ੴ ਸਤਿਗੁਰ ਪ੍ਰਸਾਦਿ॥
ਅਲਫ਼ ਅੱਲਾ ਨੂੰ ਬੈਠ ਕੇ ਯਾਦ ਕਰੀਏ
ਅੱਲਾ ਬਾਦਸ਼ਾਹ ਨਬੀ ਵਜ਼ੀਰ ਹੈ ਜੀ ।
ਨਬੀ ਸਭ ਸਿਰਤਾਜ ਹੈ ਅੰਬੀਆਂ ਦਾ
ਵਲੀ ਇਕ ਥੀਂ ਇਕ ਅੰਮੀਰ ਹੈ ਜੀ।
ਰੌਸ਼ਨ ਪਾਕ ਰਸੂਲ ਦਾ ਦੀਨ ਕੀਤਾ
ਜਿਸਦਾ ਨਾਮ ਹਜ਼ਰਤ ਦਸਤਗੀਰ ਹੈ ਜੀ।
ਸਯਦ ਚਿਸ਼ਤੀ ਚਰਾਗ ਹੈ ਪੀਰ ਬਖ਼ਸ਼ਾ
ਜਿਸਦਾ ਨਾਮ ਫਰੀਦ ਫਕੀਰ ਹੈ ਜੀ ॥੧॥
ਬੇ ਬੰਦਗੀ ਰੱਬ ਦੀ ਕਰੋ ਬਾਵਾ
ਤੁਸਾਂ ਰਾਹ ਫਕੀਰੀ ਦਾ ਮੱਲਣਾ ਹੈ।
ਮਤੀਂ ਦੇਵੇ ਫਰੀਦ ਨੂੰ ਨਿਤ ਮਾਈ
ਕਹੇ ਬੱਚਾ ਅਸਾਡੜੇ ਚਲਣਾ ਹੈ।
ਜੇਕਰ ਜੀਂਵਦਾ ਜਿੰਵੇ ਤੇ ਫੇਰ ਜੀਵੇਂ
ਮੁੜਕੇ ਸੰਗ ਪਿਆਰੇ ਦਾ ਝੱਲਣਾ ਹੈ।
ਦੇਂਦਾ ਤਾਇ ਸੂਲਾਕ ਸੀ ਪੀਰ ਬਖ਼ਸ਼ਾ
ਜਿਸਦਾ ਨਫਰ ਕਰਕੇ ਤੈਨੂੰ ਘੱਲਣਾ ਹੈ ॥੨॥
ਤੇ ਤਰਕ ਕਰ ਮੁਲਕ ਸੰਸਾਰ ਕੋਲੋਂ
ਤੂੰ ਤਾਂ ਹੈਂ ਨਾਦਾਨ ਜੁਵਾਨ ਬੇਟਾ।
ਲੜਕੇ ਬਾਲੜੇ ਦੋਸਤੀ ਲਾਂਵਦੇ ਨੀ
ਢੂੰਢਣ ਆਪਣਾ ਆਪਣਾ ਹਾਣ ਬੇਟਾ।
ਜਿਸਦੇ ਹੋਇ ਰਹੀਏ ਉਸਨੂੰ ਲਭ ਲਈਏ
ਤੂੰ ਤਾਂ ਆਪਣਾ ਆਪ ਪਛਾਨ ਬੇਟਾ।
ਆਖੇ ਮਾਉਂ ਫਰੀਦ ਦੀ ਪੀਰ ਬਖ਼ਸ਼ਾ
ਛੱਡ ਜਾਵਣਾ ਜਗ ਜਹਾਨ ਬੇਟਾ॥੩॥
ਸੇ ਸਾਬਤੀ ਦੇ ਨਾਲ ਕਰੋ ਰੁਖ਼ਸਤ
ਹੱਥ ਬੰਨ੍ਹਕੇ ਕਹੇ ਫਰੀਦ ਮਾਏ।
ਜਿਸ ਬਾਤ ਨੂੰ ਕਰਦਿਆਂ ਮਿਲੇ ਢੋਈ
ਓਸ ਬਾਤ ਦੀ ਕਰੋ ਤਾਕੀਦ ਮਾਏ।
ਅਵਲ ਅਮਰ ਤੁਸਾਡੜਾ ਮੰਨਣਾ ਹੈ
ਤੁਸੀਂ ਪੀਰ ਤੇ ਅਸੀਂ ਮੁਰੀਦ ਮਾਏ।
