ਹਰੀ ਸਿੰਘ ਨਲੂਏ ਦੀ ਵਾਰ
ਨੋਟ: ਇਹ ਰਚਨਾ ਪ੍ਰੋਫ਼ੈਸਰ ਗੁਰਚਰਨ ਸਿੰਘ ਦੁਆਰਾ ਸੰਪਾਦਿਤ ਕਿਤਾਬ ਤੇ ਨਿਰਧਾਰਤ ਹੈ
ਅਲਫ਼
ਆਫ਼ਰੀਂ ਜੰਮਣਾ ਕਹਿਣ ਸਾਰੇ,
ਹਰੀ ਸਿੰਘ ਦੂਲੇ ਸਰਦਾਰ ਤਾਈਂ ।
ਜਮਾਦਾਰ ਬੇਲੀ ਰਾਜੇ ਸਾਹਿਬ ਕੋਲੋਂ,
ਕੱਦ ਉਚਾ ਬੁਲੰਦ ਸਰਦਾਰ ਤਾਈਂ ।
ਧਨੀ ਤੇਗ਼ ਦਾ ਮਰਦ ਨਸੀਬ ਵਾਲਾ,
ਸਾਇਆ ਉਸ ਦਾ ਕੁਲ ਸੰਸਾਰ ਤਾਈਂ ।
ਕਾਦਰਯਾਰ ਪਹਾੜਾਂ ਨੂੰ ਸੋਧਿਓ ਸੂ,
ਕਾਬਲ ਕੰਬਿਆ ਖ਼ੌਫ਼ ਕੰਧਾਰ ਤਾਈਂ ।1।
ਬੇ
ਬਹੁਤ ਹੋਇਆ ਹਰੀ ਸਿੰਘ ਦੂਲੋ,
ਜਿਹਦਾ ਨਾਮ ਰੌਸ਼ਨ ਦੂਰ ਦੂਰ ਸਾਰੇ ।
ਦਿਲੀ ਦਖਣ ਤੇ ਚੀਨ ਮਾਚੀਨ ਤਾਈਂ,
ਬਾਦਸ਼ਾਹਾਂ ਨੂੰ ਖ਼ੌਫ਼ ਜ਼ਰੂਰ ਸਾਰੇ ।
ਰਾਜਾ ਕਰਣ ਤੇ ਬਿੱਕ੍ਰਮਾਜੀਤ ਵਾਂਗੂੰ
ਹਾਤਮ ਤਾਈ ਵਾਂਗੂੰ ਮਸ਼ਹੂਰ ਸਾਰੇ ।
ਕਾਦਰਯਾਰ ਜਹਾਨ ਤੇ ਨਹੀਂ ਹੋਣੇ,
ਸਖੀ ਉਹ ਬੁਲੰਦ ਹਜ਼ੂਰ ਸਾਰੇ ।੨।
ਤੇ
ਤੇਗ ਮੈਦਾਨ ਵਿਚਬਹੁਤ ਚਲੇ,
ਨਾਲ ਤੇਗ਼ ਦੇ ਰਾਜ ਕਮਾਂਵਦਾ ਏ ।
ਚੜਤਲ ਸ਼ੇਰ ਦੀ ਚੜ੍ਹੇ ਮੈਦਾਨ ਅੰਦਰ,
ਕਿਲ੍ਹੇ ਮਾਰ ਲੈਂਦਾ, ਫਤੇ ਪਾਂਵਦਾ ਏ ।
ਓਦੋਂ ਭਾਜ ਪੈਂਦੀ ਵੱਡੇ ਖੈਹਬਰਾਂ ਨੂੰ,
ਜਦੋਂ ਧਮਕ ਪਸ਼ੌਰ ਨੂੰ ਜਾਂਵਦਾ ਏ ।
ਕਾਦਰਯਾਰ ਕੰਧਾਰੀਆ ਦੋਸਤ ਮੁਹੰਮਦ,
ਡਰਦਾ ਕਾਬਲੋਂ ਉਰ੍ਹਾਂ ਨਾ ਆਂਵਦਾ ਏ ।੩।
ਸੇ
ਸਾਬਤੀ ਦੇ ਨਾਲ ਨਾਲ ਪੁੰਨਾ,
ਹਰੀ ਸਿੰਘ ਦਾ ਦੇਸ ਜਹਾਨ ਵਿਚੋਂ ।
ਚੜ੍ਹੇ ਮਾਹ ਵਿਸਾਖ ਦੇ ਦੇਸਤ ਮੁਹੰਮਦ,
ਫੌਜਾਂ ਸਦ ਲਈਆਂ ਖੁਰਾਸਾਨ ਵਿਚੋਂ ।
ਹਰੀ ਸਿੰਘ ਸਰਦਾਰ ਵਲ ਲਿਖੀ ਅਰਜ਼ੀ,
ਢੁਕੇ ਆਨ ਮੁਦਈ ਦੀ ਰਾਨ ਵਿਚੋਂ ।
ਕਾਦਰਯਾਰ ਗ਼ੁਲਾਮ ਦੀ ਖ਼ਬਰ ਲੈਣਾ,
ਲਸ਼ਕਰ ਭੇਜਨਾ ਸ਼ਹਿਰ ਮੈਦਾਨ ਵਿਚੋਂ ।੪।
ਜੀਮ
ਜੰਗ ਦੀ ਥੇਲੀ ਨਾ ਤੋੜ ਪਹੁੰਚੀ,
ਭਾਵੀ ਰਬ ਦੀ ਨੂੰ ਲਿਖਿਆ ਕੌਣ ਮੋੜੇ ।
ਚੜ੍ਹੇ ਲਖ ਜੁਆਨ ਦੁਰਾਨੀਆਂ ਦੇ,
ਜਿਨ੍ਹਾਂ ਮੋਰਚੇ ਜਾਇ ਜਮਰੌਦ ਜੋੜੇ ।
ਮਹਾਂ ਸਿੰਘ ਪੁਤਰੇਲੇ ਨੂੰ ਘੇਰਿਆ ਨੇ,
ਮਾਰੇ ਤੋਪਾਂ ਦੇ ਕੀਤੇ ਨੇ ਬੁਰਜ ਖੋਰੇ ।
ਕਾਦਰਯਾਰ ਭਰੋਸੇ ਤੇ ਕਾਇਮ ਰਹਿਣਾ,
ਬਾਹਰ ਬਹੁਤ ਲਸ਼ਕਰ ਅੰਦਰ ਹੈਣ ਥੋੜੇ ।੫।
ਹੇ
ਹੁਕਮ ਕੀਤਾ ਹਰੀ ਸਿੰਘ ਦੂਲੇ,
ਘੋੜੇ ਕਾਠੀਆਂ ਜੀਨਾ ਸ਼ਤਾਬ ਪਾਵੋ ।
ਕਿਲ੍ਹਾ ਕਾਇਮ ਕਰ ਕੇ ਬਾਲੇਸਾਰ ਵਾਲਾ,
ਅੰਦਰ ਓਸ ਦੇ ਚੁਕ ਅਸਬਾਬ ਪਾਵੋ ।
ਚਲੋ ਤਰਫ਼ ਜਮਰੌਦ ਦੀ ਜੰਗ ਕਰੀਏ,
ਲੜ ਮਰੋ ਸ਼ਹੀਦੀ ਸਵਾਬ ਪਾਵੋ ।
ਕਾਦਰਯਾਰ ਮੈਂ ਬਖਸ਼ਸਾਂ ਕੈਂਠਿਆਂ ਦੇ,
ਏਥੋ ਲੜੋ ਤੇ ਹੋਰ ਖ਼ਿਤਾਬ ਪਾਵੋ ।੬।
ਖ਼ੇ
ਖ਼ੁਸ਼ੀ ਦੇ ਨਾਲ ਤੰਬੂਰ ਵੱਜਾ,
ਧੌਂਸਾ ਮਾਰ ਸਰਦਾਰ ਤਿਆਰ ਹੋਇਆ ।
ਬਾਹਰ ਬੰਨ੍ਹ ਕੇ ਪੜਤਲ ਦਰਵੇਸ਼ੀਆਂ ਦੀ,
ਅੰਦਰ ਲੈ ਫੌਜਾਂ ਨਮੂਦਾਰ ਹੋਇਆ ।
ਝਟ ਫੌਜ ਤਿਆਰ ਕਰ ਲਈ ਸਾਰੀ,
ਜਦੋਂ ਜੰਗ ਦਾ ਆ ਗ਼ੁਬਾਰ ਹੋਇਆ ।
ਕਾਦਰਯਾਰ ਸਰਦਾਰ ਦੇ ਨਾਲ ਉਥੇ,
ਕਾੲਮ ਆਦਮੀ ਅਠ ਹਜ਼ਾਰਹੋਇਆ ।੭।
ਦਾਲ
ਦੇਸ ਹੈਰਾਨ ਹੋ ਗਿਆ ਕਾਬਲ,
ਸੈਆਂ ਲਸ਼ਕਰਾਂ ਦੇ ਜਥੇ ਆਣ ਲੱਥੇ ।
