A Literary Voyage Through Time

ਰੋਜ਼ ਵਾਂਗ ਅੱਜ ਦੀ ਆਥਣ ਵੀ ਮੁੰਡੇ-ਕੁੜੀਆਂ ਸੱਥ ਵਿੱਚ ਪੱਕੀ ਚੌਕੜੀ ਉੱਤੇ ਖੇਡਣ ਆ ਜੁੜੇ। ਕੋਈ ਤਾਸ਼ ਖੇਡਦਾ ਸੀ, ਕੋਈ ਰੋੜੇ ਤੇ ਕੋਈ ਪੀਚ੍ਹੋ-ਬੱਕਰੀ। ਦੀਪਾ ਪੀਚ੍ਹੋ-ਬੱਕਰੀ ਖੇਡ ਰਿਹਾ ਸੀ। ਉਹਦੇ ਨਾਲ ਦੋ ਕੁੜੀਆਂ ਤੇ ਇੱਕ ਮੁੰਡਾ ਹੋਰ ਵੀ ਇਹੀ ਖੇਡ ਖੇਡਦੇ ਸਨ। ਹੁਣ ਦੀਪਾ ਆਪਣੀ ਵਾਰੀ ਭੁਗਤਾ ਰਿਹਾ ਸੀ। ਉਹਦਾ ਪੈਰ ਲਕੀਰ ਉੱਤੇ ਟਿਕ ਗਿਆ, ਪਰ ਉਹ ਦਬਾਸਟ ਸਾਰੇ ਘਰ ਟੱਪ ਕੇ ਪਾਰ ਕਰ ਗਿਆ, ਜਿਵੇਂ ਲਕੀਰ ਉੱਤੇ ਟਿਕੀ ਉਹਦੀ ਪੈੜ ਦਾ ਕਿਸੇ ਨੂੰ ਪਤਾ ਹੀ ਨਾ ਲੱਗਿਆ ਹੋਵੇ, ਪਰ ਨਾਲ ਖੇਡਦੀ ਇੱਕ ਕੁੜੀ ਨੇ ਝੱਟ ਚਾਂਗਾਰੌਲੀ ਪਾ ਦਿੱਤੀ- ‘ਲੀਖਰ ਵੱਢ ’ਤੀ, ਲੀਖਰ ਵੱਢ ’ਤੀ।’

⁠ਦੀਪੇ ਨੇ ਕਿਹਾ- ‘ਤੂੰ ਐਵੇਂ ਕਹਿਨੀ ਐਂ।’

⁠‘ਅੰਨ੍ਹਾ ਹੋਇਐਂ? ਮੇਰੇ ਕੀ ਅੱਖਾਂ ਨਹੀਂ?’ ਦੀਪਾ ਮੁਕਰਦਾ ਲੱਗਦਾ ਸੀ।

⁠‘ਅੱਖਾਂ ਤੇਰੀਆਂ ਈ ਫੁੱਟੀਆਂ ਹੋਣਗੀਆਂ? ਅੰਨ੍ਹੀ ਮਾਂ ਦਾ ਪੁੱਤ ਨਾ ਹੋਵੇ, ਜਾਵੱਢਾ।’ ਕੁੜੀ ਪੂਰੀ ਤਰ੍ਹਾਂ ਲਾਚੜ ਗਈ ਸੀ।

⁠‘ਤੇਰੀ ਮਾਂ ਨਾ ਅੰਨ੍ਹੀ।’ ਦੀਪੇ ਨੇ ਕੱਚਾ ਜਿਹਾ ਹੋ ਕੇ ਕਿਹਾ।

⁠‘ਜਾਹ, ਨਹੀਂ ਖੇਡਣਾ ਤਾਂ ਨਾ ਖੇਡ।’ ਕੁੜੀ ਨੇ ਇਹ ਆਖ ਕੇ ਖੇਡ ਬੰਦ ਕਰ ਦਿੱਤੀ। ਦੀਪਾ ਤਾਸ਼ ਵਾਲਿਆਂ ਕੋਲ ਜਾ ਬੈਠਾ।

