A Literary Voyage Through Time

1: ਉਸ ਵੇਲੇ ਦੇ ਹਾਲਾਤ (ਅਠਾਰਵੀਂ ਸਦੀ)

ਸਹੀ ਸੱਚ ਖ਼ੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਬਹਾਨਾ
ਸਰਪਰ ਊਹਾ ਹੋਸੀਆ, ਜਿਹੜੀ ਲਿਖੀ ਏ ਵਿਚ ਕੁਰਾਨਾ
ਸਦੀ ਨਬੀ ਦੀ ਬਾਰ੍ਹਵੀਂ, ਵਡੇ ਫ਼ਿਕਰ ਪਾਏ ਖ਼ਾਨਦਾਨਾ
ਜ਼ੁਲਮ ਜ਼ਿਮੀਂ ਤੇ ਵਰਤਿਆ, ਕੂੜ ਮਕਰ ਬਹਾਨਾ
ਭਾਜੀ ਦਗ਼ੇ ਫ਼ਰੇਬ ਦੀ, ਵਿਚ ਫਿਰੀ ਜਹਾਨਾ
ਮੁਸਾਹਬ ਤੇ ਚੋਰ ਕਚਹਿਰੀਆਂ, ਲਾ ਬਹਿਣ ਦਿਵਾਨਾ
ਰਲ ਸਿਫਲੇ ਕਰਨ ਮਜਾਲਸਾਂ, ਅਦਲ ਇਨਸਾਫ਼ ਗਿਆ ਸੁਲਤਾਨਾ
ਚੜ੍ਹ ਘੋੜੇ ਦੌੜਨ ਆਜੜੀ, ਜਲੇਬ ਟੁਰਨ ਅਸੀਲ ਜਵਾਨਾਂ
ਛੱਟਾਂ ਪਵਣ ਅਰਾਕੀਆਂ, ਖਰਕੇ ਆਣ ਖਲੇ ਮੈਦਾਨਾਂ
ਮਰਦਾਂ ਥੀਂ ਗਿਆ ਜ਼ਾਬਤਾ, ਗ਼ਾਲਬ ਪਿਆ ਜ਼ਨਾਨਾਂ
ਅਮੀਰਾਂ ਨਜ਼ਰਾਂ ਬੱਧੀਆਂ, ਕਰ ਜਮ੍ਹਾਂ ਖਜ਼ਾਨਾ
ਚੜ੍ਹ ਨੌਕਰ ਕੋਂਹਦੇ ਬਾਦਸ਼ਾਹ, ਉਲਟ ਪਿਆ ਜ਼ਮਾਨਾ
ਪਰ ਰੱਬਾ ਰੱਖ ਨਿਗਾਹ ਵਿਚ, ਪਾਕ ਪਰਵਦਿਗਾਰ ਰਹਿਮਾਨਾ।1।

2: ਦਿੱਲੀ ਦਾ ਇਤਿਹਾਸ

ਅੱਵਲ ਦਿੱਲੀ ਤੂਰਾਂ ਨੇ, ਕਰ ਅਪਨੀ ਪਾਈ
ਫਿਰ ਲਈ ਚੁਹਾਨਾਂ ਆਇਕੇ, ਅੰਗ ਖੁਸ਼ ਕਰਿ ਲਾਈ
ਫਿਰ ਲਈ ਸੀ ਗੌਰੀਆਂ, ਕੋਈ ਮੁਦਤਿ ਵਸਾਈ
ਫੇਰ ਲਈ ਪਠਾਣਾਂ ਆਣ ਕੇ, ਘਰ ਚੌਥੇ ਆਈ
ਫੇਰ ਲਈ ਚੌਗੱਤਿਆਂ, ਘੱਤ ਮਾਰ ਕੁਟਾਈ
ਦਿੱਲੀ ਹੈਂਸਿਆਰੀਏ, ਰੱਤ ਧੜੀ ਲਵਾਈ
ਤੂੰ ਮਾਸ ਖਾਏਂ ਰਾਜ ਪੁੱਤ੍ਰਾਂ, ਜਿਉਂ ਬੱਕਰ ਕਸਾਈ
ਤੂੰ ਲੱਖ ਲਹਾਈਆਂ ਖੂਹਣੀਆਂ, ਮਿਹਰ ਮੂਲ ਨਾ ਆਈ
ਤੈਨੂੰ ਨਿਵੀਆਂ ਜ਼ਿਮੀਆਂ ਸਾਰੀਆਂ, ਜੱਗ ਫਿਰੀ ਦੁਹਾਈ
ਇਕ ਮਾਰੇਂ ਇਕ ਸਿਰ ਧਰੇਂ, ਨਿੱਤ ਹੁਸਨ ਸਵਾਈ
ਦਿੱਲੀ ਤੋਂ ਸ਼ਾਹਜ਼ਾਦਿਆਂ, ਖਹਿ ਹੁੰਦੀ ਆਈ ।2।

3: ਤੈਮੂਰ ਦਾ ਹਮਲਾ

ਤੇ ਚੜ੍ਹੇ ਚੁਗੱਤਾ ਬਾਦਸ਼ਾਹ, ਤੈਮੂਰ ਜੂੰ ਧਾਣਾਂ
ਤੇ ਘੋੜਾ ਸਾਢੇ ਸੱਤ ਲੱਖ, ਸਣੇ ਮੁਗ਼ਲ ਪਠਾਣਾਂ
ਜਿੰਨੀ ਜ਼ਿਮੀਂ ਪਹਾੜ ਦੀ, ਨਾ ਰਿਹਾ ਅਡਾਣਾ
ਕੋਟਾਂ ਨੂੰ ਆਵਣ ਥਰਥਰਾਟ, ਛੱਡ ਗਏ ਟਿਕਾਣਾ
ਵੰਞਿ ਸਿਪਾਹਾਂ ਲੁਟਿਆ, ਕਰ ਮਨ ਦਾ ਭਾਣਾ
ਪਕੜਿ ਕੁੱਠੇ ਲੱਖ ਆਦਮੀ, ਲਹਿ ਪਈਆਂ ਘਾਣਾ
ਕਰ ਸਿਰੀਆਂ ਦੇ ਦਮਦਮੇਂ, ਚੜ੍ਹ ਖਾਏ ਖਾਣਾ
ਈਨਾ ਚਾਰ ਮਨਾਇ ਕੇ, ਘਰ ਆਇਆ ਜਰਵਾਣਾ।3।

4: ਫ਼ਰੁਖ਼ਸੀਅਰ ਤੇ ਸੱਯਦ ਭਰਾ

ਅੱਗੇ ਨਜ਼ਰ ਵਧਾਈ ਸੀ ਸੱਯਦਾਂ, ਲੈ ਮੁਲਕ ਇਨਾਮੀ
ਓਹਨਾਂ ਕੁੱਠਾ ਸੀ ਫਲਕ ਸਿਯਰ ਨੂੰ, ਕਰ ਜ਼ੁਲਮ ਤਮਾਮੀ
ਉਹ ਅਪਣਾ ਕੀਤਾ ਲੈ ਮੋਏ, ਮਾਰ ਲਏ ਹਸਾਨੀ
ਜਿੰਨ ਫ਼ਰਿਸ਼ਤੇ ਤੇ ਆਦਮੀ, ਕੁਲ ਆਖਣ ਆਮੀ ।4।
(ਫਲਕ ਸਿਯਰ=ਫ਼ਰੁਖ਼ਸੀਅਰ, ਆਮੀ=ਆਮੀਨ)

5: ਮੁਹੰਮਦ ਸ਼ਾਹ ਦੇ ਦਰਬਾਰੀ

ਮਜ਼ਾਖ ਨਿਜ਼ਾਮੁਲ ਮੁਲਖ ਨੂੰ, ਖ਼ਾਨਿ ਦੌਰਾਂ ਲਾਏ
'ਕਿਬਲਾ! ਬੁੱਢੇ ਬਾਂਦਰ ਦੱਖਣੀ, ਮੁਜਰੇ ਕੋ ਆਏ'
ਓ ਸਰੇ ਕਚਹਿਰੀ ਬਾਦਸ਼ਾਹ, ਕਰ ਟੋਕ ਹਸਾਏ
ਨਿਜ਼ਾਮੁਲ ਸੁਣਿਆ ਕੰਨੀਂ ਆਪਣੀ, ਦੁਖ ਦਿਲ ਵਿਚ ਲਾਏ
ਉਹਨੂੰ ਤੀਰ ਕਲੇਜੇ ਵਰਮ ਦਾ, ਦਿਹੁੰ ਰਾਤ ਹੰਢਾਏ
ਭਾ ਲੱਗੀ ਸੀ ਦਾਉਣੋਂ, ਅੰਗਿਆਰ ਖਿੰਡਾਏ
ਕਰ ਮਨਸੂਬਾ ਸਾਰ ਦਾ, ਉਦਮਾਦ ਉਠਾਏ
ਘਰ ਦੇ ਭੇਤ ਦਹਸਿਰ ਮਾਰਿਆ, ਸੜ ਲੈਂਕਾ ਜਾਏ।5।

6: ਦੇਸ਼ ਵਿਚ ਆਪੋ ਧਾਪੀ

ਇਰਾਨੀਆਂ ਤੇ ਤੂਰਾਨੀਆਂ, ਮਨਸੂਬੇ ਹੱਲੇ
ਅੰਬੀਰਾਂ ਆਪੋ ਆਪਣੇ, ਜਾ ਸੂਬੇ ਮੱਲੇ
ਕਰ ਮਾਤ ਬਹਾਇਓ ਨੇ ਬਾਦਸ਼ਾਹ, ਹਥ ਹੁਕਮ ਨ ਚੱਲੇ
ਖਲਕ ਨਿਮਾਣੀ ਲੁੱਟੀਏ, ਹੱਕ ਪਵੇ ਨ ਪੱਲੇ
ਪਰ ਹੁਕਮ ਰਜ਼ਾ ਖ਼ੁਦਾ ਦੀ, ਕੋਈ ਕਿਵੇਂ ਨ ਝੱਲੇ।6।

7: ਨਿਜ਼ਾਮੁਲ ਮੁਲਕ ਦਾ ਨਾਦਰ ਸ਼ਾਹ ਨੂੰ ਸੱਦਾ

ਨਾ ਕੀਤੀ ਨਿਮਕ ਹਲਾਲੀ, ਜੂਫ ਤੂਰਾਨੀਆਂ
ਉਨ੍ਹਾਂ ਘਰ ਚੁਗੱਤੇ ਦੇ ਬਾਲੀ, ਆਤਿਸ਼ ਆਣ ਕੇ
ਉਨ੍ਹਾਂ ਰੁੱਕਾ ਲਿਖ ਜਵਾਲੀ, ਭੇਜਿਆ ਨਾਜ਼ਰ ਸ਼ਾਹ
'ਮੈਦਾਨ ਦਿੱਲੀ ਦਾ ਖਾਲੀ, ਬੋਦਾ ਬਾਦਸ਼ਾਹ
ਇਹਦੀ ਕਾਈ ਨ ਚੱਲੇ ਚਾਲੀ, ਰਸਮ ਚੁਗੱਤਿਆਂ
ਇਹਦੀ ਰਈਅਤ ਨਾ ਸੁਖਾਲੀ, ਕੂਕੇ ਰਾਤ ਦਿਨ
ਤੂੰ ਚੜ੍ਹ ਕੇ ਦੇ ਵਿਖਾਲੀ, ਤਖਤ ਮੁਬਾਰਕੋਂ
ਪਰ ਘਿੰਨ ਖਜ਼ਾਨਿਓਂ ਮਾਲੀ, ਜਿੰਨੀ ਚਾਹਨੈਂ'।7।

8: ਵਾਕ ਕਵੀ

ਬੁਰਾ ਕੀਤਾ ਤੂਰਾਨੀਆਂ, ਮੁੜ ਦੂਜੀ ਵਾਰੀ
ਉਨ੍ਹਾਂ ਦਸਤਾਰ ਮੁਬਾਰਕ ਆਪਣੀ, ਚਾ ਆਪ ਉਤਾਰੀ
ਅਦਬ ਗਵਾਇਆ ਨੌਕਰਾਂ, ਕਰ ਬੇਇਤਬਾਰੀ
ਦਾੜ੍ਹੀ ਕਿਸੇ ਨਾ ਵੇਚੀਆ, ਹਥ ਦੇ ਵਪਾਰੀ
ਉਨ੍ਹਾਂ ਸੱਦ ਕੇ ਆਂਦਾ ਨਾਜ਼ਰ ਸ਼ਾਹ, ਦੇ ਰਿਸ਼ਵਤ ਭਾਰੀ
ਉਸ ਕਾਲੀ ਧੌਲੀ ਪਕੜ ਕੇ, ਹਿੱਕ ਅੱਗੇ ਮਾਰੀ
ਕੇਹਰ ਹਰਣ ਜਿਉਂ ਖਹਿੰਦਿਆਂ, ਲੜਦੇ ਵਿਚ ਬਾਰੀਂ
ਚੁਕ ਲਈਆਂ ਸਭ ਸ਼ਿੱਦਤਾਂ, ਛੁਟਕਾਵਾ ਕਾਰੀ।8।

9: ਕਲ ਮੁਹੰਮਦ ਸ਼ਾਹ ਨੂੰ

ਬਣ ਦਿੱਲੀ ਮੁਹੰਮਦ ਸ਼ਾਹ ਅੱਗੇ, ਕਲ ਅਰਜ਼ਾਂ ਕਰਦੀ
'ਕਿਬਲਾ! ਮੈਂ ਭੀ ਬਾਝ ਖ਼ੁਦਾ ਦੇ, ਹੋਰ ਕਿਸੇ ਨ ਡਰਦੀ
ਨਾ ਮੈਨੂੰ ਰੀਝ ਉਲਾਦ ਦੀ, ਨਾ ਵੱਸੋਂ ਘਰ ਦੀ
ਨਾ ਮੈਨੂੰ ਤਲਬ ਸ਼ਿੰਗਾਰ ਦੀ, ਨਾ ਤਾਲਬ ਜ਼ਰ ਦੀ
ਨਾ ਮੈਨੂੰ ਧੁੱਪ ਨਾ ਛਾਂ ਹੈ, ਨਾ ਗਰਮੀ ਸਰਦੀ
ਤੇ ਜੇਹੜਾ ਸਭ ਤੋਂ ਓਕੜਾ, ਮੈਂ ਖਾਵੰਦ ਕਰਦੀ
ਮੈਂ ਰਹਾਂ ਸ਼ਿੰਗਾਰੀ ਰਾਤ ਦਿਨ, ਮਹੇਲੀ ਨਰ ਦੀ
ਮੈਂ ਸਿਰੀਆਂ ਹਾਰ ਹੰਢਾਂਵਦੀ, ਰੱਤ ਮਾਂਗਾਂ ਭਰਦੀ
ਮੈਂ ਮਾਸ ਖਾਵਾਂ ਰਜ-ਪੁੱਤਰਾਂ, ਸਣ ਗੋਸ਼ਤ ਚਰਬੀ
ਜਿਤਨੇ ਤੇਰੇ ਉਮਰਾ, ਵਿਚ ਇਕ ਨਾ ਦਰਦੀ
ਸਰਪਰ ਇਕ ਦਿਨ ਆਵਸੀ, ਉਹ ਰਾਤ ਕਬਰ ਦੀ
ਪਰ ਤੇਰੇ ਪਿਛੇ ਬਾਦਸਾਹ, ਮੈਂ ਹੋਰ ਨਾ ਵਰਦੀ
ਪਰ ਤੁੱਧੇ ਪਿੱਛੇ ਬਾਦਸ਼ਾਹ, ਪੈ ਜਾਣੀਏਂ ਗਰਦੀ' ।9।

10
ਕਲ ਤੇ ਨਾਰਦ ਦੀ ਲੜਾਈ

ਕਲ ਤੇ ਨਾਰਦ ਆਪ ਵਿਚ, ਹੋ ਖਲੇ ਅਜੋੜੇ
ਬਹਿ ਲੜਦੇ ਆਹਮੋ-ਸਾਹਮਣੇ, ਸੱਟਣ ਤਰਫ਼ੋੜੇ
ਕਲ ਮੰਗੇ ਕੁਝ ਖਾਣ ਨੂੰ, ਨਾਰਦ ਮੂੰਹ ਮੋੜੇ
ਨਾਰਦ ਦੇ ਨ ਸੱਕੇ ਖੱਟੀਆਂ, ਕਲ ਖਾਧਾ ਲੋੜੇ
ਖਾਣੋਂ ਪੀਣੋਂ ਪਹਿਨਣੋਂ, ਮਰਦ ਬੁਢੀ ਨੂੰ ਹੋੜੇ
ਸਰਪਰ ਝੁੱਗਾ ਉਜੜੇ, ਦਿਨ ਵੱਸੇ ਥੋੜ੍ਹੇ
ਕਦੇ ਨਾ ਹੁੰਦੇ ਉੱਜਲੇ, ਜੇਹੜੇ ਮੱਟੀ ਬੋੜੇ
ਕਲ ਲੋੜੇ ਕੁਝ ਗੁੰਦਿਆ, ਨਾਰਦ ਹਧਰੋੜੇ
'ਮੈਨੂੰ ਬਹੁਤ ਜ਼ਨਾਨੀਆਂ, ਤੈਨੂੰ ਮਰਦ ਨਾ ਥੋੜ੍ਹੇ
ਪਰ ਤੇਰੇ ਮੇਰੇ ਜੁੱਟ ਨੂੰ, ਵਿਧ ਮਾਤਾ ਤੋੜੇ'।10।

11
ਕਲ

ਕਲ ਆਂਹਦੀ, 'ਵੇ ਨਾਰਦਾ! ਤੂੰ ਕੇਹੜੀ ਚਾਈਂ ?
ਤੇ ਤੇਰੇ ਮੇਰੇ ਜੁਟ ਵਿਚ, ਕਿਉਂ ਪਈ ਜੁਦਾਈ ?
ਤੂੰ ਦਾਰੂ ਦੇ ਵਿਚ ਲੋੜਨੈਂ, ਕੁਝ ਅੱਗ ਛਿਪਾਈ
ਪਰ ਮੈਂ ਭੀ ਤੇਰੇ ਰਾਜ ਵਿਚ, ਕੁਝ ਖੁਸ਼ੀ ਨ ਪਾਈ
ਨਾ ਮੈਂ ਖਾਧਾ ਰੱਜ ਕੇ, ਨਾ ਕਿਸੇ ਖਲਾਈ
ਨਾ ਚੜ੍ਹ ਸੁੱਤੀਆਂ ਪਲੰਘ ਤੇ, ਘੱਤ ਲੇਫ ਤੁਲਾਈ
ਨਾ ਮੌਲੀ ਮਹਿੰਦੀ ਸਿਰ ਧੜੀ, ਨੱਕ ਨੱਥ ਨਾ ਪਾਈ
ਮੈਨੂੰ ਕਿਉਂ ਨਾ ਗੁੜ੍ਹਤੀ ਜ਼ਹਿਰ ਦੀ, ਤਦੋਂ ਦਿੱਤੀ ਦਾਈ
ਹੈਫ ਕੀਤਾ ਸੀ ਲਾਗੀਆਂ, ਕੀਤੀ ਕੁੜਮਾਈ
ਤੇ ਪਾਪ ਕੀਤਾ ਉਨ ਬ੍ਰਾਹਮਣਾਂ, ਜਿਨ੍ਹਾਂ ਵੇਦ ਅਡਾਈ
ਮੇਰੀਆਂ ਕਾਹਨੂੰ ਲਾਵਾਂ ਦਿੱਤੀਆਂ, ਕਿਉਂ ਗੰਢ ਚਤਰਾਈ
ਤੁਧ ਮਖੱਟੂ ਖਸਮ ਨਾਲ, ਮੈਂ ਨਿਜ ਪਰਣਾਈ
ਬਾਪ ਦਾਦੇ ਦੀ ਲਾਜ ਨੂੰ, ਮੈਂ ਬਹੁਤ ਲੰਘਾਈ
ਪਰ ਭਲਕੇ ਪੇਕੇ ਜਾਊਂਗੀ, ਨਾਲ ਲੈ ਕੇ ਨਾਈ'।11।

