“ਬਾਬੂ ਜੀ, ਤੁਹਾਡੇ ਬੂਟ ਟੁਟੇ ਪਏ ਨੇ, ਤੁਸੀਂ ਨਵੇਂ ਲੈ ਲਉ,” ਉਰਮਲਾ ਨੇ ਆਪਣੇ ਪਤੀ ਨੂੰ ਕਿਹਾ।
“ਅਗਲੇ ਮਹੀਨੇ ਲਵਾਂਗੇ,” ਬਾਬੂ ਨੰਦ ਲਾਲ ਨੇ ਜਵਾਬ ਦਿਤਾ।
ਬਾਬੂ ਨੰਦ ਲਾਲ ਜ਼ਿਲੇ ਵਿਚ ਕੋਈ ਤਿੰਨ ਸਾਲ ਤੋਂ ਵਕਾਲਤ ਕਰਦੇ ਸਨ। ਬਾਪ ਉਹਨਾਂ ਦਾ ਪਿੰਡ ਵਿਚ ਇਕ ਦਰਮਿਆਨੀ ਬਸਾਤ ਦਾ ਸ਼ਾਹੂਕਾਰ ਸੀ । ਉਸ ਨੇ ਨੰਦ ਲਾਲ ਇਤਨਾ ਪੜ੍ਹਾ ਦਿਤਾ ਸੀ ਤੇ ਹਜ਼ਾਰ ਕੁ ਰੁਪਿਆ ਕਿਤਾਬਾਂ ਫ਼ਰਨੀਚਰ ਲਈ ਭੀ ਦਿਤਾ ਸੀ । ਹੁਣ ਉਸ ਨੇ ਛੋਟੇ ਦੋਵੇਂ ਮੁੰਡੇ ਪੜ੍ਹਾਉਣੇ ਸਨ ਤੇ ਇਕ ਲੜਕੀ ਦਾ ਵੀ ਵਿਆਹ ਕਰਨਾ ਸੀ । ਉਸ ਨੇ ਨੰਦ ਲਾਲ ਨੂੰ ਆਪਣੇ ਆਪ ਜੋਗਾ ਕਰ ਦਿਤਾ ਸੀ। ਉਸ ਦੀ ਬਾਕੀ ਕਬੀਲਦਾਰੀ ਬਹੁਤ ਭਾਰੀ ਸੀ, ਸੋ ਨੰਦ ਲਾਲ ਨੂੰ ਹੁਣ ਆਪਣਾ ਭਾਰ ਆਪ ਚੁੱਕਣਾ ਚਾਹੀਦਾ ਸੀ ।
ਨੰਦ ਲਾਲ ਵੀ ਇਸ ਵਿਚ ਰਜ਼ਾਮੰਦ ਸੀ ਤੇ ਔਖਾ ਸੌਖਾ ਆਪਣਾ ਝਟ ਲੰਘਾ ਰਿਹਾ ਸੀ। ਪਹਿਲੇ ਸਾਲ ਤਾਂ ਗੁਜ਼ਾਰੇ ਜੋਗੀ ਵੀ ਆਮਦਨੀ ਨਹੀਂ ਸੀ ਹੁੰਦੀ ਤੇ ਕੁਝ ਘਰੋਂ, ਕੁਝ ਸਹੁਰਿਆਂ ਕੋਲੋਂ ਖੁਰਚਣਾ ਪਿਆ ਸੀ । ਪਰ ਹੁਣ ਗੁਜ਼ਾਰਾ ਹੋਣ ਲਗ ਪਿਆ ਸੀ ਤਾਂ ਵੀ ਬੂਟ ਹਾਲੇ ਪੁਰਾਣੇ ਹੀ ਸਨ ਤੇ ਸੂਟ ਵੀ ਆਪਣੀ ਕਮਾਈ ਵਿਚੋਂ ਇਕ ਹੀ ਸਿਵਾਇਆ ਸੀ ।
ਉਰਮਲਾ ਭਲੇ ਘਰ ਦੀ ਧੀ ਸੀ। ਆਪਣੇ ਕਪੜੇ ਲੱਤੇ ਹੁਣ ਤਕ ਪੇਕਿਆ ਕੋਲੋਂ ਲਿਆਉਂਦੀ ਸੀ। ਵਿਆਹ ਮੁਕਲਾਵੇ ਦੇ ਕਪੜੇ ਤੇ ਗਹਿਣੇ ਬਥੇਰੇ ਸਨ, ਇਸ ਲਈ ਉਸ ਨੂੰ ਇਹ ਸ਼ਕਾਇਤ ਨਹੀਂ ਸੀ ਕਿ ਜਵਾਨੀ ਐਵੇਂ ਹੀ ਗੁਜ਼ਰ ਰਹੀ ਹੈ। ਤਾਂ ਵੀ ਉਹ ਆਪਣੇ ਪਤੀ ਦੀ ਦੁਨੀਆਦਾਰੀ ਦੀ ਖਿਚੋਤਾਣ ਵਿਚ ਪੂਰਾ ਹਿੱਸਾ ਲੈ ਰਹੀ ਸੀ। ਸਬਜ਼ੀ ਖ਼ਰੀਦਣ ਲਗੀ ਉਹ ਧੇਲੇ ਤੋਂ ਪੈਸੇ ਦਾ ਕੰਮ ਲੈਂਦੀ ਸੀ। ਸੇਰ ਪੱਕੇ ਰੋਜ਼ਾਨਾ ਦੁਧ ਨੂੰ ਮੁਕਣ ਨਹੀਂ ਸੀ ਦੇਂਦੀ। ਕਪੜੇ ਬਹੁਤ ਕਰਕੇ ਆਪ ਧੋਂਦੀ ਤੇ ਇਸਤਰੀ ਕਰਦੀ ।ਲੰਗਰ ਵਿਚ ਮਦਦ ਲਈ ਵੀ ਪੇਕਿਆਂ ਤੋਂ ਇਕ ਝੀਊਰਾਂ ਦਾ ਮੁੰਡਾ ਬਹੁਤ ਸਸਤਾ ਲੈ ਆਈ ਸੀ ਤੇ ਪਤੀ ਨਾਲ ਇਹ ਵੀ ਸਮਝ ਬੁਝ ਲਿਆ ਸੀ ਕਿ ਜਿੰਨਾ ਚਿਰ ਆਮਦਨੀ ਦੋ ਸੌ ਰੁਪਏ ਮਹੀਨੇ ਤੋਂ ਵਧ ਨ ਜਾਵੇ ਬੱਚੇ ਦੀ ਬਰਕਤ ਦੀ ਚਾਹ ਨਹੀਂ ਕਰਨੀ !