⁠ਉਹ ਘਰ ਆਇਆ ਤਾਂ ਉਹਦੀ ਮਾਂ ਆਪਣੇ ਪੈਰ ਉੱਤੇ ਲੀਰ ਬੰਨ੍ਹ ਰਹੀ ਸੀ। 

⁠‘ਮਾਂ ਇਹ ਕੀ ਹੋ ਗਿਆ?’ ਦੀਪੇ ਨੇ ਪੁੱਛਿਆ।

⁠‘ਵੇ ਹਾਰੇ ’ਚੋਂ ਦਾਲ ਆਲਾ ਤਪਲਾ ਕੱਢਣ ਲੱਗੀ ਸੀ। ਹੱਥਾਂ ’ਚ ਤਪਲਾ ਸੀ, ਦਿਸਿਆ ਨਾ, ਪੀੜ੍ਹੀ ’ਚ ਅੜਕ ਕੇ ਡਿੱਗ ਪੀ। ਸੱਟ ਲੱਗੀ ਪੈਰ ’ਤੇ। ਦੀਂਹਦਾ ਕੀ ਸੁਆਹ ਐ, ਸੱਤਾਂ ਚੁੱਲ੍ਹਿਆਂ ਦੀ ਅੱਗ ਮੈਨੂੰ?’ ਮਾਂ ਨੇ ਸਰਸਰੀ ਨਾਲ ਦੱਸ ਦਿੱਤਾ।

⁠ਦੀਪਾ ਜਿਵੇਂ ਸੁੰਨ ਹੀ ਹੋ ਗਿਆ। ਪੀਚ੍ਹੋ-ਬੱਕਰੀ ਖੇਡਣ ਵਾਲੀ ਕੁੜੀ ਦੀ ਗੱਲ ਉਹਦੇ ਹੱਡ ’ਤੇ ਲੱਗੀ- ‘ਅੰਨ੍ਹੀ ਮਾਂ ਦਾ ਪੁੱਤ।’

⁠ਖੇਤੋਂ ਉਹਦਾ ਪਿਓ ਆਇਆ ਨ੍ਹਾ ਧੋ ਕੇ ਰੋਟੀ ਖਾਣ ਬੈਠਾ ਤੇ ਦੀਪੇ ਨੂੰ ਹਾਕ ਮਾਰੀ-ਪਾਣੀ ਦਾ ਗਲਾਸ ਭਰ ਕੇ ਲਿਆਈਂ ਓਏ ਤੌੜੇ ’ਚੋਂ।’

⁠ਪਹਿੰਡੀ ਉੱਤੇ ਪਏ ਤੌੜੇ ਨੂੰ ਟੇਢਾ ਕਰਕੇ ਦੀਪਾ ਪਾਣੀ ਦੀ ਗੜਵੀ ਭਰਨ ਲੱਗਿਆ। ਤੌੜੇ ਵਿੱਚ ਪਾਣੀ ਥੋੜ੍ਹਾ ਸੀ। ਉਹਦਾ ਧਿਆਨ ਪਾਣੀ ਤੇ ਗੜ੍ਹਵੀ ਵੱਲ ਬਹੁਤਾ ਹੋ ਗਿਆ। ਤੌੜਾ ਪਹਿੰਡੀ ਉੱਤੋਂ ਐਨਾ ਨਿਉਂ ਗਿਆ ਕਿ ਉਸ ਤੋਂ ਸੰਭਿਆ ਨਾ ਤੇ ਥੱਲੇ ਹੀ ਗਲ ਪਰਨੇ ਡਿੱਗ ਪਿਆ। ਉਸ ਨੇ ਦੰਦਾਂ ਵਿੱਚ ਜੀਭ ਦੀ ਕੁੰਬਲੀ ਦੱਬੀ। ਤੌੜਾ ਕੀਚਰ-ਕੀਚਰ ਹੋ ਗਿਆ।