ਵਾਲੀ ਆਪ ਹੈ ਥੜਿਆਂ ਬਹੁਤਿਆਂ ਦਾ,
ਤੇਗਾਂ ਪਕੜ ਮੈਦਾਨ ਜਵਾਨ ਲੱਥੇ ।
ਹਰੀ ਸਿੰਘ ਸਰਦਾਰ ਦੀ ਫ਼ਤੇ ਪਹਿਲੀ,
ਉਥੇ ਸੈਆਂ ਪਠਾਣਾਂ ਦੇ ਘਾਣ ਲੱਥੇ ।
ਕਾਦਰਯਾਰ ਹਥਿਆਰਾਂ ਦੀ ਬਾਤ ਦੂਜੀ,
ਭੁੱਖੇ ਬਾਜ਼ ਸ਼ਿਕਾਰ ਨੂੰ ਖਾਣ ਲੱਥੇ ।੮।
ਜ਼ਾਲ
ਜ਼ਰਾ ਨਾ ਡੋਲਿਆ ਕੋਈ ਪਾਸਾ
ਤਿੰਨ ਪਹਿਰ ਗੁਜ਼ਰੇ ਓਨ੍ਹਾਂ ਲੜਦਿਆਂ ਨੂੰ ।
ਚੌਥੇ ਪਹਿਰ ਦੁਰਾਨੀਆਂ ਫਤੇ ਪਾਈ,
ਬੰਨ੍ਹਾ ਪਾਇਆ ਮੁਦੱਈਆਂ ਦੇ ਮੁਰਦਿਆਂ ਨੂੰ ।
ਸੋਧੇ ਡਾਹ ਕੇ ਜੇਹਲ ਦੇ ਤੋਪਖਾਨਾ,
ਭੁੱਨ ਸੁਟਿਆ ਨੇ ਸਿਰ-ਕਰਦਿਆਂ ਨੂੰ ।
ਕਾਦਰਯਾਰ ਪਰ ਪੜਤਲ ਨਜ਼ੀਬਾਂ ਵਾਲੀ,
ਮਾਰੀ ਗਈ ਸਰਦਾਰ ਦੇ ਚੜ੍ਹਦਿਆਂ ਨੂੰ ।੯।
ਰੇ
ਰੰਗ ਤਗੱਈਅਰ ਹੋ ਗਿਆ ਓਦੋਂ,
ਪੈਰ ਛਡ ਚਲੇ ਦਿਲੋਂ ਹਾਰ ਕੇ ਜੀ ।
ਪਿਛੇ ਰਹੇ ਸਰਦਾਰ ਦੇ ਚਾਰ ਘੋੜੇ,
ਮੁੜ ਆਇਆ ਜੇ ਫੌਜ਼ਾਂ ਵੰਗਾਰ ਕੇ ਜੀ ।
ਕਿਥੇ ਜਾਓਗੇ ਨਹੀਂ ਲਾਹੌਰ ਨੇੜੇ,
ਏਥੇ ਸਾਸ ਦੇਣੇ ਦਿਲੋਂ ਧਾਰ ਕੇ ਜੀ ।
ਕਾਦਰਯਾਰ ਜਹਾਨ ਤੇ ਨਹੀਂ ਰਹਿਣਾ,
ਸਿੰਘੋ ਮੁੜੋ ਮੁਦੱਈਆਂ ਨੂੰ ਮਾਰ ਕੇ ਜੀ ।੧੦।
ਜ਼ੇ
ਜ਼ੋਰ ਕਰ ਪਰਤੀਆਂ ਫੇਰ ਫ਼ੌਜਾਂ,
ਓਥੇ ਫੇਰ ਵੱਡੇ ਹਥਿਆਰ ਹੋਏ ।
ਸੋਧੇ ਡਾਹਿ ਕੌ ਜੇਹਲ ਦੇ ਤੋਪਖਾਨਾ,
ਸਿੰਘ ਜਾ ਜ਼ਖਮੀ ਦੁਜੀ ਵਾਰ ਹੋਏ ।
ਜਦੋਂ ਆਪ ਸਰਦਾਰ ਤਿਆਰ ਹੋਇਆ,
ਸੱਭੇ ਨਾਲ ਇਸ ਦੇ ਨਮੂਦਾਰ ਹੋਏ ।
ਕਾਦਰਯਾਰ ਸਰਦਾਰ ਵੱਲ ਲਿਖੇ ਅਰਜ਼ੀ,
