14.1 C
Los Angeles
Saturday, November 23, 2024

ਕਾਲੀ ਧੁੱਪ

ਤਿੱਖੜ ਦੁਪਹਿਰ। ਕਿਰਨਾਂ ਦੇ ਮੂੰਹ ਵਿਚੋਂ ਅੱਗ ਵਰ੍ਹਦੀ ਪਈ ਸੀ।
ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਦੀਆਂ ਦੋਵੇਂ ਮਾਵਾਂ ਧੀਆਂ, ਪੈਲੀ-ਪੈਲੀ ਫਿਰ ਕੇ ਵੱਢਾਂ ਵਿੱਚੋਂ ਸਿੱਟੇ ਚੁਣ ਰਹੀਆਂ ਸਨ।ਸਾਰੇ ਦਿਨ ਦੀ ਹੱਡ ਭੰਨਵੀਂ ਮਿਹਨਤ, ਮਸਾਂ ਮਰਕੇ ਇੱਕ ਡੰਗ ਦੀ ਰੋਟੀ।
ਬੁੱਢੜੀ ਮਾਂ ਥੱਕ ਕੇ ਵੱਢ ਦੇ ਕਿਨਾਰੇ ਇਕ ਛੋਟੀ ਜਿਹੀ ਬੇਰੀ ਹੇਠਾਂ ਬੈਠ ਗਈ।ਪਰ ਧੀ ਸਿੱਟੇ ਚੁਣਦੀ ਜਾ ਰਹੀ ਸੀ।ਚੁਣਦੀ ਜਾ ਰਹੀ ਸੀ।ਪਸੀਨਾ ਚੋ ਚੋ ਕੇ ਉਸ ਦੇ ਸਾਂਵਲੇ ਰੰਗ ਵਿਚ ਘੁਲਦਾ ਪਿਆ ਸੀ।
ਪਰ੍ਹੇ ਸੜਕ ਉਤੋਂ ਉਤਰ ਕੇ ਡੰਡੀ ਡੰਡੀ, ਮਹਿਲਾਂ ਵਾਲੇ ਸਰਦਾਰਾਂ ਦੀਆਂ ਦੋਵੇਂ ਕੁੜੀਆਂ ਸ਼ਹਿਰੋਂ ਪੜ੍ਹ ਕੇ ਮੁੜ ਰਹੀਆਂ ਸਨ।ਕਾਲੀਆਂ ਐਨਕਾਂ ਲਾਈ,ਛਤਰੀਆਂ ਤਾਣੀ। ਫਿੱਟ ਕੱਪੜਿਆਂ ਵਿਚ ਉਹਨਾਂ ਦੇ ਸਰੀਰ ਦੀਆਂ ਗੋਲਾਈਆਂ ਮੱਛੀਆਂ ਵਾਂਗ ਮਚਲ ਰਹੀਆਂ ਸਨ।ਰੁਮਾਲਾਂ ਨਾਲ ਮੂੰਹ ਨੂੰ ਹਵਾ ਦਿੰਦੀਆਂ,ਆਪੋ ਵਿਚ ਗੱਲਾਂ ਕਰਦੀਆਂ,ਖਿੜ-ਖਿੜ ਹੱਸਦੀਆਂ ਉਹਨਾਂ ਕੋਲੋਂ ਗੁਜ਼ਰ ਗਈਆਂ।
ਧੀ ਉਹਨਾਂ ਨੂੰ ਜਾਂਦਿਆਂ ਕਿੰਨ੍ਹਾ ਚਿਰ ਪਿਛੋਂ ਵੇਖਦੀ ਰਹੀ।ਪਸੀਨਾ ਉਸਦੇ ਸਿਰ ਤੋਂ ਲੈ ਕੇ ਪੈਰਾਂ ਤਾਈਂ ਚੋ ਰਿਹਾ ਸੀ।ਥਕਾਵਟ ਨਾਲ ਉਹਦੇ ਲੱਕ ਵਿਚੋਂ ਪੀੜਾਂ ਨਿਕਲ ਰਹੀਆਂ ਸਨ।ਢਿੱਡ ਵਿਚ ਭੁੱਖ ਨਾਲ ਵੱਟ ਪੈ ਰਹੇ ਸਨ।