ਸਾਹਿਬ ਜਾਣੇ ਨਾ ਜਾਣੇਗਾ ਪੀਰ ਬਖ਼ਸ਼ਾ
ਕਰਨੀ ਜਾਨ ਗੁਲ਼ਾਮ ਸ਼ਹੀਦ ਮਾਏ ॥੪॥
ਜੀਮ ਜੱਗ ਜਹਾਨ ਮੁਕਾਮ ਫਾਨੀ
ਚਲੇ ਜੰਗਲਾਂ ਵੱਲ ਫਕੀਰ ਮੀਆਂ।
ਜਦੋਂ ਭੁੱਖ ਪਿਆਸ ਦੀ ਤਲਬ ਹੁੰਦੀ
ਤੋੜ ਖਾਂਵਦੇ ਜੰਡ ਕਰੀਰ ਮੀਆਂ।
ਤੁਹੀਂ ਤੁਹੀਂ ਪੁਕਾਰਦੇ ਫਿਰਨ ਜੰਗਲ
ਸੁੱਕ ਗਿਆ ਤਮਾਮ ਸਰੀਰ ਮੀਆਂ।
ਆਸ਼ਕ ਮਸਤ ਹਵਾਲ ਵਿਚ ਪੀਰ ਬਖ਼ਸ਼ਾ
ਇਕ ਪਲਕ ਨਾ ਰਹਿਨ ਦਲਗੀਰ ਮੀਆਂ ॥੫॥
ਹੇ ਹੁਕਮ ਹੋਇਆ ਸ਼ੈਹਰ ਆਪਣੇ ਦਾ
ਜੰਗਲ ਫਿਰਦਿਆਂ ਨੂੰ ਬਾਰਾਂ ਸਾਲ ਹੋਏ।
ਦੋਹੀਂ ਨੈਨ ਤੇ ਰੰਗ ਬਿਭੂਤ ਹੋਇਆ
ਜਵਾਂ ਕਦ ਤੇ ਲੰਮੜੇ ਵਾਲ ਹੋਏ।
ਹੱਥ ਬੰਨ੍ਹ ਫਰੀਦ ਸਵਾਲ ਕੀਤਾ
ਮਾਈ ਨਾਲ ਜਵਾਬ ਸਵਾਲ ਹੋਏ।
ਕੀਤਾ ਰੱਬ ਦਾ ਸ਼ੁਕਰ ਸੀ ਪੀਰ ਬਖ਼ਸ਼ਾ
ਬੇੜੇ ਤਿੰਨਾਂ ਦੇ ਜਾਣ ਤੂੰ ਪਾਰ ਹੋਏ ॥੬॥
ਖੇ ਖੁਸ਼ੀ ਦੇ ਨਾਲ ਜਦੋਂ ਆਇ ਮਿਲੇ
ਪੁਤ੍ਰ ਦੇਖਦੀ ਨਾਲ ਪਿਆਰ ਕਰਕੇ ।
ਖਿੱਚੇ ਵਾਲ ਫਰੀਦ ਨੇ ਸੀ ਕੀਤੀ
ਝਿੜਕਾਂ ਦੇਇ ਮਾਈ ਮਾਰੋ ਮਾਰ ਕਰਕੇ।
ਜਿਨ੍ਹਾਂ ਰੁਖਾਂ ਦੇ ਪਤ੍ਰ ਸੂਤ ਖਾਧੇ
ਸੋਈ ਰੁਖ ਰੋਂਦੇ ਜ਼ਾਰੋ ਜ਼ਾਰ ਕਰਕੇ ।
ਆਖੇ ਮਾਉਂ ਫਰੀਦ ਦੀ ਪੀਰ ਬਖ਼ਸ਼ਾ
ਰੋਟੀ ਕਾਠ ਦੀ ਪਕੜ ਇਤਬਾਰ ਕਰਕੇ॥੭॥
ਦਾਲ ਦਰਦ ਸੁਣਾਉਂਦਾ ਮਾਂਉਂ ਤਾਂਈਂ
ਖਾਧੀਆਂ ਕਰੂਮਲਾਂ ਵਾਸਤੇ ਭੁਖ ਦੇ ਜੀ ।
ਇਕ ਖੌਫ ਖੁਦਾਇ ਦਾ ਯਾਦ ਸਾਨੂੰ
ਦੂਜਾ ਤੋੜ ਖਾਧੇ ਪੱਤੇ ਰੁੱਖ ਦੇ ਜੀ।
ਅਸੀਂ ਭੁਲੇ ਤੂੰ ਬਖਸ਼ ਗੁਨਾਹ ਮਾਈ
ਤੇਰੇ ਅੱਗੇ ਅਸੀਂ ਮਾਰੇ ਦੁੱਖ ਦੇ ਜੀ।
ਭੁਖੇ ਆਦਮੀ ਆਖਦੇ ਪੀਰ ਬਖ਼ਸ਼ਾ
ਕੁਝ ਹੋਇ ਪਾਈਏ ਵਿਚ ਮੁੱਖ ਦੇ ਜੀ ॥੮॥
ਜ਼ਾਲ ਜ਼ਰਾ ਨਾ ਮਾਈ ਨੂੰ ਰਹਮ ਆਯਾ
ਕਹੇ ਢੂੰਢ ਫ਼ਕੀਰੀ ਨੂੰ ਜਾਹ ਬੇਟਾ ।
ਨੰਗ ਭੁਖ ਦੇ ਵੱਲ ਨਾ ਧਯਾਨ ਧਰੀਂ
ਵਾਰਾ ਰਖਣਾ ਯਾਰ ਦੇ ਚਾਹ ਬੇਟਾ ।
ਬਾਰਾਂ ਬਰਸ ਅਨਾਜ ਨਾਂ ਖਾਵਣਾ ਈ
ਰੋਟੀ ਕਾਠ ਦੀ ਨਾਲ ਨਿਬਾਹ ਬੇਟਾ ।
ਸਜਣ ਮਿਲੀਗਾ ਆਣ ਕੇ ਪੀਰ ਬਖ਼ਸ਼ਾ
ਤਦੋਂ ਮਿਲੀਗਾ ਓਸਦਾ ਰਾਹ ਬੇਟਾ ॥੯॥
ਰੇ ਰੱਬ ਨੂੰ ਸੌਂਪਣਾ ਕਰੇ ਮਾਤਾ
ਜਿਥੋਂ ਆਏ ਸਨ ਓਧਰੇ ਉਠ ਚੱਲੇ ।
ਜਿਨ੍ਹਾਂ ਅੱਗੇ ਨਕੀਬ ਅਵਾਜ਼ ਕਰਦੇ
ਸੋ ਭੀ ਏਸ ਜਹਾਨ ਥੀਂ ਗਏ ਕੱਲੇ।
ਨੰਗ ਭੁੱਖ ਦੀ ਨਫਸ ਨੂੰ ਸਬਰ ਕਰਕੇ
ਰੋਟੀ ਕਾਠ ਦੀ ਲਈ ਨੇ ਬੰਨ੍ਹ ਪੱਲੇ।
ਬੁੱਤ ਫਿਰੇ ਜੰਗਲ ਵਿਚ ਪੀਰ ਬਖ਼ਸ਼ਾ
ਰੂਹ ਵੱਸੇ ਪਿਆਰੇ ਦੇ ਤਾਨ ਗੱਲੇ ॥੧੦॥
ਜ਼ੇ ਜ਼ੋਹਦ ਕਮਾਵਨਾ ਖਰਾ ਔਖਾ
ਮਜਨੂੰ ਖਤਮ ਹੋਯਾ ਖਾਤਰ ਯਾਰ ਦੇ ਜੀ।
ਖ਼ਾਤਰ ਸ਼ੀਰੀਂ ਦੀ ਪੁਟ ਪਹਾੜ ਸੁਟੇ
ਵੇਖੋ ਪ੍ਰੀਤਿ ਫਰਿਯਾਦ ਨੂੰ ਯਾਰ ਦੇ ਜੀ।
ਮੀਏਂ ਯਾਰ ਨੇ ਸਾਥ ਲੁਟਾਇ ਦਿਤਾ
ਹੋਇ ਪਾਇਕੇ ਮਿਹਰ ਦਿਲਦਾਰ ਦੇ ਸੀ ।
ਸ਼ਕਰਗੰਜ ਫਰੀਦ ਨੂੰ ਪੀਰ ਬਖ਼ਸ਼ਾ
ਜਿਤਨਾ ਪਾਕ ਸੱਤਾਰ ਗੁਫਾਰ ਦੇ ਜੀ ॥੧੧॥
ਸੀਨ ਸਿਕਦਿਆਂ ਨੂੰ ਬਾਰਾਂ ਬਰਸ ਹੋਏ
ਘਰ ਆਏ ਨੂੰ ਮਾਇ ਇਲਜ਼ਾਮ ਦਿਤਾ।
ਰੋਟੀ ਕਾਠ ਦੀ ਪੁਸ਼ਤ ਇਮਾਨ ਤੇਰਾ
