13.2 C
Los Angeles
Wednesday, January 22, 2025

ਦੇਸ਼ ਦਾ ਰਾਖਾ

ਹਿਲਾ ਜੋਤਾਂ ਲਾ ਕੇ ਸਰਵਣ ਪਿੰਡ ਆ ਗਿਆ।

⁠ਢਲੇ-ਦੁਪਹਿਰੇ ਚਾਹ ਪੀ ਕੇ ਦਸੌਂਧਾ ਸਿੰਘ, ਉਹਦਾ ਮੁੰਡਾ ਗੁਰਚਰਨ ਤੇ ਸੀਰੀ ਸਰਵਣ ਨਿਆਈਂ ਵਿੱਚ ਜਾ ਰਹੇ। ਨਿਆਈਂ ਵਿੱਚ ਛੀ ਕਿੱਲੇ ਕਪਾਹ ਖੜ੍ਹੀ ਸੀ। ਕਿਆਰਿਆਂ ਦੇ ਮੱਥਿਆਂ ਉੱਤੇ ਸਣ ਹੀ ਸਣ ਸੀ। ਦੋ ਕਿਆਰੇ ਨਿਰੀ ਸਣ ਦੇ ਅਲਹਿਦਾ ਵੀ ਬੀਜੇ ਹੋਏ ਸਨ। ਦਿਨ ਦੇ ਛਿਪਾਅ ਨਾਲ ਉਹਨਾਂ ਤਿੰਨਾਂ ਨੇ ਸਾਰੀ ਸਣ ਵੱਢ ਲਈ। ਤੀਹ-ਚਾਲੀ ਗਰ੍ਹਨੇ ਵੀ ਬੰਨ੍ਹ ਲਏ। ਹਨੇਰਾ ਹੁੰਦਾ ਜਾ ਰਿਹਾ ਸੀ, ਪਰ ਹੋਰ ਗਰ੍ਹਨੇ ਬੰਨ੍ਹਣ ਲਈ ਦਸੌਂਧਾ ਸਿੰਘ ਅਜੇ ਵੀ ਦੱਬ ਦਈ ਜਾਂਦਾ ਸੀ।

⁠’ਗਰ੍ਹਨੇ ਹੁਣ ਤੜਕੇ ਆ ਕੇ ਬੰਨ੍ਹ ਲਾਂ ’ਗੇ, ਚਾਚਾ। ਚੱਲੀਏ ਹੁਣ? ਟੋਕਾ ਵੀ ਕਰਨੈਂ ਪਸ਼ੂਆਂ ਨੂੰ। ਵੇਲਾ ਤਾਂ ਦੇਖ ਕਿਹੜਾ ਹੋ ਗਿਐ।’ ਸਰਵਣ ਨੇ ਕਿਹਾ।

⁠ਘਰ ਜਾ ਕੇ ਗਹਾਂ ਬਹੂ ਦਾ ਮੁੰਮਾ ਚੁੰਘਣੈ ਓਏ ਤੈਂ? ਨ੍ਹੇਰਾ ਹੋ ਗਿਆ ਏਹਨੂੰ ਕਾਹਨ ਨੂੰ।’ ਗੁਰਚਰਨ ਤਿੜਕ ਪਿਆ।

⁠’ਮੂੰਹ ਸੰਭਾਲ ਕੇ ਬੋਲ। ਤੈਨੂੰ ਮੈਂ ਦੱਸ ਦਿਆਂ। ਬਹੂ ਦਾ ਮੁੰਮਾ ਪਰਖਦੈਂ, ਨਾਲੇ ਹੋਰ ….।’ ਸਰਵਣ ਤੋਂ ਗੁੱਸਾ ਸਾਂਭਿਆ ਨਹੀਂ ਸੀ ਜਾ ਰਿਹਾ।

⁠’ਨਾਲੇ ਹੋਰ ਨੂੰ ਤੂੰ ਕੀ ਕਰੇਂਗਾ ਓਏ ਕੁੱਤੀਏ ਜਾਤੇ? ਪਤਾ ਵੀ ਐ ਸੀਰ ਕਿਵੇਂ ਕਮਾਈਦਾ ਹੁੰਦੈ?’ ਗੁਰਚਰਨ ਨੇ ਤੜੀ ਦਿਖਾਈ।

⁠ਸਰਵਣ ਚੁੱਪ ਹੋ ਗਿਆ। ਚੁੱਪ ਕਰਕੇ ਗਰ੍ਹਨੇ ਬੰਨ੍ਹਦਾ ਰਿਹਾ।

⁠ਦਸੌਂਧਾ ਸਿੰਘ ਉਹਨਾਂ ਦੋਹਾਂ ਤੋਂ ਦੂਰ ਖੇਤ ਦੇ ਦੂਜੇ ਸਿਰੇ ਇਕੱਲਾ ਹੀ ਗਰ੍ਹਨੇ ਬੰਨ੍ਹ ਰਿਹਾ ਸੀ।

⁠ਤਾਰੇ ਡਲ੍ਹਕਣ ਲੱਗ ਪਏ। ਮੂੰਹ ਨੂੰ ਮੂੰਹ ਦਿਸਣੋਂ ਹਟ ਗਿਆ। ਸਾਰੇ ਗਰ੍ਹਨੇ ਅਜੇ ਵੀ ਨਹੀਂ ਸਨ ਬੰਨ੍ਹੇ ਗਏ। ਦਸੌਂਧਾ ਸਿੰਘ ਨੇ ਆਖ਼ਰ ਇਹੀ ਸੋਚਿਆ ਕਿ ਬਾਕੀ ਦੇ ਗਰ੍ਹਨੇ ਉਹ ਤੜਕੇ ਆ ਕੇ ਹੀ ਬੰਨ੍ਹ ਲੈਣਗੇ। ਸਾਰੀ ਦੀ ਸਾਰੀ ਸਣ ਤੜਕੇ ਟੋਭੇ ਵਿੱਚ ਦੱਬ ਵੀ ਦੇਣਗੇ।

⁠ਤਿੰਨੇ ਜਣੇ ਘਰ ਆ ਗਏ।

⁠ਚਰ੍ਹੀ ਦਾ ਟੋਕਾ ਕਰਵਾ ਕੇ ਸਰਵਣ ਆਪਣੇ ਘਰ ਵੱਲ ਨੂੰ ਤੁਰ ਪਿਆ। ਉਹ ਬਿਲਕੁਲ ਚੁੱਪ ਸੀ। ਉਸ ਦੇ ਅੰਦਰ ਗੁੱਸਾ ਉੱਬਲ ਰਿਹਾ ਸੀ। ਗੁੰਮ-ਸੁੰਮ ਜਿਹਾ ਉਹ ਘਰ ਨੂੰ ਤੁਰਿਆ ਜਾ ਰਿਹਾ ਸੀ।

⁠ਸਰਵਣ ਦੀ ਬਹੂ ਨੇ ਪਾਣੀ ਦੀ ਟੋਕਣੀ ਚੁੱਲ੍ਹੇ ਉੱਤੇ ਧਰ ਰੱਖੀ ਸੀ। ਸਬਾਤ ਵਿੱਚੋਂ ਉਹ ਆਟਾ ਛਾਣ ਕੇ ਲਿਆਈ। ਗਵਾਂਢਣ ਉਹਨਾਂ ਦੇ ਵਿਹੜੇ ਵਿੱਚ ਖੜ੍ਹੀ ਸੀ। ਸੱਸ ਘਰ ਨਹੀਂ ਸੀ।

⁠’ਕੁੜੇ ਮੂੰਹ ’ਤੇ ਭਲੂਨ ਜਹੀ ਫਿਰੀ ਲੱਗਦੀ ਐ?’ ਗਵਾਂਢਣ ਨੇ ਤਾੜਵੀਆਂ ਅੱਖਾਂ ਨਾਲ ਪੁੱਛਿਆ।

⁠ਬਹੂ ਮੁਸਕਰਾ ਪਈ, ਪਰ ਬੋਲੀ ਕੁਝ ਨਾ।

⁠ਗਵਾਂਢਣ ਦੀਆਂ ਨਜ਼ਰਾਂ ਬਹੂ ਦੇ ਸਾਰੇ ਸਰੀਰ ਨੂੰ ਫਰੋਲ ਗਈਆਂ ਸਨ।

⁠’ਲੈ ਚਾਚੀ, ਅਜੇ ਕਿੱਥੇ? ਦੂਜੀ ਵਾਰ ਤਾਂ ਹੁਣ ਆਈ ਆਂ ਮੈਂ।’ ਬਹੂ ਨੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ।

⁠ਗੱਲ ਅਜੇ ਉਸ ਦੇ ਮੂੰਹ ਵਿੱਚ ਹੀ ਸੀ ਕਿ ਸਰਵਣ ਦੀ ਮਾਂ ਨੇ ਅੰਦਰ ਪੈਰ ਰੱਖਿਆ। ਗਵਾਂਢਣ ਚੁੱਪ ਕਰ ਗਈ। ਸਰਵਣ ਦੀ ਮਾਂ ਤੋਂ ਇੱਕ ਲੱਪ ਮੂੰਗੀ ਉਧਾਰੀ ਲੈ ਕੇ ਉਹ ਚਲੀ ਗਈ। ਸਰਵਣ ਘਰ ਆਇਆ। ਸਿਰ ਉੱਤੋਂ ਮੋਟੀ ਮਲਮਲ ਦਾ ਬਦਾਮੀ ਸਾਫ਼ਾ ਲਾਹ ਕੇ ਉਸ ਨੇ ਝਾੜਿਆ। ਚਰ੍ਹੀ ਦੇ ਨਿੱਕੇ ਪਤਲੇ ਡੋਡੇ ਸਾਫ਼ੇ ਵਿੱਚੋਂ ਤਿੜਕ ਕੇ ਚੌਂਤਰੇ ਉੱਤੇ ਖਿੰਡ ਗਏ। ਕੰਧੋਲੀ ਕੋਲ ਆਟਾ ਗੁੰਨ੍ਹ ਰਹੀ ਉਹਦੀ ਬਹੂ ਕਹਿੰਦੀ, ‘ਓਏ ਲੋਹੜਾ, ਕੱਟੇ ਦਾ ਰੱਜ ਤਾਂ ਸਿਰ ’ਚ ਈ ਲਈ ਫਿਰਦੈਂ।’ ਸਰਵਣ ਦੇ ਬੁੱਲ੍ਹਾਂ ਉੱਤੇ ਪੋਲੀ ਜਿਹੀ ਮੁਸਕਾਣ ਖੇਡ ਗਈ, ਪਰ ਉਹ ਬੋਲਿਆ ਕੁਝ ਨਾ।