ਪਰ ਬਾਬੂ ਜੀ ਦੇ ਬੂਟ ਬਹੁਤ ਟੁਟ ਚਲੇ ਸਨ ਤੇ ਉਹ ਉਹਨਾਂ ਨੂੰ ਕਈ ਵਾਰੀ ਨਵੇਂ ਖ਼ਰੀਦਣ ਨੂੰ ਕਹਿ ਚੁਕੀ ਸੀ। ਨੰਦ ਲਾਲ ਨੇ ਪ੍ਰਣ ਕਰ ਲਿਆ ਸੀ ਕਿ ਬੂਟ ਉਸ ਮਹੀਨੇ ਖ਼ਰੀਦੇ ਜਾਣ ਜਿਸ ਮਹੀਨੇ ਆਮਦਨੀ ਸੱਤਰਾਂ ਤੋਂ ਵਧ ਜਾਵੇ। ਕੋਈ ਛੇ ਮਹੀਨੇ ਇਸ ਪ੍ਰਣ ਦੀ ਸ਼ਰਤ ਪੂਰੀ ਨਹੀਂ ਸੀ ਹੋਈ, ਪਰ ਇਸ ਮਹੀਨੇ ਕੁਝ ਲਛਣ ਚੰਗੇ ਦਿਸਦੇ ਸਨ। ਸੋ ਉਹਨਾਂ ਨੇ ਹੌਸਲਾ ਕਰਕੇ ਕਹਿ ਦਿਤਾ, “ਅਗਲੇ ਮਹੀਨੇ ਖ਼ਰੀਦਾਂਗੇ।”
“ਤੁਹਾਨੂੰ ਅਗਲਾ ਮਹੀਨਾ ਕਰਦਿਆਂ ਨੂੰ ਛੇ ਮਹੀਨੇ ਹੋ ਗਏ। ਤੁਹਾਡਾ ਅਗਲਾ ਮਹੀਨਾ ਨਾ ਆਇਆ,” ਉਰਮਲਾ ਨੇ ਮੋੜ ਕੇ ਕਿਹਾ।
“ਨਹੀਂ ਅਗਲੇ ਮਹੀਨੇ ਜ਼ਰੂਰ ਖ਼ਰੀਦਾਂਗੇ ।”
“ਸਾਨੂੰ ਤਾਂ ਕੁਛ ਖ਼ਰੀਦਕੇ ਕੀ ਦੇਣਾ ਸੀ, ਤੁਸੀਂ ਆਪ ਤਾਂ ਟੁਟੇ ਛਿਤਰ ਹੁਣ ਸਿਟ ਦਿਓ,” ਉਰਮਲਾ ਨੇ ਆਕੜ ਕੇ ਦੁਹਰਾਇਆ।
ਨੰਦ ਲਾਲ ਦੇ ਦਿਲ ਦੀ ਖ਼ੁਸ਼ੀ ਹੁਣ ਬਾਹਰ ਆ ਹੀ ਗਈ । “ਐਤਕੀਂ ਨੱਵੇ ਰੁਪਏ ਆ ਚੁਕੇ ਹਨ ਤੇ ਹਾਲੀ ਤੇਈ ਤਾਰੀਖ਼ ਹੈ । ਕਮ-ਅਜ਼-ਕਮ ਪੰਦਰਾਂ ਹੋਰ ਆ ਜਾਣਗੇ ਤੇ ਉਹਨਾਂ ਦੀ ਤੈਨੂੰ ਇਕ ਸੋਹਣੀ ਸਾੜ੍ਹੀ ਖ਼ਰੀਦ ਦੇਣੀ ਹੈ ਤੇ ਉਸ ਦਿਨ…… ।”
ਉਰਮਲਾ ਸਮਝ ਗਈ ਤੇ ਮੁਸਕਰਾ ਕੇ ਕਿਹਾ, “ਮੇਰੀ ਸਾੜ੍ਹੀ ਛੱਡੋ, ਤੁਸੀ ਆਪਣੇ ਲਈ ਬੂਟ ਜ਼ਰੂਰ ਖ਼ਰੀਦ ਲਉ । ਨੰਦ ਲਾਲ ਦੇ ਅੰਦਰ ਇਕ ਲਹਿਰ ਉਠੀ ਤੇ ਉਸਨੇ ਉਰਮਲਾ ਨੂੰ ਵੀਣੀਉਂ ਫੜ ਕੇ ਖਿਚਕੇ ਉਸਦੇ ਕੋਮਲ ਸਰੀਰ ਨੂੰ ਬਾਂਹਾਂ ਵਿਚ ਘੁਟ ਲਿਆ।
ਤੀਹ ਤਾਰੀਖ਼ ਆ ਗਈ। ਮਹੀਨਾ ਇਕ ਦਿਨ ਹੋਰ ਬਾਕੀ ਰਹਿ ਗਿਆ, ਪਰ ਨੰਦ ਲਾਲ ਨੂੰ ਨੱਬਿਆਂ ਤੋਂ ਉਤਲਾ ਰੁਪਿਆ ਨਾ ਆਇਆ। ਉਹ ਸਵੇਰੇ ਕਚਹਿਰੀ ਨੂੰ ਜਾਣ ਲਈ ਤਿਆਰ ਹੋ ਰਿਹਾ ਸੀ ਤੇ ਉਰਮਲਾ ਆਪਣੇ ਸਿਪਾਹੀ ਨੂੰ ਜੰਗ ਵਿਚ ਜਾਂਦੇ ਨੂੰ ਤੱਕ ਰਹੀ ਸੀ।
‘ਲੈ, ਨੀ ਨਕਰਮਣੇ, ਤੇਰੀ ਸਾੜ੍ਹੀ ਨੂੰ ਰੁਪਈਏ ਨਾ ਆਏ,’ ਨੰਦ ਲਾਲ ਨੇ ਮੁਸਕਰਾ ਕੇ ਕਿਹਾ । ਪਰ ਅੰਦਰ ਉਸ ਦਾ ਢਹਿੰਦਾ ਜਾਂਦਾ ਸੀ ਤੇ ਉਰਮਲਾ ਵੀ ਜਾਣਦੀ ਸੀ ।
“ਜੀ, ਮੇਰੇ ਕੋਲ ਸਾੜੀਆਂ ਬਥੇਰੀਆਂ ਨੇ, ਤੁਸੀ ਇਹ ਸੰਸਾ ਨਾ ਕਰੋ, ਉਸ ਨੇ ਪਤੀ ਦਾ ਦਿਲ ਬੰਨ੍ਹਾਉਣ ਲਈ ਉਤਰ ਦਿਤਾ। ਨੰਦ ਲਾਲ ਚੁਪ ਕਰ ਕੇ ਘਰੋਂ ਨਿਕਲਣ ਹੀ ਲਗਾ ਸੀ ਕਿ ਉਸ ਦਾ ਮਿੱਤਰ ਤੇਜਾ ਸਿੰਘ ਇਕ ਅਧਖੜ ਜਿਹੇ ਜਟ ਨੂੰ ਲੈ ਕੇ ਆ ਪਹੁੰਚਿਆ। ਨੰਦ ਲਾਲ ਦਾ ਦਿਲ ਖ਼ੁਸ਼ੀ ਨਾਲ ਉਛਲਿਆ। ਪਰ ਝੱਟ ਹੀ ਫੇਰ ਬੈਠ ਚਲਿਆ। ਖ਼ਬਰੇ ਸੌਦਾ ਬਣੇ ਯਾ ਨਾ ਬਣੇ। ਉਹ ਝਟ ਤੇਜਾ ਸਿੰਘ ਤੇ ਉਸਦੇ ਸਾਥੀ ਜੱਟ ਨੂੰ ਲੈਕੇ ਦਫ਼ਤਰ ਵਿਚ ਆ ਵੜਿਆ ।
ਕੋਈ ਅਠਾਰਾਂ ਕੁ ਸਾਲ ਪਹਿਲੋਂ ਦੁੱਲਾ ਬਾਈ ਸਾਲ ਦਾ ਲਾਠੀ ਵਰਗਾ ਗਭਰੂ ਸੀ। ਤਿੱਖੀ ਮੁਛ, ਲਾਲ ਚਿਹਰਾ ਤੇ ਭਰਵਾਂ ਜੁੱਸਾ, ਕੋਈ ਪੰਜ ਫੁਟ ਦਸ ਗਿਆਰਾਂ ਇੰਚ ਲੰਮਾ । ਪਿਉ ਮਰ ਚੁਕਾ ਸੀ ਤੇ ਦੁਲੇ ਨੂੰ ਦਸ ਘੁਮਾਉਂ ਜ਼ਮੀਨ, ਪੰਜ ਨਹਿਰੀ ਤੇ ਪੰਜ ਬਾਰਾਨੀ, ਦਾ ਮਾਲਕ ਛਡ ਗਿਆ ਸੀ।
