ਰਾਣੀ ਸਾਹਿਬ ਕੌਰ ਦੀ ਵਾਰ
ਪ੍ਰੋਫੈਸਰ ਮੋਹਨ ਸਿੰਘ
ਸਤਾਰਾਂ ਸੌ ਤਰਿਆਨਵੇਂ ਦੇ ਸਮੇਂ ਨਿਰਾਲੇ,
ਮੱਲੀ ਸਾਹਿਬ ਸਿੰਘ ਨੇ ਗੱਦੀ ਪਟਿਆਲੇ,
ਨੱਢਾ ਸੀ ਉਹ ਕਚਕਰਾ ਮਸ ਫੁਟੀ ਨਾ ਹਾਲੇ,
ਗੋਹਲਾ ਕਰ ਲਿਆ ਓਸ ਨੂੰ ਨਾਨੂੰ ਮਲ ਲਾਲੇ,
ਟੇਟੇ ਚੜ੍ਹ ਦਰਬਾਰੀਆਂ, ਹੋ ਐਸ਼ ਹਵਾਲੇ,
ਭੁੱਲ ਬੈਠਾ ਉਹ ਗੱਭਰੂ ਸਿੰਘਾਂ ਦੇ ਚਾਲੇ,
ਥਾਂ ਸੰਜੋਆਂ ਫਸ ਗਿਆ ਸ਼ੀਂਹ ਜ਼ੁਲਫ-ਜੰਜਾਲੇ,
ਜ਼ੰਗ ਲੱਗਾ ਤਲਵਾਰ ਨੂੰ, ਉਲਿਆਏ ਭਾਲੇ,
ਚਲ ਪਏ ਦੌਰ ਸ਼ਰਾਬ ਦੇ ਮੱਤ ਮਾਰਨ ਵਾਲੇ,
ਤਾਰੂ ਪੰਜ ਦਰਿਆ ਦਾ ਡੁੱਬ ਗਿਆ ਪਿਆਲੇ ।
ਰਲ ਐਸ਼ੀ ਦਰਬਾਰੀਆਂ ਉਹ ਭੜਥੂ ਪਾਇਆ,
ਪਟਿਆਲੇ ਦੇ ਕਣੇ ਨੂੰ, ਫੜ ਜੜ੍ਹੋਂ ਹਲਾਇਆ,
ਕੀਤੀਆਂ ਉਹ ਅਨ-ਹੋਣੀਆਂ, ਉਹ ਕਹਿਰ ਕਮਾਇਆ,
ਬੁੱਤ ਪਟਿਆਲਾ ਰਹਿ ਗਿਆ, ਰੂਹ ਨਿਕਲ ਸਿਧਾਇਆ,
ਉਧਰੋਂ ਹੜ੍ਹ ਮਰਹੱਟਿਆਂ, ਚੜ੍ਹ ਸਿਰ ਤੇ ਆਇਆ,
ਤੱਕ ਤੱਕ ਰਾਜਾ ਡੋਲਿਆ, ਡਰਿਆ, ਘਬਰਾਇਆ,
ਜਿਵੇਂ ਕਬੂਤਰ ਹੋਂਵਦਾ ਬਾਜ਼ਾਂ ਮੂੰਹ ਆਇਆ ।
ਤੱਕ ਮੂੰਹ-ਜ਼ੋਰ ਮੁਸਾਹਿਬਾਂ ਦੀ ਨੀਯਤ ਕਾਣੀ,
ਸਿਰ ਸਿਰ ਚੜ੍ਹਿਆ ਵੇਖ ਕੇ ਫ਼ਿਕਰਾਂ ਦਾ ਪਾਣੀ,
ਰਾਜੇ ਸਾਹਿਬ ਸਿੰਘ ਦੀ ਨਾ ਰਹੀ ਹੈਰਾਨੀ,
ਸਦ ਲਈ ਸਾਹਿਬ ਕੌਰ ਉਸ, ਉਹ ਸੁਘੜ ਸਵਾਣੀ,
ਅਪਣੀ ਵੱਡੀ ਭੈਣ, ਸਿੰਘ ਜੈਮਲ ਦੀ ਰਾਣੀ ।
ਤੱਕ ਵੀਰੇ ਨੂੰ ਫਸਿਆ ਦੁਸ਼ਟਾਂ ਦੇ ਜਾਲੇ,
ਸ਼ੀਂਹਣੀ ਵਾਂਗ ਉਹ ਬਿੱਫਰੀ ਪਹੁੰਚੀ ਪਟਿਆਲੇ,
ਦੜ ਵੱਟੇ ਦਰਬਾਰੀਆਂ, ਮੂੰਹ ਲੱਗੇ ਤਾਲੇ,
ਮੁਕੀਆਂ ਐਸ਼ੀ ਮਹਿਫ਼ਲਾਂ, ਭੱਜ ਗਏ ਪਿਆਲੇ,
ਕਰ ਕਰ 'ਕੱਠੇ ਸੂਰਮੇ ਯੋਧੇ ਕਣ-ਵਾਲੇ,
ਮੁਰਦੇ ਲਸ਼ਕਰ ਵੀਰ ਦੇ ਉਸ ਫੇਰ ਜਿਵਾਲੇ,
ਜ਼ੰਗ ਲੱਥਾ ਤਲਵਾਰ ਦਾ, ਮੁੜ ਲਿਸ਼ਕੇ ਭਾਲੇ ।
ਸੁਣ ਸੁਣ ਸਾਹਿਬ ਸਿੰਘ ਦੀ ਵਧਦੀ ਕਮਜ਼ੋਰੀ,
ਸਾਹਿਬ ਕੌਰ ਨੂੰ ਸਮਝ ਕੇ ਇਕ ਨਾਜ਼ਕ ਛੋਹਰੀ,
ਲਛਮੀ ਰਾਉ ਮਰਹੱਟੇ ਦੀ ਚੜ੍ਹ ਮਚ ਗਈ ਦੋਹਰੀ,
ਅੰਟਾ ਰਾਉ ਵੀ ਰਲ ਪਿਆ ਇਕ ਛਟਿਆ ਖੋਰੀ,
ਉਹ ਲੰਘ ਜਮਨਾ ਨੂੰ ਆ ਗਏ ਢਿੱਲ ਲਾਈ ਨਾ ਭੋਰੀ,
ਉਹ ਵਧੇ ਹੜ੍ਹ ਦੇ ਵਾਂਗਰਾਂ ਕਰ ਧਿੰਙਾ-ਜ਼ੋਰੀ,
ਲਵੇ ਬਰੂਟ ਪੰਜਾਬ ਦੇ ਸਭ ਜਾਵਣ ਰੋਹੜੀ ।
ਲਿਖਿਆ ਸਾਹਿਬ ਕੌਰ ਨੂੰ ਅੰਟਾ ਰਾਉ ਛਲੀਏ,
ਮੰਨ ਜਾ ਸਾਡੀ ਈਨ ਨੀਂ, ਨਈਂ ਅਸੀਂ ਨਾ ਟਲੀਏ,
ਅਸੀਂ ਚੜ੍ਹੀਏ ਨ੍ਹੇਰੀ ਵਾਂਗਰਾਂ, ਹੜ੍ਹ ਵਾਂਗਰ ਚਲੀਏ,
ਅਸੀਂ ਡਿੱਗੀਏ ਬਿਜਲੀ ਵਾਂਗਰਾਂ, ਥੰਮ੍ਹ ਵਾਂਗਰਾਂ ਖਲ੍ਹੀਏ,
ਅਸਾਂ ਦੂਜੇ ਆਲਮਗੀਰ ਦੇ ਫੜ ਕੀਤੇ ਦਲੀਏ,
ਸਾਥੋਂ ਡਰਨ ਫ਼ਰੰਗੀ ਸੂਰਮੇਂ, ਭਾਵੇਂ ਵਲ ਛਲੀਏ,
ਅਸਾਂ ਕੰਡਿਆਂ ਨਾਲ ਨਾ ਖਹਿਬੜੀਂ, ਅਣੀ ਕੋਮਲ-ਕਲੀਏ ।
ਲਿਖਿਆ ਸਾਹਿਬ ਕੌਰ ਨੇ ਅੰਟਾ ਰਾਉ ਤਾਣੀ,
ਮੈਂ ਨਾਗਣ, ਡੰਗਾਂ ਜਿਸ ਨੂੰ ਨਹੀਂ ਮੰਗਦਾ ਪਾਣੀ,
ਮੈਂ ਚੰਡੀ ਗੋਬਿੰਦ ਸਿੰਘ ਦੀ, ਵੈਰੀ ਦਲ-ਖਾਣੀ,
ਮੈਂ ਕਰ ਕਰ ਸੁੱਟਾਂ ਡੱਕਰੇ ਸਭ ਤੇਰੀ ਢਾਣੀ,
ਮੈਂ ਚੁੰਘ ਚੁੰਘ ਡੋਕੇ ਬੂਰੀਆਂ ਦੇ ਚੜ੍ਹੀ ਜਵਾਨੀ,
ਮੈਂ ਲੜ ਲੜ ਨਾਲ ਬਹਾਦਰਾਂ ਦੇ ਹੋਈ ਸਿਆਣੀ,