12
ਨਾਰਦ

ਨਾਰਦ ਆਖੇ ਕਲ ਨੂੰ, 'ਤੁਹਿ ਵਿਚ ਅਕਲ ਨਾ ਰੱਤੀ
ਕਦੇ ਅੰਗਣ ਚਰਖਾ ਡਾਹਕੇ, ਤੁਹਿ ਤੰਦ ਨਾ ਕੱਤੀ
ਨਾ ਤੂੰ ਭਰ ਅਟੇਰਿਆ, ਅਟਰੇਨ ਅੱਟੀ
ਮੈਨੂੰ ਕਦੇ ਨਾ ਦਿੱਤੀ ਸਿਉਂਕੇ, ਚਾਦਰ ਚੌਪੱਟੀ
ਮੈਂ ਚੌਂਕੇ ਬੈਠਿ ਨਾ ਜੇਵਿਆਂ, ਤੂੰ ਸਹਿਜ ਨ ਪੱਕੀ
ਤੂੰ ਘਰ ਘਰ ਫਿਰਨੀਏਂ ਗਹਿਕਦੀ, ਜੋਬਨ ਦੀ ਮੱਤੀ
ਤੇਰੀਆਂ ਗੱਲਾਂ ਪਰ੍ਹੇ ਮੁਹਾਇਣੀਂ, ਦਾਇਰੇ ਤੇ ਸੱਥੀਂ
ਤੈਨੂੰ ਚਸਕਾ ਬਹੁਤ ਜ਼ਬਾਨ ਦਾ, ਲੇਖਾ ਹਰ ਹੱਟੀ
'ਮੈਥੋਂ ਨਾਹੀਂ ਭਰੀਂਦੀ, ਇਹ ਤੇਰੀ ਚੱਟੀ
ਜਾਹ ਟੁਰ ਜਾ ਪੇਕੇ ਆਪਣੇ, ਘਤ ਕੇਰੀ ਪੱਟੀ'।12।

13
ਕਲ

ਕਲ ਆਂਹਦੀ : 'ਵੇ ਨਾਰਦਾ, ਤੈਨੂੰ ਕੀ ਭਲਿਆਈ
ਵੇ ਘਰੋਂ ਜ਼ਨਾਨੀ ਟੋਰਨੀ, ਖੂਬੀ ਨਹੀਓਂ ਕਾਈ
ਇਕ ਹੱਸ ਹੱਸ ਕਰੇਂ ਖੁਸ਼ਾਮਦਾਂ, ਦੂਜਾ ਕਰੇਂ ਲੜਾਈ
ਏਸ ਕੁਸ਼ਾਮਦੋਂ ਕੌਰਵਾਂ, ਚਾ ਜੱਦ ਕੁਹਾਈ
ਤੇ ਰਾਵਣ ਏਸ ਕੁਸ਼ਾਮਦੋਂ, ਲੈਂਕਾ ਲੁਟਵਾਈ
ਏਸ ਕੁਸ਼ਾਮਦ ਤੋਂ ਗੌਰੀਆਂ, ਦਿੱਲੀ ਮਰਵਾਈ
ਮੈਂ ਟੁਰ ਜਾਂ ਕਿਸੇ ਵਲਾਇਤੇ, ਤੇਰੀ ਸਤਾਈ
ਅੱਗੇ ਨਾਦਰਸ਼ਾਹ ਦੇ, ਜਾ ਦਿਆਂ ਦੁਹਾਈ
ਓਥੋਂ ਲਸ਼ਕਰ ਚੜ੍ਹਨ ਈਰਾਨ ਥੀਂ, ਕਰ ਲੰਮੀ ਧਾਈ
ਆ ਕੇ ਹਿੰਦੁਸਤਾਨ ਵਿਚ, ਕਰਨ ਜੁੱਧ ਲੜਾਈ
ਰਣ ਕਹਾਣੇ ਹੋਣਗੇ, ਵੇਖੇ ਲੁਕਾਈ
ਇਕ ਦੂਜਾ ਨਾ ਸੰਭਲੇ, ਬੇਟੇ ਨੂੰ ਮਾਈ
ਕਦੇ ਗਾਂਹ ਗਾਂਹ ਰਲ ਬਹਿਣਗੇ, ਭੈਣਾਂ ਤੇ ਭਾਈ
ਭਰ ਲੈਣ ਈਰਾਨੀ ਦਿੱਲੀਓਂ, ਟੋਪੇ ਦੇ ਪਾਈ
ਮੈਂ ਭੀ ਬਦਲੇ ਲਹਾਂਗੀ, ਭਰ ਦੂਣ ਸਵਾਈ
ਮੈਂ ਤਾਹੀਏਂ ਧੀ ਖੰਕਾਲ ਦੀ, ਹੋਣੀ ਦੀ ਜਾਈ'।13।

14
ਨਾਰਦ

ਨਾਰਦ ਆਂਹਦਾ, 'ਓੜਕ ਹੋਸਣਗੇ ਓਹ ਕੰਮ, ਜਿਹੜੇ ਰੱਬ ਨੂੰ ਭਾਵਣ
ਤੇ ਮਿਹਰੀਆਂ ਦੇ ਆਖੇ ਮਰਦ ਲਗਣ, ਮੁੜ ਪੱਛੋਤਾਵਣ
ਤੇਰੇ ਆਖੇ ਬਾਦਸ਼ਾਹ, ਈਰਾਨੋਂ ਧਾਵਣ
ਤਦੋਂ ਨਦੀਆਂ ਵਹਿਣ ਅਪੁੱਠੀਆਂ, ਫਲ ਬੈਂਤ ਲਿਆਵਣ
ਅੱਗੇ ਜੋ ਵਰਤੀ ਉਸ ਮੁਲਕ ਨਾਲ, ਆਕਲ ਸਮਝਾਵਣ
ਓਥੇ ਕਿਆ ਤਾਕਤ ਹੈ ਮਿਹਰੀਆਂ, ਨੱਕ ਨੱਥਾਂ ਪਾਵਣ
ਓਥੇ ਮਰਦਾਂ ਕਬਜ਼ੇ ਕਾਠ ਦੇ, ਸਿਰ ਕੁਲਾਹ ਹੰਢਾਵਣ
ਘੋੜੀਆਂ ਦੇ ਮੂੰਹ ਨਹਾਰੀਆਂ, ਨਾ ਸਾਖਤ ਪਾਵਣ
ਉਹ ਹੁਣ ਤਾਈਂ ਹੁਕਮ ਤੈਮੂਰ ਦੇ, ਬਜਾ ਲਿਆਵਣ
ਜਿਉਂ ਲਛਮਣ ਦਾ ਛਲ ਕਰਨ ਨੂੰ, ਭੈਣ ਘੱਲੀ ਸੀ ਰਾਵਣ
ਤਿਉਂ ਤੂੰ ਭੀ ਚੱਲੀਏਂ ਸੂਪਨਖ਼ ਵਾਂਙ ਨੱਕ ਵਢਾਵਣ'।14।

15
ਕਲ ਦਾ ਨਾਦਰ ਸ਼ਾਹ ਕੋਲ ਜਾਣਾ

ਗੁੱਸਾ ਖਾ ਕੇ ਦੱਖਣੋਂ, ਕਲ ਰਾਣੀ ਜਾਗੀ
ਅੱਗੇ ਨਾਦਰ ਸ਼ਾਹ ਦੇ, ਆਈ ਫਰਯਾਦੀ-
'ਤੂੰ ਸੁਣ ਕਿਬਲਾ ਆਲਮੀਂ ! ਫਰਯਾਦ ਅਸਾਡੀ
ਮੇਰਾ ਖਸਮ ਮਖੱਟੂ ਤੇ ਆਹਲਕੀ, ਭੰਗੀ, ਸ਼ਰਾਬੀ
ਅਫ਼ੀਮੀ ਤੇ ਹੈ ਜਵਾਰੀਆ, ਜ਼ਾਲਮ ਅਪਰਾਧੀ
ਮੇਰੇ ਦੰਮ ਲਏ ਸਨ ਮਾਪਿਆਂ, ਲਈ ਵੱਢੀ ਲਾਗੀ
ਮੇਰਾ ਸਾਕ ਚਾ ਕੀਤੋ ਨੇ ਓਸ ਨਾਲ, ਜਿਨੂੰ ਗ਼ਮੀ ਨ ਸ਼ਾਦੀ
ਉਹ ਦੇ ਨਹੀਂ ਸਕਿਆ ਖੱਟੀਆਂ, ਭੁਖ ਘਰ ਬਹਿ ਝਾਗੀ
ਜਿਸ ਦਿਹਾੜੇ ਲਛਮਣ ਜੋਧੇ ਰਾਮਚੰਦ, ਚੜ੍ਹ ਲੈਂਕਾ ਸਾਧੀ
ਓਥੇ ਹਨੂਮਾਨ ਅਗੁਵਾਨ ਸੀ, ਦੇਹ ਲੂੰਬਾ ਦਾਗੀ
ਲੱਖ ਮਾਰੇ ਦਾਨੋਂ ਦੇਵਤੇ, ਹਾੜੀ ਪਰ ਵਾਢੀ
ਓਥੇ ਬਲੀਆਂ ਲੱਖ ਝਿਆਲੀਆਂ, ਅੱਗ ਬੇਲੇ ਲਾਗੀ
ਜਿਵੇਂ ਰਾਤ ਦਿਵਾਲੀ ਹਿੰਦੂਆਂ, ਬਾਲ ਧਰੀ ਚਰਾਗੀ
ਓਥੇ ਨਾਲੇ ਵਗੇ ਸਨ ਰੱਤ ਦੇ, ਮਿੱਝ ਬੇਹਿਸਾਬੀ
ਭਰ ਖੱਪਰ ਪੀਤੇ ਜੋਗਣਾਂ, ਬਹੁੰ ਹੋਈ ਸਾਂ ਰਾਜ਼ੀ
ਤਿਸ ਦਿਹਾੜੇ ਮੈਂ ਭੀ ਚੌਂਕੇ ਬੈਠ ਕੇ, ਰੀਸੋਈ ਸੀ ਖਾਧੀ
ਪਰ ਅੱਜ ਆਈਆਂ ਕਿਬਲਾ ਆਲਮੀਂ ! ਕਰ ਆਸ ਤੁਸਾਡੀ'।15।

16
ਨਾਦਰ ਸ਼ਾਹ ਵਜ਼ੀਰ ਨੂੰ

ਬਾਦਸ਼ਾਹ ਆਖੇ ਵਜ਼ੀਰ ਨੂੰ- 'ਇਕ ਅਜਬ ਜ਼ਨਾਨੀ
ਓਹ ਆਵੇ ਸਾਡੇ ਸਾਹਮਣੇ, ਹਰ ਰੋਜ਼ ਮੁਦਾਮੀ
ਓਹਦਾ ਸਿਰ ਖੁਲ੍ਹਾ ਦੰਦ ਦਰਾਜ਼, ਤੇ ਸਿਆਹ ਪੇਸ਼ਾਨੀ
ਓਹ ਆਦਮੀਆਂ ਦੀ ਰੱਤ ਮਿੱਝ, ਮੰਗੇ ਮਿਜ਼ਮਾਨੀਂ
ਨਹੀਂ ਉਸ ਦੇ ਕੋਲੇ ਲਿਖਿਆ, ਕੋਈ ਖ਼ਤ ਨਿਸ਼ਾਨੀ
ਪਰ ਕੁਲ ਹਕੀਕਤ ਹਿੰਦ ਦੀ, ਦਸ ਦੇਇ ਜ਼ਬਾਨੀ
ਆਂਹਦੀ ਅੱਜ ਨਾ ਕੋਈ ਹਿੰਦ ਵਿਚ, ਹੈ ਤੇਰਾ ਸਾਨੀ
ਓਥੇ ਦੋਵੇਂ ਧਿਰਾਂ ਅਜੋੜੀਆਂ, ਈਰਾਨਿ ਤੂਰਾਨੀ
ਤੈਨੂੰ ਰਾਤੀਂ ਦਿਨੇ ਉਡੀਕਦੇ, ਸਭ ਨਾਸਿਰ ਖ਼ਾਨੀ
ਓਹਨਾਂ ਦੀਆਂ ਸ਼ਹਿਰੀਂ ਰਹੀਆਂ ਹੰਡੀਆਂ, ਹੱਥ ਪਵੇ ਖ਼ਜ਼ਾਨੀਂ
ਸੂਬੇਦਾਰਾਂ ਸਾਂਭੀਆਂ, ਸਭ ਦਿਰਮਾਂ ਦਾਮੀ
ਓਥੋਂ ਗਏ ਹਜ਼ਾਰ ਬੇਤਰਫ਼ ਹੋ, ਸਿਪਾਹੀ ਨਾਮੀਂ
ਤੇ ਪੈਧਾ ਸਾਡੇ ਪਾਤਸ਼ਾਹ, ਖ਼ਿਰਕਾ ਨਾਦਾਨੀ
ਯਾ ਰੰਗ ਮਹੱਲ ਸਹੇਲੀਆਂ, ਮਲਕਾ ਜ਼ਮਾਨੀ
ਉਸ ਮੂਲ ਨਾ ਪੁਛੀ ਮੁਲਕ ਦੀ, ਵੱਧਦੀ ਵੈਰਾਨੀ
ਰਬ ਦਿੱਲੀ ਨੂੰ ਬਦਲਾ ਚੈਨ ਦਾ, ਦਿਤੀ ਗ਼ਮਦਾਨੀ।16।

17
ਬਕੀ ਖਾਨ ਵਜ਼ੀਰ

ਬਕੀ ਖ਼ਾਨ ਵਜ਼ੀਰ ਨੇ, ਸੱਦੇ ਕੁਟਵਾਲ
'ਇਕ ਏਸ ਤਰਹ ਦੀ ਇਸਤ੍ਰੀ, ਤੁਸੀਂ ਲਯਾਓ ਭਾਲ'
ਉਹ ਬੈਠੀ ਕਿਸੇ ਦੁਕਾਨ ਤੇ, ਫੜ ਲਯਾਏ ਨਾਲ
'ਤੂੰ ਨੰਗੀ ਨਾਮਰਯਾਦ ਹੈਂ, ਦਿਸੇਂ ਬਿਕਰਾਲ
ਤੂੰ ਭੁੱਖੀ ਏਂ ਕਿਸੇ ਮੁਲਕ ਦੀ, ਬਹੁਤ ਪਾਵੇਂ ਸਵਾਲ
ਇਹਨੂੰ ਆਟਾ ਦਿਓ ਇਕ ਮਣ, ਨਾਲ ਵੱਟੀ ਦਾਲ
ਧਣੀਆਂ, ਜ਼ੀਰਾ, ਲੌਂਗ, ਮਿਰਚ, ਨਾਲ ਲੂਣ ਵਿਸਾਰ
ਸੇਰ ਦਿਵਾਓ ਦਹੀਂ ਦਾ, ਜਾ ਧੋਵੇ ਵਾਲ
ਭਾਰ ਦਿਵਾਉਸੁ ਲੱਕੜੀ, ਅੱਗ ਬੈਠੇ ਬਾਲ
ਅਪਣੀ ਹੱਥੀਂ ਰਸੋਈ ਕਰ, ਘੱਤ ਜੇਵੀਂ ਥਾਲ
ਰੋਟੀ ਖਾਹ ਦੁਆ ਦੇ, ਜਾਹ ਵਤਨ ਸੰਭਾਲ
ਤੇ ਤਿਓਰ ਦਿਓਸੁ ਵਿਦਾਇਗੀ, ਨਾ ਪਵੇ ਖਿਆਲ' ।17।

18
ਕਲ

'ਖੰਡ ਖੀਰ ਤੇ ਧੱਗੜੀਆਂ, ਬਹਿ ਖਾਣ ਬੈਰਾਗੀ
ਤੇ ਆਦਮੀਆਂ ਦੀ ਰੱਤ ਮਿੱਝ, ਇਹ ਖੁਰਸ਼ ਅਸਾਡੀ
ਮੈਂ ਰਣ ਵਿਚ ਮਾਰਾਂ ਸੂਰਮੇਂ, ਆਦੀ ਮੁਨਿਆਦੀ
ਜਿਨ੍ਹਾਂ ਨੂੰ ਪੱਗ ਦਾੜ੍ਹੀ ਦੀ ਸ਼ਰਮ ਹੈ, ਲੱਜ ਮਾਤ ਪਿਤਾ ਦੀ
ਓਹ ਮਹਿਰਮ ਦੀਨ ਇਸਲਾਮ ਦੇ, ਹੈਨ ਪਾਕ ਨਿਮਾਜੀ
ਜਿਨ੍ਹਾਂ ਨੂੰ ਦਿਤਾ ਗੁਸਲ ਫਰਿਸ਼ਤਿਆਂ, ਪੜ੍ਹ ਸੂਰਤ ਸਵਾਬੀ
ਸਿਰ ਦਿੰਦੇ ਰਬ ਦੇ ਵਾਸਤੇ, ਆਪ ਥੀਂਦੇ ਗਾਜ਼ੀ
ਓਹਨਾਂ ਦੇ ਹੂਰਾਂ ਲਯਾਈਆਂ ਕੱਪੜੇ, ਪੋਸ਼ਾਕ ਗੁਲਾਬੀ
ਚਾਦਰ ਤਹਿਮਤ ਤੇ ਕੁਲਹ, ਪਹਿਨ ਸੂਰਤ ਫਕਰਾਂ ਦੀ
ਉਹਨਾਂ ਦੀਆਂ ਕੀਤੀਆਂ ਸਫ਼ਾਂ ਪੈਗੰਬਰਾਂ, ਭੱਜ ਰਲੇ ਜਨਾਜ਼ੀਂ
ਉਹਨਾਂ ਜਾ ਕੇ ਪਾਈ ਬਹਿਸ਼ਤ ਵਿਚ, ਸ਼ਹਾਦਤ ਸ਼ਾਦੀ
ਉਹ ਜਾਇ ਹਜ਼ੂਰ ਰਸੂਲ ਦੇ, ਹੋਏ ਮੇਰਾਜੀ'।18।

19
ਵਜ਼ੀਰ

ਵਜ਼ੀਰ ਆਂਹਦਾ : 'ਕਲ ਰਾਣੀਏਂ ! ਤੇਰੀ ਬੜੀ ਅਵਸਥਾ
ਤੇਰੀ ਅੱਖਾਂ ਨੇ ਲਹੂ ਛੱਟੀਆਂ, ਤੇ ਜ਼ਬਾਨ ਕੁਰੱਖਤਾ
ਤੈਨੂੰ ਉੜ ਕੇ ਤੁਰਦੀ ਨੂੰ ਵੇਖਕੇ, ਕੁਲ ਆਲਮ ਹੱਸਦਾ
ਤੇ ਸੂਰਤ ਤੇਰੀ ਵੇਖਕੇ, ਕੁਲ ਬਾਲਕ ਨੱਸਦਾ
ਤੂੰ ਮੱਲ ਅਖਾੜੇ ਵੇਖਣੇ, ਤੇਰੀ ਬੜਵਸਥਾ
ਮੁਲਕ ਅਸਾਡਾ ਅਬਾਦਾਨ, ਸਭ ਜ਼ੌਕੀਂ ਵੱਸਦਾ
ਇਥੇ ਹੋਰ ਅਰਜ਼ਾਨੀ ਹੈ ਸਭ ਚੀਜ਼, ਇਕ ਮਾਸ ਨਹੀਂ ਸਸਤਾ
ਤੂੰ ਆਈ ਏਂ ਰਾਤ ਸਰਾਇ ਰਹਿਣ, ਘੱਤ ਬੈਠੀ ਏਂ ਫੱਸਤਾ
ਜਾ ਟੁਰ ਜਾ ਮੁਲਕ ਤੂੰ ਆਪਣੇ, ਫੜ ਫਜ਼ਰੀਂ ਰਸਤਾ'।19।

20
ਕਲ

ਕਲ ਆਂਹਦੀ ਵਜ਼ੀਰ ਨੂੰ, ਲੈ ਵਿਦਾ ਅਸਾਡੀ
ਮੈਂ ਗੱਲ ਸੁਨਾਨੀ ਆਂ ਕੱਲ੍ਹ ਦੀ, ਕੁਝ ਨਹੀਂ ਦੁਰਾਡੀ
ਜਦੋਂ ਗਿਆ ਤੈਮੂਰ ਵਿਰਾਨ ਕਰ, ਵਿਲਾਯਤ ਤੁਹਾਡੀ
ਤੇ ਉਹ ਬਾਕੀ ਨ ਛੱਡ ਗਿਆ, ਕੁਝ ਬੋ ਅਬਾਦੀ
ਤੁਹਾਡੀ ਮਾਲ ਵਲਾਇਤ ਲੁਟ ਕੇ, ਲੈ ਗਏ ਪੰਜਾਬੀ
ਤੇ ਲੈ ਗਏ ਸਿਰੋਂ ਉਤਾਰ ਕੇ, ਦਸਤਾਰ ਤੁਹਾਡੀ
ਆਪ ਗਿਆ ਜਹਾਨਾਬਾਦ ਨੂੰ, ਹੋ ਮੱਕੇ ਦਾ ਹਾਜੀ
ਤੁਹਾਡੇ ਖਾਧੇ ਊਠਾਂ ਤੇ ਹਾਥੀਆਂ, ਚੁਣ ਮੇਵੇ ਬਾਗ਼ੀ
ਕਾਹਨੂੰ ਲਈਓ ਜੇ ਹੱਥ ਕਰ, ਬੇਗਾਨੀ ਭਾਜੀ
ਜੇ ਮੂਲ ਨਹੀਂ ਸਾ ਜੇ ਦੇਵਣੀ, ਤਦ ਪਾਈ ਖ਼ਰਾਬੀ
ਹੁਣ ਦੂਣੀ ਦੇਈਏ ਘਰ ਜਾ ਕੇ, ਤਦ ਹੁੰਦੈ ਰਾਜ਼ੀ!
ਪਰ ਕਦੋਂ ਸ਼ਾਮਲ ਹੋਈ ਸੀ ਬਾਜ਼ ਨੂੰ, ਆਜ਼ਜ਼ ਮੁਰਗ਼ਾਬੀ'?20।