ਜੀਉਣੀ, ਉਸ ਦੀ ਵਹੁਟੀ ਉਸ ਵੇਲੇ ਕੋਈ ਉੱਨੀ ਸਾਲ ਦੀ ਵਛੇਰੀ ਵਰਗੀ ਮੁਟਿਆਰ ਸੀ । ਦੁਨੀਆਂ ਵਿਚ ਆਪਣੇ ਤੋਂ ਤੇ ਦੁਲੇ ਤੋਂ ਬਿਨਾਂ ਕੋਈ ਨਿਗਾਹ ਨਹੀਂ ਸੀ ਚੜਦਾ । ਵਿਆਹ ਸ਼ਾਦੀ, ਤੀਆਂ ਤਿੰਞਣ ਵਿਚ ਖਰੂਦ ਦੀ ਮੋਢਣ ਸੀ । ਕਈ ਵਾਰੀ ਦੁਲੇ ਨਾਲ ਘੁਲ ਪੈਂਦੀ ਤਾਂ ਖ਼ੂਬ ਦੋ ਹਥ ਕਰਕੇ ਹੀ ਮੱਠੀ ਪੈਂਦੀ ।
ਪਿਉ ਰੁਪਿਆ ਪੈਸਾ ਕੋਈ ਨ ਸੀ ਛੱਡ ਗਿਆ ਪਰ ਭਾ ਚੰਗੇ ਸਨ ਤੇ ਦੁਲਾ ਟੱਬਰ ਦਾ ਗੁਜ਼ਾਰਾ ਸੋਹਣਾ ਕਰੀ ਜਾਂਦਾ ਸੀ । ਨਿਹਾਲਾ ਸ਼ਾਹੂਕਾਰ ਬੜੀ ਇਜ਼ਤ ਕਰਦਾ ਸੀ ਤੇ ਚੀਜ਼ ਵਸਤ ਪੈਸੇ ਧੇਲੇ ਦੇ ਉਧਾਰ ਤੋਂ ਕਦੀ ਨਾਂਹ ਨਹੀਂ ਸੀ। ਪਹਿਲੇ ਸਾਲ ਹੀ ਦੁਲੇ ਦੇ ਜ਼ਿਮੇਂ ਸੌ ਤੋਂ ਉਪਰ ਅਚਾਪਤ ਨਿਕਲੀ ।ਦੁਲਾ ਕੁਝ ਡਰ ਜਿਹਾ ਗਿਆ ਤੇ ਘਰ ਜੀਉਣੀ ਨੇ ਦੁਲੇ ਤੇ ਨਿਹਾਲੇ ਦੋਹਾਂ ਨਾਲ ਖ਼ੂਬ ਕੀਤੀ ।
“ਖ਼ਬਰਾਂ ਕੇਹੜੀ ਸ਼ਰਾਬ ਲਈ ਰੁਪਈਏ ਲਜਾਂਦਾ ਰਿਹੈਂ ?” ਉਸ ਨੇ ਦੁੱਲੇ ਨੂੰ ਕਿਹਾ। “ਸਾਨੂੰ ਤਾਂ ਜੇਹੜੇ ਤੱਗੇ ਕਰਾ ਕੇ ਦਿਤੇ ਨੇ ਮੋੜਿਆ।”
“ਨੀ ਖ਼ਬਰਾ ? ਘਰ ਦੀਆਂ ਚੀਜ਼ਾਂ ਤੋਂ ਬਿਨਾਂ ਕਦੇ ਟਕਾ ਭਰ ਨਹੀਂ ਲਿਆਂਦਾ । ਪਤਾ ਨੀ ਨਿਹਾਲੇ ਨੇ ਕਾਹਦਾ ਸੌ ਬਣਾ ਲਿਆ।”
“ਸੌ ਦਾ ਭਮਾਂ ਦੋ ਸੌ ਬਣਾ ਲਵੇ । ਇਹ ਬਾਣੀਆ ਬੜਾ ਬੇਈਮਾਨ ਐ, ਮੈਂ ਤੈਨੂੰ ਪਹਿਲੋਂ ਈ ਕਹਿੰਦੀ ਸੀ ।”
ਖ਼ੈਰ, ਦੁਲੇ ਦਾ ਖੈਹੜਾ ਛੁਟ ਗਿਆ।
ਛੇ ਕੁ ਮਹੀਨੇ ਬਾਦ ਦੁਲੇ ਦੇ ਘਰ ਲੜਕਾ ਹੋ ਗਿਆ। ਭੇਲੀ ਪਿੰਡ ਵਿਚ ਫੇਰੀ ਗਈ।ਇਕ ਇਕ ਮਹਿੰ ਦੁਲੇ ਨੇ ਆਪਣੀਆਂ ਦੋਹਾਂ ਭੈਣਾਂ ਨੂੰ ਦਿਤੀ ਤੇ ਦੋਸਤਾਂ ਯਾਰਾਂ ਨੂੰ ਸ਼ਰਾਬ ਖੁਲ੍ਹਕੇ ਪਿਆਈ। ਕੋਈ ਸਾਰਾ ਤਿੰਨ ਸੌ ਤੋਂ ਉਤੇ ਰੁਪਿਆ ਖ਼ਰਚ ਆ ਗਿਆ । ਸਾਲ ਪਿਛੋਂ ਜਦ ਜਿਣਸ ਵੱਟ ਵੇਚ ਕੇ ਹਿਸਾਬ ਕੀਤਾ ਤਾਂ ਨਿਹਾਲੇ ਦਾ ਡੇਢ ਸੌ ਰੁਪਿਆ ਦੁਲੇ ਵੱਲ ਟੁੱਟਿਆ।
“ਕੋਈ ਨਾ, ਚੌਧਰੀ, ਕੀ ਘਾਟੈ ” ਨਿਹਾਲੇ ਨੇ ਬੜੀ ਵਡਿਆਈ ਨਾਲ ਕਿਹਾ। “ਅਸੀ ਪੀੜ੍ਹੀਆਂ ਤੋਂ ਥੋਡੀ ਇਜ਼ਤ ਦੇ ਸਾਂਝੀ, ਪੈਸਿਆਂ ਸੌਹਰਿਆਂ ਦਾ ਕੀ ਐ, ਹੌਲੀ ਹੌਲੀ ਆ ਜਾਣਗੇ।” “ਨਾ, ਬਈ ਨਿਹਾਲਿਆ, ਮੈਨੂੰ ਤਾਂ ਕਰਜ਼ ਤੋਂ ਡਰ ਲਗਦੈ, ਐਤਕੀਂ ਕਪਾਹ, ਚੋਂ ਜ਼ਰੂਰ ਪੂਰਾ ਕਰ ਦੇਣੈ ।”
ਨਿਹਾਲੇ ਨੇ ਡੇਢ ਸੌ ਰੁਪਿਆ ਵਹੀ ਤੇ ਲਿਖ ਲਿਆ ਤੇ ਵਿਆਜ ਪੈਸਾ ਰੁਪਿਆ ਠਹਿਰਾ ਲਿਆ ।
ਕਪਾਹ ਆ ਗਈ, ਵੇਚੀ ਗਈ ਤੇ ਖਾਧੀ ਪੀਤੀ ਗਈ । ਨਿਹਾਲੇ ਦੇ ਪੰਜਾਹ ਰੁਪਏ ਮੁੜ ਗਏ, ਵਿਆਜ ਦਿਤਾ ਗਿਆ ਤੇ ਸੌ ਰੁਪਿਆ ਰਹਿ ਗਿਆ ।
ਅਗਲੀ ਹਾੜ੍ਹੀ ਕੁਝ ਚੰਗੀ ਨਾ ਲਗੀ । ਸੌ ਰੁਪਿਆ ਓਥੇ ਦਾ ਓਥੇ । ਕਿਸ ਮੋੜਨਾ ਸੀ ਤੇ ਕਿਸ ਦੀਆਂ ਗੱਲਾਂ ?
