ਸੀਹਰਫ਼ੀਆਂ : ਹਾਸ਼ਿਮ ਸ਼ਾਹ
ਪਹਿਲੀ ਸੀਹਰਫ਼ੀ
1
ਅਲਫ਼ ਇਕ ਨਹੀਂ ਕੋਈ ਦੋਇ ਨਹੀਂ,
ਰੰਗ ਰਸ ਜਹਾਨ ਦਾ ਚੱਖ ਗਏ ।
ਲੱਦੇ ਨਾਲ ਜਵਾਹਰ ਮੋਤੀਆਂ ਦੇ,
ਵਾਰੀ ਚਲਦੀ ਨਾਲ ਨਾ ਕੱਖ ਗਏ ।
ਡੇਰੇ ਪਾਉਂਦੇ ਰਖਦੇ ਲਸ਼ਕਰਾਂ ਨੂੰ,
ਫੜੇ ਮੌਤ ਦੇ, ਵਖੋ ਹੀ ਵੱਖ ਗਏ ।
ਜ਼ਰਾ ਖੋਜ ਨ ਦਿਸਦਾ ਵੇਖ 'ਹਾਸ਼ਮ',
ਜਿਸ ਰਾਹ ਕਰੋੜ ਤੇ ਲੱਖ ਗਏ ।੧।
2
ਬੇ ਬੰਧੁ ਨ ਪਾਇਆ ਰੱਜਨਾ ਹੈਂ,
ਨਹੀਂ ਹਿਰਸ ਦੀ ਭੁਖ ਨੂੰ ਥੰਮ ਨਾਹੀਂ ।
ਕਈ ਛੋਡ ਗਏ ਇਹਨਾਂ ਪੱਥਰਾਂ ਨੂੰ,
ਹੀਰੇ ਲਾਲ ਤੇਰੇ ਕਿਸੇ ਕੰਮ ਨਾਹੀਂ ।
ਕਰ ਨੇਕੀਆਂ ਆਉਂਨੀ ਕੰਮ ਤੇਰੇ,
ਇਸ ਜੇਡੀਆਂ ਦੌਲਤਾਂ ਦੰਮ ਨਾਹੀਂ ।
'ਹਾਸ਼ਮ ਸ਼ਾਹ' ਸਿਰ੍ਹਾਣੇ ਹੈ ਮੌਤ ਬੈਠੀ
ਪਰ ਸੁੱਤਿਆਂ ਨੂੰ ਕੋਈ ਗ਼ਮ ਨਾਹੀਂ ।੨।
3
ਤੇ ਤੁਧ ਜੇਹੇ ਕਈ ਲਖ ਮੀਆਂ,
ਵਿਚ ਏਸ ਸਰਾਉਂ ਦੇ ਆਉਂਦੇ ਨੀ ।
ਇਕ ਲੱਦਦੇ ਭਾਰ ਚਲਾਣਿਆਂ ਦਾ,
ਇਕ ਆਣ ਦੁਕਾਨ ਵਿਛਾਉਂਦੇ ਨੀ ।
ਇਕ ਤੋੜ ਕੇ ਆਸ ਉਮੈਦ ਚਲੇ,
ਇਕ ਵਾਰਸੀ ਆਣ ਜਗਾਉਂਦੇ ਨੀ ।
'ਹਾਸ਼ਮ ਸ਼ਾਹ' ਮੀਆਂ ਇਹ ਮਲੂਮ ਨਾਹੀਂ,
ਕਿਥੋਂ ਆਂਵਦੇ ਕੈ ਵਲ ਜਾਂਵਦੇ ਨੀ ।੩।
4
ਸੇ ਸਾਬਤੀ ਉਸ ਦੇ ਨਾਮ ਵਲੋਂ,
ਬਣ ਲੱਖ ਲਾਚਾਰ ਤਾਂ ਹਾਰ ਨਾਹੀਂ ।
ਜੇਹੜੇ ਗੂੜ੍ਹੇ ਪਿਆਰ ਵੰਡਾਉਂਦੇ ਨੀ,
ਤੇਰਾ ਅੰਤ ਸਮੇਂ ਕੋਈ ਯਾਰ ਨਾਹੀਂ ।
ਐਵੇਂ ਖ਼ਾਬ ਦਾ ਮੇਲ ਜਹਾਨ ਦਾ ਈ,
ਇਸ ਦੋਸਤੀ ਦਾ ਇਤਬਾਰ ਨਾਹੀਂ ।
'ਹਾਸ਼ਮ ਸ਼ਾਹ' ਮੀਆਂ ਸੁਖ ਪਾਉਣਾ ਈ,
ਤਾਂ ਤੂੰ ਦੁਖ ਨੂੰ ਮਨੋਂ ਵਿਸਾਰ ਨਾਹੀਂ ।੪।
5
ਜੀਮ ਜਾਣ ਕੇ ਆਪਣੇ ਆਪ ਜੀਆ,
ਲਖ ਫਾਹੀਆਂ ਲੈ ਗਲ ਪਾਈਆਂ ਨੀ ।
ਰੰਗ ਰਸ ਜਹਾਨ ਦਾ ਵੇਖ ਨਾਹੀਂ,
ਮਹਾਂ ਦੁਖ ਨੇ ਲਾਈਆਂ ਫਾਹੀਆਂ ਨੀ ।
ਵਾਰੀ ਚਲਦੇ ਲਾਡ ਗੁਮਾਨ ਵਾਲੇ,
ਪਛੋਤਾਉਂਦੇ ਮਾਰਦੇ ਆਹੀਆਂ ਨੀ ।
'ਹਾਸ਼ਮ ਸ਼ਾਹ' ਹਕੂਮਤਾਂ ਰਾਜ ਦਾਹਵੇ,
ਚਾਇ ਰਾਹ ਉਤੇ ਐਵੇਂ ਰਾਹੀਆਂ ਨੀ ।੫।
6
ਹੇ ਹਿਰਸ ਦੇ ਜ਼ੋਰ ਨੂੰ ਤੋੜ ਜੀਆ !
ਨਹੀਂ ਜ਼ੋਰ ਤੇਰਾ ਨਿਤ ਖਾਉਂਦੀ ਹੈ ।
ਨਾਲ ਸਬਰ ਦੇ ਹਿਰਸ ਨੂੰ ਸਾੜ ਮੀਆਂ !
ਅੱਗ ਹਿਰਸ ਦੀ ਜਾਨ ਜਲਾਉਂਦੀ ਹੈ ।
ਜਿਥੇ ਹਿਰਸ ਓਥੇ ਸੁਧ ਬੁਧ ਨਾਹੀਂ,
ਹਿਰਸ ਆਪਣੇ ਹੁਕਮ ਚਲਾਉਂਦੀ ਹੈ ।
'ਹਾਸ਼ਮ ਸ਼ਾਹ' ਮੀਆਂ ਏਸ ਖ਼ਾਕ ਕੋਲੋਂ,
ਦਾਹਵੇ ਹਿਰਸ ਹੀ ਐਡ ਬੰਨ੍ਹਾਉਂਦੀ ਹੈ ।੬।
7
ਖ਼ੇ ਖ਼ਾਬ ਦੇ ਨਾਲ ਖ਼ਰਾਬ ਨ ਹੋ,
ਏਸ ਖ਼ਾਬ ਨੂੰ ਖ਼ਾਬ ਹੀ ਜਾਣ ਮੀਆਂ ।
ਇਸ ਵਹਿਣ ਦੇ ਵਿਚ ਹਬਾਬ ਵਾਂਗੂੰ,
ਇਹ ਆਪਣਾ ਆਪ ਪਛਾਣ ਮੀਆਂ ।
ਕਿਸ ਚੀਜ਼ ਥੋਂ ਹੋਇਆ ਏਂ, ਕੌਣ ਹੈਂ ਤੂੰ ?
ਉਸ ਚੀਜ਼ ਨੂੰ ਖ਼ੂਬ ਪਛਾਣ ਮੀਆਂ ।
'ਹਾਸ਼ਮ ਸ਼ਾਹ' ਮੁਸਾਫ਼ਰਾਂ ਖ਼ੂਬ ਨਾਹੀਂ,
ਕਰੋ ਕੁਫਰ ਤੇ ਝੂਠ ਦਾ ਮਾਣ ਮੀਆਂ ।੭।
8
ਦਾਲ ਦੁਖ ਨੂੰ ਦੂਰ ਹਟਾਵਣਾ ਈ,
ਤਾਂ ਤੂੰ ਸੁਖ ਜਹਾਨ ਦਾ ਫੋਲ ਨਾਹੀਂ ।
ਸੁਖ ਪਾਉਣਾ ਈ ਤਾਂ ਤੂੰ ਮੀਟ ਅੱਖੀਂ,
ਸੁਖ ਕਿਸੇ ਦਾ ਵੇਖ ਕੇ ਡੋਲ ਨਾਹੀਂ ।
ਅਸਾਂ ਵੇਖਿਆ ਸੁਖ ਜਹਾਨ ਵਾਲਾ,
ਇਹ ਦੁਖ ਈ, ਏਸ ਨੂੰ ਫੋਲ ਨਾਹੀਂ ।
'ਹਾਸ਼ਮ ਸ਼ਾਹ' ਮੀਆਂ ਇਹੋ ਫ਼ਾਇਦਾ ਈ,
ਕੋਈ ਲੱਖ ਆਖੇ ਮੂੰਹੋਂ ਬੋਲ ਨਾਹੀਂ ।੮।
9
ਜ਼ਾਲ ਜ਼ੌਕ ਤੇ ਐਸ਼ ਨੂੰ ਢੂੰਡਨਾ ਏਂ,
ਘੋੜੇ ਪਾਲਕੀ ਹਿਰਸ ਅੰਬਾਰੀਆਂ ਦੀ ।
ਬਿਨਾਂ ਖ਼ਾਕ ਦੇ ਕੁਝ ਨਾ ਦਿਸਦਾ ਈ,
ਪਈ ਖ਼ਾਕ ਹੀ ਵੇਖ ਹਜ਼ਾਰੀਆਂ ਦੀ ।
ਫੜੀ ਮੌਤ ਦੀ ਵੇਖ ਖ਼ਰਾਬ ਹੁੰਦੀ,
ਗਈ ਤੂੰ ਮੁੜ ਵਾਕ-ਹੰਕਾਰੀਆਂ ਦੀ ।
'ਹਾਸ਼ਮ ਸ਼ਾਹ' ਇਹ ਐਸ਼ ਜਹਾਨ ਵਾਲਾ,
ਮੀਆਂ ਠੀਕਰੀ ਦੇਗ ਸ਼ਿਕਾਰੀਆਂ ਦੀ ।੯।
10
ਰੇ ਰਾਹੀਆਂ ਪਾਂਧੀਆਂ ਜਾਂਦਿਆਂ ਕਿਉਂ,
ਮੀਆਂ ! ਐਡ ਫ਼ਜ਼ੂਲੀਆਂ ਚਾਉਨਾ ਏਂ ।
ਕੱਟ ਵਾਂਗੂੰ ਮੁਸਾਫ਼ਰਾਂ ਰਾਤ ਏਥੇ,
ਕਿਸ ਵਾਸਤੇ ਦੇਸ ਭੁਲਾਵਨਾ ਏਂ ।
ਜਾਏਂ ਆਬਰੂ ਨਾਲ ਤਾਂ ਲੱਖ ਪਾਏਂ,
ਕਿਸ ਵਾਸਤੇ ਸ਼ਾਨ ਬਣਾਉਣਾ ਏਂ ?
