20.3 C
Los Angeles
Wednesday, January 22, 2025

ਬੱਕਰੇ ਦੀ ਜੂਨ

ਸਵੇਰੇ ਘਰ ਤੋਂ ਬਾਹਰ ਨਿਕਲਦੇ ਇਨਸਪੈਕਟਰ ਜਾਨੀ ਦਾ ਮਨ ਜਰਾ ਕੁ ਘਬਰਾਇਆ। ਅਖ਼ਬਾਰ ਦੀਆਂ ਸੁਰਖ਼ੀਆਂ ਲੁੱਟ, ਮਾਰ, ਬੈਂਕ ਡਾਕੇ, ਕਤਲੇਆਮ, ਪੁਲਸ ਮੁਕਾਬਲਾ, ਇਹ ਤਾਂ ਇਕ ਰੁਟੀਨ ਮਾਮਲਾ ਬਣ ਕੇ ਰਹਿ ਗਈਆਂ ਸਨ। ਘਰ ਤੋਂ ਦਫ਼ਤਰ, ਤੇ ਦਫ਼ਤਰ ਤੋਂ ਘਰ, ਬੱਸ ਇਹੀ ਦੋ ਚਾਰ ਕਿਲੋਮੀਟਰ ਦਾ ਫਾਸਲਾ ਮਿੰਟ ਗਿਣ-ਗਿਣ ਕੇ ਲੰਘਦਾ ਸੀ। ਜਿਹੜੀ ਘੜੀ ਲੰਘ ਗਈ ਉਹੀ ਸੁਲਖਣੀ, ਅੱਗੇ ਕੀ ਹੋਣ ਵਾਲਾ ਹੈ ਕਿਸੇ ਨੂੰ ਪਤਾ ਨਹੀ ਸੀ। ਦਫ਼ਤਰ ਪਹੁੰਚ ਕੇ ਉਸ ਨੂੰ ਖ਼ਬਰ ਮਿਲੀ ਕਿ ਤਰਨਤਾਰਨ ਤੇ ਭਿਖੀਵਿੰਡ ਇਲਾਕਿਆਂ ਵਿਚ ਫਿਰ ਉਸ ਦੀ ਡਿਊਟੀ ਲਗੀ ਹੈ ਦੋਬਾਰਾ, ਤੇ ਦਿਲੀ ਦੇ ਹੁਕਮਾਂ ਅਨੁਸਾਰ ਇਸ ਤੇ ਜਲਦੀ ਅਮਲ ਕਰਾਉਣ ਦੀ ਤਾਕੀਦ ਕੀਤੀ ਗਈ ਸੀ। ਥਾਂ ਥਾਂ ਤੇ ਲੱਗੀਆਂ ਪੁਲਿਸ ਰੋਕਾਂ ਤੇ ਪੈਰ ਪੈਰ, ਟਾਹਣੀ ਟਾਹਣੀ ਤੇ ਲਗੇ ਖਾੜਕੂਆਂ ਦੇ ਡੂਮਣੇ ਪਲ ਵਿਚ ਹੀ ਉਸ ਦੀਆਂ ਨਜ਼ਰਾਂ ਚੋ ਗੁਜਰ ਗਏ। ਖਾੜਕੂ ਉਸ ਨੇ ਸੁਣੇ ਤਾਂ ਸਨ, ਉਹਨਾਂ ਦੇ ਕਾਰਨਾਮੇ ਤੇ ਕਰਤੂਤਾਂ ਜਾਨੀ ਹਰ ਰੋਜ ਟੀ ਵੀ ਰੇਡੀਓ ਤੇ ਅਖ਼ਬਾਰਾਂ ਰਾਹੀ ਬੜਾ ਕੰਨ ਲਾ ਕੇ ਸਰਵਣ ਕਰਦਾ ਸੀ, ਪਰ ਖਾੜਕੂਆਂ ਦੀ ਕਦੇ ਸ਼ਕਲ ਨਹੀਂ ਸੀ ਵੇਖੀ ਉਸਨੇ। ਕਿਦਾਂ ਦੇ ਹੁੰਦੇ ਨੇ, ਉਹ ਬੇਕਿਰਕੋ। ਜਿਹੜੇ ਬਿਨਾਂ ਕਿਸੇ ਦੁਆ ਦਵੈਤ ਦੇ ਏ ਕੇ ਸੰਤਾਲੀ ਦਾ ਘੋੜਾ ਨੱਪ ਕੇ ਕਈ ਵਸਦੇ ਰਸਦੇ ਘਰਾਂ ਵਿੱਚ ਲਹੂ ਦੀ ਪਰਤ ਵਿਛਾ ਦਿੰਦੇ ਹਨ।
ਜਾਨ ਤਲੀ ਤੇ ਧਰ ਕੇ ਮਹਿਕਮੇ ਦੀ ਦਿਤੀ ਚੁਣੌਤੀ ਉਸ ਨੇ ਹੱਸ ਕੇ ਸਵੀਕਾਰ ਕਰ ਲਈ। ਹੋਰ ਕੋਈ ਉਧਰ ਜਾਣ ਦਾ ਹੀਆ ਨਹੀਂ ਸੀ ਕਰਦਾ ਪਰ ਉਸ ਨੇ ਆਪਣੀ ਰਜ਼ਾਮੰਦੀ ਭੇਜ ਦਿੱਤੀ। ਤਰਨਤਾਰਨ ਪਹੁੰਚ ਕੇ ਉਸ ਦੀ ਜਾਨ ਬਿਖੜ ਕੇ ਤੀਲਾ ਤੀਲਾ ਹੋ ਗਈ। ਸੁੰਨਸਾਨ ਗਲੀਆਂ ਬਜ਼ਾਰ, ਬੇਰੌਣਕੇ ਚਿਹਰੇ…, ਕੁੱਤਿਆਂ ਤੇ ਪੁਲਸ ਦੀ ਹਰਲ-ਹਰਲ। ਕਾਗਜ਼ੀ ਕਾਰਵਾਈ ਪਾਉਣ ਲਈ ਉਸ ਨੇ ਘਸੀਟ ਪੁਰੀਆਂ ਦੇ ਸ਼ੈਲਰ ਵੱਲ ਸਕੂਟਰ ਮੋੜਿਆ। ਉਸਦੀ ਰਹਿੰਦੀ ਖੂਹੰਦੀ ਕਸਰ ਵੀ ਪੂਰੀ ਹੋ ਗਈ। ਦਫ਼ਤਰ ਦੇ ਗੇਟ ਨੂੰ ਵੱਡਾ ਸਾਰਾ ਤਾਲਾ। ਉਹ ਬਹੁਤ ਚਿੰਤਾਤੁਰ ਹੋਇਆ। ਇਹ ਸ਼ੈਲਰ ਉਸ ਦੀ ਠਾਹਰ ਸੀ…. ਉਸ ਦੀ ਹੀ ਨਹੀ, ਹਰ ਚੰਗੇ ਮਾੜੇ ਅਫ਼ਸਰ ਦੀ।
ਜਗਤਾਰ ਸਿੰਘ ਘਸੀਟ ਪੂਰੀਆ ਜੋ ਇਸ ਕਾਰਖ਼ਾਨੇ ਦਾ ਮਾਲਕ ਸੀ, ਹਰ ਉੱਚੇ ਨੀਵੇਂ ਨੂੰ ਜੀ ਆਇਆ ਕਹਿੰਦਾ ਸੀ। ਸ਼ਹਿਰ ਦੇ ਆਸੇ ਪਾਸੇ ਦੇ ਹਰ ਅਮੀਰ ਵਜੀਰ ਦੀ ਉਸ ਤੱਕ ਪਹੁੰਚ ਸੀ। ਸ਼ੈਲਰ ਐਸੋਸੀਏਸ਼ਨ ਦਾ ਪ੍ਰਧਾਨ ਸੀ ਉਹ, ਤੇ ਘਸੀਟ ਪੁਰੇ ਪਿੰਡ ਦਾ ਸਰਪੰਚ। ਤੂਤੀ ਬੋਲਦੀ ਸੀ ਸਾਰੇ ਇਲਾਕੇ ਵਿਚ ਉਸ ਦੀ। ਬੜਾ ਸੁਹਣਾ, ਸੁਨੱਖਾ, ਮਿਲਨਸਾਰ ਤੇ ਮਿਲਾਪੜੇ ਮਜਾਜ਼ ਵਾਲਾ, ਹਰ ਛੋਟੇ ਵੱਡੇ ਦੀ ਦੀਦ ਕਰਦਾ ਸੀ। ਭਾਊਆਂ ਨਾਲ ਵੀ ਉਸਦਾ ਯਾਰਾਨਾ ਸੀ, ਤੇ ਉਸ ਨੇ ਕਈਆਂ ਦੇ ਕੰਮ ਕਰਾਏ ਸਨ ਉਨ੍ਹਾਂ ਕੋਲੋਂ। ਉਪਰ ਵਾਲੇ ‘ਘੜੇ’ ’ਚੋਂ ਜਿਸ ਦੀ ਪਰਚੀ (ਲਾਟਰੀ) ਨਿਕਲਦੀ, ਉਸ ਨੂੰ ਸੰਮਣ ਪਹੁੰਚ ਜਾਂਦੇ ਤੇ ਫਿਰ ਉਹ ਜਗਤਾਰ ਸਿੰਘ ਤੱਕ ਪਹੁੰਚ ਕਰਦੇ। ਜੇ ਕਿਸੇ ਦੀ ਵਧੀ ਹੁੰਦੀ, ਦਾਣਾ ਪਾਣੀ ਬਾਕੀ ਹੁੰਦਾ ਤਾਂ ਇਸਦੇ ਮਾਧਿਅਮ ਨਾਲ ਫੈਸਲਾ ਹੋ ਜਾਂਦਾ। ਉਹਨਾਂ ਦੀ ਜਾਨ ਬਖਸ਼ੀ ਹੋ ਜਾਂਦੀ। ਉਸ ਦਾ ਸਕੂਟਰ ਕੰਬ ਕੇ ਰਹਿ ਗਿਆ, ਉਹ ਆਪ ਕੰਬ ਕੇ ਰਹਿ ਗਿਆ, ਜਦ ਉਸਨੇ ਦੇਖਿਆ, ਆਏ ਗਏ ਅਜਨਬੀਆਂ ਦੀ ਠਾਹਰ ਤੇ ਅੱਜ ਸੱਥਰ ਵਿਸ਼ੇ ਪਏ ਨੇ। ਸੋਚਾਂ ਵਿਚ ਡੁੱਬੇ ਕਰਿੰਦੇ ਤੇ ਹੋਰ ਭੈਣ ਭਾਈ ਰੋ ਰੋ ਕੇ ਲਾਲ ਹੋਈਆਂ ਅੱਖਾਂ ਨਾਲ ਉਸਨੂੰ ਮਿਲੇ। ਉਹਨਾਂ ਨੂੰ ਪਤਾ ਸੀ, ਜਾਨੀ ਦਾ ਉਸ ਨਾਲ ਕੁਝ ਜਿਆਦਾ ਹੀ ਮੋਹ ਸੀ ਤੇ ਪੱਗ ਵੱਟਵੀ ਯਾਰੀ ਸੀ। ਅਜੇ ਉਸ ਦੀ ਪਿਛਲੀ ਫੇਰੀ ਸਮੇਂ ਹੀ ਜਗਤਾਰ ਨੇ ਸਲਾਹ ਦਿਤੀ ਸੀ।
‘ਭਾਅ ਜੀ, ਤੁਸੀਂ ਅਜਿਹੀ ਕਾਲੀ ਬੋਲੀ ਹਨੇਰੀ ਵਿਚ ਇਧਰ ਦੌਰਾ ਨਾ ਕਰਿਆ ਕਰੋ। ਇਥੇ ਤਾਂ ਉਹਨਾਂ ਦੀ ਸਮਾਨੰਤਰ ਸਰਕਾਰ ਬਣੀ ਹੋਈ ਹੈ।’ ਤੇ ਅੱਗੋਂ ਉਸ ਨੇ ਹੱਸ ਕੇ ਟਾਲ ਦਿੱਤਾ ਸੀ।
‘ਇਹ ਤਾਂ ਮੇਰਾ ਆਪਣਾ ਹੀ ਇਲਾਕਾ ਹੈ, ਇਹਨਾਂ ਗਲੀਆਂ ਦੀ ਮੈਂ ਖਾਕ ਛਾਣੀ ਹੈ, ਇਥੇ ਰਿੜ ਖੁੜ ਕੇ ਜਵਾਨੀ ਚੜਿਆ ਹਾਂ। ਮਾਨੋ ਚਾਹਲ ਦੇ ਮੇਲੇ ਦੇ ਪੰਘੂੜੇ ਮੈਂ ਆਪ ਝੂਟੇ ਹਨ ਤਾਂ ਹੁਣ ਮੈਨੂੰ ਡਰ ਕਾਹਦਾ?’