ਸਾਉਣੀ ਚੰਗੀ ਹੋਈ ਪਰ ਹੁਣ ਭਾ ਟੁਟ ਗਏ ਸਨ। ਕਪਾਹ ਦਾ ਉਤਾਰ ਭਾਵੇਂ ਅੱਗੇ ਨਾਲੋਂ ਡਿਉਢਾ ਸੀ, ਪਰ ਭਾ ਅਧਾ ਹੋ ਚੁਕਾ ਸੀ। ਖ਼ਰਚ ਵਿਚ ਕੋਈ ਕਮੀ ਨਹੀਂ ਸੀ ਆਈ । ਸੋ ਇਸ ਵਾਰੀ ਵੀ ਦੁਲੇ ਕੋਲੋਂ ਕੁਝ ਨਾ ਮੁੜ ਸਕਿਆ । ਅਚਾਪਤ ਵੀ ਵਹੀ ਤੇ ਕਰਾਉਣੀ ਪਈ ।
ਜੀਉਣੀ ਮੁੰਡੇ ਲਈ ਚੌਂਕ ਫੁਲ ਕਰਾਉਣ ਲਈ ਤਾਂਘ ਰਹੀ ਸੀ । “ਚੜ੍ਹਿਆ ਸੌ ਤੇ ਲਹਿ ਗਿਆ ਭੌ,” ਉਸ ਨੇ ਇਕ ਰਾਤ ਦੁਲੇ ਨੂੰ ਕਿਹਾ ।ਹੁਣ ਨਿਹਾਲੇ ਦਾ ਛੇ ਵੀਹਾਂ ਤਾਂ ਦੇਣਾ ਈ ਐ, ਤੀਹ ਰੁਪਈਏ ਮੁੰਡੇ ਦੇ ਚੌਂਕ ਨੂੰ ਨਿਹਾਲੇ ਤੋਂ ਈ ਕਢਾ ਲੈ।”
ਦੁਲਾ ਝਟ ਰਜ਼ਾਮੰਦ ਹੋ ਗਿਆ। ਜੀਉਣੀ ਇਕੱਲੀ ਹੀ ਉਸ ਦੇ ਕਾਬੂ ਵਿਚ ਔਖੀ ਆਉਂਦੀ ਸੀ । ਹੁਣ ਤਾਂ ਉਸ ਦੀ ਗੋਦੀ ਮੁੰਡਾ ਸੀ । ਰੂਪ ਤੇ ਜਵਾਨੀ ਔਰਤ ਦੀ ਕਾਫ਼ੀ ਧਿਰ ਹਨ, ਪਰ ਮੁੰਡਾ ਹੋਏ ਤੋਂ ਤਾਂ ਉਸ ਦੀ ਤਾਕਤ ਕਈ ਗੁਣੀ ਹੋ ਜਾਂਦੀ ਹੈ । ਦੁਲਾ ਖ਼ੁਸ਼ ਸੀ ਕਿ ਹੁਣ ਕਰਜ਼ਾ ਲੈਣ ਵਿਚ ਜੀਊਣੀ ਦੀ ਵੀ ਜ਼ਿੰਮੇਵਾਰੀ ਆ ਜਾਊ।ਸੋ ਦਸਾਂ ਦਿਨਾਂ ਵਿਚ ਹੀ ਚੌਂਕ ਬਣ ਗਿਆ । ਸਾਲ ਦੇ ਅੰਦਰ ਅੰਦਰ ਹੀ ਦੋ ਵਿਆਹ ਆ ਗਏ । ਪਹਿਲਾ ਵਿਆਹ ਜੀਊਣੀ ਦੇ ਵਡੇ ਭਰਾ ਦੇ ਲੜਕੇ ਦਾ ਸੀ। ਜੀਊਣੀ ਨੇ ਵਹੁਟੀ ਨੂੰ ਇਕ ਟੂਮ ਜ਼ਰੂਰ ਲੈ ਜਾਣੀ ਸੀ । ਕਣਕ, ਕਪਾਹ ਵਿਚੋਂ ਹੁਣ ਮਾੜੇ ਭਾਵਾਂ ਦੇ ਸਦਕਾ ਕੁਝ ਨਹੀਂ ਸੀ ਬਚਦਾ। ਸੋ ਭਤੀਜੇ ਦੀ ਵਹੁਟੀ ਲਈ ਜ਼ੰਜੀਰੀ ਵੀ ਪੰਝੱਤਰਾਂ ਦੀ ਕਰਜ਼ਾ ਲੈਕੇ ਹੀ ਕਰਾਈ। ਪੰਜਾਹ ਕੁ ਰੁਪਏ ਕਪੜੇ ਨਿਉਂਦੇ ਵਿਚ ਲਗ ਗਏ ਤੇ ਆਏ ਉਹ ਵੀ ਨਿਹਾਲੇ ਦੀ ਪੇਟੀ ਵਿਚੋਂ ।
ਥੋੜੇ ਚਿਰ ਬਾਦ ਹੀ ਦੁਲੇ ਦੀ ਭੈਣ ਦੀ ਧੀ ਦਾ ਵਿਆਹ ਆ ਗਿਆ। ਏਥੇ ਦੁਲਾ ਇਕ ਸੌ ਇਕ ਰੁਪਏ ਚੂਲੀ ਛਡਣੀ ਚਾਹੁੰਦਾ ਸੀ ਤੇ ਨਾਨਕੀ ਛਕ ਵੀ ਪੂਰਨੀ ਸੀ ।ਸਭ ਕੁਝ ਲਈ ਦੁਲੇ ਨੂੰ ਦੋ ਸੌ ਰੁਪਿਆ ਹੋਰ ਕਰਜ਼ ਚੁਕਣਾ ਪਿਆ।
ਹੁਣ ਦੁਲੇ ਸਿਰ ਬਿਆਜ ਅਚਾਪਤ ਮਿਲਕੇ ਅੱਠ ਸੌ ਕਰਜ਼ਾ ਹੋ ਗਿਆ ਸੀ, ਜਿਸ ਨੇ ਦੁਲੇ ਦੀ ਜਵਾਨੀ ਦੇ ਖੇਤ ਨੂੰ ਦਰਿਆ ਵਾਂਗੂੰ ਢਾਹ ਲਾ ਦਿਤੀ ਸੀ । ਦੁਲੇ ਦੀ ਉਮਰ ਹਾਲੀ ਬੱਤੀ ਸਾਲ ਤੋਂ ਹੀ ਟੱਪੀ ਸੀ, ਪਰ ਉਹ ਬੁਢਾ ਹੋਣ ਲਗ ਪਿਆ ਸੀ। ਏਨੇ ਚਿਰ ਵਿਚ ਜੀਊਣੀ ਨੂੰ ਦੂਜਾ ਮੁੰਡਾ ਹੋ ਕੇ ਮਰ ਗਿਆ ਸੀ ਤੇ ਉਸ ਦੀ ਗੋਦੀ ਤੀਜੀ ਕੁੜੀ ਸੀ । ਮੁੰਡੇ ਦੀ ਮੌਤ ਨੇ ਦੋਹਾਂ ਨੂੰ ਬੁਢਿਆਂ ਕਰਨ ਵਿਚ ਕਰਜ਼ ਦੀ ਚੋਖੀ ਮਦਦ ਕੀਤੀ।
