A Literary Voyage Through Time

ਗੁਰਦਿੱਤ ਸਿੰਘ ਕੁੰਦਨ ('ਚਮਕਣ ਤਾਰੇ' ਵਿੱਚੋਂ)

(ਇਹ ਵਾਰ ਪੰਜਾਬ ਦੀ ਵੰਡ ਵੇਲੇ (1947) ਦੀ ਤ੍ਰਾਸਦੀ ਦਾ ਬਿਆਨ ਹੈ)

1
ਵਾਹ ਦੇਸ ਪੰਜਾਬ ਪਿਆਰਿਆ, ਤੇਰੀ ਅਜਬ ਕਹਾਣੀ
ਤੇਰੀ ਪਰਬਤ ਵਰਗੀ ਹਿੱਕ ਵੀ, ਅਜ ਤੀਰਾਂ ਛਾਣੀ
ਹਰ ਟੁੱਟੀ ਤੰਦ ਸਲੂਕ ਦੀ, ਸਭ ਪਿਲਚੀ ਤਾਣੀ
ਪਈ ਰੋਂਦੀ ਵਿਚ ਤ੍ਰਿੰਜਣਾਂ, ਤੇਰੀ ਰੀਤਿ ਪੁਰਾਣੀ
ਨਹੀਂ ਦੁਧ ਭਰੇ ਦਰਿਆ ਵਿਚ, ਇਕ ਬੂੰਦ ਨਿਮਾਣੀ
ਸ਼ਿੰਗਾਰ ਤੇਰੀ ਪ੍ਰਭਾਤ ਦਾ, ਟੁੱਟ ਗਈ ਮਧਾਣੀ
ਤੇਰਾ ਸਤਲੁਜ ਕਮਲਾ ਹੋ ਗਿਆ, ਸਣੇ ਰਾਵੀ ਰਾਣੀ
ਉਹ ਪਿਆਰਾਂ ਭਰੀ ਝਨਾਂ ਦਾ, ਅੱਗ ਹੋ ਗਿਆ ਪਾਣੀ
ਤੇਰਾ ਸੋਚੀਂ ਪਿਆ ਹਿਮਾਲੀਆ, ਸਦੀਆਂ ਦਾ ਹਾਣੀ
ਜਿਹਨੂੰ ਕਈਆਂ ਦੁਸ਼ਮਣ ਦਲਾਂ ਦੀ, ਪਈ ਕਬਰ ਬਨਾਣੀ
ਨ ਸਮੇਂ ਦੇ ਭੋਲੇ ਪਾਤਸ਼ਾਹ, ਤੂੰ ਕਬਰ ਪਛਾਣੀ
ਤੈਨੂੰ ਓਨ੍ਹਾਂ ਵੱਢਿਆ ਛਾਂਗਿਆ, ਛਾਂ ਜਿਨ੍ਹਾਂ ਮਾਣੀ
ਜਿਹੜੀ ਜੱਲ੍ਹਿਆਂ ਵਾਲੇ ਬਾਗ਼ ਸੀ, ਪਈ ਰੱਤ ਵਹਾਣੀ
ਇਕ ਵਾਰੀ ਜ਼ਾਲਮ ਸਮੇਂ ਨੇ, ਕਰ ਦਿੱਤੀ ਪਾਣੀ
ਤੈਨੂੰ ਸ਼ੇਰਾ ! ਜ਼ਖਮੀ ਕਰ ਗਈ, ਗਿੱਦੜਾਂ ਦੀ ਢਾਣੀ
ਨਹੀਂ ਭਰਨੇ ਜ਼ਖਮ ਸਰੀਰ ਦੇ, ਤੇਰੇ ਸਦੀਆਂ ਤਾਣੀ ।1।