ਅਸੀਂ ਬਹੁਤ ਹੀ ਆ ਲਾਚਾਰ ਹੋਏ ।੧੧।
ਸੀਨ ਸੀਨੇ ਸਰਦਾਰ ਦੇ ਜ਼ਖਮ ਲਗਾ,
ਭੰਨ ਗਿਆ ਸੂ ਤੀਰ ਸਰੀਰ ਸਾਰਾ ।
ਲੱਕ ਬੰਨ੍ਹ ਕੇ ਘੋੜੇ ਤੇ ਚੀਸ ਵੱਟੀ,
ਅੱਖੀਂ ਚਲ ਪਿਆ ਜਦੋਂ ਨੀਰ ਸਾਰਾ ।
ਘਰ ਬਾਰ ਧੀਆਂ ਪੁੱਤਰ ਯਾਦ ਆਏ,
ਲਗਾ ਸੱਲ ਵਿਛੋੜੇ ਦਾ ਤੀਰ ਭਾਰਾ ।
ਕਾਦਰਯਾਰ ਜਾ ਕਿਲ੍ਹੇ ਬੈਠਾਲਿਓ ਨੇ,
ਸੁਣ ਹੋ ਗਿਆ ਪੰਥ ਦਲਗੀਰ ਸਾਰਾ ।੧੨।
ਸ਼ੀਨ
ਸ਼ਪ ਪਹੁੰਚੇ ਖ਼ਿਦਮਤਗਾਰ ਸਾਰੇ,
ਜਾ ਕੇ ਵੇਖ ਸਰਦਾਰ ਦਾ ਦਿਲ ਮਾਂਦਾ ।
ਖ਼ਿਦਮਤਗਾਰ ਨੂੰ ਕੋਲ ਬਹਾਲਿਆ ਨੇ,
ਦੀਵਾ ਵੱਟੀ ਦਾ ਵਕ਼ਤ ਵਿਹਾ ਜਾਂਦਾ ।
ਕੋਈ ਲਿਆਉ ਗਊ ਮਨਸਾਓ ਮੈਥੋਂ,
ਏਨਾ ਸਾਸਾਂ ਦਾ ਕੀ ਵਸਾਹ ਜਾਂਦਾ ।
ਕਾਦਰਯਾਰ ਨਾ ਮੋਇਆਂ ਦਾ ਨਾਂ ਲੈਣਾ,
ਮਤਾਂ ਦੇਸਤ ਮੁਹੰਮਦ ਆ ਲੁਟ ਪਾਂਦਾ ।੧੩।
ਸਵਾਦ ਸਾਹਿਬ ਬਾਝੋਂ ਨਹੀਂ ਜੇ ਕੋਈ ਬੇਲੀ,
ਏਥੇ ਕੰਮ ਨੇ ਬਹੁਤ ਦਲੇਰੀਆਂ ਦੇ ।
ਹਰੀ ਸਿੰਘ ਸਰਦਾਰ ਲਿਖ ਘਲਿਆ ਸੀ,
ਸੁਣ ਹਾਲ ਹਕੀਕਤਾਂ ਮੇਰੀਆਂ ਦੇ ।
ਤੂੰ ਤਾਂ ਖੁਸ਼ੀ ਮਾਣੇ ਵਿਚ ਲਾਹੌਰ ਦੇ ਜੀ,
ਏਥੇ ਘਾਣ ਲਥੇ ਫ਼ੌਜਾਂ ਤੇਰੀਆਂ ਦੇ ।
ਕਾਦਰਯਾਰ ਮੁਦੱਈ ਪਰ ਆਣ ਢੁੱਕੇ,
ਮੱਲ ਘੜੇਸਾਂ ਆਸਰੇ ਦੇਰੀਆਂ ਦੇ ।੧੪।
ਜ਼ਵਾਦ
ਜ਼ੋਰ ਨਾ ਰੱਬ ਦੇ ਨਾਲ ਚੱਲੇ,
ਝੱਲੇ ਦਰਦ ਸਰਦਾਰ ਨੇ ਸਵਾਸ ਛੱਡੇ ।
ਟਹਿਲ ਵਾਲਿਆਂ ਮਾਰ ਕੇ ਗੁੱਝੀ ਆਹੀਂ,
ਪਿੱਟ ਪਿੱਟ ਕੇ ਹੋਸ਼ ਹਵਾਸ ਛੱਡੇ ।
ਆਈ ਅੰਧ ਗੁਬਾਰ ਦੀ ਰਾਤ ਯਾਰੋ,
ਸਭੋ ਨਾਲ ਉਸਦੇ ਆਪਣੇ ਦਾਸ ਛੱਡੇ ।