‘ਨਹੀਂ, ਫਿਰ ਵੀ ਆਪਣੇ ਆਪ ਦਾ ਬਚਾਅ ਕਰਨਾ ਚਾਹੀਦਾ ਹੈ…. ਇਹਨਾਂ ਨਾਲ ਦੋਸਤੀ ਵੀ ਮਾੜੀ ਤੇ ਦੁਸ਼ਮਣੀ ਵੀ ਮਾੜੀ, ਉਹ ਕਿਸੇ ਦਾ ਲਿਹਾਜ਼ ਨਹੀ ਕਰਦੇ। ਇਹ ਕਿਸੇ ਦੇ ਮਿੱਤ ਨਹੀਂ।’ ਤੇ ਅੱਜ ਉਸ ਹੋਰਾਂ ਨੂੰ ਮੱਤਾਂ ਦੇਣ ਵਾਲੇ ਨੂੰ, ਭਾਊ ਗੱਡੀ ਚੜ੍ਹਾ ਗਏ ਨੇ, ਧੁਰ ਦੀ ਗੱਡੀ। ਉਸਦਾ ਮਨ ਬੁਝ ਗਿਆ, ਹੌਸਲੇ ਦੇ ਥੰਮ ਪਸਤ ਹੋ ਗਏ। ਜੇ ਉਸ ਦਾ ਇਹ ਹਾਲ ਹੋਇਆ ਹੈ ਤਾਂ ਉਹ ਆਪ ਕਿਸ ਦਾ ਪਾਣੀ ਹਾਰ ਹੈ ? ਕੋਈ ਵੀ ਸੁਰਖਿਅਤ ਨਹੀ ਇਥੇ, ਕੋਈ ਵੀ ਥਾਂ ਖ਼ਤਰੇ ਤੋਂ ਖਾਲੀ ਨਹੀਂ।
ਇਹੋ ਜਿਹੇ ਗਮਗੀਨ ਮੌਸਮ ਵਿਚ ਕਿਸੇ ਅਦਾਰੇ ਵਿਚ ਸਰਕਾਰੀ ਕੰਮ ਲਈ ਜਾਣਾ ਕਿੰਨੀ ਮੂਰਖਤਾ ਵਾਲੀ ਗੱਲ ਹੈ। ਉਹਨਾਂ ਦੇ ਕਾਰਖ਼ਾਨੇ ਆ ਕੇ ਸਕੇ ਸੰਬੰਧੀਆਂ ਦੀ ਚੀਕ ਪੁਕਾਰ ਤੇ ਕੁਰਲਾਟ ਸੁਣ ਕੇ ਉਸ ਦੇ ਆਪਣੇ ਮਿਥੇ ਸਰਕਾਰੀ ਮਨੋਰਥ ਧਰੇ ਧਰਾਏ ਰਹਿ ਗਏ।
‘ਚਲੋ ਭਿੱਖੀਵਿੰਡ ਹੀ ਚਲਦੇ ਹਾਂ। ਅਕਸਰ ਤਾਂ ਉਥੇ ਵੀ ਜਾਣਾ ਹੀ ਪੈਣਾ ਹੈ, ਅੱਜ ਨਹੀ ਤਾਂ ਕੱਲ।’ ਉਹ ਮਨ ਵਿੱਚ ਬੜਾ ਕਲਪਿਆ।
ਤਰਨਤਾਰਨ ਤੋਂ ਭਿਖੀਵਿੰਡ ਦੀ ਸੜਕ ਹੋਰ ਵੀ ਜਿਆਦਾ ਖਤਰਨਾਕ ਤੇ ਨਾਜ਼ਕ ਸੀ, ਤੇ ‘ਉਹਨਾਂ’ ਦੀ ਹਕੂਮਤ ਸੀ ਉਸ ਸੜਕ ਤੇ ਪੂਰੀ ਤਰ੍ਹਾਂ। ਇਹੀ ਉਸ ਨੂੰ ਖਾਸ ਤੋਰ ਤੇ ਦੱਸਿਆ ਸੀ ਜਗਤਾਰ ਸਿੰਘ ਨੇ। ਪਰ ਅੰਦਰ ਵੜ ਕੇ ਵੀ ਤਾਂ ਕਿੱਦਾਂ ਦਿਨ ਕਟੀ ਹੋ ਸਕਦੀ ਹੈ? ਕੰਮ ਤੋਂ ਕੰਨੀ ਕਤਰਾਉਣਾ… ਤਾਂ ਬੁਜ਼ਦਿਲੀ ਹੈ। ਉਸ ਦੇ ਮਨ ਦੇ ਅੰਦਰ ਤੂਫਾਨ ਉਠਦੇ ਰਹੇ ਘੋਲ ਕਰਦੇ ਰਹੇ, ਤੇ ਆਖਰ ਉਸ ਨੇ ਉਧਰ ਜਾਣ ਦਾ ਫੈਸਲਾ ਕਰ ਲਿਆ।
ਉਸ ਨੇ ਵਡੇ ਵਡੇਰਿਆਂ ਤੋ ਸੁਣਿਆ ਸੀ, ‘ਭਵਸਾਗਰ ਨੂੰ ਪਾਰ ਕਰਨ ਲਈ ਬਾਣੀ ਦਾ ਸਹਾਰਾ ਲੈਣਾ ਚਾਹੀਦਾ ਹੈ। ਗੁਰਬਾਣੀ ਦੀ ਡੰਗੋਰੀ ਨਾਲ ਹਰ ਵਿੰਗਾ ਟੇਢਾ ਚਿੱਕੜ ਪਾਰ ਕੀਤਾ ਜਾ ਸਕਦਾ ਹੈ। ਮੂੰਹ ਵਿਚ ਪਾਠ ਕਰਦੇ-ਕਰਦੇ ਉਹ ਮਾਣੋ ਚਾਹਲ ਦੀ ਹਦੂਦ ਵਿਚ ਦਾਖਲ ਹੋਇਆ। ਉਸ ਦੇ ਲੂੰ ਕੰਢੇ ਖੜੇ ਹੋ ਗਏ। ਦੂਰ ਤੱਕ ਸੜਕ ਤੇ ਕੋਈ ਬੰਦਾ ਪ੍ਰਿੰਦਾ ਜਾਂ ਸੁਰਖਿਆ ਕਰਮਚਾਰੀ ਨਹੀਂ ਸੀ। ਸੱਜੇ ਪਾਸੇ ਦੂਰ ਤੱਕ ਲਹਿਲਹਾਉਂਦੇ ਹਰੇ ਭਰੇ ਖੇਤ। ਇਸ ਜਗ੍ਹਾ ਕਿਸੇ ਵੇਲੇ ਦੂਰ ਤੱਕ ਜੀਉ ਬਾਲੇ ਵਾਲੀ ਰੋਹੀ ਨੇ ਆਪਣੀਆਂ ਜ਼ੁਲਫਾਂ ਖਿਲਾਰ ਕੇ ਹਜ਼ਾਰਾਂ ਏਕੜ ਰਕਬਾ ਤਬਾਹ ਕਰ ਦਿੱਤਾ ਸੀ ਤੇ ਫਿਰ ਇਕ ਕੈਰੋਂ ਦੇ ਵਜੀਰ ਨੇ ਨੱਥ ਪਾ ਕੇ ਸੱਪ ਦੀ ਪਟਾਰੀ ਵਾਂਗ ਇਸ ਨੂੰ ਇਕ ਡਰੇਨ ਵਿਚ ਬੰਦ ਕਰ ਦਿੱਤਾ ਸੀ, ਉਸ ਦੀ ਹੋਂਦ ਖਤਮ ਕਰ ਦਿੱਤੀ ਸੀ।
ਖੱਬੇ ਪਾਸੇ ਇਕ ਪੱਕਾ ਟੋਟਾ ਸੀ ਸੜਕ ਦਾ, ਸਖੀਰਿਆਂ ਨੂੰ ਜਾਂਦਾ। ਇਹ ਕਦੇ ਕੱਚਾ ਸੀ ਪੁਰਾਣੇ ਵੇਲੇ ਤੇ ਇਸ ਰਸਤੇ ਪਤਾ ਨਹੀ ਕਿੰਨੀ ਕੁ ਵੇਰਾਂ ਉਸ ਨੇ ਵਾਟਾਂ ਵਾਹੀਆਂ ਸਨ, ਉਸ ਵੇਲੇ ਕੋਈ ਡਰ ਨਹੀ ਸੀ, ਅੱਜ ਡਰ ਕਿਉਂ?
ਟਾਂਗੇ ਦੇ ਘੋੜੇ ਨੂੰ ਜਿਵੇਂ ਫਨੀਅਰ ਨੇ ਅੱਗੋਂ ਘੇਰ ਲਿਆ ਹੋਵੇ। ਉਸ ਦੇ ਸਕੂਟਰ ਨੂੰ ਇਕ ਦਮ ਬਰੇਕ ਲੱਗ ਗਈ। ਉਸ ਦੇ ਮਨ ਦੇ ਵਹਿਣ ਉਸ ਨੂੰ ਮਾਣੋ ਚਾਹਲ ਦੀ ਸੜਕ ਤੇ ਬੋਹੜ ਥੱਲੇ ਲੈ ਆਏ। ਮਲੇਸ਼ੀਆ ਕੁੜਤਾ ਪਜਾਮਾ ਪਾਈ ਦੋ ਨੌਜਵਾਨ ਉਸ ਦੇ ਅੱਗੇ ਖੜੇ ਸਨ। ਖੱਬੇ ਪਾਸੇ ਉਸ ਨੇ ਵੇਖਿਆ ਇਹ ਤਾਂ ਬੱਸ ਸਟਾਪ ਸੀ ਤੇ ਕੋਈ ਦਸ ਪੰਦਰਾਂ ਸਵਾਰੀਆਂ ਖੜੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ। ਉਸ ਨੂੰ ਸਮਝਣ ਵਿਚ ਜ਼ਰਾ ਵੀ ਦੇਰ ਨਾ ਲੱਗੀ ਕਿ ਜਿਨ੍ਹਾਂ ਨੂੰ ਵੇਖਣ ਲਈ ਉਹ ਹਰ ਰੋਜ਼ ਚਾਹਤ ਕਰਦਾ ਸੀ, ਤਰਲੋ ਮੱਛੀ ਹੁੰਦਾ ਸੀ, ਉਹ ਉਸ ਦੇ ਸਾਹਮਣੇ ਖੜੇ ਸਨ। ਮਿੰਟ ਦੀ ਮਿੰਟ ਉਸ ਦਾ ਜੀਅ ਕੀਤਾ ਉਹ ਉਚੀ ਉਚੀ ਚਿਲਾ ਕੇ ਲਾਗੇ ਖੜੀਆਂ ਸਵਾਰੀਆਂ ਨੂੰ ਆਪਣੀ ਮਦਦ ਲਈ ਪੁਕਾਰੇ ਪਰ ‘ਟੀਂਅ ਕਰਦੀ ਗੋਲੀ’ ਦੀ ਤਵੱਕੋ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ।
‘ਕਿਥੇ ਜਾਣਾ ਭਾਅ ਜੀ?’ ਇਕ ਨੇ ਸਕੂਟਰ ਦੇ ਹੈਂਡਲ ਤੇ ਹੱਥ ਧਰ ਕੇ ਬੜੇ ਮਿੱਠੇ ਲਹਿਜੇ ਵਿਚ ਪੁਛਿਆ….।
‘ਮੈਂ ਭਿਖੀਵਿੰਡ ਜਾਣਾ… ਬਾਬਿਓ।’
‘ਕੀ ਕੰਮ ਕਰਦੇ ਓ?’ ‘ਜੀ ਮੈਂ ਖੇਤੀ ਕਰਦਾਂ।’
ਉਸ ਨੂੰ ਇਕ ਦਮ ਫੁਰਨਾ ਫੁਰਿਆ ਤੇ ਉਸ ਨੇ ਬੜੀ ਹਾਜ਼ਰ ਜੁਆਬੀ ਨਾਲ ਉਹਨਾਂ ਦਾ ਜੁਆਬ ਦਿੱਤਾ। ਉਸ ਨੂੰ ਪਤਾ ਸੀ ਉਹ ਸਰਕਾਰੀ ਬੰਦੇ ਨੂੰ ਜਾਂ ਅਫਸਰ ਨੂੰ ਨਹੀਂ ਬਖ਼ਸ਼ਦੇ ਤੇ ਸਿਧੇ ਹਰੀਕੇ ਵਾਲੇ ‘ਮੰਡ’ ਵਿਚ ਜਾ ਸੁੱਟਦੇ ਨੇ ਤੇ ਫੇਰ ਮੂੰਹ ਮੰਗੀ ਫਿਰੌਤੀ ਮੰਗਦੇ ਨੇ ਤੇ ਜਾਂ ਫਿਰ ਇਕ ਅੱਧ ਗੋਲੀ ਠੰਢੀ ਕਰ ਸੁੱਟਦੇ ਨੇ।
‘ਕਿਥੇ ਰਹਿੰਦੇ ਓ?’ ਸੋਨੇ ਦਾ ਮੋਟਾ ਲਿਸ਼ਕਦਾ ਕੜਾ ਦੂਜੇ ਹੱਥ ਨਾਲ ਉਪਰ ਕਲੁੰਜਦੇ ਉਸਨੇ ਅੱਗੇ ਕਿਹਾ।
‘ਜੀ ਅੰਮ੍ਰਿਤਸਰ।’
‘ਤਾਂ ਫਿਰ ਇਸ ਰਸਤੇ ਕਿਉਂ ਆਏ? ਦੂਸਰੇ ਸਿੱਧੇ ਰਸਤੇ ਕਿਉਂ ਨਹੀ ਗਏ ?’