2
ਸਾਮਰਾਜੀਆਂ ਡਾਕੂਆਂ, ਬੇਦਰਦ ਕਸਾਈਆਂ
ਤੇਰੇ ਗੋਡੇ ਗਿੱਟੇ ਵੱਢ ਕੇ, ਜੰਜ਼ੀਰਾਂ ਲਾਹੀਆਂ
ਤੇਰੀ ਪਾਗਲ ਹੋ ਗਈ ਬੀਰਤਾ, ਧੀਰਜ ਦਿਆ ਸਾਂਈਆਂ
ਤੇਰੇ ਸਾਗਰ ਜਿਹੇ ਸੁਭਾ ਵਿਚ, ਚੜ੍ਹਿ ਕਾਂਗਾਂ ਆਈਆਂ
ਤੂੰ ਚੁਕੇ ਸ਼ੁਰੇ ਫੌਲਾਦ ਦੇ, ਤੇਗ਼ਾਂ ਲਿਸ਼ਕਾਈਆਂ
ਤੇਰੇ ਆਪਣੇ ਲਹੂ ਵਿਚ ਡੁੱਬੀਆਂ, ਤੇਰੀਆਂ ਚਤੁਰਾਈਆਂ
ਤੇਰੀ ਅੰਨ੍ਹੀ ਹੋਈ ਅਣਖ ਨੇ, ਲਈਆਂ ਅੰਗੜਾਈਆਂ
ਤੈਨੂੰ ਆਪਣੀਆਂ ਧੀਆਂ ਜਾਪੀਆਂ, ਇਕ ਵਾਰ ਪਰਾਈਆਂ
ਤੇਰੇ ਸਾਧੂ ਰਾਕਸ਼ ਬਣ ਗਏ, ਨਜ਼ਰਾਂ ਹਲਕਾਈਆਂ
ਤੇਰੀ ਸ਼ਾਹ ਰਗ ਉਤੇ ਹਾਣੀਆਂ, ਛੁਰੀਆਂ ਚਲਵਾਈਆਂ
ਤੇਰੀ ਖਾਕ ਵਰੋਲੇ ਬਣ ਗਈ, ਹੋਈ ਵਾਂਗੁ ਸ਼ੁਦਾਈਆਂ
ਬਣ ਫ਼ਨੀਅਰ ਉਡੇ ਕੱਖ ਵੀ, ਜਿਉਂ ਉਡਣ ਹਵਾਈਆਂ
ਜਿਨ੍ਹਾਂ ਸਿਰ ਤੇ ਲੱਖ ਹਨੇਰੀਆਂ, ਬੇਖੌਫ਼ ਲੰਘਾਈਆਂ
ਉਨ੍ਹਾਂ ਬਾਜ਼ਾਂ ਹਾਰੇ ਹੌਂਸਲੇ, ਕੂੰਜਾਂ ਕੁਰਲਾਈਆਂ
ਉਹ ਤੁਰ ਗਏ ਪਾਰ ਸਮੁੰਦਰੋਂ, ਜਿਨ੍ਹਾਂ ਅੱਗਾਂ ਲਾਈਆਂ
ਉਹ ਘਰ ਘਰ ਪਾ ਗਏ ਪਿੱਟਣੇ, ਥਾਂ ਥਾਂ ਦੁਹਾਈਆਂ ।2।

3
ਤੇਰੇ ਸੂਰਜ ਵਰਗੇ ਤੇਜ ਤੇ, ਪੈ ਸ਼ਾਮਾਂ ਗਈਆਂ
ਤੇਰੇ ਧੰਨੀ ਪੋਠੋਹਾਰ ਤੇ, ਟੁੱਟ ਬਿਜਲੀਆਂ ਪਈਆਂ
ਅਜ ਸਾਂਦਲ ਬਾਰ ਦੀ ਹਿਕ ਤੇ, ਰੁਲ ਹੱਡੀਆਂ ਰਹੀਆਂ
ਉਹ ਆਪ ਉਜਾੜਿਆ ਮਾਲਵਾ, ਹੱਥੀਂ ਮਲਵਈਆਂ
ਤੇਰੇ ਦਿਲ ਮਾਝੇ ਨੂੰ ਵਿੰਨ੍ਹਿਆ, ਫੜ ਨੇਜ਼ੇ ਕਹੀਆਂ
ਕਰ ਟੁਕੜੇ ਤੇਰੀ ਲਾਸ਼ ਦੇ, ਪਾ ਵੰਡੀਆਂ ਲਈਆਂ
ਸਭ ਰਾਸ ਲੁਟਾਈ ਬਾਣੀਆਂ, ਤੇ ਮੂਲ ਮੁੱਦਈਆਂ
ਛਡ ਦਿਤੇ ਕਾਅਬੇ ਆਪਣੇ, ਸਿਖਾਂ ਮਿਰਜ਼ਈਆਂ
ਦਿਲ ਕੋਲੇ ਹੋਇਆ ਇਨਸਾਨ ਦਾ, ਤੇ ਆਸਾਂ ਢਹੀਆਂ
ਵਿਚ ਗਿੱਧੇ ਰੋਂਦੀਆਂ ਝਾਜਰਾਂ, ਕਰ ਚੇਤੇ ਸਈਆਂ
ਮੈਖ਼ਾਨੇ ਫੂਕੇ ਸਾਕੀਆਂ ਤੇ ਸਾਜ਼ ਗਵਈਆਂ ।3।