ਮੈਂ ਸ਼ੀਹਣੀ ਪੰਜ ਦਰਿਆ ਦੀ ਮੈਨੂੰ ਕਲੀ ਨਾ ਜਾਣੀ ।
ਤੱਕ ਰਾਣੀ ਦਾ ਹੌਸਲਾ ਤੇ ਹੱਲਾ-ਸ਼ੇਰੀ,
ਹੋਰ ਕਈ ਸਰਦਾਰਾਂ ਦੀ ਵਧ ਗਈ ਦਲੇਰੀ,
ਉਹ ਘੱਤ ਵਹੀਰਾਂ ਆ ਗਏ ਜਿਉਂ ਚੜ੍ਹੇ ਹਨੇਰੀ,
ਉਹ ਵੱਧੇ ਵਲ ਮਰਹੱਟਿਆਂ ਝਬ ਲਾਈ ਨਾ ਦੇਰੀ,
ਤੇ ਮਰਦਨ ਪੁਰ ਤੇ ਹੋਈਆਂ ਦੋ ਫ਼ੌਜਾਂ ਢੇਰੀ ।
ਥੋਹੜੇ ਸਨ ਪਟਿਆਲੀਏ ਮਰਹੱਟੇ ਹਜ਼ਾਰਾਂ,
ਇਕ ਇਕ ਉਤੇ ਟੁੱਟ ਪਏ ਉਹ ਬਾਰਾਂ ਬਾਰਾਂ,
ਕੁਝ ਚਿਰ ਰਖਿਆ ਹੌਸਲਾ ਸਿੰਘਾਂ ਸਰਦਾਰਾਂ,
ਪੇਸ਼ ਨਦੀ ਦੀ ਜਾਏ ਕੀ ਪਰ ਨਾਲ ਪਹਾੜਾਂ,
ਉਹ ਪਿੱਛੇ ਹੱਟਣ ਲਗ ਪਏ ਵਾਂਹਦੇ ਤਲਵਾਰਾਂ ।
ਤੱਕ ਸਿੰਘਾਂ ਨੂੰ ਨਿਘਰਦਾ ਉਹ ਸਿਦਕੀ ਰਾਣੀ,
ਉਤਰੀ ਹਾਥੀ ਉਪਰੋਂ ਜਿਉਂ ਪਹਾੜੋਂ ਪਾਣੀ,
ਉਹ ਬੁੱਕੀ ਸ਼ੀਂਹਣੀ ਵਾਂਗਰਾਂ, ਧੂਹ ਤੇਗ ਅਲਾਣੀ,
ਤੁਸੀਂ ਸਿੰਘ ਗੁਰੂ ਦਸਮੇਸ਼ ਦੇ ਨਾ ਗਿਲ ਗਵਾਣੀ,
ਤੁਸੀਂ ਬਾਜ਼ ਉਡਾਰੂ ਗ਼ਜ਼ਬ ਦੇ ਉਹ ਚਿੜੀਆਂ ਢਾਣੀ,
ਤੁਸੀਂ ਇਕ ਇਕ ਭਾਰੂ ਲੱਖਾਂ ਤੇ ਕੁਝ ਗ਼ੈਰਤ ਖਾਣੀ,
ਤੁਸਾਂ ਰੱਜ ਰੱਜ ਪੀਤਾ ਸੋਹਣਿਓਂ ਪੰਜਾਬ ਦਾ ਪਾਣੀ,
ਅਜ ਅੰਟਾ ਰਾਉ ਮਰਹੱਟੇ ਤੋਂ ਨਾ ਕੰਡ ਲਵਾਣੀ,
ਤੁਸੀਂ ਆਏ ਬਚਾਂਦੇ ਵੀਰਨੋਂ ਲੱਖ ਭੈਣ ਬਿਗਾਣੀ,
ਅਜ ਕਲਿਆਂ ਛਡ ਕੇ ਭੈਣ ਨੂੰ ਨਾ ਲੀਕ ਲਵਾਣੀ ।
ਕਾਲੀਆਂ ਲਹਿਰਾਂ ਵਾਂਗਰਾਂ ਵੈਰੀ ਘਿਰ ਆਏ,
ਫਸ ਗਈ ਸ਼ੀਂਹਣੀ ਕੱਪਰੀਂ ਕੁਝ ਪੇਸ਼ ਨਾ ਜਾਏ,
ਤੱਕ ਰਾਣੀ ਨੂੰ 'ਕੱਲਿਆਂ ਗੋਬਿੰਦ ਦੇ ਜਾਏ,