ਹੁਣ ਦੁੱਲੇ ਨੂੰ ਖੇਤੀ ਦੇ ਕੰਮ ਵਿਚ ਅੱਗੇ ਵਰਗਾ ਰਸ ਨਹੀਂ ਸੀ ਆਉਂਦਾ । ਕੁਝ ਤਾਂ ਭਾ ਮੰਦੇ ਹੋਣ ਨੇ ਤੇ ਕੁਝ ਕਰਜ਼ੇ ਤੇ ਪੁੱਤਰ ਦੇ ਦੁਖ ਨੇ ਦੁਲੇ ਦਾ ਜ਼ਿੰਦਗੀ ਵਿਚ ਉਤਸ਼ਾਹ ਮਾਰ ਦਿਤਾ ਸੀ।
ਜੇ ਖੇਤ ਉਹ ਖੇਤ ਨਹੀਂ ਸਨ ਤਾਂ ਜੀਊਣੀ ਵੀ ਉਹ ਜੀਊਣੀ ਨਹੀਂ ਸੀ । ਉਹ ਜਵਾਨੀ, ਜਿਸ ਦਾ ਸਦਕਾ ਉਹ ਦੁਲੇ ਤੋਂ ਬਿਨਾਂ, ਕਿਸੇ ਦੌਲਤ ਦੀ ਚਾਹਵਾਨ ਨਹੀਂ ਸੀ ਕਦੇ ਦੀ ਵਿਛੋੜਾ ਦੇ ਚੁਕੀ ਸੀ । ਪੁਤਰਾਂ ਧੀਆਂ ਨੇ ਉਸ ਨੂੰ ਦੁਲੇ ਤੋਂ ਬੇ-ਮੁਖ ਕਰ ਦਿਤਾ ਸੀ ਤੇ ਗ਼ਰੀਬੀ ਤੇ ਕਰਜ਼ੇ ਨੇ ਪੁਤਰਾਂ ਧੀਆਂ ਦਾ ਮੋਹ ਘਟ ਕਰ ਦਿਤਾ ਸੀ। ਹੁਣ ਉਸ ਨੂੰ ਕੋਈ ਸ਼ੈ ਤੇ ਕੋਈ ਬੰਦਾ ਚੰਗਾ ਨਹੀਂ ਸੀ ਲਗਦਾ।
ਇਕ ਦਿਨ ਉਹ ਆਪਣੇ ਵਡੇ ਪੁਤਰ ਨਾਲ ਲੜ ਰਹੀ ਸੀ ਤੇ ਉਸ ਨੂੰ ਭਾਂਤ ਭਾਂਤ ਦੀਆਂ ਗਾਲ੍ਹਾਂ ਕਢ ਰਹੀ ਸੀ। ਉਹ ਜੀਊਣੀ ਜੋ ਕਿਸੇ ਜ਼ਮਾਨੇ ਵਿਚ ਲੜਾਈ ਗਾਲ੍ਹ ਦੁਪੜ ਵਿਚ ਵੀ ਜਵਾਨੀ ਦਾ ਰਸ ਦੇ ਜਾਂਦੀ ਸੀ, ਹੁਣ ਮਿਰਚਾਂ ਵਾਂਗ ਲੜ ਰਹੀ ਸੀ । ਪੁਤਰ ਉਠਦੀ ਜਵਾਨੀ ਦੇ ਬੁਲਿਆਂ ਦਾ ਚੁਕਿਆ ਫਿਰਦਾ ਸੀ ਤੇ ਉਸ ਨੂੰ ਮਾਂ ਦੀਆਂ ਗਾਲ੍ਹਾਂ ਪੋਹ ਮਾਘ ਦੇ ਕੱਕਰ ਵਾਂਗ ਕੱਟ ਰਹੀਆਂ ਸਨ। ਉਹ ਅਗੋਂ ਜਵਾਬ ਕਰਨੋਂ ਨਹੀਂ ਸੀ ਹਟਦਾ ਤੇ ਜੀਊਣੀ ਆਪਣਾ ਆਪ ਤੋੜ ਤੋੜ ਸਿਟਦੀ ਸੀ, ਇਤਨੇ ਨੂੰ ਮੱਲੋ, ਉਸਦੀ ਚੂਹੜੀ, ਆ ਗਈ । ਮਾਂ ਪੁਤ ਨੂੰ ਲੜਦਿਆਂ ਵੇਖਕੇ ਉਸਦੀ ਸਿਆਣਪ ਨੇ ਉਛਾਲਾ ਖਾਧਾ ਤੇ ਉਹ ਆਪਣੀ ਚਉਧਰਾਣੀ ਨੂੰ ਮੱਤ ਦੇਣ ਲੱਗੀ।
“ਨ ਚਉਧਰਾਣੀ, ਐਸੇ ਕੁਬੋਲ ਨਾ ਪੁਤਾਂ ਨੂੰ ਬੋਲਿਆ ਕਰ ਉਸ ਨੇ ਡਰਦੀ ਡਰਦੀ ਨੇ ਕਿਹਾ। “ਮੱਲੋ, ਕੀ ਕਰਾਂ ਮੈਨੂੰ ਦੁਖੀ ਕਰ ਦਿਤੈ, ਇਹਨਾਂ ਨੇ, ਜਿਉਣੀ ਨੇ ਪੁਤਰ ਵਲੋਂ ਮੁੜ ਕੇ ਕਿਹਾ। ਉਹ ਇਸ ਲੜਾਈ ਤੋਂ ਜਿਸ ਵਿਚ ਜਿਤ ਹੋਣੀ ਮੁਸ਼ਕਲ ਸੀ, ਛੁਟਕਾਰਾ ਚਾਹੁੰਦੀ ਸੀ, ਸੋ ਮੱਲੋ ਨੇ ਕਰਾ ਦਿਤਾ । ਹੁਣ ਉਸ ਨੂੰ ਮੱਲੋ ਕੋਲੋਂ ਹਮਦਰਦੀ ਦੀ ਉਮੈਦ ਸੀ।
“ਅਜ ਕਲ ਦੇ ਪੁਤ ਧੀਆਂ, ਚਉਧਰਾਣੀ, ਇਹੋ ਜਿਹੇ ਈ ਨੇ । ਇਹਨਾਂ ਤੇ ਮਾਣ ਝੂਠਾ,” ਮੱਲੋ ਨੇ ਜ਼ਰਾ ਖੁਲ੍ਹ ਕੇ ਜਵਾਬ ਦਿਤਾ ।
“ਕਾਹਦਾ ਮਾਣ ਐ। ਸਭਨਾਂ ਪਾਸਿਆਂ ਤੋਂ ਦਬਾਈ ਚਲਿਆ ਜਾਂਦੈ ਸਾਨੂੰ । ਐਤਕੀਂ ਸਾਡੀ ਕਪਾਹ ਕੁਛ ਨੀਂ ਸੀ ਹੋਈ ਤੇ ਬੋਤੇ ਵਰਗਾ ਵਹਿੜਕਾ ਮਰ ਗਿਆ । ਮੁੰਡਾ ਕੰਮ ਨੀਂ ਕਰਦਾ । ਉਹਦੇ ‘ਚ ਅਗੇ ਵਾਲਾ ਉਜਰ ਨੀਂ । ਸਾਡੇ ਉਤੇ ਤਾਂ ਸਾੜ੍ਹ ਸਤੀ ਦਾ ਫੇਰ ਕੋਈ,” ਜੀਊਣੀ ਨੇ ਮਾਨੋ ਮੱਲੋ ਕੋਲ ਰੱਬ ਦੀ ਸ਼ਕਾਇਤ ਕੀਤੀ ।