4
ਤੇਰੀ ਮੜ੍ਹੀ ਤੇ ਮਹਲ ਉਸਾਰਿਆ, ਬੇਤਰਸ ਜ਼ਮਾਨੇ
ਰਹਿਆ ਮੌਤ ਤੇਰੀ ਨੂੰ ਪਾਲਦਾ, ਉਹ ਅੰਦਰ ਖਾਨੇ
ਤੈਨੂੰ ਦਿਤਾ ਨਰਕ ਫ਼ਰਿਸ਼ਤਿਆਂ, ਸੁਰਗਾਂ ਦੇ ਬਹਾਨੇ
ਤੇਰੇ ਬਾਗ਼ ਬਹਾਰਾਂ ਆਉਂਦੀਆਂ, ਬਣ ਗਏ ਵੀਰਾਨੇ
ਸੀ ਇਸ਼ਕ ਜਿਨ੍ਹਾਂ ਦਾ ਉਡਦਾ, ਹੁੰਦਾ ਅਸਮਾਨੇ
ਪਰ ਸੜਗੇ ਉਡਿਆ ਜਾਏ ਨਾ ਤੜਫਣ ਪਰਵਾਨੇ
ਸੁਣ ਸੁਣ ਕੇ ਤੇਰੀ ਰੂਹ ਦੇ, ਦਿਲ-ਜਲੇ ਤਰਾਨੇ
ਕਈ ਕੋਇਲੇ ਹੁੰਦੇ ਜਾ ਰਹੇ, ਅਣਮੁੱਲ ਖਜ਼ਾਨੇ
ਗਈਆਂ ਵੰਡੀਆਂ 'ਸ਼ਰਫ਼ ਨਿਸ਼ਾਨੀਆਂ' ਤੇ 'ਨਵੇਂ ਨਿਸ਼ਾਨੇ'
ਹੋਇ ਵਾਘਿਓਂ ਪਾਰ ਉਰਾਰ ਦੇ, ਸਭ ਗੀਤ ਬੇਗਾਨੇ
ਰੱਬ ਪਾਸਾ ਐਸਾ ਪਰਤਿਆ, ਹੋ ਕੇ ਦੀਵਾਨੇ
ਬੁਤਖਾਨੇ ਕਾਅਬੇ ਬਣ ਬਏ, ਕਾਅਬੇ ਬੁਤਖਾਨੇ
ਪੀ ਨਾਨਕ ਦੇ ਮੈਖਾਨਿਓਂ, ਹੋ ਕੇ ਮਸਤਾਨੇ
ਜਿਹੜੀ ਸਾਂਝ ਵਿਖਾਈ ਜਗ ਨੂੰ, ਬਾਲੇ ਮਰਦਾਨੇ
ਗੁਰੂ ਅਰਜਨ ਮੀਆਂ ਮੀਰ ਦੇ, ਟੁਟ ਗਏ ਯਰਾਨੇ
ਉਹ ਸੂਰਜ ਜਿਹੀਆਂ, ਹਕੀਕਤਾਂ, ਬਣੀਆਂ ਅਫ਼ਸਾਨੇ ।4।

5
ਉਹ ਲੰਮੀਆਂ ਦਰਦ ਕਹਾਣੀਆਂ, ਤੇ ਪੰਧ ਲਮੇਰੇ
ਤੇਰੇ ਰਾਹ ਵਿਚ ਕੰਡੇ ਦੁਸ਼ਮਣਾਂ, ਬੇਅੰਤ ਖਲੇਰੇ
ਪਰ ਰਾਹੀਆ ਤੁਰਿਆ ਚਲ ਤੂੰ, ਕਰ ਲੰਮੇ ਜੇਰੇ
ਬੰਗਾਲ ਜਿਹੇ ਹੋਰ ਵੀ ਮਿਲਣਗੇ, ਤੈਨੂੰ ਸਾਥ ਬਥੇਰੇ
ਅਜ ਜਾਗ ਰਹੀ ਏ ਜ਼ਿੰਦਗੀ, ਤੇਰੇ ਚਾਰ ਚੁਫੇਰੇ
ਬਣ ਚਾਨਣ ਰਹੇ ਜਹਾਨ ਦਾ, ਕਬਰਾਂ ਦੇ ਨ੍ਹੇਰੇ
ਕਈ ਨਵੇਂ ਭੁੰਚਾਲ ਲਿਆਉਣਗੇ, ਇਹ ਹੋਕੇ ਤੇਰੇ
ਬਣ ਜਾਣੇ ਇਕ ਦਿਨ ਬਿਜਲੀਆਂ, ਤੇਰੇ ਅੱਥਰੂ ਕੇਰੇ
ਮਿਟ ਜਾਣੇ ਨਵੀਂ ਤਾਰੀਖ਼ ਤੋਂ, ਸਭ ਖ਼ੂਨੀ ਡੇਰੇ
ਅਜ ਸੂਰਜ ਵਾਂਙ ਅਟੱਲ ਨੇ, ਇਹ ਦਾਅਵੇ ਮੇਰੇ
ਪਲ ਰਹੇ ਰਾਤਾਂ ਕਾਲੀਆਂ ਚਿ ਕਈ ਨਵੇਂ ਸਵੇਰੇ ।5।
2. ਸਿੱਖ ਨੂੰ