21
ਵਜ਼ੀਰ

ਵਜ਼ੀਰ ਆਂਹਦਾ: 'ਜਾਹ ਅੱਖੀਂ ਅੱਗੋਂ ਦੂਰ ਹੋ, ਰੰਨੇ ਬਦਕਾਰੇ !
ਏਸ ਬੋਲੀ ਤੇਰੀ ਦੀ ਰਪਟ, ਜਾ ਪਹੁਤੀ ਸਰਕਾਰੇ
ਅਸਾਂ ਕਰਕੇ ਘੱਲੇ ਏਲਚੀ, ਸਭ ਬਲਖ ਬੁਖ਼ਾਰੇ
ਅਸਾਂ ਦਿੱਤੇ ਨੇ ਘੱਲ ਵਿਲਾਯਤੀਂ, ਲਿਖ ਕੇ ਹਲਕਾਰੇ
ਫੌਜਾਂ ਹੋਣ ਇਕੱਠੀਆਂ, ਆਵਣ ਸਰਕਾਰੇ
ਏਸ ਅਸਾਡੇ ਮੁਲਕ ਵਿਚ, ਦੁੱਰਾਨੀ ਭਾਰੇ
ਅਸੀਂ ਸੱਭੇ ਦੇਈਏ ਹਾਜ਼ਰੀ, ਚੱਲ ਸ਼ਹਿਰ ਕੰਧਾਰੇ
ਓਹ ਸਭੇ ਆਖਣ ਨੀਯਤ ਖ਼ੈਰ, ਰਲ ਮੋਮਨ ਸਾਰੇ
ਅਸਾਂ ਸਰਪਰ ਦਿੱਲੀ ਮਾਰਨੀ, ਘੱਤ ਜ਼ੋਰ ਤਲਵਾਰੇ
ਅਸਾਂ ਲੁਟਣੇ ਸਭ ਜਵਾਹਰੀਏ, ਅਰ ਸ਼ਾਹ ਵਣਜਾਰੇ
ਅਸਾਂ ਉੜਦੂ ਝੰਡੇ ਲੁੱਟਣੇ, ਔਰ ਰਸਤ ਬਜ਼ਾਰੇ
ਸਤਰਾਂ ਵਿਚੋਂ ਬੀਵੀਆਂ, ਕੱਢ ਦਿਓ ਕਿਨਾਰੇ
ਬਦਲਾ ਉਸ ਦਸਤਾਰ ਦਾ, ਰੱਬ ਅੱਜ ਉਤਾਰੇ
ਮਾਨੋ ਮੱਕੇ ਦਿਆਂ ਹਾਜੀਆਂ, ਸੈ ਹੱਜ ਗੁਜ਼ਾਰੇ'।21।

22
ਨਾਰਦ ਮੁਹੰਮਦ ਸ਼ਾਹ ਨੂੰ

ਨਾਰਦ ਮੁਹੰਮਦ ਸ਼ਾਹ ਅੱਗੇ, ਜਾ ਕਰੇ ਸਵਾਲ
'ਵੇਖੀਂ ਕਿਬਲਾ ਆਲਮੀਂ ! ਅੱਜ ਮੇਰਾ ਹਾਲ
ਮੇਰੇ ਸਿਰ ਤੇ ਗੁਜ਼ਰਿਆ, ਹੈ ਇਕ ਜ਼ਵਾਲ
ਇਕ ਘਰੋਂ ਜ਼ਨਾਨੀ ਟੁਰ ਗਈ, ਦੂਜਾ ਭੁੱਖ ਕਮਾਲ
ਜਦੋਂ ਗਿਆ ਤੈਮੂਰ ਵਿਲਾਇਤੇ, ਮੈਂ ਤਦੋਂ ਸਾਂ ਨਾਲ
ਉਸ ਲੁੱਟੀਆਂ ਸਭ ਵਿਲਾਇਤਾਂ, ਕੀਤੀਆਂ ਪਾਮਾਲ
ਕਰ ਸਿਰੀਆਂ ਦੇ ਦਮਦਮੇਂ, ਰੱਤੀਂ ਦੇ ਖਾਲ
ਮੈਂ ਤਦੋਂ ਸੀ ਵਰਤ ਉਪਾਰਿਆ, ਘੱਤ ਭੋਜਨ ਥਾਲ
ਪਰ ਤੂੰ ਪੀਰ ਚੁਗੱਤਾ ਹੈਂ ਬਾਦਸ਼ਾਹ, ਅੱਜ ਰੱਜ ਖਵਾਲ'।22।

23
ਮੁਹੰਮਦ ਸ਼ਾਹ

ਬਾਦਸ਼ਾਹ ਆਖੇ: 'ਨਾਰਦ ਨੂੰ ਲੈ ਜਾਹੋ ਬਜ਼ਾਰੇ
ਤੇ ਕਰ ਦਿਓ ਇਸ ਦੀ ਤਾਬਿਆ, ਹਲਵਾਈ ਸਾਰੇ
ਕੱਠੀ ਕਰ ਦਿਓ ਮੇਦਨੀ, ਭਰ ਦਿਓ ਤਗ਼ਾਰੇ
ਖੰਡ ਪੇੜੇ ਤੇ ਜਲੇਬੀਆਂ, ਔਰ ਸ਼ੱਕਰਪਾਰੇ
ਲੱਡੂ, ਮਠੇ ਮੋਹਨ ਭੋਗ, ਤੇ ਗਰੀ ਛੁਹਾਰੇ
ਨਾਰਦ ਆਵੇ ਨ੍ਹਾ ਕੇ, ਬਹਿ ਵਰਤ ਉਪਾਰੇ
ਪਰ ਰੋਟੀ ਖਾਹ ਦੁਆ ਦੇ, ਬਹਿ ਠਾਕਰ ਦੁਆਰੇ'।23।

24
ਨਾਰਦ

'ਲੱਡੂ ਮਠੇ ਤੇ ਮੋਹਨ ਭੋਗ, ਇਹ ਕੰਮ ਨਹੀਂ ਮੇਰੇ
ਮੈਂ ਦੱਸਨਾਂ ਸੱਭ ਹਕੀਕਤਾਂ, ਜੇ ਸੱਦੋ ਨੇੜੇ
ਤੈਥੋਂ ਹੋਏ ਨੇ ਫਿਰਊਨ, ਮੁਸਾਹਿਬ ਤੇਰੇ
ਇਨ੍ਹਾਂ ਗੁਫੀਆਂ ਲਿਖਕੇ ਅਰਜ਼ੀਆਂ, ਘੱਲੀਆਂ ਸੁਵੇਰੇ
ਇਨ੍ਹਾਂ ਕਸਮਾਂ ਕਰ ਕੇ ਚਾੜ੍ਹੇ, ਨਾਦਰ ਦੇ ਡੇਰੇ
ਓਸ ਸੱਦ ਲਏ ਨੇ ਮੁਲਕ ਤੋਂ, ਅਸਵਾਰ ਚੰਗੇਰੇ
ਉਹਨ੍ਹਾਂ ਦੇ ਘੋੜੇ ਸਭ ਵਿਲਾਯਤੀ, ਹੈਣ ਪਰੇ ਪਰੇਰੇ
ਇਕ ਦੋ ਕਨਕਾਦ ਤੇ ਨਵੇਂ ਪੰਜ, ਐਲਾਕ ਵਛੇਰੇ
ਓਹ ਚਿੱਲੀ ਖਾਂਦੇ ਘਾਹ ਦੀ, ਰਾਤਬ ਦਹਸੇਰੇ
ਓਹ ਭਾਰ ਉਠਾਂਦੇ ਸ਼ੁਤਰ ਦਾ, ਖੁਸ਼ਕੀ ਦੇ ਬੇੜੇ
ਆਨ ਇਸਫ਼ਹਾਨ ਦੇ ਮੁਲਕ ਵਿਚ, ਘੱਤ ਬੈਠੇ ਘੇਰੇ
ਜਿਉਂ ਰਾਤੀਂ ਉਤਰੀ ਮੱਕੜੀ, ਉਡ ਚੜ੍ਹੀ ਸਵੇਰੇ
ਦਿਹੁੰ ਚੰਨ ਛਪੇ ਨੇ ਗਰਦ ਵਿਚ, ਪੈ ਗਏ ਹਨੇਰੇ
ਪਰ ਨਾਦਰਸ਼ਾਹ ਬਾਲਾਸਾਰ ਵਿਚ, ਲਸ਼ਕਰ ਚੌਫੇਰੇ'।24।

25
ਦੁਰਾਨੀ ਨਾਦਰ ਸ਼ਾਹ ਨੂੰ

ਸੁਣੀ ਮੁਹਿੰਮ ਦੁਰਾਨੀਆਂ, ਹੋਏ ਗ਼ਮਨਾਕ
ਸੱਭੇ ਰਲ ਕੇ ਅਰਜ਼ ਕਰੋ, ਕਿਬਲਾ ਦੇ ਪਾਸ
ਉਹ ਸੱਭੇ ਆਏ ਰੁਬਰੂ ਕਰਕੇ ਇਤਫ਼ਾਕ:
'ਸਾਡਾ ਕੋਈ ਨਹੀਂ ਗਿਆ ਉਤ ਮੁਲਕ, ਦਾਦਾ ਨਹੀਂ ਬਾਪ
ਅੱਜ ਤੂੰ ਦਾਈਆ ਕੀਤਾ ਏ ਬਾਦਸ਼ਾਹ, ਮੁਮਾਰਖ ਲਾਖ
ਸਾਡੇ ਘੋੜੇ ਸਭ ਵਿਲਾਯਤੀ, ਹੈਨ ਚੁਸਤ ਚਲਾਕ
ਪਿਛਲੀਆਂ ਸਭ ਛਿਮਾਹੀਆਂ, ਕਰ ਦੇ ਬੇਬਾਕ
ਅੱਗੇ ਤਲਬਾਂ ਕਰ ਦੇ ਦੂਣੀਆਂ, ਫੜ ਕਲਮ ਦਵਾਤ
ਲੋਟੀ ਤੇ ਬੰਦ ਪੰਜਾਬ ਦੀ, ਸਭ ਕਰ ਦੇ ਮਾਫ਼
ਖਲਕਤ ਜਾਗੁ ਪਹਾੜ ਨੂੰ, ਰਹਿਗੁ ਕਿਧਰੇ ਵਾਸ
ਦਿੱਲੀ ਤਾਈਂ ਬਾਦਸ਼ਾਹ ! ਵੇਖ ਰਸਤਾ ਸਾਫ਼'।25।

26
ਨਾਦਰ ਸ਼ਾਹ ਉਮਰਾਵਾਂ ਨੂੰ

ਚੜ੍ਹ ਤਖ਼ਤ ਤੇ ਬੈਠਾ ਨਾਜ਼ਰ ਸ਼ਾਹ, ਰਾਜ ਸਿੱਕੇ ਚੱਲੇ
ਉਹਨੂੰ ਨਿਵੀਆਂ ਸਭ ਵਲਾਇਤਾਂ, ਕੋਈ ਧਾਂਗ ਨਾ ਝੱਲੇ
ਸੱਦ ਬਹਾਇਉਸ ਓਮਰਾ, ਵਿਚ ਬੈਠੇ ਗੱਲੇ
'ਯਾਰੋ ਤੀਰ ਕਲੇਜੇ ਵਰਮ ਦਾ, ਦਿਹੁੰ ਰਾਤੀਂ ਹੱਲੇ
ਮੈਂ ਦਿੱਲੀ ਮਾਰਾਂ ਭੈਂ ਭੈਂ, ਵੱਢ ਸਿਰ ਧੜ ਗੱਲੇ
ਪਰ ਤਖ਼ਤ ਲਈਏ ਤੇ ਕੁਲ ਤਰੇ, ਨਹੀਂ ਤਖ਼ਤੇ ਭੱਲੇ'।26।

27
ਨਾਦਰ ਸ਼ਾਹ ਦੀ ਫੌਜ ਤੇ ਉਸਦਾ ਕੰਧਾਰ ਪੁੱਜਣਾ

ਚੜ੍ਹੇ ਇਸਫ਼ਹਾਨ ਥੀਂ ਨਾਜ਼ਰ ਸ਼ਾਹ, ਭੇਰੀਂ ਘੁੜੱਕੇ
ਤੇ ਚੁਣ ਚੁਣ ਕੱਢੇ ਪਹਿਲਵਾਨ, ਬਹਾਦਰ ਯੱਕੇ
ਨਸਰਾਨੀ, ਮਜ਼ੂਫੀਏ, ਯਾਹੂਦ ਉਚੱਕੇ
ਬੱਦੂ, ਗੁਰਜ਼ੀ ਤੇ ਖਾਰਜੀ, ਉਹ ਮੁਲਹਿਦ ਪੱਕੇ
ਮਰਵਾਣੀ ਤੇ ਕਤਲਬਾਜ਼, ਉਹ ਮੁਗ਼ਲ ਉਜ਼ਬੱਕੇ
ਨੱਕ ਫੀਨ੍ਹੇ ਸਿਰ ਤਾਉੜੇ, ਢਿੱਡ ਵਾਂਗ ਢਮੱਕੇ
ਓੁਹ ਇੱਕਾ ਨਾਰ ਵਸਾਉਂਦੇ, ਦਹ ਭਾਈ ਸੱਕੇ
ਕੋਟਾਂ ਨੂੰ ਆਉਣ ਥਰਥਰਾਟ, ਨੀਰ ਨਦੀਆਂ ਸੁੱਕੇ
ਈਰਾਨ ਤੂਰਾਨ ਤੇ ਇਸਫਹਾਨ, ਧਰ ਤਲੀ ਤੇ ਫੱਕੇ
ਰਾਤੀਂ ਦੇਂਦੇ ਚੌਂਕੀਆਂ, ਦਿਨੇਂ ਦੂਰ ਪਲੱਟੇ
ਡੇਰੇ ਕੋਲ ਕੰਧਾਰ ਦੇ, ਆ ਊਧਮ ਲੱਥੇ
ਤਿਸ ਦਿਹਾੜੇ ਦੱਖਣ ਤੇ ਪੂਰਬ ਕੰਬਿਆ, ਖ਼ਬਰੀਂ ਤੋੜ ਮੱਕੇ।27।

28
ਤੂਰਾਨੀ ਅਮੀਰਾਂ ਦਾ ਨਾਦਰ ਸ਼ਾਹ ਨੂੰ ਖਤ

'ਪਾਕ ਬੇ-ਐਬ ਨਜ਼ੀਰਾ ਸੱਚੇ ਸਾਹਿਬਾ !
ਲਿਖਿਆ ਜੋ ਤਕਦੀਰਾਂ, ਸੋ ਕੁਝ ਵਰਤਸੀ
ਤੇਰਾ ਮਾਲਕ ਦੋਸਤ ਵਜ਼ੀਰਾ, ਖ਼ਾਸਾ ਮੁਸਤਫ਼ਾ
ਓਹ ਉੱਮਤ ਦੀਆਂ ਤਕਸੀਰਾਂ, ਸੱਭੇ ਬਖਸ਼ਸੀ
ਅਸਾਂ ਰਚਿਆ ਧਰੋਹ ਅੰਬੀਰਾਂ, ਮੁਹੰਮਦ ਸ਼ਾਹ ਨਾਲ
ਤੇ ਲਿਖ ਪਰਵਾਨਾ ਇਰਾਨ, ਅੰਦਰ ਭੇਜਿਆ
ਤੇ ਇਸਫ਼ਹਾਂ ਦੇ ਪੀਰਾ ! ਤੂੰ ਸੁਣ ਨਾਜ਼ਰ ਸ਼ਾਹ
ਸਾਥੋਂ ਹੋਇਆ ਏ ਦਿਲਗੀਰਾ, ਸਾਡਾ ਬਾਦਸ਼ਾਹ
ਤੂੰ ਰਤੀ ਨਾ ਘੱਤ ਖਲ੍ਹੀਰਾ, ਚੜ੍ਹਕੇ ਆ ਤੂੰ
ਏਥੇ ਦੌਲਤ ਬਹੁਤ ਜ਼ਖੀਰਾ, ਹਈ ਚਰੋਕਣੀ
ਮੋਤੀ ਪੰਨਾ ਹੀਰਾ, ਬਹੁਤ ਬੇਕੀਮਤਾ
ਪਾਟਾ ਹੋਇਆ ਚੀਰਾ, ਤਾਂ ਭੀ ਲੱਖ ਦਾ
ਗੋਦੀ ਅੰਦਰ ਕੀੜਾ, ਇਕ ਫਰਜ਼ੰਦ ਸੂ
ਪਰ ਸੁੰਞਾ ਤਖ਼ਤ ਸਖੀਰਾ, ਆ ਕੇ ਮੱਲ ਬਹੁ'।28।

29
ਨਾਦਰ ਸ਼ਾਹ ਆਪਣੇ ਵਜ਼ੀਰ ਨੂੰ

ਨਾਦਰ ਸ਼ਾਹ ਬਾਦਸ਼ਾਹ ਆਖਦਾ: 'ਸੁਣ ਬਕੀ ਖ਼ਾਨਾ!
ਆ ਵੇਖ ਹਿੰਦੁਸਤਾਨੀਆਂ, ਲਿਖਿਆ ਪਰਵਾਨਾ
ਉਹਨਾਂ ਅੱਵਲ ਲਿਖੀ ਹੈ ਬੇਨਤੀ, ਵਿਚ ਵੱਡਾ ਕਰਯਾਨਾ
ਉਹ ਆਖਦੇ ਅਸੀਂ ਤੁਹਾਡੇ ਨਾਲ ਹਾਂ, ਸਾਨੂੰ ਕਸਮ ਕੁਰਾਨਾ
ਪਰ ਨਾ ਫਿਰੀਏ ਇਸ ਗੱਲ ਤੋਂ, ਲਾਹ ਇਮਾਨਾ'
ਵਜ਼ੀਰ ਆਖੇ ਬਾਦਸ਼ਾਹ ਨੂੰ: 'ਤੂੰ ਸੁਣ ਸੁਲਤਾਨਾ
ਬਾਦਸ਼ਾਹਾਂ ਦੇ ਫ਼ਰੇਬ ਦਾ, ਹੈ ਕਸਮ ਬਹਾਨਾ
ਓਥੇ ਅਵਲ ਘੱਲੀਏ ਏਲਚੀ, ਫਹਿਮੀਦਾ ਦਾਨਾ
ਉਹ ਅੱਗਾ ਆਵੇ ਵੇਖ ਕੇ, ਸਰਤਲ ਸਮਿਆਨਾ
ਓਥੇ ਕੇਡਕੁ ਲਸ਼ਕਰ ਏਤਫ਼ਾਕ, ਹੋਰ ਕੇਡ ਖਜ਼ਾਨਾ
ਹੈ ਸਾਢੇ ਨੌਂ ਸੌ ਕੋਹ ਵਿਚ, ਸਭ ਮੁਲਕ ਬਿਗਾਨਾ
ਮਤ ਔਖਾ ਹੋਵੇਂ ਆਉਂਦਾ, ਰਾਹ ਕੇਹੜੇ ਜਾਨਾ'।29।