ਫੇਰ ਮਾਈ ਨੇ ਏਹ ਇਨਾਮ ਦਿਤਾ ।
ਖਾਣ ਪੀਣ ਦੀ ਕੁਛ ਪ੍ਰਵਾਹ ਨਹੀਂ
ਨਾ ਕੁਛ ਹੋਇਆ ਨਾ ਰੱਬ ਦੇ ਨਾਮ ਦਿਤਾ ।
ਜਾਕੇ ਢੂੰਫ ਖੁਦਾਇ ਨੁੰ ਪੀਰ ਬਖ਼ਸ਼ਾ
ਜਾਕੇ ਅਸਾਂ ਨੇ ਕਰ ਗੁਲ਼ਾਮ ਦਿਤਾ॥੧੨॥
ਸ਼ੀਨ ਸ਼ੁਕਰ ਗੁਜ਼ਾਰਕੇ ਕਦਮ ਚੁੰਮੇਂ
ਕਰੋ ਮਾਈ ਜੀ ਕੁਝ ਫੁਰਮਾਵਣਾਂ ਜੇ ।
ਤੈਨੂੰ ਯਾਦ ਫਰੀਦ ਨਾ ਰੱਬ ਭੁਲੇ
ਪੀਆ ਮਿਲੇ ਥੀਂ ਬਾਝ ਨਾ ਆਵਣਾਂ ਜੇ ।
ਜੋ ਕੋਈ ਏਸ ਦਰਵਾਜ਼ਿਓ ਲੰਘ ਜਾਏ
ਰੱਬ ਉਨ੍ਹਾਂ ਬਹਿਸ਼ਤ ਪੁਚਾਵਣਾ ਜੇ ।
ਕਹਿੰਦੀ ਮਾਂਉਂ ਫਰੀਦ ਨੂੰ ਪੀਰ ਬਖ਼ਸ਼ਾ
ਇਕ ਖੂਹੇ ਵਿਚ ਸੀਸ ਨਿਵਾਵਣਾ ਜੇ॥੧੩॥
ਸੁਆਦ ਸਿਫਤਿ ਖੁਦਾਇ ਦੀ ਕਰ ਫਰੀਦਾ
ਏਸ ਦੰਮ ਦਾ ਕੁਝ ਵਿਸਾਹ ਨਾਹੀਂ ।
ਸ਼ਕਰ ਗੰਜ ਜਿੱਥੇ ਅੱਖੀ ਲਗ ਜਾਵਣ
ਮੁਖ ਮੋੜਨੇ ਦੀ ਕੋਈ ਚਾਹ ਨਾਹੀਂ।
ਆਵਣ ਲੱਖ ਅਮੀਰਤਾਂ ਕਰਨ ਅਰਜ਼ਾਂ
ਬਾਦਸ਼ਾਹਾਂ ਦੀ ਕੁਝ ਪ੍ਰਵਾਹ ਨਾਹੀਂ।
ਦਾਮਨ ਰੱਬ ਦਾ ਪਕੜ ਤੂੰ ਪੀਰ ਬਖ਼ਸ਼ਾ
ਏਸ ਜੇਹੀ ਕੋਈ ਨੇਕ ਸਲਾਹ ਨਾਹੀਂ॥ ੧੪॥
ਜ਼ੁਆਦ ਜ਼ਈਫ ਹੋਇਆ ਫਿਰਦਾ ਵਿਚ ਜੰਗਲ
ਇਕ ਦਿਨ ਆਈ ਸੀ ਨੀਂਦ ਫਰੀਦ ਨੂੰ ਜੀ।
ਚਿੜੀਆਂ ਸ਼ੋਰ ਪਾਯਾ ਸ਼ਾਲਾ ਮਰ ਵੰਞੋ
ਹੋਇਆ ਹੁਕਮ ਜਨਾਬ ਤਕਦੀਰ ਨੂੰ ਜੀ ।
ਪਹਿਲਾ ਫਕਰ ਕੀ ਬੋਲਣਾ ਬੋਲਿਆ ਏ
ਰੱਬਾ ਮਾਰ ਫਕੀਰ ਤਕਸੀਰ ਨੂੰ ਜੀ ।
ਚਿੜੀਆਂ ਫੇਰ ਜਿਵਾਲੀਆਂ ਪੀਰ ਬਖਸ਼ਾ
ਰਾਜ਼ੀ ਕੀਤਾ ਫਰੀਦ ਫਕੀਰ ਨੂੰ ਜੀ ॥੧੫॥