⁠‘ਪਾਣੀ ਗਲਾਸ ਨਾਲ ਵਿੱਚੋਂ ਨਹੀਂ ਸੀ ਭਰੀਂਦਾ? ਗੜਵੀ ਨਾਲ ਇਉਂ ਪਾਣੀ ਪਾਉਣ ਨੂੰ ਤੈਨੂੰ ਕੀਹਨੇ ਆਖਿਆ ਸੀ? ਦੀਂਹਦਾ ਨੀ ਸੀ ਅੰਨ੍ਹੀ ਮਾਂ ਦਿਆ ਪੁੱਤਾ?’ ਦੀਪੇ ਦਾ ਪਿਓ ਜਿਵੇਂ ਖੇਤੋਂ ਹੀ ਅੱਕ ਕੇ ਆਇਆ ਸੀ।

⁠‘ਤੈਥੋਂ ਆਪ ਨਹੀਂ ਸੀ ਉੱਠ ਕੇ ਲਈਂਦਾ? ਜੇ ਮੇਰੇ ’ਤੇ ਰੱਬ ਨੇ ਭਾਵੀ ਵਰਤਾ ’ਤੀ ਤਾਂ ਜ਼ਰੂਰ ਮੈਨੂੰ ਆਖਣੈ? ਜੇਠ-ਹਾੜ੍ਹ ਦੀਆਂ ਧੁੱਪਾਂ ਵਿੱਚ ਤੇਰਾ ਲੰਗਰ ਢੋਂਦੀ ਰਹੀ ਆਂ- ਉੱਲਾਂ ਉੱਠੀਆਂ ਤੋਂ ਵੀ। ਜੇ ਉਦੋਂ ’ਲਾਜ ਹੋ ਜਾਂਦਾ ਤਾਂ ਇਸ ਮੁਸੀਬਤ ਨੂੰ ਕਾਹਨੂੰ ਪਹੁੰਚਦੀ?’ ਦੀਪੇ ਦੀ ਮਾਂ ਨੇ ਪੁਰੀ ਖਿਝ ਮੰਨੀ।

⁠‘’ਲਾਜ ਨੂੰ ਕੀ ਮੇਰੇ ਕੋਲ ਰੋਕੜੀ ਪਈ ਸੀ?’ ਉਹ ਵੀ ਤਿੜਕ ਪਿਆ।

⁠‘ਜੇ ਨਾ ਰੋਕੜੀ ਪਈ ਸੀ ਤਾਂ ਹੁਣ ਅੰਨ੍ਹੀ ਕਾਹਨੂੰ ਪਰਖ਼ਦੈਂ?’ ਦੀਪੇ ਦੀ ਮਾਂ ਦਾ ਹਰਾਸ ਟੁੱਟਿਆ ਹੋਇਆ ਸੀ।

⁠‘ਤੂੰ ਅੰਨ੍ਹੀ ਕਾਹਨੂੰ ਐਂ, ਮੈਂ ਈ ਨ੍ਹੇਰਾ ਢੋਨਾਂ। ਹਲ਼ ਮਗਰ ਖੁੱਚਾਂ ਤੜੌਂਦੇ ਦੀ ਬਸ ਹੋ ਜਾਂਦੀ ਐ ਤੇ ਘਰ ਆ ਕੇ ਚੱਜ ਨਾਲ ਟੁੱਕ ਵੀ ਨ੍ਹੀਂ ਜੁੜਦਾ।’ ਦੀਪੇ ਦੇ ਪਿਓ ਦੇ ਇਹ ਸ਼ਬਦ ਉਸ ਦੇ ਘਰ ਦੀ ਸਾਰੀ ਦਸ਼ਾ ਦੱਸ ਗਏ ਸਨ।