⁠ਹਨੇਰਾ ਡੂੰਘਾ ਹੁੰਦਾ ਜਾ ਰਿਹਾ ਸੀ। 

⁠ਅੱਸੂ-ਕੱਤੇ ਦੀ ਰੁੱਤ।

⁠ਸਰਵਣ ਦੇ ਮੱਥੇ ਉੱਤੇ ਮੁੜ੍ਹਕੇ ਦੀ ਜਿਲ੍ਹਬ ਜੰਮੀ ਹੋਈ ਸੀ। ਸਾਫ਼ੇ ਦੇ ਲੜ ਨਾਲ ਉਸ ਨੇ ਮੱਥਾ ਰਗੜਿਆ। ਚਰ੍ਹੀ ਦੇ ਨਿੱਕੇ-ਨਿੱਕੇ ਪੱਤਰੇ ਸਾਫ਼ੇ ਦੇ ਲੜ ਨਾਲ ਚਿਮਟ ਗਏ। ਲੜ ਉਸ ਨੇ ਝੰਜਕ ਦਿੱਤਾ।

⁠ਲਾਲਟੈਨ ਦੀ ਮੱਧਮ ਰੌਸ਼ਨੀ ਵਿੱਚ ਉਸ ਨੇ ਕੱਚੀ ਕੰਧ ਵਿੱਚ ਗੱਡਿਆ ਇੱਕ ਕੀਲਾ ਦੇਖਿਆ ਤੇ ਸਾਫ਼ੇ ਨੂੰ ਚੌਲੜਾ ਕਰਕੇ ਕੀਲੇ ਉੱਤੇ ਟੰਗ ਦਿੱਤਾ। 

⁠ ਉਸ ਨੂੰ ਤੇਹ ਲੱਗੀ ਹੋਈ ਸੀ। ਕੁਤਰੇ ਵਾਲੀ ਮਸ਼ੀਨ ਫੇਰ ਕੇ ਉਸ ਦਾ ਦਮ ਚੜ੍ਹ ਗਿਆ ਸੀ। ਉਸ ਦਾ ਅੰਦਰ ਜਿਵੇਂ ਖ਼ਾਲੀ-ਖ਼ਾਲੀ ਹੋ ਗਿਆ ਹੋਵੇ। ਉਸ ਦੀ ਜੀਭ ਜਿਵੇਂ ਖੁਸ਼ਕ ਹੋ ਗਈ ਹੋਵੇ। ਉਸ ਦੇ ਗਲ ਦੀਆਂ ਦੋ ਨਾੜਾਂ ਧੜਕ ਰਹੀਆਂ ਸਨ। ਪਾਣੀ ਵਾਲੀ ਤੌੜੀ ਵੱਲ ਉਸ ਨੇ ਨਿਗਾਹ ਮਾਰੀ। ਤੌੜੀ ਚੌਂਤਰੇ ਦੇ ਇੱਕ ਖੂੰਜੇ ਵਿੱਚ ਕੱਕੇ ਰੇਤੇ ਦੀ ਢੇਰੀ ਉੱਤੇ ਪਈ ਸੀ। ਭਾਂਡਿਆਂ ਵਾਲੇ ਟੋਕਰੇ ਵਿੱਚੋਂ ਉਸ ਨੇ ਪਿੱਤਲ ਦਾ ਇੱਕ ਗਲਾਸ ਲਿਆ ਤੇ ਹਾਬੜ ਕੇ ਤੌੜੀ ਉੱਤੇ ਜਾ ਝੁਕਿਆ। ਕੰਗਣੀ ਵਾਲਾ ਗਲਾਸ ਇੱਕੋ ਸਾਹ ਉਹ ਸਾਰਾ ਪੀ ਗਿਆ। ਠੰਢੇ ਪਾਣੀ ਨਾਲ ਢਿੱਡ ਭਰ ਕੇ ਜਿਵੇਂ ਉਸ ਨੂੰ ਸ਼ਾਂਤੀ ਆ ਗਈ ਹੋਵੇ। ਜਿਵੇਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਹੋਣ। ਤੌੜੀ ਦਾ ਚੱਪਣ ਉਸ ਦੇ ਖੱਬੇ ਹੱਥ ਵਿੱਚ ਸੀ। ਪਤਾ ਨਹੀਂ ਉਹਦੇ ਦਿਮਾਗ਼ ਵਿੱਚ ਕਿਹੜੀ ਗੱਲ ਘੁੰਮ ਰਹੀ ਸੀ? ਪਤਾ ਨਹੀਂ ਦਸੌਂਧਾ ਸਿੰਘ ਦੇ ਘਰੋਂ ਉਹ ਗੁਆਚਿਆ ਜਿਹਾ ਕਿਉਂ ਆਇਆ ਸੀ? ਤੌੜੀ ਉੱਤੇ ਧਰਨਾ ਤਾਂ ਚੱਪਣ ਸੀ, ਪਰ ਉਸ ਦੇ ਸੱਜੇ ਹੱਥੋਂ ਕੰਗਣੀ ਵਾਲਾ ਗਲਾਸ ਹੀ ਧੜੰਮ ਦੇ ਕੇ ਤੌੜੀ ਵਿੱਚ ਜਾ ਡਿੱਗਿਆ। ਚੱਪਣ ਉਸ ਦੇ ਖੱਬੇ ਹੱਥ ਵਿੱਚ ਫੜਿਆ ਹੀ ਰਹਿ ਗਿਆ। 

⁠ਦਾਤ ਨਾਲ ਗੰਢਾ ਚੀਰਦੀ ਉਸ ਦੀ ਮਾਂ ਨੇ ਦੇਖਿਆ ਤਾਂ ਹੱਸ ਪਈ ਤੇ ਕਹਿੰਦੀ “ਡੰਗਰਾ, ਕਿੱਧਰ ਗਈ ਤੇਰੀ ਅਕਲ?” ਸਰਵਣ ਆਪ ਵੀ ਮੁਸਕਰਾ ਪਿਆ। ਤੌੜੀ ਵਿੱਚੋਂ ਗਲਾਸ ਉਸ ਨੇ ਬਾਹਰ ਕੱਢਿਆ। ਤੌੜੀ ਉੱਤੇ ਚੱਪਣ ਧਰ ਕੇ ਉਹ ਫਿਰ ਚੁੱਪ ਜਿਹਾ ਹੋ ਗਿਆ। ਉਸ ਦੀ ਬਹੂ ਚੌਂਤਰੇ ਉੱਤੋਂ ਉੱਠ ਕੇ ਅੰਦਰ ਸਬਾਤ ਵਿੱਚ ਕੋਈ ਭਾਂਡਾ ਲੈਣ ਚਲੀ ਗਈ ਸੀ।

⁠“ਵੇ ਤੂੰ ਮੂੰਹ ’ਚ ਕੁਝ ਪਾਇਆ ਹੋਇਐ? ਬੋਲਦਾ ਨੀ?” ਮਾਂ ਨੇ ਪੁੱਛਿਆ। 

⁠“ਮਾਂ, ਪੁੱਛ ਨਾ ਕੁਸ। ਇਹਨਾਂ ਜੱਟਾਂ ਦਾ ਜੇ ਬੱਸ ਚੱਲੇ ਤਾਂ ਬਲਦਾਂ ਦੀ ਥਾਂ ਸੀਰੀਆਂ ਨੂੰ ਕਿਹੜਾ ਨਾ ਜੋੜ ਲੈਣ।” ਉਹ ਆਪਣੀਆਂ ਬਾਹਾਂ ਉੱਤੋਂ ਮੈਲ਼ ਦੀਆਂ ਬੱਤੀਆਂ ਉਤਾਰਨ ਲੱਗ ਪਿਆ।

⁠“ਕਿਉਂ, ਅੱਜ ਕੋਈ ਬਹੁਤ ਔਖਾ ਕੰਮ ਸੀ ਖੇਤ?” ਮਾਂ ਨੇ ਚਿੰਤਾ ਪ੍ਰਗਟ ਕੀਤੀ।

⁠“ਔਖੇ ਕੰਮ ਨੇ ਤਾਂ ਖਾਧੀ ਕੜ੍ਹੀ। ਵੇਲਾ ਤਾਂ ਦੇਖ। ਐਡੀ ਰਾਤ ਔਂਦੇ ਹੁੰਦੇ ਨੇ ਸੀਰੀ ਘਰ ਨੂੰ? ਦਸੌਧੇ ਦਾ ਮੁੰਡਾ ਤਾਂ ਸਾਲਾ ਮਾਸ ਚੂੰਡਣ ਤਾਈਂ ਜਾਂਦੈ।” ਸਰਵਣ ਅੱਕਿਆ ਪਿਆ ਸੀ। ਉਸ ਨੇ ਮਾਂ ਉੱਤੇ ਤੋੜਾ ਝਾੜਿਆ-“ਤੈਨੂੰ ਚੰਗਾ ਭਲਾ ਆਖਿਆ ਸੀ ਬਈ ਐਤਕੀਂ ਸੀਰ ਦਾ ਕੰਮ ਛੱਡ ਦਿਆਂ। ਏਦੂੰ ਤਾਂ ਬੰਦਾ ਸੜਕ ਉੱਤੇ ਮਿੱਟੀ ਪੌਣ ਲੱਗ ਪਏ। ਤੂੰ, ਮਾਂ, ਪਰ ਪੱਟੀ ਨਾ ਬੰਨ੍ਹਣ ਦਿੱਤੀ। ਹਾਂ ਹਾਂ ਅਕੇ ਪਿਉ-ਦਾਦੇ ਦਾ ਕੰਮ ਕਰੇ ਬਿਨਾਂ ਸਰਦਾ ਨ੍ਹੀਂ।” ਸਰਵਣ ਦੀਆਂ ਨਾਸਾਂ ਫਰਕਣ ਲੱਗ ਪਈਆਂ। ਮਾਂ ਨਾਲ ਗੱਲ ਕਰਦਿਆਂ ਸਗੋਂ ਉਸ ਨੂੰ ਹੋਰ ਖਿਝ ਚੜ੍ਹ ਰਹੀ ਸੀ।

⁠“ਦਸੌਂਧਾ ਝਈਆਂ ਲੈ ਲੈ ਪਵੇ। ਅਕੇ ਦੋ ਦਿਨ ਕਹਿ ਕੇ ਤੈਂ ਸਹੁਰੀਂ ਚਾਰ ਦਿਨ ਕਿਉਂ ਲਾਏ? ਚਾਰ ਦਿਹਾੜੀਆਂ ਲਖਾ ਲੀਆਂ।” ਸਰਵਣ ਦੱਸ ਰਿਹਾ ਸੀ।

⁠“ਐਨਾ ਸੀਰ ਲੰਘ ਗਿਆ। ਅਟਕਿਆਂ ਇੱਕ ਦਿਨ ਵੀ ਕਦੇ ਘਰੇ ਮੈਂ?”

