ਪਾਂਡੀ ਪਾਤਸ਼ਾਹ
ਵਿਧਾਤਾ ਸਿੰਘ ਤੀਰ
ਕੋਈ ਰੋਕੇ ਬਲਾ ਕਿਵੇਂ, ਸਾਹਿਬ ਦੇ ਭਾਣੇ ਨੂੰ ।
ਇਕ ਵੇਲਾ ਐਸਾ ਵੀ ਆਇਆ ਇਸ ਧਰਤੀ ਤੇ ।
ਦਾਤਾ ਵੀ ਸਹਿਕ ਗਿਆ, ਜਦ ਇੱਕ ਇੱਕ ਦਾਣੇ ਨੂੰ ।
ਰੁੱਖੇ ਬਘਿਆੜ ਜਿਉਂ, ਆ ਭੁੱਖਾ ਕਾਲ ਪਿਆ ।
ਧਰਤ ਇਹ ਭਾਗ ਭਰੀ, ਪੰਜਾਂ ਦਰਿਆਵਾਂ ਦੀ ।
ਮੂੰਹ ਆਈ ਆਫ਼ਤ ਦੇ, ਕੋਈ ਉਲਟਾ ਫਾਲ ਪਿਆ ।
ਮੁਟਿਆਰਾਂ ਕੁੜੀਆਂ ਸਭ, ਪੂਣੀ ਰੰਗ ਹੋ ਗਈਆਂ ।
ਪਿਤ ਪੇ ਗਏ ਭੋਖੋਂ ਦੇ, ਸਭ ਛੇਲ ਜਵਾਨਾਂ ਨੂੰ ।
ਰੱਤਾਂ ਵਿੱਚ ਨਾੜਾਂ ਦੇ, ਸੁੱਕੀਆਂ ਤੇ ਖਲੋ ਗਈਆਂ
ਬੁੱਢਿਆਂ ਦਾ ਹਾਲ ਬੁਰਾ, ਗਭਰੂ ਵੀ ਝੁਕ ਗਏ ਸਨ ।
ਨਾ ਪੇਟ ਪਿਆ ਝੁਲਕਾ, ਨਾ ਭੁੱਖ ਦੀ ਅੱਗ ਬੁੱਝੀ ।
ਮਾਵਾਂ ਦੀ ਛਾਤੀ ਚੋਂ, ਦੁੱਧ ਸੜ ਸੜ ਸੁੱਕ ਗਏ ਸਨ ।
ਕਈ ਹੀਰੇ ਮਾਵਾਂ ਦੇ, ਲੱਖ ਤਰਲੇ ਕਰਨ ਲੱਗੇ ।
ਚੁੰਘ ਚ਼ੁੰਘ ਕੇ ਥਣ ਸੁੱਕੇ, ਲੈ ਲੈ ਕੇ ਵਿਲਕਣੀਆਂ ।
ਜਦ ਜੀਵਣ ਜੋਗੇ ਵੀ ਲੁਛ ਲੁਛ ਕੇ ਮਰਨ ਲੱਗੇ ।
ਪੰਜਾਬ ਦੇ ਰਾਜੇ ਤੋਂ 'ਰਣਜੀਤ' ਪਿਆਰੇ ਤੋਂ ।
ਇਹ ਝਾਕੀ ਦਰਦਾਂ ਦੀ, ਤਦ ਗਈ ਸਹਾਰੀ ਨਾ ।
ਦੁਖੀਆਂ ਦੇ ਦਰਦੀ ਤੋਂ, ਲਿਸਿਆਂ ਦੇ ਸਹਾਰੇ ਤੋਂ ।
ਢੰਢੋਰਾ ਦੇ ਦਿੱਤਾ, ਹੋਕਾ ਫਿਰਵਾ ਦਿੱਤਾ ।
ਪਤਨਾਂ, ਚੌਰਾਹਿਆਂ ਤੇ, ਸ਼ਾਹੀ ਦਰਵਾਜੇ ਤੇ ।
ਇਹ ਮੋਟੇ ਅੱਖਰਾਂ ਵਿੱਚ, ਲਿਖ ਕੇ ਲਗਵਾ ਦਿੱਤਾ ।
"ਰਾਜਾ ਤਾਂ 'ਰਾਖਾ ਹੈ' 'ਭੰਡਾਰਾ ਪਰਜਾ ਦਾ' ।
ਤੜਕੇ ਤੋਂ ਸ਼ਾਮਾਂ ਤੱਕ, ਦਰਵਾਜੇ ਖੁਲ੍ਹੇ ਹਨ ।
ਅੰਨ ਹਰ ਕੋਈ ਲੈ ਜਾਵੇ, ਹੈ ਸਾਰਾ ਪਰਜਾ ਦਾ ।
ਇਕ ਵਾਰੀ ਜਿਤਨੇ ਵੀ, ਕੋਈ ਚਾ ਕੇ ਲੈ ਜਾਵੇ ।
ਹਿੰਦੂ ਸਿੱਖ ਮੁਸਲਮ ਦਾ, ਕੋਈ ਖਾਸ ਮੁਲਾਹਜਾ ਨਹੀਂ ।
ਹੈ ਜਿਸ ਨੂੰ ਲੋੜ ਬਣੀ, ਉਹ ਆ ਕੇ ਲੈ ਜਾਵੇ ।'
ਸੁੰਦੇ ਜਿਹੇ ਕੂਚੇ ਵਿੱਚ, ਲਾਹੌਰ ਦੀ ਵਾਸੀ ਵਿੱਚ ।
ਇਕ ਮੋਚੀ-ਬੱਚੜੇ ਦੀ, ਕੰਨੀਂ ਇਹ ਭਿਣਕ ਪਈ ।
ਇਕ 'ਆਸਾ' ਚਮਕ ਪਈ ਝਟ ਆਣ 'ਉਦਾਸੀ' ਵਿੱਚ ।
ਝਟ ਬੂਹਿਓਂ ਅੰਦਰ ਹੋ, ਦਾਦੇ ਦੁਖਿਆਰੇ ਨੂੰ ।
ਇਉਂ ਪੋਤਾ ਕਹਿਣ ਲੱਗਾ, ਢਿਡ ਉੱਤੇ ਹਥ ਧਰ ਕੇ ।
ਭੁੱਖਾਂ ਦੇ ਰੁਲਾਏ ਨੂੰ, ਵਖਤਾਂ ਦੇ ਮਾਰੇ ਨੂੰ ।
"ਬਾਬਾ ਦੀ 'ਲਾਦੇ' ਦਾ, ਤਹਿ ਦਿਆ 'ਪਛਾਈ' ਏ ।
ਲਾਦੇ ਦੇ ਮਹਿਲਾਂ ਤੋਂ ਛੁਬ ਦਾਣੇ ਲੇ ਆਵੋ ।
ਉਥੇ ਤੋਈ ਧਾਟਾ ਨਹੀਂ, ਅਦ ਬੇ ਪਲਵਾਹੀ ਏ ।
ਜੇ ਮੇਲੇ ਨਾਲ ਤਲੋ, ਦਾਣੇ ਲੈ ਆਵਾਂ ਦੇ ।
ਦੰਦੋਰੀ ਉਲ੍ਹੇ ਕਲੋ, ਮੈਂ ਫਲਕੇ ਤੁਲਦਾ ਹਾਂ ।
ਜੇ ਤਲ ਤੇ ਲੈ ਆਈਏ, ਲਜ ਲਜ ਤੇ ਥਾਵਾਂ ਦੇ ।'
ਸੁਣ ਬੁੱਢੜੇ ਮੋਚੀ ਨੂੰ ਲਗ ਸੀਨੇ ਤੀਰ ਗਿਆ ।
ਪੋਤੇ ਦੀਆਂ ਲਾਡਲੀਆਂ, ਥਥੀਆਂ ਤੇ ਤੋਤਲੀਆਂ ।
ਘਾ ਦਿਲ ਤੇ ਕਰ ਗਈਆਂ, ਨੈਣਾਂ ਚੋਂ ਨੀਰ ਗਿਆ ।
ਤੱਕ ਹਿੰਮਤ ਅਪਣੀ ਨੂੰ, ਪਹਿਲੇ ਤਾਂ ਝੁਰਿਆ ਉਹ,