ਕਾਦਰਯਾਰ ਸਰਦਾਰ ਨੇ ਆਪ ਉਥੇ,
ਪੜਦੇ ਨਾਲ ਫਰਜ਼ੰਦ ਸਮਝਾਇ ਛੱਡੇ ।੧੫।
ਤੋਇ
ਤੁਰਤ ਸਰਕਾਰ ਵਲ ਖਤ ਲਿਖਿਆ,
ਝੱਬ ਬਹੁੜ ਆ ਕੇ ਬਾਲਾ-ਸਾਰ ਅੰਦਰ ।
ਹਰੀ ਸਿੰਘ ਸਰਦਾਰ ਹੋ ਗਿਆ ਰੁਖਸਤ,
ਅਜੇ ਨਹੀਂ ਕੀਤਾ ਸਸਕਾਰ ਅੰਦਰ ।
ਮਾਲਕ ਹੈਂ ਤਾਂ ਝਬ ਤੂੰ ਬਹੁੜ ਏਥੇ,
ਨਹੀਂ ਤਾਂ ਲੁੱਟ ਪੈਂਦੀ ਬਾਲਾ-ਸਾਰ ਅੰਦਰ ।
ਕਾਦਰਯਾਰ ਅਜ ਖ਼ੌਫ਼ ਜੀਂਵਦੇ ਦਾ,
ਨਹੀ' ਮੋਇਆਂ ਦੀ ਖ਼ਬਰ ਕੰਧਾਰ ਅੰਦਰ ।੧੬।
ਜ਼ੋਇ
ਜ਼ਾਹਰ ਸਰਕਾਰ ਵਲ ਲਿਖੀ ਅਰਜ਼ੀ,
ਚਿੱਠੀ ਮਿਲੀ ਗੁਜਰਾਤ ਦੇ ਆਣ ਡੇਰੇ ।
ਮੁਨਸ਼ੀ ਹਾਲ ਹਕੀਕਤ ਸੁਣਾਇ ਦਿਤੀ,
ਲਿਖਿਆ ਆਇਆ ਈ ਬਾਦਸ਼ਾਹ ਪਾਸ ਤੇਰੇ ।
ਆਪ ਬੈਠਾ ਦੀਵਾਨ ਲਗਾਇਕੇ ਤੂੰ,
ਉਠਿ ਗਿਆ ਈ ਪਾਸੋਂ ਵਜ਼ੀਰ ਤੇਰੇ ।
ਕਾਦਰਯਾਰ ਸਰਕਾਰ ਨੇ ਆਪ ਕਿਹਾ,
ਸਭੋ ਨਾਲ ਹੋਣਾ ਨਮੂਦਾਰ ਮੇਰੇ ।੧੭।
ਐਨ
ਐਨ ਸਰਕਾਰ ਨੇ ਗੱਲ ਸਮਝੀ,
ਰੋ ਰੋ ਕੇ ਨੀਰ ਰਵਾਨ ਹੋਇਆ ।
ਚਲੇ ਦਰਦ ਨਾ ਠਲ੍ਹੀਆਂ ਜਾਣ ਹੰਝੂ,
ਅਜ ਸ਼ਾਹ ਤੇ ਬੜਾ ਤੂਫ਼ਾਨ ਹੋਇਆ ।
ਘਰ ਬੈਠਿਆਂ ਖ਼ਬਰ ਮੈਂ ਪੁੱਛਦਾ ਸਾਂ,
ਕੀ ਕੁਝ ਮੇਰਾ ਨੁਕਸਾਨ ਹੋਇਆ ।
ਕਾਦਰਯਾਰ ਤਕਦੀਰ ਦੀ ਕੇਹੀ ਵਰਤੀ,
ਓਥੇ ਇਕ ਮੇਰਾ ਲੈ ਜਵਾਨ ਹੋਇਆ ।੧੮।
ਗ਼ੈਨ
ਗ਼ਮ ਆ ਏਸ ਦੇ ਨਾਲ ਚੱਲਿਆ,
ਬਾਦਸ਼ਾਹ ਅੱਖੋਂ ਜ਼ਾਰੋ ਜ਼ਾਰ ਝੁਰਨਾ ।
ਬਿਗਲ ਵੱਜਾ ਹੈ ਮੁਲਕ ਪੰਜਾਬ ਅੰਦਰ,
ਦਿਨ ਰਾਤ ਨਾ ਕਿਤੇ ਮੁਕਾਮ ਕਰਨਾ ।