'ਹਾਸ਼ਮ ਸ਼ਾਹ' ਮੀਆਂ ਅੱਖੀਂ ਵੇਖਨਾ ਏਂ,
ਦਿਲੋਂ ਜਾਣ ਕੇ ਫੇਰ ਭੁਲਾਉਨਾ ਏਂ ।੧੦।
11
ਜ਼ੇ ਜ਼ੋਰ ਲਗਾਇ ਕੇ ਬੋਲ ਨਾਹੀਂ,
ਮਰ ਜਾਵਣਾ ਈ, ਸ਼ਰਮਾਉ ਮੀਆਂ ।
ਪਿਛੋਂ ਬੋਲ ਕੇ ਕੌਣ ਸਾਹ ਖਟਿਆ ਈ,
ਹੱਥੋਂ ਓਸ ਨੂੰ ਬਹਿ ਪਛਤਾਉ ਮੀਆਂ ।
ਕਈ ਬੋਲੀਆਂ ਬੋਲ ਕੇ ਖ਼ਾਕ ਹੋਏ,
ਦਿਲ ਆਪਣੇ ਨੂੰ ਸਮਝਾਉ ਮੀਆਂ ।
'ਹਾਸ਼ਮ ਸ਼ਾਹ' ਸੁਨੇਹੁੜਾ ਆਉਂਦਾ ਈ,
ਅਜ ਕਲ ਪਿਛੋਂ ਘਰ ਆਉ ਮੀਆਂ ।੧੧।
12
ਸੀਨ ਸਮਝ ਸਿਆਣਿਆ ! ਭੁਲ ਨਾਹੀਂ,
ਕੁਝ ਏਸ ਮਕਾਨ ਦੀ ਚਾਲ ਮੀਆਂ ।
ਲੋਕ ਆਉਂਦੇ ਬਣਤ ਬਣਾਂਵਦੇ ਨੀ,
ਕੱਚੀ ਕੌਡੀ ਨਾ ਨਿਭਦੀ ਨਾਲ ਮੀਆਂ ।
ਜਿਹੜੇ ਮਾਰਦੇ ਸੇ ਦਮ ਹਾਕਮੀ ਦਾ,
ਗਏ ਅੰਤ ਨੂੰ ਹੋਇ ਕੰਗਾਲ ਮੀਆਂ ।
'ਹਾਸ਼ਮ ਸ਼ਾਹ' ਇਹ ਸ਼ੋਰ ਜਹਾਨ ਵਾਲਾ,
ਐਵੇਂ ਝੂਠ ਹੀ ਖ਼ਾਬ ਖ਼ਿਆਲ ਮੀਆਂ ।੧੨।
13
ਸ਼ੀਨ ਸ਼ੋਖੀਆਂ ਨਾਲ ਵਿਖਾਲ ਨਾਹੀਂ,
ਜ਼ਰੀ ਬਾਫ਼ਤੇ ਪਹਿਨ ਕੇ ਚਾਲੀਆਂ ਜੀ ।
ਅਠੇ ਪਹਿਰ ਸ਼ਰਾਬ ਕਬਾਬ ਖਾਏਂ,
ਨਹੀਂ ਬੈਠਦਾ ਬਾਝ ਨਿਹਾਲੀਆਂ ਜੀ ।
ਤੈਥੋਂ ਚੰਗੇ ਚੰਗੇਰੜੇ ਖ਼ਾਕ ਹੋਏ,
ਗਏ ਢੇਰੀਆਂ ਜਾਇ ਸਮਾਲੀਆਂ ਜੀ ।
'ਹਾਸ਼ਮ ਸ਼ਾਹ' ਉਹ ਸੀਸ ਤੇ ਜਾਲਦੇ ਨੀ,
ਲੱਖ ਮੇਘਲੇ ਰਾਤੀਆਂ ਕਾਲੀਆਂ ਜੀ ।੧੩।
14
ਸੁਆਦ ਸਬਰ ਦਾ ਪਾਉ ਜੰਜ਼ੀਰ ਮੀਆਂ,
ਇਸ ਹੋਸ਼ ਹਵਾਸ ਦਲੀਲ ਤਾਈਂ ।
ਲਿਖੇ ਲੇਖ ਉਤੇ ਮਗ਼ਰੂਰ ਹੋ ਤੂੰ,
ਮਤ ਢੂੰਡ ਕਸੀਰ ਕਲੀਲ ਤਾਈਂ ।
ਸੁਖ ਪਾਉਣਾ ਈ, ਦੁਖ ਦੇਹ ਭਾਈ,
ਏਸ ਨਫ਼ਸ ਪਲੀਤ ਬਖੀਲ ਤਾਈਂ ।੧੪।
18
ਹੱਥ ਧੋਇ ਕੇ ਜਾਨ ਜਹਾਨ ਵਲੋਂ,
ਪਿਛੇ ਇਸ਼ਕ ਦੇ ਖ਼ੂਬ ਨਮਾਜ਼ ਹੋਵੇ ।
'ਹਾਸ਼ਮ ਸ਼ਾਹ' ਜੋ ਇਸ਼ਕ ਦੇ ਆਉਂਦਾ ਈ,
ਅਸੀਂ ਵੇਖਿਆ ਮਹਿਰਮ ਰਾਜ਼ ਹੋਵੇ ।੧੮।
19
ਗ਼ੈਨ ਗ਼ੈਰ ਨੂੰ ਗ਼ੈਰ ਤੂੰ ਜਾਣਨਾ ਏਂ,
ਏਹੋ ਜਾਣ ਲੈ ਆਪ ਹੀ ਗ਼ੈਰ ਹੈਂ ਤੂੰ ।
ਭਲਾ ਜਾਣ ਕੇ ਆਪਣੇ ਆਪ ਤਾਈਂ,
ਕਹੀ ਮਾਰਦਾ ਆਪਣੇ ਪੈਰ ਹੈਂ ਤੂੰ ।
ਨਾਲ ਗ਼ੈਰ ਦੇ ਵੈਰ ਜਗਾਵਨਾ ਏਂ,
ਪਿਆ ਆਪਣੇ ਆਪ ਜੀ ਵੈਰ ਹੈਂ ਤੂੰ ।
'ਹਾਸ਼ਮ ਸ਼ਾਹ' ਤੂੰ ਗ਼ੈਰ ਨਾ ਜਾਣ ਕੋਈ,
ਫੇਰ ਦੁਖ ਗਏ ਨਿਰਵੈਰ ਹੈਂ ਤੂੰ ।੧੯।
20
ਫ਼ੇ ਫ਼ਰਾਕ ਹੋਇ ਕੇ ਫ਼ਾਇਦਾ ਹੈ,
ਕਰ ਜ਼ਿਕਰ ਜੋ ਫ਼ਿਕਰ ਦਾ ਨਾਸ਼ ਹੋਵੇ ।
ਗਈ ਬੀਤ ਬਹਾਰ ਕਿਉਂ ਭੁਲਨਾ ਏਂ,
ਕੁਝ ਬੀਜ ਲੈ ਭਲਕ ਨੂੰ ਆਸ ਹੋਵੇ ।
ਏਸ ਦੇਸ ਸਉਦਾਗਰੀ ਆਇਉਂ ਤੂੰ,
ਕੁਝ ਖੱਟ ਲੈ ਜਾਂਦਿਆਂ ਪਾਸ ਹੋਵੇ ।
'ਹਾਸ਼ਮ ਸ਼ਾਹ' ਜੋ ਵਖਤ ਸਮ੍ਹਾਲਦਾ ਈ,
ਕੰਮ ਓਸਦਾ ਬੇਵਿਸਵਾਸ ਹੋਵੇ ।੨੦।
(ਫ਼ਰਾਕ=ਫ਼ਾਰਗ,ਨਿਰਲੇਪ, ਜ਼ਿਕਰ=
ਰੱਬ ਦਾ ਨਾਂ ਲੈ, ਭਲਕ=ਆਉਣ ਵਾਲਾ
ਸਮਾਂ,ਕੱਲ੍ਹ, ਬੇਵਿਸਵਾਸ=ਯਕੀਨ ਤੋਂ ਵੱਧ,
ਬਹੁਤ ਜ਼ਿਆਦਾ)
21
ਕਾਫ਼ ਕਦਰ ਪਛਾਣ ਤੇ ਜਾਣ ਮੀਆਂ,
ਪਿਆ ਜ਼ਾਹਿਰੀ ਦਿਸਦਾ ਖ਼ਾਕ ਹੈਂ ਤੂੰ ।
ਤੇ ਜੇ ਬਾਤਨੀ ਭੇਤ ਮਲੂਮ ਹੋਵੇ,
ਏਸ ਖ਼ਾਕ ਦੀ ਯਾਰੀਉਂ ਪਾਕ ਹੈਂ ਤੂੰ ।
ਦੁਖ ਸੁਖ ਨਾ ਮਾਮਲਾ ਮੌਤ ਤੈਨੂੰ,
ਹੋਰ ਕਿਸੇ ਦਾ ਅੰਗ ਨਾ ਸਾਕ ਹੈਂ ਤੂੰ ।
'ਹਾਸ਼ਮ ਸ਼ਾਹ' ਤੂੰ ਜਿਸ ਨੂੰ ਢੂੰਡਨਾ ਏਂ,
ਤੇਰੇ ਵਿਚ ਹੈ ਆਪਣੇ ਆਪ ਹੈਂ ਤੂੰ ।੨੧।
(ਬਾਤਨੀ=ਅੰਦਰੂਨੀ)
22
ਕਾਫ਼ ਕਾਸ ਨੂੰ ਕਿਸੇ ਦਾ ਐਬ ਕੋਈ,
ਮੂੰਹੋਂ ਆਖਦਾ ਯਾਦ ਲਿਆਵਨਾ ਏਂ ।
ਕਿਸੇ ਗੱਲ ਤੂੰ ਕਿਸੇ ਤੋਂ ਘਟ ਨਾਹੀਂ,
… … … … ।
ਤੂੰ ਆਪਣੇ ਐਬ ਵਿਚਾਰ ਮੀਆਂ,
ਐਬਦਾਰ ਹੈਂ ਤੂੰ ਦੁਖ ਪਾਵਨਾ ਏਂ ।
'ਹਾਸ਼ਮ ਸ਼ਾਹ' ਤੂੰ ਆਪ ਨੂੰ ਜਾਣ ਮੀਆਂ,
ਕਿਥੋਂ ਆਇਆ, ਕੌਣ ਕਹਾਉਨਾ ਏਂ ?੨੨।
23
ਲਾਮ ਲਾਇਕੀ ਏਸ ਜਹਾਨ ਵਾਲੀ,
ਜਿਹੜਾ ਢੂੰਢਦਾ ਜਗਤ ਅਸੀਰ ਹੋਵੇ ।
ਸੋਈ ਮਾਰਦਾ ਈ ਦਮ ਲਾਇਕੀ ਦਾ,
ਜਿਹੜਾ ਆਪਣੇ ਆਪ ਸਰੀਰ ਹੋਵੇ ।
ਵਧ ਕਿਸਮਤੋਂ ਹੱਥ ਨਾ ਆਉਂਦਾ ਈ,
ਐਵੇਂ ਅੰਤ ਨੂੰ ਖ਼ੁਆਰ ਜ਼ਹੀਰ ਹੋਵੇ ।
'ਹਾਸ਼ਮ ਸ਼ਾਹ' ਨਸੀਬ ਦੇ ਜ਼ੋਰ ਜੈਨੂੰ,
ਦਿਲਰੇਸ਼ ਤੇ ਸਾਫ਼ ਜ਼ਮੀਰ ਹੋਵੇ ।੨੩।
(ਅਸੀਰ=ਕੈਦੀ, ਜ਼ਹੀਰ=ਕਮਜ਼ੋਰ,
ਦਿਲਰੇਸ਼=ਜ਼ਖਮੀ ਦਿਲ, ਜ਼ਮੀਰ=ਰੂਹ,
ਆਤਮਾ)
24
ਮੀਮ ਮਾਲਕੀ ਮੁਲਕ ਤੇ ਮਾਲ ਵਲੋਂ,
ਛੱਡ ਕਾਸ ਨੂੰ ਲਾਉਨੈਂ ਤਾਣ ਮੀਆਂ ?