ਨਾਨਕ ਗੁਰੂ ਦੇ ਨੈਣਾਂ ਦੇ ਨੂਰ ਸਿੱਖਾ,
ਸਦਾ ਲਈ ਹੈ ਦੁਨੀਆ ਆਬਾਦ ਤੇਰੀ।
ਲੱਖਾਂ ਪਿੰਜਰਿਆਂ ਵਿਚ ਤੂੰ ਬੰਦ ਹੋਵੇਂ,
ਫਿਰ ਵੀ ਰਹੇਗੀ ਰੂਹ ਆਜ਼ਾਦ ਤੇਰੀ ।
ਨਾ ਘਬਰਾ ਭੁਚਾਲਾਂ ਨੂੰ ਵੇਖ ਕੇ ਤੂੰ,
ਹੋਣੀ ਕਦੇ ਨਹੀਂ ਸ਼ਾਨ ਬਰਬਾਦ ਤੇਰੀ ।
'ਜ਼ੋਰਾਵਰ' ਤੇ 'ਫਤਹਿ' ਦੇ ਸੀਸ ਉੱਤੇ
ਰੱਖੀ ਆਸ਼ਕਾ, ਗਈ ਬੁਨਿਆਦ ਤੇਰੀ ।
ਲਾਲੀ ਤੇਰੀ "ਅਜੀਤ" ਦੇ ਖ਼ੂਨ ਦੀ ਏ,
ਫਿੱਕੀ ਕਿਸ ਤਰ੍ਹਾਂ ਪਵੇਗੀ ਆਬ ਤੇਰੀ ।
ਤਾਰਾ ਤੂੰ ਦਸ਼ਮੇਸ਼ ਦੀ ਅੱਖ ਦਾ ਏਂ,
ਸੂਰਜ ਝੱਲ ਨਹੀਂ ਸਕਦਾ ਤਾਬ ਤੇਰੀ ।

ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ,
ਕਰਨੀ ਸਬਰ ਦੀ ਦੱਸੀ ਏ ਜੰਗ ਤੈਨੂੰ।
ਆਸ਼ਕ ਕਿਸੇ ਨੇ 'ਚਾਂਦਨੀ ਚੌਂਕ' ਅੰਦਰ,
ਮਰ ਕੇ ਦੱਸਿਆ ਜਿਊਣ ਦਾ ਢੰਗ ਤੈਨੂੰ।
ਮਸਤੀ ਲੱਥੀ ਨਾ ਤੇਰੀ ਮਸਤਾਨਿਆਂ ਓਏ,
ਡਿੱਠਾ ਸਮੇਂ ਨੇ ਚਰਖੜੀ ਟੰਗ ਤੈਨੂੰ।
ਜਿਉਂ ਜਿਉਂ ਸੜੇਂ ਤੂੰ ਭੱਠੀਆਂ ਵਿਚ ਪੈ ਕੇ,
ਤਿਉਂ ਤਿਉਂ ਚੜ੍ਹੇ ਪਰਵਾਨਿਆਂ ਰੰਗ ਤੈਨੂੰ।

ਤੈਨੂੰ ਦੁੱਖਾਂ ਦੇ ਨਾਗਾਂ ਦਾ ਖੌਫ਼ ਕੀ ਏ,
ਤੇਰੇ ਕੋਲ 'ਸੁਖਮਣੀ' ਹੈ ਮਣੀ ਸਿੱਖਾ।
ਸ਼ਾਂਤ ਰੱਖਦੀ ਜਿਹੜੀ ਅੰਗਿਆਰਿਆਂ ਤੇ,
ਤੇਰੇ ਕੋਲ ਉਹ ਨਾਮ ਦੀ ਕਣੀ ਸਿੱਖਾ।

ਜ਼ੁਲਮ ਸਿੱਤਮ ਦੀਆਂ, ਸੱਚੇ ਇਸ਼ਕ-ਬਾਜ਼ਾ,
ਤੇਗਾਂ ਖੁੰਢੀਆਂ ਕਰਨੀਆਂ ਜਾਣਦਾ ਏਂ।
ਤਾਹੀਉਂ ਝੁਕਦਾ ਨਹੀਂ ਤੂੰ ਕਿਸੇ ਅੱਗੇ,
ਸਿਰ ਤੇ ਰੰਬੀਆਂ ਜਰਨੀਆਂ ਜਾਣਦਾ ਏਂ।
ਜੋਤਾਂ ਅਣਖ਼ ਦੀਆਂ, ਜਦੋਂ ਹੋਣ ਖ਼ਾਲੀ,
ਚਰਬੀ ਢਾਲ ਕੇ ਭਰਨੀਆਂ ਜਾਣਦਾ ਏਂ।
'ਅਟਕ' ਜਿਹੇ ਨਾ ਐਵੇਂ ਨੇ ਰਾਹ ਦਿੰਦੇ,
ਖ਼ੂਨੀ ਨਦੀਆਂ ਤਰਨੀਆਂ ਜਾਣਦਾ ਏਂ।