☆☆☆

⁠ਦੀਪਾ ਇਕੱਲਾ ਪੁੱਤ ਸੀ। ਭੈਣਾਂ ਤਿੰਨ ਵੱਡੀਆਂ, ਸਭ ਵਿਆਹੀਆਂ ਵਰੀਆਂ ਆਪਣੇ-ਆਪਣੇ ਘਰੀਂ ਚਲੀਆਂ ਗਈਆਂ ਸਨ। ਇਹਨਾਂ ਤਿੰਨਾਂ ਕੁੜੀਆਂ ਦੇ ਵਿਆਹਾਂ ਨੇ ਹੀ ਘਰ ਖੁੰਘਲ ਕਰ ਦਿੱਤਾ ਸੀ। ਰਿਣੀ-ਚਿਣੀ ਸਾਰੀ ਹੀ ਲੱਗੀ ਹੋਈ ਸੀ। ਹੁਣ ਨਿੱਕੀ ਜਿਹੀ ਟੱਬਰੀ ਮਸਾਂ ਜੂਨ-ਗੁਜ਼ਾਰਾ ਕਰਦੀ ਸੀ।

⁠ਦੀਪੇ ਦੀ ਮਾਂ ਦੇ ਜਦ ਉੱਲਾਂ ਉੱਠ ਰਹੀਆਂ ਸਨ, ਅੱਖਾਂ ਦੀਆਂ ਡੇਲੀਆਂ ਪਾਟ-ਪਾਟ ਡਿੱਗਦੀਆਂ ਸਨ। ਪੁੜਪੜੀਆਂ ਵਿੱਚ ਜਿਵੇਂ ਹੁੱਜਾਂ ਵੱਜਦੀਆਂ ਹੋਣ। ਉੱਤੋਂ ਕਣਕ ਦੀ ਗਹਾਈ ਦਾ ਜ਼ੋਰ ਸੀ। ਪਿੜ ਵੀ ਉਹਨਾਂ ਦਾ ਖੇਤ ਵਿੱਚ ਹੀ ਸੀ-ਕੋਹ ਭਰ ਦੂਰ। ਦੀਪੇ ਤੋਂ ਮਾਲ ਢਾਂਡਾ ਹੀ ਮਸਾਂ ਸੰਭਦਾ ਸੀ। ਉਸ ਦੀ ਮਾਂ ਨੇ ਬਥੇਰਾ ਕੁਰਲਾਇਆ ਕਿ ਉਹਦਾ ਪਿਓ ਸ਼ਹਿਰ ਜਾ ਕੇ ਉਸ ਦੀਆਂ ਅੱਖਾਂ ਦਿਖਾ ਲਿਆਵੇ, ਪਰ ਉਸ ਨੂੰ ਉਹਦੀਆਂ ਅੱਖਾਂ ਨਾਲੋਂ ਪਿੜ ਦਾ ਫ਼ਿਕਰ ਬਹੁਤਾ ਸੀ। ਅੱਧੀ-ਅੱਧੀ ਰਾਤ ਤੀਕ ਉਹ ਸਿਰ ਫ਼ੜ ਕੇ ਬੈਠੀ ਰਹਿੰਦੀ।

⁠‘ਜਦੋਂ ਮੇਰੀ ਜਾਨ ਮੁੱਕ ਗਈ, ਤੂੰ ਉਦੋਂ ਈ ਕੁਸ ਕਰੇਂਗਾ?’ ਦੀਪੇ ਦੀ ਮਾਂ ਨੇ ਪੂਰੇ ਤਰਲੇ ਨਾਲ ਕਿਹਾ ਸੀ।’