ਜਿਵੇਂ ਖੇਤ ਤੇਰੀ ਜੋਗ ਜ਼ਿਮੀਂ ਦਾ ਈ,
ਤਿਵੇਂ ਆਪਣੇ ਆਪ ਨੂੰ ਜਾਣ ਮੀਆਂ ।
ਏਸ ਖ਼ਾਕ ਥੋਂ ਹੋਇ ਕੇ ਖ਼ਾਕ ਹੋਵੇ,
ਇਹੋ ਆਦਿ ਕਦੀਮ ਦੀ ਬਾਣ ਮੀਆਂ ।
'ਹਾਸ਼ਮ ਸ਼ਾਹ' ਤੂੰ ਏਸ ਥੋਂ ਭੁਲ ਨਾਹੀਂ,
ਏਸ ਬਾਤ ਨੂੰ ਖ਼ੂਬ ਪਛਾਣ ਮੀਆਂ ।੨੪।
25
ਨੂਨ ਨਾਜ਼ਕੀ ਨਾਜ਼ ਦੇ ਨਾਲ ਜੀਆ,
ਜਿਹੜਾ ਜਗਤ ਦਾ ਜੀਉ ਰੀਝਾਉਂਦਾ ਈ ।
ਇਹੋ ਫ਼ਾਇਦਾ ਏਸ ਦੀ ਰੀਝ ਕੋਲੋਂ,
ਹੱਥੋਂ ਰੀਝ ਕੇ ਬਹੁਤ ਨਚਾਉਂਦਾ ਈ ।
'ਹਾਸ਼ਮ ਸ਼ਾਹ' ਰੀਝਾਉ ਤੂੰ ਓਸ ਤਾਈਂ,
ਜਿਹੜਾ ਰੀਝ ਨੂੰ ਲਾਜ ਨਾ ਲਾਉਂਦਾ ਈ ।੨੫।
26
ਵਾਉ ਵਾਕਫ਼ੀ ਆਪਣੀ ਮੂਲ ਨਾਹੀਂ,
ਕਿਥੋਂ ਆਇਆ, ਕੌਣ ਕਹਾਵਨਾ ਏਂ ?
ਭੈਣ ਭਾਈਆਂ ਦਾ ਭਾਈ ਹੋਇ ਬੈਠਾ,
ਖਰੇ ਗੂਹੜੇ ਪਿਆਰ ਵੰਡਾਵਨਾ ਏਂ ।
ਬਹੁਤ ਚੱਜ ਆਚਾਰ ਦਾ ਚਾਉ ਤੈਨੂੰ,
ਮਨ-ਭਾਉਂਦੇ ਸਾਕ ਜਗਾਉਨਾ ਏਂ ।
ਅੱਖੀਂ ਖੋਲ੍ਹ ਕੇ ਵੇਖ ਹਿੰਜਾਰ ਹਾਸ਼ਮ,
ਪਿਆ ਨੀਂਦਰੇ ਬਣਤ ਬਣਾਉਨਾ ਏਂ ।੨੬।
(ਹਿੰਜਾਰ=ਚੰਗੀ ਤਰ੍ਹਾਂ)
27
ਹੇ ਹੱਥ ਨਾਹੀਂ ਕਿਛ ਵਸਿ ਨਾਹੀਂ,
ਜਿਹੜੇ ਐਬ ਸਵਾਬ ਕਮਾਉਂਦਾ ਈ ।
ਨਹੀਂ ਲਾਇਕੀ ਏਸ ਦੀ ਇੱਕ ਰੱਤੀ,
ਉਹੋ ਚਾਹੁੰਦਾ ਸੋਈ ਬਣਾਉਂਦਾ ਈ ।
ਕੌਣ ਜਾਣ ਕੇ ਨੀਚ ਕਹਾਉਂਦਾ ਏ,
ਕੋਈ ਹੋਰ ਹੀ ਨਾਚ ਨਚਾਉਂਦਾ ਈ ।
'ਹਾਸ਼ਮ ਸ਼ਾਹ' ਇਹ ਓਧਰੋਂ ਜਾਣ ਮੀਆਂ,
ਜਿਸ ਕੰਮ ਨੂੰ ਆਪ ਹੀ ਲਾਉਂਦਾ ਈ ।੨੭।
28
ਲਾਮ ਲੱਖ ਵਾਰੀ ਵੱਟੇ, ਲੱਖ ਖੱਟੇ,
ਦੁਖ ਸੂਲ ਟੁਟੇ, ਸੁਖ ਪਾਇਆ ਮੈਂ ।
ਦਾਹਵਾ ਦੋਸਤੀ ਦੁਖ ਦਿਖਾਲਦੀ ਸੀ,
ਸੋਈ ਓਸ ਨੂੰ ਚਾਇ ਭੁਲਾਇਆ ਮੈਂ ।
ਰਿਹਾ ਜਿਤਣੇ ਵਲ ਖ਼ਿਆਲ ਮੇਰਾ,
ਤਦੋਂ ਹਾਰਿਆ ਬਹੁਤ ਗਵਾਇਆ ਮੈਂ ।
'ਹਾਸ਼ਮ ਸ਼ਾਹ' ਮੀਆਂ ਮੇਰੇ ਭਾਗ ਹੋਏ,
ਦਿਲੋਂ ਦੁਐਤ ਨੂੰ ਚਾਇ ਉਠਾਇਆ ਮੈਂ ।੨੮।
29
ਅਲਫ਼ ਅਜ ਬਣਾਇ ਲੈ ਢਿਲ ਕੇਹੀ,
ਜਿਸ ਡੌਲ ਦਾ ਕੰਮ ਬਣਾਉਣਾ ਈ ।
ਕੱਲ੍ਹ ਹੋਰ ਸੀ, ਅੱਜ ਹੈ ਵਾਰ ਤੇਰੀ,
ਕਿਨ ਭਲਕ ਨੂੰ ਮੀਰ ਕਹਾਉਣਾ ਈ ?
ਕੌਣ ਜਾਣਦਾ ਓਸ ਦੀ ਸਾਹਿਬੀ ਨੂੰ,
ਕਿਸ ਡੌਲ ਦਾ ਫ਼ਰਸ਼ ਵਿਛਾਉਣਾ ਈ ?
'ਹਾਸ਼ਮ ਸ਼ਾਹ' ਤੂੰ ਅੱਜ ਨੂੰ ਜਾਣ ਮੀਆਂ !
ਏਸ ਅੱਜ ਨੇ ਫੇਰ ਨਾ ਆਉਣਾ ਈ ।੨੯।
30
ਯੇ ਯਾਵਰੀ ਜਾਣ ਨਸੀਬ ਵਲੋਂ,
ਜਦੋਂ ਹੱਥ ਜਹਾਨ ਦੀ ਲੋੜੀਆ ਈ ।
ਦੂਈ ਦੋਸਤੀ ਹਿਰਸ ਤੇ ਸ਼ਾਨ ਵਲੋਂ,
ਵਾਗ ਨਫ਼ਸ ਪਲੀਤ ਦੀ ਮੋੜੀਆ ਈ ।
ਦੁਖ ਰੰਜਗੀ ਆਪ ਕਬੂਲ ਕੀਤੀ,
ਰਜ਼ਾਵੰਦਗੀ ਯਾਰ ਦੀ ਲੋੜੀਆ ਈ ।
'ਹਾਸ਼ਮ ਸ਼ਾਹ' ਮੀਆਂ ਉਨ ਲੱਖ ਖੱਟੇ,
ਜਿਨ ਸਬਰ ਦੀ ਦਉਲਤਾਂ ਜੋੜੀਆ ਈ ।੩੦।
(ਯਾਵਰੀ=ਮੱਦਦ, ਪਲੀਤ=ਗੰਦਾ)
ਦੂਜੀ ਸੀਹਰਫ਼ੀ
(ਪੀਰਾਨ ਪੀਰ ਅਬਦੁਲ ਕਾਦਰ ਜੀਲਾਨੀ ਵਿਚੋਂ)
1
ਅਲਫ਼ ਆਖ ਦਿਲਾ ! ਤੂੰ ਕਿਉਂ ਡੋਲਨਾ ਹੈਂ,
ਜੈਂਦਾ ਪੀਰ ਮਹਿਬੂਬ ਜਹਾਨ ਦਾ ਹੈ ।
ਹੋਵਣਹਾਰ ਜਹਾਨ ਦੀ ਹੱਥ ਜੈਂ ਦੇ,
ਬਾਦਸ਼ਾਹ ਉਹ ਅਰਜ਼ੁ ਸਮਾਇ ਦਾ ਹੈ ।
ਉਹਦੇ ਨਾਜ਼ ਦਾ ਕਿਸ ਹਿਸਾਬ ਕੀਤਾ,
ਰੱਬ ਆਪ ਮੁਹਤਾਜ ਅਦਾਇ ਦਾ ਹੈ ।
'ਹਾਸ਼ਮ ਸ਼ਾਹ' ਨੂੰ ਖ਼ੌਫ਼ ਕੀ ਪੀਰ ਜੈਂਦਾ,
ਕਰਨਹਾਰ ਉਹ ਕਜ਼ਾ ਕਜ਼ਾਇ ਦਾ ਹੈ ।
(ਅਰਜ਼ੁ ਸਮਾਇ=ਧਰਤੀ ਤੇ ਆਕਾਸ਼,
ਕਜ਼ਾ ਕਜ਼ਾਇ=ਮੌਤ)
2
ਦਾਲ ਦਫ਼ਤਰਾਂ ਵਿਚ ਨਾ ਆਂਵਦਾ ਹੈ,
ਤੇਰਾ ਵਸਫ਼ ਕਮਾਲ ਦਾ ਪੀਰ ਮੇਰੇ !