‘ਉਥੇ ਜੀ ਇਕ ਬਿਮਾਰ ਆਦਮੀ ਹੈ ਅੰਮ੍ਰਿਤਸਰ, ਉਸ ਦਾ ਸੁਨੇਹਾ ਦੇਣਾ ਸੀ ਤਰਨਤਾਰਨ ਵੀ ਤੇ ਭਿਖੀਵਿੰਡ ਵੀ।’
ਮੌਤ ਨੂੰ ਸਾਹਮਣੇ ਖੜੀ ਦੇਖ ਕੇ ਵੀ ਉਹ ਬੜੇ ਸਵੈਭਰੋਸੇ ਤੇ ਨਿਡਰਤਾ ਨਾਲ ਉਹਨਾਂ ਦੀ ਹਰ ਗੱਲ ਦਾ ਪੂਰੀ ਤਸੱਲੀ ਨਾਲ ਜੁਆਬ ਦਿੰਦਾ ਰਿਹਾ।
‘ਭਾਅ ਜੀ ਸਾਨੂੰ ਤੁਹਾਡੀ ਗੱਡੀ ਚਾਹੀਦੀ ਹੈ।’ ਇਕ ਨੇ ਬੜੇ ਪ੍ਰੇਮ ਨਾਲ ਕਿਹਾ।
ਗੱਡੀ ਤੋਂ ਉਹਨਾਂ ਦਾ ਮਤਲਬ ਸਕੂਟਰ ਸੀ… ਉਹ ਇਕ ਦਮ ਸਮਝ ਗਿਆ। ਇਕੇਰਾਂ ਤੇ ਉਸਦੀ ਖ਼ਾਨਿਓਂ ਗਈ ਕਿ ਨਵਾਂ ਸਕੂਟਰ ਅਜੇ ਨੰਬਰ ਵੀ ਨਹੀ ਲੱਗਾ। ਪਿਛੇ ‘ਦਿਲ ਜਾਨੀ’ ਹੀ ਲਿਖਿਆ ਹੈ ਇਕੱਲਾ, ਜਾਂ ‘ਉਡੀਕਾਂ ਨੰਬਰ’ ਪਰ ਇਕ ਗੱਲੋਂ ਉਸ ਨੇ ਸੁੱਖ ਦਾ ਸਾਹ ਲਿਆ ਕਿ ਸ਼ੁਕਰ ਹੈ ਸਕੂਟਰ ਦੇ ਕੇ ਜਾਨ ਤਾਂ ਬਚਦੀ ਹੈ।
‘ਕੋਈ ਨੀਂ ਲੈ ਜਾਓ… ਸਕੂਟਰ, ਮੈਨੂੰ ਪਤੈਂ ਤੁਸੀਂ ਇਹ ਸ਼ੁਭ ਕੰਮਾਂ ਲਈ ਹੀ ਵਰਤਣਾ ਹੈ। ਸ਼ੁਕਰ ਰੱਬ ਦਾ ਮੇਰਾ ਸਕੂਟਰ ਵੀ ਸ਼ੁਭ ਮਨੋਰਥਾਂ ਲਈ ਕੰਮ ਆਏ।’ ਉਸ ਨੇ ਨਿਸੰਗ ਹੋ ਕੇ ਕਹਿ ਦਿੱਤਾ।
‘ਤੁਸੀਂ ਬੜੇ ਬਹਾਦਰ ਜੋਧੇ ਹੋ, ਜੋ ਏਨਾ ਕਸ਼ਟ ਝੱਲ ਕੇ ਰਾਤ ਦਿਨ ਪੰਥ ਦੀ ਸੇਵਾ ਕਰਦੇ ਹੋ।’ ਜਾਨੀ ਨੇ ਉਹਨਾਂ ਦਾ ਦਿਲ ਜਿੱਤਣਾ ਚਾਹਿਆ, ਪਰ ‘ਇਹ ਬੈਂਕ ਲੁੱਟਣਗੇ, ਡਾਕੇ ਮਾਰਨਗੇ ਤੇ ਕਈ ਬੇਗੁਨਾਹਾਂ ਨੂੰ ਇਕ ਪਾਲ ਵਿਚ ਖੜਾ ਕਰਕੇ ਭੁੰਨ ਦੇਣਗੇ ਤੇ ਫਿਰ ਇਹ ਸਕੂਟਰ ਉਥੇ ਕਿਸੇ ਚੌਰਾਹੇ ਵਿਚ ਖੜਾ ਕਰਕੇ ਹਰਨ ਹੋ ਜਾਣਗੇ।’ ਉਸ ਦੇ ਸਾਹਮਣੇ ਭਾਵੀ ਘਟਨਾਵਾਂ ਦੀ ਰੀਲ ਘੁੰਮ ਗਈ।
‘ਕੋਈ ਫਿਕਰ ਨਾ ਕਰੋ ਭਾਅ ਜੀ! ਸਾਨੂੰ ਆਪਣਾ ਐਡਰੈਸ ਦੱਸ ਜਾਉ, ਅਸੀਂ ਤੁਹਾਡੀ ਗੱਡੀ ਉਥੇ ਪੁੱਜਦੀ ਕਰ ਦਿਆਂਗੇ। ਜੇ ਚਾਹੋ ਤਾਂ ਕਿਸੇ ਨੇੜੇ ਥਾਣੇ ਵਿਚ ਰਪਟ ਲਿਖਾ ਦਿਉ, ਤੁਹਾਡਾ ਵੀ ਬਚਾ ਹੋ ਜਾਵੇਗਾ।’
‘ਮੈਨੂੰ ਇਸ ਪੰਗੇ ਵਿਚ ਨਾਂ ਹੀ ਪਾਉ… ਮੈਂ ਇਕ ਬਿਮਾਰ ਆਦਮੀ ਦਾ ਸੁਨੇਹਾ ਦੇਣਾ ਹੈ।’ ਜਾਨੀ ਦੇ ਤਰਲੇ ਨੇ ਉਹਨਾਂ ਕੋਲੋਂ ਰਹਿਮਤ ਦੀ ਦੁਆ ਮੰਗੀ।
ਨਹੀ ! ਚਲੋ ਤੁਹਾਨੂੰ ਭਿਖੀਵਿੰਡ ਪਹੁੰਚਾ ਦਿਆਂਗੇ।’ ਇਕ ਨੇ ਫਿਰ ਬੜੇ ਹਮਦਰਦੀ ਭਰੇ ਲਹਿਜੇ ਨਾਲ ਜਾਨੀ ਦੀਆਂ ਸਾਰੀਆਂ ਚੂਲਾਂ ਢਿੱਲੀਆਂ ਕਰ ਦਿੱਤੀਆਂ।
‘ਆਪੇ ਫਾਥੜੀਏ ਤੈਨੂੰ ਕੌਣ ਛੁਡਾਏ।’ ਹੁਣ ਉਹ ਦੋਨਾਂ ਦੇ ਵਿਚਕਾਰ ਸਕੂਟਰ ਤੇ ਬੈਠਾ ਪਾਰੇ ਵਾਂਗ ਕੰਬ ਰਿਹਾ ਸੀ। ਹੁਣੇ ਹੁਣੇ ਟੋਕਰੀ ਵਿਚਲੇ ਕਾਗ਼ਜ਼ ਜੋ ਸਰਕਾਰੀ ਦਸਤਾਵੇਜ਼ ਸਨ ਉਸ ਦੀ ਮੌਤ ਦੀ ਸਾਹੇ-ਚਿੱਠੀ ਬਣਨਗੇ, ਤੇ ਹੋਰ ਉਹਨਾਂ ਅੱਗੇ ਮਾਰਿਆ ਝੂਠ ਇਹਨਾਂ ਸਰਕਾਰੀ ਕਾਗ਼ਜ਼ਾਂ ਨੇ ਸਾਰਾ ਨੰਗਾ ਕਰ ਦੇਣਾ ਹੈ।’ ਉਹ ਫੇਰ ਪਾਠ ਕਰਨ ਲੱਗਾ। ਆਪਣੇ ਇਸ਼ਟ ਨੂੰ ਇਸ ਭਵ ਸਾਗਰ ਤੋਂ ਪਾਰ ਉਤਾਰਨ ਲਈ ਅਰਜੋਈ ਕਰਨ ਲੱਗਾ। ਠੀਕ ਉਸੇ ਤਰ੍ਹਾਂ ਜਿਵੇਂ ਭਿਆਨਕ ਡਰਾਉਣੀਆਂ ਰਾਤਾਂ ਵਿੱਚ ਕਦੇ ਉਹ ਛੋਟਾ ਹੁੰਦਾ ਆਪਣੇ ਬਾਬੇ ਨਾਲ ਜੀਉ ਬਾਲੇ ਵਾਲੀ ਦੋ ਚਾਰ ਕਿਲੋਮੀਟਰ ਵਿਚ ਫੈਲੀ ਰੋਹੀ ਪਾਰ ਕਰਦੇ ਸਮੇਂ ਪਾਠ ਕਰਿਆ ਕਰਦੇ ਸਨ। ਉਸ ਨੇ ਆਪਣੇ ਕੰਨ ਚੁਕੰਨੇ ਕਰ ਸੁਣਿਆ, ਉਹ ਵੀ ਦੋਨੋ ਜਣੇ ਪਾਠ ਕਰ ਰਹੇ ਸਨ। ਜਗਤਾਰ ਦੀ ਕਹੀ ਗੱਲ ਉਸ ਨੂੰ ਬਿਲਕੁਲ ਠੀਕ ਹੀ ਜਾਪੀ ਕਿ ਇਹ ਪੰਥ ਦੇ ਹਮਦਰਦ ਸਿਰਫ਼ ਤਿੰਨ ਕੰਮ ਹੀ ਕਰਦੇ ਹਨ। ‘ਬੰਦੇ ਮਾਰਨੇ, ਬੈਂਕ ਲੁੱਟਣੇ ਜਾਂ ਫਿਰ ਵਿਹਲੇ ਸਮੇਂ ਪਾਠ ਕਰਨਾ।’ ਉਹਨਾਂ ਦੋਨਾਂ ਦੀਆਂ ਡੱਬਾਂ ਵਿਚ ਲਕੋਏ ਹਥਿਆਰ ਕਦੇ ਕਦੇ ਸਕੂਟਰ ਦਾ ਹੁਝਕਾ ਲੱਗਣ ਕਰਕੇ ਉਸ ਦੀ ਵੱਖੀਆਂ ਦਾ ਕੋਈ ਪਾਸਾ ਚੋਭ ਜਾਂਦੇ ਤੇ ਉਸ ਦੀ ‘ਊਈ ਈ..’ ਉਸ ਦੇ ਦੰਦਾਂ ਵਿਚ ਹੀ ਦਮ ਤੋੜ ਜਾਂਦੀ।
‘ਲਉ ਭਾਅ ਜੀ! ਹੁਣ ਇਸ ਤੋਂ ਅੱਗੇ ਤੁਸੀਂ ਆਪਣਾ ਇੰਤਜ਼ਾਮ ਕਰ ਲਉ…. ਅਸੀਂ ਅਜੇ ਬੜੇ ਕੰਮ ਕਰਨੇ ਨੇ, ਅਸੀਂ ਵੀ ਲੇਟ ਹੋ ਰਹੇ ਹਾਂ… ।’ ਬੱਕਰਾ ਝਟਕਾਉਣ ਲਈ ਕਿੱਲੇ ਨਾਲ ਬੰਨ੍ਹ ਦਿਤਾ ਤੇ ਫਿਰ ਖੋਲ ਕੇ ਆਜ਼ਾਦ ਕਰ ਦਿੱਤਾ। ਇਹ ਥੋੜੇ ਜਿਹੇ ਪਲ ਵਰ੍ਹਿਆਂ ਵਾਂਗ ਲੰਮੇ ਹੋ ਕੇ ਉਸ ਨੂੰ ਪੋਟਾ ਪੋਟਾ ਕੋਹੰਦੇ ਕਰੁੰਡਦੇ ਰਹੇ। ਉਹ ਇਹਨਾਂ ਪਲਾਂ ਵਿਚ ਕਿੰਨੀ ਵੇਰਾਂ ਮਰਿਆ ਕਿੰਨੀ ਵਾਰੀ ਜੀਵਿਆ।
ਕਦੇ ਕਿਸੇ ਦੇ ਸਾਈਕਲ ਤੇ, ਕਦੇ ਸਕੂਟਰ ਤੇ, ਪੈਂਡਾ ਮਾਰਦਾ ਉਹ ਭਿਖੀਵਿੰਡ ਪਹੁੰਚਾ। ਉਥੇ ਸਹਿਮ ਤਾਂ ਸੀ, ਪਰ ਲੋਕ ਆਪਣੇ ਆਪਣੇ ਕੰਮਾਂ ਵਿਚ ਮਸਰੂਫ ਸਨ। ਕਈ ਅਦਾਰਿਆਂ ਦੇ ਨੁਮਾਇੰਦੇ ਇਕੇ ਥਾਂ ਇਕੱਤਰਤਾ ਕਰ ਰਹੇ ਸਨ। ਉਸ ਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ। ਇਕੱਠ ਵੀ ਸਿਰਫ਼ ‘ਉਹਨਾਂ’ ਨਾਲ ਮਾਸਕ ਹਿਸਾ ਪੱਤੀ ਬਾਰੇ ਹੀ ਸੀ। ‘ਆਉ ਜੀ ਜਨਾਬ !’ ਇਕ ਨੇ ਉਠ ਕੇ ਉਸ ਦੀ ਟੁੱਟੇ ਹੋਏ ਸ਼ੀਸ਼ੇ ਵਰਗੀ ਸ਼ਕਲ ਵੇਖ ਕੇ ਚਿੰਤਾ ਜ਼ਾਹਰ ਕੀਤੀ।
‘ਮੈਨੂੰ ਪਾਣੀ ਪਿਆਉ ਜਲਦੀ।’ ਉਹ ਹਫਦਾ ਹਫਦਾ ਕੁਰਸੀ ਤੇ ਢਹਿ ਪਿਆ।
‘ਕੀ ਹੋਇਆ ਜਾਨੀ ਸਾਹਿਬ। ਤਬੀਅਤ ਠੀਕ ਨਹੀਂ ਸੀ ਤਾਂ ਨਾ ਆਉਂਦੇ ।’ ਪ੍ਰਧਾਨ ਨੇ ਉਸ ਦੀ ਤਬੀਅਤ ਦੇਖ ਕੇ ਹਮਦਰਦੀ ਪ੍ਰਗਟਾਈ।
ਉਸ ਨੇ ਬੜੀ ਮੁਸ਼ਕਲ ਨਾਲ ਟੋਟੇ ਟੋਟੇ ਜੋੜ ਕੇ ਆਪਣੀ ਹੱਡ ਬੀਤੀ ਸੁਣਾਈ। ਉਹ ‘ਉਹਨਾਂ’ ਕੋਲੋਂ ਏਨਾ ਨਹੀਂ ਸੀ ਡਰਿਆ ਜਿੰਨਾਂ ਉਹ ਆਪਣੀ ਬੀਤੀ ਨੂੰ ਸੁਣਾਉਂਦੇ ਡਰਨ ਲੱਗਾ।
‘ਕੋਈ ਨਹੀ ਸ਼ੁਕਰ ਕਰੋ… ਇਹ ਤਾਂ ਉੱਚੇ ਲੰਮੇ ‘ਆਦਰਸ਼ਕ ਪਲਟਣ’ ਦੇ ਸਿਪਾਹੀ ਨੇ, ਇਹ ਕਿਸੇ ਸਰਕਾਰੀ ਅਫ਼ਸਰ ਨੂੰ ਨਹੀ ਛੱਡਦੇ। ਤੁਸੀ ਸਮਝੋ ਅੱਜ ਤੋਂ ਬਾਅਦ ਤੁਹਾਡਾ ਜੀਵਨ ਬੋਨਸ ਦਾ ਜੀਵਨ ਹੈ।’ ਫਿਕਰ ਦੀਆਂ ਰੇਖਾਵਾਂ ਮੱਧਮ ਹੋਈਆਂ ਉਹ ਵੀ ਕੁਝ ਖੁਸ਼ ਹੋਏ, ਮਿਨ੍ਹਾ ਮਿਨ੍ਹਾ ਹੱਸਣ ਨਾਲ ਉਸ ਦਾ ਦੁੱਖ ਕੁਝ ਘਟ ਗਿਆ।