⁠‘ਐਨੇ ਪੈਸੇ ਈ ਕਿੱਥੇ ਨੇ ਡਾਕਧਾਰ ਨਾਲ ਮੱਥਾ ਲੌਣ ਨੂੰ? ਤੂੰ ਅੱਜ ਰਸੌਂਤ ਪਾ ਕੇ ਦੇਖ!’ ਦੀਪੇ ਦੇ ਪਿਓ ਵਿੱਚ ਮਜ਼ਬੂਰੀ ਦੀ ਹੱਦ ਸੀ।

⁠ਤੇ ਓਸ ਰਾਤ ਦੀਪੇ ਦੀ ਮਾਂ ਨੇ ਰਸੌਂਤ ਤੇ ਵਿੱਚ ਫ਼ੀਮ ਵੀ ਥੋੜ੍ਹੀ ਜਿਹੀ ਘੋਲ ਕੇ ਅੱਖਾਂ ਵਿੱਚ ਪਵਾ ਲਈ ਸੀ। ਉਹਦੀਆਂ ਅੱਖਾਂ ਜਿਵੇਂ ਢਿੱਲੀਆਂ ਹੋ ਗਈਆਂ। ਉਸ ਨੂੰ ਤਰੇਲੀ ਆ ਗਈ। ਉਸ ਨੇ ਚੀਸ ਵੱਟੀ, ਜਿਵੇਂ ਡੇਲਿਆਂ ਵਿੱਚ ਮੇਰੂ ਹੋ ਗਏ ਹੋਣ। ਸਾਰੀ ਰਾਤ ਉਹ ਮੰਜੇ ਦੇ ਪਾਵੇ ਨਾਲ ਸਿਰ ਲਾ ਕੇ ਬੈਠੀ ਰਹੀ ਸੀ। ਹਾਨੀਸਾਰ ਅਗਲੀ ਸਵੇਰ ਉਸ ਨੂੰ ਡਾਕਟਰ ਕੋਲ ਲਿਜਾਣਾ ਪਿਆ ਸੀ। ਪੈਸਾ ਤਾਂ ਉਦੋਂ ਵਿਹੁ ਖਾਣ ਨੂੰ ਵੀ ਜੇਬ ਵਿੱਚ ਨਹੀਂ ਸੀ। ਕਿਸੇ ਤੋਂ ਚਾਲੀ ਰੁਪਈਏ ਲੈ ਕੇ ਤੇ ਕਣਕ ਨਿੱਕਲੀ ਤੋਂ ਪੰਜਾਹ ਦੇਣੇ ਕਰਕੇ ਉਹ ਸ਼ਹਿਰ ਗਏ ਸਨ। 

⁠ਦੀਪੇ ਦੀ ਮਾਂ ਦਾ ਦੁੱਖ ਤਾਂ ਦੂਰ ਹੋ ਗਿਆ ਸੀ, ਪਰ ਨਜ਼ਰ ਚੌਥੇ ਹਿੱਸੇ ਦੀ ਵੀ ਨਹੀਂ ਰਹੀ ਸੀ। ਦੀਪੇ ਦਾ ਪਿਓ ਮਸਾਂ ਦਿਨ ਕਟੀ ਕਰਦਾ ਸੀ। ਦੀਪੇ ਦੀ ਮਾਂ ਅੰਨ੍ਹੀ ਨਹੀਂ ਤਾਂ ਅੰਨ੍ਹਿਆਂ ਵਰਗੀ ਜ਼ਰੂਰ ਹੋ ਗਈ ਸੀ। ਦੀਪਾ ਆਪ ਇੱਕ ਖੱਲੜ ਜਿਹੀ ਮਹਿੰ, ਇੱਕ ਬੱਕਰੀ ਤੇ ਇੱਕ ਵੱਛਾ, ਤਿੰਨ ਪਸ਼ੂ ਸਾਰਾ ਦਿਨ ਬਾਹਰੋਂ ਚਾਰ ਕੇ ਲਿਆਉਣ ਵਿੱਚ ਹੀ ਉਲਝਿਆ ਰਹਿੰਦਾ ਸੀ।