30
ਨਾਦਰ ਸ਼ਾਹ

ਬਕੀ ਖ਼ਾਨ ਵਜ਼ੀਰ ਨੂੰ ਬਾਦਸ਼ਾਹ ਫਰਮਾਏ:
'ਦੱਸ ਕਿਹੜਾ ਘੱਲੀਏ ਏਲਚੀ, ਜਿਹੜਾ ਦਿੱਲੀ ਜਾਏ
ਉਹ ਗੱਲਾਂ ਕਰੇ ਖਨ੍ਹਾ ਦੀਆਂ, ਮਤਲਬ ਸਮਝਾਏ
ਜਾ ਮਿਲੇ ਨਿਜ਼ਾਮੁਲ ਮੁਲਕ ਨੂੰ, ਰਫ਼ੀਕ ਬਣਾਏ
ਉਹ ਕੁਲ ਹਕੀਕਤ ਹਿੰਦ ਦੀ, ਮੁੜ ਲਿਖ ਪਹੁੰਚਾਏ
ਅਸਾਂ ਲਿਖੇ ਉਹਨਾਂ 'ਤੇ ਅਮਲ ਕਰ, ਲਸ਼ਕਰ ਮੰਗਵਾਏ
ਕਈ ਲੱਖ ਪਠਾਣ ਵਿਲਾਇਤੀ, ਐਰਾਨੋਂ ਆਏ
ਇਕ ਚੜ੍ਹੇ ਕਰਾਚੀ ਬੰਦਰੋਂ, ਖ਼ਰਚ ਖੁਰਜੀਂ ਪਾਏ
ਕੁਝ ਮਿਠਾਈ ਤੇ ਖੰਡ ਬਰਿੰਜ ਦੇ, ਭਾਰ ਸਾਥ ਲਦਾਏ
ਲੱਖ ਦੁੰਬੇ ਫਰਬਹ ਮਾਸ ਦੇ, ਅੱਜੜ ਹਕਵਾਏ
ਲੱਖ ਲੁਟੇਰੇ ਖਾਰਜੀ, ਭੁਰਜੀ ਚੜ੍ਹ ਆਏ
ਤੇ ਤੰਬੂ ਬੰਨ ਸਲੀਤਿਆਂ, ਹਾਥੀ ਲਦਵਾਏ
ਸੈ ਓਡ ਫਰਾਸ਼ ਤੇ ਬੇਲਦਾਰ, ਨੌਕਰ ਰਖਵਾਏ
ਕਰ ਰਸਤੇ ਤੋਫ਼ਾਂ ਵਾਸਤੇ, ਪਹਾੜ ਕਟਵਾਏ
ਪਰ ਹੁਣ ਕੀਕੁਰ ਪਹੀਆ ਗੱਡ ਦਾ, ਇਹ ਖਾਲੀ ਜਾਏ'?30।

31
ਨਾਦਰ ਸ਼ਾਹ ਦਾ ਏਲਚੀ ਭੇਜਣਾ

ਬਾਦਸ਼ਾਹ ਨੂੰ ਆਖਦਾ, ਵਜ਼ੀਰ ਖ਼ਾਨ ਬਾਕੀ :
'ਹਜ਼ਰਤ, ਸ਼ਬਾਜ਼ ਖਾਨ ਘਲੀਏ ਏਲਚੀ, ਭਤੀਜਾ ਜ਼ਾਤੀ'
ਘੋੜਾ ਕੀਮਤ ਲੱਖ ਦਾ, ਜ਼ੀਨ ਜ਼ਰੀ ਬਨਾਤੀ
ਉਸ ਨੂੰ ਖ਼ਿੱਲਅਤ ਬਖਸ਼ੀ ਬਾਦਸ਼ਾਹ, ਸਰਬਤ ਪੁਸ਼ਾਕੀ
ਬਹਿ ਗੋਸ਼ੇ ਖ਼ਾਂ ਸ਼ਹਿਬਾਜ਼ ਨੂੰ, ਉਸ ਇਹ ਗੱਲ ਆਖੀ :
'ਤੁਸਾਂ ਕਰਨੀ ਨਹੀਂ ਤਗਾਫਲੀ, ਟੁਰਨਾ ਦਿਨ ਰਾਤੀਂ
ਜਾ ਮਿਲਣਾ ਮਨਸੂਰ ਅਲੀ ਨਿਜ਼ਾਮੁਲ ਮੁਲਕ ਨੂੰ, ਸਮਝਾਉਣੀਆਂ ਬਾਤੀਂ
ਓਹ ਲਾਵਣ ਖ਼ਾਂ ਹੱਥ ਕੁਰਾਨ ਤੇ, ਜੇ ਹਨ ਪੱਕੇ ਸਾਥੀ
ਅਜ ਕਲ ਜਾਣਂੋ ਘੱਤਿਆ, ਮੂੰਹ ਗੋਸ਼ਤ ਕਾਤੀ
ਨਾਲੇ ਅਟਕ ਤੇ ਸਾਨੂੰ ਆ ਮਿਲਣ, ਕਰ ਬੜੀ ਚਲਾਕੀ
ਪਰ ਮੈਂ ਲੋਹੀ ਕਰਾਂ ਕੰਧਾਰ ਵਿਚ, ਲਾਹੌਰ ਵਿਸਾਖੀ'।31।

32
ਨਾਦਰ ਸ਼ਾਹ ਦਾ ਮੁਹਮੰਦ ਸ਼ਾਹ ਨੂੰ ਖ਼ਤ ਭੇਜਣਾ

ਮਸਲਤਿਗੀਰ ਵਿਚਾਰ, ਆਖੇ ਨਾਜ਼ਰ ਸ਼ਾਹ :
'ਲਿਖੋ ਖ਼ਤ ਸਵਾਰ, ਮੁਹੰਮਦ ਸ਼ਾਹ ਨੂੰ
ਤਸਬੀਹ ਤੇ ਤਲਵਾਰ, ਭੇਜੋ ਪੇਸ਼-ਕਬਜ਼
ਇਕ ਟੋਪੀ ਤਿੱਲੇਦਾਰ, ਜੜਤ ਜਵਾਹਿਰੀ
ਤੁਸੀਂ ਹੋਵੋ ਤੱਯਾਰ, ਅਸੀਂ ਭੀ ਆਂਵਦੇ
ਅਸਾਂ ਦਿਲ ਵਿਚ ਹੈ ਤਕਰਾਰ, ਚਿਰੋਕਾ ਰਾਤ ਦਿਨ
ਚੜ੍ਹ ਮਾਰਾਂ ਆਣ ਕੰਧਾਰ, ਕਾਬਲ ਸ਼ਹਿਰ ਤੋਂ
ਪਰ ਵੇਖਣਾ ਹੈ ਇਕ ਬਾਰ, ਮੈਂ ਹਾਤਾ ਹਿੰਦ ਦਾ'।32।

33
ਨਾਦਰ ਸਾਹ ਦੇ ਖ਼ਤ ਦਾ ਮਜ਼ਮੂਨ

ਜੋ ਲਿਖਿਆ ਸੀ ਏਲਚੀ, ਖੜ ਗੁਜ਼ਰਾਨੀ :
'ਤੇ ਮੁਹੰਮਦ ਸ਼ਾਹ ਚੁਗੱਤਿਆ, ਸੁਣ ਬਾਬਰਿਆਨੀ
ਇਹਾ ਤੈਨੂੰ ਹਨ ਘੱਲੀਆ, ਬਾਦਸ਼ਾਹ ਨਿਸ਼ਾਨੀ
ਮਤ ਕੋਈ ਦਿਲ ਵਿਚ ਜਾਣਦੋਂ, ਕਰ ਬੜੀ ਗਿਰਾਨੀ
ਜਾ ਤੇ ਖੰਡਾ ਚੁੱਕ ਲਏਂ, ਪੇਸ਼ਾ ਸੁਲਤਾਨੀ
ਨਹੀਂ ਗੱਲ ਤਸਬੀਹ, ਸਿਰ ਕੁਲਹ ਧਰ, ਉਠ ਹੋ ਸੈਲਾਨੀ'।33।

34
ਮੁਹੰਮਦ ਸ਼ਾਹ ਦੀ ਅਮੀਰਾਂ ਨਾਲ ਸਲਾਹ

ਮੁਹੰਮਦ ਸ਼ਾਹ ਅਮੀਰਾਂ ਸੱਦਕੇ, ਬਹਿ ਕਰੇ ਸਲਾਹਾਂ:
'ਯਾਰ! ਇਹ ਕੌਣ ਕਮੀਨਾ ਆਦਮੀ, ਬੋਲੇ ਬਾਦਸ਼ਾਹਾਂ
ਇਹਨੂੰ ਦਿਓ ਜਵਾਬ ਵਕੀਲ ਨੂੰ, ਮੁੜ ਜਾਇ ਪਿਛਾਹਾਂ
ਇਹ ਲਏ ਸੁਰਤ ਕੰਧਾਰ ਦੀ, ਹੋ ਕਾਬਲ ਦੀ ਰਾਹਾਂ
ਇਹਦੀ ਮਸ਼ਹਦ ਤੇ ਹਿਰਾਤ ਨੂੰ, ਘੱਤ ਤੇਗੀਂ ਗਾਹਾਂ
ਜੇਹੜੀ ਕੀਤੀ ਸੀ ਤੈਮੂਰ ਨੇ, ਕਤਲਾਮ ਸਿਪਾਹਾਂ
ਮੈਂ ਤਾਂ ਚੜ੍ਹ ਕੇ ਕਿਲ੍ਹਾ ਕੰਧਾਰ ਦਾ, ਸਣੇ ਬੁਰਜੀਂ ਢਾਹਾਂ
ਓਹਦੇ ਧਰਾਂ ਬਨੇਰੇ ਜ਼ਿਮੀਂ ਤੇ, ਮੁਨਿਯਾਦ ਉਤਾਹਾਂ
ਇਹਦੀ ਸਾੜਾਂ ਬਾਲਾਸਾਰ ਮੈਂ, ਦੇ ਅੱਗੀਂ ਭਾਹਾਂ
ਕਾਬਲ ਰੋਣ ਪਠਾਣੀਆਂ, ਕਰ ਖਲੀਆਂ ਬਾਹਾਂ
ਪਰ ਸਮਝਣਗੇ ਤਾਂ ਵਲਾਯਤੀ, ਜਾਂ ਆਵੇਗੀ ਅਕਲ ਤਦਾਹਾਂ' ।34।

35
ਏਲਚੀ ਤੇ ਵਜ਼ੀਰਾਂ ਦੀ ਸਾਜਿਸ਼

ਸੁਣ ਕੇ ਸੁਖਨ ਸ਼ਬਾਜ਼ ਖ਼ਾਨ ਨੂੰ, ਲੱਗ ਗਈ ਹੈਰਾਨੀ:
'ਤੇ ਮਤ ਕੋਈ ਦਗ਼ਾ ਕਮਾਂਦਿਓ, ਤੁਸੀਂ ਹਿੰਦੁਸਤਾਨੀ
ਇਹ ਤਾਂ ਕਰੇ ਤੁਹਾਡਾ ਬਾਦਸ਼ਾਹ, ਦਾਵਾ ਅਸਮਾਨੀ'
ਮਨਸੂਰ ਅਲੀ ਕਹੇ ਸ਼ਹਬਾਜ਼ ਨੂੰ, ਇਕ ਸੁਖਨ ਜ਼ਬਾਨੀ:
ਅਸਾਂ ਕਲਮਾਂ ਪਾਕ ਰਸੂਲ ਦਾ, ਅਤੇ ਹੱਦ ਮੁਸਲਮਾਨੀ
ਅਸੀਂ ਇਕ ਨਹੀਂ ਏਹਦੇ ਨਾਲ ਦੇ, ਹੈਆਂ ਸੱਭੇ ਖ਼ਾਮੀ
ਤੇ ਤੀਰ ਨਾ ਚਲਦੇ ਨਾਵਕੋਂਂ, ਬਿਨ ਗੁਣੀਂ ਕਮਾਨੀ
ਤੇ ਕਿਆ ਕੁਸ਼ਤੀ ਭਲਵਾਨ ਦੀ, ਬਿਨ ਜ਼ੋਰ ਜਵਾਨੀ
ਤੇ ਬਾਝੋਂ ਖਾਵੰਦ ਕਿਆ ਕਰੇ, ਸ਼ਿੰਗਾਰ ਜ਼ਨਾਨੀ
ਇਕ ਨਾ ਲਾੜਾ ਸੋਂਹਦਾ, ਜੈਂਦੇ ਨਾਲ ਨਾ ਜਾਂਞੀ
ਤੇ ਇਕੋ ਇਹਦੇ ਨਾਲ ਹੈ, ਖ਼ਾਨ ਦੌਰਾਂ ਈਰਾਨੀ
ਯਾ ਬੇਗਮ ਸਣੇ ਸਹੇਲੀਆਂ, ਮਲਕਾ ਜ਼ੱਮਾਨੀ
ਤੁਸੀਂ ਲਾਂਘਾ ਪਾਉ ਅਟਕ ਤੋਂ, ਪਠਾਣ ਦੁਰਾਨੀ
ਅਸੀਂ ਦਈਏ ਸ਼ਰੀਣੀ ਪੀਰ ਦੀ, ਬੱਕਰੇ ਕੁਰਬਾਨੀ
ਪਰ ਜਿਤਨੇ ਹਿੰਦੁਸਤਾਨੀਏਂ, ਸਭ ਦਾਵਾ ਗ਼ੁਲਾਮੀ'।35।

36
ਏਲਚੀ ਦਾ ਨਾਦਰ ਸ਼ਾਹ ਨੂੰ ਖ਼ੱਤ

ਬਹਿ ਦਿੱਲੀਓਂ ਲਿਖਿਆ ਏਲਚੀ, ਸੁਣ ਨਾਦਰ ਸ਼ਾਹ !
'ਤੇ ਚੜ੍ਹਕੇ ਆ ਨਿਸ਼ੰਗ ਤੂੰ, ਹੋ ਬੇਪਰਵਾਹ
ਇਹਦਾ ਨਾ ਕੋਈ ਆਕਲ ਵਜ਼ੀਰ ਹੈ, ਨਾ ਮਰਦ ਸਿਪਾਹ
ਇਥੇ ਘਾਟਾ ਵਾਧਾ ਕੁਝ ਨਾ, ਨਾ ਢੱਕੀ ਢਾਹ
ਨਾ ਕੋਈ ਕੱਖ ਨਾ ਪੋਹਲੀ, ਨਾ ਝਾੜੀ ਝਾਹ
ਤੇ ਨਾ ਕੋਈ ਪੁਲ ਬੰਨ੍ਹਾਵਣਾ, ਨਾ ਮਿੰਨਤ ਮਲਾਹ
ਤੇ ਸੱਭੇ ਨਦੀਆਂ ਖੁਸ਼ਕ ਨੇ, ਮੁੱਢ ਜ਼ਰਾ ਇਕ ਵਾਹ
ਇਹ ਦਿੱਲੀ ਖੜੀ ਉਡੀਕਦੀ, ਮੇਰਾ ਕਰੋ ਵਿਆਹ
ਮੈਨੂੰ ਰੰਡੀ ਨੂੰ ਆਣ ਸੁਹਾਗ ਦੇ, ਨਹੀਂ ਲੈ ਮਰਨੀਊਂ ਫਾਹ
ਜੇ ਤੂੰ ਸਾਹਿਬ ਹੈਂ ਤੌਫੀਕ ਦਾ, ਆਨ ਖੋਲ੍ਹੀਂ ਸਾਹ'।36।

37
ਨਾਦਰ ਸ਼ਾਹ ਦੀ ਕੰਧਾਰੋਂ ਚੜ੍ਹਾਈ

ਚੜ੍ਹੇ ਕੰਧਾਰੋਂ ਨਾਜ਼ਰ ਸ਼ਾਹ, ਦਮਾਮੇ ਤਬਲਕ ਵਾ ਕੇ
ਤੇ ਛੁੱਟ ਪਏ ਹੜ੍ਹ ਜ਼ੁਲਮ ਦੇ, ਕੁਲ ਖਲਕ ਉਠੀ ਕੁਰਲਾ ਕੇ
ਮੂੰਹ ਆਇਆ ਕੁਝ ਨਹੀਂ ਛੱਡਦੇ, ਕਤਲਾਮ ਕਰੇਂਦੇ ਨੇ ਚਾ ਕੇ
ਗ਼ਜ਼ਨੀ ਤੇ ਕਾਬਲ ਲੁੱਟਿਆ, ਕੁਲ ਥਾਣੇ ਜ਼ਿਬਹ ਕਰਾ ਕੇ
ਪਿਸ਼ਾਵਰ ਜਲਾਲਾਬਾਦ ਨੂੰ, ਤਹਿਮਤ ਕੀਤੋ ਨੇ ਚਾ ਕੇ
ਸੱਟ ਲੋਹਾ ਨਾਸਰਖ਼ਾਨੀਏਂ, ਗਲ ਮਿਲੇ ਨੇ ਪਟਕੇ ਪਾ ਕੇ
ਫਿਰ ਕੇ ਹੋਏ ਨੇ ਪੇਸ਼ਵਾ, ਚੁਗੱਤੇ ਦਾ ਨਿਮਕ ਵੰਜਾ ਕੇ
ਕਾਕੇ ਖਾਂ ਕਾਕਸ਼ਾਲ ਨੇ, ਰਣ ਕੁਟ ਘੱਤਿਆ ਸੂ ਆ ਕੇ
ਉਹ ਭੀ ਓੜਕ ਮਾਰਿਆ, ਅੱਠ ਪਹਿਰ ਲੜਾਈ ਖਾ ਕੇ
ਤੇ ਡੇਰੇ ਉਤੇ ਅਟਕ ਦੇ, ਓ ਕਟਕ ਜੁ ਲੱਥੇ ਨੇ ਆ ਕੇ
ਪਰ ਖ਼ਬਰਾਂ ਦਿੱਲੀ ਪਹੁਤੀਆਂ, ਜੋ ਆਯਾ ਸ਼ੀਂਹ ਘੁਰਲਾ ਕੇ।37।

38
ਦੇਸ਼ ਵਿਚ ਨਾਦਰ ਸ਼ਾਹ ਦੇ ਹਮਲੇ ਦਾ ਡਰ

ਦੌਲਤਵੰਤ ਅਮੀਰ ਸਭ ਕਾਸਦ ਦੌੜਾਉਣ
ਇਕ ਚਰਬ ਅਲੂਣੇ ਖਾ ਕੇ, ਦਿਨ ਰਾਤੀਂ ਧਾਉਣ
ਅਗਲੇ ਪਿਛਲੇ ਪਹਿਰ ਦੀ, ਲੈ ਖ਼ਬਰ ਪੁਚਾਉਣ
ਤੇ ਖਲਕਾਂ ਹੋਣ ਇਕੱਠੀਆਂ, ਮਜ਼ਕੂਰ ਸੁਨਾਉਣ:
'ਕੌਮ ਆਯੂਦ ਮਾਯੂਦ ਦੀ, ਵੱਢ ਆਦਮ ਖਾਉਣ
ਸੌ ਮਰਦ ਇਕ ਇਸਤ੍ਰੀ, ਸੰਗ ਰਾਤ ਹੰਢਾਉਣ
ਜੇਹੜੀਆਂ ਦਿਹੁੰ ਚੰਨ ਮੂਲ ਨ ਡਿੱਠੀਆਂ, ਕੱਢ ਬਾਹਰ ਬਹਾਉਣ
ਤੇ ਸੁਣ ਸੁਣ ਗੱਲਾਂ ਬੀਵੀਆਂ, ਮੁਹਰੇ ਸੁਕ ਜਾਉਣ
ਤੇ ਇਕਨਾਂ ਦੀ ਹੱਥੀਂ ਕਾਤੀਆਂ, ਪੇਟ ਛੁਰੀ ਚਲਾਉਣ
ਇਕ ਡੂੰਘੇ ਭੋਰੇ ਪੱਟ ਕੇ, ਵਿਚ ਜ਼ਰੀ ਦਬਾਉਣ
ਇਕ ਸਾਵੀਆਂ ਪੀਲੀਆਂ ਹੋ ਕੇ, ਮਰ ਅਗਦੀ ਜਾਉਣ
ਜਿਉਂ ਚਿੜੀਆਂ ਸੱਪ ਨੂੰ ਵੇਖ ਕੇ, ਆਦਮ ਚਿਚਲਾਉਣ
ਤੇ ਕੀੜ ਨਗਰ ਇਕ ਢੇਰੀਆਂ, ਨ ਰਾਹ ਸਮਾਉਣ
ਬਿਨ ਤੋਬਾ ਥੀਂ ਆਦਮੀ, ਨਾ ਸੁਖਨ ਅਲਾਉਣ
ਤੇ ਰੱਬਾ ! ਸੋ ਕੰਮ ਕਿਸੇ ਨ ਮੇਟਣੇ, ਜੇਹੜੇ ਤੈਨੂੰ ਭਾਉਣ'।38।