ਸਾਜ਼ ਮੌਤ ਦਾ, ਗੀਤ ਨੇ ਜ਼ਿੰਦਗੀ ਦੇ,
ਅਣਹੋਣੀਆਂ ਕਰ ਕੇ ਵਿਖਾਲਦਾ ਏਂ।
ਹੋ ਕੇ ਬਾਦਸ਼ਾਹ, ਰਹੇਂ ਫ਼ਕੀਰ ਬਣਿਆਂ,
ਸ਼ੇਰ ਹੁੰਦਿਆਂ, ਗਊਆਂ ਨੂੰ ਪਾਲਦਾ ਏਂ।

ਬੇੜੀ ਸਿਦਕ ਦੀ ਰਹੀ ਅਡੋਲ ਤੇਰੀ,
ਆਏ ਗ਼ਜ਼ਨੀਉਂ ਕਈ ਤੂਫ਼ਾਨ ਭਾਵੇਂ।
ਖੋਪਰ ਲਾਹ ਕੇ ਰੰਬੀਆਂ ਨਾਲ ਤੇਰੇ,
ਕੱਢ ਗਏ ਕਈ ਦਿਲੀ-ਅਰਮਾਨ ਭਾਵੇਂ।

ਤੇਰੀ ਸਾਬਤੀ ਵਿਚ ਨਾ ਫ਼ਰਕ ਆਇਆ,
ਪੁਰਜਾ ਪੁਰਜਾ ਹੋ ਗਈ ਸੰਤਾਨ ਤੇਰੀ।
ਗਲੀਂ ਹਾਰ ਜਾਂ ਪਏ ਸੀ ਬੋਟੀਆਂ ਦੇ,
ਵੇਖਣ ਯੋਗ ਸੀ, ਉਸ ਦਿਨ ਸ਼ਾਨ ਤੇਰੀ।

ਬੈਠੇ ਜਦੋਂ ਲਾਹੌਰ ਦੇ ਤਖ਼ਤ ਉੱਤੇ,
ਸਭੇ ਤਾਕਤਾਂ ਪੈਰਾਂ ਤੇ ਢਹਿ ਗਈਆਂ।
ਰਹਿ ਗਏ ਬੁੱਤ ਹੀ ਨਿਰੇ ਦੁਰਾਨੀਆਂ ਦੇ,
ਜਦੋਂ ਕਾਨੀਆਂ ਕਾਲਜੀਂ ਲਹਿ ਗਈਆਂ।
ਸੋਨ-ਚਿੜੀ ਦਾ ਮਾਸ ਜੋ ਖਾਂਦੀਆਂ ਸੀ,
ਇੱਲਾਂ ਆਹਲਣੇ ਵਿਚ, ਉਹ ਛਹਿ ਗਈਆਂ।
ਗੁੱਸੇ ਨਾਲ ਜੇ 'ਰਾਵੀ' ਤੇ ਬੋਲਿਆ ਤੂੰ,
ਡਰ ਕੇ ਕੰਧਾਂ ਪਸ਼ੌਰ ਵਿਚ ਬਹਿ ਗਈਆਂ।

ਏਧਰ ਕੋਈ 'ਸਤਲੁਜ' ਤੋਂ ਪਾਰ ਬੈਠਾ,
ਖਾਂਦਾ ਖੌਫ਼ ਤੇਰੇ ਬਾਹੂ ਬਲ ਦਾ ਸੀ।
ਜਿਸ ਦੇ ਰਾਜ ਵਿਚ ਸੂਰਜ ਨਾ ਡੁੱਬਦਾ ਸੀ,
ਤੋਹਫ਼ੇ ਪਿਆ ਵਲੈਤ ਤੋਂ ਘੱਲਦਾ ਸੀ।

ਤੇਰੀ ਬੀਰਤਾ ਬਾਰੇ ਜੇ ਕੋਈ ਪੁੱਛੇ,
ਉਹਨੂੰ ਰਾਹ ਜਮਰੌਦ ਦੇ ਪਾ ਦੇਵੀਂ।
ਕਿੱਸਾ 'ਚੇਲਿਆਂ ਵਾਲੇ' ਦਾ ਦੱਸ ਦੇਵੀਂ,
ਜਾਂ 'ਸਭਰਾਉਂ' ਦਾ ਹਾਲ ਸੁਣਾ ਦੇਵੀਂ।