☆☆☆

⁠ਇੱਕ ਦਿਨ ਸਾਰੇ ਪਾਲ਼ੀ ਪਿਛਲੇ ਪਹਿਰ ਦੀ ਚਾਹ ਨਾਲ ਰੋਟੀ ਖਾਣ ਲੱਗੇ। ਦੀਪੇ ਨੇ ਪੋਣੇ ਲੜੋਂ ਮਿੱਸੀ ਰੋਟੀ ਖੋਲ੍ਹੀ। ਸੁਆਹ ਨਾਲ ਲਿੱਬੜੀ ਹੋਈ ਸੀ।

⁠‘ਰੋਟੀ ਤੋਂ ਸੁਆਹ ਨ੍ਹੀਂ ਲਾਹੀ. ਅੰਨ੍ਹੀ ਮਾਂ ਦਿਆਂ ਪੁੱਤਾ?’ ਇੱਕ ਮੁੰਡੇ ਨੇ ਤਰਕ ਮਾਰੀ। 

⁠ਦੀਪੇ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸ ਨੇ ਨੀਵੀਂ ਪਾ ਕੇ ਰੁੱਖੀ ਕਸੈਲੀ ਰੋਟੀ ਚਾਹ ਨਾਲ ਅੰਦਰ ਸੁੱਟ ਲਈ।

⁠ਐਤਕੀਂ ਮੀਂਹ ਚੰਗਾ ਪੈ ਗਿਆ ਸੀ ਤੇ ਏਦੂੰ ਵੱਧ ਹੋਰ ਲੋੜ ਵੀ ਨਹੀਂ ਸੀ। ਸਾਵਣ ਦੀ ਮੰਡੀ ਕਾਫ਼ੀ ਭਰਨੀ ਸੀ। ਦੀਪੇ ਦੇ ਤਿੰਨ ਚਾਰ ਪਾਲ਼ੀ ਦੋਸਤਾਂ ਨੇ ਸਲਾਹ ਕੀਤੀ ਕਿ ਮੰਡੀ ਉੱਤੇ ਚੱਲੀਏ। ਦੀਪੇ ਨੇ ਬਥੇਰੀ ਹਿੰਡ ਕੀਤੀ ਕਿ ਉਹਨੇ ਆਪਣੇ ਰੀਂਢੂ ਵੱਛੇ ਲਈ ਘੁੰਗਰਾਲ ਲਿਆਉਣੀ ਹੈ, ਪਰ ਉਸ ਦੇ ਪਿਓ ਨੇ ਮਸਾਂ ਇੱਕ ਅਠਿਆਨੀ ਹੀ ਦਿੱਤੀ। ਇੱਕ ਰੁਪਈਆ ਉਸ ਨੇ ਐਤਕੀਂ ਹਾੜ੍ਹੀਆਂ ਵੇਲੇ ਖਲ੍ਹੀਆਂ ਥੱਲੇ ਡਿੱਗੀਆਂ ਛੋਲਿਆਂ ਦੀਆਂ ਟਾਟਾਂ ਭੋਰ-ਭੋਰ ਕਰ ਲਿਆ ਸੀ।

⁠ਤਿੰਨੇ ਚਾਰੇ ਪਾਲ਼ੀ ਮੁੰਡੇ ਉੱਥੇ ਗਏ। ਹਥਨੀ ਵਰਗੀਆਂ ਝੋਟੀਆਂ, ਹੰਸਾਂ ਵਰਗੇ ਗੋਰੇ ਚਿੱਟੇ ਵਹਿੜਕੇ ਤੇ ਕਲਹਿਰੀ ਮੋਰ ਦੀ ਤੋਰ ਵਾਲੇ ਬੋਤਿਆਂ ਨਾਲ ਮੰਡੀ ਝਿਲਮਿਲ-ਝਿਲਮਿਲ ਕਰ ਰਹੀ ਸੀ। ਕਿਸੇ ਨੇ ਘੁੰਗਰਾਲ ਲਈ, ਕਿਸੇ ਨੇ ਗਾਨੀ, ਕਿਸੇ ਨੇ ਬੱਕਰੀ ਦੀਆਂ ਝਾਂਜਰਾਂ ਤੇ ਦੀਪੇ ਨੇ ਜਿਵੇਂ ਸਾਰੀ ਮੰਡੀ ਗਾਹ ਦਿੱਤੀ ਹੋਵੇ ਤੇ ਉਸ ਨੂੰ ਕੋਈ ਵੀ ਚੀਜ਼ ਪਸੰਦ ਨਾ ਆਈ।