⁠ਵਿਹੜੇ ਵਿੱਚ ਮੰਜੇ ਦੀਆਂ ਪੈਂਦਾਂ ਉੱਤੇ ਬੈਠੀ ਉਹਦੀ ਮਾਂ ਕੁਝ ਨਾ ਬੋਲੀ। ਸਰਵਣ ਦੇ ਮੂੰਹ ਵੱਲ ਮਸੋਸੀ ਜਿਹੀ ਉਹ ਦੇਖਦੀ ਰਹੀ। ਉਸ ਦੇ ਮੱਥੇ ਉੱਤੇ ਲਟਕਦੀ ਕੇਸਾਂ ਦੀ ਇੱਕ ਲਿਟ ਨੂੰ ਉਤਾਂਹ ਕਰ ਕੇ ਮਾਂ ਨੇ ਉਸ ਦਾ ਦਿਲ ਧਰਾਇਆ- ‘ਐਵੇਂ ਨਾ ਕਾਲਜਾ ਫੂਕੀ ਜਾਇਆ ਕਰ ਆਵਦਾ। ਤੂੰ ਕੋਈ ਖਰਾ ਔਖਾ ਹੋ ਗਿਆ?’ ਸੀਰ ਤੇਰੇ ਪਿਓ ਨੇ ਨਹੀਂ ਸੀ ਕੀਤਾ ਦਾਦੇ ਨੇ ਨਹੀਂ ਸੀ ਕੀਤਾ?’

⁠’ਚਮਿਆਰਾਂ ਦੇ ਘਰ ਜੰਮ ਕੇ ਹੋਰ ਕੀ ਤੂੰ ਦਫ਼ਤਰ ’ਤੇ ਬੈਠੇਂਗਾ?’ ਬਹੂ ਨੇ ਮਸ਼ਕਰੀ ਕੀਤੀ। ‘ਉੱਠ, ਪਾਣੀ ਪਾਇਆ ਪਿਐ, ਨ੍ਹਾ ਲੈ।’

⁠ਵਿਹੜੇ ਦੇ ਇੱਕ ਖੂੰਜੇ ਵਿੱਚ ਚੱਕੀ ਦਾ ਫੁੱਟਿਆ ਪੁੜ ਪਿਆ ਸੀ। ਪੁੜ ਕੋਲ ਬਹੂ ਨੇ ਤੱਤੇ ਪਾਣੀ ਦੀ ਬਾਲਟੀ ਧਰ ਦਿੱਤੀ। ਤੇੜ ਸਮੋਸਾ ਪਾ ਕੇ ਸਰਵਣ ਚੁੱਪ ਕੀਤਾ ਜਿਹਾ ਨਹਾਉਣ ਲੱਗ ਪਿਆ। 

⁠ ਮਾਂ ਹਾਰੀ ਵਿੱਚੋਂ ਤਪਲਾ ਕੱਢ ਕੇ ਛੋਲਿਆਂ ਦੀ ਦਾਲ ਘੋਟਣ ਲੱਗ ਪਈ। 

⁠ਚੁੱਲ੍ਹੇ ਉੱਤੇ ਤਵਾ ਰੱਖ ਕੇ ਬਹੂ ਆਟੇ ਦਾ ਪੇੜਾ ਕਰਨ ਲੱਗੀ।

⁠ਦਸੌਂਧਾ ਸਿੰਘ ਨੇ ਤਖ਼ਤਾ ਖੜਕਾਇਆ। ਸਰਵਣ ਨੂੰ ਹਾਕ ਮਾਰ ਕੇ ਉਹ ਵਿਹੜੇ ਵਿੱਚ ਆ ਖੜ੍ਹਾ। ਸਰਵਣ ਦੀ ਮਾਂ ਨੇ ਪੀੜ੍ਹੀ ਦਿੱਤੀ ਤੇ ਉਸ ਨੂੰ ਬੈਠ ਜਾਣ ਲਈ ਆਖਿਆ, ਪਰ ਉਹ ਬੈਠਿਆ ਨਾ। ਤਵੇ ਉੱਤੇ ਰੋਟੀ ਪਾਉਂਦੀ ਬਹੂ ਨੇ ਚੁੰਨੀ ਖਿੱਚ ਕੇ ਅੱਖਾਂ ਉੱਤੇ ਕਰ ਲਈ।

⁠’ਸਰਵਣਾ, ਰੋਟੀ ਖਾ ‘ਲੀ?’ ਦਸੌਂਧਾ ਸਿੰਘ ਨੇ ਪੁੱਛਿਆ। 

⁠’ਨਹੀਂ ਚਾਚਾ, ਅਜੇ ਤਾਂ ਨ੍ਹਾਤਾ ਵੀ ਨੀਂ।’

⁠’ਰੋਟੀ ਫੇਰ ਖਾਈਂ ਹੁਣ। ਆਈਂ ਕੇਰਾਂ ਭੱਜ ਕੇ ਬਾਹਰਲੇ ਘਰ। ਝੋਟੀ ਸੂੰਦੀ ਐ।’ ਕਹਿ ਕੇ ਦਸੌਂਧਾ ਸਿੰਘ ਉਹਨੀਂ ਪੈਰੀਂ ਮੁੜ ਗਿਆ।

⁠ਸਰਵਣ ਦੀ ਉਮਰ ਉੱਨੀ-ਵੀਹ ਸਾਲ ਦੀ ਹੋਵੇਗੀ, ਜਦੋਂ ਉਹ ਸੀਰੀ ਰਲਣ ਲੱਗ ਪਿਆ ਸੀ। 

⁠ਉਸ ਤੋਂ ਪਹਿਲਾਂ ਉਹ ਸਕੂਲ ਵਿੱਚ ਪੜ੍ਹਦਾ ਹੁੰਦਾ। ਪੰਜ ਜਮਾਤਾਂ ਪੜ੍ਹ ਕੇ ਉਹ ਹਟ ਗਿਆ ਸੀ। ਪੰਜ ਜਮਾਤਾਂ ਪਾਸ ਕਰਵਾ ਕੇ ਉਸ ਦੇ ਪਿਓ ਨੇ ਉਸ ਨੂੰ ਇਸ ਲਈ ਹਟਾ ਲਿਆ ਸੀ, ਕਿਉਂਕਿ ਉਹ ਮੱਝਾਂ ਦਾ ਪਾਲ਼ੀ ਬਣ ਕੇ ਘਰ ਦੀ ਕਬੀਲਦਾਰੀ ਵਿੱਚ ਸਹਾਈ ਹੋ ਸਕਦਾ ਸੀ।

⁠ਇੱਕ ਜੱਟ ਤੋਂ ਦੋ ਸੌ ਰੁਪਿਆ ਇੱਕ ਸਾਲ ਵਾਸਤੇ ਵਿਆਜੂ ਲੈ ਕੇ ਉਸ ਦੇ ਪਿਓ ਨੇ ਸਰਵਣ ਨੂੰ ਛੇ ਮਹੀਨਿਆਂ ਲਈ ਉਹ ਜੱਟ ਦੀਆਂ ਮੱਝਾਂ ਦਾ ਪਾਲ਼ੀ ਲਾ ਦਿੱਤਾ ਸੀ। ਉਹ ਦੋ ਸੌ ਰੁਪਿਆ ਉਸ ਦੇ ਪਿਓ ਤੋਂ ਦੋ ਸਾਲ ਵਾਪਸ ਨਹੀਂ ਸੀ ਹੋਇਆ।

⁠ਸਰਵਣ ਦਾ ਪਿਓ ਕਦੇ ਕਿਸੇ ਨਾਲ, ਕਦੇ ਕਿਸੇ ਨਾਲ ਉਸ ਨੂੰ ਪਾਲੀ ਰਲਾਈ ਰੱਖਦਾ ਸੀ। ਫਿਰ ਉਹ ਗੱਭਰੂ ਹੋ ਗਿਆ ਸੀ। ਉਸ ਦਾ ਪਿਓ ਮਰਿਆ ਤਾਂ ਉਹ ਆਪ ਸੀਰੀ ਰਲਣ ਲੱਗ ਪਿਆ।

⁠ਹੁਣ ਸੀਰੀ ਰਲਦੇ ਨੂੰ ਉਸ ਨੂੰ ਪੰਜ ਸਾਲ ਹੋ ਚੁੱਕੇ ਸਨ। ਦਸੌਂਧਾ ਸਿੰਘ ਨਾਲ ਉਸ ਦਾ ਦੂਜਾ ਸਾਲ ਸੀ।

⁠ਪਿਛਲੇ ਸਾਲ ਰਲਣ ਵੇਲੇ ਉਸ ਨੇ ਦਸੌਂਧਾ ਸਿੰਘ ਤੋਂ ਪੰਜ ਸੌ ਲਿਆ ਸੀ। ਇੱਕ ਗੱਲੋਂ ਅੱਠ ਸੌ ਰੁਪਏ ਵਿੱਚ ਉਸ ਦਾ ਸਰੀਰ ਦਸੌਂਧਾ ਸਿੰਘ ਕੋਲ ਗਹਿਣੇ ਟਿਕਿਆ ਹੋਇਆ ਸੀ।

⁠ਫ਼ਸਲ-ਬਾੜੀ ਵਿੱਚ ਪੰਜਵਾਂ ਹਿੱਸਾ। 

⁠ਰੋਟੀ ਉਹ ਆਪਣੇ ਘਰੋਂ ਖਾਂਦਾ।

⁠ਹੁਣ ਝੋਟੀ ਸੁਆ ਕੇ ਉਹ ਘਰ ਨੂੰ ਆ ਰਿਹਾ ਸੀ। ਗਲੀਆਂ ਵਿੱਚ ਚੁੱਪ ਪਲੋ-ਪਲ ਵਧ ਰਹੀ ਸੀ। ਕੋਈ ਕੋਈ ਆਦਮੀ ਉਸ ਨੂੰ ਰਾਹ ਵਿੱਚ ਟੱਕਰਿਆ। ਕਈ ਹੱਟਾਂ ਅਜੇ ਖੁੱਲ੍ਹੀਆਂ ਸਨ। ਦੀਵੇ ਦੀ ਲਾਟ ਮੁਹਰੇ ਬੈਠਾ ਕਿਰਪਾ ਬਾਣੀਆਂ ਵਹੀ ਉੱਤੇ ਕੁਝ ਲਿਖ ਰਿਹਾ ਸੀ। ਕੋਈ ਹਿਸਾਬ ਕਿਤਾਬ। ਸਰਵਣ ਨੇ ਸੋਚਿਆ ਕਿ ਉਹ ਕਿਰਪੇ ਦਿਉਂ ਚਾਹ ਦੀ ਪੁੜੀ ਫੜ ਲਿਜਾਵੇ। ਚਾਹ ਦੀ ਪੁੜੀ ਲੈਣ ਉਹ ਦੁਕਾਨ ਅੰਦਰ ਵੜਿਆ ਤਾਂ ਉਸ ਕੰਨੀਂ ਮੈਂਗਲ ਚੌਕੀਦਾਰ ਦਾ ਹੋਕਾ ਪਿਆ। ਕੁਝ ਉੱਚੀ-ਉੱਚੀ ਕਹਿ ਕੇ ਮੈਂਗਲ ਪੀਪਾ ਕੁੱਟ ਰਿਹਾ ਸੀ।