ਆਫ਼ਤਾਬ ਤੇ ਮਾਹ ਲਜਾਂਵਦੇ ਨੇ,
ਵੇਖ ਨੂਰ ਜਮਾਲ ਦਾ ਪੀਰ ਮੇਰੇ !
ਤੇਰੀ ਰੌਸ਼ਨੀ ਰੋਜ਼ ਬਰੋਜ਼ ਭਾਰੀ,
ਕਿਆ ਕਦਮ ਹਲਾਲ ਦਾ ਪੀਰ ਮੇਰੇ !
'ਹਾਸ਼ਮ ਸ਼ਾਹ' ਕੀ ਗੁੰਗ ਜ਼ਬਾਨ ਆਖੇ,
ਵਸਫ਼ ਜਾਹੋ ਜਲਾਲ ਦਾ ਪੀਰ ਮੇਰੇ !
(ਵਸਫ਼=ਗੁਣ, ਆਫ਼ਤਾਬ ਤੇ ਮਾਹ= ਸੂਰਜ
ਤੇ ਚੰਨ, ਜਾਹੋ ਜਲਾਲ=ਰੋਅਬਦਾਬ,ਤੇਜ਼)
3
ਰੇ ਰਾਹੇ ਖ਼ੁਦਾਇ ਦਾ ਪੁਛਣੇ ਨੂੰ,
ਵਲੀ ਗੌਂਸ ਤੈਂਥੀਂ ਚੱਲ ਆਂਵਦੇ ਨੇ ।
ਮਲਕ ਜਿੱਨ ਤੇ ਇਨਸ ਤਯੂਰ ਜਿਤਨੇ,
ਤੇਰੀ ਸਿਫ਼ਤ ਸਨਾ ਨੂੰ ਗਾਂਵਦੇ ਨੇ ।
ਕਾਅਬਾ ਦੋਹਾਂ ਜਹਾਨਾਂ ਦੀ ਜਾਹ ਤੇਰੀ,
ਬਗ਼ਦਾਦ ਨੂੰ ਸੀਸ ਨਿਵਾਂਵਦੇ ਨੇ ।
'ਹਾਸ਼ਮ ਸ਼ਾਹ' ਦੀ ਆਸ ਪੁਜਾ ਮੀਰਾ !
ਲੋਕ ਮੰਗਦੇ ਸੋ ਫਲ ਪਾਂਵਦੇ ਨੇ ।
(ਇਨਸ=ਇਨਸਾਨ, ਤਯੂਰ=ਪੰਛੀ,
ਸਿਫ਼ਤ ਸਨਾ=ਵਡਿਆਈ)
4
ਸੁਆਦ ਸਾਹਿਬਾਂ ਨਾਲ ਬਰੋਬਰੀ ਕੀ,
ਜਿਨ੍ਹਾਂ ਸਾਹਿਬੀ ਕੁਲ ਜਹਾਨ ਦੀ ਹੈ ।
ਗ਼ੌਸ ਪਾਕ ਤੋਂ ਮੁਖ ਜੋ ਮੋੜਦੇ ਨੇ,
ਜਾਣ ਆਲ ਔਲਾਦ ਸ਼ੈਤਾਨ ਦੀ ਹੈ ।
ਦਸਤ-ਗ਼ੀਰ ਦਾ ਨਾਮ ਇਹ ਕੀਮੀਆ ਹੈ,
ਬਲਕਿ ਮੁੰਦਰੀ ਇਹ ਸੁਲੇਮਾਨ ਦੀ ਹੈ ।
ਮਹੀਉਲਦੀਨ ਦਾ ਨਾਮ ਧਿਆ 'ਹਾਸ਼ਮ',
ਏਹੋ ਸਾਬਤੀ ਜਾਨ ਈਮਾਨ ਦੀ ਹੈ ।
5
ਅਲਫ਼ ਇਕ ਤੂੰ ਹੈਂ ਕਈ ਲੱਖ ਤੂੰ ਹੈਂ,
ਜੀਆ ਜੰਤ ਤੂੰ ਹੈਂ ਸਭ ਨੂਰ ਤੇਰਾ ।
ਫੁਲ ਪਾਤ ਤੂੰਹੀਂ ਦਿਨ ਰਾਤ ਤੂੰਹੀਂ,
ਲੋਹ ਕਲਮ ਤਮਾਮ ਜ਼ਹੂਰ ਤੇਰਾ ।
ਦਸਤਗ਼ੀਰ ਮਲਾਹ ਜਹਾਜ਼ ਤੂੰ ਹੈਂ,
ਤੇ ਦਰੀਆ ਤੂੰ ਹੈਂ ਸਭ ਪੂਰ ਤੇਰਾ ।
ਗ਼ੌਸ ਪੀਰ ਜੇਹਾ ਜੈਂਦਾ ਪੀਰ 'ਹਾਸ਼ਮ',
ਕਰੇ ਕਿਉਂ ਨ ਮਾਨ ਗ਼ਰੂਰ ਤੇਰਾ ।
ਤੀਜੀ ਸੀਹਰਫ਼ੀ
(ਸੱਸੀ ਪੁੰਨੂੰ ਵਿਚੋਂ)
1
ਅਲਫ਼ ਆ ਮਾਏ ! ਵੇਖੀਂ ਹਾਲ ਮੇਰਾ,
ਦੁਖਾਂ ਘੇਰਿਆ ਆਣ ਨਿਮਾਣਿਆਂ ਨੂੰ ।
ਪੁੰਨੂੰ ਬਾਝ ਭੰਬੋਰ ਵੀਰਾਨ ਦਿਸਦਾ,
ਰੋਵਾਂ ਹੋਤਾਂ ਦੇ ਦੇਖ ਟਿਕਾਣਿਆਂ ਨੂੰ ।
ਜੇ ਮੈਂ ਜਾਣਦੀ ਪੁੰਨੂੰ ਨੇ ਲੱਦ ਜਾਣਾ,
ਮੈਂ ਤਾਂ ਲਾਂਵਦੀ ਭਾਹ ਪਲਾਣਿਆਂ ਨੂੰ ।
'ਹਾਸ਼ਮ ਸ਼ਾਹ' ਮੀਆਂ ਹੋਤਾਂ ਕਹਿਰ ਕੀਤਾ,
ਮੁਠੀ ਜਾਂਵਦੀ ਦਰਦ ਰੰਜਾਣਿਆਂ ਨੂੰ ।੧।
(ਭਾਹ=ਅੱਗ)
19
ਗ਼ੈਨ ਗ਼ਰਜ਼ ਮੇਰੀ ਹੋਤਾਂ ਨਾਲ ਮਾਏ !
ਓਨ੍ਹਾਂ ਬਾਝ ਨਾਹੀਂ ਕੁਝ ਭਾਂਵਦਾ ਈ ।
ਨਹੀਂ ਜਾਣਦੀ ਸਾਂ ਮਾਏ ! ਸੱਸੜੀ ਨੂੰ,
ਪੁੰਨੂੰ ਇਸ਼ਕ ਪਿਆ ਤਨ ਖਾਂਵਦਾ ਈ ।
ਰਹੀ ਸੁਧ ਨਾ ਬੁਧ ਜਹਾਨ ਦੀ ਨੀ,
ਮੈਨੂੰ ਤਪੀ ਨੂੰ ਪਿਆ ਤਪਾਂਵਦਾ ਈ ।
'ਹਾਸ਼ਮ ਸ਼ਾਹ' ਮੀਆਂ ਸੱਸੀ ਤਾਹੀਂ ਬਚੇ,
ਪੁੰਨੂੰ ਆਇਕੇ ਮੁਖ ਵਿਖਾਂਵਦਾ ਈ ।੧੯।
20
ਫ਼ੇ ਫ਼ਿਕਰ ਤੇਰਾ ਪੁੰਨੂੰ ਯਾਰ ਵਾਲਾ,
ਧੀਏ ! ਨਿੱਤ ਪਿਆ ਮੈਨੂੰ ਮਾਰਦਾ ਈ ।
ਹਟ ਹਟ ਰਹੀ ਤੈਨੂੰ ਹੋੜਦੀ ਸਾਂ,
ਪਿਆ ਜੀਵ ਤੇਰਾ ਮੈਨੂੰ ਸਾੜਦਾ ਈ ।
ਛਪ ਲੁਕ ਕੇ ਦੁਖ ਨਿਬਾਹੀਏ ਨੀ,
ਨੇਹੁ ਹੱਡ ਪਿਆ ਬੁਰੇ ਹਾਲ ਦਾ ਈ ।
'ਹਾਸ਼ਮ ਸ਼ਾਹ' ਮੀਆਂ ਖ਼ਬਰ ਸੋਈ ਹੋਸੀ,
ਹੋਸੀ, ਧੁਰੋਂ ਹੁਕਮ ਜਿਵੇਂ ਕ੍ਰਤਾਰ ਦਾ ਈ ।੨੦।
21
ਕਾਫ਼ ਕਹਿਰ ਕੀਤਾ ਮੇਰੇ ਨਾਲ ਹੋਤਾਂ,
ਹੋ ਗਿਆ ਹੈ ਬੇਪਰਵਾਹ ਮਾਏ !
ਮੈਨੂੰ ਸੜੀ ਨੂੰ ਫੇਰ ਕੀ ਸਾੜਨੀ ਹੈਂ,
ਤੈਨੂੰ ਤਰਸ ਨਹੀਂ ਘਰ ਜਾਹ ਮਾਏ !
ਜਾਸਾਂ ਹੋਤ ਦੇ ਖੋਜ ਢੂੰਡੇਦੜੀ ਮੈਂ,
ਘਰ ਬਾਰ ਥੋਂ ਆਸਰਾ ਲਾਹ ਮਾਏ !
'ਹਾਸ਼ਮ ਸ਼ਾਹ' ਮੀਆਂ ਇਹ ਅਰਜ਼ ਮੇਰੀ,
ਸੱਚੇ ਰੱਬ ਦੀ ਧੁਰ ਦਰਗਾਹ ਮਾਏ ।੨੧।
22
ਕਾਫ਼ ਕੇਚ ਮਕਾਨ ਦੇ ਪੰਧ ਪਈ,
ਵਤਿ ਜੀਵਣੇ ਤੇ ਹੱਥ ਧੋਇ ਮੁਈਏ !
ਲਖ ਆਫ਼ਤਾਂ ਰਾਹ ਮੁਸਾਫ਼ਰਾਂ ਨੂੰ,
ਤੇਰੀ ਵਾਤ ਨ ਪੁਛਸੀ ਕੋਇ ਮੁਈਏ !
ਬੇਲੇ ਬਾਰ ਅੱਗੇ ਤੇਰਾ ਕੌਣ ਬੇਲੀ,
ਕਦੀ ਸਮਝ ਨਿਦਾਨ ਨ ਹੋਇ ਮੁਈਏ !
'ਹਾਸ਼ਮ ਸ਼ਾਹ' ਬਲੋਚਾਂ ਦਾ ਦੁਖ ਕੇਹਾ,
ਲਿਖੇ ਅਪਣੇ ਨੂੰ ਬਹਿ ਰੋਇ ਮੁਈਏ !੨੨।
23
ਲਾਮ ਲਗੜੀ ਭਾਹ ਪ੍ਰੇਮ ਦੀ ਨੀ,
ਮਾਏ ! ਹੋਤ ਗਏ ਸਾੜ ਬਾਲ ਮੈਨੂੰ ।
ਹਾਇ ਹਾਇ ! ਵਿਛੋੜਾ ਪੁੰਨੂੰ ਯਾਰ ਵਾਲਾ,
ਮਾਏ ! ਨਹੀਂ ਸੀ ਖ਼ਾਬ ਖ਼ਿਆਲ ਮੈਨੂੰ ।
ਜੇਹੜੀ ਰੱਬ ਭਾਵੈ ਉਹਾ ਕੁਝ ਹੋਸੀ,
ਮਾਏ ! ਨਾਲ ਵਿਛੋੜੇ ਨਿਕਾਲ ਮੈਨੂੰ ।
'ਹਾਸ਼ਮ ਸ਼ਾਹ' ਬਲੋਚਾਂ ਦੇ ਆਵਣੇ ਦੀ,
ਕੋਈ ਕੱਢ ਵਿਖਾਲ ਤੂੰ ਫਾਲ ਮੈਨੂੰ ।੨੩।
24
ਮੀਮ ਮਰਨ ਭਲਾ ਕਿਸੇ ਢੰਗ ਧੀਏ !
ਹੱਥੀਂ ਅਪਣੀ ਜ਼ਹਿਰ ਨ ਖਾਈਏ ਨੀ ।
ਨੇਹੁੰ ਲਾਇਕੇ ਕਿਉਂ ਪਛਤਾਵਨੀ ਹੈਂ,
ਨੇਹੁੰ ਪਹਿਲੇ ਹੀ ਸਮਝ ਕੇ ਲਾਈਏ ਨੀ ।
ਨਾਜ਼ਕ ਸ਼ੀਸ਼ਾ ਹੈ ਸੱਸੀਏ ! ਯਾਰ ਵਾਲਾ,
ਕਿਉਂ ਵਸ ਬਿਦਰਦਾਂ ਦੇ ਪਾਈਏ ਨੀ ।
'ਹਾਸ਼ਮ ਸ਼ਾਹ' ਪਹਾੜ ਤੋਂ ਇਸ਼ਕ ਭਾਰਾ,
ਕਦਰ ਆਪਣੇ ਭਾਰ ਉਠਾਈਏ ਨੀ ।੨੪।
25
ਨੂੰਨ ਨੇਹੁੰ ਦਾ ਸਾਰ ਕੀ ਲੋਕ ਜਾਨਣ,
ਦਰਦਵੰਦ ਹੀ ਜਾਣਦੇ ਪੀੜ ਨੂੰ ਨੀ ।
ਏਵੇਂ ਸਮਝ ਮਾਏ ! ਸੱਸੀ ਕੂਕਦੀ ਹੈ,
ਜਿਦ੍ਹੇ ਲਗੜੀ ਪੀੜ ਸਰੀਰ ਨੂੰ ਨੀ ।
ਲਸ਼ਕਰ ਇਸ਼ਕ ਦੇ ਸੱਸੀ ਨੂੰ ਆਣ ਪਏ,
ਨਾਲ ਦੁਖਾਂ ਦੇ ਘੱਤ ਵਹੀਰ ਨੂੰ ਨੀ ।
'ਹਾਸ਼ਮ ਸ਼ਾਹ' ਮੀਆਂ ਦੁਖ ਦਰਦ ਮੇਰਾ,
ਹੋਸੀ ਮਾਲੁਮ ਰੱਬ ਖ਼ਬੀਰ ਨੂੰ ਨੀ ।੨੫।
(ਖ਼ਬੀਰ=ਜਾਣਕਾਰ)
26
ਵਾਰ ਵਾਰ ਘੱਤੀ ਧੀਏ ਸੱਸੀਏ ਨੀ,
ਕਦੀ ਲਾਹ ਬਲੋਚਾਂ ਦੀ ਆਸ ਮੁਈਏ !
ਅੱਧੀ ਰਾਤ ਦੇ ਉਠ ਕੇ ਰਾਹ ਪਏ,
ਲਿਖਿਆ ਮੂਲ ਨ ਪੌਂਦਾ ਈ ਪਾਸ ਮੁਈਏ !
ਪੁੰਨੂੰ ਮਦ ਪਿਵਾਇਕੇ ਮਸਤ ਕੀਤਾ,
ਹੋਇਆ ਹੱਕ ਬਲੋਚਾਂ ਦਾ ਰਾਸ ਮੁਈਏ !
'ਹਾਸ਼ਮ ਸ਼ਾਹ' ਮੀਆਂ ਦੇਖੀਂ ਹੋਤਜ਼ਾਦੇ,
ਗਰਦਾਂ ਪਹੁੰਚੀਆਂ ਜਾਇ ਅਕਾਸ਼ ਮੁਈਏ !੨੬।
27
ਹੇ ਹੋਤ ਗਏ ਸੱਸੀ ਜਾਉਣਾ ਈ,
ਐਵੇਂ ਪਈ ਭੁਲੀ ਮੈਨੂੰ ਮਾਇ ! ਮੋੜੇਂ ।
ਅੱਗਾ ਪੁੰਨੂੰ ਦਾ ਤੇ ਪਿਛਾ ਸੱਸੜੀ ਦਾ,
ਜਾਂਦਾ ਹੋਤਾਂ ਨਾ ਜਗ ਮੁਹਾਰ ਮੋੜੇ ।
ਤ੍ਰਿੰਞਣ ਬੈਠੀਆਂ ਸਈਆਂ ਨੂੰ ਛੱਡ ਜਾਸਾਂ,
ਪਿਛਾ ਯਾਰ ਬਲੋਚਾਂ ਦਾ ਕੌਣ ਛੋੜੇ ।
'ਹਾਸ਼ਮ ਸ਼ਾਹ' ਮੀਆਂ ਉਠ ਹੋਤ ਗਏ,
ਜਿਥੇ ਸੱਸੀ ਦੇ ਜਾਵਣਾ ਇਸ਼ਕ ਘੋੜੇ ।੨੭।
28
ਲਾਮ ਲਾਹ ਦੁਵਾਲੀਆ ਬਾਜ਼ ਗਏ,
ਉੱਡੇ ਪੰਛੀਆਂ ਨੂੰ ਡੋਰਾਂ ਪਾਵਨੀ ਹੈਂ ।
ਨਿਤ ਕੂਚ ਤੇ ਨਿਤ ਮੁਕਾਮ ਜਿਨ੍ਹਾਂ,
ਤਿਨ੍ਹਾਂ ਹੋਤਾਂ ਦਾ ਇਸ਼ਕ ਕਮਾਵਨੀ ਹੈਂ ।
ਗੋਇਲ ਵਾਲਿਆਂ ਦੇ ਕੇਹੜੇ ਥਾਇਂ ਮੁਈਏ,
ਮੇਰਾ ਆਖਿਆ ਤੂੰ ਜੀ ਨ ਲਿਆਵਨੀ ਹੈਂ ।
'ਹਾਸ਼ਮ ਸ਼ਾਹ' ਜੇਹਾ ਜੇਹੜਾ ਨੇਹੁੰ ਲਾਵੇ,
ਤੂੰ ਤਾਂ ਇਸ਼ਕ ਨੂੰ ਲੱਜ ਕਿਉਂ ਲਾਵਨੀ ਹੈਂ ।੨੮।
29
ਅਲਫ਼ ਅੱਖੀਆਂ ਕਰਮਾਂ ਦੀਆਂ ਤੱਤੀਆਂ ਨੀ,
ਰੋ ਰੋ ਲੈਨੀ ਹਾਂ ਨਿਤ ਸੁਜਾਇ ਮਾਏ !
ਅੱਖੀਂ ਦੇਖ ਨ ਪੁੰਨੂੰ ਨੂੰ ਵਿਦਿਆ ਕੀਤਾ,
ਕਿਤੇ ਹੋਤਾਂ ਦੇ ਪੰਧ ਪੁਛਾਇ ਮਾਏ !
ਜੇਹੜੀ ਹੋਵਣੀ ਸੀ ਸੋਈ ਹੋਇ ਰਹੀ,
ਤੋੜੇ ਲੱਖ ਨਸੀਹਤਾਂ ਲਾਇ ਮਾਏ !