ਤੋਇ ਤਰਫ ਜਦ ਘਰਾਂ ਦੀ ਉਠ ਚੱਲੇ
ਲਗੀ ਪਿਆਸ ਤੇ ਧੁਪ ਦੁਪਹਿਰ ਦੀਜੀ।
ਰੰਗਰੇਟੜੀ ਖੂਹੇ ਤੇ ਭਰੇ ਪਾਣੀ
ਬਹੂ ਬੇਟੜੀ ਸੀ ਕਿਸੇ ਮਹਿਰ ਦੀ ਜੀ।
ਪਹਿਲਾਂ ਹੋਈ ਤਾਂ ਆਬ ਪਿਲਾਉ ਸਾਨੂੰ
ਪਿਆਸ ਲਗ ਰਹੀ ਕਿਸੇ ਕਹਿਰ ਦੀ ਜੀ ।
ਚਿੜੀਆਂ ਮਾਰਕੇ ਆਇਆ ਹੈਂ ਪੀਰ ਬਖ਼ਸ਼ਾ
ਤੇਰੇ ਹੱਥ ਛੁਰੀ ਕਿਸੇ ਕਹਿਰ ਦੀ ਜੀ ॥੧੬॥
ਜ਼ੋਇ ਜ਼ਾਹਰਾ ਰਮਜ਼ ਚਲਾਇਕੇ ਤੇ
ਬੋਕਾ ਚਾਇ ਜਮੀਨ ਤੇ ਸੱਟਿਆ ਸੂ।
ਕੋਹਾਂ ਚਾਲੀਆਂ ਤੇ ਝੁਗੀ ਭੈਣ ਵਾਲੀ
ਲਗੀ ਅੱਗ ਤੇ ਨੀਰ ਪਲੱਟਿਆ ਸੂ ।
ਹਾਲ ਦੇਖ ਫਰੀਦ ਖ਼ਯਾਲ ਕਰਦਾ
ਘੜਾ ਨੂਰ ਦਾ ਕਿਸ ਥੀਂ ਖੱਟਿਆ ਸੂ ।
ਯਾ ਕੋਈ ਪੀਰ ਕਾਮਲ ਸੀ ਪੀਰ ਬਖ਼ਸ਼ਾ
ਯਾ ਕੋਈ ਬੰਦਗੀ ਦਾ ਚਿੱਲਾ ਕੱਟਿਆ ਸੂ ॥੧੭॥
ਐਨ ਅਰਜ਼ ਕਰਕੇ ਪੁਛਨ ਉਸ ਕੋਲੋਂ
ਮਾਈ ਕਿਸ ਥੀਂ ਤੁਧ ਬਰਾਤ ਮਾਏ ।
ਸੱਸੀ ਥਲਾਂ ਦੇ ਵਿੱਚ ਕੁਰਲਾ ਮੋਈ
ਪੁੰਨੂੰ ਜੀਂਵਦੇ ਕਦੇ ਨਾ ਝਾਤ ਪਾਏ।
ਰਾਂਝਾ ਹੀਰ ਦੇ ਮਗਰ ਫਕੀਰ ਹੋਇਆ
ਮਹੀਂਵਾਲ ਸੋਹਣੀ ਮੁਲਾਕਾਤ ਆਏ ।
ਸੱਚ ਦੱਸ ਫਰੀਦ ਨੂੰ ਪੀਰ ਬਖ਼ਸ਼ਾ
ਕਿਸੇ ਬਾਤ ਥੀਂ ਇਸ਼ਕ ਨ ਜਾਤ ਪਾਏ ॥੧ ੮॥
ਗੈਨ ਗਜਲ ਹੋਈ ਪਹਿਲੀ ਰਾਤ ਵਾਲੀ
ਮੇਰੇ ਪੀਆ ਨੇ ਆਖਿਆ ਆਬ ਦੇਨਾ।
ਮੇਰੇ ਦਸਤ ਕਟੋਰੜਾ ਦੇਖ ਲੀਤਾ
ਉਸ ਮੰਗਿਆ ਨਹੀਂ ਜਬਾਬ ਦੇਨਾ ।
ਕਰੋ ਮਿਹਰ ਅਸਾਂ ਉਪਰ ਆਨ ਸਾਈਂ
ਜਦੋਂ ਸਾਂਝ ਤੇਰੀ ਸਾਡੀ ਆਇ ਦੇਨਾ।