ਜੇ ਤੂੰ ਚਾਹੁੰਨਾ ਏਂ ਜੱਗ ਵਿਚ ਰਹਾਂ ਜੀਊਂਦਾ,
ਤਾਂ ਫਿਰ ਮੌਤ-ਪਿਆਰ ਨਾ ਭੁੱਲ ਜਾਵੀਂ।
'ਫੂਲਾ ਸਿੰਘ' ਜਿਹੇ ਖਿੜੇ ਸੀ ਫੁੱਲ ਜਿਸ ਵਿਚ,
ਦਿਲੋਂ ਉਹ ਬਹਾਰ ਨਾ ਭੁੱਲ ਜਾਵੀਂ।
ਜਿਸ ਦੇ ਜਾਂਦਿਆਂ, ਪਈ ਸੀ ਸ਼ਾਮ ਤੇਰੀ,
'ਸ਼ਾਮ ਸਿੰਘ' ਸਰਦਾਰ ਨਾ ਭੁੱਲ ਜਾਵੀਂ।
ਜਿਹਦੀ ਚਮਕ ਵਿਚ ਲੁਕੀ ਏ ਸ਼ਾਨ ਤੇਰੀ,
ਵੇਖੀਂ ਉਹ ਤਲਵਾਰ ਨਾ ਭੁੱਲ ਜਾਵੀਂ।

ਖ਼ੂਨ ਗਰਮ ਰਹੇ, ਬਾਜ਼ ਦੇ ਵਾਂਗ ਤੇਰਾ,
ਉੱਡਦੇ ਅਰਸ਼ ਵਿਚ ਰਹਿਣ ਖ਼ਿਆਲ ਤੇਰੇ।
ਜੇ ਤੂੰ ਘਟੇਂ ਤਾਂ ਦੂਜ ਦਾ ਚੰਦ ਹੋਵੇਂ,
ਜੇ ਤੂੰ ਵਧੇਂ, ਤਾਂ ਵੱਧਣ ਇਕਬਾਲ ਤੇਰੇ।
3. ਐ ਸਾਥੀਓ, ਅਦੀਬੋ

ਐ ਸਾਥੀਓ, ਅਦੀਬੋ!
ਦੁਨੀਆਂ ਦੇ ਬਾਗ਼ ਅੰਦਰ ਕੁਝ ਹੋਰ ਹੋਣ ਵਾਲਾ
ਭੜਕਣ ਲਈ ਹੈ ਕਾਹਲੀ ਫਿਰ ਮੌਤ ਦੀ ਜਵਾਲਾ।
ਲਾਟਾਂ ਦੇ ਨਾਲ ਜਿਹੜੀ ਸਾੜੇਗੀ ਅੰਬਰਾਂ ਨੂੰ
ਸੱਸੀ ਦੇ ਥਲ ਬਣਾਊ ਜਿਹੜੀ ਸਮੁੰਦਰਾਂ ਨੂੰ
ਚੰਗਿਆੜਿਆਂ 'ਚ ਜਿਸਨੇ ਉਹ ਬਿਜਲੀਆਂ ਲੁਕਾਈਆਂ
ਲੱਖਾਂ ਦਾ ਖੂਨ ਪੀ ਕੇ ਜੋ ਰਹਿੰਦੀਆਂ ਤਿਹਾਈਆਂ
ਧੂੰਏਂ 'ਚ ਜ਼ਿੰਦਗੀ ਨੇ ਰਾਹਾਂ ਤੋਂ ਭਟਕ ਜਾਣਾ
ਸਦੀਆਂ 'ਚ ਲੱਭਣਾ ਨਹੀਂ ਫਿਰ ਏਸ ਨੂੰ ਟਿਕਾਣਾ।
ਕੁਦਰਤ ਦਾ ਹੁਸਨ ਸੜਕੇ ਇਉਂ ਬੇਨਿਸ਼ਾਨ ਹੋਣਾ।
ਆਪਣਾ ਵੀ ਆਲ੍ਹਣਾ ਨਹੀਂ ਸਾਥੋਂ ਪਛਾਣ ਹੋਣਾ।