⁠ਚਾਹ ਦੀ ਪੁੜੀ ਉਧਾਰ ਲੈ ਕੇ ਸਰਵਣ ਘਰ ਨੂੰ ਚਲਿਆ ਗਿਆ।

⁠ਗਵਾਂਢੀਆਂ ਦੇ ਘਰ ਖੜਕਾ ਹੁੰਦਾ ਸੁਣ ਕੇ ਸਰਵਣ ਦੀ ਮਾਂ ਨੂੰ ਜਾਗ ਆ ਗਈ। ਬੀਹੀ ਦੀ ਕੰਧ ਨਾਲ ਲੱਗਵੀਂ ਕੱਚੀ ਕੋਠੜੀ ਵਿੱਚ ਉਹ ਸੌਂਦੀ ਹੁੰਦੀ। ਸਰਵਣ ਤੇ ਬਹੂ ਅੰਦਰ ਸਬਾਤ ਵਿੱਚ।
⁠ਬੁੜ੍ਹੀ ਮੰਜੇ ਉੱਤੋਂ ਉੱਠੀ। ਕੋਠੜੀ ਤੋਂ ਬਾਹਰ ਆਈ, ਪਹੁ ਪਾਟ ਚੁੱਕੀ ਸੀ, ਗਵਾਂਢੀਆਂ ਦੇ ਘਰ ਚਾਨਣ ਸੀ। ਚਾਨਣ ਵਿੱਚ ਉੱਠ ਰਿਹਾ ਦੁੱਧ-ਚਿੱਟਾ ਧੂੰਆਂ ਅਸਮਾਨ ਨੂੰ ਚੜ੍ਹ ਰਿਹਾ ਸੀ। ਅਸਮਾਨ ਵਿੱਚ ਤਾਰੇ ਮੱਧਮ ਪੈਂਦੇ ਜਾ ਰਹੇ ਸਨ। ਉਸ ਨੇ ਸੋਚਿਆ ਕਿ ਬਹੂ ਨੂੰ ਉਹ ਕਿਵੇਂ ਹਾਕ ਮਾਰ ਕੇ ਜਗਾਵੇ? ਆਪਣੀ ਜਵਾਨੀ ਦਾ ਸਮਾਂ ਯਾਦ ਕਰਕੇ ਇੱਕ ਬਿੰਦ ਬੁੜ੍ਹੀ ਦੇ ਮਨ ਵਿੱਚ ਚੂੰਢੀ ਵੱਢੀ ਗਈ। ਉਸ ਦੇ ਸਰੀਰ ਦਾ ਬੁੱਢਾ ਮਾਸ ਇੱਕ ਝੁਣਝੁਣੀ ਖਾ ਕੇ ਰਹਿ ਗਿਆ। ਪਹਿਲਾਂ ਤਾਂ ਉਹ ਖੰਘੀ ਤੇ ਫਿਰ ਕੋਠੜੀ ਮੂਹਰੇ ਲੱਗੇ ਨਲਕੇ ਦਾ ਡੰਡਾ ਖੜਕਾਇਆ। ਨਲਕਾ ਗੇੜ ਦੇ ਉਸ ਨੇ ਕੁਰਲੀ ਕੀਤੀ ਤੇ ਮੂੰਹ ਧੋਤਾ। ਨਲਕਾ ਖੜਕਦਾ ਸੁਣ ਕੇ ਅੰਦਰ ਸਬਾਤ ਵਿੱਚ ਬਹੂ ਨੂੰ ਜਾਗ ਆ ਗਈ। ਉਸ ਨੇ ਸਰਵਣ ਨੂੰ ਹਲੂਣਿਆ- ‘ਉੱਠ, ਬੇਬੇ ਤਾਂ ਕਦੋਂ ਦੀ ਵਿਹੜੇ ‘ਚ ਤੁਰੀ ਫਿਰਦੀ ਐ।’
⁠ਸਰਵਣ ਬੋਲਿਆ ਨਾ। ਸ਼ਾਇਦ ਉਸ ਨੂੰ ਜਾਗ ਨਹੀਂ ਸੀ ਆਈ। ਸਿਰ ਦੇ ਵਾਲ ਉਂਗਲਾਂ ਦੀ ਕੰਘੀ ਕਰਕੇ ਪਿੱਛੇ ਨੂੰ ਕੀਤੇ ਤੇ ਫਿਰ ਸਰਵਣ ਦੇ ਸਿਰ ਉੱਤੇ ਝੁਕ ਗਈ। ਉਹ ਅਜੇ ਵੀ ਜਿਵੇਂ ਘੂਕ ਸੁੱਤਾ ਪਿਆ ਸੀ। ਬਹੂ ਨੇ ਉਸ ਦਾ ਹੱਥ ਘੁੱਟਿਆ, ਸਰਵਣ ਦੀ ਅੱਖ ਖੁੱਲ੍ਹ ਗਈ। ਬਹੂ ਕਹਿੰਦੀ- ‘ਉੱਠ ਖੜ੍ਹ ਹੁਣ, ਬੇਬੇ ਕੀ ਆਖੂਗੀ?’
⁠ਸਰਵਣ ਨੇ ਅਗਵਾੜੀ ਭੰਨੀ ਤੇ ਅੱਖਾਂ ਝਮਕ ਕੇ ਕਹਿੰਦਾ- ‘ਤੂੰ ਚਾਹ ਦੀ ਘੁੱਟ ਲਿਆ ਪਹਿਲਾਂ ਕਰਕੇ, ਫੇਰ ਹੱਡ ਜੁੜਨਗੇ।’
⁠ਚਾਹ ਪੀ ਕੇ ਸਰਵਣ ਵਿਹੜੇ ਵਿੱਚ ਆਇਆ। ਉਸ ਨੇ ਦੇਖਿਆ ਜਿਵੇਂ ਉਸ ਨੂੰ ਬਹੁਤ ਕੁਵੇਲਾ ਹੋ ਗਿਆ ਹੈ। ਕਿੱਲੀ ਤੋਂ ਸਾਫ਼ਾ ਲਾਹ ਕੇ ਉਸ ਨੇ ਸਿਰ ਨੂੰ ਵਲੇਟ ਲਿਆ। ਚਾਦਰਾ ਮੋਢੇ ਉੱਤੇ ਸੁੱਟ ਲਿਆ।
⁠ਉਹ ਦਸੌਂਧਾ ਸਿੰਘ ਦੇ ਬਾਹਰਲੇ ਘਰ ਪਹੁੰਚਿਆ। ਉਹ ਪਸ਼ੂਆਂ ਨੂੰ ਕੱਖ ਪਾਉਂਦਾ ਫਿਰਦਾ ਸੀ।
⁠’ਬਹਾ ਕਾਹਦਾ ਲਿਆਂਦਾ ਓਏ ਤੂੰ, ਆਪਣੀ ਕਾਰ ਤੋਂ ਵੀ ਗਿਆ। ਆਹ ਵੇਲਾ ਦੱਸ ਕੰਮ ‘ਤੇ ਔਣ ਦੈ?’ ਦਸੌਂਧਾ ਸਿੰਘ ਭਖਿਆ ਹੋਇਆ ਸੀ।
⁠ਸਰਵਣ ਬੋਲਿਆ ਨਹੀਂ।
⁠’ਕੁੰਜੀ ਚਕ ਪੜਛੱਤੀ ਤੋਂ। ਬੰਬਾ ਛੱਡ ਲੈ ਹੁਣੇ ਜਾ ਕੇ। ਮੱਕੀ ਨੂੰ ਪਾਣੀ ਲਾ ਕੇ ਡੱਕ-ਡੱਕ ਭਰੀਂ ਕਿਆਰੇ। ਆਖ਼ਰੀ ਪਾਣੀ ਐ।’ ਦਸੌਂਧਾ ਸਿੰਘ ਨੇ ਕਿਹਾ।
⁠’ਤੇ ਸਣ ਚਾਚਾ?’
⁠’ਤੈਨੂੰ ਜਿਹੜਾ ਕੰਮ ਆਖਿਐ, ਉਹ ਕਰ, ਕੰਜਰ ਦਾ ਪੁੱਤ। ਸਣ, ਮੈਂ ਤੇ ਗੁਰਚਰਨ ਆਪੇ ਕਰ ਲਾਂਗੇ। ਤੂੰ ਬੰਬਾ ਛੱਡ ਜਾ ਕੇ। ਦੀਂਹਦੀ ਨ੍ਹੀਂ ਮੱਕੀ ਕੁਮਲਾਈ ਪਈ?’
⁠ਸਰਵਣ ਬੰਬੇ ਵਾਲੇ ਖੇਤ ਨੂੰ ਤੁਰ ਪਿਆ। ਉਸ ਦੇ ਅੰਗਾਂ ਵਿੱਚ ਕੋਈ ਥਕੇਵਾਂ ਭਰਿਆ ਹੋਇਆ ਸੀ। ਅਜੇ ਵੀ ਉਸਨੂੰ ਜਿਵੇਂ ਨੀਂਦ ਚੜ੍ਹੀ ਹੋਈ ਸੀ। ਉਸਦਾ ਜੀਅ ਕਰਦਾ ਸੀ ਕਿ ਤਿੱਖੀ ਜਿਹੀ ਚਾਹ ਬਣਵਾ ਕੇ ਉਹ ਕਿਤੋਂ ਪੀ ਲਵੇ। ਉਸ ਦੇ ਹੱਡ ਸੰਵਾਰ ਕੇ ਨਹੀਂ ਸਨ ਖੁੱਲ੍ਹੇ।
⁠ਪਿੰਡ ਦੀ ਫਿਰਨੀ ਟੱਪ ਕੇ ਉਹ ਲੰਮੇ ਪਹੇ ਪੈ ਗਿਆ। ਇਹ ਪਹਾ ਸਿੱਧਾ ਬੰਬੇ ਵਾਲੇ ਖੇਤ ਨੂੰ ਜਾਂਦਾ ਸੀ। ਖੇਤ ਪਿੰਡ ਤੋਂ ਕੋਈ ਅੱਧ ਮੀਲ ਉੱਤੇ ਸੀ।
⁠ਉਹ ਤੁਰਿਆ ਜਾ ਰਿਹਾ ਸੀ। ਸੋਚ ਰਿਹਾ ਸੀ ਕਿ ਸੀਰੀ ਦਾ ਕੰਮ ਕਿਹੋ ਜਿਹਾ ਕੁੱਤਾ ਕੰਮ ਹੈ। ਨਾ ਦਿਨ ਨੂੰ ਚੈਨ, ਨਾ ਰਾਤ। ਉਸ ਦਾ ਵਿਆਹ ਹੋਏ ਨੂੰ ਛੀ ਸੱਤ ਮਹੀਨੇ ਹੀ ਹੋਏ ਹਨ। ਮੁਕਲਾਵਾ ਉਹ ਨਾਲ ਹੀ ਲੈ ਆਇਆ ਸੀ। ਹੁਣ ਉਹ ਬਹੂ ਨੂੰ ਦੂਜੀ ਵਾਰ ਲੈ ਕੇ ਆਇਆ ਸੀ। ਉਸ ਦਾ ਮਨ ਕਹਿ ਰਿਹਾ ਸੀ- ‘ਵਿਆਹ ਕਰਵੋਣ ਦਾ ਸੁਆਦ ਤਾਂ ਫੇਰ ਐ, ਜੇ ਵਿਆਹ ਤੋਂ ਪਿੱਛੋਂ ਮਹੀਨਾ, ਦੋ ਮਹੀਨੇ ਬੰਦੇ ਨੂੰ ਵਿਹਲਾ ਈ ਰਹਿਣਾ ਹੋਵੇ। ਦਿਨ ਛਿਪੇ ਘਰ ਵੜੀਦੈ ਤੇ ਦਿਨ ਚੜ੍ਹਨ ਤੋਂ ਪਹਿਲਾਂ ਈ ਘਰੋਂ ਨਿੱਕਲ ਆਈਦੈ। ਚੱਜ ਨਾਲ ਕੰਜਰ ਦੀ ਦੀਆਂ ਅੱਖਾਂ ਵੀ ਨ੍ਹੀਂ ਕਦੇ ਦੇਖੀਆਂ, ਬਈ ਕਹੀਆਂ ਜ੍ਹੀਆਂ ਨੇ।’
⁠ਉਹ ਕਾਹਲੀ-ਕਾਹਲੀ ਤੁਰਿਆ ਜਾ ਰਿਹਾ ਸੀ। ਉਸ ਨੇ ਪਿੱਛੇ ਮੁੜ ਕੇ ਦੇਖਿਆ, ਚੜ੍ਹਦੇ ਵੱਲ ਸਾਰਾ ਅਸਮਾਨ ਤਾਂਬੇ ਰੰਗਾ ਹੋ ਗਿਆ ਸੀ।
⁠ਕਾਹਲ ਨਾਲ ਖੇਤ ਪਹੁੰਚ ਕੇ ਉਸ ਨੇ ਇੰਜਣ ਚਾਲੂ ਕਰ ਲਿਆ।
⁠ਸਰਵਣ ਦੇ ਮਨ ਵਿੱਚ ਕੋਈ ਉਦਰੇਵਾਂ ਉੱਤਰਿਆ ਹੋਇਆ ਸੀ।
⁠ਪਾਣੀ ਕਿਆਰੇ ਦੇ ਦੂਜੇ ਸਿਰੇ ’ਤੇ ਪਹੁੰਚ ਚੁੱਕਿਆ ਸੀ। ਵੱਟਾਂ ਦੇ ਸਿਰਿਆਂ ਤੀਕ ਪਹੁੰਚ ਕੇ ਪਾਣੀ ਟੁੱਟੂੰ-ਟੁੱਟੂੰ ਕਰਨ ਲੱਗ ਪਿਆ। ਖਾਲ ਬੰਨ੍ਹ ਕੇ ਉਸ ਨੇ ਭਰੇ ਕਿਆਰੇ ਦਾ ਨੱਕਾ ਬੰਦ ਕਰ ਦਿੱਤਾ। ਨਵੇਂ ਕਿਆਰੇ ਦੇ ਨੱਕੇ-ਕੋਲ ਕਹੀ ਧਰ ਕੇ ਉਹ ਨਿੰਬੂ ਦੀ ਛਾਵੇਂ ਜਾ ਬੈਠਾ।
⁠ਇੰਜਣ ਦੀ ‘ਧੁੱਕ-ਧੁੱਕ’ ਇਕਦਮ ਬੰਦ ਹੋ ਗਈ। ਉਹ ਉੱਠਿਆ। ਭੱਜ ਕੇ ਕੋਠੇ ਵਿੱਚ ਗਿਆ। ਐਧਰ ਓਧਰ ਇੰਜਣ ਨੂੰ ਦੇਖਿਆ, ਕੋਈ ਨੁਕਸ ਨਜ਼ਰ ਨਹੀਂ ਸੀ ਆ ਰਿਹਾ। ਤੇਲ ਵਾਲੀ ਟੈਂਕੀ ਦਾ ਢੱਕਣ ਉਸ ਨੇ ਖੋਲ੍ਹਿਆ। ਉਸ ਵਿੱਚ ਲੋਹੇ ਦੀ ਸਲਾਖ ਪਾ ਕੇ ਦੇਖੀ। ਟੈਂਕੀ ਵਿੱਚ ਤੇਲ ਭੋਰਾ ਵੀ ਨਹੀਂ ਸੀ। ਤੇਲ ਵਾਲੀ ਢੋਲੀ ਦੀ ਉਸ ਨੇ ਟੂਟੀ ਘਰੋੜੀ। ਡੱਬੇ ਵਿੱਚ ਤੇਲ ਪਾ ਪਾ ਟੈਂਕੀ ਉਸ ਨੇ ਮੂੰਹ ਤੀਕ ਭਰ ਦਿੱਤੀ। ਇੰਜਣ ਸਟਾਰਟ ਕੀਤਾ। ਬੁੱਘ-ਬੁੱਘ ਕਰਕੇ ਪਾਣੀ ਦੀ ਧਾਰ ਔਹ ਗਈ। ਖਾਲ ਭਰਿਆ ਭਰਿਆ ਚੱਲਣ ਲੱਗਿਆ। ਇੰਜਣ ਨੂੰ ਗੇੜਾ ਦੇਣ ਕਰਕੇ ਉਸ ਦਾ ਸਾਹ ਚੜ੍ਹ ਗਿਆ ਸੀ। ਉਹ ਫਿਰ ਨਿੰਬੂ ਦੀ ਛਾਂ ਵਿੱਚ ਆ ਬੈਠਾ। ਨਿੰਬੂ ਦਾ ਇੱਕ ਪੱਤਾ ਤੋੜ ਕੇ ਉਸ ਨੇ ਦੰਦਾਂ ਥੱਲੇ ਲਿਆ। ਮਿੱਠੀ-ਮਿੱਠੀ ਖਟਿਆਸ ਜੀਭ ਉੱਤੋਂ ਤਰ ਕੇ ਉਸ ਦੇ ਸੰਘ ਵਿੱਚ ਅਟਕ ਗਈ। ਸੰਘ ਮਰੋੜ ਕੇ ਉਸ ਨੇ ਥੁੱਕਿਆ। ਉਸ ਨੂੰ ਮਹਿਸੂਸ ਹੋਇਆ, ਜਿਵੇਂ ਉਸ ਦਾ ਸਿਰ ਕੁਝ-ਕੁਝ ਭਾਰਾ ਜਿਹਾ ਹੋਵੇ। ਉਸ ਦੇ ਹੱਡ-ਪੈਰ ਜਿਵੇਂ ਟੁੱਟ ਰਹੇ ਹੋਣ।
⁠ਖੇਤ ਦੇ ਕੋਲ ਹੀ ਪਹਾ ਵਗਦਾ ਸੀ। ਪਰ੍ਹੇ ਦੀ ਭੜੀਂਅ ਉੱਤੋਂ ਦੀ ਧੂੜ ਉੱਡਦੀ ਉਸ ਨੇ ਦੇਖੀ। ਦੁਪਹਿਰਾ ਹੋ ਗਿਆ ਸੀ। ਅਜੇ ਤਾਈਂ ਉਸ ਦੀ ਮਾਂ ਰੋਟੀ ਲੈ ਕੇ ਨਹੀਂ ਸੀ ਆਈ। ਕੜਾਕੇ ਦੀ ਭੁੱਖ ਉਸ ਨੂੰ ਲੱਗੀ ਹੋਈ ਸੀ। ਉਸ ਦਾ ਕਾਲਜਾ ਕੁਤਰ-ਕੁਤਰ ਕਰ ਰਿਹਾ ਸੀ। ਇੱਕ ਬਿੰਦ ਉਸ ਦੇ ਮਨ ਵਿੱਚ ਆਈ- ‘ਵਾਗੀ ਸਾਲ਼ਾ ਹੁਣ ਤਾਈਂ ਗਾਈਆਂ ਨੂੰ ਕਿੱਥੇ ਘੇਰੀ ਰੱਖਦੈ? ਇਹ ਕੋਈ ਵੇਲੈ ਵੱਗ ਛੇੜਨ ਦਾ?’ ਉਸ ਨੂੰ ਵਾਗੀ ਉੱਤੇ ਖਿਝ ਆਈ। ਦੂਜੇ ਬਿੰਦ ਉਸ ਨੇ ਸੋਚਿਆ ਕਿ ਵੱਗ ਨੂੰ ਉਹ ਲਿਜਾਵੇ ਵੀ ਕਿੱਥੇ? ਖੇਤਾਂ ਵਿੱਚ ਬੀੜ ਕੋਈ ਨਹੀਂ ਰਿਹਾ। ਵੱਢਾਂ ਵਿੱਚ ਵੱਗ ਨੂੰ ਕੌਣ ਵੜਨ ਦਿੰਦੈ? ਗਜ਼ ਥਾਂ ਵੀ ਕਿਤੇ ਵਿਹਲੀ ਨਹੀਂ, ਜਿੱਥੇ ਪਸ਼ੂ ਫਿਰ ਤੁਰ ਸਕਣ। ਜ਼ਮੀਨ ਜੱਟਾਂ ਨੂੰ ਕਿੰਨੀ ਪਿਆਰੀ ਹੋ ਗਈ ਹੈ।