'ਹਾਸ਼ਮ ਸ਼ਾਹ' ਬਲੋਚਾਂ ਦੀ ਵਾਟ ਦੱਸੀ,
ਤੈਨੂੰ ਦੇਸੀਆ ਰੱਬ ਰਜਾਇ ਮਾਏ !੨੯।
30
ਯੇ ਯਾਰ ਪਿਛੇ ਤੂੰ ਤਾਂ ਜਾਂਦੜੀ ਹੈਂ,
ਤੈਨੂੰ ਮਿਲਗੁ ਜੇ ਰੱਬ ਮਿਲਾਵਣਾ ਈ ।
ਖੜੀ ਬਾਂਹ ਕਰਕੇ ਸੱਸੀ ਵਿਚ ਥਲਾਂ,
ਰੱਬਾ ! ਗ਼ੈਰਾਂ ਦੇ ਵੱਸ ਨ ਪਾਵਣਾ ਈ ।੩੦।
ਚੌਥੀ ਸੀਹਰਫ਼ੀ
1
ਅਲਫ਼ ਅਲੀਆਂ ਵਾਲੀਏ ਆਸ਼ਕਾਂ ਨੂੰ,
ਕੇਹੀਆਂ ਅੱਲੀਆਂ ਤੂੰ ਛਮਕਾਵਨੀ ਹੈਂ ।
ਤੇਰੀਆਂ ਆਸਾਂ ਦੇ ਨੈਣਾਂ ਨੇ ਨਾਰ ਸੁਟੇ,
ਪਿਛੋਂ ਸੁਰਮੇ ਦੀ ਸਾਂਗ ਚਲਾਵਨੀ ਹੈਂ ।
ਤੇਰੀ ਚਾਲ ਥੋਂ ਜਾਨ ਕੁਰਬਾਨ ਕੀਤੀ,
ਮਨ ਆਜਜ਼ਾਂ ਕਿਉਂ ਤਰਸਾਵਨੀ ਹੈਂ ।
'ਹਾਸ਼ਮ ਸ਼ਾਹ' ਦੀ ਮੌਤ ਨਜ਼ੀਕ ਆਵੇ,
ਜਦੋਂ ਅੱਲੀਆਂ ਤੂੰ ਛਣਕਾਉਨੀ ਹੈਂ ।੧।
(ਅਲੀਆਂ=ਇਕ ਗਹਿਣਾ)
2
ਬੇ ਬੇਪਰਵਾਹੀਆਂ ਛੱਡ ਮੁਈਏ,
ਜੇ ਤੂੰ ਯਾਰ ਦੀ ਹਾਜ਼ਰੀ ਲੋੜਨੀ ਹੈਂ ।
ਨਾਲੇ ਚਾਹਨੀ ਹੈਂ ਗਲ ਲਗਣੇ ਨੂੰ,
ਕਦੀ ਘੁੰਡ ਕੱਢੇਂ ਮੁਖ ਮੋੜਨੀ ਹੈਂ ।
ਨਾਲੇ ਹਸਦੀ ਹੈਂ ਨਾਲੇ ਹੋਇ ਗੁਸੇ,
ਕਦੀ ਨੈਣ ਨੈਣਾਂ ਨਾਲ ਜੋੜਨੀ ਹੈਂ ।
'ਹਾਸ਼ਮ' ਦੇਇ ਨਸੀਹਤਾਂ ਸਮਝ ਕਦੀ,
ਕਿਉਂ ਆਸ਼ਕਾਂ ਦੇ ਦਿਲ ਤੋੜਨੀ ਹੈਂ ।੨।
3
ਤੇ ਤਾਫ਼ਤੇ ਬਾਫ਼ਤੇ ਪਹਿਨ ਕੇ ਨੀ,
ਅਸਾਂ ਨਾਲ ਨਿਮਾਣਿਆਂ ਮਾਣ ਕਰੇਂ ।
ਫਿਰੇਂ ਮਸਤ ਅਲਮਸਤ ਗੁਮਾਨ ਸੇਤੀ,
ਰੰਗ ਰੂਪ ਦਾ ਮਾਣ ਕੇ ਤਾਣ ਕਰੇਂ ।
ਆਪੇ ਲਾਇ ਕੇ ਚਾਇ ਬੁਝਾਵਨੀ ਹੈਂ,
ਆਪੇ ਲਾਇ ਕੇ ਚਾਇ ਮਸਾਣ ਕਰੇਂ ।
'ਹਾਸ਼ਮ ਸ਼ਾਹ' ਮੁਏ ਨੂੰ ਕੀ ਮਾਰਨੀ ਹੈਂ,
ਮਾਣ-ਮੱਤੀਏ ਬਾਣ ਕੁਬਾਣ ਕਰੇਂ ।੩।
4
ਸੇ ਸਾਰ ਦੇ ਨੀ ਮਚੇ ਨੈਣ ਤੇਰੇ,
ਢਾਲ ਘੁੰਡ ਦੀ ਓਟ ਚਲਾਵਨੀ ਹੈਂ ।
ਪੀਵੇਂ ਪਾਰ ਲੋਹੂ ਨਿਤ ਆਸ਼ਕਾਂ ਦਾ,
ਘੋੜੇ ਰੂਪ ਦੇ ਚੜ੍ਹੀ ਦੁੜਾਵਨੀ ਹੈਂ ।
ਇਕ ਫਿਰਨ ਬੇਹੋਸ਼ ਨ ਹੋਸ਼ ਕੋਈ,
ਇਕ ਮਾਰ ਕੇ ਚਾਇ ਸੁਕਾਵਨੀ ਹੈਂ ।
'ਹਾਸ਼ਮ ਸ਼ਾਹ' ਜਿਹੇ ਯਾਰ ਗ਼ੁਲਾਮ ਤੇਰੇ,
ਜਿਕੂੰ ਚਾਹਨੀ ਤਿਵੈਂ ਨਚਾਵਨੀ ਹੈਂ ।੪।
5
ਜੀਮ ਜੋਗ ਕਮਾਵਣਾ ਪਾਇਆ ਈ,
ਅਠੇ ਪਹਿਰ ਗਿਆਨੁ ਧਿਆਨੁ ਤੇਰਾ ।
ਇਕ ਵਾਰ ਤੂੰ ਹੱਸ ਬੁਲਾਓ ਮੈਨੂੰ,
ਕਦੀ ਭੁਲਸੀ ਨਾਹਿ ਐਸ੍ਹਾਨ ਤੇਰਾ ।
ਡਰ ਖ਼ੌਫ਼ ਕਦੀ ਕਰ ਰੱਬ ਕੋਲੋਂ,
ਮਤ ਤੋੜ ਸੁਟੇ ਅਭਿਮਾਨ ਤੇਰਾ ।
'ਹਾਸ਼ਮ ਸ਼ਾਹ' ਦੀ ਬੇਨਤੀ ਰੱਬ ਸੁਣੇ,
ਕਰੇ ਚੌੜ-ਚਪੱਟ ਦੁਕਾਨ ਤੇਰਾ ।੫।
6
ਹੇ ਹੋਰ ਤੇਰੇ ਵਿਚ ਐਬ ਨਾਹੀਂ,
ਸੁਇਨੇ ਸੰਦੜੇ ਮੁਲਖ ਨਗੀਨਿਆਂ ਦੇ ।
ਇਕ ਦਰਦਵੰਦਾਂ ਨਾਲ ਜ਼ੁਲਮ ਕਰੇਂ,
ਕੱਢੇਂ ਘੁੰਡ ਘੁਟੇਂ ਬੰਦ ਸੀਨਿਆਂ ਦੇ ।
ਤੇਰੇ ਕਾਰਣੇ ਆਣ ਫ਼ਕੀਰ ਹੋਏ,
ਘਰ ਫੂਕ ਕੇ ਮਾਲ ਖਜ਼ੀਨਿਆਂ ਦੇ ।
'ਹਾਸ਼ਮ ਸ਼ਾਹ' ਨੂੰ ਮਨੋਂ ਵਿਸਾਰ ਨਾਹੀਂ,
ਆਖੇ ਲੱਗ ਕੇ ਦੂਤ ਕਮੀਨਿਆਂ ਦੇ ।੬।
7
ਖ਼ੇ ਖ਼ਾਮ ਪ੍ਰੀਤ ਦੀ ਰੀਤ ਏਹਾ,
ਗ਼ਰਜ਼ ਬਣੀ ਤਾਂ ਆਣ ਪਿਆਰੁ ਕੀਤਾ ।
ਮੂੰਹੋਂ ਆਖਿਆ 'ਜਿੰਦ ਤੁਸਾਡੜੀ ਹੈ',
ਗੁੱਝਾ ਹੋਰ ਥੈ ਕੌਲ ਕਰਾਰੁ ਕੀਤਾ ।
ਗਈ ਉਮਰ ਹੀ ਦਗ਼ਾ ਕਮਾਉਂਦਿਆਂ ਦੀ,
ਖੋਟਾ ਖੋਟਿਆਂ ਵਣਜੁ ਵਪਾਰੁ ਕੀਤਾ ।
ਕਿਥੋਂ ਢੂੰਡ ਕੇ ਹਾਸ਼ਮਾ ! ਨੇਹੁ ਲਾਇਓ,
ਜਾਣ ਬੁਝ ਕੇ ਰੋਗ ਵਿਹਾਝੁ ਲੀਤਾ ।੭।
8
ਦਾਲ ਦੁਖ ਕਜੀਅੜੇ ਜਾਲਨੇ ਹਾਂ,
ਸਿਰ ਆਪਣੇ ਤੈਂਡੜੇ ਦੁਆਰ ਮੁਈਏ ।
ਕਾਰਬਾਰ ਨੂੰ ਛੱਡ ਬੇਕਾਰ ਹੋਏ,
ਡਿਗੇ ਆਣ ਕੇ ਤੇਰੀ ਸਰਕਾਰ ਮੁਈਏ ।
ਭੋਰਾ ਰੱਬ ਦੇ ਨਾਇਂ ਥੀਂ ਖ਼ੈਰ ਪਾਈਂ,
ਕੇਹੀ ਮੱਤੀ ਏਂ ਗਰਬ ਹੰਕਾਰ ਮੁਈਏ ।
ਕੋਈ ਖ਼ਾਬ ਖ਼ਿਆਲ ਸੰਸਾਰ 'ਹਾਸ਼ਮ',
ਦਿਲ ਆਪਣੇ ਢੂੰਢ ਵਿਚਾਰ ਮੁਈਏ ।੮।
9
ਜ਼ਾਲ ਜ਼ੌਕ ਤੇ ਐਸ਼ ਕਮਾਂਵਦੀ ਤੂੰ,
ਹੱਸ ਖੇਡ ਕੇ ਵਖਤ ਲੰਘਾਵਨੀ ਹੈਂ ।
ਛੈਲ ਬਾਂਕਿਆਂ ਦੌਲਤਾਂ ਵਾਲਿਆਂ ਨੂੰ,
ਰਿਸ ਰਿਸ ਸੀਨੇ ਨਾਲ ਲਾਵਨੀ ਹੈਂ ।
ਕਰੇਂ ਕੱਚ ਦਾ ਵਣਜ ਵਪਾਰ ਮੁਈਏ !