‘ਤੁਹਾਨੂੰ ਕਿਹਾ ਸੀ ਨਾ ਜਾਨੀ ਸਾਹਿਬ! ਕਿ ਤੁਸੀਂ ਨਾ ਆਇਆ ਕਰੋ ਸਾਡੇ ਕੋਲ। ਅਸੀਂ ਆਪੇ ਬਣਦਾ ਸਰਦਾ ਤੁਹਾਨੂੰ ਪੁੱਜਦਾ ਕਰ ਦਿਆਂ ਕਰਾਂਗੇ।’ ਫਿਰ ਹੱਸਦੇ ਹਨ, ਉਸ ਨੂੰ ਚਿੜਾਉਂਦੇ ਹਨ ਕਿ ਉਹ ਪੈਸੇ ਦੀ ਲਾਲਚ ਖਾਤਰ ਆਪਣੀ ਜਾਨ ਗਵਾਉਣ ਲੱਗਾ ਸੀ।
‘ਨਹੀਂ ਪ੍ਰਧਾਨ ਸਾਹਿਬ। ਸਰਕਾਰੀ ਨੌਕਰੀ ਦੀ ਮਜਬੂਰੀ ਹੈ, ਕੱਲ ਹੀ ਦਿੱਲੀ ਤੋਂ ਉਚੇਚਾ ਸੁਨੇਹਾ ਆਇਆ ਸੀ, ਹੁਕਮ ਆਇਆ ਸੀ ਪਈ ਤਰਨਤਾਰਨ ਤੇ ਭਿਖੀਵਿੰਡ ਦਾ ਸਪੈਸ਼ਲ ਸਰਵੇ ਕਰਕੇ ਜਲਦੀ ਰੀਪੋਟ ਦਿੱਤੀ ਜਾਵੇ।’
‘ਦੇ ਦਿਓ ਰੀਪੋਟ! ਸਭ ਠੀਕ ਠਾਕ ਹੈ… ਅਸੀਂ ‘ਉਹਨਾਂ’ ਨੂੰ ਪੱਤੀ ਭਰਦੇ ਹਾਂ…ਮਹੀਨਾ ਭਰਦੇ ਹਾਂ। ਸਾਡੇ ਤੇ ‘ਉਹ’ ਮਿਹਰਬਾਨ ਹਨ… ਅਸੀਂ ਆਪਣਾ ਕੰਮ ਕਰੀ ਜਾਂਦੇ ਹਾਂ, ਉਹ ਆਪਣੇ। ਆਪਣੇ ਅੰਦਰਲੀ ਕਸਕ ਛੁਪਾਉਂਦੇ ਪ੍ਰਧਾਨ ਨੇ ਸਪਸ਼ਟੀਕਰਨ ਦੇ ਦਿੱਤਾ। ਸਰਸਰੀ ਕਾਰਵਾਈ ਕਰਕੇ ਆਪਣਾ ਲਾਗ ਲੈ ਕੇ ਉਹ ਬੱਸ ਵਿਚ ਬੈਠ ਗਿਆ। ਖੜ ਖੜ ਛਣਕਦੀ ਬੱਸ ਜੂੰ ਦੀ ਤੋਰ ਤੁਰਦੀ ਏਦਾਂ ਜਾਪਦੀ ਸੀ ਜਿਵੇਂ ਉਹ ਵੀ ਖਾੜਕੂਆਂ ਦੇ ਡਰ ਤੋਂ ਡਰਦੀ ਤਰਾਹ ਤਰਾਹ ਕਰਦੀ ਜਾ ਰਹੀ ਹੋਵੇ। ਥੋੜੀਆਂ ਜਿਹੀਆਂ ਚਾਰ ਕੁ ਸਵਾਰੀਆਂ ਤੇ ਕੰਡਕਟਰ ਤੇ ਡਰਾਈਵਰ ਦੇ ਚਿਹਰਿਆਂ ਉੱਤੇ ਖੌਫ਼ ਦੀ ਪਰਛਾਈਂ ਪੈਰੋਂ ਪੈਰ ਡੁਬਦੇ ਸੂਰਜ ਦੇ ਨਾਲ ਡੂੰਘੀ ਹੁੰਦੀ ਜਾ ਰਹੀ ਸੀ। ਜਾਨ ਬਚੀ ਸੋ ਲਾਖੋਂ ਪਾਏ ਪਰ ਅਜੇ ਵੀ ਘਰ ਪਹੁੰਚਣ ਤੱਕ ਉਸ ਦਾ ਆਪਾ ਦਿਨ ਦੀ ਘਟਨਾ ਯਾਦ ਕਰਦਾ ਕੰਬੀ ਜਾ ਰਿਹਾ ਸੀ, ਫਿਸਲਦਾ ਜਾ ਰਿਹਾ ਸੀ।
ਘਰ ਪਹੁੰਚਣ ਤੱਕ ਡੂੰਘਾ ਹਨੇਰਾ ਹੋ ਚੁਕਾ ਸੀ। ਬੱਤੀਆਂ ਜਗ ਚੁੱਕੀਆਂ ਸਨ। ਅੰਮ੍ਰਿਤਸਰ ਸ਼ਹਿਰ ਵਿੱਚ ਬਲੈਕ ਆਊਟ ਵਰਗਾ ਮਹੌਲ ਸੀ, ਠੀਕ ਉਵੇਂ ਜਿਵੇਂ 1965 ਤੇ 1971 ਦੀਆਂ ਪਾਕਿਸਤਾਨੀ ਲੜਾਈਆਂ ਵੇਲੇ ਹੋਇਆ ਕਰਦਾ ਸੀ। ਆਪਣੇ ਦਰਵਾਜ਼ੇ ਦੇ ਮੂਹਰੇ ਆਪਣਾ ਸਕੂਟਰ ਖੜਾ ਦੇਖ ਕੇ ਉਹ ਅਸ਼ ਅਸ਼ ਹੋ ਉਠਿਆ ।
‘ਸ਼ੁਕਰ ਹੈ। ਮੈਂ ਵੀ ਠੀਕ ਠਾਕ ਮੁੜ ਆਇਆ ਤੇ ਮੇਰਾ ਸਕੂਟਰ ਵੀ… ਚੰਗੇ ਹਨ ਇਹ ਸੂਰੇ, ਕਹਿਣੀ ਤੇ ਕਰਨੀ ਦੇ ਪੂਰੇ।’ ਉਸ ਨੇ ਦਰਵਾਜ਼ਾ ਖੜਕਾਇਆ.. ਇਕ ਦੋ ਤਿੰਨ ਠੱਕ ਠੱਕ। ਪਰ ਉਸ ਨੂੰ ਅੰਦਰੋਂ ਇਕ ਡਰ ਤੇ ਸਹਿਮ ਭਰੀ ਡਰਾਉਣੀ ਝਲਕ ਫਿਰ ਉਸ ਦੀਆਂ ਮੁੜੀਆਂ ਪਲਕ ਝਲਕ ਦੀਆਂ ਖੁਸ਼ੀਆਂ ਲੀਰੋ ਲੀਰ ਕਰ ਗਈ। ਉਸ ਦੀ ਮਾਤਾ ਨੇ ਕੁੰਡਾ ਖੋਲ੍ਹਿਆ…ਤੇ ਬਾਹਰ ਨਿਕਲ ਕੇ ਉਸ ਨਾਲ ਚੰਬੜ ਕੇ ਰੋਣ ਲੱਗੀ।
‘ਵੇ ਜਾਹ ਪੁੱਤ! ਲੁਕ ਜਾ ਕਿਧਰੇ ਜਾ ਕੇ, ਜਮਦੂਤ ਆਏ ਬੈਠੇ ਨੇ ਤੈਨੂੰ ਲੈਣ ਲਈ।’ ਮਾਂ ਨੇ ਪੁੱਤ ਨੂੰ ਫਿਰ ਘਰੋਂ ਬਾਹਰ ਧੱਕਾ ਦੇ ਕੇ ਕੁੰਡਾ ਮਾਰ ਲਿਆ।
‘ਬਾਹਰ ਹੁਣ ਕਿਥੇ ਜਾਏ? ਆਪਣਾ ਘਰ ਛੱਡ ਕੇ ਬਾਹਰ ਜਾਏ? ਉਸ ਦੇ ਘਰ ਬਿਗਾਨੇ ਬੈਠੇ ਨੇ ਤੇ ਉਹ ਉਹਨਾਂ ਤੋਂ ਡਰ ਕੇ ਬਾਹਰ ਨਿਕਲ ਜਾਏ ਤੇ ਉਥੇ ਪੁਲਸੀਆਂ ਦੇ ਟੇਟੇ ਚੜ੍ਹ ਜਾਏ!’ ਉਸ ਦਾ ਖੂਨ ਉਬਾਲੇ ਮਾਰਨ ਲੱਗਾ।
ਪਿਛਲੀ ਕੰਧ ਨਾਲ ਪੌਡਾ ਲਾ ਕੇ ਛਾਲ ਮਾਰ ਕੇ ਉਪਰ ਪਹਿਲੇ ਝਟਕੇ ਹੀ ਚੜ ਗਿਆ। ਘਰ ਦਾ ਕੁੱਤਾ ਇਕ ਵੇਰਾਂ ਭੌਂਕਿਆ ਤੇ ਫਿਰ ਪੂਛ ਹਿਲਾਉਂਦਾ ਚੁਪ ਕਰ ਗਿਆ। ਉਸ ਨੇ ਘਰ ਦੇ ਮੈਂਬਰ ਨੂੰ ਜਿਵੇਂ ਪਛਾਣ ਲਿਆ ਸੀ। ਉਹ ਸਾਹ ਰੋਕਦਾ-ਰੋਕਦਾ ਹਨੇਰੇ ਦੀ ਓਟ ਵਿੱਚ ਦਲਾਨ ਦੇ ਨਾਲ ਜਾ ਖੜਾ ਹੋਇਆ। ‘ਸਾਡੀ ਤਾਂ ਉਸ ਨਾਲ ਕੋਈ ਦੁਸ਼ਮਣੀ ਨਹੀਂ। ਸਾਡੀ ਤਾਂ ਡਿਊਟੀ ਲੱਗੀ ਹੈ ਉਸ ਨੂੰ ਸੋਧਣ ਦੀ।’ ਪਰਸਾਦੇ ਛਕਦੇ ਛਕਦੇ ਉਹ ਬੋਲੀ ਜਾ ਰਹੇ ਸਨ। ‘ਉਹ ਨਹੀਂ ਹਟਦਾ… ਸਾਡੇ ਮਿਸ਼ਨ ਦੇ ਖ਼ਿਲਾਫ਼ ਲਿਖੀ ਜਾ ਰਿਹਾ ਊਟ ਪਟਾਂਗ।’ ਅਜਨਬੀ ਅਵਾਜ਼ ਸੀ।
‘ਵੇ ਵੀਰਾ ਇਕ ਵੇਰਾਂ ਮੁਆਫ਼ ਕਰ ਦਿਉ..ਪੁਤ ਅਸੀਂ ਉਹਨੂੰ ਸਮਝਾਵਾਂਗੇ, ਹੁਣ ਕੁਝ ਨੀਂ ਲਿਖਦਾ।’ ਮਾਤਾ ਦੀ ਲਿਲ੍ਹਕੜੀ ਸੀ।
‘ਅਸੀਂ ਤਾਂ ਪੰਥ ਦੇ ਗੱਦਾਰਾਂ ਨੂੰ ਗੱਡੀ ਚੜ੍ਹਾਉਣਾ ਹੈ। ਜੇ ਅਸੀਂ ਇਹ ਉੱਪਰਲਾ ਹੁਕਮ ਨਾ ਮੰਨਿਆ ਤਾਂ ਉਹਨੇ ਅਗਲੇ ਨੇ ਸਾਡੇ ਹੱਥ ਖੜੇ ਕਰਵਾ ਲੈਣੇ ਨੇ।’ ਉਹਨਾਂ ਆਪਣੀ ਮਜਬੂਰੀ ਦੱਸੀ।
‘ਕੌਣ ਲਗਾਉਂਦਾ ਹੈ ਇਹ ਡਿਊਟੀ?’ ਉਸ ਦੇ ਡੈਡੀ ਦੀ ਸਹਿਮ ਭਿੱਜੀ ਆਵਾਜ਼ ਸੀ।
‘ਉਹੀ ਨੇ ਬਾਬੇ ਵੱਡੇ…. ਬਾਬਾ ਸੁੱਖਾ। ਵੱਡੇ ਬਾਬੇ ਤੋਂ ਉਹਨੂੰ ਹੁਣੇ ਮਿਲੀ ਹੈ ਅਸ਼ੀਰਵਾਦ … ਬਾਬੇ ਭਿੰਡਰਾਂ ਵਾਲੇ ਤੋਂ।’
‘ਕਿਹੜਾ ਸੁੱਖਾ…? ਸੁੱਖਾ ਸਖੀਰੀਆ…?’ ਉਸ ਦੇ ਡੈਡੀ ਨੂੰ ਜਿਵੇਂ ਕੋਈ ਪਾਰਸ ਮਣੀ ਮਿਲ ਗਈ ਹੋਵੇ।
‘ਹਾਂ ਜੀ ਹਾਂ ਉਹੀ। ਸਾਡੇ ਗੁਰੂ ਨੇ..ਬੜੀ ਮਹਾਨ ਸ਼ਖਸੀਅਤ ਹੈ। ਛੋਟੀ ਜਿਹੀ ਉਮਰ ਵਿੱਚ ਹੀ ਏਨਾ ਵੱਡਾ ਰੁਤਬਾ ਪਾ ਲਿਆ। ਬੜੀ ਕੁਰਬਾਨੀ ਹੈ ਉਸ ਦੀ…ਬੜੇ ਗੱਦਾਰਾਂ ਨੂੰ ਸੁਧਾਰਿਆ ਹੈ ਉਸ ਨੇ।’
ਸਖੀਰਿਆਂ ਦਾ ਨਾਮ ਸੁਣ ਕੇ ਜਾਨੀ ਨੂੰ ਕੁਝ ਹੌਸਲਾ ਹੋਇਆ। ਪਰ, ‘ਉਹ ਕਿਸੇ ਦਾ ਲਿਹਾਜ਼ ਨਹੀ ਕਰਦਾ…ਦਾੜੀ ਕੱਟੇ ਸਿੱਖ ਨੂੰ ਨਹੀ ਮੁਆਫ਼ ਕਰਦਾ। ਸ਼ਰਾਬ ਪੀਣ ਵਾਲੇ ਨੂੰ, ਦਾਜ ਲੈਣ ਵਾਲਿਆਂ ਨੂੰ ਉਹ ਇਕ ਲਾਈਨ ਵਿਚ ਖੜੇ ਕਰਾ ਲੈਂਦਾ ਹੈ। ਦਸ ਤੋਂ ਜਿਆਦਾ ਬਰਾਤ ਦੇ ਬੰਦਿਆਂ ਨੂੰ ਏ. ਕੇ. 47 ਤਾਣ ਲੈਂਦਾ ਹੈ। ਪਰ ਹੋ ਸਕਦਾ ਪਿੰਡ ਦਾ ਨਾਮ ਸੁਣ ਕੇ ਉਸ ਦੇ ਮਨ ਮਿਹਰ ਪੈ ਜਾਏ।’ ਉਸ ਨੇ ਹੌਸਲਾ ਕਰਕੇ ਅੰਦਰ ਜਾ ਕੇ ਵਾਹਿਗੁਰੂ ਜੀ ਕੀ ਫਤਿਹ ਜਾ ਬੁਲਾਈ। ਉਹ ਉਹੀ ਸਨ..ਬਿਲਕੁਲ ਉਹੀ ਸਵੇਰ ਵਾਲੇ। ਉਸ ਨੂੰ ਦੇਖ ਕੇ ਪਛਾਣ ਕੇ ਖੜੇ ਹੋ ਗਏ। ਦੋਹਾਂ ਦੇ ਹੱਥ ’ਚ ਇਕ ਦਮ ਰਿਵਾਲਵਰ ਤਣ ਗਏ। ਉਸ ਦੇ ਡੈਡੀ ਮੰਮੀ ਕੰਬਦੇ-ਕੰਬਦੇ ਬੋਲੇ ‘ਲਉ ਜੀ ਆ ਗਿਆ… ਤੁਹਾਡਾ ਸ਼ਿਕਾਰ।’