⁠ਇੱਕ ਥਾਂ ਇੱਕ ਸੰਨਿਆਸੀ ਦਵਾਈਆਂ ਵੇਚ ਰਿਹਾ ਸੀ। ਉਸ ਦੀ ਜ਼ਬਾਨ-ਆਰੀ ਵਾਂਗ ਚੱਲਦੀ ਸੀ।

⁠‘ਇਹ ਹੈ ਸੁਰਮੇ ਦੀ ਡਲੀ। ਇਹ ਉਹ ਸੁਰਮਾ ਨਹੀਂ, ਜਿਹੜਾ ਬਾਜ਼ਾਰ ਵਿੱਚ ਦੁਕਾਨ ਤੋਂ ਆਮ ਮਿਲਦਾ ਹੈ। ਬਾਰਾਂ ਤੇ ਬਾਰਾਂ ਚੌਵੀ ਤੇ ਆਹ ਉਸ ਨੇ ਆਪਣੇ ਦੋਵਾਂ ਹੱਥਾਂ ਦੀਆਂ ਦਸੇ ਉਂਗਲਾਂ ਖੋਲ੍ਹੀਆਂ ਤੇ ਫਿਰ ਸੱਜੇ ਹੱਥ ਦੀਆਂ ਦੋ ਉਂਗਲਾਂ ਖੜ੍ਹੀਆਂ ਕਰਕੇ ਕਿਹਾ- ‘ਪੂਰੀਆਂ ਛੱਤੀ ਜੜ੍ਹੀ ਬੂਟੀਆਂ ਦਾ ਇਸ ਵਿੱਚ ਪ੍ਰਯੋਗ ਕੀਤਾ ਗਿਆ ਹੈ। ਇੱਕੋ ਫੁੰਕਾਰੇ ਨਾਲ ਸੂਤ ਜਾਣ ਵਾਲੇ ਕਾਲ਼ੇ ਨਾਗ ਦੇ ਮੂੰਹ ਵਿੱਚ ਇਸ ਨੂੰ ਪੂਰਾ ਸਵਾ ਮਹੀਨਾ ਰੱਖਿਆ ਗਿਆ ਤੇ ਫੇਰ ਬਸੰਤਰ ਵਿੱਚ ਸੋਧਿਆ ਗਿਆ ਹੈ। ਕੋਰੀ ਠੂਠੀ ਵਿੱਚ ਘਸਾ ਕੇ ਰਾਤ ਨੂੰ ਪੈਣ ਲੱਗੇ ਤਿੰਨ ਡੰਗ ਵਿੱਚ ਇਸ ਦਾ ਸੇਵਨ ਕਰੋ, ਚਿੱਟੇ ਮੋਤੀਏ ਦੀ ਜੜ੍ਹ ਖ਼ਤਮ। ਸੱਤ ਡੰਗ ਪਾਓ, ਕਾਲ਼ਾ ਮੋਤੀਆ ਵੀ ਖ਼ਤਮ ਕਰੇਗਾ। ਨਜ਼ਰ ਨੂੰ ਤੇਜ਼ ਕਰੇਗਾ। ਸੂਈ ਦੇ ਨੱਕੇ ਵਿੱਚ ਧਾਗਾ ਪਾਓ। ਕੀੜੀ ਫਿਰਦੀ ਦੇਖੋ। ਅੰਨ੍ਹੇ ਪੁਰਸ਼ ਸੁਜਾਖੇ ਹੋ ਜਾਓ। ਇੱਕ ਡਲੀ, ਕੀਮਤ ਸਿਰਫ਼ ਅੱਠ ਆਨੇ।’