ਪਰ ਆਜਜ਼ ਪੇਤੇ ਦੀ, ਭੁਖ ਜਿੰਦ ਨੂੰ ਖਾਂਦੀ ਸੀ ।
ਹਥਾਂ ਚਿ ਡੰਗੋਰੀ ਲੈ, ਲੱਕ ਬੰਨ੍ਹ ਕੇ ਟੁਰਿਆ ਉਹ ।
ਹਿਚਕੋਲੇ ਖਾਂਦਾ ਉਹ, ਇਉਂ ਜੀਉਂਦਾ ਮਰਦਾ ਉਹ ।
ਪੇਤੇ ਨੂੰ ਨਾਲ ਲਈ, ਡੰਗੋਰੀ ਫੜੀ ਹੋਈ ।
ਪੁਜ ਪਿਆ ਭੰਡਾਰੇ ਤੇ, ਲੱਖ ਤਰਲੇ ਕਰਦਾ ਉਹ ।
ਘਿਗਿਆਈ ਬੇਲੀ ਵਿੱਚ, ਉਸ ਅਰਜ਼ ਸੁਣਾ ਦਿੱਤੀ ।
ਜਾ ਕੋਲ ਭੰਡਾਰੀ ਦੇ, ਮਾਰੇ ਲਾਚਾਰੀ ਦੇ ।
ਮੈਲੀ ਜਿਹੀ ਚਾਦਰ ਇਕ, ਚੁਪ ਚਾਪ ਵਿਛਾ ਦਿੱਤੀ ।
ਦਰਦੀ ਭੰਡਾਰੀ ਨੇ, ਝਟ ਚਾਦਰ ਭਰ ਦਿੱਤੀ ।
ਉਸ ਦਰਦ ਰੰਝਾਣੇ ਦੀ, ਉਸ ਭੁੱਖਣ ਭਾਣੇ ਦੀ ।
ਆਸਾ ਜੋ ਦਿਲ ਦੀ ਸੀ, ਝਟ ਪੂਰੀ ਕਰ ਦਿੱਤੀ ।
ਪਰ ਪੰਡ ਜੋ ਬੰਨ੍ਹ ਧਰੀ, ਸੀ ਦੋ ਮਣ ਭਾਰੀ ਉਹ ।
ਇੱਕ ਬਾਲ ਅੰਵਾਣਾ ਸੀ, ਇੱਕ ਬਾਬਾ ਬੁੱਢੜਾ ਸੀ ।
ਪੰਡ ਚੁੱਕਦਾ ਕੰਣ ਭਲਾ, ਟੁਰਨੋਂ ਸੀ ਆਰੀ ਉਹ ।
ਆਖਰ ਇਉਂ ਕੁਦਰਤ ਨੇ, ਇਕ ਢੋ ਢੁਕਾਇਆ ਏ ।
ਇਕ ਸਿੱਖ ਚਿਟ-ਕਾਪੜੀਆ, ਦਾੜ੍ਹੀ ਸੂ ਦੁੱਧ ਜਿਹੀ ।
ਉਸ ਬੁੱਢੜੇ ਬਾਬੇ ਵਲ, ਉਹ ਭਜਿਆ ਆਇਆ ਏ ।
ਕੀਤੀ ਹਮਦਰਦੀ ਆ, "ਐਵੇਂ ਨਾ ਝੁਰ ਬਾਬਾ ।
ਮੈਂ ਤੇਰਾ ਪੁੱਤਰ ਹਾਂ" ਕਹਿ ਪੰਡ ਉਠਾ ਲੀਤੀ ।
ਫਿਰ ਬੋਲਿਆ ਬਾਬੇ ਨੂੰ, "ਚਲ ਘਰ ਨੂੰ ਟੁਰ ਬਾਬਾ ।
' ਤੱਕ ਬੁੱਢੜੇ ਮੋਚੀ ਨੇ, ਲੱਖ ਸ਼ੁਕਰ ਮਨਾਇਆ ਏ ।
ਦਿਲ ਦੇ ਵਿੱਚ ਕਹਿੰਦਾ ਏ, "ਇਹ ਬੰਦਾ ਬੰਦਾ ਨਹੀਂ ।
