਾਂ ਮੈਂ ਕੋਈ ।
ਚਿੱਟੀ ਚਾਦਰ ਲਾਹ ਸੁੱਟ ਕੁੜੀਏ ਪਹਿਨ ਫਕੀਰਾਂ ਦੀ ਲੋਈ,
ਚਿੱਟੀ ਚਾਦਰ ਨੂੰ ਦਾਗ਼ ਲੱਗੇਗਾ ਲੋਈ ਨੂੰ ਦਾਗ਼ ਨਾ ਕੋਈ ।
ਕੀ ਜਾਣਾਂ ਮੈਂ ਕੋਈ ।
ਅਲਫ਼ ਪਛਾਤਾ ਬੇ ਪਛਾਤੀ ਤੇ ਤਲਾਵਤ ਹੋਈ,
ਸੀਨ ਪਛਾਤਾ ਸ਼ੀਨ ਪਛਾਤਾ ਸਾਦਕ ਸਾਬਰ ਹੋਈ ।
ਕੀ ਜਾਣਾਂ ਮੈਂ ਕੋਈ ।
ਕੂ ਕੂ ਕਰਦੀ ਕੁਮਰੀ ਆਹੀ ਗਲ ਵਿਚ ਤੌਕ ਪਿਉਈ,
ਬਸ ਨਾ ਕਰਦੀ ਕੂ ਕੂ ਕੋਲੋਂ ਕੂ ਕੂ ਅੰਦਰ ਮੋਈ ।
ਕੀ ਜਾਣਾਂ ਮੈਂ ਕੋਈ ।
ਜੋ ਕੁਝ ਕਰਸੀ ਅੱਲ੍ਹਾ ਭਾਣਾ ਕਿਆ ਕੁਝ ਕਰਸੀ ਕੋਈ,
ਜੋ ਕੁਝ ਲੇਖ ਮੱਥੇ ਦਾ ਲਿਖਿਆ ਮੈਂ ਉਸ ਤੇ ਸ਼ਾਕਰ ਹੋਈ ।
ਕੀ ਜਾਣਾਂ ਮੈਂ ਕੋਈ ।
ਆਸ਼ਕ ਬਕਰੀ ਮਾਸ਼ੂਕ ਕਸਾਈ ਮੈਂ ਮੈਂ ਕਰਦੀ ਕੋਹੀ,
ਜਿਉਂ ਜਿਉਂ ਮੈਂ ਮੈਂ ਬਹੁਤਾ ਕਰਦੀ ਤਿਉਂ ਤਿਉਂ ਮੋਈ ਮੋਈ ।
ਕੀ ਜਾਣਾਂ ਮੈਂ ਕੋਈ ।
ਬੁੱਲ੍ਹਾ ਸ਼ਹੁ ਇਨਾਇਤ ਕਰ ਕੇ ਸ਼ੌਕ ਸ਼ਰਾਬ ਦਿਤੋਈ,
ਭਲਾ ਹੋਇਆ ਅਸੀਂ ਦੂਰੋਂ ਛੁੱਟੇ ਨੇੜੇ ਆਨ ਲੱਧੋਈ ।
ਕੀ ਜਾਣਾਂ ਮੈਂ ਕੋਈ,
ਵੇ ਅੜਿਆ,
ਕੀ ਜਾਣਾਂ ਮੈਂ ਕੋਈ ।
- ਕੀ ਕਰਦਾ ਬੇਪਰਵਾਹੀ ਜੇ
ਕੀ ਕਰਦਾ ਬੇਪਰਵਾਹੀ ਜੇ ।
ਕੀ ਕਰਦਾ ਬੇਪਰਵਾਹੀ ਜੇ ।
ਕੁੰਨ ਕਿਹਾ ਫ਼ਯੀਕੂਨ ਕਹਾਇਆ, ਬਾਤਨ ਜ਼ਾਹਰ ਦੇ ਵਲ ਆਇਆ,
ਬੇਚੂਨੀ ਦਾ ਚੂਨ ਬਣਾਇਆ, ਬਿਖੜੀ ਖੇਡ ਮਚਾਈ ਜੇ ।
ਕੀ ਕਰਦਾ ਬੇਪਰਵਾਹੀ ਜੇ ।
ਸਿਰ ਮਖ਼ਫ਼ੀ ਦਾ ਜਿਸ ਦੰਮ ਬੋਲਾ, ਘੁੰਘਟ ਅਪਨੇ ਮੂੰਹ ਸੇ ਖੋਲਾ,
ਹੁਣ ਕਿਉਂ ਕਰਦਾ ਸਾਥੋਂ ਓਹਲਾ, ਸਭ ਵਿਚ ਹਕੀਕਤ ਆਈ ਜੇ ।
ਕੀ ਕਰਦਾ ਬੇਪਰਵਾਹੀ ਜੇ ।
ਕਰਮੰਨਾ ਬਨੀ ਆਦਮ ਕਿਹਾ, ਕੋਈ ਨਾ ਕੀਤਾ ਤੇਰੇ ਜਿਹਾ,
ਸ਼ਾਨ ਬਜ਼ੁਰਗੀ ਦੇ ਸੰਗ ਇਹਾ, ਡਫੜੀ ਖੂਬ ਵਜਾਈ ਜੇ ।
ਕੀ ਕਰਦਾ ਬੇਪਰਵਾਹੀ ਜੇ ।
ਆਪੇ ਬੇਪਰਵਾਹੀਆਂ ਕਰਦੇ, ਆਪਣੇ ਆਪ ਸੇ ਆਪੇ ਡਰਦੇ,
ਰਿਹਾ ਸਮਾਂ ਵਿਚ ਹਰ ਹਰ ਘਰ ਦੇ, ਭੁੱਲੀ ਫਿਰੇ ਲੋਕਾਈ ਜੇ ।
ਕੀ ਕਰਦਾ ਬੇਪਰਵਾਹੀ ਜੇ ।
ਚੇਟਕ ਲਾ ਦੀਵਾਨਾ ਹੋਇਆ, ਲੈਲਾ ਬਣ ਕੇ ਮਜਨੂੰ ਮੋਇਆ,
ਆਪੇ ਰੋਇਆ ਆਪੇ ਧੋਇਆ, ਕਹੀ ਕੀਤੀ ਆਸ਼ਨਾਈ ਜੇ ।
ਕੀ ਕਰਦਾ ਬੇਪਰਵਾਹੀ ਜੇ ।
ਆਪੇ ਹੈਂ ਤੂੰ ਸਾਜਨ ਸਈਆਂ, ਅਕਲ ਦਲੀਲਾਂ ਸਭ ਉਠ ਗਈਆਂ,
ਬੁੱਲ੍ਹਾ ਸ਼ਾਹ ਨੇ ਖੁਸ਼ੀਆਂ ਲਈਆਂ, ਹੁਣ ਕਰਦਾ ਕਿਉਂ ਜੁਦਾਈ ਜੇ ।
ਕੀ ਕਰਦਾ ਬੇਪਰਵਾਹੀ ਜੇ ।
- ਕੀ ਕਰਦਾ ਨੀ ਕੀ ਕਰਦਾ ਨੀ
ਕੀ ਕਰਦਾ ਨੀ ਕੀ ਕਰਦਾ ਨੀ,
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਇਕਸੇ ਘਰ ਵਿਚ ਵੱਸਦਿਆ ਰੱਸਦਿਆਂ, ਨਹੀਂ ਹੁੰਦਾ ਵਿਚ ਪਰਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਵਿਚ ਮਸੀਤ ਨਿਮਾਜ਼ ਗੁਜ਼ਾਰੇ, ਬੁੱਤਖ਼ਾਨੇ ਜਾ ਵੜਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਆਪ ਇੱਕੋ ਕਈ ਲੱਖ ਘਰਾਂ ਦੇ, ਮਾਲਕ ਸਭ ਘਰ ਘਰ ਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਜਿਤ ਵੱਲ ਵੇਖਾਂ ਉੱਤ ਵੱਲ ਓਹੋ, ਹਰ ਦੀ ਸੰਗਤ ਕਰਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਮੂਸਾ ਤੇ ਫਰਔਨ ਬਣਾ ਕੇ, ਦੋ ਹੋ ਕੇ ਕਿਉਂ ਲੜਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਹਾਜ਼ਰ ਨਾਜ਼ਰ ਉਹੋ ਹਰ ਥਾਂ, ਚੂਚਕ ਕਿਸ ਨੂੰ ਖੜਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਐਸੀ ਨਾਜ਼ੁਕ ਬਾਤ ਕਿਉਂ ਕਹਿੰਦਾ, ਨਾ ਕਹਿ ਸਕਦਾ ਨਾ ਜਰਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਬੁੱਲ੍ਹਾ ਸ਼ਹੁ ਦਾ ਇਸ਼ਕ ਬਘੇਲਾ, ਰੱਤ ਪੀਂਦਾ ਗੋਸ਼ਤ ਚਰਦਾ ।
ਕੀ ਕਰਦਾ ਨੀ ਕੀ ਕਰਦਾ ਨੀ,
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
- ਕਿਉਂ ਇਸ਼ਕ ਅਸਾਂ ਤੇ ਆਇਆ ਏ
ਕਿਉਂ ਇਸ਼ਕ ਅਸਾਂ ਤੇ ਆਇਆ ਏ ।
ਤੂੰ ਆਇਆ ਹੈ ਮੈਂ ਪਾਇਆ ਏ ।
ਇਬਰਾਹੀਮ ਚਾ ਚਿਖ਼ਾ ਸੁਟਾਇਉ, ਜ਼ਕਰੀਏ ਸਿਰ ਕਲਵੱਤਰ ਧਰਾਇਉ,
ਯੂਸਫ਼ ਹੱਟੋ ਹੱਟ ਵਿਕਾਇਉ, ਕਹੁ ਸਾਨੂੰ ਕੀ ਲਿਆਇਆ ਏ ।
ਕਿਉਂ ਇਸ਼ਕ ਅਸਾਂ ਤੇ ਆਇਆ ਏ ।
ਸ਼ੇਖ ਸੁਨਆਨੋਂ ਖ਼ੂਕ ਚਰਾਇਉ, ਸ਼ਮਸ ਦੀ ਖੱਲ ਉਲਟ ਲੁਹਾਇਉ,
ਸੂਲੀ ਤੇ ਮਨਸੂਰ ਚੜ੍ਹਾਇਉ, ਕਰ ਹੱਥ ਹੁਣ ਮੈਂ ਵਲ ਧਾਇਆ ਏ ।
ਕਿਉਂ ਇਸ਼ਕ ਅਸਾਂ ਤੇ ਆਇਆ ਏ ।
ਜਿਸ ਘਰ ਵਿਚ ਤੇਰਾ ਫੇਰ ਹੋਇਆ, ਸੋ ਜਲ ਬਲ ਕੋਇਲਾ ਢੇਰ ਹੋਇਆ,
ਜਦ ਰਾਖ਼ ਉੱਡੀ ਤਦ ਸੇਰ ਹੋਇਆ, ਕਹੁ ਕਿਸ ਗੱਲ ਦਾ ਸਧਰਾਇਆ ਏ ।
ਕਿਉਂ ਇਸ਼ਕ ਅਸਾਂ ਤੇ ਆਇਆ ਏ ।
ਬੁੱਲ੍ਹਾ ਸ਼ਹੁ ਦੇ ਕਾਰਨ ਕਰੀਏ, ਤਨ ਭੱਠੀ ਮਨ ਅਹਿਰਣ ਕਰੀਏ,
ਪ੍ਰੇਮ ਹਥੌੜਾ ਮਾਰਨ ਕਰੀਏ, ਦਿਲ ਲੋਹਾ ਅੱਗ ਪੰਘਰਾਇਆ ਏ ।
ਕਿਉਂ ਇਸ਼ਕ ਅਸਾਂ ਤੇ ਆਇਆ ਏ ।
ਤੂੰ ਆਇਆ ਹੈ ਮੈਂ ਪਾਇਆ ਏ ।
- ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ ।
ਲਾਤੱਤਹੱਰਕ ਖੁਦ ਲਿਖਿਓ ਈ, ਕਿਸ ਨੂੰ ਦੇਨਾ ਏਂ ਫਾਹੀ ।
ਸ਼ਰ੍ਹਾ ਤੇ ਅਹਿਲ ਕੁਰਾਨ ਭੀ ਆਹੇ, ਅਸੀਂ ਅੱਗੇ ਸੱਦੇ ਆਈ ।
ਅਲਸਤੁਬਰੱਬੁਕਮ ਵਾਰਦ ਹੋਯਾ, ਕਾਲੂਬਲਾ ਧੁੰਮ ਪਾਈ ।
ਕੁਨਫਯੀਕੂਨ ਅਵਾਜ਼ਾ ਹੋਯਾ, ਤਦਾਂ ਅਸਾਂ ਭੀ ਕੋਲੋਂ ਆਹੀ ।
ਲੱਜ਼ਤ ਮਾਰ ਦੀਵਾਨੀ ਕੀਤੀ ਨਹੀਂ ਜਾਤੀ ਅਸਲੀ ਆਹੀ ।
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ ।
76. ਕਿਉਂ ਓਹਲੇ ਬਹਿ ਬਹਿ ਝਾਕੀ ਦਾ
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਇਹ ਪਰਦਾ ਕਿਸ ਤੋਂ ਰਾਖੀ ਦਾ ।
ਕਾਰਨ ਪੀਤ ਮੀਤ ਬਣ ਆਇਆ, ਮੀਮ ਦਾ ਘੁੰਘਟ ਮੁੱਖ ਪਰ ਪਾਇਆ,
ਅਹਿਦ ਤੇ ਅਹਿਮਦ ਨਾਮ ਧਰਾਇਆ, ਸਿਰ ਛਤਰ ਝੁੱਲੇ ਲੌਲਾਕੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਤੁਸੀਂ ਆਪੇ ਆਪ ਹੀ ਸਾਰੇ ਹੋ, ਕਿਉਂ ਕਹਿੰਦੇ ਅਸੀਂ ਨਿਆਰੇ ਹੋ,
ਆਏ ਆਪਣੇ ਆਪ ਨੱਜ਼ਾਰੇ ਹੋ, ਵਿਚ ਬਰਜੱਖ ਰਖਿਆ ਖਾਕੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਤੁਧ ਬਾਝੋਂ ਦੂਸਰਾ ਕਿਹੜਾ ਹੈ, ਕਿਉਂ ਪਾਇਆ ਉਲਟਾ ਝੇੜਾ ਹੈ,
ਇਹ ਡਿਠਾ ਬੜਾ ਅੰਧੇਰਾ ਹੈ, ਹੁਣ ਆਪ ਨੂੰ ਆਪੇ ਆਖੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਕਿਤੇ ਰੂਮੀ ਹੋ ਕਿਤੇ ਸ਼ਾਮੀ ਹੋ, ਕਿਤੇ ਸਾਹਿਬ ਕਿਤੇ ਗੁਲਾਮੀ ਹੋ,
ਤੁਸੀਂ ਆਪਣੇ ਆਪ ਤਮਾਮੀ ਹੋ, ਕਹੋ ਖੋਟਾ ਖਰਾ ਸੌ ਲਾਖੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਜਿਸ ਤਨ ਵਿਚ ਇਸ਼ਕ ਦਾ ਜੋਸ਼ ਹੋਇਆ, ਉਹ ਬੇਖ਼ੁਦ ਹੋ ਬੇਹੋਸ਼ ਹੋਇਆ,
ਉਹ ਕਿਉਂ ਕਰ ਰਹੇ ਖਾਮੋਸ਼ ਹੋਇਆ, ਜਿਸ ਪਿਆਲਾ ਪੀਤਾ ਸਾਕੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਤੁਸੀਂ ਆਪ ਅਸਾਂ ਨੂੰ ਧਾਏ ਜੀ, ਕਦ ਰਹਿੰਦੇ ਛੁਪੇ ਛੁਪਾਏ ਜੀ,
ਤੁਸੀਂ ਸ਼ਾਹ ‘ਇਨਾਇਤ’ ਬਣ ਆਏ ਜੀ, ਹੁਣ ਲਾ ਲਾ ਨੈਣ ਝਮਾਕੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਬੱਲ੍ਹਾ ਸ਼ਾਹ ਤਨ ਭਾ ਦੀ ਭੱਠੀ ਕਰ, ਅੱਗ ਬਾਲ ਹੱਡਾਂ ਤਨ ਮਾਟੀ ਕਰ,
ਇਹ ਸ਼ੌਕ ਮੁਹਬਤ ਬਾਟੀ ਕਰ, ਇਹ ਮਧੂਵਾ ਇਸ ਬਿਧ ਚਾਖੀ (ਝਾਕੀ) ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
- ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ
ਮੈਂ ਢੋਲਣ ਵਿਚ ਫ਼ਰਕ ਨਾ ਕੋਈ ਏਨੁਮਾ ਫ਼ੁਰਮਾਇਆ ਈ ।
ਆਓ ਸਜਣ ਗਲ ਲੱਗ ਸੌਵਾਂ ਮੈਂ ਹੁਣ ਘੁੰਘਟ ਪਾਇਆ ਈ ।
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ ?
ਤਨ ਸਾਬਰ ਦੇ ਕੀੜੇ ਪਾਏ ਜੋ ਚੜ੍ਹਿਆ ਸੋ ਪਾਇਆ ਈ ।
ਮਨਸੂਰ ਕੋਲੋਂ ਕੁਝ ਜ਼ਾਹਰ ਹੋਇਆ ਸੂਲੀ ਪਕੜ ਚੜ੍ਹਾਇਆ ਈ ।
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ ?
ਦੱਸੋ ਨੁਕਤਾ ਜ਼ਾਤ ਇਲਾਹੀ ਸੱਜਦਾ ਕਿਸ ਕਰਾਇਆ ਈ ।
ਬੁੱਲ੍ਹਾ ਸ਼ਹੁ ਦਾ ਹੁਕਮ ਨਾ ਮੰਨਿਆ ਸ਼ੈਤਾਨ ਖ਼ਵਾਰ ਕਰਾਇਆ ਈ ।
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ ?
- ਮਾਟੀ ਕੁਦਮ ਕਰੇਂਦੀ ਯਾਰ
ਮਾਟੀ ਜੋੜਾ ਮਾਟੀ ਘੋੜਾ, ਮਾਟੀ ਦਾ ਅਸਵਾਰ,
ਮਾਟੀ ਮਾਟੀ ਨੂੰ ਦੌੜਾਏ, ਮਾਟੀ ਦਾ ਖੜਕਾਰ,
ਮਾਟੀ ਕੁਦਮ ਕਰੇਂਦੀ ਯਾਰ ।
ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ,
ਜਿਸ ਮਾਟੀ ਪਰ ਬਹੁਤੀ ਮਾਟੀ, ਤਿਸ ਮਾਟੀ ਹੰਕਾਰ,
ਮਾਟੀ ਕੁਦਮ ਕਰੇਂਦੀ ਯਾਰ ।
ਮਾਟੀ ਬਾਗ਼ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ,
ਮਾਟੀ ਮਾਟੀ ਨੂੰ ਵੇਖਣ ਆਈ, ਮਾਟੀ ਦੀ ਏ ਬਹਾਰ ।
ਮਾਟੀ ਕੁਦਮ ਕਰੇਂਦੀ ਯਾਰ ।
ਹੱਸ ਖੇਡ ਮੁੜ ਮਾਟੀ ਹੋਈ, ਮਾਟੀ ਪਾਓਂ ਪਸਾਰ,
ਬੁਲ੍ਹਾ ਇਹ ਬੁਝਾਰਤ ਬੁੱਝੇਂ, ਲਾਹ ਸਿਰੋਂ ਭੋਏਂ ਮਾਰ(ਭਾਰ),
ਮਾਟੀ ਕੁਦਮ ਕਰੇਂਦੀ ਯਾਰ ।
- ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ
ਲੋਕਾਂ ਦੇ ਭਾਣੇ ਚਾਕ ਚਕੇਟਾ, ਸਾਡਾ ਰੱਬ ਗ਼ਫ਼ੂਰ ।
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ ।
ਮਿਲਣ ਦੀ ਖ਼ਾਤਰ ਚਸ਼ਮਾਂ, ਬਹਿੰਦੀਆਂ ਸੀ ਨਿਤ ਝੂਰ ।
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ ।
ਉੱਠ ਗਈ ਹਿਜਰ ਜੁਦਾਈ ਜਿਗਰੋਂ, ਜ਼ਾਹਰ ਦਿਸਦਾ ਨੂਰ ।
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ ।
ਬੁੱਲ੍ਹਾ ਰਮਜ਼ ਸਮਝ ਦੀ ਪਾਈਆ, ਨਾ ਨੇੜੇ ਨਾ ਦੂਰ ।
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ ।
- ਮੈਂ ਬੇ-ਕੈਦ ਮੈਂ ਬੇ-ਕੈਦ
ਮੈਂ ਬੇ-ਕੈਦ ਮੈਂ ਬੇ-ਕੈਦ ।
ਨਾ ਰੋਗੀ ਨਾ ਵੈਦ ।
ਨਾ ਮੈਂ ਮੋਮਨ ਨਾ ਮੈਂ ਕਾਫਰ,
ਨਾ ਸਈਯੇਦ ਨਾ ਸੈਦ ।
ਚੌਦੀਂ ਤਬਕੀਂ ਸੀਰ ਅਸਾਡਾ,
ਕਿਤੇ ਨਾ ਹੁੰਦਾ ਕੈਦ ।
ਖ਼ਰਾਬਾਤ ਮੈਂ ਜਾਲ ਅਸਾਡੀ,
ਨਾ ਸ਼ੋਭਾ ਨਾ ਐਬ ।
ਬੁੱਲ੍ਹਾ ਸ਼ਹੁ ਦੀ ਜ਼ਾਤ ਕੀ ਪੁਛਨੈਂ,
ਨਾ ਪੈਦਾ ਨਾ ਪੈਦ ।
- ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ
ਪੈਰੋਂ ਨੰਗੀ ਸਿਰੋਂ ਝੰਡੋਲੀ ਸੁਨੇਹਾ ਆਇਆ ਪਾਰੋਂ,
ਤੜਬਰਾਟ ਕੁਝ ਬਣਦਾ ਨਾਹੀਂ ਕੀ ਲੈਸਾਂ ਸੰਸਾਰੋਂ,
ਮੈਂ ਪਕੜਾਂ ਛਜਨੀ (ਛਜਲੀ) ਹਿਰਸ ਉਡਾਵਾਂ ਛੱਟਾ ਮਾਲਗੁਜ਼ਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ ।
ਹਿੰਦੂ ਤੁਰਕ ਨਾ ਹੁੰਦੇ ਐਸੇ ਦੋ ਜਰਮੇ ਤਰੈ ਜਰਮੇ,
ਹਰਾਮ ਹਲਾਲ ਪਛਾਤਾ ਨਾਹੀਂ ਅਸੀਂ ਦੋਹਾਂ ਤੇ ਨਹੀਂ ਭਰਮੇ,
ਗੁਰੂ ਪੀਰ ਦੀ ਪਰਖ ਅਸਾਂਨੂੰ ਸਭਨਾਂ ਤੋਂ ਸਿਰ ਵਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ ।
ਘੁੰਡੀ ਮੁੰਡੀ ਦਾ ਬੁਹਲ ਬਹਾਇਆ ਬਖਰਾ ਲਿਆ ਦੀਦਾਰੋਂ,
ਘੁੰਡ ਮੁੱਖ ਪੀਆ ਤੋਂ ਲਾਹਿਆ ਸ਼ਰਮ ਰਹੀਂ ਦਰਬਾਰੋਂ,
ਬੁੱਲ੍ਹਾ ਸ਼ਹੁ ਦੇ ਹੋ ਕੇ ਰਹੀਏ ਛੁੱਟ ਗਏ ਕਾਰ ਬਗਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ ।
- ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ ।
ਧਿਆਨ ਕੀ ਛੱਜਲੀ ਗਿਆਨ ਕਾ ਕੂੜਾ ਕਾਮ ਕ੍ਰੋਧ ਨਿੱਤ ਝਾੜੂੰ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ ।
ਕਾਜ਼ੀ ਜਾਣੇ ਹਾਕਮ ਜਾਣੇ ਫਾਰਗ-ਖ਼ਤੀ ਬੇਗਾਰੋਂ,
ਦਿਨੇ ਰਾਤ ਮੈਂ ਏਹੋ ਮੰਗਦੀ ਦੂਰ ਨਾ ਕਰ ਦਰਬਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ ।
ਤੁੱਧ ਬਾਝੋਂ ਮੇਰਾ ਹੋਰ ਨਾ ਕੋਈ ਕੈਂ ਵੱਲ ਕਰੂੰ ਪੁਕਾਰੋਂ,
ਬੁੱਲ੍ਹਾ ਸ਼ਹੁ ਇਨਾਇਤ ਕਰਕੇ ਬਖਰਾ ਮਿਲੇ ਦੀਦਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ ।
- ਮੈਂ ਗੱਲ ਓਥੇ ਦੀ ਕਰਦਾ ਹਾਂ
ਮੈਂ ਗੱਲ ਓਥੇ ਦੀ ਕਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਨਾਲ ਰੂਹਾਂ ਦੇ ਲਾਰਾ ਲਾਇਆ, ਤੁਸੀਂ ਚਲੋ ਮੈਂ ਨਾਲੇ ਆਇਆ,
ਏਥੇ ਪਰਦਾ ਚਾ ਬਣਾਇਆ, ਮੈਂ ਭਰਮ ਭੁਲਾਇਆ ਫਿਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਨਾਲ ਹਾਕਮ ਦੇ ਖੇਲ ਅਸਾਡੀ, ਜੇ ਮੈਂ ਮੀਰੀ ਤਾਂ ਮੈਂ ਫਾਡੀ,
ਧਰੀ ਧਰਾਈ ਪੂੰਜੀ ਤੁਹਾਡੀ, ਮੈਂ ਅਗਲਾ ਲੇਖਾ ਭਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਦੇ ਪੂੰਜੀ ਮੂਰਖ ਝੁੰਜਲਾਇਆ, ਮਗਰ ਚੋਰਾਂ ਦੇ ਪੈੜਾ ਲਾਇਆ,
ਚੋਰਾਂ ਦੀ ਮੈਂ ਪੈੜ ਲਿਆਇਆ, ਹਰ ਸ਼ਬ ਧਾੜੇ ਧੜਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਨਾ ਨਾਲ ਮੇਰੇ ਉਹ ਰੱਸਦਾ ਏ, ਨਾ ਮਿੰਨਤ ਕੀਤੀ ਸੱਜਦਾ ਏ,
ਜਾਂ ਮੁੜ ਬੈਠਾਂ ਤਾਂ ਭੱਜਦਾ ਏ, ਮੁੜ ਮਿੰਨਤਜ਼ਾਰੀ ਕਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਕੀ ਸੁੱਖ ਪਾਇਆ ਮੈਂ ਆਣ ਇਥੇ, ਨਾ ਮੰਜ਼ਲ ਨਾ ਡੇਰੇ ਜਿੱਥੇ,
ਘੰਟਾ ਕੂਚ ਸੁਣਾਵਾਂ ਕਿੱਥੇ, ਨਿੱਤ ਊਠ ਕਚਾਵੇ ਕੜਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਬੁੱਲ੍ਹੇ ਸ਼ਾਹ ਬੇਅੰਤ ਡੂੰਘਾਈ, ਦੋ ਜਗ ਬੀਚ ਨਾ ਲੱਗਦੀ ਕਾਈ,
ਉਰਾਰ ਪਾਰ ਦ ਖ਼ਬਰ ਨਾ ਕਾਈ, ਮੈਂ ਬੇ ਸਿਰ ਪੈਰੀਂ ਤਰਦਾ ਹਾਂ ।
ਮੈਂ ਗੱਲ ਓਥੇ ਦੀ ਕਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
- ਮੈਂ ਕੁਸੁੰਬੜਾ ਚੁਣ ਚੁਣ ਹਾਰੀ
ਏਸ ਕੁਸੁੰਬੇ ਦੇ ਕੰਡੇ ਭਲੇਰੇ ਅੜ ਅੜ ਚੁੰਨੜੀ ਪਾੜੀ ।
ਏਸ ਕੁਸੁੰਬੇ ਦਾ ਹਾਕਮ ਕਰੜਾ ਜ਼ਾਲਮ ਏ ਪਟਵਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਏਸ ਕੁਸੁੰਬੇ ਦੇ ਚਾਰ ਮੁਕੱਦਮ ਮੁਆਮਲਾ ਮੰਗਦੇ ਭਾਰੀ ।
ਹੋਰਨਾਂ ਚੁਗਿਆ ਫੂਹਿਆ-ਫੂਹਿਆ ਮੈਂ ਭਰ ਲਈ ਪਟਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਚੁੱਗ ਚੁੱਗ ਕੇ ਮੈਂ ਢੇਰੀ ਕੀਤਾ ਲੱਥੇ ਆਣ ਬਪਾਰੀ ।
ਔਖੀ ਘਾਟੀ ਮੁਸ਼ਕਲ ਪੈਂਡਾ ਸਿਰ ਪਰ ਗੱਠੜੀ ਭਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਅਮਲਾਂ ਵਾਲੀਆਂ ਸਭ ਲੰਘ ਗਈਆਂ ਰਹਿ ਗਈ ਔਗੁਣਹਾਰੀ ।
ਸਾਰੀ ਉਮਰਾ ਖੇਡ ਗਵਾਈ ਓੜਕ ਬਾਜ਼ੀ ਹਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਅਲੱਸਤ ਕਿਹਾ ਜਦ ਅੱਖੀਆਂ ਲਾਈਆਂ ਹੁਣ ਕਿਉਂ ਯਾਰ ਵਿਸਾਰੀ ।