ਖਾ ਕੇ ਗ਼ੈਰਤ ਗੱਜਦੇ ਬੱਦਲਾਂ ਜਿਉਂ ਆਏ,
ਉਹ ਟੁੱਟੇ ਬਿਜਲੀ ਵਾਂਗਰਾਂ ਹੜ੍ਹ ਖੂਨ ਵਗਾਏ,
ਉਹਨਾਂ ਵੱਢ ਵੱਢ ਕੀਤੇ ਡੱਕਰੇ ਲੱਖ ਆਹੂ ਲਾਹੇ,
ਉਹਨਾਂ ਲੜ ਲੜ ਸ਼ਾਮਾਂ ਕੀਤੀਆਂ ਨ੍ਹੇਰੇ ਘਿਰ ਆਏ ।
ਦੋਵੇਂ ਫ਼ੌਜਾਂ ਹਟੀਆਂ ਤੱਕ ਰਾਤ-ਹਨੇਰਾ,
ਸਿੰਘਾਂ ਦਾ ਪਰ ਹੋ ਗਿਆ ਸੀ ਘਾਣ, ਘਣੇਰਾ,
ਉਹਨਾਂ ਰਲ ਰਾਣੀ ਨੂੰ ਆਖਿਆ ਚਲ ਚੁੱਕੀਏ ਡੇਰਾ,
ਸਾਥੋਂ ਹੋਰ ਨਾ ਲੜਿਆ ਜਾਂਵਦਾ ਅਗੇ ਮਰੇ ਬਤੇਰਾ,
ਅਸਾਂ ਪਟਿਆਲੇ ਜਾ ਪਹੁੰਚਣਾ ਅਜੇ ਹੋਏ ਮੁਨ੍ਹੇਰਾ ।
ਦਿਤੀ ਸਾਹਿਬ ਕੌਰ ਨੇ ਮੁੜ ਹੱਲਾ-ਸ਼ੇਰੀ,
ਅੱਧਾ ਮਾਰ ਸ਼ਿਕਾਰ ਨੂੰ ਕਿਉਂ ਢਾਵੋ ਢੇਰੀ,
ਜੇ ਪਾਣੀ ਪੀਵੋ ਘੁੱਟ ਵੀ ਪੀਵੋ ਰਤ ਮੇਰੀ,
ਜੇ ਸ਼ਸ਼ਤਰ ਲਾਹੋ ਪਿੰਡਿਓਂ ਲਾਹੋ ਪਤ ਮੇਰੀ,
ਉਹ ਨਾਲ ਥਕੇਵੇਂ ਟੁੱਟ ਕੇ ਹੋਏ ਨੇ ਢੇਰੀ,
ਉਠ ਚਲੋ ਉਹਨਾਂ ਤੇ ਟੁੱਟੀਏ ਚੜ੍ਹ ਵਾਂਗ ਹਨੇਰੀ,
ਉਹ ਨੀਂਦ ਵਿਗੁੱਤੇ ਸੋਹਣਿਓਂ ਹੁਣ ਕਰੋ ਨਾ ਦੇਰੀ,
ਮੁੜ ਮੁੜ ਹੱਥ ਨਹੀਂ ਆਉਣੀ ਇਹ ਰਾਤ ਹਨੇਰੀ ।
ਸੱਪਾਂ ਵਾਂਗੂੰ ਸਿਰਕਦੇ ਸਿੰਘ ਸੂਰੇ ਧਾਏ,
ਮਾਰ ਫੁੰਕਾਰੇ ਗ਼ਜ਼ਬ ਦੇ ਕਈ ਦੀਏ ਬੁਲਾਏ,
ਕੁਝ ਫੱਟੇ, ਕੁਝ ਵੱਢ ਦਿਤੇ, ਕੁਝ ਬੰਨ੍ਹ ਬੰਨ੍ਹਾਏ,
ਜਾਗੋ-ਮੀਟਿਆਂ ਵਿਚ ਹੀ ਕਈ ਪਾਰ ਬੁਲਾਏ,
ਬਿੱਜ ਪਈ ਮਰਹੱਟਿਆਂ ਕੁਝ ਪੇਸ਼ ਨਾ ਜਾਏ,
ਭੱਜ ਉਠੇ ਉਹ ਜਿਧਰ ਨੂੰ ਵੀ ਸਿੰਙ ਸਮਾਏ,
ਏਦਾਂ ਮਾਣ ਪੰਜਾਬ ਦੇ ਵੈਰੀ ਹੱਥ ਆਏ,
ਬੱਚੀ ਪੰਜ-ਦਰਿਆ ਦੀ ਨੇ ਰੱਖ ਵਿਖਾਏ ।