ਸੈਆਂ ਕੋਹਾਂ ਦੀ ਵਾਟ ਨੂੰ ਚੀਰ ਕੇ ਤੇ,
ਬੀੜਾ ਈਨ ਦਾ ਵਿਚ ਮੈਦਾਨ ਧਰਨਾ ।
ਕਾਦਰਯਾਰ ਸਰਕਾਰ ਨੰ ਆਪ ਕਿਹਾ,
ਉਹੋ ਹਟਣ ਤੁਸਾਂ ਨਹੀਂ ਮੂਲ ਹਟਨਾ ।੧੯।
ਫ਼ੇ
ਫ਼ੌਜ ਤਮਾਮ ਪਸ਼ੌਰ ਪਹੁੰਚੀ,
ਜਦੋਂ ਮੋਇਆ ਸੁਣ ਲਿਆ ਸਰਦਾਰ ਉਹਨਾਂ ।
ਬਾਹਾਂ ਵੱਢ ਪਠਾਣ ਜੋ ਖਾਣ ਲੱਗੇ,
ਹੱਥੋਂ ਸੁੱਟ ਘੱਤੇ ਹਥਿਆਰ ਉਹਨਾਂ ।
ਸਾਨੂੰ ਖੌਫ਼ ਰਿਹਾ ਇਸ ਦੇ ਜੀਵਣੇ ਦਾ,
ਜ਼ਰਾ ਭੇਦ ਨਾ ਕਢਿਆ ਬਾਹਰ ਉਹਨਾਂ ।
ਕਾਦਰਯਾਰ ਜੇ ਮੋਏ ਦੀ ਖ਼ਬਰ ਹੁੰਦੀ,
ਬੰਨਾ ਪਾ ਦਿੰਦੇ ਅਟਕੋਂ ਪਾਰ ਉਹਨਾਂ ।੨੦।
ਕਾਫ਼
ਕੁਦਰਤ ਰਬ ਦੀ ਵੇਖ ਭਾਈ,
ਅਟਕ ਅਟਕੀ ਨਾ ਜ਼ਰਾ ਸਰਕਾਰ ਅਗੇ ।
ਖ਼ਵਾਜਾ ਖ਼ਿਜ਼ਰ ਦਾ ਨਾਮ ਧਿਆਇ ਕੇ ਜੀ,
ਘੋੜਾ ਠੇਲ੍ਹ ਦਿਤਾ ਸ਼ਾਹ ਸਵਾਰ ਅਗੇ ।
ਗੋਡੇ ਗੋਡੇ ਦਰਿਆ ਸਭ ਹੋਇਆ ਸੀ,
ਝਟ ਫ਼ੌਜ ਗਈ ਲੰਘ ਪਾਰ ਅੱਗੇ ।
ਕਾਦਰਯਾਰ ਸਰਕਾਰ ਭੀ ਪਾਰ ਲੰਘੀ,
ਚੜ੍ਹਿਆ ਅੱਟਕ ਸੀ ਬੇ-ਸ਼ੁਮਾਰ ਅਗੇ ।੨੧।
ਕਾਫ਼
ਕਈ ਜਹਾਨ ਤੇ ਨਹੀਂ ਹੋਣਾ,
ਹਰੀ ਸਿੰਘ ਜਿਹਾ ਵੱਡੀ ਓਟ ਵਾਲਾ ।
ਪਹਿਲਾਂ ਹੱਥ ਸਰਕਾਰ ਨੂੰ ਦਸਿਆ ਸੂ,
ਕਿਲ੍ਹਾ ਫਤੇ ਕੀਤਾ ਸਿਆਲਕੋਟ ਵਾਲਾ ।
ਦੂਜਾ ਹੱਥ ਸਰਕਾਰ ਨੂੰ ਦਸਿਆ ਸੂ,
ਕਿਲ੍ਹਾ ਮਾਰ ਮੋਇਆ ਜਮਰੌਦ ਵਾਲਾ ।
ਕਾਦਰਯਾਰ ਜਹਾਨ ਤੇ ਨਹੀਂ ਰਹਿਣਾ,
ਲਸ਼ਕਰ ਮਿਲ ਗਿਆ ਜੇ ਮਲਕੁਲ ਮੌਤ ਵਾਲਾ ।੨੨।
ਲਾਮ
ਲਿਆ ਸੀ ਘੇਰ ਦਲੇਰ ਭਾਈ,
ਹਰੀ ਸਿੰਘ ਸਰਦਾਰ ਦੁਰਾਨੀਆਂ ਨੇ ।