‘ਇਹਨੂੰ ਜੋ ਮਰਜ਼ੀ ਕਰੋ ਪਰ ਛੋਟੇ ਨੂੰ ਛੱਡ ਦਿਉ। ਉਹਨੂੰ ਹੁਣ ਨਾਲ ਨਾ ਲਿਜਾਇਓ।’ ਉਸ ਦੀ ਮਾਤਾ ਨੇ ਸੁਮਕਦੇ ਸੁਮਕਦੇ ਨਲੀ ਪੂੰਝਦੇ ਹੱਥ ਜੋੜੇ।
ਜਾਨੀ ਵੱਲ ਵੇਖਦੇ ਵੇਖਦੇ ਉਹਨਾਂ ਦਾ ਮੂੰਹ ਅੱਡਿਆ ਰਹਿ ਗਿਆ।
‘ਸਾਡਾ ਵੀ ਪਿੰਡ ਸਖੀਰਾ ਹੈ, ਜੇ ਉਹ ਸੁੱਖਾ ਇਹ ਡੀਊਟੀ ਲਗਾਉਂਦਾ ਹੈ ਤਾਂ ਮੈ ਮਿਲਾਂਗਾ ਉਸਨੂੰ ਜਰੂਰ, ਜਰੂਰ ਜਾਵਾਂਗਾ..।’ ਸਖੀਰੇ ਦਾ ਨਾਮ ਸੁਣ ਕੇ ਉਹਨਾਂ ਦੇ ਹੱਥ ਚ ਫੜੇ ਰੀਵਾਲਵਰ ਨੀਵੇਂ ਹੋ ਗਏ। ਤੇ ਫਿਰ ਉਹਨਾਂ ਦੀਆਂ ਡੱਬਾਂ ਵਿਚ ਲੁਕ ਗਏ। ਤੁਰਦੇ ਤੁਰਦੇ ਉਹ ਫਿਰ ਬੈਠ ਗਏ।
‘ਮੁਆਫ਼ ਕਰਨਾ ਬਾਪੂ ਜੀ ! ਅਸੀਂ ਜਿਸ ਕੰਮ ਵਿਚ ਪੈ ਗਏ ਹਾਂ, ਸਾਨੂੰ ਪਤਾ ਹੈ ਇਹ ਮਾੜਾ ਹੈ ਤੇ ਇਸ ਦਾ ਅੰਜਾਮ ਵੀ ਮਾੜਾ ਹੈ, ਪਰ ਅਸੀਂ ਜਿਥੇ ਪਹੁੰਚ ਗਏ ਹਾਂ ਉਥੋਂ ਮੁੜਨਾ ਵੀ ਸਾਡੇ ਲਈ ਸੌਖਾ ਕੰਮ ਨਹੀ।’ ਇਕ ਨੇ, ਜੋ ਦੋਹਾ ’ਚੋਂ ਸਿਰ ਕੱਢ ਲੀਡਰ ਜਾਪਦਾ ਸੀ, ਨੇ ਦੁਖੀ ਦਿਲ ਨਾਲ ਆਪਣੀ ਸਫਾਈ ਪੇਸ਼ ਕੀਤੀ।
‘ਅਸੀਂ ਤੁਹਾਡੇ ਕੰਮ ਵਿਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਕੀ ਚੰਗਾ ਹੈ ਕੀ ਬੁਰਾ? ਤੁਹਾਨੂੰ ਸਭ ਪਤਾ ਹੈ। ਅਸੀ ਤਾਂ ਜਾਨੀ ਨੂੰ ਵੀ ਰੋਕਦੇ ਰਹੇ ਹਾਂ ਕਿ ਇਹਨਾਂ ਭੂੰਡਾਂ ਦੀ ਖੱਖਰ ਨੂੰ ਨਾ ਛੇੜੇ ਤੇ ਇਹ ਨਹੀਂ ਟਲਿਆ ਤੇ ਅਖੀਰ ਇਸ ਦਾ ਅੰਜਾਮ ਹੁਣ ਏਹੀ ਨਹੀ, ਇਸ ਦਾ ਟੱਬਰ, ਮਾਂ ਪਿਓ ਤੇ ਭੈਣ ਭਰਾ ਸਾਰਿਆਂ ਨੇ ਭੁਗਤਣਾ ਹੈ। ਇਹਨਾਂ ਗੋਲੀਆਂ ਨੇ ਇਹ ਨਿਰਖ ਨਹੀ ਕਰਨਾਂ, ਇਹ ਤਾਂ ਅੰਨ੍ਹੀਆਂ ਹੁੰਦੀਆਂ ਨੇ, ਜਿਧਰ ਤੋਰ ਦਿਉ ਉਧਰ ਹੀ ਇਹਨਾਂ ਵਰ ਜਾਣਾ ਹੈ।’
‘ਮੇਰੇ ਵੀਰ ! ਜੇ ਤੁਸੀਂ ਵੀ ਇਹ ਕੰਮ ਬੱਧੇ ਰੁਧੇ ਹੁਕਮਾਂ ਥੱਲੇ ਕਰਦੇ ਹੋ, ਤੇ ਇਹ ਵੀ ਸਮਝਦੇ ਹੋ ਕਿ ਇਹ ਮਾੜਾ ਕੰਮ ਹੈ। ਤਾਂ ਫਿਰ ਵੀ ਤੁਸੀਂ ਮੇਰੇ ਤੇ ਚੜ੍ਹਾਈ ਕਰਕੇ ਆ ਗਏ ਓ ਕਿ ਮੈਂ ਇਸ ਦੇ ਖ਼ਿਲਾਫ਼ ਲਿਖਿਆ… ਤਾਂ ਇਹ ਲੜਾਈ ਜਿਸ ਨੂੰ ਲੜਨ ਵਾਲੇ ਵੀ ਮਾੜੀ ਕਹਿੰਦੇ ਨੇ ਕਿਵੇਂ ਤੇ ਕਿਥੇ ਜਾ ਕੇ ਰੁਕੇਂਗੀ? ਜਾਨੀ ਨੇ ਹੌਂਸਲਾ ਭਰ ਕੇ ਉਹਨਾਂ ਨੂੰ ਸੰਬੋਧਨ ਕੀਤਾ, ਭਾਵੇਂ ਉਹਨੂੰ ਪਤਾ ਸੀ ਕਿ ਉਸ ਦੀ ਜਾਨ ਉਹਨਾਂ ਦੀ ਬੁੱਕਲ ਵਿਚ ਹੈ।
‘ਜੇ ਤੁਹਾਡੀ ਬਾਬੇ ਨਾਲ ਵਾਕਫ਼ੀ ਹੈ ਤਾਂ ਜਾਓ। ਆਪਣਾ ਕੰਮ ਵੀ ਕਰਾਓ ਤੇ ਸਾਡਾ ਵੀ ਖਹਿੜਾ ਛੁੜਾਓ। ਨਹੀਂ ਤੇ ਅਸੀਂ ਤਾਂ ਉਹਨਾਂ ਦੇ ਸਿਪਾਹੀ ਹਾਂ। ਅੱਖਾਂ ਮੀਟ ਕੇ ਹੁਕਮ ਮੰਨਣਾ ਹੈ, ਜਿੰਨੇ ਬੰਦੇ ਵੱਧ ਮਾਰਾਂਗੇ ਸਾਡੀ ਤਰੱਕੀ ਹੋਈ ਜਾਣੀ ਹੈ। ਇਕ ਸੌ ਬੰਦਾ ਮਾਰਨ ਤੋਂ ਬਾਦ ਸਾਡੀ ਤਰੱਕੀ ਹੋ ਜਾਂਦੀ ਹੈ। ਏਰੀਆ ਕਮਾਂਡਰ ਦੇ ਤੌਰ ਤੇ..।’
‘ਸੁੱਖੇ ਨੂੰ ਤਾਂ ਮੈਂ ਪਹਿਲਾਂ ਵੀ ਮਿਲਿਆ ਸੀ ਤੇ ਹੁਣ ਵੀ ਮਿਲਾਂਗਾ.. ਉਹ ਮੈਨੂੰ ਬੜੇ ਪ੍ਰੇਮ ਨਾਲ ਮਿਲਿਆ ਸੀ। ਉਸ ਨੇ ਮੇਰਾ ਇਕ ਬੜਾ ਤਕੜਾ ਹੱਲੇ ਦਾ ਕੰਮ ਕੀਤਾ ਸੀ।’
‘ਕੀ ਸਰ !ਕਿਹੜਾ ਕੰਮ?’ ਉਹ ਦੋਵੇਂ ਚੇਤੰਨ ਹੋ ਕੇ ਸੁਣਨ ਲਈ ਤਿਆਰ ਹੋ ਬੈਠੇ। ਆਪਣੇ ਸ਼ਿਕਾਰ ਨੂੰ ਹੁਣ ਸਰ ਕਹਿਣ ਲੱਗੇ।
‘ਮੈਂ ਤਾਂ ਤੁਹਾਨੂੰ ਸਵੇਰੇ ਹੀ ਦੱਸਣ ਵਾਲਾ ਸੀ ਕਿ ਸੁੱਖਾ ਜਰਨੈਲ ਮੇਰਾ ਭਤੀਜਾ ਹੀ ਹੈ… ਪਰ ਤੁਸਾਂ ਮੈਨੂੰ ਏਨਾ ਸਮਾਂ ਹੀ ਨਹੀਂ ਦਿਤਾ। ਮੈਨੂੰ ਕੁਝ ਵੀ ਨਹੀ ਸੁੱਝਿਆ ਔੜਿਆ।’
‘ਕਿਦਾਂ ਮਿਲੇ ਤੁਸੀਂ ਉਹਨਾਂ ਨੂੰ ਕਿਥੇ ਮਿਲੇ?’ ਉਸ ਦੀ ਸਾਂਝ ਨੂੰ ਭਾਂਪਦੇ ਹੋਏ ਉਹ ਕੁਝ ਡਰ ਗਏ ਸਨ।
‘ਖਾਸੇ ਵਾਲਾ ਸੀ ਚਰਨ ਸਿੰਘ! ਜੋ ਕਿਸੇ ਗੁਰਦੁਆਰੇ ਦਾ ਮੁਲਾਜ਼ਮ ਸੀ। ਉਸ ਨੇ ਸ਼ਾਮਲਾਟ ਦੀ ਦਸ ਏਕੜ ਜ਼ਮੀਨ ਬੜੀ ਮਿਹਨਤ ਨਾਲ ਆਬਾਦ ਕੀਤੀ ਸੀ, ਮੈਂ ਇਸ ਨੂੰ ਬੜੀ ਚੰਗੀ ਤਰਾਂ ਜਾਣਦਾ ਸਾਂ। ਸਰਕਾਰੀ ਕਨੂੰਨਾਂ ਅਨੁਸਾਰ ਇਹ ਜ਼ਮੀਨ ਉਸ ਦੇ ਨਾਮ ਚੜ੍ਹ ਗਈ। ਪਰ ਇਕ ਹੋਰ ਵਜੀਰ ਦੇ ਰਿਸ਼ਤੇਦਾਰ ਨੇ ਸਰਕਾਰੀ ਕਾਗ਼ਜ਼ਾਂ ਵਿਚ ਹੇਰਾ ਫੇਰੀ ਕਰਾ ਕੇ ਇਹ ਜ਼ਮੀਨ ਉਸ ਦੇ ਨਾਮ ਤੋਂ ਤੁੜਾ ਕੇ ਕਿਸੇ ਹੋਰ ਦੇ ਨਾਮ ਕਰਾ ਦਿੱਤੀ। ਗਰੀਬ ਸੀ ਵਿਚਾਰਾ, ਹਾਈ-ਕੋਰਟ ਤੱਕ ਉਸ ਦਾ ਕੇਸ ਫ਼ੇਲ੍ਹ ਹੋ ਗਿਆ।
‘ਹਾਂ ਜੀ ਇਹ ਕੇਸ ਤਾਂ ਅਸੀ ਜਾਣਦੇ ਹਾਂ… ਇਸ ਦਾ ਫੈਸਲਾ ਫਿਰ ਬਾਬਿਆਂ ਨੇ ਕੀਤਾ ਸੀ।’ ਉਹਨਾਂ ਦੋਹਾ ਨੇ ਹਾਮੀ ਭਰੀ।
‘ਬਾਬੇ ਸੁਖੇ ਕੋਲ ਇਹ ਕੇਸ ਪਹੁੰਚਿਆ। ਉਸ ਦੇ ਦਰਬਾਰ ਵਿਚ ਦੂਸਰੀ ਪਾਰਟੀ ਕਈ ਪਿੰਡਾਂ ਦੀਆਂ ਪਰੇ ਪੰਚਾਇਤਾਂ ਲੈ ਕੇ ਪਹੁੰਚੀ ਤੇ ਚਰਨ ਦੇ ਖ਼ਿਲਾਫ਼ ਕਈ ਕੁਫਰ ਤੁਫਾਨ ਬੋਲ ਕੇ, ਗਲਤ ਤੱਥ ਪੇਸ਼ ਕਰਕੇ ਫੈਸਲਾ ਆਪਣੇ ਹੱਕ ਵਿਚ ਕਰਵਾ ਲਿਆ।’
‘ਉਹ ਵਿਚਾਰਾ ਧੱਕੇ ਧੋੜੇ ਖਾਂਦਾ ਮੇਰੇ ਕੋਲ ਪਹੁੰਚਾ। ਤੋਰੀ ਵਰਗਾ ਢਿੱਲਾ ਜਿਹਾ ਮੂੰਹ ਲਟਕਾਈ… ਆ ਗਿਆ।’
‘ਭਾ ਜੀ ਮੈਂ ਲੁਟਿਆ ਗਿਆ, ਮੇਰੇ ਨਾਲ ਬਾਬੇ ਦੇ ਦਰਬਾਰ ਵਿਚੋਂ ਵੀ ਬੇਇਨਸਾਫ਼ੀ ਹੋਈ।’ ਉਹ ਉਭੇ ਸਾਹੇ ਲੈ ਰਿਹਾ ਸੀ। ਫਿਰ ਭਾਈ! ਡਰਦਾ ਤਾਂ ਮੈਂ ਵੀ ਸੀ… ਪਰ ਪਹੁੰਚ ਗਿਆ ਉਥੇ।
‘ਵੇਖ ਜੱਟ ਦਾ ਟੌਹਰ !’ ਉਹਦੇ ਮੱਥੇ ਦਾ ਜਲੌ ਵੇਖ ਕੇ ਮੇਰੇ ਨਾਲ ਦੇ ਸਿਫਾਰਸ਼ੀ ਨੇ ਮੈਨੂੰ ਹੁੱਝ ਮਾਰ ਕੇ ਕਿਹਾ।
‘ਇਹ ਟੌਹਰ ਕਾਹਦਾ? ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊ।’ ਮੈਂ ਸਹਿਜ ਸੁਭਾ ਪੋਲੇ ਮੂੰਹ ਕਿਹਾ ਸੀ। ਉਸ ਦੇ ਸਿਰ ਤੇ ਪੰਜ ਲੱਖ ਦਾ ਇਨਾਮ ਸੀ ਸਰਕਾਰ ਵੱਲੋਂ ਉਸ ਵੇਲੇ। ਉਹ ਫਿਰਦਾ ਸੀ ਉਥੇ ਜੰਗਲ ਦੇ ਸ਼ੇਰ ਵਾਂਗ! ਅਸੀਂ ਆਪਣੀ ਜਾਣ-ਪਛਾਣ ਕਰਾਈ…. ਗੁਰੂ ਫਤਿਹ ਬੁਲਾਈ। ਉਸ ਨੇ ਹੱਥ ਜੋੜ ਕੇ ਫਤਿਹ ਪ੍ਰਵਾਨ ਕੀਤੀ।
‘ਦੱਸੋ ਸਿੰਘ ਜੀ! ਕੀ ਹੁਕਮ ! ਕੀ ਸੇਵਾ?’