ਐ ਸਾਥੀਓ, ਅਦੀਬੋ!
ਵੇਖੇ ਉਹ ਅੰਬਰਾਂ ਦੇ ਕੀ ਕਹਿ ਰਹੇ ਨੇ ਤਾਰੇ
ਕਰਦੇ ਚਰੋਕਣੇ ਨੇ ਇਹ ਮੌਤ ਦੇ ਇਸ਼ਾਰੇ।
ਪੈਗ਼ਾਮ ਦੇ ਰਹੀਆਂ ਨੇ ਤੂਫ਼ਾਨ ਦਾ ਹਵਾਵਾਂ
ਪੈਣਾ ਹਨ੍ਹੇਰ ਆਖਣ ਸੂਰਜ ਦੀ ਸ਼ੁਆਵਾਂ।
ਕੁਲੀਆਂ ਦੀ ਵੇਖ ਹਿਲਜੁਲ ਅਜ ਮਹਿਲ ਡੋਲ ਰਹੇ ਨੇ
ਭੂਚਾਲ ਨੇ ਨਹੀਂ ਰੁਕਣਾ ਪੱਥਰ ਵੀ ਬੋਲ ਰਹੇ ਨੇ।
ਖ਼ੂਨੀ ਆਤਮਾ ਇਹ, ਇਹ ਅਮਨ ਦੇ ਪੁਜਾਰੀ।
ਇਨਸਾਨੀਅਤ ਦੇ ਕਾਤਲ, ਤਹਜ਼ੀਬ ਦੇ ਸ਼ਿਕਾਰੀ।
ਐਟਮ ਦੀ ਅੱਗ ਵਿਚੋਂ, ਇਹ ਸ੍ਵਰਗ ਭਾਲ ਰਹੇ ਨੇ।
ਲਾਲਚ ਦੇ ਡਾਲਰਾਂ ਦਾ, ਹੋਣੀ ਨੂੰ ਟਾਲ ਰਹੇ ਨੇ।
ਸਦੀਆਂ ਦੇ ਸੁੱਤਿਆਂ ਦੀ, ਪਰ ਜਾਗ ਖੁੱਲ੍ਹ ਰਹੀ ਏ।
ਇਕ ਲਾਲ ਜਹੀ ਹਨੇਰੀ, ਅੱਖਾਂ 'ਚ ਝੁਲ ਰਹੀ ਏ।

ਐ ਸਾਥੀਓ, ਅਦੀਬੋ!
ਅਜ ਚਾਨਣੀ ਹੁਸਨ ਦੀ, ਗ਼ਮਗੀਨ ਹੋ ਰਹੀ ਏ
ਮਾਸੂਮ ਮੁਸਕਰਾਹਟ ਬੁਲ੍ਹਾਂ ਤੇ, ਚੋ ਰਹੀ ਏ
ਕੰਨਾਂ 'ਚ ਪੈ ਰਹੀਆਂ ਨੇ, ਹੰਝੂਆਂ ਦੀਆਂ ਪੁਕਾਰਾਂ
ਸੁਰ ਕਰ ਰਹੇ ਹੋ, ਕਿਹੜੇ ਗੀਤਾਂ ਲਈ ਸਿਤਾਰਾਂ?
ਅੰਗੜਾਈਆਂ ਲੈ ਰਹੀ ਏ, ਜਾਗਣ ਲਈ ਤਬਾਹੀ।
ਕਿਉਂ ਖੁਸ਼ਕ ਹੋ ਰਹੀ ਏ, ਅਜ ਕਲਮ ਦੀ ਸਿਆਹੀ।
ਖ਼ਾਮੋਸ਼ੀਆਂ 'ਚ ਅੱਗੇ, ਪਲਦੀ ਰਹੀ ਕਿਆਮਤ।
ਜਗ ਮੌਤ ਦੇ ਪੁੜਾਂ ਵਿਚ ਦਲਦੀ ਰਹੀ ਕਿਆਮਤ।
ਮੈ-ਖ਼ਾਨਿਆਂ 'ਚ ਬੈਠੀ, ਲਹੂ-ਪੀਣਿਆਂ ਦੀ ਢਾਣੀ
ਛੇਤੀ ਹੀ ਹੋਂਦ ਇਹਦੀ ਹੈ, ਸਾਥੀਓ ਮਿਟਾਣੀ।
ਡੁਬੀ ਹੋਈ ਹਸਰਤਾਂ 'ਚ, ਅਜ ਰਾਤ ਜਾ ਰਹੀ ਏ।
ਆਸਾਂ ਦਾ ਨੂਰ ਲੈ ਕੇ, ਪ੍ਰਭਾਤ ਆ ਰਹੀ ਏ।
ਛਲਕਣ ਲਈ ਨੇ ਕਾਹਲੇ, ਹੁਣ ਜਾਮ ਜ਼ਿੰਦਗੀ ਦੇ
ਜਨਤਾ ਉਡੀਕਦੀ ਏ, ਪੈਗ਼ਾਮ ਜਿੰਦਗੀ ਦੇ।