ਕਰਦਾ ਕੀ ਜੋ ਫ਼ੌਜ ਨੇ ਹਾਰ ਦਿੱਤੀ,
ਮਾਰੇ ਜਾਣ ਦੀਆਂ ਇਹ ਨਿਸ਼ਾਨੀਆਂ ਨੇ ।
ਉਪਰ ਕਿਲ੍ਹੇ ਜਮਰੌਦ ਦੇ ਮਾਰਿਆ ਸੀ,
ਹਰੀ ਸਿੰਘ ਨੂੰ ਜ਼ੁਲਮ ਦੇ ਬਾਨੀਆਂ ਨੇ ।
ਕਾਦਰਯਾਰ ਮੀਆਂ ਹਰੀ ਸਿੰਘ ਦੀਆਂ,
ਰਹੀਆਂ ਜੱਗ ਦੇ ਵਿਚ ਨਿਸ਼ਾਨੀਆਂ ਨੇ ।੨੩।
ਮੀਮ ਮੁਸ਼ਕਲਾਂ ਮੁਸ਼ਕਲਾਂ ਨਾਲ ਉਹਨਾਂ,
ਹਰੀ ਸਿੰਘ ਸਰਦਾਰ ਨੂੰ ਮਾਰਿਆ ਸੀ ।
ਨਹੀਂ ਤਾਂ ਕਈ ਹਜ਼ਾਰ ਦੁਰਾਨੀਆਂ ਨੂੰ,
ਘੇਰ ਘਾਰ ਕੇ ਉਸ ਪਛਾੜਿਆ ਸੀ ।
ਜੋ ਕੋਈ ਹੋਇਆ ਮੁਕਾਬਲੇ ਉਸ ਦੇ ਸੀ,
ਓੜਕ ਵਿਚ ਮੈਦਾਨ ਦੇ ਹਾਰਿਆ ਸੀ ।
ਕਾਦਰਯਾਰ ਸਰਦਾਰ ਨੂੰ ਹੋਈ ਖ਼ਬਰ,
ਜਦੋਂ ਅਜ਼ਲ ਨੇ ਆਣ ਪੁਕਾਰਿਆ ਸੀ ।੨੪।
ਨੂੰਨ
ਨਾਮ ਸੁਣ ਓਸ ਦਾ ਕਾਲ ਸੰਦਾ,
ਸਰਕਾਰ ਗਮਗੀਨ ਨਿਢਾਲ ਹੋਈ ।
ਕਹਿੰਦਾ ਐਸੇ ਸਰਦਾਰ ਦਲੇਰ ਵਾਲੀ,
ਲੋਥ ਖ਼ਾਕ ਦੇ ਵਿਚ ਪਾਮਾਲ ਹੋਈ ।
ਓਸੇ ਵਕਤ ਸਰਕਾਰ ਤਿਆਰ ਹੋ ਕੇ,
ਦਖ਼ਲ ਕਿਲ੍ਹੇ ਉਤੇ ਚਾਲੋ ਚਾਲ ਹੋਈ ।
ਕਾਦਰਯਾਰ ਮੀਆਂ ਉਸ ਨੂੰ ਵੇਖ ਕੇ ਤੇ,
ਗ਼ਮ ਖਾਇ ਕੇ ਬਹੁਤ ਬੇਹਾਲ ਹੋਈ ।੨੫।
ਵਾਓ
ਵਿਚ ਸਭ ਫ਼ੌਜ ਦੇ ਉਸ ਵੇਲੇ,
ਮਹਾਰਾਜ ਨੇ ਕੀਤਾ ਫ਼ਰਮਾਨ ਲੋਕੋ ।
ਕਮਰਾਂ ਖੋਲ੍ਹ ਥੋਫ਼ਿਕਰ ਹੋ ਜਾਓ ਸਾਰੇ,
ਕਰੋ ਜੰਗ ਦਾ ਨਾ ਸਾਮਾਨ ਲੋਕੋ ।
ਦਿਤੇ ਭੇਜ ਵਕੀਲ ਅਸੀਲ ਸੱਭੇ
ਕਾਰਣ ਰੋਕਣੇ ਮਿਲੇ ਪਠਾਣ ਲੋਕੋ ।
ਕਾਦਰਯਾਰ ਸਭ ਸੁਲਾਹ ਤੇ ਹੋਈ ਰਾਜ਼ੀ,
ਓਸੇ ਗਲ ਤੇ ਅਮਲ ਕਰਾਣ ਲੋਕੋ ।੨੬।
ਹੇ
ਹੋਯਾ ਸੀ ਕੌਲ ਕਰਾਰ ਇਹੋ,