ਤੋੜ ਮੋਤੀਆਂ ਖ਼ਾਕ ਰੁਲਾਵਨੀ ਹੈਂ ।
ਕੋਈ ਬੈਰ ਹੀ ਜਨਮ ਪਛੇਡੜੇ ਦਾ,
'ਹਾਸ਼ਮ ਸ਼ਾਹ' ਦੀ ਜਾਨ ਖਪਾਵਨੀ ਹੈਂ ।੯।
10
ਰੇ ਰੰਗ ਅਨਾਰ ਦੇ ਰੂਪ ਤੇਰਾ,
ਵਾਰੇ ! ਵਾਹ ਜੀ ਵਾਹ ਬਣਾਵਣੇ ਨੂੰ ।
ਭਵਾਂ ਕਾਲੀਆਂ ਦਾ ਕੋਈ ਮੁੱਲ ਨਾਹੀਂ,
ਓਥੇ ਐਬ ਕੀ ਨੈਣ ਵਿਕਾਵਣੇ ਨੂੰ ।
ਲਟਾਂ ਗੁੰਦੀਆਂ ਮੌਤ ਮੁਸਾਫ਼ਰਾਂ ਦੀ,
ਰਾਹ ਜਾਂਦਿਆਂ ਚਾਇ ਫਹਾਵਣੇ ਨੂੰ ।
'ਹਾਸ਼ਮ ਸ਼ਾਹ' ਤਾਂ ਭੁਲ ਕੇ ਨੇਹੁ ਲਾਇਆ,
ਤੇਰੇ ਲਖ ਸ਼ਾਬਾਸ਼ ਅਕਾਵਣੇ ਨੂੰ ।੧੦।
11
ਜ਼ੇ ਜ਼ਰਦ ਕਚੂਰ ਦੇ ਰੰਗ ਤੇਰਾ,
ਇਨ੍ਹਾਂ ਅੰਗੀਆਂ ਨੇ ਮਨ ਮੋਹ ਲੀਤਾ ।
ਪਿਛੋਂ ਫ਼ੌਜ ਚੜ੍ਹੀ ਵੰਗਾਂ ਸਾਵੀਆਂ ਦੀ,
ਰਹਿੰਦਾ ਅਕਲ ਸ਼ਊਰ ਭੀ ਖੋਹ ਲੀਤਾ ।
ਅਜੇ ਖ਼ਿਆਲ ਬੁਲਾਕ ਨ ਛਡਦਾ ਈ,
ਬੰਦੁ ਬੰਦੁ ਅਸਾਡੜਾ ਜੋਹ ਲੀਤਾ ।
'ਹਾਸ਼ਮ ਸ਼ਾਹ' ਦੀ ਰੰਗੁਲ ਰੰਗੁਲੀ ਹੈ,
ਟੁਕ ਘਤ ਘਾਣੀ ਰੰਗ ਚੋਇ ਲੀਤਾ ।੧੧।
12
ਸੀਨ ਸਚੁ ਆਖਾਂ ਤਾਂ ਤੂੰ ਰੁੱਸ ਜਾਵੇਂ,
ਘੁੱਟ ਵੱਟਿਆਂ ਜਿੰਦੁ ਤੇ ਆਇ ਬਣੀ ।
ਤੇਰੇ ਬ੍ਰਿਹੋਂ ਨੇ ਭਾਹਿ ਮਚਾਇ ਦਿਤੀ,
ਅੱਗ ਲੱਗ ਉਠੀ ਮੇਰੀ ਬਣੀ ਤਣੀ ।
ਜੇੜ੍ਹਾ ਕਦੇ ਨ ਜੰਮ ਕੇ ਡਿਠੜਾ ਮੈਂ,
ਤਾਨ੍ਹੇ ਦੇਂਦੜੀ ਆਣ ਕੇ ਜਣੀ ਖਣੀ ।
ਕਿਸੇ ਜਨਮੁ ਜੋ ਕੋਈ ਦੁਖਾਇਆ ਸੀ,
ਲਏ ਹਾਸ਼ਮਾ ! ਦੁਖ ਕਰੋੜ ਮਣੀਂ ।੧੨।
13
ਸੀਨ ਸੋਖਤਾਂ ਵਜ੍ਹਾ ਤੁਸਾਡੜੀ ਜੀ,
ਅਜੇ ਅਸਾਂ ਉਤੇ ਇਤਰਾਜ਼ ਹੈ ਜੀ ।
ਨੈਣੀਂ ਅੰਜਨੁ ਹੋਰ ਤੁਫ਼ਾਨ ਹੈ ਸੀ,
ਧੂਹੀ ਤੇਗ ਵਜਾ ਪਟਵਾਜ਼ ਹੈ ਜੀ ।
ਸਾਨੂੰ ਅਗੇ ਹੀ ਤੁਸਾਂ ਸ਼ਹੀਦ ਕੀਤਾ,
ਕਿਸ ਵਾਸਤੇ ਸ਼ੋਖ ਮਿਜ਼ਾਜ਼ ਹੈ ਜੀ ।
'ਹਾਸ਼ਮ ਸ਼ਾਹ' ਨੇ ਕੋਈ ਗੁਨਾਹ ਕੀਤਾ,
ਅਜ ਆਜਜ਼ੀ ਨਾਲ ਨਿਵਾਜ਼ ਹੈ ਜੀ ।੧੩।
14
ਸੁਆਦ ਸੁਲ੍ਹਾ ਕਰੋ ਮੈਥੋਂ ਭੁਲ ਹੋਈ,
ਕੋਈ ਸੁਖਨ ਅਵੱਲੜਾ ਬੋਲਿਆ ਮੈਂ ।
ਮੇਰੀ ਜਾਨ ਤੇ ਤਦੋਂ ਹਵਾਇ ਹੋਈ,
ਜਦੋਂ ਮੁਖ ਉਤੋਂ ਲੜ ਖੋਲ੍ਹਿਆ ਤੈਂ ।
ਰੱਤੀ ਸਬਰ ਆਰਾਮ ਨ ਆਂਵਦਾ ਈ,
ਓਸ ਵੇਲੜੇ ਦਾ ਫਿਰਾਂ ਡੋਲਿਆ ਮੈਂ ।
'ਹਾਸ਼ਮ' ਟਹਿਲੀਆਂ ਦਾ ਪੜ ਟਹਿਲੀਆ ਹੈ,
ਵਾਰ ਸੁਟਿਆ ਤੁਧ ਥੋਂ ਘੋਲਿਆ ਮੈਂ ।੧੪।
15
ਜ਼ੁਆਦ ਜ਼ਪਤ ਹੋਵੇ ਸ਼ਹਿਰ ਦੂਤੀਆਂ ਦਾ,
ਜੇੜ੍ਹੇ ਗੁੱਝੀਆਂ ਲੂਤੀਆਂ ਲਾਂਵਦੇ ਨੀ ।
ਦਿਲੋਂ ਖੋਟ ਉਤੇ ਮੂੰਹੋਂ ਪ੍ਰੀਤ ਰੱਖਣ,
ਕਰ ਕੌਰਖਾ ਕਲ੍ਹਾ ਜਗਾਂਵਦੇ ਨੀ ।
ਤੋੜ ਸੁਟਦੇ ਸਕਿਆਂ ਭਾਈਆਂ ਨੂੰ,
ਪਿਉ ਪੁਤ੍ਰਾਂ ਚਾਇ ਵਖਰਾਂਵਦੇ ਨੀ ।
ਪਵੇ 'ਹਾਸ਼ਮਾ' ਗ਼ੈਬ ਦੀ ਧਾੜ ਏਨ੍ਹਾਂ,
ਨਿੱਤ ਮਾਸ ਬਿਗਾਨੜਾ ਖਾਂਵਦੇ ਨੀ ।੧੫।
16
ਤੋਇ ਤੌਰ ਤੁਸਾਡੜੀ ਜ਼ੋਰ ਹੈ ਜੀ,
ਜੇਹਾ ਤੀਰ ਛੁੱਟਾ ਕਰ ਸਾਫ਼ ਚੱਲੇ ।
ਸਈਆਂ ਨਾਲ ਫਿਰੇਂ ਵਿਚ ਬਾਗ਼ ਦੇ ਨੀ,
ਜੈਸਾ ਮੋਰ ਲਟੋਰ ਚਕੋਰ ਚੱਲੇ ।
ਪੈਰੀਂ ਝਾਂਜਰਾਂ ਵਾਂਗ ਤੰਬੂਰਿਆਂ ਦੇ,
ਸਮਾਂ ਬੰਨ੍ਹ ਬੰਧੀ ਘਨਘੋਰ ਚੱਲੇ
'ਹਾਸ਼ਮ ਸ਼ਾਹ' ਚੱਲੇ ਜਿਥੇ ਸਾਥ ਹੈ ਜੀ,
ਜੈਸੀ ਨਾਲ ਪਤੰਗ ਦੇ ਡੋਰ ਚੱਲੇ ।੧੬।
17
ਜ਼ੋਇ ਜ਼ੁਲਮ ਕੀਤਾ ਬਹੁਤ ਆਜਜ਼ਾਂ ਤੇ,
ਕਦੇ ਮੇਹਰ ਕਰੋ ਅਸੀਂ ਜੀਵੀਏ ਜੀ ।
ਭੋਰਾ ਦਰਸ ਬੀ ਚਾਹੀਏ ਆਦਮੀ ਨੂੰ,
ਮੂਲ ਸਖ਼ਤ ਫੁਲਾਦ ਨ ਥੀਵੀਏ ਜੀ ।
ਨਹੀਂ ਦੇਹੁ ਜਵਾਬ ਸ਼ਤਾਬ ਸਾਨੂੰ,
ਘੋਲ ਜ਼ਹਿਰ ਪਿਆਲੜਾ ਪੀਵੀਏ ਜੀ ।
ਬਿਨਾਂ ਪ੍ਰੇਮ ਦੇ ਉਮਰ ਖ਼ਰਾਬ 'ਹਾਸ਼ਮ',
ਲੱਖ ਜੁਗ ਜੇ ਜੱਗ ਤੇ ਜੀਵੀਏ ਜੀ ।੧੭।
18
ਐਨ ਅਰਜ਼ ਅਸਾਡੜੀ ਮੰਨ ਕਦੇ,
ਸ਼ੁਗਲ ਇਸ਼ਕ ਦਾ ਕੰਮ ਸਿਆਣਿਆਂ ਦਾ ।
ਦਰਸ ਵੇਖੀਏ ਦਰਸ ਵਿਖਾਈਏ ਜੀ,
ਮਜ਼ਾ ਪਾਈਏ ਦਰਦ ਰੰਞਾਣਿਆਂ ਦਾ ।
ਦਿਤੇ ਦਾਨ ਦਾ ਏਡਾ ਸਵਾਬ ਨਾਹੀਂ,
ਜੇਹਾ ਪੁਛਿਆ ਹਾਲ ਨਿਮਾਣਿਆਂ ਦਾ ।
ਲਾਹਾ ਜੀਵਣੇ ਦਾ ਏਹੋ ਜਾਣ 'ਹਾਸ਼ਮ',
ਰੂਪ ਵੇਖੀਏ ਮੁਲਖ ਰੱਬਾਣਿਆਂ ਦਾ ।੧੮।
19
ਗ਼ੈਨ ਗ਼ਰਜ਼ ਦਾ ਕੁਲ ਜ਼ਹੂਰ ਹੈ ਜੀ,
ਗ਼ਰਜ਼ਦਾਰ ਦੀ ਖ਼ੂਬ ਹੈ ਗ਼ਰਜ਼ ਕੀਤੀ ।
ਆਏ ਚੱਲ ਤੁਸਾਡੜੇ ਪਾਸ ਕੋਈ,
ਸੁਖ ਦੁਖ ਦੀ ਚਾਹੀਏ ਬਾਤ ਲੀਤੀ ।