‘ਮੈਂ ਬਾਬਾ ਜੀ ! ਚਰਨ ਸਿੰਘ ਬਾਰੇ ਗੱਲ ਕਰਨੀ ਹੈ।’
‘ਕਿਹੜੇ ਚਰਨ ਸਿੰਘ ਬਾਰੇ ? ਖਾਸੇ ਵਾਲੇ…?’ ਉਸ ਦੀਆਂ ਅੱਖਾਂ ’ਚ ਗੁੱਸਾ ਉਤਰ ਆਇਆ।
‘ਹਾਂ ਜੀ….. ਉਸ ਦੀ ਜ਼ਮੀਨ ਬਾਰੇ..।’
‘ਉਹ ਤਾਂ ਪੰਥ ਦਾ ਗੱਦਾਰ ਹੈ! ਮੈਂ ਤਾਂ ਉਸ ਨੂੰ ਗੋਲੀ ਨਾਲ ਉਡਾਉਣਾ ਹੈ..।’ ਬਾਬੇ ਨੇ ਪੈਰ ਥੱਲੇ ਥਪਥਪਾਇਆ।
ਮੈਂ ਝੇਂਪ ਗਿਆ। ਉਸ ਦੇ ਨਾਲ ਖੜੇ ਉਸ ਦੇ ਹਥਿਆਰਬੰਦ ਗੰਨਮੈਨ ਸੇਵਾਦਾਰ ਹਥਿਆਰਾਂ ਨੂੰ ਫੜ ਕੇ ਹੁਸ਼ਿਆਰ ਹੋ ਗਏ ਉਸ ਦੇ ਹੁਕਮ ਦੀ ਉਡੀਕ ਵਿਚ।
‘ਪਰ ਜ਼ਮੀਨ ਤਾਂ ਉਸ ਨੇ ਬੜੀ ਮਿਹਨਤ ਨਾਲ ਕਰਾਹ ਕੇ, ਪੁੱਟ ਕੇ ਆਬਾਦ ਕੀਤੀ ਹੈ…. ਇਹ ਮੈਂ ਆਪ ਆਪਣੀ ਅਖੀਂ ਵੇਖਦਾ ਰਿਹਾ ਹਾਂ।’ ਬਾਕੀ ਜੇ ਉਸ ਨੇ ਪੰਥ ਦਾ ਕੋਈ ਹੋਰ ਗੁਨਾਹ ਕੀਤਾ ਹੈ, ਤਾਂ ਹੋਰ ਜੋ ਮਰਜ਼ੀ ਸਜਾ ਦੇ ਦਿਉ। ਮੈਂ ਹਥਿਆਰਾਂ ਦੇ ਡਰ ਨੂੰ ਵਿਸਾਰ ਕੇ ਬੇਰੋਕ ਬੋਲਦਾ ਰਿਹਾ।
‘ਮੈਂ ਤੁਹਾਡੇ ਬਾਪੂ ਨਾਲ ਖੇਡਦਾ ਰਿਹਾ ਹਾਂ, ਪੜਦਾ ਰਿਹਾ ਹਾਂ।’
‘ਇਹ ਗੱਲ ਤਾਂ ਠੀਕ! ਪਰ ਤੁਸੀਂ ਪਹਿਲਾਂ ਕਿਉਂ ਨਹੀਂ ਆਏ?’
‘ਪਹਿਲਾਂ ਤਾਂ ਮੈਨੂੰ ਪਤਾ ਸੀ, ਤੁਹਾਡੇ ਦਰਬਾਰ ਵਿਚ ਇਨਸਾਫ ਹੀ ਹੋਵੇਗਾ।’
‘ਜਾਓ! ਪੰਝੀ ਤਰੀਕ ਨੂੰ ਆ ਜਾਣਾ। ਪ੍ਰਸ਼ਾਦਿ ਪਾਣੀ ਛੱਕ ਕੇ ਜਾਇਓ..।’ ਥੋੜਾ ਜਿਹਾ ਸੋਚੀਂ ਪੇ ਕੇ ਉਹਨੇ ਆਪਣੇ ਨਾਲ ਦੇ ਸੇਵਾਦਾਰਾਂ ਨੂੰ ਇਸ਼ਾਰਾ ਕੀਤਾ।
‘ਏਹੀ ਨਹੀ ਜਨਾਬ ! ਉਹਨਾਂ ਕਈ ਹੋਰ ਕੇਸ ਵੀ ਜੋ ਉੱਪਰਲੀਆਂ ਕਚਹਿਰੀਆਂ ਵਿਚੋਂ ਵੀ ਵੀਹ ਵੀਹ ਸਾਲ ਫੈਸਲੇ ਨਹੀਂ ਹੋਏ, ਉਹਨਾਂ ਨੇ ਇਨਸਾਫ ਕੀਤੇ। ਦਾਜ ਦੀਆਂ ਸਤਾਈਆਂ ਸੈਂਕੜੇ ਲੜਕੀਆਂ ਉਹਨਾਂ ਮੁੜ ਸਹੁਰੇ ਘਰ ਇੱਜਤਾਂ ਨਾਲ ਵਸਾਈਆਂ। ਜਿਹੜੀ ਸ਼ਰਾਬ ਪੁਲਿਸ ਨਹੀ ਬੰਦ ਕਰਾ ਸਕੀ ਉਹਨਾਂ ਦੇ ਇਕ ਦਬਕੇ ਨਾਲ ਬੰਦ ਹੋ ਗਈ।’
ਦੋਨੇਂ ਖਾੜਕੂ ਆਪਣਾ ਅਸਲ ਮਨੋਰਥ ਭੁਲ ਕੇ ਉਸ ਟੱਬਰ ਨਾਲ ਦੁਖ ਸੁਖ ਫੋਲਣ ਲੱਗੇ।
ਤੇ ਫਿਰ ਪੰਝੀ ਤਾਰੀਖ਼ ਵੀ ਆ ਗਈ। ਦੂਜੀ ਪਾਰਟੀ ਵੀ ਪਹੁੰਚੀ ਹੋਈ ਵੇਖ ਕੇ ਸਾਨੂੰ ਯਕੀਨ ਆਇਆ ਕਿ ਕੁਝ ਕੁਝ ਹੋਣ ਵਾਲਾ ਹੈ ਅੱਜ। ਪਰ ਦੁਪਹਿਰੇ ਬਾਰਾਂ ਵਜੇ ਤੱਕ ਬਾਬਾ ਸੁੱਖਾ ਨਾ ਆਇਆ, ਪੁੱਛਣ ਤੇ ਪਤਾ ਲੱਗਾ ਕਿ ਉਹ ਤਾਂ ਬਾਹਰ ਗਏ ਹੋਏ ਨੇ, ਕਿਸੇ ਖਾਸ ਮਿਸ਼ਨ ਤੇ। ਚਰਨ ਸਿੰਘ ਨੇ ਫਿਰ ਮੇਰੇ ਵੱਲ ਵੇਖ ਕੇ ਮੂੰਹ ਢਿੱਲਾ ਜਿਹਾ ਛੱਡ ਲਿਆ। ਏਨੇ ਨੂੰ ਬਾਬਾ ਮਾਣੋ ਚਾਹਲ ਸੰਗਤ ਵਿਚ ਆ ਬਿਰਾਜੇ। ਕੇਸ ਸ਼ੁਰੂ ਹੋ ਗਏ… ਸਭ ਤੋਂ ਪਹਿਲਾਂ ਆਵਾਜ਼ ‘ਚਰਨ ਸਿੰਘ… ਬਨਾਮ .. ਸਾਧੂ ਸਿੰਘ’ ਦੀ ਸੀ। ਦੋਨੇਂ ਹੱਥ ਜੋੜ ਕੇ ਖੜੇ ਹੋ ਗਏ।
ਬਈ ਸਾਧੂ ਸਿੰਘ! ਉਸ ਦਿਨ ਫੈਸਲਾ ਕੁਝ ਗਲਤ ਹੋ ਗਿਆ! ਅਸਾਂ ਆਪਣੇ ਤੌਰ ਤੇ ਇਸ ਦੀ ਮੌਕੇ ਤੇ ਪੜਤਾਲ ਕਰਾਈ ਹੈ। ਇਹ ਬੰਜਰ ਜ਼ਮੀਨ ਸੱਚ ਮੁਚ ਹੀ ਚਰਨ ਸਿੰਘ ਨੇ ਪੁੱਟ ਕੇ ਆਬਾਦ ਕੀਤੀ ਹੈ ਤੇ ਉਹੀ ਇਸ ਦਾ ਹੱਕਦਾਰ ਹੈ। ਤੇਰੇ ਕੋਲ ਤਾਂ ਹੋਰ ਵੀ ਕਈ ਮੁਰੱਬੇ ਹਨ ਪਰ ਇਸ ਵਿਚਾਰੇ ਗਰੀਬ ਕੋਲ ਇਹੀ ਢਾਈ ਟੋਟਰੂ । ਤੂੰ ਇਹ ਜ਼ਮੀਨ ਛੱਡ ਦੇ ਇਸ ਨੂੰ। ਜੇ ਤੇਰੀ ਅਜੇ ਵੀ ਹੋਰ ਜ਼ਮੀਨ ਦੀ ਭੁੱਖ ਹੈ ਤਾਂ ਜਾਹ! ਮੇਰੀ ਆਪਣੀ ਜ਼ਮੀਨ ਜਾ ਕੇ ਮੱਲ ਲੈ ਮੇਰੇ ਪਿੰਡ।… ਬੋਲ! ਮਾਣੋ ਚਾਹਲ ਦੀ ਗਰਜਵੀ ਆਵਾਜ਼ ਨੇ ਸੰਗਤ ਵਿਚ ਸਨਾਟਾ ਪੈਦਾ ਕਰ ਦਿੱਤਾ।’
‘ਠੀਕ ਹੈ ਬਾਬਾ ਜੀ! ਜੋ ਹੁਕਮ।’
‘ਬੋਲੇ ਸੋ ਨਿਹਾਲ… ਸਤਿ ਸ੍ਰੀ ਅਕਾਲ !’ ਦੇ ਜੈਕਾਰੇ ਨਾਲ ਇਸ ਨਵੇਂ ਫੈਸਲੇ ਤੇ ਮੋਹਰ ਲੱਗ ਗਈ।
‘ਦੇਖ ਲਾ ਅਜੇ ਵੀ! ਜੇ ਪਿੰਡ ਜਾ ਕੇ ਫਿਰ ਇਸ ਨੂੰ ਤੰਗ ਕੀਤਾ ਤਾਂ ਸਾਡੇ ਸਿੰਘ ਆਉਣਗੇ ਇਹ ਫੈਸਲਾ ਲਾਗੂ ਕਰਨ ਲਈ।’
‘ਮੈਨੂੰ ਮਨਜ਼ੂਰ ਹੈ ਬਾਬਾ ਜੀ ! ਤੁਹਾਡਾ ਫੈਸਲਾ ਮੇਰੇ ਸਿਰ ਮੱਥੇ ਤੇ।’
ਚਰਨ ਸਿੰਘ ਗੱਲ ਵਿਚ ਪੱਲਾ ਪਾ ਬਾਬੇ ਦੇ ਚਰਨੀ ਢਹਿ ਪਿਆ। ਜਾਓ ਸਿੰਘੋ ਹੱਕ ਸੱਚ ਦੀ ਮਿਹਨਤ ਕਰੋ ਕਮਾਈ ਕਰੋ… ਪਰ ਆਪਣਾ ਕਿਰਦਾਰ ਉਚਾ ਰੱਖੋ। ਰੱਬ ਤੇ ਭਰੋਸਾ ਰੱਖੋ। ਅਕਾਲ ਪੁਰਖ ਨੂੰ ਯਾਦ ਰੱਖੋ।’ ਮਾਣੋ ਚਾਹਲ ਨੇ ਉਸ ਦੇ ਸਿਰ ਤੇ ਹੱਥ ਰਖਿਆ।
‘ਇਕ ਪਾਸੇ ਤੁਸੀਂ ਉਹਨਾਂ ਦੀ ਨੇੜਤਾ ਦਿਖਾਉਂਦੇ ਹੋ, ਪਰ ਦੂਜੇ ਪਾਸੇ ਉਹਨਾਂ ਦੇ ਖ਼ਿਲਾਫ਼ ਲਿਖਦੇ ਹੋ।’ ਦੋਨਾਂ ਸਿੰਘਾਂ ਨੇ ਵਿਚੋਂ ਟੋਕਿਆ।
‘ਮੈਂ ਉਹਨਾਂ ਦੇ ਖ਼ਿਲਾਫ਼ ਕਦੇ ਨਹੀਂ ਲਿਖਿਆ… ਉਹਨਾਂ ਦੇ ਨਾਮ ਥੱਲੇ… ਉਹਨਾਂ ਦਾ ਨਾਮ ਲੈ ਕੇ ਜੋ ਲੋਕ ਗਲਤ ਕੰਮ ਕਰਦੇ ਹਨ, ਉਹਨਾਂ ਦੇ ਮਿਸ਼ਨ ਨੂੰ ਭੰਡਦੇ ਹਨ, ਗ੍ਰਿਹਣ ਲਗਾਉਂਦੇ ਹਨ, ਮੈਂ ਉਹਨਾਂ ਦੀ ਡੌਂਡੀ ਪਿੱਟਦਾ ਹਾਂ। ਖਾੜਕੂਆਂ ਦੀ ਢਾਣੀ ਕਿਸੇ ਹੱਸਦੇ ਵੱਸਦੇ ਘਰ ਜਾ ਕੇ ਸ਼ਰਾਬ ਪੀਂਦੀ ਹੈ, ਮੁਰਗਾ ਖਾਂਦੇ ਹਨ ਫਿਰ ਔਰਤਾਂ ਨਾਲ ਖੇਹ ਖਰਾਬੀ ਕਰਦੇ ਹਨ… ਤੇ ਫਿਰ ਉਹੀ ਆਦਮੀ ਪੁਲੀਸ ਦੀ ਵਰਦੀ ਵਿਚ ਆ ਕੇ ਉਹਨਾਂ ਨੂੰ ਲੁੱਟਦੇ ਹਨ, ਬਲੈਕ ਮੇਲ ਕਰਦੇ ਹਨ, ਨਕਲੀ ਨਿਹੰਗ ਬਣ ਕੇ ਸਿਗਰਟ ਬੀੜੀ ਪੀਂਦੇ ਹਨ, ਬੱਚੇ ਚੁਕਦੇ ਹਨ, ਗੱਡੀਆਂ ਬੱਸਾ ਵਿੱਚ ਸਮੂਹਿਕ ਕਤਲ ਕਰਦੇ ਹਨ ਤੇ ਹਿੰਦੂ ਸਿੱਖਾਂ ਵਿਚ ਨਫ਼ਰਤ ਦੀ ਦੀਵਾਰ ਖੜੀ ਕਰਦੇ ਹਨ। ਜੇ ਕੋਈ ਆਮ ਨਾਗਰਿਕ ਗੋਲੀ ਦਾ ਸ਼ਿਕਾਰ ਬਣਦਾ ਹੈ ਤਾਂ ਉਹ ਵੀ ਪੰਜਾਬੀ, ਜੇ ਪੁਲਸ ਵਾਲੇ ਮਰਦੇ ਹਨ ਤਾਂ ਉਹ ਵੀ ਪੰਜਾਬੀ ਨੌਜਵਾਨ, ਜੇ ਅੱਤਵਾਦੀ ਡਿੱਗਦੇ ਹਨ ਤਾਂ ਉਹ ਵੀ ਪੰਜਾਬੀ ਕਰੀਮ। ਇਸ ਗਤੀ ਨਾਲ ਜੇ ਇਵੇਂ ਕਤਲ ਹੁੰਦੇ ਗਏ ਤਾਂ ਦੋ ਚਾਰ ਸਾਲ ਵਿਚ ਤੁਹਾਨੂੰ ਪੰਜਾਬ ਵਿਚ ਕੋਈ ਵੀ ਜਵਾਨ ਆਦਮੀ ਨਹੀ ਲੱਭਣਾ। ਮੈਂ ਇਹੀ ਲਿਖਦਾ ਹਾਂ… ਤੇ ਮੈਂ ਉਹਨਾਂ ਨੂੰ ਵੀ ਇਸ ਗੱਲੋਂ ਕਾਇਲ ਕਰ ਲਵਾਂਗਾ। ਉਹ ਜ਼ਰੂਰ ਇਸ ਨਾਲ ਸੰਤੁਸ਼ਟ ਹੋ ਜਾਣਗੇ।’