“ਹੌਂਸਲਾ ਰਖ, ਚਉਧਰਾਣੀ, ਐਨਾ ਜੀ ਨੂੰ ਨਹੀਂ ਡੇਗੀਦਾ ! ਮੁੰਡੇ ਜਵਾਨ ਹੋਏ ਨੇ, ਸਭ ਕੁਛ ਰਾਸ ਹੋ ਜਾਊ । ਤੂੰ ਸਾਡੇ ਵਲ ਦੇਖ ।” ਮੱਲੋ ਹੁਣ ਇਕ ਲੈਕਚਰਾਰ ਵਾਂਗ ਪਿਘਰ ਰਹੀ ਸੀ ਤੇ ਜੀਊਣੀ ਨੂੰ ਵੀ ਉਹ ਧਰਵਾਸ ਹੋ ਰਿਹਾ ਸੀ ਜੋ ਆਪਣੇ ਕੋਲੋਂ ਵੀ ਦੁਖੀ ਦੀ ਵਿਥਿਆ ਸੁਣ ਕੇ ਹੁੰਦਾ ਹੈ ।
“ਤੂੰ ਸਾਡੇ ਵਲ ਦੇਖ । ਰਲੇ ਦੀ ਹੁਣ ਕੋਈ ਕੰਮ ਕਰਨ ਦੀ ਉਮਰ ਐ । ਪਰ ਕੀ ਕਰੀਏ, ਢਿਡ ਲਈ ਕਾਰ ਤਾਂ ਕਰਨੀ ਹੋਈ । ਮੁੰਡਾ ਥੋਡੀ ਦਿਆ ਨਾਲ ਬਿਆਹ ਬਰ ਦਿਤਾ ਸੀ । ਬਹੂ ਨੂੰ ਲੈ ਕੇ ਅੱਡ ਹੋ ਗਿਆ । ਸਾਨੂੰ ਤੇ ਨਿਕਿਆਂ ਨੂੰ ਦੇਖ ਨੀਂ ਸੁਖਾਂਦਾ । ਪਰ ਧੀ ਵਲੋਂ ਚੁਧਰਾਣੀ, ਮੇਰਾ ਕਲੇਜਾ ਠੰਢੈ । ਉਹ ਬਹੁਤ ਸੁਖੀ ਐ ।” ਮੱਲੋ ਨੇ ਜਾਣੋ ਸਾਰੇ ਘਾਟੇ ਵਾਧੇ ਤੋਲ ਕੇ ਕਿਹਾ ! ਇਸ ਤੋਲ ਵਿਚ ਭਾਵੇਂ ਦੁਖ ਦਾ ਪਾਸਾ ਭਾਰਾ ਸੀ, ਪਰ ਸੁਖ ਦਾ ਪਾਸਾ ਵੀ ਖ਼ਾਲੀ ਨਾ ਸੀ ਤੇ ਮੱਲੋ ਨੇ ਸੁਖ ਨੂੰ ਮਗਰੋਂ ਚਿਤਾਰ ਕੇ ਇਕ ਸੁਖਦਾਇਕ ਮਾਨਸਕ ਕਰਤਬ ਕਰ ਲਿਆ ਸੀ।
ਰਲਾ, ਮੱਲੋ ਦੇ ਘਰ ਵਾਲਾ, ਕੋਈ ਪੰਦਰਾਂ ਸੋਲਾਂ ਸਾਲ ਤੋਂ ਦੁਲੇ ਦਾ ਕਾਮਾ ਤੁਰਿਆ ਆਉਂਦਾ ਸੀ। ਦੁਲੇ ਨੇ ਪਹਿਲੋਂ ਪਹਿਲ ਉਹਨੂੰ ਸੌ ਰੁਪਈਆ ਦਿਤਾ ਸੀ । ਮੁਛਾਂ ਨੂੰ ਦਾਹੜੀ ਨਾਲੋਂ ਵਧਾਉਣ ਦਾ ਕਰਤਬ ਦੁਲੇ ਨੇ ਨਿਹਾਲੇ ਕੋਲੋਂ ਸਿਖ ਲਿਆ ਸੀ। ਉਸ ਵੇਲੇ ਰਲਾ ਵੀ ਕੁਝ ਜਵਾਨ ਹੀ ਸੀ ਤੇ ਜਵਾਨੀ ਵਾਲੀ ਬੇ-ਪਰਵਾਹੀ ਦਾ ਪੱਲਾ ਨਹੀਂ ਸੀ ਛਡਿਆ । ਮੇਲੇ ਮੁਸਾਹਿਬ ਲਈ, ਜਲਸੇ ਦੀਵਾਨ ਲਈ ਤੇ ਸ਼ਰਾਬ ਬਕਰੇ ਲਈ ਰੁਪਈਆ ਦੁਲੇ ਕੋਲੋਂ, ਅਝੱਕ ਫੜ ਲੈਂਦਾ ਤੇ ਦੁਲਾ ਵੀ ਅਗੋਂ ਨਾਂਹ-ਨੁੱਕਰ ਨਾ ਸੀ ਕਰਦਾ। ਨਤੀਜਾ ਇਸਦਾ ਇਹ ਹੁੰਦਾ ਕਿ ਕਿਸੇ ਸਾਲ ਰਲੇ ਵਲ ਚੌਧਰੀ ਦੇ ਪੰਜਾਹ ਟੁਟਦੇ ਤੇ ਕਿਸੇ ਸਾਲ ਸੱਠ ।
ਛੇ ਸੱਤ ਸਾਲ ਬਾਦ ਜਦ ਪਹਿਲਾ ਹਿਸਾਬ ਮੁਕਣ ਤੇ ਆ ਗਿਆ ਤਾਂ ਲੋੜ ਖੋਟੇ ਪੈਸੇ ਵਾਂਗ ਫੇਰ ਵਿਚਾਰੇ ਰਲੇ ਦੇ ਬੂਹੇ ਆ ਵੱਜੀ । ਮੁੰਡੇ ਦੇ ਵਿਆਹ ਲਈ ਰੁਪਏ ਦੀ ਲੋੜ ਪਈ, ਜੋ ਪੂਰੀ ਹੋਣੀ ਬੜੀ ਕਠਣ ਭਾਸੀ ।
ਦੁਲੇ ਨੂੰ ਪੁਰਾਣੀ ਮਿੱਤਰਤਾ ਤੇ ਤਅੱਲਕ ਦਾ ਪਾਸ ਸੀ ਉਸ ਨੇ ਔਖਾ ਸੌਖਾ ਹੋਕੇ, ਮਤਲਬ ਇਹ ਕਿ ਨਿਹਾਲੇ ਕੋਲੋਂ ਕਢਾ ਕੇ ਦੋ ਸੌ ਰੁਪਿਆ ਰਲੇ ਨੂੰ ਦਿਤਾ।ਰਲੇ ਨੇ ਲੱਖ ਲੱਖ ਧੰਨਵਾਦ ਕੀਤਾ ਤੇ ਮੁੰਡੇ ਦਾ ਵਿਆਹ ਬੜੀ ਸਜ ਧਜ ਨਾਲ ਹੋ ਗਿਆ ।