ਵਜ੍ਹਾ ਪੁਛ ਕੇ ਜੱਗ ਹੈ ਘਾਇ ਲਾਂਦਾ,
ਫਟੇ ਜੀਉ ਦੀ ਪੁਛਕੇ ਤਰਜ਼ ਸੀਤੀ ।
'ਹਾਸ਼ਮ ਸ਼ਾਹ' ਵਲੋਂ ਸਦਾ ਸੁਖ ਹੋਣੀ,
ਐਵੇਂ ਬੀਤ ਜਾਊ ਜਿਕੂੰ ਹੋਰ ਬੀਤੀ ।੧੯।
20
ਫ਼ੇ ਫ਼ਰਕ ਹੈ ਕੁਝ ਜ਼ਮਾਨੜੇ ਦਾ,
ਬਦ ਦੁਆਇ ਥੀਂ ਨਹੀਂ ਕਬੂਲ ਹੁੰਦੀ,
ਦਿਨੇ ਰਾਤ ਤੂੰ ਪਈ ਸਤਾਂਵਦੀ ਨੀ,
ਕਦੀ ਤੁਰਨ ਥੀਂ ਨਹੀਂ ਰੰਜੂਲ ਹੁੰਦੀ ।
ਅਠੇ ਪਹਿਰ ਦਾ ਜ਼ੁਲਮ ਵੀਚਾਰ ਤੇਰਾ,
ਇਕ ਘੜੀ ਬੀ ਨਹੀਂ ਮਕੂਲ ਹੁੰਦੀ ।
'ਹਾਸ਼ਮ' ਆਖ਼ਰੀ ਦੌਰ ਨਜ਼ੀਕ ਆਇਆ,
ਅਜੇ ਨਹੀਂ ਮੁਰਾਦ ਰਸੂਲ ਹੁੰਦੀ ।੨੦।
21
ਕਾਫ਼ ਕ੍ਰੋਧ ਹੰਕਾਰ ਗਵਾਇ ਦੇਈਏ,
ਏਦੂੰ ਨਫ਼ਾ ਨ ਕਿਸੇ ਨੇ ਪਾਇਆ ਹੀ ।
ਸੁਲੇਮਾਨ ਜੇਹਾਂ ਭੀ ਪੈਕੰਬਰਾਂ ਨੂੰ,
ਤਖ਼ਤੋਂ ਸੁਟਕੇ ਭੱਠ ਝੁਕਾਇਆ ਹੀ ।
ਇਕ ਖ਼ੂਬੀਆਂ ਯੂਸਬੇ ਨਾਲ ਆਈਆਂ,
ਫੇੜੇ ਗ਼ਰਜ਼ ਦੇ ਮੁਲ ਵਿਕਾਇਆ ਹੀ ।
ਨਿਰੀਕਾਰ ਦਾ ਕੰਮ ਹੰਕਾਰ 'ਹਾਸ਼ਮ',
ਹੋਰ ਜਿਨ੍ਹਾਂ ਕੀਤਾ ਦੁਖ ਪਾਇਆ ਹੀ ।੨੧।
22
ਕਾਫ਼ ਕਦਮ ਪਛਾਣ ਤੂੰ ਅਪਣੇ ਨੂੰ,
ਸਦਾ ਰੂਪ ਨਾਹੀਂ ਹਤਿਆਰੀਏ ਨੀ ।
ਕੋਈ ਖ਼ਾਬ ਖ਼ਿਆਲ ਦੀ ਬਾਤ ਹੈ ਗੀ,
ਹੱਸ ਖੇਡ ਲੈ ਜਗਤ ਨਿਕਾਰੀਏ ਨੀ ।
ਪਛੋਤਾਵਸੇਂ ਏਸ ਬਹਾਰ ਤਾਈਂ,
ਜਾਸੀ ਵਖਤ ਵਿਹਾਇ ਗਵਾਰੀਏ ਨੀ ।
'ਹਾਸ਼ਮ' ਭਲੇ ਦੀ ਬਾਤ ਜਗ ਗਾਂਵਦਾ ਹੀ,
ਆਖੇ ਲਗ ਜਾ ਰੱਬ ਦੀ ਪਿਆਰੀਏ ਨੀ ।੨੨।
24
ਖਾਣਾ ਪੀਵਣਾ ਸ਼ਹਿਰ ਥੋਂ ਬਦਰ ਹੋਇਆ,
ਖੁਸ਼ੀ ਸ਼ੌਕ ਸਭੋ ਪਰੇਸ਼ਾਨ ਕੀਤਾ ।
…… ਮਸ਼ਹੂਰ ਦਾ ਕੋਟ ਆਹਾ,
ਸਾੜ ਬਾਲ ਕੇ ਚੌੜ ਮਕਾਨ ਕੀਤਾ ।
'ਹਾਸ਼ਮ ਸ਼ਾਹ'……ਭੈੜੀਏ ਨੀ,
ਤੇਰੇ ਇਸ਼ਕ ਨੇ ਕੈਡਾ ਤੂਫ਼ਾਨ ਕੀਤਾ ।੨੪।
25
ਨੂਨ ਨੰਗ ਨਮੂਜ਼ ਦੀ ਸੰਗ ਕੇਹੀ,
ਘਰ ਫੂਕ ਮਲੰਗ ਨਿਸ਼ੰਗ ਹੋਏ ।
ਗਏ ਬਖਤ ਦੋਇ ਮਰਕੇ ਮਾਰ ਤੇਰੇ,
ਨੈਣ ਸਾਂਵਲੇ ਤੀਰ ਤੁਫ਼ੰਗ ਹੋਏ ।
ਇਕ ਹੂਕਦੇ ਵਿਚ ਮੈਦਾਨ ਦੇ ਨੀ,
ਇਕ ਸੁੱਕ ਕੇ ਸਾਫ਼ ਕੁਰੰਗ ਹੋਏ ।
'ਹਾਸ਼ਮ ਸ਼ਾਹ' ਤਾਈਂ ਕੋਈ ਦੋਸ਼ ਨਾਹੀਂ,
ਆਸ਼ਕ ਵੇਖ ਕੇ ਸ਼ਮ੍ਹਾਂ ਪਤੰਗ ਹੋਏ ।੨੫।
26
ਵਾਉ ਵਤ ਨ ਆਵਣਾ ਹੋਗ ਮੋਈਏ,
ਏਹ ਵਾਰ ਹੀ ਆਵਣੇ ਜਾਵਣੇ ਦੀ ।
ਕੌਣ ਜਾਣਦਾ ਹੋਗੁ ਸਵੇਰ ਮੋਈਏ,
ਏਹ ਰਾਤ ਹੀ ਸੀਸ ਗੁੰਦਾਵਣੇ ਦੀ ।
ਗਲ ਲਗਣੇ ਛੈਲ ਕਹਾਵਣੇ ਦੀ,
ਨਾਲ ਜਾਨੀਆਂ ਜੀਵ ਪਰਚਾਵਣੇ ਦੀ ।
'ਹਾਸ਼ਮ ਸ਼ਾਹ' ਦੀ ਬਾਤ ਨੂੰ ਮੋੜ ਨਾਹੀਂ,
ਸਾਨੂੰ ਗ਼ਰਜ਼ ਆਹੀ ਸਮਝਾਵਣੇ ਦੀ ।੨੬।
27
ਹੇ ਹਾਰ ਸ਼ਿੰਗਾਰ ਦੀ ਰੀਝ ਰੱਖੇਂ,
ਰੰਗ ਰਸ ਦੀ ਮੂਲ ਨ ਰੀਝ ਤੈਨੂੰ ।
ਭੌਰ ਪਿਆ ਹੈ ਸ਼ੋਖ ਮਹਿਬੂਬ ਪਿਆਰਾ,
ਭੋਰਾ ਇਸ਼ਕ ਦੀ ਚਾਟ ਨ ਹੋਇ ਜੈਨੂੰ ।
ਲੱਖ ਵਾਰ ਮੈਂ ਫੇਰੀਆਂ ਪਾਵਨਾ ਹਾਂ,
ਇਕ ਵਾਰ ਤੂੰ ਹੱਸ ਬੁਲਾਇ ਮੈਨੂੰ ।
'ਹਾਸ਼ਮ ਸ਼ਾਹ' ਨੂੰ ਬਹੁਤ ਹੈਰਾਨ ਕੀਤਾ,
ਆਖੇ ਹਾਲ ਹਕੀਕਤਿ ਜਾਇ ਕੈਨੂੰ ।੨੭।
28
ਲਾਮ ਲੱਖ ਕਰੋੜ ਕੁਰਬਾਨ ਕੀਤੇ,
ਤੇਰੇ ਇਸ਼ਕ ਅਦਾਇ ਦੀ ਆਣ ਤੇ ਨੀ ।
ਤੇਰੀ ਨਾਜ਼ਕੀ ਦੇਖ ਹੈਰਾਨ ਹੋਏ,
ਸਾਰੇ ਸੋਹਣੇ ਜੁਮਲ ਜਹਾਨ ਦੇ ਨੀ ।
ਕਿਸ ਵਾਸਤੇ ਕੱਜਲ ਪਾਵਨੀ ਹੈਂ,
ਤੇਰੇ ਨੈਣ ਹੀ ਸ਼ੋਖ ਤੁਫ਼ਾਨ ਦੇ ਨੀ ।
'ਹਾਸ਼ਮ ਸ਼ਾਹ' ਮੀਆਂ ਕਰ ਯਾਦ ਰੱਖੀਂ,
ਦਿਨ ਚਾਰ ਹੀ ਲਾਡੁ ਗੁਮਾਨ ਦੇ ਨੀ ।੨੮।
29
ਅਲਫ਼ ਆਉ ਕਦੀ ਆਖੇ ਲਗ ਮੇਰੇ,
ਸਾਰੀ ਉਮਰ ਗਈ ਸਮਝਾਂਵਦੇ ਦੀ ।
ਦੁਖ ਪਾਂਵਦੇ ਜਾਨ ਖਪਾਂਵਦੇ ਦੀ,
ਨਾਲ ਆਹੀਆਂ ਕੂਕ ਸੁਣਾਂਵਦੇ ਦੀ ।
ਪਈ ਧੁੰਮ ਸੰਸਾਰ ਦੇ ਵਿਚ ਮੇਰੀ,
ਨਿਤ ਆਂਵਦੇ ਤੇ ਮੁੜ ਜਾਂਵਦੇ ਦੀ ।
'ਹਾਸ਼ਮ ਸ਼ਾਹ' ਦੀ ਆਹ ਨ ਪਵੇ ਤੈਨੂੰ,
ਹੈਂਸਿਆਰੀਏ ! ਜੋਗ ਕਮਾਂਵਦੇ ਦੀ ।੨੯।
30
ਯੇ ਯਾਰੀਆਂ ਕਰਨ ਹੈਸਾਨ ਨਾਹੀਂ,
ਨਾਲ ਜੋਗ ਬੈਰਾਗ ਸੰਨਿਆਸੀਆਂ ਦੇ ।
ਇਕ ਲਾਇ ਬਿਭੂਤ ਮਲੰਗ ਹੋਏ,
ਦਿਲ ਘਾਇਲਾਂ ਨਾਲ ਉਦਾਸੀਆਂ ਦੇ ।
ਪਿਛੇ ਲਗ ਕੇ ਅਸੀਂ ਖਰਾਬ ਹੋਏ,
ਏਨ੍ਹਾਂ ਅੱਖੀਆਂ ਦਰਸ-ਪਿਆਸੀਆਂ ਦੇ ।
'ਹਾਸ਼ਮ ਸ਼ਾਹ' ਮੀਆਂ ਹੁਣ ਬਹੁਤ ਹੋਈ,
ਛਡ ਖ਼ਿਆਲ ਰਸੀਲੀਆਂ ਹਾਸੀਆਂ ਦੇ ।੩੦।