‘ਲਉ ਸਿੰਘ ਜੀ ਆਪਣਾ ਸਕੂਟਰ! ਤੇ ਸਾਨੂੰ ਛੁੱਟੀਆਂ ਬਖ਼ਸ਼ੋ। ਸਕੂਟਰ ਦੇ ਕੇ ਸਾਡੀ ਸੇਵਾ ਵਿਚ ਹਿੱਸਾ ਪਾਉਣ ਲਈ ਧੰਨਵਾਦ।’
ਖਾੜਕੂ ਮੁਖੀ ਨੇ ਜਾਨੀ ਨੂੰ ਚਾਬੀ ਫੜਾਉਂਦੇ ਉਸ ਨਾਲ ਹੱਥ ਮਿਲਾਇਆ। ‘ਸਾਡੀ ਤਾਂ ਬੱਕਰੇ ਦੀ ਜੂਨ ਹੈ। ਜੀਉਂਦੇ ਰਹੇ ਤਾਂ ਫਿਰ ਮਿਲਾਂਗੇ ਕੱਲ।’
ਇਹ ਦੋ ਘੰਟੇ ਕਲਜੁਗੀ ਸਦੀ ਵਾਂਗ ਉਸ ਟੱਬਰ ਤੇ ਦੋ ਧਾਰੀ ਤਲਵਾਰ ਬਣ ਕੇ ਲਟਕਦੇ ਰਹੇ। ਅੱਜ ਦਾ ਦਿਨ ਕੀ! ਜਿਵੇਂ ਸਾਰੇ ਮਾੜੇ ਗ੍ਰਿਹ ਉਹਨਾਂ ਤੇ ਕਰੋਪ ਹੋ ਗਏ ਹੋਣ, ਤੇ ਇਹ ਬਾਣੀ ਹੀ ਸੀ ਜਿਸ ਦੇ ਸਹਾਰੇ ਅੱਜ ਦੇ ਸਾਰੇ ਗ੍ਰਹਿ ਨਿਰਅਸਰ ਹੋ ਗਏ। ਜਾਨੀ ਦੀ ਮੌਤ ਦਾ ਸੁਨੇਹਾ ਲੈ ਕੇ ਆਏ ਜਮ ਛੋਟੇ ਨੂੰ ਵੀ ਪਸੰਦ ਕਰਕੇ ਠਾਕਾ ਲਗਾ ਗਏ ਤੇ ਦੋ ਲੱਖ ਦੀ ਮੰਗ ਵੀ ਧਰ ਗਏ। ਤੇ ਅਗਲੇ ਦਿਨ ਸਾਹੇ ਦਾ ਦਿਨ ਮਿਥ ਗਏ। ਜਾਨੀ ਜਿਸ ਧਰਮਰਾਜ ਦੀ ਕਚਹਿਰੀ ਵਿਚ ਕਿਸੇ ਹੋਰ ਦੀ ਸਿਫਾਰਿਸ਼ ਲੈ ਕੇ ਗਿਆ ਸੀ, ਹੁਣ ਉਹ ਆਪ ਜਾ ਕੇ ਉਸ ਕਟਹਿਰੇ ਵਿਚ ਖੜਾ ਹੋਵੇਗਾ। ਤੇ ਪਤਾ ਨਹੀਂ ‘ਉਸ’ ਦਾ ਮੂਡ… ਕਹਿ ਦੇਵੇ ਜਲਾਦਾਂ ਨੂੰ …ਸੁੱਟ ਦਿਉ ਤਖਤਾ….ਤੇ… ਤੇ ਕੱਲ ਸਵੇਰ ਦਾ ਚੇਤਾ ਆਉਂਦੇ ਹੀ ਖੜੇ ਖੜੇ ਉਹ ਇਕੇਰਾਂ ਫਿਰ ਕੰਬ ਗਿਆ। ਮਾਂ ਪਿਉ ਤੇ ਛੋਟੇ ਭਰਾ ਦੀ ਹਾਲਤ ਵੀ ਉਸ ਤੋਂ ਵੇਖੀ ਨਹੀਂ ਜਾਂਦੀ ਸੀ।
‘ਚਲੋ ਸਵੋਂ… ਸਵੇਰੇ ਵੇਖੀ ਜਾਏਗੀ…।’ ਉਸ ਨੇ ਉਹਨਾਂ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ।
ਬਾਬੇ ਦੀ ਕਚਹਿਰੀ ਪਹੁੰਚ ਕੇ ਉਹ ਹੋਰ ਵੀ ਘਬਰਾ ਗਿਆ। ਪਹਿਲਾਂ ਹੀ ਕੱਲ ਦਾ ਉਹ ਜ਼ਰਾ ਜ਼ਰਾ ਨੋਚਿਆ ਜਾ ਰਿਹਾ ਸੀ। ਅੱਜ ਦੀ ਅਦਾਲਤ ਖੁੱਲ੍ਹੀ ਛੱਤ ਤੇ ਨਾ ਹੋ ਕੇ ਕਿਸੇ ਗੁਪਤ ਜਗਾ ਸੀ। ਸੇਵਾਦਾਰ ਉਸ ਨੂੰ ਅੱਖਾਂ ਤੇ ਪੱਟੀ ਬੰਨ੍ਹ ਕੇ ਵਿੰਗੀਆਂ ਟੇਢੀਆਂ ਉੱਚੀਆਂ ਨੀਵੀਂਆਂ ਕਈ ਪੌੜੀਆਂ ਟੱਪ ਕੇ ਲੈ ਗਏ। ਅੰਦਰ ਜਾ ਕੇ ਜਦ ਉਸ ਦੀ ਪੱਟੀ ਖੁੱਲ੍ਹੀ ਤਾਂ ਇਕ ਮੱਧਮ ਜਿਹੀ ਰੋਸ਼ਨੀ ਵਿਚ ਉਹੋ ਜਿਹੇ ਪੰਜ ਸੱਤ ਹੋਰ ਕਰਮਾਂ ਮਾਰੇ ਬੱਕਰਿਆਂ ਵਾਂਗ ਆਪਣੀ ਉਡੀਕ ਕਰ ਰਹੇ ਸਨ, ਝਟਕੇ ਜਾਣ ਲਈ ਜਾਂ ਬਖਸ਼ੇ ਜਾਣ ਲਈ। ਉਹਨਾਂ ਵਿਚ ਦੋ ਉਹੀ ਸਨ, ਤਰਨਤਾਰਨ ਦੇ ਸੇਠ, ਤੇ ਇਕ ਵਕੀਲ ਜਿਨ੍ਹਾਂ ਨੇ ਕਈ ਵੇਰਾਂ ਜਾਨੀ ਨੂੰ ਤਰਲਾ ਕੱਢਿਆ ਸੀ, ‘ਬਾਬੂ ਜੀ ਸਾਡੀ ਉਸ ਨਾਲ ਗੱਲ ਕਰਾ ਦਿਉ…. ਸਾਨੂੰ ਨਿੱਤ ਚਿੱਠੀਆਂ ਆਉਂਦੀਆਂ ਨੇ, ਉਸ ਦੇ ਨਾਮ ਤੇ ਸਾਨੂੰ ਕਈ ਧਮਕੀਆਂ ਮਿਲਦੀਆਂ ਨੇ, ਉਹ ਤੁਹਾਡੇ ਪਿੰਡ ਦਾ ਹੈ… ਸਾਡੀ ਮਦਦ ਕਰੋ, ਤੇ ਅੱਜ ਆਪ ਉਹ ਇਹਨਾਂ ਮੁਲਜ਼ਮਾਂ ਵਿਚ ਦਾਖਲ ਹੋ ਕੇ ਨੱਕੋਂ ਨੱਕ ਸ਼ਰਮਸਾਰ ਹੋ ਰਿਹਾ ਸੀ। ਬਾਬੇ ਨੇ ਉਪਰ ਸਿਰ ਚੁੱਕਿਆ… ਉਹ ਕਿਸੇ ਕੇਸ ਨੂੰ ਸਮਝ ਰਿਹਾ ਸੀ ਬੜੀ ਗੰਭੀਰਤਾ ਨਾਲ… ਬੜੀ ਬਰੀਕੀ ਨਾਲ… ਜਿਵੇਂ ਵਾਲ ਦੀ ਖੱਲ ਲਾਹ ਰਿਹਾ ਹੋਵੇ। ਉਹਨਾਂ ਦੀਆਂ ਅੱਖਾਂ ਚਾਰ ਹੋਈਆਂ।
‘ਤੁਸੀਂ ਫੇਰ? ਦੱਸੋ! ਅੱਜ ਕਿਵੇਂ?’ ਬਾਬੇ ਸੁਖੇ ਨੇ ਹੈਰਾਨੀ ਪ੍ਰਗਟਾਈ।
‘ਅੱਜ ਮੈਂ ਤੁਹਾਡਾ ਮੁਲਜ਼ਮ ਹਾਂ। ਕੱਲ ਤੁਹਾਡੇ ਸਿੰਘ ਗਏ ਸੀ ਪ੍ਰਵਾਨਾ ਲੇ ਕੇ।’
ਉਸ ਨੇ ਨਕਲੀ ਜਿਹੀ ਮੁਸਕਰਾਹਟ ਬੁੱਲ੍ਹਾਂ ਤੇ ਧਰ ਕੇ ਸਿਰ ਨਿਵਾਇਆ ਤੇ ਸਾਰੀ ਕਹਾਣੀ ਦੱਸੀ। ਨਾਲ ਬੈਠੇ ਦਰਬਾਨ ਨੇ ਖਾਤਾ ਫੋਲਿਆ ਤੇ ਉਸ ਅਗੇ ਕਰ ਦਿੱਤਾ।
‘ਇਹ ਸਿੰਘਾਂ ਦੇ ਖ਼ਿਲਾਫ਼ ਲਿਖਕੇ … ਉਹਨਾਂ ਦਾ ਮਨੋਬਲ ਢਾਹ ਰਿਹਾ।’
‘ਇਸ ਜੁਰਮ ਦੀ ਤੇ ਬੜੀ ਵੱਡੀ ਸਜ਼ਾ ਹੈ। ਤੁਹਾਨੂੰ ਪਤਾ ਇਥੇ ਕਿਸੇ ਦਾ ਲਿਹਾਜ਼ ਨਹੀ ਕੀਤਾ ਜਾਂਦਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ।’
‘ਪਰ ਮੈਂ ਤਾਂ ਸੱਚ ਤੇ ਹੱਕ ਤੇ ਖ਼ਿਲਾਫ਼ ਕਦੇ ਨਹੀਂ ਲਿਖਿਆ। ਤੁਸੀਂ ਹੱਕ ਤੇ ਸੱਚ ਦਾ ਪਹਿਰਾ ਦਿੰਦੇ ਹੋ, ਮੈਂ ਤਾਂ ਉਹਨਾਂ ਗਲਤ ਅਨਸਰਾਂ ਦੇ ਵਿਰੋਧ ਵਿਚ ਲਿਖਿਆ ਹੈ ਜੋ ਤੁਹਾਡੇ ਹੱਕ ਤੇ ਸੱਚ ਇਨਸਾਫ ਦੇ ਘੋਲ ਨੂੰ ਗਲਤ ਰੰਗਤ ਦੇ ਕੇ ਸਮਾਜ ਵਿਚ ਘ੍ਰਿਣਾ ਦੇ ਬੀਜ ਬੀਜ ਰਹੇ ਨੇ। ਤੁਹਾਡਾ ਅਕਸ ਵਿਗਾੜ ਰਹੇ ਨੇ।’
ਉਸ ਨੇ ਅਖ਼ਬਾਰਾਂ ਦੀਆਂ ਕਾਤਰਾਂ ਉਸ ਅੱਗੇ ਢੇਰੀ ਕਰ ਦਿੱਤੀਆਂ।
‘ਠੀਕ ਐ ਸੱਤ ਬਚਨ।’
ਮੋਬਾਈਲ ਫੋਨ ਦੀ ਲੋਰੀ ਵਰਗੀ ਟੂੰ ਟੂੰ ਨਾਲ ਪੀ. ਏ. ਨੇ ਘਬਰਾਏ ਹੋਏ, ਫੋਨ ਸੁੱਖੇ ਨੂੰ ਫੜਾ ਦਿੱਤਾ।
‘ਬਾਬਾ ਜੀ ਬਾਹਰ ਉੱਪਰਲੀ ਸਰਕਾਰ ਦੀ ਘੇਰਾ ਬੰਦੀ ਹੋਣ ਵਾਲੀ ਹੈ ਜਲਦੀ ਬਾਹਰ ਆ ਜਾਉ।’
ਬਾਬੇ ਨੇ ਚਾਰ ਚੁਫੇਰੇ ਨਜ਼ਰਾਂ ਘੁਮਾਈਆਂ… ਸੇਵਾਦਾਰਾਂ ਨੇ ਹਥਿਆਰ ਸਾਂਭੇ, ਕਾਗ਼ਜ਼ ਪੱਤਰ ਸਾਂਭੇ।