ਫਜਰ ਹੋਈ ਨੂੰ ਪੀਤਾ ਸੀ ਪੀਰ ਬਖ਼ਸ਼ਾ
ਉਸਦੇ ਪੀਤੇ ਦਾ ਰੱਬ ਸਵਾਬ ਦੇਨਾ॥੧੯॥
ਫੇ ਫਿਕਰ ਫ਼ਕੀਰੀ ਦਾ ਬਹੁਤ ਲੀਤਾ
ਤੁਸਾਂ ਦੁਨੀਆਂ ਦਾ ਇਕ ਰਾਹ ਕੀਤਾ।
ਘੜਾ ਚੁਕ ਕੇ ਉਸਦੇ ਨਾਲ ਤੋੜੇ
ਉਸਦੇ ਪੀਆ ਦਾ ਜਾਇ ਜਮਾਲ ਕੀਤਾ ।
ਦੋਹਾਂ ਜੀਆਂ ਦੇ ਉਠਕੇ ਕਦਮ ਚੁੰਮੇਂ
ਦਿਤੀ ਛਲੀ ਤੇ ਬਹੁਤ ਹੈਸਾਨ ਕੀਤਾ।
ਲਟਕ ਤੰਦ ਕੱਚੀ ਨਾਲ ਪੀਰ ਬਖ਼ਸ਼ਾ
ਏਹ ਹੁਕਮ ਹੈ ਰੱਬ ਜਨਾਬ ਕੀਤਾ॥੨੦॥
ਕਾਫ਼ ਕਤਲ ਮਨਜ਼ੂਰੀ ਦਾ ਦੇਇ ਸੋਹਲਾ
ਉਲਟਾ ਹੋਇ ਖੂਹੇ ਵਿਚ ਲਟਕ ਰਹੇ।
ਪੀਆ ਮਿਲੇ ਦੇ ਬਾਝ ਨਾ ਸਿੱਕ ਲਹਿੰਦੀ
ਚਵੀ ਬਰਸ ਗੁਜਰੇ ਅੰਦਰ ਫਟਕ ਰਹੇ।
ਠੂੰਗਨ ਏਸ ਗਰੀਬ ਦਾ ਕਾਗ ਜਾਲਮ
ਸਾਸ ਲਬਾਂ ਉਤੇ ਆਯਾ ਅਟਕ ਰਹੇ।
ਪੀਆ ਮਿਲਨ ਦੀ ਆਸ ਹੈ ਪੀਰ ਬਖ਼ਸ਼ਾ
ਕਹਿੰਦੇ ਹੋਰ ਫਕੀਰ ਭੀ ਫਟਕ ਰਹੇ ॥੨੧॥
ਕਾਫ ਕਦੀ ਤੇ ਬਾਤ ਓਹ ਕਰੀਂ ਮੌਲਾ
ਤੇਰੀ ਤਰਫ ਵਜੇ ਨਿਤ ਤਾਰ ਮੇਰੀ ।
ਸੂਲੀ ਚੜ੍ਹਿਆ ਫਕੀਰ ਫਰੀਦ ਤੇਰਾ
ਤੇਰੇ ਬਾਝ ਲਵੇ ਕਉਣ ਸਾਰ ਮੇਰੀ।
ਬਾਰਾਂ ਬਰਸ ਗੁਜਰੇ ਪਿੰਜਰ ਭਏ ਖਾਲੀ
ਕਦੀ ਸੁਣੇ ਤੂੰ ਖਾਂਵਦਾ ਕੂਕ ਮੇਰੀ।
ਖਾਤਰ ਰੱਬ ਦੀ ਕਰਮ ਨੂੰ ਪੀਰ ਬਖ਼ਸ਼ਾ
ਪਵੇ ਅਰਜ ਦਰਗਾਹਿ ਕਬੂਲ ਮੇਰੀ॥੨੨॥
ਲਾਮ ਲੱਖ ਜਾਂ ਨੇਕ ਨਸੀਬ ਹੋਵਨ
ਮਿਲੇ ਦੀਨ ਦੁਨੀਆਂ ਉਤੇ ਜਰ ਫਰੀਦਾ ।
ਧੋਖੇ ਜਮਾਂ ਦੇ ਵਿੱਚੋਂ ਸੀ ਕਢ ਲੀਤਾ
ਪਿਆਲਾ ਨੂਰ ਦਾ ਲਿਆ ਸੀ ਫਿਰ ਫਰੀਦਾ।