ਇੱਕੋ ਘਰ ਵਿਚ ਵਸਦੀਆਂ ਰਸਦੀਆਂ ਹੁਣ ਕਿਉਂ ਰਹੀ ਨਯਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਮੈਂ ਕਮੀਨੀ ਕੁਚੱਜੀ ਕੋਹਜੀ ਬੇਗੁਣ ਕੌਣ ਵਿਚਾਰੀ ।
ਬੁੱਲ੍ਹਾ ਸ਼ੌਹ ਦੇ ਲਾਇਕ ਨਾਹੀਂ ਸ਼ਾਹ ਇਨਾਇਤ ਤਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
- ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ
ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ,
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਲੋਕੀਂ ਸੱਜਦਾ ਕਾਅਬੇ ਨੂੰ ਕਰਦੇ ਸਾਡਾ ਸੱਜਦਾ ਯਾਰ ਪਿਆਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਅਉਗਣ ਵੇਖ ਨਾ ਭੁੱਲ ਮੀਆਂ ਰਾਂਝਾ ਯਾਦ ਕਰੀਂ ਏਸ ਕਾਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਮੈਂ ਮਨਤਾਰੂ ਤਰਨ ਨਾ ਜਾਣਾਂ ਸ਼ਰਮ ਪਈ ਤੁੱਧ ਤਾਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਤੇਰਾ ਸਾਨੀ ਕੋਈ ਨਹੀਂ ਮਿਲਿਆ ਢੂੰਡ ਲਿਆ ਜੱਗ ਸਾਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਬੁੱਲ੍ਹਾ ਸ਼ਹੁ ਦੀ ਪ੍ਰੀਤ ਅਨੋਖੀ ਤਾਰੇ ਅਉਗਣਹਾਰੇ ਨੂੰ ।
ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ,
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
- ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ ।
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ ।
ਕੋਈ ਮੁਨਸੱਫ ਹੋ ਨਿਰਵਾਰੇ ਤਾਂ ਮੈਂ ਦੱਸਨਾਂ ਹਾਂ,
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ ।
ਆਲਮ-ਫਾਜ਼ਲ ਮੇਰੇ ਭਾਈ ਪਾ ਪੜ੍ਹਿਆਂ ਮੇਰੀ ਅਕਲ ਗਵਾਈ,
ਦੇ ਇਸ਼ਕ ਦੇ ਹੁਲਾਰੇ ਮੈਂ ਦੱਸਨਾਂ ਹਾਂ,
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ ।
- ਮੈਂ ਪਾਇਆ ਏ ਮੈਂ ਪਾਇਆ ਏ
ਮੈਂ ਪਾਇਆ ਏ ਮੈਂ ਪਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਕਹੂੰ ਤਰਕ ਕਿਤਾਬਾਂ ਪੜ੍ਹਤੇ ਹੋ, ਕਹੂੰ ਭਗਤ ਹਿੰਦੂ ਜਪ ਕਰਤੇ ਹੋ,
ਕਹੂੰ ਗੋਰਕੰਡੀ ਵਿਚ ਪੜਤੇ ਹੋ, ਹਰ ਘਰ ਘਰ ਲਾਡ ਲਡਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਕਿਤੇ ਵੈਰੀ ਹੋ ਕਿਤੇ ਬੇਲੀ ਹੋ, ਕਿਤੇ ਆਪ ਗੁਰੂ ਕਿਤੇ ਚੇਲੀ ਹੋ,
ਕਿਤੇ ਮਜਨੂ ਹੋ ਕਿਤੇ ਲੇਲੀ ਹੋ, ਹਰ ਘਟ ਘਟ ਬੀਚ ਸਮਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਕਹੂੰ ਗਾਫ਼ਲ ਕਹੂੰ ਨਮਾਜ਼ੀ ਹੋ, ਕਹੂੰ ਮਿੰਬਰ ਤੇ ਬਹਿ ਕਾਜ਼ੀ ਹੋ,
ਕਹੂੰ ਤੇਗ਼ ਬਹਾਦੁਰ ਗ਼ਾਜ਼ੀ ਹੋ, ਕਹੂੰ ਆਪਣਾ ਪੰਥ ਬਣਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਕਹੂੰ ਮਸਜਦ ਦਾ ਵਰਤਾਰਾ ਏ, ਕਹੂੰ ਬਣਿਆ ਠਾਕੁਰਦੁਆਰਾ ਏ,
ਕਹੂੰ ਬੈਰਾਗੀ ਜਟ ਧਾਰਾ ਏ, ਕਹੂੰ ਸ਼ੈਖਨ ਬਣ ਬਣ ਆਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਬੁੱਲ੍ਹਾ ਸ਼ਹੁ ਦਾ ਮੈਂ ਮੁਹਤਾਜ ਹੋਇਆ, ਮਹਾਰਾਜ ਮਿਲੇ ਮੇਰਾ ਕਾਜ ਹੋਇਆ,
ਮੁਝੇ ਪੀਆ ਕਾ ਦਰਸ ਮਿਅਰਾਜ ਹੋਇਆ, ਲੱਗਾ ਇਸ਼ਕ ਤਾਂ ਇਹ ਗੁਣ ਗਾਇਆ ਏ ।
ਮੈਂ ਪਾਇਆ ਏ ਮੈਂ ਪਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
- ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ
ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
ਭੁੱਲੇ ਰਹੇ ਨਾਮ ਨਾ ਜਪਿਆ, ਗ਼ਫਲਤ ਅੰਦਰ ਯਾਰ ਹੈ ਛਪਿਆ,
ਉਹ ਸਿਧ ਪੁਰਖਾ ਤੇਰੇ ਅੰਦਰ ਵਸਿਆ, ਲਗੀਆਂ ਨਫ਼ਸ ਦੀਆਂ ਚਾਟਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
ਜਪ ਲੈ ਨਾ ਹੋ ਭੋਲੀ ਭਾਲੀ, ਮਤ ਤੂੰ ਸਾਏਂ ਮੁੱਖ ਮੁਕਾਲੀ,
ਉਲਟੀ ਪ੍ਰੇਮ ਨਗਰ ਦੀ ਚਾਲੀ, ਭੜਕਣ ਇਸ਼ਕ ਦੀਆਂ ਲਾਟਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
ਭੋਲੀ ਨਾ ਹੋ, ਹੋ ਸਿਆਣੀ, ਇਸ਼ਕ ਨੂਰ ਦਾ ਭਰ ਲੈ ਪਾਣੀ,
ਇਸ ਦੁਨੀਆਂ ਦੀ ਛੋੜ ਕਹਾਣੀ, ਇਹ ਯਾਰ ਮਿਲਣ ਦੀਆਂ ਘਾਤਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
ਬੁੱਲ੍ਹਾ ਰੱਬ ਬਣ ਬੈਠੋਂ ਆਪੇ, ਤਦ ਦੁਨੀਆਂ ਦੇ ਪਏ ਸਿਆਪੇ,
ਦੂਤੀ ਵਿਹੜਾ, ਦੁਸ਼ਮਨ ਮਾਪੇ, ਸਭ ਕੜਕ ਪਈਆਂ ਆਫਾਤਾਂ ਨੀ ।
ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
- ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰ
ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰ ।
ਰਾਤੀਂ ਨੀਂਦ ਨਾ ਦਿਨ ਸੁੱਖ ਸੁੱਤੀ ਅੱਖੀਂ ਪਲਟਿਆ ਨੀਰ ।
ਛਵੀਆਂ (ਤੋਪਾਂ) ਤੇ ਤਲਵਾਰਾਂ ਕੋਲੋਂ ਇਸ਼ਕ ਦੇ ਤਿੱਖੇ ਤੀਰ ।
ਇਸ਼ਕੇ ਜੇਡ ਨਾ ਜ਼ਾਲਮ ਕੋਈ ਇਹ ਜ਼ਹਿਮਤ ਬੇਪੀਰ ।
ਇਕ ਪਲ ਸਾਇਤ ਆਰਾਮ ਨਾ ਆਵੇ ਬੁਰੀ ਬ੍ਰਿਹੋਂ ਦੀ ਪੀੜ ।
ਬੁੱਲ੍ਹਾ ਸ਼ਹੁ ਜੇ ਕਰੇ ਅਨਾਇਤ ਦੁੱਖ ਹੋਵਣ ਤਗ਼ਈਰ ।
ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰ ।
- ਮੈਨੂੰ ਦਰਦ ਅਵੱਲੜੇ ਦੀ ਪੀੜ
ਮੈਨੂੰ ਦਰਦ ਅਵੱਲੜੇ ਦੀ ਪੀੜ ।
ਮੈਨੂੰ ਦਰਦ ਅਵੱਲੜੇ ਦੀ ਪੀੜ ।
ਆ ਮੀਆਂ ਰਾਂਝਾ ਦੇ ਦੇ ਨਜ਼ਾਰਾ ਮੁਆਫ਼ ਕਰੀਂ ਤਕਸੀਰ ।
ਮੈਨੂੰ ਦਰਦ ਅਵੱਲੜੇ ਦੀ ਪੀੜ ।
ਤਖ਼ਤ ਹਜ਼ਾਰਿਉਂ ਰਾਂਝਾ ਟੁਰਿਆ ਹੀਰ ਨਿਮਾਣੀ ਦਾ ਪੀਰ ।
ਮੈਨੂੰ ਦਰਦ ਅਵੱਲੜੇ ਦੀ ਪੀੜ ।
ਹੋਰਨਾਂ ਦੇ ਨੌਸ਼ਹੁ ਆਵੇ ਜਾਵੇ ਕੀ ਬੁੱਲ੍ਹੇ ਵਿਚ ਤਕਸੀਰ ।
ਮੈਨੂੰ ਦਰਦ ਅਵੱਲੜੇ ਦੀ ਪੀੜ ।
- ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ
ਮੈਂ ਜੋ ਤੈਨੂੰ ਆਖਿਆ ਕੋਈ ਘੱਲ ਸੁਨੇਹੜਾ ।
ਚਸ਼ਮਾਂ ਸੇਜ ਵਿਛਾਈਆਂ ਦਿਲ ਕੀਤਾ ਡੇਰਾ ।
ਲਟਕ ਚਲੇਂਦਾ ਆਂਵਦਾ ਸ਼ਾਹ ਇਨਾਇਤ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਉਹ ਅਜਿਹਾ ਕੌਣ ਹੈ ਜਾ ਆਖੇ ਜਿਹੜਾ ।
ਮੈਂ ਵਿਚ ਕੀ ਤਕਸੀਰ ਹੈ ਮੈਂ ਬਰਦਾ ਤੇਰਾ ।
ਤੈਂ ਬਾਝੋਂ ਮੇਰਾ ਕੌਣ ਹੈ ਦਿਲ ਢਾ ਨਾ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਦਸਤ ਕੰਗਣ ਬਾਹੀਂ ਚੂੜੀਆਂ ਗਲ ਨੌਰੰਗ ਚੋਲਾ ।
ਮਾਹੀ ਮੈਨੂੰ ਕਰ ਗਿਆ ਕੋਈ ਰਾਵਲ ਰੌਲਾ ।
ਜਲ ਥਲ ਆਹੀਂ ਮਾਰਦੀਆਂ ਦਿਲ ਪੱਥਰ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਕਿਆ ਤੇਰੀ ਮਾਂਗ ਸੰਧੂਰ ਭਰੀ ਸੋਹੇ ਰਤੜਾ ਚੋਲਾ ।
ਪਈ ਵਾਂਗ ਸਮੀਂ ਮੈਂ ਕੂਕਦੀ ਕਰ ਢੋਲਾ ਢੋਲਾ ।
ਅਣਗਿਣਵੇਂ ਸੂਲਾਂ ਪਾ ਲਿਆ ਸੂਲਾਂ ਦਾ ਖੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਮੈਂ ਜਾਤਾ ਦੁੱਖ ਘਰ ਆਪਣੇ ਦੁੱਖ ਪੈ ਘਰ ਕਈਆਂ ।
ਜਿਹਾ ਸਿਰ ਸਿਰ ਭਾਂਬੜ ਭੜਕਿਆ ਸਭ ਟੱਪਦੀਆਂ ਗਈਆਂ ।
ਹੁਣ ਆਣ ਪਈ ਸਿਰ ਆਪਣੇ ਸਭ ਚੁੱਕ ਗਿਆ ਝੇੜਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਜਿਹੜੀਆਂ ਸਾਹਵਰੇ ਮੱਤੀਆਂ ਸੋਈ ਪੇਕੇ ਹੋਵਣ ।
ਸ਼ਹੁ ਜਿਨ੍ਹਾਂ ਦੇ ਕਾਇਲ ਏ ਚੜ੍ਹ ਸੇਜੇ ਸੋਵਣ ।
ਜਿਸ ਘਰ ਕੌਂਤ ਨਾ ਬੋਲਿਆ ਸੋਈ ਖਾਲੀ ਵੇੜ੍ਹਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਮੈਂ ਢੂੰਡ ਸ਼ਹਿਰ ਭਾਲਿਆ ਘੱਲਾਂ ਕਾਸਦ ਕਿਹੜਾ ।
ਹੁਣ ਚੜ੍ਹੀਆਂ ਡੋਲੀ ਪ੍ਰੇਮ ਦੀ ਦਿਲ ਧੜਕੇ ਮੇਰਾ ।
ਦਿਲਦਾਰ ਮੁਹੰਮਦ ਆਰਬੀ ਹੱਥ ਪਕੜੀਂ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਪਹਿਲੀ ਪਉੜੀ ਉਤਰੀ ਪੁਲ-ਸਰਾਤੇ ਡੇਰਾ ।
ਹਾਜੀ ਮੱਕੇ ਜਾਹੁਣ ਮੈਂ ਮੁੱਖ ਵੇਖਾਂ ਤੇਰਾ ।
ਆ ਇਨਾਇਤ ਕਾਦਰੀ ਦਿਲ ਚਾਹੇ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਪਹਿਲੀ ਰਾਤ ਹੈ ਸਾਲ ਦੀ ਦਿਲ ਖੌਫ਼ੇ ਮੇਰਾ ।
ਡੂੰਘੀ ਗੋਰ ਕਢੇਂਦਿਆ ਹੋਇਆ ਲਹਿਦੋਂ ਡੇਰਾ ।
ਪਹਿਲਾ ਬੰਦ ਖੋਲ੍ਹਦਿਆਂ ਮੂੰਹ ਕਾਅਬੇ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਮਿਲੀ ਹੈ ਬਾਂਗ ਰਸੂਲ ਦੀ ਫੁੱਲ ਖਿੜਿਆ ਮੇਰਾ ।
ਸਦਾ ਹੋਇਆ ਮੈਂ ਹਾਜ਼ਰੀ ਹਾਂ ਹਾਜ਼ਰ ਤੇਰਾ ।
ਹਰ ਪਲ ਤੇਰੀ ਹਾਜ਼ਰੀ ਇਹੋ ਸਜਦਾ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਬੁੱਲ੍ਹਾ ਭੜਕਣ ਸ਼ਹੁ ਲਈ ਸੀਨੇ ਵਿਚ ਭਾਹੀਂ ।
ਔਖਾ ਪੈਂਡਾ ਪ੍ਰੇਮ ਦਾ ਸੋ ਘਟਦਾ ਨਾਹੀਂ ।
ਪੈ ਧੱਕੇ ਦਿਲ ਵਿਚ ਝੇੜ ਦੇ ਸਿਰ ਧਾਈਂ ਬੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
- ਮੈਨੂੰ ਇਸ਼ਕ ਹੁਲਾਰੇ ਦੇਂਦਾ
ਮੈਨੂੰ ਇਸ਼ਕ ਹੁਲਾਰੇ ਦੇਂਦਾ ।
ਮੂੰਹ ਚੜ੍ਹਿਆ ਯਾਰ ਬੁਲੇਂਦਾ ।
ਕੀ ਪੁੱਛਦਾ ਹੈਂ ਕੀ ਜ਼ਾਤ ਸੱਫ਼ਾਤ ਮੇਰੀ, ਉਹੋ ਆਦਮ ਵਾਲੀ ਜ਼ਾਤ ਮੇਰੀ,
ਨਹੁਨ-ਅਕਰਬ ਦੇ ਵਿਚ ਘਾਤ ਮੇਰੀ, ਵਿਚ ਰੱਬ ਦਾ ਸਿਰ ਝੁਲੇਂਦਾ ।
ਮੈਨੂੰ ਇਸ਼ਕ ਹੁਲਾਰੇ ਦੇਂਦਾ ।
ਕਿਤੇ ਸ਼ੀਆ ਤੇ ਕਿਤੇ ਸੁੰਨੀ ਏ, ਕਿਤੇ ਜਟਾਧਾਰੀ ਕਿਤੇ ਮੁੰਨੀ ਏ,
ਮੇਰੀ ਸਭ ਸੇ ਫ਼ਾਰਗ ਕੁੰਨੀ ਏ, ਜੋ ਕਹਾਂ ਸੋ ਯਾਰ ਮਨੇਂਦਾ ।
ਮੈਨੂੰ ਇਸ਼ਕ ਹੁਲਾਰੇ ਦੇਂਦਾ ।
ਬੁੱਲ੍ਹਾ ਦੂਰੋਂ ਚਲ ਕੇ ਆਇਆ ਜੀ, ਉਹਦੀ ਸੂਰਤ ਨੇ ਭਰਮਾਇਆ ਜੀ,
ਓਸੇ ਪਾਕ ਜਮਾਲ ਵਿਖਾਇਆ ਜੀ, ਉਹ ਹਿੱਕ ਦਮ ਨਾ ਭੁਲੇਂਦਾ ।
ਮੈਨੂੰ ਇਸ਼ਕ ਹੁਲਾਰੇ ਦੇਂਦਾ ।
ਮੂੰਹ ਚੜ੍ਹਿਆ ਯਾਰ ਬੁਲੇਂਦਾ ।
- ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ
ਮੈਨੂੰ ਕੀ ਹੋਇਆ ਕਿਉਂ ਮੈਨੂੰ ਕਮਲੀ ਕਹਿੰਦੀ ਹੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਮੈਂ ਵਿਚ ਵੇਖਾਂ ਤਾਂ ਮੈਂ ਨਹੀਂ ਹੁੰਦੀ ਮੈਂ ਵਿਚ ਦਿਸਨਾ ਏਂ ਮੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਸਿਰ ਤੋਂ ਪੈਰ ਤੀਕਰ ਵੀ ਤੂੰ ਹੈਂ ਅੰਦਰ ਬਾਹਰ ਹੈਂ ਤੂੰ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਛੁੱਟ ਪਈ ਉਰਾਰੋਂ ਪਾਰੋਂ ਨਾ ਬੇੜੀ ਨਾ ਨੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਮਨਸੂਰ ਪਿਆਰੇ ਕਿਹਾ ਅਨਲਹੱਕ ਕਹੋ ਕਹਾਇਆ ਕੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਬੁੱਲ੍ਹਾ ਸ਼ਹੁ ਓਸੇ ਦਾ ਆਸ਼ਕ ਆਪਣਾ ਆਪ ਵੰਜਾਇਆ ਤੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
- ਮੈਨੂੰ ਸੁੱਖ ਦਾ ਸੁਨੇਹੜਾ ਤੂੰ ਝਬ ਲਿਆਵੀਂ ਵੇ
ਮੈਨੂੰ ਸੁੱਖ ਦਾ ਸੁਨੇਹੜਾ ਤੂੰ ਝਬ ਲਿਆਵੀਂ ਵੇ,
ਪਾਂਧੀਆ ਹੋ ।
ਮੈਂ ਕੁਬੜੀ ਮੈਂ ਡੁਬੜੀ ਹੋਈਆਂ,
ਮੇਰੇ ਸਭ ਦੁੱਖੜੇ ਬਤਲਾਵੀਂ ਵੇ ।
ਪਾਂਧੀਆ ਹੋ ।
ਖੁਲ੍ਹੀਆਂ ਲਿਟਾਂ ਗਲ ਦਸਤ ਪਰਾਂਦਾ,
ਇਹ ਗੱਲ ਆਖੀਂ ਨਾ ਸ਼ਰਮਾਵੀਂ ਵੇ ।
ਪਾਂਧੀਆ ਹੋ ।
ਇੱਕ ਲੱਖ ਦੇਂਦੀ ਮੈਂ ਦੋ ਲੱਖ ਦੇਸਾਂ,
ਮੈਨੂੰ ਪਿਆਰਾ ਆਣ ਮਿਲਾਵੀਂ ਵੇ ।
ਪਾਂਧੀਆ ਹੋ ।
ਯਾਰਾਂ ਲਿਖ ਕਿਤਾਬਤ ਭੇਜੀ,
ਕਿਤੇ ਗੋਸ਼ੇ ਬਹਿ ਸਮਝਾਵੀਂ ਵੇ ।
ਪਾਂਧੀਆ ਹੋ ।
ਬੁੱਲ੍ਹਾ ਸ਼ਹੁ ਦੀਆਂ ਮੁੜਨ ਮੁਹਾਰਾਂ,
ਲਿਖ ਪੱਤੀਆਂ ਤੂੰ ਝਬ ਪਾਵੀਂ ਵੇ ।
ਮੈਨੂੰ ਸੁੱਖ ਦਾ ਸੁਨੇਹੜਾ ਤੂੰ ਝਬ ਲਿਆਵੀਂ ਵੇ,
ਪਾਂਧੀਆ ਹੋ ।
- ਮੈਂ ਵਿਚ ਮੈਂ ਨਾ ਰਹਿ ਗਈ ਰਾਈ
ਮੈਂ ਵਿਚ ਮੈਂ ਨਾ ਰਹਿ ਗਈ ਰਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਜਦ ਵਸਲ ਵਸਾਲ ਬਣਾਏਗਾ, ਤਦ ਗੁੰਗੇ ਦਾ ਗੁੜ ਖਾਏਗਾ,
ਸਿਰ ਪੈਰ ਨਾ ਆਪਣਾ ਪਾਏਗਾ, ਮੈਂ ਇਹ ਹੋਰ ਨਾ ਕਿਸੇ ਬਣਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਹੋਏ ਨੈਣ ਨੈਣਾਂ ਦੇ ਬਰਦੇ, ਦਰਸ਼ਨ ਸੈ ਕੋਹਾਂ ਤੋਂ ਕਰਦੇ,
ਪੱਲ ਪੱਲ ਦੌੜਨ ਮਾਰੇ ਡਰਦੇ, ਤੈਂ ਕੋਈ ਲਾਲਚ ਘਤ ਭਰਮਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਹੁਣ ਅਸਾਂ ਵਹਦਤ ਵਿਚ ਘਰ ਪਾਇਆ, ਵਾਸਾ ਹੈਰਤ ਦੇ ਸੰਗ ਆਇਆ,
ਜੀਵਨ ਜੰਮਣ ਮਰਨ ਵੰਜਾਇਆ, ਆਪਣੀ ਸੁੱਧ ਬੁੱਧ ਰਹੀ ਨਾ ਕਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਮੈਂ ਜਾਤਾ ਸੀ ਇਸ਼ਕ ਸੁਖਾਲਾ, ਚਹੁੰ ਨਦੀਆਂ ਦਾ ਵਹਿਣ ਉਜਾਲਾ,
ਕਦੀ ਤੇ ਅੱਗ ਭੜਕੇ ਕਦੀ ਪਾਲਾ, ਨਿੱਤ ਬਿਰਹੋਂ ਅੱਗ ਲਗਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਡਿਹੋਂ ਡਿਹੋਂ ਇਸ਼ਕ ਨੱਕਾਰੇ ਵੱਜਦੇ, ਆਸ਼ਕ ਵੇਖ ਉਤੇ ਵੱਲ ਭੱਜਦੇ,
ਤੜ ਤੜ ਤਿੜਕ ਗਏ ਲੜ ਲੱਜਦੇ, ਲੱਗ ਗਿਆ ਨਿਹੁੰ ਤਾਂ ਸ਼ਰਮ ਸਿਧਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਪਿਆਰੇ ਬੱਸ ਕਰ ਬਹੁਤੀ ਹੋਈ, ਤੇਰਾ ਇਸ਼ਕ ਮੇਰੀ ਦਿਲਜੋਈ,
ਤੈਂ ਬਿਨ ਮੇਰਾ ਸੱਕਾ ਨਾ ਕੋਈ, ਅੰਮਾਂ ਬਾਬਲ ਭੈਣ ਨਾ ਭਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਕਦੀ ਜਾ ਅਸਮਾਨੀ ਬਹਿੰਦੇ ਹੋ, ਕਦੀ ਇਸ ਜੱਗ ਦਾ ਦੁੱਖ ਸਹਿੰਦੇ ਹੋ,
ਕਦੀ ਪੀਰੇਮੁਗ਼ਾਂ ਬਣ ਬਹਿੰਦੇ ਹੋ, ਮੈਂ ਤਾਂ ਇਕਸੇ ਨਾਚ ਨਚਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਤੇਰੇ ਹਿਜਰੇ ਵਿਚ ਮੇਰਾ ਹੁਜਰਾ ਏ, ਦੁੱਖ ਡਾਢਾ ਮੈਂ ਪਰ ਗੁਜ਼ਰਾ ਏ,
ਕਦੇ ਹੋ ਮਾਇਲ ਮੇਰਾ ਮੁਜਰਾ ਏ, ਮੈਂ ਤੈਥੋਂ ਘੋਲ ਘੁਮਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਤੁਧ ਕਾਰਨ ਮੈਂ ਐਸਾ ਹੋਇਆ, ਤੂੰ ਦਰਵਾਜ਼ੇ ਬੰਦ ਕਰ ਸੋਇਆ,
ਦਰ ਦਸਵੇਂ ਤੇ ਆਣ ਖਲੋਇਆ, ਕਦੇ ਮੰਨ ਮੇਰੀ ਆਸ਼ਨਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਬੁੱਲ੍ਹਾ ਸ਼ਹੁ ਮੈਂ ਤੇਰੇ ਵਾਰੇ ਹਾਂ, ਮੁੱਖ ਵੇਖਣ ਦੇ ਵਣਜਾਰੇ ਹਾਂ,
ਕੁਝ ਅਸੀਂ ਵੀ ਤੈਨੂੰ ਪਿਆਰੇ ਹਾਂ, ਕਿ ਮੈਂ ਐਵੇਂ ਘੋਲ ਘੁਮਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
- ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ
ਮੈਂ ਵੈਸਾਂ ਨਾ ਰਹਿਸਾਂ ਹੋੜੇ, ਕੌਣ ਕੋਈ ਮੈਂ ਜਾਂਦੀ ਨੂੰ ਮੋੜੇ,
ਮੈਨੂੰ ਮੁੜਨਾ ਹੋਇਆ ਮੁਹਾਲ, ਸਿਰ ਤੇ ਮਿਹਣਾ ਚਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਜੋਗੀ ਨਹੀਂ ਇਹ ਦਿਲ ਦਾ ਮੀਤਾ, ਭੁੱਲ ਗਈ ਮੈਂ ਪਿਆਰ ਕਿਉਂ ਕੀਤਾ,
ਮੈਨੂੰ ਰਹੀ ਨਾ ਕੁਝ ਸੰਭਾਲ, ਉਸ ਦੇ ਦਰਸ਼ਨ ਪਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਏਸ ਜੋਗੀ ਮੈਨੂੰ ਕਹੀਆਂ ਲਾਈਆਂ, ਹੈਨ ਕਲੇਜੇ ਕੁੰਡੀਆਂ ਪਾਈਆਂ,
ਇਸ਼ਕ ਦਾ ਪਾਇਆ ਜਾਲ, ਮਿੱਠੀ ਬਾਤ ਸੁਣਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਮੈਂ ਜੋਗੀ ਨੂੰ ਖ਼ੂਬ ਪਛਾਤਾ, ਲੋਕਾਂ ਮੈਨੂੰ ਕਮਲੀ ਜਾਤਾ,
ਲੁੱਟੀ ਝੰਗ ਸਿਆਲ, ਕੰਨੀਂ ਮੁੰਦਰਾਂ ਪਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਜੇ ਜੋਗੀ ਘਰ ਆਵੇ ਮੇਰੇ, ਮੁੱਕ ਜਾਵਣ ਸਭ ਝਗੜੇ ਝੇੜੇ,
ਲਾ ਸੀਨੇ ਦੇ ਨਾਲ, ਲੱਖ ਲੱਖ ਸ਼ਗਨ ਮਨਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਮਾਏ ਨੀ ਇੱਕ ਜੋਗੀ ਆਇਆ, ਦਰ ਸਾਡੇ ਉਸ ਧੂੰਆਂ ਪਾਇਆ,
ਮੰਗਦਾ ਹੀਰ ਸਿਆਲ, ਬੈਠਾ ਭੇਸ ਵਟਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਤਅਨੇ ਨਾ ਦੇ ਫੁੱਫੀ ਤਾਈ, ਏਥੇ ਜੋਗੀ ਨੂੰ ਕਿਸਮਤ ਲਿਆਈ,
ਹੁਣ ਹੋਇਆ ਫ਼ਜ਼ਲ ਕਮਾਲ, ਆਇਆ ਹੈ ਜੋਗ ਸਿਧਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਮਾਹੀ ਨਹੀਂ ਕੋਈ ਨੂਰ ਇਲਾਹੀ, ਅਨਹਦ ਦੀ ਜਿਸ ਮੁਰਲੀ ਵਾਹੀ,
ਮੁਠੀਓ ਸੂ ਹੀਰ ਸਿਆਲ, ਡਾਢੇ ਕਾਮਣ ਪਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਲੱਖਾਂ ਗਏ ਹਜ਼ਾਰਾਂ ਆਏ, ਉਸ ਦੇ ਭੇਤ ਕਿਸੇ ਨਾ ਪਾਏ,
ਗੱਲਾਂ ਤਾਂ ਮੂਸੇ ਨਾਲ, ਪਰ ਕੋਹ ਤੂਰ ਚੜ੍ਹਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਅਬਦਹੂ ਰਸੂਲ ਕਹਾਇਆ, ਵਿਚ ਮਿਅਰਾਜ ਬੁੱਰਾਕ ਮੰਗਾਇਆ,
ਜਿਬਰਾਈਲ ਪਕੜ ਲੈ ਆਇਆ, ਹਰਾਂ ਮੰਗਲ ਗਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਏਸ ਜੋਗੀ ਦੇ ਸੁਣੋ ਅਖਾੜੇ, ਹਸਨ ਹੁਸੈਨ ਨਬੀ ਦੇ ਪਿਆਰੇ,
ਮਾਰਿਓ ਸੂ ਵਿਚ ਜੱਦਾਲ, ਪਾਣੀ ਬਿਨ ਤਰਸਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਏਸ ਜੋਗੀ ਦੀ ਸੁਣੋ ਕਹਾਣੀ, ਸੋਹਣੀ ਡੁੱਬੀ ਡੂੰਘੇ ਪਾਣੀ,
ਫਿਰ ਰਲਿਆ ਮਹੀਂਵਾਲ, ਸਾਰਾ ਰਖ਼ਤ ਲੁਟਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਡਾਂਵਾਂ ਡੋਲੀ ਲੈ ਚੱਲੇ ਖੇੜੇ, ਮੁੱਢ ਕਦੀਮੀਂ ਦੁਸ਼ਮਨ ਜਿਹੜੇ,
ਰਾਂਝਾ ਤਾਂ ਹੋਇਆ ਨਾਲ, ਸਿਰ ‘ਤੇ ਟਮਕ ਧਰਾ ਸਜਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਜੋਗੀ ਨਹੀਂ ਕੋਈ ਦੂਜਾ ਸਾਇਆ, ਭਰ ਭਰ ਪਿਆਲਾ ਜ਼ੌਕ ਪਿਲਾਇਆ,
ਮੈਂ ਪੀ ਪੀ ਹੋਈ ਨਿਹਾਲ, ਅੰਗ ਭਬੂਤ ਰਮਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਜੋਗੀ ਨਾਲ ਕਰੇਂਦੇ ਝੇੜੇ, ਕੇਹੇ ਪਾ ਬੈਠੇ ਕਾਜ਼ੀ ਝੇੜੇ (ਭੈੜੇ),
ਵਿਚ ਕੈਦੋਂ ਪਾਈ ਮੁਕਾਲ, ਕੂੜਾ ਬਰਾ ਲਗਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਬੁੱਲ੍ਹਾ ਮੈਂ ਜੋਗੀ ਨਾਲ ਵਿਆਹੀ, ਲੋਕਾਂ ਕਮਲਿਆਂ ਖ਼ਬਰ ਨਾ ਕਾਈ,
ਮੈਂ ਜੋਗੀ ਦਾ ਮਾਲ, ਪੰਜੇ ਪੀਰ ਮਨਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
- ਮਨ ਅਟਕਿਉ ਸ਼ਾਮ ਸੁੰਦਰ ਸੋਂ
ਕਹੂੰ ਵੇਖੂੰ ਬਾਹਮਣ ਕਹੂੰ ਸੇਖਾ,
ਆਪ ਆਪ ਕਰਨ ਸਭ ਲੇਖਾ,
ਕਿਆ ਕਿਆ ਖੋਲਿਆ ਹੁਨਰ ਸੋਂ ।
ਮਨ ਅਟਕਿਉ ਸ਼ਾਮ ਸੁੰਦਰ ਸੋਂ ।
ਸੂਝ ਪੜੀ ਤਬ ਰਾਮ ਦੁਹਾਈ,
ਹਮ ਤੁਮ ਏਕ ਨਾ ਦੂਜਾ ਕਾਈ,
ਇਸ ਪ੍ਰੇਮ ਨਗਰ ਕੇ ਘਰ ਸੋਂ ।
ਮਨ ਅਟਕਿਉ ਸ਼ਾਮ ਸੁੰਦਰ ਸੋਂ ।
ਪੰਡਿਤ ਕੌਣ ਕਿਤ ਲਿਖ ਸੁਣਾਏ,
ਨਾ ਕਹੀਂ ਆਏ ਨਾ ਕਹੀਂ ਜਾਏ,
ਜੈਸੇ ਗੁਰ ਕਾ ਕੰਗਣ ਕਰ ਸੋਂ ।
ਮਨ ਅਟਕਿਉ ਸ਼ਾਮ ਸੁੰਦਰ ਸੋਂ ।
ਬੁੱਲ੍ਹਾ ਸ਼ਹੁ ਦੀ ਪੈਰੀਂ ਪੜੀਏ,
ਸੀਸ ਕਾਟ ਕਰ ਆਗੇ ਧਰੀਏ,
ਹੁਣ ਮੈਂ ਹਰ ਦੇਖਾ ਹਰ ਹਰ ਸੋਂ ।
ਮਨ ਅਟਕਿਉ ਸ਼ਾਮ ਸੁੰਦਰ ਸੋਂ ।
- ਮਾਏ ! ਨਾ ਮੁੜਦਾ ਇਸ਼ਕ ਦੀਵਾਨਾ, ਸ਼ਹੁ ਨਾਲ ਪਰੀਤਾਂ ਲਾ ਕੇ
ਮਾਏ ! ਨਾ ਮੁੜਦਾ ਇਸ਼ਕ ਦੀਵਾਨਾ, ਸ਼ਹੁ ਨਾਲ ਪਰੀਤਾਂ ਲਾ ਕੇ ।
ਇਸ਼ਕ ਸ਼ਰ੍ਹਾ ਦੀ ਲੱਗ ਗਈ ਬਾਜ਼ੀ, ਖੇਡਾਂ ਮੈਂ ਦਾਓ ਲਗਾ ਕੇ ।
ਮਾਰਨ ਬੋਲੀ ਤੇ ਬੋਲੀ ਨਾ ਬੋਲਾਂ, ਸੁਣਾਂ ਨਾ ਕੰਨ ਲਾ ਕੇ ।
ਵਿਹੜੇ ਵਿਚ ਸ਼ੈਤਾਨ ਨਚੇਂਦਾ, ਉਸ ਨੂੰ ਰੱਖ ਸਮਝਾ ਕੇ ।
ਤੋੜ ਸ਼ਰ੍ਹਾ ਨੂੰ ਜਿੱਤ ਲਈ ਬਾਜ਼ੀ, ਫਿਰਦੀ ਨੱਕ ਵਢਾ ਕੇ ।
ਮੈਂ ਵੇ ਅੰਜਾਣੀ ਖੇਡ ਵਿਗੁੱਚੀਆਂ, ਖੇਡਾਂ ਮੈਂ ਆਕੇ ਬਾਕੇ ।
ਇਹ ਖੇਡਾਂ ਹੁਣ ਲਗਦੀਆਂ ਝੇਡਾਂ, ਘਰ ਪੀਆ ਦੇ ਆ ਕੇ ।
ਸਈਆਂ ਨਾਲ ਮੈਂ ਪਾਵਾਂ ਗਿੱਧਾ, ਦਿਲਬਰ ਲੁੱਕ ਲੁੱਕ ਝਾਕੇ ।
ਪੁੱਛੋ ਨੀ ਇਹ ਕਿਉਂ ਸ਼ਰਮਾਂਦਾ, ਜਾਂਦਾ ਨਾ ਭੇਤ ਬਤਾ ਕੇ ।
ਕਾਫਰ ਕਾਫਰ ਆਖਣ ਤੈਨੂੰ, ਸਾਰੇ ਲੋਕ ਸੁਣਾ ਕੇ ।
ਮੋਮਨ ਕਾਫਰ ਮੈਨੂੰ ਦੋਵੇਂ ਨਾ ਦਿਸਦੇ, ਵਹਦਤ ਦੇ ਵਿਚ ਜਾ ਕੇ ।
ਚੋਲੀ ਚੁੰਨੀ ਤੇ ਫੁਕਿਆ ਝੱਗਾ, ਧੂਣੀ ਸ਼ਿਰਕ ਜਲਾ ਕੇ ।
ਵਾਰਿਆ ਕੁਫਰ ਵੱਡਾ ਮੈਂ ਦਿਲ ਥੀਂ, ਤਲੀ ਤੇ ਸੀਸ ਟਿਕਾ ਕੇ ।
ਮੈਂ ਵਡਭਾਗੀ ਮਾਰਿਆ ਖਾਵਿੰਦ, ਹੱਥੀਂ ਜ਼ਹਿਰ ਪਿਲਾ ਕੇ ।
ਵਸਲ ਕਰਾਂ ਮੈਂ ਨਾਲ ਸੱਜਣ ਦੇ, ਸ਼ਰਮ ਹਯਾ ਗਵਾ ਕੇ ।
ਵਿਚ ਚਮਨ ਮੈਂ ਪਲੰਘ ਵਿਛਾਇਆ, ਯਾਰ ਸੁੱਤੀ ਗਲ ਲਾ ਕੇ ।
ਸਿਰ ਦੇਹੀ ਨਾਲ ਮਿਲ ਗਈ ਸਿਰ ਦੇਹੀ, ਬੁੱਲ੍ਹਾ ਸ਼ਹੁ ਨੂੰ ਪਾ ਕੇ ।
ਮਾਏ ! ਨਾ ਮੁੜਦਾ ਇਸ਼ਕ ਦੀਵਾਨਾ, ਸ਼ਹੁ ਨਾਲ ਪਰੀਤਾਂ ਲਾ ਕੇ ।
- ਮੇਰਾ ਰਾਂਝਾ ਹੁਣ ਕੋਈ ਹੋਰ
ਮੇਰਾ ਰਾਂਝਾ ਹੁਣ ਕੋਈ ਹੋਰ ।
ਤਖਤ ਮੁਨੱਵਰ ਬਾਂਗਾਂ ਮਿਲੀਆਂ,
ਤਾਂ ਸੁਣੀਆਂ ਤਖਤ ਲਾਹੌਰ ।
ਇਸ਼ਕ ਮਾਰੇ ਐਵੇਂ ਫਿਰਦੇ,
ਜਿਵੇਂ ਜੰਗਲ ਵਿਚ ਢੋਰ ।
ਰਾਂਝਾ ਤਖਤ ਹਜ਼ਾਰੇ ਦਾ ਸਾਈਂ,
ਹੁਣ ਓਥੋਂ ਹੋਇਆ ਚੋਰ ।
ਬੁੱਲ੍ਹਾ ਸ਼ਾਹ ਅਸੀਂ ਮਰਨਾ ਨਾਹੀਂ,
ਕਬਰ ਪਾਇ ਕੋਈ ਹੋਰ ।
ਮੇਰਾ ਰਾਂਝਾ ਹੁਣ ਕੋਈ ਹੋਰ ।
- ਮੇਰੇ ਘਰ ਆਇਆ ਪੀਆ ਹਮਾਰਾ
ਵਾਹ ਵਾਹ ਵਾਹਦਤ ਕੀਨਾ ਸ਼ੋਰ, ਅਨਹਦ ਬਾਂਸਰੀ ਦੀ ਘੰਗੋਰ,
ਅਸਾਂ ਹੁਣ ਪਾਇਆ ਤਖਤ ਲਾਹੌਰ, ਮੇਰੇ ਘਰ ਆਇਆ ਪੀਆ ਹਮਾਰਾ ।
ਜਲ ਗਏ ਮੇਰੇ ਖੋਟ ਨਿਖੋਟ, ਲਗ ਗਈ ਪ੍ਰੇਮ ਸੱਚੇ ਦੀ ਚੋਟ,
ਹੁਣ ਸਾਨੂੰ ਓਸ ਖਸਮ ਦੀ ਓਟ, ਮੇਰੇ ਘਰ ਆਇਆ ਪੀਆ ਹਮਾਰਾ ।
ਹੁਣ ਕਿਆ ਕੰਨੇਂ ਸਾਲ ਵਸਾਲ, ਲਗ ਗਿਆ ਮਸਤ ਪਿਆਲਾ ਹਾਥ,
ਹੁਣ ਮੇਰੀ ਭੁੱਲ ਗਈ ਜ਼ਾਤ ਸੱਫਾਤ, ਮੇਰੇ ਘਰ ਆਇਆ ਪੀਆ ਹਮਾਰਾ ।
ਹੁਣ ਕਿਆ ਕੀਨੇ ਬੀਸ ਪਚਾਸ, ਪ੍ਰੀਤਮ ਪਾਈ ਅਸਾਂ ਵਲ ਝਾਤ,
ਹੁਣ ਸਾਨੂੰ ਸਭ ਜੱਗ ਦਿਸਦਾ ਲਾਲ, ਮੇਰੇ ਘਰ ਆਇਆ ਪੀਆ ਹਮਾਰਾ ।
ਹੁਣ ਸਾਨੂੰ ਆਸ ਦੀ ਫ਼ਾਸ਼, ਬੁੱਲ੍ਹਾ ਸ਼ਹੁ ਆਇਆ ਹਮਰੇ ਪਾਸ,
ਸਾਈਂ ਪੁਚਾਈ ਸਾਡੀ ਆਸ, ਮੇਰੇ ਘਰ ਆਇਆ ਪੀਆ ਹਮਾਰਾ ।
- ਮੇਰੇ ਕਿਉਂ ਚਿਰ ਲਾਇਆ ਮਾਹੀ
ਮੇਰੇ ਕਿਉਂ ਚਿਰ ਲਾਇਆ ਮਾਹੀ ।
ਨੀ ਮੈਂ ਉਸ ਤੋਂ ਘੋਲ-ਘੁਮਾਈ ।
ਦਰਦ ਫ਼ਿਰਾਕ ਬਥੇਰਾ ਕਰਿਆ, ਇਹ ਦੁੱਖ ਮੈਥੋਂ ਜਾਏ ਨਾ ਜਰਿਆ,
ਟਮਕ ਅਸਾਡੇ ਸਿਰ ਤੇ ਧਰਿਆ, ਡੋਈ ਬੁਗ਼ਚਾ ਲੋਹ ਕੜਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਜਾਗਦਿਆਂ ਮੈਂ ਘਰ ਵਿਚ ਮੁੱਠੀ, ਕਦੀ ਨਹੀਂ ਸਾਂ ਬੈਠੀ ਉੱਠੀ,
ਜਿਸ ਦੀ ਸਾਂ ਮੈਂ ਓਸੇ ਕੁੱਠੀ, ਹੁਣ ਕੀ ਕਰ ਲਿਆ ਬੇਪਰਵਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਬੁੱਲ੍ਹਾ ਸ਼ਹੁ ਤੇਰੇ ਤੋਂ ਵਾਰੀ, ਮੈਂ ਬਲਿਹਾਰੀ ਲੱਖ ਲੱਖ ਵਾਰੀ,
ਤੇਰੀ ਸੂਰਤ ਬਹੁਤ ਪਿਆਰੀ, ਮੈਂ ਵੇ ਬਿਚਾਰੀ ਘੋਲ ਘੁਮਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਮੇਰੇ ਮਾਹੀ ਦੇ ਪੰਜ ਪੀਰ ਪਨਾਹੀ, ਢੂੰਡਣ ਉਸ ਨੂੰ ਵਿਚ ਲੋਕਾਈ,
ਮੇਰੇ ਮਾਹੀ ਤੇ ਫ਼ਜ਼ਲ ਇਲਾਹੀ, ਜਿਸ ਨੇ ਗੈਬੋਂ ਤਾਰ ਹਿਲਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਕੁਨ ਫ਼ੈਕੂਨ ਆਵਾਜ਼ਾ ਆਇਆ, ਤਖ਼ਤ ਹਜ਼ਾਰਿਉਂ ਰਾਂਝਾ ਧਾਇਆ,
‘ਚੂਚਕ’ ਦਾ ਉਸ ਚਾਕ ਸਦਾਇਆ, ਉਹ ਆਹਾ ਸਾਹਿਬ ਸਫ਼ਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੱਲ ਰਾਂਝਾ ਮੁਲਤਾਨ ਚਲਾਹੇਂ, ਗੌਸ਼ ਬਹਾਵਲ ਪੀਰ ਮਨਾਵੇਂ,
ਆਪਣੀ ਤੁਰਤ ਮੁਰਾਦ ਲਿਆਵੇਂ, ਮੇਰਾ ਜੀ ਰੱਬ ਮੌਲਾ ਚਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਜਿੱਥੇ ਇਸ਼ਕ ਡੇਰਾ ਘਤ ਬਹਿੰਦਾ, ਓਥੇ ਸਬਰ ਕਰਾਰ ਨਾ ਰਹਿੰਦਾ,
ਕੋਈ ਛੁਟਕਣ ਐਵੇਂ ਕਹਿੰਦਾ, ਗਲ ਪਈ ਪ੍ਰੇਮ ਦੀ ਫਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਆ ਜੰਞ ਖੇੜਿਆਂ ਦੀ ਢੁਕੀ, ਮੈਂ ਹੁਣ ਹੀਰ ਨਿਮਾਣੀ ਮੁੱਕੀ,
ਮੇਰੀ ਰੱਤ ਸਰੀਰੋਂ ਸੁੱਕੀ, ਵਲ ਵਲ ਮਾਰੇ ਬਿਰਹੋਂ ਖਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਖੇੜਾ ਫੁੱਲ ਘੋੜੇ ਤੇ ਚੜ੍ਹਿਆ, ਫੱਕਰ ਧੂੜ ਗਰਦ ਵਿਚ ਰਲਿਆ,
ਏਡਾ ਮਾਣ ਕਿਉਂ ਕੂੜਾ ਕਰਿਆ, ਉਸ ਕੀਤੀ ਬੇਪਰਵਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੜ੍ਹ ਕੇ ਪੀਰ ਖੇੜਿਆਂ ਦਾ ਆਇਆ, ਉਸ ਨੇ ਕੇਹਾ ਸ਼ੋਰ ਮਚਾਇਆ,
ਮੈਨੂੰ ਮਾਹੀ ਨਜ਼ਰ ਨਾ ਆਇਆ, ਤਾਂਹੀਏਂ ਕੀਤੀ ਹਾਲ ਦੁਹਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਮੈਂ ਮਾਹੀ ਦੀ ਮਾਹੀ ਮੇਰਾ, ਗੋਸ਼ਤ ਪੋਸਤ ਬੇਰਾ-ਬੇਰਾ,
ਦਿਨ ਹਸ਼ਰ ਦੇ ਕਰਸਾਂ ਝੇੜਾ, ਜਦ ਦੇਸੀ ਦਾਦ ਇਲਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੂਚਕ ਕਾਜ਼ੀ ਸਦ ਬਹਾਇਆ, ਮੈਂ ਮਨ ਰਾਂਝੂ ਮਾਹੀ ਭਾਇਆ,
ਧੱਕੋ ਧੱਕ ਨਿਕਾਹ ਪੜ੍ਹਾਇਆ, ਉਸ ਕੀਤਾ ਫ਼ਰਜ਼ ਅਦਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਤੇਲ ਵਟਨਾ ਕੰਧੇ ਮਲਿਆ, ਚੋਇਆ ਚੰਦਨ ਮੱਥੇ ਰਲਿਆ,
ਮਾਹੀ ਮੇਰਾ ਬੇਲੇ ਵੜਿਆ, ਮੈਂ ਕੀ ਕਰਨੀ ਕੰਙਣ ਬਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਹੋਰ ਸੱਭੋ ਕੁਝ ਦੱਸਣ ਕਰਿਆ, ਇਹ ਦੁੱਖ ਜਾਏ ਨਾ ਮੈਥੋਂ ਜਰਿਆ,
ਟਮਕ ਰਾਂਝਣ ਦੇ ਸਿਰ ਤੇ ਧਰਿਆ, ਮੋਢੇ ਬੁਗ਼ਚਾ ਲੋਹ ਕੜਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਟਮਕ ਸੁੱਟ ਟਿੱਲੇ ਵਲ ਜਾਵੇ, ਬੈਠਾ ਉਸ ਦਾ ਨਾਮ ਧਿਆਵੇ,
ਕੰਨ ਪੜਵਾ ਕੇ ਮੁੰਦਰਾਂ ਪਾਵੇ, ਗੁੜ ਲੈ ਕੇ ਦੋ ਸੇਰ ਸ਼ਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਗੁਰ ਗੋਰਖ ਨੂੰ ਪੀਰ ਮਨਾਵੇ, ਹੀਰੇ ਹੀਰੇ ਕਰ ਕੁਰਲਾਵੇ,
ਜਿਸ ਦੇ ਕਾਰਨ ਮੂੰਡ ਮੁੰਡਾਵੇ, ਉਹ ਮੂੰਹ ਪੀਲਾ ਜ਼ਰਦ ਮਲਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਜੋਗੀ ਜੋਗ ਸਿਧਾਰਨ ਆਇਆ, ਸਿਰ ਦਾੜ੍ਹੀ ਮੂੰਹ ਮੋਨ ਮੁਨਾਇਆ,
ਇਸ ਤੇ ਭਗਵਾ ਭੇਸ ਵਟਾਇਆ, ਕਾਲੀ ਸਿਹਲੀ ਗਲ ਵਿਚ ਪਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਜੋਗੀ ਸ਼ਹਿਰ ਖੇੜਿਆਂ ਦੇ ਆਵੇ, ਜਿਸ ਘਰ ਮਤਲਬ ਸੇ ਘਰ ਪਾਵੇ,
ਬੂਹੇ ਜਾ ਕੇ ਨਾਦ ਬਜਾਵੇ, ਆਪੇ ਹੋਇਆ ਫ਼ਜ਼ਲ ਇਲਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਬੂਹੇ ਪੇ ਖੁੜਬਿਆਂ ਧਙਾਣੇ, ਟੁੱਟ ਪਿਆ ਖੱਪਰ ਡੁੱਲ੍ਹ ਪੇ ਦਾਣੇ,
ਇਸ ਦੇ ਵਲ ਛਲ ਕੌਣ ਪਛਾਣੇ, ਚੀਣਾ ਰੁੱਲ ਗਿਆ ਵਿਚ ਪਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੀਣਾ ਚੁਣ ਚੁਣ ਝੋਲੀ ਪਾਵੇ, ਬੈਠਾ ਹੀਰੇ ਤਰਫ਼ ਤਕਾਵੇ,
ਜੋ ਕੁਝ ਲਿਖਿਆ ਲੇਖ ਸੋ ਪਾਵੇ, ਰੋ ਰੋ ਲੜਦੇ ਨੈਣ ਸਿਪਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਇਹ ਗੱਲ ਸਹਿਤੀ ਨਣਦ ਪਛਾਤੀ, ਦੋਹਾਂ ਦੀ ਵੇਦਨ ਇੱਕੋ ਜਾਤੀ,
ਉਹ ਵੀ ਆਹੀ ਸੀ ਮਦਮਾਤੀ, ਓਥੇ ਦੋਹਵਾਂ ਸੱਥਰ ਪਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਬੁੱਲ੍ਹਾ ਸਹਿਤੀ ਫੰਦ ਚਲਾਇਆ, ਹੀਰ ਸਲੇਟੀ ਨਾਗ ਲੜਾਇਆ,
ਜੋਗੀ ਮੰਤਰ ਝਾੜਨ ਆਇਆ, ਦੁਹਾਂ ਦੀ ਆਸ ਮੁਰਾਦ ਪੁਚਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
- ਮੇਰੇ ਮਾਹੀ ਕਿਉਂ ਚਿਰ ਲਾਇਆ ਏ
ਕਹਿ ਬੁੱਲ੍ਹਾ ਹੁਣ ਪ੍ਰੇਮ ਕਹਾਣੀ, ਜਿਸ ਤਨ ਲਾਗੇ ਸੋ ਤਨ ਜਾਣੇ,
ਅੰਦਰ ਝਿੜਕਾਂ ਬਾਹਰ ਤਾਅਨੇ, ਨੇਹੁੰ ਲਾ ਇਹ ਸੁੱਖ ਪਾਇਆ ਏ ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ ।
ਨੈਣਾਂ ਕਾਰ ਰੋਵਣ ਦੀ ਪਕੜੀ, ਇਕ ਮਰਨਾ ਦੋ ਜੱਗ ਦੀ ਫਕੜੀ,
ਬ੍ਰਿਹੋਂ ਜਿੰਦ ਅਵੱਲੀ ਜਕੜੀ, ਨੀ ਮੈਂ ਰੋ ਰੋ ਹਾਲ ਵੰਜਾਇਆ ਏ ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ ।
ਮੈਂ ਪਿਆਲਾ ਤਹਿਕੀਕ ਲੀਤਾ ਏ, ਜੋ ਭਰ ਕੇ ਮਨਸੂਰ ਪੀਤਾ ਏ,
ਦੀਦਾਰ ਮਿਅਰਾਜ ਪੀਆ ਲੀਤਾ ਏ, ਮੈਂ ਖੂਹ ਥੀਂ ਵੁਜ਼ੂ ਸਜਾਯਾ ਏ ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ ।
ਇਸ਼ਕ ਮੁੱਲਾਂ ਨੇ ਬਾਂਗ ਦਿਵਾਈ, ਸ਼ਹੁ ਆਵਣ ਦੀ ਗੱਲ ਸੁਣਾਈ,
ਕਰ ਨੀਯਤ ਸਜਦੇ ਵੱਲ ਧਾਈ, ਨੀ ਮੈਂ ਮੂੰਹ ਮਹਿਰਾਬ ਲਗਾਯਾ ਏ ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ ।
ਬੁੱਲ੍ਹਾ ਸ਼ਹੁ ਘਰ ਲਪਟ ਲਗਾਈਂ, ਰਸਤੇ ਮੇਂ ਸਭ ਬਣ ਤਣ ਜਾਈਂ,
ਮੈਂ ਵੇਖਾਂ ਆ ਇਨਾਇਤ ਸਾਈਂ, ਇਸ ਮੈਨੂੰ ਸ਼ਹੁ ਮਿਲਾਇਆ ਏ ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ ।
- ਮੇਰੇ ਨੌਸ਼ਹੁ ਦਾ ਕਿਤ ਮੋਲ
ਮੇਰੇ ਨੌਸ਼ਹੁ ਦਾ ਕਿਤ ਮੋਲ ।
ਮੇਰੇ ਨੌਸ਼ਹੁ ਦਾ ਕਿਤ ਮੋਲ ।
ਅਗਲੇ ਵੱਲ ਦੀ ਖਬਰ ਨਾ ਕੋਈ ਰਹੀ ਕਿਤਾਬਾਂ ਫੋਲ ।
ਸੱਚੀਆਂ ਨੂੰ ਪਏ ਵੱਜਣ ਪੌਲੇ ਝੂਠੀਆਂ ਕਰਨ ਕਲੋਲ ।
ਚੰਗ ਚੰਗੇਰੇ ਪਰੇ ਪਰੇਰੇ ਅਸੀਂ ਆਈਆਂ ਸੀ ਅਨਭੋਲ ।
ਬੁੱਲ੍ਹਾ ਸ਼ਾਹ ਜੇ ਬੋਲਾਂਗਾ ਹੁਣ ਕੌਣ ਸੁਣੇ ਮੇਰੇ ਬੋਲ ।
ਮੇਰੇ ਨੌਸ਼ਹੁ ਦਾ ਕਿਤ ਮੋਲ ।
ਮੇਰੇ ਨੌਸ਼ਹੁ ਦਾ ਕਿਤ ਮੋਲ ।
- ਮੇਰੀ ਬੁੱਕਲ ਦੇ ਵਿੱਚ ਚੋਰ
ਮੇਰੀ ਬੁੱਕਲ ਦੇ ਵਿੱਚ ਚੋਰ ।
