ਵੀਹ ਦਿਨ ਹੋਰ ਜਿਊਣਾ...!
(ਚਰਨਜੀਤ ਸਿੰਘ ਤੇਜਾ)
ਬੰਦ ਹੋ ਚੁਕੇ ਮਾਡਲ ਦੀ ਕਾਰ ਦਾ ਇਕ ਪੁਰਜ਼ਾ ਲੱਭਦਿਆਂ ਆਖਰ ਨੂੰ ਲੁਧਿਆਣੇ ਗਿੱਲ ਰੋਡ ‘ਤੇ ਜਾਣਾ ਹੀ ਪਿਆ। ਕਿਸੇ ਨੇ ਦੱਸ ਪਾਈ ਕਿ “ਸ਼ੇਖੂਪੁਰੀਏ ਖਰਾਦੀਆਂ ਦੀ ਦੁਕਾਨ ਆ, ਜਿੱਦਾਂ ਦਾ ਪੁਰਜ਼ਾ ਚਾਹੀਦਾ ਉਦਾਂ ਦਾ ਬਣਾਅ ਦੇਣਗੇ”। ਦੁਕਾਨ ‘ਤੇ ਬੈਠੇ ਖੁਸ਼ਕ-ਮਿਜ਼ਾਜ ਜਿਹੇ ਸਰਦਾਰ ਨੇ ਮੁੰਡੇ ਨੂੰ ਅਵਾਜ਼ ਮਾਰ ਕੇ ਕਾਰ ਦਾ ਕੰਡਮ ਹੋਇਆ ਪੁਰਜ਼ਾ ਮੇਰੇ ਹੱਥੋਂ ਫੜ ਉਸ ਨੂੰ ਫੜਾਅ ਦਿਤਾ। ਮੁੰਡਾ ਦੁਕਾਨ ਅੰਦਰ ਲੱਗੀ ਪੌੜੀ ਚੜ੍ਹ ਗਿਆ। ਕਾਉਂਟਰ ਸਾਹਮਣੇ ਫੱਟੇ ‘ਤੇ ਬੈਠਿਆਂ ਧਿਆਨ ਸਰਦਾਰ ਦੇ ਪਿਛੇ ਲੱਗੀ ਫੋਟੋ ਨੇ ਖਿੱਚਿਆ : ਪਾਸਪੋਰਟ ਸਾਈਜ਼ ਤੋਂ ਵੱਡੀ ਕੀਤੀ ਤਸਵੀਰ ਵਿੱਚ ਇਕ ਦਰਸ਼ਨੀ ਸਿੱਖ ਦਾ ਗੰਭੀਰ ਚਿਹਰਾ ਸੀ, ਥੱਲੇ ਲਿਖਿਆ ਸੀ 1.1.1930 ਤੋਂ 10.12.2010. ਉਝ ਮੇਰਾ ਹਿਸਾਬ ਕਿਤਾਬ ਬਹੁਤ ਕਮਜ਼ੋਰ ਹੈ ਪਰ ਪੁਰਜ਼ੇ ਦੀ ਉਡੀਕ ‘ਚ ਬੈਠਿਆਂ ਦੁਵੱਲੀ ਚੁੱਪ ਤੋੜਨ ਲਈ ਮੈਂ ਤਰੀਕ ਦਾ ਮੋਟਾ ਜਿਹਾ ਹਿਸਾਬ ਲਾ ਕੇ ਕਿਹਾ “ਜੇ ਤ੍ਹਾਡੇ ਬਜ਼ੁਰਗ 20 ਦਿਨ ਹੋਰ ਜਿਉਂਦੇ ਰਹਿੰਦੇ ਤਾਂ ਇਨ੍ਹਾਂ ਪੂਰੇ 80 ਸਾਲਾਂ ਦੇ ਹੋ ਜਾਣਾ ਸੀ।”