‘ਜਾਉ ਅੱਜ ਦੇ ਸਾਰੇ ਕੇਸ ਬਰੀ।’ ਸਾਰਿਆਂ ਦੇ ਰੱਸੇ ਢਿੱਲੇ ਛੱਡ ਦਿੱਤੇ ਗਏ। ਇਕ ਸੇਵਾਦਾਰ ਫਿਰ ਸਭ ਨੂੰ ਅੱਖਾਂ ਤੇ ਪੱਟੀ ਬੰਨ੍ਹ ਕੇ ਬਾਹਰ ਗੇਟ ਤੇ ਛੱਡ ਗਿਆ। ਸਾਰੇ ਬੱਕਰਿਆਂ ਨੇ ਇਕ ਦੂਜੇ ਨਾਲ ਅੱਖਾਂ ਮਿਲਾਈਆਂ, ਹੱਥ ਮਿਲਾਏ।
‘ਬਹੁਤ ਬਹੁਤ ਧੰਨਵਾਦ। ਤੁਹਾਡੇ ਕਰਕੇ ਸਾਡੀ ਵੀ ਜਾਨ ਬਖਸ਼ੀ ਹੋਈ ਹੈ’ ਸਾਰੇ ਜਾਨੀ ਨੂੰ ਹੱਥ ਜੋੜ ਰਹੇ ਸਨ।
ਵੱਡੇ ਸਾਰੇ ਗੇਟ ਤੋਂ ਬਾਹਰ ਨਿਕਲਦੇ ਹੀ ਤੜ ਤੜ ਤੜ … ਸਟੇਨਗਨ ਦੇ ਬਰਸਟ ਦੀ ਆਵਾਜ਼ ਨੇ ਉਹਨਾਂ ਦਾ ਸਵਾਗਤ ਕੀਤਾ। ਮਿੰਟ ਦੀ ਮਿੰਟ ਸਾਰਾ ਬਾਜ਼ਾਰ ਵਿਹਲਾ ਹੋ ਗਿਆ। ਦੁਕਾਨਦਾਰਾਂ ਨੇ ਆਪਣੇ ਸ਼ਟਰ ਥੱਲੇ ਸੁੱਟ ਲਏ। ਇਕ ਜੀਪ ਇਹ ਕਾਰਾ ਕਰ ਕੇ ਦੌੜ ਗਈ… ਦੋ ਚਾਰ ਮਿੰਟ ਬਾਦ ਪੁਲਿਸ ਵਾਲੇ ਹੌਂਸਲਾ ਕਰਕੇ ਅੱਗੇ ਆਏ। ਤਿੰਨ ਲਾਸ਼ਾਂ ਖੂਨ ਨਾਲ ਲੱਥਪੱਥ ਨਿੱਸਲ ਹੋਈਆਂ ਪਈਆਂ ਸਨ। ਇਕ ਬਾਬਾ ਸੁੱਖਾ ਤੇ ਦੂਜੇ ਦੋ ਉਹਨਾਂ ਦੇ ਕਰੀਬੀ ਸਾਥੀ ਤੇ ਬਾਡੀ ਗਾਰਡ। ਅੰਦਰ ਬਾਹਰ ਖਲਬਲੀ ਮੱਚ ਗਈ। ਵੇਖਦੇ-ਵੇਖਦੇ ਇਕ ਲੰਬੇ ਹੂਟਰ ਵਾਲੀ ਪੁਲਿਸ ਵੈਨ ਆਈ ਤੇ ਤਿੰਨੇ ਲਾਸ਼ਾਂ ਪਿਛੇ ਸੁੱਟ ਕੇ ਕਈ ਸਵਾਲ ਸੜਕ ਤੇ ਛੱਡ ਕੇ ਦੌੜ ਗਈ।
‘ਇਹ ਤਾਂ ਇਹਨਾਂ ਦੀ ਅੰਦਰੂਨੀ ਲੜਾਈ ਕਰਕੇ ਕਾਰਾ ਹੋਇਆ ਹੈ।’
‘ਇਹ ਤਾਂ ਉਹੀ ਪੁਲਿਸ ਜੀਪ ਸੀ ਜੋ ਪਹਿਲਾਂ ਵੀ ਕਈ ਵੇਰਾਂ ਸੁੱਖਾ ਆਸੇ ਪਾਸੇ ਆਪ ਵੱਡੀ ਵਾਰਦਾਤ ਕਰਨ ਲਈ ਮੰਗਵਾਉਂਦਾ ਹੁੰਦਾ ਸੀ, ਤੇ ਅੱਜ ਉਹਨਾਂ ਹੀ ਪੁਲਸ ਵਾਲਿਆਂ ਨੇ ਉਸ ਨੂੰ ਭਾਚਾ ਦੇ ਕੇ, ਉਸ ਨੂੰ ਬਚਾਉਣ ਦੇ ਬਹਾਨੇ, ਹਮਦਰਦੀ ਜਿਤਾਈ, ਬਾਹਰ ਬੁਲਾ ਕੇ ਚੜਾ ਦਿਤਾ ਗੱਡੀ।’ ਬਾਹਰ ਢਾਣੀਆਂ ਵਿਚ ਜੁੜੀ ਭੀੜ ਵੰਨ ਸੁਵੰਨੀ ਕਾਨਾ ਫੂਸੀ ਕਰ ਰਹੀ ਸੀ।
‘ਨਵੇਂ ਪੁਲਿਸ ਮੁਖੀ ਦਾ ਇਹ ਐਲਾਨ ਕਿ ਜਿਹੜਾ ਪੁਲਸ ਅਫਸਰ ਅਜਿਹੇ ਨਾਮੀ ਖਾੜਕੂ ਨੂੰ ਜਿਊਂਦੇ ਜਾਂ ਮਰੇ ਫੜੇਗਾ .. ਉਸ ਨੂੰ ਤਰੱਕੀ ਮਿਲੇਗੀ ਤੇ ਉਸ ਦੇ ਸਿਰ ਤੇ ਰੱਖਿਆ ਇਨਾਮ ਵੀ ਨਕਦ ਦਿੱਤਾ ਜਾਵੇਗਾ।’
‘ਫੀਤੀਆਂ ਚਮਕਾਉਣ ਲਈ, ਨਵੇਂ ਲੋਭ ਵਿਚ ਆ ਕੇ ਸੁੱਖੇ ਦੇ ਯਾਰ ਪੁਲਸੀਆਂ ਨੇ ਹੀ ਉਸ ਨਾਲ ਵਿਸ਼ਵਾਸ ਘਾਤ ਕੀਤਾ?’
ਕਈ ਸਵਾਲ ਜਵਾਬ ਸੜਕ ਤੇ ਬਿਖਰ ਗਏ।
‘ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ।’ ਕੋਈ ਹਾਅ ਦਾ ਨਾਹਰਾ ਲਗਾ ਰਿਹਾ ਸੀ।
‘ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ ? ਆਖਰ ਤਾਂ ਉਸ ਨੇ ਕਟਰ ਥੱਲੇ ਹੀ ਜਾਣਾ ਹੈ।’ ਇਨਸਪੈਕਟਰ ਜਾਨੀ ਦੇ ਨਾਲ ਦਾ ਸਿ਼ਕਾਰ ਖਿੜਖਿੜਾ ਕੇ ਹੱਸ ਰਿਹਾ ਸੀ।

Punjabi Literature

THE BEGINNINGS There is a long tradition of Punjabi literature, which goes back to the period of North Indian Vernacular, which later developed into the various modern provincial languages in the eighth century or earlier, with Sanskrit and Pali literature before it. Poetry in Sahaskriti and in Lahndi-cum-Punjabi-cum-Hindvi carrying the names of Khusro, Kabir, Kamal, Ramanand, Namdev, Ravidas, Charpat and Gorakh Nath is available. Punjabi language in its present form, like other Indian languages, mainly developed in the ninth and...

ਵਾਰ ਰਾਣਾ ਪ੍ਰਤਾਪ

ਹਜ਼ਾਰਾ ਸਿੰਘ ਗੁਰਦਾਸਪੁਰੀ੧.ਜਦੋਂ ਹੱਥਲ ਹੋ ਕੇ ਬਹਿ ਗਈਆਂ, ਸਭੇ ਚਤਰਾਈਆਂਜਦੋਂ ਐਸਾਂ ਦੇ ਵਿਚ ਰੁੜ੍ਹ ਗਈਆਂ, ਕੁਲ ਸੂਰਮਤਾਈਆਂਜਿਨ੍ਹਾਂ ਜੰਮੇ ਪੁੱਤ ਚੁਹਾਨ ਜਹੇ, ਅਤੇ ਊਦਲ ਭਾਈਆਂਜਦੋਂ ਤੁਰ ਪਈਆਂ ਹਿੰਦੁਸਤਾਨ ਚੋਂ, ਉਹ ਅਣਖੀ ਮਾਈਆਂਜਦੋਂ ਸੂਰਮਿਆਂ ਦੀਆਂ ਪੈ ਗਈਆਂ, ਠੰਢੀਆਂ ਗਰਮਾਈਆਂ ।੧।੨.ਤਦੋਂ ਦਿਲੀ ਮਾਰ ਚੁਗੱਤਿਆਂ, ਆ ਧੁੰਮਾਂ ਪਾਈਆਂਉਨ੍ਹਾਂ ਭਾਰਤ ਵਰਸ਼ ਲਤਾੜਿਆ, ਚੜ੍ਹ ਮੁਗ਼ਲ ਸਿਪਾਹੀਆਂਆ ਅਕਬਰ ਬੈਠਾ ਤਖਤ ਤੇ, ਲੜ ਕਈ ਲੜਾਈਆਂਉਨ ਥਾਂ ਥਾਂ ਪਾਈਆਂ ਛਾਉਣੀਆਂ, ਗੜ੍ਹੀਆਂ ਬਣਵਾਈਆਂਉਨ ਬੱਧਾ ਹਿੰਦੁਸਤਾਨ ਨੂੰ, ਕਰਕੇ ਪਕਿਆਈਆਂਉਨ ਫੜ ਲਏ ਸਾਰੇ ਚੌਧਰੀ, ਜਿਨ੍ਹਾਂ ਧੌਣਾਂ ਚਾਈਆਂਉਨ ਡੋਲੇ ਮੰਗੇ ਦੇਸ਼ ਤੋਂ,...

ਛੰਦ ਪਰਾਗਾ

'ਛੰਦ' ਕਾਵਿ ਰੂਪ ਹੈ, ਜੋ ਨਿੱਕੀਆਂ ਬੋਲੀਆਂ ਨਾਲ ਮਿਲਦਾ ਜੁਲਦਾ ਹੈ । 'ਪਰਾਗਾ' ਸ਼ਬਦ ਦਾ ਅਰਥ ਹੈ 'ਇਕ ਰੁੱਗ' ਭਾਵ ਸੰਗ੍ਰਿਹ । ਲਾਵਾਂ ਜਾਂ ਆਨੰਦ ਕਾਰਜ ਦੀ ਰਸਮ ਮਗਰੋਂ ਲਾੜੇ ਦੇ ਉਹਦੀ ਸੱਸ ਅਤੇ ਸਹੁਰੇ ਪਰਿਵਾਰ ਦੀਆਂ ਹੋਰ ਔਰਤਾਂ ਕਈ ਸ਼ਗਨ ਕਰਦੀਆਂ ਹਨ । ਛੰਦ ਪਰਾਗੇ ਗੀਤ ਰੂਪ ਵਿੱਚ ਸਾਲੀਆਂ ਲਾੜੇ ਪਾਸੋਂ ਛੰਦ ਸੁਣਦੀਆਂ ਹਨ।ਛੰਦ ਪਰਾਗੇ ਆਈਏ ਜਾਈਏਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਡਲੀ।ਸਹੁਰਾ ਫੁੱਲ ਗੁਲਾਬ ਦਾ, ਸੱਸ ਚੰਬੇ ਦੀ ਕਲੀ।ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਥਾਲੀਆਂ।ਸੋਨੇ ਦਾ ਮੈਂ...