ਪਿੰਡੇ ਵਿਚ ਜਿਵੇਂ ਸੂਈਆਂ ਚੁਭ ਰਹੀਆਂ ਹੋਣ।ਉਸ ਨੂੰ ਲੱਗਾ ਜਿਵੇਂ ਉਹ ਹੁਣੇ ਡਿੱਗ ਪਵੇਗੀ।ਕਾਹਲੀ-ਕਾਹਲੀ ਉਹ ਮਾਂ ਦੇ ਕੋਲ ਬੇਰੀ ਹੇਠਾਂ ਜਾ ਕੇ ਬੈਠ ਗਈ।ਬੇਰੀ ਦੇ ਪੱਤਿਆਂ ਦੀਆਂ ਵਿਰਲਾਂ ਰਾਹੀਂ ਧੁੱਪ ਛਣ-ਛਣ ਕੇ ਪੈ ਰਹੀ ਸੀ।
ਟਾਕੀਆਂ ਲੱਗੀ ਸਲਵਾਰ ਨੂੰ ਉਸ ਗਿੱਟਿਆਂ ਤੋਂ ਉਤਾਂਹ ਚੁੱਕਿਆ।ਫਿਰ ਪਾਟੀ ਚੁੰਨੀ ਨਾਲ ਮੁੜ੍ਹਕਾ ਪੂੰਝਿਆ।ਉਸ ਦੇ ਸਰੀਰ ਦਾ ਅੰਗ- ਅੰਗ ਥਕਾਵਟ ਵਿਚ ਨਿੰਦਰਾਇਆ ਪਿਆ ਸੀ। ਉਸ ਦਾ ਜੀਅ ਕੀਤਾ ਛਾਵੇਂ ਲੰਮੀ ਪੈ ਜਾਵੇ।ਸੌਂ ਜਾਵੇ,ਬੱਸ,ਸੌਂ ਜਾਵੇ।
ਤੇ ਫਿਰ ਪਤਾ ਨਹੀਂ ਮਹਿਲਾਂ ਵਾਲਿਆਂ ਦੀਆਂ ਦੂਰ ਪਿੰਡ ਵੜਦੀਆਂ ਕੁੜੀਆਂ ਦੀਆਂ ਪਿੱਠਾਂ ਤੇ ਨਜ਼ਰ ਗੱਡੀ ਉਸ ਨੂੰ ਕੀ ਖ਼ਿਆਲ ਆਇਆ।ਮਾਂ ਨੂੰ ਪੁਛਣ ਲੱਗੀ, ‘ਮਾਂ,ਨੀ ਮਾਂ ! ਅੜੀਏ! ਭਲਾ ਜਵਾਨੀ ਕਦੋਂ ਕੁ ਆਉਂਦੀ ਹੈ?’
ਬੁੱਢੜੀ ਮਾਂ ਨੇ ਚੁੱਚੀਆਂ ਅੱਖਾਂ ਵਿਚੋਂ ਧੀ ਦੇ ਚਿਹਰੇ ਵੱਲ ਡੂੰਘਾ ਤੱਕਿਆ। ਫਿਰ ਜਿਵੇਂ ਕੋਈ ਫ਼ਿਲਾਸਫ਼ਰ ਬੋਲਦਾ ਹੈ, ‘ਪੁੱਤ! ਜਦੋਂ ਬਹੁਤਾ ਹਾਸਾ ਆਵੇ।ਖਿੜ-ਖਿੜਾ ਕੇ। ਬਿਨਾਂ ਕਿਸੇ ਗੱਲ ਤੋਂ।’
ਕੁੜੀ ਦੇ ਬੋਲਾਂ ਵਿਚ ਜਿਵੇਂ ਸਾਰੇ ਜਹਾਨ ਦਾ ਦਰਦ ਇਕੱਠਾ ਹੋ ਗਿਆ, ‘ਹਾਇ!ਹਾਇ! ਨੀਂ ਮਾਂ! ਇਹ ਤਾਂ ਪਿਛਲੇ ਸਾਲ ਬੜਾ ਆਇਆ ਸੀ।’
ਹੱਥ ਵਿਚ ਫੜਿਆ ਸਿੱਟਾ ਉਸ ਉਂਗਲਾਂ ਵਿਚ ਮਲ਼ ਦਿੱਤਾ।
ਦੂਰ ਤੱਕ ਚਾਰੇ ਪਾਸੇ ਕਾਲੀ ਧੁੱਪ ਧਰਤੀ ਦਾ ਪਿੰਡਾ ਲੂਹ ਰਹੀ ਸੀ।