ਖਾਵੇ ਦੁਧ ਤੇ ਹੋਈ ਮਖ਼ਸੂਦ ਹਾਸਲ
ਜਾਗ ਲਾਵਣੇ ਦਾ ਕਰ ਆਹਰ ਫਰੀਦਾ।
ਦੀਦਨ ਯਾਰ ਦੇ ਹੋਏ ਨੀ ਪੀਰ ਬਖ਼ਸ਼ਾ
ਸਾਹਿਬ ਤਾਰਿਓ ਤੈਂ ਕੂੰ ਫੜ ਫਰੀਦਾ॥੨੩॥
ਮੀਮ ਮੇਹਰ ਜਾਂ ਰੱਬ ਦੀ ਨਜ਼ਰ ਹੋਵੇ
ਹੋਇਆ ਹੁਕਮ ਦਿੱਲੀ ਵਲ ਜਾਵਣੇ ਦਾ।
ਖੁਆਜੇ ਕੁਤਬ ਦੇ ਪਾਸ ਹੈ ਖ਼ੈਰ ਮੇਰਾ
ਹੁਕਮ ਉਸਨੂੰ ਜਾਗਦੇ ਲਾਵਣੇ ਦਾ।
ਪੈਰ ਵੇਖ ਮੁਰੀਦ ਦੇ ਨੀਰ ਵੱਲੋਂ
ਤੋਰ ਰੱਬ ਨੂੰ ਉਮਤ ਬਖ਼ਸ਼ਾਵਣੇ ਦਾ।
ਭੇਜਿਆ ਲਾਲ ਫਕੀਰ ਨੇ ਪੀਰ ਬਖ਼ਸ਼ਾ
ਹੁਕਮ ਇਸਨੂੰ ਕੁਤਬ ਬਣਾਵਣੇ ਦਾ ॥੨੪॥
ਨੂੰਨ ਨਿਆਜ਼ ਗੁਜ਼ਾਰ ਕੇ ਕਦਮ ਚੁੰਮੇ
ਮਿਲੇ ਥਾਂਨ ਤੇ ਬਹੁਤ ਨਿਹਾਲ ਹੋਏ।
ਹਜ਼ਰਤ ਪੀਰ ਨਾਨੂੰ ਖ਼ਵਾਜ਼ੇ ਕੁਤਬ ਜੇਹੇ
ਰੱਬ ਆਪ ਸਤਾਰ ਗੁਫਾਰ ਹੋਏ ।
ਹਜ਼ਰਤ ਪੀਰ ਖੁਆਜੇ ਕੁਤਬ ਲਾਲ ਜੇਹੇ
ਲਾਏ ਗਲੇ ਜਿਨ੍ਹਾਂ ਓਹਤਾਂ ਲਾਲ ਹੋਏ।
ਸਾਇਤ ਘੜੀ ਸੁਲਖਣੀ ਪੀਰ ਬਖ਼ਸ਼ਾ
ਕੰਤਾਂ ਵਾਲੀਆਂ ਖਾਸ ਜਮਾਲ ਹੋਏ॥੨੫॥
ਵਾਉ ਵਿਰਦ ਜੋ ਸਾਹਿਬ ਦਾ ਦਸ ਦਿੰਦੇ
ਆਸ਼ਕ ਪਲਕ ਨਾ ਮੂਲ ਵਿਸਾਰਦੇ ਨੀ।
ਰੂਮ ਸ਼ਾਮ ਦੇ ਲੋਕ ਸਲਾਮ ਕਰਦੇ
ਰੌਸ਼ਨ ਹੋਏ ਨੀ ਵਿਚ ਜਹਾਂਨ ਦੇ ਨੀ।
ਖਾਵਨ ਨਿਤ ਨਿਆਮਤਾਂ ਮੁਰੀਦ ਚੇਲਾ
ਇਸ ਹਦ ਥੀਂ ਪਾਰ ਉਤਾਰ ਦੇ ਨੀ ।
ਗੰਜ ਬਖ਼ਸ਼ਾ ਸਿਵਾਇ ਹੈ ਪੀਰ ਬਖ਼ਸ਼ਾ
ਮਿੰਨਤਦਾਰ ਹਮੇਸ਼ ਦੀਦਾਰ ਦੇ ਨੀ॥੨੬॥
ਹੇ ਹਾਰ ਇਮਾਨ ਨੇ ਭੇਜ ਦਿਤਾ
ਬੜੀ ਆਜਜ਼ੀ ਨਾਲ ਨਿਹਾਲ ਹੋਏ।