39
ਨਾਦਰ ਸ਼ਾਹ ਦੀ ਚੜ੍ਹਾਈ

ਅਟਕ ਤੋਂ ਚੜ੍ਹਿਆ ਨਾਦਰ ਸ਼ਾਹ, ਰਾਹ ਭੇਰੀ ਕੁੱਟੇ
ਤੇ ਵਹਿ ਪਏ ਪੰਜਾਬੇ ਪਾਸਣੇ, ਸੈ ਮਾਰੇ ਮੁੱਠੇ
ਖਟਕ, ਘੇਬੇ ਗਹਖੜੇ, ਪਏ ਵਹਣੀਂ ਲੁੱਟੇ
ਕੋਹ ਪੰਜਾਹ ਚੋੜੱਤਣੀਂ, ਲੜ ਆਹੁਣ ਛੁੱਟੇ
ਡੇਰੇ ਉਤੇ ਜੇਹਲਮੀਂ, ਆਣ ਲੰਬੂ ਛੁੱਟੇ
ਪਰ ਖ਼ਬਰਾਂ ਦਿੱਲੀ ਪਹੁਤੀਆਂ, ਸੁਣ ਜਿਗਰੇ ਫੁੱਟੇ।39।

40

ਜਿਹਲਮੋਂ ਚੜ੍ਹਿਆ ਨਾਜ਼ਰ ਸ਼ਾਹ, ਸੂਲ ਤਬਲਕ ਵਾਏ
ਵਾਂਗ ਸਿਕੰਦਰ ਬਾਦਸ਼ਾਹ, ਸਭ ਮੁਲਕ ਦਬਾਏ
ਉਹਨੂੰ ਕੋਈ ਨ ਹੋਵੇ ਸਾਹਮਣਾ, ਨ ਲੋਹਾ ਚਾਏ
ਦੋ ਬਾਰੀਂ ਰਾਹ ਨੇ ਗੋਂਦਲਾ, ਲਜਪੂਤਾਂ ਆਹੇ
ਤੇ ਦਿਲੋ ਤੇ ਸੈਦੇ ਵਢਿਆ, ਅਸਮਾਨੀ ਸਾਏ
ਸਾਂਗਾਂ ਤਿਗੋਵਾਣੀਆਂ, ਭੰਨ ਜ਼ਿਕਰ ਚਿੰਘਾਏ
ਤੇ ਮੁਰਗੇ ਜਿਵੇਂ ਕਬਾਬੀਆਂ, ਚਾ ਸੀਖੀਂ ਲਾਏ
ਉਹਨਾਂ ਹਿੰਮਤ ਕੀਤੀ ਸੂਰਿਆਂ, ਚਿਕ ਸਿਉਂ ਲੰਘਾਏ
ਧੀਆਂ ਤੇ ਭੈਣਾਂ ਬੇਟੀਆਂ ਦੇ, ਰੱਬ ਧਰਮ ਰਖਾਏ
ਵੰਝ ਪਈਆਂ ਦੜਪੇ ਲੋਟੀਆਂ, ਮਾਰ ਫ਼ਰਸ਼ ਉਠਾਏ
ਪਰ ਸਲਾਮੀ ਸ਼ਾਹ ਦੌਲੇ ਪੀਰ ਦੀ, ਗੁਜਰਾਤੇ ਆਏ।40।

41
ਮਿਰਜ਼ਾ ਕਲੰਦਰ ਬੇਗ਼ ਨਾਲ ਯੁੱਧ

ਚੜ੍ਹੇ ਗੁਜਰਾਤੋਂ ਨਾਜ਼ਰ ਸ਼ਾਹ, ਧ੍ਰਗੀਂ ਧ੍ਰੇਵਾਣਾ
ਤੇ ਲੰਘ ਵਜ਼ੀਰਾਬਾਦ ਥੀਂ, ਚਪੌਲ ਜੋ ਧਾਣਾ
ਸੱਠ ਹਜ਼ਾਰ ਸਵਾਰ ਦਾ, ਵਿਚ ਕੋਹਾਂ ਦੇ ਤਾਣਾ
ਪਾਤਸ਼ਾਹੀ ਗਰਦਾਂ ਵੇਖ ਕੇ, ਟੰਗੂ ਕੁਰਲਾਣਾ
ਉਸ ਅੱਚਣਚੇਤੇ ਡਿੱਠੀਆਂ, ਓਹ ਸ਼ਕਲ ਪਠਾਣਾਂ
ਮਿਰਜ਼ੇ ਕਲੰਦਰ ਬੇਗ਼ ਦਾ, ਵਿਚ ਕੱਛੀ ਦੇ ਥਾਣਾ
ਓਹ ਮਿਰਜ਼ਾ ਕਹੇ ਸਿਪਾਹ ਨੂੰ, ਇਕ ਸੁਖਨ ਸਿਆਣਾ:
'ਯਾਰੋ! ਇਹ ਜਿ ਸਿਫ਼ਤ ਅਸੀਲ ਦੀ, ਪਿੜ ਛੱਡ ਨਹੀਂ ਜਾਣਾ
ਅਸਾਂ ਸੁਣਿਆ ਨਾਲ ਗਵਾਹੀਆਂ, ਵਿਚ ਸ਼ੱਕ ਨਾ ਆਣਾ
ਸੂਰਮੇ ਤੇ ਸਖੀ ਸ਼ਹੀਦ ਦਾ, ਵਿਚ ਬਹਿਸ਼ਤ ਟਿਕਾਣਾ'।41।

42
ਯੁੱਧ ਦਾ ਹਾਲ

ਸ਼ਸਤਰ ਪੈਧੇ ਸੂਰਮਿਆਂ, ਸ਼ਹੀਦੀ ਬਾਣਾ
ਸਾਜ ਜ਼ਿਰੇ ਤੇ ਬਖਤਰ ਪਹਿਧੀਆਂ, ਹੱਥ ਪਕੜ ਕਮਾਣਾਂ
ਉਹ ਜਾਇ ਖਲੇ ਮੈਦਾਨ ਵਿਚ, ਹਿਆਉ ਸਤ੍ਰਾਣਾ
ਤੇ ਛੁੱਟਣ ਤੀਰ ਮੀਂਹ ਉਨਾਣ ਵਾਂਗ, ਸਾੜ ਘੱਤੀ ਬਾਣਾਂ
ਉਥੇ ਛੁੱਟਣ ਬੰਦੂਕਾਂ ਕਾੜ ਕਾੜ, ਕਹੋ ਕਿਤ ਅਡਾਣਾ
ਜਿਵੇਂ ਅੱਗ ਲਗੀ ਸੀ ਨਾੜ ਨੂੰ ਤਿਵੇਂ ਭੁੱਜਣ ਧਾਣਾਂ
ਧੂੰ ਗਰਦ ਚੜ੍ਹੀ ਅਸਮਾਨ ਨੂੰ, ਨ ਰਹੀ ਪਛਾਣਾਂ
ਚਮਕਣ ਵੇਕ ਤਪਾਲੀਆਂ, ਜਿਵੇਂ ਰਾਤ ਟਿਟਾਣਾਂ
ਲਗਣ ਮੁਣਸਾਂ ਤੇ ਘੋੜਿਆਂ, ਗੋਸ਼ਤ ਚਿਰਾਣਾ
ਘੋੜੇ ਤੇ ਮਰਦ ਮੈਦਾਨ ਵਿਚ, ਢਹਿ ਪੈਣ ਉਤਾਣਾ
ਜਿਵੇਂ ਮੋਛੇ ਕਰ ਕਰ ਸੁੱਟੀਆਂ, ਗੰਨੀਆਂ ਤਰਖਾਣਾ
ਜਿਵੇਂ ਝੜੇ ਸ਼ਰਾਬੀ ਫਰਸ਼ ਤੇ, ਬਾਂਹ ਦੇ ਸਿਰ੍ਹਾਣਾ
ਖੇਡ ਸੁੱਤੇ ਹੋਲੀ ਲਾਜਪੂਤ, ਕਰ ਸੂਹਾ ਬਾਣਾ
ਫੇਰਿਓ ਸੂ ਮੂੰਹ ਚਾਪੋਲ ਦਾ, ਕਰ ਲਸ਼ਕਰ ਕਾਣਾ
ਮਿਰਜ਼ੇ ਨਮਕ ਹਲਾਲ ਦਾ, ਵੇਖ ਰਾਮ ਕਹਾਣਾ
ਪਰ ਆਲਮਗੀਰੀ ਧੜੀ ਨਾਲ, ਚੜ੍ਹ ਤੋਲ ਵਿਕਾਣਾ।42।

43
ਮਿਰਜ਼ੇ ਦਾ ਨਵਾਬ ਲਾਹੌਰ ਵੱਲ ਕਾਸਦ ਭੇਜਣਾ

ਮਿਰਜ਼ਾ ਡੇਰੇ ਆਣ ਕੇ, ਦਲੀਲ ਦੁੜਾਏ
ਉਹਨੂੰ ਜਮਾਤ ਨ ਦਿਸੇ ਆਪਣੀ, ਕੌਣ ਜੀ ਠਹਿਰਾਏ
ਤੇ ਦਿਨ ਚੌਪਹਿਰਾ ਕਟਿਆ, ਕੌਣ ਰਾਤ ਲੰਘਾਏ
ਮਿਰਜ਼ੇ ਕਾਸਦ ਸੱਦਿਆ, ਲਿਖਿਆ ਪਹੁੰਚਾਏ
ਕਾਸਦ ਅੱਗੇ ਨਵਾਬ ਦੇ, ਫ਼ਰਿਯਾਦ ਸੁਣਾਏ
ਉਸ ਰੱਤੂ-ਭਿੰਨੇ ਕੱਪੜੇ, ਅੱਗ ਨਾਲ ਜਲਾਏ
ਉਹ ਕੁੱਲ ਹਕੀਕਤ ਜੰਗ ਦੀ, ਕਰ ਆਖ ਸੁਣਾਏ
'ਇਕ ਚੜ੍ਹੇ ਪਠਾਣ ਵਲਾਇਤੀ ਲਹੂ ਧਰਯਾਏ
ਉਨ੍ਹਾਂ ਮਾਵਾਂ ਤੋਂ ਬੱਚੇ ਪਕੜ ਕੇ, ਚੁਕ ਜ਼ਿਬਹ ਕਰਾਏ
ਅਸੀਂ ਪੰਜ ਸੈ ਬੰਦੇ ਆਪਣੇ, ਸਭ ਅੰਮਾਂ ਜਾਏ
ਨਾਮ ਅਲੀ ਦੇ ਬੱਕਰੇ, ਦੇ ਲੱਤ ਕੁਹਾਏ
ਮਨਸੂਰ ਨਿਜ਼ਾਮੁਲ ਮੁਲਕ ਦੀ, ਜੜ੍ਹ ਮੁੱਢੋਂ ਜਾਏ
ਜਿਨ੍ਹਾਂ ਬਾਲ ਮਤਾਬੀ ਚੋਰ ਨੂੰ, ਘਰ ਆਪ ਵਿਖਾਏ
ਏਸੇ ਮੁਲਕ ਪੰਜਾਬ ਵਿਚ, ਚੜ੍ਹ ਹੁਕਮ ਕਮਾਏ
ਜ਼ਰੀ ਬਾਦਲੇ ਪਹਿਨ ਕੇ, ਬਾਜ਼ ਜ਼ੁੱਰੇ ਉਡਾਏ
ਤੇ ਇਥੋਂ ਭੱਜਾ ਕੰਡ ਦੇ, ਜੱਗ ਲਾਨ੍ਹਤ ਪਾਏ
ਪਰ ਸਿਰ ਦੇਣਾ ਮਨਜ਼ੂਰ ਹੈ, ਜੇ ਹਿੰਦ ਨਾ ਜਾਏ'।43।

44
ਨਾਦਰ ਸ਼ਾਹ ਦੀ ਫੌਜ ਦਾ ਅੱਗੇ ਵਧਣਾ

ਗੁਜਰਾਤੋਂ ਛੁਟੀ ਮੰਗੀ, ਮਿਰਜ਼ੇ ਬਦਰ ਬੇਗ
ਮੁਹਰਾਂ ਪਹੁੰਚ ਗਈਆਂ ਤਲਵੰਡੀ, ਡੇਰਾ ਸ਼ਾਹਦਰੇ
ਉਨ੍ਹਾਂ ਲੁਟ ਲਈ ਸੀ ਮੰਡੀ, ਏਮਨਾਬਾਦ ਦੀ
ਉਨ੍ਹਾਂ ਨ ਛੱਡੀ ਚੌਖੰਡੀ, ਨ ਕੋਈ ਧਰਮਸਾਲ
ਕੁਦਰਤ ਸਾਹਿਬ ਸੰਦੀ, ਦੇਖੋ ਬੰਦਿਓ !
ਦਿੱਸੇ ਮਾਨ ਬੁਲੰਦੀ, ਅਗੋਂ ਸਾਹਮਣੇ
ਉਸ ਦਿਨ ਦੂਰ ਰਹੀ ਸੀ ਦੰਦੀ, ਪਰ ਦਰਿਆ ਦੀ।44।

45
ਲਾਹੌਰ ਖ਼ਬਰ ਪੁੱਜਣੀ

ਘੱਤੀ ਵਿਚ ਲਾਹੌਰ ਦੇ, ਹਲਕਾਰੇ ਕੂਕ
ਸੁਣਿਆ ਵਿਚ ਦਰਬਾਰ ਦੇ, ਖੋਜੇ ਯਾਕੂਬ
ਉਸ ਲਈ ਇਰਸ਼ਾਦ ਨਵਾਬ ਤੋਂ, ਕਰਵਾਯਾ ਕੂਚ
ਉਹਦੇ ਨਾਲ ਜਮੀਅਤ ਆਪਣੀ, ਹਜ਼ਾਰ ਬੰਦੂਕ
ਪੰਜ ਸੌ ਘੋੜਾ ਮੋਗਲੀ, ਪੰਜ ਸੌ ਰਾਜਪੂਤ
ਤੇ ਪੁਲ ਤੇ ਮੇਲਾ ਦੋਹਾਂ ਦਾ, ਕਹੁ ਕਿੱਤ ਸਲੂਕ
ਜਿਵੇਂ ਵਿੱਛੜੇ ਹੋਏ ਬਾਪ ਦੇ, ਗਲ ਮਿਲਦੇ ਪੂਤ
ਉਹਨ੍ਹਾਂ ਕਰ ਮਸਲਾਇਤ ਜੰਗ ਦੀ, ਕਰਵਾਈ ਹੂਕ।45।

46
ਜੰਗ ਦਾ ਹਾਲ

ਸੈ ਜਾਤੀ ਸਾਣ ਮਿਸਰੀਆਂ, ਲਈਓਂ ਨੇ ਸੂਤ
ਮਾਰਨ ਤੇਗ਼ਾਂ ਗੁਰਜੀਆਂ, ਖਾਸੇ ਲਜਪੂਤ
ਖਾ ਗੁਰਜੀ ਤੇਗਾਂ ਡਿਗ ਪਏ, ਹੋ ਗਏ ਭਬੂਤ
ਜਿਵੇਂ ਖਾ ਧਤੂਰਾ ਗਿੜ ਪਏ, ਜੋਗੀ ਅਵਧੂਤ
ਮੱਦਦ ਰਹੀ ਨਵਾਬ ਦੀ, ਤਾ ਜੰਗ ਮਕੂਫ
ਫਿਰ ਸ਼ਾਹਦਰੇ ਤੇ ਕੀਤੀਆ, ਪਠਾਣਾਂ ਲੂਟ।46।

47
ਨਵਾਬ ਨੇ ਵਟਾਲੇ ਕਾਸਦ ਭੇਜਣਾ

ਨਵਾਬ ਖ਼ਾਨ ਬਹਾਦਰ ਫੌਜ ਨੂੰ, ਕਰ ਹੋਸ਼ ਸੰਭਾਲੇ:
'ਤੇ ਅੱਜ ਇਬਾਹੀਂ ਲੋੜੀਅਨ, ਜੇਹੜੇ ਬੁਰਕੀ ਪਾਲੇ'
ਤੇ ਲਿਖਿਆ ਦਿੱਤਾ ਕਾਸਦੇ, 'ਤੂੰ ਜਾ ਵਟਾਲੇ
ਤੂੰ ਮੂੰਹੋਂ ਹਕੀਕਤ ਦੱਸਣੀ, ਪਰਵਾਨਾ ਨਾਲੇ
ਤੇ ਆਖੀਂ ਤੁਸੀਂ ਬੇਖ਼ਬਰੇ, ਮੁਲਕ ਤੋਂ ਬੈਠੇ ਮਤਵਾਲੇ
ਕਿੱਥੋਂ ਭਾਲੋਗੇ ਰਈਅਤਾਂ, ਜਿਹੜੀਆਂ ਭਰਦੀਆਂ ਸਨ ਹਾਲੇ
ਕਿੱਥੋਂ ਪਾਉਗੇ ਕੀਮਖ਼ਾਬ, ਓ ਜ਼ਰੀ ਦੁਸ਼ਾਲੇ
ਥੈਲੇ ਰਖੋ ਤਾਕਚੇ, ਭੰਨੋ ਦੌਰ ਪਿਆਲੇ
ਕਲੰਦਰ ਤੇ ਯਾਕੂਬ ਖ਼ਾਨ, ਜੰਗ ਕਿਹਾਕੁ ਘਾਲੇ
ਪਰ ਅੱਜ ਦਿਨ ਹੱਥ ਨ ਆਵਸੀ, ਜਿਹੜਾ ਭਲਕੇ ਭਾਲੇ'।47।

48
ਵਟਾਲੇ ਵਾਲੀ ਫੌਜ ਦਾ ਹਮਲਾ

ਫੇਰ ਲੱਗੀ ਅੱਗ ਅਜ਼ੀਜ਼ ਨੂੰ, ਡਿੱਠੇ ਪਰਵਾਨੇ:
'ਘੋੜਿਆਂ ਤੇ ਪਾਓ ਪਾਖਰਾਂ, ਸੱਟ ਨੌਬਤਖ਼ਾਨੇ'
ਉਹ ਚੜ੍ਹੇ ਰੰਗੀਲੇ ਗੱਭਰੂ, ਸੂਰੇ ਮਰਦਾਨੇ
ਉਹਨਾਂ ਹੱਨੇ ਹੱਥ ਰਕਾਬ ਪੈਰ, ਦਿਲ ਦੁਆ ਬਖਾਨੇ
ਓਹ ਆਏ ਦੁਮੰਜ਼ਲਾਂ ਕੱਟ ਕੇ, ਵਿਚ ਮਿਲੇ ਮੈਦਾਨੇ
ਅੱਗੇ ਲਸ਼ਕਰ ਨਾਦਰ ਸ਼ਾਹ ਦੇ, ਵੇਖ ਧੂਮਾਂ ਧਾਮੇਂ
ਉਹਨਾਂ ਆਉਂਦਿਆਂ ਕੁਝ ਨਾ ਸਮਝਿਆ, ਆਪਣੇ ਬੇਗਾਨੇ
ਓਹ ਮਾਰਨ ਤੇਗਾਂ ਗੁਰਜੀਆਂ, ਕਹੁ ਕਿਤ ਸਮਿਆਨੇ
ਲਸ਼ਕਰ ਪਈ ਹਰਾਲੀ, ਉਡ ਹੈਰਤ ਜਾਨੇ
ਜਿਵੇਂ ਤੁੱਟੀ ਰੱਸੀ ਢੱਠੀਆਂ, ਲੋਥਾਂ ਕਰਵਾਨੇ
ਉਹਨਾਂ ਵੱਢੇ ਰੱਸੇ ਕਨਾਤ ਦੇ, ਤੰਬੂ ਜ਼ਨਾਨੇ
ਕੁੱਲ ਅੰਬੀਰ ਵਲਾਯਤੀ, ਹੋ ਗਏ ਹੈਰਾਨੇ
ਅਸਾਂ ਦਿੱਲੀ ਕੀਕੁਰ ਪਹੁੰਚਣਾ, ਘਰ ਘਰ ਹੰਗਾਮੇ
ਵੇਖ ਸ਼ਮਹ ਦੀ ਰੌਸ਼ਨੀ, ਜਿਉਂ ਮੋਏ ਪ੍ਰਵਾਨੇ
ਕਰ ਨਿਮਕ ਹਲਾਲ ਮੁਹੰਮਦਸ਼ਾਹ ਦਾ, ਨਾਲ ਗਏ ਇਮਾਨੇ।48।