ਨੀ ਮੇਰੀ ਬੁੱਕਲ ਦੇ ਵਿੱਚ ਚੋਰ ।
ਕੀਹਨੂੰ ਕੂਕ ਸੁਣਾਵਾਂ ਨੀ ਮੇਰੀ ਬੁੱਕਲ ਦੇ ਵਿੱਚ ਚੋਰ ।
ਚੋਰੀ ਚੋਰੀ ਨਿਕਲ ਗਿਆ ਜਗ ਵਿੱਚ ਪੈ ਗਿਆ ਸ਼ੋਰ ।
ਮੇਰੀ ਬੁੱਕਲ ਦੇ ਵਿੱਚ ਚੋਰ ।
ਮੁਸਲਮਾਨ ਸਿਵਿਆਂ (ਸੜਨੇ) ਤੋਂ ਡਰਦੇ ਹਿੰਦੂ ਡਰਦੇ ਗੋਰ ।
ਦੋਵੇਂ ਏਸੇ ਦੇ ਵਿੱਚ ਮਰਦੇ ਇਹੋ ਦੋਹਾਂ ਦੀ ਖੋਰ ।
ਮੇਰੀ ਬੁੱਕਲ ਦੇ ਵਿੱਚ ਚੋਰ ।
ਕਿਤੇ ਰਾਮ ਦਾਸ ਕਿਤੇ ਫ਼ਤਹਿ ਮੁਹੰਮਦ ਇਹੋ ਕਦੀਮੀ ਸ਼ੋਰ ।
ਮਿਟ ਗਿਆ ਦੋਹਾਂ ਦਾ ਝਗੜਾ ਨਿਕਲ ਪਿਆ ਕੁਝ ਹੋਰ ।
ਮੇਰੀ ਬੁੱਕਲ ਦੇ ਵਿੱਚ ਚੋਰ ।
ਅਰਸ਼ ਮੁਨੱਵਰ ਬਾਂਗਾਂ ਮਿਲੀਆਂ ਸੁਣੀਆਂ ਤਖ਼ਤ ਲਾਹੌਰ ।
ਸ਼ਾਹ ਇਨਾਇਤ ਕੁੰਡੀਆਂ ਪਾਈਆਂ ਲੁਕ ਛੁਪ ਖਿਚਦਾ ਡੋਰ ।
ਮੇਰੀ ਬੁੱਕਲ ਦੇ ਵਿੱਚ ਚੋਰ ।
ਜਿਸ ਢੂੰਡਾਇਆ ਤਿਸ ਨੇ ਪਾਇਆ ਨਾ ਝੁਰ ਝੁਰ ਹੋਯਾ ਮੋਰ ।
ਪੀਰੇ ਪੀਰਾਂ ਬਗ਼ਦਾਦ ਅਸਾਡਾ ਮੁਰਸ਼ਦ ਤਖ਼ਤ ਲਾਹੌਰ ।
ਮੇਰੀ ਬੁੱਕਲ ਦੇ ਵਿੱਚ ਚੋਰ ।
ਇਹੋ ਤੁਸੀਂ ਵੀ ਆਖੋ ਸਾਰੇ ਆਪ ਗੁੱਡੀ ਆਪ ਡੋਰ ।
ਮੈਂ ਦਸਨਾਂ ਤੁਸੀਂ ਪਕੜ ਲਿਆਉ ਬੁੱਲ੍ਹੇ ਸ਼ਾਹ ਦਾ ਚੋਰ ।
ਮੇਰੀ ਬੁੱਕਲ ਦੇ ਵਿੱਚ ਚੋਰ ।ਨੀ ਮੇਰੀ ਬੁੱਕਲ ਦੇ ਵਿੱਚ ਚੋਰ ।
- ਮਿਲ ਲਉ ਸਹੇਲੜੀਓ ਮੇਰੀ ਰਾਜ ਗਹੇਲੜੀਓ, ਮੈਂ ਸਾਹੁਰਿਆਂ ਘਰ ਜਾਣਾ
ਮਿਲ ਲਉ ਸਹੇਲੜੀਓ ਮੇਰੀ ਰਾਜ ਗਹੇਲੜੀਓ, ਮੈਂ ਸਾਹੁਰਿਆਂ ਘਰ ਜਾਣਾ ।
ਤੁਸਾਂ ਭੀ ਹੋਸੀ ਅੱਲ੍ਹਾ ਭਾਣਾ, ਮੈਂ ਸਾਹੁਰਿਆਂ ਘਰ ਜਾਣਾ ।
ਅੰਮਾਂ ਬਾਬੁਲ ਦਾਜ ਜੋ ਦਿੱਤਾ, ਇਕ ਚੋਲੀ ਇਕ ਚੁੰਨੀ ।
ਦਾਜ ਤਿਨ੍ਹਾਂ ਦੇ ਵੇਖ ਕੇ ਹੁਣ ਮੈਂ, ਹੰਝੂ ਭਰ ਭਰ ਰੁੰਨੀ ।
ਇਕ ਵਿਛੋੜਾ ਸਈਆਂ ਦਾ, ਜਿਵੇਂ ਡਾਰੋਂ ਕੂੰਜ ਵਿਛੁੰਨੀ ।
ਰੰਗ ਬਰੰਗੇ ਸੂਲ ਅਪੁੱਠੇ, ਜਾਂਦੇ ਚੀਰ ਨੈਣ ਜੀ ਨੂੰ ।
ਐਥੋਂ ਦੇ ਦੁੱਖ ਨਾਲ ਲਿਜਾਵਾਂ, ਅਗਲੇ ਸੌਂਪਾਂ ਕੀਹਨੂੰ ।
ਸੱਸ ਨਨਾਣ ਰਹਿਣ ਨਾ ਮਿਲਦਾ, ਜਾਣਾ ਵਾਰੋ ਵਾਰੀ ।
ਚੰਗ ਚੰਗੇਰੇ ਪਕੜ ਮੰਗਾਏ, ਮੈਂ ਕੀਹਦੀ ਪਨਿਹਾਰੀ ।
ਜਿਸ ਗੁਣ ਪੱਲੇ ਬੋਲ ਸਵੱਲੇ, ਸੋਈ ਸ਼ਹੁ ਨੂੰ ਪਿਆਰੀ ।
ਮਿਲ ਲਉ ਸਹੇਲੜੀਓ ਮੇਰੀ ਰਾਜ ਗਹੇਲੜੀਓ, ਮੈਂ ਸਾਹੁਰਿਆਂ ਘਰ ਜਾਣਾ ।
ਤੁਸਾਂ ਭੀ ਹੋਸੀ ਅੱਲ੍ਹਾ ਭਾਣਾ, ਮੈਂ ਸਾਹੁਰਿਆਂ ਘਰ ਜਾਣਾ ।
- ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ
ਲੱਗਾ ਨੇਹੁੰ ਮੇਰਾ ਜਿਸ ਸੇਤੀ, ਸਰਹਾਣੇ ਵੇਖ ਪਲੰਘ ਦੇ ਜੀਤੀ,
ਆਲਮ ਕਿਉਂ ਸਮਝਾਵੇ ਰੀਤੀ, ਮੈਂ ਡਿੱਠੇ ਬਾਝ ਨਾ ਰਹਿਨੀ ਹਾਂ ।
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ ।
ਤੁਸੀਂ ਸਮਝਾਓ ਵੀਰੋ ਭੋਰੀ, ਰਾਂਝਣ ਵੇਂਹਦਾ ਮੈਥੋਂ ਚੋਰੀ,
ਜੀਹਦੇ ਇਸ਼ਕ ਕੀਤੀ ਮੈਂ ਡੋਰੀ, ਮੈਂ ਨਾਲ ਆਰਾਮ ਨਾ ਬਹਿਨੀ ਹਾਂ ।
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ ।
ਬਿਰਹੋਂ ਆ ਵੜਿਆ ਵਿਚ ਵਿਹੜੇ, ਜ਼ੋਰੋ ਜ਼ੋਰ ਦੇਵੇ ਤਨ ਘੇਰੇ,
ਦਾਰੂ ਦਰਦ ਨਾ ਬਾਝੋਂ ਤੇਰੇ, ਮੈਂ ਸੱਜਣਾਂ ਬਾਝ ਮਰੇਨੀ ਹਾਂ ।
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ ।
ਬੁੱਲ੍ਹੇ ਸ਼ਾਹ ਘਰ ਰਾਂਝਣ ਆਵੇ, ਮੈਂ ਤੱਤੀ ਨੂੰ ਲੈ ਗਲ ਲਾਵੇ,
ਨਾਲ ਖ਼ੁਸ਼ੀ ਦੇ ਰੈਣ ਵਿਹਾਵੇ, ਨਾਲ ਖ਼ੁਸ਼ੀ ਦੇ ਰਹਿਨੀ ਹਾਂ ।
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ ।
- ਮੂੰਹ ਆਈ ਬਾਤ ਨਾ ਰਹਿੰਦੀ ਏ
ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਏ,
ਜੀ ਦੋਹਾਂ ਗੱਲਾਂ ਤੋਂ ਜਚਦਾ ਏ, ਜਚ ਜਚ ਕੇ ਜਿਹਵਾ ਕਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਜਿਸ ਪਾਇਆ ਭੇਤ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ,
ਉਹ ਵਾਸੀ ਹੈ ਸੁੱਖ ਮੰਦਰ ਦਾ, ਜਿਥੇ ਕੋਈ ਨਾ ਚੜ੍ਹਦੀ ਲਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਇਕ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਲੂਮੀ ਸਭ ਦੀ ਏ,
ਹਰ ਹਰ ਵਿਚ ਸੂਰਤ ਰੱਬ ਦੀ ਏ, ਕਿਤੇ ਜ਼ਾਹਰ ਕਿਤੇ ਛੁਪੇਂਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਏਥੇ ਦੁਨੀਆਂ ਵਿਚ ਅਨ੍ਹੇਰਾ ਏ, ਇਹ ਤਿਲਕਣ ਬਾਜ਼ੀ ਵਿਹੜਾ ਏ,
ਵੜ ਅੰਦਰ ਵੇਖੋ ਕਿਹੜਾ ਏ, ਕਿਉਂ ਖਫ਼ਤਣ ਬਾਹਰ ਢੂੰਡੇਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਏਥੇ ਲੇਖਾ ਪਾਓਂ ਪਸਾਰਾ ਏ, ਇਹਦਾ ਵਖਰਾ ਭੇਤ ਨਿਆਰਾ ਏ,
ਇਹ ਸੂਰਤ ਦਾ ਚਮਕਾਰਾ ਏ, ਜਿਵੇਂ ਚਿਣਗ ਦਾਰੂ ਵਿਚ ਪੈਂਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਕਿਤੇ ਨਾਜ਼ ਅਦਾ ਦਿਖਲਾਈਦਾ, ਕਿਤੇ ਹੋ ਰਸੂਲ ਮਿਲਾਈਦਾ,
ਕਿਤੇ ਆਸ਼ਕ ਬਣ ਬਣ ਆਈਦਾ, ਕਿਤੇ ਜਾਨ ਜੁਦਾਈ ਸਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਜਦੋਂ ਜ਼ਾਹਰ ਹੋਏ ਨੂਰ ਹੁਰੀਂ, ਜਲ ਗਏ ਪਹਾੜ ਕੋਹ-ਤੂਰ ਹੁਰੀਂ,
ਤਦੋਂ ਦਾਰ ਚੜ੍ਹੇ ਮਨਸੂਰ ਹੁਰੀਂ, ਓਥੇ ਸ਼ੇਖੀ ਪੇਸ਼ ਨਾ ਵੈਂਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਜੇ ਜ਼ਾਹਰ ਕਰਾਂ ਇਸਰਾਰ ਤਾਈਂ, ਸਭ ਭੁੱਲ ਜਾਵਣ ਤਕਰਾਰ ਤਾਈਂ,
ਫਿਰ ਮਾਰਨ ਬੁੱਲ੍ਹੇ ਯਾਰ ਤਾਈਂ, ਏਥੇ ਮਖ਼ਫ਼ੀ ਗੱਲ ਸੋਹੇਂਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਅਸਾਂ ਪੜ੍ਹਿਆ ਇਲਮ ਤਹਕੀਕੀ ਏ, ਓਥੇ ਇਕੋ ਹਰਫ਼ ਹਕੀਕੀ ਏ,
ਹੋਰ ਝਗੜਾ ਸਭ ਵਧੀਕੀ ਏ, ਐਵੇਂ ਰੌਲਾ ਪਾ ਪਾ ਬਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਐ ਸ਼ਾਹ ਅਕਲ ਤੂੰ ਆਇਆ ਕਰ, ਸਾਨੂੰ ਅਦਬ ਅਦਾਬ ਸਿਖਾਇਆ ਕਰ,
ਮੈਂ ਝੂਠੀ ਨੂੰ ਸਮਝਾਇਆ ਕਰ, ਜੋ ਮੂਰਖ ਮਾਹਨੂੰ ਕਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਵਾਹ ਵਾਹ ਕੁਦਰਤ ਬੇਪਰਵਾਹੀ ਏ, ਦੇਵੇ ਕੈਦੀ ਦੇ ਸਿਰ ਸ਼ਾਹੀ ਏ,
ਐਸਾ ਬੇਟਾ ਜਾਇਆ ਮਾਈ ਏ, ਸਭ ਕਲਮਾ ਉਸ ਦਾ ਕਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਇਸ ਆਜ਼ਿਜ਼ ਦਾ ਕੀ ਹੀਲਾ ਏ, ਰੰਗ ਜ਼ਰਦ ਤੇ ਮੁੱਖੜਾ ਪੀਲਾ ਏ,
ਜਿਥੇ ਆਪੇ ਆਪ ਵਸੀਲਾ ਏ, ਓਥੇ ਕੀ ਅਦਾਲਤ ਕਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਬੁੱਲ੍ਹਾ ਸ਼ਹੁ ਅਸਾਂ ਥੀਂ ਵੱਖ ਨਹੀਂ, ਬਿਨ ਸ਼ਹੁ ਥੀਂ ਦੂਜਾ ਕੱਖ ਨਹੀਂ,
ਪਰ ਵੇਖਣ ਵਾਲੀ ਅੱਖ ਨਹੀਂ, ਤਾਹੀਂ ਜਾਨ ਜੁਦਾਈਆਂ ਸਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
- ਮੁੱਲਾਂ ਮੈਨੂੰ ਮਾਰਦਾ ਈ
ਮੁੱਲਾਂ ਮੈਨੂੰ ਮਾਰਦਾ ਈ ।
ਮੁੱਲਾਂ ਮੈਨੂੰ ਮਾਰਦਾ ਈ ।
ਮੁੱਲਾਂ ਮੈਨੂੰ ਸਬਕ ਪੜ੍ਹਾਇਆ।
ਅਲਫੋਂ ਅੱਗੇ ਕੁਝ ਨਾ ਆਇਆ ।
ਉਹ ਬੇ ਈ ਬੇ ਪੁਕਾਰਦਾ ਈ ।
ਮੁੱਲਾਂ ਮੈਨੂੰ ਮਾਰਦਾ ਈ ।
ਮੁੱਲਾਂ ਮੈਨੂੰ ਮਾਰਦਾ ਈ ।
- ਮੁਰਲੀ ਬਾਜ ਉਠੀ ਅਣਘਾਤਾਂ
ਮੁਰਲੀ ਬਾਜ ਉਠੀ ਅਣਘਾਤਾਂ ।
ਸੁਣ ਕੇ ਭੁੱਲ ਗਈਆਂ ਸਭ ਬਾਤਾਂ ।
ਲੱਗ ਗਏ ਅਨਹਦ ਬਾਣ ਨਿਆਰੇ, ਝੂਠੀ ਦੁਨੀਆਂ ਕੂੜ ਪਸਾਰੇ,
ਸਾਈਂ ਮੁੱਖ ਵੇਖਣ ਵਣਜਾਰੇ, ਮੈਨੂੰ ਭੁੱਲ ਗਈਆਂ ਸਭ ਬਾਤਾਂ ।
ਮੁਰਲੀ ਬਾਜ ਉਠੀ ਅਣਘਾਤਾਂ ।
ਹੁਣ ਮੈਂ ਚੈਂਚਲ ਮਿਰਗ ਫਹਾਇਆ, ਓਸੇ ਮੈਨੂੰ ਬੰਨ੍ਹ ਬਹਾਇਆ,
ਸਿਰਫ ਦੁਗਾਨਾ ਇਸ਼ਕ ਪੜ੍ਹਾਇਆ, ਰਹਿ ਗਈਆਂ ਤ੍ਰੈ ਚਾਰ ਕਾਤਾਂ ।
ਮੁਰਲੀ ਬਾਜ ਉਠੀ ਅਣਘਾਤਾਂ ।
ਬੂਹੇ ਆਣ ਖਲੋਤਾ ਯਾਰ, ਬਾਬਲ ਪੁੱਜ ਪਿਆ ਤਕਰਾਰ,
ਕਲਮੇ ਨਾਲ ਜੇ ਰਹੇ ਵਿਹਾਰ, ਨਬੀ ਮੁਹੰਮਦ ਭਰੇ ਸਫਾਤਾਂ ।
ਮੁਰਲੀ ਬਾਜ ਉਠੀ ਅਣਘਾਤਾਂ ।
ਬੁੱਲ੍ਹੇ ਸ਼ਾਹ ਮੈਂ ਹੁਣ ਬਰਲਾਈ, ਜਦ ਦੀ ਮੁਰਲੀ ਕਾਹਨ ਬਜਾਈ,
ਬਾਵਰੀ ਹੋ ਤੁਸਾਂ ਵੱਲ ਧਾਈ, ਖੋਜੀਆਂ ਕਿਤ ਵਲ ਦਸਤ ਬਾਰਤਾਂ ।
ਮੁਰਲੀ ਬਾਜ ਉਠੀ ਅਣਘਾਤਾਂ ।
- ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ
ਇਹਨਾਂ ਸੁਕਿਆਂ ਫੁੱਲਾਂ ਵਿਚ ਬਾਸ ਨਹੀਂ,
ਪਰਦੇਸ ਗਿਆਂ ਦੀ ਕੋਈ ਆਸ ਨਹੀਂ,
ਜਿਹੜੇ ਸਾਈਂ ਸਾਜਣ ਸਾਡੇ ਪਾਸ ਨਹੀਂ,
ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ ।
ਤੂੰ ਕੀ ਸੁੱਤਾ ਏਂ ਚਾਦਰ ਤਾਣ ਕੇ,
ਸਿਰ ਮੌਤ ਖਲੋਤੀ ਤੇਰੇ ਆਣ ਕੇ,
ਕੋਈ ਅਮਲ ਨਾ ਕੀਤਾ ਜਾਣ ਕੇ,
ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ ।
ਕੀ ਮੈਂ ਖੱਟਿਆ ਤੇਰੀ ਹੋ ਕੇ,
ਦੋਵੇਂ ਨੈਣ ਗਵਾਇ ਰੋ ਕੇ,
ਤੇਰਾ ਨਾਮ ਲਈਏ ਮੁੱਖ ਧੋ ਕੇ,
ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ ।
ਬੁੱਲ੍ਹਾ ਸ਼ਹੁ ਬਦੇਸੋਂ ਆਉਂਦਾ,
ਹੱਥ ਕੰਗਣਾ ਤੇ ਬਾਹੀਂ ਲਟਕਾਉਂਦਾ,
ਸਿਰ ਸਦਕਾ ਤੇਰੇ ਨਾਉਂ ਦਾ,
ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ ।
- ਨੀ ਕੁਟੀਚਲ ਮੇਰਾ ਨਾਂ
ਮੁੱਲਾਂ ਮੈਨੂੰ ਸਬਕ ਪੜ੍ਹਾਇਆ, ਅਲਫੋਂ ਅੱਗੇ ਕੁੱਝ ਨਾ ਆਇਆ,
ਉਸ ਦੀਆਂ ਜੁੱਤੀਆਂ ਖਾਂਦੀ ਸਾਂ, ਨੀ ਕੁਟੀਚਲ ਮੇਰਾ ਨਾਂ ।
ਕਿਵੇਂ ਕਿਵੇਂ ਦੋ ਅੱਖੀਆਂ ਲਾਈਆਂ, ਰਲ ਕੇ ਸਈਆਂ ਮਾਰਨ ਆਈਆਂ,
ਨਾਲੇ ਮਾਰੇ ਬਾਬਲ ਮਾਂ, ਨੀ ਕੁਟੀਚਲ ਮੇਰਾ ਨਾਂ ।
ਸਾਹਵਰੇ ਸਾਨੂੰ ਵੜਨ ਨਾ ਦੇਂਦੇ, ਨਾਨਕ ਦਾਦਕ ਘਰੋਂ ਕਢੇਂਦੇ,
ਮੇਰਾ ਪੇਕੇ ਨਹੀਉਂ ਥਾਂ, ਨੀ ਕੁਟੀਚਲ ਮੇਰਾ ਨਾਂ ।
ਪੜ੍ਹਨ ਸੇਤੀ ਸਭ ਮਾਰਨ ਆਹੀਂ, ਬਿਨਾਂ ਪੜ੍ਹਿਆਂ ਹੁਣ ਛੱਡਦਾ ਨਾਹੀਂ,
ਨੀ ਮੈਂ ਮੁੜਕੇ ਕਿਤ ਵੱਲ ਜਾਂ, ਨੀ ਕੁਟੀਚਲ ਮੇਰਾ ਨਾਂ ।
ਬੁੱਲ੍ਹਾ ਸ਼ਹੁ ਕੀ ਲਾਈ ਮੈਨੂੰ, ਮਤ ਕੁਝ ਲੱਗੇ ਉਹ ਹੀ ਤੈਨੂੰ,
ਤਦ ਕਰੇਂਗਾ ਤੂੰ ਨਿਆਂ, ਨੀ ਕੁਟੀਚਲ ਮੇਰਾ ਨਾਂ ।
- ਨੀ ਮੈਂ ਹੁਣ ਸੁਣਿਆ ਇਸ਼ਕ ਸ਼ਰ੍ਹਾ ਕੀ ਨਾਤਾ
ਨੀ ਮੈਂ ਹੁਣ ਸੁਣਿਆ ਇਸ਼ਕ ਸ਼ਰ੍ਹਾ ਕੀ ਨਾਤਾ ।
ਮੁਹੱਬਤ ਦਾ ਇਕ ਪਿਆਲਾ ਪੀ, ਭੁੱਲ ਜਾਵਣ ਸਭ ਬਾਤਾਂ,
ਘਰ ਘਰ ਸਾਈਂ ਹੈ ਉਹ ਸਾਈਂ, ਹਰ ਹਰ ਨਾਲ ਪਛਾਤਾ ।
ਅੰਦਰ ਸਾਡੇ ਮੁਰਸ਼ਦ ਵੱਸਦਾ, ਨੇਹੁੰ ਲੱਗਾ ਤਾਂ ਜਾਤਾ,
ਮੰਤਕ ਮਾਅਨੇ ਕੰਨਜ਼ ਕਦੂਰੀ, ਪੜ੍ਹਿਆ ਇਲਮ ਗਵਾਤਾ ।
ਨਮਾਜ਼ ਰੋਜ਼ਾ ਓਸ ਕੀ ਕਰਨਾ, ਜਿਸ ਮਧ ਪੀਤੀ ਮਧਮਾਤਾ,
ਪੜ੍ਹ ਪੜ੍ਹ ਪੰਡਿਤ ਮੁੱਲਾਂ ਹਾਰੇ, ਕਿਸੇ ਨਾ ਭੇਦ ਪਛਾਤਾ ।
ਜ਼ਰੀ ਬਾਫ਼ਦੀ ਕਦਰ ਕੀ ਜਾਣੇ, ਛੱਟ ਓਨਾਂ ਜਤ ਕਾਤਾ,
ਬੁੱਲ੍ਹਾ ਸ਼ਹੁ ਦੀ ਮਜਲਸ ਬਹਿ ਕੇ, ਹੋ ਗਿਆ ਗੂੰਗਾ ਬਾਤਾ ।
ਨੀ ਮੈਂ ਹੁਣ ਸੁਣਿਆ ਇਸ਼ਕ ਸ਼ਰ੍ਹਾ ਕੀ ਨਾਤਾ ।
- ਹਾਜੀ ਲੋਕ ਮੱਕੇ ਨੂੰ ਜਾਂਦੇ
ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਰਾਂਝਾ ਮਾਹੀ ਮੱਕਾ,
ਨੀ ਮੈਂ ਕਮਲੀ ਹਾਂ ।
ਮੈਂ ਤੇ ਮੰਗ ਰਾਂਝੇ ਦੀ ਹੋਈਆਂ,
ਮੇਰਾ ਬਾਬਲ ਕਰਦਾ ਧੱਕਾ,
ਨੀ ਮੈਂ ਕਮਲੀ ਹਾਂ ।
ਹਾਜੀ ਲੋਕ ਮੱਕੇ ਵੱਲ ਜਾਂਦੇ,
ਮੇਰੇ ਘਰ ਵਿਚ ਨੌਸ਼ੋਹ ਮੱਕਾ,
ਨੀ ਮੈਂ ਕਮਲੀ ਹਾਂ ।
ਵਿਚੇ ਹਾਜੀ ਵਿਚੇ ਗਾਜੀ,
ਵਿਚੇ ਚੋਰ ਉਚੱਕਾ,
ਨੀ ਮੈਂ ਕਮਲੀ ਹਾਂ ।
ਹਾਜੀ ਲੋਕ ਮੱਕੇ ਵੱਲ ਜਾਂਦੇ,
ਅਸਾਂ ਜਾਣਾ ਤਖ਼ਤ ਹਜ਼ਾਰੇ,
ਨੀ ਮੈਂ ਕਮਲੀ ਹਾਂ ।
ਜਿਤ ਵੱਲ ਯਾਰ ਉਤੇ ਵੱਲ ਕਅਬਾ,
ਭਾਵੇਂ ਫੋਲ ਕਿਤਾਬਾਂ ਚਾਰੇ,
ਨੀ ਮੈਂ ਕਮਲੀ ਹਾਂ ।
- ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ
ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ ।
ਅਵੱਲ ਦਾ ਰੋਜ਼ ਅਜ਼ੱਲ ਦਾ ।
ਵਿਚ ਕੜਾਹੀ ਤਲ ਤਲ ਜਾਵੇ, ਤਲਿਆਂ ਨੂੰ ਚਾ ਤਲਦਾ,
ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ ।
ਮੋਇਆਂ ਨੂੰ ਇਹ ਵਲ ਵਲ ਮਾਰੇ, ਵਲਿਆਂ ਨੂੰ ਚਾ ਵਲਦਾ,
ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ ।
ਕਿਆ ਜਾਣਾ ਕੋਈ ਚਿਣਗ ਕੱਖੀ ਏ, ਨਿੱਤ ਸੂਲ ਕਲੇਜੇ ਸੱਲਦਾ,
ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ ।
ਤੀਰ ਜਿਗਰ ਵਿਚ ਲੱਗਾ ਇਸ਼ਕੋਂ, ਨਹੀਂ ਹਲਾਇਆ ਹੱਲਦਾ,
ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ ।
ਬੁੱਲ੍ਹਾ ਸ਼ਹੁ ਦਾ ਨੇਹੁੰ ਅਨੋਖਾ, ਨਹੀਂ ਰਲਾਇਆ ਰਲਦਾ,
ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ ।
ਅਵੱਲ ਦਾ ਰੋਜ਼ ਅਜ਼ੱਲ ਦਾ ।
- ਨੀ ਸਈਓ ਮੈਂ ਗਈ ਗਵਾਚੀ
ਨੀ ਸਈਓ ਮੈਂ ਗਈ ਗਵਾਚੀ,
ਖੋਲ ਘੁੰਘਟ ਮੁੱਖ ਨਾਚੀ ।
ਜਿਤ ਵੱਲ ਵੇਖਾਂ ਉਤ ਵੱਲ ਓਹੀ, ਕਸਮ ਓਸੇ ਦੀ ਹੋਰ ਨਾ ਕੋਈ,
ਫੈਹੂਣਾ ਮਾਅਕੁਮ ਫਿਰ ਗਈ ਧ੍ਰੋਹੀ, ਜਬ ਗੋਰ ਤੇਰੀ ਬਾਚੀ ।
ਨੀ ਸਈਓ ਮੈਂ ਗਈ ਗਵਾਚੀ ।
ਨਾਮ ਨਿਸ਼ਾਨ ਨਾ ਮੇਰਾ ਸਈਓ, ਜੋ ਆਖਾਂ ਤੁਸੀਂ ਚੁੱਪ ਕਰ ਰਹੀਓ,
ਇਹ ਗੱਲ ਮੂਲ ਕਿਸੇ ਨਾ ਕਹੀਓ, ਬੁੱਲ੍ਹਾ ਖ਼ੂਬ ਹਕੀਕਤ ਜਾਚੀ ।
ਨੀ ਸਈਓ ਮੈਂ ਗਈ ਗਵਾਚੀ,
ਖੋਲ ਘੁੰਘਟ ਮੁੱਖ ਨਾਚੀ ।
- ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ
ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ,
ਕੈਸੀ ਤੌਬਾ ਹੈ ਇਹ ਯਾਰ ?
ਸਾਂਵੇਂ ਦੇ ਕੇ ਲਵੇਂ ਸਵਾਈ, ਵਾਧਿਆਂ ਦੀ ਤੂੰ ਬਾਜ਼ੀ ਲਾਈ,
ਮੁਸਲਮਾਨੀ ਇਹ ਕਿਥੋਂ ਪਾਈ, ਇਹ ਤੁਹਾਡਾ ਕਿਰਦਾਰ ।
ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ ।
ਜਿਥੇ ਨਾ ਜਾਣਾ ਓਥੇ ਜਾਏਂ, ਮਾਲ ਪਰਾਇਆ ਮੂੰਹ ਧਰ ਖਾਏਂ,
ਕੂੜ ਕਿਤਾਬਾਂ ਸਿਰ ਤੇ ਚਾਏਂ, ਫਿਰ ਤੇਰਾ ਇਤਬਾਰ ।
ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ ।
ਜ਼ਾਲਮ ਜ਼ੁਲਮੋਂ ਨਾਹੀਂ ਡਰਦੇ, ਆਪਣੀ ਅਮਲੀਂ ਆਪੇ ਮਰਦੇ,
ਮੂੰਹੋਂ ਤੌਬਾ ਦਿਲੋਂ ਨਾ ਕਰਦੇ, ਏਥੇ ਓਥੇ ਹੋਣ ਖੁਆਰ ।
ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ ।
ਸੌ ਦਿਨ ਜੀਵੇਂ ਇਕ ਦਿਨ ਮਰਸੇਂ,ਉਸ ਦਿਨ ਖ਼ੌਫ ਖ਼ੁਦਾ ਦਾ ਕਰਸੇਂ,
ਇਸ ਤੌਬਾ ਥੀਂ ਤੌਬਾ ਕਰਸੇਂ, ਉਹ ਤੌਬਾ ਕਿਸ ਕਾਰ ।
ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ ।
ਬੁੱਲ੍ਹਾ ਸ਼ਹੁ ਦੀ ਸੁਣੋ ਹਕਾਇਤ, ਹਾਦੀ ਫੜਿਆ ਹੋਈ ਹਦਾਇਤ,
ਮੇਰਾ ਸਾਈਂ ਸ਼ਾਹ ਅਨਾਇਤ, ਉਹੋ ਲੰਘਾਵੇ ਪਾਰ ।
ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ,
ਕੈਸੀ ਤੌਬਾ ਹੈ ਇਹ ਯਾਰ ?
- ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ
ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ ।
ਇਕ ਭਰ ਆਈਆਂ ਇਕ ਭਰ ਚੱਲੀਆਂ, ਇਕ ਖਲੀਆਂ ਬਾਂਹ ਪਸਾਰ ।
ਹਾਰ ਹਮੇਲਾਂ ਪਾਈਆਂ ਗਲ ਵਿੱਚ, ਬਾਹੀਂ ਛਣਕੇ ਚੂੜਾ,
ਕੰਨੀਂ ਬੁੱਕ ਬੁੱਕ ਮਛਰੀਆਲੇ, ਸਭ ਅਡੰਬਰ ਕੂੜਾ,
ਅੱਗੇ ਸ਼ਹੁ ਨੇ ਝਾਤ ਨਾ ਪਾਈ, ਐਵੇਂ ਗਿਆ ਸ਼ਿੰਗਾਰ,
ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ ।
ਹੱਥੀਂ ਮਹਿੰਦੀ ਪੈਰੀਂ ਮਹਿੰਦੀ, ਸਿਰ ਤੇ ਧੜੀ ਗੁੰਦਾਈ,
ਤੇਲ ਫੁਲੇਲ ਪਾਨਾਂ ਦਾ ਬੀੜਾ, ਦੰਦੀਂ ਮਿੱਸੀ ਲਾਈ,
ਕੋਈ ਜੂ ਸਦ ਪਈਓ ਨੇ ਡਾਢੀ, ਵਿੱਸਰਿਆ ਘਰ ਬਾਰ,
ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ ।
ਬੁੱਲ੍ਹਾ ਸ਼ਹੁ ਦੇ ਪੰਧ ਪਵੇਂ ਜੇ, ਤਾਂ ਤੂੰ ਰਾਹ ਪਛਾਣਂੇ,
ਪਉ-ਸਤਾਰਾਂ ਪਾਸਿਉਂ ਮੰਗਦਾ, ਦਾਅ ਪਿਆ ਤ੍ਰੈ-ਕਾਣੇ,
ਗੁੰਗੀ ਡੋਰੀ ਕਮਲੀ ਹੋਈ, ਜਾਨ ਦੀ ਬਾਜ਼ੀ ਹਾਰ,
ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ ।
- ਪਰਦਾ ਕਿਸ ਤੋਂ ਰਾਖੀਦਾ
ਪਰਦਾ ਕਿਸ ਤੋਂ ਰਾਖੀਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਪਹਿਲੋਂ ਆਪੇ ਸਾਜਨ ਸਾਜੇ ਦਾ, ਹੁਣ ਦੱਸਨਾ ਏਂ ਸਬਕ ਨਮਾਜੇ ਦਾ,
ਹੁਣ ਆਇਆ ਆਪ ਨਜ਼ਾਰੇ ਨੂੰ, ਵਿਚ ਲੈਲਾ ਬਣ ਬਣ ਝਾਕੀ ਦਾ ।
ਪਰਦਾ ਕਿਸ ਤੋਂ ਰਾਖੀਦਾ ।
ਸ਼ਾਹ ਸ਼ੱਮਸ ਦੀ ਖੱਲ ਲੁਹਾਇਓ, ਮਨਸੂਰ ਨੂੰ ਸੂਲੀ ਦਵਾਇਓ,
ਜ਼ਕਰੀਏ ਸਿਰ ਕਲਵੱਤਰ ਧਰਾਇਓ, ਕੀ ਲੇਖਾ ਰਹਿਆ ਬਾਕੀ ਦਾ ।
ਪਰਦਾ ਕਿਸ ਤੋਂ ਰਾਖੀਦਾ ।
ਕੁੰਨ ਕਿਹਾ ਫਅਕੂਨ ਕਹਾਇਆ, ਬੇ-ਚੂਨੀ ਦਾ ਚੂਨ ਬਣਾਇਆ,
ਖਾਤਰ ਤੇਰੀ ਜਗਤ ਬਣਾਇਆ, ਸਿਰ ਪਰ ਛਤਰ ਲੌਲਾਕੀ ਦਾ ।
ਪਰਦਾ ਕਿਸ ਤੋਂ ਰਾਖੀਦਾ ।
ਹੁਣ ਸਾਡੇ ਵਲ ਧਾਇਆ ਏ, ਨਾ ਰਹਿੰਦਾ ਛੁਪਾ ਛੁਪਾਇਆ ਏ,
ਕਿਤੇ ਬੁੱਲ੍ਹਾ ਨਾਮ ਧਰਾਇਆ ਏ, ਵਿਚ ਓਹਲਾ ਰੱਖਿਆ ਖ਼ਾਕੀ ਦਾ ।
ਪਰਦਾ ਕਿਸ ਤੋਂ ਰਾਖੀਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
- ਪੜਤਾਲਿਉ ਹੁਣ ਆਸ਼ਕ ਕਿਹੜੇ
ਨੇਹੁੰ ਲੱਗਾ ਮਤ ਗਈ ਗਵਾਤੀ, ਨਾਹੁਨੋ-ਅਕਰਬ ਜ਼ਾਤ ਪਛਾਤੀ,
ਸਾਈਂ ਭੀ ਸ਼ਾਹ ਰਗ ਤੋਂ ਨੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।
ਹੀਰੇ ਹੋ ਮੁੜ ਰਾਂਝਾ ਹੋਈ, ਇਹ ਗੱਲ ਵਿਰਲਾ ਜਾਣੇ ਕੋਈ,
ਚੁੱਕ ਪਏ ਸਭ ਝਗੜੇ ਝੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।
ਲੈ ਬਾਰਾਤਾਂ ਰਾਤੀਂ ਜਾਗਣ, ਨੂਰ ਨਬੀ ਦੇ ਬਰਸਣ ਲਾਗਣ,
ਉਹੋ ਵੇਖ ਅਸਾਡੇ ਝੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।
ਅਨੁਲਹੱਕ ਆਪ ਕਹਾਇਆ ਲੋਕਾਂ, ਮਨਸੂਰ ਨਾ ਦੇਂਦਾ ਆਪੇ ਹੋਕਾ,
ਮੁੱਲਾਂ ਬਣ ਬਣ ਆਵਣ ਨੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।
ਬੁੱਲ੍ਹਾ ਸ਼ਾਹ ਸ਼ਰੀਅਤ ਕਾਜ਼ੀ ਹੈ, ਹਕੀਕਤ ਪਰ ਭੀ ਰਾਜ਼ੀ ਹੈ,
ਸਾਈਂ ਘਰ ਘਰ ਨਿਆਉਂ ਨਬੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।
- ਪੱਤੀਆਂ ਲਿਖੂੰਗੀ ਮੈਂ ਸ਼ਾਮ ਨੂੰ, ਪੀਆ ਮੈਨੂੰ ਨਜ਼ਰ ਨਾ ਆਵੇ
ਪੱਤੀਆਂ ਲਿਖੂੰਗੀ ਮੈਂ ਸ਼ਾਮ ਨੂੰ, ਪੀਆ ਮੈਨੂੰ ਨਜ਼ਰ ਨਾ ਆਵੇ ।
ਆਂਗਨ ਬਣਾ ਡਰਾਉਣਾ, ਕਿਤ ਬਿਧ ਰੈਣ ਵਿਹਾਵੇ ।
ਕਾਗਜ਼ ਕਰੂੰ ਲਿਖ ਦਾਮਨੇ, ਨੈਣ ਆਂਸੂ ਲਾਊਂ ।
ਬਿਰਹੋਂ ਜਾਰੀ ਹੌਂ ਜਾਰੀ, ਦਿਲ ਫੂਕ ਜਲਾਊਂ ।
ਪਾਂਧੇ ਪੰਡਤ ਜਗਤ ਕੇ, ਪੁੱਛ ਰਹੀਆਂ ਸਾਰੇ ।
ਬੇਦ ਪੋਥੀ ਕਿਆ ਦੋਸ ਹੈ, ਉਲਟੇ ਭਾਗ ਹਮਾਰੇ ।
ਨੀਂਦ ਗਈ ਕਿਤੇ ਦੇਸ ਨੂੰ, ਉਹ ਭੀ ਵੈਰਨ ਹਮਾਰੇ ।
ਰੋ ਰੋ ਜੀਓ ਲਾਉਂਦੀਆਂ, ਗਮ ਕਰਨੀ ਆਂ ਦੂਣਾ ।
ਨੈਣੋਂ ਨੀਰ ਨਾ ਚਲੇ, ਕਿਸੇ ਕਿਆ ਕੀਤਾ ਟੂਣਾ ।
ਪੀੜ ਪਰਾਈ ਜਰ ਰਹੀ, ਦੁੱਖ ਰੁੰਮ-ਰੁੰਮ ਜਾਗੇ ।
ਬੇਦਰਦੀ ਬਾਹੀਂ ਟੋਹ ਕੇ, ਮੁੜ ਪਾਛੇ ਭਾਗੇ ।
ਭਾਈਆ ਵੇ ਜੋਤਸ਼ੀਆ, ਇਕ ਬਾਤ ਸੱਚੀ ਵੀ ਕਹੀਓ ।
ਜੋ ਮੈਂ ਹੀਣੀ ਕਰਮ ਦੀ, ਤੁਸੀਂ ਚੁੱਪ ਕੇ ਹੋ ਰਹੀਓ ।
ਇਕ ਹਨੇਰੀ ਕੋਠੜੀ, ਦੂਜਾ ਦੀਵਾ ਨਾ ਬਾਤੀ ।
ਬਾਂਹੋਂ ਫੜ ਕੇ ਲੈ ਚਲੇ, ਕੋਈ ਸੰਗ ਨਾ ਸਾਥੀ ।
ਭੱਜ ਸੱਕਾਂ ਨਾ ਭੱਜਾਂ ਜਾਂ, ਸੱਚ ਇਸ਼ਕ ਫਕੀਰੀ ।
ਦੁਲੜੀ ਤਿਲੜੀ ਚੌਲੜੀ, ਗਲ ਪ੍ਰੇਮ ਜ਼ੰਜੀਰੀ ।
ਪਾਪੀ ਦੋਨੋਂ ਗੁੰਮ ਹੂਏ, ਸਿਰ ਲਾਗੀ ਜਾਣੀ ।
ਗਏ ਅਨਾਇਤ ਕਾਦਰੀ, ਮੈਂ ਫਿਰ ਕਠਨ ਕਹਾਣੀ ।
ਇਕ ਫਿਕਰਾਂ ਦੀ ਗੋਦੜੀ, ਲੱਗੇ ਪ੍ਰੇਮ ਦੇ ਧਾਗੇ ।
ਸੁੱਖੀਆ ਹੋਵੇ ਪੈ ਸਵੇਂ, ਕੋਈ ਦੁੱਖੀਆ ਜਾਗੇ ।
ਦਸਤ ਫੁੱਲਾਂ ਦੀ ਟੋਕਰੀ, ਕੋਈ ਲਿਓ ਬਪਾਰੀ ।
ਦਰ ਦਰ ਹੋਕਾ ਦੇ ਰਹੀਆਂ, ਸਬ ਚਲਣਹਾਰੀ ।
ਪ੍ਰੇਮ ਨਗਰ ਚਲ ਚੱਲੀਏ, ਜਿਥੇ ਕੰਤ ਹਮਾਰਾ ।
ਬੁੱਲ੍ਹਾ ਸ਼ਹੁ ਤੋਂ ਮੰਗਨੀ ਹਾਂ, ਜੋ ਦੇ ਨਜ਼ਾਰਾ ।
ਪੱਤੀਆਂ ਲਿਖੂੰਗੀ ਮੈਂ ਸ਼ਾਮ ਨੂੰ, ਪੀਆ ਮੈਨੂੰ ਨਜ਼ਰ ਨਾ ਆਵੇ ।
ਆਂਗਨ ਬਣਾ ਡਰਾਉਣਾ, ਕਿਤ ਬਿਧ ਰੈਣ ਵਿਹਾਵੇ ।
- ਪਿਆਰੇ ਬਿਨ ਮਸਲ੍ਹਤ ਉੱਠ ਜਾਣਾ
ਪਿਆਰੇ ਬਿਨ ਮਸਲ੍ਹਤ ਉੱਠ ਜਾਣਾ ।
ਤੂੰ ਕਦੀ ਤੇ ਹੋ ਸਿਆਣਾ ।
ਕਰਕੇ ਚਾਵੜ ਚਾਰ ਦਿਹਾੜੇ, ਥੀਸੇਂ ਅੰਤ ਨਿਮਾਣਾ ।
ਜ਼ੁਲਮ ਕਰੇਂ ਤੇ ਲੋਕ ਸਤਾਵੇਂ, ਛੱਡ ਦੇ ਜ਼ੁਲਮ ਸਤਾਣਾ ।
ਪਿਆਰੇ ਬਿਨ ਮਸਲ੍ਹਤ ਉੱਠ ਜਾਣਾ ।
ਜਿਸ ਜਿਸ ਦਾ ਵੀ ਮਾਣ ਕਰੇਂ ਤੂੰ, ਸੋ ਵੀ ਸਾਥ ਨਾ ਜਾਣਾ ।
ਸ਼ਹਿਰ-ਖਾਮੋਸ਼ਾਂ ਵੇਖ ਹਮੇਸ਼ਾਂ, ਜਿਸ ਵਿਚ ਜੱਗ ਸਮਾਣਾ ।
ਪਿਆਰੇ ਬਿਨ ਮਸਲ੍ਹਤ ਉੱਠ ਜਾਣਾ ।
ਭਰ ਭਰ ਪੂਰ ਲੰਘਾਵੇ ਡਾਢਾ, ਮਲਕੁਲ-ਮੌਤ ਮੁਹਾਣਾ ।
ਐਥੇ ਹੈਨ ਤਨਤੇ ਸਭ, ਮੈਂ ਅਵਗੁਣਹਾਰ ਨਿਮਾਣਾ ।
ਪਿਆਰੇ ਬਿਨ ਮਸਲ੍ਹਤ ਉੱਠ ਜਾਣਾ ।
ਬੁੱਲ੍ਹਾ ਦੁਸ਼ਮਨ ਨਾਲ ਬਰੇ ਵਿਚ, ਹੈ ਦੁਸ਼ਮਨ ਬਲ ਢਾਣਾ ।
ਮਹਿਬੂਬ-ਰੱਬਾਨੀ ਕਰੇ ਰਸਾਈ, ਖ਼ੌਫ ਜਾਏ ਮਲਕਾਣਾ ।
ਪਿਆਰੇ ਬਿਨ ਮਸਲ੍ਹਤ ਉੱਠ ਜਾਣਾ ।
ਤੂੰ ਕਦੀ ਤੇ ਹੋ ਸਿਆਣਾ ।
- ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ
ਜਾਂਦਾ ਜਾ ਨਾ ਆਵੀਂ ਫੇਰ, ਓਥੇ ਬੇਪਰਵਾਹੀ ਢੇਰ,
ਓਥੇ ਡਹਿਲ ਖਲੋਂਦੇ ਸ਼ੇਰ, ਤੂੰ ਵੀ ਫੱਧਿਆ ਜਾਵੇਂਗਾ ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ ।
ਖੂਹ ਵਿਚ ਯੂਸਫ ਪਾਇਉ ਨੇ, ਫੜ ਵਿਚ ਬਜ਼ਾਰ ਵਿਕਾਇਉ ਨੇ,
ਇੱਕ ਅੱਟੀ ਮੁੱਲ ਪਵਾਇਉ ਨੇ, ਤੂੰ ਕੌਡੀ ਮੁੱਲ ਪਵਾਵੇਂਗਾ ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ ।
ਨੇਹੁੰ ਲਾ ਵੇਖ ਜ਼ੁਲੈਖਾਂ ਲਏ, ਓਥੇ ਆਸ਼ਕ ਤੜਫਣ ਪਏ,
ਮਜਨੂੰ ਕਰਦਾ ਹੈ ਹੈ ਹੈ, ਤੂੰ ਓਥੋਂ ਕੀ ਲਿਆਵੇਂਗਾ ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ ।
ਉਥੇ ਇਕਨਾ ਪੋਸਤ ਲੁਹਾਈਦੇ, ਇਕ ਆਰਿਆਂ ਨਾਲ ਚਿਰਾਈਦੇ,
ਇੱਕ ਸੂਲੀ ਪਕੜ ਚੜ੍ਹਾਈਦੇ, ਉਥੇ ਤੂੰ ਵੀ ਸੀਸ ਕਟਾਵੇਂਗਾ ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ ।
ਘਰ ਕਲਾਲਾਂ ਦਾ ਤੇਰੇ ਪਾਸੇ, ਓਥੇ ਆਵਣ ਮਸਤ ਪਿਆਸੇ,
ਭਰ ਭਰ ਪੀਵਣ ਪਿਆਲੇ ਕਾਸੇ, ਤੂੰ ਵੀ ਜੀਅ ਲਲਚਾਵੇਂਗਾ ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ ।
ਦਿਲਬਰ ਹੁਣ ਗਿਉਂ ਕਿਤ ਲੋਉਂ, ਭਲਕੇ ਕੀ ਜਾਣਾਂ ਕੀ ਹੋ,
ਮਸਤਾਂ ਦੇ ਨਾ ਕੋਲ ਖਲੋ, ਤੂੰ ਵੀ ਮਸਤ ਸਦਾਵੇਂਗਾ ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ ।
ਬੁੱਲ੍ਹਿਆ ਗ਼ੈਰ ਸ਼ਰ੍ਹਾ ਨਾ ਹੋ, ਸੁੱਖ ਦੀ ਨੀਂਦਰ ਭਰ ਕੇ ਸੋ,
ਮੂੰਹੋਂ ਅਨੁਲਹੱਕ ਬਗੋ, ਚੜ੍ਹ ਸੂਲੀ ਢੋਲੇ ਗਾਵੇਂਗਾ ।
ਪਿਆਰਿਆ ਸੰਭਲ ਕੇ ਨੇਹੁੰ ਲਾ ਪਿੱਛੋਂ ਪਛਤਾਵੇਂਗਾ ।
- ਪਿਆਰਿਆ ਸਾਨੂੰ ਮਿੱਠੜਾ ਨਾ ਲੱਗਦਾ ਸ਼ੋਰ
ਹੁਣ ਮੈਂ ਤੇ ਰਾਜੀ ਰਹਿਨਾਂ,
ਪਿਆਰਿਆ ਸਾਨੂੰ ਮਿੱਠੜਾ ਨਾ ਲੱਗਦਾ ਸ਼ੋਰ ।
ਮੈਂ ਘਰ ਖਿਲਾ ਸ਼ਗੂਫਾ ਹੋਰ,
ਵੇਖੀਆਂ ਬਾਗ਼ ਬਹਾਰਾਂ ਹੋਰ,
ਹੁਣ ਮੈਨੂੰ ਕੁਝ ਨਾ ਕਹਿਣਾ,
ਪਿਆਰਿਆ ਸਾਨੂੰ ਮਿੱਠੜਾ ਨਾ ਲੱਗਦਾ ਸ਼ੋਰ ।
ਹੁਣ ਮੈਂ ਮੋਈ ਨੀ ਮੇਰੀਏ ਮਾਂ,
ਪੂਣੀ ਮੇਰੀ ਲੈ ਗਿਆ ਕਾਂ,
ਡੋ ਡੋ ਕਰਦੀ ਮਗਰੇ ਜਾਂ,
ਪੂਣੀ ਦੇ ਦਈਂ ਸਾਈਂ ਦੇ ਨਾਂ,
ਪਿਆਰਿਆ ਸਾਨੂੰ ਮਿੱਠੜਾ ਨਾ ਲੱਗਦਾ ਸ਼ੋਰ ।
ਬੁੱਲ੍ਹਾ ਸਾਈਂ ਦੇ ਨਾਲ ਪਿਆਰ,
ਮਿਹਰ ਇਨਾਇਤ ਕਰੇ ਹਜ਼ਾਰ,
ਇਹੋ ਕੌਲ ਤੇ ਇਹੋ ਕਰਾਰ,
ਦਿਲਬਰ ਦੇ ਵਿਚ ਰਹਿਣਾ,
ਪਿਆਰਿਆ ਸਾਨੂੰ ਮਿੱਠੜਾ ਨਾ ਲੱਗਦਾ ਸ਼ੋਰ ।
- ਪੀਆ ਪੀਆ ਕਰਤੇ ਹਮੀਂ ਪੀਆ ਹੋਏ, ਅਬ ਪੀਆ ਕਿਸ ਨੂੰ ਕਹੀਏ
ਪੀਆ ਪੀਆ ਕਰਤੇ ਹਮੀਂ ਪੀਆ ਹੋਏ, ਅਬ ਪੀਆ ਕਿਸ ਨੂੰ ਕਹੀਏ ।
ਹਿਜਰ ਵਸਲ ਹਮ ਦੋਨੋਂ ਛੋੜੇ, ਅਬ ਕਿਸ ਕੇ ਹੋ ਰਹੀਏ ।
ਪੀਆ ਪੀਆ ਕਰਤੇ ਹਮੀਂ ਪੀਆ ਹੋਏੇ ।
ਮਜਨੂੰ ਲਾਲ ਦੀਵਾਨੇ ਵਾਂਙੂ, ਅਬ ਲੈਲਾ ਹੋ ਰਹੀਏ ।
ਪੀਆ ਪੀਆ ਕਰਤੇ ਹਮੀਂ ਪੀਆ ਹੋਏੇ ।
ਬੁੱਲ੍ਹਾ ਸ਼ਹੁ ਘਰ ਮੇਰੇ ਆਏ, ਅਬ ਕਿਉਂ ਤਾਅਨੇ ਸਹੀਏ ।
ਪੀਆ ਪੀਆ ਕਰਤੇ ਹਮੀਂ ਪੀਆ ਹੋਏ ।
- ਰਾਤੀਂ ਜਾਗੇਂ ਕਰੇਂ ਇਬਾਦਤ
ਰਾਤੀਂ ਜਾਗੇਂ ਕਰੇਂ ਇਬਾਦਤ,
ਰਾਤੀਂ ਜਾਗਣ ਕੁੱਤੇ ।
ਤੈਥੋਂ ਉਤੇ ।
ਭੌਂਕਣੋਂ ਬੰਦ ਮੂਲ ਨਾ ਹੁੰਦੇ,
ਜਾ ਰੂੜੀ ਤੇ ਸੁੱਤੇ ।
ਤੈਥੋਂ ਉਤੇ ।
ਖ਼ਸਮ ਆਪਣੇ ਦਾ ਦਰ ਨਾ ਛੱਡਦੇ,
ਭਾਵੇਂ ਵੱਜਣ ਜੁੱਤੇ ।
ਤੈਥੋਂ ਉਤੇ ।
ਬੁੱਲ੍ਹੇ ਸ਼ਾਹ ਕੋਈ ਰਖ਼ਤ ਵਿਹਾਜ ਲੈ,
ਨਹੀਂ ਤੇ ਬਾਜ਼ੀ ਲੈ ਗਏ ਕੁੱਤੇ ।
ਤੈਥੋਂ ਉਤੇ ।
- ਰਹੁ ਰਹੁ ਉਏ ਇਸ਼ਕਾ ਮਾਰਿਆ ਈ
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਕਹੁ ਕਿਸ ਨੂੰ ਪਾਰ ਉਤਾਰਿਆ ਈ ।
ਆਦਮ ਕਣਕੋਂ ਮਨ੍ਹਾ ਕਰਾਇਆ, ਆਪੇ ਮਗਰ ਸ਼ੈਤਾਨ ਦੁੜਾਇਆ,
ਕੱਢ ਬਹਿਸ਼ਤੋਂ ਜ਼ਮੀਨ ਰੁਲਾਇਆ, ਕੇਡ ਪਸਾਰ ਪਸਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਈਸਾ ਨੂੰ ਬਿਨ ਬਾਪ ਜੰਮਾਇਆ, ਨੂਹੇ ਪਰ ਤੂਫਾਨ ਮੰਗਾਇਆ,
ਨਾਲ ਪਿਉ ਦੇ ਪੁੱਤਰ ਲੜਾਇਆ, ਡੋਬ ਉਹਨਾਂ ਨੂੰ ਮਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਮੂਸੇ ਨੂੰ ਕੋਹ-ਤੂਰ ਚੜ੍ਹਾਇਓ, ਅਸਮਾਈਲ ਨੂੰ ਜ਼ਿਬਾਹ ਕਰਾਇਓ,
ਯੂਨਸ ਮੱਛੀ ਤੋਂ ਨਿਗਲਾਇਓ, ਕੀ ਉਹਨਾਂ ਨੂੰ ਰੁੱਤਬੇ ਚਾੜ੍ਹਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਖ਼ਵਾਬ ਜ਼ੁਲੈਖਾਂ ਨੂੰ ਦਿਖਲਾਇਓ, ਯੂਸਫ਼ ਖੂਹ ਦੇ ਵਿਚ ਪਵਾਇਓ,
ਭਾਈਆਂ ਨੂੰ ਇਲਜ਼ਾਮ ਦਿਵਾਇਓ, ਤਾਂ ਮਰਾਤਬ ਚਾੜ੍ਹਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਭੱਠ ਸੁਲੇਮਾਨ ਨੂੰ ਝੁਕਾਇਉ, ਇਬਰਾਹੀਮ ਚਿਖਾ ਵਿਚ ਪਾਇਉ,
ਸਾਬਰ ਦੇ ਤਨ ਕੀੜੇ ਪਾਇਓ, ਹੁਸਨ ਜ਼ਹਿਰ ਦੇ ਮਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਮਨਸੂਰ ਨੂੰ ਚਾ ਸੂਲੀ ਦਿੱਤਾ, ਰਾਹਬ ਦਾ ਕਢਵਾਇਉ ਪਿੱਤਾ,
ਜ਼ਕਰੀਆ ਸਿਰ ਕਲਵੱਤਰ ਕੀਤਾ, ਫੇਰ ਉਹਨਾਂ ਕੰਮ ਕੀ ਸਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਸ਼ਾਹ ਸਰਮਦ ਦਾ ਗਲਾ ਕਟਾਇਓ, ਸ਼ਮਸ ਨੇ ਜਾਂ ਸੁਖਨ ਅਲਾਇਓ,
ਕੁਮਬਇਜਨੀ ਆਪ ਕਹਾਇਓ, ਸਿਰ ਪੈਰੋਂ ਖੱਲ ਉਤਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਏਸ ਇਸ਼ਕ ਦੇ ਬੜੇ ਅਡੰਬਰ, ਇਸ਼ਕ ਨਾ ਛੱਪਦਾ ਬਾਹਰ ਅੰਦਰ,
ਇਸ਼ਕ ਕੀਤਾ ਸ਼ਾਹ ਸ਼ਰਫ਼ ਕਲੰਦਰ, ਬਾਰ੍ਹਾਂ ਵਰ੍ਹੇ ਦਰਿਆ ਵਿਚ ਠਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਇਸ਼ਕ ਲੇਲਾ ਦੇ ਧੁੰਮਾਂ ਪਾਈਆਂ, ਤਾਂ ਮਜਨੂੰ ਨੇ ਅੱਖੀਆਂ ਲਾਈਆਂ,
ਉਹਨੂੰ ਧਾਰਾਂ ਇਸ਼ਕ ਚੁੰਘਾਈਆਂ, ਖੂਹੇ ਬਰਸ ਗੁਜ਼ਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਇਸ਼ਕ ਹੋਰੀਂ ਹੀਰ ਵੱਲ ਧਾਏ, ਤਾਂਹੀਏਂ ਰਾਂਝੇ ਕੰਨ ਪੜਵਾਏ,
ਸਾਹਿਬਾਂ ਨੂੰ ਜਦੋਂ ਵਿਆਹੁਣ ਆਏ, ਸਿਰ ਮਿਰਜ਼ੇ ਦਾ ਵਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਸੱਸੀ ਥਲਾਂ ਦੇ ਵਿਚ ਰੁਲਾਈ, ਸੋਹਣੀ ਕੱਚੇ ਘੜੇ ਰੁੜ੍ਹਾਈ,
ਰੋਡੇ ਪਿੱਛੇ ਗੱਲ ਗਵਾਈ, ਟੁਕੜੇ ਕਰ ਕਰ ਮਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਫ਼ੌਜ਼ਾਂ ਕਤਲ ਕਰਾਈਆਂ ਭਾਈਆਂ, ਮਸ਼ਕਾਂ ਚੂਹਿਆਂ ਤੋਂ ਕਟਵਾਈਆਂ,
ਡਿੱਠੀ ਕੁਦਰਤ ਤੇਰੀ ਸਾਈਆਂ, ਸਿਰ ਤੈਥੋਂ ਬਲਿਹਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਕੈਰੋਂ ਪਾਂਡੋ ਕਰਨ ਲੜਾਈਆਂ, ਅਠਾਰਾਂ ਖੂਹਣੀਆਂ ਤਦੋਂ ਖਪਾਈਆਂ,
ਮਾਰਨ ਭਾਈ ਸਕਿਆਂ ਭਾਈਆਂ, ਕੀ ਓਥੇ ਨਿਆਂ ਨਿਤਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਨਮਰੂਦ ਨੇ ਵੀ ਖੁਦਾ ਸਦਾਇਆ, ਉਸ ਨੇ ਰੱਬ ਨੂੰ ਤੀਰ ਚਲਾਇਆ,
ਮੱਛਰ ਤੋਂ ਨਮਰੂਦ ਮਰਵਾਇਆ, ਕਾਰੂੰ ਜ਼ਮੀਂ ਨਿਘਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਫਿਰਔਨ ਨੇ ਜਦੋਂ ਖ਼ੁਦਾ ਕਹਾਇਆ, ਨੀਲ ਨਦੀ ਦੇ ਵਿਚ ਆਇਆ,
ਓਸੇ ਨਾਲ ਅਸ਼ਟੰਡ ਜਗਾਇਆ, ਖੁਦੀਓਂ ਕਰ ਤਦ ਮਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਲੰਕਾ ਚੜ੍ਹ ਕੇ ਨਾਦ ਬਜਾਇਓ, ਲੰਕਾ ਰਾਮ ਕੋਲੋਂ ਲੁਟਵਾਇਓ,
ਹਰਨਾਕਸ਼ ਕਿੱਤਾ ਬਹਿਸ਼ਤ ਬਨਾਇਓ, ਉਹ ਵਿਚ ਦਰਵਾਜ਼ੇ ਮਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਸੀਤਾ ਦੈਹਸਰ ਲਈ ਬੇਚਾਰੀ, ਤਦ ਹਨੂਵੰਤ ਨੇ ਲੰਕਾ ਸਾੜੀ,
ਰਾਵਣ ਦੀ ਸਭ ਢਾਹ ਅਟਾਰੀ, ਓੜਕ ਰਾਵਣ ਮਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਗੋਪੀਆਂ ਨਾਲ ਕੀ ਚੱਜ ਕਮਾਇਆ, ਮੱਖਣ ਕਾਨ੍ਹ ਤੋਂ ਲੁਟਵਾਇਆ,
ਰਾਜੇ ਕੰਸ ਨੂੰ ਪਕੜ ਮੰਗਾਇਆ, ਬੋਦੀਉਂ ਪਕੜ ਪਛਾੜਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਆਪੇ ਚਾ ਇਮਾਮ ਬਣਾਇਆ, ਉਸ ਦੇ ਨਾਲ ਯਜ਼ੀਦ ਲੜਾਇਆ,
ਚੌਧੀਂ ਤਬਕੀਂ ਸ਼ੋਰ ਮਚਾਇਆ, ਸਿਰ ਨੇਜ਼ੇ ‘ਤੇ ਚਾੜ੍ਹਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਮੁਗ਼ਲਾਂ ਜ਼ਹਿਰ ਪਿਆਲੇ ਪੀਤੇ, ਭੂਰੀਆਂ ਵਾਲੇ ਰਾਜੇ ਕੀਤੇ,