ਅਵਲ ਪੀਰਾਂ ਦਾ ਪੀਰ ਹੈ ਗੌਂਸ ਆਜ਼ਮ
ਕੁਤਬਾਂ ਵਿੱਚੋਂ ਤੇ ਵਲੀ ਅਮੀਰ ਹੋਏ।
ਦਿਲ ਅੰਬੀਆਂ ਪੀਰ ਫ਼ਕੀਰ ਵਾਲਾ
ਅਗੇ ਤਿਨਾਂ ਦੇ ਚਾਰ ਹਜ਼ੂਰ ਹੋਏ ।
ਇਹੋ ਫ਼ੈਜ਼ ਨੂੰ ਜਾਨਗੇ ਪੀਰ ਬਖ਼ਸ਼ਾ
ਨੇਕ ਜਿਨਾਂ ਦੇ ਪਾਕ ਖਮੀਰ ਹੋਏ॥੨੭॥
ਲਾਮ ਲੱਗੀਆਂ ਅੱਖੀਆਂ ਖੌਫ ਡਾਢਾ
ਪੀਆ ਅਸਾਂ ਉਤੇ ਮਿਹਰਬਾਨ ਹੋਏ।
ਦੋਸਤ ਹੋ ਕੇ ਆ ਦੀਦਾਰ ਕੀਤਾ
ਤਖਤੋਂ ਜੁਦਾ ਹਜ਼ਰਤ ਸੁਲੇਮਾਨ ਹੋਏ।
ਮਿਹਤਰ ਯੂਸਫ਼ ਨੂੰ ਸੁੱਟਿਆ ਵਿਚ ਖੂਹੇ
ਇਬਰਾਹੀਮ ਚਿਖਾ ਉਤੇ ਆਨ ਢੋਏ।
ਜੋ ਚਾਹੇ ਸੋ ਕਰਦਾ ਹੈ ਪੀਰ ਬਖਸ਼ਾ
ਰੱਬ ਪਲਕ ਦਰਿਆ ਹਿਮਾਨਿ ਹੋਏ॥੨੮॥
ਅਲਫ ਇਸਮ ਤੂੰ ਸਾਡੇ ਦੀ ਲਾਜ ਸਭਾ
ਪੀਰ ਹੋਵੇ ਤਾਂ ਪੀਰ ਨੂੰ ਯਾਦ ਕਰੀਏ।
ਅੱਲਾ ਨਬੀ ਕਰੀਮ ਦੀ ਗੌਂਸ ਆਜ਼ਮ
ਸ਼ਾਹਿ ਅੱਗੇ ਫਰਿਆਦ ਫਰਿਆਦ ਕਰੀਏ।
ਹੁਕਮ ਹੋਵੇ ਗਾਰਬੁਲਆਲਮੀਂ ਦਾ
ਉਮਤ ਬਖ਼ਸ਼ੋ ਤੇ ਅਸੀਂ ਇਰਸ਼ਾਦ ਕਰੀਏ।
ਉਮਤ ਬਖ਼ਸ਼ਾ ਕੇ ਲਿਆਵੇਗਾ ਪੀਰ ਬਖਸ਼ਾ
ਏਥੇ ਮੁਰੀਦਾਂ ਨੂੰ ਯਾਦ ਕਰੀਏ॥੨੯॥
ਯੇ ਯਾਦ ਖ਼ੁਦਾਇ ਨੂੰ ਜਿਨ੍ਹਾਂ ਕੀਤਾ
ਮਿਲੀਆਂ ਉਨਾਂ ਨੂੰ ਤੁਰਤ ਮਜ਼ੂਰੀਆਂ ਜੇ।
ਜਿਨ੍ਹਾਂ ਮੌਲਾ ਦੇ ਨਾਮ ਦਾ ਵਿਰਦ ਕੀਤਾ
ਉਨ੍ਹਾਂ ਮਿਲਦੀਆਂ ਅਜਰ ਸਬੂਰੀਆਂ ਜੇ।
ਜਿਨ੍ਹਾਂ ਜਾਨ ਪਿਆਰੇ ਤੋਂ ਫ਼ਿਦਾ ਕੀਤੀ
ਉਨ੍ਹਾਂ ਮਿਲੀਆਂ ਜਾ ਹਜ਼ੂਰੀਆਂ ਜੇ।
ਕਲਮਾ ਨਬੀ ਦਾ ਆਖ ਤੂੰ ਪੀਰ ਬਖਸ਼ਾ
ਜਿਸ ਨਾਮ ਲਇਆਂ ਪਵਨ ਪੂਰੀਆਂ ਜੇ॥੩੦॥