ਮੇਰੀ ਆਸ ਦੇ ਉਲਟ ਚੁੱਪ ਹੋਰ ਡੂੰਘੀ ਹੋ ਗਈ। ਜਦੋਂ ਮੈਂ ਸਰਦਾਰ ਦੇ ਬੋਲਣ ਦੀ ਆਸ ਲਾਹ ਕੇ ਜੇਬ ‘ਚੋਂ ਮੋਬਾਇਲ ਕੱਢ ਕੇ ਸਕ੍ਰੀਨ ‘ਤੇ ਹੱਥ ਮਾਰਨੇ ਸੁਰੂ ਕੀਤੇ ਤਾਂ ਸਰਦਾਰ ਹੁਰੀਂ ਲੰਮਾ ਸਾਹ ਲੈ ਕੇ ਬੋਲੇ, “ਕੀ ਕਰਦੇ 20 ਦਿਨ ਹੋਰ ਅਣ-ਕੀਤੇ ਗੁਨਾਹ ਦੀ ਸਜ਼ਾ ਭੁਗਤ ਕੇ?” ਤਸਵੀਰ ਤੋਂ ਉਹ ਬਿਮਾਰ ਨਹੀਂ ਲੱਗਦੇ ਸੀ, ਸੋ ਮੈਂ ਪੁਛਿਆ ਕਿ, “ਬਿਮਾਰ ਤਾਂ ਨਹੀਂ ਲੱਗਦੇ, ਕੀ ਪ੍ਰੌਬਲਮ ਸੀ?”
ਸਰਦਾਰ ਨੇ ਕੁਰਸੀ ਨਾਲੋਂ ਢੋਅ ਲਾਹ ਲਈ, ਕਾਉਂਟਰ ‘ਤੇ ਉਲਰ ਗਿਆ ਤੇ ਅੱਖਾਂ ਮੀਚ ਪੌਣੀ ਸਦੀ ਪਿਛੇ ਜਾ ਪਹੁੰਚਿਆ। “ਬਾਪੂ ਸਨਮੁਖ ਸਿੰਘ ਵੰਡ ਵੇਲੇ 17 ਸਾਲਾਂ ਦਾ ਸੀ। ਇਹ ਬਾਰ ‘ਚ ਈ ਜੰਮੇ ਸੀ, ਖਾਣ ਪੀਣ ਹੰਢਾਉਣ ਨੂੰ ਖੁੱਲ੍ਹਾ। ਕੱਦ ਸਵਾ ਛੇ ਫ਼ੁੱਟ, ਕੰਮ ਕਾਰ ਨੂੰ ਮਰਦੇ ਦਮ ਤਕ ਬਹੁਤ ਉੱਦਮੀ ਸੀ। ਮੇਰੇ ਦਾਦੇ ਦੀ ਪਹਿਲੀ ਔਲਾਦ ਸੀ। ਬਾਪੂ ਤੋਂ ਦੋ ਸਾਲ ਪਿਛੋਂ ਇਕ ਕੁੜੀ ਹੋਈ, ਉਹਦੇ ਜਮਾਂਦਰੂ ਹੱਥ ਪੈਰ ਵਿੰਗੇ ਸੀ, ਤੁਰਨ ਫਿਰਨ ਤੋਂ ਆਰੀ ਸੀ। ਦਾਦਾ ਜੀ ਦੱਸਦੇ ਹੁੰਦੇ ਸੀ ਕਿ, ‘ਇਹਨੇ (ਸਨਮੁਖ ਨੇ) ਨਿੱਕੇ ਜਿਹੇ ਨੇ ਉਹਨੂੰ ਆਪਣੀ ਕੰਡ ‘ਤੇ ਚੁੱਕ ਅੰਦਰ ਬਾਹਰ ਲਈ ਫਿਰਨਾ। ਕਦੇ ਲੈ ਕੇ ਚੁਬਾਰੇ ਚੜ੍ਹ ਗਿਆ, ਕਦੇ ਮੋਢੇ ਲਾ ਖੇਤਾਂ ਨੂੰ ਲੈ ਗਿਆ। ਖਵਨੀ ਮਾਂ ਜਾਈ ਦਾ ਉਂਝ ਮੋਹ ਸੀ ਜਾਂ ਉਹਦੇ ਆਰੀ ਹੋਣ ਕਰਕੇ- ਉਹਦਾ ਬਹੁਤਾ ਕਰਦਾ ਸੀ।’ ਪਰ ਜਿਵੇਂ ਦੱਸਦੇ ਸੀ, ਟੱਬਰ ਵਿਚ ਕਿਸੇ ਨੂੰ ਕਦੇ ਮਹਿਸੂਸ ਨਹੀਂ ਹੋਇਆ ਸੀ ਕਿ ਕੁੜੀ ਅਪਾਹਜ ਹੈ। ਦੋਵ੍ਹੇਂ ਭੈਣ ਭਰਾ ਇਕ ਦੂਜੇ ਤੋਂ ਵਾਰੇ ਵਾਰੇ ਜਾਂਦੇ, ਹੱਸਦੇ ਖੇਡਦੇ, ਰੌਣਕ ਲੱਗੀ ਰਹਿੰਦੀ।
ਸਾਡਾ ਪਿੰਡ ਜੰਡਿਆਲਾ ਸ਼ੇਰ ਖਾਂ ਦੇ ਕੋਲ ਸੀ, ਸਿੱਖਾਂ ਦੇ ਥੋੜੇ੍ਹ ਘਰ ਸੀ ਪਰ ਜਿੰਨੇ ਸੀ ਸਾਰੇ ਤਕੜੇ, ਚੰਗੀਆਂ ਜ਼ਮੀਨਾਂ ਵਾਲੇ। ਸੁਣਦੇ ਸੀ ਕਿ ਇਨ੍ਹਾਂ ਨੂੰ ਨਹਿਰੂ ਹੁਰਾਂ ਯਕੀਨ ਦਵਾਇਆ ਸੀ ਕਿ ‘ਲਕੀਰ ਖਿੱਚਣ ਵਾਲਾ ਕਮੀਸ਼ਨ ਨਨਕਾਣਾ ਸਾਹਬ ਤੋਂ ਸ਼ੇਖੂਪੁਰਾ ਜ਼ਿਲ੍ਹਾ ਅਤੇ ਪਰ੍ਹੇ ਸਾਂਗਲਾ ਹਿੱਲ ਤੱਕ ਸਿੱਖਾਂ ਨੂੰ ਨਹੀਂ ਉਠਾਲੇਗਾ’। ਕਮੀਸ਼ਨ ਦਾ ਫ਼ੈਸਲਾ ਉਡੀਕਦੇ 15 ਅਗਸਤ ਤਕ ਪਿੰਡ ਹੀ ਬੈਠੇ ਰਹੇ, ਫੇਰ ਹੱਲੇ ਹੋਣ ਲੱਗੇ। ਕੁਝ ਹੱਲਿਆਂ ਦਾ ਮੋੜਵਾਂ ਜੁਆਬ ਵੀ ਦਿੱਤਾ ਤੇ ਕਹਿੰਦੇ ਇਲਾਕੇ ਦੇ ਮੁਸਲਮਾਨ ਚੌਧਰੀ ਦੇ ਪੁੱਤ ਦੀ ਲਾਸ਼ ਵੀ ਸਾਡੇ ਪਿੰਡੋਂ ਲੱਭੀ। ਚੌਧਰੀ ਨੇ ਸਾਰੇ ਇਲਾਕੇ ਦੇ ਮੁਸਲਮਾਨ ਫੌਜੀਆਂ ਤੇ ਗੁੰਡਿਆਂ ਨੂੰ ਆਪਣੇ ਪੁੱਤ ਦਾ ਵਾਸਤਾ ਪਾ ਕੇ ਕਿਹਾ ਕਿ ‘ਏਸ ਪਿੰਡੋਂ ਕੋਈ ਸਿੱਖ ਬਚ ਕੇ ਨਾ ਜਾਵੇ’। ਸਾਡੇ ਬਜੁਰਗਾਂ ਨੂੰ ਹਮਲੇ ਦੀ ਖ਼ਬਰ ਮਿਲ ਗਈ ਪਰ ਬਚ ਨਿਕਲਣ ਦਾ ਕੋਈ ਹੀਲਾ ਨਾ ਬਣੇ। ਬਹੁਤਿਆਂ ਘਰਾਂ ਨੇ ਆਪਣੇ ਬੱਚੇ ਤੇ ਜਨਾਨੀਆਂ ਪਹਿਲਾਂ ਈ ਰਿਸ਼ਤੇਦਾਰੀਆਂ ‘ਚ ਭੇਜ ਦਿਤੀਆਂ ਸੀ ਪਰ ਅਜੇ ਵੀ ਪਿੰਡ ‘ਚ ਕਈ ਜਵਾਨ ਨੂੰਹਾਂ ਤੇ ਧੀਆਂ ਸਨ।
ਸਾਡਾ ਦਾਦਾ ਸੇਵਾ ਸਿੰਘ ਵੀ ਗੁਰਦਵਾਰੇ ਹੋਏ ਉਸ ਇਕੱਠ ‘ਚ ਸੀ ਜਿਥੇ ਇਹ ਫ਼ੈਸਲਾ ਹੋਇਆ ਕਿ ਹੋਰਨਾਂ ਪਿੰਡਾਂ ਵਾਂਗ ਜਵਾਨ ਨੂੰਹਾਂ ਧੀਆਂ ਆਪਣੀ ਪੱਤ ਬਚਾਉਣ ਲਈ ਖੂਹੀਂ ਛਾਲਾਂ ਮਾਰ ਡੁੱਬ ਮਰਨ ਤੇ ਬੰਦੇ ਕਾਫ਼ਲਾ ਬਣਾਅ ਕੇ ਬਿਨਾ ਦੇਰੀ ਪਿੰਡ ਛੱਡਣ। ਸੁਨੇਹਾ ਮਿਲਣ ਤੇ ਪਿੰਡ ਦੀਆਂ ਬੀਬੀਆਂ ਆਪ ਚੱਲ ਕੇ ਗੁਰਦਵਾਰੇ ਕੋਲ ਖੂਹੀ ‘ਤੇ ਪਹੁੰਚੀਆਂ ਤੇ ਗੁਰਾਂ ਨੂੰ ਧਿਆਅ ਕੇ ਆਪਣੇ ਕੋੜਮੇ ਦੀ ਸੁੱਖ ਮੰਗਦੀਆਂ ਨੇ ਖੂਹਾਂ ‘ਚ ਛਾਲਾਂ ਮਾਰ ਦਿਤੀਆਂ। ਬਾਬਾ ਸੇਵਾ ਸਿੰਘ ਜਦੋਂ ਘਰ ਆਇਆ ਤਾਂ ਅੰਗਾਂ ਪੈਰਾਂ ਤੋਂ ਆਰੀ ਆਪਣੀ ਧੀ ਵੇਖ ਗੁੰਮ ਹੋ ਗਿਆ। ਬੀਬੀ ਨੇ ਪੁੱਛਿਆ ਤਾਂ ਗੁਰਦਵਾਰੇ ਹੋਏ ਫ਼ੈਸਲੇ ਦੀ ਗੱਲ ਦੱਸੀ ਤੇ ਨਾਲੇ ਕੀਮਤੀ ਸਮਾਨ ਪੱਲੇ ਬੰਨ੍ਹਣ ਲਈ ਕਿਹਾ। ਸਨਮੁਖ ਸਿੰਘ ਨੇ ਵੀ ਸੁਣ ਲਿਆ ਤੇ ਵਿਹੜੇ ‘ਚ ਡੱਠੇ ਮੰਜੇ ‘ਤੇ ਪਈ ਆਪਣੀ ਸਭ ਤੋਂ ਕੀਮਤੀ ਸ਼ੈਅ ਨੂੰ ਝੋਲੀ ‘ਚ ਪਾ ਕੰਧਾੜੇ ਚੁੱਕਣ ਲੱਗਾ। ਬਾਪੂ ਨੇ ਭਾਰੇ ਮਨ ਨਾਲ ਜਵਾਨ ਪੁੱਤ ਨੂੰ ਕਿਹਾ ਕਿ ‘ਸਾਡੇ ਜਿਉਂਦੇ ਬਚਣ ਦਾ ਕੋਈ ਲੱਲ ਨਹੀਂ ਬਚਿਆ, ਹੋ ਸਕਦਾ ਅਸੀਂ ਜੰਡਿਆਲੇ ਵੀ ਨਾ ਪਹੁੰਚੀਏ, ਇਸ ਵਿਚਾਰੀ ਨੂੰ ਕਿਉਂ ਦਰਿੰਦਿਆਂ ਦੇ ਨੋਚਣ ਨੂੰ ਨਾਲ ਚੁੱਕ ਲਿਆ ਈ?’
ਸਨਮੁਖ ਸਿੰਘ ਨੇ ਭੈਣ ਲਈ ਆਪਾ ਵਾਰਨ ਦੀ ਗੱਲ ਕਈ ਵਾਰ ਦੁਹਰਾਈ ਪਰ ਬਾਪ ਨੇ ਵੀ ਓਨੀ ਵਾਰ ਸਮਝਾਇਆ ਕਿ ਆਪਾ ਵਾਰ ਕੇ ਵੀ ਅਸੀਂ ਇਸਨੂੰ ਬਚਾਅ ਨਹੀਂ ਸਕਣਾ। ਫਿਰ ਉਸ ਪਿਆਰੀ ਭੈਣ ਨੇ ਵੀਰ ਦੀ ਸੁੱਖ ਮੰਗੀ ਤੇ ਉਸਦੀ ਜਾਨ ਦਾ ਵਾਸਤਾ ਪਾ ਕਿ ਕਿਹਾ, ‘ਵੀਰਾ, ਮੈਨੂੰ ਵੀ ਪਿੰਡ ਦੀਆਂ ਹੋਰਨਾਂ ਭੈਣਾਂ ਵਾਂਗ ਖੂਹ ‘ਚ ਸੁੱਟ ਆ। ਜੇ ਮੈਂ ਆਪ ਜਾਣ ਜੋਗੀ ਹੁੰਦੀ ਤੇ ਸਭ ਤੋਂ ਪਹਿਲਾਂ ਮੈਂ ਖੂਹੇ ‘ਤੇ ਜਾਂਦੀ । ਮੇਰਾ ਵੀਰ ਸਲਾਮਤ ਰਹੇ, ਮੈਂ ਤੇ ਇਹੋ ਜਿਹੀ ਜਿੰਦਗੀ ਵੀਰੇ ਬਿਨਾਂ ਕਰਨੀ ਵੀ ਕੀ ਆ, ਜਿਵੇਂ ਭਾਪਾ ਜੀ ਕਹਿੰਦੇ ਉਵੇਂ ਕਰ।’ ਮੋਢੇ ਪਾਈ ਝੋਲੀ ਦੀ ਪਕੜ ਢਿੱਲੀ ਹੋ ਗਈ ਤੇ 17 ਸਾਲ ਦਾ ਗੱਭਰੂ ਸਨਮੁਖ ਸਿੰਘ ਭੋਇਂ ‘ਤੇ ਬਹਿ ਗਿਆ। ਬਾਪ ਨੇ ਫਿਸੇ ਜਿਹੇ ਬੋਲਾਂ ਨਾਲ ਕਿਹਾ, ‘ਪੁੱਤਰਾ, ਇਹ ਬਹਿਣ ਦਾ ਵੇਲਾ ਨਹੀਂ, ਪਿੰਡ ਤਾਂ ਜੰਡਿਆਲੇ ਨੂੰ ਨਿਕਲ ਤੁਰਿਐ’। ਫੇਰ ਚੱਕੀ ਦੇ ਪੁੜਾਂ ਕੋਲ ਪਏ ਪੱਥਰ ਵੱਲ ਇਸ਼ਾਰਾ ਕਰ ਕਹਿਣ ਲੱਗਾ, ‘ਅੱਖਾਂ ਮੀਚ ਕੇ ਇਹਦਾ ਗੁੱਡੀ ਦੇ ਸਿਰ ‘ਤੇ ਇਕ ਵਾਰ ਕਰ, ਤੇ ਚੱਲੀਏ’। ਡਾਢਾ ਰੱਬ ਕਈ ਵਾਰ ਸਮਾਂ ਐਸਾ ਬਣਾਅ ਦਿੰਦੈ ਮੋਹ ਤੋੜਨੇ ਪੈਂਦੇ ਨੇ, ਉਹ ਆਪਣੇ ਮੰਨਣ ਵਾਲਿਆਂ ਦੇ ਇਮਤਿਹਾਨ ਲੈਂਦੈ। ਭੈਣ ਨੇ ਵੀ ਵੀਰ ਦੇ ਪਜਾਮੇ ਦਾ ਪਹੁੰਚਾ ਫੜ ਹਲੂਣਿਆ, ‘ਮੇਰਿਆ ਸੋਹਣਿਆ ਵੀਰਾ, ਦੇਰ ਨਾ ਕਰ, ਮੈਂ ਸਦਾ ਤੇਰੇ ਨਾਲ ਈ ਰਹਿਣਾ। ਵੇਖੀ ਤੂੰ, ਇਕ ਪਲ ਨਹੀਂ ਦੂਰ ਜਾਣਾ ਤੇਰੇ ਤੋਂ, ਮੈਨੂੰ ਏਸ ਟੁੱਟੀ ਭੱਜੀ ਜਿਹੀ ਦੇਹ ਤੋਂ ਅਜ਼ਾਦ ਕਰ ਦੇ, ਵੀਰਾ’। ਨਿੱਕੜੀ ਭੈਣ ਦਿਆਂ ਬੋਲਾਂ ਨੇ ਏਨੀ ਕੁ ਤਾਕਤ ਦੇ ਦਿੱਤੀ ਕਿ ਭਿੱਜੀਆਂ ਅੱਖਾਂ, ਮਰੇ ਮਨ ਤੇ ਰੁੱਸੇ ਵਜੂਦ ਨਾਲ ਸਨਮੁਖ ਨੇ ਪੱਥਰ ਚੁੱਕ ਲਿਆ। ਅੱਥਰੂਆਂ ਨੇ ਅੱਖਾਂ ‘ਚ ਭੱਬੂਤਾਰੇ ਲਿਆਂਦੇ ਹੋਏ ਸੀ, ਕੰਬਦੇ ਹੱਥਾਂ ਨੇ ਜਦੋਂ ਪੱਥਰ ਭੈਣ ਦੇ ਸਿਰ ਵੱਲ ਸੁੱਟਿਆ ਤਾਂ ਸਿਰ ਦਾ ਇਕ ਪਾਸਾ ਖੁੱਲ੍ਹ ਗਿਆ। ਸਨਮੁਖ ਦਿਆਂ ਕੰਨਾਂ ‘ਚ ਬੀਂਡੇ ਬੋਲ ਰਹੇ ਸੀ। ਧਰਤ-ਅਸਮਾਨ ਪਲਟ ਗਏ, ਹੇਠਲੀ ਉੱਤੇ ਆ ਗਈ , ਵਰਾਂਡੇ ਦੇ ਥਮਲੇ ਨਾਲ ਜਾ ਢਾਸਣਾ ਲਾਇਆ। ਜਦੋਂ ਖੋਪੜ ‘ਚ ਪੈ ਰਿਹਾ ਚੀਕ ਚਿਹਾੜਾ ਰਤਾ ਸ਼ਾਂਤ ਹੋਇਆ, ਅੱਖਾਂ ਸਾਫ਼ ਹੋਈਆਂ ਤਾਂ ਭੋਇੰ ਵੱਲ ਵੇਖਿਆ- ਭੈਣ ਦੇ ਚਿਹਰੇ ‘ਤੇ ਇਕ ਨਿੰਮੀ ਜਿਹੀ ਮੁਸਕਰਾਹਟ ਸੀ। ਮੱਥੇ ਵੱਲ ਉਂਗਲ ਕਰ ਤਰਲਾ ਜਿਹਾ ਲੈ ਕੇ ਬੋਲੀ, ‘ਵੀਰੇ, ਇਕ ਵਾਰੀ ਹੋਰ’।
ਕਹਾਣੀ ਸੁਣਾਉਂਦੇ ਸਰਦਾਰ ਦੀ ਭੁੱਬ ਨਿਕਲ ਗਈ । ਮੈਂ ਆਪ ਮੁਹਾਰਾ ਉੱਠ ਕੇ ਦੁਕਾਨ ਤੋਂ ਬਾਹਰ ਹੋ ਗਿਆ, ਗੱਡੀ ‘ਚ ਬਹਿ ਕੇ ਅੱਥਰੂ ਪੂੰਝੇ। ਜਦੋਂ ਮੁੜਿਆ ਤੇ ਸਰਦਾਰ ਜੀ ਵੀ ਆਪਣਾ ਆਪ ਸੰਭਲ ਗਏ ਸਨ। ਮੈਥੋਂ ਇਹ ਪੁੱਛਿਆ ਨਾ ਗਿਆ ਕਿ ਫੇਰ ਦੂਜੀ ਵਾਰ ਪੱਥਰ ਕਿਸ ਨੇ ਮਾਰਿਆ? ਦੁਕਾਨ ਵਾਲਾ ਮੁੰਡਾ ਪੁਰਜਾ ਵੀ ਲੱਭ ਲਿਆਇਆ ਤੇ ਸਰਦਾਰ ਹੁਣਾਂ ਚਾਹ ਫੜਨ ਲਈ ਵੀ ਕਹਿ ਦਿਤਾ। ਬੜਾ ਜੇਰਾ ਕਰ ਕੇ ਮੈਂ ਪੁਛਿਆ, “ਫੇਰ ਇਧਰ ਆ ਗਿਆ ਬਚ ਕੇ ਬਾਕੀ ਟੱਬਰ?” ਤਾਂ ਸਰਦਾਰ ਕਹਿੰਦਾ, ਕਿ “ਅੱਧੇ ਕੁ ਈ ਆਏ, ਕੋਈ ਪੂਰਾ ਨਹੀਂ ਪਹੁੰਚਿਆ ਏਧਰ। ਬਾਬਾ ਜੀ ਨੂੰ ਮਜਬੂਰੀ ਵੱਸ ਸਾਡੀ ਦਾਦੀ ਨੂੰ ਵੀ ਰਾਹ ‘ਚ ਕਤਲ ਕਰਨਾ ਪਿਆ.. ਬਾਪੂ, ਸਨਮੁਖ ਸਿੰਘ, ਏਧਰ ਆ ਕੇ 63 ਸਾਲ ਜੀਵਿਆ, ਪਰ ਕਦੇ ਕਿਸੇ ਨੇ ਬੋਲਦਾ ਨਹੀਂ ਸੁਣਿਆ। ਵਿਆਹ ਹੋਇਆ, ਅਸੀਂ ਤਿੰਨ ਭਰਾ ਹੋਏ। ਇਨ੍ਹਾਂ ਸੱਠਾਂ ਸਾਲਾਂ ‘ਚ ਕਈ ਖੁਸ਼ੀ ਗ਼ਮੀਂ ਦੇ ਮੌਕੇ ਬਣੇ, ਪਰ ਬਾਪੂ ਦੇ ਬੁੱਲ੍ਹ ਨਹੀਂ ਫਰਕਦੇ ਵੇਖੇ। ਇਥੇ ਖਰਾਦ ‘ਤੇ ਮਜਦੂਰੀ ਕਰਦਾ, ਸਾਨੂੰ ਇਸਦੇ ਮਾਲਕ ਬਣਾਅ ਗਿਆ। ਪਰ ਨਾ ਤਾ-ਉਮਰ ਹੱਸਿਆ, ਨਾ ਰੋਇਆ।”
“ਮੈਡੀਕਲ ਸਾਇੰਸ ਦੇ ਹਿਸਾਬ ਨਾਲ ਤਾਂ ਇਹ ਪੌਸੀਬਲ ਨਹੀਂ ਕਿ ਬੰਦੇ ਦੀਆਂ ਸੈਂਸਜ਼ ਹੋਣ ਤੇ ਉਹ ਖੁਸ਼ੀ ਗ਼ਮੀ ‘ਤੇ ਰਿਐਕਟ ਨਾ ਕਰੇ, ਹੋ ਸਕਦੈ ਉਸ ਸਦਮੇ ਨਾਲ ਉਹ ਸੈਂਸਜ਼ ਲੌਸ ਕਰ ਗਏ ਹੋਣ,” ਮੈਂ ਤਰਕਸ਼ੀਲ ਹੋ ਵਿਗਿਆਨਕ ਪੱਖ ਰੱਖਿਆ। ਸਰਦਾਰ ਸਾਹਿਬ ਨੇ ਇਸ ਗੱਲ ਦਾ ਕੋਈ ਜੁਆਬ ਦੇਣਾ ਮੁਨਾਸਬ ਨਾ ਸਮਝਿਆ। ਵਾਹਿਗੁਰੂ, ਵਾਹਿਗੁਰੂ, ਕਰ ਚਿੱਤ ਸ਼ਾਂਤ ਕੀਤਾ। ਕਾਉਂਟਰ ‘ਤੇ ਪਏ ਸਟੈਂਡ ਵਾਲੇ ਕਲੰਡਰ ਤੋਂ ਇਕ ਪੰਕਤੀ ਪੜ੍ਹ ਕੇ ਸੁਣਾਈ:
ਮਾਨੈ ਹੁਕਮੁ ਸੋਹੈ ਦਰਿ ਸਾਚੈ,
ਆਕੀ ਮਰਹਿ ਅਫਾਰੀ ॥ (ਅੰਗ 992)
(ਇਹ ਕਹਾਣੀ ਸੱਚੀ ਹੈ, 2013-14 'ਚ ਗਿੱਲ ਰੋਡ ਲੁਧਿਆਣੇ ਬਜ਼ੁਰਗ ਦੁਕਾਨਦਾਰ ਕੋਲੋਂ ਏਸੇ ਤਰ੍ਹਾਂ ਹੀ ਸੁਣੀ ਸੀ। ਨਾਂ ਤੇ ਤਰੀਕਾਂ ਚੇਤੇ ਨਹੀਂ ਸਨ, ਉਹ ਆਪ ਰੱਖੀਆਂ। ਰਿਕਾਰਡ ਨਾ ਕਰਨ ਦਾ ਮਨ ‘ਤੇ ਬੋਝ ਸੀ, ਲਿਖ ਦਿਤਾ- ਕਿ ਸਾਂਭਿਆ ਜਾਵੇ- ਚਰਨਜੀਤ ਸਿੰਘ ਤੇਜਾ)