49
ਲਾਹੌਰ ਦੇ ਨਵਾਬ ਨੇ ਈਨ ਮੰਨਣੀ

ਨਾਦਰ ਸ਼ਾਹ ਅੰਬੀਰ ਵਲਾਯਤੀ, ਫੇਰ ਸਭ ਬੁਲਾਏ
ਉਹ ਜਾ ਖਲੋਤਾ ਰਾਜ ਘਾਟ, ਮੱਲਾਹ ਸਦਾਏ
ਕਾਸਦ ਖ਼ਬਰ ਅਮੂਰ ਦੀ, ਹਜੂਰ ਪਹੁੰਚਾਏ
ਨਵਾਬ ਖ਼ਾਨ ਬਹਾਦਰ ਮੋਰਚੇ, ਕੱਢ ਅੱਗੋਂ ਲਾਏ
ਚੜ੍ਹਿਆ ਲਸ਼ਕਰ ਵੇਖ ਕੇ, ਉੱਡ ਹੈਰਤ ਜਾਏ
ਖੁਸਰੇ ਬੱਧੀ ਪਗੜੀ, ਕੀ ਮਰਦ ਸਦਾਏ
ਜਿਉਂ ਕੇਹਰ ਖਰਕਾ ਪਕੜਿਆ, ਨਾ ਦੁੰਬ ਹਲਾਏ
ਜਿਉਂ ਕਰ ਮਿਹਰੀ ਮਰਦ ਨੂੰ, ਕਰ ਨਾਜ਼ ਵਲਾਏ
ਉਹ ਦੇਇ ਖਜ਼ਾਨੇ ਵੱਢੀਆਂ, ਛਹਿ ਜਾਨ ਬਚਾਏ
ਬਹਾਦਰ ਛੋੜ ਬਹਾਦਰੀ, ਲਗ ਕਦਮੀਂ ਜਾਏ
ਪਰ ਡੇਰੇ ਵਿਚ ਲਾਹੌਰ ਦੇ, ਆਣ ਕਟਕਾਂ ਪਾਏ।49।

50
ਮਲਕਾ ਜ਼ੱਮਾਨੀ ਅਮੀਰਾਂ ਨੂੰ

ਦਿੱਲੀ ਨੂੰ ਗਰਮੀ ਖਲਵਲੀ, ਸੁਣ ਕਟਕ ਤੂਫ਼ਾਨੀ
ਤੇ ਸੱਦ ਅੰਬੀਰਾਂ ਨੂੰ ਆਖਦੀ, ਮਲਕਾ ਜ਼ੱਮਾਨੀ:
'ਤੁਸੀਂ ਮਾਰੂ ਸੀਓ ਜੱਦ ਦੇ, ਉਮਰਾਵ ਤੂਰਾਨੀ
ਲੈ ਮਨਸਬ ਤੁਰੇ ਹੰਢਾਂਵਦੇ, ਵਰ ਹੁਸਨ ਜਵਾਨੀ
ਇੱਕੋ ਜੇਡਾ ਇੱਕ ਹਾਣ, ਬਲ ਰੁਸਤਮ ਸਾਨੀ
ਦਾਹੜੀ ਤੇ ਦਸਤਾਰ ਦੀ, ਇਹ ਮਰਦ ਨਿਸ਼ਾਨੀ
ਮੈਂ ਕੇਹੜੀ ਵੇਖਾਂ ਫ਼ਤਹ ਦੀ, ਵਿਚ ਤਰਗਸ਼ ਦੇ ਕਾਨੀ
ਅੱਜ ਚੜ੍ਹਕੇ ਢੁੱਕਾ ਨਾਜਰਸ਼ਾਹ, ਹੱਥ ਪਵੇ ਖਜ਼ਾਨੀ
ਤੁਸੀਂ ਦੇਹੋ ਲੋਹੇ ਸਾਰ ਦੀ, ਕਰ ਤਰ ਮਿਜ਼ਮਾਨੀ
ਚੁਗੱਤੇ ਦਾ ਨਿਮਕ ਹਲਾਲ ਕਰੋ, ਹੋਵੋ ਕੁਰਬਾਨੀ
ਜਿਉਂ ਪਰਵਾਨਾ ਸ਼ਮਹ ਤੇ, ਜਲ ਮਰੇ ਪਰਾਨੀ
ਵਤ ਨਹੀਂ ਦੁਨੀਆਂ ਤੇ ਆਵਣਾ, ਜਗ ਆਲਮ ਫ਼ਾਨੀ
ਮਤੇ ਇਹ ਕੁਝ ਲੋਹੜੀਏ, ਕਰ ਧ੍ਰੋਹ ਸੁਲਤਾਨੀ
ਪਰ ਇਕ ਚੜ੍ਹਿਆ ਚੰਨ ਰਮਜ਼ਾਨ ਦਾ, ਖ਼ਾਨ ਦੌਰਾਂ ਈਰਾਨੀ'।50।

51
ਮੁਹੰਮਦ ਸ਼ਾਹ ਅਮੀਰਾਂ ਨੂੰ

ਮੁਹੰਮਦਸ਼ਾਹ ਅਮੀਰਾਂ ਸੱਦ ਕੇ, ਨਿਤ ਦੇਂਦਾ ਪੱਛਾਂ:
'ਦੁਸ਼ਮਣ ਕੀਕੁਰ ਸਾਧੀਅਨ, ਬਾਝੁ ਲੋਹੇ ਤੱਛਾਂ
ਲੋਹਾ ਕੀਕੁਰ ਤੋੜੀਏ, ਬਾਝ ਹੁੰਡਰਾਂ ਰੱਛਾਂ
ਬਾਝੋਂ ਜਾਲੀ ਕੁੰਡੀਆਂ, ਕੌਣ ਪਗੜੇ ਮੱਛਾਂ
ਅਮੀਰ ਰਹੇ ਕਲਾਵੇ ਮਿਆਨੋਂ, ਚੀਰ ਨਿਕਲੇ ਕੱਛਾਂ
ਪਰ ਹੁਣ ਕੀਕੁਰ ਪਾਣੇ ਏਤਫ਼ਾਕ, ਬਾਝ ਦਿਲ ਦੀਆਂ ਹੱਛਾਂ'।51।

52
ਵਾਕ ਕਵੀ

ਪਬ ਬਿਨ ਪੰਧ ਕਟੀਵਨ ਨਾਹੀਂ, ਦੁਸ਼ਮਨ ਨਾ ਬਿਨ ਬਾਹਾਂ
ਬਿਨ ਦੌਲਤ ਥੀਂ ਆਦਰ ਨਾਹੀਂ, ਦਿਲ ਬਿਨ ਨਾ ਦਿਲਗਾਹਾਂ
ਗੁਰ ਬਿਨ ਗਿਆਨ ਨਾ ਇਲਮ ਪੜ੍ਹੇਵੇ, ਬਾਝੋਂ ਅਕਲ ਸਲਾਹਾਂ
ਬਿਨ ਮੀਹਾਂ ਥੀਂ ਦਾਦਰ ਬੋਲੇ, ਕਹਿੰਦੇ ਜ਼ੂਫ਼ ਤਦਾਹਾਂ
ਬਿਨ ਕਿਸ਼ਤੀ ਸਮੁੰਦਰ ਤਰੀਏ, ਹੋਂਦੇ ਗ਼ਰਕ ਤਦਾਹਾਂ
ਬਿਨ ਪੁਰਖੇ ਸ਼ਿੰਗਾਰ ਜੋ ਮੀਰੀ, ਗਸ਼ਤੀ ਕਹਿਣ ਤਦਾਹਾਂ
ਜ਼ਬਤੇ ਕਾਰ ਅਮੀਰ 'ਨਜਾਬਤ' ਮਾਤ ਘੱਤਨ ਪਾਤਸ਼ਾਹਾਂ।52।

53

ਦਿੱਤਾ ਕੌਲ ਤੁਰਾਨੀਆਂ, ਵਿਸਾਹ ਕਿਤੋ ਨੇ
ਕੂੜ ਖਿਲਾਫ਼ ਇਲਾਫ਼ ਕੇ, ਬਾਦਸ਼ਾਹ ਚੜ੍ਹਿਓ ਨੇ
ਹੁੰਡਰ ਦਗ਼ੇ ਫਰੇਬ ਦਾ, ਚਾ ਜਾਲ ਸੁਟਿਓ ਨੇ
ਧੀਆਂ ਤੇ ਭੈਣਾਂ ਬੇਟੀਆਂ, ਨਾ ਸ਼ਰਮ ਕਿਤੋ ਨੇ।53।

54
ਸ਼ਾਹੀ ਦੀ ਫੌਜ ਦੀ ਚੜ੍ਹਾਈ

ਚੜ੍ਹੇ ਚੁਗੱਤਾ ਬਾਦਸ਼ਾਹ ਧ੍ਰੱਗੀਂ ਧਸਕਾਰੇ
ਘੋੜਾ ਸਾਢੇ ਦਸ ਲਖ, ਰਜਵਾੜੇ ਸਾਰੇ
ਗਰਦਾਂ ਫਲਕੀਂ ਪਹੁਤੀਆ, ਪੈ ਗਏ ਗੁਬਾਰੇ
ਦਿਹੁ ਚੰਨ ਨਜ਼ਰ ਨ ਆਂਵਦਾ, ਅਸਮਾਨੀਂ ਤਾਰੇ
ਬਾਗ਼ੀਂ ਬੋਲਨ ਕੋਇਲਾਂ, ਜਿਉਂ ਤੁਰੀਆਂ ਕੁਕਾਰੇ
ਪੀਂਘੇ ਫਰੇ ਬੈਰਕਾਂ ਰੰਗ ਕਰਨ ਨਜ਼ਾਰੇ
ਰਣ ਭੇਰੀ ਬੱਦਲ ਗੱਜਦੇ, ਘੰਟਾਲ ਨਹਾਰੇ
ਹਾਥੀ ਦਿਸਣ ਆਉਂਦੇ, ਵਿਚ ਦਲਾਂ ਸ਼ਿੰਗਾਰੇ
ਮਾਰ ਭਬਕ ਗਰਦਾਂ ਚਲਦੇ, ਸਿਰ ਕੁੰਡੇ ਭਾਰੇ
ਦੰਦ ਚਿੱਟੇ ਦੇਣ ਵਖਾਲੀਆਂ, ਕਹੁ ਕਿਤ ਅਨਾਰੇ
ਜਿਉਂ ਘਟ ਕਾਲੀ ਬਗਲਿਆਂ, ਰੁਤ ਸਮਾਂ ਚਿਤਾਰੇ
ਜਿਉਂ ਨਹੁੰਦਰ ਹਲਾਂ ਡਿੰਗੀਆਂ, ਸੁੰਡ ਲੈਣ ਝੁਟਾਰੇ
ਜਿਉਂ ਦਿਸਣ ਉੱਤੇ ਮਕਬਰਿਆਂ, ਸੁਫ਼ੈਦ ਮੁਨਾਰੇ
ਜਿਉਂ ਪਹਾੜਾਂ ਉਤੇ ਅਜਦਹਾ, ਕਟ ਖਾਵਣਹਾਰੇ
ਚੜ੍ਹੀਆਂ ਦੋ ਬਾਦਸ਼ਾਹੀਆਂ, ਮੇਲ ਗੁੱਠਾਂ ਚਾਰੇ
ਜਿਉਂ ਬਸੇਰਾ ਮੱਕੜੀ, ਘਣ ਬੇਸ਼ੁਮਾਰੇ
ਡੇਰੇ ਘੱਤੇ ਚੁਗੱਤਿਆਂ, ਆਣ ਨਦੀ ਕਿਨਾਰੇ।54।

55
ਖ਼ਾਨ ਦੌਰਾਂ ਫੌਜ ਨੂੰ

ਖ਼ਾਨ ਦੌਰਾਂ ਕਰੇ ਸਵਾਲ, ਸੱਦ ਸਿਪਾਹ ਨੂੰ:
'ਯਾਰੋ ! ਬਣਿਆ ਹਸ਼ਰ ਜ਼ਵਾਲ, ਦਿੱਲੀ ਦੇ ਤਖ਼ਤ ਨੂੰ
ਮਨਸੂਬਾ ਐ ਕਮਾਲ, ਸਿਰ ਤੇ ਕੜਕਿਆ
ਜ਼ਨ ਫ਼ਰਜ਼ੰਦ ਤੇ ਮਾਲ, ਵੋਸਗੁ ਨਾਲ ਕੁਝ
ਕਯਾ ਹੋਇਆ ਇਕ ਸਾਲ, ਕੀ ਬਾਕੀ ਜੀਵਣਾ
ਪਰ ਕਰਿਓ ਨਿਮਕ ਹਲਾਲ, ਮੁਹੰਮਦ ਸ਼ਾਹ ਦਾ'।55।

56
ਫੌਜੀਆਂ ਦਾ ਜਵਾਬ

ਬੱਧੇ ਹੱਥ ਸਿਪਾਹੀਆਂ, ਬੰਨ੍ਹ ਅਰਜ਼ਾਂ ਕਰੀਆਂ:
'ਨਿਮਕ ਹਲਾਲ ਹਾਂ ਆਦ ਕਦੀਮ ਦੇ, ਖ਼ੂਬ ਤਲਬਾਂ ਤਰੀਆਂ'
ਉਹਨਾਂ ਕਢੇ ਡੰਗ ਅਠੂਹਿਆਂ ਵਟ ਮੁਛਾਂ ਧਰੀਆਂ
ਉਹਨਾਂ ਸਰਕ ਲਈਆਂ ਸਰਵਾਹੀਆਂ ਹੱਥ ਢਾਲਾਂ ਫੜੀਆਂ:
'ਅਸੀਂ ਹਜ਼ਰਤ ਅਲੀ ਅੰਬੀਰ ਦੇ ਜੰਗ ਵਾਂਗ, ਘੱਤ ਦਿਆਂਗੇ ਗਲੀਆਂ
ਕਾਬਲ ਰੋਣ ਪਠਾਣੀਆਂ, ਭੰਨ ਚੂੜੇ ਕੜੀਆਂ
ਪਰ ਸਾਨੂੰ ਤਾਂ ਹੀ ਆਖੀਂ ਆਫਰੀਂ, ਦਸਤਾਰਾਂ ਵਲੀਆਂ'।56।

57
ਰਾਜਪੂਤ ਰਾਜੇ

ਚੜ੍ਹੇ ਔਰੰਗਾਬਾਦ ਥੀਂ, ਭੇਰੀਂ ਘੁਰਲਾਵਨ
ਅਗੇ ਅੰਬੇਰੀ ਤੇ ਮਾਰਵਾੜ, ਬੂੰਦੀ ਘਲਿ ਆਵਨ
ਇਕ ਘੋੜੇ ਮਰਦ ਨੂੰ, ਕਰ ਜਸ਼ਨ ਵਿਖਾਵਨ
ਓਹ ਪਾ ਪਾ ਫੀਮਾ ਟਾਂਕਦੇ, ਕੈਫੀ ਝੁਟਲਾਵਣ
ਜਿਵੇਂ ਜਹਾਜ਼ ਸਮੁੰਦਰੀ, ਗਿਰਦਾਵਾਂ ਖਾਵਣ।57।

58
ਨਿਜ਼ਾਮੁਲ-ਮੁਲਕ ਦਾ ਖ਼ਤ ਨਾਦਰ ਸ਼ਾਹ ਨੂੰ

ਨਿਜ਼ਾਮਲ ਖ਼ਤ ਭਲੇਰਾ, ਵਾਚੇ ਨਾਜ਼ਰ ਸ਼ਾਹ:
'ਅੱਗੇ ਲਸ਼ਕਰ ਮੇਰਾ, ਪਿਛੇ ਈਰਾਨੀਆਂ
ਦਰਮਿਆਨ ਦੁਹਾਂ ਦੇ ਡੇਰਾ, ਮੁਹੰਮਦ ਸ਼ਾਹ ਦਾ
ਤੂੰ ਰਾਤੀਂ ਘੱਤੀਂ ਘੇਰਾ, ਛੇਕੜ ਤਲਫ਼ ਕਰ
ਕੀਚੀਂ ਬੇਰਾ ਬੇਰਾ, ਦੌਰਾਂ ਨੂੰ ਪਗੜ ਕੇ
ਨਾ ਕਰਨਾ ਜ਼ੋਰ ਭਲੇਰਾ, ਕਿਸੇ ਮੁਕਾਬਲਾ
ਇਹ ਤਖ਼ਤ ਮੁਬਾਰਕ ਤੇਰਾ, ਕੁਲ ਵਲਾਇਤਾਂ
ਘਰ ਦਾ ਭੇਦ ਚੰਗੇਰਾ, ਕਿਸੇ ਨ ਸਾਧਿਆ'।58।

59
ਨਾਦਰ ਸ਼ਾਹ ਆਪਣੀ ਫੌਜ ਨੂੰ

ਸ਼ਾਹ ਨਾਜ਼ਰ ਗੱਲ ਅਲਾਈ, ਸਖ਼ਤੀ ਬੋਲ ਕੇ,
'ਤੁਸੀਂ ਹੈਸੋ ਟੁਕੜ ਗਦਾਈ, ਹਿੰਦੁਸਤਾਨ ਦੇ
ਕੋਈ ਦੇਂਦੇ ਲੋਗ ਗਵਾਹੀ, ਤੁਹਾਡੇ ਫਕਰ ਦੀ
ਹੁਣ ਜਾਂਦੇ ਹੋ ਹੈਫ਼ ਕਮਾਈ, ਲੱਜ ਨ ਵਤਨ ਦੀ
ਸਿਰ ਖ਼ਾਕ ਤੁਹਾਡੇ ਪਾਈ, ਜਾਉਂ ਨੱਸ ਕੇ'
ਸ਼ਾਹ ਨਾਜ਼ਰ ਕਹਿੰਦਾ ਜਾਈ, ਸਾਰੀ ਫੌਜ ਵਿਚ
ਕਿਸੇ ਜਾ ਇਹ ਗੱਲ ਸੁਣਾਈ, ਭੂਪਤਿ ਨਾਥ ਨੂੰ
ਹੋ ਮੁੜ੍ਹਕਾ ਮੁੜ੍ਹਕਾ ਜਾਏ, ਗੁੱਸਾ ਕਹਿਰ ਦਾ,
'ਤੁਸਾਂ ਕਰਨੀ ਖ਼ੂਬ ਲੜਾਈ, ਜਿਤਨੇ ਸੂਰਮੇ'।59।

60
ਭੂਪਤ ਰਾਇ ਸੰਨਿਆਸੀ

ਭੂਪਤ ਰਾਇ ਸੰਨਿਆਸੀ, ਸੱਦ ਪੁਛੇ ਬੀਰਾਂ:
'ਇਹ ਉਤਰੇ ਨੇ ਦੇਉ ਵਲਾਇਤੋਂ, ਹੱਥ ਪਕੜ ਗੰਡੀਰਾਂ
ਓਹ ਦੇਣ ਧੱਕਾ ਦਿਵਾਲ ਨੂੰ, ਕਰ ਸਟਣ ਲੀਰਾਂ
ਕੱਦ ਜਿਨ੍ਹਾਂ ਦੇ ਓਜ ਵਾਂਗ, ਯਾ ਮੁਨਕਰ ਨਕੀਰਾਂ
ਅਸਾਂ ਭੀ ਫ਼ਕਰ ਕਦੀਮ ਦੇ, ਵਾਂਗ ਸ਼ਾਹ ਮੀਰਾਂ
ਸਾਡਾ ਮੁਲਕ ਪੰਜਾਬ ਵਲਾਯਤ, ਤੇ ਹਿੰਦ ਜਗੀਰਾਂ'।60।

61
ਸੰਨਿਆਸੀਆਂ ਦਾ ਹੱਲਾ

ਰਾਏ ਭੂਪਤ ਖਲਾ ਵੰਗਾਰੇ, ਸਾਰੇ ਪੰਥ ਨੂੰ:
'ਦੁਨੀਆ ਜੇ ਚਾਰ ਦਿਹਾੜੇ, ਕਿਚਰਕੁ ਜੀਉਣਾ
ਜੋ ਲਿਖਿਆ ਹੈ ਕਰਤਾਰੇ, ਸੋਈਓ ਵਰਤਸੀ
ਤੁਸੀਂ ਹੋ ਬਲਵੰਤ ਕਰਾਰੇ, ਸਾਰੇ ਲੜ ਮਰੋ'
ਕਰਨ ਫ਼ਕੀਰ ਤਿਆਰੇ, ਆਉਣ ਜੰਗ ਤੇ
ਜਿਉਂ ਸ਼ੇਰ ਮਾਰਨ ਭਬਕਾਰੇ, ਪਹੁੰਚਣ ਮਾਰ ਤੇ
ਜਿਉਂ ਬੰਨ੍ਹਣ ਬਾਜ ਤਰਾਰੇ, ਵੇਖ ਸ਼ਿਕਾਰ ਨੂੰ
ਉਹ ਦੇਵਣ ਖੋਲ੍ਹ ਭੰਡਾਰੇ, ਤੇਗਾਂ ਵਾਹ ਕੇ
ਹੋ ਨੱਠਣ ਲਸ਼ਕਰ ਸਾਰੇ, ਵਾਂਗਰ ਲੂੰਬੜਾਂ
ਤੇ ਨਾਵੇਂ ਦਫ਼ਤਰ ਚਾੜ੍ਹੇ, ਮੁਹੰਮਦ ਸ਼ਾਹ ਦੇ'।61।