ਕਰੇ ਹੁਕਮ ਸਰਕਾਰ ਪਸ਼ੌਰ ਅੰਦਰ ।
ਅਤੇ ਦੇਸਤ ਮੁਹੰਮਦ ਰਹੇ ਕਾਇਮ,
ਸਦਾ ਆਪਣੀ ਰਈਅਤ ਦੀ ਗੌਰ ਅੰਦਰ ।
ਗ਼ਜ਼ਨੀ ਚੀਨ ਮਚੀਨ ਤੇ ਅਰਬ ਕਾਬਲ,
ਭਾਵੇਂ ਰਹੇ ਕੰਧਾਰ ਦੀ ਠੌਰ ਅੰਦਰ ।
ਕਾਦਰਯਾਰ ਸਰਕਾਰ ਦੇ ਰਹਿਣ ਸੰਦੀ,
ਜਗ੍ਹਾ ਚੰਗੀ ਹੈ ਸ਼ਹਿਰ ਲਹੌਰ ਅੰਦਰ ।੨੭।
ਲਾਮ ਲੋਕਾਂ ਪਠਾਣਾਂ ਨੂੰ ਖ਼ਬਰ ਨਾ ਸੀ,
ਹਰੀ ਸਿੰਘ ਮੈਦਾਨ ਵਿਚ ਮਰ ਗਿਆ ।
ਏਸੇ ਵਾਸਤੇ ਦੋਸਤ ਮੁਹੰਮਦ ਜੇਹਾ,
ਸੁਲਾਹ ਨਾਲ ਵਕੀਲਾਂ ਸੀ ਕਰ ਗਿਆ ।
ਹਰੀ ਸਿੰਘ ਸਰਦਾਰ ਦੀ ਧਮਕ ਭਾਰੀ,
ਉਹਦੇ ਜੰਗ ਤੋਂ ਤੰਗ ਹੋ ਡਰ ਗਿਆ ।
ਕਾਦਰਯਾਰ ਮੀਆਂ ਜਾਣੇ ਖ਼ਲਕ ਸਾਰੀ,
ਹਰੀ ਸਿੰਘ ਪਸ਼ੌਰ ਵਿਚ ਲੜ ਗਿਆ ।੨੮।
ਅਲਫ਼
ਆਪਣੇ ਕੌਲ ਤੇ ਰਹਿਣ ਸਾਬਤ,
ਜਿਨ੍ਹਾਂ ਲੋਕਾਂ ਨੂੰ ਰਬ ਵਡਿਆਂਵਦਾ ਈ ।
ਉਧਰ ਦੋਸਤ ਮੁਹੰਮਦ ਵੀ ਪਰਤ ਆਇਆ,
ਤੇ ਰਣਜੀਤ ਸਿੰਘ ਕਿਲ੍ਹੇ ਵਿਚ ਜਾਂਵਦਾ ਈ ।
ਅਤੇ ਚੰਦਨ ਚਿੱਖਾ ਬਣਾਇਕੇ ਜੀ,
ਹਰੀ ਸਿੰਘ ਸਸਕਾਰ ਕਰਾਂਵਦਾ ਈ ।
ਕਾਦਰਯਾਰ ਲਗਾ ਕੇ ਬਹੁਤ ਦੌਲਤ,
ਵੱਡੀ ਉੱਚੀ ਸਮਾਧ ਬਣਾਂਵਦਾ ਈ ।੨੯।
ਯੇ
ਯਾਦ ਕਰ ਕੇ ਗੁਰੂ ਆਪਣੇ ਨੂੰ,
ਸਰਕਾਰ ਮੁੜ ਪਰਤ ਕੇ ਆਂਵਦੀ ਏ ।
ਉਪਰ ਕਿਲ੍ਹੇ ਜਮਰੌਦ ਦੇ ਖ਼ੂਬ ਪਹਿਰਾ,
ਹੱਥੀਂ ਆਪਣੀ ਚਾ ਬਹਾਂਵਦੀ ਏ ।
ਅਤੇ ਆਪ ਪਸ਼ੌਰ ਵਲ ਜਾਇ ਕੇ ਜੀ,
ਆਪਣਾ ਤਖ਼ਤ ਤਸੱਲਤ ਜਮਾਂਵਦੀ ਏ ।
ਕਾਦਰਯਾਰ ਮੀਆਂ ਹਰੀ ਸਿੰਘ ਸੰਦਾ,
ਸਾਰੀ ਖਲਕ ਪਈ ਗੁਣ ਗਾਂਵਦੀ ਏ ।੩੦।