⁠ਤੇ ਫਿਰ ਸਾਡੇ ਲਈ ਕੀ ਪਿਆਰਾ ਹੈ? ਅਸੀਂ ਲੋਕ ਜਿਹੜੇ ਪੁਸ਼ਤਾਂ ਤੋਂ ਖੇਤੀ ਦਾ ਕੰਮ ਕਰਦੇ ਹਾਂ। ਖੇਤ ਦੇ ਕੰਮ ਤੋਂ ਬਿਨਾਂ ਹੋਰ ਕੋਈ ਕੰਮ ਜਾਣਦੇ ਵੀ ਨਹੀਂ। ਸਾਡੇ ਲੋਕਾਂ ਲਈ ਕਿਹੜੀ ਚੀਜ਼ ਪਿਆਰੀ ਹੈ? ਅਸੀਂ ਖੇਤੀ ਕਰਦੇ ਹਾਂ। ਖੇਤੀ ਜ਼ਮੀਨ ਵਿੱਚ ਹੀ ਤਾਂ ਹੁੰਦੀ ਹੈ। ਜ਼ਮੀਨਾਂ ਦੇ ਜਦ ਅਸੀਂ ਮਾਲਕ ਹੀ ਨਹੀਂ ਤਾਂ ਸਾਡਾ ਖੇਤੀ ਦੇ ਕੰਮ ਨਾਲ ਪਿਆਰ ਕਾਹਦਾ? ਇੱਕ ਬਿੰਦ ਸਰਵਣ ਨੂੰ ਲੱਗਿਆ, ਜਿਵੇਂ ਉਹ ਅੱਜ ਬਹੁਤ ਊਟ-ਪਟਾਂਗ ਗੱਲਾਂ ਸੋਚ ਰਿਹਾ ਹੈ।

⁠ਨਿੰਬੂ ਦੀ ਮੰਜਾ ਭਰ ਛਾਂ ਥੱਲਿਓਂ ਉਹ ਉੱਠਿਆ। ਕਿਆਰੇ ਦੇ ਦੂਜੇ ਸਿਰੇ ਜਾ ਕੇ ਦੇਖਿਆ, ਪਾਣੀ ਸਿਰੇ ਲੱਗ ਚੁੱਕਿਆ ਸੀ। ਛੇਤੀ-ਛੇਤੀ ਆ ਕੇ ਉਸ ਨੇ ਨਵੇਂ ਕਿਆਰੇ ਵਿੱਚ ਪਾਣੀ ਛੱਡ ਦਿੱਤਾ। ਪਾਣੀ ਨੇ ਸੱਪ ਵਾਂਗ ਸ਼ੂਟ ਵੱਟ ਲਈ। ਖਾਲ ਦੀ ਵੱਟ ‘ਤੇ ਕਹੀ ਰੱਖ ਕੇ ਉਹ ਟਾਹਲੀ ਦੀਆਂ ਜੜ੍ਹਾਂ ਵਿੱਚ ਆ ਬੈਠਾ। ਟਾਹਲੀ ਨਾਲ ਪਿੱਠ ਲਾ ਲਈ। ਦੋਵੇਂ ਹੱਥਾਂ ਦਾ ਘੁੱਗੂ ਬਣਾ ਕੇ ਉਸ ਨੇ ਫੂਕ ਮਾਰੀ ਤੇ ਮੁਸਕਰਾ ਪਿਆ। ਜਵਾਕਾਂ ਵਾਲੀ ਚੌੜ! ਉਹ ਚੁੱਪ ਹੋ ਗਿਆ।

⁠ਟਾਹਲੀ ਕੋਲੋਂ ਉੱਠ ਕੇ ਉਸ ਨੇ ਖ਼ਾਲੀ ਕਿਆਰੇ ਗਿਣੇ। ਪੰਜ ਰਹਿੰਦੇ ਸਨ। ਉਹ ਨੂੰ ਇੱਕ ਖੱਟਾ ਡਕਾਰ ਆਇਆ। ਉਸ ਦੇ ਮਨ ਵਿੱਚ ਗੁੱਸੇ ਦੀ ਇੱਕ ਲਹਿਰ ਉੱਠੀ ਤੇ ਉੱਤਰ ਗਈ। ਉਸ ਦੀ ਮਾਂ ਅਜੇ ਤੀਕ ਰੋਟੀ ਲੈ ਕੇ ਕਿਉਂ ਨਹੀਂ ਸੀ ਆਈ? ਤੜਕੇ ਦੀ ਚਾਹ ਤੋਂ ਬਿਨਾਂ ਉਸ ਦੇ ਅੰਦਰ ਗਿਆ ਵੀ ਕੀ ਸੀ? ਅੱਜ ਤਾਂ ਕਾਹਲ ਵਿੱਚ ਉਸ ਨੇ ‘ਹਾਜਰੀ’ ਵੀ ਨਹੀਂ ਸੀ ਖਾਧੀ।

⁠ਢਿੱਡ ਦੀਆਂ ਕੋਕੜਾਂ ਹੋਣ ਲੱਗੀਆਂ। ਇੱਕ ਸੱਕੇ ਕਿਆਰੇ ਵਿੱਚ ਜਾ ਕੇ ਉਸ ਨੇ ਦੋ ਟਾਂਡੇ ਭੰਨ ਲਏ। ਚਾਰੇ ਛੱਲੀਆਂ ਦੇ ਪਰਦੇ ਉਸ ਨੇ ਉਧੇੜੇ। ਇੱਕ ਛੱਲੀ ਅਜੇ ਵੀ ਦੋਘਾ ਸੀ ਤਾਂ ਉਸ ਨੇ ਕੱਚੀ ਹੀ ਚੂੰਡ ਦਿੱਤੀ।

⁠ਭੜੀਂਅ ਉੱਤੋਂ ਜਦ ਉਸ ਨੇ ਪੁਰਾਣੀ ਵਾੜ ਧੂਹੀ ਤਾਂ ਇੱਕ ਕਾਲ਼ਾ ਸੱਪ ਉੱਥੋਂ ਹਿੱਲਿਆ ਤੇ ਸਰੜ ਦੇ ਕੇ ਕੋਲ ਖੜ੍ਹੇ ਕਰੀਰ ਵਿੱਚ ਪਤਾ ਨਹੀਂ ਕਿੱਥੇ ਗੁੰਮ ਹੋ ਗਿਆ। ਸੱਪ ਨੂੰ ਦੇਖ ਕੇ ਸਰਵਣ ਦੇ ਸਰੀਰ ਵਿੱਚੋਂ ਇੱਕ ਧੁੜਧੁੜੀ ਉੱਠੀ ਤੇ ਉਹ ਆਪ-ਮੁਹਾਰਾ ਹੀ ਬੋਲ ਉੱਠਿਆ- ‘ਖਾ ਲੇ ਸੀ ਕੰਜਰ ਦਿਓ ਬਈ।’

⁠ਮੋੜ੍ਹੀਆਂ ਦੇ ਡੱਕੇ ਤੋੜ-ਤੋੜ ਉਸ ਨੇ ਟਾਹਲੀ ਥੱਲੇ ਇੱਕ ਢੇਰੀ ਲਾ ਲਈ। ਡੱਬੀ ਦੀ ਸੀਖ ਨਾਲ ਢੇਰੀ ਨੂੰ ਅੱਗ ਲਾ ਕੇ ਉਹ ਇੰਜਣ ਵਾਲੇ ਕੋਠੇ ਵੱਲ ਦੌੜ ਗਿਆ। ਲੋਹੇ ਦੀ ਇੱਕ ਮੋਟੀ ਤਾਰ ਚੁੱਕ ਲਿਆਂਦੀ। ਉਸ ਵਿੱਚ ਛੱਲੀ ਅੜੁੰਗ ਕੇ ਲਾਟ ਉੱਤੇ ਕਰ ਲਈ। ਏਵੇਂ ਜਿਵੇਂ ਦੂਜੀ ਛੱਲੀ ਵੀ ਉਸ ਨੇ ਭੁੰਨ ਲਈ, ਦੋਵੇਂ ਛੱਲੀਆਂ ਅੱਗ ਕੋਲ ਧਰ ਕੇ ਉਹ ਕਿਆਰੇ ਦਾ ਸਿਰਾ ਦੇਖਣ ਚਲਿਆ ਗਿਆ। ਅਗਲੇ ਕਿਆਰੇ ਵਿੱਚ ਪਾਣੀ ਛੱਡ ਕੇ ਉਹ ਛੱਲੀ ਚੱਬਣ ਲੱਗ ਪਿਆ। ਇੱਕ ਛੱਲੀ ਚੱਬ ਕੇ ਉਸ ਨੇ ਦੂਜੀ ਨੂੰ ਹੱਥ ਪਾਇਆ ਤੇ ਦੇਖਿਆ ਮੋੜ੍ਹੀਆਂ ਦੀ ਅੱਗ ਸੌਂ ਚੁੱਕੀ ਹੈ। ਤੀਜੀ ਛੱਲੀ ਉਸ ਨੇ ਭੁੱਬਲ ਵਿੱਚ ਘਸੋਅ ਦਿੱਤੀ ਦੂਜੀ ਛੱਲੀ ਅੱਧੀ ਚੱਬਣੀ ਰਹਿੰਦੀ ਸੀ ਕਿ ਉਸ ਦੀ ਬਹੂ ਰੋਟੀ ਲੈ ਕੇ ਆ ਖੜ੍ਹੀ।

⁠‘ਬੇਬੇ ਨ੍ਹੀਂ ਆਈ?’ ਸਰਵਣ ਨੇ ਪੁੱਛਿਆ। 

⁠‘ਔਣ ਜੋਗੀ ਹੁੰਦੀ ਤਾਂ ਔਂਦੀ।’ ਬਹੂ ਨੇ ਜਵਾਬ ਦਿੱਤਾ।

⁠‘ਘਾਰ ਈ ਉੱਠ ਖੜ੍ਹੀ ਹੋਣੀ ਐ? ਹੋਰ ਕੀ ਹੋ ਗਿਐ ਉਸ ਨੂੰ?’ ਚੰਗੀ ਭਲੀ ਤਾਂ ਛੱਡ ਕੇ ਆਇਆਂ ਤੜਕੇ।’ ਸਰਵਣ ਨੇ ਫ਼ਿਕਰ ਕੀਤਾ।

⁠‘ਘਾਰ ਵਰਗੀ ਘਾਰ? ਅੱਜ ਤਾਂ ਬੇਬੇ ਜਮਈਂ ਹੱਥਾਂ ‘ਚ ਆ ਗਈ। ਮੈਂ ਖੇਤ ਦਾ ਰਾਹ ਜੇ ਨਾ ਜਾਣਦੀ ਹੁੰਦੀ ਤਾਂ ਦੋ ਛੱਲੀਆਂ ਹੋਰ ਭੁੰਨ ਲੈਂਦਾ।’

⁠ਛੇਤੀ-ਛੇਤੀ ਰੋਟੀ ਖਾ ਕੇ ਸਰਵਣ ਨੇ ਨਵੇਂ ਕਿਆਰੇ ਵਿੱਚ ਪਾਣੀ ਛੱਡਿਆ ਤੇ ਬਹੂ ਦੇ ਕੋਲ ਆ ਕੇ ਉਸ ਨੂੰ ਪੁੱਛਣ ਲੱਗਿਆ- ‘ਤੈਂ ਕਦੇ ਇੰਜਣ ਚੱਲਦਾ ਦੇਖਿਐ?’