ਤਿੰਨ ਸਾਲ ਮੁੰਡੇ ਦਾ ਮੁਕਲਾਵਾ ਨ ਆਇਆ ਤੇ ਦੁਲੇ ਨੇ ਪਿਉ ਪੁਤਰ ਦੋਹਾਂ ਤੋਂ ਲਾਖੇ ਬੌਲਦਾਂ ਵਾਂਗਰ ਕੰਮ ਲਿਆ ਤੇ ਰੁਪਿਆ ਰਲੇ ਸਿਰ ਦੋ ਸੌ ਦਾ ਦੋ ਸੌ ਹੀ ਰਿਹਾ।
ਜੇ ਦੁਲਾ ਨਿਹਾਲੇ ਵਰਗਾ ਸਿਆਣਾ ਹੁੰਦਾ ਤਾਂ ਇਕ ਹੱਥ ਹੋਰ ਕਰਦਾ ਤੇ ਲੇਖੇ ਤੇ ਮੁੰਡੇ ਦਾ ਅੰਗੂਠਾ ਵੀ ਲਵਾ ਲੈਂਦਾ। ਪਰ ਦੁੱਲਾ ਜੱਟ ਸੀ ਤੇ ਖਤਰੀ ਵਾਲੀ ਮੱਤ ਇਕ ਪੀਹੜੀ ਵਿਚ ਥੋੜ੍ਹਾ ਆ ਜਾਂਦੀ ਹੈ ! ਮੁਕਲਾਵਾ ਆਉਣ ਤੇ ਮੁੰਡੇ ਦਾ ਤੌਰ ਦੁਲੇ ਤੇ ਰਲੇ ਦੋਹਾਂ ਵਲ ਬਦਲਨ ਲਗ ਪਿਆ । ਮੁੰਡੇ ਦੇ ਸੱਸ ਸੌਹਰੇ ਨੇ ਵੀ ਦੇਖਿਆ ਕਿ ਜੇ ਇਸ ਕਮਾਊ ਉਮਰ ਵਿਚ ਜਵਾਈ ਤੋਂ ਲਾਭ ਨ ਉਠਾਇਆ ਤਾਂ ਧੀ ਜੰਮੀ ਪਾਲੀ ਦਾ ਕੀ ਫ਼ਾਇਦਾ । ਉਹਨਾਂ ਨੇ ਮੁੰਡੇ ਦੇ ਖ਼ੂਬ ਕੰਨ ਭਰੇ ‘ ਤੇ ਉਤੋਂ ਵਹੁਟੀ ਨੇ ਵੀ ਕਰੜੇ ਹੱਥ ਨਾਲ ਵਾਗ ਖਿਚੀ। ਸਿੱਟਾ ਇਹ ਹੋਇਆ ਕਿ ਮੁੰਡਾ ਦੁਲੇ ਤੇ ਰਲੇ ਦੋਹਾਂ ਨੂੰ ਦੁਲੱਤੀਆਂ ਮਾਰ ਸਹੁਰਿਆਂ ਦੇ ਜਾ ਵੜਿਆ ।
ਰਲੇ ਨੇ ਤਾਂ ਕਿਧਰੇ ਨਹੀਂ ਸੀ ਨੱਸ ਜਾਣਾ। ਦੁਲੇ ਨੇ ਲੰਮੀ ਸੋਚਕੇ ਉਸ ਤੇ ਹੀ ਸਬਰ ਕੀਤਾ।ਰਲਾ ਖੇਤੀ ਕਰਨ ਤੇ ਰਖਿਆ, ਨਿਕੇ ਮੁੰਡੇ ਡੰਗਰ ਚਾਰਨ ਤੇ, ਮੱਲੋ ਗੋਹਾ ਕੂੜਾ, ਲਿਪਣ ਪੋਚਣ ਕਰਨ ਤੇ ।
ਰਲੇ ਦੀ ਉਮਰ ਪੰਜਾਹਾਂ ਤੋਂ ਵਧੀਕ ਹੋ ਚੁਕੀ ਸੀ। ਜਵਾਨੀ ਦੀਆਂ ਲਾ-ਪਰਵਾਹੀਆਂ, ਭੁਖਾਂ ਮੌਕਿਆਂ ਤੇ ਜ਼ਿਆਦਾ ਕੰਮ ਦੇ ਸਬਬ ਬੁਢੇਪਾ ਕੁਝ ਜ਼ਿਆਦਾ ਹੀ ਜ਼ੋਰ ਪਾ ਚਲਿਆ ਸੀ। ਕੰਮ ਕਾਜ ਵਿਚ ਉਹ ਦੁਲੇ ਦੀ ਤਸੱਲੀ ਨਹੀਂ ਸੀ ਕਰਾ ਸਕਦਾ । ਦੁਲਾ ਉਸ ਨੂੰ ਝਿੜਕ ਝੰਬ ਕਰਦਾ ਤੇ ਗਾਲ੍ਹਾਂ ਕਢਣੋਂ ਵੀ ਸੰਕੋਚ ਨਾ ਕਰਦਾ । ਸਾਲ ਕੁ ਰਲੇ ਸਬਰ ਨਾਲ ਕੱਢਿਆ । ਫੇਰ ਕੋਈ ਚਾਰਾ ਨਾ ਦੇਖ ਗਿਆਰਾਂ ਵਰ੍ਹਿਆਂ ਦੇ ਪੁਤਰ ਨੂੰ ਵੀ ਨਾਲ ਲਾ ਲਿਆ, ਹਲ, ਗੋਡੀ ਬਿਜਾਈ, ਵਾਢੀ ਸਭ ਥਾਂ ਨਾਲ ਪੰਜਾਲ ਲਿਆ। ਮੱਲੋ ਨੇ ਪਹਿਲਾਂ ਪਹਿਲਾਂ ਕਾਫ਼ੀ ਟੰਟਾ ਕੀਤਾ, ਦੁਲੇ ਤੇ ਜੀਊਣੀ ਨਾਲ ਵੀ ਲੜੀ, ਪਰ ਅੰਤ ਕੰਮ ਨਾ ਸਰਦਾ ਦੇਖਕੇ ਚੁਪ ਕਰਕੇ ਬੈਠ ਗਈ।
ਹੁਣ ਰਲਾ ਤੇ ਉਸ ਦਾ ਬਾਰਾਂ ਵਰ੍ਹਿਆਂ ਦਾ ਮੁੰਡਾ ਦੁਲੇ ਨਾਲ ਖੇਤੀ ਕਰਵਾਉਂਦੇ ਕੰਮ ਪਿਉ ਪੁਤ ਦੋਹਾਂ ਤੋਂ ਨਾ ਹੋ ਆਵੇ । ਮਾੜਾ ਕਾਮਾ ਬਲਦਾਂ ਦਾ ਖਾਊ । ਜਦੋਂ ਕੋਈ ਕੰਮ ਕਰਦਾ ਥਕ ਖਿਝ ਜਾਵੇ ਤਾਂ ਬਲਦਾਂ ਤੇ ਗੁੱਸਾ ਕੱਢੇ । ਦੁਲਾ ਬਥੇਰਾ ਤਾੜੇ ਪਰ ਉਹ ਕੁਝ ਜਾਣਕੇ ਕਰਦੇ ਹੋਣ ਤਾਂ ਹਟ ਜਾਣ, ਇਹ ਤਾਂ ਉਹਨਾਂ ਦਾ ਅੰਦਰਲਾ ਥਕੇਵਾਂ ਤੇ ਕਮਜ਼ੋਰੀ ਸੀ ਜੋ ਕਿ ਢੱਗਿਆਂ ਦੀ ਸ਼ਾਮਤ ਬਣੀ ਹੋਈ ਸੀ।