ਸਭ ਅਸਰਫ਼ ਫਿਰਨ ਚੁੱਪ ਕੀਤੇ, ਭਲਾ ਉਹਨਾਂ ਨੂੰ ਝਾੜਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
ਬੁੱਲ੍ਹਾ ਸ਼ਾਹ ਫਕੀਰ ਵਿਚਾਰਾ, ਕਰ ਕਰ ਚਲਿਆ ਕੂਚ ਨਗਾਰਾ,
ਰੌਸ਼ਨ ਜੱਗ ਵਿਚ ਨਾਮ ਹਮਾਰਾ, ਨੂਹੋਂ ਸਰਜ ਉਤਾਰਿਆ ਈ ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ ।
- ਰੈਣ ਗਈ ਲਟਕੇ (ਲੁੜਕੇ) ਸਭ ਤਾਰੇ
ਰੈਣ ਗਈ ਲਟਕੇ (ਲੁੜਕੇ) ਸਭ ਤਾਰੇ,
ਅਬ ਤੋ ਜਾਗ ਮੁਸਾਫ਼ਰ ਪਿਆਰੇ ।
ਆਵਾਗੌਣ ਸਰਾਈਂ ਡੇਰੇ, ਸਾਥ ਤਿਆਰ ਮੁਸਾਫਰ ਤੇਰੇ,
ਤੈਂ ਨਾ ਸੁਣਿਉ ਕੂਚ ਨਗਾਰੇ, ਅਬ ਤੋ ਜਾਗ ਮੁਸਾਫ਼ਰ ਪਿਆਰੇ ।
ਕਰ ਲੈ ਅੱਜ ਕਰਨੀ ਦਾ ਬੇਰਾ, ਬਹੁੜ ਨਾ ਹੋਸੀ ਆਵਣ ਤੇਰਾ,
ਸਾਥੀ ਚਲੋ ਚੱਲ ਪੁਕਾਰੇ, ਅਬ ਤੋ ਜਾਗ ਮੁਸਾਫ਼ਰ ਪਿਆਰੇ ।
ਕਿਆ ਸਰਧਨ ਕਿਆ ਨਿਰਧਨ ਪੌੜੇ, ਆਪਣੇ ਆਪਣੇ ਦੇਸ਼ ਕੋ ਦੌੜੇ,
ਲੱਧਾ ਨਾਮ ਲੈ ਲਿਓ ਸਭਾਰੇ, ਅਬ ਤੋ ਜਾਗ ਮੁਸਾਫ਼ਰ ਪਿਆਰੇ ।
ਮੋਤੀ ਚੂਨੀ ਪਾਰਸ ਪਾਸੇ, ਪਾਸ ਸਮੁੰਦਰ ਮਰੋ ਪਿਆਸੇ,
ਖੋਲ੍ਹ ਅੱਖੀਂ ਉੱਠ ਬਹੁ ਭਿਕਾਰੇ, ਅਬ ਤੋ ਜਾਗ ਮੁਸਾਫ਼ਰ ਪਿਆਰੇ ।
ਬੁੱਲ੍ਹਿਆ ਸ਼ੌਹ ਦੀ ਪੈਰੀਂ ਪੜੀਏ, ਗ਼ਫ਼ਲਤ ਛੋੜ ਕੁਝ ਹੀਲਾ ਕਰੀਏ,
ਮਿਰਗ ਜਤਨ ਬਿਨ ਖੇਤ ਉਜਾੜੇ, ਅਬ ਤੋ ਜਾਗ ਮੁਸਾਫ਼ਰ ਪਿਆਰੇ ।
ਰੈਣ ਗਈ ਲਟਕੇ (ਲੁੜਕੇ) ਸਭ ਤਾਰੇ,
ਅਬ ਤੋ ਜਾਗ ਮੁਸਾਫ਼ਰ ਪਿਆਰੇ ।
- ਰਾਂਝਾ ਜੋਗੀੜਾ ਬਣ ਆਇਆ
ਰਾਂਝਾ ਜੋਗੀੜਾ ਬਣ ਆਇਆ ।
ਵਾਹ ਸਾਂਗੀ ਸਾਂਗ ਰਚਾਇਆ ।
ਏਸ ਜੋਗੀ ਦੇ ਨੈਣ ਕਟੋਰੇ, ਬਾਜ਼ਾਂ ਵਾਂਙੂ ਲੈਂਦੇ ਡੋਰੇ,
ਮੁੱਖ ਡਿਠਿਆਂ ਦੁੱਖ ਜਾਵਣ ਝੋਰੇ, ਇਨ੍ਹਾਂ ਅੱਖੀਆਂ ਲਾਲ ਵੰਜਾਇਆ ।
ਰਾਂਝਾ ਜੋਗੀੜਾ ਬਣ ਆਇਆ ।
ਏਸ ਜੋਗੀ ਦੀ ਕੀ ਨਿਸ਼ਾਨੀ, ਕੰਨ ਵਿਚ ਮੁੰਦਰਾਂ ਗਲ ਵਿਚ ਗਾਨੀ,
ਸੂਰਤ ਇਸ ਦੀ ਯੂਸਫ਼ ਸਾਨੀ, ਏਸ ਅਲਫ਼ੋਂ ਆਹਦ ਬਣਾਇਆ ।
ਰਾਂਝਾ ਜੋਗੀੜਾ ਬਣ ਆਇਆ ।
ਰਾਂਝਾ ਜੋਗੀ ਤੇ ਮੈਂ ਜੋਗਿਆਨੀ, ਇਸ ਦੀ ਖਾਤਰ ਭਰਸਾਂ ਪਾਣੀ,
ਏਵੇਂ ਪਿਛਲੀ ਉਮਰ ਵਿਹਾਣੀ, ਏਸ ਹੁਣ ਮੈਨੂੰ ਭਰਮਾਇਆ ।
ਰਾਂਝਾ ਜੋਗੀੜਾ ਬਣ ਆਇਆ ।
ਬੁੱਲ੍ਹਾ ਸ਼ਹੁ ਦੀ ਇਹ ਗਤ ਬਣਾਈ, ਪ੍ਰੀਤ ਪੁਰਾਣੀ ਸ਼ੋਰ ਮਚਾਈ,
ਇਹ ਗੱਲ ਕੀਕੂੰ ਛੁਪੇ ਛੁਪਾਈ, ਨੀ ਤਖ਼ਤ ਹਜ਼ਾਰਿਉਂ ਧਾਇਆ ।
ਰਾਂਝਾ ਜੋਗੀੜਾ ਬਣ ਆਇਆ ।
ਵਾਹ ਸਾਂਗੀ ਸਾਂਗ ਰਚਾਇਆ ।
- ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ ।
ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ, ਹੋਰ ਖ਼ਿਆਲ ਨਾ ਕੋਈ ।
ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲਜੋਈ ।
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ।
ਹੱਥ ਖੂੰਡੀ ਮੇਰੇ ਅੱਗੇ ਮੰਗੂ, ਮੋਢੇ ਭੂਰਾ ਲੋਈ ।
ਬੁੱਲ੍ਹਾ ਹੀਰ ਸਲੇਟੀ ਵੇਖੋ, ਕਿੱਥੇ ਜਾ ਖਲੋਈ ।
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ ।
- ਰੋਜ਼ੇ ਹੱਜ ਨਿਮਾਜ਼ ਨੀ ਮਾਏ
ਰੋਜ਼ੇ ਹੱਜ ਨਿਮਾਜ਼ ਨੀ ਮਾਏ,
ਮੈਨੂੰ ਪੀਆ ਨੇ ਆਣ ਭੁਲਾਏ ।
ਜਾਂ ਪੀਆ ਦੀਆਂ ਖ਼ਬਰਾਂ ਆਈਆਂ, ਮੰਤਕ ਨਹਿਵ ਸੱਭੇ ਭੁੱਲ ਗਈਆਂ,
ਉਸ ਅਨਹਦ ਤਾਰ ਵਜਾਏ, ਰੋਜ਼ੇ ਹੱਜ ਨਿਮਾਜ਼ ਨੀ ਮਾਏ ।
ਜਾਂ ਪੀਆ ਮੇਰੇ ਘਰ ਆਇਆ, ਭੁੱਲ ਗਿਆ ਮੈਨੂੰ ਸ਼ਰ੍ਹਾ ਵਕਾਇਆ,
ਹਰ ਮੁਜ਼ਹਰ ਵਿਚ ਊਹਾ ਦਿਸਦਾ, ਅੰਦਰ ਬਾਹਰ ਜਲਵਾ ਜਿਸਦਾ,
ਲੋਕਾਂ ਖਬਰ ਨਾ ਕਾਏ, ਰੋਜ਼ੇ ਹੱਜ ਨਿਮਾਜ਼ ਨੀ ਮਾਏ ।
- ਸਭ ਇਕੋ ਰੰਗ ਕਪਾਹੀਂ ਦਾ
ਤਾਣੀ ਤਾਣਾ ਪੇਟਾ ਨਲੀਆਂ, ਪੀਠ ਨੜਾ ਤੇ ਛੱਬਾਂ ਛੱਲੀਆਂ,
ਆਪੋ ਆਪਣੇ ਨਾਮ ਜਿਤਾਵਣ, ਵੱਖੋ ਵੱਖੀ ਜਾਹੀ ਦਾ ।
ਸਭ ਇਕੋ ਰੰਗ ਕਪਾਹੀਂ ਦਾ ।
ਚੌਂਜੀ ਪੈਂਜੀ ਖੱਦਰ ਧੂਤਰ, ਮਲਮਲ ਖ਼ਾਸਾ ਇੱਕਾ ਸੂਤਰ,
ਪੂਣੀ ਵਿਚੋਂ ਬਾਹਰ ਆਵੇ, ਭਗਵਾ ਭੇਸ ਗੋਸਾਈਂ ਦਾ ।
ਸਭ ਇਕੋ ਰੰਗ ਕਪਾਹੀਂ ਦਾ ।
ਕੁੜੀਆਂ ਹੱਥੀਂ ਛਾਪਾਂ ਛੱਲੇ, ਆਪੋ ਆਪੇ ਨਾਮ ਸਵੱਲੇ,
ਸੱਭਾ ਹਿੱਕਾ ਚਾਂਦੀ ਆਖੋ, ਕੰਙਣ ਚੂੜਾ ਬਾਹੀਂ ਦਾ ।
ਸਭ ਇਕੋ ਰੰਗ ਕਪਾਹੀਂ ਦਾ ।
ਭੇਡਾਂ ਬੱਕਰੀਆਂ ਚਾਰਨ ਵਾਲਾ, ਉਠ ਮੱਝੀਆਂ ਦਾ ਕਰੇ ਸੰਭਾਲਾ,
ਰੂੜੀ ਉਤੇ ਗੱਦੋ ਚਾਰੇ, ਉਹ ਭੀ ਵਾਗੀ ਗਾਂਈਂ ਦਾ ।
ਸਭ ਇਕੋ ਰੰਗ ਕਪਾਹੀਂ ਦਾ ।
ਬੁੱਲ੍ਹਾ ਸ਼ਹੁ ਦੀ ਜ਼ਾਤ ਕੀ ਪੁਛਨੈਂ, ਸ਼ਾਕਰ ਹੋ ਰਜ਼ਾਈ ਦਾ,
ਜੇ ਤੂੰ ਲੋੜੇਂ ਬਾਗ਼ ਬਹਾਰਾਂ, ਚਾਕਰ ਰਹੁ ਅਰਾਈਂ ਦਾ ।
ਸਭ ਇਕੋ ਰੰਗ ਕਪਾਹੀਂ ਦਾ ।
- ਸਦਾ ਮੈਂ ਸਾਹਵਰਿਆਂ ਘਰ ਜਾਣਾ
ਸਦਾ ਮੈਂ ਸਾਹਵਰਿਆਂ ਘਰ ਜਾਣਾ,
ਨੀ ਮਿਲ ਲਓ ਸਹੇਲੜੀਓ ।
ਤੁਸਾਂ ਵੀ ਹੋਸੀ ਅੱਲ੍ਹਾ ਭਾਣਾ, ਨੀ ਮਿਲ ਲਓ ਸਹੇਲੜੀਓ ।
ਰੰਗ ਬਰੰਗੀ ਸੂਲ ਉਪੱਠੇ, ਚੰਬੜ ਜਾਵਣ ਮੈਨੂੰ ।
ਦੁੱਖ ਅਗਲੇ ਮੈਂ ਨਾਲ ਲੈ ਜਾਵਾਂ, ਪਿਛਲੇ ਸੌਂਪਾਂ ਕਿਹਨੂੰ ।
ਇਕ ਵਿਛੋੜਾ ਸਈਆਂ ਦਾ, ਜਿਉਂ ਡਾਰੋਂ ਕੂੰਜ ਵਿਛੁੰਨੀ ।
ਮਾਪਿਆਂ ਮੈਨੂੰ ਇਹ ਕੁਝ ਦਿੱਤਾ, ਇਕ ਚੋਲੀ ਇਕ ਚੁੰਨੀ ।
ਦਾਜ ਇਨ੍ਹਾਂ ਦਾ ਵੇਖ ਕੇ ਹੁਣ ਮੈਂ, ਹੰਝੂ ਭਰ ਭਰ ਰੁੰਨੀ ।
ਸੱਸ ਨਨਾਣਾਂ ਦੇਵਣ ਤਾਹਨੇ, ਮੁਸ਼ਕਲ ਭਾਰੀ ਪੁੰਨੀ ।
ਬੁੱਲ੍ਹਾ ਸ਼ੌਹ ਸੱਤਾਰ ਸੁਣੀਂਦਾ, ਇਕ ਵੇਲਾ ਟਲ ਜਾਵੇ ।
ਅਦਲ ਕਰੇ ਤਾਂ ਜਾਹ ਨਾ ਕਾਈ, ਫ਼ਜ਼ਲੋਂ ਬਖਰਾ ਪਾਵੇ ।
ਸਦਾ ਮੈਂ ਸਾਹਵਰਿਆਂ ਘਰ ਜਾਣਾ,
ਨੀ ਮਿਲ ਲਓ ਸਹੇਲੜੀਓ ।
- ਸਾਡੇ ਵੱਲ ਮੁੱਖੜਾ ਮੋੜ ਵੇ ਪਿਆਰਿਆ
ਸਾਡੇ ਵੱਲ ਮੁੱਖੜਾ ਮੋੜ ਵੇ ਪਿਆਰਿਆ,
ਸਾਡੇ ਵੱਲ ਮੁੱਖੜਾ ਮੋੜ ।
ਆਪੇ ਲਾਈਆਂ ਕੁੰਡੀਆਂ ਤੈਂ, ਤੇ ਆਪੇ ਖਿੱਚਦਾ ਹੈਂ ਡੋਰ ।
ਸਾਡੇ ਵੱਲ ਮੁੱਖੜਾ ਮੋੜ ।
ਅਰਸ਼ ਕੁਰਸੀ ਤੇ ਬਾਂਗਾਂ ਮਿਲੀਆਂ, ਮੱਕੇ ਪੈ ਗਿਆ ਸ਼ੋਰ ।
ਸਾਡੇ ਵੱਲ ਮੁੱਖੜਾ ਮੋੜ ।
ਡੋਲੀ ਪਾ ਕੇ ਲੈ ਚੱਲੇ ਖੇੜੇ, ਨਾ ਕੁਝ ਉਜ਼ਰ ਨਾ ਜ਼ੋਰ ।
ਸਾਡੇ ਵੱਲ ਮੁੱਖੜਾ ਮੋੜ ।
ਜੇ ਮਾਏ ਤੈਨੂੰ ਖੇੜੇ ਪਿਆਰੇ, ਡੋਲੀ ਪਾ ਦੇਵੀਂ ਹੋਰ ।
ਸਾਡੇ ਵੱਲ ਮੁੱਖੜਾ ਮੋੜ ।
ਬੁੱਲ੍ਹਾ ਸ਼ੌਹ ਅਸਾਂ ਮਰਨਾ ਨਾਹੀਂ, ਵੇ ਮਰ ਗਿਆ ਕੋਈ ਹੋਰ ।
ਸਾਡੇ ਵੱਲ ਮੁੱਖੜਾ ਮੋੜ ।
- ਸਾਈਂ ਛੁਪ ਤਮਾਸ਼ੇ ਨੂੰ ਆਇਆ
ਸਾਈਂ ਛੁਪ ਤਮਾਸ਼ੇ ਨੂੰ ਆਇਆ,
ਤੁਸੀਂ ਰਲ ਮਿਲ ਨਾਮ ਧਿਆਓ ।
ਲਟਕ ਸਜਨ ਦੀ ਨਾਹੀਂ ਛਪਦੀ, ਸਾਰੀ ਖ਼ਲਕਤ ਸਿੱਕਦੀ ਤੱਪਦੀ,
ਤੁਸੀਂ ਦੂਰ ਨਾ ਢੂੰਡਣ ਜਾਓ, ਤੁਸੀਂ ਰਲ ਮਿਲ ਨਾਮ ਧਿਆਓ ।
ਰਲ ਮਿਲ ਸਈਓ ਅਤਣ ਪਾਓ, ਇਕ ਬੰਨੇ ਵਿਚ ਜਾ ਸਮਾਓ,
ਨਾਲੇ ਗੀਤ ਸੱਜਣ ਦਾ ਗਾਓ, ਤੁਸੀਂ ਰਲ ਮਿਲ ਨਾਮ ਧਿਆਓ ।
ਬੁੱਲ੍ਹਾ ਬਾਤ ਅਨੋਖੀ ਏਹਾ, ਨੱਚਣ ਲੱਗੀ ਤਾਂ ਘੁੰਘਟ ਕੇਹਾ,
ਤੁਸੀਂ ਪਰਦਾ ਅੱਖੀਂ ਥੀਂ ਲਾਹੋ, ਤੁਸੀਂ ਰਲ ਮਿਲ ਨਾਮ ਧਿਆਓ ।
- ਸੱਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀ ਦਾ
ਦੁੱਖਾਂ ਸੁੱਖਾਂ ਕੀਤਾ ਏਕਾ, ਨਾ ਕੋਈ ਸਹੁਰਾ ਨਾ ਕੋਈ ਪੇਕਾ,
ਦਰਦ ਵਿਹੂਣੀ ਪਈ ਦਰ ਤੇਰੇ, ਤੂੰ ਹੈਂ ਦਰਦ ਰੰਜਾਣੀ ਦਾ ।
ਸੱਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀ ਦਾ ।
ਕੱਢ ਕਲੇਜਾ ਕਰਨੀ ਆਂ ਬੇਰੇ, ਇਹ ਭੀ ਲਾਇਕ ਨਾਹੀਂ ਤੇਰੇ,
ਹੋਰ ਤੌਫੀਕ ਨਹੀਂ ਵਿਚ ਮੇਰੇ, ਪੀਉ ਕਟੋਰਾ ਪਾਣੀ ਦਾ ।
ਸੱਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀ ਦਾ ।
ਹੁਣ ਕਿਉਂ ਰੋਂਦੇ ਨੈਣ ਨਿਰਾਸੇ, ਆਪੇ ਓੜਕ ਫਾਹੀ ਫਾਸੇ,
ਹੁਣ ਤਾਂ ਛੁੱਟਣ ਔਖਾ ਹੋਇਆ, ਚਾਰਾ ਨਹੀਂ ਨਿਮਾਣੀ ਦਾ ।
ਸੱਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀ ਦਾ ।
ਬੁੱਲ੍ਹਾ ਸ਼ਹੁ ਪਿਆ ਹੁਣ ਗੱਜੇ, ਇਸ਼ਕ ਦਮਾਮੇ ਸਿਰ ‘ਤੇ ਵੱਜੇ,
ਚਾਰ ਦਿਹਾੜੇ ਗੋਇਲ ਵਾਸਾ, ਓੜਕ ਕੂੜ ਬਖਾਣੀ ਦਾ ।
ਸੱਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀ ਦਾ ।
- ਸਾਨੂੰ ਆ ਮਿਲ ਯਾਰ ਪਿਆਰਿਆ
ਦੂਰ ਦੂਰ ਅਸਾਥੋਂ ਗਿਉਂ, ਅਜਲਾ (ਅਰਸ਼ਾਂ) ਤੇ ਆ ਕੇ ਬਹਿ ਰਹਿਉਂ,
ਕੀ ਕਸਰ ਕਸੂਰ ਵਿਸਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ ।
ਮੇਰਾ ਇਕ ਅਨੋਖਾ ਯਾਰ ਹੈ, ਮੇਰਾ ਓਸੇ ਨਾਲ ਪਿਆਰ ਹੈ,
ਕਿਵੇਂ ਸਮਝੇਂ ਵਡ ਪਰਵਾਇਆ, ਸਾਨੂੰ ਆ ਮਿਲ ਯਾਰ ਪਿਆਰਿਆ ।
ਜਦੋਂ ਆਪਣੀ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ,
ਮੂੰਹ ਬਾਹਰਵੀਂ ਸਦੀ ਪਸਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ ।
ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ,
ਡਰ ਹਾਵੀਏ ਦੋਜ਼ਖ ਮਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ ।
ਬੁੱਲ੍ਹਾ ਸ਼ਹੁ ਮੇਰੇ ਘਰ ਆਵਸੀ, ਮੇਰੀ ਬਲਦੀ ਭਾ ਬੁਝਾਵਸੀ,
ਇਨਾਇਤ ਦਮਦਮ ਨਾਲ ਚਿਤਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ ।
- ਸਈਓ ਹੁਣ ਮੈਂ ਸਾਜਨ ਪਾਇਉ ਈ
ਸਈਓ ਹੁਣ ਮੈਂ ਸਾਜਨ ਪਾਇਉ ਈ ।
ਹਰਿ ਹਰ ਦੇ ਵਿੱਚ ਸਮਾਇਉ ਈ ।
ਅਨਾਅਹਦ ਦਾ ਗੀਤ ਸੁਣਾਇਉ,
ਅਨਾ ਅਹਿਮਦ ਹੂੰ ਫਿਰ ਫਰਮਾਇਉ,
ਅਨਾਅਰਬ ਬੇ ਐਨ ਬਤਾਇਉ,
ਫਿਰ ਨਾਮ ਰਸੂਲ ਧਰਾਇਉ ਈ ।
ਸਈਓ ਹੁਣ ਮੈਂ ਸਾਜਨ ਪਾਇਉ ਈ ।
ਫਸੁਮਾਵਜਉਲ ਅੱਲ੍ਹਾਹੂ ਨੂਰ ਤੇਰਾ,
ਹਰ ਹਰ ਕੇ ਬੀਚ ਜ਼ਹੂਰ ਤੇਰਾ,
ਹੈ ਅਲਇਨਸਾਨ ਮਜ਼ਕੂਰ ਤੇਰਾ,
ਏਥੇ ਆਪਣਾ ਸਿੱਰ ਲੋਕਾਇਉ ਈ ।
ਸਈਓ ਹੁਣ ਮੈਂ ਸਾਜਨ ਪਾਇਉ ਈ ।
ਤੂੰ ਆਇਉਂ ਤੇ ਮੈਂ ਨਾ ਆਈ,
ਗੰਜ ਮਖ਼ਫ਼ੀ ਦੀ ਤੈਂ ਮੁਰਲੀ ਬਜਾਈ,
ਆਖ ਅਲੱਸਤ ਗਵਾਹੀ ਚਾਹੀ,
ਓਥੇ ਕਾਲਾਬੂਲਾ ਸੁਣਾਇਓ ਈ ।
ਸਈਓ ਹੁਣ ਮੈਂ ਸਾਜਨ ਪਾਇਉ ਈ ।
ਪਰਗਟ ਹੋ ਕਰ ਨੂਰ ਸਦਾਇਉ,
ਅਹਿਮਦ ਤੋਂ ਮੌਜੂਦ ਕਰਾਇਉ,
ਨਾਬੂਦੋਂ ਕਰ ਬੂਦ ਦਿਖਲਾਇਉ,
ਫ਼ਨਫ਼ਖ਼ਤੋਫ਼ੀ ਹੀ ਸੁਣਾਇਉ ਈ ।
ਸਈਓ ਹੁਣ ਮੈਂ ਸਾਜਨ ਪਾਇਉ ਈ ।
ਨਾਹਨਅਕਰਬ ਲਿਖ ਦਿੱਤੋਈ,
ਹੂਵਾਮਅਕੁਮ ਸਬਕ ਦਿੱਤੋਈ,
ਵਫ਼ੀਅਨਫ਼ੁਸਕੁਮ ਹੁਕਮ ਕੀਤੋਈ,
ਫਿਰ ਕੇਹਾ ਘੁੰਘਟ ਪਾਇਉ ਈ ।
ਸਈਓ ਹੁਣ ਮੈਂ ਸਾਜਨ ਪਾਇਉ ਈ ।
ਭਰ ਕੇ ਵਹਦਤ ਜਾਮ ਪਿਲਾਇਉ,
ਮਨਸੂਰ ਨੂੰ ਮਸਤ ਕਰਾਇਉ,
ਉਸ ਤੋਂ ਅਨੁਲਹੱਕ ਆਪ ਕਹਾਇਉ,
ਫਿਰ ਸੂਲੀ ਪਕੜ ਚੜ੍ਹਾਇਉ ਈ ।
ਸਈਓ ਹੁਣ ਮੈਂ ਸਾਜਨ ਪਾਇਉ ਈ ।
ਘੁੰਘਟ ਖੋਲ੍ਹ ਜਮਾਲ ਵਿਖਾਇਆ,
ਸ਼ੈਖ ਜੁਨੈਦ ਕਮਾਲ ਸਦਾਇਆ,
ਲੈਸ਼ਾਫ਼ੀਜੰਨੇਤੀ ਹਾਲ ਬਣਾਇਆ,
ਅਸ਼ਰਫ ਇਨਸਾਨ ਬਣਾਇਉ ਈ ।
ਸਈਓ ਹੁਣ ਮੈਂ ਸਾਜਨ ਪਾਇਉ ਈ ।
ਵਲਕਦਕਰਮਨਾ ਯਾਦ ਕਰਾਇਉ,
ਲਾ ਇੱਲਾਹਾ ਦਾ ਪਰਦਾ ਲਾਇਉ,
ਇੱਲਅੱਲ੍ਹਾਹੂ ਕਹੋ ਝਾਤੀ ਪਾਇਉ,
ਫਿਰ ਬੁੱਲ੍ਹਾ (ਭੁੱਲਾ) ਨਾਮ ਧਰਾਇਉ ਈ ।
ਸਈਓ ਹੁਣ ਮੈਂ ਸਾਜਨ ਪਾਇਉ ਈ ।
ਹਰਿ ਹਰ ਦੇ ਵਿੱਚ ਸਮਾਇਉ ਈ ।
- ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ
ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ ।
ਲਾਲਾਂ ਦਾ ਉਹ ਵਣਜ ਕਰੇਂਦੇ, ਹੋਕਾ ਆਖ ਸੁਣਾਏ ।
ਲਾਲ ਨੇ ਗਹਿਣੇ ਸੋਨੇ ਸਾਥੀ, ਮਾਏ ਨਾਲ ਲੈ ਜਾਵਾਂ,
ਸੁਣਿਆ ਹੋਕਾ ਮੈਂ ਦਿਲ ਗੁਜ਼ਰੀ, ਮੈਂ ਭੀ ਲਾਲ ਲਿਆਵਾਂ,
ਇਕ ਨਾ ਇਕ ਕੰਨਾਂ ਵਿਚ ਪਾ ਕੇ, ਲੋਕਾਂ ਨੂੰ ਦਿਖਲਾਵਾਂ,
ਲੋਕ ਜਾਨਣ ਇਹ ਲਾਲਾਂ ਵਾਲੇ, ਲਈਆਂ ਮੈਂ ਭਰਮਾਏ ।
ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ ।
ਓੜਕ ਜਾ ਖਲੋਤੀ ਉਹਨਾਂ ਤੇ, ਮੈਂ ਮਨੋਂ ਸਧਰਾਈਆਂ,
ਭਾਈ ਵੇ ਲਾਲਾਂ ਵਾਲਿਉ ਮੈਂਂ ਵੀ ਲਾਲ ਲੇਵਣ ਨੂੰ ਆਈਆਂ,
ਉਹਨਾਂ ਭਰੇ ਸੰਦੂਕ ਵਿਖਾਲੇ, ਮੈਨੂੰ ਰੀਝਾਂ ਆਈਆਂ,
ਵੇਖੇ ਲਾਲ ਸੁਹਾਨੇ ਸਾਰੇ, ਇਕ ਤੋਂ ਇਕ ਸਵਾਏ ।
ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ ।
ਭਾਈ ਵੇ ਲਾਲਾਂ ਵਾਲਿਆ ਵੀਰਾ ਇਨ੍ਹਾਂ ਦਾ ਮੁੱਲ ਦਸਾਈਂ,
ਜੇ ਤੂੰ ਆਈ ਹੈਂ ਲਾਲ ਖਰੀਦਣ, ਧੜ ਤੋਂ ਸੀਸ ਲਹਾਈਂ,
ਡਮ੍ਹ ਕਦੀ ਸੂਈ ਦਾ ਨਾ ਸਹਿਆ, ਸਿਰ ਕਿਥੋਂ ਦਿਤਾ ਜਾਈ,
ਲਾਜ਼ਮ ਹੋ ਕੇ ਮੁੜ ਘਰ ਆਈ, ਪੁੱਛਣ ਗਵਾਂਢੀ ਆਏ ।
ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ ।
ਤੂੰ ਜੋ ਗਈ ਸੈਂ ਲਾਲ ਖ਼ਰੀਦਣ, ਉੱਚੀ ਅੱਡੀ ਚਾਈ ਨੀ,
ਕਿਹੜਾ ਮੁਹਰਾ ਓਥੋਂ ਰੰਨੇ, ਤੂੰ ਲੈ ਕੇ ਘਰ ਆਈ ਨੀ,
ਲਾਲ ਸੀ ਭਾਰੇ ਮੈਂ ਸਾਂ ਹਲਕੀ, ਖਾਲੀ ਕੰਨੀ ਸਾਈ ਨੀ,
ਭਾਰਾ ਲਾਲ ਅਨਮੁੱਲਾ ਓਥੋਂ, ਮੈਥੋਂ ਚੁਕਿਆ ਨਾ ਜਾਏ ।
ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ ।
ਕੱਚੀ ਕੱਚ ਵਿਹਾਜਣ ਜਾਣਾਂ, ਲਾਲ ਵਿਹਾਜਣ ਚੱਲੀ,
ਪੱਲੇ ਖਰਚ ਨਾ ਸਾਖ ਨਾ ਕਾਈ, ਹੱਥੋਂ ਹਾਰਨ ਚੱਲੀ,
ਮੈਂ ਮੋਟੀ ਮੁਸਟੰਡੀ ਦਿੱਸਾਂ, ਲਾਲ ਨੂੰ ਚਾਰਨ ਚੱਲੀ,
ਜਿਸ ਸ਼ਾਹ ਨੇ ਮੁੱਲ ਲੈ ਕੇ ਦੇਣਾ, ਸੋ ਸ਼ਾਹ ਮੂੰਹ ਨਾ ਲਾਏ ।
ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ ।
ਗਲੀਆਂ ਦੇ ਵਿਚ ਫਿਰੇਂ ਦੀਵਾਨੀ, ਨੀ ਕੁੜੀਏ ਮੁਟਿਆਰੇ,
ਲਾਲ ਚੁਗੇਂਦੀ ਨਾਜ਼ਕ ਹੋਈ, ਇਹ ਗੱਲ ਕੌਣ ਨਿਤਾਰੇ,
ਜਾ ਮੈਂ ਮੁੱਲ ਓਨ੍ਹਾਂ ਨੂੰ ਪੁੱਛਿਆ, ਮੁੱਲ ਕਰਨ ਉਹ ਭਾਰੇ,
ਡਮ੍ਹ ਸੂਈ ਦਾ ਕਦੇ ਨਾ ਖਾਧਾ, ਉਹ ਆਖਣ ਸਿਰ ਵਾਰੇ,
ਜਿਹੜੀਆਂ ਗਈਆਂ ਲਾਲ ਵਿਹਾਜਣ, ਉਹਨਾਂ ਸੀਸ ਲੁਹਾਏ ।
ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ ।
ਲਾਲਾਂ ਦਾ ਉਹ ਵਣਜ ਕਰੇਂਦੇ, ਹੋਕਾ ਆਖ ਸੁਣਾਏ ।
- ਸੁਨੋ ਤੁਮ ਇਸ਼ਕ ਕੀ ਬਾਜ਼ੀ, ਮਲਾਇਕ ਹੈ ਕਹਾਂ ਰਾਜ਼ੀ
ਸੁਨੋ ਤੁਮ ਇਸ਼ਕ ਕੀ ਬਾਜ਼ੀ, ਮਲਾਇਕ ਹੈ ਕਹਾਂ ਰਾਜ਼ੀ,
ਯਹਾਂ ਬਿਰਹੋਂ ਪਰ ਹੈ ਗਾਜ਼ੀ, ਵੇਖਾਂ ਫਿਰ ਕੌਣ ਹਾਰੇਗਾ ।
ਸਾਜਨ ਕੀ ਭਾਲ ਹੁਣ ਹੋਈ, ਮੈਂ ਲਹੂ ਨੈਣ ਭਰ ਰੋਈ,
ਨੱਚੇ ਹਮ ਲਾਹ ਕਰ ਲੋਈ, ਹੈਰਤ ਕੇ ਪੱਥਰ ਮਾਰੇਗਾ ।
ਮਹੂਰਤ ਪੂਛ ਕਰ ਜਾਊਂ, ਸਾਜਨ ਕੋ ਦੇਖਨੇ ਪਾਊਂ,
ਉਸੇ ਮੈਂ ਲੇ ਗਲੇ ਲਾਊਂ, ਨਹੀਂ ਫਿਰ ਖੁਦ ਗੁਜ਼ਾਰੇਗਾ ।
ਇਸ਼ਕ ਕੀ ਤੇਗ਼ ਸੇ ਮੂਈ, ਨਹੀਂ ਵੋਹ ਜ਼ਾਤ ਕੀ ਦੂਈ,
ਔਰ ਪੀਆ ਪੀਆ ਕਰ ਮੂਈ, ਮੋਇਆਂ ਵਿਚ ਰੂਹ ਚਿਤਾਰੇਗਾ ।
ਸਾਜਨ ਕੀ ਭਾਲ ਸਰ ਦੀਆ, ਲਹੂ ਮਧ ਅਪਨਾ ਪੀਆ,
ਕਫ਼ਨ ਬਾਹੋਂ ਸੇ ਸੀ ਲੀਆ, ਲਹਦ ਮੇਂ ਪਾ ਉਤਾਰੇਗਾ ।
ਬੁੱਲ੍ਹਾ ਸ਼ਹੁ ਇਸ਼ਕ ਹੈ ਤੇਰਾ, ਉਸੀ ਨੇ ਜੀ ਲੀਆ ਮੇਰਾ,
ਮੇਰੇ ਘਰ ਬਾਰ ਕਰ ਫੇਰਾ, ਵੇਖਾਂ ਸਿਰ ਕੌਣ ਵਾਰੇਗਾ ।