ਐ ਸਾਥੀਓ, ਅਦੀਬੋ!
ਬੇਦੋਸਿਆਂ ਘਰਾਂ 'ਚ, ਪੈਂਦੇ ਨੇ ਵੈਣ ਹੁਣ ਤਕ
ਰੋ ਰੋ ਕੇ ਹੋਏ ਅੰਨ੍ਹੇ, ਲੱਖਾਂ ਨੇ ਨੈਣ ਹੁਣ ਤਕ।
ਭੈਣਾਂ ਨੇ ਖ਼ਤਮ ਹੁੰਦੇ, ਜੀਵਨ ਦੇ ਰਾਗ ਵੇਖੇ।
ਮਾਂਵਾਂ ਦੇ ਮੱਥਿਆਂ ਤੇ ਸੜਦੇ ਨੇ ਭਾਗ ਵੇਖੇ।
ਪ੍ਰਦੇਸ਼ਾਂ ਵਿਚ ਹੁਣ ਤਕ, ਹੱਡੀਆਂ ਦੇ ਰੂਪ ਅੰਦਰ।
ਲੱਖ ਸੁਹਾਗਣਾਂ ਦੇ, ਰੁਲਦੇ ਸੁਹਾਗ ਵੇਖੇ।
ਸੌਂ ਗਏ ਸਦਾ ਦੀ ਨੀਂਦੇ, ਹੀਰੋਸ਼ੀਮਾ ਦੇ ਵਾਸੀ।
ਗੌਤਮ ਦੇ ਤਿਆਗ ਉੱਤੇ, ਛਾਈ ਨਵੀਂ ਉਦਾਸੀ।
ਦੋਜ਼ਖ਼ ਫਰਿਸ਼ਤਿਆਂ ਨੇ ਅਜ ਕੋਰੀਆ ਬਣਾਇਆ।
ਹਰ ਅਮਨ ਦਾ ਸੁਨੇਹਾ, ਤਲਵਾਰ ਨੇ ਸੁਣਾਇਆ।
ਮੈ-ਖ਼ਾਨੇ ਕਤਲਗਾਹਾਂ, ਸਾਕੀ ਜਲਾਦ ਬਣ ਗਏ।
ਬਾਗ਼ਾਂ 'ਚ ਮੌਤ ਨੱਚੇ, ਮਾਲੀ ਸਯਾਦ ਬਣ ਗਏ।
ਦੁਨੀਆਂ ਬਣਾਈ ਪਾਗਲ, ਚਾਤਰ ਮਦਾਰੀਆਂ ਨੇ।
ਲਹੂ ਨਾਲ ਧਰਤੀ ਰੰਗੀ, ਖ਼ੂਨੀ ਲਲਾਰੀਆਂ ਨੇ।

ਐ ਸਾਥੀਓ, ਅਦੀਬੋ!
ਅੰਬਰ ਤੁਸਾਂ ਦੀ ਧਰਤੀ, ਮਾਲਕ ਸਿਤਾਰਿਆਂ ਦੇ।
ਮੁਹਤਾਜ ਚੰਦ ਸੂਰਜ, ਕੁੰਦਨ ਇਸ਼ਾਰਿਆਂ ਦੇ।
ਟੈਗੋਰ ਦਾ ਇਹ ਨਗ਼ਮਾ, ਇਕਬਾਲ ਦਾ ਤਰਾਨਾ।
ਖ਼ਾਮੋਸ਼ ਕਰ ਨਾ ਦੇਵੇ, ਬੇਰਹਮ ਇਹ ਜ਼ਮਾਨਾ।
ਬੁਲ੍ਹੇ ਦਾ ਮਿਟ ਨਾ ਜਾਏ, ਇਹ ਰੰਗ ਸੂਫ਼ੀਆਨਾ।
ਵਾਰਸ ਦਾ ਲੁੱਟ ਨਾ ਜਾਏ, ਬੇਕੀਮਤੀ ਖ਼ਜ਼ਾਨਾ।
ਮੰਜ਼ਲ ਬੜੀ ਹੈ ਨੇੜੇ, ਫਿਰ ਦੂਰ ਹੋ ਨਾ ਜਾਏ।
ਇਹ ਜ਼ਖ਼ਮ ਭਰਨ ਲੱਗਾ, ਨਾਸੂਰ ਹੋ ਨਾ ਜਾਏ।
ਅਹਿਸਾਸ ਬੇਕਸਾਂ ਦਾ, ਇਹ ਨੂਰ ਜ਼ਿੰਦਗੀ ਦਾ।
ਬੇ-ਨੂਰ ਹੋਣ ਦੇ ਲਈ, ਮਜਬੂਰ ਹੋ ਨਾ ਜਾਏ।
ਏਥੇ ਨਾ ਖ਼ਤਮ ਹੋ ਜਾਏ, ਮਜ਼ਦੂਰ ਦੀ ਕਹਾਣੀ।
ਤਾਰੀਖ਼ ਵਿਚ ਅਜੇ ਤਾਂ, ਇਕ ਹੋਰ ਲਿਖੀ ਜਾਣੀ।
ਹੁੰਦੀ ਇਹ ਪਾਣੀ ਪਾਣੀ, ਜ਼ੰਜੀਰ ਵੇਖਣੀ ਏਂ।
ਲੀਹਾਂ 'ਚ ਬਿਜਲੀਆਂ ਦੀ, ਤਾਸੀਰ ਵੇਖਣੀ ਏਂ।
ਐ ਸਾਥੀਓ, ਅਦੀਬੋ!

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.