62

ਪਹਿਲਾ ਜੰਗ ਸੰਨਯਾਸੀ, ਕਰਦੇ ਓਕੜਾ
ਖ਼ਾਕ ਜਿਨ੍ਹਾਂ ਦੀ ਬਾਸੀ, ਜਾਤਿ ਦੇ ਸੂਰਮੇ
ਉਹ ਅੱਠੇ ਪਹਿਰ ਉਦਾਸੀ, ਭੇਖ ਫ਼ਕੀਰ ਦਾ
ਉਹਨਾਂ ਦੀ ਕੋਈ ਨ ਫੁਫੀ ਮਾਸੀ, ਕਿਸੇ ਨ ਰੋਵਣਾ
ਉਹਨਾਂ ਦੇ ਦੀਵੇ ਬਲਨ ਅਗਾਸ਼ੀਂ, ਵਾਉ ਝਟੱਕਿਆਂ
ਉਹਨਾਂ ਦੀਆਂ ਆਹਨ ਬਲਦੀਆਂ ਅੱਖੀਂ, ਲਹੂ ਛੱਟੀਆਂ
ਇਕ ਰੱਬ ਤਿਨ੍ਹਾਂ ਦਾ ਸਾਥੀ, ਆਏ ਸਾਹਮਣੇ
ਉਹਨਾਂ ਕੋਲ ਛੁਰੀ ਕੁਹਾੜੀ ਕਾਤੀ, ਇਹ ਹਥਿਆਰ ਸਨ
ਉਹ ਭੱਜਣ ਵਾਂਗ ਇਰਾਕੀ, ਤੇਗਾਂ ਵਾਂਹਦੇ
ਉਹ ਖਾਂਦੇ ਖਾਸ ਗਟਾਕੀ, ਵੱਗਣ ਨਾਵਕਾਂ
ਉਹਨਾਂ ਪੰਜ ਹਜ਼ਾਰ ਚੁਰਾਸੀ, ਗੁਰਜ਼ੀਂ ਮਾਰਿਆ
ਪਰ ਕਰ ਕੇ ਗਏ ਖਲਾਸੀ, ਚੜ੍ਹੇ ਪਹਾੜ ਨੂੰ।62।

63
ਕਰਨਾਲ ਦੀ ਲੜਾਈ

ਦੋਹੀਂ ਦਲੀਂ ਮੁਕਾਬਲੇ, ਰਣ ਸੂਰੇ ਗੜਕਣ
ਚੜ੍ਹ ਤੋਫ਼ਾਂ ਗਡੀਂ ਢੁੱਕੀਆਂ, ਲੱਖ ਸੰਗਲ ਖੜਕਣ
ਓਹ ਦਾਰੂ ਖਾਂਦੀਆਂ ਕੋਹਲੀਆਂ, ਮਣ ਗੋਲੇ ਰੜਕਣ
ਓਹ ਦਾਗ਼ ਪਲੀਤੇ ਛੱਡੀਆਂ, ਵਾਂਗ ਬੱਦਲ ਕੜਕਣ
ਜਿਉਂ ਦਰ ਖੁਲ੍ਹੇ ਦੋਜ਼ਖਾਂ, ਮੂੰਹ ਭਾਹੀਂ ਭੜਕਣ
ਜਿਉਂ ਝਾਂਬੇ ਮਾਰੇ ਪੰਖਣੂੰ, ਵਿਚ ਬਾਗਾਂ ਫੜਕਣ
ਝੜੇ ਤਰੁੱਟੇ ਹੰਭਲਾ, ਵਾਂਗ ਮੱਛਾਂ ਤੜਫਣ
ਜਿਉਂ ਝੱਲੀਂ ਅੱਗਾਂ ਲੱਗੀਆਂ, ਰਣ ਸੂਰੇ ਤੜਕਣ
ਓਹ ਹਸ਼ਰ ਦਿਹਾੜਾ ਵੇਖਕੇ, ਦਲ ਦੋਵੇਂ ਧੜਕਣ।63।

64

ਧ੍ਰੱਗਾਂ ਦਿਆਂ ਧ੍ਰੈਵਾਣਾਂ, ਮਾਰੂ ਵੱਜਿਆ
ਘੂਕਰ ਘੱਤੀ ਬਾਣਾਂ, ਰਣ ਵਿਚ ਆਣ ਕੇ
ਹਥਿਆਰ ਵਡਾ ਜਰਵਾਣਾ, ਬੇਹੱਦ ਮਖੌਲੀਆ
ਉਹ ਅਹਰਿਣ ਵਾਂਗ ਵਦਾਣਾਂ, ਸਿਰ ਤੇ ਕੜਕਿਆ
ਜਿਵੇਂ ਢਾਹੇ ਬਾਗ਼ ਤ੍ਰਖਾਣਾਂ, ਤੱਛਣ ਗੇਲੀਆਂ
ਉਡ ਜਾਂਦੇ ਨੈਣ ਪਰਾਣਾਂ, ਮੁਣਸਾਂ ਘੋੜਿਆਂ।64।

65

ਹੋਇਆ ਹੁਕਮ ਜੰਬੂਰਚੀਆਂ, ਆ ਉੱਠ ਝੁਕਾਏ
ਬਾਹੀ ਜਿਵੇਂ ਪਹਾੜ ਦੀ, ਕਰ ਕੋਟ ਬਹਾਏ
ਉਹਨਾਂ ਧੌਣਾਂ ਕਰਕੇ ਲੰਮੀਆਂ, ਬੱਦਲ ਗਿਰੜਾਏ
ਦਾਗ ਪਲੀਤੇ ਛੱਡੀਆਂ, ਡੌਂ ਝੱਲੀਂ ਲਾਏ
ਪੈ ਰਹੇ ਹਜ਼ਾਰ ਮੈਦਾਨ ਵਿਚ, ਦੁਪਾਏ ਚੁਪਾਏ
ਹਾਥੀ ਢਹਿੰਦੇ ਦਲਾਂ ਵਿਚ, ਹੋ ਸਿਰ ਤਲਵਾਏ
ਜਿਵੇਂ ਢਹਿਣ ਮਣਾਂ ਦਰਯਾ ਦੀਆਂ, ਸਾਵਣ ਹੜ੍ਹ ਆਏ।65।

66

ਜਵਾਨਾਂ ਤੁਫੰਗਾਂ ਪਗੜੀਆਂ, ਕਰ ਸ਼ਿਸਤ ਸੰਭਾਲੇ
ਉਹਨਾਂ ਲੱਪੀਂ ਦਾਰੂ ਠੇਹਲਿਆ, ਅੱਗ ਲਾ ਪਿਆਲੇ
ਸੜਕ ਘੱਤੀ ਸੀ ਗੋਲੀਆਂ, ਲੋਹੂ ਪਰਨਾਲੇ
ਜਿਉਂ ਭੱਠ ਭੜੱਕਨ ਧਾਣਿਆਂ, ਪਏ ਜੇਠ ਪੁਰਾਲੇ
ਜਿਵੇਂ ਭੌਰ ਗੁਲਾਂ ਪਰ ਗੂੰਜਦੇ, ਹੋ ਮੁਹਰੇ ਫਾਲੇ
ਵੱਸੇ ਗੜਾ ਤੂਫਾਨ ਦਾ, ਹੋਣ ਬੱਦਲ ਕਾਲੇ
ਜਿਉਂ ਕੈਫੀ ਝੜਨ ਹੁੰਗਲਾ ਕੇ, ਖੀਵੇ ਮਤਵਾਲੇ
ਜਿਵੇਂ ਰੁਪਈਏ ਤਾ ਕੇ, ਵਿਚ ਪਾਣੀ ਡਾਲੇ।66।

67

ਧਣਵਾਂ ਪਗੜ ਬਹਾਦਰਾਂ, ਹੱਥ ਖੱਬੇ ਫੜੀਆਂ
ਉਹਨਾਂ ਸੱਜੇ ਚਿਲਾ ਖਿੱਚਿਆ, ਖਿੱਚ ਕੰਨੀਂ ਖੜੀਆਂ
ਜੋਗ ਜਿਵੇਂ ਸੰਨਯਾਸੀਆਂ, ਚੁਕ ਬਾਹੀਂ ਖੜੀਆਂ
ਗੁਣ ਬੋਲਣ ਮਾਰੂ ਲੱਖ ਰਾਗ, ਬੰਦ ਰੋਗਨ ਜੜੀਆਂ
ਓਹ ਨਿਵੀਆਂ ਸਫ਼ਾਂ ਰਕੂਅ ਨੂੰ, ਤਸਬੀਹਾਂ ਫੜੀਆਂ
ਪਰ ਘੱਤ ਉੱਡਣ ਕਾਨੀਆਂ, ਦੁਕਾਨੀਂ ਘੜੀਆਂ
ਜਿਉਂ ਤੀਰ ਸੜਾਕੇ ਭਾਦਰੋਂ, ਬੰਨ੍ਹ ਢੁਕੇ ਝੜੀਆਂ
ਓਹ ਮਾਰਨ ਸੂਰੇ ਸੂਰਿਆਂ, ਵਿਚ ਜ਼ਰਾ ਨ ਅੜੀਆਂ
ਜਿਉਂ ਮੇਖਾਂ ਬੇੜੀ ਠੁੱਕੀਆਂ, ਧਸ ਗੁੱਝਾਂ ਵੜੀਆਂ
ਜਿਉਂ ਪਹਾੜਾਂ ਦੇ ਦਾ ਤੇ, ਸੈ ਪਈਆਂ ਪੜੀਆਂ
ਪਰ ਸੂਰੇ ਝੱਠੇ ਨੇ ਬੀਰ ਖੇਤ, ਮੱਲ ਸੁੱਤੇ ਰੜੀਆਂ।67।

68

ਨੇਜ਼ੇ ਆਏ ਢੁੱਕ ਕੇ, ਜਿਵੇਂ ਪਾਣੀ ਹੜ੍ਹ ਦੇ
ਸਿਰ ਨਿਵਾਏ ਬਰਛੀਆਂ, ਤਸਬੀਹਾਂ ਪੜ੍ਹਦੇ
ਬਰਛੇ ਲੈਣ ਭਵਾਲੀਆਂ, ਜਿਉਂ ਨਟ ਸੂਲੀਂ ਚੜ੍ਹਦੇ
ਲੈ ਜਾਂਦੇ ਬਰਛੇ ਆਸਣੋਂ, ਸੈ ਪਰਨੇ ਪੜਦੇ
ਜਿਵੇਂ ਕਬੂਤਰ ਫੜਕ ਕੇ, ਹੋ ਲੋਥਾਂ ਝੜਦੇ
ਜਿਉਂ ਕਾਂ ਬਸੇਰਾ ਬਾਗ਼ ਵਿਚ, ਘੱਤ ਘੇਰਾ ਵੜਦੇ।68।

69

ਧ੍ਰੱਗਾਂ ਦਿਆਂ ਧ੍ਰੈਵਾਣਾਂ, ਮਾਰੂ ਵੱਜਿਆ
ਜੁੜੀਆਂ ਆਣ ਕੰਧਾਰਾਂ, ਗੱਜਣ ਸੂਰਮੇ
ਜੇਠ ਕੱਲਰ ਲਸ਼ਕਾਰਾਂ, ਭੜਕਣ ਭੱਠ ਜਿਉਂ
ਸੈ ਜਾਤੀਂ ਤਲਵਾਰਾਂ, ਲਿਸ਼ਕਣ ਬਦਲੀਆਂ
ਖਾਂ ਦੌਰਾਂ ਕਰੇ ਵੰਗਾਰਾਂ, ਸਦ ਸਿਪਾਹੀਆਂ
ਮੁਜ਼ੱਫਰ ਛੋੜ ਅਸਵਾਰਾਂ, ਰਲਿਆ ਬੀਰ ਖੇਤ
ਜਿਵੇਂ ਬਾਜ ਪਿਆ ਵਿਚ ਡਾਰਾਂ, ਰਣ ਸ਼ੱਦਾਦ ਖਾਂ
ਤਲਵਾਰੀਂ ਦੀਆਂ ਫਬਕਾਰਾਂ, ਵੱਸੇ ਮੀਂਹ ਜਿਉਂ
ਦੋ ਧੜ ਕਰਨ ਭੰਦਾਰਾਂ ਵਹਿਨ ਸਰਵਾਹੀਆਂ
ਜਿਵੇਂ ਟਿੰਡਾਂ ਲਾਹ ਘੁਮਿਆਰਾਂ, ਧਰੀਆਂ ਚੱਕ ਤੋਂ
ਤਿਵੇਂ ਸਿਰੀਆਂ ਬੇਸ਼ੁਮਾਰਾਂ, ਘੱਟੇ ਰੁਲਦੀਆਂ
ਜਿਉਂ ਤਰਬੂਜ਼ ਬਾਜ਼ਾਰਾਂ, ਦਿੱਸਨ ਢੇਰੀਆਂ
ਉਹਨਾਂ ਕੀਤੀ ਵਾਢ ਹਥਿਆਰਾਂ, ਸਾਢੇ ਸੱਤ ਕੋਹ
ਜਿਉਂ ਖਾਧੀ ਭਾਂਜ ਕੁਫਾਰਾਂ, ਅੱਗੋਂ ਅਲੀ ਦੇ
ਜਿਉਂ ਤੁੱਟੀ ਕਾਂਗ ਸੈਂਸਾਰਾਂ, ਪਏ ਬਰੇਤਿਆਂ
ਕਲ ਦੇ ਨਾਰਦ ਗਾਰਾਂ, ਛੱਪੇ ਮੌਤ ਥੀਂ
ਪਰ ਅਜ਼ਰਾਈਲ ਨ ਸਾਰਾਂ, ਮੂਲੇ ਲੱਧੀਆਂ।69।

70
ਕਾਤਲ ਕੁਲੀ ਦਾ ਜੰਗ

ਕਾਤਲ ਕੁਲੀ ਸੰਭਾਲੀ, ਬਰਛੀ ਸਾਰ ਦੀ
ਓਹ ਘੜੀ ਦੁਕਾਨ ਵਲਾਇਤ, ਡੇਢ ਹਜ਼ਾਰ ਦੀ
ਜਿਉਂ ਸਿਆਹ ਨਾਗਣਿ ਕਾਲੀ, ਡੰਗ ਸਵਾਰਦੀ
ਕਰ ਜ਼ੋਰ ਰਕਾਬਾਂ ਦੇ ਮਾਰੀ, ਲੱਗੀ ਨ ਕਾਰ ਦੀ
ਸੱਟ ਬੱਧੀ ਬਰਛੀ ਤਰ ਗਈ, ਫ਼ਲ ਲਸ਼ਕਾਰਦੀ
ਜਿਵੇਂ ਤਾਰਾ ਟੁੱਟਾ ਅੰਬਰੋਂ, ਰਾਤ ਗੁਬਾਰ ਦੀ
ਜਿਵੇਂ ਘੁੱਥੀ ਕੂਹੀ ਕੁਲੰਗ ਤੋਂ, ਮੀਰ ਸ਼ਕਾਰ ਦੀ।70।

71
ਮੁਜ਼ੱਫਰ ਦਾ ਕਾਤਲ ਕੁਲੀ ਨੂੰ ਮਾਰਨਾ

ਮੁਜ਼ੱਫਰ ਘੋੜਾ ਛੇੜਿਆ, ਰਣ ਸ਼ੇਰ ਵਰਿਧਾ
ਉਸ ਬਰਛਾ ਪਗੜ ਸੰਭਾਲਿਆ, ਤਪ ਗੁੱਸੇ ਰਿੱਧਾ
ਉਸ ਮਾਰਿਆ ਕਾਤਲ ਕੁਲੀ ਨੂੰ, ਤਕ ਸੀਨੇ ਸਿੱਧਾ
ਭੰਨ ਹਾਂ ਕਲੇਜਾ ਬੱਖੀਆਂ, ਲੈ ਲੁਕਮਾਂ ਥਿੱਧਾ
ਮੁਰਗ ਜਿਵੇਂ ਕਬਾਬੀਆਂ, ਚਾ ਸੀਖੀਂ ਵਿੱਧਾ
ਸਿਰ ਫੌਜ ਪੰਜਾਹ ਹਜ਼ਾਰ ਦਾ, ਮੁਜ਼ੱਫਰ ਗਿੱਧਾ।71।

72
ਸ਼ਾਹ ਤਵਾਚਾ ਤੇ ਮੁਜ਼ੱਫਰ ਦਾ ਜੰਗ

ਸ਼ਾਹ ਤਵਾਚਾ ਆਇਆ, ਰਣ ਮੈਦਾਨ ਵਿਚ
ਉਸ ਨੇਜ਼ਾ ਦਸਤ ਟਿਕਾਯਾ, ਕਿਸੇ ਕਮੈਤ ਦਾ
ਮੇਲ ਧਾਤਾਂ ਅਹਰਨ ਪਾਯਾ, ਖਾਕ ਲਪੇਟਿਆ
ਘੱਤ ਕੋਲੇ ਕਊ ਘੜਾਇਆ, ਲੰਬਾਂ ਛੁੱਟੀਆਂ
ਉਹਨੂੰ ਸ਼ੱਕਰ ਸਾਣ ਚੜ੍ਹਾਇਆ, ਵਾਢਾਂ ਦਿੱਤੀਆਂ
ਘੜ ਮੁੰਨਾ ਹੱਥ ਵਧਾਇਆ, ਸ਼ਕਲ ਕਟਾਰ ਦੀ
ਉਹਨੂੰ ਛੜ ਦੇ ਨਾਲ ਜੜਾਯਾ, ਸੁੱਤਾ ਜਾਗਿਆ
ਜਿਉਂ ਸਾਵਣ ਫਨੀਅਰ ਆਯਾ, ਡੰਗ ਉਲੇਰ ਕੇ
ਤਰਗਸ਼ ਤੂੰਨੇ ਲਾਇਆ, ਮੋਢੇ ਛੋਹ ਗਿਆ
ਪਰ ਮੁਜ਼ੱਫਰ ਰੱਬ ਬਚਾਇਆ, ਗੜੇ ਤੂਫਾਨ ਥੀਂ।72।

73
ਸ਼ਾਹ ਤਵਾਚਾ ਦਾ ਮਰਨਾ

ਮੁਜ਼ੱਫਰ ਘੋੜਾ ਛੇੜਿਆ, ਮੁੜ ਦੂਜੀ ਵਾਰੀ
ਓਸ ਧੂਹ ਮਿਆਨੋਂ ਕਢੀਆ, ਮੁਲ ਬੇਸ਼ੁਮਾਰੀ
ਉਹਦੀ ਵਾਢ ਵਾ ਨਾਲੋਂ ਪਤਲੀ, ਉਸਤਾਦ ਸਵਾਰੀ
ਓਹ ਅੜੇ ਨ ਜਿਰ੍ਹਾ ਤੇ ਬਖਤਰਾਂ, ਰਤ ਪੀਵਣਹਾਰੀ
ਓਹ ਸ਼ਾਹ ਤਵਾਚੇ ਨੂੰ ਛੰਡੀਆ, ਸਿਰ ਲਗੀ ਕਾਰੀ
ਓਸ ਜੁਦਾ ਕੀਤੀ ਵਢ ਖੋਪਰੀ, ਸਣੇ ਮਗਜ਼ ਉਤਾਰੀ
ਜਿਵੇਂ ਹਾਂਡੀ ਟੁੱਟੀ ਖੀਰ ਦੀ, ਡਿਗ ਹੱਥੋਂ ਭਾਰੀ
ਜਿਵੇਂ ਮਟਕੀ ਭੰਨੀ ਗੁੱਜਰੀ, ਚਾ ਦਹੀਂ ਖਿਲਾਰੀ
ਦੋਵੇਂ ਦੀਵੇ ਵਿਸਵੇਂ, ਸੌਂਹ ਪਈ ਗੁਬਾਰੀ
ਮਾਰ ਲਿਆ ਮੁਜ਼ੱਫਰ ਖਾਂ ਉਮਰਾ, ਰਣ ਹਫ਼ਤ-ਹਜ਼ਾਰੀ।73।