ਦਲਦਲ

ਉਹ ਡਰ ਕੇ ਉਭੜਵਾਹੇ ਉਠ ਕੇ ਇਕਦਮ ਮੰਜੇ 'ਤੇ ਬੈਠ ਗਿਆ। ਪੂਰੇ ਜ਼ੋਰ ਨਾਲ ਹੋ ਰਹੇ ਦਰਦ ਕਰਕੇ ਸਿਰ ਫਟਣ ਨੂੰ ਆ ਰਿਹਾ ਸੀ। ਅੱਖਾਂ ਵਿਚੋਂ ਸੇਕ ਇੰਜ ਨਿਕਲ ਰਿਹਾ ਸੀ ਜਿਵੇਂ ਪੁਤਲੀਆਂ ਵਿਚੋਂ ਲਾਟਾਂ ਨਿਕਲ ਰਹੀਆਂ ਹੋਣ। ਤੋਟ ਦੇ ਮਾਰੇ ਸ਼ਰਾਬੀ ਵਾਂਗ ਸਰੀਰ ਭੰਨਿਆ ਪਿਆ ਸੀ। ਹੁਣੇ ਆਇਆ ਭਿਆਨਕ ਸੁਪਨਾ ਅਤੇ ਕੱਲ੍ਹ ਸ਼ਾਮੀਂ ਵਾਪਰੀ ਦੁਰਘਟਨਾ ਜ਼ਿਹਨ ਵਿਚ ਰਲਗੱਡ ਹੋਏ, ਮੈਦਾਨ-ਏ-ਜੰਗ ਵਿਚ ਚੱਲਦੀਆਂ ਤਲਵਾਰਾਂ ਵਾਂਗ ਉਸ ਦੇ ਅੰਦਰ ਨੂੰ ਕੱਟ ਵੱਢ ਰਹੇ ਸਨ।ਉਸ ਨੇ ਇਸ ਸਭ ਕਾਸੇ ਤੋਂ ਧਿਆਨ...

ਲੋਟੇ ਵਾਲਾ ਚਾਚਾ

ਪ੍ਰਸਿਧ ਪੰਜਾਬੀ ਕਵੀ ਕਰਤਾਰ ਸਿੰਘ ਬਲੱਗਣ ਦੇ ਲੜਕੇ ਦਾ ਵਿਆਹ ਸੀ। ਸਵੇਰੇ ਜੰਜ ਚੜ੍ਹਨੀ ਸੀ। ਰਾਤ ਦੀ ਮਹਿਫ਼ਿਲ ਵਿੱਚ ਸ਼ਾਇਰ ਮਿੱਤਰਾਂ ਦੀ ਭੀੜ ਸੀ, ਹਾਸਾ ਸੀ, ਖੁਸ਼ੀਆਂ ਸਨ, ਗੱਪਾਂ ਸਨ। ਲਤੀਫ਼ੇ ਤੇ ਲਤੀਫ਼ਾ ਠਾਹ ਲਤੀਫ਼ਾ! ਵਿਅੰਗਮਈ ਤੇ ਤਿੱਖੇ ਬੋਲਾਂ ਦੇ ਕਾਟਵੇਂ ਵਾਰ ਸਨ, ਸ਼ਿਅਰ ਸਨ, ਹੁਸਨ ਸੀ, ਲਤਾਫ਼ਤ ਸੀ।"ਸਾਈਂ ਤਾਂ ਰਹਿ ਗਿਆ ਫ਼ਿਰ!" ਵਿਧਾਤਾ ਸਿੰਘ ਤੀਰ ਨੇ ਇੱਕਦਮ ਗੱਲਾਂ ਦਾ ਰੁਖ਼ ਪਲਟ ਦਿੱਤਾ।"ਲੱਗਦਾ ਤਾਂ ਇੰਜ ਹੀ ਹੈ। ਆਉਣਾ ਹੁੰਦਾ ਤਾਂ ਚਾਨਣੇ ਚਾਨਣੇ ਹੀ ਆ ਜਾਣਾ ਸੀ। ਹੋ ਸਕਦੈ ਵੀਜ਼ਾ...

ਅੰਗ-ਸੰਗ

ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬੰਨ੍ਹਾ ਗਏ ਸਨ। ਇਸਦੇ ਨਾਲ ਹੀ ਉਸ ਨਿੱਕੇ ਜਿਹੇ ਅਦਨੇ ਆਦਮੀ ਦੇ ਨਿੱਕੇ ਜਿਹੇ ਇਤਿਹਾਸ ਦਾ ਅੰਤ ਹੋ ਗਿਆ ਸੀ; ਜਿਸ ਇਤਿਹਾਸ ਨੂੰ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਜਾਣਾ। ਪਰ ਜਿਸਦੇ ਕੀਤੇ ਛੋਟੇ ਵੱਡੇ ਕੰਮਾਂ ਨੇ ਉਸ ਛੋਟੇ ਜਿਹੇ ਪਰਿਵਾਰ ਦੇ ਜੀਵਨ ਉੱਪਰ ਵੱਖ-ਵੱਖ ਰੂਪਾਂ ਵਿੱਚ ਅਸਰ-ਅੰਦਾਜ਼ ਹੋਣਾ ਸੀ।ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਜੀਆਂ 'ਤੇ ਲੇਟਿਆ ਹੋਇਆ ਸੀ। ਇੱਕ ਚੁੱਪ...