⁠‘ਇੰਜਣ ਵੀ ਕੋਈ ਵੱਡੀ ਚੀਜ਼ ਐ?’ ਬਹੂ ਨੇ ਕਿਹਾ।

⁠‘ਨਹੀਂ, ਆ ਦਖਾਵਾਂ ਤੈਨੂੰ ਇੰਜਣ ਚੱਲਦਾ।’ ਕਹਿ ਕੇ ਉਸ ਨੇ ਬਹੂ ਦਾ ਪੌਂਚਾ ਫੜਿਆ।

⁠‘ਕਿਉਂ, ਰਾਤ ਕੋਈ ਕਸਰ ਰਹਿ ਗਈ ਸੀ?’ ਪੌਂਚਾ ਛੁਡਾ ਕੇ ਬਹੁ ਨੇ ਕਿਹਾ।

⁠ਲੱਸੀ ਵਾਲੀ ਮੱਘੀ ਵਿੱਚ ਕੌਲੀ ਤੇ ਪੌਣਾ ਪਾ ਕੇ ਬਹੂ ਘਰ ਨੂੰ ਜਾਣ ਲੱਗੀ ਕਹਿੰਦੀ- ‘ਅੱਜ ਤੜਕੇ ਦੀ ਸੱਜੀ ਅੱਖ ਫਰਕੀ ਜਾਂਦੀ ਐ, ਪਤਾ ਨ੍ਹੀਂ ਕੀ ਭਾਣਾ ਬੀਤੂ?’

⁠‘ਤੂੰ ਹਾਲੇ ਜਾਹ ਨਾ। ਟਾਹਲੀ ਥੱਲੇ ਅਟਕ ਬਿੰਦ ਝੱਟ। ਮੈਂ ਭੱਜ ਕੇ ਨਵੇਂ ਕਿਆਰੇ ’ਚ ਪਾਣੀ ਵੱਢ ਆਵਾਂ।’ ਸਰਵਣ ਨੇ ਬਹੂ ਨੂੰ ਜਾਣ ਨਾ ਦਿੱਤਾ।

⁠ਨਵੇਂ ਕਿਆਰੇ ਵਿੱਚ ਪਾਣੀ ਛੱਡ ਕੇ ਉਹ ਬਹੂ ਦੇ ਨੇੜੇ ਆ ਕੇ ਬੈਠ ਗਿਆ। ਉਸ ਦੀਆਂ ਅੱਖਾਂ ਵਿੱਚ ਪੂਰੀ ਨਿਗਾਹ ਪਾ ਕੇ ਉਹ ਕਹਿਣ ਲੱਗਿਆ- ‘ਹੁਣ ਤੂੰ ਹੀ ਲੈ ਕੇ ਆਇਆ ਕਰ ਰੋਟੀ। ਅੱਜ ਤੇਰੇ ਆਈ ਤੋਂ ਜਾਣੀਂਦਾ ਸਾਰਾ ਥਕੇਵਾਂ ਲਹਿ ਗਿਆ।’

⁠ਬਹੁ ਕੁਝ ਬੋਲਣ ਹੀ ਲੱਗੀ ਸੀ ਕਿ ਬੰਬੇ ਵਾਲੇ ਕੋਠੇ ਵੱਲੋਂ ਕਿਸੇ ਦੀ ਆਵਾਜ਼ ਸੁਣੀ। ਦੂਜਾ ਬੋਲ ਸਿਆਣ ਕੇ ਸਰਵਣ ਖੜ੍ਹਾ ਹੋ ਗਿਆ। ਦਸੌਂਧਾ ਸਿੰਘ ਸੀ।

⁠‘ਬੈਠਾ ਮਾਂ ਨਾਲ ਮੜਾਕੇ ਮਾਰੀ ਜਾਨੈ। ਕਦੋਂ ਦਾ ਆਇਐਂ ਘਰੋਂ, ਅਜੇ ਤਾਈਂ ਦੋ ਕਿੱਲਿਆਂ ਨੂੰ ਵੀ ਪਾਣੀ ਨ੍ਹੀਂ ਲਾਇਆ ਗਿਆ?’ ਬਹੂ ਨੂੰ ਮਾਂ ਕਹਿ ਕੇ ਦਸੌਂਧਾ ਸਿੰਘ ਨੇ ਸਰਵਣ ਨੂੰ ਜਿਵੇਂ ਪਾਣੀ-ਪਾਣੀ ਕਰ ਦਿੱਤਾ ਹੋਵੇ। ਸਰਵਣ ਸੁੰਨਾ ਜਿਹਾ ਹੋ ਗਿਆ। ਉਸ ਦੇ ਗਲ ਵਿੱਚ ਜਿਵੇਂ ਕੁਝ ਅੜ ਜਿਹਾ ਗਿਆ ਸੀ। ਉਹ ਕੇਵਲ ਐਨੀ ਗੱਲ ਹੀ ਕਹਿ ਸਕਿਆ, ‘ਬੰਬਾ ਤਾਂ ਚਾਚਾ ਉਦੀਂ ਆ ਕੇ ਛੱਡ ਲਿਆ ਸੀ, ਅੱਜ ਇੰਜਣ ਈ ਕੁਸ ਧੂੰਆਂ ਜ੍ਹਾ ਛੱਡੀਂ ਜਾਂਦੈ।’

⁠‘ਛੇਤੀ ਆ ਪਿੰਡ। ਗੱਡਾ ਜੋੜ ਕੇ ਲੈ ਜੋ ਪੰਚੈਤ ਘਰ ਨੂੰ। ਗੁਰਚਰਨ ਕਦੋਂ ਦਾ ਡੀਕੀ ਜਾਂਦੈ ਤੈਨੂੰ। ਰੇਹ ਦੀਆਂ ਬੋਰੀਆਂ ਚੁੱਕ ਲਿਆਓ ਤੇ ਪੋਂਡੀ ’ਚ ਅੱਜ ਈ ਪਾ ਕੇ ਅੱਜ ਈ ਪਾਣੀ ਲਾ ਦਿਓ। ਮੈਂ ਐਧਰ ਬਾਜਰੇ ਕੰਨੀਂ ਗੇੜਾ ਮਾਰ ਆਵਾਂ। ਤੂੰ ਚੱਲ ਪਿੰਡ ਨੂੰ।’ ਦਸੌਂਧਾ ਸਿੰਘ ਦੂਜੇ ਖੇਤ ਨੂੰ ਚਲਿਆ ਗਿਆ।

⁠ਦਸੌਂਧਾ ਸਿੰਘ ਨੂੰ ਦੇਖਣ ਸਾਰ ਬਹੂ ਕਦੋਂ ਦੀ ਪਿੰਡ ਨੂੰ ਚਲੀ ਗਈ ਸੀ।

⁠ਸਰਵਣ ਆਪਣੇ ਕੰਮ ਵਿੱਚ ਫਿਰ ਰੁੱਝ ਗਿਆ।

⁠ਇੱਕ ਕਿਆਰਾ ਬਾਕੀ ਰਹਿ ਗਿਆ ਸੀ। ਭੁੱਬਲ ਵਿਚਲੀ ਛੱਲੀ ਚੁੱਕ ਕੇ ਉਸ ਨੇ ਦੇਖੀ। ਠੰਡੀ ਹੋਈ ਪਈ ਸੀ। ਨਾ ਹੀ ਕੋਈ ਦਾਣਾ ਨਿਕਲਦਾ ਸੀ। ਉਹ ਚਾਹੁੰਦਾ ਸੀ ਕਿ ਦੋ ਦਾਣੇ ਚੱਬ ਕੇ ਉਹ ਆਪਣਾ ਮੂੰਹ ਸੁਆਦ ਕਰ ਲਵੇ, ਪਰ ਛੱਲੀ ਉਸ ਨੇ ਦੂਰ ਵਗਾਹ ਮਾਰੀ।

⁠ਬੁਝੀ ਪਈ ਧੂਣੀ ਕੋਲੋਂ ਇੱਕ ਮੋੜ੍ਹੀ ਚੁੱਕ ਕੇ ਉਹ ਇੱਕ ਪਾਸੇ ਰੱਖਣ ਲੱਗਿਆ ਤਾਂ ਉਸ ਨੂੰ ਸੱਪ ਦਾ ਖ਼ਿਆਲ ਆ ਗਿਆ।‘ਖਾ ਲੇ ਸੀ ਅੱਜ ਤਾਂ ਸੱਪ ਨੇ।’ ਸੱਪ ਦਾ ਚੇਤਾ ਕਰ ਕੇ ਉਸ ਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ। ਉਸ ਦੀ ਮਾਂ ਦੱਸਦੀ ਹੁੰਦੀ-

⁠ਤੇਰਾ ਬਾਬਾ ਏਸ ਦਸੌਂਧੇ ਦੇ ਪਿਓ ਨਾਲ ਸੀਰੀ ਹੁੰਦਾ ਸੀ। ਇੱਕ ਦਿਨ ਪਹੁ ਪਾਟਦੀ ਨਾਲ ਜਦ ਉਹ ਖੇਤ ਗਿਆ। ਪਹਿਲਾ ਓਰਾ ਈ ਅਜੇ ਲਿਆਂਦਾ ਸੀ, ਇੱਕ ਜ਼ਹਿਰੀ ਨਾਗ ਨੇ ਗਿੱਟੇ ਕੋਲੋਂ ਉਸ ਨੂੰ ਡੰਗ ਦਿੱਤਾ। ਪਲ਼ ਵੀ ਨਹੀਂ ਸਹਾਰਿਆ, ਬੁੜ੍ਹਾ। ਥਾਂ ਦੀ ਥਾਂ ਮਰ ਗਿਆ ਸੀ।

⁠ਇੰਜਣ ਬੰਦ ਕਰਕੇ ਉਹ ਪਿੰਡ ਨੂੰ ਤੁਰ ਪਿਆ।

⁠ਦੋ ਛੱਲੀਆਂ, ਛੋਲਿਆਂ ਦੀ ਦਾਲ ਨਾਲ ਚਾਰ ਰੋਟੀਆਂ ਮੰਨਾਂ ਵਰਗੀਆਂ ਤੇ ਲੱਸੀ ਦੀ ਮੱਘੀ । | 

⁠ਉਹ ਆਫ਼ਰ ਜਿਹਾ ਗਿਆ ਸੀ। ਉਸ ਦਾ ਜੀਅ ਮਤਲਾ ਰਿਹਾ ਸੀ। ਉਹ ਮਹਿਸੂਸ ਕਰ ਰਿਹਾ ਸੀ ਕਿ ਲੱਸੀ, ਜਿਹੜੀ ਉਸ ਨੇ ਪੀਤੀ ਹੈ, ਸ਼ਾਇਦ ਕਸਲਿਆਈ ਹੋਈ ਹੋਵੇ? ਕੀ ਪਤਾ ਹੈ, ਕਿੰਨਾ ਚਿਰ ਕਿਸੇ ਪਿੱਤਲ ਦੇ ਭਾਂਡੇ ਵਿੱਚ ਪਈ ਰਹੀ ਹੋਵੇ ਜਾਂ ਸ਼ਾਇਦ ਦਸੌਂਧੇ ਕੇ ਘਰੋਂ ਹੀ ਕਸਲਿਆਈ ਹੋਈ ਆਈ ਹੋਵੇ? ਕਿਤੇ ਹਾਈਆ (ਹੈਜ਼ਾ) ਹੀ ਨਾ ਹੋ ਜਾਵੇ। ਹੈਜ਼ੇ ਦਾ ਅਨੁਭਵ ਕਰ ਕੇ ਉਸ ਨੂੰ ਆਪਣਾ ਪਿਓ ਯਾਦ ਆ ਗਿਆ। ਉਹ ਹੈਜ਼ੇ ਨਾਲ ਹੀ ਮਰਿਆ ਸੀ। ਭਾਦੋਂ ਮਹੀਨੇ ਕਪਾਹ ਗੁਡਦੇ ਨੂੰ ਡਾਕਣੀ ਲੱਗ ਗਈ ਸੀ। ਆਥਣ ਨੂੰ ਘਰ ਆ ਕੇ ਬੇਸੁਰਤ ਹੋ ਗਿਆ ਸੀ। ਅੱਧੀ ਰਾਤ ਪਿੱਛੋਂ ਬੇਸੁਰਤੀ ਦੀ ਹਾਲਤ ਵਿੱਚ ਹੀ ਮਰ ਗਿਆ ਸੀ। ਉਸ ਦੀ ਮਾਂ ਗੰਢੇ ਦਾ ਪਾਣੀ ਦੇਣ ਤੋਂ ਬਿਨਾਂ ਹੋਰ ਕੋਈ ਓਹੜ-ਪੋਹੜ ਨਹੀਂ ਸੀ ਕਰ ਸਕੀ। ਕਿਸੇ ਵੈਦ-ਡਾਕਟਰ ਦਾ ਮੂੰਹ ਉਹ ਕਿੱਥੋਂ ਭਰਦੀ?

⁠ਸਰਵਣ ਨੂੰ ਚੇਹ ਚੜ੍ਹ ਰਹੀ ਸੀ।

⁠ਉਹਦਾ ਪਿਓ, ਉਹਦਾ ਬਾਬਾ ਅਣਿਆਈ ਮੌਤ ਮਰ ਗਏ। ਕੁੱਤੇ-ਬਿੱਲਿਆਂ ਦੀ ਜੂਨ ਤੋਂ ਵੀ ਭੈੜੀ ਜੂਨ ਸੀ ਉਹਨਾਂ ਦੀ।

⁠‘ਤੇ ਮੇਰੀ ਜੂਨ?’ ਸਰਵਣ ਦੇ ਦਿਮਾਗ਼ ਵਿੱਚ ਕੋਈ ਫਤੂਰ ਉੱਠਿਆ ਹੋਇਆ ਸੀ।

⁠‘ਦੁਆਨੀ ਦੇ ਜੱਟ ਨੇ ਤੀਵੀਂ ਦੇ ਸਾਹਮਣੇ ਇੱਜ਼ਤ ਲਾਹ ’ਤੀ। ਏਦੂੰ ਤਾਂ ਬੰਦਾ ਮਰਿਆ ਚੰਗਾ।’ ਜਿਉਂ-ਜਿਉਂ ਪਿੰਡ ਨੇੜੇ ਆ ਰਿਹਾ ਸੀ, ਸਰਵਣ ਦੇ ਸਰੀਰ ਵਿੱਚ ਕੋਈ ਅੱਗ ਮਘ ਰਹੀ ਸੀ।

⁠‘ਜੱਟ ਦੇ ਛਿੱਤਰ ਖਾਣ ਨਾਲੋਂ ਤਾਂ…’ ਸਰਵਣ ਨੇ ਕੋਈ ਫ਼ੈਸਲਾ ਕਰ ਲਿਆ ਸੀ।

⁠ਪਿੰਡ ਵੜਦਿਆਂ ਹੀ ਉਸ ਨੇ ਸਕੂਲ ਵਿੱਚ ਲੋਕਾਂ ਦਾ ਇਕੱਠ ਦੇਖਿਆ।

⁠ਕਿਸੇ ਦੇ ਨਿੱਕਰ, ਕਿਸੇ ਦੇ ਜਾਂਘੀਆ, ਨੰਗੇ-ਧੜੰਗੇ ਕਿੰਨੇ ਹੀ ਨੌਜਵਾਨ ਕਤਾਰ ਵਿੱਚ ਖੜ੍ਹੇ ਸਨ। ਕੁੜਤਾ-ਸਾਫ਼ਾ ਲਾਹ ਕੇ ਸਰਵਣ ਕਤਾਰ ਵਿੱਚ ਜਾ ਖੜ੍ਹਾ ਹੋਇਆ।

ਸ੍ਹਾਬੋ

ਇਹ ਜੋ ਮੁੰਨੇ ਸਿਰ ਵਾਲੀ ਬੁਢੀ ਔਰਤ ਧਰਮਸ਼ਾਲਾ ਦੀ ਚੌਕੜੀ ਉੱਤੇ ਬੈਠੀ ਸੁੱਕੇ ਕਾਨੇ ਨੂੰ ਦੋਹਾਂ ਹੱਥਾਂ ਵਿੱਚ ਪੂਣੀ ਵਾਂਗ ਵੱਟ ਰਹੀ ਹੈ, ਸ੍ਹਾਬੋ ਹੈ-ਸਾਹਿਬ ਕੌਰ। ਬੈਠੀ ਦੇਖੋ, ਜਿਵੇਂ ਕੋਈ ਦੇਵੀ ਹੋਵੇ। ਜੁਆਨੀ ਦੀ ਉਮਰ ਵਿੱਚ ਕਿੰਨੀ ਚੜ੍ਹਤ ਸੀ ਸ੍ਹਾਬੋ ਦੀ। ਰੰਗ ਸਾਂਵਲਾ, ਤਿੱਖਾ ਨੱਕ, ਅੱਖਾਂ ਆਂਡੇ ਵਰਗੀਆਂ, ਕੱਦ ਲੰਮਾ ਤੇ ਭਰਵਾਂ। ਜਿੱਥੋਂ ਦੀ ਲੰਘਦੀ, ਕੰਧਾਂ ਕੰਬਦੀਆਂ ਤੇ ਧਰਤੀ ਨਿਉਂ-ਨਿਉਂ ਜਾਂਦੀ। ਕਮਜ਼ੋਰ ਦਿਲ ਬੰਦਾ ਸ੍ਹਾਬੋ ਦੇ ਸੇਕ ਤੋਂ ਡਰਦਾ ਉਹਦੇ ਨੇੜੇ ਨਹੀਂ ਢੁੱਕ ਸਕਦਾ ਸੀ, ਗੱਲ ਕਰਨ ਲੱਗੇ ਦੀ...

ਰੇਸ਼ਮਾ

ਸੁਦੀਪ ਇੱਕ ਲੇਖਕ ਸੀ, ਕਹਾਣੀ ਲੇਖਕ। ਉਹਨੂੰ ਤਿੰਨਾਂ ਭਾਸ਼ਾਵਾਂ ਵਿੱਚ ਇੱਕੋ ਜਿੰਨੀ ਮੁਹਾਰਤ ਹਾਸਲ ਸੀ। ਮੂਲ ਰੂਪ ਵਿੱਚ ਉਹ ਪੰਜਾਬੀ ਦਾ ਕਹਾਣੀਕਾਰ ਸੀ, ਪਰ ਉਹਦੀਆਂ ਕਹਾਣੀਆਂ ਹਿੰਦੀ ਤੇ ਉਰਦੂ ਵਿੱਚ ਵੀ ਲਗਾਤਾਰ ਛਪਦੀਆਂ ਰਹਿੰਦੀਆਂ। ਆਪਣੀਆਂ ਕਹਾਣੀਆਂ ਦੇ ਅਨੁਵਾਦ ਉਹ ਖ਼ੁਦ ਹੀ ਕਰਦਾ।⁠ਪੰਜਾਬੀ ਵਿੱਚ ਉਹਦੇ ਕਈ ਕਹਾਣੀ-ਸੰਗ੍ਰਹਿ ਛਪ ਚੁੱਕੇ ਸਨ। ਹਿੰਦੀ ਤੇ ਉਰਦੂ ਵਿੱਚ ਵੀ ਕਹਾਣੀ-ਸੰਗ੍ਰਹਿ ਛਪੇ ਸਨ। ਮੈਗ਼ਜ਼ੀਨਾਂ ਵਿੱਚ ਉਹਦੀਆਂ ਕਹਾਣੀਆਂ ਛਪਦੀਆਂ ਤਾਂ ਉਹਨੂੰ ਦੂਰ-ਦੂਰ ਤੋਂ ਪਾਠਕਾਂ ਦੇ ਖ਼ਤ ਮਿਲਦੇ। ਇਸਤਰੀ-ਪਾਠਕਾਂ ਤੇ ਮਰਦ-ਪਾਠਕਾਂ ਦੋਵਾਂ ਦੇ। ਇਸਤਰੀ-ਪਾਠਕਾਂ ਦੇ ਖ਼ਤ ਪੜ੍ਹ...

ਲੀਹ

"ਜਾਂ ਤਾਂ ਮੈਨੂੰ ਕਿਧਰੇ ਲੈ ਕੇ ਨਿੱਕਲ ਚੱਲ, ਨਹੀਂ ਮੈਂ ਕੋਈ ਖੂਹ-ਖਾਤਾ ਗੰਦਾ ਕਰਦੂੰ 'ਗੀ॥ ਮੈਥੋਂ ਘਰ ਦੀ ਕੈਦ ਨ੍ਹੀਂ ਕੱਟੀ ਜਾਂਦੀ।" ਮੀਤੋ ਦੇ ਇਹ ਬੋਲ ਵਾਰ-ਵਾਰ ਉਹਦੇ ਮੱਥੇ ਵਿੱਚ ਕਿੱਲਾਂ ਵਾਂਗ ਆ ਕੇ ਠੁਕ ਜਾਂਦੇ ਤੇ ਇੱਕ ਦਹਿਸ਼ਤ ਜਿਹਾ ਖ਼ਿਆਲ ਉਹਦੀ ਦੇਹ ਨੂੰ ਖੱਖੜੀ-ਖੱਖੜੀ ਕਰਕੇ ਸੁੱਟਦਾ ਤੁਰਿਆ ਜਾਂਦਾ, ਜਦੋਂ ਉਹ ਸੋਚਦਾ ਕਿ ਉਹ ਵੱਡੇ ਤੜਕੇ ਆਪਣੇ ਘਰੋਂ ਉੱਠ ਕੇ ਆਕੇ ਉਹਦਾ ਬੂਹਾ ਖੜਕਾਏਗੀ। ਮੀਤੋ ਨੇ ਪੱਕੀ ਕੀਤੀ ਸੀ ਕਿ ਉਹ ਆਪਣਾ ਸਕੂਟਰ ਤਿਆਰ ਰੱਖੇ। ਉਹ ਪਿੰਡੋਂ ਨਿੱਕਲ ਜਾਣਗੇ...