⁠‘ਅੰਨ੍ਹੀ ਮਾਂ ਦਾ ਪੁੱਤ’ ਦੀਪੇ ਦੇ ਦਿਮਾਗ਼ ਵਿੱਚ ਹਥੌੜੀਆਂ ਵੱਜ ਰਹੀਆਂ ਸਨ। ਮੰਡੀ ਵਿੱਚ ਉਸ ਨੇ ਨਾ ਕੁਝ ਖਾਧਾ ਸੀ ਤੇ ਨਾ ਪੀਤਾ ਸੀ। ਅੱਠ ਆਨੇ ਜੇਬ ਵਿੱਚੋਂ ਕੱਢ ਕੇ ਸੰਨਿਆਸੀ ਬਾਬੇ ਦੀ ਹਥੇਲੀ ਉੱਤੇ ਉਸ ਨੇ ਰੱਖ ਦਿੱਤੇ। ਸਾਰੇ ਪਾਲ਼ੀਆਂ ਨੇ ਦੇਖਿਆ ਉਸ ਨੇ ਮੰਡੀ ਵਿੱਚੋਂ ਹੋਰ ਕੁਝ ਨਹੀਂ ਸੀ ਖਰੀਦਿਆ।

⁠ਪਿੰਡ ਵਾਪਸ ਆਏ ਨੂੰ ਉਸ ਦੇ ਬਾਪੂ ਨੇ ਪੁਛਿਆ- “ਕੀ ਕੀ ਖਾਧਾ ਪੀਤਾ ਫੇਰ ਦੀਪਿਆ, ਮੰਡੀ 'ਚ?”

⁠‘ਸੁਰਮੇ ਦੀ ਡਲੀ ਲਿਆਂਦੀ ਐ ਬਾਪੂ, ਸਵਾ ਮਹੀਨਾ ਸੱਪ ਦੇ ਮੂੰਹ 'ਚ ਰੱਖੀ ਹੋਈ। ਬਸ ਹੁਣ ਬੇਬੇ ਦੀ ਨਿਗਾਅ ਤੇਜ ਹੋ ਜੂ।’ ਦੀਪੇ ਦੇ ਬੋਲਾਂ ਵਿੱਚ ਅਜੀਬ ਜਿੱਤ ਸੀ।

⁠‘ਦੇਖਾਂ?’ ਦਿਖਾ ਉਰੇ! ਉਹਦੇ ਬਾਪੂ ਨੇ ਹੈਰਾਨੀ ਪ੍ਰਗਟ ਕੀਤੀ।

⁠ਢਾਠੀ ਦੇ ਲੜੋਂ ਡਲੀ ਖੋਲ੍ਹ ਕੇ ਉਸ ਨੇ ਬਾਪੂ ਦੇ ਹੱਥ ਉੱਤੇ ਧਰ ਦਿੱਤੀ ਤੇ ਮੁਸਕਰਾਇਆ।

⁠ਉਸ ਦੇ ਬਾਪੂ ਨੇ ਕਾਲੀ ਜਿਹੀ ਕੰਕਰੀ ਟੋਹ ਕੇ ਦੇਖੀ ਤੇ ਕਿਹਾ, ‘ਇਹ ਪੱਥਰ ਦਾ ਕੋਲ਼ਾ ਜਾ ਕੀਹ ਐ ਓਏ। ਏਦੂੰ ਵੀ ਅੰਨ੍ਹੀਂ ਨਾ ਕਰਦੀਂ ਧਨੰਤਰਾ?’ 

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.