ਇਸ ਆਜਜ਼ ਬੰਦੇ ਲਈ, ਇਹ ਅੱਲਾ ਆਇਆ ਏ ।
" ਅੰਹ ! ਪਾਂਡੀ ਜਾਂਦਾ ਜੇ, ਕਿਹਾ ਸੋਹਣਾ ਲੱਗਦਾ ਏ।
ਭਾਰੀ ਏ ਪੰਡ ਬੜੀ, ਪੈਂਡਾ ਵੀ ਚੋਖਾ ਏ ।
ਪਾਂਡੀ ਦੇ ਪਿੰਡੇ ਚੋਂ, ਪਿਆ ਮੁੜ੍ਹਕਾ ਵਗਦਾ ਏ ।
ਪੁੱਜ ਪਿਆ ਟਿਕਾਣੇ ਤੇ, ਮੋਚੀ ਦੇ ਘਰ ਆਇਆ ।
ਪੰਡ ਸੁਟਕੇ ਮੁੜਿਆ ਜਾਂ, ਜਾਂ ਓਥੋਂ ਤੁਰਨ ਲੱਗਾ ।
ਉਸ ਬੁੱਢੜੇ ਮੋਚੀ ਦਾ, ਦਿਲ ਡਾਢਾ ਭਰ ਆਇਆ ।
ਉਸ ਪਿਆਰੇ ਪਾਂਡੀ ਦੀ, ਉਸ ਸੋਹਣੇ ਪਾਂਡੀ ਦੀ ।
ਉਸ ਕੰਨੀ ਪਕੜ ਲਈ, ਮਨਮੋਹਣੇ ਪਾਂਡੀ ਦੀ ।
ਦਿਲਦਾਰੀ ਇਉਂ ਕੀਤੀ, ਦਿਲ-ਖੋਹਣੇ ਪਾਂਡੀ ਦੀ ।
“ਸਰਦਾਰਾ ! ਜੀਉਂਦਾ ਰਹੁ, ਕੀ ਨਾਂ ਹੈ ਦੱਸ ਤੇਰਾ ।
ਤੂੰ ਮੁੱਲ ਲੈ ਲੀਤਾ ਏ, ਇਸ ਬੁੱਢੜੇ ਮੇਚੀ ਨੂੰ ।
ਕਬਰਾਂ ਵਿੱਚ ਪੈ ਕੇ ਵੀ. ਗਾਵੇਗਾ ਯੱਸ ਤੇਰਾ ।'
ਉਸ ਹੀਰੇ ਪਾਂਡੀ ਨੇ, ਝਟ ਚਾਦਰ ਲਾਹ ਦਿੱਤੀ ।
ਬਰਦੀ ਵੀ ਸ਼ਾਹੀ ਏ, ਸਿਰ ਤੇ ਵੀ ਕਲਗੀ ਏ ।
ਬੁੱਢੜੇ ਦੇ ਦਿਲ ਅੰਦਰ, ਇਕ ਹਲਚਲ ਪਾ ਦਿੱਤੀ ।
ਬਾਬਾ ਮੈਂ ਰਾਜਾ ਹਾਂ, ਨਾ ਹੈ 'ਰਣਜੀਤ' ਮੇਰਾ
ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ ।
ਪਰਜਾ ਲਈ ਜਾਨ ਦਿਆਂ, ਪੇਸ਼ਾ ਹੈ 'ਪ੍ਰੀਤ' ਮੇਰਾ ।
ਕਾਬਲ ਦੀਆਂ ਕੰਧਾਂ ਤਕ, ਮੈਂ ਪਾਉਂਦਾ ਘੂਕਰ ਹਾਂ ।
ਪਰ ਪਿਆਰੇ ਬਾਬਾ ਜੀ, ਪਰਜਾ ਦਾ ਕੂਕਰ ਹਾਂ।