- ਤੈਂ ਕਿਤ ਪਰ ਪਾਉਂ ਪਸਾਰਾ ਏ
ਤੈਂ ਕਿਤ ਪਰ ਪਾਉਂ ਪਸਾਰਾ ਏ ।
ਕੋਈ ਦਮ ਕਾ ਅਥਾਂ ਗੁਜ਼ਾਰਾ ਏ ।
ਇਕ ਪਲਕ ਝਲਕ ਦਾ ਮੇਲਾ ਏ, ਕੁਝ ਕਰ ਲੈ ਇਹੋ ਵੇਲਾ ਏ,
ਇਕ ਘੜੀ ਗ਼ਨੀਮਤ ਦਿਹਾੜਾ ਏ, ਤੈਂ ਕਿਤ ਪਰ ਪਾਉਂ ਪਸਾਰਾ ਏ ।
ਇਕ ਰਾਤ ਸਰਾਂ ਦਾ ਰਹਿਣਾ ਏ, ਏਥੇ ਆ ਕਰ ਫੁੱਲ ਨਾ ਬਹਿਣਾ ਏ,
ਕੱਲ੍ਹ ਸਭ ਦਾ ਕੂਚ ਨਕਾਰਾ ਏ, ਤੈਂ ਕਿਤ ਪਰ ਪਾਉਂ ਪਸਾਰਾ ਏ ।
ਤੂੰ ਓਸ ਮਕਾਨੋਂ ਆਇਆ ਏਂ, ਏਥੇ ਆਦਮ ਬਣ ਸਮਾਇਆ ਏਂ,
ਹੁਣ ਛੱਡ ਮਜਲਸ ਕੋਈ ਕਾਰਾ ਏ, ਤੈਂ ਕਿਤ ਪਰ ਪਾਉਂ ਪਸਾਰਾ ਏ ।
ਬੁੱਲ੍ਹਾ ਸ਼ਹੁ ਇਹ ਭਰਮ ਤੁਮ੍ਹਾਰਾ ਏ, ਸਿਰ ਚੁੱਕਿਆ ਪਰਬਤ ਭਾਰਾ ਏ,
ਉਸ ਮੰਜ਼ਲ ਰਾਹ ਨਾ ਖਾਹੜਾ ਏ, ਤੈਂ ਕਿਤ ਪਰ ਪਾਉਂ ਪਸਾਰਾ ਏ ।
- ਤਾਂਘ ਮਾਹੀ ਦੀ ਜਲੀਆਂ
ਤਾਂਘ ਮਾਹੀ ਦੀ ਜਲੀਆਂ,
ਨਿੱਤ ਕਾਗ ਉਡਾਵਾਂ ਖਲੀਆਂ ।
ਕਉਡੀ ਦਮੜੇ ਪੱਲੇ ਨਾ ਕਾਈ, ਪਾਰ ਵੰਞਣ ਨੂੰ ਮੈਂ ਸਧਰਾਈ,
ਨਾਲ ਮਲਾਹਾਂ ਦੇ ਨਹੀਂ ਆਸ਼ਨਾਈ, ਝੇੜਾ ਕਰਾਂ ਵਲੱਲੀਆਂ ।
ਤਾਂਘ ਮਾਹੀ ਦੀ ਜਲੀਆਂ ।
ਨੈ ਚੰਦਲ ਦੇ ਸ਼ੋਰ ਕਿਨਾਰੇ, ਘੁੰਮਣ ਘੇਰ ਵਿਚ ਠਾਠਾਂ ਮਾਰੇ,
ਡੁੱਬ ਡੁੱਬ ਮੋਏ ਭਾਰੇ, ਜੇ ਸ਼ੋਰ ਕਰਾਂ ਤਾਂ ਝੱਲੀਆਂ ।
ਤਾਂਘ ਮਾਹੀ ਦੀ ਜਲੀਆਂ ।
ਨੈ ਚੰਦਲ ਦੇ ਡੂੰਘੇ ਪਾਹੇ, ਤਾਰੂ ਗੋਤੇ ਖਾਂਦੇ ਆਹੇ,
ਮਾਹੀ ਮੁੰਡੇ ਪਾਰ ਸਿਧਾਏ, ਮੈਂ ਕੇਵਲ ਰਹੀਆਂ ਕੱਲੀਆਂ ।
ਤਾਂਘ ਮਾਹੀ ਦੀ ਜਲੀਆਂ ।
ਨੈ ਚੰਦਲ ਦੀਆਂ ਤਾਰੂ ਫਾਟਾਂ, ਖਲੀ ਉਡੀਕਾਂ ਮਾਹੀ ਦੀਆਂ ਵਾਟਾਂ,
ਇਸ਼ਕ ਮਾਹੀ ਦੇ ਲਾਈਆਂ ਚਾਟਾਂ, ਜੇ ਕੂਕਾਂ ਤਾਂ ਮੈਂ ਗਲੀਆਂ ।
ਤਾਂਘ ਮਾਹੀ ਦੀ ਜਲੀਆਂ ।
ਪਾਰ ਝਨਾਓਂ ਜੰਗਲ ਬੇਲੇ, ਓਥੇ ਖੂਨੀ ਸ਼ੇਰ ਬਘੇਲੇ,
ਝੱਬ ਰੱਬ ਮੈਨੂੰ ਮਾਹੀ ਮੇਲੇ, ਮੈਂ ਏਸ ਫਿਕਰ ਵਿਚ ਗਲੀਆਂ ।
ਤਾਂਘ ਮਾਹੀ ਦੀ ਜਲੀਆਂ ।
ਅੱਧੀ ਰਾਤ ਲਟਕਦੇ ਤਾਰੇ, ਇਕ ਲਟਕੇ ਇਕ ਲਟਕਣਹਾਰੇ,
ਮੈਂ ਉੱਠ ਆਈ ਨਦੀ ਕਿਨਾਰੇ, ਹੁਣ ਪਾਰ ਲੰਘਣ ਨੂੰ ਖਲੀਆਂ ।
ਤਾਂਘ ਮਾਹੀ ਦੀ ਜਲੀਆਂ ।
ਮੈਂ ਮਨਤਾਰੂ ਸਾਰ ਕੀ ਜਾਣਾਂ, ਵੰਝ ਚੱਪਾ ਨਾ ਤੁਲ੍ਹਾ ਪੁਰਾਣਾ,
ਘੁੰਮਣ ਘੇਰ ਨਾ ਟਾਂਗ ਟਿਕਾਣਾ, ਰੋ ਰੋ ਫਾਟਾਂ ਤਲੀਆਂ ।
ਤਾਂਘ ਮਾਹੀ ਦੀ ਜਲੀਆਂ ।
ਬੁੱਲ੍ਹਾ ਸ਼ਹੁ ਘਰ ਮੇਰੇ ਆਵੇ, ਹਾਰ ਸ਼ਿੰਗਾਰ ਮੇਰੇ ਮਨ ਭਾਵੇ,
ਮੂੰਹ ਮੁਕਟ ਮੱਥੇ ਤਿਲਕ ਲਗਾਵੇ, ਜੇ ਵੇਖੇ ਤਾਂ ਮੈਂ ਭਲੀਆਂ ।
ਤਾਂਘ ਮਾਹੀ ਦੀ ਜਲੀਆਂ,
ਨਿੱਤ ਕਾਗ ਉਡਾਵਾਂ ਖਲੀਆਂ ।
- ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ
ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਇਸ਼ਕ ਡੇਰਾ ਮੇਰੇ ਅੰਦਰ ਕੀਤਾ,
ਭਰ ਕੇ ਜ਼ਹਿਰ ਪਿਆਲਾ ਮੈਂ ਪੀਤਾ,
ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਛੁੱਪ ਗਿਆ ਸੂਰਜ ਬਾਹਰ ਰਹਿ ਗਈ ਆ ਲਾਲੀ,
ਹੋਵਾਂ ਮੈਂ ਸਦਕੇ ਮੁੜ ਜੇ ਦੇਂ ਵਿਖਾਲੀ ,
ਮੈਂ ਭੁੱਲ ਗਈਆਂ ਤੇਰੇ ਨਾਲ ਨਾ ਗਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾਂ,
ਇਹ ਸਿਰ ਆਇਆ ਏ ਮੇਰਾ ਹੇਠ ਵਦਾਣਾਂ,
ਸੱਟ ਪਈ ਇਸ਼ਕੇ ਦੀ ਤਾਂ ਕੂਕਾਂ ਦਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਏਸ ਇਸ਼ਕ ਦੇ ਕੋਲੋਂ ਸਾਨੂੰ ਹਟਕ ਨਾ ਮਾਏ,
ਲਾਹੂ (ਲਾਹੌਰ) ਜਾਂਦੜੇ ਬੇੜੇ ਮੋੜ ਕੌਣ ਹਟਾਏ,
ਮੇਰੀ ਅਕਲ ਭੁੱਲੀ ਨਾਲ ਮੁਹਾਣਿਆਂ ਦੇ ਗਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਏਸ ਇਸ਼ਕ ਦੀ ਝੰਗੀ ਵਿਚ ਮੋਰ ਬੁਲੇਂਦਾ,
ਸਾਨੂੰ ਕਾਬਾ ਤੇ ਕਿਬਲਾ ਪਿਆਰਾ ਯਾਰ ਦਸੇਂਦਾ,
ਸਾਨੂੰ ਘਾਇਲ ਕਰਕੇ ਫਿਰ ਖਬਰ ਨਾ ਲਈਆ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
ਬੁੱਲ੍ਹਾ ਸ਼ਾਹ ਇਨਾਇਤ ਦੇ ਬਹਿ ਬੂਹੇ,
ਜਿਸ ਪਹਿਨਾਏ ਸਾਨੂੰ ਸਾਵੇ ਸੂਹੇ,
ਜਾਂ ਮੈਂ ਮਾਰੀ ਉਡਾਰੀ ਮਿਲ ਪਿਆ ਵਹੀਆ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
- ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ
ਇਸ ਟੂਣੇ ਨੂੰ ਪੜ੍ਹ ਫੂਕਾਂਗੀ, ਸੂਰਜ ਅਗਨ ਜਲਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ।
ਅੱਖੀਆਂ ਕਾਜਲ ਕਾਲੇ ਬਾਦਲ, ਭਵਾਂ ਸੇ ਆਗ ਲਗਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ।
ਔਰ ਬਸਾਤ ਨਹੀਂ ਕੁਝ ਮੇਰੀ, ਜੋਬਨ ਧੜੀ ਗੁੰਦਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ।
ਸੱਤ ਸਮੁੰਦਰ ਦਿਲ ਦੇ ਅੰਦਰ, ਦਿਲ ਸੇ ਲਹਿਰ ਉਠਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ।
ਬਿਜਲੀ ਹੋ ਕਰ ਚਮਕ ਡਰਾਵਾਂ, ਮੈਂ ਬਾਦਲ ਘਿਰ ਘਿਰ ਜਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ।
ਇਸ਼ਕ ਅੰਗੀਠੀ ਹਰਮਲ ਤਾਰੇ, ਸੂਰਜ ਅਗਨ ਚੜ੍ਹਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ।
ਨਾ ਮੈਂ ਵਿਆਹੀ ਨਾ ਮੈਂ ਕਵਾਰੀ, ਬੇਟਾ ਗੋਦ ਖਿਡਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ।
ਬੁੱਲ੍ਹਾ ਲਾਮਕਾਨ ਦੀ ਪਟੜੀ ਉਤੇ, ਬਹਿਕੇ ਨਾਦ ਵਜਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ।
- ਤੂੰ ਕਿਧਰੋਂ ਆਇਆ ਕਿਧਰ ਜਾਣਾ, ਆਪਣਾ ਦੱਸ ਟਿਕਾਣਾ
ਤੂੰ ਕਿਧਰੋਂ ਆਇਆ ਕਿਧਰ ਜਾਣਾ, ਆਪਣਾ ਦੱਸ ਟਿਕਾਣਾ ।
ਜਿਸ ਠਾਣੇ ਦਾ ਤੂੰ ਮਾਣ ਕਰੇਂ, ਤੇਰੇ ਨਾਲ ਨਾ ਜਾਸੀ ਠਾਣਾ ।
ਜ਼ੁਲਮ ਕਰੇਂ ਤੇ ਲੋਕ ਸਤਾਵੇਂ, ਕਸਬ ਫੜਿਉ ਲੁੱਟ ਖਾਣਾ ।
ਮਹਿਬੂਬ ਸੁਬਹਾਨੀ ਕਰੇ ਆਸਾਨੀ, ਖੌਫ ਜਾਏ ਮਲਕਾਣਾ ।
ਸ਼ਹਿਰ ਖਮੋਸ਼ਾਂ ਦੇ ਚਲ ਵੱਸੀਏ, ਜਿੱਥੇ ਮੁਲਕ ਸਮਾਣਾ ।
ਭਰ ਭਰ ਪੂਰ ਲੰਘਾਵੇ ਡਾਢਾ , ਮਲਕ-ਉਲ-ਮੌਤ ਮੁਹਾਣਾ ।
ਕਰੇ ਚਾਵੜ ਚਾਰ ਦਿਹਾੜੇ, ਓੜਕ ਤੂੰ ਉੱਠ ਜਾਣਾ ।
ਇਨ੍ਹਾਂ ਸਭਨਾਂ ਥੀਂ ਏ ਬੁੱਲ੍ਹਾ, ਔਗੁਣਹਾਰ ਪੁਰਾਣਾ ।
ਤੂੰ ਕਿਧਰੋਂ ਆਇਆ ਕਿਧਰ ਜਾਣਾ, ਆਪਣਾ ਦੱਸ ਟਿਕਾਣਾ ।
ਜਿਸ ਠਾਣੇ ਦਾ ਤੂੰ ਮਾਣ ਕਰੇਂ, ਤੇਰੇ ਨਾਲ ਨਾ ਜਾਸੀ ਠਾਣਾ ।
- ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ ਨਾਹੀਂ
ਖੋਲੇ ਦੇ ਪਰਛਾਵੇਂ ਵਾਂਙੂ, ਘੁਮ ਰਿਹਾ ਮਨ ਮਾਹੀਂ ।
ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ ਨਾਹੀਂ ।
ਜਾਂ ਬੋਲਾਂ ਤੂੰ ਨਾਲੇ ਬੋਲੇਂ ਚੁੱਪ ਕਰਾਂ ਮਨ ਮਾਹੀਂ ।
ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ ਨਾਹੀਂ ।
ਜਾਂ ਸੌਂਵਾਂ ਤਾਂ ਨਾਲੇ ਸੌਵੇਂ ਜਾਂ ਟੁਰਾਂ ਤਾਂ ਰਾਹੀਂ ।
ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ ਨਾਹੀਂ ।
ਬੁੱਲ੍ਹਾ ਸ਼ਹੁ ਘਰ ਆਇਆ ਸਾਡੇ ਜਿੰਦੜੀ ਘੋਲ ਘੁਮਾਈਂ ।
ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ ਨਾਹੀਂ ।
- ਟੁੱਕ ਬੂਝ ਕੌਣ ਛੁਪ ਆਇਆ ਏ
ਟੁੱਕ ਬੂਝ ਕੌਣ ਛੁਪ ਆਇਆ ਏ ।
ਕਿਸੇ ਭੇਖੀ ਭੇਖ ਵਟਾਇਆ ਏ ।
ਜਿਸ ਨਾ ਦਰਦ ਕੀ ਬਾਤ ਕਹੀ, ਉਸ ਪ੍ਰੇਮ ਨਗਰ ਨਾ ਝਾਤ ਪਈ,
ਉਹ ਡੁੱਬ ਮੋਈ ਸਭ ਘਾਤ ਗਈ, ਉਹ ਕਿਉਂ ਚੰਦਰੀ ਨੇ ਜਾਇਆ ਏ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਮਾਨੰਦ ਪਲਾਸ ਬਣਾਇਉ ਈ, ਮੇਰੀ ਸੂਰਤ ਚਾ ਲਿਖਾਇਉ ਈ,
ਮੁੱਖ ਕਾਲਾ ਕਰ ਦਿਖਲਾਇਉ ਈ, ਕਿਆ ਸਿਆਹੀ ਰੰਗ ਲਗਾਇਆ ਏ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਇਕ ਰੱਬ ਦਾ ਨਾਂ ਖ਼ਜ਼ਾਨਾ ਏ, ਸੰਗ ਚੋਰਾਂ ਯਾਰਾਂ ਦਾਨਾ ਏ,
ਉਸ ਰਹਿਮਤ ਦਾ ਖਸਮਾਨਾ ਏ, ਸੰਗ ਖ਼ੌਫ ਰਕੀਬ ਬਣਾਇਆ ਏ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਦੂਈ ਦੂਰ ਕਰੋ ਕੋਈ ਸ਼ੋਰ ਨਹੀਂ, ਇਹ ਤੁਰਕ ਹਿੰਦੂ ਕੋਈ ਹੋਰ ਨਹੀਂ,
ਸਭ ਸਾਧ ਕਹੋ ਕੋਈ ਚੋਰ ਨਹੀਂ, ਹਰ ਘਟ ਵਿਚ ਆਪ ਸਮਾਇਆ ਏ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਐਵੇਂ ਕਿੱਸੇ ਕਾਹਨੂੰ ਘੜਨਾ ਏਂ, ਤੇ ਗੁਲਸਤਾਂ, ਬੋਸਤਾਂ ਪੜ੍ਹਨਾ ਏਂ,
ਐਵੇਂ ਬੇਮੂਜ਼ਬ ਕਿਉਂ ਲੜਨਾ ਏਂ, ਕਿਸ ਉਲਟਾ ਵੇਦ ਪੜ੍ਹਾਇਆ ਏ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਸ਼ਰੀਅਤ ਸਾਡੀ ਦਾਈ ਏ, ਤਰੀਕਤ ਸਾਡੀ ਮਾਈ ਏ,
ਅੱਗੋਂ ਹੱਕ ਹਕੀਕਤ ਆਈ ਏ, ਅਤੇ ਮਾਰਫਤੋਂ ਕੁਝ ਪਾਇਆ ਏ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਹੈ ਵਿਰਲੀ ਬਾਤ ਬਤਾਵਣ ਦੀ, ਤੁਸੀਂ ਸਮਝੋ ਦਿਲ ਤੇ ਲਾਵਣ ਦੀ,
ਕੋਈ ਗੱਤ ਦੱਸੋ ਇਸ ਬਾਵਣ ਦੀ, ਇਹ ਕਾਹਨੂੰ ਭੇਤ ਬਣਾਇਆ ਏ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਇਹ ਪੜ੍ਹਨਾ ਇਲਮ ਜ਼ਰੂਰ ਹੋਇਆ, ਪਰ ਦਸਣਾ ਨਾ ਮੰਜ਼ੂਰ ਹੋਇਆ,
ਜਿਸ ਦਸਿਆ ਸੋ ਮਨਸੂਰ ਹੋਇਆ, ਇਸ ਸੂਲੀ ਪਕੜ ਚੜ੍ਹਾਇਆ ਏ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਮੈਨੂੰ ਕਿਸਬ ਨਾ ਫਿਕਰ ਤਮੀਜ਼ ਕੀਤਾ, ਦੁਖ ਤਨ ਆਰਫ ਬਾਜ਼ੀਦ ਕੀਤਾ,
ਕਰ ਜ਼ੁਹਦ ਕਿਤਾਬ ਮਜੀਦ ਕੀਤਾ, ਕਿਸੇ ਬੇ-ਮਿਹਨਤ ਨਹੀਂ ਪਾਇਆ ਏ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਇਸ ਦੁੱਖ ਸੇ ਕਿਚਰਕ ਭਾਗੇਂਗਾ, ਰਹੇਂ ਸੁੱਤਾ ਕਦ ਤੂੰ ਜਾਗੇਂਗਾ,
ਫੇਰ ਉਠਦਾ ਰੋਵਣ ਲਾਗੇਂਗਾ, ਕਿਸੇ ਗ਼ਫ਼ਲਤ ਮਾਰ ਸੁਲਾਇਆ ਏ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਗ਼ੈਨ ਐਨ ਦੀ ਸੂਰਤ ਇਕ ਠਹਿਰਾ, ਇਕ ਨੁਕਤੇ ਦਾ ਹੈ ਫਰਕ ਪੜਾ,
ਜੋ ਨੁਕਤਾ ਦਿਲ ਥੀਂ ਦੂਰ ਕਰਾ, ਫਿਰ ਗ਼ੈਨ ਵਾ ਐਨ ਜਿਤਾਇਆ ਏ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਜਿਹੜਾ ਮਨ ਵਿਚ ਲੱਗਾ ਦੂਆ ਰੇ, ਇਹ ਕੌਣ ਕਹੇ ਮੈਂ ਮੂਆ ਰੇ,
ਤਨ ਸਭ ਇਨਾਇਤ ਹੂਆ ਰੇ, ਫਿਰ ਬੁੱਲ੍ਹਾ ਨਾਮ ਧਰਾਇਆ ਏ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਕਿਸੇ ਭੇਖੀ ਭੇਖ ਵਟਾਇਆ ਏ ।
- ਤੁਸੀਂ ਆਓ ਮਿਲ ਮੇਰੀ ਪਿਆਰੀ
ਤੁਸੀਂ ਆਓ ਮਿਲ ਮੇਰੀ ਪਿਆਰੀ ।
ਮੇਰੇ ਟੁਰਨੇ ਦੀ ਹੋਈ ਤਿਆਰੀ ।
ਸੱਭੇ ਰਲ ਕੇ ਟੋਰਨ ਆਈਆਂ, ਆਈਆਂ ਫੁੱਫੀਆਂ ਚਾਚੀਆਂ ਤਾਈਆਂ,
ਸੱਭੇ ਰੋਂਦੀਆਂ ਜ਼ਾਰੋ ਜ਼ਾਰੀ, ਮੇਰੇ ਟੁਰਨੇ ਦੀ ਹੋਈ ਤਿਆਰੀ ।
ਸੱਭੇ ਆਖਣ ਇਹ ਗੱਲ ਜਾਣੀ, ਰਵ੍ਹੀਂ ਤੂੰ ਹਰ ਦਮ ਹੋ ਨਿਮਾਣੀ,
ਤਾਹੀਂ ਲੱਗੇਗੀਂ ਓਥੇ ਪਿਆਰੀ, ਮੇਰੇ ਟੁਰਨੇ ਦੀ ਹੋਈ ਤਿਆਰੀ ।
ਸੱਭੇ ਟੋਰ ਘਰਾਂ ਨੂੰ ਮੁੜੀਆਂ, ਮੈਂ ਹੋ ਇਕ ਇਕੱਲੜੀ ਟੁਰੀਆਂ,
ਹੋਈਆਂ ਡਾਰੋਂ ਮੈਂ ਕੂੰਜ ਨਿਆਰੀ, ਮੇਰੇ ਟੁਰਨੇ ਦੀ ਹੋਈ ਤਿਆਰੀ ।
ਬੁੱਲ੍ਹਾ ਸ਼ਹੁ ਮੇਰੇ ਘਰ ਆਵੇ, ਮੈਂ ਕੁਚੱਜੀ ਨੂੰ ਲੈ ਗਲ ਲਾਵੇ,
ਇਕੋ ਸ਼ੌਹ ਦੀ ਏ ਬਾਤ ਪਿਆਰੀ, ਮੇਰੇ ਟੁਰਨੇ ਦੀ ਹੋਈ ਤਿਆਰੀ ।
ਤੁਸੀਂ ਆਓ ਮਿਲ ਮੇਰੀ ਪਿਆਰੀ ।
ਮੇਰੇ ਟੁਰਨੇ ਦੀ ਹੋਈ ਤਿਆਰੀ ।
- ਤੁਸੀਂ ਕਰੋ ਅਸਾਡੀ ਕਾਰੀ
ਤੁਸੀਂ ਕਰੋ ਅਸਾਡੀ ਕਾਰੀ ।
ਕੇਹੀ ਹੋ ਗਈ ਵੇਦਨ ਭਾਰੀ ।
ਉਹ ਘਰ ਮੇਰੇ ਵਿਚ ਆਇਆ, ਉਸ ਆ ਮੈਨੂੰ ਭਰਮਾਇਆ,
ਪੁੱਛੋ ਜਾਦੂ ਹੈ ਕਿ ਸਾਇਆ, ਉਸ ਤੋਂ ਲਵੋ ਹਕੀਕਤ ਸਾਰੀ ।
ਤੁਸੀਂ ਕਰੋ ਅਸਾਡੀ ਕਾਰੀ ।
ਓਹੋ ਦਿਲ ਮੇਰੇ ਵਿਚ ਵੱਸਦਾ, ਬੈਠਾ ਨਾਲ ਅਸਾਡੇ ਹੱਸਦਾ,
ਪੁੱਛਾਂ ਬਾਤਾਂ ਤੇ ਉੱਠ ਨੱਸਦਾ, ਲੈ ਬਾਜ਼ਾਂ ਵਾਂਙ ਉਡਾਰੀ ।
ਤੁਸੀਂ ਕਰੋ ਅਸਾਡੀ ਕਾਰੀ ।
ਮੈਂ ਸ਼ਹੁ ਦਰਿਆਵਾਂ ਪਈਆਂ, ਠਾਠਾਂ ਲਹਿਰਾਂ ਦੇ ਮੂੰਹ ਗਈਆਂ,
ਫੜ ਕੇ ਘੁੰਮਣ ਘੇਰ ਭਵਈਆਂ, ਉਪਰ ਬਰਖਾ ਰੈਣ ਅੰਧਿਆਰੀ ।
ਤੁਸੀਂ ਕਰੋ ਅਸਾਡੀ ਕਾਰੀ ।
ਸਈਆਂ ਐਡ ਛਨਿੱਛਰ ਚਾਏ, ਤਾਰੇ ਖਾਰਿਆਂ ਹੇਠ ਛੁਪਾਏ,
ਮੁੰਜ ਦੀਆਂ ਰੱਸੀਆਂ ਨਾਗ ਬਣਾਏ, ਇਹਨਾਂ ਸੇਹਰਾਂ ਤੋਂ ਬਲਿਹਾਰੀ ।
ਤੁਸੀਂ ਕਰੋ ਅਸਾਡੀ ਕਾਰੀ ।
ਇਹ ਜੋ ਮੁਰਲੀ ਕਾਨ੍ਹ ਵਜਾਈ, ਦਿਲ ਮੇਰੇ ਨੂੰ ਚੋਟ ਲਗਾਈ,
ਆਹ ਦੇ ਨਾਅਰੇ ਕਰਦੀ ਆਹੀ, ਮੈਂ ਰੋਵਾਂ ਜ਼ਾਰੋ ਜ਼ਾਰੀ ।
ਤੁਸੀਂ ਕਰੋ ਅਸਾਡੀ ਕਾਰੀ ।
ਇਸ਼ਕ ਦੀਵਾਨੇ ਲੀਕਾਂ ਲਾਈਆਂ, ਡਾਢੀਆਂ ਘਣੀਆਂ ਸੱਥਾਂ ਪਾਈਆਂ,
ਹਾਂ ਮੈਂ ਬੱਕਰੀ ਕੋਲ ਕਸਾਈਆਂ, ਰਹਿੰਦਾ ਸਹਿਮ ਹਮੇਸ਼ਾ ਭਾਰੀ ।
ਤੁਸੀਂ ਕਰੋ ਅਸਾਡੀ ਕਾਰੀ ।
ਇਸ਼ਕ ਰੋਹੇਲਾ ਨਾਹੀਂ ਛੱਪਦਾ, ਅੰਦਰ ਧਰਿਆ ਬੰਨ੍ਹੀਂ ਨੱਚਦਾ,
ਮੈਨੂੰ ਦਿਉ ਸੁਨੇਹੁੜਾ ਸੱਚ ਦਾ, ਮੇਰੀ ਕਰੋ ਕੋਈ ਗ਼ਮਖਾਰੀ ।
ਤੁਸੀਂ ਕਰੋ ਅਸਾਡੀ ਕਾਰੀ ।
ਮੈਂ ਕੀ ਮਿਹਰ ਮੁਹੱਬਤ ਜਾਣਾਂ, ਸਈਆਂ ਕਰਦੀਆਂ ਜ਼ੋਰ ਧਿਙਾਣਾ,
ਗਲਗਲ ਮੇਵਾ ਕੀ ਹਦਵਾਣਾ, ਕੀ ਕੋਈ ਵੈਦ ਪਸਾਰੀ ।
ਤੁਸੀਂ ਕਰੋ ਅਸਾਡੀ ਕਾਰੀ ।
ਨੌ ਸ਼ੌਹ ਜਿਸ ਦਾ ਬਾਂਸ ਬਰੇਲੀ, ਟੁੱਟੀ ਡਾਲੋਂ ਰਹੀ ਇਕੇਲੀ,
ਕੂਕੇ ਬੇਲੀ ਬੇਲੀ ਬੇਲੀ, ਉਹਦੀ ਕਰੇ ਕੋਈ ਦਿਲਦਾਰੀ ।
ਤੁਸੀਂ ਕਰੋ ਅਸਾਡੀ ਕਾਰੀ ।
ਬੁੱਲ੍ਹਾ ਸ਼ੌਹ ਦੇ ਜੇ ਮੈਂ ਜਾਵਾਂ, ਆਪਣਾ ਸਿਰ ਧੜ ਫੇਰ ਨਾ ਪਾਵਾਂ,
ਓਥੇ ਜਾਵਾਂ ਫੇਰ ਨਾ ਆਵਾਂ, ਏਥੇ ਐਵੇਂ ਉਮਰ ਗੁਜ਼ਾਰੀ ।
ਤੁਸੀਂ ਕਰੋ ਅਸਾਡੀ ਕਾਰੀ ।
- ਉਲਟੇ ਹੋਰ ਜ਼ਮਾਨੇ ਆਏ
ਉਲਟੇ ਹੋਰ ਜ਼ਮਾਨੇ ਆਏ ।
ਕਾਂ ਲਗੜ ਨੂੰ ਮਾਰਨ ਲੱਗੇ ਚਿੜੀਆਂ ਜੁੱਰੇ ਖਾਏ,
ਉਲਟੇ ਹੋਰ ਜ਼ਮਾਨੇ ਆਏ ।
ਇਰਾਕੀਆਂ ਨੂੰ ਪਈ ਚਾਬਕ ਪਉਂਦੀ ਗੱਧੋ ਖੋਦ ਪਵਾਏ,
ਉਲਟੇ ਹੋਰ ਜ਼ਮਾਨੇ ਆਏ ।
ਬੁੱਲ੍ਹਾ ਹੁਕਮ ਹਜ਼ੂਰੋਂ ਆਇਆ ਤਿਸ ਨੂੰ ਕੌਣ ਹਟਾਏ,
ਉਲਟੇ ਹੋਰ ਜ਼ਮਾਨੇ ਆਏ ।
- ਉਲਟੀ ਗੰਗ ਬਹਾਇਉ ਰੇ ਸਾਧੋ, ਤਬ ਹਰ ਦਰਸਨ ਪਾਏ
ਉਲਟੀ ਗੰਗ ਬਹਾਇਉ ਰੇ ਸਾਧੋ, ਤਬ ਹਰ ਦਰਸਨ ਪਾਏ ।
ਪ੍ਰੇਮ ਦੀ ਪੂਣੀ ਹਾਥ ਮੇਂ ਲੀਜੋ, ਗੁੱਝ ਮਰੋੜੀ ਪੜਨੇ ਨਾ ਦੀਜੋ ।
ਗਿਆਨ ਕਾ ਤੱਕਲਾ ਧਿਆਨ ਕਾ ਚਰਖਾ, ਉਲਟਾ ਫੇਰ ਭੁਵਾਏ ।
ਉਲਟੇ ਪਾਉਂ ਪਰ ਕੁੰਭਕਰਨ ਜਾਏ, ਤਬ ਲੰਕਾ ਕਾ ਭੇਦ ਉਪਾਏ ।
ਦੈਹੰਸਰ ਲੁੱਟਿਆ ਹੁਣ ਲਛਮਣ ਬਾਕੀ, ਤਬ ਅਨਹਦ ਨਾਦ ਬਜਾਏ ।
ਇਹ ਗਤ ਗੁਰ ਕੀ ਪੈਰੋਂ ਪਾਵੇਂ, ਗੁਰ ਕਾ ਸੇਵਕ ਤਭੀ ਸਦਾਏ ।
ਅੰਮ੍ਰਿਤ ਮੰਡਲ ਮੂੰ ਤਬ ਐਸੀ ਦੇ, ਕਿ ਹਰੀ ਹਰਿ ਹੋ ਜਾਏ ।
ਉਲਟੀ ਗੰਗ ਬਹਾਇਉ ਰੇ ਸਾਧੋ, ਤਬ ਹਰ ਦਰਸਨ ਪਾਏ ।
- ਉੱਠ ਗਏ ਗਵਾਂਢੋਂ ਯਾਰ
ਉੱਠ ਗਏ ਗਵਾਂਢੋਂ ਯਾਰ,
ਰੱਬਾ ਹੁਣ ਕੀ ਕਰੀਏ ?