74
ਸ਼ਾਹ ਗੱਜ਼ਾਲੀ ਦਾ ਮੁਜ਼ੱਫਰ ਨੂੰ ਮਾਰਨਾ

ਆਇਆ ਸ਼ਾਹ ਗੱਜ਼ਾਲੀ, ਦਸਤ ਕਮਾਨ ਲੈ
ਉਸ ਕਾਨੀ ਪਕੜ ਸੰਭਾਲੀ, ਕਢੀ ਤਰਗਸ਼ੋਂ
ਉਸ ਚਿੱਲੇ ਘੱਤ ਜਵਾਲੀ, ਪੁਰ ਕਰ ਛਡੀਆ
ਜਿਵੇਂ ਖਾਧੀ ਗਿਰਝ ਭਵਾਲੀ, ਟੁੱਟੀ ਮਾਰ ਤੇ
ਉਹ ਲੋਹੂ ਦੀ ਹੰਜਾਲੀ, ਭੁੱਖੀ ਭੂਤਨੀ
ਫਲ ਦੇਂਦੀ ਸੁਰਖ ਵਿਖਾਲੀ, ਕਿੱਤ ਨਿਹਾਯਤੇ
ਜਿਉਂ ਦਿਹੁੰ ਚੜ੍ਹਦੇ ਪਹਿਲੀ ਲਾਲੀ, ਸੂਹੇ ਰੰਗ ਦੀ
ਮੁਜ਼ੱਫਰ ਆਸਣੋਂ ਖਾਲੀ, ਝੜਿਆ ਘੋੜਿਓਂ
ਜਿਵੇਂ ਮੱਛ ਪਿਆ ਵਿਚ ਜਾਲੀ, ਤੜਫੇ ਸੂਰਮਾ
ਕਰਕੇ ਨਿਮਕ ਹਲਾਲੀ, ਗਿਆ ਚੁਗੱਤਿੱਆਂ
ਪਰ ਰਸਮ ਸ਼ਹੀਦਾਂ ਵਾਲੀ, ਖੜਾ ਬਹਿਸ਼ਤ ਵਿਚ।74।

75
ਆਕਿਲ ਹੱਥੋਂ ਸ਼ਾਹ ਗ਼ਿਜ਼ਾਲੀ ਦਾ ਮਰਨਾ

ਆਕਿਲ ਤੁਬਕ ਵਜੁੱਤਿਆ, ਭਰ ਵਜਨ ਸੰਭਾਲੀ
ਉਹਨੂੰ ਡਾਂਢ ਅਲੰਬੇ ਆਤਸ਼ੋਂ, ਭੁੱਖ ਭੱਤੇ ਜਾਲੀ
ਉਹਦਾ ਕੜਕ ਪਿਆਲਾ ਉੱਠਿਆ, ਭੰਨ ਗਈ ਹੈ ਨਾਲੀ
ਉਸ ਦੂਰੋਂ ਡਿਠਾ ਆਂਵਦਾ, ਫਿਰ ਸ਼ਾਹ ਗ਼ਿਜ਼ਾਲੀ
ਓਸ ਲਗਦੀ ਬੱਬਰ ਬੋਲਿਆ, ਜਿਵੇਂ ਖੋੜੀ ਥਾਲੀ
ਜਿਵੇਂ ਲਾਟੂ ਟੁਟਾ ਡੋਰ ਤੋਂ, ਖਾ ਗਿਰਦ ਭੰਵਾਲੀ
ਅੱਗ ਥੋੜ੍ਹੀ ਥੋੜ੍ਹੀ ਸੁਲਗਦੀ, ਫਿਰ ਆਕਲ ਬਾਲੀ
ਪਰ ਖਾਨ ਦੌਰਾਂ ਦਾ ਨਿਮਕ ਸੀ, ਕਰ ਗਿਆ ਹਲਾਲੀ।75।

76
ਅਜ਼ੀਜ਼ ਖਾਂ ਕੰਧਾਰੀ ਤੇ ਆਕਿਲ ਦਾ ਯੁੱਧ

ਫੇਰ ਆਇਆ ਤੁਰਾ ਨਚਾਂਦਾ, ਅਜ਼ੀਜ਼ ਖਾਂ ਕੰਧਾਰੀ
ਉਸ ਰੱਖ ਕਵਾਇਦ ਸੱਜਿਓਂ, ਬਰਛੀ ਪੁਰਕਾਰੀ
ਉਸ ਕਰਕੇ ਸਿੱਧੀ ਸਾਹਮਣੀ, ਆਕਲ ਨੂੰ ਮਾਰੀ
ਉਹ ਬਰਛੀ ਘੁੱਥੀ ਆਕਲੋਂ, ਬਣ ਗਈ ਤਤਾਰੀ
ਜਿਉਂ ਜੋਸ਼ ਰਕਾਬਾਂ ਦੇ ਛਡਿਆ, ਚਾ ਬਾਜ ਸ਼ਿਕਾਰੀ
ਸ਼ਿਕਾਰਾ ਘੁਥਾ ਸਤੂਨਿਓਂ, ਬੰਨ੍ਹ ਗਿਆ ਉਡਾਰੀ
ਜਿਉਂ ਖਿਡਾਰੀ ਰਖੀਆਂ, ਕਰ ਛੱਕੇ ਸਾਰੀ
ਪਾਸਾ ਪਵੇ ਨਾ ਦਾਅ ਦਾ, ਕੀ ਕਰੇ ਖਿਡਾਰੀ
ਜਦੋਂ ਬਾਰਾਂ ਮੰਗੇ ਤੇ ਤ੍ਰੈ ਪਏ, ਫੇਰ ਅਕਸਰ ਹਾਰੀ
ਪਰ ਅਕਾਲ ਤੁਬਕ ਵਜੁੱਤਿਆ, ਮੁੜ ਦੂਜੀ ਵਾਰੀ।76।

77
ਅਜ਼ੀਜ਼ ਖਾਂ ਕੰਧਾਰੀ ਦਾ ਆਕਿਲ ਹੱਥੋਂ ਮਰਨਾ

ਆਕਲ ਤੁਬਕ ਵਜੁੱਤਿਆ, ਕਹੋ ਕੇਹੀ ਆਹੀ
ਉਹ ਦਾਰੂ ਦੀ ਖਾਧੀ ਇਕ ਲੱਪ, ਗੋਲੀ ਸਰਸਾਹੀ
ਉਹਦਾ ਕੜਕ ਪਿਆਲਾ ਉਠਿਆ, ਵਿਚ ਗੜਾ ਇਲਾਹੀ
ਓਸ ਅਜ਼ੀਜ਼ ਖਾਂ ਕੰਧਾਰੀ ਨੂੰ ਮਾਰਿਆ, ਪੀ ਰੱਤ ਮਿਸਾਹੀ
ਡਿੱਗਾ ਉਹ ਪਲੰਘ ਤੋਂ, ਪੀ ਕੈਫ਼ ਮਨਾਹੀ
ਸੂਰੇ ਆਸਣ ਛਡਿਆ, ਜਿੰਦ ਹੋਈਓ ਸੂ ਰਾਹੀ
ਪਰ ਹਫ਼ਤ ਹਜ਼ਾਰੀ ਸੂਰਮਾ, ਮਾਰ ਗਿਆ ਸਿਪਾਹੀ।77।

78
ਬਦਰ ਬੇਗ਼ ਹੱਥੋਂ ਆਕਿਲ ਦੀ ਮੌਤ

ਆਇਆ ਇਕ ਮਰਵਾਣੀਂ, ਨਾਂ ਸੂ ਬਦਰ ਬੇਗ਼
ਓਹ ਕਢਣਹਾਰਾ ਜਾਣੀਂ, ਵਾਂਗਰ ਰਾਸ਼ਕਾਂ
ਓਸ ਧੂਹ ਲਈ ਕਰਵਾਨੀ, ਸੁਧੇ ਸਾਰ ਦੀ
ਓਸ ਕਰਕੇ ਫ਼ਿਕਰ ਇਨਸਾਨੀ, ਆਕਲ ਨੂੰ ਛੰਡਿਆ
ਉਸ ਪਲ ਵਿਚ ਕੀਤਾ ਫ਼ਾਨੀ, ਏਸ ਜਹਾਨ ਤੋਂ
ਜਿਉਂ ਟੁੱਟੀ ਰੱਸੀ ਕਾਰਵਾਨੀ, ਲੋਥਾਂ ਢੱਠੀਆਂ
ਜਿਵੇਂ ਤਖ਼ਤੇ ਚੀਰਨ ਸਾਨੀ, ਸੁਟੇ ਤਾਕ ਤੇ
ਪਰ ਆਕਲ ਭੀ ਕੁਰਬਾਨੀ, ਨਾਮ ਚੁਗੱਤਿਆਂ।78।

79
ਨੂਰ ਬੇਗ ਦਾ ਬਦਰ ਬੇਗ ਨੂੰ ਮਾਰਨਾ

ਆਇਆ ਮਿਰਜ਼ਾ ਨੂਰ ਬੇਗ, ਇਕ ਮੁਗਲ ਈਰਾਨੀ
ਪਟੇ ਭੁਲੱਥੋ ਨੇਜ਼ਿਉਂ, ਬਾਜ਼ ਜਿਰਮ ਕਮਾਨੀ
ਓਹ ਜਮਧਰ ਛੁਰੀ ਕਟਾਰੀਓਂ, ਰੋਸ਼ਨ ਮੈਦਾਨੀ
ਓਹ ਨਾਰ੍ਹੇ ਕਰਦਾ ਦਲਾਂ ਵਿਚ, ਬਲ ਰੁਸਤਮ ਸਾਨੀ
ਕਰ ਸ਼ੇਰ ਕਲਾਚਾ ਪਗੜਿਅਸੁ, ਬਦਰ ਬੇਗ ਮਰਵਾਣੀ
ਉਹਨੂੰ ਦੱਬ ਕੇ ਕੱਠੋ ਸੂ ਲੱਤ ਹੇਠ, ਕਹੁ ਕਿਤ ਨਿਸ਼ਾਨੀ
ਉਹ ਤੌਬਾ ਕਰੇ ਹਜ਼ਾਰ ਵਾਰ, ਪੁਕਾਰ ਜ਼ਬਾਨੀ
ਜਿਉਂ ਦਿੱਤਾ ਹਜ਼ਰਤ ਇਬਰਾਹੀਮ ਨੇ, ਦੁੰਬਾ ਕੁਰਬਾਨੀ।79।

80
ਅਫ਼ਜ਼ਲ ਕੁਲੀ ਦਾ ਨੂਰ ਬੇਗ ਨਾਲ ਘਮਸਾਣ ਦਾ ਜੰਗ

ਅਫ਼ਜ਼ਲ ਕੁਲੀ ਮੈਦਾਨ ਵਿਚ, ਦੋਵੇਂ ਮੁੱਛ ਸਵਾਰੇ
ਉਹ ਛੇੜ ਅਰਾਕੀ ਪਲਕਿਆ, ਕਰਦਾ ਲਲਕਾਰੇ
ਉਹ ਸਜਿਓ ਮਿਰਜ਼ੇ ਨੂਰ ਬੇਗ ਨੂੰ, ਆਣ ਪੁਕਾਰੇ
ਖਾ ਗੁੱਸਾ ਪਰਤਿਆ ਨੂਰ ਬੇਗ, ਦਿਲ ਫਿਰੀ ਕਰਾਰੇ
ਜਿਉਂ ਵਿਧਿਆ ਹੋਇਆ ਮਾਰ ਤੇ, ਤੜ ਸ਼ੇਰ ਚਾ ਮਾਰੇ
ਓਹ ਜੁੱਟ ਪਏ ਦੋ ਸੂਰਮੇ, ਰਣ ਘਾਘੇਹਾਰੇ
ਜਿਉਂ ਕਰ ਉਤੇ ਆਹਰਣੇ, ਤਾ ਧਰੇ ਲੁਹਾਰੇ
ਉਹ ਮਾਰਨ ਸੱਟ ਵਦਾਣ ਵਾਂਗ, ਹੋ ਪੱਬਾਂ ਭਾਰੇ
ਕਰ ਝੜ ਕੜਕ ਕੜਾਕ ਕੜਕ, ਢਾਲੀਂ ਬਲਖਾਰੇ
ਹਥੇ ਰਹੀਆਂ ਗੱਡੀਆਂ, ਉਡ ਗਏ ਕਨਾਰੇ
ਫੁੱਲ ਢਾਲਾਂ ਦੇ ਝੜ ਪਏ, ਕਹੁ ਕਿਤ ਕਨਾਰੇ
ਜਿਉਂ ਆਤਸ਼ਬਾਜ਼ਾਂ ਫੂਕਿਆ, ਫੁਲਝੜੀ ਅਨਾਰੇ
ਓਹ ਚੱਪਾ ਚਲ ਨਹੀਂ ਜਾਣਦੇ, ਹੈਣ ਵਡੇ ਹੈਂਸਿਆਰੇ
ਪਰ ਵੇਖ ਰਜ਼ਾ ਖ਼ੁਦਾ ਦੀ, ਕੌਣ ਜਿੱਤੇ ਹਾਰੇ।80।

81

ਖ਼ਾਨ ਦੌਰਾਂ ਦੀ ਅਸਵਾਰੀ, ਆਹੀ ਲੁੱਝ ਤੇ
ਬਲਖ਼ ਇਰਾਕ ਬੁਖ਼ਾਰੀ, ਤੁਰੇ ਵਲਾਇਤੀ
ਅਰਬੀ ਤੇ ਕੰਧਾਰੀ, ਫਿਰੇ ਮੈਦਾਨ ਵਿਚ
ਲੈ ਜਮਧਰ ਛੁਰੀ ਕਟਾਰੀ, ਡਹੇ ਕਸੂਰੀਏ
ਤੇ ਵਸੇ ਛੱਜੀਂ ਖਾਰੀਂ, ਲੋਹਾ ਮੀਂਹ ਵਾਂਙ
ਤੰਗ ਲਹੂ ਦੇ ਤਾਰੀ, ਮੋੜਿਆ ਹਨਫ਼ੀਏ
ਪਰ ਬਾਜ਼ੀ ਆਹੀ ਹਾਰੀ, ਨਾਜ਼ਰ ਸ਼ਾਹ ਨੇ।81।

82

ਮਨਸੂਰ ਅਲੀ ਤੇ ਕਮਰਦੀਨ, ਬਹਿ ਪਛੋਤਾਂਦੇ
ਤੇ ਸੇਈ ਗਾਉਣ ਸੋਹਿਲੇ, ਵਿਵਾਹ ਜਿਨ੍ਹਾਂ ਦੇ
ਭਲਕੇ ਜਿਉਂ ਲੱਗਣ ਏਤ ਫ਼ਿਕਰ, ਇਹ ਫ਼ਿਕਰ ਅਸਾਂ ਦੇ
ਪਰ ਇਹ ਗੱਲ ਨਾਹੀਂ ਮੁਕਦੀ, ਜਿਚਰ ਜੀਉਂਦੇ ਜਾਂਦੇ।82।

83

ਦੋਹੀਂ ਦਲੀਂ ਮੁਕਾਬਲਾ, ਦਮਾਮਾ ਵਾਹਿਆ
ਤੋਫਾਂ ਕੜਕਣ ਬੱਦਲੀਆਂ, ਘੁੜਨਾਲ ਵਜਾਇਆ
ਸ਼ਦਾਦ ਖਾ ਹਾਥੀ ਪੇਲਿਆ, ਚੀਰ ਲਸ਼ਕਰ ਆਇਆ
ਪਰ ਸਿਰ ਹਾਥੀ ਦੇ ਨੇਜ਼ਾ, ਕੜਕ ਬੇਗ ਚਲਾਇਆ
ਮੀਰ ਸੈਦ ਗੁੱਲੂ ਓਸ ਥਾਂ, ਆਨ ਤੁਰਾ ਧਸਾਇਆ
ਓਸ ਝਲਿਆ ਆਨ ਕੜਕ ਬੇਗ ਨੂੰ, ਤੋਲ ਬਰਛਾ ਲਾਇਆ
ਮਾਰ ਬਰਛਾ ਬੇਗ ਕੜਕ ਨੂੰ, ਭੰਨ ਜ਼ਿਕਰ ਚਿੰਘਾਇਆ
ਮੁਰਗ ਜਿਵੇਂ ਕਬਾਬੀਆਂ, ਚਾ ਸੀਖੀਂ ਲਾਇਆ
ਜਿਉਂ ਹਜ਼ਰਤ ਮੁਹੰਮਦ ਹਨਫੀਏ, ਯਜ਼ੀਦ ਕੁਹਾਇਆ
ਜਿਉਂ ਹਜ਼ਰਤ ਮੂਸਾ ਪਗੜ ਕੇ, ਫ਼ਿਰਊਨ ਡੁਬਾਇਆ
ਓਸ ਸਯਦ ਹੋਰ ਭੀ ਕਿਤਨੇ ਕੁ ਮਾਰਿਓ ਸੂ, ਆਪ ਮੂਲ ਨਾ ਆਯਾ।83।

84
ਖ਼ਾਨ ਦੌਰਾਂ ਦੀ ਬਹਾਦਰੀ ਤੇ ਮੌਤ

ਦੋਹੀਂ ਦਲੀਂ ਮੁਕਾਬਲੇ, ਦਮਾਮਾ ਕੜਿਆ
ਖ਼ਾਨ ਦੌਰਾਂ ਘੋੜਾ ਛੇੜਿਆ, ਝਾਗ ਲਸ਼ਕਰ ਵੜਿਆ
ਤੇ ਖੰਡਾ ਧਰੂ, ਮਿਆਨ ਤੋਂ, ਹੱਥ ਸੱਜੇ ਫੜਿਆ
ਉਸ ਗਰਮੀ ਖਾਧੀ ਅਹਿਰਨੋਂ, ਰੱਤ ਮੰਗੇ ਸੜਿਆ
ਅੱਗੇ ਆਹਾ ਨਾਜ਼ਰ ਸ਼ਾਹ, ਲੋਹ ਬਖ਼ਤਰ ਜੜਿਆ
ਉਸ ਸੱਤ ਸਿਰੋ-ਸਿਰ ਮਾਰੀਆਂ, ਨ ਰਹਿੰਦਾ ਅੜਿਆ
ਲੋਹੇ ਨੂੰ ਲੋਹੇ ਝੱਲਿਆ, ਫੱਟ ਕਰੇ ਨ ਸੜਿਆ
ਜਿਉਂ ਤਿੱਤਰ ਮੂੰਹ ਬਾਜ ਦੇ, ਵਿਚ ਚੁੰਗਲ ਅੜਿਆ
ਘੁਰ ਪਲੰਘ ਚੀਤਾ ਨਿਹੰਗ ਦੇ, ਮੂੰਹ ਅੰਦਰ ਫੜਿਆ
ਪਰ ਵਾਹ ਹਯਾਤੀ ਸ਼ਾਹ ਦੀ, ਸ਼ੁਕਰਾਨਾ ਪੜ੍ਹਿਆ
ਖ਼ਲਕਤ ਆਖੇ ਵਾਹ ਵਾਹ, ਖ਼ਾਨ ਦੌਰਾਂ ਲੜਿਆ।84।

85

ਨਾਦਰ ਤੁਬਕ ਵਜੁੱਤੀਆ, ਸਾਰ ਦਾਨੇ ਘੜੀ ਫ਼ਿਰੰਗ ਦੀ
ਉਹਦੀ ਮਾਂ ਕਲ ਤੇ ਪਿਉ ਨਾਰਦ, ਓਹ ਸਕੀ ਹੈ ਭੈਣ ਭੁਜੰਗ ਦੀ
ਉਹ ਅੜੇ ਨ ਜ਼ਿਰਿਆਂ ਬਖਤਰਾਂ, ਰਤ ਪੀਂਦੀ ਮੂਲ ਨ ਸੰਗਦੀ
ਉਸ ਧਰ ਤਲੀ ਤੇ ਛਡੀਆ, ਛੋੜ ਪਿੱਠ ਦਈਆ ਤੁਰੰਜ ਦੀ
ਨਜ਼ਾਬਤ ਗੱਲਾਂ ਅਗਲੀਆਂ, ਵਡੀ ਗੋਟ ਮਾਰੀ ਸ਼ਤਰੰਜ ਦੀ।85।

86: ਨਾਦਰ ਸ਼ਾਹ ਦੀ ਜਿੱਤ

ਨਾਜ਼ਰ ਸ਼ਾਹ ਵਾਜੇ ਫ਼ਤਹ ਦੇ, ਸ਼ਾਦਿਆਨੇ ਵਾਹੇ
ਮਨਸੂਰ ਅਲੀ ਤੇ ਕਮਰ ਦੀਨ, ਸ਼ੱਰਰੇ ਛਡਿਆਹੇ
ਤੁਬਕਾਂ ਤੋਪਾਂ ਰਹਿਕਲੇ, ਦੱਬ ਪਾਸੇ ਲਾਏ
ਬੁਰਜ ਬਾਜ਼ੀ ਸ਼ਤ੍ਰੰਜ ਦੀ, ਮਾਰ ਰੁੱਕ ਉਡਾਏ
ਪਰ ਧਰੋਹੀ ਨਾਜ਼ਰ ਸ਼ਾਹ ਦੀ, ਹਿੰਦ ਸਾਰੀ ਪਾਏ।86।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.