ਡੇਢ ਸਾਲ ਦੇ ਅੰਦਰ ਅੰਦਰ ਰਲੇ ਹੋਰਾਂ ਦੁਲੇ ਦੇ ਦੋ ਬਲਦ ਹਰਾ ਦਿਤੇ । ਇਕ ਤਾਂ ਮਹੀਨਾ ਅਰਾਮ ਲੈਕੇ ਤੇ ਦੋ ਚਾਰ ਸੇਰ ਘਿਉ ਖਾ ਕੇ ਕੰਮ ਜੋਗਾ ਹੋ ਗਿਆ ਪਰ ਦੂਜਾ ਮਰ ਕੇ ਹੀ ਰਿਹਾ ।
ਦੁਲੇ ਨੂੰ ਬਲਦ ਖ਼ਰੀਦਣ ਦੀ ਲੋੜ ਪਈ ਤੇ ਨਿਹਾਲੇ ਕੋਲ ਗਿਆ। ਨਿਹਾਲੇ ਦਾ ਪੰਜ ਸਾਲ ਤੋਂ ਵਿਆਜ ਨਾ ਸੀ ਮੁੜਿਆ, ਉਸ ਨੇ ਕੋਰਾ ਜਵਾਬ ਦੇ ਦਿਤਾ। ਦੁਲਾ ਇਕ ਜਟ ਭਰਾ ਲਹਿਣੇ ਦੀ ਸ਼ਰਨ ਜਾਕੇ ਪਿਆ ਪਰ ਉਸ ਨੇ ਦੁਲੇ ਦਾ ਕੰਮ ਡਿਗਦਾ ਵੇਖ ਕੇ ਗਹਿਣੇ ਬਿਨਾਂ ਰੁਪਿਆ ਦੇਣਾ ਨ ਮੰਨਿਆ । ਬਹੁਤ ਮੁਸ਼ਕਲਾਂ ਨਾਲ ਉਸਨੂੰ ਵੀਹ ਰੁਪਏ ਬਿਆਜ ਦੇਣਾ ਕਰਕੇ ਸੌ ਰੁਪਿਆ ਦੇਣ ਤੇ ਰਾਜ਼ੀ ਕੀਤਾ ।
ਛੇ ਮਹੀਨੇ ਬਾਦ ਦੁਲੇ ਦੇ ਮੁੰਡੇ ਦਾ ਵਿਆਹ ਆ ਗਿਆ ! ਇਕ ਹਜ਼ਾਰ ਰੁਪਿਆ ਲਹਿਣੇ ਤੋਂ ਹੋਰ ਕਢਾਇਆ ਤੇ ਉਸ ਕੋਲ ਦਸ ਵਿਘੇ ਜ਼ਮੀਨ ਗਹਿਣੇ ਰੱਖੀ ।
ਜਦ ਵਿਆਹ ਮੁਕਲਾ ਕੇ ਵਹੁਟੀ ਘਰ ਲੈ ਆਂਦੀ, ਤਾਂ ਨਿਹਾਲੇ ਨੇ ਉਹਦੀਆਂ ਟੂੰਮਾਂ ਤੇ ਨਜ਼ਰ ਰਖ ਕੇ ਦੁਲੇ ਨੂੰ ਰੁਪਿਆ ਦੇਣ ਲਈ ਤੰਗ ਕਰਨਾ ਸ਼ੁਰੂ ਕੀਤਾ। ਦੁਲਾ ਟੂੰਮਾਂ ਵੇਚਣ ਦੀ ਹੱਤਕ ਨਹੀਂ ਸੀ ਸਹਾਰ ਸਕਦਾ ਤੇ ਨਾ ਹੀ ਵਹੁਟੀ ਦੇ ਪੇਕਿਆਂ ਨੇ ਟੂੰਮਾਂ ਵੇਚਣ ਦੇਣੀਆਂ ਸਨ । ਸੋ ਦੁਲਾ ਨਿਹਾਲੇ ਨੂੰ ਲਾਰੇ ਲਪੇ, ਟਾਲ ਮਟੋਲੇ ਕਰਨ ਲੱਗਾ ।
ਨਿਹਾਲੇ ਨੇ ਤਿੰਨ ਕੁ ਮਹੀਨੇ ਦੇਖਿਆ ਤੇ ਨਿਰਾਸ ਹੋ ਮੁਨਸਫ਼ ਦੇ ਜਾ ਦਾਹਵਾ ਕੀਤਾ।
ਸੰਮਣ ਆਏ ਤਾਂ ਦੁਲੇ ਨੂੰ ਫ਼ਿਕਰ ਪਿਆ। ਕਈਆਂ ਸਿਆਣਿਆਂ ਨੇ ਸਲਾਹ ਦਿਤੀ ਕਿ ਵਕੀਲ ਖਤਰੀ ਦਾ ਰੁਪਿਆ ਦੁਲੇ ਤੇ ਨਹੀਂ ਪੈਣ ਦੇਣਗੇ ।
ਦੁਲਾ ਨਾਲ ਦੇ ਪਿੰਡ ਦੇ ਨੰਬਰਦਾਰ ਤੇਜਾ ਸਿੰਘ ਕੋਲ ਗਿਆ। ਤੇਜਾ ਸਿੰਘ ਬੜਾ ਚਲਤਾ ਪੁਰਜ਼ਾ ਸੀ ਤੇ ਨਿਹਾਲੇ ਨਾਲ ਉਸ ਦੀ ਲਾਗ ਡਾਟ ਵੀ ਸੀ। ਉਸ ਨੇ ਹਿੱਕ ਥਾਪੜ ਕੇ ਕਿਹਾ ਕਿ ਜੇ ਨਿਹਾਲੇ ਦਾ ਰੁਪਿਆ ਦੁਲੇ ਦੇ ਸਿਰ ਪੈ ਗਿਆ, ਤਾਂ ਉਹ ਮੁਛਾਂ ਮੁਨਾ ਦੇਵੇਗਾ।
ਸੋ ਇਸ ਕਿਸਮ ਦੀਆਂ ਹੱਲਾ-ਸ਼ੇਰੀਆਂ ਦੇ ਕੇ ਤੇਜਾ ਸਿੰਘ ਸਵੇਰੇ ਹੀ ਦੁਲੇ ਨੂੰ ਸ਼ਹਿਰ ਲੈ ਆਇਆ ਤੇ ਦੋਵੇਂ ਸਿਧੇ ਬਾਬੂ ਨੰਦ ਲਾਲ ਦੇ ਮਕਾਨ ਤੇ ਆਏ ।
ਬਾਬੂ ਨੰਦ ਲਾਲ ਕਚਹਿਰੀ ਜਾਣ ਲਗਾ ਸੀ ਕਿ ਤੇਜਾ ਸਿੰਘ ਤੇ ਦੁਲਾ ਅਗੋਂ ਮਿਲੇ । ਉਹ ਦੋਹਾਂ ਨੂੰ ਲੈਕੇ ਦਫ਼ਤਰ ਵਿਚ ਵਾਪਸ ਆਇਆ। ਉਸ ਦਾ ਦਿਲ ਖ਼ੁਸ਼ੀ ਨਾਲ ਉਛਲਿਆ ਪਰ ਝਟ ਹੀ ਫੇਰ ਬੈਠ ਚਲਿਆ, ਖ਼ਬਰੇ ਸੌਦਾ ਬਣੇ ਯਾ ਨਾ ਬਣੇ ।