ਉੱਠ ਗਏ ਹੁਣ ਬਹਿੰਦੇ ਨਾਹੀਂ,ਹੋਇਆ ਸਾਥ ਤਿਆਰ,
ਰੱਬਾ ਹੁਣ ਕੀ ਕਰੀਏ ?
ਦਾਢ ਕਲੇਜੇ ਬਲ ਬਲ ਉਠਦੀ, ਭੜਕੇ ਬਿਰਹੋਂ ਨਾਰ,
ਰੱਬਾ ਹੁਣ ਕੀ ਕਰੀਏ ?
ਬੁੱਲ੍ਹਾ ਸ਼ਹੁ ਪਿਆਰੇ ਬਾਝੋਂ ਰਹੇ ਉਰਾਰ ਨਾ ਪਾਰ,
ਰੱਬਾ ਹੁਣ ਕੀ ਕਰੀਏ ?
- ਉੱਠ ਜਾਗ ਘੁਰਾੜੇ ਮਾਰ ਨਹੀਂ
ਉੱਠ ਜਾਗ ਘੁਰਾੜੇ ਮਾਰ ਨਹੀਂ ।
ਇਹ ਸੌਣ ਤੇਰੇ ਦਰਕਾਰ ਨਹੀਂ ।
ਇਕ ਰੋਜ਼ ਜਹਾਨੋਂ ਜਾਣਾ ਏ, ਜਾ ਕਬਰੇ ਵਿਚ ਸਮਾਣਾ ਏ,
ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਤੇਰਾ ਸਾਹਾ ਨੇੜੇ ਆਇਆ ਏ, ਕੁੱਝ ਚੋਲੀ ਦਾਜ ਰੰਗਾਇਆ ਏ,
ਕਿਉਂ ਆਪਣਾ ਆਪ ਵੰਜਾਇਆ ਏ, ਐ ਗ਼ਾਫ਼ਲ ਤੈਨੂੰ ਸਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਤੂੰ ਸੁੱਤਿਆਂ ਉਮਰ ਵੰਜਾਈ ਏ, ਤੂੰ ਚਰਖੇ ਤੰਦ ਨਾ ਪਾਈ ਏ,
ਕੀ ਕਰਸੇਂ ਦਾਜ ਤਿਆਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ ।
ਉੱਠ ਜਾਗ ਘੁਰਾੜੇ ਮਾਰ ਨਹੀਂ ।
ਤੂੰ ਜਿਸ ਦਿਨ ਜੋਬਨ ਮੱਤੀ ਸੈਂ, ਤੂੰ ਨਾਲ ਸਈਆਂ ਦੇ ਰੱਤੀ ਸੈਂ,
ਹੋ ਗਾਫਲ ਗੱਲੀਂ ਵੱਤੀ ਸੈਂ, ਇਹ ਭੋਰਾ ਤੈਨੂੰ ਸਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਤੂੰ ਮੁੱਢੋਂ ਬਹੁਤ ਕੁਚੱਜੀ ਸੈਂ, ਨਿਰਲੱਜਿਆਂ ਦੀ ਨਿਰਲੱਜੀ ਸੈਂ,
ਤੂੰ ਖਾ ਖਾ ਖਾਣੇ ਰੱਜੀ ਸੈਂ, ਹੁਣ ਤਾਈਂ ਤੇਰਾ ਬਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਅੱਜ ਕੱਲ੍ਹ ਤੇਰਾ ਮੁੱਕਲਾਵਾ ਏ, ਕਿਉਂ ਸੁੱਤੀ ਕਰ ਕਰ ਦਾਅਵਾ ਏ ?
ਅਨਡਿਠਿਆਂ ਨਾਲ ਮਿਲਾਵਾ ਏ, ਇਹ ਭਲਕੇ ਗਰਮ ਬਜ਼ਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਤੂੰ ਏਸ ਜਹਾਨੋਂ ਜਾਏਂਗੀ, ਫਿਰ ਕਦਮ ਨਾ ਏਥੇ ਪਾਏਂਗੀ,
ਇਹ ਜੋਬਨ ਰੂਪ ਵੰਜਾਏਂਗੀ, ਤੈਂ ਰਹਿਣਾ ਵਿਚ ਸੰਸਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਮੰਜ਼ਲ ਤੇਰੀ ਦੂਰ ਦੁਰਾਡੀ, ਤੂੰ ਪੌਣਾਂ ਵਿਚ ਜੰਗਲ ਵਾਦੀ,
ਔਖਾ ਪਹੁੰਚਣ ਪੈਰ ਪਿਆਦੀ, ਦਿਸਦੀ ਤੂੰ ਅਸਵਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਇਕ ਇਕੱਲੀ ਤਨਹਾ ਚਲਸੇਂ, ਜੰਗਲ ਬਰਬੱਰ ਦੇ ਵਿਚ ਰੁਲਸੇਂ,
ਲੈ ਲੈ ਤੋਸ਼ਾ ਇਥੋਂ ਘਲਸੇਂ, ਉਥੇ ਲੈਣ ਉਧਾਰ ਨਹੀਂ ।
ਉੱਠ ਜਾਗ ਘੁਰਾੜੇ ਮਾਰ ਨਹੀਂ ।
ਉਹ ਖਾਲੀ ਏ ਸੁੰਞ ਹਵੇਲੀ, ਤੂੰ ਵਿਚ ਰਹਿਸੇਂ ਇੱਕ ਇਕੇਲੀ,
ਓਥੇ ਹੋਸੀ ਹੋਰ ਨਾ ਬੇਲੀ, ਸਾਥ ਕਿਸੇ ਦਾ ਬਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਜਿਹੜੇ ਸਨ ਦੇਸਾਂ ਦੇ ਰਾਜੇ, ਨਾਲ ਜਿਨ੍ਹਾਂ ਦੇ ਵੱਜਦੇ ਵਾਜੇ,
ਗਏ ਰੋ ਰੋ ਬੇਤਖਤੇ ਤਾਜੇ, ਕੋਈ ਦੁਨੀਆਂ ਦਾ ਇਤਬਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ,
ਸੱਭੇ ਛੱਡ ਗਏ ਅਡੰਬਰ, ਕੋਈ ਏਥੇ ਪਾਇਦਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਕਿਥੇ ਯੂਸਫ ਮਾਹਿ-ਕਨਿਆਨੀ, ਲਈ ਜ਼ੂਲੈਖਾਂ ਫੇਰ ਜਵਾਨੀ,
ਕੀਤੀ ਮੌਤ ਨੇ ਓੜਕ ਫ਼ਾਨੀ, ਫੇਰ ਉਹ ਹਾਰ ਸ਼ਿੰਗਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਕਿੱਥੇ ਤਖ਼ਤ ਸੁਲੇਮਾਂ ਵਾਲਾ, ਵਿਚ ਹਵਾ ਉੱਡਦਾ ਸੀ ਬਾਲਾ,
ਉਹ ਭੀ ਕਾਦਰ ਆਪ ਸੰਭਾਲਾ, ਕੋਈ ਜ਼ਿੰਦਗੀ ਦਾ ਇਤਬਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਕਿੱਥੇ ਮੀਰ ਮਲਕ ਸੁਲਤਾਨਾਂ, ਸੱਭੇ ਛੱਡ ਛੱਡ ਗਏ ਟਿਕਾਣਾ,
ਕੋਈ ਮਾਰ ਨਾ ਬੈਠੇ ਠਾਣਾ, ਲਸ਼ਕਰ ਦਾ ਜਿਨ੍ਹਾਂ ਸ਼ੁਮਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਫੁੱਲਾਂ ਫੁੱਲ ਚੰਬੇਲੀ ਲਾਲਾ, ਸੋਸਨ ਸਿੰਬਲ ਸਰੂ ਨਿਰਾਲਾ,
ਬਾਦਿ-ਖਿਜ਼ਾਂ ਕੀਤਾ ਬੁਰ ਹਾਲਾ, ਨਰਗਸ ਨਿਤ ਖੁਮਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਜੋ ਕੁਝ ਕਰਸੇਂ, ਸੋ ਕੁਝ ਪਾਸੇਂ, ਨਹੀਂ ਤੇ ਓੜਕ ਪਿਛੋਤਾਸੇਂ,
ਸੁੰਞੀ ਕੂੰਜ ਵਾਂਙ ਕੁਰਲਾਸੇਂ, ਖੰਭਾਂ ਬਾਝ ਉਡਾਰ ਨਹੀਂ ।
ਉੱਠ ਜਾਗ ਘੁਰਾੜੇ ਮਾਰ ਨਹੀਂ ।
ਡੇਰਾ ਕਰਸੇਂ ਉਹਨੀਂ ਜਾਈਂ, ਜਿਥੇ ਸੇਰ ਪਲੰਗ ਬਲਾਈ,
ਖਾਲੀ ਰਹਿਸਣ ਮਹਿਲ ਸਰਾਈਂ, ਫਿਰ ਤੂੰ ਵਿਰਸੇਦਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਅਸੀਂ ਆਜ਼ਜ਼ ਵਿਚ ਕੋਟ ਇਲਮ ਦੇ, ਓਸੇ ਆਂਦੇ ਵਿਚ ਕਲਮ ਦੇ,
ਬਿਨ ਕਲਮੇ ਦੇ ਨਾਹੀਂ ਕੰਮ ਦੇ, ਬਾਝੋਂ ਕਲਮੇ ਪਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
ਬੁੱਲ੍ਹਾ ਸ਼ੌਹ ਬਿਨ ਕੋਈ ਨਾਹੀਂ, ਏਥੋਂ ਓਥੇ ਦੋਹੀਂ ਸਰਾਈਂ,
ਸੰਭਲ ਸੰਭਲ ਕੇ ਕਦਮ ਟਿਕਾਈਂ, ਫੇਰ ਆਵਣ ਦੂਜੀ ਵਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।
- ਵੇਖੋ ਨੀ ਕੀ ਕਰ ਗਿਆ ਮਾਹੀ
ਵੇਖੋ ਨੀ ਕੀ ਕਰ ਗਿਆ ਮਾਹੀ ।
ਲੈ ਦੇ ਕੇ ਦਿਲ ਹੋ ਗਿਆ ਰਾਹੀ ।
ਅੰਮਾਂ ਝਿੜਕੇ ਬਾਬਲ ਮਾਰੇ, ਤਾਅਨੇ ਦੇਂਦੇ ਵੀਰ ਪਿਆਰੇ,
ਮੈਂ ਜੇਹੀ ਬੁਰੀ ਬੁਰਿਆਰ ਵੇ ਲੋਕਾ, ਮੈਨੂੰ ਦੇਵੋ ਓਤੇ ਵਲ ਤ੍ਰਾਹੀ ।
ਵੇਖੋ ਨੀ ਕੀ ਕਰ ਗਿਆ ਮਾਹੀ ।
ਆ ਬੂਹੇ ਤੇ ਨਾਦ ਵਜਾਇਆ, ਅਕਲ ਫ਼ਿਕਰ ਸਭ ਚਾ ਗਵਾਯਾ,
ਅੱਲ੍ਹਾ ਦੀ ਸਹੁੰ ਅੱਲ੍ਹਾ ਜਾਣੇ, ਹੱਸਦਿਆਂ ਗਲ ਵਿਚ ਪੈ ਗਈ ਫਾਹੀ ।
ਵੇਖੋ ਨੀ ਕੀ ਕਰ ਗਿਆ ਮਾਹੀ ।
ਰਹੁ ਇਸ਼ਕਾ ਕੀ ਕਰੇਂ ਅਖਾੜੇ, ਸ਼ਾਹ ਮਨਸੂਰ ਸੂਲੀ ‘ਤੇ ਚਾੜ੍ਹੇ,
ਆਣ ਬਣੀ ਜਦ ਨਾਲ ਅਸਾਡੇ, ਬੁੱਲ੍ਹੇ ਮੂੰਹ ਤੋਂ ਲੋਈ ਲਾਹੀ ।
ਵੇਖੋ ਨੀ ਕੀ ਕਰ ਗਿਆ ਮਾਹੀ ।
ਲੈ ਦੇ ਕੇ ਦਿਲ ਹੋ ਗਿਆ ਰਾਹੀ ।
- ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛਲ ਗਿਆ
ਮੈਂ ਸੋਈ ਹੋਈ ਮੁੱਠੀ ਆਂ, ਮੈਂ ਵਾਂਗ ਜ਼ੁਲੈਖਾਂ ਕੁੱਠੀ ਆਂ,
ਚਾ ਇਸ਼ਕ ਨੇ ਮੈਂ ਫੱਟੀ ਆਂ, ਮੇਰਾ ਬੰਦ ਬੰਦ ਹਿੱਲ ਗਿਆ ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛਲ ਗਿਆ ।
ਮੈਂ ਸਿਆਣੀਆਂ ਸਭ ਬੁਲਾਈਆਂ, ਮੈਂ ਔਸੀਆਂ ਸਭ ਪਵਾਈਆਂ,
ਜਵਾਬ ਦਿੱਤਾ ਨਜੂਮੀਆਂ, ਮੇਰੀ ਨੈਣੀਂ ਨੀਰ ਉੱਛਲ ਗਿਆ ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛਲ ਗਿਆ ।
ਨੇੜੇ ਕਿਉਂ ਨਹੀਂ ਆਈਦਾ, ਸਾਨੂੰ ਦੂਰੋਂ ਨਹੀਂ ਦਿਖਲਾਈਦਾ,
ਨੱਜ਼ਾਰੇ ਤੋਂ ਡਰਾਈਦਾ, ਕੋਹ ਤੂਰ ਪਹਾੜ ਜਲ ਗਿਆ ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛਲ ਗਿਆ ।
ਪੀਆ ਨੇ ਨੈਣ ਬਾਣ ਲਾ ਕੇ, ਬਿਰਹੋਂ ਸੂੰ ਚਹਿਚਿਹਾ ਕੇ,
ਫਰਹਾਦ ਤੋਂ ਕੋਹ ਕਟਾ ਕੇ, ਸ਼ੀਰੀਂ ਸੋਂ ਰਲ ਗਿਆ ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛਲ ਗਿਆ ।
ਬੁੱਲ੍ਹਾ ਆਪ ਤੋਂ ਲਭਾਈਦਾ, ਸ਼ਹੁ ਇਨਾਇਤ ਹੈ ਪਾਈਦਾ,
ਨੇੜੇ ਹੀ ਪਛੋਤਾਈਦਾ, ਬੁੱਲ੍ਹਾ ਅੱਜ ਸ਼ਹੁ ਮਿਲ ਗਿਆ ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛਲ ਗਿਆ ।
- ਵੇਖੋ ਨੀ ਸ਼ਹੁ ਇਨਾਇਤ ਸਾਈਂ
ਵੇਖੋ ਨੀ ਸ਼ਹੁ ਇਨਾਇਤ ਸਾਈਂ ।
ਮੈਂ ਨਾਲ ਕਰਦਾ ਕਿਵੇਂ ਅਦਾਈਂ ।
ਕਦੀ ਆਵੇ ਕਦੀ ਆਵੇ ਨਾਹੀਂ, ਤਿਉਂ ਤਿਉਂ ਮੈਨੂੰ ਭੜਕਣ ਭਾਹੀਂ,
ਨਾਮ ਅੱਲ੍ਹਾ ਪੈਗ਼ਾਮ ਸੁਣਾਈਂ, ਮੁੱਖ ਵੇਖਣ ਨੂੰ ਨਾ ਤਰਸਾਈਂ ।
ਵੇਖੋ ਨੀ ਸ਼ਹੁ ਇਨਾਇਤ ਸਾਈਂ ।
ਬੁੱਲ੍ਹਾ ਸ਼ਹੁ ਕੇਹੀ ਆਈ ਮੈਨੂੰ, ਰਾਤ ਹਨੇਰੀ ਉੱਠ ਟੁਰਦੀ ਨੈ ਨੂੰ,
ਜਿਸ ਔਝੜ ਤੋਂ ਸਭ ਕੋਈ ਡਰਦਾ, ਸੋ ਮੈਂ ਢੂੰਡਾਂ ਚਾਈਂ ਚਾਈਂ ।
ਵੇਖੋ ਨੀ ਸ਼ਹੁ ਇਨਾਇਤ ਸਾਈਂ ।
ਮੈਂ ਨਾਲ ਕਰਦਾ ਕਿਵੇਂ ਅਦਾਈਂ ।
- ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ
ਆਪੇ ਜ਼ਾਹਿਰ ਆਪੇ ਬਾਤਨ ਆਪੇ ਲੁੱਕ ਲੁੱਕ ਬਹਿੰਦੇ ਓ ।
ਆਪੇ ਮੁੱਲਾਂ ਆਪੇ ਕਾਜ਼ੀ ਆਪੇ ਇਲਮ ਪੜ੍ਹੇਂਦੇ ਓ ।
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ ।
ਘੱਤ ਜ਼ੰਨਾਰ ਕੁਫ਼ਰ ਦਾ ਗਲ ਵਿਚ ਬੁੱਤ-ਖ਼ਾਨੇ ਵੜ ਬਹਿੰਦੇ ਓ ।
ਲੋਲਾਕ ਲਮਾ ਅਫਲਾਕ ਵਿਚਾਰੇ ਆਪੇ ਧੁੰਮ ਮਚੇਂਦੇ ਓ ।
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ ।
ਜ਼ਾਤ ਤੋਂ ਹੈ ਅਜ਼ਰਾਫ ਰੰਝੇਟਾ ਲਾਈਆਂ ਦੀ ਲਾਜ ਰਖੇਂਦੇ ਓ ।
ਬੁੱਲ੍ਹਾ ਸ਼ਹੁ ਅਨਾਇਤ ਮੈਨੂੰ ਪਲ ਪਲ ਦਰਸ਼ਨ ਦੇਂਦੇ ਓ ।
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ ।
- ਵਾਹ ਵਾਹ ਛਿੰਝ ਪਈ ਦਰਬਾਰ
ਵਾਹ ਵਾਹ ਛਿੰਝ ਪਈ ਦਰਬਾਰ ।
ਖ਼ਲਕ ਤਮਾਸ਼ੇ ਆਈ ਯਾਰ ।
ਅਸਾਂ ਅੱਜ ਕੀ ਕੀਤਾ ਤੇ ਕੱਲ੍ਹ ਕੀ ਕਰਨਾ ਭੱਠ ਅਸਾਡਾ ਆਇਆ,
ਐਸੀ ਵਾਹ ਕਿਆਰੀ ਬੀਜੀ ਚਿੜੀਆਂ ਖੇਤ ਵੰਜਾਇਆ,
ਜਿਹੜੇ ਮਗਰ ਪਿਆਦੇ ਲੱਗੇ ਉੱਠ ਚੱਲੇ ਪਹੁਤੇ ਤਾਰ ।
ਵਾਹ ਵਾਹ ਛਿੰਝ ਪਈ ਦਰਬਾਰ ।
ਇੱਕ ਉਲ੍ਹਾਮਾ ਸਈਆਂ ਦਾ ਹੈ ਦੂਜਾ ਹੈ ਸੰਸਾਰ,
ਨੰਗ ਨਮੂਜ਼ (ਨਾਮੂਸ) ਏਥੋਂ ਦੇ ਏਥੇ, ਲਾਹ ਪਗੜੀ ਭੋਇੰ ਮਾਰ,
ਨਾਮ ਸਾਈਂ ਦੇ ਕੰਡੇ ਲਵਾਏ ਖਿਲ ਪਈ ਗੁਲਜ਼ਾਰ ।
ਵਾਹ ਵਾਹ ਛਿੰਝ ਪਈ ਦਰਬਾਰ ।
ਨੱਢਾ ਗਿਰਦਾ ਬੁੱਢਾ ਗਿਰਦਾ ਆਪੋ ਆਪਣੀ ਵਾਰੀ,
ਕੀ ਬੀਵੀ ਕੀ ਬਾਂਦੀ ਲੌਂਡੀ ਕੀ ਧੋਬਣ ਭਠਿਆਰੀ,
ਅਮਲਾਂ ਸੇਤੀ ਹੋਣ ਨਬੇੜੇ ਨਬੀ ਲੰਘਾਵੇ ਪਾਰ ।
ਵਾਹ ਵਾਹ ਛਿੰਝ ਪਈ ਦਰਬਾਰ ।
ਬੁੱਲ੍ਹਾ ਸ਼ਹੁ ਨੂੰ ਵੇਖਣ ਜਾਵੇ ਆਪਣਾ ਬਹਾਨਾ ਕਰਦਾ,
ਗੂਣੋ ਗੂਣੀ ਭਾਂਡੇ ਘੜ ਕੇ ਠੀਕਰੀਆਂ ਕਰ ਧਰਦਾ,
ਇਹ ਤਮਾਸ਼ਾ ਵੇਖ ਕੇ ਚੱਲ ਅਗਲਾ ਵੇਖ ਬਜ਼ਾਰ ।
ਵਾਹ ਵਾਹ ਛਿੰਝ ਪਈ ਦਰਬਾਰ ।
ਖ਼ਲਕ ਤਮਾਸ਼ੇ ਆਈ ਯਾਰ ।
158. ਵਾਹ ਵਾਹ ਰਮਜ਼ ਸਜਣ ਦੀ ਹੋਰ
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਆਸ਼ਕ ਬਿਨਾਂ ਨਾ ਸਮਝੇ ਕੋਰ ।
ਕੋਠੇ ਤੇ ਚੜ੍ਹ ਦੇਵਾਂ ਹੋਕਾ, ਇਸ਼ਕ ਵਿਹਾਜਿਉ ਕੋਈ ਨਾ ਲੋਕਾ,
ਇਸ ਦਾ ਮੂਲ ਨਾ ਖਾਣਾ ਧੋਖਾ, ਜੰਗਲ ਬਸਤੀ ਮਿਲੇ ਨਾ ਠੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਆਸ਼ਕ ਦੋਹੀਂ ਜਹਾਨੀਂ ਮੁੱਠੇ, ਨਾਜ਼ ਮਸ਼ੂਕਾਂ ਦੇ ਉਹ ਕੁੱਠੇ,
ਇਸ਼ਕ ਦਾ ਫੱਟਿਆ ਕੋਈ ਨਾ ਛੁੱਟੇ, ਕੀਤੋ ਸੂ ਬਾਂਦਾ ਫੱਟ ਫਲੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਦੇ ਦੀਦਾਰ ਹੋਇਆ ਜਦ ਰਾਹੀ, ਅਚਣਚੇਤ ਪਈ ਗਲ ਫਾਹੀ,
ਡਾਢੀ ਕੀਤੀ ਲਾਪਰਵਾਹੀ, ਮੈਨੂੰ ਮਿਲ ਗਿਆ ਠੱਗ ਲਾਹੌਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਸ਼ੀਰੀਂ ਹੈ ਬਿਰਹੋਂ ਦਾ ਖਾਣਾ, ਕੋਹ ਚੋਟੀ ਫਰਹਾਦ ਨਿਮਾਣਾ,
ਯੂਸਫ਼ ਮਿਸਰ ਬਜ਼ਾਰ ਵਿਕਾਣਾ, ਉਸ ਨੂੰ ਨਾਹੀਂ ਵੇਖਣ ਕੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਲੈਲਾ ਮਜਨੂੰ ਦੋਵੇਂ ਬਰਦੇ, ਸੋਹਣੀ ਡੁੱਬੀ ਵਿਚ ਬਹਿਰ ਦੇ,
ਹੀਰ ਵੰਝਾਏ ਸੱਭੇ ਘਰ ਦੇ, ਇਸ ਦੀ ਖਿੱਚੀ ਮਾਹੀ ਡੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਆਸ਼ਕ ਫਿਰਦੇ ਚੁੱਪ ਚੁਪਾਤੇ, ਜੈਸੇ ਮਸਤ ਸਦਾ ਮਧ ਮਾਤੇ,
ਦਾਮ ਜ਼ੁਲਫ ਦੇ ਅੰਦਰ ਫਾਥੇ, ਓਥੇ ਚੱਲੇ ਵੱਸ ਨਾ ਜ਼ੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਜੇ ਉਹ ਆਣ ਮਿਲੇ ਦਿਲਜਾਨੀ, ਉਸ ਤੋਂ ਜਾਨ ਕਰਾਂ ਕੁਰਬਾਨੀ,
ਸੂਰਤ ਦੇ ਵਿਚ ਯੂਸਫ਼ ਸਾਨੀ, ਆਲਮ ਦੇ ਵਿਚ ਜਿਸ ਦਾ ਸ਼ੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਬੁੱਲ੍ਹਾ ਸ਼ਹੁ ਕੋਈ ਨਾ ਵੇਖੇ, ਜੋ ਵੇਖੇ ਸੋ ਕਿਸੇ ਨਾ ਲੇਖੇ,
ਉਸ ਦਾ ਰੰਗ ਰੂਪ ਨਾ ਰੇਖੇ, ਉਹ ਈ ਹੋਵੇ ਹੋ ਕੇ ਚੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਆਸ਼ਕ ਬਿਨਾਂ ਨਾ ਸਮਝੇ ਕੋਰ । ਵਾਹ ਵਾਹ ਰਮਜ਼ ਸਜਣ ਦੀ ਹੋਰ ।
- ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ
ਹੁਣ ਮੈਂ ਮੋਈ ਨੀ ਮੇਰੀਏ ਮਾਂ, ਮੇਰੀ ਪੂਣੀ ਲੈ ਗਿਆ ਕਾਂ,
ਪਿੱਛੇ ਡੋਂ ਡੋਂ ਕਰਦੀ ਜਾਂ, ਜਿਸ ਮੇਰਾ ਵਤਨ ਛੁਡਾਯਾ ਏ ।
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ ।
ਕਾਂਵਾਂ ਪੂਣੀ ਦਈਂ ਪੀਆ ਦੇ ਨਾਂ, ਤੇਰੀਆਂ ਮਿੰਨਤਾਂ ਕਰਦੀ ਹਾਂ,
ਜ਼ਰਬਾਂ ਤੇਰੀਆਂ ਜਰਨੀ ਹਾਂ, ਜਿਸ ਮੈਨੂੰ ਦੂਰ ਕਰਾਇਆ ਏ ।
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ ।
ਹੁਣ ਮੈਨੂੰ ਭਲਾ ਨਾ ਲੱਗਦਾ ਸ਼ੋਰ, ਮੈਂ ਘਰ ਖਿੜਿਆ ਸ਼ੁਗੂਫ਼ਾ ਹੋਰ,
ਬੇ ਨਾ ਤੇ ਨਾ ਸੇ ਨਾ ਹੋਰ, ਇੱਕੋ ਅਲਫ਼ ਪੜ੍ਹਾਇਆ ਏ ।
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ ।
ਹੁਣ ਮੈਨੂੰ ਮਜਨੂੰ ਆਖੋ ਨਾ, ਦਿਨ ਦਿਨ ਲੈਲਾ ਹੁੰਦਾ ਜਾਂ,
ਡੇਰਾ ਯਾਰ ਬਣਾਏ ਤਾਂ, ਇਹ ਤਨ ਬੰਗਲਾ ਬਣਾਇਆ ਏ ।
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ ।
ਬੁੱਲ੍ਹਾ ਇਨਾਇਤ ਕਰੇ ਹਜ਼ਾਰ, ਇਹੋ ਕੌਲ ਇਹੋ ਤਕਰਾਰ,
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ ।
ਵੱਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਏ ।
- ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ
ਜਾਨ ਕਰਾਂ ਕੁਰਬਾਨ ਭੇਤ ਨਾ ਦੱਸਨਾ ਏਂ,
ਢੂੰਡਾਂ ਤਕੀਏ ਦੁਆਰ ਤੈਨੂੰ ਉੱਠ ਨੱਸਨਾ ਏਂ,
ਰਲ ਮਿਲ ਸਈਆਂ ਪੁੱਛਣ ਗਈਆਂ,
ਹੋਇਆ ਵਕਤ ਭੰਡਾਰ ਦਾ ਵੇ ਅੜਿਆ ।
ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ ।
ਇਸ਼ਕ ਅੱਲਾਹ ਦੀ ਜ਼ਾਤ ਲੋਕਾਂ ਦਾ ਮਿਹਣਾ,
ਕਿਹਨੂੰ ਕਰਾਂ ਪੁਕਾਰ ਕਿਸੇ ਨਹੀਂ ਰਹਿਣਾ,
ਓਸੇ ਦੀ ਗੱਲ ਉਹੋ ਜਾਣੇ,
ਕੌਣ ਕੋਈ ਮਾਰਦਾ ਵੇ ਅੜਿਆ ।
ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ ।
ਅੱਜ ਅਜੋਕੜੀ ਰਾਤ ਮੇਰੇ ਘਰ ਵੱਸ ਖਾਂ ਵੇ ਅੜਿਆ,
ਦਿਲ ਦੀਆਂ ਘੁੰਢੀਆਂ ਖੋਲ੍ਹ ਅਸਾਂ ਨਾਲ ਹੱਸ ਖਾਂ ਵੇ ਅੜਿਆ ,
ਜਦ ਕੀਤੇ ਕੌਲ ਕਰਾਰ ਕੀ ਇਤਬਾਰ,
ਸੋਹਣੇ ਯਾਰ ਦਾ ਵੇ ਅੜਿਆ ।
ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ ।
ਇਕ ਕਰਦੀਆਂ ਖ਼ੁਦੀ ਹੰਕਾਰ ਉਹਨਾਂ ਨੂੰ ਤਾਰਨੈਂ ਵੇ ਅੜਿਆ,
ਇਕ ਰਹਿੰਦੀਆਂ ਨਿੱਤ ਖ਼ੁਆਰ ਸੜੀਆਂ ਨੂੰ ਸਾੜਨੈਂ ਵੇ ਅੜਿਆ,
ਮੈਂਡੇ ਸੋਹਣੇ ਯਾਰ ਦਾ ਕੀ ਇਤਬਾਰ ਤੇਰੇ ਪਿਆਰ ਦਾ ਵੇ ਅੜਿਆ ।
ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ ।
ਚਿੱਕੜ ਭਰੀਆਂ ਨਾਲ ਝੂੰਮਰ ਘੱਤਨਾ ਏਂ ਵੇ ਅੜਿਆ,
ਮੈਂ ਲਾਇਆ ਹਾਰ ਸ਼ਿੰਗਾਰ ਉੱਠ ਨੱਸਨਾ ਏਂ ਵੇ ਅੜਿਆ,
ਬੁੱਲ੍ਹਾ ਸ਼ਹੁ ਘਰ ਆਇਆ ਪਿਆਰਾ,
ਹੋਇਆ ਵਕਤ ਦੀਦਾਰ ਦਾ ਵੇ ਅੜਿਆ ।
ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ ।