ਫੋਨ ਦੀ ਘੰਟੀ ਖੜਕੀ। ਮੈਂ ਰੀਸੀਵਰ ਚੁੱਕਿਆ।
‘ਮਾੜੀ ਖਬਰ ਹੈ। ਆਪਣੀ ਮਾਤਾ ਗੁਜ਼ਰ ਗਈ।’
ਮੇਰਾ ਤ੍ਰਾਹ ਨਿਕਲ ਗਿਆ। ਅਜੇ ਹੁਣੇ ਹੀ ਮੈਂ ਅਤੇ ਮੇਰਾ ਬੇਟਾ ਪਿੰਡੋਂ ਹੋ ਕੇ, ਮਾਂ ਨੂੰ ਮਿਲ ਕੇ ਘਰ ਪੁੱਜੇ ਸਾਂ। ਸਵੇਰੇ ਜਦੋਂ ਪਿੰਡ ਪੁੱਜੇ ਸਾਂ ਤਾਂ ‘ਖੇਤਾਂ ਵਾਲੇ ਘਰ’ ਵਿੱਚ ਮਾਤਾ ਹਾਜ਼ਰ ਨਹੀਂ ਸੀ। ਮੇਰਾ ਛੋਟਾ ਭਰਾ ਵੀ ਨਹੀਂ ਸੀ ਓਥੇ। ਉਹਨਾਂ ਨੂੰ ਮਿਲਣ ਹੀ ਤਾਂ ਆਏ ਸਾਂ ਜਲੰਧਰੋਂ। ਪੁੱਛਿਆ ਤਾਂ ਭਰਾ ਦੀ ਪਤਨੀ ਨੇ ਦੱਸਿਆ:
‘ਬੀਬੀ ਨੂੰ ਕੱਲ੍ਹ ਦਿਲ ਦਾ ਦੌਰਾ ਪਿਆ ਸੀ। ਪਈ ਪਈ ਤੜਫਣ ਤੇ ਬੁੜ੍ਹਕਣ ਲੱਗ ਪਈ। ਇਹ ਤਾਂ ਘਰ ਨਹੀਂ ਸਨ ਭੱਜ ਕੇ ਦੇਬ ਡਾਕਟਰ ਨੂੰ ਲੈ ਕੇ ਆਇਆ। ਫ਼ਿਰ ਇਹ ਵੀ ਆ ਗਏ। ਅੱਜ ਵੀ ਪਿੰਡ ਛੀਨੇ ਡਾਕਟਰ ਕੋਲ ਦਾਖ਼ਲ ਐ। ਗੁਲੂਕੋਜ਼ ਲੱਗਿਆ ਹੋਇਐ—ਇਲਾਜ ਚੱਲਦਾ ਪਿਐ—-‘
ਅਸੀਂ ਪਿਓ-ਪੁੱਤਰ ਡਾ: ਛੀਨੇ ਦੇ ਕਲਿਨਿਕ ਤੇ ਪਹੁੰਚੇ। ਮਾਤਾ ਨੂੰ ਗੁਲੂਕੋਜ਼ ਲੱਗਿਆ ਹੋਇਆ ਸੀ। ਮੇਰਾ ਛੋਟਾ ਭਰਾ ਸੁਰਿੰਦਰ ਲਾਗਲੇ ਮੰਜੇ ‘ਤੇ ਲੇਟਿਆ ਹੋਇਆ ਸੀ। ਮਾਂ ਦੇ ਕੁਮਲਾਏ ਤੇ ਮੁਰਝਾਏ ਚਿਹਰੇ ਨੂੰ ਵੇਖਦਿਆਂ ਚਿੰਤਾਤੁਰ ਹੋ ਕੇ ਡਾਕਟਰ ਨੂੰ ਪੁੱਛਿਆ। ਉਸ ਨੇ ਦੱਸਿਆ।
‘ਬਚਾਅ ਹੋ ਗਿਆ। ਉਸੇ ਵੇਲੇ ਲੈ ਆਏ। ਅੱਗੋਂ ਬੜਾ ਧਿਆਨ ਰੱਖਣ ਦੀ ਲੋੜ ਐ— ਇੱਕ ਤਾਂ ਬੀਬੀ ਨੂੰ ਕਹਿ ਦਿਓ ਬਹੁਤਾ ਤੁਰਨਾ ਫਿਰਨਾ ਬੰਦ ਕਰ ਦੇਵੇ।—ਦਵਾਈ ਲਗਾਤਾਰ ਖਾਣੀ ਪਊ—। ਆਹ ਗੁਲੂਕੋਜ਼ ਦੀ ਬੋਤਲ ਥੋੜ੍ਹੀ ਜਿਹੀ ਬਾਕੀ ਹੈ। ਮੁੱਕਦੀ ਹੈ ਤਾਂ ਦਵਾਈ ਦੇ ਦਿੰਦੇ ਆਂ—ਸਾਡੇ ਵੱਲੋਂ ਘਰ ਲਿਜਾਣ ਦੀ ਛੁੱਟੀ ਹੈ। ਚਿੰਤਾ ਵਾਲੀ ਹੁਣ ਕੋਈ ਗੱਲ ਨਹੀਂ—।’
ਸਾਡਾ ਸਾਹ ਸੌਖਾ ਹੋ ਗਿਆ। ਡਾਕਟਰ ਵੱਲੋਂ ਸੇਵਾ-ਭਾਵ ਨਾਲ ਮੰਗਵਾਏ ਠੰਢੇ ਪੀਣ ਲੱਗ ਪਏ। ਡਾਕਟਰ ਨੇ ਗੁਲੂਕੋਜ਼ ਲਾਹ ਕੇ ਮਾਤਾ ਨੂੰ ਹਿੰਮਤ ਕਰਕੇ ਬੈਠਣ ਅਤੇ ਠੰਢਾ ਪੀਣ ਲਈ ਆਖਿਆ। ਦੋ ਢਾਈ ਘੰਟੇ ਓਥੇ ਬੈਠਣ ਤੋਂ ਬਾਅਦ ਮੇਰਾ ਬੇਟਾ ਮਾਤਾ ਨੂੰ ਬਹਿਕ ‘ਤੇ ਛੱਡ ਆਇਆ।
ਪਿੰਡੋਂ ਅਜੇ ਜਲੰਧਰ ਪੁੱਜੇ ਹੀ ਸਾਂ ਕਿ ਉੱਪਰਲਾ ਫੋਨ ਆ ਗਿਆ।
ਮੈਂ ਘਬਰਾਹਟ ਵਿੱਚ ਪੁੱਛਿਆ, ‘ਕਦੋਂ ਗੁਜ਼ਰੀ ਮਾਤਾ?’ ਅੱਗੋਂ ਮੇਰੇ ਦੋਸਤ-ਰਿਸ਼ਤੇਦਾਰ ਅਮਰ ਸਿੰਘ ਦੀ ਆਵਾਜ਼ ਸੀ। ਉਹ ਮੇਰੇ ਪਿੰਡ ਨੇੜਲੇ ਭਿੱਖੀਵਿੰਡ ਚੌਂਕ ਵਿੱਚੋਂ ਬੋਲ ਰਿਹਾ ਸੀ।
‘ਬੱਸ ਆਹ ਹੁਣੇ ਹੀ—‘
ਮੈਂ ਸੁੰਨ ਹੋ ਗਿਆ। ਨਿਸਚੈ ਹੀ ਘਰ ਜਾਂਦਿਆਂ ਹੀ ਮਾਤਾ ਨੂੰ ਫਿਰ ਦੌਰਾ ਪਿਆ ਹੋਵੇਗਾ ਤੇ ਕਿਸੇ ਵਧੇਰੇ ਚੰਗੇ ਇਲਾਜ ਲਈ ਉਸ ਨੂੰ ਭਿੱਖੀਵਿੰਡ ਲਿਜਾਇਆ ਗਿਆ ਹੋਵੇਗਾ ( ਕਿਉਂਕਿ ਸਾਡੇ ਖੇਤਾਂ ਤੋਂ ਭਿੱਖੀਵਿੰਡ ਅਤੇ ਮੇਰੇ ਪਿੰਡ ਸੁਰ ਸਿੰਘ ਦਾ ਇੱਕੋ ਜਿੰਨਾ ਫ਼ਾਸਲਾ ਹੈ।) ਓਥੇ ਹੀ ਭਾਣਾ ਵਰਤਿਆ ਹੋਵੇਗਾ। ਅਮਰ ਸਿੰਘ ਆਪਣੇ ਪਿੰਡ ਮਾੜੀ ਮੇਘੇ ਤੋਂ ਭਿੱਖੀਵਿੰਡ ਕਿਸੇ ਕੰਮ ਧੰਦੇ ਗਿਆ ਹੋਵੇਗਾ ਤੇ ਉਹਨੂੰ ਇਸ ਘਟਨਾ ਦਾ ਪਤਾ ਚੱਲਿਆ ਹੋਊ ਤੇ ਉਸ ਨੇ ਫ਼ੋਨ ਕਰ ਦਿੱਤਾ। ਇੱਕਦਮ ਇਹ ਖ਼ਿਆਲ ਮੇਰੇ ਮਨ ਵਿੱਚੋਂ ਤੇਜ਼ੀ ਨਾਲ ਗੁਜ਼ਰ ਗਏ। ਮੈਂ ਬੈਡਰੂਮ ਵੱਲੋਂ ਲਾਬੀ ਵੱਲ ਪਰਤਿਆ ਜਿੱਥੇ ਮੇਰੀ ਪਤਨੀ ਅਤੇ ਬੱਚੇ ਟੀ:ਵੀ: ਦੇਖ ਰਹੇ ਸਨ। ਮੈਂ ਭਰੜਾਏ ਗਲੇ ਨਾਲ ਆਖਿਆ, ‘ਬੀਬੀ ਮਰ ਗਈ ਆਪਣੀ—‘
‘ਹਾਏ! ਹਾਏ!! ਕੀ ਹੋਇਆ ਬੀਬੀ ਨੂੰ—‘ ਮੇਰੀ ਪਤਨੀ ਨੇ ਘਬਰਾ ਕੇ ਹੱਥਾਂ ‘ਤੇ ਹੱਥ ਮਾਰੇ ਤੇ ਪੁੱਛਿਆ ‘ਕੀਹਦਾ ਫੋਨ ਸੀ?’
‘ਅਮਰ ਸਿੰਘ ਦਾ–‘
‘ਬੀਬੀ ਤਾਂ ਚੰਗੀ ਭਲੀ ਗਈ ਸੀ ਏਥੋਂ! ਕੀ ਹੋ ਗਿਆ ਇੱਕਦਮ—?’ ,ਮੇਰੀ ਪਤਨੀ ਨੇ ਸਮਝਿਆ ਉਸ ਦੀ ਮਾਤਾ ਗੁਜ਼ਰ ਗਈ ਹੈ, ਜਿਹੜੀ ਸਾਡੇ ਕੋਲ ਹੀ ਰਹਿੰਦੀ ਸੀ, ਪਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਿੰਡ ਝਬਾਲ ਗਈ ਹੋਈ ਸੀ। ਮੈਂ ਉਸਦੇ ਭਾਵ ਸਮਝਦਿਆਂ ਦੱਸਿਆ-
‘ਝਬਾਲ ਵਾਲੀ ਬੀਬੀ ਨਹੀਂ—ਸੁਰ ਸਿੰਘ ਵਾਲੀ ਬੀਬੀ ਦੀ ਖਬਰ ਹੈ—-।’
ਅਸੀਂ ਸਾਰੇ ਖ਼ਾਮੋਸ਼ ਪਏ ਟੈਲੀਫ਼ੋਨ ਵੱਲ ਵੇਖ ਰਹੇ ਸਾਂ। ਮੇਰੀ ਪਤਨੀ ਨੇ ਆਖਿਆ, ‘ਜੇ ਅਮਰ ਸਿੰਘ ਦਾ ਫੋਨ ਹੈ ਤਾਂ ਫਿਰ ਜ਼ਰੂਰ ਝਬਾਲ ਵਾਲੀ ਬੀਬੀ ਐ—-।’ ਉਹਦੀ ਗੱਲ ਸੱਚ ਵੀ ਹੋ ਸਕਦੀ ਸੀ ਕਿਉਂਕਿ ਅਮਰ ਸਿੰਘ ਦੇ ਲੜਕੇ ਨਾਲ ਮੇਰੀ ਪਤਨੀ ਦੀ ਭਣੇਵੀਂ ਵਿਆਹੀ ਹੋਈ ਹੈ, ਇੰਜ ਮੇਰੀ ਸੱਸ ਉਹਦੀ ਨੂੰਹ ਦੀ ਨਾਨੀ ਬਣਦੀ ਸੀ।। ਅਮਰ ਸਿੰਘ ਨੂੰ ਸੂਚਨਾ ਮਿਲੀ ਹੋਵੇਗੀ ਤਾਂ ਉਸਨੇ ਸਾਨੂੰ ਫ਼ੋਨ ਕਰ ਦਿੱਤਾ। ਸਾਂਝਾ ਰਿਸ਼ਤੇਦਾਰ ਜੂ ਹੋਇਆ!!
ਅਸੀਂ ਸਹੀ ਸੂਚਨਾ ਪ੍ਰਾਪਤ ਕਰਨ ਲਈ ਵੱਖ-ਵੱਖ ਰਿਸ਼ਤੇਦਾਰੀਆਂ ਦੇ ਫੋਨ ਕਰਨ ਲੱਗੇ ਪਰ ਸਾਰਿਆਂ ਥਾਵਾਂ ਤੋਂ ‘ਲਾਈਨੇਂ ਵਿਅਸਥ ਹੈਂ’ ਦਾ ਜੁਆਬ ਆ ਰਿਹਾ ਸੀ। ਨਾਲ-ਨਾਲ ਅਸੀਂ ਵਿਚਾਰ ਕਰ ਰਹੇ ਸਾਂ – ਜੇ ਝਬਾਲ ਵਾਲੀ ਬੀਬੀ ਨੂੰ ਕੁਝ ਹੋਇਆ ਹੁੰਦਾ ( ਮੇਰੀ ਸੱਸ ਨੂੰ ) ਤਾਂ ਝਬਾਲ ਵਾਲਿਆਂ ਆਪ ਹੀ ਫ਼ੋਨ ਕਰ ਦੇਣਾ ਸੀ, ਉਹਨਾਂ ਦੇ ਘਰ ਫੋਨ ਹੈ ਸੀ— ਉਹਨਾਂ ਨੇ ਅਮਰ ਸਿੰਘ ਨੂੰ ਫ਼ੋਨ ਕਰਕੇ ਅੱਗੋਂ ਸਾਨੂੰ ਸੁਨੇਹਾ ਦੇਣ ਲਈ ਕਾਹਨੂੰ ਆਖਣਾ ਸੀ! ਇਹ ਜ਼ਰੂਰ ਸੁਰ ਸਿੰਘ ਵਾਲੀ ਮਾਤਾ ਹੀ ਸੀ।
ਪਰ ਮੇਰੀ ਪਤਨੀ ਦੇ ਮੰਨਣ ਵਿੱਚ ਇਹ ਗੱਲ ਨਹੀਂ ਸੀ ਆ ਰਹੀ। ਕਿੱਥੇ ਅਮਰ ਸਿੰਘ ਦਾ ਪਿੰਡ! ਕਿੱਥੇ ਆਪਣਾ ਪਿੰਡ! ਉਹਨੂੰ ਅਚਨਚੇਤ ਫੁਰਨਾ ਫੁਰਿਆ, ‘ਕਿਤੇ ਅਮਰ ਸਿੰਘ ਦੀ ਮਾਤਾ ਤਾਂ ਨਹੀਂ ਗੁਜ਼ਰ ਗਈ!! ਕੀ ਆਖਿਆ ਸੀ ਉਹਨੇ?’
‘ਉਸ ਆਖਿਆ ਸੀ ਕਿ ਆਪਣੀ ਮਾਤਾ ਗੁਜ਼ਰ ਗਈ ਹੈ—‘
ਏਨੇ ਨੂੰ ਫੋਨ ਦੀ ਘੰਟੀ ਖੜਕੀ। ਮੈਂ ਲਪਕ ਕੇ ਪਿਆ। ਕੋਈ ਬੋਲ ਰਿਹਾ ਸੀ,
‘ਜੀ ਹੁਣੇ ਤੁਹਾਨੂੰ ਅਮਰ ਸਿੰਘ ਹੁਰੀਂ ਫੋਨ ਕਰ ਰਹੇ ਸਨ ਕਿ ਫੋਨ ਕੱਟਿਆ ਗਿਆ। ਉਹ ਹੁਣ ਪਿੰਡ ਨੂੰ ਚਲੇ ਗਏ ਹਨ। ਤੁਹਾਨੂੰ ਉਹ ਆਖਦੇ ਸਨ ਕਿ ਬਟਾਲੇ ਵੀ ਖ਼ਬਰ ਕਰ ਦਿਓ।’ ਬਟਾਲੇ ਮੇਰੀ ਪਤਨੀ ਦੀ ਭੈਣ ਰਹਿੰਦੀ ਸੀ ਜਿਸ ਦੀ ਲੜਕੀ ਅਮਰ ਸਿੰਘ ਦੇ ਘਰ ਹੈ।
ਮੈਂ ਪੁਸ਼ਟ ਕਰਨਾ ਚਾਹਿਆ, ‘ਅਮਰ ਸਿੰਘ ਦੀ ਮਾਤਾ ਹੀ ਗੁਜ਼ਰੀ ਹੈ ਨਾ?’
‘ਹਾਂ ਜੀ— ਕੱਲ੍ਹ ਬਾਰਾਂ ਕੁ ਵਜੇ ਸਸਕਾਰ ਹੈ।’ ਕਹਿ ਕੇ ਉਸ ਨੇ ਟੈਲੀਫੋਨ ਰੱਖ ਦਿੱਤਾ। ਸਾਡੇ ਸਾਰੇ ਜੀਆਂ ਦੇ ਸਿਰਾਂ ਤੋਂ ਮਣਾਂ-ਮੂੰਹੀਂ ਭਾਰ ਲੱਥਾ। ਮੈਂ ਸੌਖੇ ਹੁੰਦਿਆਂ ਕਿਹਾ, “ਅਮਰ ਸਿੰਘ ਨੇ ਤਾਂ ਜਾਨ ਹੀ ਕੱਢ ਛੱਡੀ ਸੀ—“
‘ਅੰਕਲ ਅਮਰ ਸਿੰਘ ‘ਜਾਨ ਕੱਢਣ’ ਨੂੰ ਤਕੜੇ ਨੇ।’ ਮੇਰੇ ਬੇਟੇ ਸੁਪਨਦੀਪ ਨੇ ਕਿਹਾ ਤੇ ਫਿਰ ਹੱਸਦਿਆਂ ਉਸ ਘਟਨਾ ਦਾ ਵੇਰਵਾ ਦੁਹਰਾ ਦਿੱਤਾ। ਅੱਤਵਾਦ ਦੇ ਸਿਖਰਲੇ ਦਿਨਾਂ ਵਿੱਚ ਜਦੋਂ ਸ਼ਾਮੀਂ ਛੇ ਕੁ ਵਜੇ ਲੋਕ ਜਿੰਦਰੇ ਲਾ ਕੇ ਘਰਾਂ ਵਿੱਚ ਵੜ ਜਾਂਦੇ ਸਨ ਉਹ ਦੋ ਕੁ ਜਣੇ ਰਾਤ ਨੌਂ ਦਸ ਵਜੇ, ਸਿਆਲਾਂ ਦੇ ਦਿਨੀਂ, ਸਾਡੇ ਘਰ ਦੀਆਂ ਕੰਧਾਂ ਟੱਪ ਕੇ ‘ਦਗੜ ਦਗੜ’ ਕਰਦੇ ਵਿਹੜੇ ਵਿੱਚ ਆ ਵੜੇ ਸਨ ਅਤੇ ਅਸੀਂ ਅੱਤਵਾਦੀ ਆ ਗਏ ਸਮਝ ਕੇ ਜਾਨਾਂ ਬਚਾਉਣ ਲਈ ਦੁਬਕ ਗਏ ਸਾਂ। ਪਤਾ ਲੱਗਣ ‘ਤੇ ਅਸਾਂ ਪੁੱਛਿਆ ਤਾਂ ਅਮਰ ਸਿੰਘ ਨੇ ਕਿਹਾ ਸੀ, ‘ਅੰਬਰਸਰ ਗਏ ਸਾਂ। ਬੱਸ ਤਾਂ ਆਉਂਦੀ ਕੋਈ ਨਹੀਂ ਸੀ—ਹਨੇਰਾ ਹੋ ਗਿਆ—ਬੱਸ! ਕੋਈ ਨਾ ਕੋਈ ਜੁਗਾੜ ਕਰਕੇ ਇੱਥੋਂ ਤੱਕ ਪਹੁੰਚੇ। ਦਰਵਾਜ਼ਾ ਇਸ ਕਰਕੇ ਨਹੀਂ ਖੜਕਾਇਆ ਕਿ ਦਰਵਾਜ਼ਾ ਤਾਂ ਕੋਈ ਖੋਲ੍ਹਦਾ ਹੀ ਨਹੀਂ ਅੱਜ ਕੱਲ੍ਹ ਏਸ ਵੇਲੇ—ਇਸ ਲਈ ਕੰਧ ਟੱਪ ਕੇ ਆ ਗਏ।’
ਸੁਪਨਦੀਪ ਹੱਸੀ ਜਾ ਰਿਹਾ ਸੀ ਤੇ ਆਖੀ ਜਾ ਰਿਹਾ ਸੀ, ‘ਮੇਰਾ ਤਾਂ ਅੰਕਲ ਅਮਰ ਸਿੰਘ ਵੱਲੋਂ ਉਦੋਂ ਦਾ ਡਰਾਇਆ ਦਿਲ ਅਜੇ ਤੱਕ ਕਾਬੂ ਵਿੱਚ ਨਹੀਂ ਆਇਆ—‘
ਅਸੀਂ ਠਹਾਕਾ ਮਾਰ ਕੇ ਹੱਸੇ।
‘ਮਾਂ ਤਾਂ ਮਰੀ ਹੀ ਹੈ ਨਾ—ਭਾਵੇਂ ਅਮਰ ਸਿੰਘ ਦੀ ਹੀ ਮਰੀ ਹੈ—‘ ਮੇਰੀ ਪਤਨੀ ਨੇ ‘ਹਾਅ’ ਦਾ ਮਾਅਰਾ ਮਾਰਿਆ! ਪਰ ਸਾਡੇ ‘ਤੇ ਜਿਵੇਂ ਕੋਈ ਅਸਰ ਨਾ ਹੋਇਆ। ਮੈਂ ਤੇ ਸੁਪਨਦੀਪ ਹੱਸੀ ਜਾ ਰਹੇ ਸਾਂ।
ਅਚਾਨਕ ਮੇਰੀ ਪਤਨੀ ਨੇ ਗੱਲਾਂ ਦਾ ਰੁਖ਼ ਪਲਟ ਦਿੱਤਾ, ‘ਹੈਂ ਸੁਪਨ! ਇਹਨਾਂ ਦੀ ਸੁਣ ਲੌ– ਜਦੋਂ ਤਾਂ ਪਤਾ ਲੱਗਾ ਕਿ ਇਹਨਾਂ ਦੀ ਮਾਂ ਦੀ ਖ਼ਬਰ ਐ ਤਾਂ ਡਾਡਾਂ ਮਾਰਨ ਵਾਂਗ ਬੋਲ ਨਿਕਲੇ— ਜਦੋਂ ਮੈਂ ਆਖਿਆ, ‘ਤੁਹਾਡੀ ਨਹੀਂ ਇਹ ਤਾਂ ਮੇਰੀ ਮਾਂ ਦੀ ਖ਼ਬਰ ਹੈ— ਤਾਂ ਓਸੇ ਵੇਲੇ ਚੁੱਪ ਤੇ ਸ਼ਾਂਤ ਹੋ ਗਏ—।’
ਸਾਰੇ ਖਿੜ ਖਿੜਾ ਕੇ ਹੱਸੇ। ਮੈਂ ਮਾੜਾ ਜਿਹਾ ਹੱਸਦਿਆਂ ਕਿਹਾ, ‘ਨਹੀਂ ਨਹੀਂ, ਐਹੋ ਜਿਹੀ ਤਾਂ ਕੋਈ ਗੱਲ ਨਹੀਂ—-‘ ਪਰ ਅੰਦਰੋਂ ਅੰਦਰ ਮੈਨੂੰ ਲੱਗਾ, ਇਹੋ ਜਿਹੀ ਕੋਈ ਗੱਲ ਹੈ ਤਾਂ ਜ਼ਰੂਰ ਸੀ—‘
‘ਨਹੀਂ ਨਹੀਂ ਡੈਡੀ ਮੁੱਕਰੋ ਨਾ– ਪਹਿਲੀ ਖ਼ਬਰ ਸੁਣਾਉਂਦਿਆਂ ਤੁਹਾਡੀਆਂ ਅੱਖਾਂ ਵਿੱਚ ਅੱਥਰੂ ਆਏ ਮੈਂ ਆਪ ਵੇਖੇ ਸਨ— ਪਿੱਛੋਂ ਤੁਸੀਂ ਚੁੱਪ ਕਰ ਗਏ ਸੀ।’ ਮੇਰੀ ਛੋਟੀ ਧੀ ਰਮਣੀਕ ਨੇ ਆਖਿਆ।
‘ਲਓ– ਇਹ ਤਾਂ ਫ਼ਿਰ—‘ ਮੈਂ ਛਿੱਥਾ ਪੈਂਦਿਆਂ ਪਤਨੀ ਨੂੰ ਆਖਿਆ, ‘ਜਦੋਂ ਤੂੰ ਪਹਿਲਾਂ ਸਮਝਿਆ ਤੇਰੀ ਮਾਤਾ ਹੈ ਤਾਂ ਤੇਰੀ ਲੇਰ ਨਿਕਲੀ ਸੀ ਜਦੋਂ ਮੈਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੇਰੀ ਮਾਂ—‘
“ਛੱਡੋ! ਛੱਡੋ!! ਐਵੇਂ ਦੀਆਂ ਗੱਲਾਂ। ਸੱਚ ਸੱਚ ਹੀ ਹੁੰਦਾ ਹੈ—‘ ਮੇਰੀ ਪਤਨੀ ਨੇ ਦੁਬਾਰਾ ਆਖਿਆ ਤਾਂ ਮੈਂ ਚੁੱਪ ਹੋ ਗਿਆ। ਮੈਨੂੰ ਖਾਮੋਸ਼ ਵੇਖ ਕੇ ਰਮਣੀਕ ਬੋਲੀ, ‘ਛੱਡੋ ਮੰਮੀ ਐਵੇਂ ਵਿਚਾਰੇ ਡੈਡੀ ਨੂੰ ਝੂਠਾ ਨਾ ਕਰੀ ਜਾਵੋ—।’ ਫ਼ਿਰ ਉਸਨੇ ਬੜੇ ਪਤੇ ਦੀ ਗੱਲ ਆਖੀ, ‘ਆਪਣੀ ਮਾਂ, ਆਪਣੀ ਮਾਂ ਹੁੰਦੀ ਹੈ। ਹਰ ਮਾਂ ਦਾ ਆਪੋ-ਆਪਣਾ ਮਹੱਤਵ ਹੈ। ਡੈਡੀ ਦੀ ਮਾਂ ਦਾ ਡੈਡੀ ਲਈ, ਤੁਹਾਡੀ ਮਾਂ ਦਾ ਤੁਹਾਡੇ ਲਈ—ਅਮਰ ਸਿੰਘ ਅੰਕਲ ਦੀ ਮਾਂ ਦਾ ਉਹਦੇ ਲਈ ਅਤੇ ਮੇਰੀ ਮਾਂ ਦਾ ਮੇਰੇ ਲਈ—‘ ਉਸਨੇ ਆਪਣੀ ਮਾਂ ਦੀ ਠੋਡੀ ਫੜ੍ਹ ਕੇ ਪਿਆਰ ਨਾਲ ਹਿਲਾਈ। ਮੈਂ ਆਪਣੀ ਧੀ ਦੀ ਸਿਆਣਪ ‘ਤੇ ਮੁਸਕਰਾ ਪਿਆ। ਉਸ ਛਿਣ ਮੈਨੂੰ ਸਾਰੇ ਬੱਚਿਆਂ ਦੀਆਂ ਮਾਵਾਂ ਆਪਣੀ ਮਾਂ ਵਾਂਗ ਹੀ ਲੱਗਣ ਲੱਗੀਆਂ।
……….. ……… …………….
ਆਪਣੇ ਕਾਗ਼ਜ਼-ਪੱਤਰ ਫੋਲਦਿਆਂ ਮੈਨੂੰ ਆਪਣੀ ਉੱਤੇ ਲਿਖੀ ਲਿਖ਼ਤ ਲੱਭੀ। ਇਸਨੂੰ ਲਿਖਿਆਂ ਅਤੇ ਛਪਿਆਂ ਲਗਪਗ ਇੱਕ ਦਹਾਕਾ ਬੀਤ ਚੁੱਕਾ ਹੈ। ਅੱਜ ਨਾ ਮੇਰੀ ਮਾਂ ਅਤੇ ਨਾ ਹੀ ਮੇਰੀ ਪਤਨੀ ਦੀ ਮਾਂ ਇਸ ਸੰਸਾਰ ਵਿਚ ਹਨ। ਦੋਵੇਂ ਚਾਰ ਕੁ ਸਾਲ ਪਹਿਲਾਂ ਅੱਗੜ-ਪਿੱਛੜ ਸਾਨੂੰ ਛੱਡ ਕੇ ਸਦਾ ਲਈ ਇਸ ਸੰਸਾਰ ਤੋਂ ਕੂਚ ਕਰ ਗਈਆਂ।
ਕਿਸੇ ਵੀ ਮਾਂ ਦਾ ਸੰਸਾਰ ਵਿਚ ਕੋਈ ਬਦਲ ਨਹੀਂ। ਕਿਸੇ ਨੇ ਠੀਕ ਕਿਹਾ ਸੀ ਕਿ ਜਿੰਨਾਂ ਚਿਰ ਮਾਂ ਜਿਊਂਦੀ ਹੁੰਦੀ ਹੈ, ਸਾਨੂੰ ਉਸਦੀ ਅਮੁਲ ਕੀਮਤ ਦਾ ਅਹਿਸਾਸ ਨਹੀਂ ਹੁੰਦਾ। ਜਦੋਂ ਮਾਂ ਛੱਡ ਕੇ ਤੁਰ ਜਾਂਦੀ ਹੈ, ਕੇਵਲ ਉਦੋਂ ਹੀ ਪਤਾ ਲੱਗਦਾ ਹੈ ਮਾਂ ਦੀ ਕੀਮਤ ਦਾ! ਪਰ ਉਦੋਂ ਤੁਹਾਡੇ ਕੋਲ ਮਾਂ ਨਹੀਂ ਹੁੰਦੀ!
ਮੇਰੇ ਕੋਲ ਆਪਣੀਆਂ ਇਹਨਾਂ ਦੋਵਾਂ ਮਾਵਾਂ ਬਾਰੇ ਕਰਨ ਵਾਲੀਆਂ ਢੇਰ ਸਾਰੀਆਂ ਗੱਲਾਂ ਹਨ ਪਰ ਅੱਜ ਮੈਂ ਕੇਵਲ ਤੁਹਾਡੇ ਨਾਲ ਸਿਰਫ਼ ‘ਆਪਣੀ ਮਾਂ’ ਦੀ ਕੇਵਲ ਇੱਕੋ ਹੀ ਗੱਲ ਸਾਂਝੀ ਕਰਨੀ ਹੈ। ਕਿਸੇ ‘ਸਾਹਿਤ-ਸਭਾ’ ਵੱਲੋਂ ਮੇਰੇ ਨਾਲ ਰੂ-ਬ-ਰੂ ਕੀਤਾ ਜਾ ਰਿਹਾ ਸੀ। ਸਵਾਲਾਂ-ਜਵਾਬਾਂ ਦਾ ਸਿਲਸਿਲਾ ਚੱਲ ਰਿਹਾ ਸੀ ਕਿ ਇੱਕ ਸਰੋਤੇ ਨੇ ਉੱਠ ਕੇ ਕਿਹਾ, “ਸੰਧੂ ਸਾਹਿਬ! ਮੇਰੀ ਤੁਹਾਡੇ ਤੋਂ ਮੰਗ ਹੈ ਕਿ ਤੁਸੀਂ ਹੁਣੇ ਹੀ ਆਪਣੇ ਮਨ ਅੰਦਰ ਝਾਤੀ ਮਾਰੋ ਅਤੇ ਵੇਖੋ ਕਿ ਤੁਹਾਨੂੰ ਆਪਣੇ ਚੇਤੇ ਵਿਚੋਂ ਇੱਕ-ਦਮ ਕਿਹੜੀ ਗੱਲ ਦੀ ਤਸਵੀਰ ਉੱਘੜਦੀ ਦਿਸਦੀ ਹੈ, ਸਾਡੇ ਨਾਲ ਉਹੋ ਗੱਲ ਸਾਂਝੀ ਕਰੋ!”
ਸਵਾਲ ਦਿਲਚਸਪ ਸੀ। ਮੈਂ ਆਪਣੇ ਮਨ ਵਿਚ ਪਲ ਕੁ ਲਈ ਉੱਤਰਿਆ। ਮੈਨੂੰ ਪਹਿਲੀ ਨਜ਼ਰੇ ਹੀ ਆਪਣੀ ਸੋਚ ਦੇ ਚਿਤਰ-ਪੱਟ ‘ਤੇ ਆਪਣੀ ਮਾਂ ਦੀ ਤਸਵੀਰ ਨਜ਼ਰ ਆਈ। ਆਪਣੇ ਆਪ ‘ਤੇ ਹੈਰਾਨੀ ਵੀ ਹੋਈ ਅਤੇ ਸ਼ਰਮ ਵੀ ਆਈ ਕਿ ਮੈਂ ਆਪਣੀ ਮਾਂ ਨਾਲ ਜੁੜੀ ਇਸ ਘਟਨਾ ਨੂੰ ਕਿਵੇਂ ਭੁਲਾਈ ਬੈਠਾ ਸਾਂ!
ਤੇ ਫਿਰ ਮੈਂ ਆਪਣੇ ਸਰੋਤਿਆਂ ਨਾਲ ਇਹ ਯਾਦ ਇਸਤਰ੍ਹਾਂ ਸਾਂਝੀ ਕੀਤੀ:
੧੯੭੨ ਦੀ ‘ਮੋਗਾ-ਐਜੀਟੇਸ਼ਨ’ ਵਿਚ ਕੁਝ ਦਿਨ ਜੇਲ੍ਹ ਵਿਚ ਕੱਟਣ ਤੋਂ ਬਾਅਦ ਮੈਂ ਕੁਝ ਦਿਨਾਂ ਲਈ ਪੁਲਿਸ ਤੋਂ ਬਚਣ ਲਈ ‘ਆਸੇ-ਪਾਸੇ’ ਹੋਇਆ, ਹੋਇਆ ਸਾਂ ਤਾ ਕਿ ਕਿਧਰੇ ਮੈਨੂੰ ਦੋਬਾਰਾ ਗ੍ਰਿਫ਼ਤਾਰ ਨਾ ਕਰ ਲਿਆ ਜਾਵੇ, ਸਰਕਾਰ ਨਾਲ ਹੋਏ ਸਮਝੌਤੇ ਅਧੀਨ ਫੜ੍ਹੇ ਗਏ ਵਿਦਿਆਰਥੀਆਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰ ਇਸ ਐਜੀਟੇਸ਼ਨ ਵਿਚ ਫੜ੍ਹੇ ਦੂਜੀਆਂ ਸਿਆਸੀ ਪਾਰਟੀਆਂ ਦੇ ਕਾਰਕੁਨ ਜਾਂ ਆਗੂ ਨਹੀਂ ਸਨ ਛੱਡੇ ਗਏ। ਮੈਂ ਕਿਉਂਕਿ ‘ਜੇਲ੍ਹ-ਕਮੇਟੀ’ ਦਾ ਪ੍ਰਧਾਨ ਰਿਹਾ ਸਾਂ ਅਤੇ ਮੇਰਾ ਨਾਮ ਨਕਸਲੀਆਂ ਵਿਚ ਵੀ ਵੱਜਦਾ ਸੀ ਇਸ ਲਈ ਬੀ ਐੱਡ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਵੀ ਮੈਨੂੰ ਨਹੀਂ ਸੀ ਛੱਡਿਆ ਗਿਆ। ਜੇ ਮੇਰਾ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਅੰਮ੍ਰਿਤਸਰ ਦਾ ਪਿੰ੍ਰਸੀਪਲ ਮੇਰੇ ਵਿਦਿਆਰਥੀ ਹੋਣ ਦਾ ਪੱਤਰ ਡੀ ਸੀ ਅਤੇ ਐਸ ਐਸ ਪੀ ਨੂੰ ਲਿਖ ਕੇ ਮੇਰੇ ਨਾਲੋਂ ਰਿਹਾ ਹੋ ਕੇ ਬਾਹਰ ਗਏ ਮੇਰੇ ਜਮਾਤੀ ਅਮਰ ਸਿੰਘ ਨੂੰ ਨਾ ਦਿੰਦਾ ਤਾਂ ਪੁਲਿਸ ਨੇ ਮੈਨੂੰ ਰਿਹਾ ਹੀ ਨਹੀਂ ਸੀ ਕਰਨਾ।
ਮੇਰੇ ਘਰਦਿਆਂ ਨੂੰ ਮੇਰੀ ਠਾਹਰ ਦਾ ਪਤਾ ਸੀ। ਮੇਰਾ ਇੱਕ ਦੋਸਤ ਸੁਨੇਹਾ ਲੈ ਕੇ ਮੇਰੇ ਕੋਲ ਪੁੱਜਾ ਕਿ ਮੇਰੇ ਪਿਉ ਦੀ ਹਾਲਤ ਠੀਕ ਨਹੀਂ ਅਤੇ ਬੀਬੀ ਦਾ ਸੁਨੇਹਾਂ ਹੈ ਕਿ ਮੈਂ ਤੁਰਤ ਘਰ ਪਹੁੰਚਾਂ। ਮੈਂ ਉਸਦੇ ਨਾਲ ਹੀ ਤੁਰ ਪਿਆ। ਪਿੰਡ ਪਹੁੰਚਿਆ ਤਾਂ ਪਤਾ ਲੱਗਾ ਕਿ ਮੇਰੇ ਪਿਤਾ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸਨੂੰ ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਲੈ ਗਏ ਗਏ ਸਨ। ਮੈਂ ਅਮ੍ਰਿਤਸਰ ਪੁੱਜਾ। ਆਕਸੀਜਨ ਲੱਗੀ ਹੋਈ। ਮੇਰਾ ਪਿਤਾ ਬੇਹੋਸ਼ ਪਿਆ ਸੀ। ਮੇਰੀ ਮਾਂ ਮੇਰੇ ਪਿਤਾ ਦੇ ਸਿਰਹਾਣੇ ਬੈਠੀ ਸੀ। ਉਸਨੇ ਸਟੂਲ ਤੋਂ ਉੱਠ ਕੇ ਮੈਨੂੰ ਜੱਫੀ ਵਿਚ ਲਿਆ ਅਤੇ ‘ਫਿਕਰ ਨਾ ਕਰਨ ਲਈ’ ਕਿਹਾ। ਉਸ ਮੁਤਾਬਕ ‘ਡਾਕਟਰ ਆਪਣੀ ਪੂਰੀ ਵਾਹ ਲਾ ਰਹੇ ਸਨ।”ਮਹਾਂਰਾਜ ਭਲੀ ਕਰੂਗਾ।” ਉਹ ਹੌਂਸਲੇ ਵਿਚ ਸੀ।
ਪਿਤਾ ਨੂੰ ਬੇਹੋਸ਼ੀ ਦੀ ਅਵਸਥਾ ਵਿਚ ਬੈੱਡ ‘ਤੇ ਪਿਆਂ ਅੱਜ ਤੀਸਰਾ ਦਿਨ ਸੀ। ਦਿਮਾਗ਼ ਦੀ ਨਾੜੀ ਫਟ ਗਈ ਸੀ। ਡਾਕਟਰ ‘ਹਾਂ’ ਜਾਂ ‘ਨਾਂਹ’ ਵਿਚ ਜਵਾਬ ਨਹੀਂ ਸਨ ਦਿੰਦੇ। ਟੈਸਟ ਹੋ ਰਹੇ ਸਨ।
ਅੱਜ ਮੈਂ ਅਤੇ ਮੇਰਾ ਇੱਕ ਦੋਸਤ ਮੈਡੀਕਲ ਕਾਲਜ ਤੋਂ ਕਿਸੇ ਟੈਸਟ ਦੀ ਰਿਪੋਰਟ ਲੈਣ ਗਏ ਸਾਂ। ਨੌਂ-ਦਸ ਵਜੇ ਦੇ ਗਿਆਂ ਨੂੰ ਰਿਪੋਰਟ ਲੈਂਦਿਆਂ ਕਰਦਿਆਂ ਸਾਨੂੰ ਡੇਢ-ਦੋ ਦਾ ਸਮਾਂ ਹੋ ਗਿਆ ਸੀ। ਜਦੋਂ ਅਸੀਂ ਵਾਪਸ ਪਰਤੇ ਤਾਂ ਮੇਰੀ ਮਾਂ ਮੇਰੇ ਪਿਤਾ ਦੇ ਸਿਰਹਾਣਿਓਂ ਉੱਠ ਕੇ ਅੱਗਲਵਾਂਢੀ ਸਾਨੂੰ ਕਮਰੇ ਤੋਂ ਬਾਹਰ ਹੀ ਆਣ ਮਿਲੀ।
“ਰਿਪੋਟ ਲੈ ਆਂਦੀ? ਚੱਲੋ ਚੰਗਾ ਹੋਇਆ!” ਉਸਨੇ ਸਾਡੇ ਹੱਥਾਂ ਵਿਚ ਫੜ੍ਹੇ ਲਿਫ਼ਾਫ਼ੇ ਵੱਲ ਵੇਖਿਆ। ਫਿਰ ਜਿਵੇਂ ਕੋਈ ਭੁੱਲੀ ਹੋਈ ਗੱਲ ਚੇਤੇ ਆ ਗਈ ਹੋਵੇ। ਆਖਣ ਲੱਗੀ, “ਹੈਂ ਵਰਿਆਮ! ਲੌਢਾ ਵੇਲਾ ਹੋ ਗਿਆ। ਤੁਸੀਂ ਕੁਝ ਖਾਧਾ ਪੀਤਾ ਵੀ ਹੈ ਕਿ ਨਹੀਂ?”
ਸਾਡਾ ਜਵਾਬ ‘ਨਾਂਹ’ ਵਿਚ ਸੁਣ ਕੇ ਕਹਿੰਦੀ, “ਜਾਓ ਮੇਰੇ ਪੁੱਤ! ਪਹਿਲਾਂ ਜਾ ਕੇ ਢਿੱਡ ਰੋਟੀ ਖਾ ਕੇ ਆਵੋ। ਕਿਵੇਂ ਸਵੇਰ ਦੇ ਭੁੱਖਣ-ਭਾਣੇ ਤੁਰੇ ਫਿਰਦੇ ਜੇ!” ਉਹਦਾ ਚਿਹਰਾ ਮਮਤਾ ਵਿਚ ਮੋਮ ਬਣਿਆ ਹੋਇਆ ਸੀ।
ਅਸੀਂ ਕਮਰੇ ਵੱਲ ਵਧਦਿਆਂ ਅਗਲੇ ਇਲਾਜ ਲਈ ਪਹਿਲਾਂ ਡਾਕਟਰ ਨੂੰ ਰਿਪੋਰਟ ਦਿਖਾਉਣ ਲਈ ਕਿਹਾ ਤਾਂ ਕਹਿੰਦੀ, ” ਕੋਈ ਨਹੀਂ ਰਪੋਟ ਮੈਂ ਵਿਖਾ ਲੈਂਦੀ ਆਂ। ਤੁਸੀਂ ਪਹਿਲਾਂ ਢਿੱਡ ਵਿਚ ਕੁਝ ਪਾ ਕੇ ਆਓ। ਤੁਹਾਡੇ ਬਾਪੂ ਕੋਲ ਮੈਂ ਬੈਠੀ ਆਂ। ਉਹਦਾ ਫ਼ਿਕਰ ਨਾ ਕਰੋ”
ਉਸਦੇ ਜ਼ੋਰ ਦੇਣ ‘ਤੇ ਅਸੀਂ ਲਾਗਲੇ ਢਾਬੇ ‘ਤੇ ਰੋਟੀ ਖਾਣ ਤੁਰ ਗਏ। ਰੋਟੀ ਖਾ ਕੇ ਆਏ ਤਾਂ ਪਿਤਾ ਦੇ ਸਿਰਹਾਂਦੀ ਬੈਠੀ ਮਾਂ ਉੱਠ ਕੇ ਖਲੋ ਗਈ ਅਤੇ ਉਸਦੀਆਂ ਅੱਖਾਂ ‘ਚ ਤੈਰ ਆਇਆ ਪਾਣੀ ਬੇਵੱਸ ਹੋ ਕੇ ਉਹਦੇ ਚਿਹਰੇ ‘ਤੇ ‘ਟਿੱਪ! ਟਿੱਪ!’ ਵਰ੍ਹਨ ਲੱਗਾ।
“ਜਾਓ ਪੁੱਤ! ਕੋਈ ਟੈਕਸੀ ਲੈ ਆਓ! ਤੁਹਾਡਾ ਬਾਪੂ ਪੂਰਾ ਹੋ ਗਿਆ।” ਉਸਨੇ ਬੁੱਲ੍ਹ ਚਿੱਥਦਿਆਂ ਆਪਣੀ ਭੁੱਬ ਅੰਦਰੇ ਡੱਕ ਲਈ।
ਉਸਨੇ ਅੱਥਰੂ ਪੂੰਝਦਿਆ ਕਿਹਾ, “ਪੂਰਾ ਤਾਂ ਇਹ ਉਦੋਂ ਈ ਹੋ ਗਿਆ ਸੀ ਜਦੋਂ ਤੁਸੀਂ ਰਪੋਟ ਲੈ ਕੇ ਆਏ ਸੀ। ਪਰ ਮੈਂ ਤੁਹਾਨੂੰ ਜਾਣ-ਬੁੱਝ ਕੇ ਨਹੀਂ ਸੀ ਦੱਸਿਆ। ਮੈਂ ਸੋਚਿਆ ਜੇ ਤੁਹਾਨੂੰ ਹੁਣੇ ਦੱਸ ਦਿੱਤਾ ਤਾਂ ਤੁਸੀਂ ਉਂਜ ਹੀ ਦੇਹ ਲੈ ਕੇ ਪਿੰਡ ਨੂੰ ਤੁਰ ਪੈਣਾ ਹੈ! ਫਿਰ ਰੋਣ ਕੁਰਲਾਉਣ ਵਿਚ ਪਏ ਮੇਰੇ ਲਾਲਾਂ ਨੂੰ ਪਤਾ ਨਹੀਂ ਕਦੋਂ ਰੋਟੀ ਦਾ ਟੁੱਕ ਨਸੀਬ ਹੋਣਾ ਹੈ! ਤੁਹਾਡੀਆਂ ਭੁੱਖੀਆਂ ਵਿਲਕਦੀਆਂ ਆਂਦਰਾਂ ਦਾ ਸੋਚ ਕੇ ਹੀ ਮੈਂ ਤੁਹਾਨੂੰ ਰੋਟੀ ਖਾਣ ਤੋਰਿਆ ਸੀ।”
ਏਨੀ ਆਖ ਕੇ ਉਸਨੇ ਮੈਨੂੰ ਬਾਹੋਂ ਫੜ੍ਹ ਕੇ ਅੱਗੇ ਕੀਤਾ, “ਆ! ਹੁਣ ਆਪਣੇ ਤੁਰ ਗਏ ਪਿਓ ਦਾ ਮੂੰਹ ਵੇਖ ਲੈ।” ਉਸਨੇ ਮੇਰੇ ਪਿਤਾ ਦੇ ਚਿਹਰੇ ‘ਤੇ ਦਿੱਤਾ ਕੱਪੜਾ ਚੁਕਿਆ ਅਤੇ ਉਸਦੇ ਸਦਾ ਲਈ ਸੌਂ ਗਏ ਸ਼ਾਂਤ ਚਿਹਰੇ ਨੂੰ ਨਿਹਾਰਦੀ ਨੇ ਮੈਨੂੰ ਛੋਟੇ ਬਾਲ ਵਾਂਗ ਆਪਣੀ ਛਾਤੀ ਨਾਲ ਘੁੱਟ ਲਿਆ।
ਮੇਰੀ ਮਾਂ ਦੀ ਉਮਰ ਉਦੋਂ ਇਕਤਾਲੀ-ਬਤਾਲੀ ਸਾਲ ਦੀ ਸੀ ਅਤੇ ਮੇਰਾ ਪਿਓ ਪੰਜਤਾਲੀ-ਛਿਆਲੀ ਸਾਲ ਦਾ ਹੋਵੇਗਾ। ਉਸਦਾ ਸੁਹਾਗ ਉਸਨੂੰ ਸਦਾ ਲਈ ਛੱਡ ਕੇ ਚਲਾ ਗਿਆ ਸੀ। ਪਤੀ ਤੋਂ ਬਿਨਾਂ ਉਸ ਅੱਗੇ ਦੂਰ ਤੱਕ ਬ੍ਰਿਹਾ ਦੀ ਮਾਰੂਥਲ ਵਾਂਗ ਭੁੱਜਦੀ ਵਿਛੀ ਜ਼ਿੰਦਗੀ ਪਈ ਸੀ। ਉਸਦਾ ਜਹਾਨ ਲੁੱਟਿਆ ਗਿਆ ਸੀ। ਇਸ ਪਰਬਤੋਂ ਭਾਰੇ ਦੁੱਖ ਨੂੰ ਕਸੀਸ ਵੱਟ ਕੇ ਪੀ ਜਾਣ ਦੀ ਤਾਕਤ ਉਸਦੀ ਕਿਹੋ ਜਿਹੀ ਅਦੁੱਤੀ ਮਮਤਾ ਨੇ ਉਸ ਮਹਾਨ ਔਰਤ ਨੂੰ ਬਖਸ਼ੀ ਸੀ ਕਿ ਉਹਦੀ ਜ਼ਿੰਦਗੀ ਦੀਆਂ ਇਹਨਾਂ ਸਭ ਤੋਂ ਦੁਖਾਂਤਕ ਘੜੀਆਂ ਵਿਚ ਵੀ ਉਸਨੂੰ ਆਪਣੇ ਪੁੱਤ ਦੀ ਭੁੱਖ ਦਾ ਖ਼ਿਆਲ ਰਿਹਾ ਸੀ।
ਜਦੋਂ ਉਸ ਦ੍ਰਿਸ਼ ਨੂੰ ਚੇਤੇ ਕਰਦਾ ਹਾਂ ਤਾਂ ਮੇਰੇ ਲੂੰਈਂ ਕੰਡੇ ਖੜੇ ਹੋ ਜਾਂਦੇ ਹਨ; ਅੱਖਾਂ ਭਰ ਆਉਂਦੀਆਂ ਹਨ ਅਤੇ ਆਪਣੀ ਮਾਂ ਦੀ ਮਮਤਾ ਸਾਹਮਣੇ ਮੇਰਾ ਸਿਰ ਝੁਕ ਜਾਂਦਾ ਹੈ।
ਅੱਜ ਆਪਣੀ ਮਾਂ ਦੇ ਹਵਾਲੇ ਨਾਲ ਮੈਂ ਸਾਰੀ ਦੁਨੀਆਂ ਦੀਆਂ ਮਾਵਾਂ ਦੀ ਅਥਾਹ ਸ਼ਹਿਣਸ਼ੀਲਤਾ, ਸਿਦਕ, ਸਬਰ ਅਤੇ ਡੁੱਲ੍ਹ-ਡੁੱਲ੍ਹ ਪੈਂਦੀ ਮੁਹੱਬਤ ਨੂੰ ਨਮਸਕਾਰ ਕਰਦਾ ਹਾਂ!